.

ਭੱਟ ਬਾਣੀ-23

ਬਲਦੇਵ ਸਿੰਘ ਟੋਰਾਂਟੋ

ਸਵਈਏ ਮਹਲੇ ਤੀਜੇ ਕੇ ੩ ੴ ਸਤਿਗੁਰ ਪ੍ਰਸਾਦਿ।।

ਸੋਈ ਪੁਰਖੁ ਸਿਵਰਿ ਸਾਚਾ ਜਾ ਕਾ ਇਕੁ ਨਾਮੁ ਅਛਲੁ ਸੰਸਾਰੇ।।

ਜਿਨਿ ਭਗਤ ਭਵਜਲ ਤਾਰੇ ਸਿਮਰਹੁ ਸੋਈ ਨਾਮੁ ਪਰਧਾਨੁ।।

ਤਿਤੁ ਨਾਮਿ ਰਸਿਕੁ ਨਾਨਕੁ ਲਹਣਾ ਥਪਿਓ ਜੇਨ ਸ੍ਰਬ ਸਿਧੀ।।

ਕਵਿ ਜਨ ਕਲ੍ਯ੍ਯ ਸਬੁਧੀ ਕੀਰਤਿ ਜਨ ਅਮਰਦਾਸ ਬਿਸ੍ਤਰੀਯਾ।।

ਕੀਰਤਿ ਰਵਿ ਕਿਰਣਿ ਪ੍ਰਗਟਿ ਸੰਸਾਰਹ ਸਾਖ ਤਰੋਵਰ ਮਵਲਸਰਾ।।

ਉਤਰਿ ਦਖਿਣਹਿ ਪੁਬਿ ਅਰੁ ਪਸ੍ਚਮਿ ਜੈ ਜੈ ਕਾਰੁ ਜਪੰਥਿ ਨਰਾ।।

ਹਰਿ ਨਾਮੁ ਰਸਨਿ ਗੁਰਮੁਖਿ ਬਰਦਾਯਉ ਉਲਟਿ ਗੰਗ ਪਸ੍ਚਮਿ ਧਰੀਆ।।

ਸੋਈ ਨਾਮੁ ਅਛਲੁ ਭਗਤਹ ਭਵ ਤਾਰਣੁ ਅਮਰਦਾਸ ਗੁਰ ਕਉ ਫੁਰਿਆ।। ੧।।

(ਪੰਨਾ ੧੩੯੨-੯੩)

ਪਦ ਅਰਥ:- ਸਵਈਏ ਮਹਲੇ ਤੀਜੇ ਕੇ ੩ – ਗੁਰਮਤਿ ਵੀਚਾਰਧਾਰਾ, ਮੂਲ ਮੰਤ੍ਰ ਨੂੰ ਹੂ-ਬਹੂ, ਇਨ ਬਿਨ ਸਮਰਪਤ ਹੋ ਕੇ ਮਹਲੇ ਤੀਜੇ ਦੇ ਸਮੇਂ, ਮਹਲੇ ਤੀਜੇ ਦੀ ਸੰਗਤ ਕਰਨ ਵਾਲੇ ਭੱਟ ਸਾਹਿਬਾਨ ਵੱਲੋਂ ਉਚਾਰਨ ਕੀਤੇ ਸਵਈਏ ਹਨ।

ੴਸਤਿਗੁਰ ਪ੍ਰਸਾਦਿ।। – ਇਕੁ ਸਰਬ-ਵਿਆਪਕ, ਸਦੀਵੀ ਸਥਿਰ ਰਹਿਣ ਵਾਲੇ ਦੀ ਕ੍ਰਿਪਾ, ਬਖ਼ਸ਼ਿਸ਼ ਨੂੰ ਸਵੀਕਾਰਦਿਆਂ ਹੋਇਆਂ ਉਸ ਦੀ ਬਖ਼ਸ਼ਿਸ ਸਦਕਾ। ਪ੍ਰਸਾਦਿ – ਕ੍ਰਿਪਾ, ਬਖ਼ਸ਼ਿਸ਼ ਸਦਕਾ।

(ਦੇਹਧਾਰੀ, ਅਵਤਾਰਵਾਦੀ ਪਰੰਪਰਾ ਦੇ ਰੱਬ ਹੋਣ ਦੇ ਭਰਮ ਉੱਪਰ ਕਾਲੀ ਲੀਕ)

