.

ਗੁਰਮਤਿ ਅਤੇ ਸਾਇੰਸ ਦੇ ਇਸ ਅਜੋਕੇ ਯੁਗ ਵਿੱਚ (ਭਾਗ-੨੪)

Gurmat and science in present scenario (Part-24)

ਸਿੱਖ ਧਰਮ ਵਿੱਚ ਕੇਸਾਂ ਦੀ ਮਹੱਤਤਾ

Importance of hair in Sikhism

ਮੋਰ ਦੇ ਖੰਭ ਉਤਾਰ ਦਿਉ, ਸ਼ੇਰ ਦੇ ਵਾਲ ਉਤਾਰ ਦਿਉ, ਭੇਡ ਦੀ ਉੱਨ ਉਤਾਰ ਦਿਉ, ਤਾਂ ਇਹ ਕਿਸ ਤਰ੍ਹਾਂ ਦੇ ਲਗਦੇ ਹਨ, ਇਹ ਆਪ ਹੀ ਸਮਝ ਸਕਦੇ ਹੋ। ਇਸੇ ਤਰ੍ਹਾਂ ਜੇ ਕਰ ਮਨੁੱਖ ਦੇ ਵਾਲ ਉਤਾਰ ਦਿਤੇ ਜਾਣ ਤਾਂ ਉਹ ਮਨੁੱਖ ਵੀ ਅਕਾਲ ਪੁਰਖੁ ਦੀ ਨਜ਼ਰ ਵਿੱਚ ਕਿਸ ਤਰ੍ਹਾ ਦਾ ਲੱਗੇਗਾ ਇਸ ਨਿਯਮ ਅਨੁਸਾਰ ਅਸੀਂ ਆਸਾਨੀ ਨਾਲ ਸਮਝ ਸਕਦੇ ਹਾਂ। ਅਕਾਲ ਪੁਰਖੁ ਦੀ ਬਣਾਈ ਹੋਈ ਕੁਦਰਤ ਤੇ ਇਹ ਸਾਰੀ ਰਚਨਾ ਬਹੁਤ ਸੁੰਦਰ ਹੈ, ਜਿਸ ਦਾ ਕੋਈ ਵੀ ਜੀਵ ਮੁਕਾਬਲਾ ਨਹੀਂ ਕਰ ਸਕਦਾ। ਜਿਹੜੀ ਚੀਜ ਅਕਾਲ ਪੁਰਖੁ ਦੀ ਬਣਾਈ ਹੋਈ ਬਣਤਰ ਅਨੁਸਾਰ ਨਹੀਂ ਹੈ, ਉਸ ਵਿੱਚ ਕੋਈ ਨਾ ਕੋਈ ਖਾਮੀ ਜਰੂਰ ਰਹਿ ਜਾਂਦੀ ਹੈ। ਅੱਜਕਲ ਬਹੁਤ ਤਰ੍ਹਾਂ ਦੇ ਆਰਟੀਫੀਸ਼ਲ ਦਿਲ, ਕਿੰਡਨੀ, ਲੱਤਾਂ, ਤੇ ਹੋਰ ਕਈ ਤਰ੍ਹਾਂ ਦੇ ਅੰਗ ਬਣ ਰਹੇ ਹਨ, ਪਰੰਤੂ ਉਹ ਅਕਾਲ ਪੁਰਖੁ ਦੇ ਬਣਾਇਆ ਹੋਇਆਂ ਅੰਗਾਂ ਦੇ ਬੁਕਾਬਲੇ ਕੁੱਝ ਵੀ ਨਹੀਂ। ਕਈ ਮੁਸ਼ਕਲਾਂ ਤੇ ਖਾਮੀਆਂ ਨਾਲ ਉਸ ਅਨੁਸਾਰ ਮਨੁੱਖ ਨੂੰ ਢਾਲਣਾ ਪੈਂਦਾ ਹੈ, ਪਰੰਤੂ ਅਕਾਲ ਪੁਰਖੁ ਦੇ ਬਣਾਏ ਗਏ ਅੰਗਾਂ ਵਰਗੀ ਪੂਰਨਤਾ ਕਦੇ ਵੀ ਨਹੀਂ ਮਿਲਦੀ। ਦੰਦ ਮਨੁੱਖ ਦੇ ਚੇਹਰੇ ਦਾ ਸ਼ਿੰਗਾਰ ਹਨ, ਜੇ ਕਰ ਦੰਦ ਨਿਕਲ ਜਾਣ ਤਾਂ ਚਿਹਰਾ ਹੋਰ ਤਰ੍ਹਾਂ ਦਾ ਲਗਦਾ ਹੈ, ਮਨੁੱਖ ਨੂੰ ਆਪਣੇ ਆਪ ਨਾਲ ਘਿਰਣਾਂ ਮਹਿਸੂਸ ਹੁੰਦੀ ਹੋਵੇਗੀ। ਦੰਦ ਆਪਣੀ ਜਗਾਹ ਤੇ ਹੀ ਸ਼ੋਭਾ ਦੇ ਯੋਗ ਹੁੰਦੇ ਹਨ। ਇਸੇ ਤਰ੍ਹਾਂ ਕੇਸ ਵੀ ਮਨੁੱਖ ਦੀ ਸੁੰਦਰਤਾ ਦਾ ਨਿਸ਼ਾਨ ਹਨ। ਕੇਸਾਂ ਦੀ ਸ਼ੋਭਾ ਵੀ ਉਤਨੀ ਦੇਰ ਤੱਕ ਹੈ, ਜਿਤਨੀ ਦੇਰ ਤੱਕ ਆਪਣੀ ਜਗਾਹ ਤੇ ਹਨ। ਸ਼ੇਰ, ਸ਼ੇਰਨੀ ਨਾਲੋਂ ਸੁੰਦਰ, ਆਪਣੇ ਕੇਸਾਂ ਕਰਕੇ ਲਗਦਾ ਹੈ। ਜਿਸ ਤਰ੍ਹਾਂ ਇੱਕ ਕੱਟੇ ਵਾਲਾਂ ਵਾਲੇ ਸ਼ੇਰ, ਕੁੱਤਾ, ਭੇਡ, ਆਦਿ ਭੱਦੇ ਲਗਦੇ ਹਨ, ਠੀਕ ਉਸੇ ਤਰ੍ਹਾਂ ਇੱਕ ਕੱਟੇ ਵਾਲਾਂ ਵਾਲੇ ਮਨੁੱਖ ਵੀ ਅਕਾਲ ਪੁਰਖੁ ਦੇ ਬਣਾਏ ਗਏ ਅਸੂਲ ਅਨੁਸਾਰ ਅਜੀਬ ਲਗਦੇ ਹਨ। ਅਸੀਂ ਹੁਣ ਦੇ ਫੈਸ਼ਨ ਮੁਤਾਬਿਕ ਆਪਣੇ ਆਪ ਨੂੰ ਕਿਸੇ ਤਰ੍ਹਾਂ ਵੀ ਠੀਕ ਕਹਿਣ ਦੀ ਕੋਸ਼ਿਸ਼ ਕਰੀਏ। ਪਰੰਤੂ ਹਕੀਕਤ ਤਾਂ ਇਹ ਹੈ ਕਿ ਹਰ ਧਰਮ ਜਾਂ ਮਜਹਬ ਦੇ ਪੈਗੰਬਰ ਕੇਸਾਧਾਰੀ ਸਨ। ਪੁਰਾਤਨ ਸਮਿਆਂ ਵਿੱਚ ਜੇਕਰ ਕਿਸੇ ਨੂੰ ਸਜ਼ਾ ਦੇਣੀ ਹੁੰਦੀ ਸੀ ਤਾਂ ਉਸ ਦੇ ਕੇਸ ਕਤਲ ਕਰ ਦਿਤੇ ਜਾਂਦੇ ਸਨ। ਅੱਜ ਕੱਲ ਤਾਂ ਲੋਕ ਫੈਸ਼ਨ ਦੀ ਆੜ ਵਿੱਚ ਆ ਕੇ ਆਪਣੇ ਆਪ ਨੂੰ ਖੁਦ ਹੀ ਸਜ਼ਾ ਦੇ ਰਹੇ ਹਨ। ਨਾਈ ਦੀ ਬਣਾਈ ਹੋਈ ਸੂਰਤ, ਅਕਾਲ ਪੁਰਖੁ ਦੀ ਬਣਾਈ ਹੋਈ ਸੂਰਤ ਨਾਲੋਂ ਕਦੇ ਵੀ ਬੇਹਤਰ ਨਹੀਂ ਹੋ ਸਕਦੀ।

ਜਿਸ ਚੀਜ ਦਾ ਪਰਚਾਰ ਬਹੁਤ ਜਿਆਦਾ ਹੋਵੇ, ਉਹ ਭਾਂਵੇਂ ਘਟੀਆ ਜਾਂ ਨੁਕਸਾਨ ਕਰਨ ਵਾਲੀ ਹੋਵੇ ਤਾਂ ਵੀ ਬਹੁਤ ਵਿਕ ਜਾਂਦੀ ਹੈ, ਜਿਸ ਤਰ੍ਹਾਂ ਕਿ ਕੋਲਡ ਡਰਿੰਕ ਬਿਨਾਂ ਕਿਸੇ ਲਾਭ ਦੇ ਭਾਰੀ ਗਿਣਤੀ ਵਿੱਚ ਵਿਕਦੀ ਹੈ। ਦੁਧ ਬਹੁਤ ਲਾਭਦਾਇਕ ਹੈ, ਪਰ ਪਰਚਾਰ ਨਹੀਂ, ਇਸ ਲਈ ਅੱਜਕਲ ਕੋਈ ਵਿਰਲਾ ਹੀ ਪੀਂਦਾ ਹੈ। ਇਹੀ ਹਾਲ ਕੇਸਾਂ ਬਾਰੇ ਹੈ। ਕੋਈ ਸਮਾਂ ਸੀ ਜਦੋਂ ਕੇਸ ਕੱਟਣਾ ਸਜਾਏ ਮੌਤ ਤੋਂ ਵੱਧ ਗਿਣਿਆ ਜਾਂਦਾ ਸੀ। ਪੁਰਾਤਨ ਸਮੇਂ ਵਿੱਚ ਜਿਆਦਾ ਤਰ ਲੋਕ ਕੇਸ ਰੱਖਦੇ ਸਨ, ਪਰੰਤੂ ਅੱਜਕਲ ਕੇਸ ਕੱਟਣਾ ਫੈਸ਼ਨ ਹੋ ਗਿਆ ਹੈ। ਅੱਜ ਦੀ ਦੁਨੀਆਂ ਵਿੱਚ ਕੇਸ ਕੱਟਣ ਵਾਲਿਆਂ ਦੀ ਗਿਣਤੀ ਬਹੁਤ ਜਿਆਦਾ ਹੈ, ਇਸੇ ਲਈ ਅੱਜਕਲ ਕੇਸ ਕੱਟਣਾ ਸਵੀਕਾਰਿਆ ਜਾਂਦਾ ਹੈ। ਗੁਰੂ ਸਾਹਿਬਾਂ ਨੇ ਸਿੱਖ ਨੂੰ ਦੁਨੀਆਂ ਅਨੁਸਾਰ ਤੇ ਵੱਧ ਗਿਣਤੀ ਦੀਆਂ ਵੋਟਾਂ ਅਨੁਸਾਰ ਚਲਣ ਲਈ ਨਹੀਂ ਕਿਹਾ ਹੈ, ਬਲਕਿ ਸੱਚ ਦੇ ਮਾਰਗ ਅਤੇ ਅਕਾਲ ਪੁਰਖੁ ਦੇ ਹੁਕਮੁ ਤੇ ਰਜਾ ਅਨੁਸਾਰ ਚਲਣਾ ਸਿਖਾਇਆ ਹੈ।

ਕਬੀਰ ਦੀਨੁ ਗਵਾਇਆ ਦੁਨੀ ਸਿਉ ਦੁਨੀ ਨ ਚਾਲੀ ਸਾਥਿ ॥ ਪਾਇ ਕੁਹਾੜਾ ਮਾਰਿਆ ਗਾਫਲਿ ਅਪੁਨੈ ਹਾਥਿ ॥੧੩॥ (੧੩੬੫)

ਕੇਸ ਮਨੁੱਖ ਨੂੰ ਕੁਦਰਤ ਦੀ ਦਿਤੀ ਹੋਈ ਦਾਤ ਹਨ, ਸੁੰਦਰਤਾ ਦੀ ਨਿਸ਼ਾਨੀ ਹਨ। ਕੇਸ ਗੁਰੂ ਦੀ ਮੋਹਰ ਹਨ, ਅਕਾਲ ਪੁਰਖੁ ਦੇ ਹੁਕਮੁ ਤੇ ਰਜਾ ਅਨੁਸਾਰ ਚਲਣਾ ਸਿਖਣ ਲਈ ਗੁਰੂ ਸਾਹਿਬਾਂ ਦੀ ਦਿਤੀ ਹੋਈ ਬਖਸ਼ਸ਼ ਹਨ। ਜੇ ਕਾਗਜ਼ ਤੇ ਮੋਹਰ ਲੱਗੀ ਹੈ ਤਾਂ ਉਹ ਪਰਵਾਨ ਹੈ, ਨਹੀਂ ਤਾਂ ਉਸ ਦੀ ਕੋਈ ਕੀਮਤ ਨਹੀਂ। ਇਸੇ ਤਰ੍ਹਾਂ ਜੇ ਕਰ ਸਿੱਖ ਤੇ ਗੁਰੂ ਦੀ ਮੋਹਰ (ਕੇਸ) ਹਨ, ਤਾਂ ਹੀ ਉਹ ਗੁਰੂ ਦੇ ਦਰ ਤੇ ਸੁੰਦਰ ਲਗਦਾ ਹੈ। ਕੇਸ ਸਾਨੂੰ ਸਰੀਰਕ ਤਲ ਤੇ ਅਕਾਲ ਪੁਰਖੁ ਦੀ ਰਜ਼ਾ ਵਿੱਚ ਰਹਿਣਾ ਸਿਖਾਉਂਦੇ ਹਨ। ਜਿਹੜਾ ਮਨੁੱਖ ਸਰੀਰਕ ਤਲ ਤੇ ਹੁਕਮੁ ਤੇ ਰਜਾ ਅਨੁਸਾਰ ਨਹੀਂ ਚਲ ਸਕਦਾ, ਉਹ ਆਤਮਿਕ ਤਲ ਤੇ ਹੁਕਮੁ ਤੇ ਰਜਾ ਅਨੁਸਾਰ ਕਿਸ ਤਰ੍ਹਾਂ ਚਲ ਸਕੇਗਾ।

