ਸ਼ਹਾਦਤ ਦੇ ਪ੍ਰਸੰਗ `ਚ ਗੁਰੂ ਗ੍ਰੰਥ ਸਾਹਿਬ ਤੇ ਦਸਮ ਗ੍ਰੰਥ `ਚ ਵਿਚਾਰਧਾਰਕ ਵਖਰੇਵਾਂ
ਡਾ. ਬਲਵਿੰਦਰ ਸਿੰਘ ਥਿੰਦ
ਮੋ. : 94176 06572
Email:
thindbsingh@yahoo.com
‘ਗੁਰੂ ਗ੍ਰੰਥ ਸਾਹਿਬ’ ਦਾ ਕੇਂਦਰੀ ਭਾਵ ਮੂਲਮੰਤਰ (ੴ ਸਤਿ ਨਾਮੁ ਕਰਤਾ
ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ॥) ਵਿੱਚ ਸਮਾਇਆ ਹੈ। ਦਰਅਸਲ
‘ਮੂਲ-ਮੰਤਰ’ ਦਾ ਪਾਸਾਰਾ ਹੀ ਸਾਰੇ ਗੁਰੂ ਗ੍ਰੰਥ ਸਾਹਿਬ ਦੇ ਆਰ-ਪਾਰ ਫੈਲਿਆ ਹੈ। ਮੂਲ-ਮੰਤਰ ਵਿੱਚ
ਗੁਰੂ ਸਾਹਿਬ ਨੇ ‘ਬ੍ਰਹਮ’ ਦਾ ਜੋ ਸਰੂਪ, ਸੁਭਾਅ, ਗੁਣ, ਆਕਾਰ, ਉਤਪਤੀ, ਪ੍ਰਾਪਤੀ ਆਦਿ ਨੂੰ
ਚਿਤਵਿਆ ਹੈ, ਉਹ ਨਿਰਗੁਣਵਾਦੀ ਵਿਚਾਰਧਾਰਾ ਵਾਲਾ ਹੋਣ ਕਾਰਨ ਦੁਨੀਆ ਦੇ ਬਾਕੀ ਧਰਮਾਂ ਨਾਲੋਂ
ਵਿਲੱਖਣ ਹੈ। ਜਦਕਿ ਦੂਜੇ ਪਾਸੇ ‘ਦਸਮ ਗ੍ਰੰਥ’ ਵਿਚਲੇ ‘ਰੱਬ’ ਦਾ ਸਰੂਪ ਬਹੁਅਵਤਾਰਵਾਦ/ ਸਰਗੁਣਵਾਦੀ
ਅਤੇ ਭੋਗ ਵਿਲਾਸੀ ਬਿਰਤੀਆਂ ਭਰਪੂਰ ਹੋਣ ਕਾਰਨ ਗੁਰਮਤਿ ਵਿਚਾਰਧਾਰਾ ਦੀ ਕਸਵੱਟੀ ਅਨੁਸਾਰੀ ਨਹੀਂ
ਹੈ। ਕਿਸੇ ਕੌਮ/ਸਮੂਹ/ਭਾਈਚਾਰੇ ਦਾ ਵਿਚਾਰਧਾਰਕ ਦਰਸ਼ਨ/ਸਿਧਾਂਤ ਹੀ ਸੰਬੰਧਿਤ ਸਮੂਹ ਦੇ ਪ੍ਰਯੋਗੀ
ਵਰਤਾਰੇ ਵਿੱਚ ਉਤਰਦਾ ਹੈ। ਮਿਸਾਲ ਵਜੋਂ ਗੁਰਮਤਿ ਵਿਚਾਰਧਾਰਾ ਦਾ ਸਿਧਾਂਤਕ ਫਲਸਫ਼ਾ ਜਦੋਂ ਇਤਿਹਾਸਕ
ਰੂਪਾਂਤਰਣ ਵਿੱਚ ਪ੍ਰਵੇਸ਼ ਕਰਦਾ ਹੈ ਤਾਂ ਸ਼ਹਾਦਤ ਦਾ ਪ੍ਰਸੰਗ ਨਵੇਂ ਅਰਥ ਧਾਰਨ ਕਰਦਾ ਹੈ।
ਦਰਅਸਲ ਗੁਰੂ ਗ੍ਰੰਥ ਸਾਹਿਬ ਵਿਚੋਂ ਸ਼ਹਾਦਤ ਦਾ ਜਿਹੜਾ ਸੰਕਲਪ ਉਘੜ ਕੇ
ਸਾਹਮਣੇ ਆਉਂਦਾ ਹੈ ਉਹ ਨਿਰਭਉ/ਨਿਰਵੈਰ ਵਾਲਾ ਹੋਣ ਕਾਰਨ ਜ਼ਿੰਦਗੀ ਤੋਂ ਭਗੌੜਾਵਾਦੀ ਨਹੀਂ ਹੈ। ਦੂਜੇ
ਪਾਸੇ ‘ਦਸਮ ਗ੍ਰੰਥ’ ਦਾ ਅਧਿਐਨ ਕਰਨ `ਤੇ ਪਤਾ ਚਲਦਾ ਹੈ ਕਿ ਇਸ ਰਚਨਾ ਵਿਚਲਾ ਕੁੱਝ ਭਾਗ ਮਨੁੱਖੀ
ਕਿਰਦਾਰ ਪੱਖੋਂ ਬੌਣਾ ਹੋਣ ਕਾਰਨ ਸੁਨਹਿਰੀ ਇਤਿਹਾਸ `ਚ ਵਿਚਰੇ ਸਿੱਖ ਦੀ ਜੀਵਨ ਜਾਚ ਨਾਲ ਮੇਲ ਨਹੀਂ
ਖਾਂਦਾ। ਸੋ ਹੁਣ ਸਾਡੇ ਲਈ ਇਹ ਪਰਖ ਕਰਨੀ ਜ਼ਰੂਰੀ ਹੋ ਜਾਂਦੀ ਹੈ ਕਿ ਸਿੱਖ ਧਰਮ ਦਾ ਜੋ ਪ੍ਰਾਪਤ
ਇਤਿਹਾਸ ਹੈ ਉਹ ਗੁਰੂ ਗ੍ਰੰਥ ਸਾਹਿਬ ਦੇ ਅਨੁਸਾਰੀ ਹੈ ਜਾਂ ਦਸਮ ਗ੍ਰੰਥ ਦੇ ਅਨੁਸਾਰੀ ਹੈ?
ਨੈਤਿਕ ਕਦਰਾਂ-ਕੀਮਤਾਂ, ਇਖਲਾਕ, ਸਚਿਆਰ, ਸਦਾਚਾਰ `ਤੇ ਉਸਰੇ ਮਾਡਲ ਨੂੰ
ਧਰਮ ਕਿਹਾ ਜਾਂਦਾ ਹੈ ਅਤੇ ਇਹ ਗੁਣ ਸਿੱਖ ਧਰਮ ਦੀ ਬੁਨਿਆਦ ਹਨ। ਅਸਲ ਵਿੱਚ ਸਿੱਖ ਧਰਮ ਜਿੱਥੇ
ਪ੍ਰਯੋਗੀ ਹੋਣ ਕਰਕੇ ਬਾਹਰਮੁਖੀ ਹੈ ਉਥੇ ਸਿਧਾਂਤਕ, ਵਿਚਾਰਧਾਰਾਈ ਅਤੇ ਜੀਵਨ ਜਾਚ ਵਾਲੇ ਫਲਸਫ਼ੇ `ਤੇ
ਕੇਂਦਰਿਤ ਹੋਣ ਕਰਕੇ ਅੰਤਰਮੁਖੀ ਵਧੇਰੇ ਹੈ। ਅੰਤਰ ਮਨ `ਚ ਵਸੇ ਅਕਾਲ ਪੁਰਖ ਅਤੇ ਮੌਤ ਨਾਲ ਸਿੱਖ ਦੀ
ਯਥਾਰਥਕ ਸਾਂਝ ਹੈ। ਇਹੀ ਕਾਰਨ ਹੈ ਕਿ ਸਿੱਖ ਜ਼ਿੰਦਗੀ ਅਤੇ ਮੌਤ ਨੂੰ ਇੱਕ ਹੀ ਸਿੱਕੇ ਦੇ ਦੋ ਪਹਿਲੂ
ਸਮਝ ਕੇ ਸਮਸਰਿ ਜਾਣਦਾ ਹੈ।
ਮੌਤ ਦੀ ਅਟੱਲ ਸੱਚਾਈ ਨੂੰ ਰੋਕਣਾ ਅੱਜ ਤੱਕ ਕਿਸੇ ਵੀ ਤਰ੍ਹਾਂ ਸੰਭਵ ਨਹੀਂ
ਹੋ ਸਕਿਆ, ਭਾਵੇਂ ਅਜੋਕੇ ਸਮੇਂ ਵਿਗਿਆਨ ਤੇ ਤਕਨੀਕ ਨੇ ਬੇਸ਼ੁਮਾਰ ਤਰੱਕੀ ਕਰ ਲਈ ਹੈ ਅਤੇ ਨਾ ਹੀ
ਇਸਦੇ ਰਹੱਸ ਨੂੰ ਪਾਇਆ ਜਾ ਸਕਿਆ ਹੈ। ਪਰ ਇਸਦੇ ਉਲਟ ਕੁੱਝ ਲੋਕ ਅਜਿਹੇ ਵੀ ਹੁੰਦੇ ਹਨ ਜੋ ਆਪਣੀ
ਜ਼ਿੰਦਗੀ ਵਿੱਚ ਅਣਖ, ਸੱਚ, ਸਵੈਮਾਨ, ਇਖਲਾਕ ਦੇ ਰਸਤੇ `ਤੇ ਚਲਦਿਆਂ ਜ਼ੁਲਮ ਦੇ ਘੋਲ ਵਿੱਚ ਨਹੀਂ
ਘੁਲਦੇ ਬਲਕਿ ਉਸ ਕੁਦਰਤੀ ਮੌਤ ਦੀ ਉਡੀਕ ਨਾ ਕਰਦਿਆਂ ਮੌਤ ਨੂੰ ਆਪ ਗਲ਼ੇ ਜਾ ਮਿਲਦੇ ਹਨ। ਉਹ ਮੌਤ
ਰੂਪੀ ਸ਼ਮਾ ਦੇ ਪਰਵਾਨੇ ਬਣ ਮੌਤ ਨਾਲ ਗਲਵੱਕੜੀ ਪਾਉਂਦੇ ਹਨ। ਅਜਿਹੇ ਲੋਕਾਂ ਨੂੰ ਸਬੰਧਿਤ ਕੌਮ ਦੇ
ਇਤਿਹਾਸ ਵਿੱਚ ‘ਸ਼ਹੀਦ’ ਦੇ ਨਾਮ ਨਾਲ ਯਾਦ ਕੀਤਾ ਜਾਂਦਾ ਹੈ ਅਤੇ ਉਸਦੀ ਕੁਰਬਾਨੀ ਨੂੰ ‘ਸ਼ਹਾਦਤ’ ਦੇ
ਨਾਮ ਨਾਲ ਸਤਿਕਾਰਿਆ ਜਾਂਦਾ ਹੈ।
‘ਸ਼ਹੀਦ’ ਅਰਬੀ ਭਾਸ਼ਾ ਦਾ ਸ਼ਬਦ ਹੈ, ਜਿਸਦੇ ਅਰਥ ਹਨ: ‘ਖ਼ੁਦਾ ਦੇ ਰਾਹ `ਤੇ
ਮਾਰਿਆ ਜਾਣ ਵਾਲਾ ਗਵਾਹ, ਸਾਖੀ, ਸ਼ਾਹਦੀ ਭਰਨ ਵਾਲਾ।’ ਇਸ ਤਰ੍ਹਾਂ ‘ਸ਼ਹੀਦ’ ਆਪਣੀ ‘ਸ਼ਹਾਦਤ’ ਦੇ ਕੇ
ਆਪਣੇ ਅਕੀਦੇ ਦੀ ਗਵਾਹੀ ਦਾ ਸਬੂਤ ਖ਼ੁਦ ਦਿੰਦਾ ਹੈ।
ਬੁਜ਼ਦਿਲੀ ਦੀ ਮੌਤ ਦੇਸ਼, ਕੌਮ ਤੇ ਸਮਾਜ ਲਈ ਭਾਰੂ ਹੁੰਦੀ ਹੈ; ਜਦੋਂ ਕਿ
ਸ਼ਹੀਦ ਦੀ ਬਹਾਦਰੀ ਭਰੀ ਮੌਤ ਆਪਣੇ ਪਿੱਛੇ ਸੁਨਹਿਰਾ ਇਤਿਹਾਸ, ਸੂਰਬੀਰਤਾ ਦੀ ਜਾਗ ਅਤੇ ਸਦਾ
ਚੜ੍ਹਦੀਕਲਾ ਦਾ ਸੁਨੇਹਾ ਦੇ ਕੇ ਅਮਰ ਹੋ ਜਾਂਦੀ ਹੈ। ਅਜਿਹੀ ਮੌਤ ਹੀ ਕਿਸੇ ਮਨੁੱਖ ਨੂੰ ਲੋਕ/ਪਰਲੋਕ
ਵਿੱਚ ਇੱਜ਼ਤ ਦਾ ਹੱਕਦਾਰ ਬਣਾਉਂਦੀ ਹੈ। ਸ਼ਹੀਦ ਦੇ ਪੈਰੋਕਾਰਾਂ ਲਈ ਅਜਿਹੀ ਮੌਤ ਉਸ ਕੌਮ ਦੀ ਅਮਾਨਤ
ਤੇ ਵਡਮੁੱਲਾ ਖ਼ਜ਼ਾਨਾ ਹੁੰਦੀ ਹੈ, ਜਿਸ ਨਾਲ ਕਿਸੇ ਕੌਮ/ਧਰਮ ਨੂੰ ਅਮੀਰੀ ਮਿਲਦੀ ਹੈ।
ਸਿੱਖ ਧਰਮ ਵਿੱਚ ਸ਼ਹਾਦਤ ਦਾ ਇਤਿਹਾਸ ਗੁਰੂ ਸਾਹਿਬਾਨ ਨੇ ਖ਼ੁਦ ਧਰਮ ਕਾਫ਼ਲੇ
ਦੇ ਮੋਹਰੀ ਬਣ ਕੇ ਸਿਰਜਿਆ ਹੈ, ਜਿਸ ਦੇ ਪਕੇਰੇ ਸਿੱਟੇ ਵਜੋਂ ਸਮੁੱਚੀ ਸਿੱਖ ਕੌਮ ਵਿਚੋਂ ਇਹੀ
ਕੁਰਬਾਨੀ ਦਾ ਜਜ਼ਬਾ ਦ੍ਰਿਸ਼ਟੀਗੋਚਰ ਹੁੰਦਾ ਹੈ। ਸਿੱਖ ਧਰਮ ਦੇ ਮੋਢੀ ਗੁਰੂ ਨਾਨਕ ਸਾਹਿਬ ਜੀ ਦੁਆਰਾ
ਸ਼ਹਾਦਤ ਦਾ ਸੰਕਲਪ ਇਉਂ ਪੇਸ਼ ਹੈ:
ਜਉ ਤਉ
ਪ੍ਰੇਮ ਖੇਲਣ ਕਾ ਚਾਉ॥
ਸਿਰੁ ਧਰਿ ਤਲੀ ਗਲੀ ਮੇਰੀ ਆਉ॥
ਇਤੁ ਮਾਰਗਿ ਪੈਰੁ ਧਰੀਜੈ॥
ਸਿਰੁ ਦੀਜੈ ਕਾਣਿ ਨ ਕੀਜੈ॥ 20॥
(ਸ੍ਰੀ ਗੁਰੂ ਗ੍ਰੰਥ ਸਾਹਿਬ, ਪੰਨਾ 1412)
ਗੁਰੂ ਨਾਨਕ ਸਾਹਿਬ ਜੀ ਦੁਆਰਾ ਪੇਸ਼ ਸ਼ਹਾਦਤ ਦੇ ਸੰਕਲਪ ਨੂੰ ਅੱਗੇ ਤੋਰਦਿਆਂ
ਗੁਰੂ ਅਰਜਨ ਸਾਹਿਬ ਜੀ ਜ਼ਿੰਦਗੀ ਦਾ ਰਾਜ਼ ਸਮਝਾਉਂਦੇ ਹੋਏ ਕਹਿੰਦੇ ਹਨ:
ਰਤੇ
ਸੇਈ ਜਿ ਮੁਖੁ ਨ ਮੋੜੰਨ੍ਰਿ ਜਿਨ੍ਰੀ ਸਿਞਾਤਾ ਸਾਈ।।
ਝੜਿ ਝੜਿ ਪਵਦੇ ਕਚੇ ਬਿਰਹੀ ਜਿਨ੍ਰਾ ਕਾਰਿ ਨ ਆਈ।।
(ਸ੍ਰੀ ਗੁਰੂ ਗ੍ਰੰਥ ਸਾਹਿਬ, ਪੰਨਾ 1425)
ਇਸੇ ਕਹਿਣੀ ਨੂੰ ਕਰਨੀ ਵਿੱਚ ਬਦਲਦਿਆਂ ‘ਸ਼ਹੀਦਾਂ ਦੇ ਸਿਰਤਾਜ’ ਗੁਰੂ ਅਰਜਨ
ਸਾਹਿਬ ਜੀ ਨੇ ਮੌਤ ਦਾ ਯਥਾਰਥਕ ਜਾਮਾ ਪਹਿਨਿਆਂ। ਗੁਰੂ ਅਰਜਨ ਸਾਹਿਬ ਜੀ ਦੀ ਸ਼ਹਾਦਤ ਦੁਨੀਆਂ ਦੇ
ਇਤਿਹਾਸ ਵਿੱਚ ਨਿਵੇਕਲੀ ਤੇ ਯੁੱਗ ਪਲਟਾਊ ਹੈ, ਜਿਸ ਨਾਲ ਸਿੱਖ ਧਰਮ ਵਿੱਚ ਇੱਕ ਨਵਾਂ ਮੋੜ ਆਇਆ।
ਨੈਤਿਕ ਆਦਰਸ਼ਾਂ ਨੂੰ ਬਰਕਰਾਰ ਰੱਖਣ ਅਤੇ ਜ਼ੁਲਮ ਦਾ ਖ਼ਾਤਮਾ ਕਰਨ ਲਈ ਤਲਵਾਰ ਚੁੱਕਣੀ ਜ਼ਰੂਰੀ ਹੋ ਗਈ।
ਸੋ ਛੇਵੇਂ ਗੁਰੂ ਹਰਿਗੋਬਿੰਦ ਸਾਹਿਬ ਨੇ ਮੀਰੀ ਤੇ ਪੀਰੀ ਦੀਆਂ ਦੋ ਤਲਵਾਰਾਂ ਧਾਰਨ ਕਰਕੇ ਸ਼ਕਤੀ ਦਾ
ਪ੍ਰਯੋਗੀਕਰਨ ਕਰਦਿਆਂ ਪਹਿਲ ਕੀਤੀ। ਗੁਰਮਤਿ ਵਿਚਾਰਧਾਰਾ ਦੇ ਪ੍ਰਸਿੱਧ ਵਿਦਵਾਨ ਭਾਈ ਗੁਰਦਾਸ ਜੀ
‘ਸ਼ਹੀਦ’ ਪ੍ਰਤੀ ਲਿਖਦੇ ਹਨ ਕਿ ਸਬਰ ਤੇ ਸਿਦਕ ‘ਸ਼ਹੀਦ’ ਦੇ ਬੁਨਿਆਦੀ ਤੱਤ ਹਨ। ਸਬਰ ਇੱਕ ਅਜਿਹੀ ਸਵੈ
ਵਿਸ਼ਵਾਸ ਤੇ ਦ੍ਰਿੜਤਾ ਵਾਲੀ ਰੂਹਾਨੀ ਜੋਤ ਹੈ ਜੋ ਸ਼ਹੀਦ ਨੂੰ ਸੱਚੇ ਸੁੱਚੇ ਅਕੀਦੇ ਵੱਲ ਜਾਣ ਲਈ ਆਤਮ
ਬਲ ਬਖ਼ਸ਼ਦੀ ਹੈ। ਅਜਿਹੀ ਕਰਤਾਰੀ ਜੋਤ ਦੇ ਆਸਰੇ ਹੀ ਸ਼ਹੀਦ ਆਤਮਾ ਭਰਮ/ਭਉ ਤੋਂ ਮੁਕਤ ਹੋ ਜਾਂਦੀ ਹੈ:
ਮੁਰਦਾ ਹੋਇ ਮੁਰੀਦ ਨ ਗਲੀਂ ਹੋਵਣਾ॥
ਸਾਬਰ ਸਿਦਕਿ ਸ਼ਹੀਦੁ ਭਰਮ ਭਉ ਖੋਵਣਾ॥
ਗੋਲਾ ਮੁੱਲ ਖਰੀਦੁ ਕਾਰੇ ਜੋਵਣਾ॥
ਨਾ ਤਿਸੁ ਭੁਖ ਨ ਨੀਂਦ ਨਾ ਖਾਣਾ ਸੋਵਣਾ॥
(ਵਾਰ 3, ਪਉੜੀ 18, ਵਾਰਾਂ ਭਾਈ ਗੁਰਦਾਸ)
ਜਿਵੇਂ ਅਸੀਂ ਪਹਿਲਾਂ ਵੀ ਗੱਲ ਕਰ ਆਏ ਹਾਂ ਕਿ ਗੁਰਮਤਿ ਵਿਚਾਰਧਾਰਾ ਦਾ
ਕੇਂਦਰੀ ਉਪਦੇਸ਼ ਮੂਲ-ਮੰਤਰ ਹੈ, ਜਿਸ ਵਿੱਚ ਨਿਰਭਉ, ਨਿਰਵੈਰ ਪ੍ਰਭੂ ਦੇ ਰੂਹਾਨੀ ਗੁਣ ਹਨ ਅਤੇ
ਇਨ੍ਹਾਂ ਉਪਦੇਸ਼ਾਂ `ਤੇ ਚੱਲਣ ਵਾਲਾ ਧਰਮੀ ਹੋ ਨਿਬੜਦਾ ਹੈ। ਇਹ ਧਰਮ ਦਾ ਮਾਰਗ ਹੀ ਸ਼ਹੀਦੀ ਲਈ
ਪ੍ਰੇਰਦਾ ਹੈ। ਇਸ ਮਾਰਗ ਦੇ ਪਾਂਧੀ ‘ਸ਼ਹੀਦ’ ਦੀ ਆਤਮਾ ਨਾ ਕਿਸੇ ਤੋਂ ਡਰਦੀ ਹੈ ਅਤੇ ਨਾ ਹੀ ਕਿਸੇ
ਨੂੰ ਡਰਾਉਂਦੀ ਹੈ। ‘ਹਿੰਦ ਦੀ ਚਾਦਰ’ ਨੌਵੇਂ ਗੁਰੂ ਤੇਗ ਬਹਾਦਰ ਜੀ ਇਸ ਸੰਕਲਪ ਦੀ ਵਿਆਖਿਆ ਪੇਸ਼
ਕਰਦੇ ਹੋਏ ਸ਼ਹਾਦਤ ਮਾਰਗ ਦੇ ਸ਼ਾਹ ਅਸਵਾਰ ਹੋਏ ਹਨ:
ਭੈ
ਕਾਹੂ ਕਉ ਦੇਤ ਨਹਿ ਨਹਿ ਭੈ ਮਾਨਤ ਆਨ।।
ਕਹੁ ਨਾਨਕ ਸੁਨਿ ਰੇ ਮਨਾ ਗਿਆਨੀ ਤਾਹਿ ਬਖਾਨਿ।।
(ਸਲੋਕ ਵਾਰਾਂ ਤੇ ਵਧੀਕ, ਪੰਨਾ 1427)
ਜੇਕਰ ਧਰਮੀ ਗੁਣਾਂ ਵਾਲੇ ਰੱਥ `ਤੇ ਅਸਵਾਰ ਹੋ ਕੇ ਸ਼ਹੀਦ ਆਪਣੀ ਸ਼ਹਾਦਤ
ਦਿੰਦਾ ਹੈ ਤਾਂ ਉਸ ਸ਼ਹੀਦ ਦਾ ਡੁੱਲ੍ਹਿਆ ਖ਼ੂਨ ਧਰਮ ਰੂਪੀ ਕੇਸਰ ਕਿਆਰੀ ਨੂੰ ਹੋਰ ਸਿੰਜ ਜਾਂਦਾ ਹੈ,
ਜਿਸ ਸਦਕਾ ਉਸ ਕਿਆਰੀ ਵਿਚੋਂ ਕ੍ਰਾਂਤੀ ਦੇ ਨਵੇਂ ਬੀਜ ਉੱਗਦੇ ਹਨ ਅਤੇ ਪਕੇਰੇ ਸਿੱਟੇ ਵਜੋਂ ਕੌਮ ਦੀ
ਤਕਦੀਰ ਹੀ ਬਦਲ ਜਾਂਦੀ ਹੈ। ਇਸ ਗੱਲ ਦੀ ਲੋਕ ਤੱਥ ਗਵਾਹੀ ਭਰਦਾ ਹੈ:
ਜਦੋਂ ਡੁਲ੍ਹਦਾ ਖ਼ੂਨ ਸ਼ਹੀਦਾਂ ਦਾ, ਤਕਦੀਰ ਬਦਲਦੀ ਕੌਮਾਂ ਦੀ।
ਦਸਵੇਂ ਗੁਰੂ ਗੋਬਿੰਦ ਸਿੰਘ ਜੀ ਨੇ ਮਹਿਸੂਸ ਕੀਤਾ ਕਿ ਗੁਰਮਤਿ ਵਿਚਾਰਧਾਰਾ
ਦੇ ਪੂਰਵ ਗੁਰੂ ਸਾਹਿਬਾਨ ਦੀਆਂ ਸ਼ਾਂਤ ਚਿੱਤ ਕੁਰਬਾਨੀਆਂ ਵਕਤ ਦੇ ਜਾਬਰ ਹਾਕਮਾਂ ਦੇ ਪੱਥਰ ਦਿਲਾਂ
ਨੂੰ ਕਿਸੇ ਵੀ ਹੀਲੇ ਨਰਮ ਨਹੀਂ ਕਰ ਸਕਦੀਆਂ ਤਾਂ ਜ਼ੁਲਮ ਦਾ ਟਾਕਰਾ ਕਰਨਾ ਸਮੇਂ ਦੀ ਢੁਕਵੀਂ ਮੰਗ
ਸੀ। ਇਸ ਮੰਗ ਦੀ ਪੂਰਤੀ ਲਈ 1699 ਈ: ਨੂੰ ਵਿਸਾਖੀ ਵਾਲੇ ਦਿਨ ਹੱਕ, ਸੱਚ, ਇਨਸਾਫ਼ ਆਦਿ ਧਰਮੀ
ਗੁਣਾਂ `ਤੇ ਲੜਨ/ਮਰਨ ਵਾਲਿਆਂ ਦੀ ਚੋਣ ਕੀਤੀ ਗਈ। ਸਿੱਟੇ ਵਜੋਂ ਤਲਵਾਰ ਦੀ ਧਾਰ ਹੇਠ ਜ਼ਿੰਦਗੀ ਤੇ
ਮੌਤ ਨੂੰ ਸਮਸਰਿ ਕਰਕੇ ਜਾਨਣ ਵਾਲੇ ਪੰਜ ਸੂਰਬੀਰਾਂ ਦੀ ਪਹਿਚਾਣ ਕੀਤੀ। ਉਨ੍ਹਾਂ ਸੂਰਬੀਰਾਂ ਨੂੰ ਦੋ
ਧਾਰੀ ਖੰਡੇ ਦੀ ਪਹੁਲ਼ ਨਾਲ ਤਿਆਰ ਕੀਤੇ ਅੰਮ੍ਰਿਤ ਨੂੰ ਛਕਾ ਕੇ ਅਤੇ ਖ਼ੁਦ ਉਨ੍ਹਾਂ ਪਾਸੋਂ ਛਕ ਕੇ
ਬਾਣੀ ਨੂੰ ਬਾਣੇ ਦੇ ਰੂਪ `ਚ ਸਾਕਾਰ ਕੀਤਾ। ਇਹ ਉਹ ਇਨਕਲਾਬ ਸੀ ਜਿਥੇ ਪੰਜ ਪਿਆਰਿਆਂ ਦੇ ਨਾਮ ਅਤੇ
ਆਪਣੇ ਨਾਮ ਨਾਲ ‘ਸਿੰਘ’ ਸ਼ਬਦ ਜੋੜ ਕੇ ਸ਼ੇਰਾਂ ਦੀ ਇੱਕ ਅਜਿਹੀ ਕੌਮ ਤਿਆਰ ਕਰ ਦਿੱਤੀ ਜਿਸ ਨੂੰ ਮਰਨਾ
ਚਾਅ ਜਾਪਣ ਲੱਗਿਆ। ਦਰਅਸਲ ਇਸ ਚਾਅ ਪਿੱਛੇ ਕਾਰਜਸ਼ੀਲ ‘ਗੁਰੂ ਗ੍ਰੰਥ ਸਾਹਿਬ’ ਵਿਚਲੀ ਬਾਣੀ ਹੈ:
ਕਬੀਰ ਮੁਹਿ ਮਰਨੇ ਕਾ ਚਾਉ ਹੈ ਮਰਉ ਤ ਹਰਿ ਕੈ ਦੁਆਰ।।
(ਸਲੋਕ ਭਗਤ ਕਬੀਰ, ਪੰਨਾ 1367)
ਇਹ ਹਰਿ ਦਾ ਦੁਆਰ ਧਰਮ ਦਾ ਉਹ ਸੱਚਾ ਮਾਰਗ ਹੀ ਤਾਂ ਸੀ ਜਿਥੇ ਚਾਰ
ਸਾਹਿਬਜ਼ਾਦਿਆਂ ਦੀ ਸ਼ਹਾਦਤ ਵੇਲੇ ਵੀ ਗੁਰੂ ਗੋਬਿੰਦ ਸਿੰਘ ਜੀ ਦਾ ਅਡੋਲ ਚਿਹਰਾ ਚੜ੍ਹਦੇ ਸੂਰਜ ਵਾਂਗ
ਪੂਰੇ ਜਲੌਅ ਵਿੱਚ ਸੀ। ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਦੀ ਸ਼ਹਾਦਤ ਦੀ ਬਾਤ ਪਾਉਂਦਾ
ਮੁਸਲਮਾਨ ਪ੍ਰਸਿੱਧ ਕਵੀ ਯੋਗੀ ਅੱਲ੍ਹਾ ਯਾਰ ਖਾਂ ਲਿਖਦਾ ਹੈ:
ਬੱਸ ਏਕ ਤੀਰਥ ਹੈ ਹਿੰਦ ਮੇਂ ਯਾਤਰਾ ਕੇ ਲੀਏ,
ਕਟਾਏ ਬਾਪ ਨੇ ਬੱਚੇ ਜਹਾਂ ਖ਼ੁਦਾ ਕੇ ਲੀਏ।
ਇਹ ਕੋਈ ਹੋਰ ਤੀਰਥ (ਸਰਜ਼ਮੀਨ) ਨਹੀਂ, ਸਗੋਂ ਇਹ ਤਾਂ ਉਹ ਧਰਤੀ ਹੈ ਜਿਸ ਦੀ
ਕੀਮਤ ਦੁਨੀਆਂ ਦੇ ਇਤਿਹਾਸਕ ਵਹੀ ਖਾਤਿਆਂ ਵਿੱਚ ਸਭ ਨਾਲੋਂ ਵੱਧ ਅਦਾ ਕਰਕੇ ਭਾਵ ਸੋਨੇ ਦੀਆਂ
ਮੋਹਰਾਂ ਖੜ੍ਹੀਆਂ ਕਰਕੇ ਖ਼ਰੀਦੀ ਗਈ ਸੀ। ਅਜਿਹੇ ਕਾਰਨਾਮਿਆਂ ਸਦਕਾ ਹੀ ਤਾਂ ਕਿਹਾ ਜਾਂਦਾ ਹੈ,
“ਸਿੱਖੀ ਸਰੀਰਾਂ ਦਾ ਨਹੀਂ ਸਗੋਂ ਰੂਹਾਂ ਦਾ ਕਾਫ਼ਲਾ ਹੈ।” ਸਦੀਆਂ ਤੋਂ ਕਾਇਮ ਮੁਗਲ ਸਲਤਨਤ ਦੀਆਂ
ਜੜ੍ਹਾਂ ਉਖੜਨੀਆਂ ਇਸੇ ਲਾਸਾਨੀ ਸ਼ਹਾਦਤ ਦਾ ਹੀ ਕਮਾਲ ਸੀ।
ਸਿੱਖ ਧਰਮ ਵਿੱਚ ਸ਼ਹਾਦਤ ਦਾ ਜੇਕਰ ਸਮੁੱਚਾ ਮੁਲਾਂਕਣ ਕਰੀਏ ਤਾਂ ਸਿੱਖ ਕੌਮ
ਅੰਦਰ ਇਹ ਸਥਿਤੀ ਬੜੀ ਸਪੱਸ਼ਟ ਹੋ ਜਾਂਦੀ ਹੈ ਕਿ ‘ਸ਼ਹਾਦਤ’ ਦੀ ਸ਼੍ਰੇਣੀ ਵਿੱਚ ਇੱਕ ਸ਼ਹੀਦ ਉਹ ਗਿਣੇ
ਜਾਂਦੇ ਹਨ ਜਿਨ੍ਹਾਂ ਨੇ ਧਰਮ ਦੇ ਮਾਰਗ `ਤੇ ਚਲਦਿਆਂ ਸੱਚੇ ਸੁੱਚੇ ਆਦਰਸ਼, ਜ਼ੁਲਮ ਅੱਗੇ ਈਨ ਨਾ
ਮੰਨਦਿਆਂ ਅਤੇ ਕੌਮ ਨੂੰ ਨਾ ਡਰਨ ਅਤੇ ਨਾ ਡਰਾਉਣ ਦੇ ਸੰਦੇਸ਼ `ਤੇ ਪਹਿਰਾ ਦਿੰਦਿਆਂ ਸ਼ਾਂਤ ਚਿੱਤ ਹੋ
ਕੇ ਕੁਰਬਾਨੀ ਦਿੱਤੀ। ਭਾਣੇ ਨੂੰ ਮਿੱਠਾ ਕਰਕੇ ਮੰਨਣ ਵਾਲੇ ਅਜਿਹੇ ਸ਼ਹੀਦ ਦਾ ਆਸ਼ਾ ਕੌਮ ਵਿੱਚ ਸ਼ਹਾਦਤ
ਦੀ ਮਿਸਾਲ ਭਰਨਾ ਸੀ। ਸਿੱਖ ਧਰਮ ਅੰਦਰ ਗੁਰੂ ਅਰਜਨ ਸਾਹਿਬ, ਗੁਰੂ ਤੇਗ ਬਹਾਦਰ ਸਾਹਿਬ ਅਤੇ ਅਣਗਿਣਤ
ਸਿੰਘ ਵੀ ਇਸ ਵਰਗ ਵਿੱਚ ਰੱਖੇ ਜਾ ਸਕਦੇ ਹਨ।
ਸ਼ਹਾਦਤ ਦੇ ਮਕਸਦ ਦੀ ਪੂਰਤੀ ਲਈ ਦੂਜੀ ਸ਼੍ਰੇਣੀ ਦੇ ਉਹ ‘ਸ਼ਹੀਦ’ ਹਨ ਜੋ ਅਣਖ,
ਗ਼ੈਰਤ ਖ਼ਾਤਰ ਮੈਦਾਨੇ ਜੰਗ ਅੰਦਰ ਜੂਝਦੇ ਹੋਏ ਜ਼ੁਲਮ ਤੇ ਜਾਲਮ ਵਿਰੁੱਧ ਲੜਦਿਆਂ ਸ਼ਹਾਦਤ ਦਾ ਜਾਮ
ਪੀਂਦੇ ਹਨ। ਇਸ ਘੋਲ ਵਿੱਚ ਸਿੱਖ ਕੌਮ ਦੇ ਅਣਗਿਣਤ ਸ਼ਹੀਦ ਹੋਏ ਹਨ, ਜੋ ਪੂਰੇ ਜਾਹੋ-ਜਲਾਲ ਤੇ ਸ਼ਿੱਦਤ
ਨਾਲ ਮੌਤ ਰੂਪੀ ਸ਼ਮਾ ਦੇ ਪਰਵਾਨੇ ਬਣੇ।
ਦਰਅਸਲ ਸਿੱਖ ਕੌਮ ਨੂੰ ‘ਸ਼ਹਾਦਤ’ ਦੇ ਵਾਰਸ ਬਣਾਉਣ ਲਈ ਜਿਥੇ ਗੁਰੂ ਸਾਹਿਬਾਨ
ਦੀਆਂ ਕੁਰਬਾਨੀਆਂ ਹਨ, ਉਥੇ ‘ਸ਼ਹਾਦਤ’ ਦੀ ਜਾਗ ਨੂੰ ਸਦੀਵੀ ਰੱਖਣ ਪਿੱਛੇ ਕਾਰਜਸ਼ੀਲ ਬਾਣੀ ਹੈ। ਬਾਣੀ
ਜਦੋਂ ਬਾਣੇ ਵਿੱਚ ਪ੍ਰਵੇਸ਼ ਹੁੰਦੀ ਹੈ ਤਾਂ ਉਦੋਂ ਅੰਤਰਮਨ ਦੀ ਉਚੇਰੀ ਸਾਧਨਾ ਸ਼ਕਤੀ ਦਾ ਰੂਪ ਧਾਰਨ
ਕਰ ਲੈਂਦੀ ਹੈ। ਨਤੀਜੇ ਵਜੋਂ ਸੰਤ, ਸਿਪਾਹੀ ਦਾ ਰੂਪ ਧਾਰ ਕੇ ਹੱਥ ਸ਼ਾਸਤਰ ਦੀ ਥਾਂ ਜਦੋਂ ਸ਼ਸਤਰ ਫੜ
ਲੈਂਦਾ ਹੈ ਤਾਂ ਕੋਈ ਪਰਵਾਨਾ ‘ਸ਼ਹੀਦ’ ਹੋ ਨਿਬੜਦਾ ਹੈ। ਇਹੀ ਕਾਰਨ ਹੈ ਕਿ ਗੁਰੂ ਸਾਹਿਬਾਨ ਤੋਂ
ਸ਼ਹਾਦਤ ਦੀ ਪ੍ਰੇਰਨਾ ਲੈਂਦਿਆਂ ਸਮੇਂ ਸਮੇਂ ਵਕਤੀ ਜਬਰ/ਜ਼ੁਲਮ ਵਿਰੁੱਧ ਅੜਨ/ਲੜਨ ਵਾਲੇ ਸ਼ਹੀਦਾਂ ਦੀ
ਇੱਕ ਲੰਮੀ ਸੂਚੀ ਹੈ, ਜਿਸ `ਤੇ ਅੱਜ ਹਰ ਸਿੱਖ ਮਾਣ ਕਰਦਾ ਹੈ।
ਸੋ ਸਪੱਸ਼ਟ ਹੈ ਕਿ ਸਿੱਖ ਪੰਥ ਵਿੱਚ ਬਹਾਦਰ ਬਹੁਤ ਹੋਏ ਹਨ। ਜੇਕਰ ਕੋਈ ਸਿੱਖ
ਸਮੇਂ ਦੀ ਵਕਤੀ ਹਕੂਮਤ ਨੇ ਗ੍ਰਿਫ਼ਤਾਰ ਕਰ ਹੀ ਲਿਆ ਤਾਂ ਉਸ ਨੇ ਸਿੱਖੀ ਨੂੰ ਤਿਆਗ ਦੇਣ ਦੀ ਥਾਵੇਂ
ਮੌਤ ਪ੍ਰਵਾਨ ਕੀਤੀ। ਗੁਰੂ ਕਾਲ ਤੋਂ ਮਗਰੋਂ, ਸਿੱਖਾਂ ਨੂੰ ਸੌ ਸਾਲ ਤੱਕ ਫਿਰ ਜੰਗ ਲੜਨੇ ਪਏ, ਮਰਨਾ
ਜਾਂ ਮਾਰਨਾ ਮਜਬੂਰੀ ਬਣ ਗਈ। ਗੁਰਬਾਣੀ ਦੁਆਰਾ ਜੋ ਉਪਦੇਸ਼ ਦਿੱਤਾ ਗਿਆ ਹੈ, ਉਸ ਨੂੰ ਵਿਚਾਰ ਸਹਿਤ
ਪੜ੍ਹਨਾ ਤੇ ਜੀਵਨ ਵਿੱਚ ਲਾਗੂ ਕਰਨਾ, ਸੁਪਨਾ ਬਣ ਕੇ ਰਹਿ ਗਿਆ।
