.

ਭੱਟ ਬਾਣੀ-20

ਬਲਦੇਵ ਸਿੰਘ ਟੋਰਾਂਟੋ

ਦ੍ਰਿਸਟਿ ਧਰਤ ਤਮ ਹਰਨ ਦਹਨ ਅਘ ਪਾਪ ਪ੍ਰਨਾਸਨ।।

ਸਬਦ ਸੂਰ ਬਲਵੰਤ ਕਾਮ ਅਰੁ ਕ੍ਰੋਧ ਬਿਨਾਸਨ।।

ਲੋਭ ਮੋਹ ਵਸਿ ਕਰਣ ਸਰਣ ਜਾਚਿਕ ਪ੍ਰਤਿਪਾਲਣ।।

ਆਤਮ ਰਤ ਸੰਗ੍ਰਹਣ ਕਹਣ ਅੰਮ੍ਰਿਤ ਕਲ ਢਾਲਣ।।

ਸਤਿਗੁਰੂ ਕਲ ਸਤਿਗੁਰ ਤਿਲਕੁ ਸਤਿ ਲਾਗੈ ਸੋ ਪੈ ਤਰੈ।।

ਗੁਰੁ ਜਗਤ ਫਿਰਣਸੀਹ ਅੰਗਰਉ ਰਾਜੁ ਜੋਗੁ ਲਹਣਾ ਕਰੈ।। ੫।।

(ਪੰਨਾ ੧੩੯੧-੯੨)

