ਮਰਯਾਦਾ ਦਾ ਵਖਰੇਵਾਂ
ਗਿ: ਸੰਤੋਖ ਸਿੰਘ
ਪਿਛਲੀ ਵਾਰੀ ੨੦੧੩ ਦੀ ਅੰਮ੍ਰਿਤਸਰ
ਦੀ ਯਾਤਰਾ ਦੌਰਾਨ ਇੱਕ ਦਿਨ ਸਵੇਰੇ ਸਵੇਰੇ ਮੈਂ ਤਰਨ ਤਾਰਨੋ ਆਪਣੇ ਚਿਰਕਾਲੀ ਮਿੱਤਰ, ਸ. ਕੁਲਜੀਤ
ਸਿੰਘ ਦੇ ਘਰੋਂ ਤੁਰ ਕੇ, ਬੋਹੜੀ ਵਾਲੇ ਚੌਂਕ ਤੋਂ ਅੰਮ੍ਰਿਤਸਰ ਨੂੰ ਜਾਣ ਵਾਲ਼ੀ ਬੱਸ ਤੇ ਬੈਠ ਗਿਆ।
ਸਵੇਰੇ ਸਵੇਰੇ ਭੱਜਣ ਦਾ ਕਾਰਨ ਇਹ ਸੀ ਕਿ ਸਿੰਘ ਸਾਹਿਬ ਗਿਆਨੀ ਕੇਵਲ ਸਿੰਘ ਜੀ ਨਾਲ਼ ਕੋਈ ਪ੍ਰੋਗਰਾਮ
ਬਣਾਉਣਾ ਸੀ ਤੇ ਉਹਨਾਂ ਨੂੰ ਸਮੇ ਸਿਰ ਮਿਲਣਾ ਸੀ। ਇਸ ਭੱਜ ਦੌੜ ਵਿੱਚ ਨਿੱਤਨੇਮ ਵੀ ਮੈਂ ਬੱਸ ਵਿੱਚ
ਹੀ ਕਰੀ ਗਿਆ। ਪਾਠ ਆਦਿ ਕਰਨ ਸਮੇ ਮੈਂ ਵਿਖਾਲ਼ਾ ਪਾਉਣ ਤੋਂ ਹਮੇਸ਼ਾਂ ਗੁਰੇਜ਼ ਕਰਦਾ ਹਾਂ ਤਾਂ ਕਿ ਕੋਈ
ਇਹ ਨਾ ਸਮਝੇ ਕਿ ਮੈਂ ਕਿਸੇ ਨੂੰ ਆਪਣੇ ਬਹੁਤ ਵੱਡਾ ਧਰਮੀ ਹੋਣ ਦਾ ਵਿਖਾਲ਼ਾ ਪਾ ਰਿਹਾ ਹਾਂ। ਵੈਸੇ
ਵੀ:
ਭੋਜਨ ਭਜਨ ਖ਼ਜ਼ਾਨਾ ਨਾਰੀ॥
ਚਾਰੋਂ ਪੜਦੇ ਕੇ ਅਧਿਕਾਰੀ॥
ਗੋਸਵਾਮੀ ਤੁਲਸੀ ਦਾਸ ਨੇ ਆਖਿਆ ਹੈ।
ਭਗਤ ਕਬੀਰ ਜੀ ਵੀ, ਧਾਰਮਿਕ ਵਿਖਾਵੇ ਦੀ ਨਿਸਫਲਤਾ ਬਾਰੇ ਇਉਂ ਆਖਦੇ ਨੇ:
ਲੋਗ ਪਤੀਣੇ ਕਛੂ ਨ ਹੋਵੈ ਨਹੀਉ ਰਾਮ ਇਆਣਾ॥
ਇਸ ਦੇ ਬਾਵਜੂਦ ਵੀ ਮੇਰੇ ਦੁਆਰਾ ਕੀਤਾ ਜਾ ਰਿਹਾ ਪਾਠ ਮੇਰੇ ਨਾਲ਼ ਦੀ ਸੀਟ ਉਪਰ ਬੈਠੇ ਸਿੰਘ
ਨੂੰ ਸੁਣ ਪਿਆ ਭਾਵੇਂ ਮੈਂ ਬਹੁਤ ਹੌਲ਼ੀ ਹੀ ਕਰ ਰਿਹਾ ਸਾਂ। ਉਹ ਸਿੰਘ ਬੜੇ ਗਹੁ ਨਾਲ਼ ਪਾਠ ਸੁਣੀ
ਗਿਆ। ਪਾਠ ਦੀ ਸਮਾਪਤੀ ਤੇ ਉਸ ਨੇ ਦੋ ਕੁ ਸ਼ੰਕਾ ਜਿਹੀਆਂ ਕੀਤੀਆਂ ਪਰ ਨਿਮਰਤਾ ਸਹਿਤ ਜਾਣਕਾਰੀ ਵਜੋਂ
ਹੀ। ਇੱਕ ਤਾਂ ਇਹ ਸੀ ਕਿ ਜਿਸ ਗੁਟਕੇ ਤੋਂ ਉਸ ਨੇ ਨਿੱਤਨੇਮ ਯਾਦ ਕੀਤਾ ਸੀ ਉਸ ਵਿੱਚ ਅਨੰਦ ਸਾਹਿਬ
ਦਾ ਪਾਠ ਚੌਪਈ ਤੋਂ ਪਿੱਛੋਂ ਪ੍ਰਕਾਸ਼ਤ ਸੀ। ਦੂਜੀ ਗੱਲ ਇਹ ਕਿ ਉਸ ਦੇ ਗੁਟਕੇ ਵਿੱਚ ਛਪੀ ਅਨੁਸਾਰ
ਮੈਂ ਪੂਰੀ ਚੌਪਈ ਨਹੀਂ ਪੜ੍ਹੀ। ਮੈਂ ਹਮੇਸ਼ਾਂ ਇਹ ਖਿਆਲ ਰੱਖਦਾ ਹਾਂ ਕਿ ਧਾਰਮਿਕ ਮਰਯਾਦਾ ਬਾਰੇ
ਬਹਿਸ ਮੁਬਾਹਸੇ ਤੋਂ ਬਚਿਆ ਜਾਵੇ ਤੇ ਇਸ ਲਈ ਮੈਂ ਦੂਜੇ ਸੱਜਣਾਂ ਦੇ ਸਾਹਮਣੇ ਰਹਰਾਸਿ ਦਾ ਪਾਠ ਕਰਨ
ਤੋਂ ਵੀ ਗੁਰੇਜ਼ ਕਰਦਾ ਹਾਂ ਤੇ ਦੂਸਰਿਆਂ ਪਾਸੋਂ ਸੁਣ ਲੈਣ ਵਿੱਚ ਹੀ ਆਪਣੀ ਖ਼ੈਰ ਸਮਝਦਾ ਹਾਂ ਕਿਉਂਕਿ
ਹਰੇਕ ਧੜੇ, ਗਰੁਪ, ਜਥੇਬੰਦੀ, ਸੰਪਰਦਾ ਹੀ ਨਹੀਂ ਬਲਕਿ, ਮੇਰੇ ਖਿਆਲ ਵਿਚ, ਤਾਂ ਬਹੁਤੇ ਸੱਜਣਾਂ ਦੀ
ਹੀ ਰਹਰਾਸਿ ਵੱਖਰੀ ਵੱਖਰੀ ਹੈ ਤੇ ਜਿਸ ਦੀ ਰਹਰਾਸਿ ਵਡੇਰੀ ਹੋਵੇ ਉਹ ਆਪਣੇ ਆਪ ਨੂੰ ਦੂਜੇ ਨਾਲ਼ੋਂ
ਵਧੇਰੇ ਸ਼ਰਧਾਵਾਨ ਸਿੱਖ ਹੋਣ ਦਾ ਭਰਮ ਪਾਲ਼ਦਾ ਹੈ। ਮੇਰੀ ਸੋਚ ਮੁਤਾਬਿਕ ਸਿੱਖ ਕੌਮ ਵਿੱਚ ਹੋਰ ਵੰਡਾਂ
