.

ਭੱਟ ਬਾਣੀ-19

ਬਲਦੇਵ ਸਿੰਘ ਟੋਰਾਂਟੋ

ਤੈ ਤਉ ਦ੍ਰਿੜਿਓ ਨਾਮੁ ਅਪਾਰੁ ਬਿਮਲ ਜਾਸੁ ਬਿਥਾਰੁ

ਸਾਧਿਕ ਸਿਧ ਸੁਜਨ ਜੀਆ ਕੋ ਅਧਾਰੁ।।

ਤੂ ਤਾ ਜਨਿਕ ਰਾਜਾ ਅਉਤਾਰੁ ਸਬਦੁ ਸੰਸਾਰਿ

ਸਾਰੁ ਰਹਹਿ ਜਗਤ੍ਰ ਜਲ ਪਦਮ ਬੀਚਾਰ।।

ਕਲਿਪ ਤਰੁ ਰੋਗ ਬਿਦਾਰੁ ਸੰਸਾਰ ਤਾਪ ਨਿਵਾਰੁ

ਆਤਮਾ ਤ੍ਰਿਬਿਧਿ ਤੇਰੈ ਏਕ ਲਿਵ ਤਾਰ।।

ਕਹੁ ਕੀਰਤਿ ਕਲ ਸਹਾਰ ਸਪਤ ਦੀਪ ਮਝਾਰ ਲਹਣਾ

ਜਗਤ੍ਰ ਗੁਰੁ ਪਰਸਿ ਮੁਰਾਰਿ।। ੩।।

(ਪੰਨਾ ੧੩੯੧)

