.

ਸਿਖ ਧਰਮ ਦਾ ਪ੍ਰਚਾਰ-ਬਨਾਮ-ਸਾਨੂੰ ਕੀ

(ਸੁਖਜੀਤ ਸਿੰਘ ਕਪੂਰਥਲਾ)

ਅਸੀਂ ਸਿੱਖ ਹਾਂ। ਇਸ ਲਈ ਜਰੂਰੀ ਹੈ ਕਿ ਸਾਨੂੰ ਸਿੱਖੀ ਅਸੂਲਾਂ ਦਾ ਪਤਾ ਹੋਵੇ। ਗੁਰਬਾਣੀ ਦੇ ਅਰਥਭਾਵ, ਸਿੱਖ ਇਤਿਹਾਸ ਦੀ ਵਾਕਫੀਅਤ, ਸਿੱਖ ਰਹਿਤ ਮਰਿਆਦਾ ਦੇ ਅਸੂਲਾਂ ਬਾਰੇ ਹਰ ਗੁਰਸਿੱਖ ਨੂੰ ਜਾਣਕਾਰੀ ਜਰੂਰ ਹੋਣੀ ਚਾਹੀਦੀ ਹੈ। ਪ੍ਰੰਤੂ ਅਜ ਅਸੀਂ ਵੇਖ ਰਹੇ ਹਾਂ ਕਿ ਸਾਡੇ ਅੰਦਰ ਇਸ ਸਬੰਧ ਵਿੱਚ ਕਈ ਕਮਜੋਰੀਆਂ ਹਨ, ਇਹਨਾਂ ਕਮਜੋਰੀਆਂ ਦਾ ਮੁੱਖ ਕਾਰਣ ਇਹੀ ਹੈ ਕਿ ਅਸੀਂ ਨਾ ਤਾਂ ਆਪ ਸਿੱਖੀ ਬਾਰੇ ਜਾਣਕਾਰੀ ਪ੍ਰਾਪਤ ਕਰਨ ਦੀ ਜਿੰਮੇਵਾਰੀ ਸਮਝਦੇ ਹਾਂ ਅਤੇ ਨਾ ਹੀ ਆਪਣੇ ਧਰਮ ਨੂੰ ਪ੍ਰਚਾਰਣ ਵੱਲ ਕੋਈ ਧਿਆਨ ਦਿੰਦੇ ਹਾਂ। ਅਜ ਸਾਡੇ ਬਹੁਤ ਸਾਰੇ ਨੌਜਵਾਨ ਅਣਜਾਣੇ ਵਿੱਚ ਦਾੜੀ ਕੇਸਾਂ ਦੀ ਬੇਅਦਬੀ ਕਰ ਰਹੇ ਹਨ, ਨਸ਼ਿਆਂ ਦੀ ਖੁਲੱਮ-ਖੁੱਲੀ ਵਰਤੋਂ ਕਰ ਰਹੇ ਹਨ, ਦੇਹਧਾਰੀ ਗੁਰੂ-ਡੰਮ ਦੇ ਜਾਲ ਵਿੱਚ ਫਸਦੇ ਜਾ ਰਹੇ ਹਨ। ਅਜ ਦਾ ਨੌਜਵਾਨ ਸਿੱਖੀ ਤੋਂ ਬਾਗੀ ਹੋਈ ਜਾ ਰਿਹਾ ਹੈ। ਇਸ ਵਿੱਚ ਕਸੂਰ ਕਿਸਦਾ ਹੈ? ਕਿਸਨੂੰ ਜਿੰਮੇਵਾਰ ਠਹਿਰਾਇਆ ਜਾਵੇ? ਸੋਚਣ ਦੀ ਲੋੜ ਹੈ।