ਪਾਉਣ ਤੋਂ ਬਚਣ ਲਈ, ਸਾਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਪ੍ਰਵਾਨਤ ਹੋਈ ਸਿੱਖ ਰਹਿਤ ਮਰਯਾਦਾ ਨੂੰ
ਹੀ ਮਾਨਤਾ ਦੇਣੀ ਚਾਹੀਦੀ ਹੈ ਤਾਂ ਕਿ ਅਸੀਂ ਵੱਖ ਵੱਖ ਜਥੇਬੰਦੀਆਂ ਤੇ ਡੇਰਿਆਂ ਦੀਆਂ ਵਲ਼ਗਣਾਂ ਵਿਚ,
ਸਿੱਖ ਪੰਥ ਨੂੰ ਜੋਰ ਵੰਡੇ ਜਾਣ ਵਾਲ਼ੇ ਕੁਕਾਰਜ ਵਿੱਚ ਹਿੱਸੇਦਾਰ ਨਾ ਬਣੀਏ। ਉਸ ਸੱਜਣ ਨੂੰ ਓਸੇ ਹੀ
ਲਹਿਜ਼ੇ ਵਿੱਚ ਮੈਂ ਵੀ ਨਿਮਰਤਾ ਨਾਲ਼ ਹੀ ਬੇਨਤੀ ਕੀਤੀ ਕਿ ਹਰੇਕ ਗੁਟਕੇ ਅਤੇ ਡੇਰੇ ਦੀਆਂ ਬਾਣੀਆਂ
ਵਿੱਚ ਕੁੱਝ ਨਾ ਕੁੱਝ ਫਰਕ ਹੁੰਦਾ ਹੈ ਕਿਉਂਕਿ ਹਰੇਕ ਦੀ ਮਰਯਾਦਾ ਵੱਖੋ ਵੱਖ ਹੈ। ਸਿੱਖ ਵਿਚਾਰਾ
ਕੇਹੜੇ ਡੇਰੇ ਦੀ ਮਰਯਾਦਾ ਨੂੰ ਅਪਣਾਵੇ ਤੇ ਕੇਹੜੇ ਡੇਰੇ ਦੀ ਮਰਯਾਦਾ ਛੱਡੇ! ਇਸ ਲਈ ਮੇਰਾ ਯਤਨ
ਹੁੰਦਾ ਹੈ ਕਿ ਵਧ ਤੋਂ ਵਧ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਤੋਂ ਪੰਥ ਪ੍ਰਵਾਨਤ ਸਿੱਖ ਰਹਿਤ ਮਰਯਾਦਾ
ਉਪਰ ਅਮਲ ਕਰਾਂ। ਮੁਕੰਮਲ ਤੌਰ ਤੇ ਅਮਲ ਕਰਨ ਦਾ ਦਾਹਵਾ ਕੋਈ ਨਹੀਂ ਪਰ ਮੈਂ ਕਿਸੇ ਵੀ ਹੋਰ ਡੇਰੇ
ਜਾਂ ਜਥੇਬੰਦੀ ਦੀ ਮਰਯਾਦਾ ਨੂੰ ਨਾ ਤਾਂ ਗ਼ਲਤ ਸਮਝਦਾ ਹਾਂ ਤੇ ਨਾ ਹੀ ਕਿਸੇ ਨੂੰ ਟੋਕਦਾ ਹਾਂ ਪਰ
ਡੇਰਿਆਂ ਨਾਲ਼ ਸਬੰਧਤ ਸ਼ਰਧਾਲੂ ਇਸ ਬਾਰੇ ਬਹੁਤ ਕੱਟੜ ਹੁੰਦੇ ਹਨ। ਮੇਰੇ ਮੂੰਹੋਂ ਸ੍ਰੀ ਅਕਾਲ ਤਖ਼ਤ
ਸਾਹਿਬ ਅਤੇ ਸ੍ਰੀ ਹਰਿਮੰਦਰ ਸਾਹਿਬ ਦਾ ਨਾਂ ਸੁਣਨ ਦੀ ਹੀ ਦੇਰ ਸੀ ਕਿ ਮੇਰੇ ਤੋਂ ਅਗਲੀ ਸੀਟ ਉਪਰ
ਬੈਠਾ ਇੱਕ ਨੀਲੀ ਦਸਤਾਰ ਅਤੇ ਖੁਲ੍ਹੀ ਦਾਹੜੀ ਵਾਲ਼ਾ ਸਿੰਘ ਤਾਂ ਅੱਗ ਬਬੂਲਾ ਹੋ ਗਿਆ। ਪਿਛਾਂਹ ਨੂੰ
ਮੇਰੇ ਵੱਲ ਮੂੰਹ ਕਰਕੇ ਵਾਹਵਾ ਉਚੀ ਆਵਾਜ਼ ਵਿੱਚ ਬਾਦਲਾਂ ਦੀ, ਸ਼੍ਰੋਮਣੀ ਕਮੇਟੀ ਦੀ, ਅਕਾਲੀ ਦਲ ਦੀ
ਚੰਗੇ ਗਰਮ ਸ਼ਬਦਾਂ ਵਿੱਚ ਲਾਹ ਪਾਹ ਕਰਨ ਲੱਗ ਪਿਆ। ਉਸ ਨੇ ਸ਼ਾਇਦ ਮੈਨੂੰ ਉਹਨਾਂ ਵਿਚੋਂ ਹੀ ਇੱਕ ਸਮਝ
ਲਿਆ ਸੀ! ਮੈਂ ਚੁੱਪ ਰਹਿ ਕੇ ਉਸ ਦੇ ਮਨੋਹਰ ਬਚਨ ਸੁਣੀ ਗਿਆ ਕਿਉਂਕਿ ਗੁਰਬਾਣੀ ਆਖਦੀ ਹੈ:
ਜਿਥੈ ਬੋਲਣ ਹਾਰੀਐ ਤਿਥੈ ਚੰਗੀ ਚੁਪ॥
ਆਪਣੇ ਮਨ ਦੀ ਚੰਗੀ ਭੜਾਸ ਕੱਢਦਿਆਂ ਉਸ ਨੇ ਫਿਰ ਇਹ ਭੇਦ ਖੋਹਲਿਆ ਕਿ ਉਹ ਪੰਦਰਾਂ ਸਾਲਾਂ
ਤੋਂ ਪੰਜਾਬੋਂ ਬਾਹਰ ਰਹਿੰਦਾ ਹੈ ਤੇ ਕੁੱਝ ਪਹਿਲਾਂ ਨਾਲ਼ੋਂ ਨਰਮ ਵੀ ਪਿਆ ਲੱਗਦਾ ਸੀ, ਸ਼ਾਇਦ ਇਸ
ਕਰਕੇ ਕਿ ਮੈਂ ਉਸ ਦੇ ‘ਦੁਰਭਾਸ਼ਨ’ ਦੇ ਜਵਾਬ ਵਿੱਚ ਕੁੱਝ ਨਹੀਂ ਸੀ ਬੋਲਿਆ। ਉਸ ਦੀ ਟੋਨ ਕੁੱਝ
ਢਿੱਲੀ ਹੋਣ ਤੇ ਮੈਂ ਵੀ ਇਹ ਆਖਣ ਦਾ ਹੌਂਸਲਾ ਕਰ ਲਿਆ ਕਿ ਮੈਂ ਤਾਂ ਇਕਤਾਲੀ ਸਾਲਾਂ ਤੋਂ ਦੇਸੋਂ ਵੀ
