.

“ਰਾਮਕਲੀ ਕੀ ਵਾਰ, ਅਰਥ ਭਾਵ, ਉਚਾਰਣ ਸੇਧਾਂ ਸਹਿਤ” ਭਾਗ-੩

ਅਉਤਰਿਆ ਅਉਤਾਰੁ ਲੈ ਸੋ ਪੁਰਖੁ ਸੁਜਾਣੁ॥
ਬਿੰਦੀ ਰਹਿਤ: ਅਉਤਰਿਆ।
ਅਉਤਰਿਆ- ਉਤਰਿਆ, ਜੰਮਿਆ, ਪ੍ਰਕਾਸ਼ਮਾਨ ਹੋਇਆ। ਸੋ ਪੁਰਖੁ ਸੁਜਾਣੁ-ਉਹ ਸੁਜਾਨ ਪੁਰਖ।
ਅਰਥ :
ਉਹ ਸੁਜਾਨ ਪੁਰਖ (ਆਪ ਗੁਰੂ ਨਾਨਕ ਕਲਾ ਵਰਤਾਅ ਕੇ ਗੁਰੂ ਅਮਰਦਾਸ ਦੇ ਰੂਪ ਵਿਚ) ਪ੍ਰਗਟ ਹੋ ਕੇ (ਮਾਤ ਲੋਕ) ਵਿਚ ਪ੍ਰਕਾਸ਼ਮਾਨ ਹੋਇਆ।
ਝਖੜਿ ਵਾਉ ਨ ਡੋਲਈ, ਪਰਬਤੁ ਮੇਰਾਣੁ॥
ਅਧੱਕ ਸਹਿਤ : ਝੱਖੜ।
ਝਖੜਿ- ( ਸੰਪ੍ਰਦਾਨ ਕਾਰਕ) ਝੱਖੜ ਨਾਲ। ਵਾਉ-ਹਨੇਰੀ। ਮੇਰਾਣੁ- मेरू, ਸੁਮੇਰ।
ਅਰਥ :
ਗੁਰੂ ਅਮਰਦਾਸ ਜੀ) ਸੁਮੇਰ ਪਰਬਤ (ਵਾਂਗ ਅੱਚਲ) ਹੈ। ਸੰਸਾਰ ਵਿਖੇ ਝੁਲ ਰਹੀ ਤ੍ਰਿਸ਼ਣਾ ਦੀ ਹਨੇਰੀ ਅਤੇ ਕਲ-ਕਲੇਸ਼ ਦੇ ਝੱਖੜ ਨਾਲ ਡੋਲਦਾ ਨਹੀਂ।
ਜਾਣੈ ਬਿਰਥਾ ਜੀਅ ਕੀ. ਜਾਣੀ ਹੂ ਜਾਣੁ॥
ਬਿੰਦੀ ਸਹਿਤ: ਹੂਂ।
ਜੀਅ: ਅੰਤ ‘ਅ’ ਮੁਕਤਾ ਹੈ। ਉਚਾਰਣ ‘ਆ’ ਨਹੀਂ ਹੋਣਾ ਚਾਹੀਦਾ।
ਬਿਰਥਾ- ਪੀੜਾ, ਦਰਦ। ਜੀਅ ਕੀ- ਦਿਲ ਦੀ।ਜਾਣੀ ਹੂ ਜਾਣੁ-ਧੁਰ ਅੰਦਰ ਦੀਆਂ ਜਾਣਨ ਵਾਲਾ।
ਅਰਥ:
ਗੁਰੂ ਅਮਰਦਾਸ) ਜੀਆਂ ਦੇ ਦਿਲ ਦੀ) ਪੀੜ ਜਾਣਦਾ ਹੈ(ਅਤੇ) ਜਾਣੀ ਜਾਣ (ਅੰਤਰਜਾਮੀ) ਪੁਰਖ ਹੈ।