ਗੁਰੂ ਨਾਨਕ ਸਾਹਿਬ ਨੇ ਤਾਂ ਜਪੁਜੀ ਸਾਹਿਬ ਦੀ ਪਹਿਲੀ ਪੌੜੀ ਵਿੱਚ ਹੀ ਸਮਝਾ ਦਿੱਤਾ ਹੈ ਕਿ ਜੇ ਕਰ ਅਕਾਲ ਪੁਰਖੁ ਨੂੰ ਪਾਉਣਾਂ ਹੈ ਤਾਂ ਅਕਾਲ ਪੁਰਖੁ ਦੇ ਹੁਕਮੁ ਤੇ ਉਸ ਦੀ ਰਜ਼ਾ ਅਨੁਸਾਰ ਚਲਣਾ ਪਵੇਗਾ, ਜੋ ਕਿ ਧੁਰ ਤੋਂ ਹੀ ਜੀਵ ਦੇ ਨਾਲ ਲਿਖਿਆ ਹੋਇਆ ਹੈ।

ਕਿਵ ਸਚਿਆਰਾ ਹੋਈਐ ਕਿਵ ਕੂੜੈ ਤੁਟੈ ਪਾਲਿ ॥ ਹੁਕਮਿ ਰਜਾਈ ਚਲਣਾ ਨਾਨਕ ਲਿਖਿਆ ਨਾਲਿ ॥੧॥ (੧)

ਹੁਕਮੁ ਕੀ ਹੈ, ਇਸ ਦਾ ਵਿਸਥਾਰ ਜਪੁਜੀ ਸਾਹਿਬ ਦੀ ਦੂਸਰੀ ਪੌੜੀ ਵਿੱਚ ਮਿਲ ਜਾਂਦਾ ਹੈ। ਅਕਾਲ ਪੁਰਖੁ ਦੇ ਹੁਕਮੁ ਅਨੁਸਾਰ ਸਾਰੇ ਆਕਾਰ ਭਾਵ ਸਾਰੇ ਖੰਡ, ਬ੍ਰਹਿਮੰਡ, ਮਿੱਟੀ, ਪਾਣੀ, ਹਵਾ, ਖਣਿਜ, ਪਦਾਰਥ, ਆਦਿ ਸਭ ਕੁੱਝ ਬਣਦੇ ਹਨ, ਪਰ ਇਹ ਹੁਕਮੁ ਦੱਸਿਆ ਨਹੀਂ ਜਾ ਸਕਦਾ ਕਿ ਕਿਹੋ ਜਿਹਾ ਹੈ ਜਿਸ ਨਾਲ ਸਭ ਕੁੱਝ ਬਣਦੇ ਹਨ। “ਹੁਕਮੀ ਹੋਵਨਿ ਆਕਾਰ ਹੁਕਮੁ ਨ ਕਹਿਆ ਜਾਈ ॥“ (੧) ਗੁਰੂ ਸਾਹਿਬ ਨੇ ਕਈ ਸਾਲ ਪਹਿਲਾਂ ਹੀ ਬਹੁਤ ਕੁੱਝ ਸਪੱਸ਼ਟ ਕਰ ਦਿਤਾ, ਜੋ ਕਿ ਸਾਇੰਸ ਨਾਲ ਕੁੱਝ ਹੱਦ ਤੱਕ, ਹੁਣ ਸਮਝ ਆਉਣਾ ਆਰੰਭ ਹੋਇਆ ਹੈ। ਸਾਇੰਸ ਅਨੁਸਾਰ ਅਸੀਂ ਕਹਿ ਸਕਦੇ ਹਾਂ ਕਿ ਹਰੇਕ ਚੀਜ਼ ਕੁੱਝ ਤੱਤਾਂ ਦੇ ਜੋੜ ਨਾਲ ਬਣੀ ਹੈ। ਇਹ ਤੱਤ ਇਲੈਕਟਰਾਨ, ਪਰੋਟਾਨ ਜਾਂ ਨਿਊਟਰਾਨ ਦੇ ਬਣੇ ਹਨ ਜਾਂ ਇਹ ਅੱਗੋਂ ਕੁੱਝ ਹੋਰ ਮੁੱਢਲੇ ਪਾਰਟੀਕਲਜ਼ ਦੇ ਬਣੇ ਹਨ। ਪਰ ਇਹ ਮੁੱਢਲੇ ਪਾਰਟੀਕਲਜ਼ ਅੱਗੇ ਕਿਸ ਦੇ ਬਣੇ ਹਨ ਅਤੇ ਕਿਸ ਤਰ੍ਹਾਂ ਬਣੇ ਹਨ, ਉਹ ਸਾਇੰਸ ਵੀ ਨਹੀਂ ਦੱਸ ਸਕਦੀ ਹੈ। ਸਾਇੰਸ ਦੀ ਹਰੇਕ ਥਿਊਰੀ ਸਾਡੀਆਂ ਗਿਆਨ ਇੰਦਰੀਆਂ ਤੇ ਉਨ੍ਹਾਂ ਦੀ ਸਹਾਇਤਾ ਨਾਲ ਬਣਾਏ ਗਏ ਯੰਤਰਾਂ ਤੇ ਨਿਰਭਰ ਕਰਦੀ ਹੈ, ਪਰ ਇਨ੍ਹਾਂ ਦੀ ਪਹੁੰਚ ਬਹੁਤ ਸੀਮਿਤ ਹੈ। ਗੁਰੂ ਸਾਹਿਬ ਸਾਇੰਸ ਤੋਂ ਵੀ ਅੱਗੇ ਦੀ ਗੱਲ ਕਰ ਰਹੇ ਹਨ, ਕਿ ਇਸ ਬਣਤਰ ਦਾ ਕਾਰਨ ਅਕਾਲ ਪੁਰਖੁ ਦਾ ਹੁਕਮੁ ਭਾਵ ਨਿਯਮ ਜਾਂ ਅਸੂਲ ਹੈ, ਜਿਸ ਵਿੱਚ ਬਹੁਤ ਡੁੰਘਿਆਈ ਛਿਪੀ ਹੋਈ ਹੈ।

ਗੁਰੂ ਸਾਹਿਬਾਂ ਨੇ ਤਾਂ ਸਪੱਸ਼ਟ ਤੌਰ ਤੇ ਸਮਝਾਇਆ ਹੈ ਕਿ ਧਰਤੀ, ਪਾਤਾਲ, ਆਕਾਸ਼, ਹਰੇਕ ਅਕਾਲ ਪੁਰਖੁ ਦਾ ਨਾਮੁ ਸਿਮਰ ਰਿਹਾ ਹੈ। ਹਵਾ ਪਾਣੀ, ਅੱਗ, ਹਰੇਕ ਤੱਤ ਵੀ ਅਕਾਲ ਪੁਰਖੁ ਦੀ ਸਿਫ਼ਤਿ-ਸਾਲਾਹ ਦੇ ਗੀਤ ਗਾ ਰਹੇ ਹਨ। ਜੰਗਲ, ਘਾਹ, ਇਹ ਸਾਰਾ ਦਿੱਸਦਾ ਸੰਸਾਰ ਆਪਣੇ ਮੂੰਹ ਨਾਲ ਹਰੇਕ ਅਕਾਲ ਪੁਰਖੁ ਦਾ ਨਾਮੁ ਜਪ ਰਿਹਾ ਹੈ। ਜੇਹੜਾ ਜੇਹੜਾ ਮਨੁੱਖ ਗੁਰੂ ਦੀ ਸ਼ਰਨ ਪੈ ਕੇ ਅਕਾਲ ਪੁਰਖੁ ਦੀ ਭਗਤੀ ਵਿੱਚ ਆਪਣਾ ਮਨ ਜੋੜਦਾ ਹੈ, ਉਹ ਅਕਾਲ ਪੁਰਖੁ ਦੇ ਦਰ ਤੇ ਸਤਿਕਾਰਿਆ ਜਾਂਦਾ ਹੈ। ਹੁਣ ਸਾਡੇ ਤੇ ਨਿਰਭਰ ਕਰਦਾ ਹੈ ਕਿ ਅਸੀਂ ਹੁਕਮੁ ਅਨੁਸਾਰ ਚਲ ਕੇ ਸਤਿਕਾਰ ਲੈਣਾਂ ਚਾਹੁੰਦੇ ਹਾਂ ਕਿ ਨਹੀਂ।

ਧਰਤਿ ਪਾਤਾਲੁ ਆਕਾਸੁ ਹੈ ਮੇਰੀ ਜਿੰਦੁੜੀਏ ਸਭ ਹਰਿ ਹਰਿ ਨਾਮੁ ਧਿਆਵੈ ਰਾਮ ॥ ਪਉਣੁ ਪਾਣੀ ਬੈਸੰਤਰੋ ਮੇਰੀ ਜਿੰਦੁੜੀਏ ਨਿਤ ਹਰਿ ਹਰਿ ਹਰਿ ਜਸੁ ਗਾਵੈ ਰਾਮ ॥ ਵਣੁ ਤ੍ਰਿਣੁ ਸਭੁ ਆਕਾਰੁ ਹੈ ਮੇਰੀ ਜਿੰਦੁੜੀਏ ਮੁਖਿ ਹਰਿ ਹਰਿ ਨਾਮੁ ਧਿਆਵੈ ਰਾਮ ॥ ਨਾਨਕ ਤੇ ਹਰਿ ਦਰਿ ਪੈਨਾਇਆ ਮੇਰੀ ਜਿੰਦੁੜੀਏ ਜੋ ਗੁਰਮੁਖਿ ਭਗਤਿ ਮਨੁ ਲਾਵੈ ਰਾਮ ॥੪॥੪॥ (੫੩੯, ੫੪੦)

ਸਰੀਰ ਦੇ ਵਾਧੂ ਪਦਾਰਥ, ਮਲ ਮੂਤਰ ਰਾਹੀਂ ਬਾਹਰ ਨਿਕਲਦੇ ਰਹਿੰਦੇ ਹਨ। ਪਸੀਨਾਂ ਚਮੜੀ ਰਾਹੀਂ ਬਾਹਰ ਨਿਕਲਦਾ ਹੈ। ਜਿਸ ਨਾਲ ਕਈ ਵਾਧੂ ਪਦਾਰਥ (Salt) ਬਾਹਰ ਨਿਕਲਦੇ ਹਨ। ਪਸੀਨੇ ਨਾਲ ਜੋ ਪਾਣੀ ਨਿਕਲਦਾ ਹੈ, ਉਸ ਨਾਲ ਸਰੀਰ ਨੂੰ ਠੰਡਕ ਮਹਿਸੂਸ ਹੁੰਦੀ ਹੈ। ਕੁਦਰਤ ਨੇ ਸਰੀਰ ਦੇ ਹਰੇਕ ਭਾਗ ਨੂੰ ਖਾਸ ਕੰਮ ਦਿਤੇ ਹਨ। ਇਸੇ ਤਰ੍ਹਾਂ ਕੇਸਾਂ ਦਾ ਵੀ ਖਾਸ ਯੋਗਦਾਨ ਹੈ। ਕਿਉਕਿ ਕੇਸਾਂ ਵਿੱਚ ਦਰਦ ਮਹਿਸੂਸ ਨਹੀਂ ਹੁੰਦੀ ਹੈ। ਇਸ ਲਈ ਕਈਆਂ ਨੇ ਇਨ੍ਹਾਂ ਨੂੰ ਵੀ ਬੂਟਿਆਂ ਦੀ ਤਰ੍ਹਾਂ ਬੇਜਾਨ ਸਮਝਣਾ ਸ਼ੁਰੂ ਕਰ ਦਿਤਾ ਹੈ ਤੇ ਕੱਟਣ ਲੱਗ ਪਏ ਹਨ। ਅੱਜ ਦੀ ਸਾਇੰਸ ਅਨੁਸਾਰ ਕੇਸ ਵੀ ਜਾਨਦਾਰ ਹਨ, ਕਿਉਂਕਿ ਉਹ ਵਧਦੇ ਹਨ ਤੇ ਇੱਕ ਦਿਨ ਖਤਮ ਜੋ ਜਾਂਦੇ ਹਨ। ਬੇਜਾਨਦਾਰ ਕੇਸ ਆਪਣੇ ਆਪ ਝੜ ਜਾਂਦੇ ਹਨ। ਫਰਕ ਸਿਰਫ ਇਤਨਾਂ ਹੈ, ਕਿ ਕੇਸਾਂ ਵਿੱਚ ਸੰਵੇਦਨਸ਼ੀਲਤਾ ਨਹੀਂ ਹੁੰਦੀ ਹੈ, ਜਿਸ ਕਰਕੇ ਕੱਟਣ ਸਮੇਂ ਦਰਦ ਮਹਿਸੂਸ ਨਹੀਂ ਹੁੰਦੀ। ਨਵੇਂ ਵਾਲ ਆਂਉਂਦੇ ਰਹਿੰਦੇ ਹਨ ਤੇ ਪੁਰਾਨੇ ਵਾਲ ਆਪਣੇ ਆਪ ਝੜਦੇ ਰਹਿੰਦੇ ਹਨ, ਤੇ ਕੁਦਰਤ ਦਾ ਇਹ ਨਿਯਮ ਚਲਦਾ ਰਹਿੰਦਾਂ ਹੈ। ਕੇਸ ਬਹੁਤ ਬਰੀਕ ਹੁੰਦੇ ਹਨ, ਪਰੰਤੂ ਇਨ੍ਹਾਂ ਵਿੱਚ ਤਾਕਤ (Tensile Strength) ਬਹੁਤ ਹੁੰਦੀ ਹੈ, ਜੋ ਕਿ ਕਈ ਆਮ ਧਾਤਾਂ ਤੋਂ ਵੀ ਜਿਆਦਾ ਹੈ। ਅੱਜ ਦੀਆਂ ਖੋਜ਼ਾਂ ਨਾਲ ਪਤਾ ਲੱਗਾ ਹੈ ਕਿ ਕਈ ਜ਼ਹਰੀਲੀਆਂ ਧਾਤਾਂ ਕੇਸਾਂ ਰਾਹੀਂ ਬਾਹਰ ਨਿਕਲਦੀਆਂ ਹਨ। ਆਰਸੈਨਿਕ ਧਾਤ (Arsenic metal) ਵਾਲਾ ਰਾਹੀਂ ਬਾਹਰ ਨਿਕਲਦੀ ਹੈ। ਜੇਕਰ ਕਿਸੇ ਨੂੰ ਆਰਸੈਨਿਕ ਜ਼ਹਿਰ ਦੇ ਤੌਰ ਤੇ ਦਿਤਾ ਗਿਆ ਹੋਵੇ ਤਾਂ ਕੇਸਾਂ ਨੂੰ ਪਰਖਿਆ ਜਾਂਦਾ ਹੈ। ਕੁੱਝ ਹੱਦ ਤਕ ਇਹ ਵੀ ਅਨੁਮਾਨ ਲਗਾਇਆ ਜਾ ਸਕਦਾ ਹੈ ਕਿ ਕਿਤਨਾ ਸਮਾਂ ਪਹਿਲਾਂ ਜ਼ਹਿਰ ਦਿਤਾ ਗਿਆ ਸੀ। ਇਸੇ ਤਰ੍ਹਾਂ ਕਈ ਹੋਰ ਪਦਾਰਥ, ਜਿਨ੍ਹਾਂ ਦੀ ਸਰੀਰ ਨੂੰ ਜਰੂਰਤ ਨਹੀਂ ਹੁੰਦੀ ਹੈ, ਉਹ ਵੀ ਇਸ ਰਸਤੇ ਰਾਹੀ ਬਾਹਰ ਨਿਕਲਦੇ ਹਨ। ਜੇ ਕਰ ਅਸੀਂ ਇਸ ਵਿੱਚ ਵਿਘਨ ਪਾਉਂਦੇ ਹਾਂ ਤਾਂ ਸਾਡਾ ਹੀ ਸਰੀਰਕ ਸੰਤੁਲਨ ਵਿਗੜਦਾ ਹੈ ਤੇ ਭਵਿੱਖ ਵਿੱਚ ਸਾਡਾ ਨੁਕਸਾਨ ਹੋ ਸਕਦਾ ਹੈ। ਗੁਰੂ ਮਹਾਰਾਜ ਜੀ ਨੇ “ਹੁਕਮਿ ਰਜਾਈ ਚਲਣਾ” ਦੇ ਮਾਰਗ ਤੇ ਚਲਣ ਦੀ ਸਿਖਿਆ ਦਿਤੀ ਹੈ।