ਬਾਹਰ ਹਾਂ, ਤੁਸੀਂ ਤਾਂ ਫਿਰ ਵੀ ਇਸ ਦੇਸ਼ ਦੇ ਅੰਦਰ ਹੀ ਰਹਿੰਦੇ ਹੋ! ਤੁਸੀਂ ਕਿਤੇ ਮੈਨੂੰ ਵੀ ਬਾਦਲ
ਦਲੀਆਂ ਦਾ ਬੰਦਾ ਸਮਝ ਕੇ ਹੀ ਤਾਂ ਨਹੀਂ ਮੈਨੂੰ ਸਲਵਾਤਾਂ ਸੁਣਾਈ ਗਏ! ਬਾਦਲਾਂ ਦਾ ਵਾਹਵਾ ਸਾਰਾ
ਗੁੱਸਾ ਮੇਰੇ ਤੇ ਡੋਹਲ ਦਿਤਾ ਹੈ ਜੀ ਤੁਸਾਂ! ਖ਼ੈਰ, ਫਿਰ ਉਹ ਨਰਮ ਹੋ ਗਿਆ; ਪਤਾ ਨਹੀਂ ਮੇਰੇ ਜਵਾਬ
ਨਾਲ਼ ਜਾਂ ਫਿਰ ਸ਼ਾਇਦ ਹੋਰ ਤੀਰ ਉਸ ਦੇ ਤਰਕਸ਼ ਵਿਚ, ਬਾਦਲਾਂ ਦੇ ਖ਼ਿਲਾਫ਼ ਚਲਾਉਣ ਲਈ ਬਚੇ ਨਾ ਹੋਣ! ਇਸ
ਘਟਨਾ ਤੋਂ ਮੈਨੂੰ ੧੯੯੦ ਵਾਲ਼ੀ ਯੂ. ਕੇ. ਦੇ ਸ਼ਹਿਰ ਬਰਮਿੰਘਮ ਵਿੱਚ ਵਾਪਰੀ ਘਟਨਾ ਚੇਤੇ ਆ ਗਈ। ਓਥੇ
ਵੀ ਮੈਂ ਚੁੱਪ ਰਹਿ ਕੇ ਹੀ ਆਪਣਾ ਬਚਾ ਕੀਤਾ। ਓਥੇ ਇੱਕ ਦਿਨ ਗ੍ਰੰਥੀ ਜੀ ਦੇ ਕਮਰੇ ਵਿੱਚ ਬੈਠਿਆਂ,
ਸਹਿਜ ਸੁਭਾ ਹੀ ਚੱਲਦੀ ਗਲ ਵਿਚ, ਮੇਰੇ ਮੂੰਹੋਂ ਨਿਕਲ਼ ਗਿਆ ਕਿ ਸੰਤ ਜਰਨੈਲ ਸਿੰਘ ਜੀ ਆਪਣੀ
ਕੁਰਬਾਨੀ ਕਰਕੇ ਜੀਵਤ ਹਨ ਪਰ ਸਰੀਰ ਕਰਕੇ ਉਹ ਸ਼ਹੀਦੀ ਪ੍ਰਾਪਤ ਕਰ ਗਏ ਹੋਏ ਹਨ। ਇਹ ਕੁੱਝ ਮੈਂ ਸੰਤ
ਜੀ ਦੀਆਂ ਤਕਰੀਰਾਂ ਸੁਣਨ ਕਰਕੇ ਅਤੇ ਆਪਣੇ ਵਿਸ਼ਵਾਸ਼ ਅਨੁਸਾਰ ਕਹਿ ਬੈਠਾ। ਕਮਰੇ ਵਿੱਚ ਬੈਠਾ ਤੀਜਾ
ਜਵਾਨ ਤਾਂ ਗਰਮ ਹੋ ਗਿਆ ਤੇ ਉਸ ਨੇ ਗੁੱਸੇ ਵਿੱਚ ਆਖਿਆ, “ਅਸੀਂ ਸਿਰ ਲਾਹ ਦਿੰਨੇ ਹੁੰਨੇ ਆਂ,
ਜੇਹੜਾਂ ਸੰਤਾਂ ਨੂੰ ਸ਼ਹੀਦ ਆਖੇ! “ਮੈਂ ਤੇ ਗ੍ਰੰਥੀ ਸਿੰਘ ਦੋਵੇਂ ਚੁੱਪ। ਕੁੱਝ ਪਲ ਰੁਕ ਕੇ ਫਿਰ
ਗੁੱਸੇ ਵਿੱਚ ਹੀ ਬੋਲਿਆ, “ਸਭ ਸਰਕਾਰ ਦੇ ਏਜੰਟ ਨੇ ਜੇਹੜੇ ਸੰਤ ਜੀ ਨੂੰ ਸ਼ਹੀਦ ਆਖਦੇ ਨੇ।” ਇਸ ਤੇ
ਮੈਂ ਤਾਂ ਨਹੀਂ ਸੀ ਬੋਲਣਾ ਕਿਉਂਕਿ ਮੇਰਾ ਸ਼ਹੀਦ ਹੋਣ ਦਾ ਇਰਾਦਾ ਕੋਈ ਨਹੀਂ ਸੀ ਤੇ ਗ੍ਰੰਥੀ ਸਿੰਘ
ਨੇ ਵੀ ਚੁੱਪ ਰਹਿਣਾ ਹੀ ਯੋਗ ਸਮਝਿਆ।
ਹਾਂ, ਜਿਸ ਪੁਰਾਣੇ ਮਿੱਤਰ ਦੇ ਘਰੋਂ ਮੈ ਚੱਲਿਆ ਸਾਂ ਉਹ ਬੜਾ ਪੜ੍ਹਿਆ ਲਿਖਿਆ ਅੰਮ੍ਰਿਤਧਾਰੀ ਤੇ ਉਸ
ਦੀ ਸਿੰਘਣੀ ਵੀ ਅੰ੍ਰਿਤਧਾਰੀ ਹੈ। ਭਾਵੇਂ ਕਿ ਮੈਨੂੰ ਪਤਾ ਸੀ ਕਿ ਉਹ ਬਹੁਤ ਸਮੇ ਤੋਂ ਇੱਕ ਪ੍ਰਸਿਧ
ਡੇਰੇ ਦਾ ਪੈਰੋਕਾਰ ਹੈ ਪਰ ਮੈਂ ਧਾਰਮਿਕ ਪੱਖ ਤੋਂ ਉਸ ਨੂੰ ਬਹੁਤ ਹੀ ਉਦਾਰਵਾਦੀ ਸਮਝਦਾ ਰਿਹਾ ਸਾਂ।
ਕਿਸੇ ਪਿਛਲੇਰੀ ਯਾਤਰਾ ਦੌਰਾਨ, ਇੱਕ ਦਿਨ ਦੁਪਹਿਰ ਜਿਹੇ ਦਾ ਵਾਕਿਆ ਹੈ ਕਿ ਉਸ ਦੇ ਘਰ ਦੇ ਬਰਾਂਡੇ
ਵਿੱਚ ਅਸੀਂ ਚਾਰ ਜਣੇ ਬੈਠੇ ਐਵੇਂ ਹੀ ਵੇਹਲੀਆਂ ਗੱਲਾਂ ਕਰ ਰਹੇ ਸਾਂ। ਇੱਕ ਉਹ ਖ਼ੁਦ, ਦੂਜੀ ਉਹਨਾਂ
ਦੀ ਪਤਨੀ, ਤੀਜੀ ਇੱਕ ਕੇਸਕੀਧਾਰੀ ਬੀਬੀ ਅਤੇ ਚੌਥਾ ਮੈਂ; ਅਸੀਂ ਚਾਰ ਜਣੇ ਸਾਂ। ਪਤਾ ਨਹੀਂ ਕੀ
ਹੋਇਆ ਕਿ ਚਲਦੀ ਵਿਚਾਰ ਵਿੱਚ ਮੇਰੇ ਮੂੰਹੋਂ ਨਿਕਲ਼ ਗਿਆ ਕਿ ਸਾਰੇ ਜਥੇ, ਸੰਪਰਦਾਵਾਂ, ਡੇਰੇ ਵਾਲ਼ਿਆਂ
