.

ਜਸਬੀਰ ਸਿੰਘ ਵੈਨਕੂਵਰ

ਜੈਸਾ ਅੰਨ ਤੈਸਾ ਮਨ
(ਭਾਗ 9)

ਹਰ ਧਰਮ ਦੇ ਮੁੱਖ ਰੂਪ ਵਿੱਚ ਦੋ ਪੱਖ ਹੁੰਦੇ ਹਨ: ੧. ਮੌਲਿਕ ੨. ਸੰਕੀਰਣ-ਭਾਵ, ਸੰਪਰਦਾਇਕ। ਧਰਮ ਦਾ ਮੌਲਿਕ ਰੂਪ ਉਹ ਹੈ ਜੋ ਦੇਸ ਅਤੇ ਕਾਲ ਦੀਆਂ ਸੀਮਾਵਾਂ ਤੋਂ ਰਹਿਤ ਹੈ। ਧਰਮ ਦਾ ਇਹ ਰੂਪ ਲਗ-ਪਗ ਸਮੂਹ ਧਰਮਾਂ ਦਾ ਇਕੋ ਜਿਹਾ ਹੈ। ਇਸ ਨੂੰ ਹੀ ਮਾਨਵ ਧਰਮ ਕਿਹਾ ਜਾਂਦਾ ਹੈ। ਧਰਮ ਦਾ ਇਹ ਰੂਪ ਸਦੀਵੀ ਹੈ। ਭਾਵ, ਕੋਈ ਵੀ ਧਰਮ ਚੋਰੀ-ਯਾਰੀ, ਦੂਜੇ ਦਾ ਹੱਕ ਮਾਰਨ ਜਾਂ ਖੋਹਣ, ਹੇਰਾ-ਫੇਰੀ, ਬੇਈਮਾਨੀ, ਵੱਢੀ-ਖ਼ੋਰੀ, ਨਿੰਦਾ-ਚੁਗ਼ਲੀ ਆਦਿ ਦੀ ਇਜਾਜ਼ਤ ਨਹੀਂ ਦਿੰਦਾ ਹੈ। ਧਰਮ ਦੇ ਇਸ ਮੌਲਿਕ ਰੂਪ ਦਾ ਮਨੋਰਥ ਮਨੁੱਖ ਨੂੰ, ਮਨੁੱਖੀ ਕਦਰਾਂ-ਕੀਮਤਾਂ ਦ੍ਰਿੜ ਕਰਵਾ ਕੇ ਇਨਸਾਨੀਅਤ ਭਰਪੂਰ ਜੀਵਨ ਦ੍ਰਿੜ ਕਰਾਉਣਾ ਹੈ।

ਨੋਟ:-ਅਸੀਂ ਧਰਮ ਦੇ ਉਸ ਪੱਖ ਨੂੰ ਹੀ ਧਰਮ ਦਾ ਮੌਲਿਕ ਰੂਪ ਆਖ ਰਹੇ ਹਾਂ, ਜਿਸ ਦਾ ਸੰਬੰਧ ਇਸ ਜੀਵਨ ਨਾਲ ਹੈ, ਭਾਵ: ਮਨੁੱਖੀ ਜੀਵਨ ਦੇ ਵਿਹਾਰ ਨਾਲ ਹੈ। ਵੱਖ ਵੱਖ ਧਰਮਾਂ ਵਿੱਚ ਆਵਾਗਮਨ, ਪੁਨਰ ਜਨਮ, ਨਰਕ-ਸੁਰਗ ਜਾਂ ਮੁਕਤੀ ਆਦਿ ਦੇ ਸੰਬੰਧ `ਚ ਪ੍ਰਚਲਤ ਧਾਰਨਾਵਾਂ ਨੂੰ ਧਰਮ ਦੇ ਮੌਲਿਕ ਰੂਪ ਵਜੋਂ ਸਵੀਕਾਰ ਨਹੀਂ ਕਰ ਰਹੇ ਹਾਂ।