ਕਿਵ ਸਚਿਆਰਾ ਹੋਈਐ ਕਿਵ ਕੂੜੈ ਤੁਟੈ ਪਾਲਿ ॥ ਹੁਕਮਿ ਰਜਾਈ ਚਲਣਾ ਨਾਨਕ ਲਿਖਿਆ ਨਾਲਿ ॥੧॥ (੧))

ਗੁਰਸਿੱਖ ਨੂੰ ਕੇਸਾਂ ਸਬੰਧੀ ਖਾਸ ਹਦਾਇਤਾ ਦਿਤੀਆਂ ਗਈਆਂ ਹਨ, ਕਿ ਕੇਸ ਬਿਲਕੁਲ ਨਹੀਂ ਕੱਟਣੇ ਹਨ। ਕੇਸਾਂ ਦੀ ਸੰਭਾਲ ਤੇ ਸਫਾਈ ਲਈ ਪੰਜ ਕਕਾਰਾਂ ਵਿਚੋਂ ਇੱਕ ਕਕਾਰਾਂ ਕੰਘਾ ਵੀ ਦਿਤਾ ਗਿਆ ਹੈ। ਕੇਸਾਂ ਦੀ ਸੰਭਾਲ ਅਤੇ ਸਤਿਕਾਰ ਲਈ ਦਸਤਾਰ ਸਜਾਉਣੀ ਵੀ ਬਹੁਤ ਜਰੂਰੀ ਹੈ। ਕੇਸਾਂ ਨੂੰ ਤੇਲ ਲਗਾਉਣਾਂ ਚਾਹੀਦਾ ਹੈ, ਕਿਉਂਕਿ ਤੇਲ ਬਿਨਾਂ ਜੂੜਾ ਟਿਕਦਾ ਨਹੀਂ। ਭਾਈ ਗੁਰਦਾਸ ਜੀ ਨੇ ਵੀ ਆਪਣੀ ਰਚਨਾ ਵਿੱਚ ਕੇਸਾਂ ਨੂੰ ਤੇਲ ਲਗਾ ਕੇ ਸੰਭਾਲਣ ਲਈ ਸਮਝਾਇਆ ਹੈ।

ਜੈਸੇ ਜਲ ਧੋਏ ਬਿਨੁ ਅੰਬਰ ਮਲੀਨ ਹੋਤ। ਬਿਨੁ ਤੇਲ ਮੇਲੇ ਜੈਸੇ ਕੇਸ ਹੂੰ ਭਇਆਨ ਹੈ। ॥੫੩੭॥

ਗੁਰਬਾਣੀ ਵਿੱਚ ਅਕਾਲ ਪੁਰਖ ਦੇ ਹੁਕਮ ਤੇ ਗੁਰੂ ਸਾਹਿਬ ਦੀ ਸਿਖਿਆ ਅਨੁਸਾਰ ਚਲਣ ਦਾ ਬਹੁਤ ਮਹੱਤਵ ਹੈ। ਇਸੇ ਲਈ ਗੁਰਬਾਣੀ ਵਿੱਚ ਇਥੋਂ ਤੱਕ ਕਿਹਾ ਗਿਆ ਹੈ, ਕਿ ਮੈਂ ਅਕਾਲ ਪੁਰਖ ਦੇ ਸੇਵਕਾਂ ਤੋਂ ਸਦਕੇ ਜਾਂਦਾ ਹਾਂ, ਤੇ ਉਨ੍ਹਾਂ ਉਪਰ ਆਪਣਾ ਸਭ ਕੁੱਝ ਵਾਰ ਦੇਵਾਂ, ਤਾਂ ਜੋ ਮੈਨੂੰ ਆਪਣਾ ਜੀਵਨ ਸਫਲ ਕਰਨ ਦੀ ਜਾਚ ਆ ਜਾਵੇ। ਮੈਂ ਆਪਣੇ ਕੇਸਾਂ ਦਾ ਚੌਰ ਬਣਾ ਕੇ ਉਨ੍ਹਾਂ ਦੇ ਸਿਰਾਂ ਉਪਰ ਝੁਲਾਵਾਂ (ਸੇਵਾ ਸਤਿਕਾਰ ਵਿੱਚ ਜੁਟ ਜਾਵਾਂ), ਤੇ ਉਨ੍ਹਾਂ ਦੇ ਚਰਨਾਂ ਦੀ ਧੂੜ ਲੈ ਕੇ ਆਪਣੇ ਮੱਥੇ ਉਤੇ ਲਾਵਾਂ। ਹੁਣ ਸਵਾਲ ਪੈਦਾ ਹੁੰਦਾ ਹੈ, ਕਿ ਜੇ ਕਿਸੇ ਦੇ ਕੇਸ ਹੀ ਨਹੀਂ ਹਨ ਉਹ ਕੇਸਾਂ ਦਾ ਚੌਰ ਕਿਸ ਤਰ੍ਹਾਂ ਬਣਾ ਸਕੇਗਾ। ਇਥੇ ਚਰਨ ਧੂੜ ਦਾ ਭਾਵ ਪੈਰਾਂ ਨੂੰ ਲੱਗੀ ਹੋਈ ਮਿੱਟੀ ਨਹੀਂ ਹੈ, ਬਲਕਿ ਗੁਰੂ ਦੇ ਮਾਰਗ ਤੇ ਚਲਣ ਲਈ ਆਪਣਾ ਆਪ ਸਭ ਕੁੱਝ ਅਰਪਨ ਕਰਨਾ ਹੈ, ਆਪਣੀ ਮੱਤ ਤਿਆਗ ਕੇ ਗੁਰੂ ਦੀ ਮੱਤ ਅਪਨਾਉਂਣੀ ਹੈ। ਜਿਹੜਾ ਮਨੁੱਖ ਆਪਣੇ ਸਰੀਰ ਨੂੰ ਸੇਵਾ ਵਿੱਚ ਨਹੀਂ ਜੋੜ ਸਕਦਾ, ਉਹ ਆਪਣੇ ਮਨ ਨੂੰ ਸੇਵਾ ਵਿੱਚ ਕਿਸ ਤਰ੍ਹਾਂ ਜੋੜ ਸਕੇਗਾ।

ਮੇਰੇ ਰਾਮ ਹਰਿ ਜਨ ਕੈ ਹਉ ਬਲਿ ਜਾਈ ॥ ਕੇਸ ਕਾ ਕਰਿ ਚਵਰੁ ਢੁਲਾਵਾ ਚਰਣ ਧੂੜਿ ਮੁਖਿ ਲਾਈ ॥੧॥ ਰਹਾਉ ॥ (੭੪੮, ੭੪੯)

ਕੇਸ ਸੰਗਿ ਦਾਸ ਪਗ ਝਾਰਉ ਇਹੈ ਮਨੋਰਥ ਮੋਰ ॥੧॥ (੫੦੦)

ਬੰਕੇ ਬਾਲ ਪਾਗ ਸਿਰਿ ਡੇਰੀ ॥ ਇਹੁ ਤਨੁ ਹੋਇਗੋ ਭਸਮ ਕੀ ਢੇਰੀ ॥੩॥ (੬੫੯)

ਆਪਣੇ ਇਸ ਸਰੀਰ ਰੂਪੀ ਸ਼ਹਿਰ ਦੀ ਰਾਖੀ ਕਰਨ ਲਈ ਮਨੁੱਖ ਦਾ ਫ਼ਰਜ਼ ਬਣਦਾ ਹੈ ਕਿ, ਚੰਗੇ ਗੁਣਾਂ ਨੂੰ ਅਪਨਾਇਆ ਜਾਵੇ ਤੇ ਵਿਕਾਰਾਂ ਨੂੰ ਆਪਣੇ ਅੰਦਰੋਂ ਬਾਹਰ ਕੱਢਿਆ ਜਾਵੇ। ਮਨ ਵਿੱਚ ਚਾਹਤ ਹੋਣੀ ਚਾਹੀਦੀ ਹੈ, ਕਿ ਅਕਾਲ ਪੁਰਖੁ ਦੇ ਚਰਨਾਂ ਨੂੰ ਦਿਨ ਰਾਤ, ਪਰਸਈਏ ਤੇ ਆਪਣੇ ਕੇਸਾਂ ਦਾ ਚੌਰ ਝੁਲਾਈਏ। ਆਪਣੇ ਆਪ ਨੂੰ ਅਕਾਲ ਪੁਰਖੁ ਦੇ ਦਰ ਤੇ ਬੈਠੇ ਹੋਏ ਇੱਕ ਕੁੱਤਾ ਦੀ ਤਰ੍ਹਾਂ ਮੂੰਹ ਕਰਕੇ ਭੌਂਕਣਾ ਹੈ, ਭਾਵ, ਅਕਾਲ ਪੁਰਖੁ ਦੀ ਸਿਫ਼ਤਿ-ਸਾਲਾਹ ਕਰਨੀ ਹੈ। ਇਹ ਸਭ ਕੁੱਝ ਰਵਾਇਤਾਂ ਪੂਰੀਆਂ ਕਰਨ ਲਈ ਨਹੀਂ ਕਰਨਾ ਹੈ, ਬਲਕਿ ਆਪਣੇ ਸਰੀਰ ਨੂੰ ਵਿਕਾਰਾ (ਕੁੱਤਿਆਂ) ਤੋਂ ਬਚਾਉਣ ਲਈ ਕਰਨਾ ਹੈ। ਜਿਸ ਤਰ੍ਹਾਂ ਕਿ ਕੋਈ ਓਪਰਾ ਕੁੱਤਾ ਕਿਸੇ ਦੂਸਰੀ ਗਲੀ ਵਿੱਚ ਚਲਾ ਜਾਏ, ਤਾਂ ਉਥੋਂ ਦੇ ਸਾਰੇ ਕੁੱਤੇ ਰਲ ਕੇ ਉਸ ਨੂੰ ਵੱਢਣ ਪੈਂਦੇ ਹਨ। ਉਹ ਵਿਚਾਰਾ ਆਪਣੇ ਆਪ ਨੂੰ ਉਨ੍ਹਾਂ ਤੋਂ ਬਚਾਣ ਲਈ ਮਾੜਾ ਮਾੜਾ ਭੌਂਕਦਾ ਹੈ। ਇਹੀ ਉਦਾਹਰਣ ਦੇ ਕੇ ਗੁਰੂ ਸਾਹਿਬ ਸਮਝਾਉਂਦੇ ਹਨ, ਕਿ ਇਸ ਓਪਰੇ ਜਗਤ ਵਿੱਚ ਮੈਂ ਇਕੱਲਾ ਹਾਂ ਤੇ ਅਨੇਕਾਂ ਵਿਕਾਰ (ਕੁੱਤੇ) ਮੈਨੂੰ ਵੱਢਣ ਪੈਂਦੇ ਹਨ। ਇਨ੍ਹਾਂ ਤੋਂ ਬਚਣ ਲਈ ਮੈਂ ਤੇਰੇ ਦਰ ਤੇ ਤਰਲੇ ਲੈ ਰਿਹਾ ਹਾਂ, ਜਿਵੇਂ ਕੋਈ ਓਪਰਾ ਕੁੱਤਾ ਦੂਜੇ ਕੁੱਤਿਆਂ ਤੋਂ ਬਚਣ ਲਈ ਭੌਂਕਦਾ ਹੈ।

ਏਤੇ ਕੂਕਰ ਹਉ ਬੇਗਾਨਾ ਭਉਕਾ ਇਸੁ ਤਨ ਤਾਈ ॥ (੭੯੫)

