.

ਆਲ ਇੰਡੀਆ ਸਿੱਖ ਗੁਰਦੁਆਰਾਜ਼ ਐਕਟ

(ਕਿਸ਼ਤ ਦੂਜੀ)

ਹਾਕਮ ਸਿੰਘ

ਸਿੱਖ ਇਤਿਹਾਸਕਾਰ ਅਕਸਰ ਪਰਚਲਤ ਸ਼੍ਰੋਮਣੀ ਕਮੇਟੀ ਦਾ ਉਸ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲੋਂ ਅੰਤਰ ਬਾਰੇ ਦੱਸਣ ਤੋਂ ਗੁਰੇਜ ਕਰਦੇ ਹਨ ਜਿਸ ਨੇ ਗੁਰਦੁਆਰਾ ਸੁਧਾਰ ਲਹਿਰ ਦੀ ਅਗਵਾਈ ਕੀਤੀ ਸੀ। ਸਾਧਾਰਨ ਸਿੱਖ ਸਮਝਦੇ ਹਨ ਕਿ ਪਰਚਲਤ ਸ਼੍ਰੋਮਣੀ ਕਮੇਟੀ ਨੇ ਹੀ ਗੁਰਦੁਆਰਾ ਸੁਧਾਰ ਲਹਿਰ ਦੀ ਅਗਵਾਈ ਕੀਤੀ ਸੀ ਅਤੇ ਕੁਰਬਾਨੀਆਂ ਦਿੱਤੀਆਂ ਸਨ, ਜੋ ਸੱਚ ਨਹੀਂ ਹੈ। ਜਿਸ ਸ਼੍ਰੋਮਣੀ ਕਮੇਟੀ ਨੇ ਗੁਰਦੁਆਰਾ ਸੁਧਾਰ ਲਹਿਰ ਦੀ ਅਗਵਾਈ ਕੀਤੀ ਸੀ ਉਹ ਕਮੇਟੀ ੧੫-੧੬ ਨਵੰਬਰ, ੧੯੨੦ ਨੂੰ ਹੋਏ ਸਰੱਬਤ ਖਾਲਸਾ ਵੱਲੋਂ ਚੁਣੀ ਗਈ ਸੀ ਅਤੇ ੧੯੨੫ ਵਿਚ ਐਕਟ ਬਨਣ ਉਪਰੰਤ ਖਤਮ ਹੋ ਗਈ ਸੀ। ੧੯੨੫ ਦੇ ਐਕਟ ਅਧੀਨ ਬਣੀ ਕਮੇਟੀ ਦੇ ਮੈਂਬਰਾਂ ਦੀ ਸੋਚ ਅਤੇ ਵਿਹਾਰ ਸਰੱਬਤ ਖਾਲਸਾ ਵੱਲੋਂ ਚੁਣੀ ਕਮੇਟੀ ਨਾਲੋਂ ਬਹੁਤ ਵੱਖਰਾ ਹੈ। ਪਰਚਲਤ ਸ਼੍ਰੋਮਣੀ ਕਮੇਟੀ ਨੇ ਸਿੱਖ ਧਰਮ ਦੇ ਪ੍ਰਚਾਰ ਲਈ ਜੋ ਵੀ ਥੋੜੇ ਬਹੁਤ ਕੰਮ ਕੀਤੇ ਹਨ ਉਹਨਾਂ ਵਿਚੋਂ ਬਹੁਤੇ ਗੁਰਬਾਣੀ ਉਪਦੇਸ਼ ਦੇ ਵਿਰੁਧ ਹਨ, ਜਿਵੇਂ, ਸਿੱਖ ਰਹਿਤ ਮਰਯਾਦਾ ਵਿਚ ਕਰਮ ਕਾਂਡ ਸ਼ਾਮਲ ਕਰਨੇ, ਅਖੌਤੀ ਦਸਮ ਗ੍ਰੰਥ ਦੀਆਂ ਰਚਨਾਵਾਂ ਨੂੰ ਗੁਰਬਾਣੀ ਘੋਸ਼ਿਤ ਕਰਨਾ, ਅਰਦਾਸ ਨੂੰ ਅਖੌਤੀ ਦਸਮ ਗ੍ਰੰਥ ਤੇ ਆਧਾਰਤ ਹੀਣ ਭਾਵਨਾਵਾਂ ਉਤੇਜਿਤ ਕਰਨ ਵਾਲੀ ਬੇਨਤੀ ਬਣਾਉਣਾ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿਚ ਕੱਚੀ ਕਵਿਤਾ 'ਰਾਗ ਮਾਲਾ' ਸ਼ਾਮਲ ਕਰਨੀ, ਦਰਬਾਰ ਸਾਹਿਬ ਵਿਚ ਦੁੱਧ ਨਾਲ ਫਰਸ਼ ਧੋਣੇ, ਬੇਰੀਆਂ ਦੀ ਪੂਜਾ ਕਰਨੀ, ਅਖੰਡ ਪਾਠਾਂ ਅਤੇ ਸਰੋਪਿਆਂ ਦਾ ਵਪਾਰ ਕਰਨਾ, ਸਿੱਖ ਵਿਦਵਾਨਾਂ ਅਤੇ ਸ਼ਰਧਾਲੂਆਂ ਪਰ ਦਬਾਓ ਪਾਉਣ ਲਈ ਜੱਥੇਦਾਰਾਂ ਦੀ ਕਮੇਟੀ ਬਣਾਉਣਾ ਇਤਿ ਆਦਿ।
ਸਿੱਖ ਇਤਿਹਾਸਕਾਰਾਂ, ਰਾਜਸੀ ਆਗੂਆਂ ਅਤੇ ਧਾਰਮਕ ਬੁਲਾਰਿਆਂ ਨੇ ਅਕਾਲ ਤਖਤ ਦਾ ਮਿਥਿਹਾਸ ਘੜ ਕੇ ਸਿੱਖ ਨੌਜਵਾਨਾਂ ਵਿਚ ਸਿੱਖ ਪ੍ਰਭੁਸੱਤਾ ਦੀਆਂ ਭਾਵਨਾਵਾਂ ਉਤੇਜਿਤ ਕਰ ਦਿੱਤੀਆਂ ਸਨ। ਸਿੱਖ ਪ੍ਰਭੁਸੱਤਾ ਦੇ ਸੰਕਲਪ ਦਾ ਅਕਾਲ ਤਖਤ ਨਾਲ ਕੋਈ ਸਬੰਧ ਨਹੀਂ ਸੀ ਕਿਉਂਕਿ ਅਕਾਲ ਤਖਤ ਸਿੱਖ ਗੁਰਦੁਆਰਾਜ਼ ਐਕਟ, ੧੯੨੫ ਅਨੁਸਾਰ ਪੰਜਾਬ ਸਰਕਾਰ ਅਧੀਨ ਇਕ ਗੁਰਦੁਆਰਾ ਬਣ ਚੁਕਾ ਸੀ। ਅਕਾਲ ਤਖਤ ਅਤੇ ਦਰਬਾਰ ਸਾਹਿਬ ਪੰਜਾਬ ਸਰਕਾਰ ਦੀ ਸੰਪਤੀ ਹਨ। ਜੋ ਸੰਸਥਾ ਖ਼ੁਦ ਸੁਤੰਤਰ ਨਹੀਂ ਹੈ ਉਸ ਨੂੰ ਸਿੱਖ ਪ੍ਰਭੁਸੱਤਾ ਦਾ ਪ੍ਰਤੀਨਿਧ ਜਾ ਸੋਮਾ ਆਖਣਾ ਉਚਿਤ ਨਹੀਂ ਜਾਪਦਾ। ੧੯੨੫ ਦੇ ਐਕਟ ਅਧੀਨ ਸਿੱਖਾਂ ਦੇ ਪਵਿਤਰ ਗੁਰ ਅਸਥਾਨ ਸਰਕਾਰ ਦੀ ਸੰਪਤੀ ਬਣ ਗਏ ਸਨ ਅਤੇ ਸਰਕਾਰ ਉਹਨਾਂ ਧਰਮ ਅਸਥਾਨਾਂ ਤੇ ਆਪਣੀ ਬਣਾਈ ਪ੍ਰਬੰਧਕ ਕਮੇਟੀ ਤੋਂ ਇਲਾਵਾ ਹੋਰ ਕਿਸੇ ਨੂੰ ਦਖ਼ਲ ਅੰਦਾਜ਼ੀ ਕਰਨ ਦੀ ਆਗਿਆ ਨਹੀਂ ਦਿੰਦੀ ਹੈ। ਅਕਾਲ ਤਖਤ ਤੇ ਆਧਾਰਤ ਸਿੱਖ ਪ੍ਰਭੁਸੱਤਾ ਦੇ ਪ੍ਰਚਾਰ ਨੇ ਅਣਜਾਣ ਅਤੇ ਭੋਲੇ ਸਿੱਖ ਨੌਜਵਾਨਾਂ ਨੂੰ ਗੁਮਰਾਹ ਕਰਕੇ ਹਿੰਦੂ ਫ਼ਿਰਕਾਪ੍ਰਸਤਾਂ ਅਤੇ ਭਾਰਤ ਸਰਕਾਰ ਦੀ ਫੌਜੀ ਸ਼ਕਤੀ ਵਿਰੁਧ ਖੜ੍ਹੇ ਕਰ ਦਿੱਤਾ ਸੀ ਜਿਸ ਦੇ ਫਲ ਸਰੂਪ ਸਿੱਖ ਨੌਜਵਾਨਾਂ ਨੂੰ ਨਸਲਕੁਸ਼ੀ ਦੀ ਮਾਰ ਝੱਲਣੀ ਪਈ ਸੀ।
