.

☬ ਮਲਾਰ ਕੀ ਵਾਰ ਮਹਲਾ ੧☬

(ਪੰ: ੧੨੭੮-੯੧)

ਸਟੀਕ, ਲੋੜੀਂਦੇ ਗੁਰਮੱਤ ਵਿਚਾਰ ਦਰਸ਼ਨ ਸਹਿਤ

(ਕਿਸ਼ਤ-੨੫)

(ਲੜੀ ਜੋੜਣ ਲਈ, ਸਟੀਕ ਨੂੰ ਪਹਿਲੀ ਕਿਸ਼ਤ ਤੋਂ ਪੜ੍ਹਣਾ ਅਰੰਭ ਕਰੋ ਜੀ)

ਪ੍ਰਿਂਸੀਪਲ ਗਿਆਨੀ ਸੁਰਜੀਤ ਸਿੰਘ, ਸਿੱਖ ਮਿਸ਼ਨਰੀ, ਦਿੱਲੀ, ਪ੍ਰਿਂਸੀਪਲ ਗੁਰਮੱਤ ਐਜੂਕੇਸ਼ਨ ਸੈਂਟਰ, ਦਿੱਲੀ,

ਮੈਂਬਰ ਧਰਮ ਪ੍ਰਚਾਰ ਕਮੇਟੀ, ਦਿ: ਸਿ: ਗੁ: ਪ੍ਰ: ਕਮੇਟੀ, ਦਿੱਲੀ: ਫਾਊਂਡਰ (ਮੋਢੀ) ਸਿੱਖ ਮਿਸ਼ਨਰੀ ਲਹਿਰ ਸੰਨ 1956

(ਪਉੜੀ ਨੰ: ੨੧ ਦਾ ਮੂਲ ਪਾਠ, ਸਲੋਕਾਂ ਸਮੇਤ)

ਸਲੋਕ ਮਃ ੧॥ ਸਰਮੁ ਧਰਮੁ ਦੁਇ ਨਾਨਕਾ ਜੇ ਧਨੁ ਪਲੈ ਪਾਇ॥ ਸੋ ਧਨੁ ਮਿਤ੍ਰੁ ਨ ਕਾਂਢੀਐ ਜਿਤੁ ਸਿਰਿ ਚੋਟਾਂ ਖਾਇ॥ ਜਿਨ ਕੈ ਪਲੈ ਧਨੁ ਵਸੈ ਤਿਨ ਕਾ ਨਾਉ ਫਕੀਰ॥ ਜਿਨੑ ਕੈ ਹਿਰਦੈ ਤੂ ਵਸਹਿ ਤੇ ਨਰ ਗੁਣੀ ਗਹੀਰ॥ ੧ 

ਮਃ ੧॥ ਦੁਖੀ ਦੁਨੀ ਸਹੇੜੀਐ ਜਾਇ ਤ ਲਗਹਿ ਦੁਖ॥ ਨਾਨਕ ਸਚੇ ਨਾਮ ਬਿਨੁ ਕਿਸੈ ਨ ਲਥੀ ਭੁਖ॥ ਰੂਪੀ ਭੁਖ ਨ ਉਤਰੈ ਜਾਂ ਦੇਖਾਂ ਤਾਂ ਭੁਖ॥ ਜੇਤੇ ਰਸ ਸਰੀਰ ਕੇ ਤੇਤੇ ਲਗਹਿ ਦੁਖ॥ ੨ 

ਮਃ ੧॥ ਅੰਧੀ ਕੰਮੀ ਅੰਧੁ ਮਨੁ ਮਨਿ ਅੰਧੈ ਤਨੁ ਅੰਧੁ॥ ਚਿਕੜਿ ਲਾਇਐ ਕਿਆ ਥੀਐ ਜਾਂ ਤੁਟੈ ਪਥਰ ਬੰਧੁ॥ ਬੰਧੁ ਤੁਟਾ ਬੇੜੀ ਨਹੀ ਨਾ ਤੁਲਹਾ ਨਾ ਹਾਥ॥ ਨਾਨਕ ਸਚੇ ਨਾਮ ਵਿਣੁ ਕੇਤੇ ਡੁਬੇ ਸਾਥ॥ ੩ 

ਮਃ ੧॥ ਲਖ ਮਣ ਸੁਇਨਾ ਲਖ ਮਣ ਰੁਪਾ ਲਖ ਸਾਹਾ ਸਿਰਿ ਸਾਹ॥ ਲਖ ਲਸਕਰ ਲਖ ਵਾਜੇ ਨੇਜੇ ਲਖੀ ਘੋੜੀ ਪਾਤਿਸਾਹ॥ ਜਿਥੈ ਸਾਇਰੁ ਲੰਘਣਾ ਅਗਨਿ ਪਾਣੀ ਅਸਗਾਹ॥ ਕੰਧੀ ਦਿਸਿ ਨ ਆਵਈ ਧਾਹੀ ਪਵੈ ਕਹਾਹ॥ ਨਾਨਕ ਓਥੈ ਜਾਣੀਅਹਿ ਸਾਹ ਕੇਈ ਪਾਤਿਸਾਹ॥ ੪ 

ਪਉੜੀ॥ ਇਕਨਾ ਗਲੀਂ ਜੰਜੀਰ ਬੰਦਿ ਰਬਾਣੀਐ॥ ਬਧੇ ਛੁਟਹਿ ਸਚਿ ਸਚੁ ਪਛਾਣੀਐ॥ ਲਿਖਿਆ ਪਲੈ ਪਾਇ ਸੋ ਸਚੁ ਜਾਣੀਐ॥ ਹੁਕਮੀ ਹੋਇ ਨਿਬੇੜੁ ਗਇਆ ਜਾਣੀਐ॥ ਭਉਜਲ ਤਾਰਣਹਾਰੁ ਸਬਦਿ ਪਛਾਣੀਐ॥ ਚੋਰ ਜਾਰ ਜੂਆਰ ਪੀੜੇ ਘਾਣੀਐ॥ ਨਿੰਦਕ ਲਾਇਤਬਾਰ ਮਿਲੇ ਹੜੑਵਾਣੀਐ॥ ਗੁਰਮੁਖਿ ਸਚਿ ਸਮਾਇ ਸੁ ਦਰਗਹ ਜਾਣੀਐ॥ ੨੧ 

(ਪਉੜੀ ੨੧, ਸਟੀਕ ਸਲੋਕਾਂ ਤੇ ਲੋੜੀਂਦੇ ‘ਗੁਰਮੱਤ ਵਿਚਾਰ ਦਰਸ਼ਨ` ਸਹਿਤ)

(ਪਉੜੀ ੨੧ ਦਾ ਬਾਕੀ ਭਾਗ ਪਿਛਲੀ ਕਿਸ਼ਤ ਨੰ: ੨੪ ਤੋਂ ਅੱਗੇ)

ਵਿਸ਼ੇ ਨੂੰ ਪੂਰੀ ਤਰ੍ਹਾਂ ਸਮਝਣ ਲਈ ਪਹਿਲੇ ਤਿੰਨ ਸਲੋਕਾਂ ਦਾ ਨੰਬਰਵਾਰ ਸੰਖੇਪ:-

(੧) ਪਹਿਲੇ ਸਲੋਕ `ਚ ਗੁਰਦੇਵ ਫ਼ੁਰਮਾਉਂਦੇ ਹਨ, ਮਨੁੱਖ ਸਮਝਦਾ ਹੈ, ਜੇਕਰ ਉਸ ਕੋਲ ਸੰਸਾਰ ਤਲ `ਤੇ ਧਨ ਪਦਾਰਥ ਤੇ ਸਹੂਲਤਾਂ ਤਾਕਤਾਂ ਆਦਿ ਹੋਣ ਤਾਂ ਹੀ ਕੋਈ ਚੰਗਾ ਧਰਮੀ ਹੋ ਸਕਦਾ ਹੈ ਤੇ ਸੰਸਾਰ `ਚ ਉਸ ਨੂੰ ਇਜ਼ਤ ਮਿਲਦੀ ਹੈ। ਉਸ ਦੀ ਜਾਚੇ ਕੰਗਾਲਤਾ ਸਮੇਂ ਮਨੁੱਖ ਲਈ ਧਰਮ ਕਮਾਉਣਾ ਵੀ ਸੰਭਵ ਨਹੀਂ ਤੇ ਸਮਾਜ `ਚ ਇਜ਼ਤ ਖੱਟਣੀ ਵੀ ਸੰਭਵ ਨਹੀਂ।

ਉਪ੍ਰੰਤ ਗੁਰਦੇਵ ਸਪਸ਼ਟ ਕਰਦੇ ਹਨ, ਤਾਂ ਤੇ ਉਹ ਵੀ ਸੰਸਾਰਕ ਧਨ ਹੀ ਹੁੰਦਾ ਜਿਸ ਪਿਛੇ ਦੌੜਣ ਵਾਲਾ ਮਨੁੱਖ, ਪਹਿਲਾਂ ਤਾਂ ਜੀਵਨ ਭਰ ਮੁਸੀਬਤਾਂ ਝਾਗਦਾ ਤੇ ਕਈ ਤਰ੍ਹਾਂ ਦੀਆਂ ਚੋਟਾਂ ਖਾਂਦਾ ਹੈ। ਫ਼ਿਰ ਸੰਸਾਰਕ ਧਨ ਪਿਛੇ ਦੌੜਣ ਵਾਲਾ ਮਨੁੱਖ ਬਹੁਤ ਵਾਰੀ ਅਜਿਹੇ ਕੁਕਰਮਾਂ ਵੱਲ ਵੀ ਵਧਦਾ ਜਾਂਦਾ ਹੈ ਜਿਨ੍ਹਾਂ ਤੋਂ ਉਸ ਨੂੰ ਬਚਣ ਦੀ ਲੋੜ ਸੀ। ਫ਼ਿਰ ਇਨ੍ਹਾਂ ਕੁਕਰਮਾਂ ਕਾਰਣ, ਬਹੁਤ ਵਾਰੀ ਕਿਸੇ ਮਨੁੱਖ ਦਾ ਚੰਗਾ ਭਲਾ, ਸਾਫ਼-ਸੁੱਥਰਾ ਜੀਵਨ ਵੀ ਵੱਡੇ ਵੱਡੇ ਗੁਣਾਹਾਂ ਤੇ ਜੁਰਮਾਂ ਦਾ ਗ਼ੁਲਾਮ ਹੋ ਜਾਂਦਾ ਹੈ। ਕਿਉਂਕਿ ਇਸ ਸਾਰੇ ਦਾ ਮੂਲ ਉਸਦੀ ਸੰਸਾਰਕ ਧਨ ਦੀ ਲਾਲਸਾ ਹੁੰਦੀ ਹੈ, ਜਿਹੜੀ ਆਪਣੇ ਆਪ ਅਚਣਚੇਤ ਲਗਾਤਾਰ ਵਧਦੀ ਹੋਈ ਉਸ ਨੂੰ ਕੁਰਾਹੇ ਪਾਈ ਜਾਂਦੀ ਹੈ ਤੇ ਉਸਨੂੰ ਇਸ ਦਾ ਪਤਾ ਵੀ ਨਹੀਂ ਲੱਗਦਾ।

ਗੁਰਦੇਵ ਹੋਰ ਸਪਸ਼ਟ ਕਰਦੇ ਹਨ, ਇਸ ਦੇ ਉਲਟ ਜਿਨ੍ਹਾਂ ਕੋਲ ਨਾਮ ਧਨ ਹੁੰਦਾ ਹੈ ਸਹੀ ਅਰਥਾਂ `ਚ ਉਹੀ ਪ੍ਰਭੂ ਪਿਆਰੇ ਤੇ ਪ੍ਰਭੂ ਦੇ ਦਰ `ਤੇ ਕਬੂਲ ਹੁੰਦੇ ਹਨ। ਕਿਉਂਕਿ ਉਨ੍ਹਾਂ ਦੇ ਹਿਰਦੇ ਘਰ `ਚ ਪ੍ਰਭੂ ਦੀ ਸਿਫ਼ਤ ਸਲਾਹ ਦਾ ਵਾਸਾ ਹੁੰਦਾ ਹੈ। ਅਜਿਹੇ ਜੀਊੜੇ ਇਲਾਹੀ ਗੁਣਾਂ ਨਾਲ ਭਰਪੂਰ ਤੇ ਮਾਇਕ ਅਉਗੁਣਾ ਤੋਂ ਪਾਕ-ਸਾਫ਼ ਰਹਿੰਦੇ ਹਨ ਫ਼ਿਰ ਭਾਵੇਂ ਸੰਸਾਰ ਤਲ ਉਹ ਕੰਗਾਲ ਹੀ ਕਿਉਂ ਨਾ ਹੋਣ।

(੨) ਦੂਜੇ ਸਲੋਕ `ਚ ਗੁਰਦੇਵ ਪਹਿਲੇ ਸਲੋਕ ਵਾਲੇ ਵਿਸ਼ੇ ਨੂੰ ਹੋਰ ਖੋਲਦੇ ਹਨ। ਫ਼ੁਰਮਾਉਂਦੇ ਹਨ, ਬੇਅੰਤ ਦੁੱਖ-ਮੁਸੀਬਤਾਂ ਝਾਗ ਕੇ ਮਨੁੱਖ ਦੁਨਿਆਵੀ ਧਨ ਪਦਾਰਥ ਤੇ ਆਪਣੇ ਲਈ ਸਹੂਲਤਾਂ-ਤਾਕਤਾਂ ਪੈਦਾ ਕਰਦਾ ਹੈ। ਫ਼ਿਰ ਕਿਸੇ ਕਾਰਣ, ਜੇ ਉਸ ਕੋਲੋ ਇਸ ਚੋਂ ਕੁੱਝ ਖੁੱਸ ਜਾਵੇ ਤਾਂ ਇਸ ਤੋਂ ਵੀ ਉਸ ਨੂੰ ਹੋਰ ਅਨੇਕਾਂ ਬਲਕਿ ਜਟਿਲ ਤੇ ਨਵੇਂ ਨਵੇਂ ਸਰੀਰਕ ਤੇ ਮਾਨਸਿਕ ਰੋਗ ਵੀ ਆ ਘੇਰਦੇ ਹਨ।

ਇਸੇ ਤਰ੍ਹਾਂ ਸੰਸਾਰ ਤਲ ਦੇ ਰੂਪ ਰੰਗ ਤਮਾਸ਼ਿਆਂ ਤੇ ਸੰਸਾਰਕ ਸੁਹੱਪਣ, ਖਿੱਚਾਂ ਆਦਿ ਵੱਲ ਵੀ ਜਿਤਨੇ ਜ਼ਿਆਦਾ ਵਧਦੇ ਜਾਉ, ਉਤਨੀ ਹੀ ਇਨਾਂ ਦੀ ਲਾਲਸਾ ਤੇ ਭੁੱਖ ਵੀ ਹੋਰ ਤੇ ਹੋਰ ਵਧਦੀ ਹੈ। ਇਸ ਲਈ ਸਰੀਰ ਦੇ ਜਿਤਨੇ ਵੀ ਰਸ ਤੇ ਚੱਸਕੇ ਵਧਾਏ ਜਾਣ, ਉਤਨੇ ਹੀ ਸਰੀਰ ਨੂੰ ਦੁੱਖ ਵੀ ਵਧੇਰੇ ਲੱਗਦੇ ਜਾਣ ਗੇ। ਗੁਰਦੇਵ ਦਾ ਫ਼ੈਸਲਾ ਹੈ ਕਿ ਪ੍ਰਭੂ ਦੇ ਸੱਚੇ ਨਾਮ ਅਥਵਾ ਉਸ ਦੀ ਸਿਫ਼ਤ ਸਲਾਹ ਤੋਂ ਬਿਨਾ ਕਿਸੇ ਵੀ ਮਨੁੱਖ ਦੀ ਇਹ ਸੰਸਾਰਕ ਪ੍ਰਾਪਤੀਆਂ ਤੇ ਮਾਇਕ ਖਿੱਚਾਂ ਜਾਂ ਰੰਗ ਤਮਾਸ਼ਿਆਂ ਵਾਲੀ ਭੁੱਖ, ਲਾਲਸਾ, ਤ੍ਰਿਸ਼ਨਾ ਕਦੇ ਤੇ ਕਿਸੇ ਤਰ੍ਹਾਂ ਵੀ ਸ਼ਾਂਤ ਨਹੀਂ ਹੋ ਸਕਦੀ।

(੩) ਤੀਜੇ ਸਲੋਕ `ਚ ਗੁਰਦੇਵ ਪਹਿਲੇ ਦੋ ਸਲੋਕਾਂ ਵਿਚਲੇ ਵਿਸ਼ੇ ਨੂੰ ਅੱਗੇ ਟੋਰ ਰਹੇ ਹਨ। ਫ਼ੁਰਮਾਉਂਦੇ ਹਨ ਮਨੁੱਖ ਦਾ ਮਨ ਜਿਉਂ ਜਿਉਂ ਵਿਚਾਰ-ਹੀਣ ਹੋ ਕੇ ਅਗਿਆਨਤਾ ਭਰੇ ਅੰਨੇਂ ਕੰਮ ਕਰਦਾ ਹੈ, ਤਿਉਂ ਤਿਉਂ ਇਸਦਾ ਮਨ ਹੋਰ ਤੇ ਹੋੇਰ, ਅਗਿਆਨਤਾ ਦੇ ਗਹਿਰੇ ਹਨੇਰੇ `ਚ ਡੁੱਬਦਾ ਜਾਂਦਾ ਹੈ। ਉਸੇ ਦਾ ਨਤੀਜਾ, ਇਸ ਦੇ ਸਰੀਰ ਦੇ ਦਸੋਂ ਗਿਆਨ ਤੇ ਕਰਮ ਇੰਦ੍ਰੇ ਵੀ ਦਿਨੋ ਦਿਨ ਅੰਨ੍ਹੇ ਹੁੰਦੇ ਜਾਂਦੇ ਹਨ। ਇਸ ਤਰ੍ਹਾਂ ਇਸਦੇ ਗਿਆਨ ਤੇ ਕਰਮ ਇੰਦਰੇ ਵੀ ਇਸਨੂੰ ਲਗਾਤਾਰ ਜੀਵਨ ਦੇ ਪੁੱਠੇ ਰਾਹ ਹੀ ਟੋਰਦੇ ਜਾਂਦੇ ਤੇ ਇਸ ਦੇ ਜੀਵਨ ਨੂੰ ਤਬਾਹ ਕਰਦੇ ਜਾਂਦੇ ਹਨ।