ਗੁਰੂ ਸਾਹਿਬ ਦੇ ਹੁਕਮ “ਆਪ ਜਪਹੁ ਅਵਰਹ ਨਾਮ ਜਪਾਵਹੁ” ਅਨੁਸਾਰ ਸਿੱਖ ਧਰਮ ਦਾ ਪ੍ਰਚਾਰ ਕਰਨਾ ਹਰ ਗੁਰਸਿੱਖ ਦਾ ਫਰਜ ਹੈ। ਪਰ, ਅਫਸੋਸ ਕਿ ਸਿੱਖ ਧਰਮ ਦਾ ਪ੍ਰਚਾਰ ਸਾਰੇ ਸੰਸਾਰ ਅੰਦਰ ਤਾਂ ਕੀ, ਸਾਡੇ ਪੰਜਾਬ ਵਿੱਚ ਵੀ ਪੂਰੀ ਤਰਾਂ ਨਹੀ ਹੋ ਸਕਿਆ, ਜਿਸ ਪੰਜਾਬ ਦੀ ਧਰਤੀ ਦੇ ਚੱਪੇ-ਚੱਪੇ ਨੂੰ ਗੁਰੂ ਸਾਹਿਬਾਨ ਦੀ ਚਰਨ ਛੂਹ ਅਤੇ ਸਿਖ ਸ਼ਹੀਦਾਂ ਦੇ ਖੂਨ ਨਾਲ ਸਿੰਜੇ ਜਾਣ ਦਾ ਮਾਣ ਪ੍ਰਾਪਤ ਹੈ। ਇਸ ਘਾਟ ਦਾ ਕੀ ਕਾਰਣ ਹੈ? ਸਾਡੇ ਵਿਚੋਂ ਅਜੇ ਤਕ ਕਿਸੇ ਨੇ ਵੀ ਇਸ ਤੇ ਗੌਰ ਨਹੀ ਕੀਤਾ। ਜੇ ਕਿਸੇ ਨੇ ਇਸ ਪਾਸੇ ਧਿਆਨ ਦਿੱਤਾ ਵੀ ਹੈ, ਤਾਂ ਉਸਨੇ ਕੀ ਕੀਤਾ? ਕੁੱਝ ਵੀ ਨਹੀਂ।

ਇੱਕ ਵਿਦਵਾਨ ਵਲੋਂ ਇਸ ਸਬੰਧ ਵਿੱਚ ਬਹੁਤ ਹੀ ਭਾਵਪੂਰਤ, ਸੇਧ ਲੈਣ ਵਾਲੀ ਘਟਨਾ ਦਾ ਜ਼ਿਕਰ ਆਪਣੀ ਲਿਖਤ ਵਿੱਚ ਕੀਤਾ ਹੈ।

ਇੱਕ ਵਾਰ ਅਮਰੀਕਾ ਵਿੱਚ ਇੱਕ ਸਿੱਖ ਕੋਲੋਂ ਤਿੰਨ ਆਦਮੀ ਲੰਘੇ। ਉਹ ਜਾਂਦੇ-ਜਾਂਦੇ ਉਸ ਸਿੱਖ ਭਾਈ ਸਾਹਿਬ ਉਤੇ ਸਵਾਲਾਂ ਦੇ ਤਿੰਨ ਅਜਿਹੇ ਬਾਣ ਕਸ ਗਏ ਕਿ ਉਹਨਾਂ ਉਸ ਦੇ ਸਿੱਖ ਹੋਣ ਦੇ ਮਾਣ ਨੂੰ ਨਿੰਮੋਝੂਣਾ ਕਰ ਦਿੱਤਾ।

ਉਹਨਾਂ ਪਹਿਲਾਂ ਸਵਾਲ ਕੀਤਾ:- ਕੀ ਤੁਸੀਂ ਭਾਰਤੀ ਹੋ?

ਸਿੱਖ ਨੇ ਜਵਾਬ ਦਿੱਤਾ- ਜੀ ਹਾਂ।

ਉਹਨਾਂ ਨੇ ਦੂਜਾ ਸਵਾਲ ਕੀਤਾ- ਕੀ ਤੁਸੀਂ ਹਿੰਦੂ ਹੋ?

