.

ਅਜੋਕੇ ਸਮੇਂ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦਾ ਮਹੱਤਵ

(ਕਿਸ਼ਤ ਨੰ:5)

ਡਾ. ਦਲਵਿੰਦਰ ਸਿੰਘ ਗ੍ਰੇਵਾਲ

੧੯੨੫, ਬਸਂਤ ਐਵਿਨਿਊ, ਲੁਧਿਆਣਾ- ਮੁਬਾਈਲ ੯੮੧੫੩੬੬੭੨੬

ਵਿਸ਼ਵ ਸ਼ਾਂਤੀ:
ਗੁਰਬਾਣੀ ਵਿਸ਼ਵ ਸ਼ਾਂਤੀ ਚਿਤਵਦੀ ਹੈ, ਸਰਵੱਤ ਦਾ ਭਲਾ ਲੋਚਦੀ ਹੈ। ਲੜਾਈ ਝਗੜਿਆਂ ਤੋਂ ਦੂਰ ਰਹਿਣ ਲਈ ਪੁਕਾਰਦੀ ਹੈ। ਝਗੜੇ ਤਾਂ ਹੁੰਦੇ ਹਨ ਜੇ ਕੋਈ ਮੰਦਾ ਸੋਚੇ ਪਰ ਸੋ ਤੁਸੀ ਮੰਦਾ ਨ ਸੋਚੋ ਅਤੇ ਨ ਕਿਸੇ ਦਾ ਮੰਦਾ ਕਰੋ:
(ੳ) ਮੰਦਾ ਮੂਲਿ ਨ ਕੀਚਈ ਦੇ ਲੰਮੀ ਨਦਰਿ ਨਿਹਾਲੀਐ॥’ (ਪੰਨਾ ੪੭੪)
(ਅ) ‘ਮੰਦਾ ਕਿਸੈ ਨਾ ਆਖਿ ਝਗੜਾ ਪਾਵਣਾ॥’ (ਪੰਨਾ ੫੬੬)
ਆਪਣੇ ਆਪ ਨੂੰ ਚੰਗਾ ਜਾਣ ਕੇ ਦੂਜੇ ਦੀ ਨਿੰਦਾ ਨ ਕਰਦੇ ਫਿਰੋ ਸਗੋਂ ਆਪਣੇ ਆਪ ਨੂੰ ਨੀਵਾਂ ਕਰ ਲਉ:
‘ਕਰਨ ਨ ਸੁਨੈ ਕਾਹੂ ਕੀ ਨਿੰਦਾ॥ ਸਭ ਤੇ ਜਾਨੈ ਆਪਸ ਕਉ ਮੰਦਾ॥’
(ਗਉੜੀ ਸੁਖਮਨੀ ਪੰਨਾ ੨੭੪)
ਨਾ ਕਿਸੇ ਨੂੰ ਮੰਦਾ ਆਖੋ ਤੇ ਨਾ ਕਿਸੇ ਨਾਲ ਝਗੜਾ ਖੜਾ ਕਰੋ:
‘ਮੰਦਾ ਕਿਸੈ ਨ ਆਖੀਐ, ਪੜਿ ਅਖਰੁ ਏਹੋ ਬੁਝੀਐ॥
ਮੂਰਖੈ ਨਾਲਿ ਨ ਲੁਝੀਐ॥’ (ਪੰਨਾ ੪੭੩)
ਜੀਵਨ ਜੁਗਤੀ ਅਤੇ ਮੁਕਤੀ:
ਗੁਰਬਾਣੀ ਦਾ ਆਦਰਸ਼ਕ ਪੁਰਸ਼ ‘ਗੁਰਮੁਖ’ ਅਤੇ ਬ੍ਰਹਮ ਗਿਆਨੀ ਹੈ। ਇਹ ਸਾਧ-ਜਨ, ਸੰਤ, ਪੰਚ ਜਾਂ ਪਰਧਾਨ ਵੀ ਹੈ ਅਤੇ ਉਸਦਾ ਸਭ ਤੋਂ ਪ੍ਰਮੁਖ ਲੱਛਣ ਜੀਵਨ-ਮੁਕਤੀ ਦੀ ਅਵਸਥਾ ਹੈ। ਉਸ ਨੇ ਅਜਿਹੀ ਜੀਵਨ-ਜਾਚ ਕਬੂਲੀ ਹੈ, ਜੋ ਇੱਕ ਪਾਸੇ ਅੰਤਰਵੀ ਸੁਰਤੀ ਦਾ ਦੁਆਰ ਖੋਲ੍ਹਦੀ ਹੈ ਅਤੇ ਦੂਜੇ ਪਾਸੇ ਸ਼ੁਭ ਕਰਮਾਂ ਲਈ ਉਤਸ਼ਾਹਿਤ ਕਰਦੀ ਹੈ। ਇਸ ਜੀਵਨ-ਜੁਗਤੀ ਵਿੱਚ ਅਗਾਂਹ ਵਧਣ ਦੀ ਤਾਂਘ ਪ੍ਰਬਲ ਹੈ, ਮੋਢਾ ਪਿਛੇ ਮੋੜਨ ਦੀ ਫੁਰਸਤ ਨਹੀਂ:
‘ਆਗਾਹਾ ਕੂ ਤ੍ਰਾਘਿ, ਪਿਛਾ ਫੇਰਿ ਨ ਮੁਹਡੜਾ॥’ (ਪੰਨਾ ੧੦੯੬)
ਈਸ਼ਵਰ ਦਾ ਧਿਆਨ ਪਹਿਲਾਂ ਹੋਵੇ:
‘ਗੁਰਮੁਖਿ ਬੁਢੇ ਕਦੇ ਨਾਹੀ ਜਿਨਾ ਅੰਤਰਿ ਸੁਰਤਿ ਗਿਆਨੁ॥’
(ਪੰਨਾ ੧੪੧੮)
‘ਸੱਚੀ ਕਾਰ’ ਨਾਲ ਨਾਲ ਜੀਵਨ ਵੀ ਸਾਰਥਕ ਕਰੇ ਤੇ ਸੱਚੀ ਕਾਰ ਨਾਲ ਨੈਤਿਕ ਗੁਣਾਂ ਦਾ ਹੋਣਾ ਜ਼ਰੂਰੀ ਹੈ:
‘ਸਚੁ ਵਰਤੁ ਸੰਤੋਖੁ ਤੀਰਥੁ ਗਿਆਨ ਧਿਆਨੁ ਇਸਨਾਨੁ॥
ਦਇਆ ਦੇਵਤਾ ਖਿਮਾ ਜਪਮਾਲੀ ਤੇ ਮਾਣਸ ਪਰਧਾਨ॥’
ਗੁਰੂ ਗ੍ਰੰਥ ਸਾਹਿਬ ਦਾ ਗੁਰਮੁਖ ਅਤੇ ਬ੍ਰਹਮਗਿਆਨੀ, ਅਧਿਆਤਮਕ ਸੋਝੀ ਅਤੇ ਨੈਤਿਕ ਭਾਵਨਾ ਵਾਲਾ ਆਦਰਸ਼ਕ ਵਿਅਕਤੀ ਹੈ ਤੇ ਨਾਲ ਹੀ ਉਹ ਪ੍ਰਭੂ ਦਾ ਭਗਤ, ਉਸ ਦਾ ਪ੍ਰੇਮ-ਰਾਤਾ, ਉਸਦਾ ਰਹੱਸ ਮਾਨਣ ਵਾਲਾ ਰਸੀਆ ਵੀ ਹੈ। ਰੱਬੀ ਦਾ ਗਿਆਨ, ਰੱਬੀ ਦ੍ਰਿਸ਼ਟੀ, ਮਨੁੱਖੀ ਬੋਧਿਕਤਾ ਦੀਸਿਖਰ ਹੋ ਸਕਦੀ ਹੈ ਪਰ ਰੱਬ ਦਾ ਅੰਤਰੀਵੀ ਅਨੁਭਵ, ਰੱਬ ਨੂੰ ਮਾਨਣਾ ਤੇ ਭੋਗਣਾ ਮਨੁੱਖ ਦੀ ਸੁਹਜਾਤਮਕ ਬਿਰਤੀ ਦੀ ਸਿਖਰ ਹੋਵੇਗੀ। ਗੁਰਬਾਣੀ ਦਾ ਆਦਰਸ਼ਕ ਵਿਅਕਤੀ ਗਿਆਨਵਾਨ ਵੀ ਹੈ ਸਦਾਚਾਰੀ ਵੀ ਅਤੇ ਪ੍ਰਭੂ ਦਾ ਭੋਗਣਹਾਰ ਵੀ।
ਗੁਰਬਾਣੀ ਵਿਚਾਰਧਾਰਾ ਅਨੁਸਾਰ ਜੀਵਨ-ਮੁਕਤੀ ਦੀ ਅਵਸਥਾ ਮਨੁੱਖੀ ਜੀਵਨ ਦੀ ਸਾਧਨਾ ਹੈ ਜਿਸ ਰਾਹੀਂ ਦੁਨੀਆਂ ਵਿੱਚ ਹੀ ਦੁਨੀਆ ਤੋਂ ਨਿਰਲੇਪ ਰਹਿ ਕੇ, ਈਸ਼ਵਰ ਪ੍ਰਾਪਤ ਹੋ ਸਕਦੀ ਹੈ:
‘ਵਿਚੇ ਗਰਹਿ ਸਦਾ ਰਹੈ ਉਦਾਸੀ ਜਿਉ ਕਮਲੁ ਰਹੈ ਵਿਚਿ ਪਾਣੀ ਹੇ॥’
(ਪੰਨਾ ੧੦੭੦)
ਰਾਜ ਭਾਗ ਜਾਂ ਮੁਕਤੀ ਚਾਹਤ ਨਹੀਂ ਹੁੰਦੀ ਇਹ ਤਾਂ ਆਪਣੇ ਆਪ ਹੀ ਮਿਲਦੀ ਹੈ:
‘ਰਾਜੁ ਨ ਚਾਹਉ ਮੁਕਤਿ ਨ ਚਾਹਉ ਮਨ ਪ੍ਰੀਤਿ ਚਰਨ ਕਮਲਾਰੇ॥’
(ਪੰਨਾ ੫੩੪)
ਆਪਣੀ ਵਿਅਕਤਿਤਾ, ਮਨ ਦਾ ਮਾਣ, ਹਉਮੈ ਖਤਮ ਕਰਨੀ ਪੈਂਦੀ ਹੈ।
‘ਜੀਵਨ ਮੁਕਤੁ ਸੋ ਆਖੀਐ ਜਿਸੁ ਵਿਚਹੁ ਹਉਮੈ ਜਾਇ॥’ (ਮਾਰੂ ਮ: ੧)
‘ਹਰਖ ਸੋਗ ਜਾ ਕੈ ਨਹੀ ਬੈਰੀ ਮੀਤ ਸਮਾਨ॥’ (ਪੰਨਾ ੧੪੨੭)
ਇਸ ਜੁਗਤੀ ਰਾਹੀਂ ਹਸੰਦਅਿਾਂ ਖੇਲੰਦਿਆ, ਪਨੰਦਿਆ ਖਾਵੰਦਿਆ, “ਵਿਚੇ ਹੋਵੈ ਮੁਕਤਿ” ਅਤੇ ਇਹ ਜੁਗਤੀ ਗੁਰਬਾਣੀ ਅਨੁਸਾਰ ਉਤਮ ਜੀਵਨ-ਜਾਚ ਹੈ, ਜੀਵਨ-ਮੁਕਤੀ ਦੀ ਦਸ਼ਾ ਵਿਅਕਤੀ ਅਤੇ ਈਸ਼ਵਰ ਦੀ ਅਭੇਦਤਾ ਦੀ ਦਸ਼ਾ ਹੈ ਜਿਥੇ ਦੋ ਨਹੀਂ ਰਹਿੰਦੇ, ਦੋਵੇਂ ਇਕਸੁਰ ਹੋ ਜਾਂਦੇ ਹਨ, ਇਸ ਅਵਸਥਾ ਨੂੰ ਗੁਰਬਾਣੀ ਵਿੱਚ ਨਾਦ ਦਾ ਪ੍ਰਤੀਕ ਦਿੱਤਾ ਗਿਆ।
