.

ਭੱਟ ਬਾਣੀ-16

ਬਲਦੇਵ ਸਿੰਘ ਟੋਰਾਂਟੋ

ਸਤਜੁਗਿ ਤੈ ਮਾਣਿਓ ਛਲਿਓ ਬਲਿ ਬਾਵਨ ਭਾਇਓ।।

ਤ੍ਰੇਤੈ ਤੈ ਮਾਣਿਓ ਰਾਮੁ ਰਘੁਵੰਸੁ ਕਹਾਇਓ।।

ਦੁਆਪੁਰਿ ਕ੍ਰਿਸਨ ਮੁਰਾਰਿ ਕੰਸੁ ਕਿਰਤਾਰਥੁ ਕੀਓ।।

ਉਗ੍ਰਸੈਣ ਕਉ ਰਾਜੁ ਅਭੈ ਭਗਤਹ ਜਨ ਦੀਓ।।

ਕਲਿਜੁਗਿ ਪ੍ਰਮਾਣੁ ਨਾਨਕ ਗੁਰੁ ਅੰਗਦੁ ਅਮਰੁ ਕਹਾਇਓ।।

ਸ੍ਰੀ ਗੁਰੂ ਰਾਜੁ ਅਬਿਚਲੁ ਅਟਲੁ ਆਦਿ ਪੁਰਖਿ ਫੁਰਮਾਇਓ।। ੭।।

(ਪੰਨਾ ੧੩੯੦)