ਸਿੱਖ ਭਾਈ ਸਾਹਿਬ ਦਾ ਜਵਾਬ ਸੀ- ਜੀ ਨਹੀ।

ਉਹਨਾਂ ਨੇ ਫਿਰ ਸਵਾਲ ਕੀਤਾ- ਫਿਰ ਤੁਸੀਂ ਕੌਣ ਹੋ?

ਉਸ ਸਿੱਖ ਭਾਈ ਸਾਹਿਬ ਨੇ ਬੜੇ ਮਾਣ ਅਤੇ ਗੌਰਵ ਨਾਲ ਜਵਾਬ ਦਿਤਾ- “ਮੈ ਸਿੱਖ ਹਾਂ”।

ਸਿੱਖ ਭਾਈ ਸਾਹਿਬ ਦਾ ਜਵਾਬ ਸੁਣਦੇ ਹੀ ਉਹਨਾਂ ਨੇ ਕਿਹਾ “ਨਹੀ ਤੁਸੀਂ ਅਕ੍ਰਿਤਘਣ ਹੋ। “

ਇਹ ਉਸ ਸਿੱਖ ਦੇ ਮਾਣ ਦਾ ਅਪਮਾਨ ਸੀ। ਪਰ ਫਿਰ ਵੀ ਉਸਨੇ ਪੁਛਿਆ- “ਕਿਉਂ? ਕਿਸ ਤਰਾਂ? “

ਸਿਖ ਭਾਈ ਸਾਹਿਬ ਨੂੰ ਜਵਾਬ ਮਿਲਿਆ- “ਅਸੀਂ ਈਸਾਈਆਂ ਨੇ ਇੱਕ ਈਸਾ ਦੇ ਸੂਲੀ ਚੜਨ ਦੀ ਗੱਲ ਨੂੰ ਲੈ ਕੇ ਈਸਾਈ ਧਰਮ ਸਾਰੀ ਦੁਨੀਆਂ ਵਿੱਚ ਫੈਲਾ ਲਿਆ ਹੈ। ਸਿੱਖ ਕੌਮ ਦਾ ਇਤਿਹਾਸ ਤਾਂ ਹਜ਼ਾਰਾਂ ਈਸਾ ਨਾਲ ਭਰਿਆ ਪਿਆ ਹੈ। ਕਿਹੜਾ ਹੋਰ ਧਰਮ ਏ, ਜਿਸਦੇ ਆਗੂ ਉਬਲਦੀਆਂ ਦੇਗਾਂ ਵਿੱਚ ਬੈਠੇ ਹੋਵਣ ਤੇ ਤੱਤੀਆਂ ਤੱਵੀਆਂ ਤੇ ਭੁੱਜੇ ਹੋਵਣ। ਕਿਹੜਾ ਹੋਰ ਧਰਮ ਏ, ਜਿਸਦੇ ਆਗੂ ਨੇ ਆਪਣਾ ਸਿਰ ਚੌਰਾਹੇ ਵਿੱਚ ਕਟਵਾ ਦਿੱਤਾ ਹੋਵੇ? ਕਿਹੜੇ ਧਰਮ ਦੇ ਆਸ਼ਕਾਂ ਨੇ ਬੰਦ-ਬੰਦ ਕਟਵਾਏ ਨੇ? ਕਿਹੜਾ ਕੋਈ ਆਰੇ ਨਾਲ ਚੀਰਿਆ ਗਿਆ ਏ? ਕਿਹੜਾ ਹੋਰ ਧਰਮ ਏ, ਜਿਸਦੀਆਂ ਮਾਵਾਂ ਨੇ ਆਪਣੇ ਬੱਚਿਆਂ ਦੇ ਟੋਟੇ ਕਰਵਾ ਕੇ ਝੋਲੀਆਂ ਵਿੱਚ ਪਵਾਏ ਨੇ? ਕਿਹੜੇ ਧਰਮ ਦੇ ਰਾਹਨੁਮਾ ਨੇ ਆਪਣੇ ਬੱਚੇ ਨੀਹਾਂ ਵਿੱਚ ਚਿਣਵਾਏ ਨੇ? ਗਜ਼ਬ ਖੁਦਾ ਦਾ ਸਿਰਫ ਪੰਜ ਸੌ ਸਾਲਾਂ ਦਾ ਇਤਿਹਾਸ ਤੇ ਉਹੀ ਵੀ ਲਹੂ ਨਾਲ ਲਿਖਿਆ ਹੋਇਆ। ਪਰ ਅਫਸੋਸ ਕਿ ਤੁਸੀਂ ਆਪਣੇ ਐਸੇ ਲਾਸਾਨੀ ਇਤਿਹਾਸ ਨੂੰ ਸਾਰੀ ਦੁਨੀਆਂ ਵਿੱਚ ਤਾਂ ਕੀ, ਆਪਣੇ ਸਿੱਖਾ ਵਿੱਚ ਵੀ ਨਹੀ ਪ੍ਰਚਾਰ ਸਕੇ। ਫਿਰ ਤੁਸੀਂ ਅਕ੍ਰਿਤਘਣ ਨਹੀ ਤਾਂ ਹੋਰ ਕੀ ਹੋ? ਤੁਸੀਂ ਅਕ੍ਰਿਤਘਣ ਹੋ ਆਪਣੇ ਗੁਰੂਆਂ ਪ੍ਰਤੀ, ਆਪਣੇ ਸ਼ਹੀਦਾਂ ਪ੍ਰਤੀ। “

