.

ਵੱਖ-ਵੱਖ ਵਿਦਵਾਨਾਂ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਪ੍ਰਤੀ ਸ਼ਰਧਾ

-ਗਿਆਨ-ਨਿਰਪੱਖ-ਸਚਾਈ ਭਰਪੂਰ ਦਿਲੀ ਜਜ਼ਬਾਤ

(ਸੰਗ੍ਰਹਿਕ-ਸੁਖਜੀਤ ਸਿੰਘ ਕਪੂਰਥਲਾ)

ਭਾਗ-1

ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਬੇਜੋੜ ਲਿਖਤਾਂ, ਅਗਾਂਹਵਧੂ ਸਿਖਿਆਵਾਂ ਹਨ ਜਿਨ੍ਹਾਂ ਦਾ ਮੰਤਵ ਇੱਕ “ਆਦਰਸ਼ ਸੰਸਾਰ” ਦੀ ਸਥਾਪਨਾ ਕਰਨਾ ਹੈ ਜਿਸ ਵਿੱਚ ਕੋਈ ਸਰਹੱਦ ਨਾ ਹੋਵੇ ਅਤੇ ਉਹ ਜਾਤ-ਪਾਤ ਤੇ ਊਚ-ਨੀਚ ਦੇ ਵਖਰੇਵਿਆਂ ਤੋਂ ਮੁਕਤ ਹੋਵੇ।

(ਡਾ. ਮਨਮੋਹਨ ਸਿੰਘ- ਸਾਬਕਾ ਪ੍ਰਧਾਨ ਮੰਤਰੀ)

ਮੈਂ ਹੋਰ ਧਰਮਾਂ ਦੇ ਮਹਾਨ ਗ੍ਰੰਥਾਂ ਦਾ ਅਧਿਐਨ ਕੀਤਾ ਹੈ, ਪਰ ਮੈਨੂੰ ਹੋਰ ਕਿਧਰੇ ਦਿਲ ਅਤੇ ਮਨ ਨੂੰ ਅਪੀਲ ਕਰਨ ਵਾਲੀ ਉਹ ਪ੍ਰਬਲ ਸ਼ਕਤੀ ਨਹੀਂ ਮਿਲੀ ਜੋ ਆਦਿ ਗ੍ਰੰਥ (ਸ੍ਰੀ ਗੁਰੂ ਗ੍ਰੰਥ ਸਾਹਿਬ) ਵਿਚੋਂ ਮਿਲੀ ਹੈ।

(ਮਿਸ ਪਰਲ ਬੱਕ- ਨੋਬਲ ਇਨਾਮ ਜੇਤੂ)

ਇਹ ਜਗਤ ਗ੍ਰੰਥ ਹਨ ਜੋ ਜਗਤ ਆਤਮਾ ਵਿਚੋਂ ਫੁੱਟ ਵਹਿ ਨਿਕਲੇ ਹਨ ਇਹ ਠੀਕ ਅਰਥਾਂ ਵਿੱਚ ਸਮੂਹ ਮਨੁੱਖਤਾ ਦਾ ਇਕੋ ਇੱਕ ਅਜਿਹਾ ਸਾਂਝਾ ਤੇ ਸਰਬ ਹਿੱਤਕਾਰੀ ਧਰਮ ਗ੍ਰੰਥ ਹੈ।

(ਸਾਧੂ ਟੀ. ਐਲ. ਵਾਸਵਾਨੀ)

ਸ੍ਰੀ ਗੁਰੂ ਗ੍ਰੰਥ ਸਾਹਿਬ ਮਨੁੱਖੀ ਭਾਈਚਾਰੇ ਦਾ ਸਾਂਝਾ ਆਤਮਿਕ ਖ਼ਜਾਨਾ ਹੈ। ਇਸ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਜਿਤਨੇ ਵੀ ਵੱਧ ਤੋ ਵੱਧ ਲੋਕਾਂ ਦੇ ਸਿੱਧੇ ਸੰਪਰਕ ਵਿੱਚ ਲਿਆਇਆ ਜਾ ਸਕੇ ਲਿਆਂਦਾ ਜਾਵੇ। ਜਿਤਨੇ ਵੀ ਧਾਰਮਿਕ ਗ੍ਰੰਥ ਮਿਲਦੇ ਹਨ ਉਹਨਾਂ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਸਭ ਤੋਂ ਵੱਧ ਸਤਿਕਾਰੀ ਹਸਤੀ ਰੱਖਦੇ ਹਨ। ਭਵਿੱਖ ਵਿੱਚ ਹੋਣ ਵਾਲੇ ਧਰਮਾਂ ਬਾਰੇ ਚਰਚਾ ਵਿੱਚ ਸਿੱਖ ਧਰਮ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪਾਸ ਕੁੱਝ ਐਸੀ ਵਿਸ਼ੇਸ਼ ਤੇ ਕੀਮਤੀ ਗੱਲ ਜਰੂਰ ਹੈ ਜੋ ਬਾਕੀ ਸਾਰੀ ਦੁਨੀਆਂ ਨੂੰ ਦੱਸਣ ਲਈ ਵਿਸ਼ੇਸ਼ ਅਤੇ ਵੱਡਮੁਲੀ ਵਸਤ ਹੋਵੇਗੀ।