ਧਰਮ ਦਾ ਸੰਕੀਰਣ (ਸੰਪਰਦਾਇਕ) ਰੂਪ ਵਿਅਕਤੀ, ਦੇਸ਼ ਅਤੇ ਕਾਲ ਦੀਆਂ ਸੀਮਾਵਾਂ ਵਿੱਚ ਬੱਝਾ ਹੁੰਦਾ ਹੈ। ਧਰਮ ਦਾ ਇਹ ਰੂਪ ਧਰਮ ਦੇ ਸੰਚਾਲਕਾਂ ਮਗਰੋਂ ਪਰੋਹਤ ਜਮਾਤ ਦੁਆਰਾ ਹੀ ਕਾਇਮ ਹੋਇਆ ਹੁੰਦਾ ਹੈ। ਆਮ ਤੌਰ `ਤੇ ਧਰਮ ਦਾ ਇਹ ਰੂਪ ਹੀ ਵਿਸ਼ੇਸ਼ ਤੌਰ `ਤੇ ਧਰਮ ਮੰਨਿਆ ਜਾ ਰਿਹਾ ਹੈ। ਇਸ ਲਈ ਲਗ-ਪਗ ਹਰੇਕ ਧਰਮ ਵਿੱਚ ਧਰਮ ਦੇ ਮੌਲਿਕ ਰੂਪ ਦੀ ਥਾਂ ਸੰਪਰਦਾਇਕ ਰੂਪ ਦੀ ਹੀ ਪ੍ਰਧਾਨਤਾ ਹੈ। ਇਸ ਲਈ ਜਦੋਂ ਕਿਸੇ ਵੀ ਧਰਮ ਦਾ ਧਾਰਮਿਕ ਆਗੂ ਜਾਂ ਪਰਚਾਰਕ ਕਿਸੇ ਨੂੰ ਧਾਰਮਿਕ ਜੀਵਨ ਜਿਊਂਣ ਦੀ ਪ੍ਰੇਰਨਾ ਦਿੰਦਾ ਹੈ ਤਾਂ ਉਸ ਦਾ ਧਾਰਮਿਕ ਜੀਵਨ ਤੋਂ ਭਾਵ ਧਰਮ ਦੇ ਮੌਲਿਕ ਰੂਪ ਦੀ ਥਾਂ ਸੰਪਰਦਾਇਕ ਰੂਪ ਤੋਂ ਹੀ ਹੁੰਦਾ ਹੈ। ਇਹੀ ਕਾਰਨ ਹੈ ਕਿ ਆਮ ਤੌਰ `ਤੇ ਇਹ ਹੀ ਦੇਖਣ ਵਿੱਚ ਆ ਰਿਹਾ ਹੈ ਕਿ ਲਗ-ਪਗ ਹਰੇਕ ਧਰਮ ਦੇ ਧਾਰਮਿਕ ਆਗੂਆਂ ਵਲੋਂ ਧਰਮ ਦੇ ਸੰਪਰਦਾਇਕ ਰੂਪ ਉੱਤੇ ਜਿਤਨਾ ਜ਼ੋਰ ਦਿੱਤਾ ਜਾ ਰਿਹਾ ਹੈ ਉਤਨਾ ਧਰਮ ਦੇ ਮੌਲਿਕ ਰੂਪ ਉੱਤੇ ਨਹੀਂ। ਇਹ ਹੀ ਕਾਰਨ ਹੈ ਕਿ ਆਮ ਮਨੁੱਖ ਧਾਰਮਿਕ ਹੁੰਦਾ ਹੋਇਆ ਵੀ ਧਾਰਮਿਕਤਾ ਤੋਂ ਕੋਹਾਂ ਦੂਰ ਹੁੰਦਾ ਹੈ। ਇਤਨਾ ਹੀ ਨਹੀਂ ਧਰਮ ਦੇ ਇਸ ਸੰਪਰਦਾਇਕ ਰੂਪ ਕਾਰਨ ਹੀ ਵੱਖ ਵੱਖ ਧਰਮਾਂ ਦੇ ਪੈਰੋਕਾਰਾਂ ਵਿੱਚ ਹੀ ਨਹੀਂ ਸਗੋਂ ਇਕੋ ਧਰਮ ਦੇ ਪੈਰੋਕਾਰਾਂ ਵਿੱਚ ਵੀ ਆਪਸ ਵਿੱਚ, ਸਾਧਾਰਨ ਵਾਦ-ਵਿਵਾਦ ਹੀ ਨਹੀਂ ਸਗੋਂ ਖਿੰਚੋਤਾਣ, ਲੜਾਈ-ਝਗੜੇ ਅਤੇ ਕਤਲੋ-ਗ਼ਾਰਤ ਹੋ ਰਹੀ ਹੈ।

ਧਰਮ ਦੇ ਮੌਲਿਕ ਰੂਪ ਦੀਆਂ ਕਦਰਾਂ-ਕੀਮਤਾਂ ਪ੍ਰਚਾਰਨ ਵਾਲੇ ਹਰੇਕ ਪ੍ਰਾਣੀ ਨੇ ਧਰਮ ਦੇ ਸੰਪਰਦਾਇਕ ਰੂਪ ਉੱਤੇ ਜ਼ੋਰ ਦੇਣ ਦੀ ਥਾਂ, ਮੌਲਿਕ ਰੂਪ ਉੱਤੇ ਹੀ ਜ਼ੋਰ ਦਿੱਤਾ ਹੈ। ਇਤਨਾ ਹੀ ਨਹੀਂ, ਇਹੋ-ਜਿਹੇ ਪ੍ਰਾਣੀਆਂ ਨੇ ਧਰਮ ਦੇ ਕੇਵਲ ਸੰਪਰਦਾਇਕ ਰੂਪ ਦੇ ਧਰਮ ਨੂੰ ਧਰਮ ਮੰਨਣ ਤੋਂ ਸਪਸ਼ਟ ਰੂਪ ਵਿੱਚ ਇਨਕਾਰ ਕੀਤਾ ਹੈ। ਜਿਵੇਂ ਕਿ ਪ੍ਰਿੰਸੀਪਲ ਹਰਿਭਜਨ ਸਿੰਘ ਜੀ ਅਨੁਸਾਰ- “ਧਰਮ ਕਦਾਚਿਤ ਸੰਪ੍ਰਦਾਇਕ ਨਹੀਂ ਹੋ ਸਕਦਾ, ਅਤੇ ਜੋ ਸੰਪਰਦਾਇਕਤਾ ਦੇ ਤੰਗ ਦਾਇਰੇ ਵਿੱਚ ਬੱਝ ਕੇ, ਸਭ ਲਈ ਸਮਾਨ ਅਤੇ ਸਰਬ-ਦੇਸੀ ਤੇ ਸਰਬ-ਕਾਲੀ ਨਹੀਂ ਰਹਿੰਦਾ, ਉਹ ਧਰਮ ਨਹੀਂ। “

