.

“ਜਪੁ ਬਾਣੀ ਵਿਆਖਿਆ ਕਿਸ਼ਤ-4”

“ਹੁਕਮੀ ਹੋਵਨਿ ਆਕਾਰ, ਹੁਕਮੁ ਨ ਕਹਿਆ ਜਾਈ”

ਪਦ ਅਰਥ:

ਹੁਕਮੀ- ਨਾਂਵ ਅਧਿਕਰਨ ਕਾਰਕ ਇਕਵਚਨ, ਹੁਕਮ ਅਧੀਨ

ਹੋਵਨਿ- ਕਿਰਿਆ ਵਰਤਮਾਨ ਕਾਲ ਅਨ ਪੁਰਖ ਬਹੁਵਚਨ, ਆਉਂਦੇ ਹਨ

ਆਕਾਰੁ- ਪੁਲਿੰਗ ਨਾਂਵ ਇਕਵਚਨ, ਸਰੀਰ, ਵਜੂਦ

ਅਰਥ:

ਹੁਕਮ ਦੇ ਮਾਲਕ ਵਾਹਿਗੁਰੂ ਦੇ ਹੁਕਮ ਅਧੀਨ ਹੀ ਸਾਰੇ ਵਜੂਦ ਸਰੂਪ ਹੋਂਦ ਵਿਚ ਆਉਂਦੇ ਹਨ ਪਰ ਉਸ ਹੁਕਮ ਨੂੰ ਪੂਰੀ ਤਰਾਂ ਬਿਆਨ ਨਹੀਂ ਕੀਤਾ ਜਾ ਸਕਦਾ ਭਾਵ ਕਦੋਂ ਕਿਸ ਚੀਜ਼ ਨੇ ਹੁਕਮ ਅਨੁਸਾਰ ਬਣਨਾ ਹੈ ਮਿਟਣਾ ਹੈ ਇਹ ਕੋਈ ਨਹੀਂ ਕਹਿ ਸਕਦਾ |

“ ਹੁਕਮੀ ਹੋਵਨਿ ਜੀਅ, ਹੁਕਮਿ ਮਿਲੈ ਵਡਿਆਈ”

ਉਚਾਰਣ ਸੇਧ

ਜੀਅ- ਇਸ ਦਾ ਉਚਾਰਣ ‘ਜੀਆ’ ਕਰਨਾ ਅਸ਼ੁਧ ਹੈ ਅੰਤਲਾ ਅੱਖਰ ‘ਅ’ ਇਸ ਤੋਂ ਪਹਿਲਾਂ ਆਏ ਸ੍ਵਰ ਦੀ ਧੁਨੀ ਦੇ ਲਮਕਾਅ ਵਜੋਂ ਆਉਂਦਾ ਹੈ ਅੰਤ ਅੱਖਰ ‘ਅ’ ਦੀ ਧੁਨੀ ਇਸ ਤੋਂ ਪਹਿਲਾਂ ਆਏ ਸ੍ਵਰ ਦੀ ਧੁਨੀ ਨੂੰ ਹੋਰ ਲੰਮੇਰਾ ਕਰ ਕੇ ਉਸ ਵਿਚ ਲੀਨ ਹੋ ਜਾਂਦੀ ਹੈ

ਪਦ ਅਰਥ

ਜੀਅ- ਬਹੁਵਚਨ ਨਾਂਵ, ਜੀਵ) ਨੋਟ : ਜੀਉ -ਇਕਵਚਨ ਨਾਂਵ ਹੈ ਜੀਉ ਦਾ ਕਿਸੇ ਹਾਲਤ ਵਿਚ ‘ਜੀਅ’ ਸੰਬੰਧ ਕਾਰਕ ਭੀ ਹੋ ਜਾਂਦਾ ਹੈ

ਹੁਕਮਿ- ਨਾਂਵ ਅਧਿਕਰਨ ਕਾਰਕ, ਹੁਕਮ ਅਧੀਨ

ਮਿਲੈ- ਕਿਰਿਆ ਇਕਵਚਨ ਵਰਤਮਾਨ ਕਾਲ ਅਨਪੁਰਖ, ਮਿਲਦੀ ਹੈ

ਅਰਥ :

ਵਾਹਿਗੁਰੂ ਦੇ ਹੁਕਮ ਅਧੀਨ ਹੀ ਸਾਰੇ ਜੀਅ-ਜੰਤ ਹੋਂਦ ਵਿਚ ਆਉਂਦੇ ਹਨ ਉਸ ਦੇ ਹੁਕਮ ਅਧੀਨ ਹੀ ਹਰ ਕਿਸੇ ਨੂੰ ਵਡਿਆਈ ਸੋਭਾ ਮਿਲਦੀ ਹੈ

ਫੁਟਕਲ: ਗੁਰਬਾਣੀ ਵਿਚ ਕੁਝ ਐਸੇ ਸ਼ਬਦ ਮਿਲਦੇ ਹਨ ਜਿਨਾਂ ਦੇ ਅੰਤ ਵਿਚ ਸ੍ਵਰ ‘ਯ’ ਦੀ ਬਦਲ ‘ਅ’ ਮੂਲਕ ਵਜੋਂ ਅੰਤ ਲਗਿਆ ਹੈ

ਜਿਵੇ -:

“ ਨਾਮੇ ਕੇ ਸੁਆਮੀ ‘ਸੀਅ’ ਬਹੋਰੀ ਲੰਕ ਭਭੀਖਣ ਆਪਿਓ ਹੋ”

“ ਪਰ ‘ਤ੍ਰਿਅ’ ਰੂਪ ਨ ਪੇਖੈ ਨੇਤ੍ਰ”

ਇਸਦਾ ਉਚਾਰਣ ਕਰਦੇ ਸਮੇਂ ਬੜ੍ਹੀ ਸਾਵਧਾਨੀ ਵਰਤਣੀ ਚਾਹੀਦੀ ਹੈ ‘ਅ’ ਦੀ ਧੁਨੀ ‘ਆ’ ਨਾਂ ਬਣੇ

$ ਇਹੀ ‘ਉ’ ਅੰਤ ਦੇ ਸ਼ਬਦ ਜਦੋਂ ਸੰਬੰਧਕੀ ਰੂਪ ਵਿਚ ਆਵਣ ਤਾਂ ਉਹਨਾਂ ਦਾ ਅੰਤਲਾ ‘ਉ’ ਬਦਲ ਕੇ ‘ਅ’ ਵਿਚ ਤਬਦੀਲ ਹੋ ਜਾਂਦਾ ਹੈ -:

“ਅਮਿਅ ਸਰੋਵਰੋ ਪੀਉ ਹਰਿ ਹਰਿ ਨਾਮਾ ਰਾਮ”

ਅਮਿਅ- ਅਮਿਉ ਤੋਂ ਨਾਂਵ ਪੁਲਿੰਗ ਸੰਬੰਧ ਕਾਰਕ

“ ਕੈਸੇ ਕਹਉ ਮੋਹਿ ਜੀਅ ਬੇਦਨਾਈ”

ਜੀਅ- ਜੀਉ ਤੋਂ ਨਾੰਵ ਪੁਲਿੰਗ ਸੰਬੰਧ ਕਾਰਕ ਰੂਪ

ਸ੍ਵਰ ਧੁਨੀ ਨੂੰ ਲਮਕਾਉਣ ਵਜੋਂ ਆਇਆ ‘ਅ’ ਅੱਖਰ ਦਾ ਉਚਾਰਣ ਵਖਰੇ ਕਰਨਾ ਓਪਰਾ ਜਿਹਾ ਹੈ ਮਿਲਕੇ ਉਚਾਰਣ ਹੋਣਾ ਚਾਹੀਦਾ ਹੈ

“ਹੁਕਮੀ ਉਤਮੁ ਨੀਚੁ, ਹੁਕਮਿ ਲਿਖਿ ਦੁਖੁ ਸੁਖ ਪਾਈਅਹਿ”

ਉਚਾਰਣ ਸੇਧ

ਬਿੰਦੀ ਸਹਿਤ: ਪਾਈਅਹਿਂ (ਪਾਈਐਂਹ)

ਉਤਮੁ ਨੀਚ- ਨਾਂਵ ਵਿਸ਼ੇਸ਼ਨ ਸ੍ਰੇਸ਼ਟ, ਨੀਵਾਂ

ਹੁਕਮਿ- ਨਾਂਵ ਅਧਿਕਰਣ ਕਾਰਕ, ਹੁਕਮ ਅਧੀਨ

ਲਿਖਿ-ਭੂਤ ਕਿਰਦੰਤ, ਲਿਖੇ ਹੋਏ ਹੁਕਮ ਅਨੁਸਾਰ

ਪਾਈਅਹਿ- ਕਿਰਿਆ ਬਹੁਵਚਨ ਵਰਤਮਾਨ ਕਾਲ ਅਨਪੁਰਖ, ਕਰਮਨੀ ਵਾਚ} ਪਾਈਦੇ ਹਨ

ਅਰਥ:

ਵਾਹਿਗੁਰੂ ਦੇ ਹੁਕਮ ਅਧੀਨ ਹੀ ਕੋਈ ਜੀਵ ਸ੍ਰਸ਼ੇਟ ਹੈ ਕੋਈ ਨੀਵਾਂ ਭੈੜਾ ਹੈ ਉਸ ਦੇ ਹੁਕਮ ਅਨੁਸਾਰ ਹੀ ਜਨਮ ਤੋਂ ਹੀ ਬਣੇ ਸੰਸਕਾਰ ਰੂਪ ਲੇਖ ਅਨੁਸਾਰ ਦੁਖ ਸੁਖ ਪਾਈਦੇ ਹਨ|

“ ਇਕਨਾ ਹੁਕਮੀ ਬਖਸੀਸ, ਇਕਿ ਹੁਕਮੀ ਸਦਾ ਭਵਾਈਅਹਿ”

ਉਚਾਰਣ ਸੇਧ

ਬਖਸੀਸ ਦਾ ਉਚਾਰਣ-ਬਖਸ਼ੀਸ਼ ਵਾਂਗ

ਬਿੰਦੀ ਸਹਿਤ: ਭਵਾਈਅਹਿਂ (ਭਵਾਈਐਂਹ)

‘ਸਦਾ’ ਇਹ ਪਦ ਸੰਪੂਰਣ ਗੁਰਬਾਣੀ ਅੰਦਰ ਬਿੰਦੀ ਰਹਿਤ ਹੀ ਉਚਾਰਣਾ ਹੈ

ਇਕਨਾ- ਨਾਂਵ ਬਹੁਵਚਨ ਸੰਪ੍ਰਦਾਨ ਕਾਰਕ , ਕਈਆਂ ਨੂੰ

ਇਕਿ- ਨਾਂਵ ਬਹੁਵਚਨ, ਕਈ

ਭਵਾਈਅਹਿ- ਕਿਰਿਆ ਬਹੁਵਚਨ ਵਰਤਮਾਨ ਕਾਲ ਅਨ ਪੁਰਖ ,ਕਰਮਨੀ ਵਾਚ, ਭਵਾਈਦੇ ਹਨ, ਫਿਰਾਏ ਜਾਂਦੇ ਹਨ

ਅਰਥ:

ਕਈ ਜੀਵਾਂ ਨੂੰ ਹੁਕਮੀ ਵਾਹਿਗੁਰੂ ਦੇ ਹੁਕਮ ਅਧੀਨ ਬਖਸ਼ੀਸ਼ ਵਜੋਂ ਪ੍ਰਭੂ ਯਾਦ ਦੀ ਦਾਤਿ ਪ੍ਰਾਪਤ ਹੁੰਦੀ ਹੈ , ਕਈ ਜੀਵ ਵਾਹਿਗੁਰੂ ਜੀ ਦੇ ਹੁਕਮ ਤੋਂ ਇਨਕਾਰੀ (ਹੁਕਮ ਨੂੰ ਨਾਂ ਮਨਣ ਵਾਲੇ)ਹੋਣ ਕਰਕੇ, ਹੁਕਮ ਅਧੀਨ ਸਦਾ ਹੀ ਭੈੜੀਆਂ ਬਿਰਤੀਆਂ ਵਿਕਾਰੀ ਜੂਨਾਂ ਵਿਚ ਭਵਾਏ ਜਾਂਦੇ ਹਨ|

ਵਾਹਿਗੁਰੂ ਜੀ ਦੇ ਹੁਕਮ ਦਾ ਕੋਈ ਜੀਵ ਅੰਤ ਨਹੀਂ ਪਾ ਸਕਦਾ ਉਨਾਂ ਦੇ ਭਾਣੇ ਵਿਚ ਕਈ ਖਾਸ ਕਈ ਸਾਂਝੇ ਹੁਕਮ ਹੁੰਦੇ ਹਨ ਸਹੀ ਅਰਥਾਂ ਵਿਚ ਪ੍ਰਭੂ ਯਾਦ ਹੀ ਹੁਕਮ ਹੈ -:

“ ਏਕੋ ਨਾਮ ਹੁਕਮੁ ਹੈ , ਨਾਨਕ, ਸਤਿਗੁਰਿ ਦੀਆ ਬੁਝਾਇ ਜੀਉ”

