.

ਗੁਰਮਤਿ ਅਤੇ ਸਾਇੰਸ ਦੇ ਇਸ ਅਜੋਕੇ ਯੁਗ ਵਿੱਚ (ਭਾਗ-੨੫)

Gurmat and science in present scenario (Part-25)

ਸੰਜੋਗੁ ਵਿਜੋਗੁ ਦੁਇ ਕਾਰ ਚਲਾਵਹਿ ਲੇਖੇ ਆਵਹਿ ਭਾਗ

Sanjog and Vijog have been created by Akal Purkh right from the beginning of the universe

ਅਸੀਂ ਜਿਆਦਾਤਰ ਆਪਣੇ ਰੋਜ਼ਾਨਾ ਜੀਵਨ ਵਿੱਚ ਸੰਜੋਗੁ ਆਪਸ ਵਿੱਚ ਸਬੰਧ ਜਾਂ ਮਿਲਣ ਲਈ ਵਰਤਦੇ ਹਾਂ ਤੇ ਵਿਜੋਗੁ ਆਪਸ ਵਿੱਚ ਵਿਛੜਨ ਲਈ ਵਰਤਦੇ ਹਾਂ। ਪਰੰਤੂ ਗੁਰਬਾਣੀ ਵਿੱਚ ਸੰਜੋਗੁ ਤਾਂ ਜਿੰਦ ਤੇ ਸਰੀਰ ਦੇ ਮਿਲਾਪ ਲਈ ਹੈ ਤੇ ਵਿਜੋਗੁ ਜਿੰਦ ਦਾ ਸਰੀਰ ਤੋਂ ਵੱਖਰੇ ਹੋਣ ਲਈ ਹੈ। ਇਸ ਤੋਂ ਇਲਾਵਾ ਸੰਜੋਗੁ ਯਤਨ ਜਾਂ ਮਿਲਾਪ ਲਈ ਵੀ ਗੁਰਬਾਣੀ ਵਿੱਚ ਵਰਤਿਆ ਗਿਆ ਹੈ ਤੇ ਵਿਜੋਗੁ ਵਿਛੋੜੇ ਲਈ ਵੀ ਵਰਤਿਆ ਗਿਆ ਹੈ।

ਇਹ ਕੁਦਰਤ ਦੀ ਇੱਕ ਹੈਰਾਨੀ ਕਰਨ ਵਾਲੀ ਰਚਨਾ ਹੈ, ਕਿ ਕਿਸ ਤਰ੍ਹਾਂ ਇੱਕ ਛੋਟੇ ਜਿਹੇ ਬੀਜ ਤੋਂ ਬਹੁਤ ਵੱਡਾ ਦਰਖਤ ਬਣ ਜਾਂਦਾ ਹੈ ਤੇ ਉਸ ਦਰਖਤ ਨੂੰ ਫੁਲ ਤੇ ਫਲ ਲੱਗਦੇ ਹਨ, ਜਿਨ੍ਹਾਂ ਤੋਂ ਹੋਰ ਅਨੇਕਾਂ ਬੀਜ ਪੈਦਾ ਹੁੰਦੇ ਹਨ। ਇੱਕ ਦਿਨ ਉਹੀ ਦਰਖਤ ਮਰ ਸੜ ਕੇ ਡਿੱਗ ਜਾਂਦਾ ਹੈ ਤੇ ਜਮੀਨ ਵਿੱਚ ਅਲੋਪ ਹੋ ਜਾਂਦਾ ਹੈ। ਇਸੇ ਤਰ੍ਹਾਂ ਹੋਰ ਅਨੇਕਾਂ ਜੀਵ ਜੰਤੂ ਹਨ, ਜੋ ਕਿ ਅੰਡੇ ਜਾਂ ਜੇਰਜ ਨਾਲ ਪੈਦਾ ਹੁੰਦੇ ਹਨ, ਸਮਾਂ ਪੈਣ ਤੇ ਇੱਕ ਦਿਨ ਮਰ ਜਾਂਦੇ ਹਨ। ਅਸੀਂ ਕਹਿ ਸਕਦੇ ਹਾਂ ਕਿ ਹਵਾ ਨਾਲ ਬੀਜ ਦੂਰ ਦੂਰ ਤਕ ਫੈਲ ਜਾਂਦੇ ਹਨ ਤੇ ਹੋਰ ਨਵੀਆਂ ਥਾਂਵਾਂ ਤੇ ਪੇਡ ਪੌਦੇ ਉਗ ਜਾਂਦੇ ਹਨ। ਸਵਾਲ ਇਹ ਵੀ ਪੈਦਾ ਹੁੰਦਾ ਹੈ ਕਿ ਜਦੋਂ ਧਰਤੀ ਬਣੀ ਸੀ, ਉਹ ਇੱਕ ਅੱਗ ਦੇ ਗੋਲੇ ਦੀ ਤਰ੍ਹਾਂ ਸੀ, ਜੋ ਕਿ ਸਮੇਂ ਨਾਲ ਹੌਲੀ ਹੌਲੀ ਬਾਹਰੋ ਠੰਡੀ ਹੁੰਦੀ ਗਈ, ਪਾਣੀ ਇਕੱਠਾ ਹੋਇਆ, ਸਮੁੰਦਰ ਬਣਿਆ। ਪਹਿਲਾਂ ਪਹਿਲ ਪੰਜ ਤੱਤ (ਅੱਗ, ਹਵਾ, ਪਾਣੀ, ਧਰਤੀ, ਆਕਾਸ਼) ਸਮਝੇ ਜਾਂਦੇ ਸਨ, ਜੋ ਕਿ ਜੀਵਨ ਦਾ ਆਧਾਰ ਹਨ। ਸਮਾਂ ਬੀਤਦਾ ਗਿਆ ਤੇ ਪੇੜ, ਪੌਦੇ ਤੇ ਜੀਵ ਜੰਤੂ ਬਣਨੇ ਤੇ ਮਰਨੇ ਸ਼ੁਰੂ ਹੋ ਗਏ। ਅਸੀਂ ਅਕਸਰ ਵੇਖਦੇ ਹਾਂ ਕਿ ਬਾਰਸ਼ਾਂ ਦੇ ਦਿਨਾਂ ਵਿੱਚ ਜਮੀਨ ਵਿਚੋਂ ਨਵੇਂ ਨਵੇਂ ਜੀਵ ਨਿਕਲਣੇ ਸ਼ੁਰੂ ਹੋ ਜਾਂਦੇ ਹਨ। ਜਦੋਂ ਜਮੀਨ ਸੁਕ ਜਾਂਦੀ ਹੈ ਤਾਂ ਇਹ ਖਤਮ ਹੋ ਜਾਂਦੇ ਹਨ। ਸਵਾਲ ਪੈਦਾ ਹੁੰਦਾ ਹੈ ਕਿ ਇਹ ਕਿਸ ਤਰ੍ਹਾਂ ਪੈਦਾ ਹੁੰਦੇ ਹਨ ਤੇ ਕਿਸ ਤਰ੍ਹਾਂ ਮਰ ਜਾਂਦੇ ਹਨ। ਅੱਜ ਦੀ ਸਾਇੰਸ ਨਾਲ ਕੁੱਝ ਹੱਦ ਤਕ ਅਸੀਂ ਸਮਝ ਸਕਦੇ ਹਾਂ, ਕਿਉਂਕਿ ਅਸੀਂ ਅਕਸਰ ਇਹ ਹਰ ਸਾਲ ਵਾਪਰਦਾ ਵੇਖਦੇ ਹਾਂ। ਪਰੰਤੂ ਸਵਾਲ ਪੈਦਾ ਹੁੰਦਾ ਹੈ ਕਿ ਪਹਿਲੀ ਵਾਰ ਮਨੁੱਖ ਕਿਸ ਤਰ੍ਹਾਂ ਪੈਦਾ ਹੋਇਆ, ਹੋਰ ਜਾਨਵਰ ਕਿਸ ਤਰ੍ਹਾਂ ਪੈਦਾ ਹੋਏ ਸਨ। ਕਈ ਵੱਡੇ ਵੱਡੇ ਡਾਇਨਾਸੌਰ ਵਰਗਿਆ ਦੇ ਧਰਤੀ ਤੇ ਪੈਦਾ ਹੋਣ ਬਾਰੇ ਤੇ ਅੱਜ ਦੇ ਸਮੇਂ ਵਿੱਚ ਅਲੋਪ ਹੋਣ ਬਾਰੇ ਸੁਣਦੇ ਹਾਂ। ਸਾਇੰਸ ਅੰਦਾਜੇ ਲਗਾ ਸਕਦੀ ਹੈ, ਪਰੰਤੂ ਕੋਈ ਠੋਸ ਉੱਤਰ ਨਹੀਂ ਦੇ ਸਕਦੀ ਹੈ, ਕਿ ਇਹ ਸਭ ਕੁੱਝ ਕਿਸ ਤਰ੍ਹਾਂ ਆਰੰਭ ਹੋਇਆ ਤੇ ਹੁਣ ਕਿਸ ਤਰ੍ਹਾਂ ਸਦੀਆਂ ਤੋਂ ਚਲਿਆ ਆ ਰਿਹਾ ਹੈ।

ਅਨੇਕਾਂ ਹੀ ਜੁਗ ਘੁੱਪ ਹਨੇਰੇ ਵਿੱਚ ਲੰਘ ਗਏ, ਭਾਵ, ਸ੍ਰਿਸ਼ਟੀ-ਰਚਨਾ ਤੋਂ ਪਹਿਲਾਂ ਬੇਅੰਤ ਸਮਾਂ ਅਜੇਹੀ ਹਾਲਤ ਸੀ, ਜਿਸ ਬਾਰੇ ਅਸੀਂ ਕੁੱਝ ਵੀ ਨਹੀਂ ਸਮਝ ਸਕਦੇ, ਉਸ ਵੇਲੇ ਅਪਰ ਅਪਾਰ ਅਕਾਲ ਪੁਰਖ ਨੇ ਆਪਣੇ ਆਪ ਵਿੱਚ ਸਮਾਧੀ ਲਾਈ ਹੋਈ ਸੀ। ਉਸ ਘੁੱਪ ਹਨੇਰੇ ਵਿੱਚ ਅਕਾਲ ਪੁਰਖ ਆਪ ਹੀ ਨਿਰਲੇਪ ਬੈਠਾ ਹੋਇਆ ਸੀ, ਉਸ ਸਮੇਂ ਨਾ ਜਗਤ ਦਾ ਖਿਲਾਰਾ ਸੀ ਤੇ ਨਾ ਮਾਇਆ ਵਾਲੀ ਦੌੜ-ਭੱਜ ਸੀ। ਘੁੱਪ ਹਨੇਰੇ ਦੇ ਛੱਤੀ ਜੁਗ (ਅਣਗਿਣਤ ਸਮਾਂ) ਉਸ ਅਕਾਲ ਪੁਰਖ ਨੇ ਹੀ ਵਰਤਾਈ ਰੱਖੇ, ਜਿਵੇਂ ਉਸ ਨੂੰ ਚੰਗਾ ਲੱਗਾ ਉਸੇ ਤਰ੍ਹਾਂ ਉਹ ਘੁੱਪ ਹਨੇਰੇ ਵਾਲੀ ਕਾਰ ਚਲਾਉਂਦਾ ਰਿਹਾ। ਉਹ ਅਕਾਲ ਪੁਰਖ ਆਪ ਹੀ ਆਪ ਹੈ, ਉਸ ਤੋਂ ਪਰੇ ਹੋਰ ਕੋਈ ਹਸਤੀ ਨਹੀਂ, ਕੋਈ ਵੀ ਉਸ ਦਾ ਉਰਲਾ ਜਾਂ ਪਰਲਾ ਬੰਨਾ ਨਹੀਂ ਲੱਭ ਸਕਦਾ, ਕੋਈ ਵੀ ਉਸ ਦੇ ਬਰਾਬਰ ਦਾ ਨਹੀਂ ਦਿਸਦਾ। ਹੁਣ ਜਦੋਂ ਉਸ ਨੇ ਜਗਤ-ਰਚਨਾ ਰਚ ਲਈ ਹੈ, ਤਾਂ ਵੀ, ਉਸੇ ਨੂੰ ਚੌਹਾਂ ਜੁਗਾਂ ਵਿੱਚ ਜਗਤ ਦੇ ਅੰਦਰ ਗੁਪਤ ਰੂਪ ਵਿੱਚ ਵਿਆਪਕ ਜਾਣੋ। ਉਹ ਹਰੇਕ ਸਰੀਰ ਦੇ ਅੰਦਰ, ਹਰੇਕ ਦੇ ਹਿਰਦੇ ਵਿੱਚ ਮੌਜੂਦ ਹੈ। ਉਹ ਇਕੱਲਾ ਆਪ ਹੀ ਹਰੇਕ ਜੁਗ ਵਿੱਚ ਸਾਰੀ ਸ੍ਰਿਸ਼ਟੀ ਦੇ ਅੰਦਰ ਰਮਿਆ ਹੋਇਆ ਹੈ। ਇਸ ਭੇਤ ਨੂੰ ਕੋਈ ਵਿਰਲਾ ਬੰਦਾ ਹੀ ਸਮਝਦਾ ਹੈ, ਜੋ ਕਿ ਗੁਰੂ ਦੀ ਬਾਣੀ ਦੀ ਵਿਚਾਰ ਕਰਦਾ ਹੈ। ਅਕਾਲ ਪੁਰਖ ਦੇ ਹੁਕਮੁ ਵਿੱਚ ਹੀ ਪਿਤਾ ਦੇ ਵੀਰਜ ਦੀ ਬੂੰਦ ਤੇ ਮਾਂ ਦੇ ਪੇਟ ਦੇ ਲਹੂ ਨੇ ਮਿਲ ਕੇ ਮਨੁੱਖਾ ਸਰੀਰ ਬਣਾ ਦਿੱਤਾ। ਹਵਾ ਪਾਣੀ ਅੱਗ ਆਦਿਕ ਤੱਤਾਂ ਨੇ ਮਿਲ ਕੇ ਜੀਵ ਰਚ ਦਿੱਤੇ। ਹਰੇਕ ਸਰੀਰ ਵਿੱਚ ਬੈਠਾ ਅਕਾਲ ਪੁਰਖ ਆਪ ਹੀ ਸਭ ਚੋਜ ਤਮਾਸ਼ੇ ਕਰ ਰਿਹਾ ਹੈ, ਉਸ ਨੇ ਆਪ ਹੀ ਮਾਇਆ ਦੇ ਮੋਹ ਦਾ ਖਿਲਾਰਾ ਖਿਲਾਰਿਆ ਹੈ।