ਕਿਆ ਸਾਲਾਹੀ ਸਚੇ ਪਾਤਿਸਾਹ, ਜਾਂ ਤੂ ਸੁਘੜੁ ਸੁਜਾਨੁ॥
ਬਿੰਦੀ ਸਹਿਤ: ਸਾਲਾਹੀਂ, ਪਾਤਸ਼ਾਹ।
ਸਾਲਾਹੀ-ਮੈਂ ਸਿਫਤ ਕਰਾਂ । ਸੁਘੜ-ਸੁੱਚਜੀ ਘਾੜਤ ਵਾਲਾ। ਸੁਜਾਨੁ- ਭਲੀ ਪ੍ਰਕਾਰ ਜਾਣਨ ਵਾਲਾ।
ਅਰਥ:
ਹੇ ਸਚੇ ਪਾਤਿਸ਼ਾਹ ! (ਮੈਂ ਤੇਰੀ) ਕੀ ਸਿਫਤਿ ਸਾਲਾਹ ਕਰਾਂ ? ਜਦੋਂ ਤੂੰ ਆਪ ਹੀ) ਅੰਤਰਜਾਮੀ ਹੈਂ, ਤੇਰੇ ਪਾਸੋਂ ਕੀ ਮੰਗਾਂ,॥
ਦਾਨ ਜਿ ਸਤਿਗੁਰ ਭਾਵਸੀ, ਸੋ ਸਤੇ ਦਾਣੁ॥
ਜਿ-ਜਿਹੜਾ। ਦਾਣੁ-ਬਖਸ਼ੀਸ਼।
ਅਰਥ :
ਹੇ ਸਤਿਗੁਰੂ! ਜਿਹੜਾ ਦਾਨ ਤੈਨੂੰ ਚੰਗਾ ਲਗੇਗਾ ਸੱਤੇ ਨੂੰ (ਉਹੀ ਦਾਨ ਪਰਵਾਣ ਹੈ)।
ਨਾਨਕ ਹੰਦਾ ਛਤ੍ਰ ਸਿਰਿ , ਉਮਤਿ ਹੈਰਾਣੁ॥
ਅਧੱਕ ਸਹਿਤ: ਉਮੱਤਿ।
ਹੰਦਾ-ਸੰਦਾ, ਦਾ। ਸਿਰਿ- ਸਿਰ ਉੱਤੇ (ਆਪਾਦਾਨ)। ਉਮਤਿ-ਉਮੱਤਿ, ਸਿਖ-ਸੰਗਤਿ। ਹੈਰਾਣ- ਵਿਸਮਾਦ।
ਅਰਥ:
(ਗੁਰੂ ਅਮਰਦਾਸ ਜੀ ਦੇ) ਸੀਸ ਉੱਤੇ ਗੁਰੂ ਨਾਨਕ ਦੇਵ ਜੀ ਵਾਲਾ (ਗੁਰਿਆਈ ਦਾ) ਛਤਰ ਝੁਲ ਰਿਹਾ ਹੈ। ਸਾਰੀ ਸੰਗਤ (ਆਪ ਜਸ ਵੇਖ ਕੇ) ਅਸਚਰਜ ਹੋ ਰਹੀ ਹੈ।
ਸੋ ਟਿਕਾ ਸੋ ਬੈਹਣਾ, ਸੋਈ ਦੀਬਾਣੁ॥
ਟਿਕਾ-ਨਾਮ ਨਿਸ਼ਾਨ। ਬੈਹਣਾ- ਬੈਠਣ ਲਈ ਤਖਤ। ਦੀਬਾਣੁ-ਗੁਰੂ ਦਰਬਾਰ।
ਅਰਥ:
(ਗੁਰੂ ਅਮਰਦਾਸ ਜੀ ਨੂੰ ਪਹਿਲੇ ਵਾਲਾ ਮੱਥੇਉੱਤੇ ਨਾਮ ਨੀਸ਼ਾਨ ਹੈ, ਓਹੋ ਹੀ ਰੱਬੀ ਸੱਤਾ ਤਖਤ ਹੈ ਅਤੇ ਓਹ ਹੀ ਬਖ਼ਸ਼ਸ਼ਾਂ ਵੰਡਣ ਵਾਲਾ ਗੁਰੂ ਦਰਬਾਰ ਹੈ।
ਪਿਯੂ ਦਾਦੇ ਜੇਵਿਹਾ, ਪ੍ਰੋਤਾ ਪਰਵਾਣੁ॥
ਪਿਯੂ- ਪਿਊ ਉਚਾਰਣ।
ਪਿਯੂ- ਪਿਤਾ ਗੁਰੂ ਗੁਰੂ ਅੰਗਦ ਸਾਹਿਬ। ਦਾਦੇ ਜੇਵਿਹਾ-ਦਾਦਾ ਗੁਰੂ (ਗੁਰੂ ਨਾਨਕ ਸਾਹਿਬ ) ਵਰਗਾ। ਪ੍ਰੋਤਾ- ਗੁਰੂ ਅਮਰਦਾਸ ਜੀ) ਪਰਵਾਣੁ-ਮਾਨਨੀਕ।
ਅਰਥ :
ਗੁਰੂ ਵੰਸ਼ ਦਾ ਨਾਦੀ ਪੋਤਰਾ ਗੁਰੂ ਅਮਰਦਾਸ ਜੀ ਆਪਣੇ ਪਿਤਾ ਗੁਰੂ (ਗੁਰੂ ਅੰਗਦ ਸਾਹਿਬ) ਦਾਦਾ ਗੁਰੂ ਗੁਰੂ ਨਾਨਕ ਸਾਹਿਬ) ਵਰਗਾ ਪ੍ਰਮਾਣੀਕ, ਮਾਨਨੀਕ ਹੈ।

ਧੰਨੁ ਧੰਨੁ ਰਾਮਦਾਸ ਗੁਰੁ, ਜਿਨਿ ਸਿਰਿਆ ਤਿਨੈ ਸਵਾਰਿਆ॥
ਜਿਨਿ- (ਇਕਵਚਨ ਪੜਨਾਂਵ, ਕਰਤਾਕਾਰਕ ਸੰਬੰਧਕੀ ਰੂਪ) ਪ੍ਰਾਰਬਹਮ ਨੇ ,ਜਿਸ ਨੇ। ਸਿਰਿਆ- ਪੈਦਾ ਕੀਤਾ, ਰਚਿਆ। ਸਵਾਰਿਆ- ਸ਼ਿੰਗਾਰਿਆ।
ਅਰਥ:
ਸ੍ਰੀ ਗੁਰੂ ਰਾਮਦਾਸ ਜੀ ਧੰਨ ਹੈਂ ਧੰਨ ਹੈ, ਜਿਸ ਵਾਹਿਗੁਰੂ ਨੇ (ਗੁਰੂ ਰਾਮਦਾਸ ਜੀ ਨੂੰ ਸਿਰਜਿਆ, ਉਸ ਨੇ ਹੀ ਸਵਾਰਿਆ ਹੈ।
ਪੂਰੀ ਹੋਈ ਕਰਾਮਾਤਿ, ਆਪਿ ਸਿਰਜਣਹਾਰੈ ਧਾਰਿਆ॥
ਕਰਾਮਾਤਿ-ਕ੍ਰਿਸ਼ਮਾ। ਸਿਰਜਣਹਾਰੈ- (ਕਰਤਾ ਕਾਰਕ) ਕਰਤਾਰ ਨੇ।
ਅਰਥ:
ਸਿਰਜਨਹਾਰ ਕਰਤਾਰ ਨੇ ਖੁਦ ਸ੍ਰੀ ਗੁਰੂ ਰਾਮਦਾਸ ਜੀ ਨੂੰ ਇਕ ਸਿਖ ਸੇਵਕ ਤੋਂ ਗੁਰ ਗੱਦੀ ਉੱਤੇ ਸਥਾਪਿਤ ਕੀਤਾ। ਇਸ ਤਰਾਂ ਸੰਸਾਰ ਉੱਤੇ ਇਕ ਵਿਆਪਕ ਕਰਾਮਾਤ ਵਾਪਰੀ।
ਸਿਖੀ ਅਤੇ ਸੰਗਤੀ, ਪਾਰਬ੍ਰਹਮੁ ਕਰਿ ਨਮਸਕਾਰਿਆ॥
ਬਿੰਦੀ ਸਹਿਤ: ਸਿੱਖੀਂ, ਸੰਗਤੀਂ।
ਸਿਖੀ- (ਬਹੁਵਚਣ ਨਾਂਵ ਕਰਤਾ ਕਾਰਕ ਸਬੰਧਕੀ ਰੂਪ) ਸਿੱਖਾ ਨੇ। ਸੰਗਤੀ-ਸੰਗਤੀਂ, ਸੰਗਤਾ ਨੇ। ਕਰਿ-ਜਾਣ ਕੇ।
ਅਰਥ:
ਆਪ ਜੀ ਦੇ ਵਿਚ ਰੱਬੀ ਗੁਣ ਹੋਣ ਸਦਕਾ) ਸਿੱਖਾਂ ਅਤੇ ਸੰਗਤਾਂ ਨੇ (ਗੁਰੂ ਰਾਮਦਾਸ ਜੀ ਨੂੰ) ਗੁਰੂ ਪਰਮੇਸ਼ਰ ਜਾਣ ਕੇ ਸਤਿਕਾਰਿਆ ਹੈ।
ਅਟਲੁ ਅਥਾਹੁ ਅਤੋਲੁ ਤੂ, ਤੇਰਾ ਅੰਤੁ ਨ ਪਾਰਾਵਾਰਿਆ॥
ਅਟਲੁ- ਕਾਇਮ- ਦਾਇਮ। ਅਥਾਹੁ- ਅਥਾਹ, ਗੰਭੀਰ। ਅਤੋਲੁ- ਨਾ ਤੋਲੇ ਜਾ ਸਕਣ ਵਾਲਾ।
ਅਰਥ :
ਗੁਰੂ ਰਾਮਦਾਸ ਜੀ! ਤੂੰ ਅਟੱਲ, ਅਥਾਹ ਅਤੇ ਅਤੋਲ,ਗੌਰਵਸ਼ੀਲ ਹੈਂ, ਤੇਰਾ ਅੰਤ (ਹਦ-ਬੰਨਾ) ਨਹੀਂ ਪਾਇਆ ਜਾ ਸਕਦਾ) ਭਾਵ ਤੂੰ ਬੇਅੰਤ ਹੈ।
ਜਿਨ੍ਹੀ ਤੂੰ ਸੇਵਿਆ ਭਾਉ ਕਰਿ, ਸੇ ਤੁਧੁ ਪਾਰਿ ਉਤਾਰਿਆ॥
ਜਿਨ੍ਹੀ- ਜਿਨ੍ਹਾਂ (ਸਿੱਖਾਂ ਸੇਵਕਾਂ ਨੇ)। ਸੇਵਿਆ -ਹੁਕਮ ਮੰਨਿਆ ਹੈ। ਭਾਉ- ਪ੍ਰੇਮ । ਸੇ- ਬਹੁਵਚਨ ਪੜਨਾਂਵ, ਉਹ।
ਅਰਥ:
ਜਿਨ੍ਹਾਂ ਸਿੱਖਾਂ ਸੇਵਕਾਂ ਨੇ) ਆਪ ਜੀ ਨੂੰ ਸ਼ਰਧਾ ਭਾਵਨੀ ਸਹਿਤ ਸੇਵਿਆ ਹੈ (ਭਾਵ ਹੁਕਮ, ਉਪਦੇਸ਼ ਨੂੰ ਕਮਾਇਆ ਹੈ) ਉਹ ਆਪ ਜੀ ਨੇ ਸੰਸਾਰ ਸਮੁੰਦਰ ਤੋਂ ਪਾਰ ਲੰਘਾ ਦਿੱਤੇ ਹਨ।
ਲਬੁ ਲੋਭੁ ਕਾਮੁ ਕ੍ਰੋਧੁ ਮੋਹੁ, ਮਾਰਿ ਕਢੇ ਤੁਧੁ ਸਪਰਵਾਰਿਆ॥
ਲਬੁ ਲੋਭੁ- ਲੋਭ ਲਾਲਚ। ਸਪਰਵਾਰਿਆ- ਪਰਿਵਾਰ ਸਮੇਤ।
ਅਰਥ:
ਸਿੱਖਾਂ ਸੇਵਕਾਂ ਅੰਦਰੋਂ ਲੋਭ ਲਾਲਚ, ਕਾਮ , ਕ੍ਰੋਧ, ਅਤੇ ਮੋਹ ,ਸਾਰੇ ਵਿਕਾਰ, ਇਹਨਾਂ ਦੇ ਪਰਿਵਾਰ ਸਮੇਤ ਆਪ ਜੀ ਨੇ ਮਾਰ ਕੱਢੇ ਹਨ।
ਧੰਨ ਸੁ ਤੇਰਾ ਥਾਨੁ ਹੈ, ਸਚੁ ਤੇਰਾ ਪੈਸਕਾਰਿਆ॥
ਪੈਸਕਾਰਿਆ- ਪੈਸ਼ਕਾਰਿਆ, ਹਜ਼ੂਰੀ ਵਿਚ ਹੁਕਮੀ ਕਾਰ ਕਰਨ ਵਾਲਾ ਸੇਵਕ ।
ਅਰਥ :
ਤੇਰਾ ਅਸਥਾਨ (ਆਤਮ ਦਾਨ ਵੰਡਣ ਵਾਲਾ ਗੁਰੂ ਦਰ ) ਧੰਨ ਹੈ ਅਤੇ ਏਥੇ ਤੇਰਾ ਸੇਵਕ ਦਲ ਸਦਾ ਕਾਇਮ ਰਹਿੰਦਾ ਹੈ।
ਨਾਨਕੁ ਤੂ, ਲਹਣਾ ਤੂ ਹੈ, ਗੁਰ ਅਮਰੁ ਤੂ ਵੀਚਾਰਿਆ॥
ਗੁਰੁ ਡਿਠਾ ਤਾਂ ਮਨੁ ਸਾਧਾਰਿਆ॥
ਬਿੰਦੀ ਸਹਿਤ: ਹੈਂ। ਵਿਸਰਾਮ ਧਿਆਨ ਵਿਚ ਰੱਖੋ ਜੀ। ‘ਲਹਣਾ’ ਦਾ ਉਚਾਰਣ ‘ਲਹਿਣਾ’ ਵਾਂਗ ਕਰਨਾ ਵੀ ਠੀਕ ਨਹੀਂ ਲਗਦਾ।
ਅਰਥ :
ਗੁਰੂ ਰਾਮਦਾਸ ਜੀ!) ਤੂੰ ਗੁਰੂ ਨਾਨਕ ਸਰੂਪ ਹੈਂ, ਗੁਰੂ ਅੰਗਦ ਸਰੂਪ ਵੀ ਤੂੰ ਹੀ ਹੈਂ, ਤੈਨੂੰ ਹੀ ਸੰਗਤਿ ਨੇ) ਗੁਰੂ ਅਮਰ ਸਰੂਪ ਜਾਣਿਆ ਹੈ। ਜਦੋਂ ਕਿਸੇ ਨੇ) ਗੁਰੂ ਦੀਦਾਰ ਪਰਸਿਆ, ਤਦੋਂ ਉਸਦਾ ਮਨ ਹਰਾ ਭਰਾ ਹੋ ਗਿਆ॥੭॥