ਹੁਕਮੁ ਅਰਬੀ ਦਾ ਸ਼ਬਦ ਹੈ ਜਿਸ ਦਾ ਅਰਥ ਹੈ ਫੁਰਮਾਨ (order) ਗੁਰਬਾਣੀ ਵਿਚ ‘ ਹੁਕਮ, ਨਾਮ, ਸ਼ਬਦ, ਫੁਰਮਾਨ, ਭਾਣਾ,ਰਜ਼ਾ, ਅਮਰ ,ਕਵਾਉ,ਆਗਿਆ ਆਦਿ ਸਾਰੇ ਸ਼ਬਦ ਸਮਾਨਾਰਥਕ ਹਨ -:

“ ਚਹੁ ਦਿਸਿ ‘ਹੁਕਮੁ’ ਵਰਤੈ ਪ੍ਰਭ ਤੇਰਾ ਚਹੁ ਦਿਸਿ ‘ਨਾਮ’ ਪਤਾਲੰ”

ਸਭ ਮਹਿ ‘ਸਬਦੁ’ ਵਰਤੈ ਪ੍ਰਭ ਸਾਚਾ ਕਰਮਿ ਮਿਲੈ ਬੈਆਲੰ

ਹੁਕਮ ਦੇਸ਼ ਤੇ ਕਾਲ ਦੀਆਂ ਹੱਦਾਂ ਤੋਂ ਸੁਤੰਤਰ ਹੈ ਹੁਕਮ ਸ਼ਕਤੀ ਤੇ ਚੇਤਨਾ ਦਾ ਸੋਮਾ ਹੈ ਇਹ ਸਾਰੀ ਜਾਣਕਾਰੀ ਤਦੋਂ ਪ੍ਰਾਪਤ ਹੁੰਦੀ ਹੈ ਜਦੋਂ ਸਿਖ ਦੀ ਸੁਰਤਿ ‘ਗੁਰੂ ਦਰੀਆਉ ਸਦਾ ਜਲੁ ਨਿਰਮਲੁ’ ਵਿਚ ਇਸ਼ਨਾਨ ਕਰਕੇ ਨਿਰਮਲ ਹੁੰਦੀ ਹੈ ਜਪੁ ਬਾਣੀ ਵਿਚ16 ਵਾਰ ਹੁਕਮ ਪਦ ਦੀ ਲੱਗਾ-ਮਾਤਰਾਂ ਨੇਮਾਂ ਆਧਾਰ ਤੇ ਵਖ ਵਖ ਰੂਪਾਂ ਵਿਚ ਵਰਤੋਂ ਕੀਤੀ ਹੈ ਹੁਕਮੁ ਅੱਖਰਾਂ ਦੁਆਰਾ ਦੱਸਿਆ ਨਹੀਂ ਜਾ ਸਕਦਾ ਪ੍ਰਭੂ ਹੁਕਮ ਨੂੰ ਮੰਨਣ ਨਾਲ -:

ਆਸਾ ਵਿਚ ਨਿਰਾਸ ਰਹਿ ਸਕੀਦਾ ਹੈ

ਹੁਕਮ ਨੂੰ ਮਨੰਣ ਨਾਲ ਸਦਾ ਅਬਿਨਾਸ਼ੀ ਪ੍ਰਭੂ ਚੇਤੇ ਰਹਿੰਦਾ ਹੈ

ਹੁਕਮ ਨੂੰ ਬੁੱਝਣ ਨਾਲ ਆਤਮਿਕ ਆਨੰਦ ਨਾਲ ਗ੍ਰਹਿਸਥੀ ਜੀਵਨ ਵਿਚ ਕੰਵਲ ਫੁਲ ਵਾਂਗੂੰ ਨਿਰਲੇਪ ਰਹੀਦਾ ਹੈ

“ਹੁਕਮੁ ਮੰਨਹਿ ਤਾ ਹਰਿ ਮਿਲੈ ਤਾ ਵਿਚਹੁ ਹਉਮੈ ਜਾਇ”

“ ਜਬ ਲਗੁ ਹੁਕਮੁ ਨ ਬੂਝਤਾ ਤਬ ਹੀ ਲਉ ਦੁਖੀਆ”

ਭੁੱਲ-ਚੁਕ ਦੀ ਖ਼ਿਮਾ

ਹਰਜਿੰਦਰ ਸਿੰਘ ‘ਘੜਸਾਣਾ’

[email protected]




.