ਇਹ ਜਵਾਬ ਸੁਣਕੇ ਉਸ ਸਿੱਖ ਭਾਈ ਸਾਹਿਬ, ਜਿਨਾਂ ਨੇ ਬੜੇ ਮਾਣ ਅਤੇ ਗੌਰਵ ਨਾਲ ਕਿਹਾ ਸੀ ਕਿ ਮੈਂ ਸਿੱਖ ਹਾਂ, ਦਾ ਸਿਰ ਸ਼ਰਮ ਨਾਲ ਝੁਕ ਗਿਆ।

ਇਹ ਸਵਾਲ ਇੱਕ ਸਿੱਖ ਉੱਤੇ ਅਮਰੀਕਨਾਂ ਨੇ ਕੀਤਾ ਤੇ ਅਕ੍ਰਿਤਘਣ ਆਖ ਕੇ ਸਾਰੀ ਮਨੁੱਖਤਾ ਦਾ ਰੋਸ ਪ੍ਰਗਟ ਕੀਤਾ। ਉਸ ਮਨੁੱਖਤਾ ਦਾ ਰੋਸ ਜੋ ਉਹਨਾਂ ਸਿਖ ਸ਼ਹੀਦਾਂ ਤੇ ਮਨੁੱਖਤਾ ਦੇ ਹੀਰਿਆਂ ਦੇ ਦਰਸ਼ਨਾਂ ਨੂੰ ਲੋਚਦੀ ਹੈ।

ਜਰਾ ਸੋਚੋ! ਜੇ ਅਜ ਇਹੀ ਸਵਾਲ ਕੋਈ ਸਾਡੇ ਤੇ ਕਰ ਦੇਵੇ ਤਾਂ ਸਾਡੇ ਪਾਸ ਕੀ ਜਵਾਬ ਹੋਵੇਗਾ। ਅਫਸੋਸ! ਜਿਹੜੀ ਕੌਮ ਅਜੇ ਤਕ ਖੁਦ ਆਪਣੇ ਸ਼ਹੀਦਾਂ ਦੀ ਕਦਰ ਨਹੀਂ ਕਰ ਸਕੀ, ਉਸ ਕੌਮ ਨੇ ਉਹਨਾਂ ਸ਼ਹੀਦਾਂ ਦੇ ਇਤਿਹਾਸ ਦੇ ਦਰਸ਼ਨ ਹੋਰਨਾਂ ਨੂੰ ਕਿੱਥੋਂ ਕਰਵਾਉਂਣੇ ਹਨ। ਸਿੱਖ ਕੌਮ ਅੰਦਰ ਇਸ ਪੈਦਾ ਹੋ ਚੁੱਕੀ ਘਾਟ ਦੇ ਕਾਰਣਾਂ ਨੂੰ ਖੋਜਣ ਦੀ ਲੋੜ ਹੈ।