ਹਰੇਕ ਫੌਜ ਦਾ ਆਪਣਾ ਆਪਣਾ ਲਿਬਾਸ ਤੇ ਨਿਸ਼ਾਨ ਚਿੰਨ ਹੁੰਦਾ ਹੈ, ਜਿਸ ਨਾਲ ਉਹ ਪਛਾਣੇ ਜਾਂਦੇ ਹਨ। ਜਿਨ੍ਹਾਂ ਦੇ ਮੱਥੇ ਉੱਤੇ ਮਾਲਕ ਦਾ ਨਿਸ਼ਾਨ ਚਿੰਨ ਹੁੰਦਾ ਹੈ, ਉਹ ਰਣ-ਭੂਮੀ ਵਿੱਚ ਆਪਣੇ ਮਾਲਕ ਲਈ ਵਫਾਦਾਰ ਰਹਿੰਦੇ ਹਨ ਤੇ ਉਸ ਦੀ ਖਾਤਰ ਲੜ ਮਰਦੇ ਹਨ। ਜਿਹੜੇ ਇਸ ਨਿਸ਼ਾਨ ਚਿੰਨ ਤੋਂ ਸੱਖਣੇ ਹੁੰਦੇ ਹਨ, ਉਹ ਟਾਕਰਾ ਪੈਣ ਤੇ ਭੱਜ ਜਾਂਦੇ ਹਨ, ਭਾਵ, ਜੋ ਮਨੁੱਖ ਅਕਾਲ ਪੁਰਖੁ ਦਾ ਭਗਤ ਬਣਦਾ ਹੈ, ਉਹ ਆਪਣੀ ਭਗਤੀ ਦੁਆਰਾ ਅਕਾਲ ਪੁਰਖੁ ਨਾਲ ਸਾਂਝ ਪਾ ਲੈਂਦਾ ਹੈ ਤੇ ਅਕਾਲ ਪੁਰਖੁ ਉਸ ਨੂੰ ਆਪਣੇ ਦਰ ਤੇ ਪ੍ਰਵਾਨ ਕਰ ਲੈਂਦਾ ਹੈ। ਅਕਾਲ ਪੁਰਖੁ ਦੀ ਸਿਫ਼ਤਿ-ਸਾਲਾਹ ਕਰਨ ਨਾਲ ਦੁਨੀਆ ਦੇ ਵਿਕਾਰ ਮਨੁੱਖ ਦੇ ਨੇੜੇ ਨਹੀਂ ਢੁੱਕਦੇ, ਪਰੰਤੂ ਇਹ ਦਾਤ ਕਿਸੇ ਭਾਗਾਂ ਵਾਲੇ ਨੂੰ ਗੁਰੂ ਪਾਸੋਂ ਮਿਲਦੀ ਹੈ।

ਦਾਗੇ ਹੋਹਿ ਸੁ ਰਨ ਮਹਿ ਜੂਝਹਿ ਬਿਨੁ ਦਾਗੇ ਭਗਿ ਜਾਈ ॥ ਸਾਧੂ ਹੋਇ ਸੁ ਭਗਤਿ ਪਛਾਨੈ ਹਰਿ ਲਏ ਖਜਾਨੈ ਪਾਈ ॥  ॥ (੯੭੦)

ਚਲਾਕੀ ਜਾਂ ਧੱਕੇ ਨਾਲ ਅਕਾਲ ਪੁਰਖੁ ਦਾ ਸਿਮਰਨ ਨਹੀਂ ਕੀਤਾ ਜਾ ਸਕਦਾ। ਜੇਕਰ ਅਕਾਲ ਪੁਰਖੁ ਨੂੰ ਭੁਲਾ ਦੇਈਏ, ਤਾਂ ਵੀ ਜੀਵਨ ਚੰਗਾ ਨਹੀਂ ਬਣ ਸਕਦਾ, ਮਨੁੱਖ ਅੰਦਰੋਂ ਸੜਦਾ ਤੇ ਦੁਖੀ ਰਹਿੰਦਾ ਹੈ। ਅਸਲ ਗੱਲ ਇਹ ਹੈ ਕਿ ਅਕਾਲ ਪੁਰਖੁ ਜੀਵਾਂ ਨੂੰ ਪੈਦਾ ਕਰ ਕੇ ਆਪ ਹੀ ਸਿਮਰਨ ਦੀ ਦਾਤਿ ਦੇ ਕੇ ਚੰਗੇ ਜੀਵਨ ਵਾਲਾ ਬਣਾਂਦਾ ਹੈ। ਕਿਸੇ ਚਲਾਕੀ, ਹੱਠ, ਜਾਂ ਹੱਕ ਜਤਾਣ ਨਾਲ ਅਕਾਲ ਪੁਰਖੁ ਨੂੰ ਨਹੀਂ ਪਾਇਆ ਜਾ ਸਕਦਾ। ਜੇਕਰ ਅਕਾਲ ਪੁਰਖੁ ਦੀ ਮੇਹਰ ਨ ਹੋਵੇ ਤਾਂ ਇਸ ਨਾਮੁ ਨੂੰ ਨਾ ਕੋਈ ਪਰਖਣ ਵਾਸਤੇ ਜਾਂਦਾ ਹੈ, ਤੇ ਨਾ ਕੋਈ ਇਸ ਦਾ ਸਵਾਦ ਚਖਦਾ ਹੈ। ਚਲਾਕੀਆਂ ਵਰਤ ਕੇ ਜਗਤ ਦੀ ਤਸੱਲੀ ਤਾਂ ਕਰਾਈ ਜਾ ਸਕਦੀ ਹੈ, ਪਰੰਤੂ ਅਸਲੀ ਨਾਮੁ ਤੋਂ ਵਾਂਝੇ ਹੀ ਰਹਿ ਜਾਂਦੇ ਹਾਂ। ਇਹ ਵੀ ਧਿਆਨ ਰਖਣਾ ਹੈ ਕਿ, ਨਿਰਾ ਜਗਤ ਦੀ ਤਸੱਲੀ ਕਰਾਇਆਂ ਅਕਾਲ ਪੁਰਖੁ ਦੀ ਹਜ਼ੂਰੀ ਵਿੱਚ ਆਦਰ ਨਹੀਂ ਮਿਲਦਾ ਹੈ, ਕਿਉਂਕਿ ਲੋਕ ਵਿਖਾਵੇ ਵਾਲੀ ਭਗਤੀ ਅਕਾਲ ਪੁਰਖੁ ਦੇ ਦਰ ਤੇ ਪਰਵਾਨ ਨਹੀਂ ਹੁੰਦੀ। ਇੱਜ਼ਤ ਤਾਂ ਹੀ ਮਿਲਦੀ ਹੈ, ਜੇਕਰ ਅਕਾਲ ਪੁਰਖੁ ਆਪਣੀ ਮੇਹਰ ਸਦਕਾ ਨਾਮੁ ਦੀ ਦਾਤ ਤੇ ਇੱਜ਼ਤ ਬਖਸ਼ੇ।

ਹਿਕਮਤਿ ਹੁਕਮਿ ਨ ਪਾਇਆ ਜਾਇ ॥ ਕਿਉ ਕਰਿ ਸਾਚਿ ਮਿਲਉ ਮੇਰੀ ਮਾਇ ॥  ॥ ਰਹਾਉ ॥ ਵਖਰੁ ਨਾਮੁ ਦੇਖਣ ਕੋਈ ਜਾਇ ॥ ਨਾ ਕੋ ਚਾਖੈ ਨਾ ਕੋ ਖਾਇ ॥ ਲੋਕਿ ਪਤੀਣੈ ਨ ਪਤਿ ਹੋਇ ॥ ਤਾ ਪਤਿ ਰਹੈ ਰਾਖੈ ਜਾ ਸੋਇ ॥  ॥ (੬੬੧)

ਅਕਾਲ ਪੁਰਖੁ ਨੇ ਸਾਰੇ ਜਗਤ ਦੀ ਸੁੰਦਰਤਾ ਆਪਣੇ ਸਰੂਪ ਤੋਂ ਹੀ ਰਚੀ ਹੈ। ਉਸ ਨੇ ਇਸਤ੍ਰੀ ਮਰਦ ਪੈਦਾ ਕੀਤੇ ਹਨ, ਜਿਨ੍ਹਾਂ ਦੀਆਂ ਅੱਖਾਂ, ਦੰਦ, ਨੱਕ, ਲੰਮੇ ਕੇਸ ਆਦਿ ਸਾਰੇ ਹੀ ਅੰਗ ਬਹੁਤ ਮਹਾਨ ਤੇ ਸੁੰਦਰ ਹਨ। ਉਨ੍ਹਾਂ ਸਭ ਵਿਚ, ਅਕਾਲ ਪੁਰਖੁ ਆਪ ਆਪਣੀ ਜੋਤਿ ਜਗਾ ਕੇ ਬੈਠਾ ਹੈ। ਇਸ ਲਈ ਸਪੱਸ਼ਟ ਹੈ ਕਿ ਅਕਾਲ ਪੁਰਖੁ ਦੇ ਨੈਣ ਬਾਂਕੇ ਹਨ, ਦੰਦ ਸੋਹਣੇ ਹਨ, ਨੱਕ ਸੋਹਣਾ ਹੈ, ਸੋਹਣੇ ਲੰਮੇ ਕੇਸ ਹਨ। ਇਸ ਲਈ ਜਿਨ੍ਹਾਂ ਮਨੁੱਖਾਂ ਦੇ ਸੋਹਣੇ ਨੱਕ ਹਨ, ਸੋਹਣੇ ਲੰਮੇ ਕੇਸ ਹਨ, ਉਹ ਅਕਾਲ ਪੁਰਖੁ ਦੇ ਹੀ ਨੱਕ ਤੇ ਕੇਸ ਹੀ ਹਨ। ਅਕਾਲ ਪੁਰਖੁ ਦਾ ਸਰੀਰ ਸੋਨੇ ਵਰਗਾ ਸੁੱਧ ਅਰੋਗ ਹੈ ਤੇ ਸੁਡੌਲ ਹੈ, ਮਾਨੋ, ਸੋਨੇ ਵਿੱਚ ਹੀ ਢਲਿਆ ਹੋਇਆ ਹੈ। ਇਸ ਲਈ ਉਸ ਅਕਾਲ ਪੁਰਖੁ ਨੂੰ ਹਮੇਸ਼ਾਂ ਯਾਦ ਕਰਦੇ ਰਹੋ। ਜੇਹੜੇ ਬੰਦੇ ਉਸ ਅਕਾਲ ਪੁਰਖੁ ਦਾ ਨਾਮੁ ਜਪਦੇ ਹਨ ਉਨ੍ਹਾਂ ਦੇ ਮਨ ਤੋਂ ਵਿਕਾਰਾਂ ਦੀ ਮੈਲ ਉਤਰ ਜਾਂਦੀ ਹੈ।

ਤੇਰੇ ਬੰਕੇ ਲੋਇਣ ਦੰਤ ਰੀਸਾਲਾ ॥ ਸੋਹਣੇ ਨਕ ਜਿਨ ਲੰਮੜੇ ਵਾਲਾ ॥ ਕੰਚਨ ਕਾਇਆ ਸੁਇਨੇ ਕੀ ਢਾਲਾ ॥ (੫੬੭)

ਜਿਨ੍ਹਾਂ ਨੇ ਬਹੁਤ ਸਾਰੇ ਚੇਲੇ ਤਾਂ ਬਣਾ ਲਏ, ਪਰੰਤੂ ਅਕਾਲ ਪੁਰਖੁ ਨੂੰ ਆਪਣਾ ਮਿੱਤਰ ਨਹੀਂ ਬਣਾਇਆ, ਅਕਾਲ ਪੁਰਖੁ ਨਾਲ ਆਪਣੀ ਸਾਂਝ ਕਾਇਮ ਨਹੀਂ ਕੀਤੀ। ਉਨ੍ਹਾਂ ਨੇ ਪਹਿਲਾਂ ਤਾਂ ਭਾਵੇਂ ਅਕਾਲ ਪੁਰਖੁ ਨੂੰ ਮਿਲਣ ਲਈ ਉੱਦਮ ਕੀਤਾ ਹੋਵੇ, ਪਰ ਉਨ੍ਹਾਂ ਦਾ ਮਨ ਰਾਹ ਵਿੱਚ ਹੀ ਅਟਕ ਗਿਆ, ਉਹ ਆਪਣੇ ਚੇਲਿਆਂ ਕੋਲੋਂ ਸੇਵਾ ਤੇ ਪੂਜਾ ਕਰਾਣ ਵਿੱਚ ਹੀ ਰੁਝ ਗਏ, ਅਕਾਲ ਪੁਰਖੁ ਦੀ ਯਾਦ ਆਪਣੇ ਮਨ ਵਿਚੋਂ ਭੁਲਾ ਬੈਠੇ, ਜਿਸ ਕਰਕੇ ਮਨ ਦੀ ਸ਼ਾਂਤੀ ਨਸੀਬ ਨਹੀਂ ਹੋਈ। ਲੋਕਾਂ ਨੂੰ ਭੁਲੇਖਿਆਂ ਵਿਚੋਂ ਕੱਢਣ ਲਈ ਕਬੀਰ ਜੀ ਸਮਝਾਂਉਂਦੇ ਹਨ ਕਿ ਅਸਲੀ ‘ਸਾਧ` ਸਿਰਫ਼ ਉਹੀ ਹਨ ਜੋ ਸਰਬ-ਵਿਆਪਕ ਅਕਾਲ ਪੁਰਖੁ ਨੂੰ ਯਾਦ ਕਰਦੇ ਹਨ। ਇਥੇ ਕੇਸਾਂ ਵਾਲੇ ਅਕਾਲ ਪੁਰਖ ਦੀ ਗਲ ਕੀਤੀ ਗਈ ਹੈ। ਜੋ ਕਿ ਇਹੀ ਇਸ਼ਾਰਾ ਕਰਦੇ ਹਨ ਕਿ ਕੇਸਾਂ ਦਾ ਮਨੁੱਖ ਦੇ ਸਰੀਰ ਨਾਲ ਖਾਸ ਸਬੰਧ ਹੈ।

ਕਬੀਰ ਸਿਖ ਸਾਖਾ ਬਹੁਤੇ ਕੀਏ ਕੇਸੋ ਕੀਓ ਨ ਮੀਤੁ ॥ ਚਾਲੇ ਥੇ ਹਰਿ ਮਿਲਨ ਕਉ ਬੀਚੈ ਅਟਕਿਓ ਚੀਤੁ ॥੯੬॥ (੧੩੬੯)

ਕਬੀਰ ਜੀ ਭੇਖਾਂ ਦਾ ਪੋਲ ਖੋਲਦੇ ਹੋਏ ਸਮਝਾਂਉਂਦੇ ਹਨ, ਕਿ ਜੋ ਮਨੁੱਖ ਸਿਰ ਮੁਨਾ ਕੇ ਆਪਣੇ ਆਪ ਨੂੰ ‘ਸਾਧ` ਸਮਝਦਾ ਫਿਰਦਾ ਹੈ, ਉਸ ਨੇ ਆਪਣਾ ਮਨ ਨਹੀਂ ਮੁੰਨਿਆ, ਆਪਣੇ ਮਨ ਵਿਚੋਂ ਵਿਕਾਰਾਂ ਦੀ ਮੈਲ ਨਹੀਂ ਕਢੀ, ਉਹ ਸਿਰ ਦੇ ਕੇਸ ਮੁਨਾਣ ਨਾਲ ‘ਸਾਧੂ` ਨਹੀਂ ਬਣ ਸਕਦਾ। ਜਿਸ ਵੀ ਮੰਦੇ ਕਰਮ ਦੀ ਪ੍ਰੇਰਨਾ ਕਰਦਾ ਹੈ, ਉਹ ਮਨ ਹੀ ਕਰਦਾ ਹੈ, ਜੇ ‘ਸਾਧੂ` ਬਣਨ ਦੀ ਖ਼ਾਤਰ ਹੀ ਸਿਰ ਮੁਨਾਇਆ ਹੈ, ਤਾਂ ਸਿਰ ਮੁਨਾਉਣਾ ਵਿਅਰਥ ਹੈ।