ਪਦ ਅਰਥ:- ਧਰਤ – ਟਿਕਾਉਣਾ। ਦ੍ਰਿਸਟਿ ਧਰਤ – ਜਿਨ੍ਹਾਂ ਨੇ ਉਸ ਸਰਬ-ਵਿਆਪਕ ਦੀ ਕ੍ਰਿਪਾ ਦ੍ਰਿਸ਼ਟੀ ਨੂੰ ਗੁਰ ਬਖ਼ਸ਼ਿਸ਼ ਜਾਣ ਕੇ ਆਪਣੇ ਹਿਰਦੇ ਵਿੱਚ ਟਿਕਾਇਆ। ਤਮ ਹਰਣ – ਉਨ੍ਹਾਂ ਦੀ ਆਪਣੀ ਤਮਾ ਭਾਵ ਹੰਕਾਰ ਖ਼ਤਮ ਹੋਇਆ। ਪ੍ਰਨਾਸਨ – ਪਰੇ ਨੱਸ ਜਾਣਾ। ਅਘ ਪਾਪ ਪ੍ਰਨਾਸਨ – ਉਹ ਪਾਪੀਆਂ ਦੀ ਪਾਪਾਂ ਰੂਪੀ ਵੀਚਾਰਧਾਰਾ ਤੋਂ ਪਰੇ ਨੱਸੇ (ਪਾਪੀਆਂ ਦੀ ਪਾਪਾਂ ਰੂਪੀ ਵੀਚਾਰਧਾਰਾ ਕੀ ਹੈ? ਅਖੌਤੀ ਸ਼ੂਦਰਾਂ ਨੂੰ ਡੰਨ ਦੇਣੇ, ਉਨ੍ਹਾਂ ਨੂੰ ਮਾਰਨਾ, ਉਨ੍ਹਾਂ ਨੂੰ ਨਰਕ ਵਰਗੀ ਜ਼ਿੰਦਗੀ ਭੋਗਣ ਲਈ ਮਜਬੂਰ ਕਰਨਾ)। ਸਬਦ – ਗਿਆਨ ਦੀ ਬਖ਼ਸ਼ਿਸ਼। ਸੂਰ – ਮਹਾਨ। ਸਬਦ ਸੂਰ - ਮਹਾਨ ਬਖ਼ਸ਼ਿਸ਼, ਸੂਰ-ਸੂਰਮਾ, ਮਹਾਨ ਇਥੇ ਸ਼ਬਦ ਦੇ ਨਾਲ ਸੂਰ ਹੈ। ਸਬਦ – ਬਖ਼ਸ਼ਿਸ਼। ਸਬਦ ਸੂਰ – ਮਹਾਨ ਬਖ਼ਸ਼ਿਸ਼। ਬਲਵੰਤ ਕਾਮ ਅਰੁ ਕ੍ਰੋਧ ਬਿਨਾਸਨ – ਤਾਕਤਵਰ ਅਵਤਾਰਵਾਦ ਦੇ ਕਰਮ-ਕਾਂਡ ਦੀ ਕਾਮੀ ਕ੍ਰੋਧੀ ਵੀਚਾਰਧਾਰਾ ਦਾ ਡਰ ਖ਼ਤਮ ਹੋਇਆ। ਬਿਨਾਸਨ – ਖ਼ਤਮ ਹੋ ਜਾਣਾ, ਬਿਨਸ ਜਾਣਾ। ਲੋਭ ਮੋਹ ਵਸਿ ਕਰਣ – ਉਹ ਆਪਣੇ ਲੋਭ ਲਈ ਲੋਕਾਂ ਨੂੰ ਵੱਸ ਕਰਦੇ ਹਨ। ਸਰਣ ਜਾਚਿਕ ਪ੍ਰਤਿਪਾਲਣ – ਜਾਚਿਕ – ਜਾਣ ਵਾਲੇ। ਉਨ੍ਹਾਂ ਦੀ ਸ਼ਰਨ ਜਾਣ ਵਾਲੇ ਲੋਕ ਉਨ੍ਹਾਂ ਨੂੰ ਪਾਲਣਾ ਕਰਨ ਵਾਲੇ ਪ੍ਰਤਿਪਾਲਕ ਜਾਣ ਲੈਂਦੇ ਹਨ। ਆਤਮ ਰਤ ਸੰਗ੍ਰਹਣ ਕਹਣ ਅੰਮ੍ਰਿਤ – ਉਨ੍ਹਾਂ ਦੀ ਸ਼ਰਨ ਜਾਣ ਵਾਲੇ ਇਹ ਕਹਿੰਦੇ ਹਨ ਕਿ ਅਸੀਂ ਉਨ੍ਹਾਂ ਤੋਂ ਆਤਮ ਰਸ ਗ੍ਰਹਿਣ ਕਰਨ ਲਈ ਉਨ੍ਹਾਂ ਦੀ ਸ਼ਰਨ ਚੱਲੇ ਹਾਂ। ਕਲ ਢਾਲਣ – ਉਹ ਉਨ੍ਹਾਂ ਨੂੰ ਉਲਟਾ ਆਗਿਆਨਤਾ ਦੇ ਹਨੇਰੇ ਵਿੱਚ ਢਾਲ ਦਿੰਦੇ ਹਨ। ਸਤਿਗੁਰੂ ਕਲ ਸਤਿਗੁਰ ਤਿਲਕੁ ਸਤਿ ਲਾਗੈ ਸੋ ਪੈ ਤਰੈ – ਜਿੰਨ੍ਹਾਂ ਨੂੰ ਉਹ (ਅਵਤਾਰਵਾਦੀ) ਅਗਿਆਨਤਾ ਦੇ ਹਨੇਰੇ ਵਿੱਚ ਢਾਲ ਦਿੰਦੇ ਹਨ, ਉਹ ਉਨ੍ਹਾਂ (ਅਵਤਾਰਵਾਦੀਆਂ) ਨੂੰ ਅਗਿਆਨਤਾ ਵਿੱਚ ਸਤਿਗੁਰੂ (ਰੱਬ) ਬਣਾ ਕੇ ਉਨ੍ਹਾਂ ਦੇ ਸਿਰ ਉੱਪਰ ਸਤਿਗੁਰ ਹੋਣ ਦਾ ਤਿਲਕ ਲਾ ਦਿੰਦੇ ਹਨ (ਭਾਵ ਮਾਨਤਾ ਦੇ ਦਿੰਦੇ ਹਨ) ਅਤੇ ਆਪ ਹੀ ਇਹ ਪ੍ਰਚਾਰਦੇ ਹਨ ਕਿ ਇਨ੍ਹਾਂ ਦੇ ਪੈਰੀਂ ਲੱਗਣ ਵਾਲੇ ਹੀ ਤਰਦੇ ਹਨ। ਕਲ – ਅਗਿਆਨਤਾ ਦਾ ਹਨੇਰਾ, ਕਲਜੁਗ। ਗੁਰੁ – ਗਿਆਨ ਨੂੰ ਜੀਵਨ ਵਿੱਚ ਅਪਣਾਉਣਾ। ਪਾਠਕਾਂ ਨੂੰ ਬੇਨਤੀ ਹੈ ਕਿ ਇਥੇ ਗੁਰੁ ਸਬਦ ਦੇ ਨਾਲ ਸਬੰਧਤ ਸਬਦ “ਗੁਰੁ ਜਗਤ” ਹੈ, ਚਲ ਰਹੇ ਪ੍ਰਕਰਣ ਅੰਦਰ ਕਲ-ਅਗਿਆਨਤਾ ਸ਼ਬਦ ਜੁੜਿਆ ਹੋਇਆ ਹੈ। ਇਸ ਕਰਕੇ ਇਥੇ ਚਲ ਰਹੇ ਪ੍ਰਕਰਣ ਅਨੁਸਾਰ ਇਸ ਸ਼ਬਦ ਦੇ ਅਰਥ ਇਵੇ ਬਣਨਗੇ: - ਗੁਰੁ ਜਗਤ – ਜਿਨ੍ਹਾਂ ਨੇ ਜਗਤ ਦੀ ਅਗਿਆਨਤਾ ਨੂੰ ਗਿਆਨ ਜਾਣ ਕੇ ਜੀਵਨ ਵਿੱਚ ਅਪਣਾਇਆ ਹੋਇਆ ਹੈ। ਫਿਰਣਸੀਹ – ਸੀਹਾਂ ਬਘਿਆੜਾਂ ਵਾਂਗ (ਜਗਤ) ਵਿੱਚ ਫਿਰਦੇ ਹਨ। ਸੀਹ – ਬਘਿਆੜ। ਫਿਰਣ – ਫਿਰਦੇ ਹਨ। ਅੰਗਰਉ- ਅੰਗ – ਯਤਨ। ਅੰਗਰਉ – ਯਤਨ ਕਰਨਾ, ਯਤਨਸ਼ੀਲ ਹੋਣਾ। ਅੰਗਰਉ ਰਾਜੁ ਜੋਗੁ ਲਹਣਾ ਕਰੈ – ਲਹਣਾ ਜੀ ਵੀ ਇਨ੍ਹਾਂ (ਅਵਤਾਰਵਾਦੀਆਂ ਦੇ) ਉੱਤਮ ਹੋਣ ਦੇ ਰਾਜੁ (ਭਰਮ) ਦਾ ਪਾਜ ਉਘੇੜਨ ਲਈ ਯਤਨ ਕਰ ਰਹੇ ਹਨ। ਜੋਗੁ – ਉੱਤਮ। ਰਾਜੁ – ਰਾਜੁ ਦਾ ਪਾਜ/ਭਰਮ/ਭੁਲੇਖਾ। ਜਿਵੇਂ ਇਸ ਗੱਲ ਵਿੱਚ ਵੀ ਰਾਜ ਭਾਵ ਭਰਮ ਹੈ।

ਅਰਥ:- ਹੇ ਭਾਈ! ਜਿਨ੍ਹਾਂ ਨੇ ਉਸ ਸਰਬ-ਵਿਆਪਕ ਦੀ ਕ੍ਰਿਪਾ ਦ੍ਰਿਸ਼ਟੀ ਨੂੰ ਗੁਰ ਬਖ਼ਸ਼ਿਸ਼ ਜਾਣ ਕਰਕੇ ਆਪਣੇ ਹਿਰਦੇ ਵਿੱਚ ਗਿਆਨ ਨੂੰ ਟਿਕਾਇਆ, ਉਨ੍ਹਾਂ ਦੀ ਆਪਣੀ ਤਮਾ ਭਾਵ ਹੰਕਾਰ ਖ਼ਤਮ ਹੋਇਆ। ਜਿਨ੍ਹਾਂ ਦਾ ਹੰਕਾਰ ਖ਼ਤਮ ਹੋਇਆ, ਉਹ ਪਾਪੀਆਂ ਦੀ ਪਾਪਾਂ ਰੂਪੀ ਵੀਚਾਰਧਾਰਾ ਤੋਂ ਪਰੇ ਨੱਸੇ (ਪਾਪੀਆਂ ਦੀ ਪਾਪਾਂ ਰੂਪੀ ਵੀਚਾਰਧਾਰਾ ਕੀ ਹੈ? ਅਖੌਤੀ ਸ਼ੂਦਰਾਂ ਨੂੰ ਡੰਨ ਦੇਣੇ, ਉਨ੍ਹਾਂ ਨੂੰ ਮਾਰਨਾ, ਉਨ੍ਹਾਂ ਨੂੰ ਨਰਕ ਵਰਗੀ ਜ਼ਿੰਦਗੀ ਭੋਗਣ ਲਈ ਮਜਬੂਰ ਕਰਨਾ) ਜਿਹੜੇ ਕਰਮ-ਕਾਂਡੀ ਵੀਚਾਰਧਾਰਾ ਤੋਂ ਪਰੇ ਹੋਏ, ਉਨ੍ਹਾਂ ਦਾ ਉਸ ਸੱਚੇ ਸਰਬ-ਵਿਆਪਕ ਦੀ ਮਹਾਨ ਬਖ਼ਸ਼ਿਸ਼ ਗਿਆਨ ਨਾਲ (ਅਵਤਾਰਵਾਦ ਦੀ) ਬਲਵਾਨ ਕਾਮੀ ਅਤੇ ਕ੍ਰੋਧੀ ਵੀਚਾਰਧਾਰਾ ਦਾ ਡਰ ਖ਼ਤਮ ਹੋਇਆ। ਜਿਹੜੇ ਕੁੱਝ ਲੋਭੀ ਲੋਭ ਕਾਰਣ ਆਪਣੇ ਰੱਬ ਹੋਣ ਦਾ ਭਰਮ ਪਾਲ ਕੇ ਲੋਕਾਂ ਨੂੰ ਵੱਸ ਕਰਦੇ ਹਨ ਅਤੇ ਜਿਹੜੇ ਉਨ੍ਹਾਂ (ਅਵਤਾਰਵਾਦੀ) ਲੋਕਾਂ ਦੀ ਸ਼ਰਨ ਜਾਣ ਵਾਲੇ ਲੋਕ ਉਨ੍ਹਾਂ (ਅਵਤਾਰਵਦੀਆਂ) ਨੂੰ ਪ੍ਰਤਿਪਾਲਕ ਜਾਣ ਕੇ ਉਨ੍ਹਾਂ ਤੋਂ ਆਤਮ ਰਸ ਗ੍ਰਹਿਣ ਕਰਨ ਲਈ ਉਨ੍ਹਾਂ ਦੀ ਸ਼ਰਨ ਜਾਂਦੇ ਹਨ ਤਾਂ ਉਹ (ਅਵਤਾਰਵਾਦੀ) ਉਨ੍ਹਾਂ ਲੋਕਾਂ ਨੂੰ ਉਲਟਾ ਅਗਿਆਨਤਾ ਦੇ ਹਨੇਰੇ ਵਿੱਚ ਢਾਲ ਦਿੰਦੇ ਹਨ। ਜਿਨ੍ਹਾਂ ਨੂੰ ਉਹ ਅਗਿਆਨਤਾ ਵਿੱਚ ਢਾਲ ਦਿੰਦੇ ਹਨ, ਉਹ ਉਨ੍ਹਾਂ (ਅਵਤਾਰਵਾਦੀਆਂ) ਦੇ ਸਿਰ ਉੱਪਰ, ਉਨ੍ਹਾਂ ਦੇ ਸਤਿਗੁਰ (ਰੱਬ) ਹੋਣ ਦਾ ਤਿਲਕ ਲਗਾ ਦਿੰਦੇ ਭਾਵ ਮਾਨਤਾ ਦੇ ਦਿੰਦੇ ਹਨ ਅਤੇ ਅੱਗੇ ਇਹ ਪ੍ਰਚਾਰਦੇ ਹਨ ਕਿ ਇਨ੍ਹਾਂ ਦੇ ਪੈਰੀਂ ਲੱਗਣ ਵਾਲੇ ਹੀ ਤਰਦੇ ਹਨ। ਅਜਿਹੇ ਉਹ ਲੋਕ ਜਿਨ੍ਹਾਂ ਨੇ ਅਗਿਆਨਤਾ ਨੂੰ ਗਿਆਨ ਸਮਝ ਕੇ ਜੀਵਨ ਵਿੱਚ ਅਪਣਾਇਆ ਹੋਇਆ ਹੈ, ਸੰਸਾਰ ਵਿੱਚ ਬਘਿਆੜਾਂ ਵਾਂਗ ਫਿਰਦੇ ਹਨ। ਲਹਣਾ ਜੀ ਇਨ੍ਹਾਂ ਦੇ ਉੱਤਮ ਹੋਣ ਦੇ ਰਾਜੁ (ਭਰਮ) ਦਾ ਪਾਜੁ ਉਘੇੜਨ ਲਈ ਯਤਨਸ਼ੀਲ ਹਨ।