ਬਿੰਦੁ ਰਕਤੁ ਮਿਲਿ ਪਿੰਡੁ ਸਰੀਆ ॥ ਪਉਣੁ ਪਾਣੀ ਅਗਨੀ ਮਿਲਿ ਜੀਆ ॥ ਆਪੇ ਚੋਜ ਕਰੇ ਰੰਗ ਮਹਲੀ ਹੋਰ ਮਾਇਆ ਮੋਹ ਪਸਾਰਾ ਹੇ ॥੪॥ (੧੦੨੬)

ਜਿੰਦ ਤੇ ਸਰੀਰ ਦਾ ਮਿਲਾਪ ਅਤੇ ਵਿਛੋੜਾ ਅਕਾਲ ਪੁਰਖੁ ਦੇ ਹੁਕਮੁ ਤੇ ਉਸ ਦੀ ਰਜ਼ਾ ਅਨੁਸਾਰ ਹੀ ਹੁੰਦਾ ਹੈ। ਅਕਾਲ ਪੁਰਖੁ ਦੇ ਹੁਕਮੁ ਅੰਦਰ ਪੰਜ ਤੱਤ ਇਕੱਠੇ ਕਰ ਕੇ ਸਰੀਰ ਬਣਾਇਆ ਜਾਂਦਾ ਹੈ। ਅਕਾਲ ਪੁਰਖੁ ਦੇ ਹੁਕਮ ਅਨੁਸਾਰ ਹੀ ਜੀਵ ਆਤਮਾ ਸਰੀਰ ਵਿੱਚ ਪਾਈ ਜਾਂਦੀ ਹੈ ਤੇ ਸਰੀਰ ਅੰਦਰ ਨਿਵਾਸ ਕਰਦੀ ਹੈ। ਜੀਵ ਮਾਂ ਦੇ ਪੇਟ ਵਿੱਚ ਉਲਟੇ ਮੂੰਹ ਲਟਕਿਆ ਰਹਿੰਦਾ ਹੈ, ਜਿੱਥੇ ਭਿਆਨਕ ਹਨੇਰਾ ਹੈ ਤੇ ਪੇਟ ਦੀ ਅੱਗ ਭਖਦੀ ਹੈ। ਮਾਂ ਦੇ ਪੇਟ ਅੰਦਰ ਜੀਵ ਆਪਣੇ ਹਰੇਕ ਸਾਹ ਦੇ ਨਾਲ ਅਕਾਲ ਪੁਰਖੁ ਨੂੰ ਯਾਦ ਕਰਦਾ ਰਹਿੰਦਾ ਹੈ ਤੇ ਅਕਾਲ ਪੁਰਖੁ ਦੇ ਹੁਕਮੁ ਤੇ ਉਸ ਦੀ ਰਜ਼ਾ ਅਨੁਸਾਰ ਰਹਿੰਦਾ ਹੈ, ਉਸ ਥਾਂ ਤੇ ਅਕਾਲ ਪੁਰਖੁ ਨੇ ਹੀ ਜੀਵ ਨੂੰ ਬਚਾਇਆ ਹੁੰਦਾ ਹੈ। ਜਦੋਂ ਜੀਵ ਮਾਂ ਦੇ ਪੇਟ ਵਿਚੋਂ ਬਾਹਰ ਨਿਕਲ ਆਉਂਦਾ ਹੈ, ਤਾਂ ਅਕਾਲ ਪੁਰਖੁ ਨੂੰ ਭੁਲਾ ਕੇ ਦੁਨੀਆ ਦੇ ਪਦਾਰਥਾਂ ਵਿੱਚ ਆਪਣਾ ਚਿੱਤ ਜੋੜ ਲੈਂਦਾ ਹੈ। ਅਕਾਲ ਪੁਰਖੁ ਨੂੰ ਵਿਸਾਰਨ ਕਰਕੇ ਜੀਵ ਜੰਮਣ ਮਰਨ ਦੇ ਗੇੜ ਵਿੱਚ ਪਿਆ ਰਹਿੰਦਾ ਹੈ, ਜੂਨਾਂ ਵਿੱਚ ਪਾਇਆ ਜਾਂਦਾ ਹੈ, ਤੇ ਕਿਸੇ ਇੱਕ ਥਾਂ ਇਸ ਨੂੰ ਟਿਕਾਣਾ ਨਹੀਂ ਮਿਲਦਾ। ਸਾਰੇ ਜੀਵ ਉਸ ਅਕਾਲ ਪੁਰਖੁ ਦੇ ਹੀ ਪੈਦਾ ਕੀਤੇ ਹੋਏ ਹਨ, ਉਸ ਮਿਹਰਵਾਨ ਅਕਾਲ ਪੁਰਖੁ ਨੇ ਆਪ ਹੀ ਕਈ ਜੀਵ ਜਨਮ ਮਰਨ ਦੇ ਗੇੜ ਤੋਂ ਬਚਾਏ ਹਨ। ਇਸ ਜਗਤ ਵਿੱਚ ਆਇਆ ਹੋਇਆ ਜਿਹੜਾ ਜੀਵ, ਅਕਾਲ ਪੁਰਖੁ ਦੇ ਨਾਮ ਦੁਆਰਾ ਇਸ ਕੀਮਤੀ ਜਨਮ ਦੀ ਬਾਜੀ ਨੂੰ ਇਥੋਂ ਜਿੱਤ ਕੇ ਜਾਂਦਾ ਹੈ, ਉਹ ਅਕਾਲ ਪੁਰਖੁ ਦੀ ਹਜ਼ੂਰੀ ਵਿੱਚ ਕਬੂਲ ਹੋ ਜਾਂਦਾ ਹੈ।

ਸੰਜੋਗੁ ਵਿਜੋਗੁ ਧੁਰਹੁ ਹੀ ਹੂਆ ॥ ਪੰਚ ਧਾਤੁ ਕਰਿ ਪੁਤਲਾ ਕੀਆ ॥ ਸਾਹੈ ਕੈ ਫੁਰਮਾਇਅੜੈ ਜੀ ਦੇਹੀ ਵਿਚਿ ਜੀਉ ਆਇ ਪਇਆ ॥੧॥ (੧੦੦੭, ੧੦੦੮)

ਮਨੁੱਖ ਦਾ ਜੰਮ ਕੇ ਪਰਵਾਰ ਨਾਲ ਮਿਲਣਾ ਤੇ ਮਰਨ ਤੋਂ ਬਾਅਦ ਪਰਵਾਰ ਨਾਲੋਂ ਵਿਛੁੜਨਾ, ਇਹ ਖੇਡ ਅਕਾਲ ਪੁਰਖੁ ਨੇ ਆਪ ਬਣਾਈ ਹੋਈ ਹੈ। ਅਕਾਲ ਪੁਰਖੁ ਨੇ ਜਗਤ ਦੇ ਜੀਵ ਪੈਦਾ ਕੀਤੇ ਹਨ ਤੇ ਉਨ੍ਹਾਂ ਨੂੰ ਦੁੱਖ ਸੁਖ ਵੀ ਉਸ ਨੇ ਆਪ ਹੀ ਦਿੱਤੇ ਹਨ। ਜੇਹੜੇ ਗੁਰਮੁਖਿ ਬੰਦੇ ਗੁਰੂ ਦੀ ਸਰਨ ਵਿੱਚ ਆ ਕੇ ਮਿੱਠੇ ਸੁਭਾਵ ਵਾਲੇ ਰਹਿੰਦੇ ਹਨ, ਤੇ ਆਪਣੇ ਆਪ ਨੂੰ ਵਿਕਾਰਾਂ ਤੋਂ ਬਚਾਣ ਲਈ ਗੁਰਬਾਣੀ ਦਾ ਸੰਜੋਆ (ਜੰਗ ਵਿੱਚ ਸਰੀਰਕ ਨੂੰ ਵਾਰ ਤੋਂ ਬਚਾਉਣ ਲਈ ਪਹਿਨੇ ਜਾਣ ਵਾਲੇ ਲੋਹੇ ਦੀ ਜਾਲੀ ਦਾ ਕੱਪੜਾ) ਪਹਿਨਦੇ ਹਨ, ਉਹ ਦੁੱਖ ਸੁਖ ਤੋਂ ਨਿਰਲੇਪ ਰਹਿੰਦੇ ਹਨ।

ਸੰਜੋਗੁ ਵਿਜੋਗੁ ਮੇਰੈ ਪ੍ਰਭਿ ਕੀਏ ॥ ਸ੍ਰਿਸਟਿ ਉਪਾਇ ਦੁਖਾ ਸੁਖ ਦੀਏ ॥ ਦੁਖ ਸੁਖ ਹੀ ਤੇ ਭਏ ਨਿਰਾਲੇ ਗੁਰਮੁਖਿ ਸੀਲੁ ਸਨਾਹਾ ਹੇ ॥੮॥ (੧੦੩੨)

