.

ਧਰਮ ਦੀ ਸਮੱਸਿਆ-22
ਝੂਠੇ ਤੇ ਫੋਕੇ ਦਾਅਵਿਆਂ ਅਧਾਰਿਤ ਨਕਲੀ ਧਰਮ
ਹਰਚਰਨ ਸਿੰਘ (ਸਿੱਖ ਵਿਰਸਾ)
Tel.: 403-681-8689 Email: [email protected] www.sikhvirsa.com

ਨੋਟ: ਅੱਜ ਦੇ ਪ੍ਰਚਲਤ 10-15 ਜਥੇਬੰਦਕ ਧਰਮਾਂ (ਧਾਰਮਿਕ ਫਿਰਕਿਆਂ) ਵਿੱਚ ਅਨੇਕਾਂ ਤਰ੍ਹਾਂ ਦੇ ਨਕਲੀ ਧਰਮ ਪ੍ਰਚਲਤ ਹੋ ਚੁੱਕੇ ਹਨ। ਜਿਨ੍ਹਾਂ ਤੇ ਪੁਜਾਰੀਆਂ, ਸਿਆਸਤਦਾਨਾਂ ਤੇ ਸਰਮਾਏਦਾਰਾਂ ਦੀ ਤਿੱਕੜੀ ਦਾ ਪੂਰਾ ਕਬਜ਼ਾ ਹੋ ਚੁੱਕਾ ਹੈ। ਧਰਮਾਂ ਦਾ ਤਕਰੀਬਨ 5 ਹਜ਼ਾਰ ਸਾਲ ਦਾ ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਇਹ ਤਿੱਕੜੀ ਰਲ਼ ਕੇ ਮਨੁੱਖਤਾ ਨੂੰ ਧਰਮ ਦੇ ਨਾਮ ਤੇ ਲੁੱਟਦੀ ਆ ਰਹੀ ਹੈ। ਧਰਮ ਇਨ੍ਹਾਂ ਲਈ ਪੈਸਾ ਕਮਾਉਣ ਦਾ ਧੰਦਾ ਤੇ ਸ਼ਰਧਾਲੂਆਂ ਦੀ ਤਾਕਤ ਨੂੰ ਆਪਣੇ ਸਿਆਸੀ ਮੁਫਾਦਾਂ ਲਈ ਵਰਤਣ ਦਾ ਜ਼ਰੀਆ ਹੈ। ਇਨ੍ਹਾਂ ਦਾ ਇਹ ਧੰਦਾ ਸਦੀਆਂ ਤੋਂ ਅਗਿਆਨਤਾ, ਅੰਧ-ਵਿਸ਼ਵਾਸ਼ ਤੇ ਕਰਮਕਾਂਡਾਂ ਦੇ ਅਧਾਰ ਤੇ ਚੱਲ ਰਿਹਾ ਹੈ। ਇਤਿਹਾਸ ਵਿੱਚ ਸਮੇਂ-ਸਮੇਂ ਅਨੇਕਾਂ ਸੱਚੇ ਮਨੁੱਖਤਾਵਾਦੀ ਧਰਮ ਗੁਰੂ, ਰਹਿਬਰ, ਪੀਰ-ਪੈਗੰਬਰ, ਮਹਾਂਪੁਰਸ਼ ਪੈਦਾ ਹੁੰਦੇ ਰਹੇ, ਜੋ ਮਨੁੱਖ ਨੂੰ ਅਸਲੀ ਧਰਮ ਨਾਲ ਜੋੜਦੇ ਰਹੇ, ਅਗਿਆਨਤਾ ਤੇ ਅੰਧ ਵਿਸ਼ਵਾਸ਼ ਦੀ ਬੇਹੋਸ਼ੀ ਵਿਚੋਂ ਜਗਾ ਕੇ ਸੱਚ ਦੇ ਰਾਹ ਪਾਉਂਦੇ ਰਹੇ। ਪਰ ਇਸ ਤਿਕੜੀ ਨੇ ਅਜਿਹੇ ਮਹਾਨ ਪੁਰਸ਼ਾਂ ਨੂੰ ਕਦੇ ਬਰਦਾਸ਼ਤ ਨਹੀਂ ਕੀਤਾ। ਉਨ੍ਹਾਂ ਨੂੰ ਸੂਲ਼ੀਆਂ, ਫਾਂਸੀਆਂ ਤੇ ਚੜ੍ਹਾਉਣ ਦੇ ਨਾਲ-ਨਾਲ ਉਨ੍ਹਾਂ ਦੀ ਵਿਚਾਰਧਾਰਾ ਨੂੰ ਖਤਮ ਕਰਨ ਦੀਆਂ ਸਾਜ਼ਿਸ਼ਾਂ ਰਚਦੇ ਰਹੇ ਤੇ ਅਨੇਕਾਂ ਤਰ੍ਹਾਂ ਦੀਆਂ ਮੁਸੀਬਤਾਂ ਉਨ੍ਹਾਂ ਦੇ ਰਾਹਾਂ ਵਿੱਚ ਖੜੀਆਂ ਕਰਦੇ ਰਹੇ। ਪਰ ਫਿਰ ਵੀ ਜਦੋਂ ਅਜਿਹੇ ਮਹਾਂਪੁਰਸ਼ ਆਪਣੀ ਨਵੀਂ ਤੇ ਵੱਖਰੀ ਵਿਚਾਰਧਾਰਾ ਮਨੁੱਖਤਾ ਨੂੰ ਦੇਣ ਵਿੱਚ ਸਫਲ ਹੋ ਜਾਂਦੇ ਤਾਂ ਉਨ੍ਹਾਂ ਦੇ ਸੰਸਾਰ ਤੋਂ ਚਲੇ ਜਾਣ ਤੋਂ ਬਾਅਦ ਸਮਾਂ ਪਾ ਕੇ ਇਹ ਤਿਕੜੀ ਨਵੇਂ ਰੂਪ ਵਿੱਚ ਉਸੇ ਮਹਾਂਪੁਰਸ਼ ਦੇ ਨਾਮ ਤੇ ਨਵੀਆਂ ਮਰਿਯਾਦਾਵਾਂ, ਕਰਮਕਾਂਡਾਂ ਤੇ ਚਿੰਨ੍ਹਾਂ ਨਾਲ ਲੈਸ ਹੋ ਕੇ ਨਵਾਂ ਧਾਰਮਿਕ ਫਿਰਕਾ ਖੜਾ ਕਰਕੇ ਉਨ੍ਹਾਂ ਦੇ ਅਨੁਆਈਆਂ ਨੂੰ ਆਪਣੇ ਨਕਲੀ ਧਰਮ ਦੇ ਮਾਇਆ ਜਾਲ ਵਿੱਚ ਫਸਾ ਲੈਂਦੇ। ਅੱਜ ਦੇ ਪ੍ਰਚਲਤ ਹਰ ਜਥੇਬੰਦਕ ਛੋਟੇ ਵੱਡੇ ਧਾਰਮਿਕ ਫਿਰਕੇ ਵਿੱਚ ਨਕਲੀ ਧਰਮਾਂ ਦਾ ਪੂਰਾ ਬੋਲਬਾਲਾ ਹੈ ਤੇ ਅਸਲੀ ਧਰਮ ਇਨ੍ਹਾਂ ਵਿਚੋਂ ਪੂਰੀ ਤਰ੍ਹਾਂ ਅਲੋਪ ਹੋ ਚੁੱਕਾ ਹੈ। ਹਰ ਧਾਰਮਿਕ ਫਿਰਕਾ ਝੂਠੀਆਂ, ਅੰਧ ਵਿਸ਼ਵਾਸ਼ੀ, ਅਗਿਆਨਤਾ ਭਰਪੂਰ ਰੀਤਾਂ-ਰਸਮਾਂ, ਕਰਾਮਾਤਾਂ, ਕਰਮਕਾਂਡਾਂ, ਮਰਿਯਾਦਾਵਾਂ, ਪ੍ਰੰਪਰਾਵਾਂ, ਧਾਰਮਿਕ ਚਿੰਨ੍ਹਾਂ ਦਾ ਮਿਲਗੋਭਾ ਜਿਹਾ ਨਕਲੀ ਧਰਮ ਬਣ ਚੁੱਕਾ ਹੈ। ਇਸ ਲੇਖ ਲੜੀ ਦਾ ਮਕਸਦ ਆਮ ਵਿਅਕਤੀ ਨੂੰ ਜਿਥੇ ਧਰਮ ਦੇ ਨਾਮ ਤੇ ਬਣੇ ਹੋਏ ਇਨ੍ਹਾਂ ਧਾਰਮਿਕ ਫਿਰਕਿਆਂ ਵਿਚਲੇ ਨਕਲੀ ਧਰਮਾਂ ਤੋਂ ਜਾਣੂ ਕਰਾਉਣਾ ਹੈ, ਉਥੇ ਅਸਲੀ ਧਰਮ ਦੀ ਜਾਣ ਪਛਾਣ ਕਰਾਉਣਾ ਵੀ ਹੈ ਤਾਂ ਕਿ ਲੋਕ ਸੱਚੇ ਤੇ ਅਸਲੀ ਧਰਮ ਨਾਲ ਜੁੜ ਸਕਣ। ਕੋਸ਼ਿਸ਼ ਇਹੀ ਹੈ ਕਿ ਲੋਕ ਬੇਹੋਸ਼ੀ ਤੋਂ ਜਾਗ ਪੈਣ ਤੇ ਪਛਾਣ ਕਰਨ ਦੇ ਸਮਰੱਥ ਹੋ ਸਕਣ ਕਿ ਜਿਸਨੂੰ ਉਹ ਤਨੋ, ਮਨੋ, ਧਨੋ ਧਰਮ ਸਮਝ ਕੇ ਆਪਾ ਨਿਛਾਵਰ ਕਰ ਰਹੇ ਹਨ, ਕੀ ਉਸ ਵਿੱਚ ਕੁੱਝ ਧਰਮ ਦਾ ਅੰਸ਼ ਹੈ ਵੀ ਜਾਂ ਉਹ ਸਿਰਫ ਪੁਜਾਰੀਆਂ ਦੀਆਂ ਬਣਾਈਆਂ ਅਗਿਆਨਤਾ ਤੇ ਅੰਧ ਵਿਸ਼ਵਾਸ਼ ਅਧਾਰਿਤ ਮਰਿਯਾਦਾਵਾਂ, ਰੀਤਾਂ-ਰਸਮਾਂ, ਕਰਮਕਾਂਡਾਂ ਦਾ ਭਾਰ ਹੀ ਢੋਹ ਰਹੇ ਹਨ। ਇਹ ਤਿਕੜੀ ਧਰਮ ਨੂੰ ਵਧਾਉਣ, ਧਰਮ ਦਾ ਰਾਜ ਸਥਾਪਿਤ ਕਰਨ ਅਤੇ ਧਰਮ ਨੂੰ ਖਤਰੇ ਦੇ ਨਾਂ ਤੇ ਪਿਛਲੇ 5 ਹਜ਼ਾਰ ਸਾਲਾਂ ਵਿੱਚ 15 ਹਜ਼ਾਰ ਤੋਂ ਵੱਧ ਯੁੱਧਾਂ ਰਾਹੀਂ ਮਨੁੱਖਤਾ ਦਾ ਵੱਡੇ ਪੱਧਰ ਤੇ ਘਾਣ ਕਰ ਚੁੱਕੀ ਹੈ। ਅੱਜ ਵੀ ਦੁਨੀਆਂ ਦੇ ਵੱਖ-ਵੱਖ ਖਿੱਤਿਆਂ ਵਿੱਚ ਧਰਮ ਅਧਾਰਿਤ ਹਥਿਆਰਬੰਦ ਸੰਗਠਨ ਧਰਮ ਨੂੰ ਖਤਰਾ, ਧਰਮ ਦਾ ਰਾਜ ਜਾਂ ਧਰਮ ਦਾ ਪ੍ਰਸਾਰ ਦੇ ਨਾਮ ਹੇਠ ਮਾਨਵਤਾ ਦਾ ਖੂਨ ਵਹਾ ਰਹੇ ਹਨ। ਅੱਜ ਕਿਸੇ ਵੀ ਅਖੌਤੀ ਧਰਮ ਨੂੰ ਖਤਰਾ ਨਾਸਤਿਕਾਂ, ਸਾਇੰਸਦਾਨਾਂ, ਅਧੁਨਿਕਵਾਦੀਆਂ ਜਾਂ ਧਰਮ ਵਿਰੋਧੀਆਂ ਤੋਂ ਨਹੀਂ, ਇਨ੍ਹਾਂ ਨਕਲੀ ਧਰਮਾਂ ਤੇ ਕਾਬਿਜ਼ ਇਸ ਤਿੱਕੜੀ ਤੋਂ ਹੈ। ਇਨ੍ਹਾਂ ਤੇ ਕਾਬਿਜ਼ ਕੱਟੜਪੰਥੀ ਤਾਕਤਾਂ ਤੋਂ ਹੈ, ਜੋ ਆਪਣੇ ਫਿਰਕੇ ਦੀਆਂ ਧਾਰਮਿਕ ਰਸਮਾਂ (ਪੂਜਾ-ਪਾਠ), ਧਾਰਮਿਕ ਚਿੰਨ੍ਹਾਂ ਜਾਂ ਬਾਹਰੀ ਧਾਰਮਿਕ ਦਿਖਾਵਿਆਂ-ਪਹਿਰਾਵਿਆਂ ਨੂੰ ਹੀ ਧਰਮ ਸਮਝਦੀਆਂ ਹਨ ਹੈ ਤੇ ਇਨ੍ਹਾਂ ਨੂੰ ਲੋਕਾਂ ਤੇ ਤਾਕਤ ਦੇ ਜ਼ੋਰ ਨਾਲ ਥੋਪਣਾ ਚਾਹੁੰਦੀਆਂ ਹਨ। ਤੁਸੀਂ ਇਸ ਲੇਖ ਲੜੀ ਬਾਰੇ ਆਪਣੇ ਵਿਚਾਰ ਭੇਜ ਸਕਦੇ ਹੋ ਤਾਂ ਕਿ ਗੱਲ ਅੱਗੇ ਤੁਰ ਸਕੇ। ਤੁਹਾਡੇ ਸੁਝਾਵਾਂ ਤੇ ਵਿਚਾਰਾਂ ਬਾਰੇ ਗੰਭੀਰਤਾ ਨਾਲ ਵਿਚਾਰ ਕੀਤੀ ਜਾਵੇਗੀ।
ਨਕਲੀ ਧਰਮਾਂ ਦੀ ਦੁਨੀਆਂ ਵੀ ਬੜੀ ਅਜੀਬ ਹੈ, ਬਾਹਰੋਂ ਪ੍ਰਚਾਰ ਤਾਂ ਅਜਿਹਾ ਕਰਦੇ ਹਨ ਕਿ ਉਨ੍ਹਾਂ ਦੇ ਧਰਮ ਦੀ ਬੁਨਿਆਦ ਸੱਚ ਤੇ ਅਧਾਰਿਤ ਹੈ ਤੇ ਧਰਮ ਸੱਚ ਦਾ ਮਾਰਗ ਹੁੰਦਾ ਹੈ। ਪਰ ਅਸਲੀਅਤ ਵਿੱਚ ਪੁਜਾਰੀਆਂ ਦੇ ਨਕਲੀ ਧਰਮਾਂ ਦਾ ਸਾਰਾ ਧੰਦਾ ਕੂੜ ਤੇ ਅਗਿਆਨਤਾ ਅਧਾਰਿਤ ਹੀ ਹੁੰਦਾ ਹੈ। ਇਸ ਤੋਂ ਪਹਿਲਾਂ ਕਿ ਅਸੀਂ ਇਨ੍ਹਾਂ ਦੇ ਝੂਠੇ, ਫੋਕੇ ਤੇ ਗੱਪਾਂ ਅਧਾਰਿਤ ਨਕਲੀ ਧਰਮ ਦੀ ਗੱਲ ਕਰੀਏ, ਇਹ ਦੱਸਣਾ ਵੀ ਵਾਜ਼ਿਬ ਰਹੇਗਾ ਕਿ ਜਦੋਂ ਤੋਂ ਅਸੀਂ ਨਕਲੀ ਧਰਮਾਂ ਦੀ ਅਸਲੀਅਤ ਬਿਆਨਦੀ ਇਹ ਲੇਖ ਲੜੀ ਸ਼ੁਰੂ ਕੀਤੀ ਹੈ, ਉਦੋਂ ਤੋਂ ਇਨ੍ਹਾਂ ਪੁਜਾਰੀਆਂ ਨੂੰ ਘੱਟ ਤੇ ਇਨ੍ਹਾਂ ਦੇ ਅੰਧ ਵਿਸ਼ਵਾਸ਼ੀ ਸ਼ਰਧਾਲੂਆਂ ਨੂੰ ਤਕਲੀਫ ਵੱਧ ਹੁੰਦੀ ਹੈ। ਤਕਰੀਬਨ 2 ਸਾਲ ਤੋਂ ਚੱਲ ਰਹੀ ਇਸ ਲੜੀ ਵਿੱਚ ਉਠਾਏ ਨੁਕਤਿਆਂ ਦਾ ਉਨ੍ਹਾਂ ਸਿੱਧੇ ਢੰਗ ਨਾਲ ਜਵਾਬ ਤਾਂ ਨਹੀਂ ਦਿੱਤਾ, ਪਰ ਅਸਿੱਧੇ ਢੰਗ ਨਾਲ ਆਪਣਾ ਪੁਰਾਣਾ ਮਾਰੂ ਹਥਿਆਰ ਵਰਤ ਰਹੇ ਹਨ ਕਿ ਲੇਖਕ ਨਾਸਤਿਕ ਹੈ, ਧਰਮ ਵਿਰੋਧੀ ਹੈ, ਰੱਬ ਨੂੰ ਨਹੀਂ ਮੰਨਦਾ, ਸ਼ਰਧਾਹੀਣ ਹੈ ਆਦਿ। ਅਜਿਹਾ ਵੀ ਸੁਣਨ ਵਿੱਚ ਆਇਆ ਹੈ ਕਿ ਇਹ ਤਾਂ ਧਰਮ ਦੀ ਹਰ ਮਾਣ ਮਰਿਯਾਦਾ ਤੇ ਹਮਲਾ ਕਰ ਰਿਹਾ ਹੈ। ਉਹ ਕੋਸ਼ਿਸ਼ ਕਰਦੇ ਹਨ ਕਿ ਸ਼ਰਧਾਲੂ ਇਨ੍ਹਾਂ ਲੇਖਾਂ ਨੂੰ ਪੜ੍ਹਨ ਹੀ ਨਾ ਕਿਉਂਕਿ ਉਨ੍ਹਾਂ ਨੂੰ ਆਪਣੇ ਝੂਠ ਦੇ ਮਹੱਲ ਨਕਲੀ ਧਰਮ ਤੇ ਕੋਈ ਭਰੋਸਾ ਨਹੀਂ, ਉਨ੍ਹਾਂ ਨੂੰ ਪਤਾ ਹੈ ਕਿ ਜੇ ਲੋਕ ਜਾਗਰੂਕ ਹੋ ਕੇ ਸਵਾਲ ਕਰਨ ਲੱਗ ਗਏ ਤਾਂ ਇਨ੍ਹਾਂ ਦੇ ਝੂਠ ਦਾ ਪਾਜ਼ ਖੁੱਲਦਿਆਂ ਦੇਰ ਨਹੀਂ ਲੱਗਣੀ। ਉਹ ਸਦੀਆਂ ਤੋਂ ਚੱਲ ਰਹੇ ਇਸ ਲੁੱਟ ਦੇ ਧੰਦੇ ਨੂੰ ਚਲਦਾ ਰੱਖਣ ਲਈ ਹਰ ਯਤਨ ਕਰ ਰਹੇ ਹਨ। ਅੱਜ ਦਾ ਪੁਜਾਰੀ ਆਪਣੀ ਲੜਾਈ ਸਿੱਧੀ ਆਪ ਲੜਨ ਦਿ ਥਾਂ ਸ਼ਰਧਾਲੂਆਂ ਦੇ ਮੋਢੇ ਰੱਖ ਕੇ ਚਲਾਉਣ ਵਿੱਚ ਮਾਹਿਰ ਹੈ। ਅਸੀਂ ਚਾਹੁੰਦੇ ਹਾਂ ਕਿ ਜੇ ਉਨ੍ਹਾਂ ਦੇ ਇਨ੍ਹਾਂ ਨਕਲੀ ਧਰਮਾਂ ਵਿੱਚ ਜ਼ਰਾ ਜਿੰਨੀ ਵੀ ਸਚਾਈ ਹੈ ਤਾਂ ਉਠਾਏ ਜਾ ਰਹੇ ਨੁਕਤਿਆਂ ਦਾ ਦਲੀਲ ਨਾਲ ਜਵਾਬ ਦੇਣ ਦੀ ਹਿੰਮਤ ਕਰਨ ਤਾਂ ਕਿ ਲੋਕਾਂ ਨੂੰ ਅਸਲੀਅਤ ਪਤਾ ਲੱਗ ਸਕੇ। ਬੇਸ਼ਕ ਅੱਜ ਦਾ ਪੜ੍ਹਿਆ ਲਿਖਿਆ ਤੇ ਸੂਝਵਾਨ ਵਰਗ ਇਨ੍ਹਾਂ ਦੀ ਚੁੰਗਲ ਵਿਚੋਂ ਨਿਕਲ ਰਿਹਾ ਹੈ, ਪਰ ਇਹ ਗਿਣਤੀ ਬਹੁਤ ਥੋੜੀ ਹੈ। ਧਰਮ ਦਾ ਡਰ ਤੇ ਧਰਮ ਵਲੋਂ ਦਿੱਤਾ ਲਾਲਚ ਮਨੁੱਖ ਨੂੰ ਪੁਜਾਰੀਆਂ ਦੇ ਫਾਹੀ ਜ਼ਾਲ ਵਿਚੋਂ ਨਿਕਲਣ ਨਹੀਂ ਦਿੰਦਾ। ਜਿਹੜੇ ਸੂਝਵਾਨ ਸੱਜਣ ਇਸ ਗੱਲ ਨੂੰ ਸਮਝ ਰਹੇ ਹਨ, ਉਨ੍ਹਾਂ ਨੂੰ ਚਾਹੀਦਾ ਹੈ ਕਿ ਸਾਡੇ ਵਰਗੇ ਕੁੱਝ ਲੋਕਾਂ ਦੇ ਯਤਨਾਂ ਤੇ ਤਸੱਲੀ ਨਾ ਪ੍ਰਗਟ ਕਰਦੇ ਰਹਿਣ, ਆਪ ਵੀ ਯਤਨ ਕਰਨ। ਬੇਸ਼ਕ ਜਾਗਰੂਕ ਲੋਕਾਂ ਦੀ ਗਿਣਤੀ ਥੋੜੀ ਹੈ, ਪਰ ਇਨ੍ਹਾਂ ਦੇ ਨਕਲੀ ਧਰਮਾਂ ਦੇ ਮਾਇਆਜ਼ਾਲ ਵਿੱਚ ਫਸੇ ਲੋਕ ਵੀ ਬਹੁਤ ਦੁਖੀ ਹਨ, ਉਹ ਇਸ ਵਿਚੋਂ ਨਿਕਲਣਾ ਚਾਹੁੰਦੇ ਹਨ, ਪਰ ਪਰਿਵਾਰਾਂ ਜਾਂ ਸਮਾਜ ਦੇ ਦਬਾਅ ਅਧੀਨ ਆਪਣਾ ਫੈਸਲਾ ਆਪ ਕਰਨ ਦੇ ਸਮਰੱਥ ਨਹੀਂ, ਇਸ ਲਈ ਸਾਡਾ ਸਭ ਦਾ ਫਰਜ਼ ਬਣਦਾ ਹੈ ਕਿ ਅਸੀਂ ਉਨ੍ਹਾਂ ਨੂੰ ਫੈਸਲਾ ਕਰਨ ਵਿੱਚ ਮੱਦਦਗਾਰ ਬਣੀਏ। ਜਿਸ ਤਰ੍ਹਾਂ ਇੱਕ ਜਗਦਾ ਦੀਵਾ ਅਨੇਕਾਂ ਹੋਰ ਦੀਵੇ ਜਗਾ ਸਕਦਾ ਹੈ, ਉਸੇ ਤਰ੍ਹਾਂ ਸਾਨੂੰ ਵੀ ਆਪਣਾ ਫਰਜ਼ ਪਛਾਣ ਕੇ ਗਿਆਨ ਦੀ ਟੌਰਚ ਅੱਗੇ ਤੋਂ ਅੱਗੇ ਤੋਰਨ ਵਿੱਚ ਯੋਗਦਾਨ ਪਾਉਣਾ ਚਾਹੀਦਾ ਹੈ। ਜੇ ਬਹੁਤਾ ਕੁੱਝ ਨਹੀਂ ਕਰ ਸਕਦੇ ਤਾਂ ਇਹ ਲੇਖ ਲੜੀ ਵੱਧ ਤੋਂ ਵੱਧ ਲੋਕਾਂ ਨੂੰ ਪੜ੍ਹਨ ਲਈ ਦੇ ਸਕਦੇ ਹੋ। ਗੱਲ ਅੱਗੇ ਤੋਰਨ ਤੋਂ ਪਹਿਲਾਂ ਇੱਕ ਵਾਰ ਫਿਰ ਯਾਦ ਕਰਾਉਣਾ ਚਾਹੁੰਦਾ ਹਾਂ ਕਿ ਨਕਲੀ ਧਰਮਾਂ ਦਾ ਸਦੀਆਂ ਪੁਰਾਣਾ ਧਰਮ ਅਧਾਰਿਤ ਧੰਦਾ ਸਿਰਫ ਤੇ ਸਿਰਫ ਡਰ, ਲਾਲਚ ਤੇ ਅਗਿਆਨਤਾ ਨਾਲ ਹੀ ਚੱਲ ਰਿਹਾ ਹੈ। ਜੇ ਅਸੀਂ ਆਪਣੇ ਮਨ ਵਿਚੋਂ ਸਾਰੇ ਤਰ੍ਹਾਂ ਡਰ ਕੱਢ ਕੇ, ਧਰਮ ਦੇ ਨਕਲੀ ਦਾਅਵਿਆਂ ਤੋਂ ਆਸ ਛੱਡ ਕੇ, ਗਿਆਨ ਦੇ ਮਾਰਗ ਦੇ ਪਾਂਧੀ ਬਣ ਜਾਈਏ ਤਾਂ ਸਾਡੀ ਕੋਈ ਲੁੱਟ ਨਹੀਂ ਕਰ ਸਕਦਾ ਤੇ ਅਸੀਂ ਅਸਲੀ ਧਰਮੀ ਬਣਨ ਵੱਲ ਤੁਰ ਸਕਦੇ ਹਾਂ।
ਜਦੋਂ ਅਸੀਂ ਆਪਣੇ ਬ੍ਰਹਿਮੰਡ ਬਾਰੇ ਦੇਖਦੇ ਹਾਂ ਤੇ ਸਾਇੰਸਦਾਨਾਂ ਦੀਆਂ ਖੋਜਾਂ ਰਾਹੀਂ ਪ੍ਰਾਪਤ ਹੋਏ ਨਤੀਜਿਆਂ ਦੀ ਜਾਣਕਾਰੀ ਹਾਸਿਲ ਕਰਦੇ ਹਾਂ ਤਾਂ ਪਤਾ ਲਗਦਾ ਹੈ ਕਿ ਇਹ ਬ੍ਰਹਿਮੰਡ ਬੜਾ ਵਿਸ਼ਾਲ ਤੇ ਅਸੀਮ ਹੈ। ਇਸਦਾ ਅੰਤ ਪਾਉਣਾ ਸ਼ਾਇਦ ਮਨੁੱਖ ਦੇ ਵੱਸ ਵਿੱਚ ਨਹੀਂ। ਪਰ ਸੂਝਵਾਨ ਤੇ ਖੋਜੀ ਬਿਰਤੀ ਦੇ ਮਨੁੱਖ ਸਦੀਆਂ ਤੋਂ ਆਪਣੀ ਸਮਰੱਥਾ ਅਨੁਸਾਰ ਇਸਦੀ ਨਿਰੰਤਰ ਖੋਜ ਕਰ ਰਹੇ ਹਨ। ਉਨ੍ਹਾਂ ਦੀ ਹਜਾਰਾਂ ਸਾਲਾਂ ਦੀ ਖੋਜੀ ਬਿਰਤੀ ਤੇ ਮਿਹਨਤ ਦਾ ਹੀ ਨਤੀਜਾ ਹੈ ਕਿ ਮਨੁੱਖ ਨੂੰ ਇਸ ਸ੍ਰਿਸ਼ਟੀ ਬਾਰੇ ਜਾਣਕਾਰੀ ਮਿਲ ਸਕੀ ਹੈ। ਮਨੁੱਖ ਦੀਆਂ ਖੋਜਾਂ ਨੇ ਇਹ ਵੀ ਸਾਬਿਤ ਕੀਤਾ ਹੈ ਕਿ ਇਸ ਬ੍ਰਹਿਮੰਡ ਇੱਕ ਬੱਝਵੇਂ ਨਿਯਮ ਵਿੱਚ ਨਿਰੰਤਰ ਚੱਲ ਰਿਹਾ ਹੈ। ਇਨ੍ਹਾਂ ਬੱਝਵੇਂ ਨਿਯਮਾਂ (ਕੁਦਰਤ ਦੇ ਨਿਯਮਾਂ) ਨੂੰ ਬੇਸ਼ਕ ਬਦਲਿਆ ਤੇ ਨਹੀਂ ਜਾ ਸਕਦਾ, ਪਰ ਇਨ੍ਹਾਂ ਨੂੰ ਸਮਝ ਕੇ ਮਨੁੱਖਤਾ ਦਾ ਭਲਾ ਜਰੂਰ ਕੀਤਾ ਜਾ ਸਕਦਾ ਹੈ। ਇਨ੍ਹਾਂ ਨਿਯਮਾਂ ਨੂੰ ਸਮਝ ਕੇ ਹੀ ਮਨੁੱਖ ਨੇ ਹੁਣ ਤੱਕ ਤਰੱਕੀ ਦੀਆਂ ਪੁਲਾਂਘਾਂ ਪੁੱਟੀਆਂ ਹਨ ਤੇ ਆਪਣੇ ਇਸ ਧਰਤੀ ਰੂਪੀ ਗ੍ਰਹਿ `ਚੋਂ ਨਿਕਲ ਕੇ ਹੋਰ ਗ੍ਰਿਹਾਂ ਤੱਕ ਜਾਣ ਦੀ ਤੇ ਉਨ੍ਹਾਂ ਬਾਰੇ ਜਾਨਣ ਦੀ ਕੋਸ਼ਿਸ਼ ਕੀਤੀ ਹੈ। ਇਹ ਸਭ ਕੁਦਰਤ ਵਲੋਂ ਮਿਲੇ ਦਿਮਾਗ ਨੂੰ ਵਰਤਣ ਨਾਲ ਹੀ ਸੰਭਵ ਹੋਇਆ, ਨਾ ਕਿ ਇਨ੍ਹਾਂ ਨਿਯਮਾਂ ਦੇ ਪੂਜਾ ਪਾਠ ਕਰਨ ਨਾਲ ਜਾਂ ਨਿਯਮਾਂ ਦਾ ਜਾਪ ਕਰਨ ਨਾਲ। ਜਿਉਂ ਜਿਉਂ ਮਨੁੱਖ ਕੁਦਰਤ ਦੇ ਭੇਦਾਂ ਨੂੰ ਖੋਲਦਾ ਜਾ ਰਿਹਾ ਹੈ, ਨਵੇਂ ਨਵੇਂ ਰਹੱਸ ਸਾਹਮਣੇ ਆ ਰਹੇ ਹਨ। ਜੋ ਕੁੱਝ ਅੱਜ ਦੇ ਮਨੁੱਖ ਨੇ ਪ੍ਰਾਪਤ ਕਰ ਲਿਆ ਹੈ, ਸ਼ਾਇਦ ਹਜਾਰਾਂ ਨਹੀਂ, ਸੈਂਕੜੇ ਸਾਲ ਪਹਿਲਾਂ ਦੇ ਮਨੁੱਖ ਨੇ ਕਦੇ ਸੋਚਿਆ ਵੀ ਨਾ ਹੋਵੇ। ਪਰ ਜੇ ਇਹ ਸਭ ਸੰਭਵ ਹੋਇਆ ਹੈ ਤਾਂ ਸਭ ਖੋਜੀ ਸਾਇੰਸਦਾਨਾਂ ਦੀ ਲਗਨ, ਮਿਹਨਤ ਤੇ ਇਮਾਨਦਾਰੀ ਨਾਲ ਹੀ ਸੰਭਵ ਹੋ ਸਕਿਆ ਹੈ। ਜੇ ਬਹੁਤ ਸਾਰੇ ਸਾਇੰਸਦਾਨਾਂ ਦੀ ਜੀਵਨੀ ਪੜ੍ਹ ਕੇ ਦੇਖੋ ਤਾਂ ਪਤਾ ਲਗਦਾ ਹੈ ਕਿ ਉਨ੍ਹਾਂ ਨੇ ਆਪਣੀ ਸਾਰੀ ਜ਼ਿੰਦਗੀ ਮਨੁੱਖਤਾ ਦੀ ਭਲਾਈ ਲਈ ਖੋਜ ਕਾਰਜਾਂ ਵਿੱਚ ਲਗਾ ਦਿੱਤੀ, ਜਿਨ੍ਹਾਂ ਦੀ ਬਦੌਲਤ ਅੱਜ ਦਾ ਮਨੁੱਖ ਅਨੇਕਾਂ ਤਰ੍ਹਾਂ ਦੀਆਂ ਸੁੱਖ ਸਹੂਲਤਾਂ ਮਾਣਦਾ ਹੈ। ਕਈ ਅਜਿਹੇ ਵੀ ਸਾਇੰਸਦਾਨ ਹੋਏ ਹਨ, ਜਿਹੜੇ ਸਾਰੀ ਉਮਰ ਕੁਦਰਤ ਨੂੰ ਜਾਨਣ, ਉਸਦੇ ਗੁੱਝੇ ਭੇਦਾਂ ਨੂੰ ਲੱਭਣ ਵਿੱਚ ਇਤਨੇ ਮਗਨ ਰਹੇ ਕਿ ਉਨ੍ਹਾਂ ਨੇ ਆਪ ਜ਼ਿੰਦਗੀ ਦੀਆਂ ਹੋਰ ਸੁੱਖ ਸਹੂਲਤਾਂ ਤੇ ਕੀ ਮਾਨਣੀਆਂ ਸੀ, ਸਗੋਂ ਵਿਆਹ ਵੀ ਨਹੀਂ ਕਰਵਾਏ ਤੇ ਜਦੋਂ ਉਨ੍ਹਾਂ ਨੂੰ ਪੁਛਿਆ ਗਿਆ ਕਿ ਤੁਸੀਂ ਵਿਆਹ ਕਿਉਂ ਨਹੀਂ ਕਰਵਾਇਆ ਤਾਂ ਇੱਕ ਸਾਇੰਸਦਾਨ ਨੇ ਬੜੀ ਮਾਸੂਮੀਅਤ ਨਾਲ ਕਿਹਾ ਕਿ ਉਹ ਆਪਣੀ ਖੋਜ ਵਿੱਚ ਇਤਨੇ ਬਿਜ਼ੀ ਰਹੇ ਕਿ ਵਿਆਹ ਦਾ ਚੇਤਾ ਹੀ ਨਹੀਂ ਰਿਹਾ। ਇਹ ਸਾਰਾ ਕੁੱਝ ਦੱਸਣ ਤੋਂ ਭਾਵ ਇਹ ਹੈ ਕਿ ਸਾਇੰਸਦਾਨਾਂ ਨੇ ਚੁੱਪ ਚਪੀਤੇ, ਬੜੀ ਲਗਨ ਤੇ ਬੜੀ ਨਿਮਰਤਾ ਨਾਲ ਸਾਦਾ ਜ਼ਿੰਦਗੀ ਗੁਜਾਰਦੇ ਹੋਏ ਬੇਸ਼ਕ ਅਨੇਕਾਂ ਵੱਡੇ ਵੱਡੇ ਕਾਰਨਾਮੇ ਕਰਕੇ ਦਿਖਾਏ, ਪਰ ਕਦੇ ਝੂਠਾ ਜਾਂ ਫੋਕਾ ਦਾਅਵਾ ਨਹੀਂ ਕੀਤਾ। ਉਨ੍ਹਾਂ ਨੇ ਜੇ ਕੋਈ ਦਾਅਵਾ ਕੀਤਾ ਵੀ ਤਾਂ ਉਸਦੀ ਪਰਖ ਲਈ ਫਾਰਮੂਲਾ ਵੀ ਤਿਆਰ ਕਰਕੇ ਦਿੱਤਾ ਤੇ ਉਹ ਫਾਰਮੂਲਾ ਉਨ੍ਹਾਂ ਕਿਸੇ ਤੋਂ ਲੁਕੋ ਕੇ ਨਹੀਂ ਰੱਖਿਆ ਕਿ ਪਹਿਲਾਂ ਮੇਰੀ ਪੂਜਾ ਕਰੋ, ਮੇਰੇ ਤੋਂ ਨਾਮ ਲਵੋ ਜਾਂ ਮੇਰਾ ਨਾਮ ਜਪੋ ਤੇ ਫਿਰ ਇਹ ਫਾਰਮੂਲਾ ਮਿਲੇਗਾ। ਨਾ ਹੀ ਕਦੇ ਕਿਸੇ ਸਾਇੰਸਦਾਨ ਨੇ ਅਜਿਹਾ ਹੀ ਕਿਹਾ ਕਿ ਮੇਰੇ ਫਾਰਮੂਲੇ ਸਿਰਫ ਕੁੱਝ ਖਾਸ ਕਿਸਮ ਦੇ ਪਹਿਰਾਵੇ ਵਾਲੇ ਜਾਂ ਖਾਸ ਤਰ੍ਹਾਂ ਦੇ ਚਿੰਨ੍ਹ ਧਾਰਨ ਕਰਨ ਵਾਲਿਆਂ ਜਾਂ ਕਿਸੇ ਖਾਸ ਫਿਰਕੇ ਲਈ ਹਨ, ਹਰ ਸਾਇੰਸਦਾਨ ਦੀ ਹਰ ਖੋਜ਼ ਸਾਰੀ ਮਨੁੱਖਤਾ ਲਈ ਸੀ ਤੇ ਹੈ। ਜੇ ਕਿਸੇ ਸਾਇੰਸਦਾਨ ਨੇ ਕੋਈ ਖੋਜ ਕੀਤੀ ਤੇ ਉਸਤੇ ਵੀ ਕੋਈ ਦਾਅਵਾ ਨਹੀਂ ਕੀਤਾ ਕਿ ਮੇਰੀ ਖੋਜ ਆਖਰੀ ਖੋਜ ਹੈ, ਜੋ ਮੈਂ ਖੋਜ ਲਿਆ ਉਹ ਹੀ ਆਖਰੀ ਸੱਚ ਹੈ, ਹੁਣ ਮੇਰੇ ਬਣਾਏ ਫਾਰਮੂਲਿਆਂ ਦੇ ਤੁਸੀਂ ਸਿਰਫ ਪਾਠ ਕਰਨੇ ਹਨ, ਉਸਦਾ ਗ੍ਰੰਥ ਬਣਾ ਕੇ ਪੂਜਾ ਹੀ ਕਰਨੀ ਹੈ, ਉਸਦਾ ਮੰਤਰ ਬਣਾ ਕੇ ਜਾਪ ਹੀ ਕਰਨਾ ਹੈ, ਉਸਦਾ ਤਵੀਤ ਬਣਾ ਕੇ ਗਲ਼ ਵਿੱਚ ਪਾਉਣਾ ਹੈ ਜਾਂ ਮੇਰੀ ਮੂਰਤੀ ਬਣਾ ਕੇ ਪੂਜਾ ਕਰਨੀ ਹੈ ਆਦਿ। ਕਦੇ ਕਿਸੇ ਸਾਇੰਸਦਾਨ ਨੇ ਅਜਿਹੀ ਵੀ ਕੋਈ ਪਾਬੰਧੀ ਨਹੀਂ ਲਗਾਈ ਕਿ ਮੇਰੀ ਖੋਜ ਦੇ ਨਤੀਜਿਆਂ ਜਾਂ ਮੇਰੇ ਫਾਰਮੂਲਿਆਂ ਤੇ ਕੋਈ ਹੋਰ ਖੋਜ ਨਹੀਂ ਕਰ ਸਕਦਾ, ਉਸਤੇ ਕੋਈ ਚਰਚਾ ਨਹੀਂ ਕਰ ਸਕਦਾ, ਉਸਤੇ ਕੋਈ ਕਿੰਤੂ ਪ੍ਰੰਤੂ ਨਹੀਂ ਕਰ ਸਕਦਾ। ਨਾ ਕਦੇ ਕਿਸੇ ਸਾਇੰਸਦਾਨ ਨੇ ਅਜਿਹਾ ਕਹਿਣ ਦੀ ਗੁਸਤਾਖੀ ਕੀਤੀ ਹੈ ਕਿ ਉਸਦੀ ਖੋਜ ਆਖਰੀ ਖੋਜ ਹੈ ਤੇ ਉਸਦੀ ਖੋਜ ਉਸਨੇ ਨਹੀਂ, ਰੱਬ ਨੇ ਆਪ ਉਸ ਕੋਲੋਂ ਸਿੱਧਾ ਇਲਾਹੀ ਹੁਕਮ ਭੇਜ ਕੇ ਕਰਵਾਈ ਹੈ, ਇਸ ਲਈ ਹੁਣ ਉਸਦੀ ਖੋਜ ਨੂੰ ਕੋਈ ਚੈਲਿੰਜ ਨਹੀਂ ਕਰ ਸਕਦਾ। ਇਹੀ ਵਜ੍ਹਾ ਹੈ ਕਿ ਸਾਇੰਸ ਨੇ ਆਪਣੀਆਂ ਖੋਜਾਂ ਵਿੱਚ ਬੜੀਆਂ ਮੱਲਾਂ ਮਾਰੀਆਂ ਹਨ, ਇੱਕ ਸਾਇੰਸਦਾਨਾਂ ਜਿਥੋਂ ਖੋਜ ਛੱਡਦਾ ਸੀ ਜਾਂ ਹੈ, ਉਥੋਂ ਅਗਲਾ ਸਾਇੰਸਦਾਨ ਤੁਰ ਪੈਂਦਾ ਰਿਹਾ ਹੈ ਤੇ ਅੱਗੇ ਤੋਂ ਅੱਗੇ ਖੋਜ ਕਰਦਾ ਜਾ ਰਿਹਾ ਹੈ। ਸਾਇੰਸਦਾਨਾਂ ਨੂੰ ਕਦੇ ਇਹ ਵੀ ਫਿਕਰ ਨਹੀਂ ਰਿਹਾ ਕਿ ਉਸਦੀ ਖੋਜ ਨੇ ਜੋ ਅੱਜ ਨਤੀਜੇ ਕੱਢੇ ਹਨ, ਕਿਤੇ ਉਸਤੋਂ ਅੱਗੇ ਹੋਰ ਬਰੀਕੀ ਵਿੱਚ ਖੋਜ ਕਰਨ ਨਾਲ ਉਹ ਨਤੀਜੇ ਗਲਤ ਨਾ ਸਾਬਿਤ ਹੋ ਜਾਣ, ਇਸ ਲਈ ਮੈਂ ਆਪਣਾ ਫਾਰਮੂਲਾ ਕਿਸੇ ਨਾ ਦੇਵਾਂ ਜਾਂ ਆਪਣੀਆਂ ਖੋਜਾਂ ਨੂੰ ਲੁਕੋ ਕੇ ਰੱਖ ਲਵਾਂ, ਨਹੀਂ ਅਜਿਹਾ ਨਹੀਂ ਹੋਇਆ, ਹਰ ਸਾਇੰਸਦਾਨ ਨੇ ਆਪਣੀਆਂ ਸਭ ਖੋਜਾਂ, ਫਾਰਮੂਲੇ ਜਨਤਕ ਕੀਤੇ ਤਾਂ ਕਿ ਆਉਣ ਵਾਲੇ ਸਾਇੰਸ ਦੇ ਵਿਦਿਆਰਥੀ ਉਨ੍ਹਾਂ ਤੋਂ ਲਾਭ ਉਠਾ ਕੇ ਅੱਗੇ ਵਧ ਸਕਣ। ਇਹੀ ਕਾਰਨ ਹੈ ਕਿ ਸਾਇੰਸ ਤੇ ਸਾਇੰਸਦਾਨ ਦਿਨੋ ਦਿਨ ਤਰੱਕੀ ਕਰਦੇ ਅੱਗੇ ਵਧਦੇ ਜਾ ਰਹੇ ਹਨ। ਨਿੱਤ ਨਵੀਆਂ ਖੋਜਾਂ ਕਰਕੇ ਮਨੁੱਖਤਾ ਦਾ ਭਲਾ ਕਰ ਰਹੇ ਹਨ। ਮਨੁੱਖ ਨੂੰ ਨਿੱਤ ਨਵੀਆਂ ਸੁੱਖ ਸਹੂਲਤਾਂ ਪ੍ਰਦਾਨ ਕਰ ਰਹੇ ਹਨ। ਵੱਡੇ-ਵੱਡੇ ਸਾਇੰਸਦਾਨ ਜਿਨ੍ਹਾਂ ਦੀ ਮਨੁੱਖਤਾ ਨੂੰ ਬੜੀ ਵੱਡੀ ਦੇਣ ਹੈ, ਅਸੀਂ ਉਨ੍ਹਾਂ ਦੇ ਨਾਮ ਤੇ ਸੁਣੇ ਹੋਣਗੇ, ਉਹ ਵੀ ਬਹੁਤ ਥੋੜੇ ਲੋਕਾਂ ਨੇ, ਪਰ ਕਦੇ ਕਿਸੇ ਸਾਇੰਸਦਾਨ ਨੇ ਆਪਣੀ ਪੂਜਾ ਨਹੀਂ ਕਰਵਾਈ, ਲੋਕਾਂ ਨੂੰ ਆਪਣੇ ਪੈਰੀਂ ਪੈਣ ਲਈ ਮਜਬੂਰ ਨਹੀਂ ਕੀਤਾ, ਲੋਕਾਂ ਦਾ ਸਰੀਰਕ ਜਾਂ ਮਾਨਸਿਕ ਸੋਸ਼ਣ ਨਹੀਂ ਕੀਤਾ। ਜੇ ਕਿਸੇ ਸਾਇੰਸਦਾਨ ਦੀ ਕੋਈ ਖੋਜ ਗਲਤ ਵੀ ਸਾਬਿਤ ਹੋਈ, ਉਸਨੇ ਇਸ ਸੱਚ ਨੂੰ ਖਿੜੇ ਮੱਥੇ ਪ੍ਰਵਾਨ ਕੀਤਾ।