ਨੋਟ:-ਕੁਦਰਤੀ ਸ਼ਕਤੀਆਂ, ਮੜ੍ਹੀਆਂ-ਮਸਾਨਾਂ ਜਾਂ ਗ੍ਰਹਿ ਆਦਿ ਦੀ ਪੂਜਾ, ਪਸ਼ੂਆਂ ਦੀ ਕੁਰਬਾਨੀ, ਅਤੇ ਪੂਜਾ-ਪਾਠ ਦੁਆਰਾ ਕੁਦਰਤ ਦੇ ਨਿਯਮਾਂ ਨੂੰ ਬਦਲਣ ਆਦਿ ਦੀਆਂ ਕ੍ਰਿਆਵਾਂ, ਧਰਮ ਦਾ ਅੰਗ ਨਹੀਂ ਹੈ। ਇਹ ਮਨੁੱਖ ਦੀ ਅਗਿਆਨਤਾ ਦਾ ਪ੍ਰਤੀਕ ਹੈ। ਇਸ ਲਈ ਇਹਨਾਂ ਗੱਲਾਂ ਦਾ ਸੰਬੰਧ ਨਾ ਤਾਂ ਧਰਮ ਦੇ ਮੌਲਿਕ ਰੂਪ ਨਾਲ ਹੈ ਅਤੇ ਨਾ ਹੀ ਸੰਪਰਦਾਇਕ ਰੂਪ ਨਾਲ।

ਧਰਮ ਦੇ ਬੁਨਿਆਦੀ ਤੱਤਾਂ ਦੀ ਗੱਲ ਕਰਨ ਵਾਲੇ ਹਰੇਕ ਵਿਦਵਾਨ ਨੇ ਧਰਮ ਦੇ ਮੌਲਿਕ ਰੂਪ ਦੀ ਗੱਲ ਕੀਤੀ ਹੈ ਨਾ ਕਿ ਸੰਪਰਦਾਇਕ ਰੂਪ ਦੀ। ਜਿਵੇਂ, ਪ੍ਰਿੰਸੀਪਲ ਤੇਜਾ ਸਿੰਘ ਜੀ, ਧਰਮ ਸੰਬੰਧੀ ਚਰਚਾ ਕਰਦਿਆਂ ਲਿਖਦੇ ਹਨ, “ਜੀਵਨ ਦੇ ਸਭ ਤੋਂ ਚੰਗੇ ਤਰੀਕੇ ਨੂੰ ਧਰਮ ਕਹਿੰਦੇ ਹਨ। ਇਸ ਦਾ ਮਨੋਰਥ ਕੁੱਝ ਪ੍ਰਾਪਤ ਕਰਨਾ ਨਹੀਂ ਸਗੋਂ ਕੁੱਝ ਬਣਨਾ, ਕੁੱਝ ਹੋਣਾ ਹੈ। ਇਸ ਦਾ ਆਦਰਸ਼ ਕਲਪਿਤ ਬਹਿਸ਼ਤ ਜਾਂ ਸਵਰਗ ਦੇ ਸੁਖਾਂ ਨੂੰ ਮਾਣਨਾ ਜਾਂ ਜ਼ਿੰਦਗੀ ਤੋਂ ਛੁਟਕਾਰਾ ਪਾਣਾ ਨਹੀਂ ਸਗੋਂ ਜ਼ਿੰਦਗੀ ਨੂੰ ਇਉਂ ਢਾਲਣਾ ਹੈ ਕਿ ਇਸ ਵਿਚੋਂ ਵਾਹਿਗੁਰੂ ਦੇ ਦਰਸ਼ਨ ਹੋਣ। “

ਇਸੇ ਤਰ੍ਹਾਂ ਇੱਕ ਹੋਰ ਵਿਦਵਾਨ ਦਾ ਕਹਿਣਾ ਹੈ ਕਿ, “ਵਹਿਮ, ਭਰਮ ਤੇ ਪਖੰਡ ਦਾ ਨਾਂ ਧਰਮ ਨਹੀਂ। ਸਚਾਈ ਨਾਲ ਪਿਆਰ ਕਰਨਾ, ਦੁਖੀਆਂ ਦੀ ਸੇਵਾ ਕਰਨੀ, ਨਿਰਬਲਾਂ ਤੇ ਗ਼ਰੀਬਾਂ ਦੀ ਸਹਾਇਤਾ ਕਰਨੀ, ਆਜ਼ਾਦੀ ਨਾਲ ਪਿਆਰ ਕਰਨਾ, ਹਰ ਤਰ੍ਹਾਂ ਦੀ ਗ਼ੁਲਾਮੀ ਦੇ ਵਿਰੁੱਧ ਲੜਨਾ, ਦਲੇਰੀ ਤੇ ਸਾਹਸ ਨੂੰ ਵਧਾਉਣਾ, ਤੁਅੱਸਬ ਨੂੰ ਘੱਟ ਕਰਨਾ, ਮਨੁੱਖ ਮਾਤਰ ਦੇ ਭਲੇ ਲਈ ਇਸ ਢੰਗ ਨਾਲ ਜਤਨ ਕਰਨਾ, ਜਿਸ ਨਾਲ ਮਨੁੱਖ ਦੇ ਦਿਲ-ਦਿਮਾਗ਼ ਨੂੰ ਤਸੱਲੀ ਹੋਵੇ, ਇਹੀ ਸੱਚਾ ਧਰਮ ਹੈ। “