(ਆਰਨਲਡ ਟਾਇਨਬੀ)

ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਅਧਿਐਨ ਨਾ ਕੇਵਲ ਭਾਰਤ ਦੇਸ਼ ਸਗੋਂ ਸੰਸਾਰ ਭਰ ਦੇ ਬੱਚਿਆਂ ਨੂੰ ਕਰਵਾਉਣਾ ਚਾਹੀਦਾ ਹੈ।

(ਰਵੀ ਸ਼ੰਕਰ)

ਸ੍ਰੀ ਗੁਰੂ ਗ੍ਰੰਥ ਸਾਹਿਬ ਇੱਕ ਅਜਿਹਾ ਗ੍ਰੰਥ ਹੈ ਜੋ ਸਾਰੇ ਧਰਮਾਂ ਦੀ ਗੱਲ ਕਰਦਾ ਹੈ ਅਤੇ ਸਾਰੇ ਧਰਮਾਂ ਨੂੰ ਜੋੜਦਾ ਹੈ ਜਿਸਦੀ ਅੱਜ ਵਿਸ਼ਵ ਨੂੰ ਬਹੁਤ ਜਰੂਰਤ ਵੀ ਹੈ।

(ਤਾਇਸਾ- ਰੂਸੀ ਲੇਖਿਕਾ)

ਜਿਤਨਾ ਹੀ ਮੈਂ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਅਧਿਐਨ ਕਰਨ ਵਿੱਚ ਅਗਾਂਹ ਵਧਦਾ ਗਿਆ ਉਤਨਾਂ ਹੀ ਮੇਰਾ ਪਿਆਰ ਅਤੇ ਸਤਿਕਾਰ ਇਸ ਬਾਣੀ ਵਿੱਚ ਵਧਦਾ ਗਿਆ। ਸੰਸਾਰ ਦੇ ਧਰਮ ਗ੍ਰੰਥਾਂ ਵਿੱਚ ਸ਼ਾਇਦ ਹੀ ਹੋਰ ਕੋਈ ਅਜਿਹਾ ਗ੍ਰੰਥ ਹੋਵੇ ਜੋ ਬਾਣੀ ਦੀ ਉਚਾਈ ਵਿੱਚ ਲਗਾਤਾਰ ਪ੍ਰੇਰਨਾ ਦੇਣ ਦੀ ਖੁਸ਼ੀ ਵਿੱਚ ਇਸ ਹੱਦ ਤਕ ਪੁਜਿਆ ਹੋਵੇ।

(ਡੰਕਨ ਗ੍ਰੀਨਲਿਜ)

ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਇੱਕ ਅਚੰਭੇ ਦੀ ਨਵੀਨਤਾ ਹੈ। ਇਹ ਬਾਣੀ ਸਾਰੇ ਸੰਸਾਰ ਲਈ ਸਾਂਝੀ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਇੱਕ ਮਹਾਨ ਗ੍ਰੰਥ ਹੈ ਜੋ ਸਮੇਂ-ਸਥਾਨ ਦੀਆਂ ਹੱਦਾਂ ਤੋਂ ਪਾਰ ਸਮੁੱਚੀ ਮਨੁੱਖਤਾ ਨੂੰ ਉਪਦੇਸ਼ ਦਿੰਦਾ ਹੈ ਅਤੇ ਆਪਣੇ ਅਸਲ ਸੋਮੇ ਪ੍ਰਮਾਤਮਾ ਨਾਲ ਅਭੇਦ ਹੋਣ ਦਾ ਰਾਹ ਦਰਸਾਉਂਦਾ ਹੈ।

(ਮਿਸ ਪਰਲ ਬੱਕ-ਨੋਬਲ ਇਨਾਮ ਜੇਤੂ)

ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਮੁੱਚੇ ਮਜਮੂਨ

1. ਸੱਚ ਦਾ ਸਹੀ ਰੂਪ

2. ਸੱਚ ਦੀ ਪ੍ਰਾਪਤੀ ਦੇ ਸਾਧਨ

3. ਜਿਨ੍ਹਾ ਸੱਚ ਪ੍ਰਾਪਤ ਕਰ ਲਿਆ ਉਹਨਾਂ ਦੀ ਮਨਦੋਸ਼ਾ

4. ਜਿਨ੍ਹਾਂ ਸੱਚ ਨਹੀਂ ਵਿਹਾਝਿਆ ਉਹਨਾਂ ਦੀ ਦੁਰਦਸ਼ਾ

-ਦੀ ਗੁਰਬਾਣੀ ਵਿੱਚ ਖੋਲ੍ਹ ਕੇ ਵਿਆਖਿਆ ਕੀਤੀ ਗਈ ਹੈ ਤਾਂ ਕਿ ਸੱਚ ਦਾ ਪਾਂਧੀ ਮੰਜ਼ਿਲ ਵਲ ਅੱਗੇ ਵਧ ਸਕੇ।