ਸੱਚ-ਆਚਾਰ:
‘ਜਲਮਹਿ ਕਮਲ ਸਮਾਨ’ ਰਹਿਣ ਲਈ ‘ਸੱਚ’ ਆਚਾਰ’ ਜਰੂਰੀ ਹੈ।
“ਸਚਹੁ ਉਰੈ ਸਭ ਕੋ ਉਪਰ ਸਚ ਆਚਾਰ॥” (ਸਿਰੀ ਰਾਗ ਮਹਲਾ ੧)
ਸੱਚ ਆਂਚਾਰ ਜੋ ਰਹਸਵਾਦ ਦੀ ਭੂਮਿਕਾ ਤਿਆਰ ਕਰੇ, ਮਨ ਨੂੰ ਨਿਰਲੇਪਤਾ ਵਲ ਲੈ ਜਾਵੈ। ਨਿਰਲੇਪਤਾ ਮੋਹ-ਮਾਇਆ ਤੋਂ ਹਉਮੈਂ ਤੋਂ, ਕਾਮ ਕ੍ਰੋਧ, ਲੋਭ, ਮੋਹ, ਅਹੰਕਾਰ ਤੇ, ਦੁਬਿਧਾ, ਆਸ਼ਾਂ, ਤ੍ਰਿਸ਼ਨਾ, ਵੈਰ, ਵਿਰੋਧ, ਭਰਮ, ਭੈ, ਕਪਟ, ਈਰਖਾ, ਨਿੰਦਾ, ਹਿੰਸਾ, ਵਿਭਚਾਰ, ਕੂੜਿਆਰ, ਵਾਦ-ਵਿਵਾਦ, ਪਾਖੰਡ, ਸਵਾਰਥ, ਬਦਨੀਤੀ, ਢੀਠਤਾ, ਕਾਇਰਤਾ ਤੋਂ ਕਿਤੇ ਦੂਰ ਜਤ, ਸਤ, ਸ਼ਾਂਤੀ, ਵੈਰਾਗ, ਨਿਮ੍ਰਤਾ, ਹੁਕਮ, ਤਿਆਗ, ਸੰਜਮ, ਸੰਤੋਖ, ਪ੍ਰੇਮ, ਲਿਵ, ਗਿਆਨ-ਧਿਆਨ, ਵਿਵੇਕ, ਨਿਰਭੈਤਾ, ਨਿਸ਼ਕਪਟਤਾ, ਸਹਿਦਰਤਾ, ਸ਼ੁਭ ਚਿੰਤਨ, ਕੋਮਲਤਾ, ਦਇਆ, ਅਹਿੰਸਾ, ਸ਼ੀਲ, ਸੱਚ, ਖਿਮਾ, ਈਮਾਨਦਾਰੀ, ਪਰਉਪਕਾਰ, ਸੁੱਚ, ਨੇਕ-ਨੀਤੀ, ਧੀਰਜ, ਸਹਿਜ, ਉਦਾਰਤਾ, ਕ੍ਰਿਤਗਤਾ, ਸਰਲਤਾ ਤੇ ਅਚਿਤਿਤਾਈਂ ਦੀ ਦੁਨੀਆਂ ਵਲ ਤੁਰੇ। ਆਓ ਗੁਰਬਾਣੀ ਵਿੱਚ ਇਨ੍ਹਾਂ ਤੱਤਾਂ ਦੀ ਵਿਆਖਿਆ ਵਿਚਾਰੀਏ:
ਸਚਿਆਈ:
ਗੁਰਬਾਣੀ ਵਿੱਚ ਸ਼ਬਦ ਸਚ ਪ੍ਰੇਮ-ਸਤਾ ਦਾ ਲਖਾਇਕ ਹੈ ਪਰ ਸਿਚਆਈ ਸਦਾਚਾਰਕ ਗੁਣਾਂ ਦਾ ਭਾਵ ਪ੍ਰਗਟਾਉਨਦੀ ਹੈ, ਜਦ ਸਚ ਸ਼ਬਦ ਪਰਭੋਤਿਕ ਹਸਤੀ ਲਈ, ਵਰਤਿਆ ਜਾਂਦਾ ਹੈ ਤਾਂ ਗੁਰਮਤਿ ਸਦਾਚਾਰ ਦਾ ਪਰਮ ਤੇ ਸਰਵੋਤਮ ਆਦਰਸ਼ ਦਰਸਾਉਂਦਾ ਹੈ। ਸਚਿਆਈ ਮਨੁੱਖ ਦੇ ਵਿਸ਼ਵਾਸ, ਖਿਆਲ ਤੇ ਕਰਨੀ ਦੇ ਆਪਸੀ ਸੰਜੋਗ ਤੇ ਸੁਮੇਲ ਨੂੰ ਦਰਸਾਉਂਦੀ ਹੈ। ਪ੍ਰਭੁ ਸੱਚ ਹੈ ਉਸ ਦੀ ਪ੍ਰਾਪਤੀ ਲਈ ਸੱਚ ਦੀ ਕਮਾਈ ਬਹੁਤ ਜਰੂਰੀ ਹੈ। ਸੱਚ ਸਾਰੇ ਰੋਗਾਂ ਦਾ ਦਾਰੂ ਹੈ।
“ਸਚੁ ਸਭਨਾ ਹੋਇ ਦਾਰੂ ਪਾਪ ਦਢੈ ਧੋਇ॥
ਨਾਨਕੁ ਵਖਾਣੈ ਬੇਨਤੀ ਜਿਨ ਸਚੁ ਪਲੈ ਹੋਇ॥” (ਆਸਾ ਮ: ੧)
ਸਿਧਾਂਤਕ ਸੱਚ ਦੇ ਵਿਚਾਰ ਨਾਲੋਂ ਸੱਚਾ ਜੀਵਨ ਬਤੀਤ ਕਰਨਾ ਜ਼ਿਆਦਾ ਮਹੱਤਵਪੂਰਨ ਹੈ। ਅਮਲੀ ਜੀਵਨ ਵਿੱਚ ਸੱਚ ਨੂਮ ਧਾਰਨਾ ਹੀ ਅਸਲੀ ਕਾਰ ਹੈ। ਮੁੱਖ ਅਤੇ ਹਿਰਦੇ ਵਿੱਚ ਸੱਚ ਧਾਰਨ ਕਰਨਾ ਪਰਮ ਸੱਚ ਦੀ ਪ੍ਰਾਪਤੀ ਲਈ ਬੜਾ ਜਰੂਰੀ ਹੈ।
“ਹਿਰਚੈ ਸਚੁ ਏਹੁ ਕਰਣੀ ਸਾਰੁ॥ ਹੋਰ ਸਭ ਪਖੰਡ ਪੂਜ ਖੁਆਰ॥”
(ਪ੍ਰਭਾਤੀ ਮ: ੧)
“ਬਚਨੁ ਕਰੇ ਤੈ ਖਿਸਕਿ ਜਾਇ, ਬੋਲੈ ਸਚੇ ਕਚਾ॥
ਅੰਦਰਹੁ ਥੋਥਾ ਕੂੜਿਆਰੁ ਕੂੜੀ ਸਭ ਬਚਾ॥” (ਵਾਰ ਮਾਰੂ ਮ: ੫)
ਗਿਆਨ:
ਸੱਚ ਦਾ ਗਿਆਨ ਕਿਵੇਂ ਹੋਵੇ? ਗੁਰਬਾਣੀ ਅਨੁਸਾਰ ਇਹ ਗਿਆਨ ਵਿਵੇਕ ਬੁਧੀ ਹੈ, ਜੋ ਨਾਮ ਦੇ ਗਿਆਨ ਨਾਲ ਹੈ ਇਸ ਵਿਵੇਕ-ਬੁਧ ਸਦਕਾ ਵਹਿਮਾਂ ਤੇ ਭਰਮਾਂ ਦਾ ਨਾਸ ਹੁੰਦਾ ਹੈ ਤੇ ਹਉਮੈ ਦਾ ਅੰਧੇਰ ਗੁਬਾਰ ਮਿਟ ਜਾਂਦਾ ਹੈ।
(ੳ) “ਨਾਮੁ ਮਿਲੈ ਚਾਨਣੁ ਅੰਧਿਆਰਿ॥” (ਪੰਨਾ ੭੯੬)
(ਅ) ਤਤ ਗਿਆਨ ਹਰਿ ਅੰਮ੍ਰਿਤ ਨਾਮ॥” (ਪੰਨਾ ੧੧੪੬)
ਇਸ ਗਿਆਨ ਦੀ ਪ੍ਰਾਪਤੀ ਦਾ ਸਾਧਨ ‘ਜਪੁ’ ਬਾਣੀ ਵਿੱਚ ਸੁਨਣ ਮੰਨਣ ਤੈ ਨਿਧਿਆਸਨ ਦਾ ਦੱਸਦੇ ਹਨ। ਜਗਿਆਸੂ ਪੁੱਜੇ ਹੋਏ ਮਨੁੱਖਾਂ ਬਾਰੇ ਸੁਣਦਾ ਹੈ ਤੇ ਵੱਖ ਵੱਖ ਪੱਖਾਂ ਨੂੰ ਸਮਝਦਾ ਹੈ। ਆਪਣੇ ਸਵੈ ਤੋਂ ਉੱਠ ਵਿਸ਼ਾਲ ਚੇਤਨਾ ਨੂੰ ਆਪਣੇ ਅੰਤਰ ਵਿੱਚ ਵਿਕਸਿਤ ਕਰਦਾ ਹੈ ਤੇ ਵਿਸ਼ਵਾਸ ਰੱਕ ਕੇ ਉਸ ਨੂੰ ਮੰਨ ਕੇ ਮਨ ਤੇ ਬੁਧ ਨੂੰ ਨਵੇਂ ਸਾਚੇ ਵਿੱਚ ਢਾਲਦਾ ਹੈ। ਪਰਮੇਸ਼ਵਰ ਦੀ ਰੂਪ ਰੇਖਾ ਸਮਝਦਾ ਹੈ ਤੇ ਗਲਤ ਰਾਹ ਤਿਆਗਦਾ ਹੈ। ਸੰਸਾਰ ਅਮਦਰ ਰਹਿ ਕੇ ਹੀ ਧਰਮ ਕਮਾਉਂਦਾ ਹੈ ਤੇ ਸੱਚ ਨੂੰ ਪ੍ਰਾਪਤ ਕਰ ਉਸੇ ਚਿ ਸਮਾ ਜਾਂਦਾ ਹੈ।
ਸੰਤੋਖ:
ਸੰਤੋਖ ਭਾਵ ਮਿੱਲੇ ਵਿੱਚ ਸੰਤੋਸ਼ ਕਰਨਾ। ਸੰਤੋਖ ਬਿਨਾਂ ਤ੍ਰਿਪਤੀ ਨਹੀਂ ਹੁੰਦੀ।
“ਬਿਨਾਂ ਸੰਤੋਖ ਨਹੀ ਕੋਊ ਰਾਜੈ॥” (ਗਉੜੀ ਸੁਖਮਨੀ ਮ: ੧)
ਗੁਰਬਾਣੀ ਵਿੱਚ ਸੰਤੋਖ ਸੇਵਾ ਦਾ ਆਧਾਰ ਹੈ। ਸੰਤੋਖ ਹੋਵੇਗਾ ਤਾਂ ਸੇਵਾ ਕਰਨ ਦੀ ਹਿੰਮਤ ਹੋ ਸਕੇਗੀ ਤੇ ਉਸ ਦੀ ਸੇਵਾ ਤੋਂ ਹੀ ਸਚ ਪ੍ਰਾਪਤ ਹੁੰਦਾ ਹੈ।
“ਸੇਵਾ ਕੀਤੀ ਸੰਤੋਖੀਈ ਜਿਨੀ ਸਚੋ ਸਚੁ ਧਿਆਇਆ॥”