ਪਦ ਅਰਥ:- ਤੈ ਤਉ - ਜਿਨ੍ਹਾਂ ਨੇ। ਦ੍ਰਿੜਿਓ ਨਾਮੁ – ਸੱਚ ਨੂੰ ਦ੍ਰਿੜ ਕੀਤਾ। ਨਾਮੁ – ਸੱਚ। ਅਪਾਰੁ ਬਿਮਲ – ਜਿਹੜਾ ਸੱਚ ਬੇਮਿਸਾਲ ਨਿਰਮਲ ਹੈ, ਭਾਵ ਜਿਸ ਦੀ ਮਿਸਾਲ ਨਹੀਂ ਦਿੱਤੀ ਜਾ ਸਕਦੀ। ਜਾਸੁ – ਜਸ, ਕੀਰਤੀ ਕਰਦੇ ਹਨ। ਬਿਥਾਰੁ – ਵਿਸਥਾਰ (ਗੁ: ਗ੍ਰੰਥ ਸਹਿਬ ਦਰਪਣ)। ਸਾਧਿਕ – ਅਭਿਆਸ ਕਰਨ ਵਾਲੇ। ਸਿਧ – ਸਿਧ ਕਰਨਾ। ਅਪਾਰੁ – ਬੇਮਿਸਾਲ। ਬਿਮਲ – ਨਿਰਮਲ। ਸੁਜਨ – ਉਹ ਜਨ। ਤੂ ਤਾ – ਤੂੰ ਹੀ ਤਾ, ਅਕਾਲ ਪੁਰਖ ਨੂੰ ਸੰਬੋਧਨ ਹੋ ਕੇ। ਜਨਿਕ – ਜਨਮਿ ਦਾਤਾ ਹੈ, ਉਤਪਨ ਕਰਤਾ (ਮ: ਕੋਸ਼) ਦੇਖੋ ਜਨਕ। ਰਾਜਾ – ਸੰ: ਆਪਣੀ ਨੀਤੀ ਅਤੇ ਸ਼ੁਭ ਗੁਣਾਂ ਨਾਲ ਪ੍ਰਜਾ ਨੂੰ ਰੰਜਨ (ਪ੍ਰਸੰਨ) ਕਰਨ ਵਾਲਾ। ਨੋਟ – ਇਥੇ ਭੱਟ ਜੀ ਨੇ ਰਾਜਾ ਸ਼ਬਦ ਅਕਾਲ ਪੁਰਖ ਦੇ ਸ਼ੁਭ ਗੁਣਾਂ ਲਈ ਵਰਤਿਆ ਹੈ ਕਿ ਉਸ ਦੇ ਸ਼ੁਭ ਗੁਣਾਂ ਨੂੰ ਜੀਵਨ ਵਿੱਚ ਅਪਣਾਉਣ ਨਾਲ ਹੀ ਪ੍ਰਸੰਨਤਾ ਦੀ ਪ੍ਰਾਪਤੀ ਹੈ (ਜਿਹੜੇ ਜਨ ਇਹ ਸ਼ੁਭ ਗੁਣ ਆਪਣੇ ਜੀਵਨ ਵਿੱਚ ਧਾਰਨ ਕਰਦੇ ਹਨ, ਉਹ ਉਨ੍ਹਾਂ ਸ਼ੁਭ ਗੁਣਾਂ ਨੂੰ ਹੀ ਪ੍ਰਚਾਰਦੇ ਹਨ ਮਾਨਵਤਾ ਨੂੰ ਰੰਗ, ਨਸਲ, ਜਾਤ-ਪਾਤ ਦੇ ਭੇਦ ਭਾਵ ਵਿੱਚ ਵੰਡ ਕੇ ਵਿਤਕਰਾ ਨਹੀਂ ਕਰਦੇ)। ਇਥੇ ਯਾਦ ਰੱਖਣਾ ਹੈ “ਕੋਊ ਹਰਿ ਸਮਾਨਿ ਨਹੀ ਰਾਜਾ” (ਗੁ: ਗ੍ਰੰਥ ਸਾਹਿਬ, ਪੰਨਾ ੮੫੬)। ਅਉਤਾਰੁ – ਜਨਮ ਉੱਤਪਤੀ, ਜਿਸ ਦਾ ਜਨਮ ਹੋਇਆ। ਸਬਦੁ – ਬਖ਼ਸ਼ਿਸ਼। ਸੰਸਾਰਿ – ਜਗਤ ਵਿੱਚ। ਸਾਰੁ – ਆਸਰੇ। ਰਹਹਿ – ਰਿਹਾ ਹੈ। ਸਾਰੁ ਰਹਹਿ – ਪਾਲਣਾ ਕਰ ਰਿਹਾ ਹੈ। ਜਗਤ੍ਰ – ਜਗ ਤਰ ਜਾਣਾ ਭਾਵ ਜਗਤ ਦੀ ਕਰਮ-ਕਾਂਡੀ ਵੀਚਾਰਧਾਰਾ ਵਿੱਚ ਡੁੱਬਣ ਤੋਂ ਬਚ ਜਾਣਾ। ਜਲ – ਪਵਿੱਤ੍ਰ। ਪਦਮ – ਕਮਲ, ਨਿਰਲੇਪਤਾ ਦਾ ਪ੍ਰਤੀਕ। ਬੀਚਾਰ – ਵੀਚਾਰਧਾਰਾ, ਵੀਚਾਰਨ ਦੀ ਲੋੜ ਹੈ। ਕਲਿਪ – ਕਲਪਿਆ ਹੋਇਆ, ਕਲਪੀ ਹੋਈ ਵੀਚਾਰਧਾਰਾ। ਤਰੁ – ਤਰ ਜਾਣਾ, ਭਾਵ ਡੁੱਬਣ ਤੋਂ ਬਚ ਜਾਣਾ। ਰੋਗ ਬਿਦਾਰੁ ਸੰਸਾਰ – ਸੰਸਾਰ ਦੇ ਕਰਮ-ਕਾਂਡ (ਅਵਤਾਰਵਾਦ) ਦੇ ਰੋਗ ਦੀ ਵੀਚਾਰਧਾਰਾ ਤੋਂ ਮੁਕਤ ਕਰ ਦੇਣ ਵਾਲਾ ਗਿਆਨ। ਤਾਪ – ਸਰੀਰ ਨੂੰ ਕਮਜ਼ੋਰ ਕਰ ਦੇਣ ਵਾਲਾ ਇੱਕ ਰੋਗ, ਇਥੇ ਅਗਿਆਨਤਾ ਦਾ ਰੋਗ ਹੈ ਜੋ ਮਾਨਸਿਕ ਤੌਰ `ਤੇ ਮਨੁੱਖ ਨੂੰ ਕਮਜ਼ੋਰ ਕਰਦਾ ਹੈ। ਤਾਪ ਨਿਵਾਰੁ ਆਤਮਾ – ਆਤਮਾ – ਜ਼ਮੀਰ ਨੂੰ। ਜ਼ਮੀਰ, ਆਤਮਾ ਨੂੰ ਕਮਜ਼ੋਰ ਕਰ ਦੇਣ ਵਾਲੇ ਰੋਗ ਤੋਂ ਛੁਟਕਾਰਾ ਹੋ ਜਾਣਾ। ਤ੍ਰਿਬਿਧਿ – ਤਿੰਨਾਂ ਕਿਸਮਾਂ ਵਾਲੇ, ਭਾਵ ਤਿੰਨਾਂ ਗੁਣਾਂ ਵਿੱਚ ਵਰਤਣ ਵਾਲੇ ਜੀਵ (ਗ: ਗ੍ਰੰ: ਦਰਪਣ)। ਤ੍ਰਿਬਿਧਿ – ਧ ਨੂੰ ਸਿਹਾਰੀ ਹੈ ਭਾਵ ਤਿੰਨਾਂ ਗੁਣਾਂ ਤੋਂ ਉੱਪਰ। ਤੇਰੈ ਏਕ ਲਿਵ ਤਾਰ – ਤੇਰੇ ਇਕੁ ਨਾਲ ਲਿਵ ਜੋੜਨ ਨਾਲ ਹੀ। ਕਹੁ ਕੀਰਤਿ ਕਲ – ਭੱਟ ਕੀਰਤਿ ਵੀ ਭੱਟ ਕਲ੍ਹ ਦੀ ਤਰ੍ਹਾਂ ਆਖਦਾ ਹੈ। ਸਹਾਰ – ਆਸਰਾ ਲੈਣਾ। ਸਪਤ ਦੀਪ – ਅਗਿਆਨਤਾ ਦੇ ਸਪਤਦੀਪ। ਮਝਾਰ – ਨਦੀ ਦਾ, ਸਮੁੰਦਰ ਦਾ ਵਹਿਣ। ਜਗਤ੍ਰ – ਜਗਤ ਦੀ ਕਰਮ-ਕਾਂਡੀ ਵੀਚਾਰਧਾਰਾ ਵਿੱਚ ਡੁੱਬਣ ਤੋਂ ਬਚ ਜਾਣਾ, ਤਰ ਜਾਣਾ। ਗੁਰੁ – ਗਿਆਨ ਨੂੰ ਜੀਵਨ ਵਿੱਚ ਅਪਣਾ ਕੇ। ਪਰਸਿ – ਪਰਸ ਕੇ, ਜੁੜ ਕੇ। ਮੁਰਾਰਿ – ਦੈਂਤ ਰੂਪ (ਅਵਤਾਰਵਾਦੀ) ਵੀਚਾਰਧਾਰਾ ਨੂੰ ਖ਼ਤਮ ਕਰ ਦੇਣ ਵਾਲਾ ਗਿਆਨ। ਕੀਰਤਿ – ਭੱਟ ਕੀਰਤ ਵੀ। ਕਲ – ਭੱਟ ਕਲ੍ਹ ਜੀ। ਸਹਾਰ – ਆਸਰਾ।

