.

ਭੱਟ ਬਾਣੀ-18

ਬਲਦੇਵ ਸਿੰਘ ਟੋਰਾਂਟੋ

ਸਵਈਏ ਮਹਲੇ ਦੂਜੇ ਕੇ ੨ ੴ ਸਤਿਗੁਰ ਪ੍ਰਸਾਦਿ।।

ਸੋਈ ਪੁਰਖੁ ਧੰਨੁ ਕਰਤਾ ਕਾਰਣ ਕਰਤਾਰੁ ਕਰਣ ਸਮਰਥੋ।।

ਸਤਿਗੁਰੂ ਧੰਨੁ ਨਾਨਕੁ ਮਸਤਕਿ ਤੁਮ ਧਰਿਓ ਜਿਨਿ ਹਥੋ।।

ਤ ਧਰਿਓ ਮਸਤਕਿ ਹਥੁ ਸਹਜਿ ਅਮਿਉ ਵੁਠਉ ਛਜਿ

ਸੁਰਿ ਨਰ ਗਣ ਮੁਨਿ ਬੋਹਿਯ ਅਗਾਜਿ।।

ਮਾਰਿਓ ਕੰਟਕੁ ਕਾਲੁ ਗਰਜਿ ਧਾਵਤੁ ਲੀਓ ਬਰਜਿ ਪੰਚ ਭੂਤ

ਏਕ ਘਰਿ ਰਾਖਿ ਲੇ ਸਮਜਿ।।

ਜਗੁ ਜੀਤਉ ਗੁਰ ਦੁਆਰਿ ਖੇਲਹਿ ਸਮਤ ਸਾਰਿ

ਰਥੁ ਉਨਮਨਿ ਲਿਵ ਰਾਖਿ ਨਿਰੰਕਾਰਿ।।

ਕਹੁ ਕੀਰਤਿ ਕਲ ਸਹਾਰ ਸਪਤ ਦੀਪ ਮਝਾਰ ਲਹਣਾ

ਜਗਤ੍ਰ ਗੁਰੁ ਪਰਸਿ ਮੁਰਾਰਿ।। ੧।।

(ਪੰਨਾ ੧੩੯੧)

ੴਸਤਿਗੁਰ ਪ੍ਰਸਾਦਿ।। – ਇਕੁ ਸਦੀਵੀ ਸਥਿਰ ਰਹਿਣ ਵਾਲਾ ਸਰਬ-ਵਿਆਪਕ ਅਕਾਲ ਪੁਰਖੁ ਜਿਸ ਦੀ ਕ੍ਰਿਪਾ, ਬਖ਼ਸ਼ਿਸ਼ ਵੀ ਸਦੀਵੀ ਹੈ। ਪ੍ਰਸਾਦਿ – ਕ੍ਰਿਪਾ, ਬਖ਼ਸ਼ਿਸ਼। ਸਵਈਏ ਮਹਲੇ ਦੂਜੇ ਕੇ ੨ – ਮਹਲੇ ਦੂਜੇ ਦੇ ਸਮੇਂ ਉਚਾਰਣ ਕੀਤੇ ਗਏ ਸਵਈਏ।

ਪਦ ਅਰਥ:- ਸੋਈ ਪੁਰਖੁ ਧੰਨੁ – ਉਹ ਇਕੁ ਸਰਬ-ਵਿਆਪਕ ਹੀ ਪੂਰਨ ਤੌਰ `ਤੇ ਧੰਨਤਾਯੋਗ ਹੈ। ਸੋਈ – ਸਰਬ-ਵਿਆਪਕ। ਪੁਰਖੁ – ਪੂਰਣ ਰੂਪ ਵਿੱਚ, ਪੂਰਨ ਤੌਰ `ਤੇ। ਕਰਤਾਰੁ – ਰਚੇਤਾ, ਸ੍ਰਿਸ਼ਟੀ ਦਾ ਰਚਣਹਾਰਾ। ਕਾਰਣ ਕਰਤਾਰੁ ਕਰਣ ਸਮਰਥੋ – ਉਹ ਕਰਤਾ ਹੀ ਕਰਣ ਕਾਰਣ ਦੇ ਸਮਰੱਥ ਹੈ। ਸਮਰਥੋ – ਸਮਰੱਥ (ਅਵਤਾਰਵਾਦੀ ਪਰੰਪਰਾ ਰੱਦ, ਇਥੇ ਕੋਈ ਭੱਟ ਬਾਣੀ ਦੇ ਮਨੋਰਥ ਦਾ ਭੁਲੇਖਾ ਹੀ ਨਹੀਂ ਰਹਿ ਜਾਂਦਾ)। ਸਤਿਗੁਰੂ ਧੰਨੁ – ਸਦੀਵੀ ਸਥਿਰ ਰਹਿਣ ਵਾਲਾ ਧੰਨ ਹੈ। ਨਾਨਕੁ – ਨਾਨਕ ਦੇ। ਮਸਤਕਿ – ਮਸਤਕ, ਸਿਰ। ਤੁਮ – ਤੂੰ। ਧਰਿਓ ਜਿਨਿ ਹਥੋ – ਜਿਸ ਨੇ ਆਪਣੀ ਬਖ਼ਸ਼ਿਸ਼ ਦਾ ਹੱਥ ਰੱਖਿਆ। ਨਾਨਕੁ – ਨਾਨਕ ਨੂੰ, ਨਾਨਕ ਨੇ, ਨਾਨਕ ਦਾ, ਨਾਨਕ ਦੇ। ਤ ਧਰਿਓ ਮਸਤਕਿ ਹਥੁ ਸਹਿਜ ਅਮਿਉ ਵੁਠਉ ਛਜਿ – ਤ – ਤਦ, ਜਦ, ਜਦੋਂ। ਛਜਿ – ਛੱਜਾ, ਛਤਰ ਭਾਵ ਸਿਰ। ਸੁਰਿ ਨਰ ਗਣ ਮੁਨਿ ਬੋਹਿਯ ਅਗਾਜਿ – ਬੋਹਿਯ – ਸੰ: ਵਯੂਹ ਸੰਗਯਾ-ਸੁਮਦਾਯ, “ਸੁਰ ਨਰ ਗਣ ਮੁਨਿ ਬੋਹਿਯ ਅਗਾਜਿ” ਸੁਰ ਨਰਿ ਆਦਿ ਦੇ ਸੁਮਦਾਯ ਤੋਂ ਅਗ੍ਰਾਗਯ ਹੈ, ਭਾਵ – ਜੋ ਅੰਮ੍ਰਿਤ (ਗਿਆਨ) ਲਹਣਾ ਜੀ ਨੂੰ ਪ੍ਰਾਪਤ ਹੋਇਆ ਹੈ, ਉਹ ਦੇਵੀ ਦੇਵਤਿਆਂ ਦੇ (ਝੁੰਡ) ਤੋਂ ਗ੍ਰਹਿਣ ਨਹੀਂ ਕੀਤਾ ਜਾ ਸਕਦਾ। ਇਹ ਮਹਾਨ ਕੋਸ਼ ਅੰਦਰ ਭਾਈ ਕਾਨ੍ਹ ਸਿੰਘ ਜੀ ਵੱਲੋਂ ਕੀਤੇ ਜੋ ਅਰਥ ਹਨ ਜੋ ਗੁਰਮਤਿ ਦੇ ਕਾਫੀ ਨੇੜੇ ਹਨ। ਦੇਖੋ (ਬੋਹਿਯ) ਅਗਾਜਿ – ਅਗ੍ਰਾਹਯ, ਵਿ-ਜੋ ਗ੍ਰਹਿਣ (ਪ੍ਰਾਪਤ) ਨਾ ਕੀਤਾ ਜਾ ਸਕੇ (ਮ: ਕੋਸ਼)। ਮਾਰਿਓ ਕੰਟਕੁ – ਬੰਨ੍ਹ ਮਾਰ ਲੈਣਾ ਭਾਵ ਰੋਕ ਲਾ ਲੈਣੀ। ਕਾਲੁ – ਆਤਮਿਕ ਤੌਰ `ਤੇ ਮਾਰ ਮੁਕਾਉਣ ਵਾਲੀ ਵੀਚਾਰਧਾਰਾ, ਕਾਲੁ। ਗਰਜਿ – ਗੂੰਜ, ਪ੍ਰਚਾਰ। ਧਾਵਤੁ – ਦੌੜਨ ਵਾਲਾ, ਦੌੜ। ਲੀਓ ਬਰਜਿ – ਉਸ ਵੱਲੋਂ ਵਰਜ ਲਿਆ, ਵਰਜ ਕੇ। ਪੰਚ ਭੂਤ ਏਕ ਘਰਿ ਰਾਖਿ ਲੇ ਸਮਜਿ – ਪੰਜ ਭੂਤਕ ਸਰੀਰ ਅੰਦਰ ਇਕੁ ਨੂੰ ਸੱਚ ਜਾਣ ਕੇ ਟਿਕਾਅ ਲਿਆ। ਰਾਖਿ – ਰੱਖ ਲੈਣਾ, ਟਿਕਾਅ ਲੈਣਾ। ਸਮਜਿ – ਸਮਝ ਕੇ, ਜਾਣ ਕੇ। ਜਗੁ ਜੀਤਉ – ਜਗਤ ਦੀ ਕਰਮ-ਕਾਂਡੀ ਵੀਚਾਰਧਾਰਾ ਨੂੰ ਜਿੱਤ ਲਿਆ, ਫਤਿਹ ਪ੍ਰਾਪਤ ਕਰ ਲਈ। ਗੁਰ ਦੁਆਰਿ – ਗਿਆਨ ਦੀ ਬਖ਼ਸ਼ਿਸ਼ ਕਰਨ ਵਾਲੇ ਕਰਤੇ ਦੇ ਦੁਆਰੇ ਨਾਲ ਜੁੜ ਕੇ। ਜੀਤਉ – ਜਿੱਤ, ਫਤਹਿ ਪ੍ਰਾਪਤ ਕਰ ਲੈਣੀ। ਗੁਰ – ਗਿਆਨ ਦੀ ਬਖਸ਼ਿਸ਼। ਗੁਰ ਦੁਆਰਿ – ਗਿਆਨ ਦੀ ਬਖਸ਼ਿਸ਼ ਕਰਨ ਵਾਲੇ ਦੇ ਦੁਆਰੇ ਨਾਲ ਜੁੜ ਕੇ। ਖੇਲਹਿ – ਵਿਚਰੇ, ਵਿਚਰਨਾ। ਸਮਤ – ਸੁਗੰਧ। ਸਾਰਿ – ਉੱਤਮ ਸ੍ਰੇਸ਼ਟ (ਮ: ਕੋਸ਼)। ਖੇਲਹਿ ਸਮਤ ਸਾਰਿ – ਉੱਤਮ, ਸ੍ਰੇਸ਼ਟ ਸੁਗੰਧਿਤ ਵੀਚਾਰਧਾਰਾ ਨੂੰ ਲੈ ਕੇ ਵਿਚਰਣਾ, ਵਿਚਰੇ (ਉਹ ਉੱਤਮ ਵੀਚਾਰਧਾਰਾ ਜੋ ਵਾਤਾਵਰਣ ਨੂੰ ਸੁਗੰਧਿਤ ਕਰ ਦੇਣ ਵਾਲੀ ਹੋਵੇ)। ਰਥੁ – ਯੋਧਾ, ਬਹਾਦਰ ਪੁਰਸ਼ ਭਾਵ ਮਹਾਨ ਪੁਰਸ਼ (ਮ: ਕੋਸ਼)। ਉਨਮਨਿ – ਉਹ ਪੁਰਸ਼ ਜੋ ਆਪਣੇ ਮਨ ਅੰਦਰ। ਲਿਵ ਰਾਖਿ ਨਿਰੰਕਾਰਿ – ਆਪਣੀ ਲਿਵ ਇਕੁ ਨਿਰੰਕਾਰਿ ਨਾਲ ਜੋੜ ਲਵੇ। ਕਹੁ ਕੀਰਤਿ ਕਲ – ਕੀਰਤ ਕਲ੍ਹ ਜੀ ਦੀ ਤਰ੍ਹਾਂ ਇਹ ਹੀ ਆਖਦਾ ਹੈ। ਸਹਾਰ – ਆਸਰਾ ਲੈ ਕੇ। ਸਪਤ ਦੀਪ – ਅਗਿਆਨਤਾ ਦੇ ਸਪਤ ਦੀਪ, ਸਮੁੰਦਰ। ਮਝਾਰ – ਨਦੀ ਦਾ, ਸਮੁੰਦਰ ਦਾ ਵਹਾ, ਵਹਿਣ। ਸਪਤ ਦੀਪ ਮਝਾਰ – ਸੰਸਾਰ ਸਮੁੰਦਰ ਦੇ ਵਿਚਲੇ ਅਗਿਆਨਤਾ ਦੇ ਵਹਿਣ ਦੀ ਨਦੀ। ਲਹਣਾ – ਭਾਈ ਲਹਣਾ ਜੀ। ਜਗਤ੍ਰ – ਜਗ ਤਰ ਜਾਣਾ ਭਾਵ ਜਗਤ ਦੀ ਕਰਮ-ਕਾਂਡੀ ਵੀਚਾਰਧਾਰਾ ਵਿੱਚ ਡੁੱਬਣ ਤੋਂ ਬਚ ਜਾਣਾ। ਗੁਰੁ – ਗਿਆਨ ਨੂੰ ਜੀਵਨ ਵਿੱਚ ਅਪਣਾ ਕੇ। ਪਰਸਿ – ਪਰਸ ਕੇ, ਜੁੜ ਕੇ। ਮੁਰਾਰਿ - ਮੁਰਾਰਿ – ਦੈਂਤ ਰੂਪ ਵੀਚਾਰਧਾਰਾ ਖ਼ਤਮ ਕਰ ਦੇਣ ਵਾਲੇ ਮੁਰਾਰਿ ਰੂਪ ਗਿਆਨ ਨਾਲ ਜੁੜ ਕੇ ਇਸ ਦਾ ਆਸਰਾ ਲੈ ਕੇ ਹੀ ਤਰਿਆ ਜਾ ਸਕਦਾ ਹੈ ਭਾਵ ਡੁੱਬਣ ਤੋਂ ਬਚਿਆ ਜਾ ਸਕਦਾ ਹੈ। ਸਹਾਰ – ਸਹਾਰਾ, ਆਸਰਾ।