ਕਬੀਰ ਮਨੁ ਮੂੰਡਿਆ ਨਹੀ ਕੇਸ ਮੁੰਡਾਏ ਕਾਂਇ ॥ ਜੋ ਕਿਛੁ ਕੀਆ ਸੋ ਮਨ ਕੀਆ ਮੂੰਡਾ ਮੂੰਡੁ ਅਜਾਂਇ ॥੧੦੧॥ (੧੩੬੯)

ਕਬੀਰ ਜੀ ਉਦਾਹਰਣਾਂ ਦੇ ਕੇ ਸਮਝਾਉਂਦੇ ਹਨ, ਕਿ ਜੇਕਰ ਨੰਗੇ ਫਿਰਨ ਨਾਲ ਅਕਾਲ ਪੁਰਖੁ ਦਾ ਮਿਲਾਪ ਹੋ ਸਕਦਾ ਹੈ ਤਾਂ ਜੰਗਲ ਦਾ ਹਰੇਕ ਪਸ਼ੂ ਮੁਕਤ ਹੋ ਜਾਣਾ ਚਾਹੀਦਾ ਹੈ, ਕਿਉਂਕਿ ਮਨੁੱਖ ਤੋਂ ਇਲਾਵਾ ਕੋਈ ਵੀ ਜਾਨਵਰ ਕਪੜੇ ਨਹੀਂ ਪਾਉਂਦਾ ਹੈ। ਜਦੋਂ ਤਕ ਮਨੁੱਖ ਅਕਾਲ ਪੁਰਖੁ ਨੂੰ ਨਹੀਂ ਪਛਾਣਦਾ, ਆਪਣੇ ਅੰਦਰੋਂ ਨਹੀਂ ਖੋਜਦਾ, ਤਦ ਤਕ ਨੰਗੇ ਰਿਹਾਂ ਕੁੱਝ ਨਹੀਂ ਹੋਣਾ ਹੈ ਤੇ ਪਿੰਡੇ ਤੇ ਚੰਮ ਲਪੇਟਣ ਨਾਲ ਵੀ ਕੁੱਝ ਨਹੀਂ ਮਿਲਣਾ। ਜੇਕਰ ਸਿਰ ਮੁਨਣ ਨਾਲ ਸਿੱਧੀ ਮਿਲ ਸਕਦੀ ਹੈ, ਤਾਂ ਹੁਣ ਤਕ ਸਾਰੀਆਂ ਭੇਡਾਂ ਮੁਕਤ ਹੋ ਜਾਣੀਆਂ ਚਾਹੀਦੀਆਂ ਸੀ, ਕਿਉਂਕਿ ਭੇਡਾਂ ਦੀ ਉੱਨ ਤਾਂ ਕਈ ਵਾਰੀ ਉਤਾਰੀ ਜਾਂਦੀ ਹੈ। ਜੇਕਰ ਵੀਰਜ ਸਾਂਭਿਆਂ ਸੰਸਾਰ ਸਾਗਰ ਤੋਂ ਪਾਰ ਹੋ ਸਕਦੇ ਹਾਂ, ਤਾਂ ਖੁਸਰਿਆਂ ਨੂੰ ਪਹਿਲਾਂ ਮੁਕਤੀ ਮਿਲਣੀ ਚਾਹੀਦੀ ਹੈ। ਕਬੀਰ ਜੀ ਨੇ ਇਹੀ ਸਮਝਾਇਆ ਹੈ, ਕਿ ਅਕਾਲ ਪੁਰਖੁ ਦਾ ਨਾਮੁ ਚਿਤ ਵਿੱਚ ਰੱਖਣ ਤੋਂ ਬਿਨਾ ਕਿਸੇ ਨੂੰ ਮੁਕਤੀ ਨਹੀਂ ਮਿਲ ਸਕਦੀ। ਹੇਠ ਲਿਖਿਆ ਸਬਦ ਸਪੱਸ਼ਟ ਕਰ ਦਿੰਦਾ ਹੈ ਕਿ, ਨੰਗੇ ਰਹਿ ਕੇ ਜੰਗਲਾਂ ਵਿੱਚ ਫਿਰਨਾ, ਸਿਰ ਮੁਨਾ ਕੇ ਫ਼ਕੀਰ ਬਣ ਜਾਣਾ, ਸਾਰੀ ਉਮਰ ਗ੍ਰਹਿਸਤ ਆਸ਼ਰਮ ਵਿੱਚ ਪ੍ਰਵੇਸ਼ ਨਹੀਂ ਕਰਨਾ, ਇਹੋ ਜਿਹਾ ਕੋਈ ਸਾਧਨ ਮਨੁੱਖ ਨੂੰ ਸੰਸਾਰ ਸਮੁੰਦਰ ਤੋਂ ਪਾਰ ਨਹੀਂ ਕਰਾ ਸਕਦਾ। ਕੇਵਲ ਅਕਾਲ ਪੁਰਖੁ ਦਾ ਨਾਮੁ ਰੂਪੀ ਬੇੜਾ ਹੀ ਪਾਰ ਕਰਾ ਸਕਦਾ ਹੈ।

ਗਉੜੀ ਕਬੀਰ ਜੀ ॥ ਨਗਨ ਫਿਰਤ ਜੌ ਪਾਈਐ ਜੋਗੁ ॥ ਬਨ ਕਾ ਮਿਰਗੁ ਮੁਕਤਿ ਸਭੁ ਹੋਗੁ ॥੧॥ ਕਿਆ ਨਾਗੇ ਕਿਆ ਬਾਧੇ ਚਾਮ ॥ ਜਬ ਨਹੀ ਚੀਨਸਿ ਆਤਮ ਰਾਮ ॥੧॥ ਰਹਾਉ ॥ ਮੂਡ ਮੁੰਡਾਏ ਜੌ ਸਿਧਿ ਪਾਈ ॥ ਮੁਕਤੀ ਭੇਡ ਨ ਗਈਆ ਕਾਈ ॥੨॥ ਬਿੰਦੁ ਰਾਖਿ ਜੌ ਤਰੀਐ ਭਾਈ ॥ ਖੁਸਰੈ ਕਿਉ ਨ ਪਰਮ ਗਤਿ ਪਾਈ ॥੩॥ ਕਹੁ ਕਬੀਰ ਸੁਨਹੁ ਨਰ ਭਾਈ ॥ ਰਾਮ ਨਾਮ ਬਿਨੁ ਕਿਨਿ ਗਤਿ ਪਾਈ ॥੪॥੪॥ (੩੨੪)

ਅਕਾਲ ਪੁਰਖੁ ਦੇ ਅਨੇਕਾਂ ਨਾਮ ਹਨ, ਬੇਅੰਤ ਰੂਪ ਹਨ, ਬੇਅੰਤ ਗੁਣ ਹਨ, ਜੋ ਕਿਸੇ ਤਰ੍ਹਾਂ ਵੀ ਬਿਆਨ ਨਹੀਂ ਕੀਤੇ ਜਾ ਸਕਦੇ। ਅਕਾਲ ਪੁਰਖੁ ਦੇ ਦਰਸ਼ਨ ਕਰਨ ਲਈ ਕਈ ਰਾਜੇ ਆਪਣੀਆਂ ਮਹਲ ਮਾੜੀਆਂ, ਘਰ, ਹਾਥੀ ਘੋੜੇ, ਆਪਣੇ ਦੇਸ ਨੂੰ ਛੱਡ ਕੇ ਜੰਗਲਾ ਵਿੱਚ ਚਲੇ ਗਏ। ਅਨੇਕਾਂ ਪੀਰਾਂ ਪੈਗ਼ੰਬਰਾਂ ਗਿਆਨਵਾਨਾਂ ਤੇ ਸਿਦਕੀਆਂ ਨੇ ਤੇਰੇ ਦਰ ਤੇ ਕਬੂਲ ਹੋਣ ਵਾਸਤੇ ਦੁਨੀਆ ਛੱਡੀ। ਅਨੇਕਾਂ ਬੰਦਿਆਂ ਨੇ ਦੁਨੀਆ ਦੇ ਸੁਆਦ ਸੁਖ ਆਰਾਮ ਤੇ ਪਦਾਰਥ ਤਿਆਗੇ, ਕੱਪੜੇ ਛੱਡ ਕੇ ਚਮੜਾ ਪਹਿਨਿਆ। ਅਨੇਕਾਂ ਬੰਦੇ ਦੁਖੀਆਂ ਦਰਦਵੰਦਾਂ ਵਾਂਗ ਤੇਰੇ ਦਰ ਤੇ ਫ਼ਰਿਆਦ ਕਰਨ ਲਈ ਤੇਰੇ ਨਾਮੁ ਵਿੱਚ ਰੰਗੇ ਰਹਿਣ ਲਈ ਗ੍ਰਿਹਸਤ ਜੀਵਨ ਛੱਡ ਕੇ ਫ਼ਕੀਰ ਬਣ ਗਏ। ਕਿਸੇ ਨੇ ਭੰਗ ਆਦਿਕ ਪਾਣ ਲਈ ਚੰਮ ਦੀ ਝੋਲੀ ਲੈ ਲਈ, ਕਿਸੇ ਨੇ ਘਰ ਘਰ ਵਿੱਚ ਮੰਗਣ ਲਈ ਖੱਪਰ ਹੱਥ ਵਿੱਚ ਫੜ ਲਿਆ, ਕੋਈ ਸੰਨਿਆਸੀ ਬਣ ਗਿਆ, ਕਿਸੇ ਨੇ ਮ੍ਰਿਗਛਾਲਾ ਲੈ ਲਈ, ਕੋਈ ਬੋਦੀ ਜਨੇਊ ਤੇ ਧੋਤੀ ਦਾ ਧਾਰਨੀ ਹੋ ਗਿਆ। ਪਰ ਗੁਰੂ ਸਾਹਿਬ ਬੇਨਤੀ ਕਰਦੇ ਹਨ ਕਿ ਹੇ ਅਕਾਲ ਪੁਰਖੁ! ਤੂੰ ਮੇਰਾ ਮਾਲਿਕ ਹੈ, ਮੈਂ ਸਿਰਫ਼ ਤੇਰਾ ਸਾਂਗੀ ਹਾਂ, ਭਾਵ, ਮੈਂ ਸਿਰਫ਼ ਤੇਰਾ ਅਖਵਾਂਦਾ ਹਾਂ, ਜਿਵੇਂ ਤੂੰ ਮੈਨੂੰ ਰੱਖਦਾ ਹੈ ਤਿਵੇਂ ਹੀ ਰਹਿੰਦਾ ਹਾਂ, ਕਿਸੇ ਖ਼ਾਸ ਸ਼੍ਰੇਣੀ ਵਿੱਚ ਹੋਣ ਦਾ ਮੈਨੂੰ ਕੋਈ ਮਾਣ ਨਹੀਂ। “ਤੂੰ ਸਾਹਿਬੁ ਹਉ ਸਾਂਗੀ ਤੇਰਾ” ਸਬਦ ਸਪੱਸ਼ਟ ਕਰਦਾ ਹੈ ਕਿ ਜੋ ਮੈਨੂੰ ਅਕਾਲ ਪੁਰਖੁ ਨੇ ਸਰੂਪ ਦਿੱਤਾ ਹੈ, ਉਹ ਮੈਨੂੰ ਪ੍ਰਵਾਨ ਹੈ।

ਖਲੜੀ ਖਪਰੀ ਲਕੜੀ ਚਮੜੀ ਸਿਖਾ ਸੂਤੁ ਧੋਤੀ ਕੀਨੀ ॥ ਤੂੰ ਸਾਹਿਬੁ ਹਉ ਸਾਂਗੀ ਤੇਰਾ ਪ੍ਰਣਵੈ ਨਾਨਕੁ ਜਾਤਿ ਕੈਸੀ ॥੪॥੧॥੩੩॥ (੩੫੮)

ਗੁਰਬਾਣੀ ਦੁਆਰਾ ਮਨੁੱਖ ਨੂੰ ਸਮਝਾਇਆ ਜਾਂਦਾ ਹੈ ਕਿ ਆਪਣੇ ਇਸ ਸਰੀਰ ਨੂੰ, ਜਿਸ ਦੁਆਰਾ ਸਦਾ ਚੰਗੇ ਮੰਦੇ ਕਰਮ ਕੀਤੇ ਜਾਂਦੇ ਹਨ, ਉਸ ਨੂੰ ਆਪਣੀ ਵਫ਼ਾਦਾਰ ਇਸਤ੍ਰੀ ਬਣਾ, ਤੇ, ਵਿਕਾਰਾਂ ਦੇ ਰੰਗ-ਤਮਾਸ਼ੇ ਮਾਣਨ ਦੀ ਬਜਾਏ, ਇਸ ਵਫ਼ਾਦਾਰ ਇਸਤ੍ਰੀ ਰਾਹੀਂ ਅਕਾਲ ਪੁਰਖੁ ਦੇ ਮਿਲਾਪ ਦਾ ਰੰਗ ਮਾਣਿਆ ਕਰ। ਵਿਕਾਰਾਂ ਵਿੱਚ ਮਲੀਨ ਹੋ ਰਹੇ ਮਨ ਨੂੰ ਪਵਿੱਤਰ ਕਰਨ ਦਾ ਜਤਨ ਕਰ, ਇਹੀ ਹੈ ਅਕਾਲ ਪੁਰਖੁ ਦੇ ਮਿਲਾਪ ਪੈਦਾ ਕਰਨ ਵਾਲੀ ਸ਼ਰਹ ਦੀ ਕਿਤਾਬ। ਸੁੰਨਤ, ਲਬਾਂ ਕਟਾਣ ਆਦਿਕ ਸ਼ਰਹ ਨੂੰ ਛੱਡ ਕੇ ਆਪਣੀ ਸ਼ਕਲ ਨੂੰ ਜਿਉਂ ਕਾ ਤਿਉਂ ਰੱਖ, ਇਹ ਲੋਕ ਪਰਲੋਕ ਵਿੱਚ ਇੱਜ਼ਤ-ਆਦਰ ਪ੍ਰਾਪਤ ਕਰਨ ਦਾ ਵਸੀਲਾ ਬਣ ਜਾਂਦਾ ਹੈ।