ਪਦ ਅਰਥ:- ਸਤਜੁਗਿ ਤੈ ਮਾਣਿਓ ਛਲਿਓ ਬਲਿ ਬਾਵਨ ਭਾਇਓ – ਜਿਸ ਅਵਤਾਰ ਨੂੰ ਸਤਜੁਗਿ ਦਾ ਅਵਤਾਰ ਜਾਣ ਕੇ ਮਾਣਿਆ ਗਿਆ, ਉਹ ਤਾਂ ਆਪ ਬਲਿ ਤੋਂ ਹੀ ਛਲਿਆ ਗਿਆ। ਜੋ ਬਲਿ ਦੇ ਸਾਹਮਣੇ ਬੌਣਾ, ਭਾਵ ਬਲਿ ਨੇ ਹੀ ਉਸ ਨੂੰ ਛਲਿ ਲਿਆ ਸੀ। (ਬਲਿ ਦੇ ਬੂਹੇ ਅੱਗੇ ਹੀ ਉਸ ਨੂੰ ਚੌਂਕੀਦਾਰਾ ਕਰਨਾ ਪਿਆ) ਤੈ – ਤੋਂ। “ਮਨਮੁਖ ਗੁਣ ਤੈ ਬਾਹਰੇ” (ਸ੍ਰੀ ਰਾਗ ਮ: ੩)। ਤ੍ਰੇਤੈ ਤੈ ਮਾਣਿਓ ਰਾਮੁ ਰਘੁਵੰਸ ਕਹਾਇਓ – ਉਸੇ ਸਤਿਜੁਗ ਦੇ ਬਲਿ ਤੋਂ ਛਲੇ ਜਾਣ ਵਾਲੇ ਅਵਤਾਰ ਦਾ, ਆਪਣੇ ਆਪ ਨੂੰ ਅਵਤਾਰ ਅਖਵਾਉਣ ਵਾਲੇ ਨੇ ਆਪਣੇ ਆਪ ਨੂੰ ਰੰਮਿਆ ਹੋਇਆ ਰਘੁਵੰਸ ਕਹਿ ਕੇ ਪ੍ਰਚਾਰਿਆ। ਦੁਆਪੁਰਿ ਕ੍ਰਿਸਨ ਮੁਰਾਰਿ ਕੰਸੁ ਕਿਰਤਾਰਥੁ ਕੀਓ – ਮੁਰਾਰਿ – ਦੈਤਾਂ ਦਾ ਨਾਸ ਕਰਨ ਵਾਲਾ। ਇਸੇ ਤਰ੍ਹਾਂ ਉਸ ਦਾ ਅਵਤਾਰ ਅਖਵਾਉਣ ਵਾਲਾ ਕ੍ਰਿਸ਼ਨ ਆਪਣੇ ਆਪ ਨੂੰ ਮੁਰਾਰਿ ਦੈਤਾਂ ਦਾ ਨਾਸ ਕਰਨ ਵਾਲਾ, ਕੰਸ ਨੂੰ ਮਾਰਨ ਲਈ ਆਪਣੇ ਆਪ ਨੂੰ ਕਿਰਤਾਰਥੁ (ਥਾਪਿਆ) ਕੀਤਾ ਕਹਿ ਕੇ ਪ੍ਰਚਾਰਿਆ। ਕਹਾਇਓ – ਪ੍ਰਚਾਰਿਆ, ਅਖਵਾਇਆ। ਉਗ੍ਰਸੈਣ ਕਉ ਰਾਜੁ ਅਭੈ ਭਗਤਹ ਜਨ ਦੀਓ – ਇਹ ਦਾਅਵਾ ਕਰਦਾ ਹੈ ਕਿ ਕੰਸ ਨੂੰ ਮਾਰ ਕੇ ਉਗ੍ਰਸੈਣ ਨੂੰ ਰਾਜ ਦਿੱਤਾ, (ਇਹ ਉਸ ਦਾ ਦਾਅਵਾ ਸੱਚਾ ਨਹੀਂ) ਉਗ੍ਰਸੈਣ ਨੂੰ ਤਾਂ ਅਭੈ ਪਦਵੀ ਭਗਤਹ ਜਨ, ਕਾਦਿਰ, ਸਰਬ ਸ਼ਕਤੀਮਾਨ ਤੋਂ ਆਪਾ ਨਿਛਾਵਰ ਹੋਣ, ਸੱਚ ਨੂੰ ਆਪਣੇ ਜੀਵਨ ਵਿੱਚ ਅਪਣਾਉਣ ਭਾਵ (practice) ਕਰਨ ਕਰਕੇ ਮਿਲੀ ਸੀ। “ਕਹਿ ਨਾਮਦੇਉ ਹਮ ਨਰਹਰਿ ਧਿਆਵਹ ਰਾਮੁ ਅਭੈ ਪਦ ਦਾਤਾ।। “ (ਪੰਨਾ ੧੧੬੫) ਅਭੈ ਪਦ ਦੀ ਦਾਤ ਕਿਸੇ ਨੂੰ ਇਕੁ ਰੰਮਿਆ ਹੋਇਆ ਸਰਬ-ਵਿਆਪਕ ਹੀ ਦੇ ਸਕਦਾ ਹੈ। “ਨਾਮੁ ਜਪਤ ਉਗ੍ਰਸੈਣਿ ਗਤਿ ਪਾਈ ਤੋੜਿ ਬੰਧਨ ਮੁਕਤਿ ਕਰੇ।। “ (ਮਾਰੂ ਮਹਲਾ ੪ ਘਰ ੨, ਪੰਨਾ ੯੯੫) ਨਾਮੁ ਜਪਤ - ਸੱਚ ਨੂੰ ਆਪਣੇ ਜੀਵਨ ਵਿੱਚ ਅਪਣਾਉਣ ਨਾਲ ਉਗ੍ਰਸੈਣ, ਅਵਤਾਰਵਾਦ ਦੇ ਕਰਮ-ਕਾਂਡਾਂ ਦੇ ਬੰਧਨ ਤੋੜ ਕੇ ਆਪ ਮੁਕਤ ਹੋਇਆ ਅਤੇ ਹੋਰਨਾਂ ਨੂੰ ਵੀ ਮੁਕਤ ਕਰਕੇ ਅਭੈ ਪਦਵੀ ਪ੍ਰਾਪਤ ਕੀਤੀ (ਦੁਨਿਆਵੀ ਰਾਜ ਦੀ ਗੱਲ ਨਹੀਂ)। ਅਭੈ ਪਦ – ਅਵਤਾਰਵਾਦੀ ਪਰੰਪਰਾ ਦੇ ਡਰ ਤੋਂ ਉੱਪਰ ਉਠ ਕੇ ਸੱਚ ਨਾਲ ਜੁੜਨ ਦਾ ਨਾਮ ਹੈ। ਜਿਹੜਾ ਮਨੁੱਖ ਆਪ ਦੁਨਿਆਵੀ ਰਾਜ ਲਈ ਲੜਦਾ ਫਿਰਦਾ ਹੋਵੇ, ਉਹ ਕਿਸੇ ਨੂੰ ਕੀ ਰਾਜ ਦਿਵਾ ਸਕਦਾ ਹੈ। ਭਗਤਹ ਜਨ – ਜਨ – ਕਾਦਿਰ ਤੋਂ ਕੁਰਬਾਨ। ਭਗਤਹ – ਸੱਚ ਨੂੰ ਆਪਣੇ ਜੀਵਨ ਵਿੱਚ ਅਪਣਾਉਣ ਭਾਵ (practice) ਕਰਨ ਨਾਲ। ਕਲਿਜੁਗਿ ਪ੍ਰਮਾਣੁ ਨਾਨਕ ਗੁਰੁ ਅੰਗਦੁ ਅਮਰੁ ਕਹਾਇਓ – ਕਲਿਜੁਗਿ – ਘੋਰ ਅਗਿਆਨਤਾ ਦੇ ਸਮੇਂ ਅੰਦਰ। ਪ੍ਰਮਾਣ – ਸਬੂਤਾਂ ਨਾਲ। ਗੁਰੁ – ਉਹ ਪੂਰਨ ਗਿਆਨ ਅਪਣਾਉਣਾ ਜੋ ਮਨੁੱਖ ਨੂੰ ਅਗਿਆਨਤਾ ਦੇ ਹਨੇਰੇ ਵਿੱਚੋਂ ਕੱਢ ਕੇ ਗਿਆਨ ਦਾ ਪ੍ਰਕਾਸ਼ ਕਰਦਾ ਹੈ। ਅੰਗਦੁ – ਪੂਰਨ ਗਿਆਨ ਨਾਲ ਜੁੜ ਕੇ। ਅਮਰੁ – ਮੁਕਤ, ਅਮਰ ਹੋਣਾ। ਕਹਾਇਓ – ਪ੍ਰਚਾਰਿਆ। ਸ੍ਰੀ ਗੁਰੂ ਰਾਜੁ ਅਬਿਚਲੁ ਅਟਲੁ ਆਦਿ ਪੁਰਖਿ ਫੁਰਮਾਇਓ – ਸ੍ਰੀ – ਸ਼੍ਰੋਮਣੀ, ਉੱਤਮ। ਗੁਰੂ – ਪੂਰਨ ਗਿਆਨ ਦਾ ਦਾਤਾ। ਰਾਜੁ – ਜਿਹੜਾ ਉੱਤਮ ਸੱਚ ਕਰਮ-ਕਾਂਡੀਆਂ ਨੇ (ਰਾਜ) ਰਹੱਸ ਬਣਾਇਆ, ਲੁਕਾਇਆ ਹੋਇਆ ਸੀ। ਅਬਿਚਲੁ ਅਟਲੁ – ਸਦੀਵੀ ਸਥਿਰ ਰਹਿਣ ਵਾਲਾ। ਆਦਿ ਪੁਰਖਿ ਫੁਰਮਾਇਓ – ਆਦਿ ਪੁਰਖਿ ਜੋ ਆਦਿ ਤੋਂ ਸੱਚ ਸਦੀਵੀ ਸਥਿਰ ਰਹਿਣ ਵਾਲਾ ਅਕਾਲ ਪੁਰਖ ਹੈ, ਨੂੰ ਹੀ ਦਰਸਾਇਆ। ਇਸ ਅਗਿਆਨਤਾ ਦੇ ਹਨੇਰੇ ਵਿੱਚ ਪ੍ਰਮਾਣਾਂ/ਸਬੂਤਾਂ ਸਹਿਤ ਇਸ ਬਣੇ ਹੋਏ ਰਹੱਸ ਤੋਂ ਛੁਟਕਾਰਾ ਲੈ ਕੇ, ਇਸ ਉੱਤਮ ਗਿਆਨ ਨਾਲ ਜੁੜ ਕੇ ਅਵਤਰਵਾਦ ਦੇ ਅਗਿਆਨਤਾ ਦੇ ਹਨੇਰੇ ਤੋਂ ਅਮਰ ਹੋਣ/ਛੁਟਕਾਰਾ ਲੈਣ ਅਤੇ ਇਕੁ ਸਦੀਵੀ ਸਥਿਰ ਰਹਿਣ ਵਾਲੇ ਅਕਾਲ ਪੁਰਖ ਨਾਲ ਜੁੜਨ ਲਈ ਨਾਨਕ ਨੇ ਪ੍ਰੇਰਿਆ।

ਅਰਥ:- ਜਿਸ ਅਵਤਾਰ ਨੂੰ ਸਤਿਜੁਗਿ ਦਾ ਅਵਤਾਰ ਜਾਣ ਕੇ ਮਾਣਿਆ, ਉਹ ਤਾਂ ਆਪ ਬਲਿ ਤੋਂ ਛਲਿਆ ਗਿਆ, ਬਲਿ ਦੇ ਸਾਹਮਣੇ ਬੌਣਾ, ਭਾਵ ਬਲਿ ਨੇ ਹੀ ਉਸ ਨੂੰ ਛਲਿ ਲਿਆ ਸੀ (ਬਲਿ ਦੇ ਬੂਹੇ ਅੱਗੇ ਹੀ ਉਸ ਨੂੰ ਚੌਂਕੀਦਾਰਾ ਕਰਨਾ ਪਿਆ ਸੀ)। ਬਲਿ ਤੋਂ ਛਲੇ ਜਾਣ ਵਾਲੇ ਅਵਤਾਰ ਦਾ ਆਪਣੇ ਆਪ ਨੂੰ ਅਵਤਾਰ ਅਖਵਾਉਣ ਵਾਲੇ ਨੇ ਹੀ ਆਪਣੇ ਆਪ ਨੂੰ ਰੰਮਿਆ ਹੋਇਆ ਰਘੁਵੰਸ ਕਹਿ ਕੇ ਪ੍ਰਚਾਰਿਆ। ਇਸੇ ਤਰ੍ਹਾਂ ਬਲਿ ਤੋਂ ਛਲੇ ਜਾਣ ਵਾਲੇ, ਦੁਆਪਰ ਦਾ ਅਵਤਾਰ ਅਖਵਾਉਣ ਵਾਲੇ ਕ੍ਰਿਸ਼ਨ ਨੇ ਆਪਣੇ ਆਪ ਨੂੰ ਮੁਰਾਰਿ, ਦੈਤਾਂ ਦਾ ਨਾਸ ਕਰਨ ਵਾਲਾ, ਕੰਸ ਨੂੰ ਮਾਰਨ ਲਈ ਆਪਣੇ ਆਪ ਨੂੰ ਆਪ ਕਿਰਤਾਰਥ (ਥਾਪਿਆ) ਕੀਤਾ ਕਹਿ ਕੇ ਪ੍ਰਚਾਰਿਆ ਅਤੇ ਇਹ ਦਾਅਵਾ ਕਰਦਾ ਰਿਹਾ ਕਿ ਕੰਸ ਨੂੰ ਮਾਰ ਕੇ ਉਗ੍ਰਸੈਣ ਨੂੰ ਰਾਜ ਦਿੱਤਾ (ਜਦੋਂ ਕਿ ਇਹ ਦਾਅਵਾ ਉਸ ਦਾ ਸੱਚ ਨਹੀਂ) ਉਗ੍ਰਸੈਣ ਨੂੰ ਤਾਂ ਅਭੈ ਪਦਵੀ ਭਾਵ ਅਵਤਾਰਵਾਦੀ, ਦੇਹਧਾਰੀ ਪਰੰਪਰਾ ਤੋਂ ਉੱਪਰ ਉੱਠ ਕੇ ਭਗਤਹ ਜਨ, ਸਰਬ ਸ਼ਕਤੀਮਾਨ ਤੋਂ ਆਪਾ ਨਿਛਾਵਰ ਕਰਨ ਅਤੇ ਸੱਚ ਨੂੰ ਆਪਣੇ ਜੀਵਨ ਵਿੱਚ ਅਭਿਆਸ ਕਰਨ ਨਾਲ ਮਿਲੀ ਸੀ। ਜਿਸ ਸਦੀਵੀ ਸਥਿਰ ਰਹਿਣ ਵਾਲੇ ਉੱਤਮ ਸੱਚ ਨੂੰ ਕਰਮ-ਕਾਂਡੀਆਂ ਨੇ ਰਹੱਸ ਬਣਾਇਆ, ਛੁਪਾਇਆ ਹੋਇਆ ਸੀ। ਇਸ ਅਗਿਆਨਤਾ ਦੇ ਹਨੇਰੇ ਵਿੱਚ (ਫਸੀ ਮਨੁੱਖਤਾ ਨੂੰ) ਨਾਨਕ ਜੀ ਵੱਲੋਂ ਪ੍ਰਮਾਣ, ਸਬੂਤਾਂ ਸਹਿਤ ਇਸ ਬਣੇ ਹੋਇ ਰਹੱਸ ਤੋਂ ਛੁਟਕਾਰਾ ਲੈ ਕੇ, ਇਸ ਉੱਤਮ ਗਿਆਨ, ਉਸ ਸੱਚੇ ਦੀ ਗੁਰ ਬਖ਼ਸ਼ਿਸ਼ ਗਿਆਨ ਨਾਲ ਜੁੜ ਕੇ ਅਵਤਾਰਵਾਦ ਦੀ ਦੇਹਧਾਰੀ ਪਰੰਪਰਾ ਦੇ ਅਗਿਆਨਤਾ ਦੇ ਹਨੇਰੇ ਤੋਂ ਅਮਰ ਹੋਣ, ਛੁਟਕਾਰਾ ਲੈਣ ਅਤੇ ਇਕੁ ਸਦੀਵੀ ਸਥਿਰ ਰਹਿਣ ਵਾਲੇ ਅਕਾਲ ਪੁਰਖ ਨਾਲ ਜੁੜਨ ਲਈ ਪ੍ਰੇਰਨਾ ਹੈ।

ਨੋਟ:- ਉਹ ਪ੍ਰਮਾਣ, ਸਬੂਤ ਕਿਹੜੇ ਹਨ, ਜਿਨ੍ਹਾਂ ਬਾਰੇ ਭੱਟ ਸਾਹਿਬਾਨ ਦਾ ਜ਼ਿਕਰ ਹੈ। ਉਹ ਹਨ - “ਨਾਮੁ ਜਪਤ ਉਗ੍ਰਸੈਣ ਗਤਿ ਪਾਈ ਤੋੜਿ ਬੰਧਨ ਮੁਕਤਿ ਕਰੇ।। “ (ਪੰਨਾ ੯੯੫) “ਦਾਸੀ ਸੁਤ ਜਨੁ ਬਿਦਰੁ ਸੁਦਾਮਾ ਉਗ੍ਰਸੈਣ ਕਉ ਰਾਜ ਦੀਏ।। “ (ਪੰਨਾ ੩੪੫) ਸੁਦਾਮਾ ਜੀ, ਬਿਦਰ ਜੀ, ਉਗ੍ਰਸੈਣ ਜੀ ਦੇ ਪਰਮੇਸ਼ਰ ਦੇ ਪੁਜਾਰੀ ਹੋਣ ਦਾ ਸੱਚ ਜਾਨਣ ਲਈ ਗੁਰਬਾਣੀ ਪ੍ਰਮਾਣਾਂ ਸਹਿਤ ਮੇਰੀ ਨਿਮਾਣੀ ਕੋਸ਼ਿਸ਼ ਪੁਸਤਕ ‘ਗੁਰਮਤਿ ਗਿਆਨ ਦਾ ਚਾਨਣ` ਪੜ੍ਹੋ। ਦਰਅਸਲ ਇਨ੍ਹਾਂ ਨੂੰ ਅਵਤਾਰਵਾਦ ਦੇ ਪੁਜਾਰੀ ਕਰਮ-ਕਾਂਡੀਆਂ ਵੱਲੋਂ ਸੱਚ ਨੂੰ ਛੁਪਾਉਣ ਕਰਕੇ ਬਣਾਇਆ ਗਿਆ ਹੈ। ਅਸਲੀਅਤ ਇਹ ਹੈ ਕਿ ਇਹ ਸੱਚ ਦੇ ਪੁਜਾਰੀ ਸਨ, ਅਵਤਾਰਵਾਦ ਦੇਹਧਾਰੀ ਪਰੰਪਰਾ ਦੇ ਨਹੀਂ। ਅੱਗੇ ਉਨ੍ਹਾਂ ਲਈ ਹੋਰ ਪ੍ਰਮਾਣ ਹਨ ਜੋ ਅਵਤਾਰਵਾਦੀ ਦੇਹਧਾਰੀ ਪਰੰਪਰਾ ਤੋਂ ਛੁਟਕਾਰਾ ਲੈ ਕੇ ਸੱਚ ਨਾਲ ਜੁੜੇ ਹਨ।