ਵਿਸ਼ੇ ਨੂੰ ਸਪਸ਼ਟ ਕਰਣ ਲਈ ਗੁਰਦੇਵ ਇਥੇ ਇੱਕ ਦਰਿਆ ਦੇ ਬੰਨ੍ਹ ਦੀ ਮਿਸਾਲ ਦੇ ਕੇ ਗੱਲ ਨੂੰ ਖੋਲਦੇ ਹਨ। ਫ਼ੁਰਮਾਉਂਦੇ ਹਨ ਜਿਵੇਂ ਕਿਸੇ ਦਰਿਆ ਦਾ ਬੰਨ੍ਹ ਪੱਥਰਾਂ ਦਾ ਬਣਿਆ ਹੋਵੇ ਤਾਂ ਉਸ ਦੀ ਪਕੜ ਕਾਰਣ ਬੇੜੀਆਂ-ਤੁਲਹੇ ਮੁਸਾਫ਼ਿਰਾਂ ਨੂੰ ਦਰਿਆ ਤੋਂ ਪਾਰ ਕਰਵਾ ਦਿੰਦੇ ਹਨ। ਜਦਕਿ ਅਜਿਹਾ ਬੰਨ੍ਹ ਕਦੇ ਵੀ ਚਿੱਕੜ ਤੋਂ ਨਹੀਂ ਬਣ ਸਕਦਾ। ਜੇ ਬੰਨ੍ਹ ਚਿੱਕੜ ਦਾ ਹੀ ਹੋਵੇਗਾ ਤਾਂ ਉਸ ਦਾ ਲਾਭ ਲੈ ਕੇ ਕੋਈ ਵੀ ਪਾਰ ਨਹੀਂ ਹੋ ਸਕੇਗਾ। ਜਿਹੜੇ ਅਜਿਹਾ ਕਰਣ ਦੀ ਕੋਸ਼ਿਸ਼ ਵੀ ਕਰਣ ਗੇ, ਉਹ ਸਾਰੇ ਦੇ ਸਾਰੇ ਉਸ ਦਰਿਆ `ਚ ਹੀ ਡੁੱਬ ਜਾਣਗੇ।

ਇਸੇ ਤਰ੍ਹਾਂ ਸੰਸਾਰ ਵਿਕਾਰਾਂ ਦਾ ਦਰਿਆ (ਭਵਜਲ) ਹੈ। ਇਸ ਨੂੰ ਪਾਰ ਕਰਣ ਲਈ ਪ੍ਰਭੂ ਦੀ ਸਿਫ਼ਤ ਸਲਾਹ ਦੇ ਪੱਕੇ ਬੰਨ੍ਹ ਦੀ ਲੋੜ ਹੁੰਦੀ ਹੈ। ਜਦਕਿ ਇਸ ਬੰਨ੍ਹ ਦਾ ਲਾਭ ਵੀ ਗੁਰੂ ਬੇੜੀ-ਤੁਲਹੇ ਨਾਲ ਹੀ ਲਿਆ ਜਾ ਸਕਦਾ ਹੈ, ਉਸ ਤੋਂ ਬਿਨਾ ਨਹੀਂ। ਇਸ ਤਰ੍ਹਾਂ ਗੁਰੂ ਬੇੜੀ-ਤੁਲਹੇ `ਤੇ ਸਵਾਰ ਹੋ ਕੇ ਸੰਸਾਰ ਸਮੁੰਦਰ ਤੋਂ ਸਹਿਜੇ ਪਾਰ ਹੋਇਆ ਜਾ ਸਕਦਾ ਹੈ। ਇਸ ਲਈ ਪ੍ਰਭੂ ਦੀ ਸਿਫ਼ਤ ਸਲਾਹ ਵਾਲੇ ਬੰਨ੍ਹ ਤੇ ਸ਼ਬਦ ਗੁਰੂ ਰੂਪ ਬੇੜੀ-ਤੁਲਹੇ ਤੋਂ ਬਿਨਾ ਸੰਸਾਰ ਸਮੁੰਦਰ ਨੂੰ ਪਾਰ ਕਰਣਾ ਸੰਭਵ ਨਹੀਂ।

ਇਸ ਦੇ ਉਲਟ, ਬਹੁਤੇ ਲੋਕ ਜਿਹੜੇ ਕਰਮਕਾਂਡਾਂ ਜਾਂ ਹੋਰ ਹੋਰ ਆਸਰਿਆਂ ਦੇ ਬੰਨ੍ਹ ਬਣਾਕੇ ਜੀਵਨ ਦੀ ਬੇੜੀ ਨੂੰ ਪਾਰ ਕਰਣਾ ਚਾਹੁੰਦੇ ਹਨ। ਉਨ੍ਹਾਂ ਦੇ ਇਹ ਸਾਰੇ ਆਹਰ, ਚਿੱਕੜ ਦੀ ਨਿਆਂਈ ਹੁੰਦੇ ਹਨ। ਉਸੇ ਦਾ ਨਤੀਜਾ, ਅਜਿਹੇ ਬੇੜਿਆਂ `ਤੇ ਸਵਾਰ ਹੋਣ ਵਾਲੇ ਪੂਰਾਂ ਦੇ ਪੂਰ ਡੁੱਬਦੇ ਹਨ। ਭਾਵ ਆਪਣੇ ਦੁਰਲਭ ਮਨੁੱਖਾ ਜਨਮ ਨੂੰ ਬਿਰਥਾ ਕਰਕੇ ਜਾਂਦੇ ਤੇ ਮੁੜ ਭਿੰਨ ਭਿੰਨ ਉਨ੍ਹਾਂ ਹੀ ਜੂਨਾਂ ਜਨਮਾਂ ਤੇ ਗਰਭਾਂ ਦੇ ਗੇੜ `ਚ ਹੀ ਪੈਂਦੇ ਹਨ। (ਪਉੜੀ ਨੰ: ੨੧ ਦਾ ਬਾਕੀ ਭਾਗ ਹੁਣ ਕਿਸ਼ਤ ੨੫ `ਚ ਪੜੋ ਜੀ)

ਮਃ ੧॥ ਲਖ ਮਣ ਸੁਇਨਾ, ਲਖ ਮਣ ਰੁਪਾ, ਲਖ ਸਾਹਾ ਸਿਰਿ ਸਾਹ॥ ਲਖ ਲਸਕਰ, ਲਖ ਵਾਜੇ ਨੇਜੇ, ਲਖੀ ਘੋੜੀ ਪਾਤਿਸਾਹ॥ ਜਿਥੈ ਸਾਇਰੁ ਲੰਘਣਾ, ਅਗਨਿ ਪਾਣੀ ਅਸਗਾਹ॥ ਕੰਧੀ ਦਿਸਿ ਨ ਆਵਈ, ਧਾਹੀ ਪਵੈ ਕਹਾਹ॥ ਨਾਨਕ ਓਥੈ ਜਾਣੀਅਹਿ, ਸਾਹ ਕੇਈ ਪਾਤਿਸਾਹ॥ ੪॥ (ਪੰ: ੧੨੮੭)