ਕਈ ਵਾਰੀ ਪੰਥਕ ਮਸਲੇ ਉੱਭਰੇ,
ਜਿਨ੍ਹਾਂ ਨੂੰ ਗੁਰਬਾਣੀ ਫਲਸਫ਼ੇ ਦੇ ਝਰੋਖੇ ਰਾਹੀਂ ਸਾਰਥਕ ਹੱਲ ਲੱਭਣ ਦੀ ਥਾਂਵੇਂ ‘ਸ਼ਰਧਾ ਸਹਿਤ’
ਦਬਾ ਦਿੱਤੇ ਗਿਆ ਜਾਂ ਵਿਦਵਾਨਾਂ ਦਾ ਪੈਨਲ ਬਣਾ ਕੇ ਕੋਈ ਸਿਆਣਪ ਵਾਲਾ ਰਸਤਾ ਲੱਭਣ ਦੀ ਥਾਵੇਂ
‘ਲਾਟਰੀ’ ਪ੍ਰਬੰਧ ਰਾਹੀਂ ਉਠੇ ਮਸਲੇ ਦਾ ਹੱਲ ਤਲਾਸ਼ਿਆ ਗਿਆ। ਮਿਸਾਲ ਵਜੋਂ ਸਾਨੂੰ ਪ੍ਰ੍ਰਚਲਿਤ
ਕਹਾਣੀਆਂ ਮਿਲਦੀਆਂ ਹਨ ਕਿ ਸੰਨ 1863 ਵਿੱਚ ਜਦੋਂ ਪਹਿਲੀ ਵਾਰੀ ਛਾਪਾ ਮਸ਼ੀਨਾਂ ਰਾਹੀਂ ‘ਗੁਰੂ
ਗ੍ਰੰਥ ਸਾਹਿਬ’ ਦੀਆਂ ਬੀੜਾਂ ਛਾਪਣ ਦਾ ਸੰਕਟ ਆਣ ਪਿਆ ਤਾਂ ਉਸ ਵਕਤ ਕਰਤਾਰਪੁਰੀ ਬੀੜ, ਦਮਦਮੇ ਵਾਲੀ
ਬੀੜ ਤੇ ਖਾਰੀ ਬੀੜ ਵਿੱਚੋਂ ਇੱਕ ਬੀੜ ਛਾਪੇ ਲਈ ਚੁਣਨ ਵਾਸਤੇ ਫੈਸਲਾ ਦਰਬਾਰ ਸਾਹਿਬ ਦੇ ਸਰੋਵਰ
ਵਿੱਚ ਪਰਚੀਆਂ ਪਾ ਕੇ ਕੀਤਾ ਗਿਆ।
ਇਸੇ ਤਰ੍ਹਾਂ ਇੱਕ ਮਨਘੜਤ ਪ੍ਰਚਲਿਤ ਕਹਾਣੀ ਮਿਲਦੀ ਹੈ ਕਿ ਬੀਕਾਨੇਰ ਸਥਿਤ,
ਬੁੱਢਾ ਜੋਹੜ ਦੇ ਸਥਾਨ ਤੋਂ ਅੰਮ੍ਰਿਤਸਰ ਦੀ ਬੇਅਦਬੀ ਕਰ ਰਹੇ ਮੱਸੇ ਰੰਘੜ ਦਾ ਸਿਰ ਕਲਮ ਕਰਨ ਲਈ
ਤੁਰੇ ਸੁੱਖਾ ਸਿੰਘ ਅਤੇ ਮਹਿਤਾਬ ਸਿੰਘ ਜਦੋਂ ਦਮਦਮਾ ਸਾਹਿਬ ਪੱਜੇ ਤਾਂ ਉਦੋਂ ਸਿੱਖ ਵਿਦਵਾਨ ਦਸਮ
ਗ੍ਰੰਥ ਵਿਚਲੀ ਰਚਨਾ ‘ਬਚਿੱਤਰ ਨਾਟਕ’ ਦੀ ਪ੍ਰਮਾਣਿਕਤਾ ਬਾਰੇ ਵਿਚਾਰ ਚਰਚਾ ਕਰ ਰਹੇ ਸਨ। ਇੱਕ ਧਿਰ
ਵਿਰੋਧ ਵਿੱਚ ਅਤੇ ਇੱਕ ਧਿਰ ਪੱਖ ਵਿੱਚ ਹੋਣ `ਤੇ ਸੁੱਖਾ ਸਿੰਘ ਅਤੇ ਮਹਿਤਾਬ ਸਿੰਘ ਦੀ ਰਾਇ ਪੁੱਛੀ
ਗਈ ਤਾਂ ਉਨ੍ਹਾਂ ਹੱਥ ਜੋੜ ਕੇ ਅਰਜ ਕੀਤੀ- “ਅਸੀਂ ਦੋਵੇਂ ‘ਦਸਮ ਗ੍ਰੰਥ’ ਅੱਗੇ ਅਰਦਾਸ ਕਰ ਕੇ ਮੱਸੇ
ਨੂੰ ਪਾਪਾਂ ਦੀ ਸਜ਼ਾ ਦੇਣ ਲਈ ਜਾਵਾਂਗੇ। ਜੇਕਰ ਉਸ ਦਾ ਸਿਰ ਕਲਮ ਕਰ ਦਿੱਤਾ ਤਾਂ ‘ਦਸਮ ਗ੍ਰੰਥ’
ਸਰਬਕਲਾ ਸਮਰੱਥ ਹੈ। ਇਸ ਅੱਗੇ ਕੀਤੀ ਅਰਦਾਸ ਪੂਰੀ ਹੁੰਦੀ ਹੈ। ਜੇ ਅਸੀਂ ਮੱਸੇ ਰੰਘੜ ਨੂੰ ਸਜ਼ਾ ਦੇਣ
ਵਿੱਚ ਨਾਕਾਮ ਰਹੇ, ਫਿਰ ਜਿਵੇਂ ਪੰਥ ਦਾ ਜੀਅ ਚਾਹੇ ਦਸਮ ਗ੍ਰੰਥ ਨੂੰ ਗੁਰੂ ਕ੍ਰਿਤ ਨਾ ਮੰਨੇ।”
ਦਰਅਸਲ ਅਜਿਹੀਆਂ ਮਨਘੜਤ ਕਹਾਣੀਆਂ ਨਾਲ ਅਸੀਂ ‘ਕੌਮ ਦੇ ਹੀਰੇ’ ਭਾਈ ਸੁੱਖਾ ਸਿੰਘ ਤੇ ਭਾਈ ਮਹਿਤਾਬ
ਸਿੰਘ ਵੱਲੋਂ ਸ਼ਹਾਦਤ ਦੇ ਮਾਰਗ `ਤੇ ਕੀਤੀ ਦਲੇਰੀ ਨੂੰ ਘੱਟੇ ਵਿੱਚ ਰੋਲ ਰਹੇ ਹਾਂ। ਮੱਸੇ ਰੰਘੜ ਨੂੰ
ਸਜ਼ਾ ਦੇਣ ਦੇ ਪਿੱਛੇ ਗੁਰੂ ਗ੍ਰੰਥ ਸਾਹਿਬ ਵਿੱਚ ਪੇਸ਼ ਸ਼ਹਾਦਤ ਦੇ ਮਾਰਗ ਵਾਲੀ ਕਾਰਜਸ਼ੀਲ ਬਾਣੀ ਹੈ
ਜਿਸ ਤੋਂ ਪ੍ਰੇਰਨਾ ਲੈਂਦਿਆਂ ਆਪਣੇ ਅਕੀਦੇ ਦੀ ਪਾਲਣਾ ਕਰਦਿਆਂ ਸੈਂਕੜੇ ਸਿੱਖਾਂ ਨੇ ਲਾਮਿਸਾਲ
ਕਾਰਨਾਮੇ ਕੀਤੇ ਹਨ।
ਦੂਜੇ
ਪਾਸੇ ਲਾਟਰੀ ਰਾਹੀਂ ਕੀਤੇ ਫੈਸਲੇ ਅਤੇ ਮਨਘੜਤ ਕਹਾਣੀਆਂ ਨੂੰ ਸਿੱਖ ਚੁੱਪ ਚਾਪ ਸਿਰ ਸੁੱਟ ਕੇ ਮੰਨ
ਰਹੇ ਹਨ। ਵਿਗਿਆਨਕ ਦ੍ਰਿਸ਼ਟੀਕੋਣ ਤੋਂ ਅਜਿਹਾ ਹੀ ਤਜ਼ਰਬਾ ਹਥਲੀਆਂ ਸਤਰਾਂ ਦੇ ਲੇਖਕ ਨੇ ਕੀਤਾ ਤੇ
ਤਿੰਨ ਪਰਚੀਆਂ ਨੂੰ ਇੱਕ ਪਾਣੀ ਦੀ ਬਾਲਟੀ ਵਿੱਚ ਡੁਬੋ ਦਿੱਤਾ। ਕਾਗਜ਼ ਨੇ ਆਪਣੇ ਧਰਮ ਦੀ ਪਾਲਣਾ
ਕੀਤੀ ਤੇ ਕੁੱਝ ਸਮੇਂ ਬਾਅਦ ਤਿੰਨੇ ਪਰਚੀਆਂ ਵਾਰੋ ਵਾਰੀ ਤੈਰ ਗਈਆਂ ਕਿਉਂਕਿ ਤਾਜ਼ੇ ਕਾਗਜ਼ ਦੀ
ਪ੍ਰਕਿਰਤੀ ਪਾਣੀ `ਤੇ ਤੈਰਨ ਦੀ ਹੁੰਦੀ ਹੈ।
ਗੁਰਮਤਿ ਵਿਚਾਰਧਾਰਾ ਦਾ ਅਧਿਐਨ ਕਰਨ `ਤੇ ਇਹ ਤੱਥ ਸਪੱਸ਼ਟ ਹੋ ਜਾਂਦਾ ਹੈ ਕਿ
ਗੁਰੂ ਨਾਨਕ ਸਾਹਿਬ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਤੱਕ ਵਿਚਾਰਧਾਰਾ ਵਿੱਚ ਕੋਈ ਵਖਰੇਵਾਂ
ਨਹੀਂ ਹੈ। ਦੂਜੇ ਪਾਸੇ ਗੁਰੂ ਨਾਨਕ ਸਾਹਿਬ ਜੀ ਦੀ ਰਚਨਾ ‘ਜਪੁਜੀ’ ਬਾਣੀ ਦੀ 16ਵੀਂ ਪਉੜੀ ਅਤੇ
ਗੁਰੂ ਗੋਬਿੰਦ ਸਿੰਘ ਜੀ ਦੀ ਦੱਸੀ ਜਾਂਦੀ ‘ਦਸਮ ਗ੍ਰੰਥ’ ਵਿਚਲੀ ਰਚਨਾ `ਚੰਡੀ ਦੀ ਵਾਰ’ ਦਾ ਅਧਿਐਨ
ਕਰਦੇ ਹਾਂ ਤਾਂ ਇਹ ਵਿਚਾਰਧਾਰਕ ਵਖਰੇਵਾਂ ਨਜ਼ਰ ਆਉਂਦਾ ਹੈ। ਮਿਸਾਲ ਵਜੋਂ:-
ਧੌਲੁ ਧਰਮੁ ਦਇਆ ਕਾ ਪੂਤੁ॥ ਸੰਤੋਖੁ ਥਾਪਿ ਰਖਿਆ ਜਿਨਿ ਸੂਤਿ॥ ਜੇ ਕੋ ਬੁਝੈ
ਹੋਵੈ ਸਚਿਆਰੁ॥ ਧਵਲੈ ਉਪਰਿ ਕੇਤਾ ਭਾਰੁ॥ ਧਰਤੀ ਹੋਰੁ ਪਰੈ ਹੋਰੁ ਹੋਰੁ॥ ਤਿਸ ਤੇ ਭਾਰੁ ਤਲੈ ਕਵਣੁ
ਜੋਰੁ॥ ਕੁਦਰਤਿ ਕਵਣ ਕਹਾ ਵੀਚਾਰੁ॥ ਵਾਰਿਆ ਨ ਜਾਵਾ ਏਕ ਵਾਰ॥ ਜੋ ਤੁਧੁ ਭਾਵੈ ਸਾਈ ਭਲੀ ਕਾਰ॥ ਤੂ
ਸਦਾ ਸਲਾਮਤਿ ਨਿਰੰਕਾਰ॥ 16॥
(ਜਪੁਜੀ, ਗੁਰੂ ਗ੍ਰੰਥ ਸਾਹਿਬ, ਪੰਨਾ 3)
ਉਕਤ ਬਾਣੀ ਵਿੱਚ ਗੁਰੂ ਨਾਨਕ ਸਾਹਿਬ ਹਿੰਦੂ ਮਿਥਿਹਾਸਕ ਹਵਾਲੇ ਮੁਤਾਬਿਕ
“ਧਰਤੀ ਨੂੰ ਇੱਕ ਧੌਲ (ਬਲਦ) ਨੇ ਆਪਣੇ ਸਿੰਗਾਂ `ਤੇ ਚੁੱਕਿਆ ਹੋਇਆ ਹੈ”, ਦਾ ਖੰਡਨ ਕਰਦੇ ਹੋਏ
‘ਧਰਮ’ ਦਾ ਨਵਾਂ ਪ੍ਰਤੀਕ ਸਿਰਜਦੇ ਹਨ। ਦੂਜੇ ਪਾਸੇ `ਚੰਡੀ ਦੀ ਵਾਰ ਦਾ ਕਰਤਾ ਇਸ ਵਾਰ ਦੀ 19ਵੀਂ
ਪਉੜੀ ਵਿੱਚ ਕੁੱਝ ਅਜਿਹਾ ਬਿਆਨ ਕਰਦਾ ਹੈ:-
ਸੱਟ ਪਈ ਜਮਧਾਣੀ ਦਲਾਂ ਮੁਕਾਬਲਾ॥
ਧੂਹਿ ਲਈ ਕਿਰਪਾਣੀ ਦੁਰਗਾ ਮਿਆਨ ਤੇ॥
ਚੰਡੀ ਰਾਕਸ਼ ਖਾਣੀ ਵਾਹੀ ਦੈਂਤ ਨੋਂ॥
ਕੋਪਰ ਚੂਰਿ ਚੁਵਾਣੀ ਲੱਥੀ ਕਰਗ ਲੈ॥
ਪਾਖਰ ਤੁਰਾ ਪਲਾਣੀ ਰੜਕੀ ਧਰਤਿ ਜਾਇ॥
ਲੈਂਦੀ ਅਘਾਂ ਸਿਧਾਣੀ ਸਿੰਗਾਂ ਧਉਲਦਿਆਂ॥
ਕੁਰਮ ਸਿਰ ਲਹਲਾਣੀ ਦੁਸਮਨ ਮਾਰ ਕੈ॥ 19॥
ਭਾਵ ਝੋਟਿਆਂ ਦੀਆਂ ਖੱਲਾਂ ਨਾਲ ਮੜ੍ਹੇ ਹੋਏ ਧੌਂਸਿਆਂ `ਤੇ (ਡਗਿਆਂ ਦੀਆਂ)
ਸੱਟਾਂ ਪਈਆਂ ਅਤੇ ਫ਼ੌਜਾਂ ਦਾ ਮੁਕਾਬਲਾ ਸ਼ੁਰੂ ਹੋ ਗਿਆ। ਦੁਰਗਾ ਅਤੇ ਰਾਖਸ਼ਸਾਂ ਨੇ ਮਿਆਨਾਂ `ਚੋਂ
ਕਿਰਪਾਨਾਂ ਖਿੱਚ ਲਈਆਂ। ਦੁਰਗਾ ਨੇ ਆਪਣੀ ਰਾਖਸ਼ ਖਾਣੀ ਤਲਵਾਰ (ਚੰਡੀ) ਦਾ ਅਜਿਹਾ ਭਰਪੂਰ ਵਾਰ
ਮਹਿਖੇ ਦੈਂਤ `ਤੇ ਕੀਤਾ ਕਿ ਇਹ ਤਲਵਾਰ ਮਹਿਖੇ ਦੀ ਖੌਪਰੀ ਨੂੰ ਚੂਰ-ਚੂਰ ਕਰਕੇ ਲਹੂ ਚੁਆਉਂਦੀ ਹੋਈ
ਉਹਦੇ ਧੜ ਨੂੰ ਕੱਟ ਕੇ ਹੇਠਾਂ ਚਲੀ ਗਈ ਫਿਰ ਕਾਠੀ ਪਲਾਣੇ `ਤੇ ਘੋੜੇ ਨੂੰ ਕਟਦੀ ਹੋਈ ਧਰਤੇ ਉਤੇ ਜਾ
ਰੜਕੀ। (ਇਹ ਤਲਵਾਰ ਏਥੇ ਹੀ ਨਹੀਂ ਅਟਕੀ) ਅਤੇ ਅੱਗੇ ਲੰਘ ਕੇ (ਧਰਤੀ ਨੂੰ ਚੁੱਕੀ ਫਿਰਦੇ) ਬਲਦ ਦੇ
ਸਿੰਗਾਂ `ਤੇ ਜਾ ਵੱਜੀ ਅਤੇ ਇਸ ਤਰ੍ਹਾਂ ਦੁਸ਼ਮਣ (ਮਹਿਖਾਸੁਰ) ਨੂੰ ਮਾਰ ਕੇ ਕੱਛੂਕੁੰਮੇ ਦੇ ਸਿਰ
`ਤੇ ਲਹਿਰਾਉਣ ਲੱਗੀ।
ਵਾਰ ਦੁਰਗਾ ਕੀ (ਚੰਡੀ ਕੀ ਵਾਰ) ਦਾ ਬਣਤਰ ਪੱਖੋਂ ਜ਼ਰਾ ਹੋਰ ਡੁੰਘਾਈ ਨਾਲ
ਅਧਿਐਨ ਕਰਨ `ਤੇ ਪਤਾ ਚਲਦਾ ਹੈ ਕਿ ਜੇ ਇਹ ਰਚਨਾ ਗੁਰੂ ਗੋਬਿੰਦ ਸਿੰਘ ਜੀ ਦੀ ਹੁੰਦੀ ਤਾਂ ਨੌਵੇਂ
ਗੁਰੂ ਤੋਂ ਬਾਅਦ ਦਸਵੇਂ ਗੁਰੂ ਦੇ ਨਾਮ ਦੀ ਬਿਜਾਇ ‘ਨਾਨਕ’ ਦਾ ਨਾਮ ਆਉਣਾ ਸੀ ਜਿਵੇਂ ਕਿ ਬਾਕੀ
ਗੁਰੂ ਲਿਖਾਰੀਆਂ ਨੇ ਕਿਤੇ ਵੀ ਆਪਣੇ ਨਾਮ ਦਾ ਖ਼ੁਦ ਜ਼ਿਕਰ ਕਿਤੇ ਨਹੀਂ ਕੀਤਾ, ਕਿਉਂਕਿ ਕਿਧਰੇ ਵੀ
ਸਾਨੂੰ ਵਿਚਾਰਧਾਰਕ ਵਖਰੇਵਾਂ ਨਜ਼ਰ ਨਹੀਂ ਆਉਂਦਾ। ਦੂਜੇ ਪਾਸੇ ਇਸ ਵਾਰ ਦੇ ਲਿਖਾਰੀ ਕਵੀ ਨੇ ਦਸਮ
ਗੁਰੂ ਪ੍ਰਤਿ ਸ਼ੁਰੂ ਵਿੱਚ ਹੀ “ਪਾਤਿਸ਼ਾਹੀ 10” ਸ਼ਬਦ ਲਿਖ ਕੇ ਆਪਣੀ ਸ਼ਰਧਾਂਜਲੀ ਅਰਪਣ ਕਰ ਦਿੱਤੀ ਹੈ।
ਡਾ. ਜੱਗੀ ਜੀ ਨਿਚੋੜ ਪੇਸ਼ ਕਰਦੇ ਲਿਖਦੇ ਹਨ- “ਇਸ ਤੋਂ ਭਲੀ ਭਾਂਤ ਸਪੱਸ਼ਟ
ਹੈ ਕਿ ਦਸਮ ਗ੍ਰੰਥ ਵਿੱਚ “ਮਹਾਂਕਾਲ” ਅਤੇ “ਕਾਲੀ” ਅਸਲ ਵਿੱਚ ਸਾਕਤ ਮੱਤ ਅਨੁਸਾਰ ਹੀ ਚਿਤਰੇ ਹੋਏ
ਹਨ ਕਿਉਂਕਿ ਇਨ੍ਹਾਂ ਲਿਖਤਾਂ ਤੋਂ ਸਾਕਤ ਭਗਤੀ ਨੂੰ ਵੱਖ ਨਹੀਂ ਕੀਤਾ ਜਾ ਸਕਦਾ। ਇੱਥੋਂ ਤੱਕ ਕਿ
ਬਚਿੱਤਰ ਨਾਟਕ ਦੇ ਕਵੀ ਨੇ ਤਾਂ ਪੂਰਬ ਜਨਮ ਵਿੱਚ ਆਪਣੇ ਚਰਿੱਤ੍ਰ-ਨਾਇਕ ਦਸਮ ਗੁਰੂ ਤੋਂ, ਮਹਾਂਕਾਲ
ਅਤੇ ਕਾਲਿਕਾ ਦੀ ਯੁਗਲ ਭਗਤੀ (ਸਾਂਝੀ) ਕਰਵਾਈ ਹੈ। ਬਹੁਤੇ ਪ੍ਰਸੰਗਾਂ ਵਿੱਚ ਤਾਂ ਇਨ੍ਹਾਂ ਕਵੀਆਂ
ਨੇ ਆਪਣੇ ਚਰਿੱਤਰ-ਨਾਇਕਾਂ ਤੋਂ ਭੀ ਦੇਵੀ ਦੀ ਪੂਜਾ ਕਰਵਾਈ ਹੈ। ਕੁੱਝ ਨਾਇਕਾਂ ਬਾਰੇ ਮਿਸਾਲਾਂ ਪੇਸ਼
ਹਨ-
“ਪਾਰਸਨਾਥ ਅਵਤਾਰ” ਪ੍ਰਸੰਗ ਵਿੱਚ ਉਸ ਪਾਸੋਂ ਦੇਵੀ ਦੀ ਪੂਜਾ ਕਰਵਾਈ ਗਈ
ਹੈ।
“ਰਾਮਾ ਅਵਤਾਰ” ਵਿੱਚ ਸਤਰੂਘਨ ਦੁਰਗਾ ਦਾ ਜਾਪ ਕਰ ਕੇ ਲਵਣਾ ਸੁਰ ਨੂੰ ਤੀਰ
ਮਾਰਦਾ ਹੈ।
“ਰਾਮਾ ਅਵਤਾਰ” ਵਿੱਚ ਰਿਸ਼ੀ ਬਾਲਮੀਕ ਤਿਆਗੀ ਹੋਈ ਸੀਤਾ ਨੂੰ ਆਪਣੇ ਆਸ਼੍ਰਮ
ਵਿੱਚ ਲਿਜਾ ਕੇ ਦੁਰਗਾ ਦਾ ਪਾਠ ਆਰੰਭ ਕਰ ਦਿੰਦਾ ਹੈ।
“ਕ੍ਰਿਸ਼ਨ ਅਵਤਾਰ” ਵਿੱਚ ਕਵੀ ਨੇ ਕ੍ਰਿਸ਼ਨ ਤੋਂ ਨਿਤਾਪ੍ਰਤਿ “ਦੁਰਗਾ
ਸਪਤਸਤੀ” ਦਾ ਪਾਠ ਕਰਵਾ ਕੇ, ਹੋਰਨਾਂ ਤੋਂ ਵੀ ਇਹੀ ਆਸ ਕੀਤੀ ਹੈ। ਸੋ ਸਾਕਤ ਮੱਤ ਨੂੰ ਮੰਨਣ ਵਾਲੇ
ਕਵੀਆਂ ਦੀਆਂ ਬੇਸਿਰ ਪੈਰ ਦੀਆਂ ਕਵਿਤਾਵਾਂ ਨੂੰ ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਨਾਮ ਨਾਲ ਜੋੜ
ਕੇ ਜਦੋਂ ਗੁਰਮਤਿ ਵਿਚਾਰਧਾਰਾ ਦਾ ਅਧਿਐਨ ਕੀਤਾ ਜਾਂਦਾ ਹੈ ਤਾਂ ਗੁਰਮਤਿ ਵਿਚਾਰਧਾਰਾ ਵਿਚਲੇ ਬ੍ਰਹਮ
(ਅਕਾਲ ਪੁਰਖ) ਅਤੇ ਸਿੱਖ ਸ਼ਹਾਦਤ ਵਿੱਚ ਵਖਰੇਵਾਂ ਨਜ਼ਰ ਆਉਂਦਾ ਹੈ। ਗੁਰਬਾਣੀ ਵਿੱਚ ਦਰਸਾਏ ਨਿਰੰਕਾਰ
ਨੂੰ ਤਿਆਗ ਕੇ, ਦਸਮ ਗੁਰੂ ਸਾਕਤ ਮੱਤ ਵੱਲ ਕਿਉਂ ਜਾਣਗੇ? ਸਾਕਤ ਮੱਤ ਬਾਰੇ ਡਾ. ਜੱਗੀ ਦੀ ਲਿਖਤ
ਪੜ੍ਹੋ- “ਉਕਤ ਦੋਹਾਂ ਪੌਰਾਣਕ ਲਿਖਤਾਂ ਵਿੱਚੋਂ `ਚਰਿਤ੍ਰੋ ਪਖਿਆਨ’ ਤਾਂ ਮੈਥੁਨੀ ਆਸਨਾਂ, ਚੁੰਬਨਾਂ
ਅਤੇ ਗਲਵਕੜੀਆਂ ਦਾ ਵੇਰਵਾ ਮਾਤਰ ਹੈ। ਆਲਿੰਗਨ ਅਤੇ ਚੁੰਮਣ ਦੇ ਉਲੇਖ ਤੋਂ ਸ਼ਾਇਦ ਹੀ ਕੋਈ
ਚਰਿਤ੍ਰ-ਪ੍ਰਸੰਗ ਬਚਿਆ ਹੋਵੇ। ਕਾਮ, ਭੋਗ ਤੇ ਵਿਲਾਸ ਲਈ ਇਸਤਰੀਆਂ ਤੋਂ ਨੀਚ ਅਤੇ ਘਿਰਣਿਤ ਕੰਮ
ਕਰਵਾਏ ਗਏ ਹਨ। ਅਜਿਹੀਆਂ ਕਥਾਵਾਂ ਵਿੱਚ ਗੁਪਤ ਅੰਗਾਂ ਦਾ ਭੀ ਨਿਰਸੰਕੋਚ ਭਾਵ ਨਾਲ ਵਰਣਨ ਹੋਇਆ ਹੈ।
ਦਰਅਸਲ ਜੋ ਅਸ਼ਲੀਲਤਵ ਖੁਜੋਰਾਹੋ ਅਤੇ ਜਗਨ ਨਾਥ ਪੁਰੀ ਦੇ ਮੰਦਰਾਂ ਵਿੱਚ ਮੂਰਤੀਮਾਨ ਹੈ, ਉਸੇ ਦਾ
ਲਿਪੀ ਕਰਣ `ਚਰਿਤ੍ਰੋ ਪਖਿਆਨ’ ਵਿੱਚ ਹੋਇਆ ਪੜ੍ਹਿਆ ਜਾ ਸਕਦਾ ਹੈ।” (ਦਸਮ ਗ੍ਰੰਥ ਦਾ ਕਰਤਿਤਵ,
ਪੰਨਾ- 187-88)
ਦਸਮ
ਗ੍ਰੰਥ ਬਾਰੇ 1966 ਵਿੱਚ ਪੀਐਚ. ਡੀ. ਕਰਨ ਵਾਲੇ ਡਾ. ਜੱਗੀ ਜੀ ਨੇ ਸਿੱਖਾਂ ਵਿਚਲੇ ਲਕੀਰ ਦੇ ਫ਼ਕੀਰ
ਵਿਦਵਾਨਾਂ ਨਾਲੋਂ ਵੱਖਰਾ ਤੇ ਦਲੀਲ ਯੁਕਤ ਰਸਤਾ ਅਖ਼ਤਿਆਰ ਕੀਤਾ। ਇਨ੍ਹਾਂ ਦੀਆਂ ਸਿੱਕੇ ਬੰਦ ਦਲੀਲਾਂ
ਦੀ ਕੋਈ ਵਿਅਕਤੀ 50 ਸਾਲ ਵਿੱਚ ਵੀ ਕਾਟ ਨਹੀਂ ਕਰ ਸਕਿਆ।
ਇਸੇ ਕਾਰਨ ਜਦੋਂ ਇੱਕ ਸਿੱਖ ਨੇ ਚਰਿਤ੍ਰੋ ਪਾਖਿਆਨ ਬਾਰੇ
ਸ਼੍ਰੋਮਣੀ ਕਮੇਟੀ ਦੇ ਧਰਮ ਪ੍ਰਚਾਰ ਵਿਭਾਗ ਤੋਂ ਜਾਣਕਾਰੀ ਮੰਗੀ ਤਾਂ ਸ਼੍ਰੋਮਣੀ ਕਮੇਟੀ ਦੇ ਧਰਮ
ਪ੍ਰਚਾਰ ਵਿਭਾਗ ਨੇ ਪੱਤਰ ਨੰ. 36672, ਮਿਤੀ 3-8-1973 ਲਿਖਿਆ ਕਿ “ਚਰਿਤਰੋ ਪਾਖਿਆਨ ਦਸਮ
ਪਾਤਿਸ਼ਾਹ ਦੀ ਬਾਣੀ ਨਹੀਂ ਹੈ।
ਹੁਣ ਸਾਡੇ ਸਮਝਣ ਵਾਲੀ ਗੱਲ ਇਹ ਹੈ ਕਿ ਕੀ ਅਖੌਤੀ ‘ਦਸਮ ਗ੍ਰੰਥ’ ਵਿਚਲੀ
ਵਰਜਿਤ ਰਚਨਾ ਅਨੁਸਾਰੀ ਜੀਵਨ ਜਾਚ ਜਿਉਣ ਵਾਲਾ ਸਿੱਖ ਕਹਾਉਣ ਦੇ ਲਾਇਕ ਹੈ?