ਨੂੰ ਮੈਂ ਗੁਰੂ ਨਾਨਕ ਦੇਵ ਜੀ ਦੇ ਸਮੁਚੇ ਪੰਥ ਦਾ ਅੰਗ ਮੰਨਦਾ ਹਾਂ ਤੇ ਕਿਸੇ ਦੇ ਨਾਲ ਵੀ ਮੇਰਾ
ਵਖਰੇਵਾਂ ਨਹੀ ਪਰ ਮੈਂ ਖ਼ੁਦ, ਪੰਥ ਵਿੱਚ ਧਾਰਮਿਕ ਸਮਾਨਤਾ ਦਾ ਪੱਖੀ ਹੋਣ ਕਰਕੇ, ਸ੍ਰੀ ਅਕਾਲ ਤਖ਼ਤ
ਸਾਹਿਬ ਤੋਂ ਪ੍ਰਵਾਨਤ ਪੰਥਕ ਸਿੱਖ ਰਹਿਤ ਮਰਯਾਦਾ ਦੇ ਨੇੜੇ ਤੇੜੇ ਰਹਿਣ ਦਾ ਯਤਨ ਕਰਦਾ ਹਾਂ। ਇਹ
ਸੁਣਦਿਆਂ ਹੀ ਮੇਰੇ ਉਸ ਸੁਲ਼ਝੇ ਹੋਏ ਸੱਜਣ ਦਾ ਤਾਂ ਜਿਵੇਂ ਕੜ ਹੀ ਪਾਟ ਗਿਆ। ਉਹ ਇੱਕ ਖਾਸ ਡੇਰੇ ਦਾ
ਅੰਧ ਵਿਸ਼ਵਾਸ਼ ਦੀ ਹੱਦ ਤੱਕ ਸ਼ਰਧਾਲੂ ਹੈ। ਜਿਉਂ ਲੱਗਾ ਅਕਾਲ ਤਖ਼ਤ ਸਾਹਿਬ ਦੇ ਪ੍ਰਬੰਧਕਾਂ ਦੇ ਖ਼ਿਲਾਫ਼
ਬੋਲਣ, ਮੈਂ ਚੁੱਪ ਕਰਕੇ ਤੇ ਦੜ ਵੱਟ ਕੇ ਉਸ ਦੇ ਸ਼ੁਭ ਬਚਨ ਸੁਣੀ ਗਿਆ। “ਇਕ ਚੁੱਪ ਤੇ ਸੌ ਸੁਖ”
ਸਿਆਣੇ ਆਖ ਗਏ ਨੇ। ਫਿਰ ਜੇਕਰ ਮੈਂ ਕੁੱਝ ਬੋਲਦਾ ਵੀ ਤਾਂ ਬਲ਼ਦੀ ਤੇ ਤੇਲ ਪੈਣ ਵਾਲ਼ੀ ਗੱਲ ਹੀ ਹੋ
ਜਾਣੀ ਸੀ। ਭਾਵੇਂ ਕਿ ਮਰਯਾਦਾ ਵਾਲੇ ਅੰਗ ਨਾਲ ਤਾਂ ਮੈਂ ਉਸ ਦੇ ਵਿਚਾਰਾਂ ਨਾਲ਼ ਸਹਿਮਤ ਨਹੀਂ ਹਾਂ
ਪਰ ਪ੍ਰਬੰਧਕ ਵਿਅਕਤੀਆਂ ਦੇ ਵਤੀਰੇ ਬਾਰੇ ਜੋ ਉਹਨਾਂ ਦੇ ਵਿਚਾਰ ਸਨ, ਉਹਨਾਂ ਨਾਲ਼ ਮੈਂ ਪੂਰੀ
ਤਰ੍ਹਾਂ ਅਸਹਿਮਤ ਨਹੀਂ।
ਆਪਣੀ ਗੱਲ: ਮੇਰੇ ਭਾਈਆ (ਪਿਤਾ) ਜੀ ਨੇ, ਸੰਤ ਬਾਬਾ ਗੁਰਬਚਨ ਸਿੰਘ ਜੀ ਭਿੰਡਰਾਂਵਾਲ਼ਿਆ ਪਾਸੋਂ,
ਉਹਨਾਂ ਦੇ ਜਥੇ ਵਿੱਚ ਰਹਿ ਕੇ ਧਾਰਮਿਕ ਵਿੱਦਿਆ ਪ੍ਰਾਪਤ ਕੀਤੀ ਸੀ ਤੇ ਓਸੇ ਜਥੇ ਦੀ ਮਰਯਾਦਾ
ਅਨੁਸਾਰ ਉਹਨਾਂ ਨੇ ਮੈਨੂੰ ਗੁਰਬਾਣੀ ਦਾ ਪਾਠ, ਸਤਿਕਾਰ ਆਦਿ ਦੀ ਮਰਯਾਦਾ ਦ੍ਰਿੜ੍ਹ ਕਰਵਾਈ ਸੀ। ਜਿਸ
ਗੁਟਕੇ ਤੋਂ ਮੈਂ ਨਿੱਤਨੇਮ ਯਾਦ ਕੀਤਾ ਸੀ, ਉਹ ਗੁਟਕਾ ਬਾਜ਼ਾਰ ਮਾਈ ਸੇਵਾਂ ਵਾਲ਼ੇ ਭਾਈ ਬੂਟਾ ਸਿੰਘ
ਪ੍ਰਤਾਪ ਸਿੰਘ ਵਾਲ਼ਿਆਂ ਦੁਆਰਾ ਛਾਪਿਆ ਹੋਇਆ ਸੀ ਅਤੇ ਉਸ ਗੁਟਕੇ ਵਿੱਚ ਛਪੀਆਂ ਹੋਈਆਂ ਬਾਣੀਆਂ ਨੂੰ
ਹੀ ਮੈਂ ਹੁਣ ਤੱਕ ਦਮਦਮੀ ਟਕਸਾਲ ਦੀ ਮਰਯਾਦਾ ਅਨੁਸਾਰ ਸਮਝਦਾ ਆ ਰਿਹਾ ਹਾਂ। ਭਾਈਆ ਜੀ ਦੀ ਸਿਖਿਆ
ਅਨੁਸਾਰ, ਸਵੇਰ ਸਮੇ ਪੰਜ ਬਾਣੀਆਂ ਜਪੁ ਜੀ ਸਾਹਿਬ, ਜਾਪੁ ਸਾਹਿਬ, ਦਸ ਸਵੈਈਏ, ਅਨੰਦ ਸਾਹਿਬ ਅਤੇ
ਚੌਪਈ, ਦਾ ਨਿਤਨੇਮ ਕਰਨਾ ਅਤੇ ੧੯੫੪ ਵਿੱਚ ਇਹ ਸਾਰਾ ਕੁੱਝ ਮੈਨੂੰ ਜ਼ਬਾਨੀ ਯਾਦ ਵੀ ਹੋ ਗਿਆ, ਸਮੇਤ
ਕੀਰਤਨੀ ‘ਆਸਾ ਕੀ ਵਾਰ’ ਦੇ। ਚੌਪਈ ਦਾ ਪਤਾ ਨਹੀਂ ਸੀ ਕਿੰਨੀ ਤੇ ਕਿਥੋਂ ਤੱਕ ਹੈ; ਇਸ ਲਈ ਰਹਰਾਸਿ
ਵਿੱਚ ਛਪੀ ਸਾਰੀ ਦੀ ਸਾਰੀ ਚੌਪਈ ਦਾ ਸਵੇਰੇ ਦੇ ਨਿਤਨੇਮ ਵਿੱਚ ਵੀ ਪਾਠ ਕਰਨਾ। ਉਸ ਗੁਟਕੇ ਅਨੁਸਾਰ,
“ਪੁਨ ਰਾਛਸ ਕਾ ਕਾਟਾ ਸੀਸਾ॥” ਤੋਂ ਲੈ ਕੇ, “ਜਿਸ ਸਿਮਰਤ ਸੁਖ ਹੋਇ ਸਗਲੇ ਦੂਖ ਜਾਹਿ॥” ਤੱਕ,
ਪੜ੍ਹਦਾ ਹੁੰਦਾ ਸਾਂ। ਪਤਾ ਹੀ ਨਹੀਂ ਸੀ ਕਿ ਚੌਪਈ ਦੇ ਸਿਰਲੇਖ ਹੇਠ ਆਉਣ ਵਾਲ਼ੇ ਬਾਕੀ ਦੇ ਦੋਹਰੇ,
ਸਵਈਏ, ਅੜਿਲ, ਅਨੰਦ ਸਾਹਿਬ ਦੀਆਂ ਛੇ ਪਉੜੀਆਂ ਅਤੇ ਹੋਰ ਕਈ ਸ਼ਬਦ ਚੌਪਈ ਵਿੱਚ ਨਹੀਂ ਆਉਂਦੇ। ਜਿੰਨਾ
ਚਿਰ ੧੯੫੩ ਵਿੱਚ ਅੰਮ੍ਰਿਤਸਰ ਨਹੀਂ ਆਇਆ, ਇਹ ਹੀ ਧਰਮ, ਇਹ ਹੀ ਪਾਠ, ਇਹ ਹੀ ਸਿਖੀ, ਅਰਥਾਤ ਸਾਰੀ
ਇਹੀ ਮਰਯਾਦਾ ਪੂਰੀ ਲੱਗਦੀ ਸੀ। ਸ੍ਰੀ ਅਕਾਲ ਤਖ਼ਤ ਸਾਹਿਬ, ਸ੍ਰੀ ਹਰਿਮੰਦਰ ਸਾਹਿਬ ਅਤੇ ਹੋਰ
ਗੁਰਦੁਆਰਾ ਸਾਹਿਬਾਨ ਵਿੱਚ ਵੇਖਿਆ ਕਿ ਜੋ ਮੈਂ ਕਰਦਾ ਹਾਂ ਤੇ ਜੋ ਕੁੱਝ ਓਥੇ ਹੁੰਦਾ ਹੈ ਉਸ ਵਿੱਚ
ਵਾਹਵਾ ਸਾਰਾ ਫਰਕ ਹੈ ਪਰ ਮੈਂ ਪਹਿਲਾਂ ਵਾਲ਼ੀ ਮਰਯਾਦਾ ਉਪਰ ਹੀ ਟਿਕਿਆ ਰਿਹਾ ਭਾਵੇਂ ਕਿ ਕੁੱਝ ਸ਼ੰਕਾ
ਜਿਹੀ ਪੈ ਗਈ। ਫਿਰ ੧ ਜਨਵਰੀ ੧੯੫੮ ਨੂੰ, ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਚਲਾਏ
ਜਾ ਰਹੇ, ਸ਼ਹੀਦ ਸਿੱਖ ਮਿਸ਼ਨਰੀ ਕਾਲਜ ਦੀ ਸੰਗੀਤ ਕਲਾਸ ਵਿੱਚ ਦਾਖ਼ਲ ਹੋਣ ਉਪ੍ਰੰਤ, ਪ੍ਰਿੰਸੀਪਲ
ਸਾਹਿਬ ਸਿੰਘ ਜੀ ਨਾਲ਼ ਵਾਹ ਪਿਆ ਤਾਂ ਉਹ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਪੰਥ ਪ੍ਰਵਾਣਤ ਸਿੱਖ ਰਹਿਤ
ਮਰਯਾਦਾ ਅਨੁਸਾਰ ਪੜ੍ਹਾਈ ਕਰਵਾਉਂਦੇ ਸਨ। ਪਹਿਲਾਂ ਪਹਿਲਾਂ ਤਾਂ ਕੁੱਝ ਸਮਾ ਮੈਂ ਬਹੁਤ ਅੜੀ ਕੀਤੀ
ਪਰ ਫਿਰ ਪੰਥ ਦੀ ਮਰਯਾਦਾ ਇਹ ਹੋਣੀ ਚਾਹੀਦੀ ਹੈ, ਵਾਲ਼ੀ ਦਲੀਲ ਅੱਗੇ ਸਿਰ ਝੁਕਾ ਦਿਤਾ। ਇਸ ਵਖੇਵੇਂ
ਦਾ ਪਤਾ ਓਦੋਂ ਹੀ ਲੱਗਦਾ ਹੈ ਜਦੋਂ ਕੋਈ ਸਿੱਖ ਰਹਰਾਸਿ ਦਾ ਪਾਠ ਕਰਦਾ ਹੈ ਜਾਂ ਮੂਲ਼ ਮੰਤਰ ਪੜ੍ਹਦਾ
ਹੈ। ਹਰੇਕ ਡੇਰੇ ਦੀ ਰਹਰਾਸਿ ਵੱਖਰੀ ਹੁੰਦੀ ਹੈ ਦਾ ਪਤਾ ਤਾਂ ਪਹਿਲਾਂ ਕੁੱਝ ਕੁ ਸੀ ਪਰ ਹੈਰਾਨੀ ਉਸ
ਸਮੇ ਹੋਈ ਜਦੋਂ ਕੁੱਝ ਸਾਲ ਪਹਿਲਾਂ ਕੈਨੇਡਾ ਤੋਂ ਆਈ ਇੱਕ ਪੜ੍ਹੀ ਲਿਖੀ ਸੁਘੜ ਬੀਬੀ ਜੀ ਨੇ ਸਾਡੇ
ਘਰ, ਸ਼ਾਮ ਸਮੇ ਰਹਰਾਸਿ ਦਾ ਏਨਾ ਲੰਮਾ ਪਾਠ ਕੀਤਾ ਕਿ ਏਨੀ ਲੰਮੀ ਰਹਰਾਸਿ ਮੈਂ ਹੋਰ ਕਿਤਿਉਂ ਅੱਜ
ਤੱਕ ਨਹੀਂ ਸੁਣੀ। ਦੋ ਕੁ ਸਾਲ ਹੋਏ ਕਿ ਇੱਕ ਗਿਆਨੀ ਜੀ ਨਾਲ਼, ਕਾਰ ਦੇ ਸਫ਼ਰ ਸਮੇ ਉਹਨਾਂ ਪਾਸੋਂ
ਰਹਰਾਸਿ ਸੁਣਨ ਦਾ ਸੁਭਾਗ ਪ੍ਰਾਪਤ ਹੋਇਆ ਤਾਂ ਉਹਨਾਂ ਨੇ, “ਸ਼ਰਣ ਪਰੇ ਕੀ ਰਾਖਹੁ ਸਰਮਾ॥” ਤੇ ਹੀ
ਭੋਗ ਪਾ ਦਿਤਾ। ਮੇਰੇ ਨਿਮਰਤਾ ਸਹਿਤ ਸ਼ੰਕਾ ਪਰਗਟ ਕਰਨ ਤੇ ਉਹਨਾਂ ਨੇ ਦੱਸਿਆ ਅਕਾਲ ਤਖ਼ਤ ਵੱਡਾ ਹੈ
ਜਾਂ ਸ੍ਰੀ ਗੁਰੂ ਗ੍ਰੰਥ ਸਾਹਿਬ? ਉਸ ਵਿੱਚ ਕੇਹੜੀ ਰਹਰਾਸਿ ਲਿਖੀ ਹੋਈ ਹੈ?