ਸਿੱਖ ਧਰਮ ਨੂੰ ਸ਼ੁਰੂ ਤੋਂ ਹੀ, ਹਜ਼ਾਰਾਂ ਸਾਲਾਂ ਤੋਂ ਸਥਾਪਤ ਹਿੰਦੂ ਧਰਮ ਦੇ ਵਿਆਪਕ ਪ੍ਰਭਾਵ ਅਤੇ ਪਰੰਪਰਾਵਾਂ ਦੀ ਵਿਰੋਧਤਾ ਦਾ ਨਿਰੰਤਰ ਸਾਹਮਣਾ ਕਰਨਾ ਪਿਆ ਹੈ ਕਿਉਂਕਿ ਗੁਰਬਾਣੀ ਵਿਚਾਰਧਾਰਾ ਹਿੰਦੂ ਧਾਰਮਕ ਵਿਚਾਰਧਾਰਾ ਤੋਂ ਵੱਖਰੀ ਹੈ। ਗੁਰਬਾਣੀ ਹਿੰਦੂ ਸਮਾਜ ਦੀ ਜਾਤ ਪਾਤ ਪ੍ਰਣਾਲੀ ਅਤੇ ਊਚ ਨੀਚ ਦਾ ਖੰਡਨ ਕਰਦੀ ਹੈ ਜੋ ਹਿੰਦੂ ਧਰਮ ਦਾ ਆਧਾਰ ਹਨ। ਪਰ ਸਿੱਖ ਵਸੋਂ ਵਾਲੇ ਪਿੰਡਾਂ ਅਤੇ ਸ਼ਹਿਰਾਂ ਦੇ ਸਮਾਜ ਵਿਚ ਵੀ ਗੁਰਬਾਣੀ ਉਪਦੇਸ਼ ਦੇ ਉਲਟ ਹਿੰਦੂ ਧਰਮ ਵਾਲੀ ਜਾਤ ਪਾਤ ਪਰਣਾਲੀ ਵੱਧ ਫੁਲ ਰਹੀ ਹੈ। ਸਮਾਜਕ ਖੇਤਰ ਦੀ ਬਣਤਰ ਵਿਚ ਹਿੰਦੂ ਅਤੇ ਸਿੱਖ ਸਮਾਜ ਵੀ ਕੋਈ ਅੰਤਰ ਨਹੀਂ ਹੈ ਕਿਉਂਕਿ ਸਿੱਖ ਧਾਰਮਕ ਅਤੇ ਸਮਾਜਕ ਆਗੂ ਗੁਰਬਾਣੀ ਉਪਦੇਸ਼ ਅਨੁਸਾਰ ਆਪਣੇ ਸਮਾਜ ਵਿਚੋਂ ਜਾਤ ਪਾਤ ਖਤਮ ਕਰਨ ਵਿਚ ਸਫਲ ਨਹੀਂ ਹੋਏ ਹਨ। ਆਪਣੀ ਅਸਫਲਤਾ ਅਤੇ ਅਸਮਰੱਥਾ ਤੋਂ ਧਿਆਨ ਹਟਾਉਣ ਲਈ ਸਿੱਖ ਆਗੂਆਂ ਅਤੇ ਵਿਦਵਾਨਾਂ ਨੇ ਹਿੰਦੂਆਂ ਨੂੰ ਕੋਸਣ ਅਤੇ ਵੈਰੀ ਪ੍ਰਚਾਰਨ ਦਾ ਸੌਖਾ ਰਾਹ ਅਪਣਾ ਲਿਆ ਸੀ। ਗਰਮ ਖਿਆਲ ਸਿੱਖ ਆਗੂਆਂ ਅਤੇ ਵਿਦਵਾਨਾਂ ਨੇ ਤਾਂ ਅਕਾਲ ਤਖਤ ਨਾਲ ਸਿੱਖ ਪ੍ਰਭੁਸੱਤਾ ਦਾ ਸੰਕਲਪ ਜੋੜ ਕੇ ਹੋਰ ਵੀ ਭਿਆਨਕ ਰਾਹ ਅਖਤਿਆਰ ਕਰ ਲਿਆ ਸੀ। ਇਸ ਨਾਲ ਹਿੰਦੂਤਵ ਦੇ ਧਾਰਨੀਆਂ ਅਤੇ ਬਹੁਗਿਣਤੀ ਹਿੰਦੂ ਸਰਕਾਰ ਨੂੰ ਸਿੱਖਾਂ ਵਿਰੁਧ ਕਾਰਵਾਈ ਕਰਨ ਦਾ ਬਹਾਨਾ ਮਿਲ ਗਿਆ ਸੀ ਜਿਸ ਦੀ ਉਹ ਉਡੀਕ ਕਰ ਰਹੇ ਸਨ।