ਕੇਵਲ ਅਜੋਕੇ ਸਮੇਂ ਦੇ ਵਿਦਵਾਨਾਂ ਨੇ ਹੀ ਧਰਮ ਤੋਂ ਇਹ ਭਾਵ ਨਹੀਂ ਲਿਆ ਬਲਕਿ ਪੁਰਾਤਨ ਵਿਦਵਾਨਾਂ ਨੇ ਵੀ ਧਰਮ ਦੇ ਮੁਖ ਅੰਗਾਂ ਦਾ ਵਰਣਨ ਕਰਨ ਸਮੇਂ ਅਜਿਹਾ ਹੀ ਕਿਹਾ ਹੈ। ਜਿਵੇਂ ਪੁਸਤਕ ਸਾਰਕੁਤਾਵਲੀ ਦਾ ਕਰਤਾ ਧਰਮ ਦੇ ਮੁੱਖ ਅੰਗਾਂ ਦਾ ਵਰਣਨ ਕਰਦਾ ਹੋਇਆ ਲਿਖਦਾ ਹੈ-

ਖਿਮਾ, ਅਹਿੰਸਾ, ਦਯਾ, ਮ੍ਰਿਦ, ਸਤ ਬਚਨ, ਤਪ, ਦਾਨ।। ਸ਼ੀਲ, ਸੰਤੋਖ, ਤ੍ਰਿਸ਼ਨਾ ਬਿਨਾ, ਧਰਮ ਲਿੰਗ ਦਸ ਜਾਨ।।

ਬੁੱਧ ਧਰਮ ਅਨੁਸਾਰ ਵੀ ਧਰਮ ਦੇ ਨਿਮਨ ਲਿਖਤ ਅੰਗਾਂ ਨੂੰ ਹੀ ਧਰਮ ਆਖਿਆ ਹੈ:

ਸਦ ਵਿਸ਼ਵਾਸ, ਸਦ ਵਿਚਾਰ, ਸਦ ਵਾਕ, ਸਤਿ ਕਰਮ, ਸਦ ਜੀਵਨ, ਸਤ ਪ੍ਰਯਤਨ, ਸਤ ਚਿੰਤਨ ਅਤੇ ਸਦ ਧਿਆਨ।

ਹੋਰ ਤਾਂ ਹੋਰ ਮਨੂੰ ਸਿਮ੍ਰਿਤੀ ਦੇ ਕਰਤੇ ਨੇ ਵੀ ਧਰਮ ਦੇ ਇਹ ਅੰਗ ਮੰਨੇ ਹਨ-

ਧ੍ਰਿਤ ਛਮਾ ਦਮੋ ਅਸਤੇਯੰ ਸੌਚ ਮਿਨਿੰਦ੍ਰਯ ਨਿਗ੍ਰਹਿ: ।। ਧਰਿ, ਵਿਦਿਆ ਸਤਯਮ੍ਰੋਧੇ ਦਸਕਮ ਧਰਮ ਲਕਸ਼ਣਮ।। (ਅਧਿਆਏ ੬, ਸਲੋਕ ੯੨) ਭਾਵ:-ਸੰਤੋਖ, ਖਿਮਾ, ਮਨ ਤੇ ਕਾਬੂ ਕਰਨਾ, ਪਵਿੱਤਰਤਾ, ਕੁੱਝ ਗ੍ਰਹਿਣ ਨਾ ਕਰਨਾ, ਇੰਦ੍ਰੀਆਂ `ਤੇ ਕਾਬੂ ਪਾਣਾ, ਧਰਮ ਵਿਦਿਆ, ਸਚਾਈ, ਕ੍ਰੋਧ ਨਾ ਕਰਨਾ-ਧਰਮ ਦੇ ਇਹ ਦਸ ਲਛਣ ਹਨ।

ਧਰਮ ਦਾ ਇਹ ਮੌਲਕ ਰੂਪ ਹੀ ਜੀਵਨ ਦਾ ਉਹ ਤੱਤ ਹੈ ਜੋ ਹਰ ਪ੍ਰਾਣੀ ਲਈ ਇਕੋ ਜਿਹਾ ਮਹੱਤਵ ਪੂਰਨ ਹੈ। ਧਰਮ ਬੁਨਿਆਦੀ ਰੂਪ ਵਿੱਚ ਇੱਕ ਹੀ ਹੈ, ਦੋ, ਤਿੰਨ, ਚਾਰ ਜਾਂ ਪੰਜ ਨਹੀਂ। ਧਰਮ ਦੇ ਇਸ ਰੂਪ ਬਾਰੇ ਧਰਮਾਂ ਵਿੱਚ ਕਿਸੇ ਤਰ੍ਹਾਂ ਕੋਈ ਮੱਤ-ਭੇਦ ਨਹੀਂ ਹੈ। ਧਰਮਾਂ ਵਿੱਚ ਮੱਤ-ਭੇਦ ਸੰਪਰਦਾਇਕ ਰੂਪ ਕਾਰਨ ਹਨ। ਪ੍ਰਿੰਸੀਪਲ ਹਰਿਭਜਨ ਸਿੰਘ ਜੀ ਦੀ ਨਿਮਨ ਲਿਖਤ ਵਿੱਚ ਇਸ ਸੱਚ ਨੂੰ ਹੀ ਬਿਆਨ ਕੀਤਾ ਹੋਇਆ ਹੈ:-