ਸਦਾ ਅਕਲ ਲਿਵ ਰਹੈ ਕਰਨ ਸਿਉ ਇਛਾ ਚਾਰਹ।।

ਦ੍ਰੁਮ ਸਪੂਰ ਜਿਉ ਨਿਵੈ ਖਵੈ ਕਸੁ ਬਿਮਲ ਬੀਚਾਰਹ।।

ਇਹੈ ਤਤੁ ਜਾਣਿਓ ਸਰਬ ਗਤਿ ਅਲਖੁ ਬਿਡਾਣੀ।।

ਸਹਜ ਭਾਇ ਸੰਚਿਓ ਕਿਰਣਿ ਅੰਮ੍ਰਿਤ ਕਲ ਬਾਣੀ।।

ਗੁਰ ਗਮਿ ਪ੍ਰਮਾਣੁ ਤੈ ਪਾਇਓ ਸਤੁ ਸੰਤੋਖੁ ਗ੍ਰਾਹਜਿ ਲਯੌ।।

ਹਰਿ ਪਰਸਿਓ ਕਲੁ ਸਮੁਲਵੈ ਜਨ ਦਰਸਨੁ ਲਹਣੇ ਭਯੌ।। ੬।।

(ਪੰਨਾ ੧੩੯੨)

ਪਦ ਅਰਥ:- ਸਦਾ – ਹਮੇਸ਼ਾ। ਅਕਲ – ਇਕੁ ਰਸ ਵਿਆਪਕ ਪ੍ਰਭੂ (ਗੁਰੂ ਗ੍ਰੰ: ਦਰਪਣ)। ਇਛਾ ਚਾਰਹ – ਸੁਤੰਤਰ (ਗੁਰੂ ਗ੍ਰੰਥ ਦਰਪਣ)। ਸਦਾ ਅਕਲ ਲਿਵ ਰਹੈ – ਜਿਨ੍ਹਾਂ ਦੀ ਹਮੇਸ਼ਾ ਇਕੁ ਸਰਬ-ਵਿਆਪਕ ਨਾਲ ਲਿਵ ਜੁੜੀ, ਉਸ ਨਾਲ ਨਾਤਾ ਜੋੜਨ, ਕਰਨ ਵਾਲਿਆਂ ਦੀ ਇੱਛਾ, ਚਾਹਤ, ਸੋਚ (ਅਵਤਾਰਵਾਦ ਤੋਂ) ਸੁਤੰਤਰ ਹੋਈ। ਕਰਨ ਸਿਉ – ਉਸ ਨਾਲ ਨਾਤਾ ਜੋੜਨ, ਕਰਨ। ਸਿਉ – ਉਸ ਨਾਲ। ਦ੍ਰੁਮ – ਦਰੱਖ਼ਤ। ਦ੍ਰੁਮ ਸਪੂਰ – ਫਲਦਾਰ ਦਰੱਖ਼ਤ ਵਰਗਾ ਜਿਸ ਦਾ ਸਰੂਪ ਭਾਵ ਸੁਭਾਓ ਹੈ। ਜਿਉ ਨਿਵੈ – ਜਿਵੇਂ ਨਿਉਂਦਾ ਹੈ। ਖਵੈ – ਬਰਦਾਸ਼ਤ ਕਰਨਾ, ਪ੍ਰਵਾਨ ਕਰਨਾ, ਪ੍ਰਵਾਨ ਕਰਦੇ ਹਨ। ਕਸ – ਕਸਵੱਟੀ, ਪਰਖ। (ਮ: ਕੋਸ਼)। ਬਿਮਲ ਬੀਚਾਰਹ – ਨਿਰਮਲ ਵੀਚਾਰਧਾਰਾ ਵੀਚਾਰਦੇ ਭਾਵ ਆਪਣੇ ਜੀਵਨ ਵਿੱਚ ਅਪਣਾਉਂਦੇ ਹਨ। ਇਹੈ ਤਤੁ ਜਾਣਿਓ – ਜਿਹਨਾਂ ਨੇ ਇਸ ਨਿਰਮਲ ਵੀਚਾਰਧਾਰਾ ਨੂੰ ਅਪਣਾਇਆ, ਉਨ੍ਹਾਂ ਨੇ ਤੱਤ, ਅਸਲੀਅਤ ਨੂੰ ਜਾਣਿਆ। ਸਰਬਗਤਿ – ਸਰਬ-ਵਿਆਪਕ (ਮ: ਕੋਸ਼)। ਅਲਖੁ – ਜਿਸ ਦਾ ਅੰਦਾਜ਼ਾ ਨਾ ਲਾਇਆ ਜਾ ਸਕੇ। ਬਿਢਾਣੀ – ਅਡੰਬਰ, ਨਕਲ ਕਰਨੀ (ਮ: ਕੋਸ਼)। ਸਰਬਗਤਿ ਅਲਖੁ ਬਿਡਾਣੀ – ਜਿਨ੍ਹਾਂ ਨੇ ਅਸਲੀਅਤ ਨੂੰ ਜਾਣਿਆ, ਉਨ੍ਹਾਂ ਨੇ (ਅਵਤਾਰਵਾਦ) ਵੱਲੋਂ ਆਪਣੇ ਆਪ ਨੂੰ ਸਰਬ-ਵਿਆਪਕ, ਅਲਖ ਨਾ ਜਾਣੇ ਜਾਣ ਵਾਲੇ ਅਖਵਾਉਣ ਦੇ ਰਚੇ ਅਡੰਬਰ ਨੂੰ ਜਾਣਿਆ। ਕਲ – ਅਵਿਦਯਾ, ਅਗਿਆਨ (ਮ: ਕੋਸ਼)। ਸਹਜ ਭਾਇ – ਅਡੋਲ। ਸੰਚਿਓ ਕਿਰਣਿ ਅੰਮ੍ਰਿਤ – ਸੱਚੀ ਗਿਆਨ ਦੀ ਅੰਮ੍ਰਿਤ ਰੂਪੀ ਕਿਰਣ। ਕਲ ਬਾਣੀ – ਅਵਿਦਯਾ, ਅਗਿਆਨਤਾ ਵਾਲੀ ਬਾਣੀ ਸੋਚ। ਜਿਵੇਂ ਬੇਦ ਬਾਣੀ। ਗੁਰ – ਗਿਆਨ ਦੀ ਬਖ਼ਸ਼ਿਸ਼। ਗਮਿ - ਰਸਤਾ, ਮਾਰਗ (ਮ: ਕੋਸ਼)। ਪ੍ਰਮਾਣੁ - ਸਬੂਤ, ਪ੍ਰਵਾਣ ਕਰ ਲੈਣਾ, ਪ੍ਰੇਰਨਾ ਸਰੋਤ। ਤੈ – ਜਿਨ੍ਹਾਂ ਨੇ, ਜਿਸ ਨੇ। ਸਮੁਲਵੈ - ਦੋ ਸ਼ਬਦਾਂ ਦਾ ਮੇਲ ਹੈ- ਸਮ – (ਮ: ਕੋਸ਼) ਅਨੁਸਾਰ ਇੱਕ ਸ਼ਬਦਾਲੰਕਾਰ –ਤੁੱਲ, ਸਮਾਨ ਸਬੰਧਿਤ ਵਸਤੂਆਂ ਦਾ ਯੋਗ ਸੰਬੰਧ ਵਰਨਣ ਕਰਨਾ “ਸਮ”ਅਲੰਕਾਰ ਹੈ (ਇਥੇ ਲਹਣਾ ਜੀ ਅਤੇ ਭੱਟ ਕਲ੍ਹ ਜੀ ਦੇ ਜੀਵਨ ਅੰਦਰ ਸੱਚ ਦੇ ਬਰਾਬਰ ਦੇ ਸੰਬੰਧ ਹੋਣ ਦਾ ਵਰਨਣ ਹੈ। ਇਸ ਸ਼ਬਦ ਅੰਦਰ ਲਹਣਾ ਜੀ ਅਤੇ ਭੱਟ ਕਲ੍ਹ ਜੀ ਦੋਵਾਂ ਨੇ ਕਿਵੇਂ ਸੱਚ ਨਾਲ ਜੁੜ ਕੇ ਅਵਤਾਰਵਾਦੀ ਪਰੰਪਰਾ ਨੂੰ ਅਲਵਿਦਾ ਆਖਿਆ। ਦੋਵਾਂ ਦੇ ਜੀਵਨ ਦੀ ਦੁਨੀਆਂ ਦੇ ਵਾਸਤੇ ਬਰਾਬਰ ਮਿਸਾਲ ਦਿੱਤੀ ਹੈ ਕਿ ਭਲਿਓ, ਇਨ੍ਹਾਂ ਵਾਂਗ ਅਵਤਾਰਵਾਦੀ ਵੀਚਾਰਧਾਰਾ ਨੂੰ ਛੱਡ ਕੇ ਨਿਰੰਕਾਰ ਨਾਲ ਜੁੜੋ। ਇਸ ਗੱਲ ਦੀ ਭੱਟ ਕੀਰਤ ਜੀ ਪ੍ਰੋੜ੍ਹਤਾ ਕਰਦੇ ਹਨ)। ਲਵੈ – ਕ੍ਰਿ. ਵਿ-ਮੁਕਾਬਲੇ ਪੁਰ “ਦੂਸਰ ਲਵੈ ਨ ਲਾਵੈ” (ਵਾਰ ਬਸੰਤ) ਮੁਕਾਬਲੇ ਪੁਰ ਭਾਵ ਬਰਾਬਰ। ਸਮੁਲਵੈ – ਬਰਾਬਰ ਦਾ ਸੱਚ, ਦੋਵਾਂ ਨੇ ਅਪਣਾਇਆ। ਹਰਿ ਪਰਸਿਓ ਕਲੁ ਸਮੁਲਵੈ ਜਨ ਦਰਸਨੁ ਲਹਣੇ ਭਯੌ – ਜਿਵੇਂ (ਅਵਤਾਰਵਾਦ) ਨੂੰ ਛੱਡ ਕੇ ਲਹਣਾ ਜੀ ਅਤੇ ਕਲ੍ਹ ਜੀ ਨੇ ਹਰੀ ਨੂੰ ਪਰਸਿਆ ਭਾਵ ਨਿਰੰਕਾਰ ਨਾਲ ਜੁੜੇ, ਜਿਸ ਤਰ੍ਹਾਂ ਕਲ੍ਹ ਅਤੇ ਲਹਣਾ ਜੀ ਦੋਵੇਂ ਜਨ ਅਵਤਾਰਵਾਦ ਨੂੰ ਛੱਡ ਕੇ ਨਿਰੰਕਾਰ ਨਾਲ ਜੁੜੇ, ਉਨ੍ਹਾਂ ਦਾ ਜੀਵਨ ਸਾਡੇ ਸਾਹਮਣੇ ਹੈ। ਕਲੁ – ਕਲ੍ਹ ਜੀ ਨੇ। ਜਨ –ਬਹੁ ਵਚਨ ਹੈ, ਦੋਨਾਂ ਲਈ ਹੈ। ਦਰਸਨੁ – ਸਾਹਮਣੇ, ਸਨਮੁਖ ਹੋਣਾ, ਆਹਮੋ-ਸਾਹਮਣੇ ਹੋਣਾ, ਮਿਲ ਪੈਣਾ, ਪ੍ਰਤੱਖ। ਭਯੌ – ਹੋਇਆ ਹੈ। ਦਰਸਨੁ ਭਯੌ – ਉਨ੍ਹਾਂ ਦੇ ਜੀਵਨ ਦਾ ਸ਼ੀਸ਼ਾ ਸਾਡੇ ਸਾਹਮਣੇ ਹੈ।