(ਵਾਰ ਆਸਾ ਮ: ੧)
ਦਇਆ:
ਦਇਆ ਭਾਵ ਦੂਸਰਿਆਂ ਦੇ ਦੁਖਾਂ ਵਿੱਚ ਭਾਵਨਾਤਮਕ ਸੁਮੇਲ। ਦਇਆ ਦਾ ਆਧਾਰ ਈਸ਼ਵਰੀ ਸੱਤਾ ਦੀ ਵਿਆਪਕਤਾ ਹੈ। ਪ੍ਰਭੂ ਸਰਬ ਵਿਦਿਆਪਕ ਹੈ ਹਰ ਜੀ ਵਿੱਚ ਉਸਦਾ ਪ੍ਰਸਾਰ ਹੈ ਜੀਵ ਨੂੰ ਦੁੱਖ ਦਿਤਿਆਂ ਉਸ ਨੂੰ ਦੁੱਖ ਪਹੁਮਚਦਾ ਹੈ ਤੇ ਜੀਵ ਤੇ ਦਇਆ ਪ੍ਰਭੂ ਦੀ ਇੱਕ ਸੇਵਾ ਹੈ। ਜਿਥੇ ਦਇਆ ਹੋਵੇਗੀ ਉਥੇ ਦਾਨ ਤੇ ਸੇਵਾ ਹੋਵੇਗੀ। ਸਵਾਰਥੀ ਮਨੋਰਥੋਂ ਉਪਰ ਉੱਠ ਦਾਨ ਦੇਣਾ, ਆਤਮਕ ਖੁਸ਼ੀ ਪ੍ਰਦਾਨ ਕਰਦਾ ਹੈ। ਆਤਮਕ ਖੁਸ਼ੀ ਆਤਮ ਸਿਧੀ ਵੱਲ ਲੈ ਜਾਂਦੀ ਹੈ। ਦਇਆ ਤੇ ਖਿਮਾਂ, ਪ੍ਰਭੂ ਪ੍ਰਾਪਤੀ ਵਿੱਚ ਸਹਾਈ ਹੁੰਦੀ ਹੈ।
‘ਜਹਾ ਲੇਭੁ ਤਹ ਕਾਲੁ ਹੈ ਜਹਾ ਖਿਮਾ ਤਹ ਆਪਿ॥’ (ਸਲੋਕ ਕਬੀਰ ਜੀ)
ਖਿਮਾ:
ਖਿਮਾਂ ਦਾ ਭਾਵ ਬਦਲੇ ਦੀ ਬਾਵਨਾ ਤੋਂ ਮੁਕਤ ਹੋਣਾ ਹੈ। ਖਿਮਾ ਪ੍ਰਭੂ ਪ੍ਰਾਪਤੀ ਲਈ ਉੱਚ ਆਧਾਰ ਹੈ ਗੁਰੂ ਨਾਨਕ ਦੇਵ ਜੀ ਫੁਰਮਾਉਂਦੇ ਹਨ।
‘ਖਿਮਾ ਸੀਗਾਰੁ ਕਾਮਣਿ ਤਨਿ ਪਹਿਰੈ ਰਾਵੈ ਲਾਲ ਪਿਆਰੀ॥”
(ਆਸਾ ਮ: ੧)
ਮਿੱਠਤਾ:
ਗੁਰਮੁਖ ਦਾ ਮਿੱਠ-ਬੋਲੜਾ ਸੁਭਾ ਲੋੜੀਂਦਾ ਹੈ ਕਿਉਂਕਿ ਉਸਦਾ ਇਸ਼ਟ ਮਿੱਠਤ ਅਤੇ ਪਿਆਰ ਦਾ ਖਜ਼ਾਨਾ ਹੈ।
‘ਗੁਰਮੁਖਿ ਅੰਮ੍ਰਿਤ ਬਾਣੀ ਬੋਲਹਿ ਸਭ ਆਤਮਰਾਮੁ ਪਛਾਣੀ॥” (ਪੰਨਾ ੬੯)
ਮਿੱਠੇ ਬਚਨ ਉਸ ਦੇ ਜੀਵਾਂ ਨੂੰ ਪ੍ਰਸੰਨਤਾ ਵੰਡਦੇ ਹਨ।
‘ਕੋਮਲ ਬਾਣੀ ਸਭ ਕਉ ਸੰਤੋਖੈ॥” (ਗਉੜੀ ਥਿਤੀ ਮ. ੫)
ਮਿਠਾ ਫਿਕਾ ਬੋਲਕੇ ਕਿਸੇ ਦਾ ਦਿਲ ਨਾ ਦੁਖਾਓ ਸਾਰੇ ਦਿਲਾਂ ਵਿੱਚ ਪ੍ਰਭੂ ਵਸਦਾ ਹੈ, ਜੀਵਾਂ ਦੇ ਦਿਲ ਦੁਖਾਣ ਨਾਲ ਉਸ ਪ੍ਰਭੂ ਦਾ ਦਿਲ ਵੀ ਦੁਖਦਾ ਹੈ:
‘ਇਕੁ ਫਿਕਾ ਨਾ ਗਲਾਇ ਸਭਨਾ ਮੈ ਸਚਾ ਧਣੀ॥
ਹਿਆਉ ਨ ਕੈਹੀ ਠਹਿ ਮਾਣਕ ਸਭ ਅਮੋਲਵੇ॥’ (ਪੰਨਾ ੧੩੮੪)
ਨਿਮਰਤਾ:
‘ਧਰਿ ਤਾਰਾਜੂ ਤੋਲੀਐ ਨਿਵੈ ਗਉਰਾ ਹੋਇ॥’ (ਵਾਰ ਆਸਾ ਮ: ੧)
ਸਰੀਰ ਨਿਵਿਆਂ ਤੇ ਮਨ ਸ਼ਰਧਾ ਭਰਿਆ, ਉਸ ਸੱਚੇ ਅੱਗੇ ਆਪਣੇ ਹਸਤੀ ਦੇ ਨਿਗੁਣੇ-ਪਣ ਨੂੰ ਦਰਸਾਉਂਦਾ ਹੈ ਤੇ ਈਸ਼ਵਰ ਦੀ ਮਹਾਨਤਾ ਨੂੰ। ਨਿਗੁਣਾ-ਪਣ ਕੁੱਝ ਗੁਣ ਹਾਸਲ ਦੀ ਇਛਾ ਪਰਗਟਾਉਂਦਾ ਹੈ ਨਿਮਰਤਾ ਭਰਿਆ ਮਨ। ਕਬੀਰ ਜੀ ਆਖਦੇ ਨੇ:
‘ਕਬੀਰ ਸਭ ਤੇ ਹਮ ਬੁਰੇ ਹਮ ਤਜਿ ਭਲੋ ਸਭੁ ਕੋਇ॥
ਜਿਨਿ ਐਸਾ ਕਰਿ ਬੂਝਿਆ ਮੀਤੁ ਹਮਾਰਾ ਸੋਇ॥
ਨਿਮਰਤਾ ਦਾ ਅਭਾਵ ਵੱਧਣ ਅੱਗੇ ਰੁਕਾਵਟ ਹੈ ਤੇ ਨਿਮਰਤਾ ਅੱਗੇ ਵਧਣ ਲਈ ਉਤਸ਼ਾਹ, ਪਾਣੀ ਨਿਵਾਣਾਂ ਵੱਲ ਵਧਦਾ ਹੈ। ਢਲਿਆ ਤਰਲ ਪਦਾਰਥ ਵੀ ਨੀਵੇਂ ਵਲ ਹੀ ਜਾਂਦਾ ਹੈ, ਇਸੇ ਤਰ੍ਹਾਂ ਈਸ਼ਵਰ ਦਾ ਮਨ ਨੀਵਿਆਂ ਤੇ ਹੀ ਟਿਕਦਾ ਹੈ ਨੀਵਾਂ ਹੋ ਕੇ ਉੱਚਤਾ ਪਾਉਣੀ ਸੁੱਚ ਆਚਰਨ ਦੀ ਵਡੀ ਕੜੀ ਹੈ।
‘ਆਪਸੁ ਕਉ ਜੋ ਜਾਣੇ ਨੀਚਾ॥ ਸੋਊ ਗਨੀਐ ਸਭ ਤੇ ਊਚਾ॥’
(ਮ: ੫)
ਨਿਆਂ-ਹੱਕ:
ਪ੍ਰਭੂ ਸੱਚਾ ਨਿਆਂ ਕਰਦਾ ਹੈ, ਇਹ ਪ੍ਰਭੂ ਦਾ ਸਰੂਪ ਪ੍ਰਗਟਾਉਂਦਾ ਹੈ। ਪ੍ਰਭੂ ਦੇ ਜੀਵਾਂ ਪ੍ਰਤੀ ਨਿਆਂ, ਉਸ ਦੇ ਪ੍ਰਤੀ ਨਿਆਂ ਹੈ, ਦੂਜਿਆਂ ਦੇ ਹੱਕਾਂ ਦਾ ਸਤਿਕਾਰ ਆਪਣਾ ਲੋਭ ਤਿਆਗਣਾ ਤੇ ਹੱਕ ਵੰਡਣ ਵਿੱਚ ਹੀ ਭਲਾਈ ਹੈ।
‘ਲਬੁ ਵਿਣਾਹੇ ਮਾਣਾ ਜਿਉ ਪਾਣੀ ਬੁਰੂ॥ (ਵਾਰ ਰਾਮਕਲੀ, ਸਤਾ ਬਲਵੰਡ)
ਹੱਕ ਸਭ ਦੇ ਬਰਾਬਰ ਹਨ। ਹੱਕ ਦੱਬਣ ਜਿਹਾ ਗੁਨਾਹ ਕੋਈ ਨਹੀਂ।
‘ਹਕੁ ਪਰਾਇਆ ਨਾਨਕਾ ਉਸੁ ਸੂਅਰ ਉਸੁ ਗਾਇ॥
ਗੁਰੁ ਪੀਰੁ ਹਾਮਾ ਤਾ ਭਰੇ ਜਾ ਮੁਰਦਾਰੁ ਨਾ ਖਾਇ॥ (ਵਾਰ ਮਾਝ ਮ. ੨)
ਪਰਾਈ ਵਸਤ ਤਿਆਗਣੀ ਤੇ ਪਰਾਈ ਅਮਾਨਤ ਪਰਤਾਉਣੀ ਹੀ ਸਹੀ ਨਿਆਂ ਹੈ।
‘ਪਰ ਧਨ ਪਰ ਦਾਰਾ ਪਰਹਰੀ॥ ਤਾ ਕੈ ਨਿਕਟਿ ਬੇਸੈ ਨਰਹਰੀ॥’
ਨਿਆਂ ਕਰਕੇ ਪਰਾਈ ਵਸਤ ਪਰਤਾਉਗੇ ਤਾਂ ਮਨ ਨੂੰ ਸ਼ਾਂਤੀ ਜਰੂਰ ਮਿਲੇਗੀ।
‘ਪਰਾਈ ਅਮਾਣ ਕਿਉ ਰਖੀਐ ਦਿਤੀ ਹੀ ਸੁਖੁ ਹੋਇ॥’ (ਵਾਰ ਸਾਰੰ ਮ: ੩)
ਸੰਜਮ:
ਸਵੈ-ਕਾਬੂ ਸਵੈ ਜ਼ਬਤ, ਨੀਚ ਪ੍ਰਵਿਰਤੀ ਤੋਂ ਨਿਯਮਬਧਤਾ ਵੱਲ ਮੋੜਦਾ ਹੈ ਉਸਦੇ ਭੈ ਵਿੱਚ ਲਿਆਉਂਦਾ ਹੈ। ਹੁਕਮ ਵਿੱਚ ਚਲਦਾ ਹੈ, ਰਜ਼ਾ ਮਨਵਾਉਂਦਾ ਹੈ ਤੇ ਸੰਜਮ ਹੀ ਸੱਚ ਦ੍ਰਿੜਾਉਂਦਾ ਹੈ:
‘ਕਿਆ ਦ੍ਰਿੜਾਂ ਕਿਆ ਸੰਗ੍ਰਹਿ ਤਿਆਗੀ ਮੈ ਤਾ ਬੂਝ ਨ ਪਾਈ॥ … ….