ਚਾਰੇ ਜਾਗੇ ਚਹੁ ਜੁਗੀ, ਪੰਚਾਇਣੁ ਆਪੇ ਹੋਆ॥
ਬਿੰਦੀ ਸਹਿਤ: ਚਹੁਂ ਜੁਗੀਂ।
ਚਹੁ ਜੁਗੀ- ਚਾਰ ਸਮਿਆਂ ਜਾਮਿਆਂ ਵਿਚ। ਪੰਚਾਇਣੁ-ਪ੍ਰਮੇਸ਼ਰ।
ਅਰਥ:
ਚਾਰੇ ਗੁਰੂ) ਚੌਹਾਂ ਜਾਮਿਆਂ (ਸਮਿਆਂ) ਵਿਚ ਪ੍ਰਗਟ ਹੋਏ (ਅਤੇ) ਪਰਮੇਸ਼ਰ ਆਪ ਹੀ (ਪੰਚਮ ਸਰੂਪ ਭਾਵ ਗੁਰੂ ਅਰਜਨ ਦੇ ਜੀ ਦੇ ਰੂਪ ਵਿਚ ਪ੍ਰਗਟ) ਹੋਇਆ ਹੈ।
ਆਪੀਨ੍ਹ੍ਹੈ ਆਪੁ ਸਾਜਿਓਨੁ ਆਪੇ ਹੀ ਥੰਮ੍ਹ੍ਹਿ ਖਲੋਆ ॥
ਭਾਰ ਸਹਿਤ: ਥੰਮੑਿ।
ਆਪੀਨੈ- ਆਪ ਹੀ ਨੇ। ਸਾਜਿਓਨੁ- ਰਚਿਆ ਹੈ ਉਸ ਨੇ। ਥੰਮੑਿ ਖਲੋਆ- ਸਹਾਰਾ ਦੇ ਰਿਹਾ ਹੈ।
ਅਰਥ:
ਉਸ (ਪ੍ਰਭੂ) ਨੇ ਆਪ ਹੀ ਆਪਣਾ ਆਪ ਸਾਜਿਆ ਹੈ। ਆਪੇ ਹੀ (ਆਪਣੀ ਸਿਰਜੀ ਰਚਨਾ ਨੂੰ) ਸਹਾਰਾ ਦੇ ਰਿਹਾ ਹੈ।
ਆਪੇ ਪਟੀ, ਕਲਮ ਆਪਿ , ਆਪਿ ਲਿਖਣਹਾਰਾ ਹੋਆ॥
ਅਰਥ:
ਆਪ ਹੀ ਪਟੀ (ਲਿਖਣ ਵਾਲਾ) ਹੈ, ਆਪ ਹੀ ਕਲਮ ਹੈ ਅਤੇ ਆਪ ਹੀ ਲਿਖਣ ਪੂਰਨੇ ਪਾਉਣ ਵਾਲਾ ਹੈ) ਭਾਵ, ਸਭ ਕੁਝ ਆਪ ਹੀ ਆਪ ਹੈ।
ਸਭ ਉਮਤਿ ਆਵਣ ਜਾਵਣੀ, ਆਪੇ ਹੀ ਨਵਾ ਨਿਰੋਆ॥
ਅੱਧਕ ਸਹਿਤ: ੳੱਮਤਿ।
ਸਭ ਉਮਤਿ- (ਇਸਤਰੀ ਲਿੰਗ) ਸਾਰੀ ਲੋਕਾਈ। ਆਵਣ ਜਾਵਣੀ- ਜੰਮਣ ਮਰਨ ਵਾਲੀ।
ਅਰਥ:
ਸਾਰੀ ਲੋਕਾਈ ਜੰਮਣ ਮਰਣ ਦੇ ਗੇੜ ਵਿਚ ਹੈ, ਕੇਵਲ ਪਰਮੇਸ਼ਰ ਆਪ ਹੀ ਨਵਾਂ ਨਰੋਆ ਹੈ।
ਤਖਤਿ ਬੈਠਾ ਅਰਜਨ ਗੁਰੂ ਸਤਿਗੁਰ ਕਾ ਖਿਵੈ ਚੰਦੋਆ॥
ਤਖਤਿ- ਗੁਰਿਆਈ ਦੇ ਤਖਤ ਉੱਤੇ। ਖਿਵੈ-ਚਮਕਦਾ।
ਅਰਥ :
ਗੁਰਿਆਈ ਦੇ ) ਤਖ਼ਤ ਉੱਤੇ ਸ੍ਰੀ ਗੁਰੂ ਅਰਜਨ ਦੇਵ ਬਿਰਾਜਮਾਨ ਹੈ, ਰੱਬੀ ਨੂਰ ਨਾਲ) ਸਤਿਗੁਰੂ ਜੀ ਦਾ ਚੰਦੋਆ ਚਮਕ ਰਿਹਾ ਹੈ।
ਉਗਵਣਹੁ ਤੈ ਆਥਵਣਹ, ਚਹੁ ਚਕੀ ਕੀਅਨੁ ਲੋਆ॥
ਬਿੰਦੀ ਸਹਿਤ: ਉਗਵਣਹੁਂ, ਆਥਵਣਹੁਂ ,ਚਹੁਂ, ਚਕੀਂ।
ਉਗਵਣਹੁ ਤੈ ਆਥਵਣਹੁ- ਸੂਰਜ ਚੜ੍ਹਣ ਤੋਂ ਲਹਿੰਦੇ ਤਕ।ਚਹੁ ਚਕੀ-ਚੌਹਾਂ ਕੁੰਟਾਂ ਵਿਚ। ਕੀਅਨੁ ਲੋਆ-ਉਸ ਨੇ ਪ੍ਰਕਾਸ਼ਮਾਨ ਕੀਤੇ ਹਨ।
ਅਰਥ:
ਸੂਰਜ ਦੇ ਉਦੇ ਹੋਣ ਤੋਂ ਡੁਬਣ ਤਕ (ਭਾਵ ਪੂਰਬ ਤੋਂ ਪੱਛਮ ਤਕ ਗੁਰੂ ਅਰਜਨ ਦੇਵ ਜੀ ਨੇ) ਭਾਵ ਸਦਾ ਹੀ ਜੀਵਾਂ ਦੇ ਹਿਰਦੇ ਗਿਆਨ ਰੂਪ ਚਾਨਣ ਨਾਲ ) ਪ੍ਰਕਾਸ਼ਮਾਣ ਕੀਤੇ ਹਨ।
ਜਿਨ੍ਹ੍ਹੀ ਗੁਰੂ ਨ ਸੇਵਿਓ ਮਨਮੁਖਾ ਪਇਆ ਮੋਆ ॥
ਬਿੰਦੀ ਸਹਿਤ: ਜਿਨੑੀਂ, ਮਨਮੁਖਾਂ।
ਮੁੋਆ- ਉਚਾਰਣ ‘ਮੋਆ’। ( ਦੋ ਮਾਤ੍ਰੀਕ)
ਜਿਨੑੀ- ਜਿਨ੍ਹਾਂ ਨੇ। ਨ ਸੇਵਿਓ- ਨ ਸੇਵਿਆ,ਹੁਕਮ ਨ ਮੰਨਿਆ।
ਅਰਥ:
ਜਿੰਨ੍ਹਾਂ ਮਨਮੁਖਾਂ (ਮਨ ਦਾ ਮੁਰੀਦਾਂ) ਨੇ ਗੁਰੂ ਨੂੰ ਨਹੀਂ ਸੇਵਿਆ ਹੁਕਮ ਨਾ ਮੰਨਿਆਂ, ਉਹਨਾਂ ਨੂੰ ਜਨਮ ਮਰਨ ਦਾ ਗੇੜਾ ਪੈ ਗਿਆ।
ਦੂਣੀ ਚਉਣੀ ਕਰਾਮਾਤਿ, ਸਚੇ ਕਾ ਸਚਾ ਢੋਆ॥
ਅਰਥ:
ਗੁਰੂ ਅਰਜਨ ਦੇਵ ਜੀ ਦੀ) ਆਤਮ ਸਤਾ ਦਾ ਕ੍ਰਿਸ਼ਮਾ (ਕਰਾਮਾਤ) ਦੂਣੀ ਚੌਣੀ ਵਧ ਰਹੀ ਹੈ, (ਆਪ ਜੀ ਨੂੰ ) ਸੱਚੇ ਪਰਮੇਸ਼ਰ ਦਾ ਸੱਚਾ ਆਸਰਾ ਮਿਲਿਆ ਹੈ।
ਚਾਰੇ ਜਾਗੇ ਚਹੁ ਜੁਗੀ, ਪੰਚਾਇਣੁ ਆਪੇ ਹੋਆ।
ਬਿੰਦੀ ਰਹਿਤ: ਚਹੁ ਜੁਗੀ। ਸਮਾਸੀ ਸ਼ਬਦ ਹੈ।
ਅਰਥ:
ਚਾਰੇ ਗੁਰੂ ਚੌਹਾਂ ਜਾਮਿਆਂ ਵਿਚ ਪ੍ਰਗਟ ਹੋਏ ਹਨ। ਆਤਮ ਜਾਗ੍ਰਤ ਵਿਚ ਜਾਗੇ ਅਤੇ ਪੰਜਵਾਂ ਰੂਪ ਗੁਰੂ ਅਰਜਨ) (ਜੀ) ਵੀ ਕਲਾ ਵਰਤਾਅ ਕੇ ਆਪ ਪ੍ਰਭ ਪ੍ਰਗਟ ਹੋਇਆ ਹੈ।
ਬੇਨਤੀ#####
ਇਸ ਬਾਣੀ ਦਾ ਸਟੀਕ ਕਰਨ ਦਾ ਪ੍ਰਯੋਜਨ ਗੁਰਸਿੱਖ ਵੀਰਾਂ ਨੂੰ ਸਰਲ ਅਰਥ, ਉਚਾਰਣ ਸੇਧ ਬਾਰੇ ਜਾਣਕਾਰੀ ਦੇਣਾ ਹੈ। ਪਾਠ ਕਰਦਿਆਂ ਕੋਈ ਕਠਨਾਈ ਮਹਿਸੂਸ ਨਾਂ ਹੋਵੇ। ਅਰਥ ਕਰਦੇ ਸਮੇ ਲਗ ਮਾਤ੍ਰੀ ਨਿਯਮਾਂਵਲੀ ਦਾ ਪੂਰਾ ਖਿਆਲ ਰੱਖ ਕੇ ਅਰਥ ਕੀਤੇ ਹਨ। ਗੁਰਮਤਿ ਵਿਦਵਾਨੀ ਵੀਚਾਰ ਨਾਲ ਕੋਈ ਗੁਰਸਿੱਖ ਵੀਚਾਰ ਦੇਵੇ ਤਾਂ ਉਸ ਉੱਪਰ ਧੀਰਜ ਨਾਲ ਵੀਚਾਰ ਕੀਤੀ ਜਾ ਸਕਦੀ ਹੈ।
ਭੁੱਲ-ਚੁੱਕ ਮੁਆਫ
ਹਰਜਿੰਦਰ ਸਿੰਘ ‘ਘੜਸਾਣਾ’
Khalsasingh.hs@gmail.com




.