ਕੁਝ ਸਾਲਾਂ ਤੋਂ ਪਤਾ ਲੱਗ ਰਿਹਾ ਹੈ ਕਿ ਇੱਕ ਖਾਸ ਜਥਾ ਰਹਰਾਸਿ ਦੇ ਅੰਤ ਵਿੱਚ ਬਸੰਤ ਕੀ ਵਾਰ ਦਾ
ਪਾਠ ਵੀ ਕਰਨ ਲੱਗ ਪਿਆ ਹੈ, ਭਾਵੇਂ ਕਿ ਅਜੇ ਉਹਨਾਂ ਨੇ ਆਪਣੀ ਮਰਯਾਦਾ ਵਾਲ਼ੇ ਗੁਟਕੇ ਵਿੱਚ ਇਸ ਨੂੰ
ਛਾਪਣਾ ਸ਼ੁਰੂ ਨਹੀਂ ਕੀਤਾ।
ਕੁਝ ਸਾਲਾਂ ਤੋਂ ਮੈਂ ਵੇਖ ਰਿਹਾ ਹਾਂ ਕਿ ਪੰਥ ਦੇ ਦੋ ਜਥਿਆਂ ਨੇ ਹਰੇਕ ਦੀਵਾਨ ਦੀ ਸਮਾਪਤੀ ਸਮੇ
ਚੌਪਈ ਦਾ ਪਾਠ ਕਰਨਾ ਲਾਜ਼ਮੀ ਕਰ ਦਿਤਾ ਹੈ ਪਰ ਉਹਨਾਂ ਦੋਹਾਂ ਜਥਿਆਂ ਦੀ ਚੌਪਈ ਵਿੱਚ ਵੀ ਵਾਹਵਾ
ਸਾਰਾ ਫਰਕ ਹੈ। ਇੱਕ ਗ੍ਰੰਥੀ ਸਿੰਘ ਜੀ ਨੇ ਮੈਨੂੰ ਬੜੀ ਦਿਲਚਸਪ ਵਾਰਤਾ ਸੁਣਾਈ। ਉਹ ਵਾਰਤਾ ਇਉਂ ਸੀ
ਕਿ ਇੱਕ ਗੁਰਦੁਆਰਾ ਸਾਹਿਬ ਵਿਖੇ ਦੋਵੇਂ ਜਥੇਬੰਦੀਆਂ ਇਕਠੇ ਧਾਰਮਿਕ ਦੀਵਾਨ ਵਿੱਚ ਬੈਠਦੀੳਆਂ ਸਨ।
ਇੱਕ ਜਥੇਬੰਦੀ ਦੇ ਸਿੰਘ ਨੇ ਦੀਵਾਨ ਦੀ ਸਮਾਪਤੀ `ਤੇ, “ਹਰੀ ਕਰੋ ਹਾਥ ਦੇ ਰਛਾ॥” ਤੋਂ ਸ਼ੁਰੂ ਕਰਕੇ,
“ਦੁਸ਼ਟ ਦੋਖ ਤੇ ਲੇਹੁ ਬਚਾਈ॥” ਤੱਕ ਪਾਠ ਕਰਨਾ ਜੋ ਕਿ ਦੂਸਰੀ ਜਥੇਬੰਦੀ ਵਾਲ਼ਿਆਂ ਨੂੰ ਪਸੰਦ ਨਹੀਂ
ਸੀ। ਉਹਨਾਂ ਦਾ ਬੰਦਾ ਪਹਿਲਾਂ ਹੀ ਤਿਆਰੀ ਸਹਿਤ ਹੱਥ ਵਿੱਚ ਮਾਈਕ ਲੈ ਕੇ ਬੈਠ ਗਿਆ ਤੇ ਪਾਠ ਕਰਨ
ਵਾਲ਼ੇ ਨੇ, “ਦੁਸ਼ਟ ਦੋਖ ਤੇ ਲੇਹੁ ਬਚਾਈ॥” ਆਖਿਆ ਹੀ ਸੀ ਤੇ ਉਸ ਨੂੰ ਫ਼ਤਿਹ ਬੁਲਾਉਣ ਦਾ ਮੌਕਾ ਨਾ
ਦਿਤਾ ਤੇ ਉਚੀ ਸਾਰੀ, “ਕਿਰਪਾ ਕਰੀ ਹਮ ਪਰ ਜਗਮਾਤਾ॥” ਤੋਂ ਅੱਗੇ ਦਾ ਪਾਠ ਸ਼ੁਰੂ ਕਰ ਦਿਤਾ। ਇਹ ਵੇਖ
ਕੇ ਦੂਜੀ ਜਥੇਬੰਦੀ ਵਾਲ਼ਾ ਸੱਜਣ ਬਰਦਾਸ਼ਤ ਨਾ ਕਰ ਸਕਿਆ ਤੇ ਉਚੀ ਸਾਰੀ ਭਰੀ ਸੰਗਤ ਵਿੱਚ ਹੀ ਬੋਲ
ਪਿਆ, “ਓ ਅੜਿਲ, ਤੇਰਾ ਪੁਨ ਰਾਛਸ ਕਾ ਕਾਟਾ ਸੀਸਾ॥” ਰਹਿ ਗਿਆ ਓਇ?”
ਇਕ ਵਾਰੀਂ ਮੇਰੇ ਨਾਲ ਵੀ ਅਜਿਹਾ ਕੁੱਝ ਹੀ ਵਾਪਰ ਗਿਆ; ਇੱਕ ਸ਼ਹਿਰ ਦੇ ਗੁਰਦੁਆਰਾ ਸਾਹਿਬ ਵਿਖੇ
ਦੀਵਾਨ ਦੀ ਸਮਾਪਤੀ ਸਮੇ ਮੈਂ ਮੁਖਵਾਕ ਲਿਆ ਤੇ ਮੁਖਵਾਕ ਦੀ ਸਮਾਪਤੀ ਤੇ ਸੰਗਤ ਵਿਚੋਂ ਕਿਸੇ ਨੇ ਉਚੀ
ਸਾਰੀ ਆਖਿਆ, “ਚੌਪਈ ਸਾਹਿਬ ਪੜ੍ਹੋ ਜੀ! “ਮੈਂ “ਹਮਰੀ ਕਰੋ ਹਾਥ ਦੈ ਰਛਾ॥” ਤੋਂ ਸ਼ੁਰੂ ਕਰਕੇ,
“ਦੁਸਟ ਦੋਖ ਤੇ ਲੇਹੁ ਬਚਾਈ॥” ਬੋਲ ਕੇ ਫ਼ਤਿਹ ਬੁਲਾ ਦਿਤੀ। ਕਿਸੇ ਨੇ ਨਾ ਕੁੱਝ ਆਖਿਆ ਤੇ ਨਾ ਕੋਈ
ਕੁੱਝ ਬੋਲਿਆ। ਮੇਰੇ ਪਿੱਛੇ ਪਿੱਛੇ ਇੱਕ ਚੜ੍ਹਦੀਕਲਾ ਵਾਲ਼ਾ ਨੌਜਵਾਨ ਸਿੰਘ ਮੇਰੇ ਕਮਰੇ ਵਿੱਚ ਆ ਗਿਆ
ਤੇ ਮੈਨੂੰ ਪੁੱਛਿਆ ਕਿ ਮੈਂ ਚੌਪਈ ਸਾਹਿਬ ਕੇਹੜੀ ਪੜ੍ਹੀ ਹੈ! ਮੈਂ ਦੱਸਿਆ ਕਿ ਜੇਹੜੀ ਸ੍ਰੀ ਅਕਾਲ
ਤਖ਼ਤ ਸਾਹਿਬ ਅਤੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਪੜ੍ਹਦੇ ਹਨ ਤੇ ਏਹੀ ਮੈਨੂੰ ਯਾਦ ਹੈ ਤੇ ਏਹੀ ਮੈਂ
ਪੜ੍ਹੀ ਹੈ। “ਮਹਾਰਾਜ ਨੇ ਕੇਹੜੀ ਚੌਪਈ ਉਚਾਰੀ ਸੀ?’ ਕੁੱਝ ਰੋਸੇ ਜਿਹੇ ਵਾਲ਼ੀ ਟੋਨ ਵਿੱਚ ਉਸ
ਨੌਜਵਾਨ ਨੇ ਪੁੱਛਿਆ। ਮੈਂ ਆਖਿਆ ਕਿ ਉਸ ਸਮੇ ਦਾ ਕੋਈ ਸਿੱਖ ਹੋਵੇ ਤਾਂ ਓਹੋ ਹੀ ਦੱਸ ਸਕਦਾ ਹੈ ਕਿ
ਮਹਾਰਾਜ ਜੀ ਨੇ ਕੇਹੜੀ ਚੌਪਈ ਉਚਾਰੀ ਸੀ! ਇਹ ਸੁਣ ਕੇ ਉਹ ਕੁੱਝ ਰੋਸੇ ਜਿਹੇ ਵਿੱਚ ਪਰ ਚੁੱਪ ਚਾਪ
ਚਲਿਆ ਗਿਆ। ਇੱਕ ਦਿਨ ਫਿਰ ਮਿੱਤਰਾਨਾ ਵਾਤਾਵਰਣ ਵਿੱਚ ਸਾਡਾ ਆਪਸ ਵਿੱਚ ਵਿਚਾਰ ਵਟਾਂਦਰਾ ਹੋਇਆ।
ਗੱਲ ਬਾਤ ਵਿੱਚ ਉਸ ਨੌਜਵਾਨ ਨੇ ਕਿਸੇ ਇੱਕ ਸੱਜਣ ਬਾਰੇ ਦੱਸਿਆ ਕਿ ਉਹ ਹਰੇਕ ਦੀਵਾਨ ਦੀ ਸਮਾਪਤੀ ਤੇ
ਚਾਲ਼ੀ ਪਉੜੀਆਂ ਵਾਲਾ ਅਨੰਦ ਸਾਹਿਬ ਪੜ੍ਹਦਾ ਹੈ। ਮੈਂ ਆਖਿਆ ਕਿ ਉਹ ਆਪਣੇ ਘਰ ਬੈਠ ਕੇ ਭਾਵੇਂ ਅੱਸੀ
ਪਉੜੀਆਂ ਵਾਲ਼ਾ ਅਨੰਦ ਸਾਹਿਬ ਪੜ੍ਹੇ; ਸਾਨੂੰ ਕੋਈ ਇਤਰਾਜ਼ ਨਹੀਂ, ਪਰ ਜਦੋਂ ਇੱਕ ਨੇ ਇੱਕ ਦਿਨ ਛੇ
ਪਉੜੀਆਂ ਪੜ੍ਹੀਆਂ ਤੇ ਦੂਜੇ ਦਿਨ ਦੂਜੇ ਨੇ ਚਾਲ਼ੀ ਪਉੜੀਆਂ ਪੜ੍ਹੀਆਂ ਤੇ ਅਗਲੇਰੇ ਦਿਨ ਫਿਰ ਤੀਜੇ ਨੇ
ਛੇ ਪਉੜੀਆਂ ਪੜ੍ਹੀਆਂ ਤਾਂ ਸਰੋਤਿਆਂ ਵਿੱਚ ਸ਼ੰਕਾ ਪੈਦਾ ਹੋਵੇਗੀ ਕਿ ਤਿੰਨਾਂ ਵਿਚੋਂ ਸਹੀ ਕੇਹੜਾ
ਹੈ!