(ਪ੍ਰਿੰਸੀਪਲ ਸਤਿਬੀਰ ਸਿੰਘ)

ਸਿਖਾਂ ਨੂੰ ਕਿਸੇ ਦੁਨਿਆਵੀ ਆਗੂਆਂ ਦੀ ਲੋੜ ਨਹੀਂ ਕਿਉਂਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਰੂਪ ਵਿੱਚ ਇਹਨਾਂ ਨੂੰ ਜਾਗਤ ਦੇਵ (Living Divine) ਮਿਲ ਗਿਆ ਹੈ।

(ਕਨਿੰਘਮ)

ਧਰਮਾਂ ਦੇ ਇਤਿਹਾਸ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਇਕੋ ਇੱਕ ਅਜਿਹਾ ਧਰਮ ਗ੍ਰੰਥ ਹੈ:-

1) ਜਿਸ ਨੂੰ ਗੁਰੂ ਰੂਪ ਵਿੱਚ ਪ੍ਰਵਾਨ ਕੀਤਾ ਗਿਆ ਹੈ।

2) ਜਿਸ ਦੀ ਸੰਪਾਦਨਾ ਖੁਦ ਧਰਮ ਦੇ ਬਾਨੀਆਂ ਵਲੋਂ ਆਪ ਕੀਤੀ ਹੋਈ ਹੈ, ਜਿਸ ਕਰਕੇ ਇਹ ਗ੍ਰੰਥ ਸ਼ੰਕਿਆਂ ਅਤੇ ਕਿੰਤੂਆਂ-ਪ੍ਰੰਤੂਆਂ ਤੋਂ ਮੁਕਤ ਪ੍ਰਵਾਨ ਹੋਇਆ ਹੈ।

3) ਇਹ ਧਰਮ ਗ੍ਰੰਥ 500 ਸਾਲਾਂ (ਬਾਬਾ ਫਰੀਦ ਜੀ- 12 ਵੀ ਸਦੀ ਤੋਂ ਲੈ ਕੇ ਸ੍ਰੀ ਗੁਰੂ ਤੇਗ ਬਹਾਦਰ ਜੀ-17 ਵੀਂ ਸਦੀ ਤਕ) ਦੇ ਅਧਿਆਤਕ/ਰੂਹਾਨੀ/ਸਭਿਆਚਾਰਕ/ਸਮਾਜਿਕ ਗਿਆਨ ਅਤੇ ਇਤਿਹਾਸ ਨੂੰ ਵੀ ਆਪਣੇ ਅੰਦਰ ਸਮੋਈ ਬੈਠਾ ਹੈ।

(ਡਾ. ਸਰਬਜਿੰਦਰ ਸਿੰਘ)

ਸ੍ਰੀ ਗੁਰੂ ਗ੍ਰੰਥ ਸਾਹਿਬ ਇੱਕ ਸਰਬ ਸਾਂਝਾ ਧਾਰਮਿਕ ਗ੍ਰੰਥ ਹੈ:-

1) ਜੋ ਕੇਵਲ ਅਕਾਲ ਪੁਰਖ ਦੀ ਅਰਾਧਨਾ ਤੇ ਸਿਫ਼ਤ ਸਲਾਹ ਨਾਲ ਭਰਪੂਰ ਹੈ।

2) ਜਿਸ ਅੱਗੇ ਹਿੰਦੂ, ਮੁਸਲਮਾਨ, ਸਿੱਖ ਸਭ ਸਿਰ ਝੁਕਾ ਸਕਦੇ ਹਨ। ਇਸ ਅੱਗੇ ਸਿਰ ਝੁਕਾਨ ਵਾਲੇ ਵਿਚੋਂ ਊਚ-ਨੀਚ ਦਾ ਅਭਿਮਾਨ ਸਹਿਜੇ ਹੀ ਝੜਨ ਲਗਦਾ ਹੈ।

(ਡਾ. ਜਸਵੰਤ ਸਿੰਘ ਨੇਕੀ)

==============

(ਚਲਦਾ … …. .)

-ਸੁਖਜੀਤ ਸਿੰਘ, ਕਪੂਰਥਲਾ

ਗੁਰਮਤਿ ਪ੍ਰਚਾਰਕ/ ਕਥਾਵਾਚਕ

201, ਗਲੀ ਨਬੰਰ 6, ਸੰਤਪੁਰਾ

ਕਪੂਰਥਲਾ (ਪੰਜਾਬ)

(98720-76876, 01822-276876)

[email protected]




.