ਹਰੇਕ ਮਜ਼ਹਬ ਦੇ ਉੱਪਰ ਦੱਸੇ ਸੰਤੋਖ, ਖਿਮਾ, ਮਨ ਤੇ ਕਾਬੂ ਕਰਨਾ, ਪਵਿੱਤਰਤਾ, ਕੁੱਝ ਗ੍ਰਹਿਣ ਨਾ ਕਰਨਾ, ਇੰਦ੍ਰੀਆਂ ਦਾ ਕਾਬੂ, ਉਚੇਰੇ ਧਾਰਮਿਕ ਅੰਗ ਹੀ ਮਨੁੱਖ ਨੂੰ ਉਚੇਰੀ ਸੇਧ ਦੇ ਸਕਦੇ ਹਨ; ਪਰੰਤੂ ਇਸ ਦੇ ਦੂਸਰੇ ਨੇਮ, ਜਿਨ੍ਹਾਂ ਵਿੱਚੋਂ ਸ਼ਰ੍ਹਾ, ਰੀਤਾਂ-ਰਸਮਾਂ ਤੇ ਬਾਹਰ-ਮੁਖੀ ਕਾਇਦਿਆਂ-ਕਨੂੰਨਾਂ ਦਾ ਦਖ਼ਲ ਹੈ, ਆਪਸ ਵਿੱਚ ਦੀ ਵਖੇਵਾਂ ਪੈਦਾ ਕਰਦੇ ਹਨ। ਸੰਸਾਰ ਵਿੱਚ ਵਧੇਰੇ ਕਰਕੇ ਬਖੇੜਾ, ਇਹਨਾਂ ਵਿਤਕਰਿਆਂ ਕਾਰਨ ਹੀ ਵਾਪਰਦਾ ਹੈ। “ (ਗੁਰਮਤਿ ਵਿਆਖਿਾਨ)

ਧਰਮ ਦੇ ਇਸ ਮੌਲਿਕ ਰੂਪ ਨੂੰ ਹੀ ਗੁਰਬਾਣੀ ਵਿੱਚ ‘ਨਾਮ ਧਰਮ` ਕਿਹਾ ਹੈ। ਗੁਰੂ ਗ੍ਰੰਥ ਸਾਹਿਬ ਵਿੱਚ ਇਸੇ ਧਰਮ ਨੂੰ ਧਾਰਨ ਕਰਨ ਦੀ ਪ੍ਰੇਰਨਾ ਕੀਤੀ ਹੈ-

ਨਹ ਬਿਲੰਬ ਧਰਮੰ ਬਿਲੰਬ ਪਾਪੰ।। ਦ੍ਰਿੜੰਤ ਨਾਮੰ ਤਜੰਤ ਲੋਭੰ।। ਸਰਣਿ ਸੰਤੰ ਕਿਲਬਿਖ ਨਾਸੰ ਪ੍ਰਾਪਤੰ ਧਰਮ ਲਖਿ੍ਯ੍ਯਣ।। ਨਾਨਕ ਜਿਹ ਸੁਪ੍ਰਸੰਨ ਮਾਧਵਹ।। (ਪੰਨਾ ੧੩੫੪) ਅਰਥ:-ਧਰਮ ਕਮਾਣ ਵਲੋਂ ਢਿੱਲ ਨਾਹ ਕਰਨੀ, ਪਾਪਾਂ ਵਲੋਂ ਢਿੱਲ ਕਰਨੀ, ਨਾਮ (ਹਿਰਦੇ ਵਿਚ) ਦ੍ਰਿੜ ਕਰਨਾ ਅਤੇ ਲੋਭ ਤਿਆਗਣਾ, ਸੰਤਾਂ ਦੀ ਸਰਨ ਜਾ ਕੇ ਪਾਪਾਂ ਦਾ ਨਾਸ ਕਰਨਾ—ਹੇ ਨਾਨਕ! ਧਰਮ ਦੇ ਇਹ ਲੱਛਣ ਉਸ ਮਨੁੱਖ ਨੂੰ ਪ੍ਰਾਪਤ ਹੁੰਦੇ ਹਨ ਜਿਸ ਉਤੇ ਪਰਮਾਤਮਾ ਮੇਹਰ ਕਰਦਾ ਹੈ। (ਭਾਈ ਕਾਨ੍ਹ ਸਿੰਘ ਜੀ ਨਾਭਾ ਨੇ ਇਸ ਸਲੋਕ ਦੇ ਸਿਧਾਂਤ ਸੰਬੰਧੀ ਲਿਖਿਆ ਹੈ ਕਿ, “ਨੇਕ ਕੰਮ ਵਿੱਚ ਕਦੇ ਢਿੱਲ ਨਾ ਕਰਨੀ, ਸਿਰਜਨਹਾਰ ਨੂੰ ਚੇਤੇ ਰਖਣਾ, ਪਰ ਧਨ ਪਰ ਇਸਤ੍ਰੀ ਆਦਿ ਦਾ ਲਾਲਚ ਨਾ ਕਰਨਾ, ਸ਼ਾਂਤਾਤਮਾ ਆਮਿਲ ਲੋਕਾਂ ਦੀ ਸੰਗਤਿ ਕਰਨੀ ਅਤੇ ਨਿੰਦਿੰਤ ਕਰਮ ਤਯਾਗਣੇ, ਇਹ ਧਰਮ ਦੇ ਲੱਛਣ ਹਨ, ਭਾਵ ਇਹ ਹੈ ਕਿ ਇਨ੍ਹਾਂ ਗੁਣਾ ਬਿਨਾ ਮਨੁੱਖ ਅਧਰਮੀ ਹੈ। “)