ਕਾਇਆ ਕਿਰਦਾਰ ਅਉਰਤ ਯਕੀਨਾ ॥ ਰੰਗ ਤਮਾਸੇ ਮਾਣਿ ਹਕੀਨਾ ॥ ਨਾਪਾਕ ਪਾਕੁ ਕਰਿ ਹਦੂਰਿ ਹਦੀਸਾ ਸਾਬਤ ਸੂਰਤਿ ਦਸਤਾਰ ਸਿਰਾ ॥੧੨॥ (੧੦੮੪)

ਸੇਵਕ ਅਖਵਾਣ ਵਾਲੇ ਤੇ ਸਿੱਖ ਅਖਵਾਣ ਵਾਲੇ, ਸਾਰੇ ਗੁਰੂ ਦੇ ਦਰ ਤੇ ਅਕਾਲ ਪੁਰਖੁ ਦੀ ਪੂਜਾ ਕਰਨ ਲਈ ਆਉਂਦੇ ਹਨ, ਤੇ ਅਕਾਲ ਪੁਰਖੁ ਦੀ ਸਿਫ਼ਤਿ-ਸਾਲਾਹ ਨਾਲ ਭਰਪੂਰ ਸ੍ਰੇਸ਼ਟ ਗੁਰਬਾਣੀ ਗਾਇਨ ਕਰਦੇ ਹਨ। ਪਰ ਅਕਾਲ ਪੁਰਖੁ ਉਨ੍ਹਾਂ ਮਨੁੱਖਾਂ ਦਾ ਬਾਣੀ ਗਾਉਣਾ ਅਤੇ ਸੁਣਨਾ ਕਬੂਲ ਕਰਦਾ ਹੈ, ਜਿਨ੍ਹਾਂ ਨੇ ਗੁਰੂ ਦੇ ਹੁਕਮ ਨੂੰ ਬਿਲਕੁਲ ਸਹੀ ਜਾਣ ਕੇ ਉਸ ਉਤੇ ਅਮਲ ਕੀਤਾ ਹੈ। ਇਸ ਲਈ ਸੰਸਾਰ ਰੂਪੀ ਸਮੁੰਦਰ ਤੋਂ ਪਾਰ ਲੰਘਾਣ ਵਾਲੇ ਸਬਦ ਗੁਰੂ ਦੀ ਸਰਨ ਵਿੱਚ ਆ ਕੇ ਅਕਾਲ ਪੁਰਖੁ ਦੀ ਸਿਫ਼ਤਿ-ਸਾਲਾਹ ਕਰਿਆ ਕਰੋ। ਅਕਾਲ ਪੁਰਖੁ ਦੇ ਦਰ ਤੇ ਉਨ੍ਹਾਂ ਮਨੁੱਖਾਂ ਦੀ ਚੰਗੀ ਸੋਭਾ ਹੁੰਦੀ ਹੈ, ਜਿਹੜੇ ਮਨੁੱਖ ਅਕਾਲ ਪੁਰਖੁ ਦੀ ਸਿਫ਼ਤਿ ਸਾਲਾਹ ਨਾਲ ਡੂੰਘੀ ਸਾਂਝ ਪਾ ਲੈਂਦੇ ਹਨ। ਇਹ ਹਮੇਸ਼ਾਂ ਧਿਆਨ ਵਿੱਚ ਰੱਖੋ ਕਿ ਅਕਾਲ ਪੁਰਖੁ ਆਪ ਹੀ ਗੁਰੂ ਹੈ, ਆਪ ਹੀ ਸਿੱਖ ਹੈ, ਤੇ ਅਕਾਲ ਪੁਰਖੁ ਆਪ ਹੀ ਇਹ ਸੱਭ ਅਚਰਜ ਤਮਾਸ਼ੇ ਕਰਨ ਵਾਲਾ ਹੈ। ਉਹੀ ਮਨੁੱਖ ਅਕਾਲ ਪੁਰਖੁ ਨੂੰ ਮਿਲ ਸਕਦੇ ਹਨ, ਜਿਨ੍ਹਾਂ ਨੂੰ ਅਕਾਲ ਪੁਰਖੁ ਆਪ ਮਿਲਾਂਦਾ ਹੈ। ਇਸ ਲਈ ਹੋਰ ਸਾਰੇ ਆਸਰੇ ਛੱਡ ਕੇ ਗੁਰੂ ਦੀ ਆਗਿਆ ਅਨੁਸਾਰ ਚਲਿਆ ਕਰੋ ਤੇ ਅਕਾਲ ਪੁਰਖੁ ਦੀ ਸਿਫ਼ਤਿ-ਸਾਲਾਹ ਕਰਿਆ ਕਰੋ, ਕਿਉਂਕਿ ਅਕਾਲ ਪੁਰਖੁ ਨੂੰ ਉਹੀ ਸਿਫ਼ਤਿ-ਸਾਲਾਹ ਪਿਆਰੀ ਲੱਗਦੀ ਹੈ, ਜਿਹੜੀ ਉਸ ਦੇ ਹੁਕਮੁ ਤੇ ਰਜ਼ਾ ਅਨੁਸਾਰ ਹੈ।

ਧਨਾਸਰੀ ਮਹਲਾ ੪ ॥ ਸੇਵਕ ਸਿਖ ਪੂਜਣ ਸਭਿ ਆਵਹਿ ਸਭਿ ਗਾਵਹਿ ਹਰਿ ਹਰਿ ਊਤਮ ਬਾਨੀ ॥ ਗਾਵਿਆ ਸੁਣਿਆ ਤਿਨ ਕਾ ਹਰਿ ਥਾਇ ਪਾਵੈ ਜਿਨ ਸਤਿਗੁਰ ਕੀ ਆਗਿਆ ਸਤਿ ਸਤਿ ਕਰਿ ਮਾਨੀ ॥੧॥ ਬੋਲਹੁ ਭਾਈ ਹਰਿ ਕੀਰਤਿ ਹਰਿ ਭਵਜਲ ਤੀਰਥਿ ॥ ਹਰਿ ਦਰਿ ਤਿਨ ਕੀ ਊਤਮ ਬਾਤ ਹੈ ਸੰਤਹੁ ਹਰਿ ਕਥਾ ਜਿਨ ਜਨਹੁ ਜਾਨੀ ॥ ਰਹਾਉ ॥ ਆਪੇ ਗੁਰੁ ਚੇਲਾ ਹੈ ਆਪੇ ਆਪੇ ਹਰਿ ਪ੍ਰਭੁ ਚੋਜ ਵਿਡਾਨੀ ॥ ਜਨ ਨਾਨਕ ਆਪਿ ਮਿਲਾਏ ਸੋਈ ਹਰਿ ਮਿਲਸੀ ਅਵਰ ਸਭ ਤਿਆਗਿ ਓਹਾ ਹਰਿ ਭਾਨੀ ॥੨॥੫॥੧੧॥ (੬੬੯)

ਇਸ ਸੰਸਾਰ ਵਿੱਚ ਅਨੇਕਾਂ ਤਰ੍ਹਾਂ ਦੇ ਜਾਨਵਰ ਜਾਂ ਜੀਵ ਜੰਤੂ ਹਨ, ਪਰੰਤੂ ਮਨੁੱਖ ਇਨ੍ਹਾਂ ਸਾਰਿਆਂ ਤੋਂ ਭਿੰਨ ਹੈ। ਸਿਰਫ ਮਨੁੱਖ ਦੇ ਹੀ ਸਿਰ ਦੇ ਕੇਸ ਲੰਮੇ ਹੁੰਦੇ ਹਨ, ਹੋਰ ਕਿਸੇ ਜਾਨਵਰ ਦੇ ਨਹੀਂ, ਸਿਰਫ ਮਨੁੱਖ ਦੇ ਕੋਲ ਹੀ ਬੁਧੀ ਹੈ, ਹੋਰ ਕਿਸੇ ਜਾਨਵਰ ਦੇ ਕੋਲ ਨਹੀਂ, ਸਿਰਫ ਮਨੁੱਖ ਦੇ ਕੋਲ ਹੀ ਪੰਜ ਵਿਕਾਰ ਹਨ, ਹੋਰ ਕਿਸੇ ਜਾਨਵਰ ਦੇ ਕੋਲ ਨਹੀਂ, ਬਾਕੀ ਸਭ ਦੇ ਇੱਕ ਇਕ ਹਨ। ਇਸ ਲਈ ਬੁਧੀ ਦੀ ਸੰਭਾਲ ਬਹੁਤ ਜਰੂਰੀ ਹੈ, ਨਹੀਂ ਤਾਂ ਉਹ ਮਨੁੱਖ ਨੂੰ ਵਿਕਾਰਾਂ ਵਲ ਲੈ ਜਾਵੇਗੀ। ਇਸੇ ਤਰ੍ਹਾਂ ਕੇਸਾਂ ਦੀ ਸੰਭਾਲ ਬਹੁਤ ਜਰੂਰੀ ਹੈ ਨਹੀਂ ਤਾਂ ਮਨੁੱਖ” ਹੁਕਮਿ ਰਜਾਈ ਚਲਣਾ ਨਾਨਕ ਲਿਖਿਆ ਨਾਲਿ ॥੧॥“ ਨਹੀਂ ਸਿਖ ਸਕੇਗਾ।

ਹਰੇਕ ਦੇਸ਼ ਦੀ ਫੌਜ਼, ਪੁਲੀਸ, ਜਾਂ ਸਕੂਲ ਦਾ ਅਨੁਸ਼ਾਸਨ ਕਾਇਮ ਰੱਖਣ ਲਈ ਆਪਣਾ ਆਪਣਾ ਡਰੈਸ ਕੋਡ ਹੁੰਦਾਂ ਹੈ। ਗੁਰੂ ਦੇ ਸਿੱਖ ਨੇ ਵੀ ਆਪਣੇ ਮਨ ਤੇ ਸਰੀਰ ਦਾ ਅਨੁਸ਼ਾਸਨ ਕਾਇਮ ਰੱਖਣਾ ਹੈ। ਸਰੀਰ ਦਾ ਅਨੁਸ਼ਾਸਨ ਕਾਇਮ ਰੱਖਣ ਲਈ ਸਿੱਖ ਨੂੰ ਪੰਜ ਕਕਾਰ ਦਾ ਲਿਬਾਸ ਦਿਤਾ ਗਿਆ ਹੈ।

ਖ਼ਾਲਸਾ ਅਕਾਲ ਪੁਰਖ ਕੀ ਫੌਜ ॥ ਪ੍ਰਗਟਿਓ ਖ਼ਾਲਸਾ ਪ੍ਰਮਾਤਮ ਕੀ ਮੌਜ ॥ ਜਬ ਲਗ ਖ਼ਾਲਸਾ ਰਹੇ ਨਿਆਰਾ ॥ ਤਬ ਲਗ ਤੇਜ ਦੀਉ ਮੈ ਸਾਰਾ ॥ ਜਬ ਇਹ ਗਹੈ ਬਿਪਰਨ ਕੀ ਰੀਤ ॥ ਮੈ ਨ ਕਰੋ ਇਨ ਕੀ ਪ੍ਰਤੀਤ ॥

ਖੰਡੇ ਕੀ ਪਾਹੁਲ ਤੇ ਪੰਜ ਕਕਾਰ, ਸਿੱਖ ਦੇ ਗੁਰੂ ਘਰ ਵਿੱਚ ਦਾਖਲੇ ਲਈ ਹਨ ਤੇ ਸਿੱਖ ਦਾ ਗੁਰੂ ਨਾਲ ਇਕਰਾਰ ਹੈ ਕਿ ਉਹ ਜੁਗੋ ਜੁਗ ਅਟੱਲ ਗੁਰੂ ਗਰੰਥ ਵਿੱਚ ਅੰਕਿਤ ਗੁਰਬਾਣੀ ਅਨੁਸਾਰ ਜੀਵਨ ਬਤੀਤ ਕਰੇਗਾ। ਸਿੱਖ ਨੂੰ ਮਾਣ ਹੁੰਦਾਂ ਹੈ ਕਿ ਮੇਰਾ ਗੁਰੂ ਇਹ ਹੈ, ਤੇ ਗੁਰੂ ਨੂੰ ਆਪਣੇ ਸਿੱਖ ਤੇ ਮਾਣ ਹੁੰਦਾਂ ਹੈ। ਲੜਕੀ ਚੂੜਾ ਬੜੇ ਮਾਣ ਨਾਲ ਪਾਉਂਦੀ ਹੈ, ਤਾਂ ਜੋ ਦੂਸਰਿਆ ਨੂੰ ਅਤੇ ਆਪਣੇ ਆਪ ਨੂੰ ਦੱਸ ਸਕੇ ਕਿ ਮੈਂ ਕਿਸੇ ਦੀ ਹਾਂ। ਸਿੱਖ ਕਕਾਰ ਬੜੇ ਮਾਣ ਨਾਲ ਪਾਉਂਦਾ ਹੈ, ਤਾਂ ਜੋ ਦੂਸਰਿਆ ਨੂੰ ਅਤੇ ਆਪਣੇ ਆਪ ਨੂੰ ਦੱਸ ਸਕੇ ਕਿ ਮੈਂ ਗੁਰੂ ਦਾ ਸਿੱਖ ਹਾਂ। ਇਸੇ ਕਰਕੇ ਗੁਰੂ ਗੋਬਿੰਦ ਸਿੰਘ ਜੀ ਨੇ ਖ਼ਾਲਸੇ ਬਾਰੇ ਕਿਹਾ ਸੀ:

ਖ਼ਾਲਸਾ ਮੇਰੋ ਰੂਪ ਹੈ ਖ਼ਾਸ ॥ ਖ਼ਾਲਸੇ ਮੈਂ ਹੌਂ ਕਰੌ ਨਿਵਾਸ ॥ ਖ਼ਾਲਸਾ ਮੇਰੋ ਮੁਖ ਹੈ ਅੰਗਾ ॥ ਖ਼ਾਲਸੇ ਕੇ ਹੌਂ ਸਦ ਸਦ ਸੰਗਾ ॥

ਕੇਸ = ਸਿੱਖ ਨੂੰ ਸਿੱਖ ਧਰਮ ਦੇ ਮੁਢਲੇ ਸਿਧਾਂਤ, “ਹੁਕਮਿ ਰਜਾਈ ਚਲਣਾ ਨਾਨਕ ਲਿਖਿਆ ਨਾਲਿ” ਅਨੁਸਾਰ ਚਲਣ ਲਈ ਸਿਖਿਆ ਦਿੰਦੇ ਹਨ। ਇਸ ਤਰ੍ਹਾਂ ਕਰਨ ਨਾਲ, ਗੁਰੂ ਦਾ ਸਿੱਖ ਆਪਣੇ ਮਨ ਦੀ ਮਤ ਤਿਆਗ ਦਿੰਦਾਂ ਹੈ, ਤੇ ਗੁਰਬਾਣੀ ਦੁਆਰਾ ਸਮਝਾਈ ਗਈ ਗੁਰੂ ਦੀ ਮਤ ਅਪਨਾ ਲੈਂਦਾ ਹੈ।