ਇਕ ਗੱਲ ਹੋਰ ਬਹੁਤ ਵੀਚਾਰਨ ਯੋਗ ਹੈ ਕਿ ਭੱਟ ਜੀ ਨੇ ਕਿੰਨੀ ਡੂੰਘਿਆਈ ਨਾਲ ਗੁਰਮਤਿ ਦਾ ਅਧਿਐਨ ਕੀਤਾ ਹੈ। ਗੁਰਮਤਿ ਸਿਧਾਂਤ ਵਿੱਚ ਕਿਸ ਤਰ੍ਹਾਂ ਉਹ ਰੰਮੇ ਹੋਏ ਹਨ। ਜਦੋਂ ਉਹ ਇਹ ਗੱਲ ਰੱਦ ਕਰਦੇ ਹਨ ਕਿ ਕਿਸੇ ਮਨੁੱਖ (ਅਵਤਾਰਵਾਦੀ) ਦੀ ਕੋਈ ਹੈਸੀਅਤ ਨਹੀਂ ਹੈ ਕਿ ਉਹ ਕਿਸੇ ਨੂੰ ਅਭੈ ਪਦਵੀ ਭਾਵ ਭੈ ਰਹਿਤ ਕਰ ਸਕਦਾ ਹੋਵੇ, ਅਵਤਾਰਵਾਦੀ ਤਾਂ ਸਗੋਂ ਡਰਾਉਂਦੇ ਹਨ ਅਤੇ ਆਪਣੇ ਰੱਬ ਹੋਣ ਦਾ ਭਰਮ ਪਾਲਦੇ ਹਨ। ਇਥੋਂ ਸਾਬਤ ਹੁੰਦਾ ਹੈ ਕਿ ਵਾਕਿਆ ਹੀ ਗੁਰਮਤਿ ਦਾ ਉਨ੍ਹਾਂ ਨੂੰ ਪੂਰਨ ਅਧਿਐਨ ਸੀ। ਅੱਗੇ ਦਿੱਤਾ ਪ੍ਰਮਾਣ ਇਹ ਗੱਲ ਸਿਧ ਕਰਦਾ ਹੈ ਕਿ ਉਨ੍ਹਾਂ ਸਾਰੀ ਬਾਣੀ ਦਾ ਪਹਿਲਾਂ ਆਪ ਅਧਿਐਨ ਕੀਤਾ ਹੈ।

ਰਾਗ ਗੂਜਰੀ ਮਹਲਾ ੫।।

ਜਿਸੁ ਮਾਨੁਖ ਪਹਿ ਕਰਉ ਬੇਨਤੀ ਸੋ ਅਪਨੈ ਦੁਖਿ ਭਰਿਆ।।

ਪਾਰਬ੍ਰਹਮੁ ਜਿਨਿ ਰਿਦੈ ਅਰਾਧਿਆ ਤਿਨਿ ਭਉ ਸਾਗਰੁ ਤਰਿਆ।।

(ਪੰਨਾ ੪੯੭)

ਮਨੁੱਖ (ਅਵਤਾਰਵਾਦੀ) ਨੂੰ ਆਪਣੇ ਹੀ ਦੁੱਖਾਂ ਦੇ ਬੜੇ ਝਮੇਲੇ ਹਨ। ਜਿਹੜਾ ਆਪਣੇ ਹੀ ਦੁੱਖਾਂ ਦੇ ਝੁਮੇਲਿਆਂ ਵਿੱਚ ਫਸਿਆ ਹੋਇਆ ਹੈ, ਉਹ ਕਿਸੇ ਦਾ ਕੀ ਸਵਾਰ ਸਕਦਾ ਹੈ।

ਗੁਣ ਗਾਵੈ ਰਵਿਦਾਸੁ ਭਗਤੁ ਜੈਦੇਵ ਤ੍ਰਿਲੋਚਨ।।

ਨਾਮਾ ਭਗਤੁ ਕਬੀਰੁ ਸਦਾ ਗਾਵਹਿ ਸਮ ਲੋਚਨ।।

ਭਗਤੁ ਬੇਣਿ ਗੁਣ ਰਵੈ ਸਹਜਿ ਆਤਮ ਰੰਗੁ ਮਾਣੈ।।

ਜੋਗ ਧਿਆਨਿ ਗੁਰ ਗਿਆਨਿ ਬਿਨਾ ਪ੍ਰਭ ਅਵਰੁ ਨ ਜਾਣੈ।।

ਸੁਖਦੇਉ ਪਰੀਖ੍ਯ੍ਯਤੁ ਗੁਣ ਰਵੈ ਗੋਤਮ ਰਿਖਿ ਜਸੁ ਗਾਇਓ।।

ਕਬਿ ਕਲ ਸੁਜਸੁ ਨਾਨਕ ਗੁਰ ਨਿਤ ਨਵਤਨੁ ਜਗਿ ਛਾਇਓ।। ੮।।

(ਪੰਨਾ ੧੩੯੦)