ਜੁਗਾਂ ਜੁਗਾਂਤਰਾਂ ਤੋਂ ਮਨੁੱਖ ਇਸ ਧਰਮ ਨੂੰ ਹੀ ਦ੍ਰਿੜ ਕਰਕੇ ਮਨੁੱਖੀ ਜੀਵਨ ਦੀ ਸਹੀ ਜੀਵਨ-ਜੁਗਤ ਦਾ ਧਾਰਨੀ ਬਣਦਾ ਰਿਹਾ ਹੈ-

ਏਕੋ ਧਰਮੁ ਦ੍ਰਿੜੈ ਸਚੁ ਕੋਈ।। ਗੁਰਮਤਿ ਪੂਰਾ ਜੁਗਿ ਜੁਗਿ ਸੋਈ।। ਅਨਹਦਿ ਰਾਤਾ ਏਕ ਲਿਵ ਤਾਰ।। ਓਹੁ ਗੁਰਮੁਖਿ ਪਾਵੈ ਅਲਖ ਅਪਾਰ।। (ਪੰਨਾ ੧੧੮੮) ਅਰਥ:-ਜੇਹੜਾ ਕੋਈ ਮਨੁੱਖ ਆਪਣੇ ਹਿਰਦੇ ਵਿੱਚ ਇਹ ਨਿਸ਼ਚਾ ਬਿਠਾਂਦਾ ਹੈ ਕਿ ਸਦਾ-ਥਿਰ ਪ੍ਰਭੂ ਦਾ ਨਾਮ ਸਿਮਰਨਾ ਹੀ ਇਕੋ ਇੱਕ ਠੀਕ ਧਰਮ ਹੈ, ਉਹੀ ਗੁਰੂ ਦੀ ਮਤਿ ਦਾ ਆਸਰਾ ਲੈ ਕੇ ਸਦਾ ਲਈ (ਵਿਕਾਰਾਂ ਦੇ ਟਾਕਰੇ ਤੇ) ਅਡੋਲ ਹੋ ਜਾਂਦਾ ਹੈ; ਉਹ ਮਨੁੱਖ ਇਕ-ਤਾਰ ਸੁਰਤਿ ਜੋੜ ਕੇ ਅਬਿਨਾਸੀ ਪ੍ਰਭੂ ਵਿੱਚ ਮਸਤ ਰਹਿੰਦਾ ਹੈ, ਗੁਰੂ ਦੀ ਸਰਨ ਪੈ ਕੇ ਉਹ ਮਨੁੱਖ ਅਦ੍ਰਿਸ਼ਟ ਤੇ ਬੇਅੰਤ ਪ੍ਰਭੂ ਦਾ ਦਰਸਨ ਕਰ ਲੈਂਦਾ ਹੈ।

ਇਸ ਧਰਮ ਨੂੰ ਹੀ ਸਾਰੇ ਧਰਮਾਂ ਤੋਂ ਸ੍ਰੇਸ਼ਟ ਅਥਵਾ ਉਤਮ ਮੰਨਿਆ ਹੈ-

(ੳ) ਸਗਲ ਧਰਮ ਮਹਿ ਸ੍ਰੇਸਟ ਧਰਮੁ।। (ਪੰਨਾ ੮੯੫) ਅਰਥ:-ਸਾਰੇ ਧਰਮਾਂ ਵਿੱਚੋਂ ਇਹੀ ਧਰਮ ਵਧੀਆ ਧਰਮ ਹੈ।

(ਅ) ਸਰਬ ਧਰਮ ਮਹਿ ਸ੍ਰੇਸਟ ਧਰਮੁ।। ਹਰਿ ਕੋ ਨਾਮੁ ਜਪਿ ਨਿਰਮਲ ਕਰਮ।। (ਪੰਨਾ ੨੬੬) ਅਰਥ- (ਹੇ ਮਨ!) ਪ੍ਰਭੂ ਦਾ ਨਾਮ ਜਪ (ਤੇ) ਪਵਿਤ੍ਰ ਆਚਰਣ (ਬਣਾ) —ਇਹ ਧਰਮ ਸਾਰੇ ਧਰਮਾਂ ਨਾਲੋਂ ਚੰਗਾ ਹੈ।

ਧਰਮ ਦੇ ਇਸ ਮੌਲਿਕ ਰੂਪ ਬਾਰੇ ਹੀ Angustine: ਕਹਿੰਦਾ ਹੈ ਕਿ, “Should you ask me, What is the first thing in religion? I should reply, the first, second and third therein nay, all is humility.”