ਪਦ ਅਰਥ: — ਮਣਵਜ਼ਨ ਕਰਣ ਦਾ ਹਿਸਾਬ, ਅੱਜ ਜਿਹੜਾ ਕਿਲੋਆਂ-ਕੁਇਂਟਲਾਂ `ਚ ਹੁੰਦਾ ਹੈ ਪਹਿਲਾਂ ਇਹੀ ਸੇਰਾਂ ਤੇ ਮਣਾਂ `ਚ ਹੁੰਦਾ ਸੀ। ਰੁਪਾ—ਚਾਂਦੀ। ਸਾਹਾ ਸਿਰਿ ਸਾਹ ਧਨਾਢਾਂ ਤੋਂ ਵੀ ਵੱਡੇ ਧਨਾਢ, ਬਾਦਸ਼ਾਹਾਂ ਤੋਂ ਵੱਡੇ ਬਾਦਸ਼ਾਹ, ਬਹੁਤ ਵੱਡੀਆਂ ਤਾਕਤਾਂ ਦੇ ਮਾਲਿਕ। ਲਖੀ ਘੋੜੀ ਪਾਤਿਸਾਹ— ਅਜਿਹੇ ਬਾਦਸ਼ਾਹ ਜਿਨ੍ਹਾਂ ਕੋਲ ਲਖਾਂ ਘੋੜਿਆਂ ਦੇ ਵਾਲੇ ਰਸਾਲੇ ਹੋਣ। ਸਾਇਰੁ—ਸਮੁੰਦਰ। ਅਸਗਾਹ—ਬਹੁਤ ਡੂੰਘਾ, ਅਥਾਹ। ਕੰਧੀ—ਕੰਢਾ, ਆਰਲਾ ਤੇ ਪਾਰਲਾ ਬੰਨਾਂ। ਧਾਹੀ—ਢਾਂਹੀਂ। ਕਹਾਹ—ਸ਼ੋਰ, ਰੌਲਾ। ਧਾਹੀ ਕਹਾਹ—ਢਾਹਾਂ ਦਾ ਰੌਲਾ, ਹਾਏ ਹਾਏ ਵਾਲਾ ਸ਼ੋਰ। ਓਥੈ— ਪ੍ਰਭੂ ਦੇ ਦਰ `ਤੇ। ਓਥੈ ਜਾਣੀਅਹਿ—ਮੌਤ ਤੋਂ ਬਾਅਦ ਪ੍ਰਭੂ ਦੇ ਦਰ `ਤੇ ਪਹੁੰਚ ਕੇ ਹੀ ਪਤਾ ਲਗੇਗਾ। ਸਾਹ ਕੇਈ ਪਾਤਿਸਾਹਜੀਵਨ ਦੌਰਾਨ ਕਿਨ੍ਹਾਂ ਨੇ ਨਾਮ ਧਨ ਦੀ ਕਮਾਈ ਕੀਤੀ ਤੇ ਕਿਹੜੇ ਸੰਸਾਰਕ ਧਨ ਪਦਾਰਥਾਂ-ਤਾਕਤਾਂ ਆਦਿ ਦੇ ਨਸ਼ੇ `ਚ ਡੁੱਬੇ ਰਹੇ, ਕਿਨ੍ਹਾਂ ਨੇ ਮਨੁੱਖਾ ਜਨਮ ਦੇ ਮਕਸਦ ਨੂੰ ਪਹਿਚਾਣ ਕੇ ਇਸਦੀ ਸੰਭਾਲ ਕੀਤੀ ਤੇ ਕਿਨ੍ਹਾਂ ਨੇ ਸੰਸਾਰਕ ਤਾਕਤਾਂ ੲੈਸ਼ੋ ਇਸ਼ਰਤ ਰਸਾਂ-ਕਸਾਂ `ਚ ਗ਼ਲਤਾਨ ਰਹਿ ਕੇ ਪ੍ਰਾਪਤ ਜਨਮ ਨੂੰ ਵੀ ਬਿਰਥਾ ਕੀਤਾ, ਕਿਨ੍ਹਾਂ ਨੇ ਇਸ ਨਿਵੇਕਲੇ ਤੇ ਦੁਰਲਭ ਮਨੁੱਖਾ ਜਨਮ ਨੂੰ ਸਫ਼ਲ ਬਣਾਇਆ ਤੇ ਕਿਨ੍ਹਾਂ ਨੇ ਇਸਨੂੰ ਅਸਫ਼ਲ ਕਰ ਦਿੱਤਾ। “‘

ਅਰਥ: — “ਲਖ ਮਣ ਸੁਇਨਾ, ਲਖ ਮਣ ਰੁਪਾ, ਲਖ ਸਾਹਾ ਸਿਰਿ ਸਾਹ” - ਜੇ ਮਨੁੱਖ ਕੋਲ ਲੱਖਾਂ ਮਣ ਸੋਨਾ ਤੇ ਲੱਖਾਂ ਮਣ ਚਾਂਦੀ ਹੋਵੇ। ਫ਼ਿਰ ਜੇ ਅਜਿਹੇ ਲੱਖਾਂ ਧਨਾਢਾਂ ਨਾਲੋਂ ਵੀ ਵੱਡੇ ਧਨਾਢ ਤੇ ਬਾਦਸ਼ਾਹਾਂ ਤੋਂ ਵੀ ਵੱਡੇ ਬਾਦਸ਼ਾਹ ਹੋਣ।

ਲਖ ਲਸਕਰ, ਲਖ ਵਾਜੇ ਨੇਜੇ, ਲਖੀ ਘੋੜੀ ਪਾਤਿਸਾਹ” -ਅਜਿਹੇ ਧਨਾਢਾਂ ਕੋਲ ਜੇ ਲੱਖਾਂ ਸਿਪਾਹੀਆਂ ਦੀਆਂ ਫ਼ੌਜਾਂ ਹੋਣ, ਲੱਖਾਂ ਵਾਜੇ ਭਾਵ ਲਖਾਂ ਕਿਸਮ ਦੇ ਬੈਂਡ ਉਨ੍ਹਾਂ ਦੀ ਤਾਕਤ ਦਾ ਪ੍ਰਗਟਾਵਾ ਕਰਦੇ ਹੋਣ, ਨੇਜ਼ੇ-ਬਰਦਾਰ ਲੱਖਾਂ ਫ਼ੌਜੀ ਰਸਾਲਿਆਂ ਦੇ ਮਾਲਕ ਬਾਦਸ਼ਾਹ ਵੀ ਉਨ੍ਹਾਂ ਦੀ ਤਾਬਿਆ ਹੋਣ।

ਜਿਥੈ ਸਾਇਰੁ ਲੰਘਣਾ, ਅਗਨਿ ਪਾਣੀ ਅਸਗਾਹ” -ਪਰ, ਜਿੱਥੇ ਵਿਕਾਰਾਂ ਦੀ ਅੱਗ ਤੇ ਪਾਣੀ ਦਾ ਅਥਾਹ ਸਮੁੰਦਰ ਪਾਰ ਕਰਣਾ ਹੁੰਦਾ ਹੈ ਅਤੇ ਜਿਸਦੀ ਗਹਿਰਾਈ ਦਾ ਵੀ ਥਹੁ ਨਹੀਂ।

ਕੰਧੀ ਦਿਸਿ ਨ ਆਵਈ, ਧਾਹੀ ਪਵੈ ਕਹਾਹ” -ਜਦਕਿ ਉਸ ਵਿਕਾਰਾਂ ਦੇ ਸਮੁੰਦ੍ਰ ਦਾ ਆਰਲਾ ਤੇ ਪਾਰਲਾ ਕੰਢਾ ਵੀ ਦਿਖਾਈ ਨਾ ਦਿੰਦਾ ਹੋਵੇ। ਉਥੇ ਤਾਂ ਕੇਵਲ ਢਾਹਾਂ ਮਾਰਣ ਤੇ ਹਾਏ ਹਾਏ ਦੀ ਕੁਰਲਾਟ ਹੀ ਪਈ ਹੋਵੇ।

(ਜਦਕਿ ਸੱਚ ਇਹ ਹੈ ਕਿ ਇਸ ਵਿਕਾਰਾਂ ਦੇ ਸਮੁੰਦ੍ਰ ਨੂੰ ਪਾਰ ਕਰਣਾ ਵੀ ਹਰੇਕ ਲਈ ਜ਼ਰੂਰੀ ਹੈ, ਨਹੀਂ ਤਾਂ ਉਸ ਵਿਕਾਰਾਂ ਦੇ ਸਮੁੰਦ੍ਰ `ਚ ਹੀ ਡੁੱਬ ਜਾਈਦਾ ਹੈ ਭਾਵ ਜਨਮ ਬਿਰਥਾ ਹੋ ਜਾਂਦਾ ਹੈ।)

ਨਾਨਕ ਓਥੈ ਜਾਣੀਅਹਿ, ਸਾਹ ਕੇਈ ਪਾਤਿਸਾਹ” -ਗੁਰੂ ਨਾਨਕ ਪਾਤਸ਼ਾਹ ਨਿਰਣਾ ਦਿੰਦੇ ਹਨ, ਆਖ਼ਿਰ ਇਹ ਫ਼ੈਸਲਾ ਤਾਂ ਸਰਰਿਕ ਮੌਤ ਤੋਂ ਪ੍ਰਭੂ ਦੇ ਦਰ `ਤੇ ਹੀ ਹੋਣਾ ਹੈ ਕਿ ਜੀਵਨ ਦੌਰਾਨ ਕਿਨ੍ਹਾਂ ਨਾਮ ਧਨ ਦੀ ਕਮਾਈ ਕੀਤੀ ਹੈ ਤੇ ਕਿਹੜੇ ਸੰਸਾਰਕ ਧਨ ਪਦਾਰਥਾਂ ਤੇ ਤਾਕਤਾਂ ਆਦਿ ਦੇ ਨਸ਼ੇ `ਚ ਹੀ ਡੁੱਬੇ ਰਹੇ।