ਕੀ ਦਸਮ ਗ੍ਰੰਥ ਵਿਚਲੀ ਖਾਸ ਕਰਕੇ ਚਰਿਤ੍ਰੋ ਪਖਿਯਾਨ (ਕੰਜਰ ਕਵਿਤਾ)
ਗੁਰਬਾਣੀ (ਗੁਰੂ ਦੀ ਰਚਨਾ) ਕਹਾਉਣ ਦੀ ਹੱਕਦਾਰ ਹੈ?
ਕੀ ‘ਦਸਮ ਗ੍ਰੰਥ’ ਵਿਚਲੇ ਭੋਗ ਵਿਲਾਸੀ ਅਤੇ ਭੰਗ, ਅਫ਼ੀਮ, ਪੋਸਤ, ਮਦ ਆਦਿ
ਨਸ਼ੀਲੇ ਪਦਾਰਥਾਂ ਦਾ ਸੇਵਨ ਕਰਨ ਵਾਲੇ ਨਸ਼ੇੜੀ ਸ਼ਹਾਦਤ ਦੇ ਸੰਕਲਪ ਦਾ ਇਤਿਹਾਸਕ ਰੂਪਾਂਤਰਣ ਕਰ ਸਕਦੇ
ਸਨ ਜਿਸ `ਤੇ ਅੱਜ ਅਸੀਂ ਮਾਣ ਕਰ ਰਹੇ ਹਾਂ?
ਗੁਰਮਤਿ ਵਿਚਾਰਧਾਰਾ ਦੀ ਸ਼ੁਰੂਆਤ ਭਾਵੇਂ ਗੁਰੂ ਨਾਨਕ ਸਾਹਿਬ ਨੇ ਕੀਤੀ ਹੈ
ਪਰ ਇਸ ਵਿਚਾਰਧਾਰਾ ਵੱਲੋਂ ਸਿਰਜੇ ਸੰਵਾਦ ਦਾ ਜੋ ਪਕੇਰਾ ਰੂਪ ਸਾਨੂੰ ‘ਗੁਰੂ ਗ੍ਰੰਥ ਸਾਹਿਬ’ ਵਿਚੋਂ
ਮਿਲਦਾ ਹੈ, ਦਾ ਅਧਿਐਨ ਕਰੀਏ ਤਾਂ ਇਹ ਸਹਿਜੇ ਹੀ ਪ੍ਰਤੀਤ ਹੋ ਜਾਂਦਾ ਹੈ ਕਿ ਇਸ ਮਹਾਨ ਗ੍ਰੰਥ ਵਿੱਚ
6 ਸਿੱਖ ਗੁਰੂ ਸਾਹਿਬਾਨ, 15 ਭਗਤ, 11 ਭੱਟ ਅਤੇ 4 ਗੁਰੂ ਘਰ ਦੇ ਸਿੱਖਾਂ ਦੀ ਰਚਨਾ ਮਿਲਾ ਕੇ ਕੁਲ
36 ਮਹਾਂਪੁਰਖਾਂ ਦੀ ਰਚਨਾ ਹੈ। ਇਤਿਹਾਸਕ ਤੱਥ ਦਸਦੇ ਹਨ ਕਿ ਬਹੁਤੇ ਭਗਤ ਸਾਹਿਬਾਨ ਦਾ ਤਾਂ ਜੀਵਨ
ਕਾਲ ਤਾਂ ਗੁਰੂ ਨਾਨਕ ਸਾਹਿਬ ਤੋਂ ਵੀ ਪਹਿਲਾਂ ਹੋਇਆ ਹੈ। ਇਸ ਤਰ੍ਹਾਂ ‘ਗੁਰੂ ਗ੍ਰੰਥ ਸਾਹਿਬ’
ਵਿਚਲੀ 1430 ਪੰਨਿਆਂ ਵਾਲੀ ਰਚਨਾ ਲਗਭਗ ਚਾਰ ਸਦੀਆਂ ਵਿੱਚ 36 ਮਹਾਂਪੁਰਖਾਂ ਦੇ ਵਿਸ਼ਾਲ ਜੀਵਨ
ਅਨੁਭਵ ਦਾ ਪਕੇਰਾ ਸਿੱਟਾ ਹੈ।
ਦੂਜੇ ਪਾਸੇ ‘ਦਸਮ ਗ੍ਰੰਥ’ ਗੁਰੂ ਗੋਬਿੰਦ ਸਿੰਘ ਦੀ ਰਚਨਾ ਮੰਨਣ ਵਾਲਿਆਂ
ਨੂੰ ਉਪਰੋਕਤ ਤੱਥਾਂ `ਤੇ ਝਾਤ ਪਾਉਣ ਦੇ ਨਾਲ ਤੁਲਨਾਤਮਕ ਨਜ਼ਰੀਏ ਨਾਲ ਗੁਰੂ ਗੋਬਿੰਦ ਸਿੰਘ ਦੇ ਜੀਵਨ
ਕਾਲ ਅਤੇ ਰੁਝੇਵਿਆਂ `ਤੇ ਨਜ਼ਰਸਾਨੀ ਕਰਨ ਦੀ ਵੀ ਲੋੜ ਹੈ। ਗੁਰੂ ਗੋਬਿੰਦ ਸਿੰਘ ਜੀ ਦਾ ਜੀਵਨ ਕਾਲ
ਬਹੁਤੇ ਇਤਿਹਾਸਕਾਰਾਂ ਦੀ ਰਾਇ ਮੁਤਾਬਿਕ 1666 ਈਸਵੀ ਤੋਂ 1708 ਈਸਵੀ ਤਕ ਲਗਭਗ 42 ਵਰ੍ਹਿਆਂ ਦਾ
ਦੁਨਿਆਵੀ ਹੈ। ਇਨ੍ਹਾਂ 42 ਵਰ੍ਹਿਆਂ ਵਿਚੋਂ ਜੇਕਰ ਗੁਰੂ ਗੋਬਿੰਦ ਸਿੰਘ ਦੇ ਕੁੱਝ ਵਰ੍ਹੇ ਬਾਲਪਨ
ਅਵੱਸਥਾ ਅਤੇ ਉਮਰ ਦੇ ਇਤਿਹਾਸਕ ਕਾਲ ਖੰਡ `ਤੇ ਝਾਤ ਮਾਰਿਆਂ ਪਤਾ ਚਲਦਾ ਹੈ ਕਿ ਬਹੁਤਾ ਸਮਾਂ
ਜੰਗਾਂ/ਯੁਧਾਂ ਵਾਲਾ ਹੋਣ ਕਾਰਨ ਸੰਘਰਸ਼ ਭਰਪੂਰ ਰਿਹਾ ਹੈ। ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਕੀ
ਗੁਰੂ ਗੋਬਿੰਦ ਸਿੰਘ ਜੀ ਜਿਸ ਨਾਨਕ ਵਿਚਾਰਧਾਰਾ ਦੇ ਪੈਰੋਕਾਰ ਸਨ, ਉਨ੍ਹਾਂ ਦੀ ਜੀਵਨ ਜਾਚ ਅਤੇ
ਇਤਿਹਾਸਕ ਕਾਰਨਾਮਿਆਂ ਵਾਲੇ ਕਾਲਖੰਡ ਤੋਂ ਜਾਪਦਾ ਹੈ ਕਿ ਗੁਰੂ ਸਾਹਿਬ 1428 ਪੰਨਿਆਂ ਵਿਚਲੇ ‘ਦਸਮ
ਗ੍ਰੰਥ’ ਦੇ ਰਚੈਤਾ ਹੋਣਗੇ?
ਜੇਕਰ ਕੋਈ ਫਿਰ ਵੀ ਅੱਖਾਂ ਮੀਟ ਕੇ ‘ਦਸਮ ਗ੍ਰੰਥ’ ਨੂੰ ਗੁਰੂ ਗੋਬਿੰਦ ਸਿੰਘ
ਜੀ ਦੀ ਕ੍ਰਿਤ ਮੰਨ ਰਿਹਾ ਹੈ ਤਾਂ ਉਸ ਨੂੰ ਭਗਤ ਕਬੀਰ ਸਾਹਿਬ ਦਾ ਇਹ ਸਲੋਕ ਪੜ੍ਹ ਕੇ ਵਿਚਾਰਨਾ
ਚਾਹੀਦਾ ਹੈ ਕਿ ਮਨ ਸਭ ਕੁੱਝ ਜਾਣਦਾ ਹੋਇਆ ਵੀ ਜਾਣ ਬੁੱਝ ਕੇ ਚਤੁਰਾਈਆਂ ਕਰ ਰਿਹਾ ਹੈ ਅਤੇ ਹੱਥ
ਵਿੱਚ ਦੀਵਾ ਲੈ ਕੇ ਵੀ ਖੂਹ ਵਿੱਚ ਡਿੱਗ ਰਿਹਾ ਹੈ:
ਕਬੀਰ ਮਨੁ ਜਾਨੈ ਸਭ ਬਾਤ ਜਾਨਤ ਹੀ ਅਉਗਨੁ ਕਰੈ॥
ਕਾਹੇ ਕੀ ਕੁਸਲਾਤ ਹਾਥਿ ਦੀਪੁ ਕੂਏ ਪਰੈ॥
(ਸਲੋਕ ਭਗਤ ਕਬੀਰ, ਗੁਰੂ ਗ੍ਰੰਥ ਸਾਹਿਬ, ਪੰਨਾ 1376)