.

“ਜਪੁ ਬਾਣੀ ਵਿਆਖਿਆ, ਉਚਾਰਣ ਸੇਧਾਂ ਸਹਿਤ”-5

ਹੁਕਮੈ ਅੰਦਰਿ ਸਭ ਕੋ, ਬਾਹਰਿ ਹੁਕਮੁ ਨ ਕੋਇ

ਹੁਕਮੈ ਅੰਦਰਿ- ਕਾਵਿਕ ਦੁਲਾਵਾਂ, ਹੁਕਮ ਵਿਚ

ਸਭੁ- ਇਕਵਚਨ ਪੁਲਿੰਗ ਨਾਂਵ, ਹਰ ਕੋਈ

ਹੁਕਮ- ਨਾਂਵ ਅਪਾਦਾਨ ਕਾਰਕ, ਤੋਂ, ਹੁਕਮ ਤੋਂ ਬਾਹਰ

ਅਰਥ

ਹੋਂਦ ਵਿਚ ਆਇਆ ਹਰ ਕੋਈ ਵਾਹਿਗੁਰੂ ਦੇ ਹੁਕਮ ਵਿਚ ਹੈ, ਉਸ ਦੇ ਹੁਕਮ ਦੇ ਘੇਰੇ ਤੋਂ ਬਾਹਰ ਕੋਈ ਵੀ ਨਹੀਂ

“ ਨਾਨਕ , ਹੁਕਮੈ ਜੇ ਬੁਝੈ, ਤ ਹਉਮੈ ਕਹੈ ਨ ਕੋਇ”

ਉਚਾਰਣ ਸੇਧ

ਬੁਝੈ ਨੂੰ ‘ਬੁੱਝੈ ਵਾਂਗ, ‘ਤ’ ਨੂੰ ਤਾਂ ਨਹੀਂ ਕਹਿਣਾ

ਹੁਕਮੈ- ਵਿਆਕਰਣਿਕ ਦੁਲਾਵਾਂ, ਨਾਂਵ ਸੰਪ੍ਰਦਾਨ ਕਾਰਕ, ਹੁਕਮ ਨੂੰ

ਬੁਝੈ- ਬੁੱਝੈ, ਸਮਝ ਲਏ

ਹਉਮੈ- ਹਉਂ, ਹਉਂ ਹੰਕਾਰੀ ਬੋਲ

ਅਰਥ :

‘ਨਾਨਕ’ ਮੁਹਰ ਛਾਪ) ਜੇ ਕੋਈ ਜੀਵ ਵਾਹਿਗੁਰੂ ਦੇ ਹੁਕਮ ਨੂੰ ਸਤ ਕਰਕੇ ਬੁੱਝ ਲਵੇ ਤਾਂ ਉਹ ਹਉਂ ਹਉਂ ਹੰਕਾਰੀ ਬੋਲ ਨਹੀਂ ਬੋਲਦਾ॥੨॥

“ ਗਾਵੈ ਕੋ ਤਾਣੁ , ਹੋਵੈ ਕਿਸੈ ਤਾਣੁ”

ਗਾਵੈ- ਕਿਰਿਆ ਵਰਤਮਾਨ ਕਾਲ ਇਕਵਚਨ ਅਨਪੁਰਖ, ਗਾਉਂਦਾ ਹੈ

ਕੋ- ਕੋਈ ਜੀਵ

ਤਾਣੁ- ਨਾਂਵ ਸੰਪ੍ਰਦਾਨ ਕਾਰਕ, ਤਾਣ ਵਾਲੇ ਨੂੰ

ਹੋਵੈ- ਵਰਤਮਾਨ ਕਾਲ, ਬੱਲ ਵਾਲੇ ਨੂੰ

ਤਾਣੁ- ਨਾਂਵ ਪੁਲਿੰਗ ਇਕਵਚਨ, ਬਲ

ਅਰਥ:

ਜਿੰਨਾ ਜਿੰਨਾ ਕਿਸੇ ਪਾਸ ਬੁਧਿ ਬਲ ਹੁੰਦਾ ਹੈ ਉਸ ਮੁਤਾਬਕ ਹੀ ਕੋਈ ਬਲ ਵਾਲੇ ਵਿਆਪਕ ਵਾਹਿਗੁਰੂ ਨੂੰ ਗਾਉਂਦਾ ਹੈ

ਨੋਟ : ਇਸ ਪੰਕਤੀ ਦੇ ਅਰਥ ਅਨਵੈ ਕਰਕੇ ਕੀਤੇ ਹਨ

“ ਗਾਵੈ ਕੋ, ਦਾਤਿ ਜਾਣੈ ਨੀਸਾਣੁ”

ਉਚਾਰਣ ਸੇਧ

ਵਿਸਰਾਮ ਚੇਤੇ ਰੱਖੋ

ਨਿਸਾਣੁ ਦਾ ਉਚਾਰਣ ‘ ਨਿਸ਼ਾਣ’ ਹੈ

ਜਾਣੈ- ਵਰਤਮਾਨ ਕਾਲ, ਜਾਣਦਾ ਹੈ

ਨੀਸਾਣੁ- ਇਸਤਰੀ ਲਿੰਗ ਇਕਵਚਨ, ਬਖਸ਼ਸ਼ ਦਾ ਪ੍ਰਤੀਕ

ਅਰਥ :

ਕੋਈ ਸਤਾਣੇ ਵਿਆਪਕ ਵਾਹਿਗੁਰੂ ਨੂੰ ਗਾਉਂਦਾ ਹੈ, ਉਸ ਦੀ ਹਰੇਕ ਦਾਤਿ ਨੂੰ ਉਸ ਦਾ ਨਿਸ਼ਾਣ ਬਖਸ਼ਸ਼ ਦਾ ਪ੍ਰਤੀਕ ਜਾਣਦਾ ਹੈ

ਫੁਟਕਲ :

ਲਫ਼ਜ਼ ‘ਕੋ’ ਦਾ ਅਰਥ ‘ਕੌਣ’ ਕਰਨਾ ਅਸ਼ੁਧ ਹੈ, ਇਸੇ ਤਰਾਂ ‘ਗਾਵੈ ਕੋ’ ਦਾ ਅਰਥ ‘ ਕੌਣ ਗਾ ਸਕਦਾ ਹੈ’ ਕਰਣਾ ਗੁਰਬਾਣੀ ਵਿਆਕਰਣ ਅਨੁਸਾਰ ਠੀਕ ਨਹੀਂ ਜਿਵੇਂ ਪੰ. ਕਰਤਾਰ ਸਿੰਘ ਦਾਖਾ ਜੀ ਅਤੇ ਹੋਰ ਟੀਕਾਕਾਰਾਂ ਨੇ ਅਰਥ ਕੀਤੇ ਹਨ ,

“ ਕੋ ਗਿਰਹੀ, ਕਰਮਾ ਕੀ ਸੰਧਿ”

ਲਫ਼ਜ਼ ‘ਕੋ’ ਦੇਵਾਨਾਗਰੀ ਲਿਪੀ ਦਾ ਹੈ, ਗੁਰਬਾਣੀ ਵਿਆਕਰਣ ਅਤੇ ਸ਼ਬਦ ਪ੍ਰਕਰਣ ਅਨੁਸਾਰ ਅਰਥ ‘ਕੋਈ’ ਕਰਣਾ ਦਰੁੱਸਤ

“ਗਾਵੈ ਕੋ, ਗੁਣ ਵਡਿਆਈਆ ਚਾਰ”

ਉਚਾਰਣ ਸੇਧ :

ਬਿੰਦੀ ਸਹਿਤ: ਵਡਿਆਈਆਂ, ਤੁਕ ਦਾ ਵਿਸਰਾਮ ਧਿਆਨ ਵਿਚ ਰੱਖੋ|

ਗੁਣ- ਬਹੁਵਚਨ ਗੁਣ

ਚਾਰ- (ਇਸਤਰੀ ਲਿੰਗ ਵਿਸ਼ੇਸ਼ਣ) ਸੰਸਕ੍ਰਿਤ, ਸ੍ਰੇਸ਼ਟ, ਸੋਹਣੀਆਂ “ਚਾਰ” ਪਦ ਵਡਿਆਈਆਂ ਦਾ ਵਿਸ਼ੇਸ਼ਣ ਹੈ

ਅਰਥ :

ਕੋਈ ੳਸ ਵਿਆਪਕ ਬ੍ਰਹਮ ਨੂੰ ਉਸ ਦੇ ਗੁਣ ਅਤੇ ਸੋਹਣੀਆਂ ਵਡਿਆਈਆਂ ਨੂੰ ਮੁਖ ਰੱਖ ਕੇ ਜਸ ਗਾਉਂਦਾ ਹੈ, ਗੁਣਾਂ ਦਾ ਸੰਬੰਧ ਵਿਚਾਰ ਨਾਲ ਹੈ ਅਤੇ ਵਡਿਆਈਆਂ ਦਾ ਸਬੰਧ ਸਿਦਕ ਅਤੇ ਪ੍ਰੇਮ ਨਾਲ|

“ਗਾਵੈ ਕੋ, ਵਿਦਿਆ ਵਿਖਮੁ ਵੀਚਾਰੁ”

ਵਿਖਮੁ-ਕਠਿਨ

ਅਰਥ

ਕੋਈ ਵਿਆਪਕ ਬ੍ਰਹਮ ਨੂੰ ਗਾਉਂਦਾ ਹੈ ਕਿ ਉਸ ਦੀ ਨਾਨਾ ਪ੍ਰਕਾਰੀ ਵਿਦਿਆ ਦਾ ਵੀਚਾਰ ਕਰ ਸਕਣਾ ਕਠਿਨ ਹੈ|