ਸਸੁ ਸੰਜਮੁ ਕਰਣੀ ਕਿਰਤਿ ਕਮਾਵਹਿ ਸਤਿਗੁਰਿ ਬੂਝ ਬੁਝਾਈ॥’
(ਸਾਰੰਗ ਮ. ੩ ਪੰਨਾ ੧੨੩੪)
ਸੰਜਮ ਖਾਣ ਪੀਣ ਸੋਣ ਪਹਿਨਣ ਸੋਚਣ ਬੋਲਣ ਸਭ ਵਿੱਚ ਲੋੜੀਦਾ ਹੈ:
‘ਪੰਡਿਤ ਨਿਦ੍ਰਾ ਅਲਪ ਅਹਾਰੀ ਨਾਨਕ ਤਤੁ ਬੀਚਾਰੋ॥’ (ਰਾਮਕਲੀ ਮ. ੧)
ਇਸੇ ਤਰ੍ਹਾਂ ਬਹੁਤ ਬੋਲਣ ਤੋਂ ਸੰਜਮ ਵਰਤੋ:
‘ਬਹੁਤ ਬੋਲਣੁ ਝਖਣੁ ਹੋਇ॥’ (ਧਨਾਸਰੀ ਮ. ੧)
ਸਹਿਨ ਸ਼ੀਲਤਾ: ਸਹਿਨ ਸ਼ੀਲਤਾ ਹਿਰਦੇ ਦੀ ਵਿਸ਼ਾਲਤਾ ਦੀ ਵਾਚਕ ਹੈ। ਜ਼ੁਲਮ ਨੂੰ ਹਸ ਕੇ ਸਹਿੰਦੇ ਹੋਏ ਨੀਵਾਂ ਵਿਖਾਉਣ ਤੇ ਆਖਣ “ਤੇਰਾ ਕੀਆ ਮੀਠਾ ਲਾਗੇ ਨਾਮ ਪਦਾਰਥ ਨਾਨਕ ਮਾਗੇ॥” ਸਹਿਨ ਸ਼ੀਲਤਾ ਦੀ ਸਹੀ ਤਸਵੀਰ ਹੈ। ਭਗਤ ਫਰੀਦ ਜੀ ਆਖਦੇ ਹਨ।
“ਫਰੀਦਾ ਜੋ ਤੈ ਮਾਰਨਿ ਮੁਕੀਆਂ ਤਿਨਾ ਨ ਮਾਰੇ ਘੁੰਮਿ॥
ਆਪਨੜੈ ਘਰਿ ਜਾਈਐ ਪੈਰ ਤਿਨਾ ਦੇ ਚੁੰਮਿ॥ (ਪੰਨਾ ੧੩੭੮)
ਇਹ ਕਿਸੇ ਡਰ ਭਉ ਦਾ ਲਖਾਇਕ ਨਹੀਂ ਸਗੋਂ ਜਰਨ ਦਾ ਜੇਰਾ ਦੱਸਦਾ ਹੈ।
ਸਹਿਨਸ਼ੀਲ ਪੁਰਸ਼ ਨੂੰ ਵੈਰੀ ਤੇ ਬੇਗਾਨਾ ਕੋਈ ਨਹੀਂ ਸਭ ਸਮਾਨ ਹਨ।
‘ਬੈਰੀ ਮੀਤ ਹੋਏ ਸੰਮਾਨ॥ ਸਰਬ ਮਹਿ ਪੁਰਨ ਭਗਵਾਨ॥’ (ਪੰਨਾ ੧੧੪੭)
ਯਥਾਂ: ਨਾ ਕੋ ਬੈਰੀ ਨਹੀ ਬਿਗਾਨਾ ਸਗਲ ਸੰਗਿ ਹਮ ਕਉ ਬਨਿ ਆਈ॥’
(ਪੰਨਾ ੧੨੯੯)
ਨਿਲੇਪਤਾ: ਸਦੀਵੀ ਸੁਖ ਪ੍ਰਾਪਤੀ ਲਈ ਦੁਨੀਆਂ ਵਿੱਚ ਇਸ ਤਰ੍ਹਾਂ ਵੱਸਣਾ ‘ਜੈਸੇ ਜਲ ਮਹਿ ਕਮਲੁ ਅਲੇਪ। ਦੁਨਿਆਵੀ ਸੁਖਾਂ ਸੁਆਦਾਂ ਤੋਂ ਦੂਰ ਹੋ ਕੇ ਦੁਨੀਆ ਵਿੱਚ ਵਸਣਾ ਨਿਰਲੇਪਤਾ ਹੈ।
ਹੋਰ ਗੁਣ:
ਸੇਵਾ: ‘ਸਗਲ ਸਿਆਨਪ ਛਾਡਿ॥ ਕਰਿ ਸੇਵਾ ਸੇਵਕ ਸਾਜਿ॥’ (ਰਾਮਕਲੀ ਮ: ੫)
ਕਿਰਤ: ‘ਘਾਲ ਖਾਇ ਕਿਛੁ ਹਬਹੁ ਦੇਹਿ॥ (ਵਾਰ ਸਾਰੰਗ ਮ: ੧)
ਸਮਾਜਿਕ ਬਰਾਬਰੀ: ‘ਸਭੂ ਕੋ ਊਚਾ ਆਖੀਐ ਨੀਚੁ ਨ ਦੀਸੈ ਕੋਇ॥’
(ਸਰ ਰਾਗ ਮ: ੧)
ਅਭਿਮਾਨ ਰਹਿਤ: ‘ਜਾ ਰਹਣਾ ਨਾਹੀ ਐਤੁ ਜਗਿ ਤਾ ਕਾਇਉ ਗਾਰੀਬ ਹੰਢੀਐ॥
(ਵਾ: ਆ: ੧)
ਪਰਉਪਕਾਰ: ਸਚਾ ਆਂਚਾਰ ਤਾਂਹੀ ਹੈ ਜੇ ਲੋਕ ਭਲਾਈ ਲਈ ਆਪਾ ਵਾਰਿਆ ਜਾਵੋ। ਦਾਨ ਕਰਨਾ ਵੀ ਪਰਉਪਕਾਰ ਹੀ ਹੈ:
‘ਮਾਘਿ ਮਜਨੁ ਸੰਗਿ ਸਾਧੂਆ ਧੂੜੀ ਕਰਿ ਇਸਨਾਨੁ॥
ਹਰਿ ਕਾ ਨਾਮ ਧਿਆਇ ਸੁਣਿ ਸਭਨਾ ਨੋ ਕਰ ਦਾਨ॥’ (ਮਾਝ ਮ: ੫)
ਸੋ ਸਾਰੇ ਆਉਗਣ ਛਡ ਕੇ ਪਰਉਪਕਾਰ ਸੇਵਾ ਜਾਂ ਦਾਨ ਹੀ ਕਰੋ:
‘ਅਉਗਣ ਸੀਭ ਮਿਟਾਇ ਕੈ ਪਰਉਪਕਾਰੁ ਕਰੇਇ॥’ (ਗਉੜੀ ਮ. ੫)
ਸੁਚ-ਆਚਾਰ ਤੱਤਾਂ ਦੀ ਲੜੀ ਲੰਮੇਰੀ ਹੈ ਜੋ ਦੁਨੀਆਂ ਵਿੱਚ ਰਹਿੰਦੇ ਹੋਏ ਹੀ ਨਿਰਲੇਪ ਹੋ ਕੇ ਉਸ ਈਸ਼ਵਰ ਪ੍ਰਾਪਤੀ ਲਈ ਸਹਾਈ ਹੁੰਦੀ ਹੈ ਜਾਂ ਚੰਗਾ ਮਨੁੱਖ ਬਣਨ ਵਿੱਚ ਸਹਾਇਤਾ ਦਿੰਦੀ ਹੈ।
ਗੁਰਬਾਣੀ ਵਿੱਚ ਬਿਆਨੇ ਗਏ ਉਪਰੋਕਤ ਤੱਤਾਂ-ਤੱਥਾਂ ਦਾ ਅਜੋਕੇ ਸਮੇਂ ਦੇ ਜੀਵਨ ਵਿੱਚ ਕੀ ਮਹਤਵ ਹੈ ਆਉ ਇਹ ਵੀ ਸੰਖੇਪ ਵਿੱਚ ਵੇਖੀਏ। ਸਭ ਤੋਂ ਪਹਿਲਾਂ ਅਜੋਕੇ ਹਾਲਾਤ ਦਾ ਗੁਰਬਾਣੀ ਰਚਣ ਸਮੇਂ ਦੇ ਹਾਲਾਤ ਨਾਲ ਲੇਖਾ ਜੋਖਾ ਕਰਨਾ ਜ਼ਰੂਰੀ ਹੈ।
ਅਜੋਕੇ ਹਾਲਾਤ: ਅਜੋਕੇ ਹਾਲਾਤ ਵੀ ਉਸ ਸਮੇਂ ਨਾਲੋਂ ਬਹੁਤੇ ਭਿੰਨ ਨਹੀਂ। ਦੇਸ਼ ਵਿੱਚ ਹੀ ਨਹੀਂ ਵਿਸ਼ਵ ਵਿੱਚ ਹੀ ਅਸ਼ਾਤੀ ਦਾ ਮਾਹੋਲ ਹੈ। ਕਰਮ-ਕਾਂਡਾ ਦਾ ਬੋਲ-ਬਾਲਾ ਹੈ, ਦੁਨੀਆਂ ਦੇ ਰਾਜਨੀਤਕ ਵਾਤਾਵਰਨ ਵਿੱਚ ਗੰਧਲਾਪਣ ਆ ਗਿਆ ਹੈ, ਸਵਾਰਥ ਪ੍ਰਧਾਨ ਹੋ ਗਿਆ ਹੈ। ਵਿਰੋਧੀ ਵਿਚਾਰਧਾਰਾ ਸਹਿਣ-ਦੀ ਥਾਂ ਖਤਮ ਕਰਨ ਦੀ ਪਰੰਪਰਾ ਜਾਰੀ ਹੈ। ਬੇਰੁਜਗਾਰੀ ਤੇ ਭੁਖਮਰੀ ਦਾ ਬੋਲ ਬਾਲਾ ਹੈ। ਜਾਤੀ ਭਾਵਨਾ ਵਧਦੀ ਜਾ ਰਹੀ ਹੈ, ਉਪਦੇਸ਼ ਪਰਚਾਰ ਦਾ ਜ਼ੋਰ ਹੈ ਤੇ ਅਮਲਾਂ ਦੀ ਘਾਟ, ਸਦਭਾਵਨਾ ਨਾਹਰਿਆਂ ਦੀ ਹੈ ਉੱਦਮ ਦੀ ਘਾਟ ਹੈ, ਬੁਰਿਆਈਆਂ, ਠੱਗੀ, ਵੱਢੀ, ਕਾਲਾ ਬਾਜ਼ਾਰੀ, ਸਮਗਲਿੰਗ, ਵੈਰ ਵਿਰੋਧ, ਭਰਮ, ਭੈ, ਛਲ, ਕਪਟ, ਈਰਖਾ, ਵਿਭਚਾਰ, ਪਾਖੰਡ, ਸਵਾਰਥ, ਬਦਨੀਤੀ, ਅਕ੍ਰਿਤਘਣਤਾ, ਬੇਪ੍ਰਤੀਤੀ ਆਦਿ ਮਾਨਵਤਾ ਨੂੰ ਗੁੱਠੇ ਲਾਈ ਜਾਂਦੀਆਂ ਹਨ। ਉਪਰੋਕਤ ਬੁਰਿਆਈਆਂ ਉਸੇ ਤਰ੍ਹਾਂ ਹੀ ਬਲਕਿ ਉਸ ਤੋਂ ਕਿਤੇ ਤਾਕਤਵਰ ਹਨ ਜਿਸ ਸਮੇਂ ਗੁਰਬਾਣੀ ਰਚੀ ਗਈ ਸੀ। ਗੁਰਬਾਣੀ ਜੋ ਸਦਭਾਵਨਾ, ਸਹਿਨਸ਼ੀਲਤਾ, ਸਦਾਚਾਰ, ਸਾਂਝੀਵਲਾਤਾ, ਬਰਾਬਰੀ, ਮਾਨਵੀ ਏਕਤਾ ਮਜ਼ਬੀ ਆਜ਼ਾਦੀ, ਭਰਾਤਰੀ-ਬਾਵ ਆਦਿ ਅਨੇਕਾਂ ਸਦਗੁਣ ਸਿਖਾਉਂਦੀ ਹੈ ਤੇ ਬੁਰਿਆਈਆਂ ਤੋਂ ਦੂਰ ਲਿਜਾ ਕੇ ਉਸ ਸੱਚੇ ਨਾਲ ਅਭੇਦ ਹੋਣ ਦਾ ਰਾਹ ਦੱਸਦੀ ਹੈ, ਅਜੋਕੇ ਸਮੇਂ ਲਈ ਬਹੁਤ ਵੱਡਾ ਸੁਨੇਹਾ ਦਿੰਦੀ ਹੈ ਤੇ ਆਖਦੀ ਹੈ:
‘ਅਵਲਿ ਅਲਹ ਨੂਰੁ ਉਪਾਇਆ ਕੁਦਰਤਿ ਕੇ ਸਭ ਬੰਦੇ॥
ਏਕ ਨੂਰ ਤੇ ਸਭੁ ਜਗੁ ਉਪਜਿਆ, ਕਉਨ ਭਲੇ ਕੋ ਮੰਦੇ॥’ (ਪੰਨਾ ੧੩੪੯)
ਆਉ ਇਸ ਮਹਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਆਪਣਾ ਰਾਹਨੁਮਾ ਆਪਣਾ ਗੁਰੂ ਜਾਣ ਸੱਚੇ ਸੁੱਚੇ ਰਾਹ ਚੱਲਕੇ ਉਸ ਸੱਚੇ ਨੂੰ ਪਾਉਣ ਦੀ ਸੋਝੀ ਪ੍ਰਾਪਤ ਕਰੀਏ ਤੇ ਇਹ ਲੋਕ ਅਤੇ ਪ੍ਰਲੋਕ ਸਫਲਾ ਕਰੀਏ।




.