ਅਰਥ:- ਜਿਨ੍ਹਾਂ ਨੇ ਇਸ ਬੇਮਿਸਾਲ ਨਿਰਮਲ ਸੱਚ ਨੂੰ ਦ੍ਰਿੜ੍ਹ ਕੀਤਾ ਭਾਵ ਆਪਣੇ ਜੀਵਨ ਵਿੱਚ ਅਪਣਾਇਆ, ਉਨ੍ਹਾਂ ਸੱਚ ਨੂੰ ਆਪਣੇ ਜੀਵਨ ਵਿੱਚ ਸਾਧਿਕ (ਅਭਿਆਸ) ਕਰਨ ਵਾਲਿਆਂ ਨੇ ਵਿਸਥਾਰ ਨਾਲ ਇਸ ਗੱਲ ਨੂੰ ਸਿਧ ਕੀਤਾ ਕਿ ਸਾਰੇ ਜੀਆਂ ਨੂੰ ਤੇਰਾ ਇਕੁ ਅਕਾਲ ਪੁਰਖ ਦਾ ਹੀ ਆਧਾਰ ਭਾਵ ਆਸਰਾ ਹੈ, ਇਹ ਜਾਨਣ ਵਾਲੇ ਤੇਰੀ ਇਕੁ ਦੀ ਹੀ ਕੀਰਤੀ ਕਰਦੇ ਹਨ। ਉਹ ਇਹ ਆਖਦੇ ਹਨ ਕਿ ਤੂੰ ਹੀ ਜੀਵਾਂ ਦਾ ਜਨਕਿ-ਜਨਮ ਦਾਤਾ ਹੈਂ, ਤੇਰੀ ਬਖ਼ਸ਼ਿਸ਼ ਨਾਲ ਹੀ ਜੀਵਾਂ ਦਾ (ਅਉਤਾਰੁ) ਜਨਮ ਉੱਤਪਤੀ ਹੈ ਅਤੇ ਤੇਰੀ ਬਖ਼ਸ਼ਿਸ਼ ਗਿਆਨ ਦੇ ਆਸਰੇ ਨਾਲ ਹੀ ਕਮਲ ਦੇ ਵਾਂਗ ਜਲ ਵਿੱਚ ਅਤੇ ਮਨੁੱਖ ਦੇ ਜਗਤ ਵਿੱਚ ਰਹਿੰਦਿਆ ਹੋਇਆਂ ਅਵਤਾਰਵਾਦ ਦੀ (ਕਰਮ-ਕਾਂਡੀ) ਵੀਚਾਰਧਾਰਾ ਤੋਂ ਨਿਰਲੇਪ ਰਿਹਾ ਜਾ ਸਕਦਾ ਹੈ। ਤੇਰੇ ਇਕੁ ਨਾਲ ਲਿਵ ਜੋੜਨ ਨਾਲ ਹੀ ਸੰਸਾਰ ਦੇ ਲੋਕਾਂ ਦੀ ਕਲਪੀ ਹੋਈ (ਅਵਤਾਰਵਾਦ ਦੇ ਰੱਬ ਹੋਣ ਦੀ ਕਰਮ-ਕਾਂਡੀ) ਵੀਚਾਰਧਾਰਾ ਦੇ ਰੋਗ ਤੋਂ ਮੁਕਤ ਹੋ ਕੇ ਇਸ ਵਿੱਚ ਡੁੱਬਣ ਅਤੇ ਆਤਮਾ, ਜ਼ਮੀਰ ਨੂੰ ਕਮਜ਼ੋਰ ਰੋਗੀ ਕਰ ਦੇਣ ਵਾਲੀ ਤ੍ਰੈ ਗੁਣੀ ਵੀਚਾਰਧਾਰਾ ਦੇ ਤਾਪ ਤੋਂ ਬਚ ਕੇ ਭਾਵ ਉੱਪਰ ਉਠ ਕੇ ਰੱਬੀ ਭਾਵ ਤੇਰੇ ਸ਼ੁਭ ਗੁਣਾਂ ਨੂੰ ਪ੍ਰਚਾਰਿਆ ਜਾ ਸਕਦਾ ਹੈ (ਤਾਂ ਜੋ ਰੰਗ, ਨਸਲ, ਜਾਤ-ਪਾਤ ਅਤੇ ਲਿੰਗ ਭੇਦ ਭਾਵ ਤੋਂ ਬਚਿਆ ਜਾ ਸਕਦਾ ਹੈ)। ਇਸ ਕਰਕੇ ਭੱਟ ਕੀਰਤ ਵੀ ਭੱਟ ਕਲ੍ਹ ਜੀ ਦੀ ਤਰ੍ਹਾਂ ਇਹ ਜਗਤ੍ਰ (ਜਗਤ ਦੀ ਕਰਮ-ਕਾਂਡੀ ਵੀਚਾਰਧਾਰਾ ਦੇ ਸਪਤ ਦੀਪ ਵਿੱਚ ਡੁੱਬਣ ਤੋਂ ਬਚਾ ਲੈਣ) ਵਾਲੀ ਵੀਚਾਰਧਾਰਾ ਗਿਆਨ ਨੂੰ ਪਰਸਿ ਕੇ ਲਹਣਾ ਜੀ ਵਾਂਗ ਆਪਣੇ ਜੀਵਨ ਵਿੱਚ ਅਪਣਾ ਕੇ ਇਸ ਦਾ ਆਸਰਾ/ਸਹਾਰਾ ਲੈ ਕੇ ਹੀ ਦੈਂਤ ਰੂਪ (ਅਵਤਾਰਵਾਦ) ਦੀ ਗ਼ੁਲਾਮੀ ਤੋਂ ਮੁਰਾਰਿ ਰੂਪ ਵੀਚਾਰਧਾਰਾ ਦੇ ਸੱਚ ਨਾਲ ਜੁੜ ਕੇ ਹੀ ਬਚਣ ਦਾ ਮੁਦਈ ਹੈ।