ਅਰਥ:- ਜਿਨ੍ਹਾਂ ਦੀ ਲਿਵ ਹਮੇਸ਼ਾ ਗਿਆਨ ਦੀ ਰਾਹੀਂ ਇਕੁ ਸਰਬ-ਵਿਆਪਕ ਗਿਆਨ ਨਾਲ ਜੁੜੀ, ਉਨ੍ਹਾਂ ਇਕੁ ਸਰਬ-ਵਿਆਪਕ ਨਾਲ ਲਿਵ ਜੋੜਨ, ਕਰਨ ਵਾਲਿਆਂ ਦੀ ਇੱਛਾ, ਚਾਹਤ, ਸੋਚ (ਅਵਤਾਰਵਾਦ) ਤੋਂ ਸੁਤੰਤਰ ਹੋਈ। ਜਿਉਂ ਹੀ ਉਨ੍ਹਾਂ ਦੀ ਸੋਚ ਸੁਤੰਤਰ ਹੋਈ, ਇਕਦਮ ਉਨ੍ਹਾਂ ਨੇ ਦ੍ਰੁਮ ਸਰੂਪ ਕਰਤੇ ਦੀ (ਜਿਸ ਦੀ ਛਾਂ ਇੱਕ ਦਰੱਖ਼ਤ ਦੀ ਛਾਂ ਵਾਂਗ ਕੋਈ ਵੀ ਬਗ਼ੈਰ ਰੰਗ ਨਸਲ ਜਾਤ, ਪਾਤ, ਲਿੰਗ ਮਤ ਭੇਦ ਦੇ ਮਾਣ ਸਕਦਾ ਹੈ) ਨਿਰਮਲ ਵੀਚਾਰਧਾਰਾ ਨੂੰ ਪਰਖ ਕੇ ਪ੍ਰਵਾਣ ਕੀਤਾ, ਜਿਨ੍ਹਾਂ ਪ੍ਰਵਾਣ ਕੀਤਾ, ਉਹ ਦ੍ਰੁਮੁ ਸਰੂਪ ਅਕਾਲ ਪੁਰਖ ਅੱਗੇ ਝੁਕੇ। ਜਿਨ੍ਹਾਂ ਇਕੁ ਕਰਤੇ ਅੱਗੇ ਝੁਕਣ ਵਾਲਿਆਂ ਨੇ ਇਹ ਤੱਤ ਭਾਵ ਅਸਲੀਅਤ ਨੂੰ ਜਾਣਿਆ, ਉਨ੍ਹਾਂ ਨੇ (ਅਵਤਾਰਵਾਦ) ਵੱਲੋਂ ਆਪਣੇ ਆਪ ਨੂੰ ਸਰਬ-ਵਿਆਪਕ, ਅਲਖ, ਨਾ ਜਾਣੇ ਜਾਣ ਵਾਲੇ ਅਖਵਾਉਣ ਦੇ ਰਚੇ ਅਡੰਬਰ ਨੂੰ ਅਡੰਬਰ ਹੀ ਜਾਣਿਆ। ਕਿਉਂਕਿ ਉਨ੍ਹਾਂ ਦੀ ਅਵਿਦਯਾ, ਅਗਿਆਨਤਾ ਵਾਲੀ ਸੋਚ, ਅਡੋਲ ਸੱਚੇ ਦੀ ਸੱਚੀ ਅੰਮ੍ਰਿਤ ਰੂਪੀ ਬਖ਼ਸ਼ਿਸ਼ ਗਿਆਨ ਦੀ ਕਿਰਣ ਨਾਲ ਗਿਆਨ ਵਿੱਚ ਬਦਲ ਗਈ। ਜਿਨ੍ਹਾਂ ਦੀ ਸੋਚ ਗਿਆਨ ਵਿੱਚ ਬਦਲ ਗਈ, ਉਨ੍ਹਾਂ ਨੇ ਇਸ ਸਦੀਵੀ ਗੁਰ ਬਖ਼ਸ਼ਿਸ਼ ਦੇ ਮਾਰਗ ਭਾਵ ਗਿਆਨ ਦੇ ਮਾਰਗ ਨੂੰ ਪ੍ਰਾਪਤ ਕਰਕੇ, ਸਬਰ, ਸੰਤੋਖ ਨਾਲ ਪ੍ਰਵਾਨ ਕਰਕੇ ਜੀਵਨ ਵਿੱਚ ਅਪਣਾ ਲਿਆ, ਉਨ੍ਹਾਂ ਦਾ ਜੀਵਨ ਸਾਡੇ ਲਈ ਪ੍ਰੇਰਨਾ-ਸਰੋਤ ਹੈ। ਜਿਵੇਂ ਕਲ੍ਹ ਅਤੇ ਲਹਣਾ ਜੀ ਨੇ (ਅਵਤਾਰਵਾਦ ਨੂੰ ਛੱਡ ਕੇ) ਅਕਾਲ ਪੁਰਖ ਹਰੀ ਨੂੰ ਪਰਸਿਆ ਭਾਵ ਹਰੀ ਨਾਲ ਜੁੜੇ, ਉਨ੍ਹਾਂ ਦੋਹਾਂ ਦੇ ਜੀਵਨ ਦੇ ਬਰਾਬਰ ਭਾਵ ਇਕੋ ਜਿਹੇ ਹੋਣ ਦੀ ਮਿਸਾਲ ਸਾਡੇ ਸਾਹਮਣੇ ਹੈ।