ਸਿੱਖ ਆਗੂ ਸਿੱਖ ਸਮਾਜ ਵਿਚੋਂ ਜਾਤ ਪਾਤ ਤੇ ਖਤਮ ਕਰਨ ਤੋਂ ਅਸਫਲ ਰਹੇ ਹੀ ਹਨ ਪਰ ਆਖੀ ਜਾਂਦੇ ਹਨ ਕਿ ਖਾਲਸਾ ਅਕਾਲ ਪੁਰਖ ਕੀ ਫੌਜ ਹੈ ਜਿਸ ਦਾ ਮਨੋਰਥ ਧਰਮ ਦੀ ਰਖਿਆ ਕਰਨਾ ਹੈ। ਹਿੰਦੂਤਵ ਦੇ ਧਾਰਨੀਆਂ ਦਾ ਕਹਿਣਾ ਹੈ ਕਿ ਇਹ ਫੌਜ ਤੇ ਹਿੰਦੂ ਧਰਮ ਦੀ ਰਖਿਆ ਲਈ ਬਣਾਈ ਗਈ ਸੀ ਕਿਉਂਕਿ ਇਸ ਫੌਜ ਦਾ ਉਦੇਸ਼ ਤੇ ਮੁਸਲਮਾਨਾਂ ਨਾਲ ਲੜਾਈ ਕਰਨਾ ਸੀ। ਪਰ ਖਾੜਕੂ ਸਿੱਖ ਇਸ ਫੌਜ ਦਾ ਮੰਤਵ ਹਿੰਦੂ ਬਹੁਗਿਣਤੀ ਸਰਕਾਰ ਨਾਲ ਜੁੱਧ ਕਰਨਾ ਦੱਸਦੇ ਹਨ।
ਸਿੱਖ ਆਗੂਆਂ ਅਤੇ ਵਿਦਵਾਨਾਂ ਦੀ ਸੌੜੀ ਸੋਚ ਅਤੇ ਗਲਤ ਪ੍ਰਚਾਰ ਨੇ ਅਣਜਾਣ ਅਤੇ ਭੋਲੇ ਸਿੱਖ ਨੌਜਵਾਨਾਂ ਦੀਆਂ ਧਾਰਮਕ ਭਾਵਨਾਵਾਂ ਉਤੇਜਿਤ ਕਰਕੇ ਉਹਨਾਂ ਨੂੰ ਘਾਤਕ ਸੰਘਰਸ਼ ਵਿਚ ਉਲਝਾ ਦਿੱਤਾ। ਨੌਜਵਾਨਾਂ ਨੂੰ ਵਿਰੋਧੀ ਸਰਕਾਰ ਦੀ ਸ਼ਕਤੀ ਅਤੇ ਵਹਿਸ਼ਤ ਦਾ ਅਨੁਮਾਨ ਨਹੀਂ ਸੀ। ਹਿੰਦੂਤਵ ਲਾਬੀ ਸਿੱਖਾਂ ਨੂੰ ਸਬਕ ਸਿਖਾਉਣ ਲਈ ਉਤਸੁਕ ਸੀ ਅਤੇ ਇੰਦਰਾ ਗਾਂਧੀ ਦੀ ਸਰਕਾਰ ਸਿੱਖਾਂ ਤੋਂ ਬਦਲਾ ਲੈਣਾ ਚਾਹੁੰਦੀ ਸੀ। ਗੁਰੂ ਅਰਜਨ ਸਾਹਿਬ ਦੇ ਸ਼ਹੀਦੀ ਦਿਵਸ ਤੇ ਸਰਕਾਰ ਨੇ ਕੇਂਦਰੀ ਗੁਰਦੁਆਰਿਆਂ ਤੇ ਧਾਵਾ ਬੋਲ ਦਿੱਤਾ ਅਤੇ ਸਿੱਖ ਜਵਾਨੀ ਦੀ ਨਸਲਕੁਸ਼ੀ ਕਰਨ ਦਾ ਤਹੱਈਆ ਕਰ ਲਿਆ। ਪਹਿਲੋਂ ਉਹਨਾਂ ਚੁਣ-ਚੁਣ ਕੇ ਜਵਾਨ ਸਿੱਖ ਮਾਰ ਮੁਕਾਏ, ਕੁੱਝ ਨੌਜਵਾਨ ਜਾਨਾਂ ਬਚਾ ਕੇ ਪ੍ਰਦੇਸਾਂ ਨੂੰ ਨਿਕਲ ਗਏ, ਬਾਕੀਆਂ ਵਿਚੋਂ ਬਹੁਤਿਆਂ ਨੇ ਡਰ ਵਿਚ ਸਿੱਖੀ ਸਰੂਪ ਤਿਆਗ ਦਿੱਤੇ। ਸਿੱਖ ਬਚਿਆਂ ਦੀ ਸਿੱਖ ਧਰਮ ਤੋਂ ਰੁਚੀ ਹਟਾਉਣ ਲਈ ਸਰਕਾਰ ਨੇ ਪੰਜਾਬ ਵਿਚ ਨਸ਼ੀਲੇ ਪਦਾਰਥਾਂ ਦੀਆਂ ਨਦੀਆਂ ਵਹਾ ਦਿੱਤੀਆਂ, ਪੰਜਾਬੀ ਬੋਲੀ ਨੂੰ ਦਬਾਉਣ ਅਤੇ ਸਮਾਜਕ ਮਨੋਰੰਜਨ ਵਿਚ ਅਸ਼ਲੀਲਤਾ ਨੂੰ ਬੜ੍ਹਾਵਾ ਦੇਣਾ ਸ਼ੁਰੂ ਕਰ ਦਿੱਤਾ। ਪੰਜਾਬ ਦੇ ਨੌਜਵਾਨਾਂ ਨੂੰ ਗੁਰਬਾਣੀ ਦੇ ਪ੍ਰਭਾਵ ਤੋਂ ਦੂਰ ਕਰਨ ਲਈ ਸਰਕਾਰ ਨੇ ਉਹਨਾਂ ਨੂੰ ਨਸ਼ਿਆਂ ਅਤੇ ਅਸ਼ਲੀਲਤਾ ਵਿਚ ਗਰਕ ਕਰਨ ਦਾ ਵਿਸਤ੍ਰਤ ਪਰੋਗਰਾਮ ਉਲੀਕ ਲਿਆ। ਅਮਰੀਕਾ ਵਿਚ ਵਸਦੇ ਸਿੱਖਾਂ ਨੇ ਸਿੱਖਸ ਫਾਰ ਜਸਟਿਸ
(Sikhs for Justice) ਦੀ ਅਗਵਾਈ ਹੇਠ ਹੁਣ ਫਿਰ ਸਿੱਖ ਪ੍ਰਭੁਸੱਤਾ ਦੀ ਮੰਗ ਕਰਨੀ ਸ਼ੁਰੂ ਕਰ ਦਿੱਤੀ ਹੈ। ਪੰਜਾਬ ਦੇ ਸਿੱਖ ਤੇ ਸ਼ਾਇਦ ਇਸ ਮੰਗ ਦਾ ਹੁੰਗਾਰਾ ਨਾ ਭਰਨ ਪਰ ਇਹ ਮੰਗ ਭਾਰਤ ਸਰਕਾਰ ਨੂੰ ਪੰਜਾਬ ਵਿਚ ਸਿੱਖੀ ਦੇ ਪ੍ਰਭਾਵ ਨੂੰ ਘਟਾਉਣ ਲਈ ਹੋਰ ਸਖ਼ਤ ਕਦਮ ਚੁੱਕਣ ਲਈ ਉਤਸ਼ਾਹਿਤ ਕਰੇਗੀ। ਇਸ ਦੇ ਨਾਲ ਹੀ ਸਰਕਾਰ ਪ੍ਰਵਾਸੀ ਸਿੱਖਾਂ ਤੇ ਵੀ ਕੜੀ ਨਜ਼ਰ ਰੱਖੇਗੀ ਅਤੇ ਭਾਰਤ ਵਿਚ ਉਹਨਾਂ ਦੀਆਂ ਮੁਸ਼ਕਲਾਂ ਵਿਚ ਵਾਧਾ ਕਰ ਦੇਵੇਗੀ। ਕੇਵਲ ਪੰਜਾਬ ਦੇ ਲੋਕ ਹੀ ਇਹ ਮੰਗ ਕਰਨ ਦੇ ਹੱਕਦਾਰ ਹਨ ਪ੍ਰਦੇਸੀ ਸਿੱਖਾਂ ਨੂੰ ਪਬਲਿਕ ਵਿਚ ਆਪਣੀਆਂ ਅਜਿਹੀਆਂ ਭਾਵਨਾਵਾਂ ਦਾ ਪਰਗਟਾਵਾ ਕਰਕੇ ਪੰਜਾਬ ਵਿਚ ਵਸਦੇ ਸਿੱਖਾਂ ਦੀਆਂ ਮੁਸ਼ਕਲਾਂ ਵਧਾਉਣ ਤੋਂ ਗੁਰੇਜ ਕਰਨਾ ਚਾਹੀਦਾ ਹੈ।
ਭਾਵੇਂ ਕਈ ਸੰਸਥਾਵਾਂ, ਡੇਰੇ, ਗੁੱਟ ਅਤੇ ਵਿਅਕਤੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਆਪਣਾ ਇਸ਼ਟ ਮੰਨਣ ਦਾ ਪਰਗਟਾਵਾ ਕਰਦੇ ਹਨ ਪਰ ਗੁਰਬਾਣੀ ਸੰਚਾਰ ਦੀ ਅਜੋਕੀ ਸਥਿਤੀ ਸੰਤੋਖ ਜਨਕ ਨਹੀਂ ਹੈ। ਇਸ ਸਮੇਂ ਗੁਰਬਾਣੀ ਸੰਚਾਰ ਲਈ ਨਿਮਨ ਲਿਖਤ ਸੰਸਥਾਵਾਂ ਕਿਰਿਆਸ਼ੀਲ ਹੋਣ ਦਾ ਦਾਹਵਾ ਕਰਦੀਆਂ ਹਨ:
(੧) ਸ਼੍ਰੋਮਣੀ ਕਮੇਟੀ ਅਤੇ ਗੁਰਦੁਆਰਾ ਪ੍ਰਬੰਧਕ। ਇਹਨਾਂ ਨੇ ਗੁਰਬਾਣੀ ਸੰਚਾਰ ਦਾ ਕਾਰਜ ਆਪਣੇ ਨਿਯੁਕਤ ਕੀਤੇ ਤਨਖ਼ਾਦਾਰ ਕਰਮਚਾਰੀਆਂ ਨੂੰ ਸੌਂਪਿਆ ਹੋਇਆ ਹੈ। ਉਹਨਾਂ ਕਰਮਚਾਰੀਆਂ ਵਿਚ ਕਈ ਧਾਰਮਕ ਵਿਦਵਾਨ ਵੀ ਹਨ ਪਰ ਉਹਨਾਂ ਉਤੇ ਸਿਆਸੀ ਦਬਾਓ ਹੋਣ ਕਾਰਨ ਉਹਨਾਂ ਨੂੰ ਗੁਰਬਾਣੀ ਸੰਚਾਰ ਵਿਚ ਯੋਗਦਾਨ ਪਾਉਣ ਦੀ ਖੁਲ੍ਹ ਨਹੀਂ ਹੈ।
(੨) ਸਿੱਖ ਸੰਪਰਦਾਵਾਂ। ਇਹਨਾਂ ਦੇ ਗੁਰਬਾਣੀ ਸੰਚਾਰ ਦੇ ਆਪੋ ਆਪਣੇ ਵਖਰੇ ਢੰਗ ਹਨ। ਬਹੁਤੀਆਂ ਸਿੱਖ ਸੰਪਰਦਾਵਾਂ ਦਾ ਧਰਮ ਪਰਚਾਰ ਅਤੇ ਵਿਹਾਰ ਗੁਰਬਾਣੀ ਉਪਦੇਸ਼ ਦੇ ਵਿਰੁਧ ਹੈ। ਐਸੀਆਂ ਸੰਪਰਦਾਵਾਂ ਆਪਣੀ ਗੁਰਮਤਿ ਵਿਰੋਧੀ ਸੋਚ ਨੂੰ ਤਿਆਗਣ ਲਈ ਤਿਆਰ ਨਹੀਂ ਹਨ ਕਿਉਂਕਿ ਉਹਨਾਂ ਦੀ ਗੁਰਬਾਣੀ ਪ੍ਰਤੀ ਵਖਰੀ ਸੋਚ ਹੀ ਉਹਨਾਂ ਦੀ ਸੰਪਰਦਾਇਕਤਾ ਨੂੰ ਪਰਿਭਾਸ਼ਿਤ ਕਰਦੀ ਹੈ। ਕਈ ਸੰਪਰਦਾਵਾਂ ਵਿਚ ਗੁਰੂ ਗ੍ਰੰਥ ਸਾਹਿਬ ਦੇ ਨਾਲ ਵਿਅਕਤੀ ਗੁਰੂ ਦੀ ਪਰਥਾ ਵੀ ਕਾਇਮ ਹੈ। ਕਈ ਸੰਪਰਦਾਵਾਂ ਅਖੌਤੀ ਦਸਮ ਗ੍ਰੰਥ ਨੂੰ ਵੀ ਗੁਰਬਾਣੀ ਮੰਨਦੀਆਂ ਹਨ।