ਸੋਈ – ਸਰਬ-ਵਿਆਪਕ “ਨਾਮੇ ਸੋਈ ਸੇਵਿਆ ਜਹ ਦੇਹੁਰਾ ਨ ਮਸੀਤਿ।। “ ਸੋਈ ਪੁਰਖੁ – ਇਕੁ ਸਰਬ-ਵਿਆਪਕ ਕਰਤਾ। ਸਿਵਰਿ ਸਾਚਾ – ਸੱਚ ਨੂੰ ਸਿਮਰ, ਆਪਣੇ ਜੀਵਨ ਵਿੱਚ ਅਪਣਾ। ਨਾਮੁ – ਸੱਚ ਨੂੰ ਆਪਣੇ ਜੀਵਨ ਵਿੱਚ ਅਪਣਾਉਣ ਨਾਲ। ਜਾ ਕਾ ਇਕੁ ਨਾਮੁ – ਜਿਸ ਇਕੁ ਦੇ ਸੱਚ ਨੂੰ ਜੀਵਨ ਵਿੱਚ ਅਪਣਾਉਣ ਨਾਲ। ਭਵਜਲ – ਅਗਿਆਨਤਾ ਦਾ ਸਮੁੰਦਰ। ਅਛਲੁ – ਛਲੇ ਜਾਣ ਤੋਂ ਬਚ ਸਕਣਾ। ਸੰਸਾਰੇ – ਸੰਸਾਰਕ ਪ੍ਰਚਲਤ ਅਵਤਾਰਵਾਦ ਦੀ ਰੀਤ ਤੋਂ। ਜਾ ਕਾ ਇਕ ਨਾਮੁ ਅਛਲੁ ਸੰਸਾਰੇ – ਜਿਸ ਸੱਚ ਨੂੰ ਅਪਣਾਉਣ ਨਾਲ ਸੰਸਾਰ ਵਿੱਚ ਸੰਸਾਰੀਆਂ (ਅਵਤਾਰਵਾਦੀਆਂ) ਦੀ ਜੋ ਪ੍ਰਚਲਤ ਵੀਚਾਰਧਾਰਾ ਚੱਲ ਰਹੀ ਹੈ, ਵਿੱਚ ਛਲੇ ਜਾਣ ਤੋਂ ਬਚਿਆ ਜਾ ਸਕਦਾ ਹੈ। ਜਿਨਿ ਭਗਤ ਭਵਜਲ ਤਾਰੇ – ਜਿਸ ਸੱਚ ਨੇ (ਭਗਤ/ਇਨਕਲਾਬੀ ਪੁਰਸ਼ਾਂ ਦੁਆਰਾ ਦੱਸੇ) ਸੱਚ ਅਪਣਾਉਣ ਵਾਲਿਆਂ ਨੂੰ ਸੰਸਾਰ ਸਮੁੰਦਰ ਦੀ ਡੁੱਬਣ ਵਾਲੀ ਵੀਚਾਰਧਾਰਾ ਤੋਂ ਬਚਾ ਲਿਆ। ਤਾਰੇ – ਡੁੱਬਣ ਤੋਂ ਬਚਾ ਲਿਆ। ਭਗਤ – ਸੱਚ ਨੂੰ ਆਪਣੇ ਜੀਵਨ ਵਿੱਚ ਅਪਣਾਉਣ ਵਾਲੇ, ਇਨਕਲਾਬੀ ਪੁਰਸ਼। ਸੇਈ ਭਗਤ ਜਿਨ ਸਚਿ ਚਿਤੁ ਲਾਇਆ।। ੨।। (ਪੰਨਾ ੧੩੪੨) ਭਵਜਲ ਤਾਰੇ – ਸੰਸਾਰ ਸਮੁੰਦਰ ਦੀ ਕਰਮ-ਕਾਂਡੀ ਵੀਚਾਰਧਾਰਾ ਵਿੱਚ ਡੁੱਬਣ ਤੋਂ ਬਚਾ ਲਿਆ, ਭਾਵ ਤਾਰ ਲਿਆ। ਸਿਮਰਹੁ ਸੋਈ ਨਾਮੁ ਪਰਧਾਨੁ – ਇਸ ਵਾਸਤੇ ਉਸ ਸਰਬ-ਵਿਆਪਕ ਸੱਚੇ ਨੂੰ ਹੀ ਪ੍ਰਮੁੱਖ ਭਾਵ ਸਭ ਤੋਂ ਉੱਪਰ ਮੰਨੋ। ਪਰਧਾਨੁ – ਮੁਖ, ਸਭ ਤੋਂ ਉੱਪਰ, ਮੁਖੀ, ਉੱਤਮ। ਪਰਧਾਨੁ – ਉੱਤਮ (ਗੁ: ਗ੍ਰੰ: ਦਰਪਣ)। ਤਿਤੁ ਨਾਮਿ ਰਸਿਕੁ ਨਾਨਕੁ ਲਹਣਾ ਥਪਿਉ ਜੇਨ ਸ੍ਰਬ ਸਿਧੀ – ਨਾਮਿ ਰਸਿਕ – ਸੱਚ ਵਿੱਚ ਰਤੇ। ਤਿਤੁ – ਜਿਸ। ਜਿਸ ਸੱਚ ਵਿੱਚ ਰਤੇ ਨਾਨਕ ਨੇ ਲਹਣੇ ਨੂੰ ਸਾਰੀ ਸੇਧ ਦੇ ਕੇ ਥਾਪਿਓ, ਥਾਪੜਾ ਦਿੱਤਾ। ਸ੍ਰਬ ਸਿਧੀ – ਸਾਰੀ ਸੇਧ ਦੇ ਕੇ। ਪਰਧਾਨੁ – ਅਗਮ ਅਗੋਚਰੁ ਅਪਰ ਅਪਾਰੋ ਪਾਰਬ੍ਰਹਮੁ ਪਰਧਾਨੋ।। ਆਦਿ ਜੁਗਾਦੀ ਹੈ ਭੀ ਹੋਸੀ ਅਵਰੁ ਝੂਠਾ ਸਭੁ ਮਾਨੋ।। (ਆਸਾ ਮਹਲਾ ੧, ਪੰਨਾ ੪੩੭) ਕਵਿ – ਸੰ: ਕਵਿਤਾ ਕਰਨਾ, ਵਰਨਣ ਕਰਨਾ, ਤਸਵੀਰਾਂ ਖਿੱਚਣੀਆਂ (ਦੇਖੋ ਕਵ ਮਹਾਨ ਕੋਸ਼)। ਤਸਵੀਰਾਂ ਖਿੱਚਣੀਆਂ। ਨੋਟ: – ਇਥੇ ਕਵਿ ਦੇ ਅਰਥ ਕਿਸੇ ਚੰਗਿਆਈ, ਉੱਤਮ ਗੁਣਾਂ ਦੀ ਕਿਸੇ ਵੱਲੋਂ ਤਸਵੀਰ ਪੇਸ਼ ਕਰਨ ਤੋਂ ਹੈ।

