.

ਭਗਤੀ ਲਹਿਰ ਭਗਤੀ ਤੇ ਸ਼ਕਤੀ ਰੂਪ ਧਾਰ ਕੇ ਇੱਕ ਸਰਬੱਤ ਦੇ ਭਲੇ ਦੀ ਇਨਕਲਾਬੀ ਕੌਮ ਹੋ ਨਿੱਬੜੀ।

ਰਾਮ ਸਿੰਘ, ਗ੍ਰੇਵਜ਼ੈਂਡ

ਇੱਕੋ ਪ੍ਰਮਾਤਮਾ ਵਲੋਂ ਪੈਦਾ ਕੀਤੀ ਅਤੇ ਆਪਸੀ ਪਿਆਰ ਵਿੱਚ ਵਸਦੀ ਮਨੁੱਖ ਜਾਤੀ ਨੂੰ ਕਿਸੇ ਸਵਾਰਥ ਅਧੀਨ ਕਲਪਤ ਜਾਤਾਂ ਵਿੱਚ ਵੰਡ ਕੇ ਆਪਸੀ ਪਿਆਰ ਤੇ ਏਕੇ ਨੂੰ ਮਾਰੀ ਸੱਟ ਨੇ ਆਮ ਲੋਕਾਂ ਦੇ ਜੀਵਨ ਨੂੰ ਨਿਰਾਸ਼ਾ ਜਨਕ ਬਣਾ ਕੇ ਜਦ ਨਿੱਸਲ ਕਰ ਕੇ ਰੱਖ ਦਿੱਤਾ, ਤਦ ਰੱਬੀ ਪਿਆਰ ਵਿੱਚ ਭਿੱਜੀਆਂ ਰੂਹਾਂ (ਭਗਤ ਸਾਹਿਬਾਨ, ਖਾਸ ਕਰਕੇ ਸ੍ਰੀ ਕਬੀਰ ਜੀ, ਸ੍ਰੀ ਰਵਿਦਾਸ ਜੀ ਤੇ ਸ੍ਰੀ ਨਾਮਦੇਵ ਜੀ) ਆਮ ਲੋਕਾਂ (ਖਾਸ ਕਰਕੇ ਕਿਰਤੀਆਂ) ਨਾਲ ਹੋ ਰਹੇ ਤਰ੍ਹਾਂ ਤਰ੍ਹਾਂ ਦੇ ਵਿਤਕਰੇ ਨੂੰ ਆਪਣਾ ਦਰਦ ਸਮਝ ਕੇ ਚੁੱਪ ਨਾ ਰਹਿ ਸਕੀਆਂ। ਵਿਤਕਰੇ ਦੀ ਜੜ੍ਹ ਤੇ ਵਿਤਕਰਾ ਕਰਨ ਵਾਲੇ ਨੂੰ ਵੰਗਾਰ ਰੂਪ ਵਿੱਚ ਸੰਬੋਧਨ ਹੁੰਦਿਆਂ ਆਖਰ ਉਨ੍ਹਾਂ ਨੂੰ ਕਾਫੀ ਕੁੱਛ ਕਹਿਣਾ ਪਿਆ।
ਭੈੜੀਆਂ ਸੋਚਾਂ ਤੇ ਨਿਰਦਈ ਕਰਤੂਤਾਂ ਦੇ ਮਾਲਕਾਂ ਦੇ ਕੰਨ ਖੋਲ੍ਹਣ ਵਾਲੇ ਇਹ ਕੀਮਤੀ ਤੇ ਵੱਡਮੁੱਲੇ ਬੋਲ ਕਿਤੇ ਪਵਿੱਤਰ ਮੁੱਖਾਂ ਤੋਂ ਉਚਾਰੇ ਹੀ ਨਾ ਰਹਿ ਜਾਣ ਜਾ ਕਿਤੇ ਗ੍ਰੰਥਾਂ ਵਿੱਚ ਹੀ ਨਾ ਬੰਦ ਪਏ ਰਹਿਣ, ਸਗੋਂ ਅਮਲ ਵਿੱਚ ਲਿਆਂਦੇ ਜਾਣ, ਇਸ ਲਈ ਖਾਸ ਤੇ ਧੜੱਲੇਦਾਰ ਲਹਿਰ ਚਲਾਉਣ ਦੀ ਲੋੜ ਸੀ। ਸੋ ਇਸ ਲਹਿਰ ਨੂੰ ਐਸਾ ਰੂਪ ਦੇਣ ਲਈ ਭਗਤੀ ਦੇ ਨਾਲ ਸ਼ਕਤੀ ਦੀ ਖਾਸ ਲੋੜ ਸੀ। ਸ਼ਾਇਦ ਇਸ ਕੰਮ ਨੂੰ ਨੇਪਰੇ ਚਾੜ੍ਹਨ ਲਈ ਹੀ ਪ੍ਰਮਾਤਮਾ ਨੇ ਗੁਰੂ ਨਾਨਕ ਸਾਹਿਬ, ਜੋ ਸਾਰੀ ਸ੍ਰਿਸਟੀ ਨੂੰ ਇੱਕ ਰੂਪ ਸਮਝ ਕੇ ਇਸ ਵਿੱਚ ਸੁਤੰਤਰਤਾ ਨਾਲ ਵਿਚਰਨਾ ਦਾ ਜਮਾਂਦਰੂ ਹੱਕ ਸਮਝਦੇ ਹਨ, ਨੂੰ ਭਗਤੀ ਤੇ ਸ਼ਕਤੀ ਨਾਲ ਨਿਪੁੰਨ ਕਰਕੇ ਇਸ ਜਗਤ ਵਿੱਚ ਪ੍ਰਗਟ ਕੀਤਾ, ਤਾਕਿ ਭਗਤ ਸਾਹਿਬਾਨ ਅਤੇ ਇਨ੍ਹਾਂ ਦੇ ਆਪਣੇ ਕੀਮਤੀ ਬਚਨ ਸੰਸਾਰ ਦੇ ਆਮ ਲੋਕਾਂ ਨੂੰ ਸੁਚੱਜੀ ਜੀਵਨ ਜਾਚ ਪ੍ਰਦਾਨ ਕਰ ਸਕਣ ਭਾਵ ਸਦੀਵੀ ਰੂਪ ਵਿੱਚ ਸੁਰਜੀਤ ਰੱਖਣ ਅਤੇ ਜੋ ਅੰਤ ਵਿਸ਼ਵ ਸੁਧਾਰ ਅਤੇ ਮਨੁੱਖੀ ਕਲਿਆਣ ਦੇ ਸਦੀਵੀ ਸੋਮੇਂ ਵਜੋਂ ਅਗਵਾਈ ਕਰਦੇ ਰਹਿਣ।
ਕਲਪਤ ਯੁਗਾਂ ਦੇ ਅਵਤਾਰਾਂ ਵਿੱਚੋਂ ਕਿਸੇ ਇੱਕ ਨੇ ਭੀ ਆਮ ਲੋਕਾਂ (ਜਿਨ੍ਹਾਂ ਦੀ ਕਿਰਤ ਤੇ ਕੁੱਲ ਸੰਸਾਰੀ ਜੀਵਨ ਨਿਰਭਰ ਕਰਦਾ ਹੈ) ਦੇ ਦੁੱਖਾਂ ਭਰੇ ਜੀਵਨ ਨੂੰ ਸੁਧਾਰਨਾ ਤਾਂ ਇੱਕ ਪਾਸੇ, ਸੁਧਾਰਨ ਲਈ ਸੋਚਣ ਤੱਕ ਦੀ ਭੀ ਸੋਚ ਵੀ ਮਨ ਵਿੱਚ ਨਾ ਸੀ ਲਿਆਂਦੀ। ਜੋ ਇਹ ਔਖਾ ਪਰ ਭਲਾ ਕੰਮ ਆਖਰ ਭਗਤੀ ਲਹਿਰ ਦੇ ਸਤਿਕਾਰ ਯੋਗ ਭਗਤ ਸਾਹਿਬਾਨ, ਜੋ ਆਪ ਕਿਰਤੀ ਸਮਾਜ ਦੇ ਅੰਗ ਸਨ, ਨੂੰ ਬੜੀ ਦਲੇਰੀ ਨਾਲ ਕਰਨਾ ਪਿਆ ਅਤੇ ਕ੍ਰਾਂਤੀਕਾਰ ਬਚਨਾਂ ਰਾਹੀਂ ਫੋਕਟ ਕਰਮ ਕਾਂਡ ਵਿੱਚ ਆਪ ਫਸੇ ਤੇ ਲੋਕਾਂ ਨੂੰ ਉਨ੍ਹਾਂ ਵਿੱਚ ਫਸਾ ਰਹੇ ਧਰਮ ਦੇ ਠੇਕੇਦਾਰਾਂ ਨੂੰ ਟੁੰਬਿਆ ਅਤੇ ਹਲੂਣਾ ਦਿੱਤਾ। ਪਰ ਇਸ ਨਾਲ ਧਰਮ ਦੇ ਠੇਕੇਦਾਰਾਂ ਨੂੰ ਕੋਈ ਖਾਸ ਫਰਕ ਨਾ ਪਿਆ, ਸਗੋਂ ਉਨ੍ਹਾਂ ਨੇ ਆਪਣੇ ਜੋਟੀਦਾਰ ਹੁਕਮਰਾਨ ਟੋਲੇ ਰਾਹੀਂ ਭਗਤ ਸਾਹਿਬਾਨ ਤੇ ਕਾਫੀ ਜ਼ੁਲਮ ਢਾਏ। ਭਗਤ ਸਾਹਿਬਾਨ ਦੇ ਕ੍ਰਾਂਤੀਕਾਰੀ ਤੇ ਸਿੱਖਿਆਦਾਇਕ ਬਚਨਾਂ ਤੋਂ ਢੁੱਕਵੀਂ ਸਿੱਖਿਆ ਗ੍ਰਹਿਣ ਕਰਨ ਦੀ ਥਾਂ ਉਨ੍ਹਾਂ ਨੂੰ ਤੰਗ ਕਿਉਂ ਕੀਤਾ ਗਿਆ? ਇਸ ਲਈ ਕਿ ਉਨ੍ਹਾਂ ਕੋਲ ਜ਼ਾਲਮ ਦਾ ਟਾਕਰਾ ਕਰਨ ਲਈ ਲੋੜੀਂਦੀ ਸ਼ਕਤੀ ਦੀ ਅਣ-ਹੋਂਦ ਸੀ। ਇੱਥੋਂ ਅੱਗੇ ਗੁਰੂ ਨਾਨਕ ਸਾਹਿਬ, ਉਪਰ ਦੱਸੇ ਵਾਂਗ, ਲਹਿਰ ਨੂੰ ਅਮਲੀ ਰੂਪ ਦੇ ਕੇ ਇੱਕ ਖਾਸ ਹੱਦ ਤੇ ਪੁਜਾ ਦਿੰਦੇ ਹਨ। ਗੁਰੂ ਸਾਹਿਬ ਭਗਤੀ ਤੇ ਸ਼ਕਤੀ ਦਾ ਕਿਰਦਾਰ ਬਚਪਨ ਵਿੱਚ ਪੜ੍ਹਾਈ, ਜਨੇਊ ਆਦਿ ਦੇ ਸਮੇਂ ਤੋਂ ਹੀ ਅਸਰਦਾਇਕ ਤੇ ਪ੍ਰਭਾਵਤ ਸ਼ਕਲ ਅਖਤਿਆਰ ਕਰ ਲੈਂਦਾ ਹੈ। ਉਦਾਸੀਆਂ ਸਮੇਂ ਇਹ ਹੋਰ ਵੀ ਪ੍ਰਚੰਡ ਰੂਪ ਧਾਰ ਗਿਆ ਜਦ ਵੱਖ ਵੱਖ ਧਰਮਾਂ ਤੇ ਵਿਚਾਰਾਂ ਦੇ ਵਿਦਵਾਨਾਂ, ਪੰਡਤਾਂ ਤੇ ਵਿਚਾਰਵਾਨਾਂ ਨਾਲ ਉਨ੍ਹਾਂ ਦੇ ਪੂਜਨੀਕ ਅਸਥਾਨਾਂ ਉੱਪਰ ਉਨ੍ਹਾਂ ਨੂੰ ਆਪਣੇ ਅਕੱਟ ਤੇ ਸਦੀਵ ਕਾਲ ਲਈ ਸੱਚੀ ਸੁੱਚੀ ਸੇਧ ਦੇਣ ਵਾਲੇ ਬਚਨਾਂ ਨਾਲ ਕਾਇਲ ਕਰ ਲਿਆ। ਇੱਥੇ ਹੀ ਬੱਸ ਨਹੀਂ, ਇਸ ਭਗਤੀ ਤੇ ਸ਼ਕਤੀ ਅੱਗੇ ਬਾਬਰ ਜਿਹੇ ਜਾਬਰ ਅਤੇ ਉਸ ਦੇ ਪੁੱਤਰ ਹਮਾਯੂਂ ਨੂੰ ਭੀ ਗੋਡੇ ਟੇਕਣੇ ਪਏ। ਸਮਰਾਟ ਅਕਬਰ ਤਾਂ ਇਸ ਲਹਿਰ ਦਾ ਜਿਵੇਂ ਆਸ਼ਿਕ ਹੀ ਹੋ ਗਿਆ।
ਅੱਗੇ ਚੱਲ ਕੇ ਉਹ ਭਗਤੀ, ਜੋ ਜਾਬਰਾਂ ਅੱਗੇ ਬੱਕਰੀ ਤੇ ਭੇਡ ਵਾਂਗ, ਬਿਨਾਂ ਕੋਈ ਆਢਾ ਲਏ ਜਾਂ ਕਿਸੇ ਦੇ ਰਹਿਮ ਤੇ ਸਾਹ ਲੈ ਰਹੀ ਸੀ, ਜਾਂ ਰਾਹ ਵਿੱਚੋਂ ਵਖ ਕਰ ਦਿੱਤੀ ਜਾਂਦੀ ਸੀ, ਹੁਣ ਆਪਣੇ ਆਪ ਨੂੰ ਸਦੀਵ ਕਾਲ ਲਈ ਕਾਇਮ ਰੱਖਣ ਲਈ, ਕਿਸੇ ਦੇ ਰਹਿਮ ਜਾਂ ਕਿਸੇ ਦੀ ਈਨ ਮੰਨਣ ਦੀ ਥਾਂ ਇੱਕ ਨਵੇਂ ਢੰਗ ਦੁਆਰਾ ਸਦਾ ਕਾਇਮ ਰਹਿਣ ਤੇ ਯਾਦ ਰੱਖੀ ਜਾਣ ਵਾਲੀ ਸ਼ਹੀਦੀ ਦਾ ਰੂਪ ਧਾਰ ਗਈ। ਇਸ ਸ਼ਹੀਦੀ ਨੇ ਫਿਰ ਦੋਹਾਂ ਕੱਟੜ ਤੇ ਤੁਅੱਸਵੀ ਧਾਰਮਿਕ ਆਗੂਆਂ ਅਤੇ ਜਾਬਰ ਹੁਕਮਰਾਨਾਂ ਵਲੋਂ ਕੀਤੀ ਜਾਣ ਵਾਲੀ ਕਿਸੇ ਵਧੀਕੀ, ਬੇਇਨਸਾਫੀ ਜਾਂ ਹੋਣ ਵਾਲੇ ਜ਼ੁਲਮ ਵਿਰੁੱਧ ਲੋੜੀਂਦੀ ਬਰਾਬਰ ਦੀ ਟੱਕਰ ਲੈਣ ਲਈ ਲੋੜੀਂਦੀ ਸ਼ਕਤੀ ਕੋਲ ਹੋਣ ਵੱਲ ਇਸ਼ਾਰਾ ਕਰ ਦਿੱਤਾ, ਜੋ ਹਿੰਦੋਸਤਾਨ ਦੇ ਇਤਿਹਾਸ ਵਿੱਚ ਪਹਿਲੀ ਵਾਰ ਇੱਕ ਖਾਸ ਮਿਸਾਲ ਸੀ। ਇਸ ਨੇ ਭਗਤੀ (ਭਾਵ ਅਜ਼ਾਦਾਨਾ ਤੌਰ ਤੇ ਆਪਣੇ ਆਪਣੇ ਢੰਗ ਨਾਲ ਪੂਜਾ ਪਾਠ ਕਰਨ ਤੇ ਬੇਫਿਕਰੀ ਦਾ ਜੀਵਨ ਜੀਉਣ ਵਾਲੀ) ਦੀ ਢੁੱਕਵੀਂ ਰੱਖਿਆ ਕਰਨੀ ਸ਼ੁਰੂ ਕਰ ਦਿੱਤੀ। ਇਹ ਹੀ ਨਹੀਂ ਜ਼ਾਲਮ ਹੁਕਮਰਾਨਾਂ ਦੀ ਜੇਲ੍ਹ ਵਿੱਚ ਕੈਦ ਕੀਤੇ ਰਾਜਿਆਂ ਤੱਕ ਨੂੰ ਅਜ਼ਾਦ ਤੱਕ ਕਰਵਾ ਲਿਆ। ਆਪਣੇ ਅਸੂਲਾਂ ਤੇ ਸਿਧਾਂਤ (ਰੱਬੀ ਪਿਆਰ ਵਿੱਚ ਭਿੱਜੀਆਂ ਰੂਹਾਂ –ਭਗਤ ਸਾਹਿਬਾਨ ਤੇ ਗੁਰੂ ਸਾਹਿਬਾਨ – ਰਾਹੀਂ ਪ੍ਰਗਟ ਹੋਏ) ਦੀ ਰੱਖਿਆ ਦੀ ਹੱਦ ਨੂੰ ਟੱਪ ਕੇ ਹੋਰ ਕਿਸੇ ਦੇ ਅਸੂਲਾਂ ਜਾਂ ਸਿਧਾਂਤ (ਜਿੱਸ ਨਾਲ ਆਪਣੀ ਸਹਿਮਤੀ ਬੇਸ਼ੱਕ ਨਾ ਵੀ ਹੋਵੇ) ਦੀ ਰੱਖਿਆ, ਆਪਣੀ ਸ਼ਹੀਦੀ ਤੱਕ ਦੇ ਕੇ, ਕਰਨ ਨਾਲ ਸਰਬੱਤ ਦੇ ਭਲੇ ਦੀ ਅਦੁੱਤੀ ਮਿਸਾਲ ਪੈਦਾ ਕਰ ਦਿੱਤੀ। ਇਹ ਪੰਦਰਵੀਂ ਸਦੀ ਵਿੱਚ ਚਲਾਈ ਲਹਿਰ ਸਤਾਰ੍ਹਵੀਂ ਸਦੀ ਦੇ ਅੰਤ ਵਿੱਚ ਉਨ੍ਹਾਂ ਸਿਖਰਾਂ ਤੇ ਪੁੱਜ ਗਈ ਜਿੱਸ ਨੇ ਅਜੋਕੇ ਸਮੇਂ ਦੇ ਸੰਯੁਕਤ ਰਾਸ਼ਟਰ
(United Nations) ਨੂੰ ਮਨੁੱਖੀ ਹੱਕਾਂ ਦਾ ਅਧਿਕਾਰ ਪੱਤਰ (Charter) ਬਨਾਉਣ ਵਿੱਚ ਢੁੱਕਵੀਂ ਸੇਧ ਦੇਣ ਦਾ ਬੇਮਿਸਾਲ ਕੰਮ ਕੀਤਾ।
ਆਖਰ ਉਨ੍ਹਾਂ ਕਿਰਤੀਆਂ ਨੂੰ, ਜਿਹੜੇ ਕਿਸੇ ਵਿਦਵਾਨ ਦੇ ਕਥਨ ਅਨੁਸਾਰ, “ਦਹਿਸ਼ਤ ਰੂਪ ਹਨੇਰੇ ਅੰਦਰ ਮਰੀ ਮਿੱਟੀ ਦੇ ਮਨੁੱਖ ਹੀ ਸਨ, “ ਜਿਨ੍ਹਾਂ ਦੇ ਹੱਕ (ਭਾਵ ਜਿਨ੍ਹਾਂ ਨੂੰ ਕਿਸੇ ਤਰ੍ਹਾਂ ਦੇ ਧਰਮ ਕਰਮ ਕਰਨ, ਪੜ੍ਹਨ ਲਿਖਣ, ਅਜ਼ਾਦਾਨਾਂ ਤੁਰਨ ਫਿਰਨ ਆਦਿ ਦੀ ਮਨਾਹੀ ਸੀ) ਲੈਣ ਤੇ ਮਾਨਣ ਵਾਸਤੇ ਤਿਆਰ ਕਰਨ ਲਈ ਇੱਕ ਖਾਸ ਇਕੱਠ ਵਿੱਚ ਇੱਕ ਮਾਲਾ ਵਿੱਚ ਪਰੋ ਦਿੱਤਾ ਗਿਆ। ਹਿੰਦੋਸਤਾਨੀ ਇਤਿਹਾਸ ਵਿੱਚ ਐਸੀ ਇਕਮਿਕਤਾ ਤੇ ਬਰਾਬਰਤਾ ਨੇ ਜਿੱਥੇ ਆਮ ਲੋਕਾਂ ਨੂੰ ਖੁਸ਼ੀ ਤੇ ਦਲੇਰੀ ਬਖਸ਼ੀ ਤੇ ਦੁਨੀਆਂ ਨੂੰ ਦੰਗ ਕਰ ਦਿੱਤਾ ਉੱਥੇ ਖਿਆਲੀ ਫਲਸਫੇਦੇ ਮਾਲਕ ਤੇ ਇਨਸਾਨੀ ਦਰਦ ਤੋਂ ਸੱਖਣੇ ਧਰਮ ਦੇ ਤੰਗ-ਦਿਲ ਠੇਕੇਦਾਰਾਂ ਤੇ ਤੁਅਸਵੀ ਅਤੇ ਜਾਬਰ ਹੁਕਮਰਾਨਾਂ ਨੂੰ ਝੰਜੋੜ ਕੇ ਰੱਖ ਦਿੱਤਾ। ਇੱਥੇ ਹਰ ਵਰਗ ਦੇ ਲੋਕਾਂ ਤੇ ਖਾਸ ਕਰਕੇ ਕਿਰਤੀਆਂ ਨੇ ਭਗਤੀ ਤੇ ਸ਼ਕਤੀ (ਪੀਰੀ ਮੀਰੀ) ਦੇ ਅਧਾਰ ਤੇ ਇਹ ਸਹੁੰ ਚੁੱਕ ਲਈ ਕਿ “ਅਸੀਂ ਸਾਡੇ ਵਿੱਚ ਚਲਾਕ ਬੰਦੇ ਵਲੋਂ ਪਾਏ ਗਏ ਜਾਤਾਂ ਦੇ ਵਖਰੇਵੇਂ ਮਿਟਾ ਕੇ ਇੱਕੋ ਧਰਮ (ਖਾਲਸਾ ਧਰਮ) ਤੇ ਚੱਲਾਂਗੇ, ਇੱਕ ਦੂਜੇ ਨਾਲ ਖੁੱਲ ਕੇ ਮਿਲਾਂ ਜੁਲਾਂਗੇ, ਪੁਰਾਣੇ ਵਹਿਮ ਭਰਮ ਪਾਊ ਗ੍ਰੰਥਾਂ ਵਿੱਚ ਵਿਸ਼ਵਾਸ਼ ਨਹੀਂ ਰੱਖਾਂਗੇ, ਰਾਮ, ਕ੍ਰਿਸ਼ਨ, ਦੁਰਗਾ ਆਦਿ ਦੀ ਪੂਜਾ ਨਹੀਂ ਕਰਾਂਗੇ। ਹਿੰਦੂ ਤੀਰਥਾਂ ਆਦਿ ਦੀ ਯਾਤਰਾ ਨਹੀਂ ਕਰਾਂਗੇ, ਸਿਰਫ ਗੁਰੂ ਗ੍ਰੰਥ ਸਾਹਿਬ ਤੇ ਵਿਸ਼ਵਾਸ਼ ਰੱਖਾਂਗੇ” ਸਾਰੀਆਂ ਜਾਤਾਂ ਨੇ ਇੱਕੋ ਬਾਟੇ ਵਿੱਚੋਂ ਅੰਮ੍ਰਿਤ ਛੱਕ ਕੇ ਹਰ ਤਰ੍ਹਾਂ ਦੀ ਨਫਰਤ ਦੂਰ ਕਰਕੇ ਆਪਸੀ ਪਿਆਰ ਦੀਆਂ ਗਲਵੱਕੜੀਆਂ ਪਾ ਲਈਆਂ ਅਤੇ ਸਭਨਾਂ ਦਾ ਭਲਾ ਲੋੜਨ ਤੇ ਕਰਨ ਲਈ ਬਚਨਬੱਧ ਹੋ ਗਏ। ਇੱਥੇ ਉਨ੍ਹਾਂ ਨੂੰ ਇਹ ਖਾਸ ਸਬਕ ਪੜ੍ਹਾਇਆ ਗਿਆ ਕਿ “ਮਨੁੱਖ ਦਾ ਧਰਮ ਜ਼ਬਰ, ਜ਼ੁਲਮ ਅਤੇ ਅਨਿਆਏ ਨੂੰ ਸਹਾਰਨਾ ਨਹੀਂ ਬਲਕਿ ਦੂਸਰੇ ਮਨੁੱਖ ਲਈ ਜੀਵਨ ਦੇ ਸੁਖਾਵੇਂ ਵਾਯੂ-ਮੰਡਲ ਨੂੰ ਪੈਦਾ ਕਰਨ ਲਈ ਇੱਕ ਅਜਿਹਾ ਸੰਗਰਾਮ ਕਰਨਾ ਹੈ ਤਾਂ ਜੋ ਵਿਸ਼ਵ ਭਰ ਦੀ ਮਨੁੱਖਤਾ ਇੱਕ ਭਾਈਚਾਰੇ ਦੇ ਰੂਪ ਵਿੱਚ ਵਧ ਫੁੱਲ ਸਕੇ”।
ਫਿਰ ਕੀ ਹੋਇਆ? ਜੋ ਆਪਣੇ ਆਪ ਨੂੰ ਨਿਕੰਮੇ, ਦਲਿੱਦਰੀ ਤੇ ਘਟੀਆ ਸਮਝਦੇ ਸਨ, ਉਨ੍ਹਾਂ ਨੂੰ ਇੰਝ ਪ੍ਰਤੀਤ ਹੋਇਆ ਕਿ ਉਨ੍ਹਾਂ ਵਿੱਚ ਕੋਈ ਲੁਪਤ ਸ਼ਕਤੀ ਉਜਾਗਰ ਕਰ ਦਿੱਤੀ ਗਈ ਹੈ, ਜਾ ਐਸੀ ਸ਼ਕਤੀ ਭਰ ਦਿੱਤੀ ਗਈ ਹੈ ਕਿ ਉਹ ਸਭਨਾਂ ਦੇ ਬਰਾਬਰ ਹੁੰਦੇ ਹੋਏ ਭੀ ਉਹ ਕੁੱਛ ਕਰ ਸਕਦੇ ਹਨ ਜਿਸ ਨਾਲ ਉਹ ਦੁਨੀਆਂ ਦੇ ਬੜੇ ਬੜੇ ਜਰਨੈਲਾਂ, ਹੁਕਮਰਾਨਾਂ, ਵਿਦਵਾਨਾਂ ਆਦਿ ਦਾ ਮੂੰਹ ਮੋੜ ਦੇਣਾ ਮਾਮੂਲੀ ਹੀ ਸਮਝਣ। ਇਹ ਫਿਰ ਐਸੇ ਸਿਰਲੱਥ ਸੂਰਮੇ, ਜਰਨੈਲ, ਧੁਰੰਦਰ ਵਿਦਵਾਨ ਆਦਿ ਹੋ ਨਿਬੜੇ ਜੋ ਸਿੱਖ ਇਤਿਹਾਸ ਦੇ ਪੰਨਿਆਂ ਦਾ ਸ਼ਿੰਗਾਰ ਬਣ ਗਏ। ਇਹ ਹੀ ਨਹੀਂ, ਬਾਦਸ਼ਾਹੀ ਦੇ ਹਕਦਾਰ ਹੋਣ ਦਾ ਦਾਅਵਾ ਜਤਾਉਂਦੇ ਹੋਏ ਨਵਾਬੀਆਂ ਨੂੰ ਲੱਤ ਮਾਰਨ, ਸ਼ਾਹੀ ਖਾਨਦਾਨ ਦੀਆਂ ਸ਼ਹਿਜ਼ਾਦੀਆਂ ਦੇ ਡੋਲੇ ਲੈਣ ਤੋਂ ਇਨਕਾਰੀ ਹੋਣ, ਜਾ ਹੋਰ ਕਈ ਤਰ੍ਹਾਂ ਦੇ ਲਾਲਚ ਨਾਲ ਨਾ ਭਰਮਾਏ ਜਾਣ ਵਾਲੇ ਇਤਨੀ ਸ਼ਕਤੀ, ਸਬਰ, ਸੰਤੋਖ ਤੇ ਦਲੇਰੀ ਦੇ ਮਾਲਕ ਬਣ ਗਏ ਕਿ ਆਪਣੇ ਪਿਆਰੇ ਗੁਰੂ ਲਈ ਹਰ ਕੁਰਬਾਨੀ ਕਰਨ ਵਾਲੇ ਨਾਇਕ ਬਣ ਗਏ। ਆਪਣੇ ਪਿਆਰੇ ਗੁਰੂ ਲਈ ਤਾਂ ਹਰ ਤਰ੍ਹਾਂ ਦੀ ਕੁਰਬਾਨੀ ਤਾਂ ਪਹਿਲਾਂ ਮਿਲੀ ਆਜ਼ਾਦੀ ਦੀ ਸਿੱਖਿਆ ਰਾਹੀਂ ਇਸ ਤੋਂ ਪਹਿਲਾਂ ਵੀ ਕਰਦੇ ਆ ਰਹੇ ਸਨ, ਜਿਵੇਂ ਗੁਰੂ ਸਾਹਿਬ ਲਈ ਲਿਆਂਦੇ ਸਿੱਖਾਂ ਪਾਸੋਂ ਖੋਹੇ ਗਏ ਘੋੜੇ ਸ਼ਾਹੀਂ ਮਹਿਲਾਂ ਵਿੱਚੋਂ ਲਿਆਉਣੇ, ਪਿਆਰੇ ਗੁਰੂ ਜੀ ਦੇ ਪਵਿੱਤਰ ਸੀਸ ਨੂੰ ਦਲੇਰੀ ਨਾਲ ਚੁੱਕ ਕੇ ਆਨੰਦਪੁਰ ਸਾਹਿਬ ਪਹੁੰਚਾਉਣਾ ਤੇ ਪਵਿੱਤਰ ਧੜ ਨੂੰ ਆਪਣੇ ਘਰ ਨੂੰ ਅਗਨਭੇਂਟ ਕਰਕੇ ਸਸਕਾਰ ਕਰਨਾ। ਹੁਣ ਅਕਲ ਦੇ ਨਾਲ ਜੋਸ਼ (ਸ਼ਾਸਤਰ ਤੇ ਸ਼ਸਤਰ) ਦੀ ਵਰਤੋਂ ਵੀ ਕਰਨ ਦੇ ਮਾਹਰ ਬਣ ਗਏ। ਗੁਰੂ ਘਰ ਦੇ ਘਾਹੀ ਤੱਕ ਮਹਾਨ ਵਿਦਵਾਨ ਤੇ ਕਵੀ ਨੂੰ ਕਵਿਤਾ ਰਾਹੀਂ ਹਰਾਉਣ ਅਤੇ ਵਰਤਮਾਨ ਸਮੇਂ 19ਵੀਂ ਸਦੀ ਦੇ ਅੰਤ ਵਿੱਚ ਅਖੌਤੀ ਉਚ ਸ਼੍ਰੇਣੀ ਦੇ ਵਿਦਵਾਨ (ਸਵਾਮੀ ਦਇਆ ਨੰਦ ਜੀ) ਨੂੰ ਧਾਰਮਿਕ ਸੰਵਾਦ ਵਿੱਚ ਤਿੰਨ ਵਾਰ ਹਰਾਉਣ ਵਾਲੇ (ਅੱਜਕਲ ਦੇ ਅਖੌਤੀ ਦਲਿਤ) ਗਿ. ਦਿੱਤ ਸਿੰਘ ਜੀ, ਗੁਰੂ ਸਾਹਿਬ ਵਲੋਂ ਬਖਸ਼ੀ ਸਿੱਖੀ ਦਾ ਨਾਮ ਚਮਕਾਉਣ ਵਾਲੇ ਹੋ ਗੁਜ਼ਰੇ ਹਨ। ਭਾਵ ਮਹਾਨ ਭਗਤ ਸਾਹਿਬਾਨ ਤੇ ਗੁਰੂ ਸਾਹਿਬਾਨ ਦੇ ਸਿਧਾਂਤ ਤੇ ਅਧਾਰਤ ਚਲਾਈ ਕ੍ਰਾਂਤੀਕਾਰੀ ਲਹਿਰ ਦੀ ਉਪਜ ਹਨ। ਭਾਈ ਸਾਹਿਬ ਜੀਵਨ ਸਿੰਘ ਅਤੇ ਚਮਕੌੜ ਗੜ੍ਹੀ ਦੇ ਮਹਾਨ ਨਾਇਕ ਭਾਈ ਸੰਗਤ ਸਿੰਘ ਜੀ ਇਸੇ ਸ਼੍ਰੇਣੀ ਨੂੰ ਚਾਰ ਚੰਦ ਲਗਾਉਣ ਵਾਲੇ ਤੇ ਸਿੱਖ ਇਤਿਹਾਸ ਨੂੰ ਅਮੀਰ ਬਨਾਉਣ ਵਾਲੇ ਉਨ੍ਹਾਂ ਮਹਾਨ ਯੋਧਿਆਂ, ਮ. ਜੱਸਾ ਸਿੰਘ ਆਹਲੂਵਾਲੀਆ ਤੇ ਮ. ਜੱਸਾ ਸਿੰਘ ਰਾਮਗੜ੍ਹਆ (ਅਖੌਤੀ ਨੀਵੀਂ ਜਾਤਾਂ) ਦੀ ਕਤਾਰ ਵਿੱਚ ਗਿਣੇ ਜਾਣ ਵਾਲੇ ਹਨ। ਜਿਨ੍ਹਾਂ ਨੇ ਆਖਰ ਇੱਕ ਵਿਸ਼ਾਲ ਰਾਜ ਸਥਾਪਤ ਕਰ ਦਿਖਾਇਆ। ਇਹ ਸੀ ਕ੍ਰਾਂਤੀਕਾਰੀ ਸਿਧਾਂਤ ਰਾਹੀਂ ਕਿਰਤੀ ਵਰਗ ਦੀ ਏਕਤਾ ਦਾ ਨਤੀਜਾ।
ਏਕਤਾ ਕਿਵੇਂ ਹੋਈ? ਕਿਰਤੀਆਂ ਦੀ ਧਾਰਮਿਕ ਆਗੂਆਂ ਅਤੇ ਹੁਕਮਰਾਨਾਂ ਵਲੋਂ ਹੋ ਰਹੀ ਖੁਲੇਆਮ ਲੁੱਟ ਨੂੰ ਦੇਖ ਕੇ ਉਨ੍ਹਾਂ ਵਿੱਚ ਆਪਸੀ ਏਕਤਾ ਹੋਣੀ ਗੁਰੂ ਨਾਨਕ ਸਾਹਿਬ ਜੀ ਨੇ ਜ਼ਰੂਰੀ ਸਮਝ ਕੇ ਉਨ੍ਹਾਂ ਅਖੌਤੀ ਨੀਵੀਂ ਜਾਤ ਕਿਰਤੀਆਂ ਦੇ ਮਹਾਨ ਭਗਤ ਸਾਹਿਬਾਨ ਦੀ ਰੱਬੀ ਬਾਣੀ ਇਸ ਲਈ ਇਕੱਤਰ ਕੀਤੀ ਤਾਕਿ ਇਸ ਸਿਧਾਂਤਕ ਭਰਪੂਰ ਬਾਣੀ ਨੂੰ ਵਿਧਾਂਤਕ ਹੀ ਨਹੀਂ ਗੁਰੂ ਰੂਪ ਵਿੱਚ ਸਰਬਪੱਖੀ ਸੇਧ ਦੇਣ ਲਈ ਅਟੱਲ ਵਿਧਾਨ ਵਜੋਂ ਵਰਤਿਆ ਜਾਵੇ ਤੇ ਸਦੀਵੀ ਏਕਤਾ ਬਣੀ ਰਹੇ। ਇਹ ਮਹਾਨ ਕਾਰਜ ਗੁਰੂ ਅਰਜਨ ਦੇਵ ਜੀ ਨੇ ਆਦਿ ਗ੍ਰੰਥ ਸਾਹਿਬ ਦੀ ਸੰਪਾਦਨਾ ਕਰਨ ਸਮੇਂ ‘ਨਾਨਕ` ਨਾਮ ਬਾਣੀ ਦੇ ਨਾਲ ਭਗਤ ਸਾਹਿਬਾਨ ਦੀ ਬਾਣੀ ਅੰਕਤ ਕਰਨ ਸਮੇਂ ਹਰ ਸਤਿਕਾਰਯੋਗ ਭਗਤ ਸਾਹਿਬ ਦੇ ਨਾਮ ਨਾਲ “ਬਾਣੀ ਭਗਤ ਕਬੀਰ ਜੀਉ”, “ਬਾਣੀ ਭਗਤ ਰਵਿਦਾਸ ਜੀਉ”, “ਬਾਣੀ ਭਗਤ ਨਾਮਦੇਵ ਜੀਉ” ਆਦਿ ਵਰਤ ਕੇ ਸਤਿਕਾਰ ਦਿੱਤਾ। ਆਖਰ ਗੁਰੂ ਗੋਬਿੰਦ ਸਿੰਘ ਜੀ ਨੇ ਏਕੇ ਵਿੱਚ ਪਰੋਏ ਖਾਲਸਾ ਪੰਥ ਨੂੰ ਸ਼ਬਦ ਗੁਰੂ ਸਾਹਿਬ ਦੇ ਲੜ ਲਾ ਕੇ ਏਕਤਾ ਨੂੰ ਐਸੇ ਪੱਕੇ ਰੂਪ ਵਿੱਚ ਬੰਨ੍ਹ ਦਿੱਤਾ, ਜਿਸ ਦੇ ਫਲਸਰੂਪ ਜਿੱਧਰ ਭੀ ਕਿਸੇ ਮੋਰਚੇ ਨੂੰ ਸਰ ਕਰਨ ਤੁਰੇ, ਫਤਹਿ ਪ੍ਰਪਤ ਕਰਦੇ ਰਹੇ। ਆਖਰ ਵਿੱਚ ਅਤਿ ਦੇ ਤਸੀਹੇ ਸਹਿੰਦੇ ਤੇ ਮੁਸ਼ਕਲਾਂ ਦਾ ਟਾਕਰਾ ਕਰਦੇ ਹੋਏ ਉਪਰ ਦੱਸੇ ਵਾਂਗ ਵਿਸ਼ਾਲ ਰਾਜ ਸਥਾਪਤ ਕਰ ਲਿਆ। ਐਸੇ ਦੂਰ ਅੰਦੇਸ਼ੀ ਨਾਲ ਬਣਾਏ ਏਕੇ ਵਿੱਚ ਕਦੇ ਤ੍ਰੇੜ ਨਾ ਸੀ ਪੈਣੀ ਚਾਹੀਦੀ।
ਗੁਰੂ ਨਾਨਕ ਸੋਚ, ਜੋ ਆਮ ਲੋਕਾਂ ਤੇ ਖਾਸ ਕਰ ਕਿਰਤੀਆਂ ਨੂੰ ਜਾਗਰਤ ਰੂਪ ਵਿੱਚ ਬਰਾਬਰ ਦੇ ਭੈਣ ਭਰਾ ਸਮਝ ਕੇ ਨਾਲ ਲੈ ਕੇ ਆਜ਼ਾਦ, ਸਵੈਵਿਸ਼ਵਾਸ਼ ਅਤੇ ਮਾਣ ਨਾਲ ਚੱਲਣਾ ਚਾਹੁੰਦੀ ਹੈ, ਬਿੱਪਰ ਸੋਚ ਜੋ ਉਸ ਦੇ ਉਲਟ ਆਪਣੇ ਆਪ ਤੇ ਆਪਣੇ ਨਾਲ ਦੇ ਸਾਥੀਆਂ ਨੂੰ ਅਖੌਤੀ ਉਚ ਜਾਤੀ ਦਰਸਾ ਕੇ, ਹੋਰਨਾਂ ਨੂੰ ਰਹਿੰਦ ਖੂੰਦ ਸਮਝ ਕੇ ਉਨ੍ਹਾਂ ਨੂੰ ਕੰਮ ਕਾਰ ਵਿੱਚ ਹੀ ਰੁੱਝੇ ਰੱਖ ਕੇ ਉਨ੍ਹਾਂ ਦੀ ਬਰਾਬਰ ਦੀ ਸੋਚ ਤੋਂ ਵਾਂਝੇ ਰੱਖਣਾ ਚਾਹੁੰਦੀ ਹੈ, ਗੁਰੂ ਨਾਨਕ ਸੋਚ ਨੂੰ ਕਦ ਚਾਹੇਗੀ ਕਿ ਸਫਲਤਾ ਨਾਲ ਚਲਦੀ ਰਹੇ। ਇਹ ਹੀ ਕਾਰਨ ਸੀ ਕਿ 1947 ਦੀ ਅਖੌਤੀ ਆਜ਼ਾਦੀ ਦੇ ਸਮੇਂ ਸਿੱਖਾਂ ਨੂੰ ਭਰਮਾ ਕੇ ਆਪਣੇ ਨਾਲ ਰੱਖ ਕੇ, ਭਾਵ ਪਿੰਜਰੇ ਵਿੱਚ ਬੰਦ ਕਰਕੇ ਤੇ ਹਰ ਪੱਖੋਂ ਹੱਥ ਕੱਟ ਕੇ ਗੁਰੂ ਨਾਨਕ ਸਾਹਿਬ ਦੀ ਆਜ਼ਾਦੀ, ਬਰਾਬਰਤਾ ਤੇ ਏਕਤਾ ਦੀ ਸੋਚ ਨੂੰ ਤਹਿਸ ਨਹਿਸ ਕਰਨਾ ਸ਼ੁਰੂ ਕਰ ਦਿੱਤਾ। ਕਿਉਂਕਿ ਗੁਰੂ ਨਾਨਕ ਜੋਤ ਨੇ ਸਤਿਕਾਰਯੋਗ ਭਗਤ ਸਾਹਿਬਾਨ ਦੀ ਬਿੱਪਰ ਵਿਰੁੱਧ ਵੰਗਾਰ ਭਰੀ ਸੋਚ ਨੂੰ ਬਰਾਬਰਤਾ ਦੇ ਅਮਲੀ ਖੇਤਰ ਵਿੱਚ ਲਾਗੂ ਕਰ ਦਿੱਤਾ ਸੀ, ਜੋ ਬਿੱਪਰ ਨੂੰ ਕਿਸੇ ਪੱਖੋਂ ਵੀ ਮਨਜ਼ੂਰ ਨਹੀਂ ਸੀ। ਸੋ ਵਰਤਮਾਨ ਸਮੇਂ ਦੀ ਹਾਲਤ ਦੱਸ ਰਹੀ ਹੈ ਕਿ ਇਹ ਚਲਾਕ ਬਿੱਪਰਵਾਦੀ ਸੋਚ ਆਪਣੇ ਕੋਝੇ ਕਰਤੱਬ ਵਿੱਚ, ਕੁੱਛ ਹੀ ਨਹੀਂ, ਪੂਰੀ ਸਫਲ ਹੋ ਰਹੀ ਹੈ। ਤਾਹੀਉਂ ਤਾਂ ਇਸ ਮਨੁੱਖ ਮਾਰੂ ਬਿੱਪਰ ਸੋਚ, ਜੋ ਲੋਕਾਂ ਨੂੰ ਵਹਿਮਾਂ ਭਰਮਾਂ ਤੇ ਕਰਮ-ਕਾਂਡ ਦੀ ਦਲਦਲ ਵਿੱਚ ਫਸਾਉਂਦੀ ਹੈ ਅਤੇ ਆਪਸ ਵਿੱਚ ਲੜਾਉਂਦੀ ਹੈ, ਤੋਂ ਬਚਣ ਲਈ ਭਾਰਤ ਦੇ ਸਿਰਕੱਢ ਰੌਸ਼ਨ ਦਿਮਾਗ ਦਲਿਤ ਲੇਖਕ ਸ੍ਰੀ ਐਸ. ਐਸ. ਸਾਗਰ ਦਲਿਤ ਵੀਰਾਂ ਨੂੰ ਕਈ ਸੁਝਾ ਦਿੰਦੇ ਹੋਏ ਇਹ ਸਮਝਾਉਂਦੇ ਹਨ ਕਿ “ਦਲਿਤਾਂ ਉਪਰ ਅਤਿਆਚਾਰ ਹੋਰ ਕਿਸੇ ਨੇ ਨਹੀਂ, ਸਗੋਂ ਅਖੌਤੀ ਸਵਰਨ ਜਾਤੀ ਹਿੰਦੂਆਂ ਨੇ ਕੀਤੇ ਹਨ। ਦਲਿਤਾਂ ਨੂੰ ਸਿੱਖਾਂ ਨਾਲ ਵਧੀਆ ਸੰਬੰਧ ਕਾਇਮ ਕਰਨੇ ਚਾਹੀਦੇ ਹਨ”। ( ‘ਹਿੰਦੂ ਮਾਨਸਿਕਤਾ` ਪੁਸਤਕ ਵਿਚੋਂ)। ਸ੍ਰੀ ਪ੍ਰੇਮ ਪੈਂਥਰ ਜੀ ਰਵਿਦਾਸ ਭਾਈਚਾਰੇ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਲੜ ਲੱਗੇ ਰਹਿਣ ਤੇ ਜਾਗਰੂਕ ਹੋ ਕੇ ਸਿੱਖ ਕੌਮ ਨਾਲ ਮਿਲ ਕੇ ਬ੍ਰਾਹਮਣਵਾਦ ਨੂੰ ਖਤਮ ਕਰਨ ਦੀ ਸਲਾਹ ਦਿੰਦੇ ਹਨ ਤਾਕਿ “ਮਨੁੱਖਤਾ ਲਈ ਸ਼ਾਂਤਮਈ ਤੇ ਵਧੀਆ ਜੀਵਨ ਦਾ ਵਾਤਾਵਰਨ ਬਣ ਸਕੇ”। ਮਾਮੂਲੀ ਸਹੂਲਤਾਂ ਦੇ ਲਾਲਚ ਵੱਸ ਹੋ ਕੇ ਸਦਾ ਦੀ ਆਪਸੀ ਭਰਾ ਮਾਰੂ ਲੜਾਈ ਅਤੇ ਜਾਤਾਂ ਨਾਲ ਬੱਝੇ ਰਹਿਣ ਦੀ ਗੁਲਾਮੀ ਗਲੇ ਨਹੀਂ ਪਾਈ ਰੱਖਣੀ ਚਾਹੀਦੀ। ਸੋ ਸੱਭ ਕਿਰਤੀਆਂ ਨੂੰ ਜਾਗਣ ਤੇ ਇਕਮੁੱਠ ਹੋ ਕੇ ਵਿਨਾਸ਼ਕਾਰੀ ਬਿੱਪਰਵਾਦੀ ਸੋਚ ਨੂੰ ਹਰ ਪੱਖੋਂ ਅਸਫਲ ਕਰਨ ਦੀ ਅਤਿ ਜ਼ਰੂਰੀ ਸਦੀਵੀ ਮੰਗ ਹੈ। ਇਸ ਲਈ ਜ਼ਰੂਰੀ ਹੈ ਕਿ ਸੱਭ ਕਿਰਤੀ ਪੁਰਾਣੇ ਇਤਿਹਾਸ ਨੂੰ ਯਾਦ ਕਰਨ ਕਿ ਕਿਵੇਂ ਏਕੇ ਰਾਹੀਂ ਵੱਡੀ ਤੋਂ ਵੱਡੀ ਸਫਲਤਾ ਪ੍ਰਾਪਤ ਕੀਤੀ ਸੀ, ਪਰ ਫਿਰ ਫੁੱਟ ਪਾਊ ਸੋਚ ਕਈ ਤਰ੍ਹਾਂ ਦੇ ਲਾਲਚ ਦੇ ਕੇ ਏਕੇ ਵਿੱਚ ਪਾੜ ਪਾਉਣ ਵਿੱਚ ਸਫਲ ਰਹੀ ਸੀ, ਹੁਣ ਇਸ ਹਥਿਆਰ ਨੂੰ ਵਰਤ ਕੇ ਸਫਲ ਹੋ ਰਹੀ ਨੂੰ ਫਿਰ ਅਸਫਲ ਕੀਤਾ ਜਾ ਸਕਦਾ ਹੈ। ਕਿਉਂਕਿ ਦਿੱਲੀ ਦੀ ਕਿਸੇ ਪੱਖੋਂ ਝੁਕੀ ਹੋਈ ਰਾਜ ਸੱਤਾ ਕਿਸੇ ਵੀ ਸਮੇਂ ਆਪਣੇ ਰੂਪ ਨੂੰ ਬਦਲਦੀ ਰਹੀ ਹੈ ਤੇ ਬਦਲ ਸਕਦੀ ਹੈ।
ਸਿੱਖ ਭਾਰਤ ਨਾਲ ਇਸ ਲਈ ਰਹੇ ਸਨ ਕਿ ਉਨ੍ਹਾਂ ਦਾ ਜੋ ਗੁਰੂ ਸਾਹਿਬਾਨ ਵਲੋਂ ਬਖਸ਼ਿਆ ਸੁਤੰਤਰਤਾ ਦਾ ਜਮਾਂਦਰੂ ਹੱਕ ਮਿਲਿਆ ਹੋਇਆ ਹੈ ਅਤੇ ਭਾਰਤ ਦੇ “ਅਖੌਤੀ ਅਫਿਰਕੂ” ਵਿਧਾਨ ਅਨੁਸਾਰ ਸੱਭ ਨੂੰ ਬਰਾਬਰ ਦੇ ਹੱਕ ਹੋਣਗੇ, ਅਨੁਸਾਰ ਬਰਾਬਰਤਾ ਦੇ ਹੱਕ ਮਾਣ ਸਕਣਗੇ। ਪਰ ਸਿੱਖਾਂ ਵਾਸਤੇ ਸੱਭ ਕੁੱਛ ਉਲਟ ਹੋ ਰਿਹਾ ਹੈ ਅਤੇ ਸਿੱਖਾਂ ਨੂੰ ਬਦੇਸ਼ੀ ਸਮਝਿਆ ਜਾਂਦਾ ਹੈ, ਤਾਹੀਉਂ ਤਾਂ ਦੇਸ ਦੀ ਫੌਜ, ਜੋ ਬਾਹਰਲੇ ਦੇਸਾਂ ਦੇ ਵਿਰੁੱਧ ਵਰਤਣ ਲਈ ਹੁੰਦੀ ਹੈ, ਰਾਹੀਂ ਸਿੱਖਾਂ ਦੇ ਅਤਿ ਪਵਿੱਤਰ ਅਸਥਾਨ ਤੇ ਹਮਲਾ ਕਰਵਾਇਆ ਗਿਆ। ਇਹ ਹੈ ਦਿੱਲੀ ਦੀ ਰਾਜ ਸੱਤਾ ਦਾ ਬਹੁਰੂਪੀ ਚਿਹਰਾ! ਕੀ ਦਿੱਲੀ ਦੀ ਰਾਜ ਸੱਤਾ ਸਿੱਖਾਂ ਨਾਲ ਕੀਤੇ ਇਕਰਾਰ (ਭਾਵ ਲਾਰੇ) ਅਤੇ ਵਿਧਾਨ ਦਾ ਆਦਰ ਕਰਨਗੇ? ਲੱਗਦਾ ਹੈ ਕਿ ਨਹੀਂ, ਕਿਉਂਕਿ ਇਨ੍ਹਾਂ 67 ਸਾਲਾਂ ਵਿੱਚ ਜੋ ਸਿੱਖਾਂ ਨਾਲ ਹੀ ਨਹੀਂ, ਘੱਟ-ਗਿਣਤੀਆਂ ਨਾਲ ਕੀਤਾ ਗਿਆ ਹੈ, ਉਹ ਦਿਲ ਦੁਖਦਾਈ ਹੀ ਰਿਹਾ ਹੈ। ਇਸ ਵਾਸਤੇ ਤਾਂ ਉਪਰ ਦੱਸੇ ਵਾਂਗ ਆਪਸੀ ਏਕਤਾ, ਜੋ ਸਰਬ-ਸਾਂਝੇ ਗੁਰੂ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਜੋ ਕਿਰਤੀਆਂ ਨੂੰ ਖਾਸ ਕਰਕੇ ‘ਸੱਭ ਨੂੰ ਇਕੋ ਪਿਤਾ ਦੇ ਬੱਚੇ` ਹੋਣ ਕਰਕੇ ਆਪਸੀ ਪਿਆਰ ਨਾਲ ਰਹਿਣ ਲਈ ਆਖਦੇ ਹਨ, ਤਾਕਿ ਹਰ ਔਕੜ ਦਾ ਟਾਕਰਾ ਸੁਖਾਲਾ ਹੀ ਕੀਤਾ ਜਾ ਸਕੇ, ਹੀ ਇਸ ਦਾ ਹੱਲ ਹੈ, ਜੋ ਵੇਲੇ ਦੀ ਮੰਗ ਹੈ। ਇਸ ਲਈ ਕਿਸੇ ਤਰ੍ਹਾਂ ਦੀ ਦੇਰ ਨਹੀਂ ਹੋਣੀ ਚਾਹੀਦੀ। ਕਿਉਂਕਿ ਕੱਟੜ-ਪੰਥੀ ਬ੍ਰਾਹਮਣ ਵਾਦੀ ਸੋਚ ਤਾਂ ਅੱਜ ਖੁੱਲੇਆਮ ਬੇਧੜਕ ਹੋ ਕੇ ਕਹਿ ਰਹੀ ਹੈ ਕਿ ਹਿੰਦੋਸਤਾਨ (ਅਸਲੀ ਭਾਰਤ ਅਤੇ ਭਾਰਤ ਵਿੱਚ ਰਹਿਣ ਵਾਲੇ ਭਾਰਤੀ ਹਨ) ਵਿੱਚ ਰਹਿਣ ਵਾਲੇ ਸਾਰੇ ਆਪਣੇ ਆਪ ਨੂੰ ਹਿੰਦੂ ਹੀ ਕਹਿਣ। ਇਹ ਸ਼ਾਇਦ ਔਰੰਗਜ਼ੇਬ ਦੇ ਸਮੇਂ ਨੂੰ ਭੁੱਲ ਗਏ ਹਨ ਜਦ ਉਸ ਨੇ ਕਿਹਾ ਸੀ ਕਿ ਸਾਰਾ ਹਿੰਦੋਸਤਾਨ ਮੁਸਲਮਾਨ ਬਣਾ ਦੇਣਾ ਹੈ, ਤੇ ਇਹ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਦਰਬਾਰ ਲ੍ਹੇਲੜੀਆਂ ਕੱਢ ਕੇ ਪੁੱਜੇ ਸਨ। ਪਰ ਇਨ੍ਹਾਂ ਸੂਲ (ਕੰਡੇ) ਲੱਗਣ ਜਿੰਨਾਂ ਦੁੱਖ ਝੱਲਣ ਵਾਲਿਆਂ ਨੂੰ ਫਾਂਸੀਆਂ ਤੇ ਲਟਕ ਕੇ ਆਜ਼ਾਦੀ ਲੈ ਕੇ ਦੇਣ ਵਾਲਿਆਂ ਦਾ ਆਪ ਲਾਰਿਆਂ ਰਾਹੀਂ ਪਿੰਜਰੇ ਵਿੱਚ ਬੰਦ ਹੋ ਕੇ, ਸ਼ੇਰਾਂ ਦੀ ਮਾਰੀ ਮਾਰ ਦਾ ਗਿੱਦੜ ਕਲੋਲਾਂ ਰਾਹੀਂ ਤਾਕਤ ਦਾ ਐਸਾ ਨਸ਼ਾ ਚੜ੍ਹਾ ਦਿੱਤਾ ਹੈ ਕਿ ਸ਼ੇਰਾਂ ਨੂੰ ਬੱਕਰੀਆਂ ਤੇ ਆਪ ਹਜ਼ਾਰ ਸਾਲ ਬੱਕਰੀਆਂ ਵਾਲਾ ਜੀਵਨ ਜੀ ਕੇ ਆਪਣੇ ਆਪ ਨੂੰ ਸ਼ੇਰ ਸਮਝ ਰਹੇ ਹਨ। ਇਸ ਵੇਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਲੋਂ ਮਿਲਦੀ ‘ਇਕੱਠ ਲੋਹੇ ਦੀ ਲੱਠ` ਸਿੱਖਿਆ ਹੀ ਵਿਨਾਸ਼ਕਾਰੀ ਬ੍ਰਾਹਮਣਵਾਦੀ ਸੋਚ ਦਾ ਸਫਲਤਾ ਨਾਲ ਟਾਕਰਾ ਕਰ ਸਕਦੀ ਹੈ। ਸੋ ਉਪਰ ਦੱਸੇ ਵਾਂਗ ਕਿਰਤੀਆਂ ਨੂੰ ਹੀ ਨਹੀਂ, ਸੱਭ ਘੱਟ-ਗਿਣਤੀਆਂ ਨੂੰ ਇਕੱਠੇ ਹੋ ਕੇ ਹੰਭਲਾ ਮਾਰਨ ਦੀ ਲੋੜ ਹੈ। ਫਿਰ ਇਹ ਮਨੁੱਖੀ ਘਾਣ ਕਰਨ ਵਾਲੀਆਂ ਅਖੌਤੀ ਸਵਰਨ ਜਾਤੀਆਂ ਹੀ ਘੱਟ-ਗਿਣਤੀ ਬਣ ਜਾਣਗੀਆਂ ਅਤੇ ਇਨ੍ਹਾਂ ਨੂੰ ਹਰਾਇਆ ਜਾ ਸਕਦਾ ਹੈ। ਕਿਉਂਕਿ ਵਿਸ਼ਵ ਸੁਧਾਰ, ਮਨੁੱਖੀ ਕਲਿਆਣ, ਬਰਾਬਰਤਾ, ਸਾਂਖੀਵਾਲਤਾ, ਏਕਤਾ ਅਤੇ ਆਪਸੀ ਪ੍ਰੇਮ ਪਿਆਰ ਦੀ ਮਾਲਾ ਵਿੱਚ ਪਰੋ ਹੋਏ ਰਹਿ ਕੇ ਹਰ ਤਰ੍ਹਾਂ ਦੀਆਂ ਔਕੜਾਂ ਦਾ ਟਾਕਰਾ ਕਰਕੇ ਸਫਲਤਾ ਪ੍ਰਾਪਤ ਦੇ ਸਿੱਖਿਆਦਾਇਕ ਸਰਬ-ਸਾਂਝੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਯੁਗਾਂ-ਯੁਗਾਂਤਰਾਂ ਤਾਈਂ ਅਗਵਾਈ ਕਰਨ ਲਈ ਹਾਜ਼ਰ ਰਹਿਣਗੇ।
ਵਿਸ਼ੇਸ਼ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਦਿਸ ਤੇ।




.