“ ਗਾਵੈ ਕੋ, ਸਾਜਿ ਕਰੇ ਤਨੁ ਖੇਹ”

ਸਾਜਿ- ਪੂਰਬ ਪੂਰਣ ਕਿਰਦੰਤ, ਸਾਜ ਕੇ

ਤਨੁ- ਪੁਲਿੰਗ ਨਾਂਵ ਸਰੀਰ

ਅਰਥ

ਕੋਈ ਜੀਵ ਵਿਆਪਕ ਪ੍ਰਭੂ ਦੇ ਇਸ ਗੁਣ ਨੂੰ ਗਾਉਂਦਾ ਹੈ ਕਿ ਉਹ ਸਰੀਰ ਬਣਾ ਕੇ ਫਿਰ ਨਾਸ਼ ਕਰ ਦੇਂਦਾ ਹੈ

“ ਗਾਵੈ ਕੋ, ਜੀਅ ਲੈ ਫਿਰਿ ਦੇਹ”

ਜੀਅ-ਬਹੁਵਚਨ, ਜੀਵਾਂ ਦੇ

ਦੇਹ- ਦੇਂਦਾ ਹੈ (ਦੇਇ)

ਅਰਥ:

ਕੋਈ ਜੀਵ ਇਸ ਲਈ ਉਸ ਦੇ ਗੁਣ ਗਾਉਂਦਾ ਹੈ ਕਿ ਉਹ ਜੀਵਾਂ ਦਾ ਸਰੀਰ ਰੂਪੀ ਚੋਲਾ ਲੈ ਕੇ ਫਿਰ ਨਵਾਂ ਸਰੀਰ ਦੇਂਦਾ ਹੈ|

ਫੁਟਕਲ :

ਚਾਰ- (ਇਸਤਰੀ ਲਿੰਗ, ਵਿਸ਼ੇਸ਼ਣ) ਸੁੰਦਰ, ਸ੍ਰਸ਼ੇਟ

ਚਾਰਿ- ( ਨਿਸਚਿਤ ਸੰਖਿਅਕ ਵਿਸ਼ੇਸ਼ਣ) ਗਿਣਤੀ ਦੇ ਅੰਕ 4 ਦਾ ਸ਼ਬਦੀ ਰੂਪ

ਚਾਰੁ- (ਪੁਲਿੰਗ ਇਕਵਚਨ ਨਾਂਵ, ਆਚਾਰੁ ਦਾ ਸੰਖੇਪ ਰੂਪ ) ਗੁਣਾਂ ਵਾਲਾ|

ਮਹਾਨ ਕੋਸ਼ ਵਿਚ “ਗਾਵੈ ਕੋ ਗੁਣ ਵਡਿਆਈਆ ਚਾਰ” ਨੂੰ ਇਸ ਤਰਾਂ ਪਦ ਛੇਦ ਕੀਤਾ ਹੈ -:

‘ ਗਾਵੈ ਕੋ ਗੁਣ ਵਡਿਆਈ ਆਚਾਰ’

ਗੁਰਬਾਣੀ ਵਿਆਕਰਣ ਅਨੁਸਾਰ ‘ ਆਚਾਰ’ ਪਾਠ ਠੀਕ ਨਹੀਂ ਉਪਰ ਨਿਯਮ ਦੱਸ ਦਿੱਤੇ ਹਨ, ਲਫ਼ਜ਼ ‘ਚਾਰ’ ਸੰਸਕ੍ਰਿਤ ਦੇ चारूਤੋਂ ਬਣਿਆ ਹੈ ਜਿਸ ਦੇ ਅਰਥ ਹਨ ਸੁੰਦਰ| ‘ ਆਚਾਰ’ ਸ਼ਬਦ ਸੰਸਕ੍ਰਿਤ ਦਾ ਹੈ ਜਿਸ ਦੇ ਅਰਥ ਹਨ ‘ ਚਾਲ ਚਲਨ’ ਸੋ ਗੁਰਬਾਣੀ ਨਿਯਮਾਂਵਲੀ ਅਨੁਸਾਰ ‘ਚਾਰ’ ਪਾਠ ਸ਼ੁਧ ਹੈ| ਟੀਕਾ ਫਰੀਦਕੋਟ ਵਿਚ ‘ ਚਾਰ’ ਦੇ ਅਰਥ ਗਿਣਤੀ ਵਾਲਾ ਚਾਰ ਅੰਕ ਮੰਨ ਕੇ ਕੀਤੇ ਹੈ, ਉਹ ਭੀ ਗੁਰਬਾਣੀ ਵਿਆਕਰਣ ਅਨੁਸਾਰ ਠੀਕ ਨਹੀਂ

ਭੁੱਲ-ਚੁਕ ਮੁਆਫ

ਹਰਜਿੰਦਰ ਸਿੰਘ ‘ਘੜਸਾਣਾ’

Khalsasingh.hs@gmail.com
.