(੩) ਸੰਤਾਂ ਦੇ ਡੇਰੇ। ਡੇਰਿਆਂ ਵੱਲੋਂ ਕੀਤੇ ਜਾਂਦੇ ਗੁਰਬਾਣੀ ਸੰਚਾਰ ਵਿਚ ਬਹੁਤ ਅਨੇਕਤਾ ਪਾਈ ਜਾਂਦੀ ਹੈ। ਬਹੁਤੇ ਡੇਰਿਆਂ ਨੇ ਵਪਾਰਕ ਰੀਤਾਂ ਅਪਣਾਈਆਂ ਹੋਈਆਂ ਹਨ। ਦਰਅਸਲ ਹਰ ਡੇਰਾ ਖੁਦਮੁਖਤਿਆਰ ਸੰਸਥਾ ਹੋਣ ਕਾਰਨ ਮਾਇਆ ਕਮਾਉਣ ਲਈ ਹਰ ਢੰਗ ਵਰਤਣ ਦਾ ਉਪਰਾਲਾ ਕਰਦਾ ਹੈ। ਕਈ ਡੇਰੇ ਆਪਣੇ ਢੰਗ ਨਾਲ ਗੁਰਬਾਣੀ ਪ੍ਰਚਾਰ ਕਰਨ ਦਾ ਜਤਨ ਕਰਦੇ ਹਨ। ਪਰ ਬਹੁਤੇ ਡੇਰਿਆਂ ਵਿਚ ਗੈਰਕਾਨੂੰਨੀ ਅਤੇ ਅਯੋਗ ਕੰਮ ਹੁੰਦੇ ਹਨ ਜਿਸ ਕਾਰਨ ਡੇਰਾ ਸੰਪਰਦਾ ਬਹੁਤ ਬਦਨਾਮ ਹੈ।
(੪) ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਜਾਗਰੂਕ ਅਖਵਾਉਣ ਵਾਲੀਆਂ ਧਿਰਾਂ, ਜਾਗਰੂਕ ਸੰਸਥਾਵਾਂ ਅਤੇ ਵਿਅਕਤੀਆਂ ਦੀਆਂ ਗੁਰਮਤਿ ਵਿਚਾਰਾਂ ਵਿਚ ਕਾਫੀ ਭਿੰਨਤਾ ਹੈ। ਕਈ ਸੰਸਥਾਵਾਂ ਸਿੱਖ ਰਹਿਤ ਮਰਯਾਦਾ, ਅਕਾਲ ਤਖਤ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਸਮਰਥਕ ਹਨ। ਸਿੱਖ ਮਿਸ਼ਨਰੀ ਸੰਸਥਾਵਾਂ ਸਿੱਖ ਰਹਿਤ ਮਰਯਾਦਾ ਦਾ ਪ੍ਰਚਾਰ ਕਰਦੀਆਂ ਹਨ ਅਤੇ ਅਕਾਲ ਤਖਤ ਨੂੰ ਸਮਰਪਿਤ ਹਨ। ਕਈ ਸੰਸਥਾਵਾਂ ਅਤੇ ਵਿਅਕਤੀ ਕਰਤਾਰਪੁਰੀ ਬੀੜ ਨੂੰ ਗੁਰੂ ਅਰਜਨ ਸਾਹਿਬ ਵੱਲੋਂ ਸੰਕਲਣ ਕੀਤੀ ਅਤੇ ਭਾਈ ਗੁਰਦਾਸ ਵੱਲੋਂ ਲਿਖੀ ਬੀੜ ਮੰਨਦੇ ਹਨ। ਆਵਾਗਉਣ ਦੇ ਵਿਸ਼ੇ ਅਤੇ ਨਾਨਕਸ਼ਾਹੀ ਕੈਲੰਡਰ ਬਾਰੇ ਵੀ ਮਤਭੇਦ ਹਨ। ਕਈ ਸੰਸਥਾਵਾਂ ਦੀਆਂ ਵਪਾਰਕ ਮਜ਼ਬੂਰੀਆਂ ਵੀ ਹੋਣਗੀਆਂ।