ਅਰਥ:- ਹੇ ਭਾਈ! ਜਿਸ ਨੇ ਸ੍ਰਿਸ਼ਟੀ ਦੀ ਰਚਨਾ ਕੀਤੀ ਹੈ, ਉਹ ਇਕੁ ਸਰਬ-ਵਿਆਪਕ ਹੀ ਪੂਰਨ ਤੌਰ `ਤੇ ਧੰਨਤਾਯੋਗ ਹੈ ਅਤੇ ਕਰਨ ਕਾਰਣ ਸਮਰੱਥ ਹੈ। ਉਸ ਧੰਨਤਾਯੋਗ ਸਰਬ-ਵਿਆਪਕ ਸਤਿਗੁਰੂ ਨੇ ਹੀ ਨਾਨਕ ਦੇ ਮਸਤਕਿ ਉੱਪਰ ਆਪਣੀ ਬਖ਼ਸ਼ਿਸ਼, ਗਿਆਨ ਦਾ ਹੱਥ ਰੱਖਿਆ ਹੈ। ਜਦੋਂ ਅਡੋਲ ਉਸੇ ਗਿਆਨ ਦੀ ਅੰਮ੍ਰਿਤ ਵਰਖਾ ਲਹਣਾ ਜੀ ਦੇ ਸਿਰ ਉੱਪਰ ਹੋਈ ਤਾਂ ਲਹਣਾ ਜੀ ਨੇ ਵੀ ਇਹੀ ਆਖਿਆ ਕਿ ਇਹ ਅੰਮ੍ਰਿਤ-ਗਿਆਨ ਦੇਵੀ ਦੇਵਤਿਆਂ ਦੇ ਸੁਮਦਾਇ (ਗਿਰੋਹ/ਝੁੰਡ) ਤੋਂ ਪ੍ਰਾਪਤ ਨਹੀਂ ਕੀਤਾ ਜਾ ਸਕਦਾ। ਇਸ ਤਰ੍ਹਾਂ ਲਹਣਾ ਜੀ ਨੇ ਆਤਮਿਕ ਤੌਰ `ਤੇ ਮਾਰ ਮੁਕਾਉਣ ਵਾਲੀ ਵੀਚਾਰਧਾਰਾ ਦੇ ਪ੍ਰਚਾਰ ਦੀ ਜੋ ਦੌੜ ਸੀ, ਉਸ ਵੱਲੋਂ ਆਪਣੇ ਆਪ ਨੂੰ ਵਰਜ ਕੇ ਰੋਕ ਲਿਆ ਅਤੇ ਆਪਣੇ ਪੰਜ ਭੂਤਕ ਸਰੀਰ ਅੰਦਰ ਇਕੁ ਕਰਤਾਰੁ ਸ੍ਰਿਸ਼ਟੀ ਦੇ ਰਚੇਤਾ ਨੂੰ ਸੱਚ ਜਾਣ ਕੇ ਟਿਕਾਅ ਲਿਆ। ਇਸ ਤਰ੍ਹਾਂ ਆਤਮਿਕ ਤੌਰ `ਤੇ ਮਾਰ ਮੁਕਾਉਣ ਵਾਲੀ ਵੀਚਾਰਧਾਰਾ ਉੱਪਰ ਗੁਰ ਦੁਆਰ, ਗਿਆਨ ਦੇ ਦੁਆਰੇ ਨਾਲ ਜੁੜ ਕੇ ਲਹਣਾ ਜੀ ਨੇ ਜਗਤ ਦੀ (ਅਵਤਾਰਵਾਦੀ) ਵੀਚਾਰਧਾਰਾ ਉੱਪਰ ਜਿੱਤ ਪ੍ਰਾਪਤ ਕੀਤੀ ਅਤੇ ਜਗਤ ਵਿੱਚ ਵਾਤਾਵਰਨ ਨੂੰ ਗਿਆਨ ਨਾਲ ਸੁਗੰਧਿਤ ਕਰ ਦੇਣ ਵਾਲੀ ਉੱਤਮ ਵੀਚਾਰਧਾਰਾ ਲੈ ਕੇ ਸੰਸਾਰ ਵਿੱਚ ਵਿਚਰੇ। ਬਹਾਦਰ ਪੁਰਸ਼ ਉਹ ਹੀ ਹੈ ਜੋ ਆਪਣੀ ਲਿਵ ਲਹਣਾ ਜੀ ਵਾਂਗ (ਅਵਤਾਰਵਾਦ ਨੂੰ ਛੱਡ ਕੇ) ਇਕੁ ਨਿਰੰਕਾਰ ਉੱਪਰ ਟਿਕਾਅ ਲਵੇ। ਇਸ ਕਰਕੇ ਜਿਵੇਂ ਭੱਟ ਕਲ੍ਹ ਨੇ ਇਸ ਵੀਚਾਰਧਾਰਾ ਨੂੰ ਸਮਰਪਤ ਹੋ ਕੇ ਇਸ ਸੱਚ ਨੂੰ ਸਮੁੱਚੀ ਮਾਨਵਤਾ ਤੱਕ ਲੈ ਕੇ ਜਾਣ ਲਈ ਮਹਲੇ ਪਹਿਲੇ ਦੀ ਤਰ੍ਹਾਂ ਪ੍ਰੇਰਨਾ ਕੀਤੀ ਹੈ, ਉਸੇ ਤਰ੍ਹਾਂ ਭੱਟ ਕੀਰਤ ਵੀ ਇਹ ਹੀ ਆਖਦਾ ਹੈ ਕਿ ਅਗਿਆਨਤਾ ਦੇ ਸਪਤ ਮਹਾਂਦੀਪ ਦੀ ਨਦੀ ਦੇ ਵਹਿਣ ਵਿੱਚੋਂ ਲਹਣਾ ਜੀ ਵਾਂਗ ਇਹ ਜਗਤ੍ਰ, ਜਗ ਤਰ ਜਾਣ (ਜਗਤ ਦੀ ਕਰਮ-ਕਾਂਡੀ ਵੀਚਾਰਧਾਰਾ ਵਿੱਚ ਡੁੱਬਣ ਤੋਂ ਬਚਾਅ ਲੈਣ) ਵਾਲੀ ਇਸ ਗੁਰਮਤਿ ਵੀਚਾਰਧਾਰਾ ਨਾਲ ਜੁੜ ਕੇ, ਗਿਆਨ ਨੂੰ ਜੀਵਨ ਵਿੱਚ ਅਪਣਾ ਕੇ, ਇਸ ਦਾ ਸਹਾਰਾ, ਆਸਰਾ ਲੈ ਕੇ ਹੀ ਦੈਂਤ ਰੂਪ (ਅਵਤਾਰਵਾਦੀ) ਕਰਮ-ਕਾਂਡੀ ਵੀਚਾਰਧਾਰਾ ਦੇ ਸਮੁੰਦਰ ਵਿੱਚ ਡੁੱਬਣ ਤੋਂ ਬਚਿਆ ਜਾ ਸਕਦਾ ਹੈ ਭਾਵ ਮਨੁੱਖ ਮਨੁੱਖੀ (ਅਵਤਾਰਵਾਦੀ) ਗ਼ੁਲਾਮੀ ਤੋਂ ਬਚ ਸਕਦਾ ਹੈ।

ਜਾ ਕੀ ਦ੍ਰਿਸਟਿ ਅੰਮ੍ਰਿਤ ਧਾਰ ਕਾਲੁਖ ਖਨਿ

ਉਤਾਰ ਤਿਮਰ ਅਗ੍ਯ੍ਯਾਨ ਜਾਹਿ ਦਰਸ ਦੁਆਰ।।

ਓਇ ਜੁ ਸੇਵਹਿ ਸਬਦੁ ਸਾਰੁ ਗਾਖੜੀ ਬਿਖਮ

ਕਾਰ ਤੇ ਨਰ ਭਵ ਉਤਾਰਿ ਕੀਏ ਨਿਰਭਾਰ।।

ਸਤਸੰਗਤਿ ਸਹਜ ਸਾਰਿ ਜਾਗੀਲੇ ਗੁਰ ਬੀਚਾਰਿ

ਨਿੰਮਰੀ ਭੂਤ ਸਦੀਵ ਪਰਮ ਪਿਆਰਿ।।

ਕਹੁ ਕੀਰਤਿ ਕਲ ਸਹਾਰ ਸਪਤ ਦੀਪ ਮਝਾਰ ਲਹਣਾ

ਜਗਤ੍ਰ ਗੁਰੁ ਪਰਸਿ ਮੁਰਾਰਿ।। ੨।।

(ਪੰਨਾ ੧੩੯੧)

ਪਦ ਅਰਥ:- ਜਾ ਕੀ ਦ੍ਰਿਸਟਿ ਅੰਮ੍ਰਿਤ ਧਾਰ – ਉਹ ਸਰਬ-ਵਿਆਪਕ ਹੀ ਸੱਚ ਹੈ, ਜਿਸ ਦੀ ਅੰਮ੍ਰਿਤ ਦ੍ਰਿਸ਼ਟੀ ਦੀ ਵਰਖਾ। (ਅੰਮ੍ਰਿਤ – ਮਨ ਸ਼ਾਂਤ ਕਰ ਦੇਣ ਵਾਲੇ ਗਿਆਨ ਦੀ। ਦ੍ਰਿਸ਼ਟੀ – ਬਖ਼ਸ਼ਿਸ਼)। ਕਾਲਖ ਖਨਿ ਉਤਾਰ ਤਿਮਰ ਅਗ੍ਯ੍ਯਾਨ ਜਾਹਿ ਦੁਆਰ – ਅਗਿਆਨਤਾ ਦੇ ਹਨੇਰੇ ਦੀ ਕਾਲਖ ਦੀ ਖਨਿ ਉਤਾਰਨ ਦੇ ਸਮਰੱਥ ਹੈ। ਦਰਸ – ਜਿਸ ਦੇ ਪ੍ਰਕਾਸ਼ ਰੂਪ ਦੁਆਰੇ ਸੱਚ ਦੇ ਨਾਲ ਜੁੜਨ ਦੇ ਨਾਲ ਅਗਿਆਨਤਾ ਦਾ ਹਨੇਰਾ ਦੂਰ ਹੋ ਜਾਂਦਾ ਹੈ। ਦਰਸ – ਪ੍ਰਕਾਸ਼। ਓਇ ਜੁ ਸੇਵਹਿ ਸਬਦੁ ਸਾਰੁ – ਉਹ ਜੋ ਸ੍ਰੇਸ਼ਟ ਉੱਤਮ ਬਖ਼ਸ਼ਿਸ਼ ਨਾਲ ਜੁੜੇ। ਸਾਰੁ – ਸ੍ਰੇਸ਼ਟ, ਉੱਤਮ। ਸਬਦੁ – ਗਿਆਨ ਦੀ ਬਖ਼ਸ਼ਿਸ਼। ਗਾਖੜੀ – ਔਖੀ। ਬਿਖਮ – ਬਿਖੜੀ, ਟੇਢੀ, ਉਲਟੀ। ਕਾਰ – ਵੀਚਾਰਧਾਰਾ। ਤੇ ਨਰ – ਉਹ ਮਨੁੱਖ। ਭਵ ਉਤਾਰਿ ਕੀਏ ਨਿਰਭਾਰ – ਉਨ੍ਹਾਂ ਦੇ ਸਿਰ ਤੋਂ ਸੰਸਾਰ ਦੀ ਇਸ ਉਲਟੀ (ਅਵਤਾਰਵਾਦੀ) ਬਿਖੜੇ ਪੈਂਡੇ ਦੀ ਵਿਚਾਰਧਾਰਾ ਦਾ ਬੋਝ ਲੱਥਾ, ਉਹ ਨਿਰਭਾਰ ਹੋਏ। ਸਤਸੰਗਤਿ ਸਹਜ ਸਾਰਿ ਜਾਗੀਲੇ – ਉਹ ਜੋ ਅਡੋਲ ਸਤ ਭਾਵ ਸੱਚ ਨਾਲ ਜੁੜੇ, ਉਨ੍ਹਾਂ ਨੇ ਉਲਟੀ ਵਿਚਾਰਧਾਰਾ ਤੋਂ ਗਤਿ ਸਦੀਵ ਪਰਮ ਪਿਆਰ ਭਾਵ ਮੁਕਤੀ ਪ੍ਰਾਪਤ ਕੀਤੀ। ਜਾਗੀਲੇ ਗੁਰ ਬੀਚਾਰਿ – ਜਿਹੜੇ ਸੱਚ ਨਾਲ ਜੁੜੇ, ਉਹ ਹੀ ਜਾਗੇ। ਨਿੰਮਰੀ ਭੂਤ– ਜਿਹੜੇ ਜਾਗੇ, ਜਿਨ੍ਹਾਂ ਨੇ ਸੱਚ ਨੂੰ ਵੀਚਾਰਿਆ, ਉਹ ਸਦਾ ਨਿੰਮ੍ਰਤਾ ਨਾਲ ਉਸ ਪਰਮਾਤਮਾ ਦੇ ਪਿਆਰ ਵਿੱਚ ਜੁੜੇ। ਕਹੁ ਕੀਰਤਿ ਕਲ – ਭੱਟ ਕੀਰਤਿ ਵੀ ਭੱਟ ਕਲ੍ਹ ਦੀ ਤਰ੍ਹਾਂ ਇਹ ਹੀ ਆਖਦਾ ਹੈ ਕਿ ਸਹਾਰ – ਆਸਰਾ ਲੈਣ ਲਈ। ਸਪਤ ਦੀਪ – ਅਗਿਆਨਤਾ ਦੇ ਸਪਤ ਦੀਪ। ਮੁਝਾਰ – ਨਦੀ ਦਾ, ਸਮੁੰਦਰ ਦਾ ਵਹਿਣ। ਲਹਣਾ – ਲਹਣਾ ਜੀ। ਜਗਤ੍ਰ – ਜਗਤ ਦੀ ਵੀਚਾਰਧਾਰਾ ਵਿੱਚ ਡੁੱਬਣ ਤੋਂ ਬਚ ਜਾਣਾ, ਤਰ ਜਾਣਾ। ਗੁਰੁ – ਗਿਆਨ ਨੂੰ ਜੀਵਨ ਵਿੱਚ ਅਪਣਾ ਕੇ। ਪਰਸਿ – ਪਰਸ ਕੇ, ਜੁੜ ਕੇ। ਮੁਰਾਰਿ - ਅਗਿਆਨਤਾ ਦੀ ਦੈਂਤ ਰੂਪ ਵੀਚਾਰਧਾਰਾ ਖ਼ਤਮ ਕਰ ਦੇਣ ਵਾਲਾ ਮੁਰਾਰਿ ਰੂਪੀ ਗਿਆਨ।