ਗੁਰੂ ਸਾਹਿਬ ਜੋਗੀਆਂ ਨੂੰ ਸਮਝਾਂਉਂਦੇ ਹਨ, ਕਿ ਜੇ ਅਕਾਲ ਪੁਰਖ ਦੀ ਸਰਬ ਵਿਆਪਕਤਾ ਦਾ ਗਿਆਨ ਤੇਰੇ ਲਈ ਭੰਡਾਰਾ ਹੋਵੇ। ਦਇਆ ਇਸ ਗਿਆਨ ਰੂਪੀ ਭੰਡਾਰੇ ਦੀ ਵਰਤਾਈ ਹੋਵੇ। ਹਰੇਕ ਜੀਵ ਦੇ ਅੰਦਰ ਜਿਹੜੀ ਜੀਵਨ ਦੀ ਰੌ ਚੱਲ ਰਹੀ ਹੈ, ਭੰਡਾਰਾ ਛਕਣ ਵੇਲੇ ਜੇ ਤੇਰੇ ਅੰਦਰ ਅਜੇਹੀ ਨਾਦੀ ਵੱਜ ਰਹੀ ਹੋਵੇ। ਤੇਰਾ ਨਾਥ ਆਪ ਅਕਾਲ ਪੁਰਖ ਹੋਵੇ, ਜਿਸ ਦੇ ਹੁਕਮੁ ਵਿੱਚ ਸਾਰੀ ਸ੍ਰਿਸ਼ਟੀ ਚਲ ਰਹੀ ਹੈ, ਅਜੇਹਾ ਕਰਨ ਨਾਲ ਤੇਰੇ ਅੰਦਰੋਂ ਕੂੜ ਦੀ ਪਾਲ ਟੁੱਟ ਸਕਦੀ ਹੈ, ਤੇ ਅਕਾਲ ਪੁਰਖੁ ਨਾਲੋਂ ਤੇਰੀ ਦੂਰੀ ਮਿਟ ਸਕਦੀ ਹੈ। ਜੋਗ ਸਾਧਨਾਂ ਰਾਹੀਂ ਪ੍ਰਾਪਤ ਹੋਈਆਂ ਰਿੱਧੀਆਂ ਸਿੱਧੀਆਂ ਵਿਅਰਥ ਹਨ, ਅਜੇਹੀਆਂ ਰਿੱਧੀਆਂ ਸਿੱਧੀਆਂ ਤਾਂ ਕਿਸੇ ਹੋਰ ਪਾਸੇ ਖੜਨ ਵਾਲੇ ਸੁਆਦ ਹਨ। ਅਕਾਲ ਪੁਰਖ ਦਾ “ਸੰਜੋਗ” ਦਾ ਹੁਕਮੁ ਤੇ “ਵਿਜੋਗ” ਦਾ ਹੁਕਮੁ, ਇਹ ਦੋਵੇਂ ਮਿਲ ਕੇ ਇਸ ਸੰਸਾਰ ਦੀ ਕਾਰ ਨੂੰ ਚਲਾ ਰਹੇ ਹਨ। ਪਿਛਲੇ ਸੰਜੋਗਾਂ ਕਰ ਕੇ ਪਰਿਵਾਰ ਦੇ ਜੀਵ ਇੱਥੇ ਆ ਕੇ ਇਕੱਠੇ ਹੁੰਦੇ ਹਨ ਤੇ ਉਸ ਦੀ ਰਜ਼ਾ ਵਿੱਚ ਫਿਰ ਵਿਛੜ ਕੇ ਆਪੋ ਆਪਣੀ ਵਾਰੀ ਅਨੁਸਾਰ ਇੱਥੋਂ ਚਲੇ ਜਾਂਦੇ ਹਨ। ਸਭ ਜੀਵਾਂ ਦੇ ਕੀਤੇ ਹੋਏ ਕਰਮਾਂ ਅਨੁਸਾਰ ਲੇਖੇ ਲਿਖੇ ਜਾਂਦੇ ਹਨ, ਤੇ ਉਸ ਅਨੁਸਾਰ ਉਨ੍ਹਾਂ ਨੂੰ ਸੁਖ ਦੁਖ ਮਿਲਦੇ ਰਹਿੰਦੇ ਹਨ। ਜੇਕਰ ਮਨੁੱਖ ਦਾ ਅਕਾਲ ਪੁਰਖ ਤੇ ਯਕੀਨ ਬਣ ਜਾਏ ਤਾਂ ਉਸ ਦੇ ਅੰਦਰੋਂ ਕੂੜ ਦੀ ਪਾਲ ਟੁੱਟ ਸਕਦੀ ਹੈ।

ਸੰਜੋਗੁ ਵਿਜੋਗੁ ਦੁਇ ਕਾਰ ਚਲਾਵਹਿ ਲੇਖੇ ਆਵਹਿ ਭਾਗ ॥ (੬, ੭)

ਅਕਾਲ ਪੁਰਖੁ ਨੇ ਜੀਵ ਜੰਤੂਆਂ ਲਈ ਸੰਜੋਗ ਤੇ ਵਿਜੋਗ ਰੂਪੀ ਨਿਯਮ ਬਣਾਇਆ ਤੇ ਜਗਤ ਦੀ ਰਚਨਾ ਦਾ ਮੁੱਢ ਬੰਨਿਆ ਹੈ। ਅਕਾਲ ਪੁਰਖੁ ਨੇ ਆਪਣੇ ਹੁਕਮ ਵਿੱਚ ਸ੍ਰਿਸ਼ਟੀ ਸਾਜੀ ਤੇ ਜੀਵਾਂ ਦੀ ਆਤਮਾ ਵਿੱਚ ਆਪਣੀ ਜੋਤਿ ਰਲਾਈ। ਸਤਿਗੁਰੂ ਦੇ ਸਬਦ ਰਾਹੀਂ ਇਹ ਬਚਨ ਸੁਣਾਇਆ ਹੈ, ਕਿ ਇਹ ਸਾਰਾ ਪ੍ਰਕਾਸ਼ ਅਕਾਲ ਪੁਰਖੁ ਦੀ ਜੋਤਿ ਤੋਂ ਹੀ ਬਣਿਆ ਹੈ। ਬ੍ਰਹਮਾ, ਵਿਸ਼ਨੂ ਤੇ ਸ਼ਿਵ ਪੈਦਾ ਕਰ ਕੇ ਉਨ੍ਹਾਂ ਨੂੰ ਤਿੰਨਾਂ ਗੁਣਾਂ ਦੇ ਧੰਧੇ ਵਿੱਚ ਪਾ ਦਿੱਤਾ। ਅਕਾਲ ਪੁਰਖੁ ਨੇ ਸੰਜੋਗ ਵਿਜੋਗ ਰੂਪੀ ਮਾਇਆ ਦਾ ਮੁੱਢ ਰਚ ਦਿੱਤਾ, ਤੇ ਇਸ ਮਾਇਆ ਵਿੱਚ ਰਹਿ ਕੇ ਸੁਖ ਉਸ ਮਨੁੱਖ ਨੇ ਹੀ ਲੱਭਿਆ, ਜੋ ਗੁਰਮੁਖ ਦੀ ਅਵਸਥਾ ਤਕ ਪਹੁੰਚ ਸਕਿਆ।

ਪਉੜੀ ॥ ਸੰਜੋਗੁ ਵਿਜੋਗੁ ਉਪਾਇਓਨੁ ਸ੍ਰਿਸਟੀ ਕਾ ਮੂਲੁ ਰਚਾਇਆ ॥ ਹੁਕਮੀ ਸ੍ਰਿਸਟਿ ਸਾਜੀਅਨੁ ਜੋਤੀ ਜੋਤਿ ਮਿਲਾਇਆ ॥ ਜੋਤੀ ਹੂੰ ਸਭੁ ਚਾਨਣਾ ਸਤਿਗੁਰਿ ਸਬਦੁ ਸੁਣਾਇਆ ॥ ਬ੍ਰਹਮਾ ਬਿਸਨੁ ਮਹੇਸੁ ਤ੍ਰੈ ਗੁਣ ਸਿਰਿ ਧੰਧੈ ਲਾਇਆ ॥ ਮਾਇਆ ਕਾ ਮੂਲੁ ਰਚਾਇਓਨੁ ਤੁਰੀਆ ਸੁਖੁ ਪਾਇਆ ॥੨॥ (੫੦੯)

ਵਿਕਾਰਾਂ ਤੋਂ ਬਚਣ ਦਾ ਪੱਕਾ ਪ੍ਰਬੰਧ ਗੁਰੂ ਦੇ ਦਰ ਤੇ ਪ੍ਰਾਪਤ ਹੁੰਦਾ ਹੈ, ਜਿਹੜਾ ਮਨੁੱਖ ਗੁਰੂ ਦੇ ਸਨਮੁਖ ਰਹਿੰਦਾ ਹੈ, ਉਹ ਗੁਰੂ ਦੇ ਸ਼ਬਦ ਦੁਆਰਾ ਆਪਣੇ ਅੰਦਰੋਂ ਹਉਮੈ ਤੇ ਕ੍ਰੋਧ ਦੂਰ ਕਰ ਲੈਂਦਾ ਹੈ। ਗੁਰੂ ਦੀ ਸਰਨ ਪਿਆਂ ਸਦਾ ਆਤਮਕ ਆਨੰਦ ਮਾਣਦਾ ਰਹਿੰਦਾ ਹੈ। ਚੰਗਾ ਆਚਰਨ, ਸੰਤੋਖ ਆਦਿ ਸਭ ਕੁੱਝ ਗੁਰੂ ਦੇ ਦਰ ਤੇ ਹੀ ਹਨ। ਸੰਸਾਰ ਵਿੱਚ ਖਚਿਤ ਰਿਹਾਂ ਮਨੁੱਖ ਦੇ ਅੰਦਰ ਹਉਮੈ ਪੈਦਾ ਹੋ ਜਾਂਦੀ ਹੈ, ਮਾਇਆ ਦਾ ਮੋਹ ਪੈਦਾ ਹੋ ਜਾਂਦਾ ਹੈ, ਤੇ ਇਨ੍ਹਾਂ ਦੇ ਕਾਰਨ ਅਕਾਲ ਪੁਰਖੁ ਦਾ ਨਾਮੁ ਭੁਲਾ ਕੇ ਸਾਰਾ ਜਗਤ ਆਤਮਕ ਮੌਤ ਸਹੇੜ ਲੈਂਦਾ ਹੈ। ਗੁਰੂ ਦੀ ਸਰਨ ਪੈਣ ਤੋਂ ਬਿਨਾ ਅਕਾਲ ਪੁਰਖੁ ਦਾ ਨਾਮੁ ਨਹੀਂ ਮਿਲਦਾ। ਅਕਾਲ ਪੁਰਖੁ ਦਾ ਨਾਮੁ ਹੀ ਜਗਤ ਵਿੱਚ ਸਦਾ ਕਾਇਮ ਰਹਿਣ ਵਾਲੀ ਕਮਾਈ ਹੈ। ਗੁਰੂ ਦੇ ਸ਼ਬਦ ਦੁਆਰਾ ਜਿਸ ਮਨੁੱਖ ਨੂੰ ਅਕਾਲ ਪੁਰਖੁ ਦਾ ਅਟੱਲ ਹੁਕਮ ਮਿੱਠਾ ਲੱਗਣ ਲੱਗ ਪੈਂਦਾ ਹੈ, ਉਸ ਦੇ ਅੰਦਰ ਆਤਮਕ ਆਨੰਦ ਬਣਿਆ ਰਹਿੰਦਾ ਹੈ। ਗੁਰੂ ਦੇ ਸ਼ਬਦ ਤੋਂ ਬਿਨਾ ਮਨੁੱਖਾ ਜਨਮ ਦਾ ਮਨੋਰਥ ਪੂਰਾ ਨਹੀਂ ਹੁੰਦਾ ਤੇ ਜੀਵਨ ਅਸਫਲ ਰਹਿ ਜਾਂਦਾ ਹੈ। ਅਕਾਲ ਪੁਰਖੁ ਦੇ ਨਾਮੁ ਤੋਂ ਖੁੰਝਿਆਂ ਮਨੁੱਖ ਘੜੀ ਵਿੱਚ ਹੱਸ ਪੈਂਦਾ ਹੈ, ਘੜੀ ਵਿੱਚ ਰੋ ਪੈਂਦਾ ਹੈ ਤੇ ਹਰਖ ਸੋਗ ਦੇ ਚੱਕਰ ਵਿੱਚ ਫਸਿਆ ਰਹਿੰਦਾ ਹੈ। ਮਾਇਆ ਦੇ ਮੋਹ ਵਿੱਚ ਫਸਾ ਕੇ ਰੱਖਣ ਵਾਲੀ ਖੋਟੀ ਮਤਿ ਕਰਕੇ ਮਨੁੱਖ ਦੇ ਜੀਵਨ ਦਾ ਮਨੋਰਥ ਸਫਲ ਨਹੀਂ ਹੁੰਦਾ। ਅਕਾਲ ਪੁਰਖੁ ਦੇ ਨਾਮੁ ਵਿੱਚ ਜੁੜਨਾ ਤੇ ਅਕਾਲ ਪੁਰਖੁ ਦੇ ਨਾਮੁ ਤੋਂ ਵਿਛੁੜਨਾ, ਪਿਛਲੇ ਕੀਤੇ ਕਰਮਾਂ ਅਨੁਸਾਰ ਕਰਤਾਰ ਆਪ ਜੀਵਾਂ ਦੇ ਮੱਥੇ ਉਤੇ ਲਿਖਦਾ ਹੈ, ਇਹ ਪੂਰਬਲੇ ਕਰਮ ਤੇ ਕੀਤੀ ਹੋਈ ਕਮਾਈ ਜੀਵ ਪਾਸੋਂ ਮਿਟਾਈ ਨਹੀਂ ਜਾ ਸਕਦੀ।