ਇਸ ਸਵਈਏ ਅੰਦਰ ਸੰਸਾਰ ਵਿੱਚ ਪਸਰੇ ਕਲ੍ਯ੍ਯ-ਅਗਿਆਨਤਾ ਦੇ ਹਨੇਰੇ ਵਿੱਚ ਭੱਟ ਕੀਰਤਿ ਜੀ ਅਤੇ ਅਮਰਦਾਸ ਜੀ ਵੱਲੋਂ ਉੱਤਮ ਗੁਰਮਤਿ ਦੇ ਗੁਣਾਂ ਦੀ ਖਿੱਚੀ ਤਸਵੀਰ ਦਾ ਵਰਨਣ ਕੀਤਾ ਗਿਆ ਹੈ। ਸਬੁਧੀ – ਸਾਰੀ, ਸਮੁੱਚੀ ਸੇਧ, ਸਾਰੀ ਸਮੁੱਚੀ ਮੱਤ। ਕਵਿ – ਕਵੀ ਗਿਆਨ ਦੀ ਤਸਵੀਰ ਪੇਸ਼ ਕਰਨ ਵਾਲਾ। ਕਲ੍ਯ੍ਯ - ਇਹ ਸ਼ਬਦ ਸੰਸਕ੍ਰਿਤ ਦੇ ‘ਕਲਹ` ਸ਼ਬਦ ਦਾ ਤਦਭਵ ਰੂਪ ਹੈ ਅਤੇ ਇਸ ਦਾ ਅਰਥ ਹੈ ਝਗੜਾ ਜਾ ਕਲੇਸ਼। ਗੁਰਬਾਣੀ ਵਿੱਚ ਇਸ ਸ਼ਬਦ ਨੂੰ ‘ਕਲਿ` ਰੂਪ ਵਿੱਚ ਵਰਤਦਿਆਂ ਗੁਰੂ ਅਰਜਨ ਦੇਵ ਜੀ ਨੇ ਇਸ ਨੂੰ ਕ੍ਰੋਧ ਦਾ ਮੂਲ ਆਧਾਰ ਮੰਨ ਕੇ ਦਇਆ ਤੋਂ ਸੱਖਣਾ ਦੱਸਿਆ ਹੈ। ‘ਹੇ ਕਲਿ ਮੂਲ ਕ੍ਰੋਧੰ ਕਦੰਚ ਕਰੁਣਾ ਨ ਉਪਰਜਤੇ` (ਅ. ਗ੍ਰੰ. ੧੩੫੮)। ਪੰਜਾਬੀ ਸਾਹਿਤ ਸੰਦਰਭ ਕੋਸ਼ ਡਾ. ਰਤਨ ਸਿੰਘ ਜੱਗੀ। ਝਗੜੇ ਦਾ ਮੂਲ ਕਾਰਨ ਅਗਿਆਨਤਾ ਹੀ ਹੈ, ਸੋ ਇਥੇ ਇਸ ਦੇ ਅਰਥ ਅਗਿਆਨਤਾ ਹੀ ਬਣਦੇ ਹਨ। ਕੀਰਤਿ ਜਨ ਅਮਰਦਾਸ – ਜਨ ਕੀਰਤ ਅਤੇ ਜਨ ਅਮਰਦਾਸ ਜੀ। ਬਿਸ੍ਤਰੀਯਾ – ਵਿਸਤਾਰ ਕਰਨਾ (ਮ: ਕੋਸ਼)। ਸੋ ਬਿਸਤਰੀਯਾ – ਭਾਵ ਕਿਸੇ ਗੱਲ ਨੂੰ ਖੁੱਲ੍ਹ ਕੇ ਵਿਸਥਾਰ ਨਾਲ ਪ੍ਰਚਾਰਨਾ। ਕੀਰਤਿ – ਭੱਟ ਕੀਰਤਿ ਜੀ ਦਾ ਜ਼ਿਕਰ ਹੈ। ਰਵਿ ਕਿਰਣਿ – ਗਿਆਨ ਦੇ ਸੂਰਜ ਦੀ ਕਿਰਨ। ਕੀਰਤਿ ਰਵਿ ਕਿਰਣਿ ਪ੍ਰਗਟਿ – ਜਦੋਂ ਭੱਟ ਕੀਰਤਿ ਜੀ ਦੇ ਅੰਦਰ ਇਸ ਗੁਰਮਤਿ ਦੇ ਗਿਆਨ ਸੂਰਜ ਦੀ ਕਿਰਨ ਪ੍ਰਗਟ ਹੋਈ। ਸੰਸਾਰਹ ਸਾਖ – ਸੰਸਾਰ ਦੀ ਹਰ ਸ਼ਾਖ਼ਾ, ਹਰੇਕ ਪਾਸੇ। ਤਰੋਵਰ ਮਵਲਸਰਾ – ਉੱਤਮ ਸ੍ਰੇਸ਼ਟ ਗਿਆਨ ਦੀ ਸੁਗੰਧੀ ਵੰਡਣੀ ਚਾਹੀਦੀ ਹੈ। ਉਤਰਿ – ਉੱਤਰ ਦਿਸ਼ਾ। ਦਖਿਣਹਿ – ਦੱਖਣ ਦਿਸ਼ਾ। ਪੁਬਿ – ਪੂਰਬ। ਅਰੁ -ਅਤੇ। ਪਸçਮਿ – ਪੱਛਮ। ਜੈ ਜੈ ਕਾਰੁ ਜਪੰਥਿ ਨਰਾ – ਜੈ – ਸੰ: ਜੀਤ, ਜਿੱਤ, ਫਤਿਹ (ਮ: ਕੋਸ਼)। ਜੈਕਾਰ – ਫਤਿਹ ਦੇ ਕਾਰਜ ਲਈ ਤੁਰਨ ਤੋਂ ਪਹਿਲਾ ਫਤਹਿ ਦਾ ਜੈਕਾਰਾ ਬੁਲਾਉਣਾ। ਜਪੰਥਿ – ਇਸ ਪੰਥ, ਮਾਰਗ ਉੱਪਰ ਚੱਲ ਕੇ ਤਾਂ ਜੋ ਹਰੇਕ ਨਰ ਨਾਰੀ ਇਸ ਉੱਤਮ ਸੱਚ ਦੇ ਉੱਪਰ ਚੱਲ ਕੇ (ਅਗਿਆਨਤਾ) ਉੱਪਰ ਫਤਹਿ ਪਾ ਸਕੇ। ਹਰਿ ਨਾਮੁ ਰਸਨਿ - ਸੱਚ ਰੂਪ ਹਰੀ ਨੂੰ ਆਪਣੀ ਰਸਨਾ ਉੱਪਰ ਲਿਆ ਸਕਣ। ਗੁਰਮੁਖਿ – ਕਰਤਾ। ਬਰਦਾਯਉ – ਵਰਤਾਰਾ, ਵਰਤਾਇਆ। ਬਰਦਾਯਉ ਉਲਟਿ – ਉਲਟਾ ਵਰਤਾਰਾ, ਵਰਤਾਇਆ। ਗੰਗ – ਅਗਿਆਨ ਦੀ ਨਦੀ। ਪਸ੍ਚਮਿ ਧਰੀਆ – ਇਹ ਪ੍ਰਚਲਤ ਵਰਤ ਰਹੇ ਵਰਤਾਰੇ ਦੇ ਇਕਦਮ ਉਲਟਾ ਵਰਤਾਰਾ ਜਿਵੇਂ ਸੂਰਜ ਪੱਛਮ ਤੋਂ ਚਾੜ੍ਹ ਦਿੱਤਾ ਹੋਵੇ ਭਾਵ ਸੰਸਾਰੀ, ਅਵਤਾਰਵਾਦ ਦੇ ਰੱਬ ਹੋਣ ਦੇ ਭਰਮ ਵੱਲੋਂ ਲੋਕਾਂ ਦੀ ਬਿਰਤੀ ਸੱਚ ਵੱਲ ਉਲਟਾ ਦੇਣ ਦਾ ਯਤਨ। ਲੋਕਾਂ ਦੇ ਅਵਤਾਰਵਾਦ ਦੇ ਰੱਬ ਹੋਣ ਦੇ ਭਰਮ ਦੇ ਇਕਦਮ ਉਲਟਾ ਗਿਆਨ।