ਕੰਘਾ = ਕੇਸ ਸਰੀਰ ਦਾ ਜਿਉਂਦਾ ਹਿਸਾ ਹੈ, ਇਸੇ ਲਈ ਝੜ ਗਏ ਕੇਸਾਂ ਦੀ ਕੰਗੇ ਨਾਲ ਸਫਾਈ ਕੀਤੀ ਜਾਂਦੀ ਹੈ। ਕੰਘਾ ਸਿੱਖ ਨੂੰ ਆਲਸ ਦੂਰ ਕਰਨੀ ਤੇ ਉੱਦਮੀ ਬਣਨ ਲਈ ਸਿਖਿਆ ਦਿੰਦਾ ਹੈ। ਉੱਦਮ ਨਾਲ ਮਨ ਤੇ ਆਸਾਨੀ ਨਾਲ ਕਾਬੂ ਪਾਇਆ ਜਾ ਸਕਦਾ ਹੈ। ਕੰਘਾ ਮਰੇ ਵਾਲਾ ਨੂੰ ਬਾਹਰ ਕੱਢ ਦਿੰਦਾਂ ਹੈ, ਗੁਰੂ (ਸਬਦ) ਮਨ ਦੇ ਵਿਕਾਰਾ ਨੂੰ ਬਾਹਰ ਕੱਢ ਦਿੰਦਾਂ ਹੈ। ਜਿਸ ਤਰ੍ਹਾਂ ਮੁਰਦੇ ਨੂੰ ਕੋਈ ਵੀ ਆਪਣੇ ਘਰ ਵਿੱਚ ਨਹੀਂ ਰੱਖਦਾ ਹੈ, ਇਸੇ ਤਰ੍ਹਾਂ ਮੁਰਦਾ ਕੇਸਾਂ ਨੂੰ ਕੱਢਣ ਲਈ ਗੁਰੂ ਸਾਹਿਬ ਨੇ ਕੰਘਾ ਦਿਤਾ ਤਾਂ ਜੋ ਸਿੱਖ ਉਦਮੀ ਬਣਿਆ ਰਹੇ। ਕੰਘਾ ਤਿਆਰ ਕਰਨ ਲਈ ਆਰੀ ਨਾਲ ਦੰਦੇ ਕੱਡਣੇ ਪੈਦੇ ਹਨ। ਗੁਰੂ ਦੇ ਸਿੱਖ ਨੇ ਵੀ ਕੰਗੇ ਦੀ ਤਰ੍ਹਾਂ ਆਪਣੇ ਵਿਕਾਰਾਂ ਨੂੰ ਸਬਦ ਦੇ ਬਾਣ ਨਾਲ ਕਟਵਾਉਂਣਾ ਹੈ।

ਕੜਾ = ਜੀਵਨ ਵਿੱਚ ਹਰੇਕ ਤਰ੍ਹਾਂ ਦੇ ਕਾਰਜ ਕਰਦੇ ਸਮੇਂ, ਹੱਥ ਵਿੱਚ ਪਾਇਆ ਕੜਾ, ਗੁਰੂ ਦੀ ਯਾਦ ਦਿਵਾਂਉਂਦਾ ਰਹਿੰਦਾ ਹੈ, ਤੇ ਇਸ ਤਰ੍ਹਾਂ ਗੁਰਬਾਣੀ ਦੁਆਰਾ ਮਨ ਤੇ ਦਬਾਵ ਬਣਿਆ ਰਹਿੰਦਾਂ ਹੈ, ਜਿਸ ਸਦਕਾ ਜੀਵਨ ਵਿੱਚ ਸਹੀ ਰਸਤੇ ਤੇ ਚਲਣ ਲਈ ਮਾਰਗ ਦਰਸ਼ਨ ਹੁੰਦਾ ਰਹਿੰਦਾ ਹੈ।

ਕ੍ਰਿਪਾਨ = (ਕ੍ਰਿਪਾ+ਆਨ) = ਕ੍ਰਿਪਾਨ ਨੂੰ ਮਜ਼ਲੂਮ ਤੇ ਕਿਰਪਾ ਅਤੇ ਆਪਣੀ ਆਨ ਦੀ ਰੱਖਿਆ ਲਈ ਵਰਤਣਾ ਹੈ। ਕ੍ਰਿਪਾਨ ਦੂਸਰਿਆ ਦੇ ਭਲੇ ਅਤੇ ਸਵੈਰੱਖਿਆ ਲਈ ਦਿੱਤੀ ਗਈ ਹੈ। ਗੁਰੂ ਦੇ ਸਿੱਖ ਨੇ ਆਨ ਤੇ ਸ਼ਾਨ ਨਾਲ ਜੀਵਨ ਬਤੀਤ ਕਰਨਾ ਹੈ, ਗੁਲਾਮ ਦੀ ਤਰ੍ਹਾਂ ਨਹੀਂ ਰਹਿੰਣਾ ਹੈ, ਤੇ ਆਪਣੇ ਮਨ ਹਮੇਸ਼ਾ ਸੁਚੇਤ (Alert) ਰੱਖਣਾ ਹੈ।

ਕਛਿਹਰਾ = ਆਪਣੇ ਕਾਮ ਤੇ ਕਾਬੂ ਰੱਖਣਾ ਹੈ, ਮਨ ਨੂੰ ਪਾਪ ਵੱਲ ਜਾਣ ਤੋਂ ਰੋਕਣਾ ਹੈ। “ਏਕਾ ਨਾਰੀ ਜਤੀ ਹੋਇ ਪਰ ਨਾਰੀ ਧੀ ਭੈਣ ਵਖਾਣੈ” ਅਨੁਸਾਰ ਜੀਵਨ ਵਿੱਚ ਵਿਚਰਨਾ ਹੈ।

ਇਤਿਹਾਸ ਇਸ ਗੱਲ ਦਾ ਗਵਾਹ ਹੈ, ਕਿ ਸਿੱਖਾਂ ਨੇ ਸਿਰ ਤਾਂ ਕਟਵਾਏ ਪਰ ਕੇਸ ਨਹੀਂ। ਸਿੱਖ ਸੀਸ ਸਿਰਫ ਗੁਰੂ ਅੱਗੇ ਝੁਕਾਉਂਦਾਂ ਹੈ। ਹੁਣ ਇਸ ਵਿੱਚ ਕੁੱਝ ਮਤ ਗੁਰੂ ਦੀ ਹੈ ਅਤੇ ਕੁੱਝ ਆਪਣੀ ਹੈ। ਜਦੋਂ ਗੁਰੂ ਦੀ ਮਤ ਅੰਦਰ ਆ ਗਈ ਤਾਂ ਉਸ ਦੀ ਸੰਭਾਲ ਵੀ ਹੋਣੀ ਚਾਹੀਦੀ ਹੈ। ਇਸੇ ਲਈ ਸਿੱਖ ਆਪਣੇ ਸਿਰ ਉਪਰ ਦਸਤਾਰ ਸਜਾਉਦੇ ਹਨ ਤੇ ਬੀਬੀਆਂ ਸਿਰ ਤੇ ਚੁਨੀ ਲੈਦੀਆਂ ਹਨ। ਦਸਤਾਰ ਗਰਮੀ ਤੇ ਸਰਦੀ ਦੋਹਾਂ ਤਰ੍ਹਾਂ ਦੇ ਮੌਸਮਾਂ ਵਿੱਚ ਸਿਰ ਨੂੰ ਬਚਾਉਂਦੀ ਹੈ।

ਕਕਾਰ ਰਵਾਇਤਾਂ ਪੂਰੀਆਂ ਕਰਨ ਲਈ ਨਹੀਂ ਹਨ। ਇਹ ਸਿੱਖ ਨੂੰ ਹਮੇਸ਼ਾਂ ਸੁਚੇਤ ਕਰਦੇ ਹਨ ਤੇ ਮਾਰਗ ਦਰਸ਼ਨ ਕਰਦੇ ਰਹਿੰਦੇ ਹਨ। ਸਰੀਰ ਸੋਧਣਾਂ ਸੌਖਾ ਹੈ, ਪਰੰਤੂ ਮਨ ਨੂੰ ਸੋਧਣਾਂ ਬਹੁਤ ਔਖਾ ਹੈ, ਇਸ ਲਈ ਲਗਾਤਾਰ ਉਪਰਾਲੇ ਦੀ ਲੋੜ ਹੈ। ਇਹ ਪੰਜ ਕਕਾਰ ਸਿੱਖ ਨੂੰ ਹਮੇਸ਼ਾਂ ਸੁਚੇਤ ਕਰਦੇ ਰਹਿੰਦੇ ਹਨ ਕਿ ਗੁਰਬਾਣੀ ਨੂੰ ਹਮੇਸ਼ਾਂ ਆਪਣੇ ਚਿਤ ਵਿੱਚ ਰੱਖਿਆ ਕਰ।

ਕੇਸ ਗੁਰੂ ਕੀ ਮੋਹਰ ਹਨ। ਮੋਹਰ ਹੈ ਤਾਂ ਨੋਟ ਜਾ ਚਿੱਠੀ ਪ੍ਰਵਾਨ ਹੈ, ਨਹੀਂ ਤਾਂ ਕੋਈ ਕੀਮਤ ਨਹੀ। ਗੁਰਬਾਣੀ ਅਨੁਸਾਰ ਚਲਣ ਦੇ ਅਸੂਲ ਤਾਂ ਪਹਿਲਾਂ ਹੀ ਸਨ, ਜਿਨ੍ਹਾਂ ਉਪਰ ਗੁਰੂ ਨਾਨਕ ਸਹਿਬ ਨੇ ਦਸਖਤ ਕਰ ਦਿੱਤੇ ਸਨ। ਮੋਹਰ ਗੁਰੂ ਗੋਬਿੰਦ ਸਿੰਘ ਜੀ ਨੇ ਲਾਈ, ਕਿਉਂਕਿ ਗੁਰਗੱਦੀ ਜੁਗੋ ਜੁਗ ਅਟੱਲ ਗੁਰੂ ਗਰੰਥ ਸਾਹਿਬ ਨੂੰ ਦੇਣੀ ਸੀ, ਇਸ ਲਈ ਸਿੱਖੀ ਵਿੱਚ ਦਾਖਲੇ ਲਈ ਖੰਡੇ ਕੀ ਪਾਹੁਲ ਆਰੰਭ ਕੀਤੀ ਗਈ।

http://www.geocities.ws/sarbjitsingh/Bani3560GurMag200303.pdf

ਕੇਸ ਸਿੱਖੀ ਤੇ ਚਲਣ ਲਈ ਇੱਕ ਤਰ੍ਹਾਂ ਦਾ ਜੀਵਨ ਦਾਨ ਹੈ। ਇਸੇ ਲਈ ਅਰਦਾਸ ਵਿੱਚ ਬਾਕੀ ਮੰਗਾਂ ਦੇ ਨਾਲ ਇਸ ਨੂੰ ਵੀ ਸ਼ਾਮਿਲ ਕੀਤਾ ਗਿਆ ਹੈ “ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ ੁ”, ਕੇਸਾਂ ਬਿਨਾ ਬਾਕੀ ਸਾਰੇ ਕਕਾਰ ਵਿਅਰਥ ਹਨ।

ਕੇਸਾਂ ਦੀ ਕਦਰ ਦੀ ਉਦਾਹਰਣ ਤਾਂ ਪੀਰ ਬੁਧੂ ਸ਼ਾਹ ਨੇ ਸਾਨੂੰ ਦਿਤੀ ਹੈ। ਆਪਣੇ ਪੁਤਰਾਂ ਤੇ ਮੁਰੀਦਾ ਦੀ ਸ਼ਹੀਦੀ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਤੋਂ ਮੰਗਿਆ ਤਾਂ ਇਹੀ ਮੰਗਿਆ ਕਿ ਮੈਨੂੰ ਆਪਣੇ ਕੰਘੇ ਵਿੱਚ ਪਏ ਕੇਸ ਦੇ ਦਿਉ। ਲੋਕ ਪੁੱਤਰ ਅਤੇ ਧੰਨ ਦੌਲਤ ਮੰਗਦੇ ਹਨ, ਪਰੰਤੂ ਪੀਰ ਬੁਧੂ ਸ਼ਾਹ ਨੇ ਕੇਸਾਂ ਨੂੰ ਸੱਭ ਤੋਂ ਵੱਡੀ ਚੀਜ਼ ਸਮਝਿਆ। ਪੀਰ ਬੁਧੂ ਸ਼ਾਹ ਗੁਰੂ ਸਾਹਿਬ ਕੋਲ ਪੁੱਤਰ ਦੇ ਆਇਆ ਅਤੇ ਕੇਸਾਂ ਦੀ ਨਿਸ਼ਾਨੀ ਲੈ ਆਇਆ। ਪੀਰ ਬੁਧੂ ਸ਼ਾਹ ਨੇ ਗੁਰੂ ਸਾਹਿਬ ਕੋਲੋ ਸਦਾ ਕਾਇਮ ਰਹਿੰਣ ਵਾਲੀ ਨਿਸ਼ਾਨੀ ਲੈ ਲਈ।

