.

“ਜਪੁ ਬਾਣੀ ਅਰਥ ਭਾਵ ਉਚਾਰਣ ਸੇਧਾਂ ਸਹਿਤ”


ਇਸ ਦਾ ਸ਼ੁਧ ਉਚਾਰਣ “ਇਕ ਓਅੰਕਾਰ” ਹੈ ਅਤੇ ਇਹ ਸਮਾਸੀ ਸ਼ਬਦ ਹੈ, ਓਅੰ ਅਤੇ ਅਕਾਰ ਦਾ ਸੰਧੀ ਰੂਪ ਹੈ ਇਸਦੇ ਅਰਥ ਭਾਈ ਸਾਹਿਬ ਭਾਈ ਗੁਰਦਾਸ ਅਨੁਸਾਰ ਇਸ ਪ੍ਰਕਾਰ ਹਨ - :
“ ਸਿਰਜਨਵਾਲਾ ਅਤੇ ਵਿਆਪਕ ਸੱਤਾ ਸੰਪੰਨ ਬ੍ਰਹਮ ਕੇਵਲ ਇਕ ਹੈ”
ਚਿੰਨ੍ਹ ‘੧’ ਮੂਲ ਰੂਪ ਵਿਚ ਗਣਿਤ ਵਿਦਿਆ ਦਾ ਮੁੱਢਲਾ ਅੰਕ ਹੈ ਪਰ ਮੂਲ ਮੰਤ੍ਰ ਵਿਚ ਆਏ ਇਸ ਚਿੰਨ੍ਹ ਦੀ ਮਹਁਤਤਾ ਗਣਿਤ ਵਿਦਿਆ ਦੇ ਪੱਖ ਤੋਂ ਨਹੀਂ ਹੈ ਇਥੇ ਇਹ ਏਕੰਕਾਰ ਬ੍ਰਹਮ ਅਦੁੱਤੀ ਹੈ ਉਸ ਵਰਗਾ ਹੋਰ ਕੋਈ ਨਹੀਂ ਦਾ ਸੰਕੇਤ ਕਰਦਾ ਹੈ ਸਨਾਤਨੀ ਵਿਚਾਰਧਾਰਾ ਵਾਲੇ ਵਿਦਵਾਨ ‘ਓਅੰ’ ਸ਼ਬਦ ਦੇ ਤਿੰਨਾਂ ਅੱਖਰਾਂ (ਓ, ਅ,ਮ) ਨੂੰ ਬ੍ਰਹਮਾ ਬਿਸ਼ਨ ਮਹੇਸ਼ ਦਾ ਲਖਾਇਕ ਮੰਨਦੇ ਹਨ ਪਰ ਗੁਰਮਤਿ ਦੀ ਵਿਚਾਰਧਾਰਾ ਇਹ ਹੈ ਕਿ ਜਗਤ ਦਾ ਰਚਨਹਾਰ ,ਪਾਲਨਹਾਰ ਅਤੇ ਸੰਘਾਰ ਕਰਤਾ ਕੇਵਲ ਇਕ ਪਾਰਬ੍ਰਹਮ ਹੀ ਹੈ
“ਸਤਿ ਨਾਮੁ”
ਲਫ਼ਜ਼ ‘ਨਾਮੁ’ ਨਾਂਵ ਹੈ ਅਤੇ ‘ਸਤਿ’ ਵਿਸ਼ੇਸ਼ਨ ਹੈ ਇਸਦਾ ਉਚਾਰਣ ਅਲਗ ਅਲਗ ਕਰਨਾ ਹੈ ਇਕੱਠਾ ਨਹੀਂ, ‘ਸਤਿ’ ਪਦ ਸੰਸਕ੍ਰਿਤ ਦੇ ‘ਸਤਯ’ ਤੋਂ ਬਣਿਆਂ ਹੈ ਜਿਸ ਦਾ ਅਰਥ ਹੋਂਦ ਵਾਲਾ ਸਦਾ ਅਟੱਲ ਰਹਿਣ ਵਾਲਾ ਓਅੰਕਾਰ ਬ੍ਰਹਮ ਦਾ ਨਾਮ ਵੀ ਸਦੀਵੀ ਹੋਂਦ ਵਾਲਾ ਹੈ
“ਕਰਤਾ ਪੁਰਖੁ”