ਅਰਥ:- ਹੇ ਭਾਈ! ਉਸ ਸਰਬ-ਵਿਆਪਕ ਦੇ ਅੰਮ੍ਰਿਤ ਦੀ ਦ੍ਰਿਸ਼ਟੀ ਮਨ ਨੂੰ ਸ਼ਾਂਤ ਕਰ ਦੇਣ ਵਾਲੀ ਗਿਆਨ ਦੀ ਬਖ਼ਸ਼ਿਸ਼ ਜੋ ਬਰਸ ਰਹੀ ਹੈ, ਉਸ ਸਰਬ-ਵਿਆਪਕ ਦੀ ਬਖ਼ਸ਼ਿਸ਼ ਪ੍ਰਾਪਤ ਕਰਨ ਨਾਲ ਹੀ ਅਗਿਆਨਤਾ ਦੇ ਹਨੇਰੇ ਦੀ ਕਾਲਖ ਦੀ ਖਨਿ-ਖਲਿ ਉਤਾਰ ਕੇ ਉਸ ਪ੍ਰਕਾਸ਼ ਰੂਪ ਦੇ ਦੁਆਰੇ, ਸੱਚ ਨਾਲ ਜੁੜਨ ਵਾਲੇ ਦਾ ਅਗਿਆਨਤਾ ਦਾ ਹਨੇਰਾ ਦੂਰ ਹੋ ਸਕਦਾ ਹੈ (ਅਗਿਆਨਤਾ ਦਾ ਹਨੇਰਾ ਕੀ ਹੈ, ਅਵਤਾਰਵਾਦ ਨੂੰ ਰੱਬ ਮੰਨ ਕੇ ਉਨ੍ਹਾਂ ਦੀ ਗ਼ੁਲਾਮੀ ਕਰਨੀ)। ਉਹ ਮਨੁੱਖ ਜੋ ਉਸ ਸੱਚੇ ਸ੍ਰੇਸ਼ਟ ਦੀ ਬਖ਼ਸ਼ਿਸ਼ ਨਾਲ ਜੁੜੇ, ਉਹ ਹੀ ਇਸ (ਅਵਤਾਰਵਾਦ) ਦੀ ਬਿਖੜੀ ਉਲਟੀ ਵੀਚਾਰਧਾਰਾ ਦੇ ਬੋਝ ਤੋਂ ਨਿਰਭਾਰ ਹੋਏ, ਭਾਵ ਉਨ੍ਹਾਂ ਦੇ ਮਨ ਤੋਂ ਹੀ ਅਵਤਾਰਵਾਦ ਦਾ ਬੋਝ ਲੱਥਾ। ਉਹ ਜੋ ਸਤ ਭਾਵ ਸੱਚ ਨਾਲ ਜੁੜੇ, ਉਹ ਹੀ ਜਾਗੇ। ਜਿਹੜੇ ਜਾਗੇ, ਉਨ੍ਹਾਂ ਜਾਗਣ ਵਾਲਿਆਂ ਨੇ ਹੀ ਉਸ ਸੱਚ ਰੂਪ ਦੀ ਬਖ਼ਸ਼ਿਸ਼ ਸੱਚ ਨੂੰ ਵੀਚਾਰਿਆ (ਵੀਚਾਰਿਆ ਭਾਵ ਆਪਣੇ ਜੀਵਨ ਵਿੱਚ ਅਭਿਆਸ ਕੀਤਾ) ਅਤੇ ਵੀਚਾਰਨ ਵਾਲਿਆਂ (ਸੱਚ ਨੂੰ ਆਪਣੇ ਜੀਵਨ ਵਿੱਚ ਅਭਿਆਸ [practice] ਕਰਨ ਵਾਲਿਆਂ) ਨੇ ਹੀ ਅਵਤਾਰਵਾਦ ਦੀ ਉਲਟੀ (ਕਰਮ-ਕਾਂਡੀ) ਵੀਚਾਰਧਾਰਾ ਤੋਂ ਗਤਿ ਭਾਵ ਮੁਕਤੀ ਪ੍ਰਾਪਤ ਕੀਤੀ। ਜਿਨ੍ਹਾਂ ਨੇ (ਅਵਤਾਰਵਾਦ) ਤੋਂ ਮੁਕਤੀ ਪ੍ਰਾਪਤ ਕੀਤੀ, ਉਹ ਸਦਾ ਨਿਮਰਤਾ ਨਾਲ ਉਸ ਪਰਮ ਪਰਮਾਤਮਾ ਸੱਚ ਦੇ ਪਿਆਰ ਵਿੱਚ ਜੁੜੇ। ਇਸ ਕਰਕੇ ਹੇ ਭਾਈ! ਭੱਟ ਕੀਰਤਿ ਵੀ ਭੱਟ ਕਲ ਦੀ ਤਰ੍ਹਾਂ ਇਹ ਹੀ ਆਖਦਾ ਹੈ ਕਿ ਅਗਿਆਨਤਾ ਦੇ ਸਪਤ ਮਹਾਂਦੀਪ ਦੀ ਨਦੀ ਦੇ ਵਹਿਣ ਵਿੱਚੋਂ ਲਹਣਾ ਜੀ ਵਾਂਗ ਇਸ ਗੁਰਮਤਿ ਵੀਚਾਰਧਾਰਾ ਨਾਲ ਜੁੜ ਕੇ ਇਸ ਦਾ ਆਸਰਾ ਲੈਣ ਨਾਲ ਹੀ ਜਗਤ ਦੀ ਕਰਮ-ਕਾਂਡੀ ਵੀਚਾਰਧਾਰਾ ਵਿੱਚ ਡੁੱਬਣ ਤੋਂ ਅਤੇ ਦੈਂਤ ਰੂਪ ਅਵਤਾਰਵਾਦ ਗ਼ੁਲਾਮੀ ਤੋਂ ਬਚਿਆ ਜਾ ਸਕਦਾ ਹੈ।




.