ਖਿਨ ਮਹਿ ਹਸੈ ਖਿਨ ਮਹਿ ਰੋਵੈ ॥ ਦੂਜੀ ਦੁਰਮਤਿ ਕਾਰਜੁ ਨ ਹੋਵੈ ॥ ਸੰਜੋਗੁ ਵਿਜੋਗੁ ਕਰਤੈ ਲਿਖਿ ਪਾਏ ਕਿਰਤੁ ਨ ਚਲੈ ਚਲਾਹਾ ਹੇ ॥੮॥ (੧੦੫੮)

ਜਗਤ ਵਿੱਚ ਹਰ ਥਾਂ ਮਾਇਆ ਦਾ ਮੋਹ ਪ੍ਰਬਲ ਹੈ, ਤੇ ਹਉਮੈ ਦਾ ਖਿਲਾਰਾ ਖਿਲਰਿਆ ਹੋਇਆ ਹੈ। ਜਗਤ ਹਰ ਵੇਲੇ ਦਿਨ ਰਾਤ ਤ੍ਰਿਸ਼ਨਾ ਦੀ ਅੱਗ ਵਿੱਚ ਸੜਦਾ ਰਹਿੰਦਾ ਹੈ ਤੇ ਗੁਰੂ ਦੀ ਸਰਨ ਵਿੱਚ ਆਂਣ ਤੋਂ ਬਿਨਾ ਸ਼ਾਂਤੀ ਪ੍ਰਾਪਤ ਨਹੀਂ ਹੁੰਦੀ। ਅਕਾਲ ਪੁਰਖੁ ਆਪ ਜੀਵਾਂ ਨੂੰ ਜੋੜ ਕੇ ਇਥੇ ਪਰਵਾਰਾਂ ਵਿੱਚ ਇਕੱਠੇ ਕਰਦਾ ਹੈ ਤੇ ਆਪ ਹੀ ਇਨ੍ਹਾਂ ਨੂੰ ਆਪਣਿਆ ਨਾਲੋਂ ਵਿਛੋੜ ਦੇਂਦਾ ਹੈ। ਅਕਾਲ ਪੁਰਖੁ ਆਪ ਹੀ ਜੀਵਾਂ ਨੂੰ ਪੈਦਾ ਕਰਦਾ ਹੈ ਤੇ ਆਪ ਹੀ ਨਾਸ ਕਰਦਾ ਹੈ। ਅਕਾਲ ਪੁਰਖੁ ਦਾ ਹੁਕਮ ਸਦਾ ਲਈ ਅਟੱਲ ਹੈ, ਤੇ ਉਸ ਦੇ ਹੁਕਮ ਵਿੱਚ ਪੈਦਾ ਹੋਇਆ ਇਹ ਜਗਤ ਦਾ ਪਸਾਰਾ ਵੀ ਸਦਾ ਕਾਇਮ ਰਹਿੰਣ ਵਾਲਾ ਹੈ। ਅਕਾਲ ਪੁਰਖੁ ਤੋਂ ਇਲਾਵਾ ਕੋਈ ਹੋਰ ਅਜੇਹਾ ਨਹੀਂ ਹੈ, ਜਿਸ ਦਾ ਹੁਕਮ ਚਲ ਸਕਦਾ ਹੋਵੇ।

ਆਪੇ ਜੋੜਿ ਵਿਛੋੜੇ ਆਪੇ ॥ ਆਪੇ ਥਾਪਿ ਉਥਾਪੇ ਆਪੇ ॥ ਸਚਾ ਹੁਕਮੁ ਸਚਾ ਪਾਸਾਰਾ ਹੋਰਨਿ ਹੁਕਮੁ ਨ ਹੋਈ ਹੇ ॥੪॥ (੧੦੪੫)

ਆਤਮਾ ਤੇ ਸਰੀਰ ਇਕੱਠੇ ਹੋ ਕੇ ਵਿੱਛੁੜ ਜਾਂਦੇ ਹਨ, ਤੇ ਵਿੱਛੁੜ ਕੇ ਫਿਰ ਮਿਲ ਜਾਂਦੇ ਹਨ, ਭਾਵ, ਜੀਵ ਜੰਮਦੇ ਹਨ ਤੇ ਫਿਰ ਮਰਦੇ ਰਹਿੰਦੇ ਹਨ। ਇਹ ਜੰਮਣ ਮਰਨ ਦਾ ਸਿਲਸਿਲਾ ਇਤਨਾ ਲੰਮਾ ਹੁੰਦਾ ਹੈ ਕਿ ਜੀਵ ਇਸ ਗੇੜ ਵਿੱਚ ਕਈਆਂ ਦੇ ਪਿਉ ਤੇ ਕਈਆਂ ਦੇ ਪੁੱਤਰ ਬਣਦੇ ਹਨ, ਕਈ ਵਾਰੀ ਗੁਰੂ ਤੇ ਚੇਲੇ ਬਣਦੇ ਹਨ। ਇਹ ਲੇਖਾ ਗਿਣਿਆ ਨਹੀਂ ਜਾ ਸਕਦਾ, ਕਿ ਜੋ ਕੁੱਝ ਅਸੀਂ ਹੁਣ ਇਸ ਵੇਲੇ ਹਾਂ, ਇਸ ਤੋਂ ਪਹਿਲਾਂ ਸਾਡਾ ਕੀ ਜਨਮ ਸੀ, ਤੇ ਅੱਗੇ ਕੀ ਹੋਵੇਗਾ। ਪਰ ਇਹ ਸਾਰੇ ਜਗਤ ਦੀ ਰਚਨਾ ਦਾ ਰੂਪ ਤੇ ਜੋ ਲੇਖਾ ਲਿਖਿਆ ਜਾ ਰਿਹਾ ਹੈ, ਇਹ ਜੀਵਾਂ ਦੇ ਕੀਤੇ ਕਰਮਾਂ ਅਨੁਸਾਰ ਲਿਖਿਆ ਜਾਂਦਾ ਹੈ। ਅਕਾਲ ਪੁਰਖੁ ਆਪਣੇ ਹੁਕਮੁ ਤੇ ਰਜਾ ਅਨੁਸਾਰ ਇਹ ਖੇਡ ਖੇਡੀ ਜਾ ਰਿਹਾ ਹੈ। ਮਨਮੁਖ ਇਸ ਜਨਮ ਮਰਨ ਦੇ ਗੇੜ ਵਿੱਚ ਪਿਆ ਰਹਿੰਦਾ ਹੈ ਤੇ ਗੁਰਮੁਖਿ ਇਸ ਵਿਚੋਂ ਪਾਰ ਲੰਘ ਜਾਂਦਾ ਹੈ, ਕਿਉਂਕਿ, ਅਕਾਲ ਪੁਰਖੁ ਗੁਰਮੁਖਿ ਉੱਪਰ ਆਪਣੀ ਮਿਹਰ ਦੀ ਨਜ਼ਰ ਕਰਦਾ ਹੈ।

ਮਹਲਾ ੧ ॥ ਜੁੜਿ ਜੁੜਿ ਵਿਛੁੜੇ ਵਿਛੁੜਿ ਜੁੜੇ ॥ ਜੀਵਿ ਜੀਵਿ ਮੁਏ ਮੁਏ ਜੀਵੇ ॥ ਕੇਤਿਆ ਕੇ ਬਾਪ ਕੇਤਿਆ ਕੇ ਬੇਟੇ ਕੇਤੇ ਗੁਰ ਚੇਲੇ ਹੂਏ ॥ ਆਗੈ ਪਾਛੈ ਗਣਤ ਨ ਆਵੈ ਕਿਆ ਜਾਤੀ ਕਿਆ ਹੁਣਿ ਹੂਏ ॥ ਸਭੁ ਕਰਣਾ ਕਿਰਤੁ ਕਰਿ ਲਿਖੀਐ ਕਰਿ ਕਰਿ ਕਰਤਾ ਕਰੇ ਕਰੇ ॥ ਮਨਮੁਖਿ ਮਰੀਐ ਗੁਰਮੁਖਿ ਤਰੀਐ ਨਾਨਕ ਨਦਰੀ ਨਦਰਿ ਕਰੇ ॥੨॥ (੧੨੩੮)

ਜਿਵੇਂ ਸੂਰਜ ਦੀ ਕਿਰਣ ਨਾਲ ਮਿਲ ਕੇ ਬਰਫ਼ ਤੋਂ ਪਾਣੀ ਬਣ ਜਾਂਦਾ ਹੈ। ਬਰਫ਼ ਭਾਵੇਂ ਪਾਣੀ ਤੋਂ ਹੀ ਬਣੀ ਹੁੰਦੀ ਹੈ, ਪਰੰਤੂ ਸੂਰਜ ਦਾ ਨਿੱਘ ਮਿਲਣ ਨਾਲ ਉਹ ਤਰਲ ਪਦਾਰਥ ਵਿੱਚ ਬਦਲ ਜਾਂਦੀ ਹੈ ਤੇ ਉਸ ਦੇ ਅੰਦਰੋਂ ਕਠੋਰਤਾ ਖ਼ਤਮ ਹੋ ਜਾਂਦੀ ਹੈ ਤੇ ਇੱਕ ਦਿਨ ਵਾਪਿਸ ਸਮੁੰਦਰ ਨਾਲ ਮਿਲ ਜਾਂਦੀ ਹੈ। ਇਸੇ ਤਰ੍ਹਾਂ ਅਕਾਲ ਪੁਰਖੁ ਦੀ ਸਿਫ਼ਤਿ ਸਾਲਾਹ ਕਰਨ ਨਾਲ ਜੀਵ ਦੇ ਅੰਦਰੋਂ ਰੁੱਖਾ ਪਨ ਦੂਰ ਹੋ ਜਾਂਦਾ ਹੈ ਤੇ ਜੀਵ ਦੀ ਜਿੰਦ ਅਕਾਲ ਪੁਰਖੁ ਦੀ ਜੋਤਿ ਨਾਲ ਇੱਕ ਮਿਕ ਹੋ ਜਾਂਦੀ ਹੈ, ਜੀਵ ਸਾਰੇ ਗੁਣਾਂ ਦੇ ਮਾਲਕ ਅਕਾਲ ਪੁਰਖੁ ਦਾ ਰੂਪ ਹੋ ਜਾਂਦਾ ਹੈ। ਫਿਰ ਉਸ ਨੂੰ ਅਕਾਲ ਪੁਰਖੁ ਹਰ ਥਾਂ ਵੱਸਦਾ ਦਿਖਾਈ ਦਿੰਦਾ ਹੈ, ਉਸ ਨੂੰ ਹਰੇਕ ਵਿੱਚ ਅਕਾਲ ਪੁਰਖੁ ਹੀ ਬੋਲਦਾ ਸੁਣਾਈ ਦਿੰਦਾ ਹੈ। ਉਸ ਨੂੰ ਇਸ ਤਰ੍ਹਾਂ ਲਗਦਾ ਹੈ ਕਿ ਹਰ ਥਾਂ ਇੱਕ ਅਕਾਲ ਪੁਰਖੁ ਦਾ ਹੀ ਜ਼ਿਕਰ ਹੋ ਰਿਹਾ ਹੈ। ਉਸ ਨੂੰ ਹਰ ਥਾਂ ਸਿਰਜਣਹਾਰ ਦੀ ਆਤਮਾ ਦਾ ਖਿਲਾਰਾ ਦਿਖਾਈ ਦਿੰਦਾ ਹੈ, ਅਕਾਲ ਪੁਰਖੁ ਤੋਂ ਬਿਨਾ ਉਹ ਕਿਸੇ ਹੋਰ ਨੂੰ ਨਹੀਂ ਪਛਾਣਦਾ, ਉਸ ਨੂੰ ਨਿਸ਼ਚਾ ਹੋ ਜਾਂਦਾ ਹੈ ਕਿ ਅਕਾਲ ਪੁਰਖੁ ਆਪ ਹੀ ਸਭ ਨੂੰ ਪੈਦਾ ਕਰਨ ਵਾਲਾ ਹੈ, ਜੀਵਾਂ ਵਿੱਚ ਵਿਆਪਕ ਹੋ ਕੇ ਆਪ ਹੀ ਸਾਰੇ ਰੰਗ ਮਾਣ ਰਿਹਾ ਹੈ, ਉਹ ਆਪ ਹੀ ਹਰੇਕ ਕੰਮ ਦੀ ਪ੍ਰੇਰਨਾ ਕਰ ਰਿਹਾ ਹੈ। ਪਰੰਤੂ ਇਸ ਅਵਸਥਾ ਨੂੰ ਉਹੀ ਮਨੁੱਖ ਸਮਝਦੇ ਹਨ, ਜਿਨ੍ਹਾਂ ਨੇ ਅਕਾਲ ਪੁਰਖੁ ਦੇ ਨਾਮੁ ਦਾ ਸੁਆਦ ਚੱਖਿਆ ਹੈ।

ਸੂਰਜ ਕਿਰਣਿ ਮਿਲੇ ਜਲ ਕਾ ਜਲੁ ਹੂਆ ਰਾਮ ॥ ਜੋਤੀ ਜੋਤਿ ਰਲੀ ਸੰਪੂਰਨੁ ਥੀਆ ਰਾਮ ॥ ਬ੍ਰਹਮੁ ਦੀਸੈ ਬ੍ਰਹਮੁ ਸੁਣੀਐ ਏਕੁ ਏਕੁ ਵਖਾਣੀਐ ॥ ਆਤਮ ਪਸਾਰਾ ਕਰਣਹਾਰਾ ਪ੍ਰਭ ਬਿਨਾ ਨਹੀ ਜਾਣੀਐ ॥ ਆਪਿ ਕਰਤਾ ਆਪਿ ਭੁਗਤਾ ਆਪਿ ਕਾਰਣੁ ਕੀਆ ॥ ਬਿਨਵੰਤਿ ਨਾਨਕ ਸੇਈ ਜਾਣਹਿ ਜਿਨੀ ਹਰਿ ਰਸੁ ਪੀਆ ॥੪॥੨॥ (੮੪੬)

ਆਮ ਤੌਰ ਤੇ ਵੇਖਣ ਵਿੱਚ ਆਇਆ ਹੈ, ਕਿ ਉੱਪਰ ਲਿਖਿਆ ਸਬਦ ਅਕਸਰ ਗੁਰਦੁਆਰਾ ਸਾਹਿਬਾਂ ਵਿੱਚ ਕਿਸੇ ਮਨੁੱਖ ਦੇ ਅਕਾਲ ਚਲਾਣਾ ਸਮੇਂ ਪੜਿਆ ਜਾਂਦਾ ਹੈ। ਪਰੰਤੂ ਸਬਦ ਨੂੰ ਧਿਆਨ ਨਾਲ ਵਿਚਾਰੋ ਤਾਂ ਸਪੱਸ਼ਟ ਹੋ ਜਾਂਦਾ ਹੈ ਕਿ ਇਸ ਸਬਦ ਦਾ ਸਬੰਧ ਮਰਨ ਤੋਂ ਬਾਅਦ ਦਾ ਕੋਈ ਨਹੀਂ ਹੈ, ਬਲਕਿ ਇਹ ਸਬਦ ਤਾਂ ਜਿਉਂਦੇ ਜੀ ਉਸ ਅਕਾਲ ਪੁਰਖੁ ਦੇ ਮਿਲਾਪ ਲਈ ਹੈ। ਸੇਵਕ ਨੇ ਗੁਰਬਾਣੀ ਦੁਆਰਾ ਅਕਾਲ ਪੁਰਖੁ ਦੇ ਨਾਲ ਇੱਕ ਮਿਕ ਹੋਣਾ ਹੈ। ਵੈਸੇ ਵੀ ਗੁਰਬਾਣੀ ਨੂੰ ਧਿਆਨ ਨਾਲ ਪੜ੍ਹੋ ਤੇ ਵਿਚਾਰੋ ਤਾਂ ਪਤਾ ਲਗਦਾ ਹੈ ਕਿ ਗੁਰੂ ਗਰੰਥ ਸਾਹਿਬ ਵਿੱਚ ਕਿਤੇ ਵੀ ਨਹੀਂ ਲਿਖਿਆ ਹੈ, ਕਿ ਗਰੰਥੀ ਜੀ ਦੀ ਅਰਦਾਸ ਕਰਨ ਨਾਲ ਜਾਂ ਮਨੁੱਖ ਦੇ ਮਰਨ ਸਬੰਧੀ ਪ੍ਰੋਗਰਾਮਾਂ ਵਿੱਚ ਗੁਰਬਾਣੀ ਦਾ ਪਰਚੱਲਤ ਕੀਰਤਨ ਕਰਨ ਨਾਲ, ਕਿਸੇ ਮਰੇ ਹੋਏ ਮਨੁੱਖ ਦਾ ਭਲਾ ਹੋ ਸਕਦਾ ਹੈ। ਬਲਕਿ ਗੁਰੂ ਗਰੰਥ ਸਾਹਿਬ ਵਿੱਚ ਤਾਂ ਕਈ ਥਾਂਵਾਂ ਤੇ ਲਿਖਿਆ ਮਿਲ ਜਾਵੇਗਾ ਕਿ ਨਿਬੇੜਾ ਕੀਤੇ ਹੋਏ ਕਰਮਾਂ ਅਨੁਸਾਰ ਹੋਣਾ ਹੈ। ਇਸ ਲਈ ਜੀਵ ਨੇ ਇਸ ਮਿਲੇ ਹੋਏ ਮਨੁੱਖਾ ਜਨਮ ਵਿੱਚ ਗੁਰਬਾਣੀ ਅਨੁਸਾਰ ਜੀਵਨ ਵਿੱਚ ਵਿਚਰਨਾ ਹੈ, ਤੇ ਚੰਗੇ ਕਰਮ ਕਰਨੇ ਹਨ, ਤਾਂ ਜੋ ਉਨ੍ਹਾਂ ਅਨੁਸਾਰ ਨਿਬੇੜਾ ਹੋ ਸਕੇ।

ਕੱਤਕ ਦੀ ਸੁਹਾਵਣੀ ਰੁੱਤ ਵਿੱਚ ਵੀ ਜੇਕਰ ਅਕਾਲ ਪੁਰਖੁ (ਪਤੀ) ਨਾਲੋਂ ਵਿਛੋੜਾ ਰਿਹਾ, ਤਾਂ ਇਹ ਮਨੁੱਖ ਦੇ ਆਪਣੇ ਕੀਤੇ ਹੋਏ ਕਰਮਾਂ ਦਾ ਨਤੀਜਾ ਹੈ, ਕਿਸੇ ਹੋਰ ਦੇ ਮੱਥੇ ਤੇ ਕੋਈ ਦੋਸ ਨਹੀਂ ਲਾਇਆ ਜਾ ਸਕਦਾ। ਪਰਮੇਸਰ ਦੀ ਯਾਦ ਭੁਲਣ ਨਾਲ ਦੁਨੀਆ ਦੇ ਸਾਰੇ ਦੁੱਖ-ਕਲੇਸ਼ ਆ ਚੰਮੜਦੇ ਹਨ। ਜਿਨ੍ਹਾਂ ਨੇ ਇਸ ਜਨਮ ਵਿੱਚ ਅਕਾਲ ਪੁਰਖੁ ਦੀ ਯਾਦ ਵੱਲੋਂ ਮੂੰਹ ਮੋੜੀ ਰੱਖਿਆ, ਉਨ੍ਹਾਂ ਨੂੰ ਫਿਰ ਲੰਮੇ ਵਿਛੋੜੇ ਪੈ ਜਾਂਦੇ ਹਨ। ਜੇਹੜੀਆਂ ਮਾਇਆ ਦੀਆਂ ਮੌਜਾਂ ਲਈ ਅਕਾਲ ਪੁਰਖੁ ਨੂੰ ਭੁਲਾ ਦਿੱਤਾ ਸੀ, ਉਹ ਵੀ ਇੱਕ ਪਲ ਵਿੱਚ ਦੁਖਦਾਈ ਹੋ ਜਾਂਦੀਆਂ ਹਨ, ਅਜੇਹੀ ਦੁਖੀ ਹਾਲਤ ਵਿੱਚ ਕਿਸੇ ਕੋਲ ਵੀ ਰੋਜਾਨਾਂ ਰੋਣੇ ਰੋਣ ਨਾਲ ਕੋਈ ਲਾਭ ਨਹੀਂ ਹੁੰਦਾ, ਕਿਉਂਕਿ ਦੁੱਖ ਤਾਂ ਅਕਾਲ ਪੁਰਖੁ ਦੇ ਵਿਛੋੜੇ ਕਾਰਨ ਹੈ, ਤੇ ਵਿਛੋੜੇ ਨੂੰ ਦੂਰ ਕਰਨ ਲਈ ਕੋਈ ਹੋਰ ਵਿਚੋਲਾਪਨ ਨਹੀਂ ਕਰ ਸਕਦਾ ਹੈ। ਦੁਖੀ ਜੀਵ ਦੀ ਵੀ ਆਪਣੀ ਕੋਈ ਪੇਸ਼ ਨਹੀਂ ਚਲਦੀ, ਕਿਉਂਕਿ ਪਿਛਲੇ ਕੀਤੇ ਕਰਮਾਂ ਅਨੁਸਾਰ ਹੀ ਧੁਰੋਂ ਇਹ ਸੰਜੋਗ ਬਣਦੇ ਹਨ। ਪਰੰਤੂ ਜੇਕਰ ਚੰਗੇ ਭਾਗਾਂ ਨਾਲ ਅਕਾਲ ਪੁਰਖੁ ਆਪ ਮਿਲ ਪਵੇ, ਤਾਂ ਵਿਛੋੜੇ ਨਾਲ ਪੈਦਾ ਹੋਏ ਸਾਰੇ ਦੁੱਖ ਮਿਟ ਸਕਦੇ ਹਨ। ਗੁਰੂ ਸਾਹਿਬ ਤਾਂ ਇਹੀ ਸਮਝਾਂਉਂਦੇ ਹਨ ਕਿ ਮਾਇਆ ਦੇ ਬੰਧਨਾਂ ਤੋਂ ਛੁਡਾਵਣ ਵਾਲੇ ਅਕਾਲ ਪੁਰਖੁ ਅੱਗੇ ਇਹੀ ਬੇਨਤੀ ਕਰਿਆ ਕਰ ਕਿ ਮੈਨੂੰ ਮਾਇਆ ਦੇ ਮੋਹ ਤੋਂ ਬਚਾ ਲੈ। ਕੱਤਕ ਦੀ ਸੁਆਦਲੀ ਰੁੱਤ ਵਿੱਚ ਜਿਨ੍ਹਾਂ ਨੂੰ ਸਾਧ ਸੰਗਤਿ ਮਿਲ ਜਾਂਦੀ ਹੈ, ਉਨ੍ਹਾਂ ਦੀਆਂ ਵਿਛੋੜੇ ਕਰਕੇ ਪੈਦਾ ਹੋਈਆਂ ਸਾਰੀਆਂ ਚਿੰਤਾਵਾਂ ਦੂਰ ਹੋ ਜਾਂਦੀਆਂ ਹਨ।