ਪੁਰਖੁ’ ਨਾਂਵ ਹੈ ਅਤੇ ਸੰਸਕ੍ਰਿਤ ਦਾ ਸ਼ਬਦ ਹੈ ਇਸਦੇ ਅਰਥ ਹਨ ਵਿਆਪਕ ਓਅੰਕਾਰ ਬ੍ਰਹਮ ਸਾਰੀ ਰਚਨਾ ਦਾ ਕਰਨਹਾਰ ਹੈ ਅਤੇ ਆਪਣੀ ਰਚਨਾ ਵਿਚ ਵੀ ਵਿਆਪਕ ਹੈ , ਕਰਤਾ ਪਦ ਪੁਰਖੁ ਦਾ ਵਿਸ਼ੇਸ਼ਣ ਨਹੀਂ ਹੈ ਇਕ ਸੁਤੰਤਰ ਸ਼ਬਦ ਹੈ
“ਨਿਰਭਉ ਨਿਰਵੈਰੁ”
ਭਉ ਪਦ ਨਾਂਵ ਹੈ ਜੁੜਤਪਦ ਦੇ ਅਰਥ ਹਨ ‘ਡਰ ਤੋਂ ਰਹਿਤ ਅਤੇ ਨਿਰਵੈਰ ਦਾ ਅਰਥ ਹੈ ‘ਵੈਰ ਭਾਵਨਾ ਤੋਂ ਰਹਿਤ ਓਅੰਕਾਰ ਬ੍ਰਹਮ ਡਰ ਤੋਂ ਰਹਿਤ ਹੈ ਕਿਉਂਕਿ ਉਸ ਜਿੱਡਾ ਕੋਈ ਹੋਰ ਹੈ ਈ ਨਹੀਂ ਵੈਰ ਭਾਵਨਾ ਤੋਂ ਰਹਿਤ ਹੈ ਕਿਉਂਕਿ ਉਸ ਤੋਂ ਵੱਖਰਾ ਕੋਈ ਨਹੀਂ:
“ ਅਕਾਲ ਮੂਰਤਿ”
ਮੂਰਤਿ ਪਦ ਇਸਤਰੀਲਿੰਗ ਹੈ ਇਸਦਾ ਵਿਸ਼ੇਸ਼ਣ ‘ਅਕਾਲ’ ਹੈ ਅਤੇ ਇਹ ਪਦ ਸੰਸਕ੍ਰਿਤ ਦਾ ਹੈ ਗੁਰਬਾਣੀ ਵਿਚ ‘ਮੂਰਤ’ ਪਦ ਤਿੰਨ ਰੂਪਾਂ ਵਿਚ ਆਇਆ ਹੈ -:
‘ਮੂਰਤੁ ਇਹ ਪਦ ਗੁਰਬਾਣੀ ਵਿਚ ਕੇਵਲ (9) ਵਾਰ ਆਇਆ ਹੈ ਵਿਆਕਰਣ ਅਨੁਸਾਰ ਇਹ ਇਕਵਚਨ ਪੁਲਿੰਗ ਨਾਂਵ ਹੈ ਇਸਦਾ ਅਰਥ ਹੈ ‘ਸਮਾ’ ਅਤੇ ਲਫਜ ‘ਮਹੂਰਤ’ ਦਾ ਸੰਖੇਪ ਰੂਪ ਹੈ -:
“ ਸਫਲ ਮੂਰਤੁ ਸਫਲਾ ਘੜੀ ਜਿਤੁ ਸਚੇ ਨਾਲਿ ਪਿਆਰ”
‘ਮੂਰਤ’
ਇਹ ਪਦ ਗੁਰਬਾਣੀ ਵਿਚ (11) ਵਾਰ ਆਇਆ ਹੈ ਇਹ ਭੀ ‘ਮਹੂਰਤ’ ਦਾ ਸੰਖੇਪ ਰੂਪ ਅਤੇ ਪੁਲਿੰਗ ਨਾਂਵ ਬਹੁਵਚਨ ਹੈ ਇਸਦਾ ਅਰਥ ਹੈ’ ਦੋ ਘੜੀਆਂ ਦਾ ਸਮਾ- :