ਨੋਟ – ਇਥੇ ਯਾਦ ਰੱਖਣ ਵਾਲੀ ਗੱਲ ਇਹ ਹੈ ਕਿ ਲਹਣਾ ਜੀ ਅਤੇ ਭੱਟ ਕਲ੍ਹ ਜੀ ਪਹਿਲਾਂ ਅਵਤਾਰਵਾਦ ਦੇ ਪੁਜਾਰੀ ਸਨ। ਜਦੋਂ ਉਹ (ਅਵਤਾਰਵਾਦ ਦੇ ਸਿਰਜੇ ਕਰਮਜਾਲ ਨੂੰ ਛੱਡ ਕੇ) ਸੱਚ ਭਾਵ ਗੁਰਮਤਿ ਵੀਚਾਰਧਾਰਾ ਨਾਲ ਜੁੜੇ ਤਾਂ ਉਨ੍ਹਾਂ ਦਾ ਜੀਵਨ ਸਾਡੇ ਲਈ ਪ੍ਰੇਰਨਾ-ਸਰੋਤ ਹੋਇਆ। ਉਨ੍ਹਾਂ ਦੇ ਵਾਂਗ ਭੱਟ ਕੀਰਤ ਜੀ ਕਰਮ-ਕਾਂਡਾਂ, ਅਵਤਾਰਵਾਦ ਦੇ ਰੱਬ ਹੋਣ ਦੇ ਭਰਮ ਜਾਲ ਨੂੰ ਛੱਡ ਕੇ ਸੱਚ ਨੂੰ ਆਪਣੇ ਜੀਵਨ ਵਿੱਚ ਅਪਣਾਉਣ ਲਈ ਸਮੁੱਚੀ ਮਾਨਵਤਾ ਨੂੰ ਪ੍ਰੇਰਨਾ ਕਰਦੇ ਹਨ।