ਤੈ ਤਾ ਹਦਰਥਿ ਪਾਇਓ ਮਾਨੁ ਸੇਵਿਆ ਗੁਰੁ

ਪਰਵਾਨੁ ਸਾਧਿ ਅਜਗਰੁ ਜਿਨਿ ਕੀਆ ਉਨਮਾਨੁ।।

ਹਰਿ ਹਰਿ ਦਰਸ ਸਮਾਨ ਆਤਮਾ ਵੰਤਗਿਆਨ

ਜਾਣੀਅ ਅਕਲ ਗਤਿ ਗੁਰ ਪਰਵਾਨ।।

ਜਾ ਕੀ ਦ੍ਰਿਸਟਿ ਅਚਲ ਠਾਣ ਬਿਮਲ ਬੁਧਿ ਸੁਥਾਨ

ਪਹਿਰਿ ਸੀਲ ਸਨਾਹੁ ਸਕਤਿ ਬਿਦਾਰਿ।।

ਕਹੁ ਕੀਰਤਿ ਕਲ ਸਹਾਰ ਸਪਤ ਦੀਪ ਮਝਾਰ

ਲਹਣਾ ਜਗਤ੍ਰ ਗੁਰੁ ਪਰਸਿ ਮੁਰਾਰਿ।। ੪।।

(ਪੰਨਾ ੧੩੯੧)