ਅਰਥ:- ਹੇ ਭਾਈ! ਇਕੁ ਸੱਚੇ ਸਰਬ-ਵਿਆਪਕ ਕਰਤੇ ਨੂੰ ਹੀ ਸੱਚ ਜਾਣ ਕੇ, ਸੱਚ ਨੂੰ ਹੀ ਆਪਣੇ ਜੀਵਨ ਵਿੱਚ ਅਪਣਾਉ। ਇਕੁ ਸੱਚ ਨੂੰ ਆਪਣੇ ਜੀਵਨ ਵਿੱਚ ਅਪਣਾਉਣ ਨਾਲ ਹੀ ਸੰਸਾਰੀ (ਅਵਤਾਰਵਾਦੀ ਕਰਮ-ਕਾਂਡੀ) ਰੀਤੀ ਤੋਂ ਛਲੇ ਜਾਣ ਤੋਂ ਬਚਿਆ ਜਾ ਸਕਦਾ ਹੈ। ਜਿਨ੍ਹਾਂ ਇਕੁ ਸੱਚ ਨੂੰ ਆਪਣੇ ਜੀਵਨ ਵਿੱਚ ਅਪਣਾਇਆ, ਉਹ ਹੀ ਇਸ (ਅਵਤਾਰਵਾਦੀ) ਰੀਤ ਦੇ, ਅਗਿਆਨਤਾ ਦੇ ਭਵਸਾਗਰ ਵਿੱਚੋਂ ਤਰੇ ਭਾਵ ਡੁੱਬਣ ਤੋਂ ਬਚੇ। ਇਸ ਵਾਸਤੇ ਹੇ ਭਾਈ! ਉੱਤਮ ਸੱਚ, ਗਿਆਨ ਨੂੰ ਹੀ ਜੀਵਨ ਵਿੱਚ ਅਪਣਾਉ, ਜਿਸ ਸੱਚ ਵਿੱਚ ਰਤੇ ਨਾਨਕ ਜੀ ਨੇ ਲਹਣਾ ਜੀ ਨੂੰ ਸੱਚ ਦੀ ਸਾਰੀ ਸੇਧ ਦੇ ਕੇ ਸੱਚ ਨੂੰ ਪ੍ਰਚਾਰਨ ਲਈ ਥਾਪੜਾ ਦਿੱਤਾ। ਇਸ ਤਰ੍ਹਾਂ ਉਨ੍ਹਾਂ ਤੋਂ ਅੱਗੇ ਸੰਸਾਰੀ ਅਗਿਆਨਤਾ ਦੇ ਹਨੇਰੇ ਵਿੱਚ ਉੱਤਮ ਗੁਣਾਂ ਦੀ ਤਸਵੀਰ ਉਸ ਸਮੁੱਚੀ ਸੂਝ ਨਾਲ ਜਨ ਕੀਰਤਿ ਅਤੇ ਜਨ ਅਮਰਦਾਸ ਜੀ ਨੇ ਵੀ ਵਿਸਥਾਰ ਨਾਲ ਪੇਸ਼ ਕੀਤੀ ਹੈ। ਕੀਰਤਿ ਜੀ ਨੇ ਤਾਂ ਇਥੋਂ ਤੱਕ ਕਿਹਾ ਹੈ ਕਿ ਇਸ ਗਿਆਨ ਦੇ ਸੂਰਜ ਦੀ ਕਿਰਣ, ਸੂਰਜ ਦੀ ਕਿਰਣ ਵਾਂਗ ਸੰਸਾਰ ਦੀ ਭਾਵ ਮਨੁੱਖਤਾ ਦੀ ਹਰੇਕ ਸਾਖ ਭਾਵ ਹਰ ਪਾਸੇ ਚਾਰੇ ਦਿਸ਼ਾ ਵਿੱਚ ਪ੍ਰਗਟ ਹੋਣੀ ਚਾਹੀਦੀ ਹੈ ਤਾਂ ਜੋ ਸੰਸਾਰ ਦੀ ਹਰ ਸਾਖ ਭਾਵ ਮਾਨਵਤਾ ਦੀ ਹਰ ਸਾਖ ਉੱਪਰ ਗਿਆਨ ਦੀ ਕਿਰਣ ਦੀ ਸੂਝ ਪੈਣ ਨਾਲ ਮਾਨਵਤਾ ਦੀ ਹਰ ਸਾਖ ਦਰੱਖ਼ਤ ਦੀਆਂ ਟਹਿਣੀਆਂ ਵਾਂਗ ਆਪਣੇ ਇਕੁ ਮੁੱਢ, ਕਰਤਾਰ ਨਾਲ ਜੁੜ ਸਕਣ ਅਤੇ ਹਰੇਕ ਨਰ ਨਾਰੀ ਇਸ ਉੱਤਮ ਸੱਚ ਦੇ ਮਾਰਗ ਉੱਪਰ ਚੱਲ ਕੇ (ਅਗਿਆਨਤਾ) ਉੱਪਰ ਫਤਿਹ ਪਾ ਸਕਣ ਅਤੇ ਪ੍ਰਚਲਤ ਅਵਤਾਰਵਾਦੀ ਵੀਚਾਰਧਾਰਾ ਦੀ ਅਗਿਆਨ ਦੀ ਗੰਗ/ਨਦੀ ਦੇ ਇਕਦਮ ਉਲਟ ਆਪਣੀ-ਆਪਣੀ ਫ਼ਿਰਕਾਪ੍ਰਸਤੀ ਤਿਆਗ ਕੇ ਇਕੁ ਸੱਚ ਰੂਪ ਹਰੀ ਨੂੰ ਹੀ ਆਪਣੀ ਰਸਨਾ ਉੱਪਰ ਧਰ ਸਕਣ। ਇਸ ਤਰ੍ਹਾਂ ਦੇ ਛਲ ਰਹਿਤ ਗਿਆਨ ਨੂੰ ਅਮਰਦਾਸ ਜੀ ਦੇ ਜੀਵਨ ਵਿੱਚੋਂ ਅਨੁਭਵ ਕੀਤਾ ਭਾਵ ਦੇਖਿਆ ਹੈ, (ਜੋ ਮਾਨਵਤਾ ਨੂੰ ਏਕੇ ਦੀ ਲੜੀ ਵਿੱਚ ਪਰੋ ਸਕਦਾ ਹੈ) ਉਹ ਹੀ ਸੱਚ, ਭਗਤ/ਇਨਕਲਾਬੀ ਪੁਰਸ਼ ਆਪਣੇ ਜੀਵਨ ਵਿੱਚ ਅਪਣਾਉਣ ਨਾਲ (ਅਵਤਾਰਵਾਦੀਆਂ ਦੇ) ਰੱਬ ਹੋਣ ਦੇ ਭਰਮ ਵਾਲੇ ਭਵਸਾਗਰ ਵਿੱਚ ਡੁੱਬਣ ਤੋਂ ਬਚੇ।