“ਧੰਨੁ ਮੂਰਤ ਚਸੇ ਪਲ ਘੜੀਆ ਧੰਨਿ ਸੁ ਓਇ ਸੰਜੋਗਾ ਜੀਉ”
ਸੋ ਮੂਲਮੰਤ੍ਰ ਵਿਚ ‘ਮੂਰਤਿ’ ਪਦ ਗੁਰਬਾਣੀ ਵਿਚ (99) ਵਾਰ ਆਇਆ ਹੈ ਸੰਸਕ੍ਰਿਤ ਦਾ ਪਦ ਹੈ ਇਸਦਾ ਅਰਥ ਹੈ ਉਸ ਦੀ ਅਦੁਤੀ ਹਸਤੀ ਜੋ ਸਮੇ ਵਿਚ ਸੀਮਤ ਨਹੀਂ ਦੇਸ਼ ਕਾਲ ਤੋਂ ਸੁਤੰਤਰ ਹੈ ਕਈ ਭੋਲੇ ਭਾਲੇ ਜਾਂ ਪੰਖਡੀਆਂ ਵਲੋਂ ਪ੍ਰੇਰੇ ਹੋਏ ਵੀਰ ਬਣਾਉਟੀ ਮੂਰਤਾਂ ਨੂੰ ਅਕਾਲ ਮੂਰਤਿ ਮੰਨ ਕੇ ਉਸ ਦੀ ਪੂਜਾ ਵਿਚ ਪਰਵਿਰਤ ਹੋ ਜਾਂਦੇ ਹਨ ਇਹ ਬਿਲਕੁਲ ਗੁਰਮਤਿ ਵੀਚਾਰਧਾਰਾ ਤੋਂ ਉਲਟ ਹੈ ਅਤੇ ਮਨਮਤਿ ਹੈ ‘ਅਕਾਲ ਮੂਰਤਿ ਦਾ ਭਾਵ ਸਤਿਗੁਰੂ ਦਾ ਆਚਰਨ ਦਾ ਰੂਪ ਮਨ ਵਿਚ ਵਸਾਏ
(vision of his personaliy) -:
“ ਮਾਨੁਖ ਕਾ ਕਰਿ ਰੂਪੁ ਨ ਜਾਨੁ ਮਿਲੀ ਨਿਮਾਨੇ ਮਾਨ”
ਜੇਕਰ ਵਾਹਿਗੁਰੂ ਜੀ ਦੀ ਮੂਰਤਿ ਦੇ ਦਰਸ਼ਨ ਕਰਣੇ ਹੋਣ ਤਾਂ ਦ੍ਰਿਸ਼ਟਮਾਨ ਵਿਸ਼ਵ ਸੰਸਾਰ ਸਭ ਹਰੀ ਦਾ ਹੀ ਰੂਪ ਹੈ
“ ਸਫਲ ਦਰਸਨੁ ਅਕਾਲਿ ਮੂਰਤਿ, ਪ੍ਰਭ ਹੈ ਭੀ ਹੋਵਨ ਹਾਰਾ”
“ਅਜੂਨੀ”
ਇਸ ਵਿਚ ‘ਅ’ ਅਗੇਤਰ ਹੈ ‘ਅ-ਜੁਨੀ’ ਇਸ ਦਾ ਭਾਵ ਹੈ ਓਅੰਕਾਰ ਬ੍ਰਹਮ ਜੂਨ ਜਨਮ ਤੋਂ ਰਹਿਤ ਹੈ ਜਿਹੜੇ ਪੁਰਸ਼ ਭੁਲ ਕੇ ਕਰਤਾ ਪੁਰਖ ਨੂੰ ਜਨਮ ਤੇ ਜੂਨੀਆਂ ਵਿਚ ਆਉਣ ਵਾਲਾ ਦਸਦੇ ਹਨ ਉਹਨਾਂ ਦੀ ਰਸਨਾ ਹੀ ਕਿਉਂ ਨਾ ਸੜ ਜਾਏ! ਵਾਹਿਗੁਰੂ ਜੀ ਇਸ ਕਰਕੇ ਆਪ ਅਜੂਨੀ ਹੈ ਕਿਉਂਕਿ ਉਹ ਆਪ ਕਰਤਾ ਪੁਰਖੁ ਹਨ ਅਤੇ ਉਸ ਨੂੰ ਜਨਮ ਦੇਣ ਵਾਲਾ ਕੋਈ ਮਾਤਾ ਪਿਤਾ ਨਹੀਂ|