ਧਰਮ ਦੀਆਂ ਮੂਲ ਕਦਰਾਂ-ਕੀਮਤਾਂ ਦ੍ਰਿੜ ਕਰਾਉਣ ਵਾਲਿਆਂ ਨੇ, ਧਰਮ ਦਾ ਇਹ ਮੌਲਿਕ ਰੂਪ ਹੀ ਦ੍ਰਿੜ ਕਰਾਇਆ ਹੈ।

ਇਹ ਹੀ ਕਾਰਨ ਹੈ ਕਿ ਪਰੋਹਤ ਜਮਾਤ ਦੁਆਰਾ ਦ੍ਰਿੜ ਕਰਵਾਏ ਜਾਂ ਪਰਚਾਰੇ ਜਾ ਰਹੇ ਧਰਮ ਦੇ ਸੰਪਰਦਾਇਕ ਰੂਪ ਨੂੰ ਕਦੀ ਵੀ ਪ੍ਰਵਾਨ ਨਹੀਂ ਕੀਤਾ ਹੈ। ਗੁਰੂ ਗ੍ਰੰਥ ਸਾਹਿਬ ਵਿੱਚ ਤਾਂ ਸਪਸ਼ਟ ਅਤੇ ਨਿਰਣਾਇਕ ਰੂਪ ਵਿੱਚ, ਇਸ ਸ਼ਰੇਣੀ ਨਾਲੋਂ ਹੀ ਨਹੀਂ ਸਗੋਂ ਇਸ ਦੀਆਂ ਲਿਖਤਾਂ ਨਾਲੋਂ ਵੀ ਤੋੜ-ਵਿਛੋੜੇ ਦਾ ਐਲਾਨ ਕੀਤਾ ਹੋਇਆ ਹੈ:

ਹੇ ਭਾਈ! ਨਾਹ ਮੈਂ (ਹਿੰਦੂ ਦੇ) ਵਰਤਾਂ ਦਾ ਆਸਰਾ ਲੈਂਦਾ ਹਾਂ, ਨਾਹ ਮੈਂ (ਮੁਸਲਮਾਨ ਦੇ) ਰਮਜ਼ਾਨ ਦੇ ਮਹੀਨੇ (ਵਿਚ ਰੱਖੇ ਰੋਜ਼ਿਆਂ ਦਾ)। ਮੈਂ ਤਾਂ (ਸਿਰਫ਼) ਉਸ ਪਰਮਾਤਮਾ ਨੂੰ ਸਿਮਰਦਾ ਹਾਂ ਜਿਹੜਾ ਆਖ਼ਿਰ (ਹਰੇਕ ਦੀ) ਰੱਖਿਆ ਕਰਦਾ ਹੈ। ੧।

ਹੇ ਭਾਈ! ਮੈਂ ਨਾਹ ਕਾਬੇ ਦਾ ਹੱਜ ਕਰਨ ਜਾਂਦਾ ਹਾਂ (ਜਿਵੇਂ ਮੁਸਲਮਾਨ ਜਾਂਦੇ ਹਨ), ਨਾਹ ਮੈਂ (ਹਿੰਦੂਆਂ ਵਾਂਗ) ਤੀਰਥਾਂ ਤੇ ਪੂਜਾ ਕਰਨ ਜਾਂਦਾ ਹਾਂ। ਮੈਂ ਤਾਂ ਸਿਰਫ਼ ਇੱਕ ਪਰਮਾਤਮਾ ਨੂੰ ਸਿਮਰਦਾ ਹਾਂ, ਕਿਸੇ ਹੋਰ ਦੂਜੇ ਨੂੰ ਨਹੀਂ (ਸਿਮਰਦਾ)। ੨।

ਹੇ ਭਾਈ! ਮੈਂ ਨਾਹ (ਹਿੰਦੂਆਂ ਵਾਂਗ ਵੇਦ-) ਪੂਜਾ ਕਰਦਾ ਹਾਂ, ਨਾਹ (ਮੁਸਲਮਾਨ ਵਾਂਗ) ਨਿਮਾਜ਼ ਪੜ੍ਹਦਾ ਹਾਂ। ਮੈਂ ਤਾਂ ਸਿਰਫ਼ ਨਿਰੰਕਾਰ ਨੂੰ ਹਿਰਦੇ ਵਿੱਚ ਵਸਾ ਕੇ (ਉਸ ਅੱਗੇ) ਸਿਰ ਨਿਵਾਂਦਾ ਹਾਂ। ੩।

ਹੇ ਭਾਈ! (ਆਤਮਕ ਜੀਵਨ ਦੀ ਅਗਵਾਈ ਵਾਸਤੇ) ਨਾਹ ਅਸੀ ਹਿੰਦੂ (ਦੇ ਮੁਥਾਜ) ਹਾਂ, ਨਾਹ ਅਸੀਂ ਮੁਸਲਮਾਨ (ਦੇ ਮੁਥਾਜ) ਹਾਂ। ਸਾਡੇ ਇਹ ਸਰੀਰ ਸਾਡੀ ਇਹ ਜਿੰਦ (ਉਸ ਪਰਮਾਤਮਾ) ਦੇ ਦਿੱਤੇ ਹੋਏ ਹਨ (ਜਿਸ ਨੂੰ ਮੁਸਲਮਾਨ) ਅੱਲਾ (ਆਖਦਾ ਹੈ, ਜਿਸ ਨੂੰ ਹਿੰਦੂ) ਰਾਮ (ਆਖਦਾ ਹੈ)। ੪।