ਅਕਸਰ ਕਈ ਲੋਕ ਸਵਾਲ ਕਰਦੇ ਹਨ ਕਿ ਜੇ ਕਰ ਸਿੱਖ ਕੇਸ ਨਹੀਂ ਕੱਟਦੇ ਹਨ, ਤਾਂ ਫਿਰ ਨੌਹ ਕਿਉਂ ਕੱਟਦੇ ਹਨ। ਜਿਸ ਤਰ੍ਹਾਂ ਜਿੰਦਾ ਕੇਸ ਸਰੀਰ ਦਾ ਹਿਸਾ ਹੁੰਦੇ ਹਨ ਤੇ ਸਮਾਂ ਪੈ ਕੇ ਮੁਰਦਾ ਬਣ ਕੇ ਝੜ ਜਾਂਦੇ ਹਨ। ਇਸੇ ਤਰ੍ਹਾਂ ਨੌਹਾਂ ਦਾ ਵੀ ਜਿੰਦਾ ਹਿਸਾ ਵੀ ਹੁੰਦਾ ਹੈ ਜੋ ਕਿ ਅਕਸਰ ਗੁਲਾਬੀ ਰੰਗ ਦਾ ਹੁੰਦਾ ਹੈ ਤੇ ਮੁਰਦਾ ਹਿਸਾ ਵੀ ਹੁੰਦਾ ਹੈ ਜੋ ਕਿ ਅਕਸਰ ਚਿਟਾ ਜਾਂ ਕਾਲੇ ਰੰਗ ਦਾ ਹੁੰਦਾ ਹੈ। ਕਿਉਂਕਿ ਜਿੰਦਾ ਨੌਹਾਂ ਵਿੱਚ ਸੰਵੇਦਨਾ ਹੁੰਦੀ ਹੈ, ਇਸ ਲਈ ਕੋਈ ਉਨ੍ਹਾਂ ਨੂੰ ਕੱਟਣ ਦੀ ਹਿੰਮਤ ਨਹੀਂ ਕਰਦਾ। ਪਹਿਲੇ ਸਮਿਆਂ ਵਿੱਚ ਨੇਲ ਕਟਰ ਨਹੀਂ ਹੁੰਦੇ ਸਨ ਤੇ ਅਕਸਰ ਲੋਕ ਹੱਥਾਂ ਨਾਲ ਕਿਰਤ ਕਰਦੇ ਸਨ, ਜਿਸ ਕਰਕੇ ਮੁਰਦਾ ਨੌਹ ਆਪਣੇ ਆਪ ਘਸ ਜਾਂਦੇ ਸਨ। ਅੱਜ ਦੇ ਸਮੇਂ ਵਿੱਚ ਹੱਥਾਂ ਨਾਲ ਕਿਰਤ ਬਹੁਤ ਘਟ ਗਈ ਹੈ, ਇਸੇ ਲਈ ਨੌਹਾਂ ਦੀ ਸਫਾਈ ਲਈ ਨੇਲ ਕਟਰ ਦੀ ਵਰਤੋਂ ਆਰੰਭ ਹੋ ਗਈ ਹੈ।

ਜੇ ਕਰ ਉਪਰ ਲਿਖੀਆਂ, ਗੁਰਬਾਣੀ ਦੀਆਂ ਸਿਖਿਆਵਾਂ, ਨੂੰ ਇਕੱਠਾ ਕਰੀਏ ਤਾਂ ਅਸੀਂ ਨਿਸਚੇ ਨਾਲ ਸਮਝ ਸਕਦੇ ਹਾਂ, ਕਿ ਸਿੱਖ ਧਰਮ ਦੇ ਮੁਢਲੇ ਸਿਧਾਤ, “ਹੁਕਮਿ ਰਜਾਈ ਚਲਣਾ ਨਾਨਕ ਲਿਖਿਆ ਨਾਲਿ” ਅਨੁਸਾਰ ਚਲਣ ਲਈ ਕੇਸਾਂ ਦਾ ਰੱਖਣਾ ਤੇ ਕੇਸਾਂ ਦੀ ਸੰਭਾਲ ਬਹੁਤ ਜਰੂਰੀ ਹੈ।

ਹਰ ਧਰਮ ਜਾਂ ਮਜਹਬ ਦੇ ਪੈਗੰਬਰ ਕੇਸਾਧਾਰੀ ਸਨ, ਪੁਰਾਤਨ ਸਮਿਆਂ ਵਿੱਚ ਜੇਕਰ ਕਿਸੇ ਨੂੰ ਸਜ਼ਾ ਦੇਣੀ ਹੁੰਦੀ ਸੀ ਤਾਂ ਉਸ ਦੇ ਕੇਸ ਕਤਲ ਕਰ ਦਿਤੇ ਜਾਂਦੇ ਸਨ।

ਗੁਰੂ ਸਾਹਿਬਾਂ ਨੇ ਸਿੱਖ ਨੂੰ ਦੁਨੀਆਂ ਅਨੁਸਾਰ ਤੇ ਵੱਧ ਗਿਣਤੀ ਦੀਆਂ ਵੋਟਾਂ ਅਨੁਸਾਰ ਚਲਣ ਲਈ ਨਹੀਂ ਕਿਹਾ ਹੈ, ਬਲਕਿ ਸੱਚ ਦੇ ਮਾਰਗ ਅਤੇ ਅਕਾਲ ਪੁਰਖੁ ਦੇ ਹੁਕਮੁ ਤੇ ਰਜਾ ਅਨੁਸਾਰ ਚਲਣਾ ਸਿਖਾਇਆ ਹੈ।

ਜਿਹੜਾ ਮਨੁੱਖ ਸਰੀਰਕ ਤਲ ਤੇ ਹੁਕਮੁ ਤੇ ਰਜਾ ਅਨੁਸਾਰ ਨਹੀਂ ਚਲ ਸਕਦਾ, ਉਹ ਆਤਮਿਕ ਤਲ ਤੇ ਹੁਕਮੁ ਤੇ ਰਜਾ ਅਨੁਸਾਰ ਕਿਸ ਤਰ੍ਹਾਂ ਚਲ ਸਕੇਗਾ।

ਜੇ ਕਰ ਅਕਾਲ ਪੁਰਖੁ ਨੂੰ ਪਾਉਣਾਂ ਹੈ ਤਾਂ ਅਕਾਲ ਪੁਰਖੁ ਦੇ ਹੁਕਮੁ ਤੇ ਉਸ ਦੀ ਰਜ਼ਾ ਅਨੁਸਾਰ ਚਲਣਾ ਪਵੇਗਾ, ਜੋ ਕਿ ਧੁਰ ਤੋਂ ਹੀ ਜੀਵ ਦੇ ਨਾਲ ਲਿਖਿਆ ਹੋਇਆ ਹੈ।

ਅੱਜ ਦੀ ਸਾਇੰਸ ਅਨੁਸਾਰ ਕੇਸ ਵੀ ਜਾਨਦਾਰ ਹਨ, ਕਿਉਂਕਿ ਉਹ ਵਧਦੇ ਹਨ ਤੇ ਇੱਕ ਦਿਨ ਖਤਮ ਜੋ ਜਾਂਦੇ ਹਨ। ਬੇਜਾਨਦਾਰ ਕੇਸ ਆਪਣੇ ਆਪ ਝੜ ਜਾਂਦੇ ਹਨ।

ਅੱਜ ਦੀਆਂ ਖੋਜ਼ਾਂ ਨਾਲ ਪਤਾ ਲੱਗਾ ਹੈ ਕਿ ਕਈ ਜਹਰੀਲੀਆਂ ਧਾਤਾਂ ਕੇਸਾਂ ਰਾਹੀਂ ਬਾਹਰ ਨਿਕਲਦੀਆਂ ਹਨ।

ਕੇਸਾਂ ਦੀ ਸੰਭਾਲ ਅਤੇ ਸਤਿਕਾਰ ਲਈ ਦਸਤਾਰ ਸਜਾਉਣੀ ਵੀ ਬਹੁਤ ਜਰੂਰੀ ਹੈ।

ਜਿਨ੍ਹਾਂ ਮਨੁੱਖਾਂ ਦੇ ਸੋਹਣੇ ਨੱਕ ਹਨ, ਸੋਹਣੇ ਲੰਮੇ ਕੇਸ ਹਨ, ਉਹ ਅਕਾਲ ਪੁਰਖੁ ਦੇ ਹੀ ਨੱਕ ਤੇ ਕੇਸ ਹਨ।

ਤੂੰ ਸਾਹਿਬੁ ਹਉ ਸਾਂਗੀ ਤੇਰਾ” ਸਬਦ ਸਪੱਸ਼ਟ ਕਰਦਾ ਹੈ ਕਿ ਜੋ ਮੈਨੂੰ ਅਕਾਲ ਪੁਰਖੁ ਨੇ ਸਰੂਪ ਦਿੱਤਾ ਹੈ, ਉਹ ਮੈਨੂੰ ਪ੍ਰਵਾਨ ਹੈ।

ਅਕਾਲ ਪੁਰਖੁ ਉਨ੍ਹਾਂ ਮਨੁੱਖਾਂ ਦਾ ਬਾਣੀ ਗਾਉਣਾ ਅਤੇ ਸੁਣਨਾ ਕਬੂਲ ਕਰਦਾ ਹੈ, ਜਿਨ੍ਹਾਂ ਨੇ ਗੁਰੂ ਦੇ ਹੁਕਮ ਨੂੰ ਬਿਲਕੁਲ ਸਹੀ ਜਾਣ ਕੇ ਉਸ ਉਤੇ ਅਮਲ ਕੀਤਾ ਹੈ।

ਹਰੇਕ ਦੇਸ਼ ਦੀ ਫੌਜ਼, ਪੁਲੀਸ, ਜਾਂ ਸਕੂਲ ਦਾ ਅਨੁਸ਼ਾਸਨ ਕਾਇਮ ਰੱਖਣ ਲਈ ਆਪਣਾ ਆਪਣਾ ਡਰੈਸ ਕੋਡ ਹੁੰਦਾਂ ਹੈ। ਗੁਰੂ ਦੇ ਸਿੱਖ ਨੇ ਵੀ ਆਪਣੇ ਮਨ ਤੇ ਸਰੀਰ ਦਾ ਅਨੁਸ਼ਾਸਨ ਕਾਇਮ ਰੱਖਣਾ ਹੈ।

ਕੇਸ ਸਿੱਖ ਨੂੰ ਸਿੱਖ ਧਰਮ ਦੇ ਮੁਢਲੇ ਸਿਧਾਤ, “ਹੁਕਮਿ ਰਜਾਈ ਚਲਣਾ ਨਾਨਕ ਲਿਖਿਆ ਨਾਲਿ” ਅਨੁਸਾਰ ਚਲਣ ਲਈ ਸਿਖਿਆ ਦਿੰਦੇ ਹਨ। ਇਸ ਤਰ੍ਹਾਂ ਕਰਨ ਨਾਲ, ਗੁਰੂ ਦਾ ਸਿੱਖ ਆਪਣੇ ਮਨ ਦੀ ਮਤ ਤਿਆਗ ਦਿੰਦਾਂ ਹੈ, ਤੇ ਗੁਰਬਾਣੀ ਦੁਆਰਾ ਸਮਝਾਈ ਗਈ ਗੁਰੂ ਦੀ ਮਤ ਅਪਨਾ ਲੈਂਦਾ ਹੈ।

ਇਤਿਹਾਸ ਇਸ ਗੱਲ ਦਾ ਗਵਾਹ ਹੈ, ਕਿ ਸਿੱਖਾਂ ਨੇ ਸਿਰ ਤਾਂ ਕਟਵਾਏ ਪਰ ਕੇਸ ਨਹੀਂ।

ਕਕਾਰ ਰਵਾਇਤਾਂ ਪੂਰੀਆਂ ਕਰਨ ਲਈ ਨਹੀਂ ਹਨ। ਇਹ ਸਿੱਖ ਨੂੰ ਹਮੇਸ਼ਾਂ ਸੁਚੇਤ ਕਰਦੇ ਹਨ ਤੇ ਮਾਰਗ ਦਰਸ਼ਨ ਕਰਦੇ ਰਹਿੰਦੇ ਹਨ।

ਕੇਸ ਗੁਰੂ ਕੀ ਮੋਹਰ ਹਨ, ਮੋਹਰ ਹੈ ਤਾਂ ਨੋਟ ਜਾ ਚਿੱਠੀ ਪ੍ਰਵਾਨ ਹੈ, ਨਹੀਂ ਤਾਂ ਕੋਈ ਕੀਮਤ ਨਹੀ।

ਉਨ੍ਹਾਂ ਮਨੁੱਖਾਂ ਦੀਆਂ ਦਾੜ੍ਹੀਆਂ ਸੱਚੀਆਂ ਤੇ ਸਤਕਾਰਯੋਗ ਹੋ ਜਾਂਦੀਆਂ ਹਨ, ਜਿਹੜੇ ਮਨੁੱਖ ਸਬਦ ਗੁਰੂ ਦੇ ਚਰਨਾਂ ਵਿਚ ਟਿਕੇ ਰਹਿੰਦੇ ਹਨ। ਅਜੇਹੇ ਮਨੁੱਖ ਹਰ ਵੇਲੇ ਆਪਣੇ ਗੁਰੂ ਦੀ ਸੇਵਾ ਵਿਚ ਲੱਗੇ ਰਹਿੰਦੇ ਹਨ, ਤੇ ਹਰ ਵੇਲੇ ਆਤਮਕ ਆਨੰਦ ਮਾਣਦੇ ਰਹਿੰਦੇ ਹਨ। ਅਜੇਹੇ ਮਨੁੱਖਾਂ ਦੇ ਇਹ ਮੂੰਹ ਸਦਾ ਥਿਰ ਰਹਿੰਣ ਵਾਲੇ ਅਕਾਲ ਪੁਰਖੁ ਦੇ ਦਰ ਤੇ ਸੋਹਣੇ ਲੱਗਦੇ ਹਨ।

ਸੇ ਦਾੜੀਆਂ ਸਚੀਆ ਜਿ ਗੁਰ ਚਰਨੀ ਲਗੰਨਿ ॥ ਅਨਦਿਨੁ ਸੇਵਨਿ ਗੁਰੁ ਆਪਣਾ ਅਨਦਿਨੁ ਅਨਦਿ ਰਹੰਨਿ ॥ ਨਾਨਕ ਸੇ ਮੁਹ ਸੋਹਣੇ ਸਚੈ ਦਰਿ ਦਿਸੰਨਿ ॥੫੨॥ (੧੪੧੯)

ਇਸ ਲਈ ਆਓ ਸਾਰੇ ਜਾਣੇ ਜੁਗੋ ਜੁਗ ਅਟੱਲ ਗੁਰੂ ਗਰੰਥ ਸਾਹਿਬ ਵਿਚ ਅੰਕਤ ਗੁਰਬਾਣੀ ਦੀ ਸਹਾਇਤਾ ਨਾਲ ਅਕਾਲ ਪੁਰਖੁ ਦੇ ਹੁਕਮੁ ਤੇ ਰਜਾ ਅਨੁਸਾਰ ਆਪਣੇ ਸਰੀਰ ਤੇ ਮਨ ਨੂੰ ਚਲਾ ਕੇ ਗੁਰੂ ਦੇ ਸੱਚੇ ਸਿੱਖ ਬਣੀਏ ਤੇ ਆਪਣਾ ਮਨੁੱਖਾ ਜਨਮ ਸਫਲ ਕਰੀਏ।

‘‘ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ”


(ਡਾ: ਸਰਬਜੀਤ ਸਿੰਘ) (Dr. Sarbjit Singh)
ਆਰ ਐਚ ੧/ਈ - ੮, ਸੈਕਟਰ - ੮,
RH1 / E-8, Sector-8,
ਵਾਸ਼ੀ, ਨਵੀਂ ਮੁੰਬਈ - ੪੦੦੭੦੩.
Vashi, Navi Mumbai - 400703.
Email = [email protected]
http://www.sikhmarg.com/article-dr-sarbjit.html




.