ਪਦ ਅਰਥ:- ਗੁਣ ਗਾਵੈ ਰਵਿਦਾਸੁ ਭਗਤੁ ਜੈਦੇਵ ਤ੍ਰਿਲੋਚਨ – ਜਿਸ ਸਦੀਵੀ ਸਥਿਰ ਰਹਿਣ ਵਾਲੇ ਦੇ ਗੁਣ ਭਗਤ-ਇਨਕਲਾਬੀ ਪੁਰਸ਼ ਰਵਿਦਾਸ ਜੀ, ਭਗਤ ਜੈਦੇਵ ਜੀ ਅਤੇ ਭਗਤ ਤ੍ਰਿਲੋਚਨ ਜੀ ਨੇ ਗਾਏ ਸਨ। ਨਾਮਾ ਭਗਤੁ ਕਬੀਰੁ ਸਦਾ ਗਾਵਹਿ ਸਮ ਲੋਚਨ – ਸਮ ਲੋਚਨ – ਬਰਾਬਰ ਬਗ਼ੈਰ ਰੰਗ, ਨਸਲ, ਜਾਤ-ਪਾਤ ਦੇ, ਕ੍ਰਿਪਾ ਦ੍ਰਿਸ਼ਟੀ ਭਾਵ ਦੇ ਸਾਰਿਆਂ ਨੂੰ ਬਰਾਬਰ ਜਾਨਣਾ। ਉਹ ਅਕਾਲ ਪੁਰਖ ਜਿਸ ਦੀ ਕ੍ਰਿਪਾ ਦ੍ਰਿਸ਼ਟੀ ਬਗ਼ੈਰ ਰੰਗ, ਨਸਲ, ਜਾਤ-ਪਾਤ ਦੇ ਭੇਦ ਭਾਵ ਦੇ ਸਦੀਵੀ ਹੈ। ਭਾਵੇਂ ਰਵਿਦਾਸ ਜੀ ਹਨ, ਜਿਨ੍ਹਾਂ ਨੂੰ ਕਰਮ-ਕਾਂਡੀ ਲੋਕ ਚਮਿਆਰ ਨੀਵੀਂ ਜਾਤ ਦਾ ਆਖਦੇ ਸਨ ਜਾਂ ਨਾਮਦੇਵ ਜੀ ਜਿਨ੍ਹਾਂ ਨੂੰ ਕਰਮ-ਕਾਂਡੀ ਲੋਕਾਂ ਵੱਲੋਂ ਛੀਂਬਾ ਕਹਿਆ ਜਾਂਦਾ ਸੀ। ਭਗਤ ਕਬੀਰ ਜੀ ਨੂੰ ਜੁਲਾਹਾ, ਜੈਦੇਵ ਜੀ, ਭਾਵੇਂ ਤ੍ਰਿਲੋਚਨ ਬ੍ਰਾਹਮਣ ਹਨ। ਇਨ੍ਹਾਂ ਸਾਰਿਆਂ ਨੇ ਵੀ ਉਸ ਅਕਾਲ ਪੁਰਖ ਦੀ ਬਖ਼ਸ਼ਿਸ਼ ਨੂੰ ਬਗ਼ੈਰ ਰੰਗ, ਨਸਲ, ਜਾਤ-ਪਾਤ ਤੇ ਭੇਦ ਭਾਵ ਦੇ ਬਖ਼ਸ਼ਿਸ਼ ਕਰਨ ਵਾਲਾ ਕਹਿ ਕਿ ਗਾਵਿਆ ਭਾਵ ਪ੍ਰਚਾਰਿਆ (ਇਹ ਭੱਟਾਂ ਲਈ ਪ੍ਰਮਾਣ, ਸਬੂਤ ਹਨ ਜੋ ਮਹਲਾ ੧ ਵੱਲੋਂ ਇਨ੍ਹਾਂ ਭਗਤਾਂ-ਇਨਕਲਾਬੀ ਪੁਰਸ਼ਾਂ ਦੁਆਰਾ ਲਿਖੀਆਂ ਲਿਖਤਾਂ ਦੇ ਰੂਪ ਵਿੱਚ ਇਕੱਤ੍ਰ ਹਨ)। ਭਗਤੁ ਬੇਣਿ ਗੁਣ ਰਵੈ ਸਹਜਿ ਆਤਮ ਰੰਗੁ ਮਾਣੈ – ਸਹਜਿ ਆਤਮ ਰੰਗੁ ਮਾਣੈ – ਉਸ ਅਕਾਲ ਪੁਰਖ ਦੀ ਬਖ਼ਸ਼ਿਸ਼ ਦੇ ਰੰਗ ਨੂੰ ਅਡੋਲ ਮਾਣਿਆ। ਭਗਤੁ-ਇਨਕਲਾਬੀ ਪੁਰਸ਼ ਬੇਣੀ ਜੀ ਨੇ ਵੀ ਅਡੋਲ ਉਸ ਸੱਚੇ ਦੇ ਸੱਚ ਦੀ ਬਖ਼ਸ਼ਿਸ਼ ਨੂੰ ਰਵੈ-ਰਵਿਆ, ਮਾਣਿਆ। ਜੋਗ ਧਿਆਨਿ ਗੁਰ ਗਿਆਨਿ ਬਿਨਾ ਪ੍ਰਭ ਅਵਰ ਨ ਜਾਣੈ – ਜੋਗ – ਉੱਤਮ। ਇਸ ਤਰ੍ਹਾਂ ਇਨ੍ਹਾਂ ਭਗਤਾਂ-ਰਵਿਦਾਸ ਜੀ, ਜੈਦੇਵ ਜੀ, ਤ੍ਰਿਲੋਚਨ ਜੀ, ਨਾਮਦੇਵ ਜੀ, ਕਬੀਰ ਜੀ ਅਤੇ ਭਗਤ ਬੇਣੀ ਜੀ ਵਾਂਗ - ਉਸ ਸਰਬ-ਵਿਆਪਕ ਜਿਸ ਦੀ ਕ੍ਰਿਪਾ ਦ੍ਰਿਸ਼ਟੀ ਬਗ਼ੈਰ ਰੰਗ, ਨਸਲ, ਜਾਤ-ਪਾਤ ਦੇ, ਭੇਦ ਭਾਵ ਦੇ ਹੈ, ਉਸ ਅਕਾਲ ਪੁਰਖ ਤੋਂ ਛੁੱਟ ਇਨ੍ਹਾਂ ਵਾਂਗ ਕਿਸੇ ਹੋਰ (ਅਵਤਾਰਵਾਦੀ ਦੇਹਧਾਰੀ) ਨੂੰ ਪ੍ਰਭੂ ਨਾ ਜਾਣੇ, ਨਹੀਂ ਜਾਨਣਾ ਚਾਹੀਦਾ। ਸੁਖਦੇਉ ਪਰੀਖ੍ਯ੍ਯਤੁ ਗੁਣ ਰਵੈ ਗੋਤਮ ਰਿਖਿ ਜਸੁ ਗਾਇਓ – ਸੁਖਦੇਉ – ਸੁੱਖਾਂ ਦਾ ਦਾਤਾ, ਬਖ਼ਸ਼ਿਸ਼ ਕਰਨ ਵਾਲਾ। ਮਨਿ ਲੀਣ ਭਏ ਸੁਖਦੇਉ।। (ਪੰਨਾ ੩੩੦, ਕਬੀਰ ਜੀ) ਪਰੀਖ੍ਯ੍ਯਤੁ – ਪ੍ਰਤੱਖ ਰੂਪ ਵਿੱਚ, ਹੂ-ਬਹੂ, ਉਸੇ ਤਰ੍ਹਾਂ, ਉਨ੍ਹਾਂ ਵਾਂਗ। ਗੋ – ਨੇਤ੍ਰ ਦ੍ਰਿਸ਼ਟੀ, ਦਿਸ਼ਾ। ਤਮ – ਅਤਯੰਤ, ਬਹੁਤ ਹੀ ਵਧ ਕੇ, ਜ਼ਿਆਦਾ। ਰਿਖਿ – ਕ੍ਰਿਪਾ ਦ੍ਰਿਸ਼ਟੀ ਨੂੰ ਪਹੁੰਚਿਆ ਹੋਇਆ, ਪਰਮਪਦ ਨੂੰ ਪਹੁੰਚਿਆ ਹੋਇਆ। ਜਸੁ ਗਾਇਓ – ਜਿਨ੍ਹਾਂ ਨੇ ਉਸ ਬਖ਼ਸ਼ਿਸ਼ ਕਰਨ ਵਾਲੇ ਨੂੰ ਗਾਇਆ ਪ੍ਰਚਾਰਿਆ। ਜਿਸ ਤਰ੍ਹਾਂ ਰਵਿਦਾਸ ਜੀ, ਜੈਦੇਵ ਜੀ, ਤ੍ਰਿਲੋਚਨ ਜੀ, ਨਾਮਦੇਵ ਜੀ, ਕਬੀਰ ਜੀ ਅਤੇ ਬੇਣੀ ਜੀ ਵਾਂਗ ਜਿਨ੍ਹਾਂ ਸਰਬ ਸੁੱਖਾਂ ਦੇ ਦਾਤਾ, ਜਿਸ ਦੀ ਕ੍ਰਿਪਾ ਦ੍ਰਿਸ਼ਟੀ ਅਤਿਅੰਤ ਹੈ, ਨੂੰ ਹੂ-ਬਹੂ ਜਾਣ ਕੇ ਪ੍ਰਚਾਰਿਆ, ਉਨ੍ਹਾਂ ਹੀ ਪਰਮਪਦ ਦੀ ਪ੍ਰਾਪਤੀ ਭਾਵ ਇਸ ਅਸਲੀਅਤ ਨੂੰ ਜਾਣਿਆ। ਕਬਿ ਕਲ ਸੁਜਸ ਨਾਨਕ ਗੁਰ ਨਿਤ ਨਵਤਨੁ ਜਗਿ ਛਾਇਓ – ਇਸ ਕਰਕੇ ਕਵੀ ਕਲ੍ਹ ਵੀ ਬੇਨਤੀ ਕਰਦਾ ਹੈ, ਨਾਨਕ ਦੇ ਉਸ ਗੁਰ-ਗਿਆਨ ਦਾ ਜਸੁ ਗਾਇਨ ਭਾਵ ਪ੍ਰਚਾਰ ਕਰਨਾ ਚਾਹੀਦਾ ਹੈ, ਜਿਸ ਦੀ ਬਖ਼ਸ਼ਿਸ਼ ਨਿਤ ਨਵ ਤਨ (ਹਰ ਸਮੇਂ) ਸੰਸਾਰ ਅੰਦਰ ਵਰਤ ਰਹੀ ਹੈ। ਛਾਇਓ – ਵਰਤ ਰਹੀ ਹੈ। ਸੁਜਸ – ਉਸ ਦਾ ਜਸ, ਭਾਵ ਉਸ ਅਕਾਲ ਪੁਰਖ ਦਾ ਜਸ।