ਕਤਿਕਿ ਕਰਮ ਕਮਾਵਣੇ ਦੋਸੁ ਨ ਕਾਹੂ ਜੋਗੁ ॥ ਪਰਮੇਸਰ ਤੇ ਭੁਲਿਆਂ ਵਿਆਪਨਿ ਸਭੇ ਰੋਗ ॥ ਵੇਮੁਖ ਹੋਏ ਰਾਮ ਤੇ ਲਗਨਿ ਜਨਮ ਵਿਜੋਗ ॥ (੧੩੫)

ਅਕਸਰ ਲੋਕ ਆਪਣੇ ਕਾਰਜ ਸਫਲ ਕਰਾਉਂਣ ਲਈ ਕੋਈ ਨਾ ਕੋਈ ਮਹੂਰਤ ਲੱਭਦੇ ਰਹਿੰਦੇ ਹਨ, ਗੁਰੂ ਸਾਹਿਬ ਵੀ ਸਮਝਾਂਉਂਣ ਲਈ ਪਹਿਲਾ ਇਹੀ ਪ੍ਰਸ਼ਨ ਕਰਦੇ ਹਨ ਕਿ ਉਹ ਕਿਹੜੇ ਮਹੂਰਤ ਹਨ, ਜਿਨ੍ਹਾਂ ਨਾਲ ਮੈ ਆਪਣੇ ਅਕਾਲ ਪੁਰਖੁ ਨੂੰ ਮਿਲ ਸਕਦਾ ਹਾਂ? ਨਾਲ ਹੀ ਗੁਰੂ ਸਾਹਿਬ ਸਮਝਾਉਂਣ ਲਈ ਉਤਰ ਦਿੰਦੇ ਹਨ, ਕਿ ਉਹ ਲਗਨ ਮਹੂਰਤ ਤਾਂ ਹਰ ਵੇਲੇ ਹੈ, ਉਸ ਵਾਸਤੇ ਕੋਈ ਖਾਸ ਦਿਨ ਜਾਂ ਸਮਾਂ ਲੱਭਣ ਦੀ ਲੋੜ ਨਹੀਂ। ਇਸ ਲਈ ਇਨ੍ਹਾਂ ਕਰਮ ਕਾਂਡਾ ਲਈ ਜੀਵਨ ਦਾ ਇੱਕ ਪਲ ਜਾਂ ਅੱਖ ਝਮਕਣ ਜਿਤਨਾ ਸਮਾਂ ਵੀ ਵਿਅਰਥ ਨਹੀਂ ਗਵਾਉਂਣਾਂ ਹੈ ਤੇ ਸਦਾ ਅਕਾਲ ਪੁਰਖੁ ਦੇ ਨਾਮੁ ਨੂੰ ਯਾਦ ਕਰਨਾ ਹੈ ਤਾਂ ਜੋ ਸਦਾ ਕਾਇਮ ਰਹਿੰਣ ਵਾਲੇ ਅਕਾਲ ਪੁਰਖੁ ਨਾਲ ਮਿਲਾਪ ਹੋ ਸਕੇ। ਇਸ ਲਈ ਅਕਾਲ ਪੁਰਖੁ ਦੇ ਦਰ ਤੇ ਸਦਾ ਇਹੀ ਅਰਦਾਸ ਕਰਨੀ ਹੈ, ਕਿ ਹੇ ਅਕਾਲ ਪੁਰਖੁ! ਮੇਰੇ ਉਤੇ ਇਹੋ ਜਿਹੀ ਕਿਰਪਾ ਕਰੋ, ਕਿ ਮੈਨੂੰ ਤੁਹਾਡਾ ਨਾਮੁ ਕਦੇ ਵੀ ਨਾ ਭੁੱਲੇ।

ਕਵਨ ਸੰਜੋਗ ਮਿਲਉ ਪ੍ਰਭ ਅਪਨੇ ॥ ਪਲੁ ਪਲੁ ਨਿਮਖ ਸਦਾ ਹਰਿ ਜਪਨੇ ॥੧॥ (੮੦੬)

ਨਦੀਆਂ ਤੋਂ ਵਿਛੁੜੇ ਹੋਏ ਵਹਣਾਂ ਦਾ, ਨਦੀਆਂ ਨਾਲ ਮੁੜ ਮੇਲ, ਭਾਗਾਂ ਨਾਲ ਹੀ ਹੁੰਦਾ ਹੈ। ਇਸੇ ਤਰ੍ਹਾਂ ਮਾਇਆ ਦੇ ਮੋਹ ਵਿੱਚ ਫਸ ਕੇ ਅਕਾਲ ਪੁਰਖੁ ਨਾਲੋਂ ਵਿਛੁੜੇ ਜੀਵ ਮੁੜ ਭਾਗਾਂ ਨਾਲ ਹੀ ਮਿਲਦੇ ਹਨ। ਜੇਹੜਾ ਕੋਈ ਵਿਰਲਾ ਮਨੁੱਖ ਅਕਾਲ ਪੁਰਖੁ ਦੇ ਚਰਨਾਂ ਵਿੱਚ ਜੁੜਦਾ ਹੈ, ਉਹ ਸਮਝ ਲੈਂਦਾ ਹੈ ਕਿ ਮਾਇਆ ਦਾ ਮੋਹ ਮਿੱਠਾ ਤਾਂ ਹੈ, ਪਰੰਤੂ ਸਦਾ ਜਹਰ ਨਾਲ ਭਰਿਆ ਰਹਿੰਦਾ ਹੈ ਤੇ ਜੀਵ ਨੂੰ ਆਤਮਕ ਮੌਤੇ ਮਾਰਦਾ ਰਹਿੰਦਾ ਹੈ। ਕੋਈ ਵਿਰਲਾ ਬੰਦਾ ਹੀ ਹੁੰਦਾ ਹੈ, ਜਿਹੜਾ ਆਤਮਕ ਅਡੋਲਤਾ ਵਿੱਚ ਟਿਕ ਕੇ ਇਸ ਅਸਲੀਅਤ ਨੂੰ ਸਮਝਦਾ ਹੈ, ਤੇ ਅਕਾਲ ਪੁਰਖੁ ਨਾਲ ਸਾਂਝ ਪਾਂਦਾ ਹੈ। ਇਹ ਉਨ੍ਹਾਂ ਲਈ ਸੰਭਵ ਹੈ ਜਿਨ੍ਹਾਂ ਨੇ ਆਪਣੇ ਗੁਰੂ ਨੂੰ ਚੇਤੇ ਰੱਖਿਆ। ਅਕਾਲ ਪੁਰਖੁ ਦੇ ਨਾਮੁ ਤੋਂ ਬਿਨਾ ਮਾਇਆ ਦੇ ਮੋਹ ਵਿੱਚ ਭਟਕਣ ਵਾਲੇ, ਤੇ ਕੁਰਾਹੇ ਪੈਣ ਵਾਲੇ ਅਨੇਕਾਂ ਮੂਰਖ ਜੀਵ ਹਨ, ਜੋ ਖ਼ੁਆਰ ਹੁੰਦੇ ਰਹਿੰਦੇ ਹਨ। ਜੇਹੜੇ ਮਨੁੱਖ ਅਕਾਲ ਪੁਰਖੁ ਦਾ ਨਾਮੁ ਨਹੀਂ ਯਾਦ ਕਰਦੇ, ਅਕਾਲ ਪੁਰਖੁ ਦੀ ਭਗਤੀ ਨਹੀਂ ਕਰਦੇ, ਆਪਣੇ ਹਿਰਦੇ ਵਿੱਚ ਸਦਾ ਕਾਇਮ ਰਹਿੰਣ ਵਾਲੇ ਅਕਾਲ ਪੁਰਖੁ ਨੂੰ ਨਹੀਂ ਵਸਾਂਦੇ, ਉਹ ਅਖ਼ੀਰ ਢਾਹਾਂ ਮਾਰ ਮਾਰ ਕੇ ਰੋਂਦੇ ਹਨ। ਗੁਰੂ ਸਾਹਿਬ ਸਮਝਾਉਂਦੇ ਹਨ ਕਿ ਅਕਾਲ ਪੁਰਖੁ ਦੀ ਸ਼ਬਦ ਦੁਆਰਾ ਸਿਫ਼ਤਿ ਸਾਲਾਹ ਕਰ, ਉਸ ਨਾਲ ਆਪਣਾ ਸਬੰਧ ਜੋੜ, ਤਾਂ ਜੋ ਚਿਰਾਂ ਤੋਂ ਵਿਛੁੜੇ ਜੀਵ ਨੂੰ ਉਹ ਆਪਣੇ ਚਰਨਾਂ ਵਿੱਚ ਮਿਲਾ ਲਏ।

ਨਦੀਆ ਵਾਹ ਵਿਛੁੰਨਿਆ ਮੇਲਾ ਸੰਜੋਗੀ ਰਾਮ ॥ ਜੁਗੁ ਜੁਗੁ ਮੀਠਾ ਵਿਸੁ ਭਰੇ ਕੋ ਜਾਣੈ ਜੋਗੀ ਰਾਮ ॥ ਕੋਈ ਸਹਜਿ ਜਾਣੈ ਹਰਿ ਪਛਾਣੈ ਸਤਿਗੁਰੂ ਜਿਨਿ ਚੇਤਿਆ ॥ (੪੩੯)