ਭਾਵ ਸੰਸਾਰਕ ਧਨ ਤੇ ਸੰਸਾਰ ਦੀਆਂ ਬਾਦਸ਼ਾਹੀਆਂ, ਮਨੁੱਖ ਨੂੰ ਵਿਕਾਰਾਂ ਦੀ ਅੱਗ `ਚ ਸੜਨੋਂ ਤੇ ਵਿਕਾਰਾਂ ਦੀਆਂ ਲਹਿਰਾਂ `ਚ ਡੁੱਬਣੋਂ ਨਹੀਂ ਬਚਾ ਸਕਦੀਆਂ; ਸੰਸਾਰਕ ਧਨ ਪਦਾਰਥ ਤੇ ਬਾਦਸ਼ਾਹੀਆਂ ਹੁੰਦਿਆਂ ਹੋਇਆਂ ਵੀ ਮਨੁੱਖ ਦੇ ਜੀਵਨ ਅੰਦਰੋਂ ‘ਢਾਹਾਂ ਤੇ ਹਾਏ ਹਾਏ’ ਨਹੀਂ ਮਿੱਟ ਸਕਦੀ। ਕਿਉਂਕਿ ਵਿਕਾਰਾਂ ਦੀ ਅੱਗ `ਚ ਸੜਣੋਂ ਤੇ ਸੰਸਾਰਕ ‘ਢਾਹਾਂ ਤੇ ਹਾਇ ਹਾਇ’ ਤੋਂ ਬਚਲ ਲਈ ਕਾਵਲ ਨਾਮ ਧਨ ਦੀ ਬਾਦਸ਼ਾਹੀ ਹੀ ਪ੍ਰਭੂ ਦੇ ਦਰ `ਤੇ ਕੰਮ ਆਉਂਦੀ ਹੈ, ਸੰਸਾਰਕ ਬਾਦਸ਼ਾਹੀਆਂ ਨਹੀਂ। ੪। ‘

ਗੁਰਮੱਤ ਵਿਚਾਰ ਦਰਸ਼ਨ-ਪਹਿਲੇ ਤਿੰਨ ਸਲੋਕਾਂ ਦੀ ਵਿਚਾਰ ਦਾ ਸੰਖੇਪ, ਇਸ ਕਿਸ਼ਤ ਦੇ ਅਰੰਭ `ਚ ਦਿੱਤਾ ਹੈ। ਉਪ੍ਰੰਤ ਇਸ ਚੌਥੇ ਸਲੋਕ `ਚ ਵੀ ਗੁਰਦੇਵ ਨੇ ਉਸ ਚਲਦੇ ਵਿਸ਼ੇ ਨੂੰ ਹੋਰ ਖੋਲਿਆ ਹੈ। ਸਪਸ਼ਟ ਕੀਤਾ ਕਿ ਮਨੁੱਖਾ ਜਨਮ ਨੂੰ ਸਫ਼ਲ ਕਰਣ ਤੇ ਪ੍ਰਭੂ ਦਰ `ਤੇ ਕਬੂਲ ਹੋਣ ਲਈ ਕੇਵਲ ਤੇ ਕੇਵਲ ਨਾਮ ਧਨ ਦੀ ਕਮਾਈ ਹੀ ਕੰਮ ਆਉਂਦੀ ਹੈ। ਉਸ ਬਦਲੇ, ਜੇ ਮਨੁੱਖ ਕੋਲ ਸੰਸਾਰਕ ਧਨ ਪਦਾਰਥਾਂ ਦੇ ਅੰਬਾਰ ਲੱਗੇ ਹੋਣ, ਸੰਸਾਰਕ ਤਾਕਤਾਂ ਤੇ ਰੰਗ ਤਮਾਸ਼ਿਆਂ ਦੇ ਮਾਨਣ `ਚ ਵੀ ਭਾਵੇਂ ਉਸ ਦਾ ਕੋਈ ਸਾਨੀ ਨਾ ਹੋਵੇ। ਸਾਰੇ ਦੇ ਬਾਵਜੂਦ ਜੇ ਉਸ ਜੀਵਨ `ਚ ਨਾਮ ਧਨ ਦੀ ਕਮਾਈ ਨਹੀਂ ਤਾਂ ਪ੍ਰਭੂ ਦਰ `ਤੇ ਕਬੂਲ ਹੋਣ ਲਈ ਇਨ੍ਹਾਂ ਦਾ ਕੌਡੀ ਮੁੱਲ ਨਹੀਂ। ਭਾਵ ਅਜਿਹੇ ਮਨੁੱਖਾ ਜਨਮ ਵੀ ਬਿਰਥਾ ਜਾਂਦੇ ਹਨ। ਪ੍ਰਭੂ ਦੇ ਸੱਚ ਨਿਆਂ `ਚ ਉਨ੍ਹ ਨੂੰ ਮੁੜ ਉਨ੍ਹਾਂ ਹੀ ਭਿੰਨ ਭਿੰਨ ਜੂਨਾਂ ਦੇ ਗੇੜ `ਚ ਪਾਇਆ ਜਾਂਦਾ ਹੈ, ਜਿਨ੍ਹਾਂ `ਚੋਂ ਕੱਢ ਕੇ ਪ੍ਰਭੂ ਨੇ ਮਨੁੱਖਾ ਜਨਮ ਵਾਲਾ ਇਹ ਅਵਸਰ ਤੇ ਵਾਰੀ ਬਖ਼ਸ਼ੀ ਹੁੰਦੀ ਹੈ। ਯਯ

ਪਉੜੀ॥ ਇਕਨਾ ਗਲੀਂ ਜੰਜੀਰ ਬੰਦਿ ਰਬਾਣੀਐ॥ ਬਧੇ ਛੁਟਹਿ ਸਚਿ ਸਚੁ ਪਛਾਣੀਐ॥ ਲਿਖਿਆ ਪਲੈ ਪਾਇ ਸੋ ਸਚੁ ਜਾਣੀਐ॥ ਹੁਕਮੀ ਹੋਇ ਨਿਬੇੜੁ ਗਇਆ ਜਾਣੀਐ॥ ਭਉਜਲ ਤਾਰਣਹਾਰੁ ਸਬਦਿ ਪਛਾਣੀਐ॥ ਚੋਰ ਜਾਰ ਜੂਆਰ ਪੀੜੇ ਘਾਣੀਐ॥ ਨਿੰਦਕ ਲਾਇਤਬਾਰ ਮਿਲੇ ਹੜੑਵਾਣੀਐ॥ ਗੁਰਮੁਖਿ ਸਚਿ ਸਮਾਇ ਸੁ ਦਰਗਹ ਜਾਣੀਐ॥ ੨੧॥ (ਪੰ: ੧੨੮੭-੮੮)

ਪਦ ਅਰਥ: — ਇਕਨਾ—ਕਈਆਂ ਦੇ। ਗਲੀਂ—ਗਲਾਂ `ਚ। ਜੰਜੀਰ—ਸੰਸਾਰਕ ਮੋਹ ਮਾਇਆਂ ਦੀਆਂ ਫਾਹੀਆਂ, ਬਿਖਿਆ ਦੇ ਬੰਧਨ, ਮੋਹ ਮਾਇਆ ਦੇ ਸੰਗਲ। ਬੰਦਿ—ਬੰਦੀਖ਼ਾਨੇ `ਚ। ਰਬਾਣੀਅ—ਬੰਦ ਹਨ, ਕੈਦ ਹਨ। ਲਿਖਿਆ ਪਲੈ ਪਾਇ—ਨਾਮ-ਸਿਮਰਨ ਰੂਪ ਆਪਣੀ ਕਮਾਈ ਹੀ ਉਘੜਦੀ ਹੈ, ਤਾਂ ਹੀ ਪ੍ਰਭੂ ਦੀ ਬਖ਼ਸ਼ਿਸ਼ ਦੇ ਪਾਤ੍ਰ ਬਣ ਸਕੀਦਾ ਹੈ। ਸੋ ਸਚੁ ਜਾਣੀਐ—ਤਾਂ ਤੇ ਸੱਚੇ ਪ੍ਰਭੂ ਨਾਲ ਹੀ ਸਾਂਝ ਪਾਉਣੀ ਚਾਹੀਦੀ ਹੈ। ਗਇਆ ਜਾਣੀਐ—ਇਥੋਂ ਜਾਣ ਤੇ ਹੀ ਸਮਝ ਪੈਂਦੀ ਹੈ, ਮੌਤ ਤੋਂ ਬਾਅਦ ਪ੍ਰਭੂ ਦੇ ਸੱਚ ਨਿਆਂ `ਚ ਜਦੋਂ ਭੁਗਤਨਾ ਪੈਂਦਾ ਹੈ ਤਾਂ ਹੀ ਪਤਾ ਲਗਦਾ ਹੈ, ਮੁੜ ਜੂਨਾ ਦੇ ਗੇੜ `ਚ ਪੈਣ `ਤੇ ਪਛਤਾਉਣਾ ਪੈਂਦਾ ਹੈ। ਨਿਬੇੜੁ—ਨਿਰਨਾ, ਨਿਆਂ। ਭਉਜਲੁ—ਸੰਸਾਰ ਸਮੁੰਦ੍ਰ, ਵਿਕਾਰਾਂ ਦਾ ਸਮੁੰਦ੍ਰ। ਜਾਰ—ਵਿਭਚਾਰੀ ਜੀਵਨ। ਲਾਇਤਬਾਰ—ਚੁਗ਼ਲਖ਼ੋਰ। ਹੜੑਵਾਣੀ—ਹੱਥ-ਕੜੀ। ਸਚਿ—ਸਦਾ-ਥਿਰ ਪ੍ਰਭੂ ਦੀ ਸਿਫ਼ਤ ਸਲਹ ਰਾਹੀਂ। ਪਲੈ ਪਾਇ—ਮਿਲਦਾ ਹੈ। ਸਮਾਇ— ਲੀਨ ਹੋ ਜਾਂਦਾ ਹੈ, ਪ੍ਰਭੂ `ਚ ਸਮਾ ਜਾਂਦਾ ਤੇ ਮੁੜ ਜਨਮ ਮਰਨ ਦੇ ਗੇੜ `ਚ ਨਹੀਂ ਆਉਂਦਾ।

ਅਰਥ: — “ਇਕਨਾ ਗਲੀਂ ਜੰਜੀਰ ਬੰਦਿ ਰਬਾਣੀਐ” -ਇਕ ਉਹ ਹੁੰਦੇ ਹਨ ਜਿਹੜੇ ਜੀਵਨ ਭਰ ਸੰਸਾਰਕ ਮੋਹ ਮਾਇਆ `ਚ ਖੱਚਤ ਰਹਿੰਦੇ ਹਨ ਤੇ ਇਸ ਬਿਖਿਆ ਨਾਲ ਹੀ ਚਿੰਬੜੇ ਰਹਿੰਦੇ ਹਨ। ਦਰਅਸਲ ਉਨ੍ਹਾਂ ਦੇ ਗਲਾਂ `ਚ ਮੋਹ ਮਾਇਆ ਦੇ ਬੰਧਨ ਰੂਪ ਸੰਗਲ ਪਏ ਹੁੰਦੇ ਹਨ। ਇਸ ਤਰ੍ਹਾਂ ਉਹ ਮਾਨੋ ਰੱਬ ਦੇ ਬੰਦੀਖਾਨੇ `ਚ ਬੰਦ ਪਏ ਹੁੰਦੇ ਹਨ ਭਾਵ ਰੱਬ ਜੀ ਵੱਲੋਂ ਹੀ ਆਪਣੀ ਅਜਿਹੀ ਖੋਟੀ ਕਰਣੀ ਦੀ ਸਜ਼ਾ ਭੋਗ ਰਹੇ ਹੁੰਦੇ ਹਨ।

ਬਧੇ ਛੁਟਹਿ ਸਚਿ, ਸਚੁ ਪਛਾਣੀਐ” - ਫ਼ਿਰ ਜੇ ਉਨ੍ਹਾਂ ਨੂੰ ਵੀ ਉਸ ਸਦਾ ਥਿਰ ਪ੍ਰਭੂ ਦੀ ਪਛਾਣ ਆ ਜਾਏ, ਤਾਂ ਮਾਇਕ ਜ਼ੰਜੀਰਾਂ ਦੇ ਬੰਧਨਾ `ਚ ਬੱਝੇ ਹੋਏ ਹੋਣ ਦੇ ਬਾਵਜੂਦ ਉਹ ਵੀ ਪ੍ਰਭੂ ਦੀ ਸਿਫ਼ਤ ਸਲਾਹ ਨਾਲ ਜੁੜ ਕੇ ਇਨ੍ਹਾਂ ਮਾਇਕ ਬੰਧਨਾ ਤੋਂ ਛੁੱਟਕਾਰਾ ਪਾ ਸਕਦੇ ਹਨ। ‘

ਲਿਖਿਆ ਪਲੈ ਪਾਇ, ਸੋ ਸਚੁ ਜਾਣੀਐ” -ਤਾਂ ਤੇ ਸਦਾ-ਥਿਰ ਪ੍ਰਭੂ ਨਾਲ ਹੀ ਸਾਂਝ ਪਾਉਣੀ ਹੈ, ਤਾਂ ਹੀ ਨਾਮ-ਸਿਮਰਨ ਰੂਪ ਕਮਾਈ ਉਘੜਦੀ ਹੈ ਤੇ ਪ੍ਰਭੂ ਦੀ ਬਖ਼ਸ਼ਿਸ਼ ਦੇ ਪਾਤ੍ਰ ਬਣ ਸਕੀਦਾ ਹੈ।

ਹੁਕਮੀ ਹੋਇ ਨਿਬੇੜੁ, ਗਇਆ ਜਾਣੀਐ” -ਇਹ ਸਾਰਾ ਨਿਰਨਾ ਪ੍ਰਭੂ ਦੇ ਹੁਕਮ ਵਾਲੀ ਖੇਡ `ਚ ਹੀ ਹੁੰਦਾ ਹੈ, ਤੇ ਇਸ ਦੀ ਸਮਝ ਵੀ ਸੰਸਾਰ ਤੋਂ ਜਾਣ ਤੋਂ ਬਾਅਦ ਹੀ ਪੈਂਦੀ ਹੈ।

ਭਉਜਲ ਤਾਰਣਹਾਰੁ, ਸਬਦਿ ਪਛਾਣੀਐ” -ਤਾਂ ਤੇ ਗੁਰੂ ਦੇ ਸ਼ਬਦ ਰਾਹੀਂ ਉਸ ਪ੍ਰਭੂ ਨਾਲ ਡੂੰਘੀ ਸਾਂਝ ਪਾਵੀਏ। ਉਸ ਪ੍ਰਭੂ ਨਾਲ, ਜਿਹੜਾ ਸੰਸਾਰ-ਸਮੁੰਦ੍ਰ ਤੋਂ ਪਾਰ ਕਰਣ ਦੇ ਸਮ੍ਰਥ ਹੈ।

ਚੋਰ ਜਾਰ ਜੂਆਰ ਪੀੜੇ ਘਾਣੀਐ” -ਚੋਰਾਂ, ਵਿਭਚਾਰੀਆਂ, ਜੂਏਬਾਜ਼ਾਂ ਆਦਿ ਵਿਕਾਰੀ ਬਿਰਤੀ ਵਾਲਿਆਂ ਦਾ (ਮੌਤ ਤੋਂ ਬਾਅਦ ਪ੍ਰਭੂ ਦੇ ਦਰ `ਤੇ) ਉਹੀ ਹਾਲ ਹੁੰਦਾ ਹੈ ਜਿਹੜਾ ਕੋਲ੍ਹ¨ `ਚ ਪੀੜੇ ਜਾਣ ਬਾਅਦ ਫੋਕ ਦਾ ਹਾਲ ਹੁੰਦਾ ਹੈ। ਭਾਵ ਉਨ੍ਹਾਂ ਨੂੰ ਫੋਕ ਵਾਂਗ ਵੱਖ ਕਰਕੇ ਬਾਹਿਰ ਸਿਟ ਦਿੱਤਾ ਜਾਂਦਾ ਹੈ ਤੇ ਪ੍ਰਭੂ ਦੇ ਦਰ `ਤੇ ਕਬੂਲ਼ ਨਹੀਂ ਹੁੰਦੇ।

ਨਿੰਦਕ ਲਾਇਤਬਾਰ ਮਿਲੇ ਹੜੑਵਾਣੀਐ” -ਨਿੰਦਕਾਂ ਤੇ ਚੁਗ਼ਲਖ਼ੋਰਾਂ ਆਦਿ ਨੂੰ ਵੀ ਜਿਵੇਂ ਕਿ ਆਪਣੇ ਉਨ੍ਹਾਂ ਮੰਦ-ਕਰਮਾਂ ਦੀ ਹੱਥਕੜੀ ਪਈ ਹੁੰਦੀ ਹੈ। ਭਾਵ, ਇਸ ਭੈੜੀ ਵਾਦੀ `ਚੋਂ ਉਹ ਵੀ ਆਪਣੇ ਆਪ ਨੂੰ ਆਜ਼ਾਦ ਨਹੀਂ ਕਰ ਪਾ ਰਹੇ ਹੁੰਦੇ। ‘