ਅਨੰਦ ਸਾਹਿਬ ਅਤੇ ਰਹਰਾਸਿ ਬਾਰੇ ਵੱਖ ਵੱਖ ਵਿਚਾਰ ਤਾਂ ਅਜੇ ਚੱਲਦੇ ਹੀ ਹਨ ਤੇ ਵੱਖ ਵੱਖ
ਦੁਕਾਨਦਾਰਾਂ ਵੱਲੋਂ ਛਪੇ ਨਿੱਤਨੇਮ ਦੇ ਗੁਟਕੇ ਵੀ ਸ਼ਰਧਾਵਾਨ ਸਿੱਖਾਂ ਦੇ ਮਨਾਂ ਵਿੱਚ ਸ਼ੰਕੇ ਪਾਈ ਹੀ
ਜਾ ਰਹੇ ਹਨ; ਹੁਣ ਕੁੱਝ ਦੁਕਾਨਦਾਰਾਂ ਵੱਲੋਂ ਦੋ ਹੋਰ ਨਵੇਂ ‘ਭੰਬਲ਼ਭੂਸੇ’ ਖੜ੍ਹੇ ਕਰ ਦਿਤੇ ਗਏ ਹਨ।
ਇੱਕ ਕੈਲ਼ੰਡਰ ਅਜਿਹਾ ਛਾਪਿਆ ਗਿਆ ਹੈ ਜਿਸ ਦਾ ਸਿਰਲੇਖ ਹੈ ‘ਜਪੁ ਜੀ ਸਾਹਿਬ’ ਪਰ ਕੈਲੰਡਰ ਉਪਰ ਸਿਰਫ
ਜਪੁ ਜੀ ਸਾਹਿਬ ਦੀਆਂ ਪੰਜ ਪਉੜੀਆਂ ਹੀ ਛਾਪੀਆਂ ਗਈਆਂ ਹਨ। ਇਸ ਤੋਂ ਇਲਾਵਾ ਇੱਕ ਕੈਲੰਡਰ ਉਪਰ
ਸਿਰਲੇਖ ਛਾਪਿਆ ਗਿਆ ਹੈ ‘ਸੁਖਮਨੀ ਸਾਹਿਬ’ ਪਰ ਛਾਪੇ ਸੁਖਮਨੀ ਸਾਹਿਬ ਦੇ ਸਿਰਫ ਚੌਵੀ ਸਲੋਕ ਹੀ ਗਏ
ਹਨ। ਜੇਕਰ ਪਹਿਲੇ ਕੈਲੰਡਰ ਦੇ ਸਿਰਲੇਖ ਨਾਲ਼ ਜਪੁ ਜੀ ਸਾਹਿਬ ਦੀਆਂ ਪੰਜ ਪਉੜੀਆਂ ਅਤੇ ਦੂਜੇ ਉਪਰ
ਸੁਖਮਨੀ ਸਾਹਿਬ ਦੇ ਚੌਵੀ ਸਲੋਕ ਵੀ ਛਾਪ ਦਿੰਦੇ ਤਾਂ ਕੋਈ ਗ਼ਲਤ ਗੱਲ ਨਹੀਂ ਸੀ ਪਰ ਇਸ ਤਰ੍ਹਾਂ ਕੁੱਝ
ਸਮੇ ਬਾਅਦ ਇਹਨਾਂ ਬਾਰੇ ਵੀ, ਵੱਡਾ ਜਪੁ ਜੀ ਸਾਹਿਬ ਕਿ ਛੋਟਾ ਜਪੁ ਜੀ ਸਾਹਿਬ, ਵੱਡਾ ਸੁਖਮਨੀ
ਸਾਹਿਬ ਕਿ ਛੋਟਾ ਸੁਖਮਨੀ ਸਾਹਿਬ? ਵਾਲ਼ੀ ‘ਘੜਮੱਸ’ ਪੈ ਸਕਦੀ ਹੈ।
ਇਸ ਆਪੋ ਧਾਪੀ ਨੂੰ ਰੋਕਣ ਜਾਂ ਘਟਾਉਣ ਦੀ ਸਭ ਤੋਂ ਵਧ ਜੁੰਮੇਵਾਰੀ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੀ
ਬਣਦੀ ਹੈ ਜਿਸ ਦੀ ਛਤਰ ਛਾਇਆ ਹੇਠ, ਪੰਥ ਦੇ ਵਿਦਵਾਨਾਂ ਨੇ ਇੱਕ ਮਤ ਹੋ ਕੇ ਸਿੱਖ ਰਹਿਤ ਮਰਯਾਦਾ
ਨਾਮੀ ਪੁਸਤਿਕਾ ਤਿਅਰ ਕੀਤੀ ਸੀ। ਉਸ ਸਿੱਖ ਰਹਿਤ ਮਰਯਾਦਾ ਨੂੰ ਪੰਥ ਵਿੱਚ ਪ੍ਰਚੱਲਤ ਕਰਨ ਵੱਲ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਧਿਆਨ ਨਹੀਂ ਦਿਤਾ ਤੇ ਨਾ ਹੀ ਜਥੇਦਾਰ ਸ੍ਰੀ ਅਕਾਲ
ਤਖ਼ਤ ਸਾਹਿਬ ਜੀ ਵੱਲੋਂ, ਸ਼੍ਰੋਮਣੀ ਕਮੇਟੀ ਨੂੰ ਅਜਿਹਾ ਕੁੱਝ ਕਰਨ ਦੀ ਕਦੀ ਹਿਦਾਇਤ ਕੀਤੀ ਗਈ ਬਾਰੇ
ਹੀ ਸੁਣਨ ਵਿੱਚ ਆਇਆ। ਇੱਕ ਕਾਰਨ ਤਾਂ ਇਸ ਦਾ ਇਹ ਵੀ ਹੈ ਕਿ ਸਮੇ ਸਮੇ ਸ੍ਰੀ ਅਕਾਲ ਤਖ਼ਤ ਸਾਹਿਬ ਜੀ
ਦੇ ਜਥੇਦਾਰ ਸਾਹਿਬਾਨ ਵੀ ਕਿਸੇ ਸੰਪਰਦਾ ਵਿਚੋਂ ਵਿੱਦਿਆ ਪ੍ਰਾਪਤ ਕਰਕੇ ਆਏ ਹੁੰਦੇ ਹਨ ਤੇ ਉਹਨਾਂ
ਦੇ ਆਪਣੀ ਜਥੇਬੰਦੀ ਵਾਲ਼ੀ ਮਰਯਾਦਾ ਹੀ ਠੀਕ ਹੋਣ ਦੇ ਵਿਚਾਰ ਪ੍ਰਪੱਕ ਹੁੰਦੇ ਹਨ ਤੇ ਤਖ਼ਤ ਸਾਹਿਬ ਤੇ
ਡਿਊਟੀ ਉਪਰ ਹੋਣ ਸਮੇ ਉਹ ਭਾਵੇਂ ਮਰਯਾਦਾ ਤਾਂ ਤਖ਼ਤ ਸਾਹਿਬ ਵਾਲੀ ਭੁਗਤਾਉਂਦੇ ਹਨ ਪਰ ਅੰਦਰੋਂ ਇਸ