ਜਿਸ ਕਰਤਾਰ ਦੀ ਰਜ਼ਾ ਅਨੁਸਾਰ ਤੇਰੇ ਮਾਂ ਪਿਉ ਨੇ ਮਿਲ ਕੇ ਤੇਰਾ ਸਰੀਰ ਬਣਾਇਆ, ਉਸੇ ਕਰਤਾਰ ਨੇ ਤੇਰੇ ਮੱਥੇ ਉਤੇ ਇਹ ਲੇਖ ਵੀ ਲਿਖ ਦਿੱਤਾ ਕਿ ਤੂੰ ਜਗਤ ਵਿੱਚ ਜਾ ਕੇ ਜੋਤਿ ਰੂਪ ਅਕਾਲ ਪੁਰਖੁ ਦੀਆਂ ਬਖ਼ਸ਼ਸ਼ਾਂ ਚੇਤੇ ਰੱਖੀ ਤੇ ਉਸ ਦੀ ਸਿਫ਼ਤਿ ਸਾਲਾਹ ਦੇ ਲੇਖ ਆਪਣੇ ਅੰਦਰ ਲਿਖਦਾ ਰਹੀਂ। ਪਰ ਤੂੰ ਮਾਇਆ ਦੇ ਮੋਹ ਵਿੱਚ ਫਸ ਕੇ ਇਹ ਚੇਤਾ ਹੀ ਭੁਲਾ ਦਿੱਤਾ। ਹੇ ਮੇਰੇ ਮੂਰਖ ਮਨ! ਤੂੰ ਇਨ੍ਹਾਂ ਦੁਨੀਆਵੀ ਮਲਕੀਅਤਾਂ ਦਾ ਕਿਉਂ ਮਾਣ ਕਰਦਾ ਹੈ? ਜਦੋਂ ਖਸਮ ਅਕਾਲ ਪੁਰਖੁ ਦਾ ਹੁਕਮ ਹੋਵੇਗਾ ਤਾਂ ਇਨ੍ਹਾਂ ਸਭ ਨੂੰ ਛੱਡ ਕੇ ਇਸ ਜਗਤ ਤੋਂ ਚਲੇ ਜਾਣਾ ਪਏਗਾ। ਮਨੁੱਖ ਘਰਾਂ ਦੀਆਂ ਮਲਕੀਅਤਾਂ ਵਿਚੋਂ ਸੁਖ ਸ਼ਾਂਤੀ ਲੱਭਦਾ ਹੈ, ਪਰੰਤੂ ਮਾਇਆ ਦੇ ਸੁਆਦ ਛੱਡ ਕੇ ਹੀ ਆਤਮਕ ਅਡੋਲਤਾ ਦਾ ਆਨੰਦ ਪੈਦਾ ਹੋ ਸਕਦਾ ਹੈ। ਜਿਨ੍ਹਾਂ ਘਰਾਂ ਦੀਆਂ ਮਲਕੀਅਤਾਂ ਨੂੰ ਤੂੰ ਸੁਖ ਦਾ ਮੂਲ ਸਮਝ ਰਿਹਾ ਹੈ, ਇਹ ਘਰ ਤਾਂ ਇਥੇ ਹੀ ਰਹਿ ਜਾਣੇ ਹਨ, ਕੋਈ ਵੀ ਜੀਵ ਇਥੇ ਸਦਾ ਲਈ ਟਿਕਿਆ ਨਹੀਂ ਰਹਿ ਸਕਦਾ ਹੈ। ਮੂਰਖ ਮਨ ਸਦਾ ਇਹੀ ਸੋਚਦਾ ਹੈ ਕਿ ਕੁੱਝ ਧਨ ਪਦਾਰਥ ਖਾ ਹੰਢਾ ਲਈਏ ਤੇ ਕੁੱਝ ਸਾਂਭ ਕੇ ਰੱਖੀ ਜਾਈਏ। ਪਰੰਤੂ ਸਾਂਭ ਕੇ ਰੱਖ ਜਾਣ ਦਾ ਲਾਭ ਤਾਂ ਹੀ ਹੋ ਸਕਦਾ ਹੈ, ਜੇਕਰ ਮੁੜ ਇਸ ਧਨ ਨੂੰ ਵਰਤਣ ਵਾਸਤੇ ਜਗਤ ਵਿੱਚ ਆ ਸਕਣਾ ਹੋਵੇ। ਮਨੁੱਖ ਆਪਣੇ ਸਰੀਰ ਉਤੇ ਹਾਰ ਸ਼ਿੰਗਾਰ ਕਰਦਾ ਹੈ ਤੇ ਕੀਮਤੀ ਰੇਸ਼ਮੀ ਕਪੜੇ ਪਹਿਨਦਾ ਹੈ, ਆਪਣਾ ਹੁਕਮ ਵੀ ਬਹੁਤ ਚਲਾਂਦਾ ਹੈ, ਸੁਖਾਲੀ ਸੇਜ ਦਾ ਸੁਖ ਵੀ ਮਾਣਦਾ ਹੈ। ਪਰੰਤੂ ਜਿਸ ਕਰਤਾਰ ਨੇ ਇਹ ਸਭ ਕੁੱਝ ਦਿੱਤਾ, ਉਸ ਨੂੰ ਵਿਸਾਰੀ ਰੱਖਦਾ ਹੈ, ਆਖ਼ਿਰ ਜਦੋਂ ਜਮਾਂ ਦੇ ਹੱਥ ਪੈਂਦੇ ਹਨ, ਤਾਂ ਫਿਰ ਰੋਣ ਪਛੁਤਾਣ ਦਾ ਕੋਈ ਲਾਭ ਨਹੀਂ ਹੋ ਸਕਦਾ। ਘਰਾਂ ਦੇ ਮੋਹ ਦਰਿਆ ਦੀਆਂ ਘੁੰਮਣ ਘੇਰੀਆਂ ਵਾਂਗ ਹਨ, ਪਾਪਾਂ ਦੇ ਪੱਥਰ ਲੱਦ ਕੇ ਜ਼ਿੰਦਗੀ ਦੀ ਬੇੜੀ ਇਨ੍ਹਾਂ ਘੁੰਮਣ ਘੇਰੀਆਂ ਵਿਚੋਂ ਪਾਰ ਨਹੀਂ ਲੰਘ ਸਕਦੀ। ਜੇ ਅਕਾਲ ਪੁਰਖੁ ਦੇ ਡਰ-ਅਦਬ ਦੀ ਬੇੜੀ ਤਿਆਰ ਕੀਤੀ ਜਾਏ, ਤੇ ਉਸ ਬੇੜੀ ਵਿੱਚ ਜੀਵ ਸਵਾਰ ਹੋ ਜਾਵੇ, ਤਾਂ ਸੰਸਾਰ ਰੂਪੀ ਸਮੁੰਦਰ ਦੇ ਵਿਕਾਰਾਂ ਦੀਆਂ ਘੁੰਮਣ ਘੇਰੀਆਂ ਵਿਚੋਂ ਬਾਹਰ ਨਿਕਲਿਆ ਜਾ ਸਕਦਾ ਹੈ। ਪਰੰਤੂ ਅਜੇਹੀ ਬੇੜੀ ਕਿਸੇ ਵਿਰਲੇ ਨੂੰ ਹੀ ਅਕਾਲ ਪੁਰਖੁ ਦੀ ਮਿਹਰ ਨਾਲ ਮਿਲਦੀ ਹੈ।

ਮਾਰੂ ਮਹਲਾ ੧ ॥ ਮਿਲਿ ਮਾਤ ਪਿਤਾ ਪਿੰਡੁ ਕਮਾਇਆ ॥ ਤਿਨਿ ਕਰਤੈ ਲੇਖੁ ਲਿਖਾਇਆ ॥ ਲਿਖੁ ਦਾਤਿ ਜੋਤਿ ਵਡਿਆਈ ॥ ਮਿਲਿ ਮਾਇਆ ਸੁਰਤਿ ਗਵਾਈ ॥੧॥ ਮੂਰਖ ਮਨ ਕਾਹੇ ਕਰਸਹਿ ਮਾਣਾ ॥ ਉਠਿ ਚਲਣਾ ਖਸਮੈ ਭਾਣਾ ॥੧॥ ਰਹਾਉ ॥ (੯੮੯, ੯੯੦)

ਜੇਕਰ ਇਹ ਸਰੀਰ ਸਾਥ ਨਾ ਦੇਵੇ ਤਾਂ ਮਨੁੱਖਾ ਜੀਵਨ ਨਹੀਂ ਚਲ ਸਕਦਾ ਹੈ। ਪਰੰਤੂ ਸਰੀਰ ਦਾ ਸਾਥ ਇਸ ਲੋਕ ਤਕ ਹੀ ਹੈ, ਇਸ ਲਈ ਮਨੁੱਖ ਨੂੰ ਅੰਤ ਦੇ ਸਾਥ ਵੱਲ ਵੀ ਧਿਆਨ ਦੇਣਾਂ ਚਾਹੀਦਾ ਹੈ। ਗੁਰੂ ਦੇ ਸ਼ਬਦ ਦਾ ਸਾਥ ਇੱਕ ਅਜੇਹਾ ਸਾਥ ਹੈ, ਜੋ ਕਿ ਇਸ ਲੋਕ ਤੇ ਪਰਲੋਕ ਦੋਹਾਂ ਵਿੱਚ ਸਹਾਈ ਹੁੰਦਾਂ ਹੈ। ਇਹ ਸਾਡੇ ਵਡੇ ਭਾਗ ਹਨ, ਜਿਸ ਸਦਕਾ ਸਾਨੂੰ ਇਹ ਸੋਹਣਾ ਮਨੁੱਖਾ ਸਰੀਰ ਮਿਲਿਆ ਹੈ। ਮਨੁੱਖ ਲਈ ਅਕਾਲ ਪੁਰਖੁ ਨੂੰ ਮਿਲਣ ਦਾ ਇਹੀ ਮੌਕਾ ਹੈ। ਜੇ ਅਕਾਲ ਪੁਰਖੁ ਨੂੰ ਮਿਲਣ ਲਈ ਕੋਈ ਉੱਦਮ ਨਾ ਕੀਤਾ, ਤਾਂ ਹੋਰ ਸਾਰੇ ਕੰਮ ਕਿਸੇ ਵੀ ਅਰਥ ਨਹੀਂ ਆਉਣੇ, ਜਿੰਦ ਨੂੰ ਕੋਈ ਲਾਭ ਨਹੀਂ ਦੇ ਸਕਣਗੇ। ਗੁਰੂ ਸਾਹਿਬ ਸਮਝਾਉਂਦੇ ਹਨ ਕਿ ਸਾਧਸੰਗਤਿ ਵਿੱਚ ਮਿਲ ਬੈਠਿਆ ਕਰ ਤੇ ਸਿਰਫ਼ ਅਕਾਲ ਪੁਰਖੁ ਦਾ ਨਾਮੁ ਯਾਦ ਕਰਿਆ ਕਰ। ਸਾਧ ਸੰਗਤਿ ਵਿੱਚ ਬੈਠਣ ਦਾ ਲਾਭ ਤਾਂ ਹੀ ਹੈ, ਜੇ ਉਥੇ ਤੂੰ ਅਕਾਲ ਪੁਰਖੁ ਦੀ ਸਿਫ਼ਤਿ-ਸਾਲਹ ਵਿੱਚ ਜੁੜੇਂ। ਇਸ ਲਈ ਸੰਸਾਰ ਰੂਪੀ ਸਮੁੰਦਰ ਤੋਂ ਪਾਰ ਲੰਘਣ ਦੇ ਉਪਰਾਲੇ ਲਈ ਲੱਗ ਜਾ। ਨਿਰੇ ਮਾਇਆ ਦੇ ਪਿਆਰ ਵਿੱਚ ਇਹ ਮਨੁੱਖਾ ਜਨਮ ਵਿਅਰਥ ਜਾ ਰਿਹਾ ਹੈ।

ਆਸਾ ਮਹਲਾ ੫ ॥ ਭਈ ਪਰਾਪਤਿ ਮਾਨੁਖ ਦੇਹੁਰੀਆ ॥ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ॥ ਅਵਰਿ ਕਾਜ ਤੇਰੈ ਕਿਤੈ ਨ ਕਾਮ ॥ ਮਿਲੁ ਸਾਧਸੰਗਤਿ ਭਜੁ ਕੇਵਲ ਨਾਮ ॥੧॥ ਸਰੰਜਾਮਿ ਲਾਗੁ ਭਵਜਲ ਤਰਨ ਕੈ ॥ ਜਨਮੁ ਬ੍ਰਿਥਾ ਜਾਤ ਰੰਗਿ ਮਾਇਆ ਕੈ ॥੧॥ ਰਹਾਉ ॥ (੧੨)

ਜੇ ਕਰ ਉਪਰ ਲਿਖੀਆਂ, ਗੁਰਬਾਣੀ ਦੀਆਂ ਸਿਖਿਆਵਾਂ, ਨੂੰ ਇਕੱਠਾ ਕਰੀਏ ਤਾਂ ਅਸੀਂ ਨਿਸਚੇ ਨਾਲ ਸਮਝ ਸਕਦੇ ਹਾਂ, ਕਿ ਗੁਰਬਾਣੀ ਅਨੁਸਾਰ ਸੰਜੋਗੁ ਤੇ ਵਿਜੋਗੁ, ਇਹ ਸਭ ਅਕਾਲ ਪੁਰਖ ਦੇ ਹੁਕਮੁ ਤੇ ਉਸ ਦੀ ਰਜ਼ਾ ਅਨੁਸਾਰ ਹੀ ਹੁੰਦੇ ਹਨ।

ਗੁਰਬਾਣੀ ਵਿੱਚ ਸੰਜੋਗੁ ਤਾਂ ਜਿੰਦ ਤੇ ਸਰੀਰ ਦੇ ਮਿਲਾਪ ਲਈ ਹੈ ਤੇ ਵਿਜੋਗੁ ਜਿੰਦ ਦਾ ਸਰੀਰ ਤੋਂ ਵੱਖਰੇ ਹੋਣ ਲਈ ਹੈ। ਇਸ ਤੋਂ ਇਲਾਵਾ ਸੰਜੋਗੁ ਯਤਨ ਜਾਂ ਮਿਲਾਪ ਲਈ ਵੀ ਗੁਰਬਾਣੀ ਵਿੱਚ ਵਰਤਿਆ ਗਿਆ ਹੈ ਤੇ ਵਿਜੋਗੁ ਵਿਛੋੜੇ ਲਈ।