ਹੁਣ ਇਸਦੇ ਉਲਟ ਜਦੋਂ ਅਸੀਂ ਨਕਲੀ ਧਰਮਾਂ ਨੂੰ ਦੇਖਦੇ ਹਾਂ, ਇਹ ਦਾਅਵੇ ਬੜੇ ਵੱਡੇ-ਵੱਡੇ ਕਰਦੇ ਹਨ। ਇਤਿਹਾਸ ਨੇ ਇਹ ਸਾਬਿਤ ਕੀਤਾ ਹੈ ਕਿ ਇਨ੍ਹਾਂ ਦੇ ਬਹੁਤੇ ਦਾਅਵੇ ਫੋਕੇ ਤੇ ਝੂਠੇ ਹੁੰਦੇ ਹਨ। ਝੂਠੀਆਂ, ਨਕਲੀ ਤੇ ਮਨਘੜਤ ਕਥਾ ਕਹਾਣੀਆਂ ਅਧਾਰਿਤ ਹੁੰਦੇ ਹਨ। ਆਪਣੇ ਗੁਰੂਆਂ, ਪੀਰਾਂ, ਪੈਗੰਬਰਾਂ, ਸਾਧਾਂ-ਸੰਤਾਂ ਦੇ ਨਾਮ ਨਾਲ ਅਜਿਹੀਆਂ ਕਥਾ-ਕਹਾਣੀਆਂ ਜੋੜਦੇ ਹਨ ਕਿ ਬੰਦਾ ਸੁਣ ਕੇ ਚਕਰਾ ਜਾਂਦਾ ਹੈ ਕਿ ਕੀ ਅਜਿਹਾ ਸੰਭਵ ਹੋ ਸਕਦਾ ਹੈ? ਪਰ ਪੁਜਾਰੀ ਗੱਪ ਮਾਰਨ ਲੱਗੇ ਕਦੇ ਥੋੜੀ ਬਹੁਤੀ ਵੀ ਸ਼ਰਮ ਮਹਿਸੂਸ ਨਹੀਂ ਕਰਦੇ। ਉਨ੍ਹਾਂ ਨੂੰ ਇਸ ਗੱਲ ਦਾ ਕੋਈ ਫਰਕ ਨਹੀਂ ਪੈਂਦਾ ਕਿ ਉਨ੍ਹਾਂ ਦੀ ਗੱਪ ਵਿੱਚ ਕੋਈ ਸਚਾਈ ਹੈ ਵੀ ਜਾਂ ਨਹੀਂ? ਹੈਰਾਨੀ ਉਸ ਵੇਲੇ ਹੁੰਦੀ ਹੈ, ਜਦੋਂ ਨਕਲੀ ਧਰਮਾਂ ਦੇ ਪੁਜਾਰੀ ਜਾਂ ਪ੍ਰਚਾਰਕ ਅਜਿਹੇ ਦਾਅਵੇ ਕਰਦੇ ਹਨ ਕਿ ਜਿਹੜੀ ਖੋਜ ਸਾਇੰਸਦਾਨ ਹੁਣ ਕਰ ਰਹੇ ਹਨ, ਉਹ ਤਾਂ ਸਾਡੇ ਧਰਮ ਗ੍ਰੰਥ ਵਿੱਚ ਹਜ਼ਾਰਾਂ ਸਾਲ ਪਹਿਲਾਂ ਲਿਖੀ ਹੋਈ ਸੀ। ਪਿਛੇ ਜਿਹੇ ਇੱਕ ਪੁਜਾਰੀ ਦੇ ਵਿਚਾਰ ਸੁਣਨ ਨੂੰ ਮਿਲੇ ਕਿ ਜਹਾਜ ਤਾਂ ਸਾਇੰਸਦਾਨਾਂ ਨੇ ਹੁਣ ਬਣਾਏ ਹਨ, ਸਾਡੇ ਗ੍ਰੰਥਾਂ ਵਿੱਚ ਹਜ਼ਾਰਾਂ ਸਾਲ ਪਹਿਲਾਂ ਉਡਣ ਖਟੋਲਿਆਂ ਦਾ ਜ਼ਿਕਰ ਮਿਲਦਾ ਹੈ। ਜਦੋਂ ਉਸਨੂੰ ਸਵਾਲ ਕੀਤਾ ਕਿ ਫਿਰ ਲੋਕ ਹਜ਼ਾਰਾਂ ਸਾਲ ਪੈਦਲ ਤੁਰ ਕੇ ਜਾਂ ਬੈਲ ਗੱਡੀਆਂ ਤੇ ਧੱਕੇ ਕਿਉਂ ਖਾਂਦੇ ਰਹੇ, ਤੁਸੀਂ ਆਪਣੇ ਉਡਣ ਖਟੋਲਿਆਂ ਬਾਰੇ ਦੁਨੀਆਂ ਨੂੰ ਦੱਸ ਕੇ ਮਨੁੱਖਤਾ ਦਾ ਭਲਾ ਕਿਉਂ ਨਹੀਂ ਕੀਤਾ ਤਾਂ ਕੋਈ ਜਵਾਬ ਨਹੀਂ ਸੀ। ਨਕਲੀ ਧਰਮਾਂ ਦੇ ਅਨਪੜ੍ਹ ਪੁਜਾਰੀ (ਪ੍ਰਚਾਰਕ) ਹੀ ਬੇ-ਸਿਰ ਪੈਰ ਗੱਪਾਂ ਨਹੀਂ ਛੱਡਦੇ, ਸਗੋਂ ਅਗਿਆਨਤਾ ਦੀ ਦਲ-ਦਲ ਵਿੱਚ ਫਸੇ ਹੋਏ ਇਨ੍ਹਾਂ ਦੇ ਪੜ੍ਹੇ ਲਿਖੇ (ਪਰ ਅੰਧ ਵਿਸ਼ਵਾਸ਼ੀ) ਵਿਦਵਾਨ ਵੀ ਅਜਿਹੇ ਫੋਕੇ ਦਾਅਵੇ ਕਰਨ ਤੋਂ ਸ਼ਰਮ ਮਹਿਸੂਸ ਨਹੀਂ ਕਰਦੇ। ਪਿਛੇ ਜਿਹੇ ਅਜਿਹੇ ਇੱਕ ਵਿਦਵਾਨ ਦਾ ਲੇਖ ਪੜ੍ਹਨ ਨੂੰ ਮਿਲਿਆ, ਜਿਸ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਉਨ੍ਹਾਂ ਦੇ ਧਰਮ ਗ੍ਰੰਥ ਵਿੱਚ ਸਾਇੰਸ ਬਾਰੇ ਅਜਿਹੀਆਂ ਸਚਾਈਆਂ ਹਨ, ਜਿਹੜੀਆਂ ਸਾਇੰਸਦਾਨ ਸ਼ਾਇਦ ਅਜੇ ਅਗਲੇ ਹਜ਼ਾਰਾਂ ਸਾਲ ਨਾ ਖੋਜ ਸਕਣ ਤੇ ਜੋ ਅੱਜ ਖੋਜਾਂ ਹੋਈਆਂ ਹਨ, ਉਨ੍ਹਾਂ ਵਿਚੋਂ ਬਹੁਤੀਆਂ ਬਾਰੇ ਪਹਿਲਾਂ ਹੀ ਸਾਡੇ ਗ੍ਰੰਥ ਵਿੱਚ ਜ਼ਿਕਰ ਹੈ। ਇਸ ਲਈ ਅਮਰੀਕਾ ਦੀ ਖੋਜ ਏਜੰਸੀ ‘ਨਾਸਾ’ ਨੇ ਸਾਡਾ ਗ੍ਰੰਥ ਭਵਿੱਖ ਦੀਆਂ ਖੋਜਾਂ ਲਈ ਰੱਖਿਆ ਹੋਇਆ ਹੈ। ਉਸ ਵਿਦਵਾਨ ਨੂੰ ਪੁਛਣ ਵਾਲਾ ਹੋਵੇ ਕਿ ਜੇ ਸਾਇੰਸ ਦੀਆਂ ਖੋਜਾਂ ਦੇ ਫਾਰਮੂਲੇ ਪਹਿਲਾਂ ਹੀ ਤੁਹਾਡੇ ਗ੍ਰੰਥ ਵਿੱਚ ਸਨ ਤਾਂ ਫਿਰ ਤੁਸੀਂ ਸੈਂਕੜੇ ਸਾਲਾਂ ਤੋਂ ਪੂਜਾ ਪਾਠ ਦੀ ਝੱਖ ਕਿਉਂ ਮਾਰ ਰਹੇ ਹੋ, ਤੁਸੀਂ ਕਿਉਂ ਨਹੀਂ ਖੋਜਾਂ ਕਰਕੇ ਮਨੁੱਖਤਾ ਦਾ ਭਲਾ ਕਰਦੇ? ਇਹੋ ਜਿਹੇ ਵਿਦਵਾਨ ਹੀ ਉਦੋਂ ਚੀਕ ਚਿਹਾੜਾ ਪਾਉਂਦੇ ਹਨ, ਜਦੋਂ ਕੋਈ ਸਾਇੰਸਦਾਨ ਇਨ੍ਹਾਂ ਦੇ ਧਰਮ ਗ੍ਰੰਥਾਂ ਨੂੰ ਆਪਣੀ ਖੋਜ ਨਾਲ ਗਲਤ ਸਾਬਿਤ ਕਰ ਦਿੰਦਾ ਹੈ। ਫਿਰ ਅਜਿਹੇ ਖੋਜੀਆਂ ਨੂੰ ਮਾਰਨ ਤੱਕ ਜਾਂਦੇ ਹਨ। ਅਨੇਕਾਂ ਸਾਇੰਸਦਾਨਾਂ ਨੂੰ ਅਖੌਤੀ ਧਰਮੀਆਂ ਨੇ ਸੱਚ ਨੂੰ ਪ੍ਰਗਟ ਕਰਨ ਕਰਕੇ ਸਖਤ ਸਜ਼ਾਵਾਂ ਦਿੱਤੀਆਂ ਤੇ ਮੌਤ ਦੇ ਘਾਟ ਵੀ ਉਤਾਰਿਆ। ਕਹਿਣ ਤੋਂ ਭਾਵ ਇਹ ਹੈ ਕਿ ਪੁਜਾਰੀ ਹੁਣ ਤੱਕ ਆਪਣੇ ਸ਼ਰਧਾਲੂਆਂ ਦੀ ਬਚਪਨ ਤੋਂ ਅਜਿਹੀ ਟਿਊਨਿੰਗ ਕਰਦਾ ਆ ਰਿਹਾ ਹੈ ਕਿ ਉਸਦਾ ਧਰਮ-ਕਰਮ ਬਾਰੇ ਸੋਚਣ ਦਾ ਜਿਵੇਂ ਪੁਰਜਾ ਹੀ ਕੱਢ ਲੈਂਦਾ ਹੈ, ਇਹੀ ਵਜ੍ਹਾ ਹੈ ਕਿ ਅਨਪੜ੍ਹ ਤਾਂ ਇੱਕ ਪਾਸੇ ਵੱਡੀਆਂ-ਵੱਡੀਆਂ ਸਾਇੰਸ ਦੀਆਂ ਡਿਗਰੀਆਂ ਪ੍ਰਾਪਤ ਲੋਕ ਵੀ ਧਰਮ ਦੇ ਵਿਹੜੇ ਵਿੱਚ ਵੜ੍ਹ ਕੇ ਸੋਚਣਾ ਬੰਦ ਕਰ ਦਿੰਦੇ ਹਨ। ਵੱਡੇ-ਵੱਡੇ ਨਾਸਤਿਕ ਵੀ ਬਹੁਤ ਵਾਰ ਧਰਮ ਬਾਰੇ ਕੋਈ ਟਿਪਣੀ ਕਰਨ ਵੇਲੇ ਕਈ ਵਾਰ ਸੋਚਦੇ ਹਨ ਕਿ ਕਿਤੇ ਕਿਸੇ ਸ਼ਰਧਾਲੂ ਦੀਆਂ ਭਾਵਨਾਵਾਂ ਨੂੰ ਠੇਸ ਨਾ ਪਹੁੰਚ ਜਾਵੇ। ਸ਼ਰਧਾਲੂਆਂ ਦੀਆਂ ਭਾਵਨਾਵਾਂ ਹਮੇਸ਼ਾਂ ਕੱਚ ਦਾ ਸਮਾਨ ਹੁੰਦੀਆਂ ਹਨ, ਜਿਹੜੀਆਂ ਟੁੱਟਣ ਜਾਂ ਤਿੜਕਣ ਲੱਗੀਆਂ ਮਿੰਟ ਨਹੀਂ ਲਗਾਉਂਦੀਆਂ। ਪੁਜਾਰੀ ਇਸੇ ਦਾ ਹਮੇਸ਼ਾਂ ਲਾਭ ਉਠਾਉਂਦੇ ਆ ਰਹੇ ਹਨ। ਨਕਲੀ ਧਰਮ ਦਾ ਸਾਰਾ ਧੰਦਾ ਜਿਨ੍ਹਾਂ ਧਾਰਨਾਵਾਂ ਦੇ ਸਿਰ ਤੇ ਟਿਕਿਆ ਹੋਇਆ ਹੈ, ਪੁਜਾਰੀ ਜਾਂ ਸ਼ਰਧਾਲੂ ਉਨ੍ਹਾਂ ਦੀ ਸਚਾਈ ਬਾਰੇ ਕਦੇ ਕੋਈ ਪ੍ਰਮਾਣ ਨਹੀਂ ਦੇ ਸਕੇ? ਹਜ਼ਾਰਾਂ ਸਾਲਾਂ ਤੋਂ ਮਨੁੱਖ ਨੂੰ ਸਵਰਗਾਂ ਦੇ ਝੂਠੇ ਲਾਰੇ ਜਾ ਰਹੇ ਹਨ, ਪਰ ਦੁਨੀਆਂ ਵਿੱਚ ਅਰਬਾਂ-ਖਰਬਾਂ ਲੋਕ ਜੰਮ ਕੇ ਮਰ ਚੁੱਕੇ ਹਨ ਤੇ ਅਰਬਾਂ ਇਸ ਵਕਤ ਜੀਵਤ ਹਨ, ਪੁਜਾਰੀ ਹਜ਼ਾਰਾਂ ਸਾਲ ਬਾਅਦ ਵੀ ਇੱਕ ਵੀ ਅਜਿਹਾ ਵਿਅਕਤੀ ਪੇਸ਼ ਨਹੀਂ ਕਰ ਸਕੇ ਜੋ ਸਵਰਗਾਂ ਵਿੱਚ ਜਾ ਕੇ, ਮੁੜ ਦਨੀਆਂ ਵਿੱਚ ਆ ਕੇ ਉਸਦੀ ਅਸਲੀ ਤਸਵੀਰ ਦੱਸ ਸਕਿਆ ਹੋਵੇ ਜਾਂ ਕਿਸੇ ਇੱਕ ਵਿਅਕਤੀ ਨੂੰ ਇਥੋਂ ਲਿਜਾ ਕੇ ਅਖੌਤੀ ਸਵਰਗ ਨਹੀਂ ਦਿਖਾ ਸਕੇ? ਇਸੇ ਤਰ੍ਹਾਂ ਇਹ ਹਜ਼ਾਰਾਂ ਸਾਲਾਂ ਤੋਂ ਮਨੁੱਖ ਨੂੰ ਨਰਕਾਂ ਦੇ ਡਰਾਵਿਆ ਦੇ ਨਾਮ ਤੇ ਲੁੱਟਦੇ ਆ ਰਹੇ ਹਨ, ਪਰ ਇਸ ਬਾਰੇ ਵੀ ਕੋਈ ਤੱਥ ਪੇਸ਼ ਨਹੀਂ ਕਰ ਸਕੇ, ਉਹ ਸਵਰਗ ਜਾਂ ਨਰਕ ਕਿਹੜੇ ਗ੍ਰਹਿ ਤੇ ਹਨ। ਉਨ੍ਹਾਂ ਨੂੰ ਇਸ ਬਾਰੇ ਜਾਣਕਾਰੀ ਕਿਥੋਂ ਮਿਲੀ, ਉਥੇ ਮਿਲਦੇ ਅਵਾਰਡ ਜਾਂ ਸਜ਼ਾਵਾਂ ਬਾਰੇ ਪੁਜਾਰੀਆਂ ਨੂੰ ਕਿਥੋਂ ਜਾਣਕਾਰੀ ਮਿਲੀ? ਇਸੇ ਤਰ੍ਹਾਂ ਅਗਲੇ-ਪਿਛਲੇ ਜਨਮਾਂ ਦੇ ਲੇਖੇ ਜੋਖੇ, 84 ਲੱਖ ਜੂਨਾਂ ਆਦਿ ਬਾਰੇ ਇਨ੍ਹਾਂ ਦੇ ਦਾਅਵੇ ਨਿਰਮੂਲ ਸਾਬਿਤ ਹੋਏ ਹਨ, ਕੋਈ ਸਬੂਤ ਨਹੀਂ ਪੇਸ਼ ਕਰ ਸਕੇ ਕਿ ਜਨਮ-ਮਰਨ ਦੀ ਖੇਡ ਕਿਵੇਂ ਚਲਦੀ ਹੈ? ਕੀ ਕੋਈ ਅਗਲਾ ਜਨਮ ਹੁੰਦਾ ਹੈ ਜਾਂ ਕੋਈ ਪਿਛਲਾ ਜਨਮ ਸੀ ਆਦਿ? ਇਸ ਬਾਰੇ ਵੀ ਬੇਸ਼ਕ ਹਜ਼ਾਰਾਂ ਸਾਲਾਂ ਤੋਂ ਸ਼ਰਧਾਲੂਆਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ, ਪਰ ਕੋਈ ਠੋਸ ਤੱਥ ਪੇਸ਼ ਨਹੀਂ ਕੀਤਾ? ਨਾ ਹੀ ਕਿਸੇ ਅਜਿਹੇ ਮੰਤਰ ਜਾਂ ਪੂਜਾ-ਪਾਠ ਦੀ ਵਿਧੀ ਦਾ ਫਾਰਮੂਲਾ ਹੀ ਪੇਸ਼ ਕਰ ਸਕੇ ਹਨ ਕਿ ਜਿਸਨੂੰ ਵਰਤ ਕੇ ਕੋਈ ਵਿਅਕਤੀ ਆਪਣੇ ਪਿਛਲੇ ਜਨਮਾਂ ਨੂੰ ਜਾਣ ਸਕੇ ਜਾਂ ਉਸਨੂੰ ਅਗਲੇ ਜਨਮਾਂ ਬਾਰੇ ਸੋਝੀ ਹੋ ਸਕੇ? ਇਸੇ ਤਰ੍ਹਾਂ ਨਕਲੀ ਧਰਮਾਂ ਦਾ ਵੱਡਾ ਆਸਰਾ ਕਰਾਮਾਤਾਂ ਤੇ ਹੁੰਦਾ ਹੈ, ਇਹ ਬਹੁਤੇ ਸ਼ਰਧਾਲੂਆਂ ਨੂੰ ਇਸੇ ਆਸ ਵਿੱਚ ਭਰਮਾ ਕੇ ਸਾਰੀ ਉਮਰ ਲੁੱਟਦੇ ਹਨ ਕਿ ਉਨ੍ਹਾਂ ਦੇ ਦੱਸੇ ਪੂਜਾ-ਪਾਠਾਂ ਜਾਂ ਜੰਤਰਾਂ-ਮੰਤਰਾਂ ਨਾਲ ਕਰਾਮਾਤਾਂ ਵਾਪਰਦੀਆਂ ਹਨ ਤੇ ਸ਼ਰਧਾਲੂਆਂ ਦੀਆਂ ਸਾਰੀਆਂ ਮਨੋ-ਕਾਮਨਾਵਾਂ ਪੂਰੀਆਂ ਹੋ ਜਾਂਦੀਆਂ ਹਨ। ਪਰ ਕਿਸੇ ਵੀ ਨਕਲੀ ਧਰਮ ਦਾ ਕੋਈ ਪੁਜਾਰੀ, ਪ੍ਰਚਾਰਕ, ਸ਼ਰਧਾਲੂ ਸਾਇੰਸ ਵਰਗਾ ਕੋਈ ਫਾਰਮੂਲਾ ਪੇਸ਼ ਨਹੀਂ ਕਰ ਸਕਿਆ, ਜਿਸਨੂੰ ਵਰਤ ਕੇ ਕੋਈ ਵੀ ਵਿਅਕਤੀ, ਕਿਸੇ ਵੀ ਵੀ ਜਗ੍ਹਾ ਆਪਣੇ ਰੱਬ ਕੋਲੋਂ ਕੋਈ ਮੂੰਹੋਂ ਮੰਗੀ ਮੁਰਾਦ ਪਾ ਲਵੇ ਜਾਂ ਕੋਈ ਕਰਾਮਾਤ ਕਰ ਲਵੇ? ਜਦੋਂ ਕੋਈ ਇਨ੍ਹਾਂ ਦੇ ਜ਼ਿਆਦਾ ਖਹਿੜੇ ਪਵੇ ਤਾਂ ਇਹ ਕਹਿ ਕੇ ਪੱਲਾ ਛੁਡਾਉਣਗੇ ਕਿ ਧਰਮ ਸ਼ਰਧਾ ਦਾ ਵਿਸ਼ਾ ਹੈ, ਨਾ ਕਿ ਤਰਕ ਜਾਂ ਦਲੀਲ ਦਾ। ਪੁਜਾਰੀਆਂ ਨੂੰ ਪਤਾ ਹੁੰਦਾ ਹੈ ਕਿ ਉਨ੍ਹਾਂ ਦੇ ਨਕਲੀ ਧਰਮ ਦੀ ਬੁਨਿਆਦ ਅਗਿਆਨਤਾ ਤੇ ਅੰਧ ਵਿਸ਼ਵਾਸ਼ ਹੈ, ਜੋ ਕਿ ਤਰਕ ਤੇ ਦਲੀਲ ਸਾਹਮਣੇ ਖੜ ਨਹੀਂ ਸਕਦੀ, ਇਸ ਲਈ ‘ਡੁੱਬਦੇ ਨੂੰ ਤਿਨਕੇ ਦਾ ਸਹਾਰਾ’ ਵਾਂਗ ਸ਼ਰਧਾ ਹੀ ਉਨ੍ਹਾਂ ਦਾ ਆਖਰੀ ਹਥਿਆਰ ਤੇ ਆਸਰਾ ਹੁੰਦਾ ਹੈ। ਬੇਸ਼ਕ ਧਰਮਾਂ ਵਿੱਚ ਕਰਾਮਾਤਾਂ ਦੀ ਕਥਾ ਕਹਾਣੀਆਂ ਧਰਮ ਪੁਜਾਰੀ ਸ਼ਰਧਾਲੂਆਂ ਨੂੰ ਪਿਛਲੇ 5 ਹਜ਼ਾਰ ਸਾਲ ਤੋਂ ਸੁਣਾਉਂਦੇ ਆ ਰਹੇ ਹਨ, ਉਨ੍ਹਾਂ ਦੇ ਲਿਖੇ ਹੋਏ ਧਰਮ ਗ੍ਰੰਥ ਵੀ ਕਰਾਮਾਤੀ ਕਹਾਣੀਆਂ ਨਾਲ ਭਰੇ ਪਏ ਹਨ, ਪਰ ਕਿਸੇ ਵੀ ਧਰਮ ਦਾ ਕੋਈ ਪੁਜਾਰੀ ਅੱਜ ਤੱਕ ਕੋਈ ਅਜਿਹਾ ਸਰਬ ਪ੍ਰਵਾਨਤ ਫਾਰਮੂਲਾ ਪੇਸ਼ ਨਹੀਂ ਕਰ ਸਕਿਆ, ਜਿਸਨੂੰ ਵਰਤ ਕੇ ਕੋਈ ਵੀ ਸ਼ਰਧਾਲੂ ਕੋਈ ਕਰਾਮਾਤ ਵਰਤਾ ਸਕਿਆ ਹੋਵੇ। ਕੁਦਰਤ ਦੇ ਅਟੱਲ ਨਿਯਮਾਂ ਨੂੰ ਬਦਲ ਕੇ ਆਪਣੇ ਹੱਕ ਵਿੱਚ ਭੁਗਤਾ ਸਕਿਆ ਹੋਵੇ ਜਾਂ ਕਿਸੇ ਦੇ ਵਿਰੋਧ ਵਿੱਚ ਵਰਤ ਸਕਿਆ ਹੋਵੇ। ਇਥੋਂ ਤੱਕ ਕਿ ਵੱਖ-ਵੱਖ ਧਰਮ ਗ੍ਰੰਥ ਵਿੱਚ ਵੱਖ-ਵੱਖ ਤਰ੍ਹਾਂ ਦੇ ਜਿਨ੍ਹਾਂ ਰੱਬਾਂ ਦਾ ਜ਼ਿਕਰ ਮਿਲਦਾ ਹੈ, ਕੀ ਅਜਿਹਾ ਰੱਬ ਕਿਸੇ ਸ਼ਰਧਾਲੂ ਨੂੰ ਅੱਜ ਤੱਕ ਮਿਲਿਆ, ਇਸ ਬਾਰੇ ਵੀ ਕੋਈ ਸੱਚਾ ਸਬੂਤ ਪੇਸ਼ ਨਹੀਂ ਕੀਤਾ ਜਾ ਸਕਿਆ। ਨਾ ਹੀ ਕੋਈ ਧਾਰਮਿਕ ਫਿਰਕਾ ਹਜ਼ਾਰਾਂ ਸਾਲ ਰੱਬ ਦੇ ਨਾਮ ਤੇ ਭਗਤੀਆਂ, ਜਪ-ਤਪ ਕਰਨ ਤੋਂ ਬਾਅਦ ਵੀ ਕੋਈ ਅਜਿਹਾ ਫਾਰਮੂਲਾ ਪੇਸ਼ ਕਰ ਸਕੇ, ਜਿਸ ਨਾਲ ਉਨ੍ਹਾਂ ਦੇ ਰੱਬ ਨੂੰ ਕੋਈ ਮਿਲ ਸਕਿਆ ਹੋਵੇ ਜਾਂ ਮਿਲ ਸਕਦਾ ਹੋਵੇ? ਨਾ ਹੀ ਕੋਈ ਅਜਿਹਾ ਦਾਅਵਾ ਪੇਸ਼ ਕੀਤਾ ਜਾ ਸਕਿਆ ਹੈ ਕਿ ਉਨ੍ਹਾਂ ਦੇ ਮੰਤਰਾਂ-ਜੰਤਰਾਂ, ਜਪ-ਤਪ, ਭਜਨ-ਬੰਦਗੀ ਲਈ ਕਿੰਨਾ ਸਮਾਂ ਲਗਾਉਣਾ ਪਵੇਗਾ ਕਿ ਮਰਜੀ ਦੇ ਰਿਜਲਟ ਲਏ ਜਾ ਸਕਣ। ਬੇਸ਼ਕ ਤਕਰੀਬਨ ਸਾਰੇ ਧਾਰਮਿਕ ਫਿਰਕੇ ਅਜਿਹੇ ਦਾਅਵੇ ਕਰਦੇ ਹਨ ਕਿ ਉਨ੍ਹਾਂ ਦੇ ਧਰਮ ਗ੍ਰੰਥਾਂ ਵਿੱਚ ਜੋ ਕੁੱਝ ਲਿਖਿਆ ਗਿਆ ਹੈ, ਉਹ ਆਖਰੀ ਸੱਚ ਹੈ ਕਿਉਂਕਿ ਉਹ ਕਿਸੇ ਨੇ ਆਪਣੀ ਅਕਲ ਨਾਲ ਨਹੀਂ, ਸਗੋਂ ਰੱਬ ਵਲੋਂ ਆਏ ਸਿੱਧੇ ਇਲਾਹੀ ਗਿਆਨ ਰਾਹੀਂ ਲਿਖਿਆ ਗਿਆ ਹੈ, ਇਸ ਲਈ ਸਭ ਕੁੱਝ ਸੱਚੋ-ਸੱਚ ਹੈ, ਜਿਸ ਬਾਰੇ ਨਾ ਕੋਈ ਵਿਚਾਰ ਕਰ ਸਕਦਾ ਹੈ, ਨਾ ਕੋਈ ਤਰਕ ਜਾਂ ਦਲੀਲ ਦੇ ਸਕਦਾ ਹੈ, ਨਾ ਕੋਈ ਕਿੰਤੂ-ਪ੍ਰੰਤੂ ਕਰ ਸਕਦਾ ਹੈ? ਪਰ ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਸਾਇੰਸ ਦੀਆਂ ਅਨੇਕਾਂ ਖੋਜਾਂ ਨੇ ਧਰਮ ਗ੍ਰੰਥਾਂ ਦੇ ਅਨੇਕਾਂ ਦਾਅਵਿਆਂ ਨੂੰ ਝੂਠੇ ਸਾਬਿਤ ਕੀਤਾ ਹੈ, ਪਰ ਕੋਈ ਵੀ ਧਾਰਮਿਕ ਫਿਰਕਾ ਸਾੰਿੲੰਸ ਦੀਆਂ ਖੋਜਾਂ ਨੂੰ ਆਪਣੇ ਧਰਮ ਗ੍ਰੰਥਾਂ ਦੇ ਅਧਾਰ ਤੇ ਗਲਤ ਸਾਬਿਤ ਨਹੀਂ ਕਰ ਸਕਿਆ।
ਨਕਲੀ ਧਰਮ ਅਕਸਰ ਅਜਿਹਾ ਪ੍ਰਚਾਰ ਵੀ ਕਰਦੇ ਹਨ ਕਿ ਸਾਇੰਸਦਾਨ ਜਾਂ ਪੜੇ-ਲਿਖੇ ਜਾਂ ਤਰਕਵਾਦੀ ਧਰਮ ਨੂੰ ਖਰਾਬ ਕਰ ਰਹੇ ਹਨ। ਇਨ੍ਹਾਂ ਦੇ ਧਰਮਾਂ ਦੀ ਮਨੁੱਖਤਾ ਨੂੰ ਬੜੀ ਲੋੜ ਹੈ। ਦੁਨੀਆਂ ਵਿੱਚ ਜੋ ਵੀ ਗਲਤ ਹੋ ਰਿਹਾ ਹੈ, ਉਹ ਸਭ ਸਾਇੰਸ ਦੀ ਦੇਣ ਹੈ। ਨਕਲੀ ਧਰਮ ਦੇ ਪੁਜਾਰੀਆਂ ਦੇ ਹੋਰ ਫੋਕੇ ਦਾਅਵਿਆਂ ਵਾਂਗ ਇਹ ਵੀ ਦਾਅਵਾ ਹੁੰਦਾ ਹੈ ਕਿ ਧਰਮ ਦੀ ਮਨੁੱਖਤਾ ਨੂੰ ਬੜੀ ਵੱਡੀ ਦੇਣ ਹੈ ਤੇ ਦੁਨੀਆਂ ਚੱਲ ਹੀ ਧਰਮ ਦੇ ਸਿਰ ਤੇ ਰਹੀ ਹੈ। ਜੇ ਅਜੇ ਵੀ ਦੁਨੀਆਂ ਵਿੱਚ ਥੋੜੀ ਬਹੁਤ ਸ਼ਾਂਤੀ ਜਾਂ ਨੈਤਿਕਤਾ ਹੈ ਤਾਂ ਉਹ ਸਿਰਫ ਧਰਮ ਦੀ ਦੇਣ ਹੈ। ਬੇਸ਼ਕ ਉਨ੍ਹਾਂ ਦੇ ਇਸ ਦਾਅਵੇ ਵਿੱਚ ਕੋਈ ਬਹੁਤੀ ਸਚਾਈ ਨਹੀਂ, ਪਰ ਇਸ ਵਿੱਚ ਕੋਈ ਦੋ ਰਾਵਾਂ ਨਹੀਂ ਕਿ ਜੇ ਮਨੁੱਖਤਾ ਪੁਜਾਰੀਆਂ, ਸਰਮਾਏਦਾਰਾਂ ਤੇ ਸਿਅਸਤਦਾਨਾਂ ਦੇ ਨਕਲੀ ਧਰਮਾਂ `ਚੋਂ ਨਿਕਲ ਕੇ ਅਸਲੀ ਧਰਮ ਨੂੰ ਅਪਨਾ ਲਵੇ ਤਾਂ ਮਨੁੱਖਤਾ ਦਾ ਸਚਮੁੱਚ ਭਲਾ ਹੋ ਸਕਦਾ ਹੈ ਤੇ ਮਨੁੱਖ ਜਾਤੀ ਸੁੱਖ-ਸ਼ਾਂਤੀ ਨਾਲ ਰਹਿ ਸਕਦੀ ਹੈ। ਪਰ ਇਸ ਤਿਕੜੀ ਦੀ ਤਾਕਤ ਤੇ ਦੁਕਾਨਦਾਰੀ ਚੱਲ ਹੀ ਇਸ ਅਸਰੇ ਰਹੀ ਕਿ ਮਨੁੱਖ ਜਾਤੀ ਨੂੰ ਧਰਮ, ਜਾਤ, ਨਸਲ, ਰੰਗ, ਭਾਸ਼ਾ, ਇਲਾਕਾ, ਚਿੰਨ੍ਹ, ਪਹਿਰਵਾ ਆਦਿ ਦੇ ਨਾਮ ਤੇ ਵੰਡ ਕੇ ਰੱਖਿਆ ਜਾਵੇ। ਧਾਰਮਿਕ ਫਿਰਕੇ ਦੀ ਬੁਨਿਆਦ ਹੀ ਮਨੁੱਖਤਾ ਵਿੱਚ ਵੰਡ ਤੋਂ ਸ਼ੁਰੂ ਹੁੰਦੀ ਹੈ। ਜੇ ਉਹ ਇਹ ਮੰਨ ਲੈਣ ਕਿ ਸਾਰੀ ਮਨੁੱਖ ਜਾਤੀ ਇੱਕ ਹੀ ਹੈ ਤੇ ਸਾਰਿਆਂ ਤੇ ਕੁਦਰਤ ਦੇ ਅਟੱਲ ਨਿਯਮ ਇਕੋ ਜਿਹੇ ਹੀ ਲਾਗੂ ਹੁੰਦੇ ਹਨ ਤਾਂ ਫਿਰ ਝਗੜਾ ਹੀ ਕੋਈ ਨਹੀਂ? ਫਿਰ ਸਾਡੀ ਵਿਚਾਰਧਾਰਾ ਸਭ ਤੋਂ ਉੱਤਮ ਤੇ ਮਾਡਰਨ, ਸਾਡਾ ਗ੍ਰੰਥ ਸਭ ਤੋਂ ਮਹਾਨ, ਸਾਡੀ ਵਿਚਾਰਧਾਰਾ ਹੀ ਆਖਰੀ ਸੱਚ ਤੇ ਸਾਡੀ ਵਿਚਾਰਧਾਰਾ ਰਾਹੀਂ ਹੀ ਰੱਬ ਨੂੰ ਪਾਇਆ ਜਾ ਸਕਦਾ ਹੈ, ਵਾਲੀ ਦੁਕਾਨਦਾਰੀ ਕਿਵੇਂ ਚੱਲਗੀ? ਹੁਣ ਜਦੋਂ ਅਸੀਂ ਧਰਮ ਤੇ ਸਾਇੰਸ ਦੀ ਮਨੁੱਖਤਾ ਨੂੰ ਦੇਣ ਦੀ ਗੱਲ ਕਰਦੇ ਹਾਂ ਤਾਂ ਜੋ ਵੀ ਇਸ ਸੰਸਾਰ ਵਿੱਚ ਤਰੱਕੀ ਹੋਈ ਹੈ, ਸਭ ਸਾਇੰਸ ਦੀ ਦੇਣ ਹੈ, ਕਿਸੇ ਵੀ ਧਾਰਮਿਕ ਫਿਰਕੇ ਨੇ ਕੋਈ ਅਜਿਹੀ ਖੋਜ ਕੀਤੀ ਹੋਵੇ, ਜਿਸਦਾ ਮਨੁੱਖਤਾ ਨੂੰ ਭਲਾ ਹੋਵੇ, ਸ਼ਾਇਦ ਹੀ ਕੋਈ ਹੋਵੇ? ਇਸਦੇ ਬਾਵਜੂਦ ਕਿ ਹਰ ਅਖੌਤੀ ਧਰਮੀ ਸਾਇੰਸ ਦੀ ਹਰ ਖੋਜ, ਹਰ ਕਾਢ ਦਾ ਰੋਜ਼ਾਨਾ ਦੀ ਜ਼ਿੰਦਗੀ ਵਿੱਚ ਹਰ ਪਲ ਲਾਭ ਉਠਾ ਰਿਹਾ ਹੈ, ਪਰ ਕਦੇ ਕਿਸੇ ਅਖੌਤੀ ਧਰਮੀ ਨੇ ਕਿਸੇ ਸਾਇੰਸਦਾਨ ਦੇ ਸ਼ੁਕਰਾਨੇ ਵਿੱਚ 2 ਸ਼ਬਦ ਨਹੀਂ ਕਹੇ। ਕਿਸੇ ਧਰਮ ਅਸਥਾਨ ਵਿੱਚ ਕਦੇ ਕਿਸੇ ਸਾਇੰਸਦਾਨ ਲਈ ਕੋਈ ਅਰਦਾਸ ਨਹੀਂ ਹੋਈ? ਕਦੇ ਕਿਸੇ ਧਰਮ ਅਸਥਾਨ ਵਿੱਚ ਕਿਸੇ ਸਾਇੰਸਦਾਨ ਦੀ ਕੋਈ ਬਰਸੀ ਨਹੀਂ ਮਨਾਈ ਗਈ? ਉਨ੍ਹਾਂ ਸਾਇੰਸਦਾਨਾਂ, ਜਿਨ੍ਹਾਂ ਨੇ ਨਕਲੀ ਧਰਮਾਂ ਦੀਆਂ ਗਲਤ ਮਨੌਤਾਂ ਦੇ ਉਲਟ ਜਾ ਕੇ, ਕੁਦਰਤ ਦੇ ਸੱਚ ਨੂੰ ਉਜਾਗਰ ਕਰਦਿਆਂ, ਕੁਰਬਾਨੀਆਂ ਵੀ ਦਿੱਤੀਆਂ, ਉਨ੍ਹਾਂ ਦੇ ਸ਼ਹੀਦੀ ਦਿਨ ਮਨਾਉਣੇ ਤਾਂ ਦੂਰ, ਉਨ੍ਹਾਂ ਵਲੋਂ ਸਾਬਿਤ ਕੀਤੇ ਜਾ ਚੁੱਕੇ ਸੱਚ ਨੂੰ ਸਵੀਕਾਰ ਨਹੀਂ ਕਤਿਾ ਗਿਆ। ਅਖੌਤੀ ਧਰਮੀ ਸਾਇੰਸ ਦੀਆਂ ਖੋਜਾਂ ਦੁਆਰਾ ਮਨੁੱਖਤਾ ਲਈ ਪੈਦਾ ਕੀਤੀਆਂ ਹਰ ਸੁੱਖ-ਸਹੂਲਤਾਂ ਨੂੰ ਮਾਣਦੇ ਹੋਏ ਵੀ ਉਨ੍ਹਾਂ ਦਾ ਸ਼ੁਕਰਾਨਾ ਕਰਨ ਦੀ ਥਾਂ ਉਨ੍ਹਾਂ ਨੂੰ ਭੰਡਦੇ ਅਕਸਰ ਦੇਖੇ ਜਾ ਸਕਦੇ ਹਨ। ਅਜੇ ਤੱਕ ਵੀ ਕੋਈ ਧਰਮ ਪੁਜਾਰੀ ਅਜਿਹਾ ਕੋਈ ਦਾਅਵਾ ਪੇਸ਼ ਨਹੀਂ ਕਰ ਸਕਿਆ ਕਿ ਉਨ੍ਹਾਂ ਦੇ ਨਕਲੀ ਧਰਮ ਦੀ ਹੁਣ ਤੱਕ ਮਨੁੱਖਤਾ ਦੀ ਤਰੱਕੀ ਵਿੱਚ ਕੀ ਦੇਣ ਹੈ? ਮਨੁੱਖਤਾ ਦੇ ਭਲੇ ਲਈ ਉਨ੍ਹਾਂ ਦੇ ਫਿਰਕੇ ਨੇ ਕੀ ਕੁੱਝ ਕੀਤਾ ਹੈ? ਦੁਨੀਆਂ ਵਿੱਚ ਸੁੱਖ-ਸ਼ਾਂਤੀ ਤੇ ਭਰਾਤਰੀਭਾਵ ਪੈਦਾ ਕਰਨ ਲਈ ਉਨ੍ਹਾਂ ਦੇ ਫਿਰਕੇ ਦਾ ਕੀ ਯੋਗਦਾਨ ਹੈ?
ਮੁਕਦੀ ਗੱਲ ਇਹ ਹੈ ਕਿ ਅਗਰ ਅਸੀਂ ਮਨੁੱਖਤਾ ਦਾ ਭਲਾ ਚਾਹੁੰਦੇ ਹਾਂ ਤਾਂ ਸਾਨੂੰ ਪੁਜਾਰੀਆਂ ਦੇ ਝੂਠੇ ਤੇ ਲੁਭਾਵਣੇ ਲਾਰਿਆਂ ਦੀਆਂ ਲੋਰੀਆਂ ਨੂੰ ਸੁਣਨਾ ਬੰਦ ਕਰਕੇ ਸੱਚ ਨੂੰ ਪਹਿਚਾਨਣਾ ਪਵੇਗਾ। ਕੁਦਰਤ ਦੇ ਅਟੱਲ ਨਿਯਮਾਂ ਨੂੰ ਸਮਝਣਾ ਪਵੇਗਾ, ਉਸਦੇ ਅਨੁਸਾਰ ਜੀਣਾ ਸਿੱਖਣਾ ਪਵੇਗਾ। ਕੁਦਰਤ ਦੇ ਇਨ੍ਹਾਂ ਨਿਯਮਾਂ ਨੂੰ ਸਮਝ ਕੇ ਹੋਰ ਸਚਾਈਆਂ ਲੱਭਣ ਲਈ ਯਤਨਸ਼ੀਲ ਹੋਣਾ ਪਵੇਗਾ। ਜਿਸ ਤਰ੍ਹਾਂ ਸਾਇੰਸਦਾਨ ਬਾਹਰੀ ਮਾਦੇ ਦੀ ਖੋਜ ਕਰਕੇ ਮਨੁੱਖਤਾ ਲਈ ਅਨੇਕਾਂ ਸੁੱਖ ਸਹੂਲਤਾਂ ਮੁਹੱਈਆ ਕਰਾ ਰਹੇ ਹਨ, ਉਸੇ ਤਰ੍ਹਾਂ ਧਰਮੀ ਲੋਕਾਂ ਨੂੰ ਧਰਮ ਦੇ ਅਸਲੀ ਮਾਰਗ ਮਨ, ਆਤਮਾ, ਦਿਲ, ਦਿਮਾਗ ਆਦਿ ਬਾਰੇ ਸੂਖਸ਼ਮ ਖੋਜਾਂ ਕਰਨ ਦੀ ਲੋੜ ਹੈ ਤਾਂ ਕਿ ਪਤਾ ਚੱਲ ਸਕੇ ਕਿ ਮਾਦੇ ਦੇ ਅੰਦਰਲੀ ਸਚਾਈ ਕੀ ਹੈ। ਮਨੁੱਖ ਸਦੀਵੀ ਸ਼ਾਂਤੀ ਵਿੱਚ ਕਿਵੇਂ ਜੀਅ ਸਕਦਾ ਹੈ? ਉਸਦੇ ਮਨ ਦੀ ਭਟਕਣਾ ਕਿਵੇਂ ਦੁਰ ਹੋਵੇ? ਉਹ ਕੁਦਰਤ ਦੇ ਅੰਦਰਲੇ ਗੁੱਝੇ ਭੇਦਾਂ ਨੂੰ ਕਿਵੇਂ ਜਾਣੇ? ਦਿਸਦੇ ਸੰਸਾਰ ਵਿੱਚ ਚੱਲ ਰਹੀ ਜੀਵਨ ਖੇਡ ਦੀ ਗੁੱਥੀ ਕਿਵੇਂ ਸੁਲਝੇ? ਇਹੀ ਧਰਮ ਦਾ ਅਸਲੀ ਮਾਰਗ ਹੈ। ਪੁਜਾਰੀਆਂ ਦੇ ਦੱਸੇ ਪੂਜਾ-ਪਾਠ, ਅਖੌਤੀ ਭਜਨ-ਬੰਦਗੀ, ਜਪ-ਤਪ, ਮੰਤਰ ਰਟਨ, ਦਿਖਾਵਿਆਂ, ਪਹਿਰਾਵਿਆਂ, ਚਿੰਨ੍ਹਾਂ, ਕਰਮਕਾਂਡਾਂ ਵਿਚੋਂ ਨਿਕਲਣਾ ਪਵੇਗਾ ਤੇ ਧਰਮ ਜੋ ਕਿ ਸੱਚ ਮਾਰਗ ਹੈ, ਗਿਆਨ ਦਾ ਮਾਰਗ, ਕੁਦਰਤ ਦੇ ਅੰਦਰਲੇ ਭੇਦ ਦੀ ਖੋਜ ਦਾ ਨਾਮ ਹੈ, ਉਸ ਰਸਤੇ ਤੁਰਨਾ ਪਵੇਗਾ। ਇਹ ਮਾਰਗ ਤੁਹਾਨੂੰ ਆਪ ਤਹਿ ਕਰਨਾ ਪਵੇਗਾ, ਕਿਸੇ ਦੇ ਕੀਤੇ ਦਾ ਤੁਹਾਨੂੰ ਇਸ ਮਾਰਗ ਵਿੱਚ ਕੋਈ ਲਾਭ ਨਹੀਂ ਹੋ ਸਕਦਾ। ਪਰ ਇਸ ਰਸਤੇ ਦੇ ਪਾਂਧੀਆਂ ਤੋਂ ਸੇਧ ਜਾਂ ਅਗਵਾਈ ਲਈ ਜਾ ਸਕਦੀ ਹੈ। ਨਹੀਂ ਤੇ ਜਿਸ ਤਰ੍ਹਾਂ ਇਹ ਤਿਕੜੀ ਮਨੁੱਖ ਨੂੰ ਮਨੁੱਖ ਨਾਲ ਧਰਮ ਦੇ ਨਾਮ ਤੇ ਲੜਾ ਕੇ ਹਜ਼ਾਰਾਂ ਸਾਲਾਂ ਤੋਂ ਲੁੱਟਦੀ ਆ ਰਹੀ ਹੈ, ਅਸੀਂ ਵੀ ਲੁੱਟ ਦਾ ਸ਼ਿਕਾਰ ਹੁੰਦੇ ਰਹਾਂਗੇ?




.