ਪਦ ਅਰਥ:- ਤੈ ਤਾ ਹਦਰਥਿ ਪਾਇਓ ਮਾਨੁ – ਹਦਰਥਿ – ਹਾਜ਼ਰਾ ਹਜ਼ੂਰ, ਨੇੜੇ ਰਹਿਣ ਵਾਲਾ, ਸਦੀਵੀ ਸਥਿਰ ਰਹਿਣ ਵਾਲਾ। ਜਿਨ੍ਹਾਂ ਨੇ ਇਸ ਸੱਚ ਨੂੰ ਨੇੜਿਉਂ ਹੋ ਕੇ ਪਾਇਆ/ਜਾਣਿਆ ਤਾਂ ਉਨ੍ਹਾਂ ਨੇ ਉਸ ਇਕੁ ਹਾਜ਼ਰਾ ਹਜ਼ੂਰ ਸਦੀਵੀ ਸਥਿਰ ਰਹਿਣ ਵਾਲੇ ਉੱਪਰ ਹੀ ਮਾਣ ਕੀਤਾ। ਸੇਵਿਆ ਗੁਰੁ ਪਰਵਾਨੁ – ਉਨ੍ਹਾਂ ਨੇ ਹਾਜ਼ਰਾ ਹਜ਼ੂਰ ਕਰਤੇ ਦੀ ਬਖ਼ਸ਼ਿਸ਼ ਗਿਆਨ ਨੂੰ ਹੀ ਗੁਰ ਪ੍ਰਵਾਣ ਕਰਕੇ ਆਪਣੇ ਜੀਵਨ ਵਿੱਚ ਸੇਵਿਆ (practice) ਭਾਵ ਅਭਿਆਸ ਕੀਤਾ। ਸਾਧਿ ਅਜਗਰੁ – ਆਪਣੇ ਆਪ ਨੂੰ ਅਜਗਰ ਵਾਂਗ ਨਿਗਲ ਜਾਣ ਵਾਲੀ ਕਰਮ-ਕਾਂਡੀ ਵੀਚਾਰਧਾਰਾ ਵੱਲੋਂ ਸਾਧਿਆ ਭਾਵ ਰੋਕਿਆ। ਸਾਧਿ – ਬੁਰਿਆਈਆਂ, ਕਰਮ-ਕਾਂਡਾਂ ਵੱਲੋਂ ਆਪਣੇ ਆਪ `ਤੇ ਰੋਕ ਲਾਉਣੀ। ਜਿਨਿ ਕੀਆ – ਜਿਨ੍ਹਾਂ ਰੋਕਿਆ, ਰੋਕਣਾ ਕੀਤਾ। ਉਨਮਾਨੁ – ਉਨ੍ਹਾਂ ਨੇ ਹਾਜ਼ਰਾ ਹਜ਼ੂਰ, ਸਦੀਵੀ ਸਥਿਰ ਰਹਿਣ ਵਾਲੇ ਉਪਰ ਹੀ ਮਾਣ ਕੀਤਾ। ਹਰਿ ਹਰਿ ਦਰਸ ਸਮਾਨ ਵੰਤਗਿਆਨ ਜਾਣੀਅ – ਉਨ੍ਹਾਂ ਗਿਆਨਵਾਨ ਪੁਰਸ਼ਾਂ ਨੇ ਹਰੀ ਦੇ ਸਮਾਨ ਹਰੀ ਨੂੰ ਹੀ ਜਾਣਿਆ ਭਾਵ ਹਰੀ ਆਪ ਹੀ ਆਪਣੇ ਸਮਾਨ ਬਰਾਬਰ ਹੈ, ਉਸ ਦੇ ਬਰਾਬਰ ਕੋਈ ਹੋ ਹੀ ਨਹੀਂ ਸਕਦਾ। ਅਕਲ – ਇਕ-ਰਸ ਵਿਆਪਕ ਪ੍ਰਭੂ, (ਗੁ: ਗ੍ਰੰ: ਦਰਪਣ)। ਗਤਿ – ਮੁਕਤ। ਅਕਲ ਗਤਿ ਗੁਰ ਪਰਵਾਨ – ਉਸ ਇਕ-ਰਸ ਸਰਬ-ਵਿਆਪਕ ਦੀ ਗੁਰ ਬਖ਼ਸ਼ਿਸ਼ ਨੂੰ ਮੰਨ ਲੈਣ ਨਾਲ, ਉਹ ਅਜਗਰ ਵਾਂਗ ਨਿਗਲ ਜਾਣ ਵਾਲੀ ਕਰਮ-ਕਾਂਡੀ ਅਵਤਾਰਵਾਦੀ ਵੀਚਾਰਧਾਰਾ ਤੋਂ ਮੁਕਤ ਹੋਏ। ਜਾ ਕੀ ਦ੍ਰਿਸਟਿ ਅਚਲ ਠਾਣ ਬਿਮਲ ਬੁਧਿ – ਜਿਸ ਦੀ ਕ੍ਰਿਪਾ ਦ੍ਰਿਸ਼ਟੀ ਸਦੀਵੀ ਹੈ। ਅਚਲ ਠਾਣ – ਖ਼ਤਮ ਹੋ ਜਾਣ ਵਾਲੀ ਨਹੀਂ, ਅਚਲ-ਸਦੀਵੀ ਹੈ। ਬਿਮਲ ਬੁਧਿ – ਜੋ ਉੱਤਮ ਸ੍ਰੇਸ਼ਟ ਬੁੱਧੀ ਨਾਲ। ਸੁਥਾਨ – ਉੱਤਮ ਅਸਥਾਨ, ਬੁੱਧੀ ਦਾ ਅਸਥਾਨ, (level) ਉੱਚਾ ਹੋਣਾ। ਸੀਲ – ਸੰ: ਪੂਜਣਾ, ਅਭਿਆਸ ਕਰਨਾ, ਕਰਨ ਨਾਲ (ਮ: ਕੋਸ਼)। ਪਹਿਰਿ – ਧਾਰਨ ਕਰਨਾ। ਸਨਾਹੁ – ਕਵਚ (ਮ: ਕੋਸ਼)। ਫਿਰ ਦੇਖੋ ਕਵਚ – ਸੰ: ਸੰਗਯਾ-ਜੋ ਕੰ (ਹਵਾ) ਨੂੰ ਰੋਕੇ (ਮ: ਕੋਸ਼)। ਨੋਟ: ਇਸ ਸ਼ਬਦ ਅੰਦਰ ਸਨਾਹੁ – ਕਰਮ-ਕਾਂਡਾਂ ਦੀ ਹਵਾ ਨੂੰ ਰੋਕਣ ਲਈ ਗਿਆਨ ਦੇ ਸਨਾਹੁ ਲਈ ਵਰਤਿਆ ਹੈ। ਸਕਤਿ – ਜ਼ੋਰ, ਤਾਕਤ, ਸਮਰੱਥ। ਬਿਦਾਰਿ – ਨਾਸ ਕਰਨਾ, ਖ਼ਤਮ ਕਰਨਾ। ਕਹੁ ਕੀਰਤਿ – ਭੱਟ ਕੀਰਤ ਵੀ ਇਹ ਹੀ ਆਖਦਾ ਹੈ ਭਾਵ ਇਸੇ ਵੀਚਾਰਧਾਰਾ ਦਾ ਮੁਦਈ ਹੀ ਹੈ। ਕਲ – ਭੱਟ ਕਲ੍ਹ। ਸਹਾਰ – ਸਹਾਰਾ, ਆਸਰਾ। ਸਪਤ ਦੀਪ ਮਝਾਰ – ਅਗਿਆਨਤਾ ਦੇ ਸਪਤ ਦੀਪ ਦੀ ਮਹਾਂ ਨਦੀ। ਲਹਿਣਾ – ਲਹਣਾ ਜੀ। ਜਗਤ੍ਰ – ਜਗਤ ਦੀ ਕਰਮ-ਕਾਂਡੀ ਵੀਚਾਰਧਾਰਾ ਵਿੱਚ ਡੁੱਬਣ ਤੋਂ ਬਚ ਜਾਣਾ। ਗੁਰੁ – ਗਿਆਨ ਨੂੰ ਜੀਵਨ ਵਿੱਚ ਅਪਣਾ ਕੇ। ਪਰਸਿ – ਪਰਸ ਕੇ, ਜੁੜ ਕੇ। ਮੁਰਾਰਿ – ਦੈਂਤ ਰੂਪ (ਅਵਤਾਰਵਾਦੀ) ਕਰਮ-ਕਾਂਡੀ ਵੀਚਾਰਧਾਰਾ ਨੂੰ ਖ਼ਤਮ ਕਰ ਦੇਣ ਵਾਲਾ ਮੁਰਾਰਿ ਰੂਪ ਗਿਆਨ।