ਜੇਕਰ ਵੇਖਿਆ ਜਾਵੇ ਤਾਂ ਸਿੱਖ ਕੌਮ ਨੇ ਤਾਂ ਆਪਣੇ ਗੁਰੂਆਂ ਅਤੇ ਦਸਾਂ ਪਾਤਸ਼ਾਹੀਆਂ ਦੀ ਆਤਮਕ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਵੀ ਪੂਰੀ ਤਰਾਂ ਨਹੀ ਪਛਾਣਿਆ। ਪ੍ਰਤੱਖ ਨੂੰ ਪ੍ਰਮਾਣ ਕੀ- ਬਹੁਗਿਣਤੀ ਸਿੱਖ ਕੌਮ ਅਜ ਕਲ ਉਹੀ ਕੁੱਝ ਕਰ ਰਹੀ ਹੈ, ਜਿਸ ਤੋਂ ਗੁਰਬਾਣੀ ਰੋਕਦੀ ਹੈ। ਅਜ ਦਾ ਭੁੱਲੜ ਸਿੱਖ, ਘਰ ਵਿੱਚ ਫਾਲਤੂ ਚੀਜਾਂ ਲਈ ਮਾਇਆ ਖਰਚ ਸਕਦਾ ਹੈ, ਸ਼ਰਾਬ ਦੀ ਬੋਤਲ ਲਈ ਪੈਸੇ ਬਜਟ ਵਿਚੋਂ ਕਢ ਸਕਦਾ ਹੈ। ਦੋਸਤਾਂ ਅਤੇ ਰਿਸ਼ਤੇਦਾਰਾਂ ਦੇ ਚਾਹ-ਪਾਣੀ ਲਈ ਫਜੂਲ ਖਰਚ ਕਰ ਸਕਦਾ ਹੈ, ਪਰ ਆਪਣੇ ਧਰਮ, ਇਤਿਹਾਸ, ਗੁਰਬਾਣੀ ਬਾਰੇ ਜਾਣਕਾਰੀ ਪ੍ਰਾਪਤ ਕਰਨ ਲਈ ਖਰਚ ਕਰਨ ਲਈ ਤਿਆਰ ਨਹੀਂ। ਅੱਜ ਦਾ ਭੁੱਲੜ ਸਿੱਖ, ਸਿਨੇਮੇ, ਕਲੱਬ, ਟੀ. ਵੀ, ਵੀ. ਸੀ. ਆਰ, ਇੰਟਰਨੈਟ, ਵਟਸ ਐਪ, ਫੇਸ ਬੁੱਕ, ਚੈਟਿੰਗ, ਸੱਜਣਾ ਮਿੱਤਰਾਂ ਆਦਿ ਲਈ ਤਾਂ ਸਮਾਂ ਕੱਢ ਸਕਦਾ ਹੈ, ਪਰ ਧਾਰਮਿਕ ਸਮਾਗਮਾਂ, ਧਰਮ ਸਬੰਧੀ ਜਾਣਕਾਰੀ ਪ੍ਰਾਪਤ ਕਰਨ ਲਈ ਉਪਲਬਧ ਸਾਧਨਾਂ ਨਾਲ ਜੁੜਣ ਲਈ ਉਸ ਪਾਸ ਸਮਾਂ ਨਹੀ ਹੈ।