ਹੇ ਕਬੀਰ! ਆਖ— (ਹੇ ਭਾਈ!) ਮੈਂ ਤਾਂ ਇਹ ਗੱਲ ਖੋਲ੍ਹ ਕੇ ਦੱਸਦਾ ਹਾਂ ਕਿ ਮੈਂ ਆਪਣੇ ਗੁਰੂ-ਪੀਰ ਨੂੰ ਮਿਲ ਕੇ ਆਪਣੇ ਖਸਮ-ਪ੍ਰਭੂ ਨਾਲ ਡੂੰਘੀ ਸਾਂਝ ਪਾ ਰੱਖੀ ਹੈ। ੫।

ਇਸ ਜਮਾਤ ਵਲੋਂ ਜਨ-ਸਾਧਾਰਨ ਨੂੰ ਧਰਮ ਦੀਆਂ ਦਿੜ੍ਰ ਕਰਾਉਣ ਵਾਲੀਆਂ ਲਿਖਤਾਂ ਸੰਬੰਧੀ ਸਪਸ਼ਟ ਕੀਤਾ ਹੈ:-

ਧਿਆਨ ਰਹੇ `ਪੰਡਤ` ਅਤੇ `ਮੁੱਲਾਂ` ਹਰੇਕ ਧਰਮ ਦੇ ਧਰਮ ਉਪਦੇਸ਼ਕ ਦੇ ਪ੍ਰਤੀਕ ਹਨ ਜਿਹੜੇ ਮਨੁੱਖ ਨੂੰ ਧਰਮ ਦੇ ਬੁਨਿਆਦੀ ਤੱਤ (ਭਾਵ, ਮੌਲਿਕ ਰੂਪ) ਦ੍ਰਿੜ ਕਰਾਉਣ ਦੀ ਥਾਂ ਕੇਵਲ ਸੰਪਰਦਾਇਕ ਰੂਪ ਹੀ ਦ੍ਰਿੜ ਕਰਾਉਂਦੇ ਹਨ। ਜੋ ਮਨੁੱਖ ਨੂੰ ਧਰਮ ਦੇ ਨਾਮ `ਤੇ ਜੋੜਣ `ਚ ਨਹੀਂ ਸਗੋਂ ਵੰਡਣ ਵਿੱਚ ਵਿਸ਼ਵਾਸ ਰੱਖਦੇ ਹਨ। ਜੋ ਮਨੁੱਖ ਨੂੰ ਲੋਕ ਸੰਵਾਰਨ ਦੀ ਥਾਂ ਪਰਲੋਕ ਸੰਵਾਰਨ ਦੀਆਂ ਜੁਗਤੀਆਂ ਦ੍ਰਿੜ ਕਰਾ ਕੇ, ਮਨੁੱਖ ਦੇ ਜੀਵਨ ਨੂੰ ਨਰਕ ਬਣਾ ਦਿੰਦਾ ਹਨ। ਇਹੋ-ਜਿਹੇ ਪ੍ਰਾਣੀ ਭਾਵੇਂ ਪ੍ਰੋਹਤ/ਪਜਾਰੀ ਦੇ ਰੂਪ ਵਿੱਚ ਹਨ, ਚਾਹੇ ਲੇਖਕ ਜਾਂ ਕਿਸੇ ਧਾਰਮਿਕ ਸਥਾਨ ਆਦਿ ਦੇ ਮੁੱਖੀ ਦੇ ਰੂਪ ਵਿੱਚ ਹਨ।

(ਨੋਟ- ਗੁਰੂ ਗ੍ਰੰਥ ਸਾਹਿਬ ਵਿੱਚ ਫ਼ਰੀਦ ਸਾਹਿਬ ਦੇ ਸਲੋਕਾਂ ਦੇ ਸੰਬੰਧ ਵਿੱਚ ਅੱਗੇ ਜਾ ਕੇ ਚਰਚਾ ਕਰਾਂਗੇ-

ਸ਼ਾਈਂ ਬੁੱਲ੍ਹੇ ਸ਼ਾਹ ਵੀ ਜਦੋਂ ਨਿਮਨ ਲਿਖਤ ਦਾ ਹੋਕਾ ਦਿੰਦੇ ਹਨ ਤਾਂ ਇਸ ਦਾ ਭਾਵ ਵੀ ਇਸ ਸ਼ਰੇਣੀ ਵਲੋਂ ਧਰਮ ਦੇ ਸੰਪਰਦਾਇਕ ਰੂਪ ਨੂੰ ਧਰਮ ਵਜੋਂ ਪੇਸ਼ ਕਰਨ ਦੀ ਧਾਰਨਾ ਸੰਬੰਧੀ ਹੀ ਹੈ:-

ਜਾਂ ਮੈਂ ਸਬਕ ਇਸ਼ਕ ਦਾ ਪੜ੍ਹਿਆ, ਮਸਜਦ ਕੋਲੋਂ ਜੀਊੜਾ ਡਰਿਆ,




.