ਅਜੋਕੇ ਸਮੇਂ ਵਿਚ ਗੁਰਬਾਣੀ ਸੰਚਾਰ ਦੀ ਜ਼ਿੰਮੇਵਾਰੀ ਜਾਗਰੂਕ ਸੰਸਥਾਵਾਂ ਅਤੇ ਵਿਅਕਤੀਆਂ ਤੇ ਆਇਦ ਹੈ। ਪਰ ਜਾਗਰੂਕ ਸੰਸਥਾਵਾਂ ਅਤੇ ਵਿਅਕਤੀਆਂ ਵਿਚ ਤਾਲ ਮੇਲ ਦੀ ਘਾਟ ਹੈ। ਕਈ ਵੇਰ ਇਹਨਾਂ ਦੀ ਸਿਧਾਂਤਕ ਵਿਰੋਧਤਾ ਨਿਜੀ ਤਲਖੀ ਵੀ ਅਖਤਿਆਰ ਕਰ ਲੈਂਦੀ ਹੈ। ਦਰ ਅਸਲ ਜਾਗਰੂਕ ਧਿਰਾਂ ਵਿਚ ਆਪਸੀ ਸੰਪਰਕ ਅਤੇ ਮਿਲ ਬੈਠ ਕੇ ਵਿਚਾਰ ਵਟਾਂਦਰਾ ਕਰਨ ਲਈ ਕਿਸੇ ਫੋਰਮ ਦੀ ਅਣਹੋਂਦ ਕਾਰਨ ਸਾਧਾਰਣ ਮਤਭੇਦ ਦੂਰ ਕਰਨੇ ਮੁਸ਼ਕਲ ਹੋਏ ਪਏ ਹਨ। ਆਪਸੀ ਮਤਭੇਦ ਦੂਰ ਕਰਨ ਲਈ ਲਿਖਤਾਂ ਅਤੇ ਇੰਟਰਨੈਟ ਬਹੁਤੇ ਕਾਰਗਰ ਸਾਧਨ ਨਹੀਂ ਜਾਪਦੇ। ਮਤਭੇਦ ਦੂਰ ਕਰਨ ਲਈ ਇਕ ਥਾਂ ਬੈਠ ਕੇ ਵਿਚਾਰ ਵਟਾਂਦਰਾ ਕਰਨਾ ਜ਼ਰੂਰੀ ਹੁੰਦਾ ਹੈ ਜਿਸ ਲਈ ਉਚਿਤ ਫੋਰਮ ਹੋਣਾ ਚਾਹੀਦਾ ਹੈ। ਹਰ ਸ਼ਹਿਰ ਜਾਂ ਖੇਤਰ ਵਿਚ ਚੋਣਵੇਂ ਵਿਸ਼ੇ ਤੇ ਜਾਗਰੂਕ ਸੰਸਥਾਵਾਂ ਅਤੇ ਵਿਅਕਤੀਆਂ ਵੱਲੋਂ ਨੇਮਬੱਧ ਢੰਗ ਨਾਲ ਗੁਰਮਤਿ ਗੋਸ਼ਟੀ ਜਾਂ ਸੈਮੀਨਾਰ ਕਰਨ ਦੀ ਵੀ ਲੋੜ ਹੈ। ਅਜਿਹੀ ਗੋਸ਼ਟੀ ਵਿਚ ਸਥਾਨਕ ਸੰਗਤ ਦੇ ਮੈਂਬਰਾਂ ਨੂੰ ਵੀ ਸ਼ਾਮਲ ਕੀਤਾ ਜਾ ਸਕਦਾ ਹੈ। ਸਥਾਨਕ ਗੁਰਦੁਆਰਾ ਪ੍ਰਬੰਧ ਨੂੰ ਵੀ ਗੋਸ਼ਟੀ ਵਿਚ ਸ਼ਿਰਕਤ ਕਰਨ ਜਾਂ ਗੋਸ਼ਟੀ ਦੀ ਇਕੱਤਰਤਾ ਲਈ ਥਾਂ ਅਤੇ ਬੈਠਣ ਦੀ ਸੁਵਿਧਾ ਦੇਣ ਲਈ ਬੇਨਤੀ ਕਰਨੀ ਅਨਉਚੱਤ ਨਹੀਂ ਹੋਵੇਗੀ। ਜੇਕਰ ਸਥਾਨਕ ਗੋਸ਼ਟੀਆਂ ਜਾਂ ਸੈਮੀਨਾਰ ਹੋਣ ਲੱਗ ਪੈਣ ਤਾਂ ਬਹੁਤੇ ਆਪਸੀ ਮਤਭੇਦ ਖਤਮ ਹੋਣ ਦੀ ਸੰਭਾਵਨਾ ਬਣ ਸਕਦੀ ਹੈ। ---ਸਮਾਪਤ।
.