“ ਸੈਭੰ”
ਇਸਦਾ ਉਚਾਰਣ ਇਕੱਠਾ ਹੈ ਅਲਗ ਅਲਗ ਕਰਕੇ ਪੜ੍ਹਣਾ ਅਸ਼ੁਧ ਹੈ ਇਹ ਸ਼ਬਦ ਸੰਸਕ੍ਰਿਤ ਦੇ “ਸ੍ਵਯੰ+ਭੂ” ਤੋਂ ਬਣਿਆਂ ਹੈ ਇਸਦਾ ਅਰਥ ਹੈ ਸੁਤੇ ਪ੍ਰਕਾਸ਼ ,ਆਪਣੇ ਆਪ ਤੋਂ ਹੋਣ ਵਾਲਾ
“ ਅਕਾਲ ਮੂਰਤਿ ਪਰਤਖਿ ਸੋਇ ਨਾਉ ਅਜੂਨੀ ਸੈਭੰ ਭਾਇਆ”
{ਭਾਈ ਵੀਰ ਸਿੰਘ ਜੀ ਦੁਆਰਾ ਕੀਤੇ ਅਰਥ ਢੁਕਦੇ ਨਹੀਂ}
“ਗੁਰ ਪ੍ਰਸਾਦਿ”
ਇਹ ਸਮਾਸੀ ਸ਼ਬਦ ਹੈ ਪਦ ‘ਗੁਰ’ ਨਾਂਵ ਹੈ ਅਤੇ ਵਿਚ ‘ਦੀ’ ਸੰਬੰਧਕੀ ਆਉਣ ਕਾਰਣ ਇਸ ਦੀ ਔਂਕੜ ਹਟ ਗਈ ਹੈ ‘ਪ੍ਰਸਾਦਿ’ ਇਸਤਰੀਲਿੰਗ ਹੈ ਜਿਸ ਦੇ ਅੰਤਲੇ ਅੱਖਰ ਨਾਲ ਸਿਹਾਰੀ ਲਗਣ ਕਾਰਕੇ ਕਰਣ ਕਾਰਕ ਦਾ ਵਾਚਕ ਬਣ ਗਈ ਹੈ ਇਸ ਸੰਯੁਕਤ ਸ਼ਬਦ ਦੇ ਗੁਰਬਾਣੀ ਵਿਆਕਰਣ ਅਨੁਸਾਰ ਅਰਥ “ ਗੁਰੂ ਦੀ ਕਿਰਪਾ ਨਾਲ, ਰਾਹੀਂ, ਦੁਆਰਾ” ਬਣਦੇ ਹਨ ਕਈ ਵਿਦਵਾਨ ‘ਗੁਰ ਪ੍ਰਸਾਦਿ’ ਦੇ ਇਹ ਅਰਥ ਕਰਦੇ ਹਨ-:
ਗੁਰ- ਪਰਮ ਗੁਰੂ (ਬ੍ਰਹਮ)
ਪ੍ਰਸਾਦਿ- (ਬ੍ਰਹਮ) ਕਿਰਪਾ ਸਰੂਪ ਹੈ”
ਇਹ ਅਰਥ ਗੁਰਬਾਣੀ ਵਿਆਕਰਣ ਦੇ ਪੱਖੋਂ ਅਸ਼ੁਧ ਹਨ ਇਹ ਅਰਥ ਤਾਂ ਹੀ ਬਣ ਸਕਦੇ ਸਨ ਜੇ ਦੋਹਾਂ ਸ਼ਬਦਾਂ ਦਾ ਸਰੂਪ ਇਹ ਹੁੰਦਾ -: “ਗੁਰੁ ਅਤੇ ਪ੍ਸਾਦੁ” ਜੋ ਕਿ ਨਹੀਂ ਹੈ ਭਾਵ ਅਰਥ ਇਹ ਹਨ -:
“ ਓਅੰਕਾਰ ਦਾ ਗਿਆਨ ਅਤੇ ਉਸ ਦੀ ਪ੍ਰਾਪਤੀ ਗੁਰੂ ਦੇ ਪ੍ਰਸਾਦ ਦੁਆਰਾ ਹੀ ਸੰਭਵ ਹੈ”