ਇਹ ਬਹੁਤ ਮੁਸ਼ਕਲ ਸਵਾਲ ਹੈ ਕਿ ਪਹਿਲੀ ਵਾਰ ਮਨੁੱਖ ਕਿਸ ਤਰ੍ਹਾਂ ਪੈਦਾ ਹੋਇਆ, ਹੋਰ ਜਾਨਵਰ ਕਿਸ ਤਰ੍ਹਾਂ ਪੈਦਾ ਹੋਏ। ਸਾਇੰਸ ਅੰਦਾਜੇ ਲਗਾ ਸਕਦੀ ਹੈ, ਪਰੰਤੂ ਕੋਈ ਠੋਸ ਉੱਤਰ ਨਹੀਂ ਦੇ ਸਕਦੀ।

ਹਰੇਕ ਸਰੀਰ ਵਿੱਚ ਬੈਠਾ ਅਕਾਲ ਪੁਰਖ ਆਪ ਸਭ ਚੋਜ ਤਮਾਸ਼ੇ ਕਰ ਰਿਹਾ ਹੈ, ਤੇ ਆਪ ਹੀ ਮਾਇਆ ਦੇ ਮੋਹ ਦਾ ਖਿਲਾਰਾ ਖਿਲਾਰਿਆ ਹੈ।

ਜਿੰਦ ਤੇ ਸਰੀਰ ਦਾ ਮਿਲਾਪ ਅਤੇ ਵਿਛੋੜਾ ਅਕਾਲ ਪੁਰਖੁ ਦੇ ਹੁਕਮੁ ਤੇ ਉਸ ਦੀ ਰਜ਼ਾ ਅਨੁਸਾਰ ਹੀ ਹੁੰਦਾ ਹੈ।

ਮਨੁੱਖ ਦਾ ਜੰਮ ਕੇ ਪਰਵਾਰ ਨਾਲ ਮਿਲਣਾ ਤੇ ਮਰਨ ਤੋਂ ਬਾਅਦ ਪਰਵਾਰ ਨਾਲੋਂ ਵਿਛੁੜਨਾ, ਇਹ ਖੇਡ ਅਕਾਲ ਪੁਰਖੁ ਨੇ ਆਪ ਬਣਾਈ ਹੋਈ ਹੈ।

ਗੁਰਮੁਖਿ ਬੰਦੇ ਆਪਣੇ ਆਪ ਨੂੰ ਵਿਕਾਰਾਂ ਤੋਂ ਬਚਾਣ ਲਈ ਗੁਰਬਾਣੀ ਦਾ ਸੰਜੋਆ ਪਹਿਨਦੇ ਹਨ, ਉਹ ਦੁੱਖ ਸੁਖ ਤੋਂ ਨਿਰਲੇਪ ਰਹਿੰਦੇ ਹਨ।

ਅਕਾਲ ਪੁਰਖ ਦਾ “ਸੰਜੋਗ” ਦਾ ਹੁਕਮੁ ਤੇ “ਵਿਜੋਗ” ਦਾ ਹੁਕਮੁ, ਇਹ ਦੋਵੇਂ ਮਿਲ ਕੇ ਇਸ ਸੰਸਾਰ ਦੀ ਕਾਰ ਨੂੰ ਚਲਾ ਰਹੇ ਹਨ।

ਅਕਾਲ ਪੁਰਖੁ ਦੇ ਨਾਮੁ ਵਿੱਚ ਜੁੜਨਾ ਤੇ ਅਕਾਲ ਪੁਰਖੁ ਦੇ ਨਾਮੁ ਤੋਂ ਵਿਛੁੜਨਾ, ਪਿਛਲੇ ਕੀਤੇ ਕਰਮਾਂ ਅਨੁਸਾਰ ਕਰਤਾਰ ਨੇ ਆਪ ਜੀਵਾਂ ਦੇ ਮੱਥੇ ਉਤੇ ਲਿਖੇ ਹਨ, ਇਹ ਪੂਰਬਲੇ ਕਰਮ ਤੇ ਕੀਤੀ ਹੋਈ ਕਮਾਈ ਜੀਵ ਪਾਸੋਂ ਮਿਟਾਈ ਨਹੀਂ ਜਾ ਸਕਦੀ।

ਅਕਾਲ ਪੁਰਖੁ ਆਪ ਜੀਵਾਂ ਨੂੰ ਜੋੜ ਕੇ ਇਥੇ ਪਰਵਾਰਾਂ ਵਿੱਚ ਇਕੱਠੇ ਕਰਦਾ ਹੈ ਤੇ ਆਪ ਹੀ ਇਨ੍ਹਾਂ ਨੂੰ ਆਪਣਿਆ ਨਾਲੋਂ ਵਿਛੋੜ ਦੇਂਦਾ ਹੈ।

ਮਨਮੁਖ ਇਸ ਜਨਮ ਮਰਨ ਦੇ ਗੇੜ ਵਿੱਚ ਪਿਆ ਰਹਿੰਦਾ ਹੈ ਤੇ ਗੁਰਮੁਖਿ ਇਸ ਵਿਚੋਂ ਪਾਰ ਲੰਘ ਜਾਂਦਾ ਹੈ, ਕਿਉਂਕਿ, ਅਕਾਲ ਪੁਰਖੁ ਗੁਰਮੁਖਿ ਉੱਪਰ ਆਪਣੀ ਮਿਹਰ ਦੀ ਨਜ਼ਰ ਕਰਦਾ ਹੈ।

ਅਕਾਲ ਪੁਰਖੁ ਦੀ ਸਿਫ਼ਤਿ ਸਾਲਾਹ ਕਰਨ ਨਾਲ ਜੀਵ ਦੇ ਅੰਦਰੋਂ ਰੁੱਖਾ ਪਨ ਦੂਰ ਹੋ ਜਾਂਦਾ ਹੈ ਤੇ ਜੀਵ ਦੀ ਜਿੰਦ ਅਕਾਲ ਪੁਰਖੁ ਦੀ ਜੋਤਿ ਨਾਲ ਇੱਕ ਮਿਕ ਹੋ ਜਾਂਦੀ ਹੈ, ਜੀਵ ਸਾਰੇ ਗੁਣਾਂ ਦੇ ਮਾਲਕ ਅਕਾਲ ਪੁਰਖੁ ਦਾ ਰੂਪ ਹੋ ਜਾਂਦਾ ਹੈ।

ਗੁਰਬਾਣੀ ਨੂੰ ਧਿਆਨ ਨਾਲ ਪੜ੍ਹੋ ਤੇ ਵਿਚਾਰੋ ਤਾਂ ਪਤਾ ਲਗਦਾ ਹੈ ਕਿ ਗੁਰੂ ਗਰੰਥ ਸਾਹਿਬ ਵਿੱਚ ਕਿਤੇ ਵੀ ਨਹੀਂ ਲਿਖਿਆ ਹੈ, ਕਿ ਗਰੰਥੀ ਜੀ ਦੀ ਅਰਦਾਸ ਕਰਨ ਨਾਲ ਜਾਂ ਮਨੁੱਖ ਦੇ ਮਰਨ ਸਬੰਧੀ ਪ੍ਰੋਗਰਾਮਾਂ ਵਿੱਚ ਗੁਰਬਾਣੀ ਦਾ ਪਰਚੱਲਤ ਕੀਰਤਨ ਕਰਨ ਨਾਲ, ਕਿਸੇ ਮਰੇ ਹੋਏ ਮਨੁੱਖ ਦਾ ਭਲਾ ਹੋ ਸਕਦਾ ਹੈ।

ਦੁੱਖ ਤਾਂ ਅਕਾਲ ਪੁਰਖੁ ਦੇ ਵਿਛੋੜੇ ਕਾਰਨ ਹੈ, ਤੇ ਵਿਛੋੜੇ ਨੂੰ ਦੂਰ ਕਰਨ ਲਈ ਕੋਈ ਹੋਰ ਵਿਚੋਲਾਪਨ ਨਹੀਂ ਕਰ ਸਕਦਾ ਹੈ।

ਲਗਨ ਮਹੂਰਤ ਤਾਂ ਹਰ ਵੇਲੇ ਹੈ, ਉਸ ਵਾਸਤੇ ਕੋਈ ਖਾਸ ਦਿਨ ਜਾਂ ਸਮਾਂ ਲੱਭਣ ਦੀ ਲੋੜ ਨਹੀਂ। ਇਸ ਲਈ ਇਨ੍ਹਾਂ ਕਰਮ ਕਾਂਡਾ ਲਈ ਜੀਵਨ ਦਾ ਇੱਕ ਪਲ ਵੀ ਵਿਅਰਥ ਨਹੀਂ ਗਵਾਉਂਣਾਂ ਹੈ।

ਗੁਰੂ ਸਾਹਿਬ ਸਮਝਾਉਂਦੇ ਹਨ ਕਿ ਅਕਾਲ ਪੁਰਖੁ ਦੀ ਸ਼ਬਦ ਦੁਆਰਾ ਸਿਫ਼ਤਿ ਸਾਲਾਹ ਕਰ, ਉਸ ਨਾਲ ਆਪਣਾ ਸਬੰਧ ਜੋੜ, ਤਾਂ ਜੋ ਚਿਰਾਂ ਤੋਂ ਵਿਛੁੜੇ ਜੀਵ ਨੂੰ ਉਹ ਆਪਣੇ ਚਰਨਾਂ ਵਿੱਚ ਮਿਲਾ ਲਏ।

ਘਰਾਂ ਦੇ ਮੋਹ ਦਰਿਆ ਦੀਆਂ ਘੁੰਮਣ ਘੇਰੀਆਂ ਵਾਂਗ ਹਨ, ਪਾਪਾਂ ਦੇ ਪੱਥਰ ਲੱਦ ਕੇ ਜ਼ਿੰਦਗੀ ਦੀ ਬੇੜੀ ਇਨ੍ਹਾਂ ਘੁੰਮਣ ਘੇਰੀਆਂ ਵਿਚੋਂ ਪਾਰ ਨਹੀਂ ਲੰਘ ਸਕਦੀ।

ਗੁਰੂ ਦੇ ਸ਼ਬਦ ਦਾ ਸਾਥ ਇੱਕ ਅਜੇਹਾ ਸਾਥ ਹੈ, ਜੋ ਕਿ ਇਸ ਲੋਕ ਤੇ ਪਰਲੋਕ ਦੋਹਾਂ ਵਿੱਚ ਸਹਾਈ ਹੁੰਦਾਂ ਹੈ।

ਇਹ ਮਨੁੱਖਾ ਜਨਮ ਜੋ ਸਾਨੂੰ ਮਿਲਿਆ ਹੈ, ਪਤਾ ਨਹੀਂ ਦੁਬਾਰਾ ਮਿਲਣਾ ਹੈ ਕਿ ਨਹੀਂ, ਫਿਰ ਕਿਉਂ ਨਾ ਅਸੀਂ ਗੁਰੂ ਦੇ ਸਬਦ ਦੁਆਰਾ ਇਹ ਮਨੁੱਖਾ ਜਨਮ ਸਫਲ ਕਰੀਏ ਤਾਂ ਜੋ ਜਨਮ ਮਰਨ ਦੇ ਗੇੜ ਤੋਂ ਬਚ ਸਕੀਏ।

ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ”


(ਡਾ: ਸਰਬਜੀਤ ਸਿੰਘ) (Dr. Sarbjit Singh)
ਆਰ ਐਚ ੧/ਈ - ੮, ਸੈਕਟਰ - ੮,
RH1 / E-8, Sector-8,
ਵਾਸ਼ੀ, ਨਵੀਂ ਮੁੰਬਈ - ੪੦੦੭੦੩.
Vashi, Navi Mumbai - 400703.
Email = sarbjitsingh@yahoo.com
http://www.sikhmarg.com/article-dr-sarbjit.html
.