ਅਰਥ:- ਹੇ ਭਾਈ! ਜਿਨ੍ਹਾਂ ਨੇ ਇਸ ਬੇਮਿਸਾਲ ਸੱਚ ਨੂੰ ਨੇੜਿਓਂ ਜਾਣਿਆ/ਪਾਇਆ, ਉਨ੍ਹਾਂ ਨੇ ਉਸ ਇਕੁ ਸਦੀਵੀ ਸਥਿਰ ਹਾਜ਼ਰਾ ਹਜ਼ੂਰ ਰਹਿਣ ਵਾਲੇ ਕਰਤੇ ਉੱਪਰ ਹੀ ਮਾਣ ਕੀਤਾ। ਇਸ ਬੇਮਿਸਾਲ ਸੱਚ ਨੂੰ ਜਾਨਣ ਵਾਲਿਆਂ ਨੇ ਹਾਜ਼ਰਾ ਹਜ਼ੂਰ ਕਰਤੇ ਦੀ ਬਖ਼ਸ਼ਿਸ਼ ਗਿਆਨ ਨੂੰ ਹੀ ਗੁਰ ਪ੍ਰਵਾਣ ਕਰਕੇ ਆਪਣੇ ਜੀਵਨ ਵਿੱਚ ਸੇਵਿਆ (practice) ਭਾਵ ਅਭਿਆਸ ਕੀਤਾ। ਜਿਨ੍ਹਾਂ ਨੇ ਗਿਆਨ ਨੂੰ ਜੀਵਨ ਵਿੱਚ ਅਭਿਆਸ ਕੀਤਾ, ਉਨ੍ਹਾਂ ਨੇ ਅਜਗਰ ਵਾਂਗ ਨਿਗਲ ਜਾਣ ਵਾਲੀ ਕਰਮ-ਕਾਂਡੀ ਵੀਚਾਰਧਾਰਾ ਵੱਲੋਂ ਆਪਣੇ ਆਪ ਨੂੰ ਸਾਧਿਆ ਭਾਵ ਰੋਕਿਆ/ਵਰਜਿਆ। ਜਿਨ੍ਹਾਂ ਨੇ ਆਪਣੇ ਆਪ ਨੂੰ ਕਰਮ-ਕਾਂਡੀ ਵੀਚਾਰਧਾਰਾ ਵੱਲੋਂ ਵਰਜਿਆ, ਉਨ੍ਹਾਂ ਨੇ ਇਕੁ ਸਦੀਵੀ ਸਥਿਰ ਰਹਿਣ ਵਾਲੇ ਉੱਪਰ ਹੀ ਮਾਣ ਕੀਤਾ। ਜਿਨ੍ਹਾਂ ਨੇ ਉਸ ਉੱਪਰ ਮਾਣ ਕੀਤਾ, ਅਜਿਹੇ ਗਿਆਨਵਾਨ ਪੁਰਸ਼ਾਂ ਨੇ ਹਰੀ ਦੇ ਸਮਾਨ ਹਰੀ ਨੂੰ ਹੀ ਜਾਣਿਆ ਭਾਵ ਕਿ ਹਰੀ ਦੇ ਸਮਾਨ ਹਰੀ ਆਪ ਹੀ ਹੈ। ਉਸ ਦੇ ਬਰਾਬਰ ਕੋਈ ਹੋ ਹੀ ਨਹੀਂ ਸਕਦਾ। ਉਸ ਇਕ-ਰਸ ਸਰਬ-ਵਿਆਪਕ ਸਦੀਵੀ ਸਥਿਰ ਰਹਿਣ ਵਾਲੇ ਦੀ ਬਖ਼ਸ਼ਿਸ਼ ਗਿਆਨ ਨੂੰ ਗੁਰੂ ਮੰਨ ਲੈਣ ਨਾਲ, ਉਹ ਅਜਗਰ ਵਾਂਗ ਨਿਗਲ ਜਾਣ ਵਾਲੀ, ਅਵਤਾਰਵਾਦ ਦੀ ਕਰਮ-ਕਾਂਡੀ ਵੀਚਾਰਧਾਰਾ ਤੋਂ ਮੁਕਤ ਹੋਏ ਅਤੇ ਜੋ ਮੁਕਤ ਹੋਏ, ਉਨ੍ਹਾਂ ਦੀ ਬੁੱਧੀ ਦਾ ਪੱਧਰ (level) ਅਚੱਲ ਦੀ ਕ੍ਰਿਪਾ ਦ੍ਰਿਸ਼ਟੀ ਗਿਆਨ ਨਾਲ ਉੱਚਾ ਹੋਇਆ। ਉਨ੍ਹਾਂ ਨੇ ਅਵਤਾਰਵਾਦ ਦੇ ਕਰਮ-ਕਾਂਡਾਂ ਦੇ ਆਤਮਿਕ ਤੌਰ `ਤੇ ਖ਼ਤਮ ਕਰ ਦੇਣ ਵਾਲੇ ਅਗਿਆਨ ਦੇ ਜ਼ੋਰ/ਸ਼ਕਤੀ ਨੂੰ ਰੋਕਣ ਲਈ ਗਿਆਨ ਦੇ ਸਨਾਹੁ ਦਾ ਆਸਰਾ ਲਿਆ। ਭੱਟ ਕੀਰਤ ਵੀ ਭੱਟ ਕਲ੍ਹ ਦੀ ਤਰ੍ਹਾਂ ਇਹ ਜਗਤ੍ਰ-ਜਗ ਤਰ ਜਾਣ (ਜਗਤ ਦੀ ਕਰਮ-ਕਾਂਡੀ ਵੀਚਾਰਧਾਰਾ ਦੇ ਸਪਤ ਦੀਪ ਵਿੱਚ ਡੁੱਬਣ ਤੋਂ ਬਚਾਅ ਲੈਣ) ਵਾਲੀ ਵੀਚਾਰਧਾਰਾ ਗਿਆਨ ਨੂੰ ਪਰਸ ਕੇ ਕਿ ਲਹਣਾ ਜੀ ਦੇ ਵਾਂਗ ਆਪਣੇ ਜੀਵਨ ਵਿੱਚ ਅਪਣਾ ਕੇ ਇਸ ਦਾ ਆਸਰਾ ਲੈ ਕੇ ਹੀ ਦੈਂਤ ਰੂਪ (ਅਵਤਾਰਵਾਦ) ਦੀ ਗ਼ੁਲਾਮੀ ਤੋਂ ਮੁਰਾਰਿ ਰੂਪ ਵੀਚਾਰਧਾਰਾ ਦੇ ਸੱਚ ਨਾਲ ਜੁੜਨ ਦਾ ਹੀ ਮੁਦਈ ਹੈ।
.