ਨਾਲ਼ ਸਹਿਮਤ ਨਹੀਂ ਹੁੰਦੇ। ਇਸ ਲਈ ਉਹ ਇਸ ਦੇ ਪ੍ਰਚਾਰ ਉਪਰ ਜੋਰ ਨਹੀਂ ਦਿੰਦੇ। ਰਹੀ ਗੱਲ ਸ਼੍ਰੋਮਣੀ
ਗੁਰਦੁਆਰਾ ਪ੍ਰਬੰਧਕ ਕਮੇਟੀ ਦੀ; ਉਸ ਦੇ ਸਟਾਫ਼ ਦੀ ਪਹਿਲੀ ਜੁੰਮੇਵਾਰੀ ਤਾਂ ਆਪਣੇ ਪ੍ਰਬੰਧ ਅਧੀਨ
ਸੰਸਥਾਵਾਂ ਦਾ ਪ੍ਰਬੰਧ ਕਰਨ ਦੀ ਹੁੰਦੀ ਤੇ ਇਹ ਕੁੱਝ ਕਰਨ ਤੋਂ ਬਾਅਦ ਜੇ ਕੁੱਝ ਸਮੇ, ਧਨ ਆਦਿ ਦੇ
ਵਸੀਲੇ ਬਚ ਜਾਣ ਤਾਂ ਫਿਰ ਉਹਨਾਂ ਵਸੀਲਿਆਂ ਦੀ ਵਰਤੋਂ, ਕਮੇਟੀ ਉਪਰ ਕਾਬਜ ਧੜੇ ਦੀ ਇਛਾ ਅਨੁਸਾਰ
ਕਰਨੀ ਹੁੰਦੀ ਹੈ। ਇਹ ਕੋਈ ਨਵੀਂ ਗੱਲ ਨਹੀਂ; ਇਹ ਕਾਰਜ ਪ੍ਰਣਾਲੀ ਸ਼ੁਰੂ ਤੋਂ ਹੀ ਚਲੀ ਆ ਰਹੀ ਹੈ।
ਇਹ ਕੁੱਝ ਲਿਖ ਕੇ ਮੈਂ ਇਸ ਦੇ ਸਹੀ ਹੋਣ ਦੀ ਪ੍ਰੋੜ੍ਹਤਾ ਨਹੀਂ ਕਰ ਰਿਹਾ ਪਰ ਹੈ ਇਹ ਜ਼ਮੀਨੀ ਹਕੀਕਤ।
ਹਾਂ, ਲੰਡਨ ਵਾਸੀ ਇੱਕ ਵਿਦਵਾਨ ਗਿਆਨੀ ਗੁਰਬਖ਼ਸ਼ ਸਿੰਘ ਗੁਲਸ਼ਨ ਜੀ ਨੇ ਇਸ ਪੱਖ ਤੇ ਵਾਹਵਾ ਸਾਰਾ ਉਦਮ
ਕੀਤਾ ਹੈ। ਉਹਨਾ ਨੇ ਇਸ ਬਾਰੇ ਇੱਕ ਕਿਤਾਬ ਵੀ ਲਿਖ ਕੇ ਛਪਵਾਈ ਹੇ ਤੇ ਇੱਕ ਸੀ. ਡੀ. ਵੀ ਤਿਆਰ
ਕਰਕੇ ਸੰਗਤਾਂ ਵਿੱਚ ਵੰਡੀ ਹੈ ਤਾਂ ਕਿ ਦੇਸ ਪਰਦੇਸ ਦੀਆਂ ਸੰਗਤਾਂ ਪੰਥ ਪ੍ਰਵਾਨਤ ਸਿੱਖ ਰਹਿਤ
ਮਰਯਾਦਾ ਤੋਂ ਜਾਣੂ ਹੋ ਸਕਣ। ਇਹ ਉਦਮ ਸ਼ਲਾਘਾਯੋਗ ਹੈ।
ਤਖ਼ਤ ਸਾਹਿਬਾਨ ਦੇ ਸਿੰਘ ਸਾਹਿਬਾਨ ਘਟ ਤੋਂ ਘਟ ਏਨਾ ਕਾਰਜ ਤਾਂ ਕਰ ਹੀ ਸਕਦੇ ਹਨ ਕਿ ਇੱਕ ਪ੍ਰਬੰਧ
ਅਧੀਨ ਗੁਰਦੁਆਰਾ ਸਾਹਿਬਾਨ ਵਿੱਚ ਜੇਹੜੇ ਪਰਾਣੀ ਅੰਮ੍ਰਿਤ ਪਾਨ ਕਰਦੇ ਹਨ ਉਹਨਾਂ ਨੂੰ ਉਸ ਸਮੇ ਇੱਕ
ਇੱਕ ਕਾਪੀ ਸਿਖ ਰਹਿਤ ਮਰਯਾਦਾ ਦੀ ਅਤੇ ਇੱਕ ਇੱਕ ਨਿਤਨੇਮ ਦਾ ਗੁਟਕਾ ਦੇ ਕੇ, ਇਹ ਤਾਂ ਆਖਿਆ ਹੀ ਜਾ
ਸਕਦਾ ਹੈ ਕਿ ਇਹ ਪੰਥ ਦੀ ਮਰਯਾਦਾ ਹੈ ਤੇ ਘਟ ਤੋਂ ਘਟ ਗੁਰਸਿੱਖ ਵਾਸਤੇ ਏਨਾ ਬਾਣੀ ਦਾ ਨਿਤਨੇਮ
ਜ਼ਰੂਰੀ ਹੈ; ਇਸ ਤੋਂ ਇਲਾਵਾ ਹੋਰ ਜਿੰਨੀ ਵੀ ਬਾਣੀ ਪੜ੍ਹ ਸਕੋ, ਵਾਹਿਗੁਰੂ ਸਿਮਰਨ ਕਰ ਸਕੋ, ਧੰਨ
ਭਾਗ ਕਰੋ!
ਇਸ ਤੋਂ ਇਲਾਵਾ ਸ਼੍ਰੋਮਣੀ ਗੁ. ਪ੍ਰ. ਕਮੇਟੀ ਨੂੰ ਚਾਹੀਦਾ ਹੈ ਕਿ ਉਹ ਆਪਣੇ ਦੁਆਰਾ ਪ੍ਰਕਾਸ਼ਤ ਕੀਤੇ
ਗਏ ਨਿੱਤਨੇਮ ਦੇ ਗੁਟਕੇ ਅਤੇ ਸਿੱਖ ਰਹਿਤ ਮਰਯਾਦਾ ਦੀਆਂ ਕਾਪੀਆਂ, ਦੇਸ ਅਤੇ ਪਰਦੇਸ ਦੀ ਸਿੱਖ
ਸੰਸਥਾਵਾਂ ਤੱਕ ਵਧ ਤੋਂ ਵਧ ਪੁਚਾਉਣ ਦਾ ਉਪ੍ਰਾਲਾ ਕਰੇ। ਦੂਜੀਆਂ ਸੰਪਰਦਾਵਾਂ ਵਾਲੇ ਆਪਣੇ ਛਪੇ
ਗੁਟਕੇ ਅਤੇ ਦੂਜਾ ਲਿਟ੍ਰੇਚਰ ਸੱਬਰਕੱਤੀ ਗਿਣਤੀ ਵਿੱਚ ਗੁਰਦੁਆਰਾ ਸਾਹਿਬਾਨ ਵਿੱਚ ਭੇਜਣ ਦਾ ਹਮੇਸ਼ਾਂ
ਉਦਮ ਕਰਦੇ ਰਹਿੰਦੇ ਹਨ।