ਦੂਸਰੀ ਗੱਲ ਇਹ ਯਾਦ ਰੱਖਣੀ ਹੈ ਕਿ ਪਹਿਲੇ ਸਵਈਏ ਵਿੱਚ ਭੱਟ ਕੀਰਤ ਜੀ ਨੇ ਨਾਨਕ ਜੀ ਦੇ ਸਿਰ ਉੱਪਰ ਅਕਾਲ ਪੁਰਖ ਦੀ ਬਖਸ਼ਿਸ਼ ਦਾ ਹੱਥ ਹੋਣ ਦਾ ਜ਼ਿਕਰ ਕੀਤਾ ਹੈ, ਉਸੇ ਤਰ੍ਹਾਂ ਹੀ ਦੂਜੇ ਸਵਈਏ ਵਿੱਚ ਕੀਰਤ ਜੀ, ਭੱਟ ਕਲ੍ਹ ਜੀ ਅਤੇ ਲਹਣਾ ਜੀ ਦੇ ਸਿਰ ਉੱਪਰ ਵੀ ਉਸ ਅਕਾਲ ਪੁਰਖ ਦੀ ਬਖ਼ਸ਼ਿਸ਼/ਗਿਆਨ ਦਾ ਹੱਥ ਹੋਣ ਦੀ ਪ੍ਰੋੜ੍ਹਤਾ ਕਰਦੇ ਹਨ। ਇਸ ਕਰਕੇ ਜੇਕਰ ਪਹਿਲੇ ਸਵਈਏ ਅੰਦਰ ਨਾਨਕ ਜੀ ਦਾ ਨਾਮ ਹੈ ਪਰ ਸਵਈਯਾ ਭੱਟ ਕੀਰਤ ਜੀ ਵੱਲੋਂ ਹੀ ਉਚਾਰਣ ਹੈ। ਇਸੇ ਤਰ੍ਹਾਂ ਜੇਕਰ ਭੱਟ ਕੀਰਤ ਜੀ ਨੇ ਸਵਈਯੇ ਨੰ: ਛੇ ਅੰਦਰ ਭੱਟ ਕਲ੍ਹ ਜੀ ਅਤੇ ਲਹਣਾ ਜੀ ਦਾ ਜ਼ਿਕਰ ਕੀਤਾ ਹੈ ਤਾਂ ਇਸ ਦਾ ਮਤਲਬ ਇਹ ਨਹੀਂ ਕਿ ਇਹ ਸਵਈਯਾ ਭੱਟ ਕਲ੍ਹ ਜੀ ਜਾਂ ਲਹਣਾ ਜੀ ਦਾ ਉਚਾਰਣ ਕੀਤਾ ਹੈ। ਉਨ੍ਹਾਂ ਦੇ ਜੀਵਨ ਦੀ ਮਿਸਾਲ ਦੇਣ ਵਾਸਤੇ ਉਨ੍ਹਾਂ ਦੇ ਨਾਂਵਾਂ ਦਾ ਜ਼ਿਕਰ ਹੈ।




.