‘ਗੁਰ’ ਗੁਰਮਤਿ ਸਿਧਾਂਤ ਅਤੇ ਗੁਰਮਤਿ ਮਾਰਗ ਦਾ ਮੂਲ ਆਧਾਰ ਹੈ ‘ਗੁਰੂ’ ਦਾ ਅਰਥ ਹੈ ‘ਅੰਨ੍ਹੇਰੇ ਵਿਚ ਚਾਨਣ ਕਰਨ ਵਾਲਾ” ਅਧਿਆਤਮ ਮਾਰਗ ਦੇ ਪਾਂਧੀ ਜਗਿਆਸੂ ਦੀ ਮੂਲ ਸਮੱਸਿਆ ਹੀ ਅਗਿਆਨਤਾ ਅੰਨ੍ਹੇਰਾ ਹੈ ‘ਗੁਰੂ’ ਤ੍ਰਿਭਵਣੀ ਸੰਸਾਰ ਤੋਂ ਤਮ ਅੰਧਾਰ ਵਿਚੋਂ ਛੁਟਕਾਰਾ ਦਿਵਾਉਣ ਵਾਲਾ ਗਿਆਨ ਦੀਪਕ ਹੈ ਗੁਰੂ ਜੀਵ ਵਣਜਾਰਿਆਂ ਲਈ ਅਜੇਹਾ ਸ਼ਾਹ ਹੈ ਜੋ ਅਉਗਣਾਂ ਦੇ ਵੱਟੇ ਗੁਣ ਪ੍ਰਦਾਨ ਕਰਦਾ ਹੈ ਬ੍ਰਹਮ ਅਤੇ ਗੁਰੂ ਤਾਣੇ ਪੇਟੇ ਵਾਂਗ ਓਤਿ ਪੋਤਿ ਹਨ ਭਾਈ ਗੁਰਦਾਸ ਜੀ ਅਨੁਸਾਰ ਸਤਿਗੁਰੂ ਦੇ ਹਿਰਦੇ ਵਿਚ ਸ਼ਬਦ ਸਮਾਇਆ ਹੁੰਦਾ ਹੈ ਅਤੇ ਵਿਚ ਸਤਿਗੁਰੂ ਭਾਵ ਸਤਿਗੁਰੂ ਅਤੇ ਸ਼ਬਦ ਪਰਸਪਰ ਓਤਿ ਪੋਤਿ ਹਨ ਅਤੇ ਸ਼ਬਦ ਹੀ ਸਤਿਗੁਰੂ ਦੀ ਮੂਰਤਿ ਹੈ ਇਹ ਸੂਖਮ ਭੇਤ ਸ਼ਬਦ ਵਿਚ ਸੁਰਤਿ ਜੋੜਿਆਂ ਹੀ ਸਮਝ ਪੈਂਦਾ ਹੈ -:
“ ਸਤਿਗੁਰ ਮੈ ਸਬਦੁ ਸਬਦੁ ਮੈ ਸਤਿਗੁਰ ਹੈ
ਨਿਰਗੁਨ ਗਿਆਨ ਧਿਆਨ ਸਮਝਾਵੈ ਜੀ (ਕਬਿੱਤ ਭਾਈ ਗੁਰਦਾਸ)
“ ਇਕ ਓਅੰਕਾਰ ਤੋਂ ਗੁਰ ਪ੍ਰਸਾਦਿ ਤਕ ਸਮੁੱਚੇ ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਜਪੁ ਬਾਣੀ ਦਾ ਸਾਂਝਾ ਮੰਗਲ ਹੈ ਜਿਸ ਨੂੰ ਸਿਧਾਂਤਕ ਸ਼ਬਦਾਵਲੀ ਵਿਚ ‘ਮੂਲ ਮੰਤ੍ਰ ਦੀ ਸੰਗਿਆ ਦਿੱਤੀ ਜਾਂਦੀ ਹੈ ਇਸ ਮੂਲ ਮੰਤ੍ਰ ਦੇ ਸਤ ਸ਼ਬਦ ਜੋਟੇ ਹਨ ਪਹਿਲੇ ਛੇ ਸ਼ਬਦ ਜੋਟਿਆਂ ਵਿਚ ਵਿਆਪਕ ਬ੍ਰਹਮ ਦਾ ਗੁਣਾਤਮਿਕ ਸ਼ਬਦੀ ਚਿੱਤਰ ਨਿਰੂਪਣ ਕੀਤਾ ਹੈ ਸਤਵੇਂ ਵਿਚ ਬ੍ਰਹਮ ਅਤੇ ਉਸਦੀ ਪ੍ਰਾਪਤੀ ਦਾ ਸਾਧਨ ਦਸਿਆ ਹੈ|
ਕਈ ਵੀਰ ਮੂਲ ਮੰਤ੍ਰ ਦਾ ਅਕਾਰ ਇਕ ਓਅੰਕਾਰ ਤੋਂ ‘ਨਾਨਕ ਹੋਸੀ ਭੀ ਸਚੁ ‘ ਤਕ ਮੰਨਦੇ ਹਨ ਉਹਨਾਂ ਦੀ ਇਹ ਧਾਰਨਾ ਠੀਕ ਨਹੀਂ ਆਰੰਭ ਵਿਚ ਆਇਆ ਮੂਲ ਮੰਤ੍ਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਅਤੇ ਜਪੁ ਬਾਣੀ ਦਾ ਮੰਗਲ ਹੈ ਇਹ ਮੂਲ ਮੰਤ੍ਰ ਗੁਰੂ ਗ੍ਰੰਥ ਸਾਹਿਬ ਵਿਚ ਹਰੇਕ ਰਾਗ ਨਾਲ ਸੰਬੰਧਤ ਬਾਣੀ ਦੇ ਆਰੰਭ ਵਿਚ ਅਤੇ ਰਾਗ ਮੁਕਤ ਬਾਣੀ ਦੇ ਆਰੰਭ ਵਿਚ ਵੀ ਆਉਂਦਾ ਹੈ ਸਾਰੀ ਥਾਂ ਇਸ ਦਾ ਸਰੂਪ ‘ਇਕ ਓਅੰਕਾਰ ਤੋਂ ਕੇ ‘ਗੁਰ ਪ੍ਰਸਾਦਿ’ ਤਕ ਹੀ ਹੈ ਸੰਖੇਪ ਰੂਪ ਵਿਚ ਵੱਖ ਵੱਖ ਥਾਈਂ ਇਹ ਮੂਲ ਮੰਤ੍ਰ ਲਗ ਪਗ 567 ਵਾਰ ਆਇਆ ਹੈ ਹਰ ਥਾਵੇਂ ‘ਗੁਰ ਪ੍ਰਸਾਦਿ’ ਤਕ ਹੀ ਹੈ
“ ਮੂਲ ਮੰਤ੍ਰ ਵਿਚ ਵਿਆਪਕ ਬ੍ਰਹਮ ਦੇ ਸ਼ਬਦੀ ਚਿਤਰ ਦੁਆਰਾ ਉਸ ਪਰਮ ਚੇਤਨਾ ਦਾ ਸਰੂਪ ਸਚ ਨਿਰੂਪਣ ਕੀਤਾ ਹੋਇਆ ਹੈ ਅਤੇ ਉਸ ਦੇ ਮੂਲ ਗੁਣ ਦਰਸਾ ਕੇ ਉਸ ਦੀ ਗਿਆਨ ਪ੍ਰਾਪਤੀ ਅਤੇ ਮਿਲਾਪ ਦੇ ਗੁਰੂ ਦੀ ਕਿਰਪਾ ਵਲ ਸੰਕੇਤ ਹੈ
ਭੁੱਲ-ਚੁਕ ਮੁਆਫ
ਹਰਜਿੰਦਰ ਸਿੰਘ ‘ਘੜਸਾਣਾ’
[email protected]




.