ਨੋਟ:- ਭਗਤ ਕੀ ਹੈ? ਸੱਚ ਨੂੰ ਆਪਣੇ ਜੀਵਨ ਵਿੱਚ ਅਪਣਾਉਣ ਵਾਲੇ ਕ੍ਰਾਂਤੀਕਾਰੀ ਇਨਕਲਾਬੀ ਪੁਰਸ਼ ਦਾ ਨਾਂਅ ਭਗਤ ਹੈ। “ਸੇਈ ਭਗਤ ਜਿਨ ਸਚਿ ਚਿਤੁ ਲਾਇਆ।। “ ਇਸ ਤੋਂ ਅਗਲੇ ਸਵਈਏ ਅੰਦਰ ਜਿਨ੍ਹਾਂ ਸੱਚ ਨੂੰ ਅਪਣਾਇਆ, ਉਨ੍ਹਾਂ ਭਗਤਾਂ/ਇਨਕਲਾਬੀਆਂ ਦਾ ਜ਼ਿਕਰ ਹੈ।

ਸਿਮਰਹਿ ਸੋਈ ਨਾਮੁ ਜਖ੍ਯ੍ਯ ਅਰੁ ਕਿੰਨਰ ਸਾਧਿਕ ਸਿਧ ਸਮਾਧਿ ਹਰਾ।।

ਸਿਮਰਹਿ ਨਖ੍ਯ੍ਯਤ੍ਰ ਅਵਰ ਧ੍ਰੂ ਮੰਡਲ ਨਾਰਦਾਦਿ ਪ੍ਰਹਲਾਦਿ ਵਰਾ।।

ਸਸੀਅਰੁ ਅਰੁ ਸੂਰੁ ਨਾਮੁ ਉਲਾਸਹਿ ਸੈਲ ਲੋਅ ਜਿਨਿ ਉਧਰਿਆ।।

ਸੋਈ ਨਾਮੁ ਅਛਲੁ ਭਗਤਹ ਭਵ ਤਾਰਣੁ ਅਮਰਦਾਸ ਗੁਰ ਕਉ ਫੁਰਿਆ।। ੨।।

(ਪੰਨਾ ੧੩੯੩)