ਗੁਰਮੁਖਿ ਸਚਿ ਸਮਾਇ ਸੁ ਦਰਗਹ ਜਾਣੀਐ” -ਪਰ ਜਿਹੜੇ ਗੁਰੂ ਦੇ ਸ਼ਬਦ ਦੀ ਕਮਾਈ ਕਰਦੇ ਹਨ ਉਹ ਪ੍ਰਭੂ `ਚ ਲੀਨ ਹੋ ਜਾਣ ਕਾਰਨ, ਅਕਾਲਪੁਰਖ ਦੇ ਦਰ `ਤੇ ਕਬੂਲ ਹੋ ਜਾਂਦੇ ਹਨ। ੨੧।

ਗੁਰਮੱਤ ਵਿਚਾਰ ਦਰਸ਼ਨ-ਪਉੜੀ `ਚ ਗੁਰਦੇਵ ਨੇ ਸਪਸ਼ਟ ਕੀਤਾ ਹੈ ਕਿ ਸੰਸਾਰ `ਚ ਅਜਿਹੇ ਵੀ ਹੁੰਦੇ ਹਨ ਜਿਹੜੇ ਜੀਵਨ ਭਰ ਸੰਸਾਰਕ ਮੋਹ ਮਾਇਆ `ਚ ਖੱਚਤ ਰਹਿੰਦੇ ਹਨ। ਉਹ ਇਸ ਬਿਖਿਆ ਨਾਲ ਚਿੰਬੜੇ ਰਹਿ ਕੇ ਹੀ ਜਨਮ ਬਤੀਤ ਕਰ ਦਿੰਦੇ ਹਨ। ਦਰਅਸਲ ਇਸਤਰ੍ਹਾਂ ਉਨ੍ਹਾਂ ਦੇ ਗਲਾਂ `ਚ ਇਹ ਮੋਹ ਮਾਇਆ ਦੇ ਬੰਧਨ ਰੂਪ ਸੰਗਲ ਪਏ ਹੁੰਦੇ ਹਨ। ਉਹ ਮਾਨੋ ਰੱਬ ਜੀ ਦੇ ਬੰਦੀਖਾਨੇ `ਚ ਹੀ ਬੰਦ ਪੇ ਹੁੰਦੇ ਹਨ ਭਾਵ ਰੱਬ ਜੀ ਵੱਲੋਂ ਹੀ ਆਪਣੀ ਅਜਿਹੀ ਕਰਣੀ ਦੀ ਸਜ਼ਾ ਭੋਗ ਰਹੇ ਹੁੰਦੇ ਹਨ।

ਇਸੇਤਰ੍ਹਾਂ ਚੋਰਾਂ, ਵਿਭਚਾਰੀਆਂ, ਜੂਏਬਾਜ਼ਾਂ ਆਦਿ ਵਿਕਾਰੀ ਬਿਰਤੀ ਵਾਲਿਆਂ ਦਾ ਵੀ ਮੌਤ ਤੋਂ ਬਾਅਦ ਪ੍ਰਭੂ ਦੇ ਦਰ `ਤੇ ਉਹੀ ਹਾਲ ਹੁੰਦਾ ਹੈ ਜਿਹੜਾ ਕੋਲ੍ਹ¨ `ਚ ਪੀੜੇ ਜਾਣ ਬਾਅਦ ਫੋਕ ਦਾ ਹੁੰਦਾ ਹੈ। ਭਾਵ ਉਨ੍ਹਾਂ ਨੂੰ ਉਸ ਫੋਕ ਵਾਂਗ ਹੀ ਵੱਖ ਕਰਕੇ ਪ੍ਰਭੂ ਦੇ ਦਰ ਤੋਂ ਬਾਹਿਰ ਸਿਟ ਦਿੱਤਾ ਜਾਂਦਾ ਹੈ।

ਇਨ੍ਹਾਂ ਤੋਂ ਇਲਾਵਾ ਨਿੰਦਕ ਲਾਇਤਬਾਰ ਮਿਲੇ ਹੜੑਵਾਣੀਐ” ਨਿੰਦਕਾਂ ਤੇ ਚੁਗ਼ਲਖ਼ੋਰਾਂ ਆਦਿ ਨੂੰ ਵੀ ਆਪਣੇ ਉਨ੍ਹਾਂ ਮੰਦ-ਕਰਮਾਂ ਦੀ ਹੀ ਹਰ ਸਮੇਂ ਹੱਥਕੜੀ ਪਈ ਰਹਿੰਦੀ ਹੈ। ਭਾਵ, ਇਸ ਭੈੜੀ ਵਾਦੀ `ਚੋਂ ਉਹ ਲੋਕ ਵੀ ਆਪਣੇ ਆਪ ਨੂੰ ਆਜ਼ਾਦ ਨਹੀਂ ਕਰ ਪਾਂਦੇ।

ਗੁਰਦੇਵ ਨਾਲ ਨਾਲ ਇਹ ਵੀ ਸਪਸ਼ਟ ਕਰਦੇ ਜਾਂਦੇ ਹਨ, ਇਨ੍ਹਾਂ ਸਾਰਿਆਂ `ਚੋਂ ਜਿਹੜੇ ਜਿਹੜੇ ਵੀ ਸ਼ਬਦ ਗੁਰੂ ਦੇ ਆਦੇਸ਼ਾਂ ਦੀ ਕਮਾਈ ਰਾਹੀਂ ਸਦਾ ਥਿਰ ਪ੍ਰਭੂ ਦੀ ਸਿਫ਼ਤ ਸਲਾਹ ਨਾਲ ਜੁੜ ਕੇ ਪ੍ਰਭੂ ਦੀ ਪਛਾਣ ਕਰ ਲੈਂਦੇ ਹਨ। ਪ੍ਰਭੂ ਆਪਣੀ ਬਖ਼ਸ਼ਿਸ਼ ਕਰਕੇ ਉਨ੍ਹਾਂ ਨੂੰ ਉਸ-ਉਸ ਜਿਲ੍ਹਣ ਚੋਂ ਕੱਢ ਕੇ ਆਪਣੇ ਅੰਦਰ ਅਭੇਦ ਕਰ ਲੈਂਦਾ ਹੈ। ਇਸ ਤਰ੍ਹਾਂ ਉਨ੍ਹਾ ਦਾ ਲੋਕ ਵੀ ਸੰਵਰ ਜਾਂਦਾ ਹੈ ਤੇ ਪ੍ਰਲੋਕ ਵੀ। ‘

ਪਉੜੀ ਤੇ ਸਲੋਕਾਂ ਦੀ ਆਪਸੀ ਸਾਂਝ-ਪਉੜੀ `ਚ ਗੁਰਦੇਵ ਸੰਸਾਰ ਵਿਚਲੇ ਅਜਿਹੇ ਤਿੰਨ ਤਰ੍ਹਾਂ ਦੇ ਲੋਕਾਂ ਦੀ ਗੱਲ ਕੀਤੀ ਹੈ ਜਿਹੜੇ ਆਪਣੇ-ਆਪਣੇ ਢੰਗ ਨਾਲ ਆਪਣੇ ਇਸ ਮਨੁੱਖਾ ਜਨਮ ਦਾ ਇਕੋ ਇੱਕ ਮਕਸਦ ਵੀ ਨਹੀਂ ਸਮਝਦੇ ਤੇ ਨਹੀਂ ਪਛਾਣਦੇ। ਉਹ ਗੁਰੂ ਅਨੁਸਾਰੀ ਹੋ ਕੇ ਆਪਣੇ ਅਸਲੇ ਸਦਾ ਥਿਰ ਪ੍ਰਭੂ ਨਾਲ ਇੱਕ ਕਿੱਕ ਨਹੀਂ ਹੁੰਦੇ। ਇਸ ਤਰ੍ਹਾਂ ਇਹ ਸਭ ਮਨਮੱਤਾਂ, ਦੁਰਮੱਤਾਂ ਤੇ ਹੂੜਮੱਤਾਂ ਆਦਿ `ਚ ਲੱਗੇ ਰਹਿਕੇ ਆਪਣੇ ਦੁਰਲਭ ਅਮੁੱਲੇ ਮਨੁੱਖਾ ਜਨਮ ਨੂੰ ਬਿਰਥਾ ਕਰਕੇ ਸੰਸਾਰ ਤੋਂ ਜਾਂਦੇ ਤੇ ਮੁੜ ਆਪਣੇ-ਆਪਣੇ ਕਰਮਾਂ ਅਨੁਸਾਰ, ਜੂਨਾਂ ਗਰਭਾਂ ਦੇ ਗੇੜ `ਚ ਪੈਂਦੇ ਹਨ, ਪ੍ਰਭੂ ਦੇ ਦਰ `ਤੇ ਕਬੂਲ ਨਹੀਂ ਹੁੰਦੇ। ਤਾਂ ਤੇ ਪਉੜੀ `ਚ ਗੁਰਦੇਵ ਨੇ ਇਨ੍ਹਾਂ ਵੱਖ ਵੱਖ ਸ਼੍ਰੇਣੀਆਂ ਨੂੰ ਇਸ ਤਰ੍ਹਾਂ ਬਿਆਣਿਆ ਹੈ:-

