.

ਬਾਬੇ ਨਾਨਕ ਦਾ ਵਿਆਹ, ਕਿਰਤ-ਗ੍ਰਿਹਸਤ ਤੋਂ ਭਗੌੜੇ ਬਾਬੇ ਅਤੇ ਕਮਸ਼ੀਅਲ ਪ੍ਰਬੰਧਕ

ਅਵਤਾਰ ਸਿੰਘ ਮਿਸ਼ਨਰੀ (5104325827)

ਨੋਟ-ਪੂਰਾ ਲੇਖ ਪੜ੍ਹਕੇ ਹੀ ਲੇਖ ਦਾ ਭਾਵ ਸਮਝ ਆਵੇਗਾ ਅਤੇ ਪਤਾ ਚੱਲੇਗਾ ਕਿ ਇਹ ਲੇਖ ਕਿਉਂ ਲਿਖਿਆ ਹੈ? ਦੇਖੋ! ਕਰਤਾਰ ਨੇ ਸੰਸਾਰ ਨੂੰ ਚਲਦਾ ਰੱਖਣ ਲਈ ਮੇਲ ਅਤੇ ਫੀਮੇਲ ਭਾਵ ਮਰਦ ਅਤੇ ਔਰਤ ਦਾ ਜੋੜਾ ਪੈਦਾ ਕੀਤਾ ਜਿੰਨ੍ਹਾਂ ਦੇ ਸਰੀਰਕ ਮੇਲ ਤੋਂ ਅੱਗੇ ਬੱਚਿਆਂ ਦਾ ਜਨਮ ਹੋਇਆ ਅਤੇ ਸੰਸਾਰ ਪ੍ਰਵਾਰ ਦਾ ਪ੍ਰਵਾਹ ਚੱਲਿਆ। ਵਿਆਹ ਇਨਸਾਨੀਅਤ ਜੁਮੇਵਾਰੀ ਅਤੇ ਗ੍ਰਿਹਸਤ ਦੇ ਫਰਜਾਂ ਦਾ ਅਹਿਸਾਸ ਕਰਾਉਂਦਾ ਹੈ। ਇਹ ਇੱਕ ਸਮਾਜਿਕ ਸਵਿਧਾਨ ਹੈ ਜਿਸ ਦੇ ਦਾਇਰੇ ਵਿੱਚ ਰਹਿ ਕੇ ਇਸਤਰੀ ਪੁਰਸ਼ ਨੇ ਖੁਸ਼ੀਆਂ-ਖੇੜਿਆਂ ਭਰਿਆ ਜੀਵਨ ਬਤੀਤ ਕਰਨਾ ਹੈ। ਪਹਿਲੇ ਔਰਤ-ਮਰਦ ਜੰਗਲੀ ਪਸ਼ੂਆਂ ਵਾਂਗ ਹੀ ਖਾਂਦੇ, ਪੀਂਦੇ ਅਤੇ ਸੰਸਾਰਕ ਭੋਗ ਭੋਗਦੇ ਸਨ ਪਰ ਮਾਨਵਜਾਤੀ ਦੇ ਪੁਰਾਤਨ ਵਿਰਸੇ ਵੱਲ ਝਾਤ ਮਾਰੀਏ ਤਾਂ ਪਤਾ ਲਗਦਾ ਹੈ ਕਿ ਜਦ ਦੇ ਆਦਮੀ ਔਰਤ ਜੰਗਲੀ ਜੀਵਨ ਤੋਂ ਉੱਪਰ ਉੱਠ ਕੇ ਕਬੀਲਿਆਂ ਵਿੱਚ ਰਹਿਣਾ ਸਿੱਖੇ ਅਤੇ ਸਭਿਅਕ ਜੀਵਨ ਵਿੱਚ ਪ੍ਰਵੇਸ਼ ਹੋਏ, ਸਭਾ ਸੁਸਾਇਟੀਆਂ ਬਣੀਆਂ, ਓਦੋਂ ਤੋਂ ਹੀ ਰਹਿਣ ਸਹਿਣ ਦੇ ਢੰਗ ਤਰੀਕੇ ਵੀ ਬਦਲੇ ਅਤੇ ਸਭਿਅਕ ਸਮਾਜਿਕ ਜੀਵਨ ਵਿੱਚ ਸਬੰਧਤ ਰਿਸ਼ਤੇ ਪੈਦਾ ਹੋਏ। ਇਹ ਰਿਸ਼ਤੇ ਇਸ ਪ੍ਰਕਾਰ ਹਨ ਜਿਵੇਂ-ਦਾਦਾ-ਦਾਦੀ, ਮਾਤਾ-ਪਿਤਾ, ਪਤੀ-ਪਤਨੀ, ਪੁੱਤਰ-ਧੀ, ਭੈਣ-ਭਰਾ, ਤਾਇਆ-ਤਾਈ, ਚਾਚਾ-ਚਾਚੀ, ਦਿਉਰ-ਭਾਬੀ, ਜੇਠ-ਜੇਠਾਣੀ, ਨਾਨਾ-ਨਾਨੀ, ਮਾਸੜ-ਮਾਸੀ, ਫੁੱਫੜ-ਭੂਆ, ਮਾਮਾ-ਮਾਮੀ, ਭਤੀਜਾ-ਭਤੀਜੀ, ਭਾਣਜਾ-ਭਾਣਜੀ ਅਤੇ ਹੋਰ ਵੀ ਅੰਗਲੀਆਂ-ਸੰਗਲੀਆਂ ਦੇ ਰਿਸ਼ਤੇ ਆਦਿਕ।

ਜਦ ਤੋਂ ਸਿਖਿਆ-ਸਿਖਲਾਈ ਲਈ ਪਾਠਸ਼ਾਲਾ, ਮਦਰੱਸੇ, ਸਕੂਲ, ਕਾਲਜ ਅਤੇ ਯੂਨੀਵਰਸਿਟੀਆਂ ਖੁੱਲ੍ਹੀਆਂ ਤਦ ਤੋਂ ਲੋਕ ਗਿਆਨ ਵਿਗਿਆਨ ਦੀ ਸਿਖਿਆ ਲੈਣ ਲੱਗੇ ਅਤੇ ਸਦਾ ਕੁਵਾਰੇ ਰਹਿਣੇ, ਗ੍ਰਿਹਸਤ-ਭਗੌੜੇ ਸਿੱਧ-ਜੋਗੀ ਅਤੇ ਸਾਧ-ਬਾਬਿਆਂ ਦੀ ਅਸਲੀਅਤ ਨੂੰ ਜਾਨਣ ਲੱਗ ਪਏ।

ਸਿੱਖ ਧਰਮ (ਮਾਨਵ ਜੀਵਨ ਜਾਚ) ਦੇ ਬਾਨੀ ਬਾਬੇ ਨਾਨਕ ਦਾ ਜਨਮ ਪ੍ਰਕਾਸ਼, ਮਾਤਾ ਤ੍ਰਿਪਤਾ ਅਤੇ ਪਿਤਾ ਕਾਲੂ ਦੇ ਘਰ ਰਾਏ ਭੋਇ ਦੀ ਤਲਵੰਡੀ, ਜਿਲ੍ਹਾ ਸੇਖੂਪੁਰਾ, ਅਜੋਕੇ ਪਾਕਿਸਤਾਨ ਵਿਖੇ ਸੰਨ 1469 ਨੂੰ ਹੋਇਆ। ਸਮਾਜਿਕ ਜੁਮੇਵਾਰੀ ਸੰਭਾਲਦੇ ਹੀ ਬਾਬਾ ਨਾਨਕ ਜੀ ਦਾ ਵਿਆਹ, ਪੱਖੋਕੇ ਰੰਧਾਵੇ ਪਿੰਡ ਦੇ ਮੂਲ ਚੰਦ ਦੀ ਬੇਟੀ, ਬੀਬੀ ਸੁਲੱਖਨੀ ਨਾਲ ਬਟਾਲੇ ਵਿਖੇ ਹੋ ਗਿਆ। ਸਮਾਂ ਪਾ ਕੇ ਸ੍ਰੀ ਚੰਦ ਅਤੇ ਲਖਮੀ ਦਾਸ ਦੋ ਬੱਚੇ ਪੈਦਾ ਹੋਏ ਜੋ ਪਿਤਾ ਗੁਰੂ ਬਾਬੇ ਦੀ ਸੰਗਤ ਤੋਂ ਵਾਂਝੇ ਰਹੇ ਅਤੇ ਭੇਖੀ ਬਿਹੰਗਮ ਸਾਧਾਂ ਦੀ ਸੰਗਤ ਦਾ ਸ਼ਿਕਾਰ ਹੋ ਗਏ। ਸ੍ਰੀ ਚੰਦ ਤਾਂ ਗ੍ਰਿਹਸਤ ਤੋਂ ਭਗੌੜਾ ਹੋ, ਜਟਾਂ ਵਧਾ, ਕੰਨ ਪਾੜ, ਸਰੀਰ ਤੇ ਸੁਵਾਹ ਮਲ ਕੇ ਪੁੱਠੀਆਂ-ਸਿੱਧੀਆਂ ਸਮਾਧੀਆਂ ਲੌਣ ਲੱਗ ਪਿਆ ਪਰ ਲਖਮੀ ਦਾਸ ਨੇ ਗ੍ਰਿਹਸਤ ਮਾਰਗ ਅਪਣਾ ਲਿਆ।

ਦੇਖੋ! ਕਿਰਤੀ ਤੇ ਗ੍ਰਿਹਸਤੀ ਬਾਬੇ ਨਾਨਕ ਨੇ ਬਚਪਨ ਵਿੱਚ ਬਾਲ ਖੇਡਾਂ ਖੇਡੀਆਂ, ਵਿਦਿਆ ਪੜ੍ਹੀ, ਮੱਝਾਂ ਚਾਰੀਆਂ, ਖੇਤੀ ਕੀਤੀ, ਵਾਪਾਰ ਕੀਤਾ, ਮੋਦੀਖਾਨੇ ਨੌਕਰੀ ਕੀਤੀ, ਭਾਵ ਸੰਸਾਰਕ ਗ੍ਰਿਹਸਤੀ ਅਤੇ ਕਿਰਤੀ ਵਾਲੇ ਸਾਰੇ ਫਰਜ ਨਿਭਾਏ ਤੇ ਨਾਲ ਨਾਲ ਰੱਬੀ ਧਰਮ ਦਾ ਪ੍ਰਚਾਰ ਵੀ ਬਾਖੂਬੀ ਕੀਤਾ। ਜਦ ਬਾਬੇ ਨੇ ਦੇਖਿਆ ਕਿ ਰਾਜਨੀਤਕ ਅਤੇ ਧਰਮ ਪੁਜਾਰੀ ਮਿਲ ਕੇ ਲੋਕਾਈ ਨੂੰ ਲੁੱਟ ਰਹੇ ਹਨ-ਕਾਦੀ ਕੂੜੁ ਬੋਲਿ ਮਲੁ ਖਾਇ॥ ਬ੍ਰਾਹਮਣੁ ਨਾਵੈ ਜੀਆ ਘਾਇ॥ ਜੋਗੀ ਜੁਗਤਿ ਨ ਜਾਣੈ ਅੰਧੁ॥ ਤੀਨੇ ਉਜਾੜੇ ਕਾ ਬੰਧੁ॥ (੬੬੨) ਰਾਜੇ ਪਾਪ ਕਮਾਂਮਦੇ ਉਲਟੀ ਵਾੜ ਖੇਤਿ ਕਉ ਖਾਈ॥ (ਭਾ.ਗੁ.) ਤਾਂ ਲੋਕਾਈ ਨੂੰ ਗਿਆਨ ਰਾਹੀਂ ਸੁਚੇਤ ਕਰਨ ਵਾਸਤੇ, ਫੁੱਲ ਟਾਈਮ ਧਰਮ ਪ੍ਰਚਾਰ ਵਿੱਚ ਜੁੱਟ ਗਏ। ਸੰਸਾਰ ਦਾ ਭ੍ਰਮਣ ਕਰ, ਰੱਬੀ ਭਗਤਾਂ ਨਾਲ ਮਿਲ ਕੇ, ਵੱਡੇ ਵੱਡੇ ਰਾਜਿਆਂ, ਧਰਮ ਆਗੂਆਂ ਅਤੇ ਬਹੁਤ ਸਾਰੀ ਲੋਕਾਈ ਨੂੰ, ਵਿਚਾਰ ਵਿਟਾਂਦਰੇ ਦੇ ਰੱਬੀ ਬਾਣਾਂ ਰਾਹੀਂ, ਸਿੱਧੇ ਰਸਤੇ ਪਾਇਆ। ਘਰ ਘਰ ਲੋਕ ਬਾਬੇ ਦੇ ਰੱਬੀ ਉਪਦੇਸ਼ਾਂ ਅਤੇ ਪਰ-ਉਪਕਾਰਾਂ ਨੂੰ ਯਾਦ ਕਰਨ ਲੱਗ ਪਏ-ਘਰਿ ਘਰਿ ਬਾਬਾ ਗਾਵੀਐ ਵਜਨਿ ਤਾਲੁ ਮ੍ਰਿਦੰਗ ਰਾਬਾਬਾ॥ (ਭਾ. ਗੁ) ਬਾਬੇ ਨਾਨਕ ਨੇ ਇਲਾਹੀ ਬਾਣੀ ਰਚੀ ਅਤੇ ਰੱਬੀ ਭਗਤਾਂ ਦੀ ਬਾਣੀ ਵੀ ਇਕੱਤਰ ਕਰਕੇ, ਧਰਮ ਪੋਥੀ ਵਿੱਚ ਲਿਖੀ ਜੋ ਜੋਤੀ ਜੋਤਿ ਸਮਾਉਣ ਤੋਂ ਪਹਿਲਾਂ ਅੱਗੇ ਆਪਣੇ ਯੋਗ ਉਤ੍ਰਾਧਿਕਾਰੀ ਗੁਰੂ ਅੰਗਦ ਸਾਹਿਬ ਨੂੰ ਸੌਂਪ ਦਿੱਤੀ-ਤਿਤ ਮਹਿਲ ਜੋ ਸ਼ਬਦ ਹੋਆ ਸੋ ਪੋਥੀ ਗੁਰ ਅੰਗਦ ਜੋਗੁ ਮਿਲੀ॥ (ਪੁਰਾਤਨ ਜਨਮਸਾਖੀ ਵਲੈਤ ਵਾਲੀ, ਸਾਖੀ ਨੰਬਰ ੫੭) ਬਾਬੇ ਦੇ ਬਾਕੀ ਉਤ੍ਰਾਧਿਕਾਰੀਆਂ ਨੇ ਵੀ ਗ੍ਰਿਹਸਤ ਅਤੇ ਕਿਰਤ ਵਿੱਚ ਵਿਚਰਦੇ ਸੱਚ ਧਰਮ ਦਾ ਪ੍ਰਚਾਰ ਕੀਤਾ ਅਤੇ ਦਸਵੇਂ ਗੁਰੂ ਗੋਬਿੰਦ ਸਿੰਘ ਦੇ ਰੂਪ ਵਿੱਚ, ਗਿਅਨ ਦੇ ਭੰਡਾਰ, ਸ਼ਬਦ ਗੁਰੂ ਗ੍ਰੰਥ ਸਾਹਿਬ ਨੂੰ ਸਦੀਵੀ ਗੁਰਤਾ ਬਖਸ਼ ਦਿੱਤੀ।

ਆਪਾਂ ਗੱਲ ਕਰ ਰਹੇ ਸੀ ਵਿਆਹ ਦੀ, ਜੋ ਇਸਤਰੀ ਅਤੇ ਪੁਰਸ਼ ਦਾ ਮਾਨੁੱਖੀ ਫਰਜਾਂ ਚੋਂ ਪ੍ਰਮੁੱਖ ਫਰਜ ਹੈ। ਜਿਸਨੂੰ ਰੱਬੀ ਭਗਤਾਂ ਅਤੇ ਸਿੱਖ ਗੁਰੂਆਂ ਨੇ ਬਾਖੂਬੀ ਨਿਭਾਇਆ ਪਰ ਫਜੂਲ ਦੀਆਂ ਰੀਤਾਂ ਰਸਮਾਂ ਅਤੇ ਲੋਕ ਦਿਖਾਵੇ ਵਾਲੇ ਥੋਥੇ ਕਰਮਕਾਂਡਾਂ ਦਾ ਜੋਰਦਾਰ ਖੰਡਨ ਕੀਤਾ। ਇਤਿਹਾਸ ਪੜ੍ਹ ਕੇ ਵੇਖੋ, ਕਿਸੇ ਭਗਤ ਜਾਂ ਸਿੱਖ ਗੁਰੂ ਦੇ ਜਾਂਨਸ਼ੀਨ ਗੁਰੂਆਂ ਨੇ ਜਨਮ ਦਿਨ, ਵਿਆਹ ਦਿਨ, ਮਰਨ ਦਿਨ, ਰੱਖੜੀਆਂ, ਲੋਹੜੀਆਂ ਅਤੇ ਸੰਗ੍ਰਾਂਦਾਂ ਆਦਿਕ ਦਿਨ ਨਹੀਂ ਮਨਾਏ। ਇਹ ਤਾਂ ਅਨਮੱਤੀਆਂ ਦੀ ਦੇਖਾ ਦੇਖੀ, ਮਾਇਆ ਅਤੇ ਹਲਵੇ ਮੰਡੇ ਦਾ ਪ੍ਰਬੰਧ ਕਰਨ ਲਈ, ਸਿੱਖ ਡੇਰੇਦਾਰਾਂ, ਸੰਪ੍ਰਦਾਈਆਂ ਅਤੇ ਅਜੋਕੇ ਪਦਾਰਥਵਾਦੀ ਪ੍ਰਬੰਧਕਾਂ ਨੇ, ਸਿੱਖ ਧਰਮ ਅਸਥਾਨ ਗੁਰਦੁਆਰਿਆਂ ਵਿੱਚ ਵੀ ਮਨਾਉਣੇ ਸ਼ੁਰੂ ਕਰ ਦਿੱਤੇ ਹਨ ਕਿਉਂਕਿ ਜਿੰਨੇ ਜਿਆਦਾ ਧਰਮ ਕਰਮ, ਦਿਨ-ਦਿਹਾੜੇ ਅਤੇ ਪੁਰਬ ਮਨਾਏ ਜਾਣਗੇ ਓਨੀਆਂ ਹੀ ਗੋਲਕਾਂ ਵੱਧ ਭਰਨਗੀਆਂ, ਸਾਧ, ਪੁਜਾਰੀ, ਮਨਮੱਤੀ ਪ੍ਰਚਾਰਕ ਅਤੇ ਪ੍ਰਬੰਧਕ ਮੌਜਾਂ ਮਾਨਣਗੇ।

ਭਲਿਓ ਦੇਖੋ! ਜਿਹੜੀਆਂ, ਰੀਤਾਂ, ਰਸਮਾਂ, ਪੁਰਬ ਅਤੇ ਮਿੱਥਾਂ ਰੱਬੀ ਭਗਤਾਂ, ਸਿੱਖ-ਗੁਰੂਆਂ ਅਤੇ ਪੁਰਾਤਨ ਗੁਰਸਿੱਖਾਂ ਨੇ ਕਦੇ ਨਹੀਂ ਮਨਾਈਆਂ ਉਹ ਅਸੀਂ ਅੱਜ ਕਿਵੇਂ ਮਨਾ ਸਕਦੇ ਹਾਂ? ਜਿਨ੍ਹਾਂ ਦਾ ਇਤਿਹਾਸ ਵਿੱਚ ਵੀ ਕੋਈ ਜਿਕਰ ਨਹੀਂ ਹੈ। ਕੀ ਅਸੀਂ ਰੱਬੀ ਭਗਤਾਂ, ਸਿੱਖ ਗੁਰੂਆਂ ਅਤੇ ਸਿੰਘ ਸ਼ਹੀਦਾਂ ਨਾਲੋਂ ਜਿਅਦਾ ਸਿਆਣੇ ਹੋ ਗਏ ਹਾਂ ਜੋ ਗੁਰੂਆਂ ਦੇ ਨਾਂ ਤੇ ਨਿੱਤ ਨਵੇਂ ਕਰਮਕਾਂਡ ਚਲਾ ਕੇ ਸਿੱਖ ਸੰਗਤਾਂ ਨੂੰ ਕੁਰਾਹੇ ਪਾ ਕੇ ਗੁਰਬਾਣੀ ਦੇ ਅਸਲ ਮਨੋਰਥ ਤੋਂ ਤੋੜੀ ਜਾ ਰਹੇ ਹਨ। ਜਰਾ ਠੰਡੇ ਦਿਲ ਦਿਮਾਗ ਨਾਲ ਸੋਚੋ! ਸਿੱਖ ਇੱਕ ਵਿਲੱਖਣ ਕੌਮ ਹੈ ਅਤੇ ਇਸ ਦੇ ਰੀਤੀ, ਰਿਵਾਜ ਅਤੇ ਇਤਿਹਾਸਕ ਦਿਹਾੜੇ ਵੀ ਵੱਖਰੇ ਹਨ। ਜਨਮ ਅਤੇ ਵਿਆਹ ਦਿਨ ਆਦਿਕ ਮਨਾਉਣੇ ਪੱਛਮੀ ਲੋਕਾਂ ਦੇ ਰਿਵਾਜ ਹਨ ਨਾਂ ਕਿ ਗੁਰਸਿੱਖਾਂ ਦੇ। ਬਾਬੇ ਨਾਨਕ ਦਾ ਵਿਆਹ ਦਿਨ ਮਨਾਉਣ ਵਾਲਿਆਂ ਚੋਂ ਖਾਸ ਕਰਕੇ ਵਿਆਹ ਨਾਂ ਕਰਾਉਣ ਵਾਲੇ ਡੇਰੇਦਾਰ ਸੰਤ, ਬਾਬਿਆਂ ਅਤੇ ਸੰਪ੍ਰਦਾਈਆਂ ਨੂੰ ਤਾਂ ਘੱਟੋ ਘੱਟ ਸ਼ਰਮ ਕਰਨੀ ਚਾਹੀਦੀ ਹੈ ਜੋ ਗ੍ਰਿਹਸਤ ਤੋਂ ਭਗੌੜੇ ਵਿਹਲੜ ਹੋ, ਕਿਰਤ ਕਮਾਈ ਛੱਡ ਕੇ, ਗ੍ਰਿਹਸਤੀਆਂ ਅਤੇ ਕਿਰਤੀਆਂ ਦੀ ਖੂਨ ਪਸੀਨੇ ਦੀ ਕਮਾਈ, ਧਰਮ ਦੇ ਨਾਂ ਤੇ ਹੜੱਪ ਕੇ, ਗੋਗੜਾਂ ਵਧਾਈ ਫਿਰਦੇ ਹਨ।

ਸਾਡੇ ਗ੍ਰੰਥੀ, ਰਾਗੀ, ਢਾਡੀ, ਕਥਾਵਾਚਕ, ਪ੍ਰਚਾਰਕ ਅਤੇ ਪ੍ਰਬੰਧਕ ਬਾਬੇ ਦੇ ਵਿਆਹ ਤੇ ਵੀ ਦੁਨਿਆਵੀ ਰਸਮਾਂ, ਪਾਣੀ ਵਾਰਨਾਂ, ਸਗਨਾਂ, ਪਹਿਰਾਵਿਆਂ, ਵੱਖ ਵੱਖ ਪਕਵਾਨਾਂ, ਮਠਿਆਈਆਂ ਅਤੇ ਲੈਣ ਦੇਣ (ਦਾਜ-ਦਹੇਜ) ਦੇ ਹੀ ਸੋਹਿਲੇ ਗਾਉਂਦੇ ਨਹੀਂ ਥੱਕਦੇ। ਪ੍ਰਬੰਧਕ ਵੀ ਕਮਰਸ਼ੀਅਲ ਹੋ ਗਏ ਹਨ ਤਾਂ ਹੀ ਗੁਰਦੁਆਰਿਆਂ ਵਿੱਚ ਧਰਮ ਦੇ ਨਾਂ ਤੇ ਅਨੇਕਾਂ ਕਰਮਕਾਂਡ ਅਤੇ ਰੀਤੀ ਰਿਵਾਜ ਚਲਾ ਕੇ, ਸੰਗਤ ਨੂੰ ਕੁਰਾਹੇ ਪਾ ਠੱਗੀ ਜਾਂਦੇ ਹਨ। ਜੇ ਇਹ ਸਾਰੇ ਧਰਮ ਪ੍ਰਚਾਰਕ ਅਤੇ ਪ੍ਰਬੰਧਕ ਅਖਵਾਉਣ ਵਾਲੇ ਲੋਕ, ਗ੍ਰਿਹਸਤ, ਕਿਰਤ, ਸੇਵਾ ਆਦਿਕ ਰੱਬੀ ਯਾਦ ਵਾਲੇ ਮਨੁੱਖੀ ਫਰਜ ਤਨਦੇਹੀ ਨਾਲ ਨਿਭਾਉਣ ਦੀ ਅਸਲੀ ਵਿਆਖਿਆ ਕਰਨ ਅਤੇ ਅਜਿਹੇ ਹੀ ਸੋਹਿਲੇ ਗੀਤ ਗਾਉਣ ਤਾਂ ਲੋਕਾਈ ਨੂੰ ਚੰਗੀ ਸਿਖਿਆ ਮਿਲੇਗੀ ਅਤੇ ਸਮਾਜ ਸੁਧਾਰ ਵੀ ਹੋਵੇਗਾ। ਭਲਿਓ! ਅੱਜ ਦੇ ਮਹਿੰਗਾਈ ਦੇ ਜਮਾਨੇ ਵਿੱਚ ਤਾਂ ਅਸਲੀ ਵਿਆਹ ਦਾ ਖਰਚਾ ਕਰਨਾ ਲੋਕ ਲਾਜ ਕਰਕੇ ਬੜਾ ਔਖਾ ਹੋਇਆ ਪਿਆ ਹੈ। ਕਿੰਨ੍ਹਾਂ ਚੰਗਾ ਹੋਵੇ ਜੇ ਅਸੀਂ ਗੁਰੂਆਂ, ਭਗਤਾਂ, ਸ਼ਹੀਦਾਂ ਅਤੇ ਆਪਣੇ ਵਿਆਹ ਦਿਨ ਮਨਾਉਣ ਦੀ ਥਾਂ ਲੋੜਵੰਦ ਆਰਥਿਕ ਤੌਰ ਤੇ ਪਛੜੇ ਮੁੰਡੇ-ਕੁੜੀਆਂ ਦੇ ਵਿਆਹ ਉੱਤੇ ਆਰਥਕ ਮਦਦ ਕਰਕੇ, ਉਨ੍ਹਾਂ ਦਾ ਗ੍ਰਿਹਸਤ ਜੀਵਨ ਸੁਹੇਲਾ ਕਰ ਸੱਕੀਏ। ਸੋ ਵਿਹਲੜਾਂ ਦੀਆਂ ਗੋਗੜਾਂ ਅਤੇ ਰਾਜਨੀਤਕ ਪ੍ਰਬੰਧਕਾਂ ਦੀਆਂ ਅੰਨੇਵਾਹ ਗੋਲਕਾਂ ਭਰਨੀਆਂ ਸਿਆਣਪ ਨਹੀਂ ਸਗੋਂ, ਲੋਕ ਦਿਖਾਵਾ, ਆਰਥਿਕ ਉਜਾੜਾ, ਅਗਿਆਨਤਾ ਅਤੇ ਮੂਰਖਤਾ ਹੀ ਕਹੀ ਜਾ ਸਕਦੀ ਹੈ। ਇਸ ਲਈ ਸਿੱਖ ਸੰਗਤਾਂ ਨੂੰ ਗ੍ਰਿਹਸਤੀ ਗੁਰੂ ਬਾਬੇ ਦੇ ਪੈਰੋਕਾਰ, ਗ੍ਰਿਹਸਤੀ ਤੇ ਕਿਰਤੀ ਗੁਰਸਿੱਖ ਪ੍ਰਚਾਰਕਾਂ ਤੋਂ ਗੁਰ ਸਿਧਾਂਤਾਂ ਦੀ ਸਿਖਿਆ ਲੈਣੀ ਚਾਹੀਦੀ ਹੈ ਨਾਂ ਕਿ ਗ੍ਰਿਹਸਤ ਅਤੇ ਕਿਰਤ ਤੋਂ ਭਗੌੜੇ, ਵਿਹਲੜ ਸਾਧਾਂ ਮੱਗਰ ਲੱਗ ਕੇ, ਭਟਕਣਾ ਅਤੇ ਭਰਮ ਭੁਲੇਖਿਆਂ ਦੇ ਛਲਾਵੇ ਜਾਲ ਵਿੱਚ ਫਸੇ ਰਹਿਣਾ ਚਾਹੀਦਾ ਹੈ।
.