ਪਦ ਅਰਥ:- ਸਿਮਰਹਿ – ਸਿਮਰਿਆ, ਸਿਮਰਨਾ। ਸੋਈ - ਸਰਬ-ਵਿਆਪਕ। ਨਾਮੁ – ਸੱਚ ਨੂੰ ਅਪਣਾਉਣਾ। ਜਖ੍ਯ੍ਯ– ਜ਼ਖ਼ੀਰਾ, ਵਸਤੂਆਂ ਦਾ ਇਕੱਠ। ਨਾਮੁ ਜਖ੍ਹ – ਸੱਚ ਦੇ ਜ਼ਖ਼ੀਰੇ ਨੂੰ, ਸੱਚ ਦੇ ਖ਼ਜ਼ਾਨੇ ਨੂੰ ਅਪਣਾਉਣ ਨਾਲ, ਸਮਝਣ ਨਾਲ (ਸਰਬ-ਵਿਆਪਕ ਹੀ ਸੱਚ ਦਾ ਜ਼ਖ਼ੀਰਾ ਹੈ)। ਹਰਾ – ਹਰਣ ਕੀਤਾ, ਮਿਟਾਇਆ, ਮਿਟ ਗਿਆ। ਅਰੁ - ਅਤੇ। ਕਿੰਨਰ – ਕਿੰਨ – ਕੌਣ (who) ਕਿਹੜਾ, ਜਿਹੜਾ, ਕਿਹੜੇ, ਕਿਨ੍ਹਾਂ, ਜਿਨ੍ਹਾਂ। ਕਿੰਨਰ – ਕੌਣ, ਕਿਹੜੇ, ਜਿਹੜੇ, ਕੌਣ ਕੌਣ, ਜਿਨ੍ਹਾਂ ਨੇ। ਸਾਧਿਕ ਸਿਧ ਸਮਾਧਿ ਹਰਾ – ਆਪਣੇ ਆਪ ਨੂੰ ਸਿਧ ਸਾਧਿਕ ਸਮਾਧੀਆਂ ਲਾਉਣ ਵਾਲਿਆਂ ਦਾ ਭਰਮ ਮਿਟ ਗਿਆ। ਨਖ੍ਹਤ੍ਰ – ਨਖ੍ਹ – ਅਖੌਤੀ ਉੱਚੀ ਕੁਲ ਦਾ ਭਰਮ। ਮੰਡਲ – ਸਮਾਜ, ਸਮਾਜਕ, ਜਗਤ। ਤ੍ਰ – ਤਰ ਜਾਣਾ, ਭਾਵ ਡੁੱਬਣ ਤੋਂ ਬਚ ਜਾਣਾ। ਨਖ੍ਹਤ੍ਰ – ਅਖੌਤੀ ਉੱਚੀ ਕੁਲ ਦੇ ਭਰਮ ਵਿੱਚ ਡੁੱਬਣ ਤੋਂ ਬਚ ਜਾਣਾ। ਨਾਰ – ਨਾਰੀ, ਔਰਤ। ਦਾਦਿ – justice, equity, ਬਰਾਬਰਤਾ। ਵਰ – ਸੰ: ਘੇਰਾ, ਵਲਗਣ। ਵਰਾ – ਵਲਗਣ ਤੋੜਨਾ, ਤੋੜਿਆ। ਸਸੀਅਰੁ – ਸੂਰਜ ਵਾਂਗ ਤੇਜ। ਅਰੁ – ਅਤੇ। ਸੂਰੁ - ਚੰਦ। ਨਾਮੁ – ਸੱਚ ਨੂੰ ਅਪਣਾਉਣ ਨਾਲ। ਉਲਾਸਹਿ – ਉਤਸ਼ਾਹਿਤ ਕਰਨਾ, ਹੌਸਲਾ ਕਰਨਾ। ਸੈਲ – re-creation – ਪੁਨਰ ਸਿਰਜਣਾ, ਪ੍ਰਫੁੱਲਤ ਕਰਨਾ, ਕਿਸੇ ਦੱਬੀ ਵੀਚਾਰਧਾਰਾ ਨੂੰ ਦੁਬਾਰਾ ਪਰਫੁੱਲਤ ਕਰਨਾ। ਲੋਅ – vision, ਧਿਆਨ ਕੇਂਦ੍ਰਿਤ ਕਰਨਾ, ਕੀਤਾ। ਨਾਮੁ -ਸੱਚ ਨੂੰ ਆਪਣੇ ਜੀਵਨ ਵਿੱਚ ਅਪਣਾਉਣਾ। ਸੋਈ ਨਾਮੁ - ਉਹ ਹੀ ਨਾਮੁ-ਸੱਚ ਆਪਣੇ ਜੀਵਨ ਵਿੱਚ ਅਪਣਾਇਆ ਸੀ। ਅਛਲੁ – ਛਲਿ ਰਹਿਤ। ਅਮਰਦਾਸ – ਅਮਰਦਾਸ ਜੀ। ਗੁਰ – ਗਿਆਨ। ਅਛਲੁ – ਛਲਿ ਰਹਿਤ। ਭਗਤਹ – ਭਗਤ ਜਨਾਂ, ਇਨਕਲਾਬੀ ਪੁਰਸ਼ਾਂ। ਭਵ ਤਾਰਣ – ਕਰਮ-ਕਾਂਡਾਂ ਦਾ ਭਵਸਾਗਰ ਤਰ ਜਾਣਾ, ਭਾਵ ਕਰਮ-ਕਾਂਡਾਂ ਦੇ ਭਵਸਾਗਰ ਵਿੱਚ ਡੁੱਬਣ ਤੋਂ ਬਚ ਜਾਣਾ। ਫੁਰਿਆ – ਦਰਸਾਇਆ।

ਅਰਥ:-ਹੇ ਭਾਈ! ਜਿਨ੍ਹਾਂ-ਜਿਨ੍ਹਾਂ ਨੇ ਸੱਚੇ ਸਰਬਵਿਆਪਕ ਨਾਮੁ-ਸੱਚ ਦੇ ਜ਼ਖ਼ੀਰੇ ਨੂੰ ਸਿਮਰਿਆ, ਸੱਚ ਨੂੰ ਆਪਣੇ ਜੀਵਨ ਵਿੱਚ ਅਪਣਾਇਆ ਉਨ੍ਹਾਂ ਦੇ ਜੀਵਨ ਵਿੱਚੋਂ ਸਾਧਿਕ ਸਿੱਧਾਂ ਦੀਆਂ ਸਮਾਧੀਆਂ ਦਾ ਭਰਮ ਮਿਟ ਗਿਆ। ਉਸ ਸਰਬ-ਵਿਆਪਕ ਦੇ ਸਿਮਰਨ ਭਾਵ ਸੱਚ ਨੂੰ ਆਪਣੇ ਜੀਵਨ ਵਿੱਚ ਅਪਣਾਉਣ ਨਾਲ ਹੀ ਧ੍ਰੂ ਅਤੇ ਪ੍ਰਹਿਲਾਦ ਜੀ ਨੇ ਅਖੌਤੀ ਉੱਚੀ ਕੁਲ ਦੇ ਭਰਮ ਦੀ ਕਰਮ-ਕਾਂਡੀ ਵੀਚਾਰਧਾਰਾ ਵਿੱਚ ਡੁੱਬਣ ਤੋਂ ਬਚਣ ਅਤੇ ਨਾਰੀ ਜਾਤੀ ਲਈ ਸਮਾਜਕ ਬਰਾਬਰਤਾ (justice) ਦੇਣ ਲਈ, ਕਰਮ-ਕਾਂਡੀਆਂ ਦੇ ਵਲੇ ਹੋਏ ਵਲਗਣ ਨੂੰ ਤੋੜਿਆ। ਇਸ ਸੂਰਜ ਦੇ ਪ੍ਰਕਾਸ਼ ਅਤੇ ਚੰਦਰਮਾ ਦੀ ਸ਼ੀਤਲਤਾ ਵਰਗੀ ਇਸ ਸੱਚ ਰੂਪ ਵੀਚਾਰਧਾਰਾ ਨੂੰ ਪ੍ਰਫੁੱਲਤ, ਉਤਸ਼ਾਹਿਤ ਕਰਨ ਲਈ ਉਨ੍ਹਾਂ ਨੇ ਆਪਣਾ ਧਿਆਨ ਕੇਂਦ੍ਰਿਤ ਕੀਤਾ। ਉਹੀ ਛਲ ਰਹਿਤ ਸੱਚ ਗਿਆਨ ਕਰਮ-ਕਾਂਡਾਂ ਦੇ ਭਵਸਾਗਰ ਤੋਂ ਪਾਰ ਜਾਣ ਲਈ ਹੋਰ ਸਮੂੰਹ ਭਗਤਾਂ/ਇਨਕਲਾਬੀ ਪੁਰਸ਼ਾਂ ਨੇ ਵੀ ਅਪਣਾਇਆ ਸੀ, ਇਹੀ ਸੱਚ, ਗੁਰ ਗਿਆਨ ਅਮਰਦਾਸ ਜੀ ਨੇ ਦਰਸਾਇਆ ਹੈ।

ਨੋਟ:- ਜਿਸ ਤਰ੍ਹਾਂ ਪਿੱਛੇ ਵੀ ਜ਼ਿਕਰ ਕੀਤਾ ਗਿਆ ਹੈ ਕਿ ਭੱਟਾਂ ਨੇ ਸਾਰੀ ਬਾਣੀ ਦੀਆਂ ਲਿਖਤਾਂ ਦਾ ਅਧਿਅਨ ਬੜੀ ਗਹਿਰਾਈ ਨਾਲ ਕੀਤਾ ਹੈ, ਕਿਉਂਕਿ ਮਹਲੇ ਤੀਜੇ ਅਮਰਦਾਸ ਜੀ ਨੇ ਪ੍ਰਹਿਲਾਦਿ ਜੀ ਬਾਰੇ ਭੈਰਉ ਰਾਗ ਅੰਦਰ ਸਪੱਸ਼ਟ ਕੀਤਾ ਹੈ ਕਿ ਪ੍ਰਹਿਲਾਦ ਜੀ ਨੇ ਗਾਇਤ੍ਰੀ ਮੰਤਰ ਕਰਨਾ ਅਤੇ ਤਰਪਣ (ਤ੍ਰਿਪਤ ਕਰਨ ਦੀ ਕਿਰਿਆ, ਹਿੰਦੂ ਮੱਤ ਅਨੁਸਾਰ ਦੇਵਤੇ ਅਤੇ ਪਿੱਤਰਾਂ ਨੂੰ ਤ੍ਰਿਪਤ ਕਰਨ ਲਈ ਹੱਥ ਅਥਵਾ ਅਰਘ ਨਾਲ ਮੰਤ੍ਰਪਾਠ ਕਰਕੇ ਜਲ ਦੇਣ ਦਾ ਕਰਮ) ਕਰਨਾ (ਦੇਖੋ ਮਹਾਨ ਕੋਸ਼), ਸੂਰਜ ਨੂੰ ਪਾਣੀ ਦੇਣ ਵਰਗੇ ਕਰਮ-ਕਾਂਡ ਰੱਦ ਕਰ ਦਿੱਤੇ ਸਨ। “ਦੈਤ ਪੁਤ੍ਰੁ ਪ੍ਰਹਲਾਦੁ ਗਾਇਤ੍ਰੀ ਤਰਪਣੁ ਕਿਛੂ ਨ ਜਾਣੈ ਸਬਦੇ ਮੇਲਿ ਮਿਲਾਇਆ।। “ (ਰਾਗ ਭੈਰਉ, ਪੰਨਾ ੧੧੩੩) ਕਰਮ-ਕਾਂਡੀਆਂ ਵੱਲੋਂ ਜਿਸ ਪ੍ਰਹਿਲਾਦ ਨੂੰ ਦੈਂਤ ਪੁੱਤਰ ਦਾ ਨਾਮ ਦਿੱਤਾ ਗਿਆ ਸੀ, ਦਰਅਸਲ ਉਸ ਨੇ ਗਾਇਤ੍ਰੀ ਮੰਤ੍ਰ ਕਰਨਾ ਅਤੇ ਤਰਪਣ (ਸੂਰਜ ਨੂੰ ਪਾਣੀ ਦੇਣ ਵਰਗੇ) ਕਰਮ-ਕਾਂਡ ਰੱਦ ਕਰ ਦਿੱਤੇ ਸਨ ਕਿਉਂਕਿ ਉਸ ਨੂੰ ਆਤਮਿਕ ਗਿਆਨ ਦੀ ਸੂਝ ਪ੍ਰਾਪਤ ਹੋ ਚੁੱਕੀ ਸੀ ਪਰ ਕਰਮ-ਕਾਂਡੀਆਂ ਨੇ ਉਸ ਦਾ ਨਾਂ ਦੈਂਤ ਪੁੱਤਰ ਰੱਖ ਦਿੱਤਾ।




.