ਅਜ ਸਾਡੇ ਆਲੇ ਦੁਆਲੇ ਅਨੇਕਾਂ ਸਿੱਖ ਵੀਰ ਭੈਣਾਂ, ਗੁਰਮਤਿ ਵਿਰੋਧੀ ਕੰਮਾਂ ਵਿੱਚ ਲੱਗੇ ਹੋਏ ਵੇਖਦੇ ਹਾਂ, ਪਰ ਅਸੀਂ ਜਾਣਦੇ ਹੋਏ ਵੀ, “ਸਾਨੂੰ ਕੀ” ਆਖਦੇ ਹੋਏ ਸਾਹਮਣੇ ਪ੍ਰਤਖ ਦਿਖਾਈ ਦਿੰਦੀ ਹੋਈ ਮਨਮਤਾਂ ਰੂਪੀ ਬਿੱਲੀ ਦੇ ਖਤਰੇ ਤੋਂ ਕਬੂਤਰ ਵਾਂਗ ਅੱਖਾਂ ਮੀਟਣ ਵਿੱਚ ਹੀ ਆਪਣੀ ਭਲਾਈ ਸਮਝਦੇ ਹਾਂ।

ਜੇਕਰ ਦੂਸਰੇ ਪਾਸੇ ਈਸਾਈ ਧਰਮ ਵਲ ਵੇਖੀਏ ਤਾਂ ਹਰ ਈਸਾਈ ਬੰਦਾ, ਈਸਾਈ ਧਰਮ ਦਾ ਪ੍ਰਚਾਰਕ ਹੈ। ਜਿਸ ਕਰਕੇ ਈਸਾਈ ਧਰਮ ਦੁਨੀਆਂ ਵਿੱਚ ਫੈਲਿਆ ਹੈ। ਜਿਤਨੀ ਦੇਰ ਤੱਕ ਸਿੱਖ ਧਰਮ ਦਾ ਵੀ ਹਰ ਇੱਕ ਮੈਂਬਰ ਆਪਣੇ ਧਰਮ ਦਾ ਪ੍ਰਚਾਰਕ ਨਹੀ ਬਣੇਗਾ, ਉਤਨੀ ਦੇਰ ਤੱਕ ਸਿੱਖ ਧਰਮ ਦਾ ਪ੍ਰਚਾਰ ਸੰਸਾਰ ਵਿੱਚ ਨਹੀਂ ਹੋ ਸਕੇਗਾ। ਇਸ ਲਈ ਆਓ, ਆਪਾਂ ਵੀ ਸਿੱਖ ਧਰਮ ਸਬੰਧੀ ਆਪਣੇ ਫਰਜ਼ ਨੂੰ ਪਛਾਣੀਏ, ਸਾਰੇ ਸਿੱਖ ਧਰਮ ਦੇ ਪ੍ਰਚਾਰਕ ਬਣੀਏ ਅਤੇ ਗੁਰੂ ਰਾਮਦਾਸ ਜੀ ਦੇ ਫੁਰਮਾਣ:-

ਜਨ ਨਾਨਕ ਧੂੜ ਮੰਗੈ ਤਿਸ ਗੁਰਸਿਖ ਕੀ

ਜੋ ਆਪ ਜਪੈ ਅਵਰਹ ਨਾਮ ਜਪਾਵੈ।।

ਅਨੁਸਾਰ ਸਿੱਖੀ ਮਾਰਗ ਤੇ ਚਲਦੇ ਹੋਏ ਦੂਸਰਿਆਂ ਨੂੰ ਵੀ ਸਿੱਖੀ ਮਾਰਗ ਤੇ ਤੋਰੀਏ ਅਤੇ ਗੁਰੂ ਪਾਤਸ਼ਾਹ ਦੀਆਂ ਖੁਸ਼ੀਆਂ ਦੇ ਪਾਤਰ ਬਣਨ ਲਈ ਯਤਨਸ਼ੀਲ ਹੋਈਏ।

====================

-ਸੁਖਜੀਤ ਸਿੰਘ, ਕਪੂਰਥਲਾ

ਗੁਰਮਤਿ ਪ੍ਰਚਾਰਕ/ ਕਥਾਵਾਚਕ

201, ਗਲੀ ਨਬੰਰ 6, ਸੰਤਪੁਰਾ

ਕਪੂਰਥਲਾ (ਪੰਜਾਬ)

(98720-76876, 01822-276876)

[email protected]




.