ਅਰਥ:- ਹੇ ਭਾਈ! ਭਗਤ-ਇਨਕਲਾਬੀ ਪੁਰਸ਼ ਰਵਿਦਾਸ, ਭਗਤ ਜੈਦੇਵ, ਭਗਤ ਤ੍ਰਿਲੋਚਨ, ਭਗਤ ਨਾਮ ਦੇਵ, ਭਗਤ ਕਬੀਰ, ਭਗਤ ਬੇਣੀ ਜੀ, ਇਨ੍ਹਾਂ ਸਾਰਿਆਂ ਨੇ ਉਸ ਸਦੀਵੀ ਸਥਿਰ ਰਹਿਣ ਵਾਲੇ ਅਕਾਲ ਪੁਰਖ, ਜਿਸ ਦੀ ਕ੍ਰਿਪਾ ਦ੍ਰਿਸ਼ਟੀ ਬਗ਼ੈਰ ਰੰਗ, ਨਸਲ, ਜਾਤ-ਪਾਤ ਦੇ ਭੇਦ ਭਾਵ ਤੋਂ ਬਰਾਬਰ ਵਰਤ ਰਹੀ ਹੈ, ਨੂੰ ਅਡੋਲ ਆਤਮ ਰਸ ਕਰਕੇ ਜਾਣਿਆ ਅਤੇ ਮਾਣਿਆ। ਉਨ੍ਹਾਂ ਨੇ ਇਹ ਕਿਹਾ ਕਿ ਉਸ ਪ੍ਰਭੂ, ਸੱਚ ਨੂੰ ਉੱਤਮ ਬਖ਼ਸ਼ਿਸ਼ ਕਰਨ ਵਾਲਾ ਜਾਨਣ ਤੋਂ ਬਗ਼ੈਰ ਕਿਸੇ ਹੋਰ ਅਵਤਾਰਵਾਦੀ, ਦੇਹਧਾਰੀ ਨੂੰ ਪ੍ਰਭੂ ਨਹੀਂ ਜਾਨਣਾ ਚਾਹੀਦਾ। ਉਹ ਪ੍ਰਭੂ ਹੀ ਸੁੱਖਾਂ ਦਾ ਦਾਤਾ, ਬਖ਼ਸ਼ਿਸ਼ ਕਰਨ ਵਾਲਾ ਹੈ। ਭਗਤ-ਇਨਕਲਾਬੀ ਪੁਰਸ਼ ਰਵਿਦਾਸ, ਜੈਦੇਵ, ਤ੍ਰਿਲੋਚਨ, ਭਗਤ ਕਬੀਰ, ਨਾਮਦੇਵ ਜੀ, ਬੇਣੀ ਜੀ ਵਾਂਗ ਹੂ-ਬਹੂ ਉਸ ਨੂੰ ਹੀ ਸੁੱਖਾਂ ਦਾ ਦਾਤਾ ਜਿਸ ਦੀ ਕ੍ਰਿਪਾ ਦ੍ਰਿਸ਼ਟੀ ਅਤਿਅੰਤ-ਬਗ਼ੈਰ ਕਿਸੇ ਅੰਤਰ ਦੇ, ਬਗ਼ੈਰ ਰੰਗ, ਨਸਲ, ਜਾਤ-ਪਾਤ ਦੇ ਭੇਦ ਭਾਵ ਦੇ ਹੈ, ਨੂੰ ਸੱਚ ਕਰਕੇ ਜਾਨਣਾ ਚਾਹੀਦਾ ਹੈ ਜਿਵੇਂ ਉਨ੍ਹਾਂ ਜਾਣਿਆ, ਉਨ੍ਹਾਂ ਨੇ ਪਰਮਪਦ ਦੀ ਪ੍ਰਾਪਤੀ ਭਾਵ ਇਸ ਅਸਲੀਅਤ ਨੂੰ ਮਾਣਿਆ। ਇਸ ਕਰਕੇ ਕਵੀ ਕਲ੍ਹ ਬੇਨਤੀ ਕਰਦਾ ਹੈ ਕਿ ਇਸ ਤਰ੍ਹਾਂ ਸਮੂੰਹ ਭਗਤਾਂ-ਇਨਕਲਾਬੀ ਪੁਰਸ਼ਾਂ ਅਤੇ ਨਾਨਕ ਜੀ ਵਾਂਗ, ਉਸ ਸੱਚੇ ਅਕਾਲ ਪੁਰਖ ਜਿਸ ਦੀ ਬਖ਼ਸ਼ਿਸ਼ ਨਿਰੰਤਰ, ਨਿਤ ਨਵ ਤਨ ਬਗ਼ੈਰ ਰੰਗ, ਨਸਲ, ਜਾਤ-ਪਾਤ, ਭੇਦ ਭਾਵ ਦੇ ਛਾਇਓ, ਅੱਗੇ ਤੋਂ ਅੱਗੇ ਸਦੀਵੀ ਸੰਸਾਰ ਅੰਦਰ ਵਰਤ ਰਹੀ ਹੈ ਅਤੇ ਰਹੇਗੀ। ਉਸ ਦਾ ਹੀ ਜਸੁ ਗਾਇਨ ਭਾਵ ਪ੍ਰਚਾਰ ਕਰਨਾ ਚਾਹੀਦਾ ਹੈ।




.