(੧) ਇਕਨਾ ਗਲੀਂ ਜੰਜੀਰ ਬੰਦਿ ਰਬਾਣੀਐ” (੨) “ਚੋਰ ਜਾਰ ਜੂਆਰ ਪੀੜੇ ਘਾਣੀਐ” (੩) “ਨਿੰਦਕ ਲਾਇਤਬਾਰ ਮਿਲੇ ਹੜੑਵਾਣੀਐ” ਜਦਕਿ ਨਾਲ ਨਾਲ ਗੁਰਦੇਵ ਨੇ ਸਪਸ਼ਟ ਕੀਤਾ, ਅਜਿਹੇ ਲੋਕ ਇਸ ਜਨਮ `ਚ ਵੀ ਦੁੱਖੀ ਰਹਿੰਦੇ ਹਨ ਤੇ ਮੌਤ ਤੋਂ ਬਾਅਦ ਵੀ ਪ੍ਰਭੂ ਦੇ ਦਰ `ਤੇ ਕਬੂਲ ਨਹੀਂ ਹੁੰਦੇ, ਬੇਲੋੜੇ ਫੋਕ ਵਾਂਗ ਬਾਹਿਰ ਸੁੱਟ ਦਿੱਤੇ ਜਾਂਦੇ ਹਨ; ਤਾਂ ਉਹ ਸਭ ਵੀ ਕਰਤੇ ਦੇ ਸੱਚ ਨਿਆਂ `ਚ ਹੀ ਹੁੰਦਾ ਹੈ। ਇਹ ਵੱਖਰੀ ਗੱਲ ਹੈ, ਉਨ੍ਹਾਂ `ਚੋਂ ਵੀ ਜਿਹੜੇ ਸ਼ਬਦ ਗੁਰੂ ਦੇ ਅਨੁਸਾਰੀ ਹੋ ਕੇ ਸਦਾ ਥਿੱਰ ਪ੍ਰਭੂ ਦੀ ਪਛਾਣ ਕਰਦੇ ਜਾਂਦੇ ਹਨ। ਇਸ ਤਰ੍ਹਾਂ ਆਪਣੇ-ਆਪਣੇ ਜੀਵਨ `ਚ ਤਬਦੀਲੀ ਲਿਆ ਕੇ ਸਦਾ ਥਿਰ ਪ੍ਰਭੂ ਦੀ ਸਿਫ਼ਤ ਲਾਹ ਨਾਲ ਜੁੜਦੇ ਜਾਂਦੇ ਹਨ। ਉਨ੍ਹਾਂ-ਉਨ੍ਹਾਂ ਦਾ ਇਹ ਲੋਕ ਵੀ ਸੰਵਰਦਾ ਜਾਂਦਾ ਹੈ ਤੇ ਪ੍ਰਲੋਕ ਵੀ, ਫ਼ਿਰ ਪਹਿਲਾਂ ਭਾਵੇਂ ਉਹ ਕਿਸੇ ਵੀ ਓਝੜ ਸ਼੍ਰੇਣੀ `ਚ ਵਿਚਰ ਰਹੇ ਸਣ।

ਗਹੁ ਨਾਲ ਦੇਖਿਆ ਜਾਏ ਤਾਂ ਪਉੜੀ ਤੋਂ ਪਹਿਲਾਂ ਚਾਰ ਸਲੋਕਾਂ `ਚ ਵੀ ਅਜਿਹੀਆਂ ਕੁਰਾਹੇ ਪਈਆਂ ਸ਼੍ਰੇਣੀਆਂ ਨੂੰ ਹੀ ਵਧੇਰੇ ਵਿਆਖਿਆ ਸਹਿਤ ਲਿਆ ਹੈ। ਨਾਲ ਨਾਲ ਹਰੇਕ ਸ਼੍ਰੇਣੀ `ਚ ਵਿਚਰ ਰਹੇ ਗੁਮਰਾਹ ਜੀਵਨ ਦਾ ਇਸ ਲੋਕ ‘ਸੰਬੰਧੀ ਵੀ ਤੇ ਪ੍ਰਲੋਕ ਸੰਬੰਧੀ ਵੀ ਕਾਲਾ ਤੇ ਦੁਖਦਾਈ ਪੱਖ ਸਪਸ਼ਟ ਬਿਆਣਿਆ ਹੈ। ਉਪ੍ਰੰਤ ਨਾਲ ਨਾਲ ਉਥੇ ਵੀ ਸਾਫ਼ ਕੀਤਾ ਹੋਇਆ ਹੈ, ਸ਼ਬਦ ਗੁਰੂ ਦੀ ਕਮਾਈ ਕਰਕੇ ਉਨ੍ਹਾਂ `ਚੋ ਜਿਹੜੇ ਸਦਾ ਥਿਰ ਪ੍ਰਭੂ ਦੀ ਸਿਫ਼ਤ ਸਲਾਹ ਨਾਲ ਜੁੜਦੇ ਜਾਂਦੇ ਹਨ, ਉਹ ਵੀ ਸਫ਼ਲ ਜੀਵਨ ਨੂੰ ਪ੍ਰਾਪਤ ਹੋ ਜਾਂਦੇ ਹਨ; ਫ਼ਿਰ ਉਨ੍ਹਾਂ `ਚੋਂ ਪਹਿਲਾਂ ਚਾਹੇ ਕੋਈ ਕਿਸੇ ਵੀ ਸ਼੍ਰੇਣੀ ਦਾ ਸੀ। ਇਸ ਤਰ੍ਹਾਂ ਉਹ ਇਸ ਲੋਕ ਦਾ ਅਨੰਦ ਵੀ ਮਾਣਦੇ ਹਨ ਤੇ ਓਥੇ ਭਾਵ ਪ੍ਰਲੋਕ `ਚ ਵੀ ਪ੍ਰਭੂ `ਚ ਹੀ ਸਮਾ ਜਾਂਦੇ ਹਨ, ਮੁੜ ਜਨਮ ਮਰਨ ਦੇ ਗੇੜ `ਚ ਨਹੀਂ ਆਉਂਦੇ। (ਚਲਦਾ) #Instt. 25.21 Mlkiv.03.014#

ਸਾਰੇ ਪੰਥਕ ਮਸਲਿਆਂ ਦਾ ਹੱਲ ਅਤੇ ਸੈਂਟਰ ਵੱਲੋਂ ਲ਼ਿਖੇ ਜਾ ਰਹੇ ਸਾਰੇ ‘ਗੁਰਮੱਤ ਪਾਠਾਂ’ ਤੇ ਪੁਸਤਕਾਂ ਦਾ ਮਕਸਦ ਇਕੋ ਹੀ ਹੈ-ਤਾ ਕਿ ਹਰੇਕ ਪ੍ਰਵਾਰ ਅਰਥਾਂ ਸਹਿਤ ‘ਗੁਰੂ ਗ੍ਰੰਥ ਸਾਹਿਬ’ ਜੀ ਦਾ ਸਹਿਜ ਪਾਠ ਹਮੇਸ਼ਾਂ ਚਾਲੂ ਰਖ ਕੇ ਆਪਣੇ ਪ੍ਰਵਾਰਿਕ ਜੀਵਨ ਨੂੰ ਗੁਰਬਾਣੀ ਸੋਝੀ ਵਾਲਾ ਬਣਾ ਸਕੇ। ਅਰਥਾਂ ਲਈ ਦਸ ਭਾਗ ‘ਗੁਰੂ ਗ੍ਰੰਥ ਦਰਪਣ’ ਪ੍ਰੋ: ਸਾਹਿਬ ਸਿੰਘ ਜਾਂ ਚਾਰ ਭਾਗ ਸ਼ਬਦਾਰਥ ਲਾਹੇਵੰਦ ਹੋਵੇਗਾ ਜੀ।

EXCLUDING THIS BOOK “Malaar Ki Vaar M:1 Steek & GVD” BEING LOADED IN ISTTS. Otherwise about All the Self Learning Gurmat Lessons already loaded on www.sikhmarg.com it is to clarify that;

---------------------------------------------

For all the Gurmat Lessons written upon Self Learning based by ‘Principal Giani Surjit Singh’ Sikh Missionary, Delhi, all the rights are reserved with the writer, but easily available for Distribution within ‘Guru Ki Sangat’ with an intention of Gurmat Parsar, at quite a nominal printing cost i.e. mostly Rs 300/- to 400/- (in rare cases these are 500/-) per hundred copies for further Free distribution or otherwise. (+P&P.Extra) From ‘Gurmat Education Centre, Delhi’, Postal Address- A/16 Basement, Dayanand Colony, Lajpat Nagar IV, N. Delhi-24 Ph 91-11-26236119, 46548789& ® J-IV/46 Old D/S Lajpat Nagar-4 New Delhi-110024 Ph. 91-11-26467315 Cell 9811292808

web site- www.gurbaniguru.org




.