.

ਗੁਰਦੁਆਰਿਆਂ ਦੀਆਂ ਪ੍ਰਬੰਧਕ ਕਮੇਟੀਆਂ

ਗੁਰੂ ਘਰਾਂ ਦੀਆਂ ਪ੍ਰਬੰਧਕ ਕਮੇਟੀਆਂ, ਗੁਰੂ ਘਰਾਂ ਦੀਆਂ ਮਾਲਕ ਨਹੀਂ ਹੁੰਦੀਆਂ, ਕਮੇਟੀ ਦੇ ਸਾਰੇ ਮੈਂਬਰ ਸੇਵਾਦਾਰ ਹੁੰਦੇ ਹਨ | ਗੁਰੂ ਘਰਾਂ ਦੇ ਮਾਲਕ ਸੰਗਤਾਂ ਹਨ (ਜਾਂ ਪੰਥ ਕਹਿ ਲੋ) , ਤੇ ਓਹਨਾਂ ਦਾ ਗੁਰੂ ਘਰਾਂ ਤੇ ਅਧਿਕਾਰ ਹੁੰਦਾ ਹੈ, ਸੇਵਾਦਾਰਾਂ ਦਾ ਨਹੀਂ, ਓਹਨਾਂ ਦਾ ਕੰਮ ਸਿਰਫ਼ ਆਪਣੀਆਂ ਸੇਵਾਵਾਂ ਨੂੰ ਸਹੀ ਢੰਗ ਨਾਲ ਨਿਭਾਉਣਾ ਹੁੰਦਾ ਹੈ | ਜਿਸ ਤਰਾਂ ਅਗਰ ਕੋਈ ਕਿਸੇ ਦਾ truck drive ਕਰਦਾ ਹੈ ਤਾਂ ਓਹ ਸਿਰਫ਼ ਡਰਾਇਵਰ ਹੀ ਹੈ, ਮਾਲਕ ਨਹੀਂ, ਉਸ ਦਾ ਟਰੱਕ ਤੇ ਕੋਈ ਅਧਿਕਾਰ ਨਹੀਂ ਉਸ ਦਾ ਕੰਮ ਸਿਰਫ਼ ਟਰੱਕ ਨੂੰ ਸਹੀ ਢੰਗ ਨਾਲ ਡਰਾਈਵ ਕਰਨਾ ਤੇ ਉਸ ਦਾ ਖਿਆਲ ਰਖਣਾ ਹੈ, ਹਾਂ ਉਸ ਦੀ ਕਿਹੜੀ insurance ਕਦੋਂ ਖਤਮ ਹੋ ਰਹੀ ਹੈ ਜਾਂ ਕਿਹੜੇ ਪੇਪਰ ਦੀ ਲੋੜ ਕਾਨੂੰਨੀ ਤੋਰ ਹੈ ਇਸ ਦਾ ਫਰਜ਼ ਹੈ ਕੇ ਸਹੀ ਰੱਖੇ, ਨਾ ਹੀ ਕਿਸੇ ਹੋਰ ਤਰੀਕੇ ਨਾਲ ਟਰੱਕ ਨੂੰ ਡਰਾਈਵ ਕਰਦਾ ਹੋਇਆ ਕਨੂੰਨ ਦੀ ਕਿਸੇ ਢੰਗ ਨਾਲ ਓਲਘਨਾ ਕਰੇ, ਤੇ ਟਰੱਕ ਦੀ ਸੰਭਾਲ ਕਰੇ | ਇਹ ਉਸ ਡਰਾਇਵਰ ਦੀਆਂ ਆਪਣੇ ਟਰੱਕ ਪ੍ਰਤੀ ਜ਼ੁੰਮੇਵਾਰੀਆਂ ਹਨ ਤੇ ਇਹਨਾਂ ਨੂੰ ਸਹੀ ਢੰਗ ਨਾਲ ਨਿਭਾਉਣ ਵਾਲਾ ਹੀ ਇੱਕ ਇਮਾਨਦਾਰ ਡਰਾਇਵਰ ਹੈ | ਅਗਰ ਕੋਈ ਡਰਾਇਵਰ ਟਰੱਕ ਤੇ ਆਪਣੀ ਮਾਲਕੀਅਤ ਜਿਤਾਂਉਂਦਾ ਹੈ ਤਾਂ ਮਾਲਕ ਉਸ ਨੂੰ ਰੋਕੇਗਾ ਤੇ ਕੰਮ ਤੋਂ ਵੀ ਕੱਢ ਦੇਵੇਗਾ | ਇਸੇ ਤਰਾਂ ਗੁਰੂ ਘਰਾਂ ਦੀਆਂ ਕਮੇਟੀਆਂ ਹਨ, ਓਹਨਾਂ ਦਾ ਕੰਮ ਸਿਰਫ਼ ਸੰਗਤਾਂ ਦੀ ਸੇਵਾ ਕਰਨੀ ਹੈ ਤੇ ਹੋਰ ਆਪਣੀਆਂ ਜ਼ੁੰਮੇਵਾਰੀਆਂ ਨਿਭਾਉਣਾ ਹੈ, ਗੁਰੂ ਘਰਾਂ ਤੇ ਕਾਬਜ਼ ਹੋਣਾ ਨਹੀਂ | ਲੇਕਿਨ ਦੇਖਣ ਵਿੱਚ ਜੋ ਆ ਰਿਹਾ ਓਹ ਇਸ ਤਰਾਂ ਨਹੀਂ ਹੈ। ਹਾਂ ਇਸ ਤੋਂ ਉਲਟ ਹੈ | ਪਰ ਇਸ ਲਈ ਜ਼ੁੰਮੇਵਾਰ ਕੋਣ ਹੈ? ਕਮੇਟੀਆਂ ਕੇ ਸੰਗਤਾਂ?

ਸੰਗਤਾਂ ਤੋਂ ਖਿਮਾ ਜਾਚਣਾ ਕਰਨ ਤੋ ਉਪਰੰਤ, ਮੈਂ ਇਹ ਕਹਾਂਗਾ ਕੇ ਸੰਗਤਾਂ ਵੀ ਇਸ ਲਈ ਬਹੁਤ ਹੱਦ ਤੱਕ ਜ਼ੁੰਮੇਵਾਰ ਹਨ, ਖਾਸ ਕਰਕੇ ਪ੍ਰਦੇਸ਼ਾਂ ਵਿੱਚ, ਕਿਉਂਕਿ ਮੈਂ ਦੇਖਿਆ ਹੈ ਕੇ ਸੰਗਤਾਂ ਆਪਣਾ ਫਰਜ਼ ਪੂਰਾ ਨਹੀਂ ਕਰਦੀਆਂ, ਜਦੋਂ ਕਮੇਟੀਆਂ ਦੀ ਚੋਣਾਂ ਹੁੰਦੀਆਂ ਹਨ ਤਾਂ ਸੰਗਤਾਂ ਆਪਣੀ ਜ਼ੁੰਮੇਵਾਰੀ ਤੋਂ ਪਾਸਾ ਵੱਟ ਜਾਂਦੀਆਂ ਹਨ | ਜੋ ਸੰਗਤਾਂ ਵਿਚੋਂ ਗੁਰੂ ਘਰਾਂ ਦੇ ਕਨੂੰਨੀ ਤੋਰ ਤੇ ਮੈਂਬਰ ਹਨ ਓਹਨਾਂ ਦਾ ਫਰਜ਼ ਬਣਦਾ ਹੈ ਕੇ ਓਹ ਆਪਣੀ ਜ਼ੁੰਮੇਵਾਰੀ ਸਮਝਦੇ ਹੋਏ ਚੋਣਾਂ ਲਈ ਨਿਯੁਕਤ ਕੀਤੇ ਦਿਨ ਗੁਰੂ-ਘਰ ਵਿੱਚ ਪਹੁੰਚ ਕੇ ਆਪਣਾ ਬਣਦਾ ਯੋਗਦਾਨ ਪਾਨ ਤੇ ਸਹੀ ਕਾਰਿੰਦਿਆਂ ਦੀ ਚੋਣ ਕਰਨ ਜੋ ਯੋਗ ਹੋਣ, ਤੇ ਓਹਨਾਂ ਯੋਗਤਾ ਦਾ ਅਧਾਰ ਨਿੱਜੀ ਸਬੰਧ ਜਾ ਕੋਈ ਲਾਲਚ ਨਾ ਹੋਵੇ, ਘਟੋ ਘਟ ਗੁਰੂ ਘਰ ਵਿੱਚ ਤਾਂ ਧਰਮ ਦੀ ਪਾਲਣਾ ਸ਼ੁਰੂ ਕਰੋ | ਜੋ ਸੰਗਤਾਂ ਪ੍ਰਦੇਸ਼ਾਂ ਵਿੱਚ ਕਾਨੂੰਨੀ ਤੋਰ ਤੇ ਆਪਣੇ ਗੁਰੂ ਘਰਾਂ ਦੀਆਂ ਮੈਂਬਰ ਹਨ ਓਹਨਾਂ ਨੂੰ ਕਦੇ ਵੀ ਵੋਟਾਂ ਵਾਲੇ ਦਿਨ ਢਿੱਲ ਨਹੀਂ ਵਰਤਣੀ ਚਾਹੀਦੀ ਇਸ ਨੂੰ ਜਰੂਰੀ ਕੰਮ ਮਨੋ ਹੋਰ ਕਮਾ ਦੀ ਤਰਾਂ ਜਿਵੇਂ ਇਮਾਨਦਾਰੀ ਆਪਣੇ ਧੰਦਿਆਂ ਨਾਲ ਦਿਖਾਂਉਂਦੇ ਹਨ ਕਦੇ ਵੀ ਦੇਰ ਨਹੀਂ ਕਰਦੇ ਜਾ ਗੈਰਹਾਜ਼ਰ ਨਹੀਂ ਹੁੰਦੇ ਉਸੇ ਤਰਾਂ ਚੋਣਾਂ ਵਾਲੇ ਦਿਨ ਵੀ ਕਦੇ ਗੈਰਹਾਜ਼ਰ ਨਾ ਹੋਵੇ | ਸੰਗਤਾਂ ਨੂੰ ਸਮਝਣ ਦੀ ਲੋੜ ਹੈ ਕੇ ਅਗਰ ਅੱਜ ਸਿੱਖੀ ਦੇ ਦਿਨ ਬਰ ਦਿਨ ਵਿਗੜ ਰਹੇ ਰੂਪ ਨੂੰ ਰੋਕਣਾ ਹੈ ਤੇ ਨਿਰੋਲ ਸਿੱਖੀ ਦੀ ਸਥਾਪਨਾ ਫਿਰ ਤੋਂ ਕਰਨੀ ਹੈ ਜੋ ਕੇ ਲਾਜ਼ਮੀ ਹੈ, ਤਾਂ ਗੁਰੂ ਘਰਾਂ ਦਾ ਪ੍ਰਬੰਧ ਸਹੀ ਹੱਥਾਂ ਵਿੱਚ ਹੋਣਾ ਬਹੁਤ ਜਰੂਰੀ ਹੈ | ਅਜੋਕੇ ਗੁਰੂ ਘਰਾਂ ਦੇ ਪ੍ਰਬੰਧਕਾਂ ਵੱਲ ਝਾਤੀ ਮਾਰੀ ਜਾਵੇ ਤਾਂ ਮਾਫ਼ ਕਰਨਾ ਦੇਖ ਕੇ ਨਿਰਾਸ਼ਾ ਹੁੰਦੀ ਹੈ, ਬਹੁਤ ਹੀ ਟਾਂਵੀਂਆਂ ਟਾਂਵੀਂਆਂ ਕਮੇਟੀਆਂ ਹੋਣ ਗੀਆਂ ਜਿੰਨਾ ਵਿੱਚ ਗੁਰਮਤ ਸੋਝੀ ਵਾਲੇ ਕੁੱਝ ਕੁ ਸਜਣ ਹੋਣਗੇ, ਬਹੁਤੀਆਂ ਕਮੇਟੀਆਂ ਸਿੱਖੀ ਸਰੂਪ ਵਾਲੇ ਸਜਣਾ ਤੋਂ ਹੀ ਵਾਂਝੀਆਂ ਹਨ, ਜੋ ਮੰਦ ਭਾਗੀ ਗਲ ਹੈ | ਇਸੇ ਕਰਕੇ ਸਿਖੀ ਵਿੱਚ ਆ ਚੁਕੇ ਨਿਘਾਰ ਦੀਆਂ ਅੱਜ ਇਹ ਗੁਰੂਘਰਾਂ ਦੀਆਂ ਪ੍ਰਬੰਧਿਕ ਕਮੇਟੀਆਂ ਜ਼ੁੰਮੇਵਾਰ ਹਨ | ਤੁਸੀਂ ਆਪਣੇ ਆਲ਼ੇ ਦੁਆਲੇ ਕਿਸੇ ਵੀ ਕੰਮ ਤੇ ਝਾਤੀ ਮਾਰੋ ਤੁਹਾਨੂੰ ਦਿਸੇਗਾ ਕੇ, ਹਰ ਹੋ ਰਹੇ ਕੰਮ ਦੀ ਜ਼ੁੰਮੇਵਾਰੀ ਉਸ ਬੰਦੇ ਕੋਲ ਹੁੰਦੀ ਹੈ ਜਿਸ ਕੋਲ ਉਸ ਚੀਜ਼ ਦਾ ਤਜਰਬਾ ਹੁੰਦਾ ਹੈ, ਉਪਰ ਅਸੀਂ ਟਰੱਕ ਡਰਾਇਵਰ ਦੀ ਉਧਾਰਣ ਲਈ, ਕੀ ਕਦੇ ਕੋਈ ਕੰਪਨੀ ਜਾਂ ਮਲਿਕ ਆਪਣਾ ਟਰੱਕ ਉਸ ਬੰਦੇ ਨੂੰ ਡਰਾਇਵਰ ਕਰਨ ਵਾਸਤੇ ਦੇਵੇਗਾ ਜਿਸ ਕੋਲ ਕੋਈ ਤਜਰਬਾ ਹੀ ਨਹੀਂ ਹੈ ਡਰਾਵਿੰਗ ਦਾ? ਨਹੀਂ ਦੇਵੇਗਾ, ਜਾਂ ਅਗਰ ਕੋਈ ਤੁਹਾਡੀ ਦੁਕਾਨ ਹੈ ਉਸ ਦੀ ਜ਼ੁੰਮੇਵਾਰੀ ਕਿਸੇ ਐਸੇ ਵਿਅਕਤੀ ਨੂੰ ਦੇਵੋਗੇ ਜਿਸ ਕੋਲ ਦੁਕਾਨ ਦੀ ਦੇਖ-ਭਾਲ਼ ਲਈ ਲੋੜੀਂਦਾ ਤਜਰਬਾ ਨਹੀਂ ਹੈ? ਅਸੀਂ ਕਦੇ ਵੀ ਇੱਦਾਂ ਨਹੀਂ ਕਰਦੇ ਤੇ ਨਾ ਹੀ ਕੋਈ ਹੋਰ ਕਰਦਾ ਹੈ, ਲੇਕਿਨ ਗੁਰੂ ਘਰਾਂ ਦੀ ਚੋਣਾ ਸਮੇਂ ਅਸੀਂ ਜਰੂਰ ਇਸ ਤਰਾਂ ਕਰਦੇ ਹਾਂ ਕੇ ਨਹੀਂ?

ਤੁਸੀਂ ਦੇਖੋ ਕੇ Universities ਦੇ ਵਿੱਚ ਅਲੱਗ ਅਲੱਗ ਵਿਭਾਗ ਹੁੰਦੇ ਹਨ, ਵਿਗਿਆਨ ਦਾ ਅਲੱਗ, ਭਾਸ਼ਾਵਾਂ ਦਾ ਅਲੱਗ, ਗਣਿਤ ਦਾ ਅਲੱਗ ਇਸੇ ਤਰਾਂ ਬਾਕੀ, ਤੁਸੀਂ ਕਦੇ ਦੇਖਿਆ ਕੇ ਕਿਸੇ ਵਿਭਾਗ ਦਾ ਇਨਚਾਰਜ ਉਸ ਵਿਸ਼ੇ ਤੋਂ ਅਨਜਾਣ ਹੋਵੇ? ਨਹੀਂ ਕਦੇ ਵੀ ਅਜੇਹਾ ਨਹੀਂ ਹੁੰਦਾ, ਵਿਗਿਆਨ ਦੀ ਜਾਣਕਾਰੀ ਤੇ ਵਿਦਿਆ ਦਾ ਹੋਣਾ ਲਾਜ਼ਮੀ ਹੈ ਵਿਗਿਆਨ ਵਿਭਾਗ ਦੇ ਦੇਖ-ਭਾਲ਼ ਤੇ ਉਸ ਦੀ ਤਰੱਕੀ ਲਈ, ਕਦੇ ਵੀ ਅਗਰੇਜੀ ਭਾਸ਼ਾ ਦਾ ਮਾਹਿਰ ਪੰਜਾਬੀ ਭਾਸ਼ਾ ਦੇ ਵਿਭਾਗ ਨਹੀ ਚਲਾ ਪਵੇਗਾ | ਇਸ ਸੱਬ ਦਸਣ ਤੇ ਲਿਖਣ ਤੋਂ ਭਾਵ ਹੈ ਕੇ ਕਿਸੇ ਮਹਿਕਮੇ ਨੂੰ ਦੁਕਾਨ ਨੂੰ ਕੰਮ ਨੂੰ ਚਲਾਉਣ ਵਾਸਤੇ ਯੋਗਤਾ ਲਾਜ਼ਮੀ ਹੈ | ਇਸੇ ਤਰਾਂ ਅਸੀਂ ਅਗਰ ਗੁਰੂ ਘਰਾਂ ਦੀ ਗੱਲ ਕਰਦੇ ਹਾਂ ਤਾਂ, ਸਾਨੂੰ ਸਮਝਣਾ ਪਵੇਗਾ ਕੇ ਗੁਰੂ ਘਰਾਂ ਦਾ ਮੂਲ ਲਕਸ਼ ਕੀ ਹੈ? ਗੁਰੂ ਘਰਾਂ ਦਾ ਮੂਲ ਲਕਸ਼ ਹੈ ਸਿੱਖੀ ਦਾ ਪ੍ਰਚਾਰ, ਗੁਰੂ ਦੇ ਗਿਆਨ ਦਾ ਪਰਚਾਰ, ਤੇ ਸਿੱਖੀ ਤਾਂ ਹੀ ਪ੍ਰਫੁੱਲਤ ਹੋਵੇਗੀ ਅਗਰ ਪਰਚਾਰ ਵਧੀਆ ਹੋਵੇਗਾ, ਇਮਾਨਦਾਰ ਅਤੇ ਯੋਯਨਾਂਬਦ ਹੋਵੇਗਾ | ਤੇ ਇਹ ਸਬ ਤਾਂ ਹੋਵੇਗਾ ਜੇ ਇਸ ਨੂੰ ਕਰਨ ਵਾਲੇ ਇਸ ਵਿੱਚ ਨਿਪੁੰਨ ਹੋਣਗੇ, ਤਜਰਬੇਕਾਰ ਹੋਣਗੇ ਤੇ ਈਮਾਨਦਾਰ ਵੀ | ਹੁਣ ਜਿਹੜੇ ਸਜਣਾ ਨੇ ਸਿੱਖੀ ਸਰੂਪ ਨੂੰ ਹੀ ਅਲਵਿਦਾ ਕਿਹਾ ਹੋਇਆ ਹੈ ਓਹ ਕਿਵੇਂ ਸਿੱਖੀ ਦਾ ਪਰਚਾਰ ਕਰਵਾ ਸਕਦੇ ਹਨ? ਜਾਂ ਕੀ ਬਿਨਾ ਸਰੂਪ ਤੋਂ ਵੀ ਕੋਈ ਸਿੱਖੀ ਹੈ? ਜਿਹੜੇ ਸਜਣ ਨਸ਼ਿਆਂ ਦੇ ਆਦੀ ਹਨ ਓਹ ਕਿਵੇਂ ਸਿੱਖੀ ਦਾ ਪਰਚਾਰ ਕਰਨਗੇ ਜਾਂ ਕਰਵਾਉਣਗੇ? ਜਾਂ ਕੀ ਕੋਈ ਸਿੱਖੀ ਹੈ ਜੋ ਨਸ਼ੇ ਕਰਦਿਆਂ ਵੀ ਅਪਣਾਈ ਜਾ ਸਕਦੀ ਹੈ? ਆਪਣੀ ਕੌਮ ਦੇ ਪਤਵੰਤੇ ਸਜਣ ਤੇ ਪੜੇ ਲਿਖੇ ਸਜਣ ਇਹ ਕਹਿੰਦੇ ਹਨ ਕੇ, ਪ੍ਰਬੰਧ ਦੇਖਣ ਲਈ ਸਿਰਫ਼ ਪ੍ਰਬੰਧ ਦਾ ਤਜਰਬਾ ਹੋਣਾ ਜਰੂਰੀ ਹੈ, ਜਾਣੀ ਕੇ ਅਗਰ ਕੋਈ ਸਜਣ ਪੜ੍ਹਿਆ ਲਿਖਿਆ ਹੈ, ਉਸ ਦੀ ਕੀਤੀ ਜਾਂ ਚਲ ਰਹੀ ਜੌਬ ਵਿਚੋਂ ਅਗਰ ਉਸ ਨੂੰ ਤਜਰਬਾ ਹੈ ਤਾਂ ਓਹ ਪ੍ਰਬੰਧ ਕਿਉਂ ਨਹੀਂ ਦੇਖ ਸਕਦਾ? ਪ੍ਰਬੰਧ ਤਾਂ ਪ੍ਰਬੰਧ ਹੈ ਇਸ ਲਈ ਸਿਖ ਹੋਣਾ ਜਰੂਰੀ ਨਹੀਂ ਹੈ | ਵੈਸੇ ਇਹ ਸਵਾਲ ਸਿੱਖਾਂ ਚ ਹੀ ਹੈ ਹੋਰ ਧਰਮਾਂ ਵਿੱਚ ਇਸ ਤਰਾਂ ਬਿਲਕੁਲ ਨਹੀਂ ਹੈ, ਦੇਖਿਓ ਕਦੇ ਕਿਸੇ ਮਸੀਤ ਦਾ ਪ੍ਰਬੰਧ ਐਸੇ ਬੰਦੇ ਕੋਲ ਹੋਵੇ ਜੋ ਕਹਿਣ ਨੂੰ ਮੁਸਲਿਮ ਪਰ, ਸ਼ਰਾਬ ਪੀਂਦਾ ਹੋਵੇ, ਸੂਰ ਖਾਂਦਾ ਹੋਵੇ? ਕਦੇ ਨਹੀਂ ਮਿਲੇਗਾ, ਇਸੇ ਤਰਾਂ ਬਾਕੀ ਧਰਮਾਂ ਵਿੱਚ ਵੀ ਹੈ | ਲੇਕਿਨ ਆਪਣੇ ਸਿੱਖਾਂ ਵਿੱਚ ਇਸ ਗੱਲ ਨੂੰ serious ਹੀ ਨਹੀਂ ਲੈਂਦੇ, ਬਿਲਕੁਲ ਧਿਆਨ ਨਹੀਂ ਦਿੰਦੇ ਤੇ ਫਿਰ ਇਸ ਨਾਲ ਹੁੰਦਾ ਕੀ ਹੈ? ਚੰਗੇ, ਸੂਝਵਾਨ, ਗਿਆਨੀ ਪ੍ਰਚਾਰਕਾ ਦਾ ਬੰਦੋਬਸਤ ਨਹੀਂ ਹੁੰਦਾ, ਅਗਰ ਹੁੰਦਾ ਵੀ ਹੈ ਤਾਂ ਪ੍ਰਚਾਰਕਾਂ ਨੂੰ ਬਣਦੀ ਇੱਜ਼ਤ ਨਹੀਂ ਮਿਲਦੀ ਹੈ, ਨਾ ਹੀ ਬਣਦਾ ਸਤਿਕਾਰ ਤੇ ਨਾ ਹੀ ਨਿਰੋਲ ਗੁਰਮਤ ਦਾ ਪ੍ਰਚਾਰ ਕਰਨ ਦੀ ਸੁਤੰਤਰਤਾ ਹੁੰਦੀ ਹੈ | ਜਿਥੇ ਪਰਧਾਨ ਤੇ ਸਕੱਤਰ ਮੋਨੇ ਤੇ ਨਸ਼ੇੜੀ ਹੋਣਗੇ ਉਥੇ ਪ੍ਰਚਾਰਕ ਕਿਹੜੀ ਸਿੱਖੀ ਦੀ ਗੱਲ ਕਰੂ? ਹਰ ਕਿਸੇ ਦੀਆਂ ਮਜਬੂਰੀਆਂ ਹੁੰਦੀਆਂ ਹਨ ਤੇ ਕਿਸੇ ਦੀ ਮਜਬੂਰੀ ਦਾ ਫਾਇਦਾ ਸਿੱਖਾਂ ਵਿੱਚ ਓਹ ਸਿਖ ਹੀ ਚੁੱਕ ਸਕਦਾ ਹੈ ਜੋ ਆਪ ਸਿੱਖੀ ਦੇ ਸਿਧਾਂਤਾਂ ਤੋਂ ਵਾਂਝਾ ਹੋਵੇ | ਇਸ ਤਰਾਂ ਮਜਬੂਰ ਤੇ ਗਰੀਬ ਪ੍ਰਚਾਰਕਾਂ ਦੀ ਮਜਬੂਰੀ ਦਾ ਫਾਇਦਾ ਲਿਆ ਜਾਂਦਾ ਹੈ, ਓਹਨਾਂ ਕੋਲੋਂ ਮਨਮਰਜ਼ੀ ਦਾ ਪਰਚਾਰ ਕਰਾਇਆ ਜਾਂਦਾ ਹੈ |

ਕਈ ਜਗ੍ਹਾਵਾਂ ਤੇ ਮੈਂ ਖੁਦ ਗਵਾਹ ਹਾਂ ਕੇ ਪਰਧਾਨ ਜਾਂ ਸਕੱਤਰ ਪ੍ਰਚਾਰਕਾਂ ਨੂੰ ਇੱਦਾਂ ਆਵਾਜ਼ ਮਾਰਦੇ ਨੇ ਜਿਵੇਂ ਕੋਈ ਜਿਮੀਂਦਾਰ ਆਪਣੇ ਸੀਰੀ ਜਾਂ ਪਰਦੇਸੀ ਕਾਮੇ ਨੂੰ ਮਾਰਦਾ ਹੈ, ਹੋਰ ਤੇ ਹੋਰ ਲਾਗ ਡਾਟ ਵਾਲੇ ਬੰਦਿਆਂ ਕੋਲ ਬਹਿਣ ਖਲੋਣ ਨਹੀਂ ਦਿੰਦੇ, ਇਥੋਂ ਤੱਕ ਕੇ ਓਹਨਾਂ ਦੀ ਅਰਦਾਸ ਨਹੀਂ ਕਰਨ ਦਿੰਦੇ | ਹੁਣੇ ਭਾਰਤ ਵਿੱਚ ਹੋਈਆਂ ਵਿਧਾਨ ਸਭਾ ਦੀਆਂ ਚੋਣਾ ਵਿੱਚ ਤਾਂ ਇੱਕ ਹੋਰ ਗੱਲ ਸਾਹਮਣੇ ਆਈ ਹੈ ਕੇ, ਪ੍ਰਚਾਰਕ ਉਸੇ ਪਾਰਟੀ ਨੂੰ ਸਪੋਰਟ ਕਰਨਗੇ ਜਿਸ ਨੂੰ ਪਰਧਾਨ ਜਾਂ ਸਕੱਤਰ ਕਰਦਾ ਹੈ, ਅਜੇਹਾ ਨਾ ਕਰਨ ਤੇ ਕਈ ਮਜਬੂਰ ਪ੍ਰਚਾਰਕਾਂ ਦੀ ਪ੍ਰਧਾਨਾਂ ਤੇ ਸਕੱਤਰਾਂ ਵਲੋਂ ਪੇਸ਼ੀ ਕੀਤੀ ਗਈ | ਇਹੋ ਜਿਹੇ ਹਾਲਾਤਾਂ ਵਿੱਚ ਸਿੱਖੀ ਦਾ ਪ੍ਰਚਾਰ ਕਿਥੇ ਤੇ ਕਿਵੇਂ ਹੋਵੇਗਾ | ਇਸ ਲਈ ਅਗਰ ਪ੍ਰਬੰਧਕ ਕਮੇਟੀ ਵਿੱਚ ਸੂਝਵਾਨ ਸਜਣ ਹਨ ਜਿਹਨਾ ਨੇ ਖੁਦ ਸਿੱਖੀ ਨੂੰ ਸਮਝਿਆ ਹੀ ਨਹੀਂ ਬਲਕਿ ਅਪਣਾਇਆ ਵੀ ਹੋਇਆ ਹੈ, ਓਹਨਾਂ ਦੇ ਕਿਰਦਾਰ ਹਨ, ਜ਼ਿਆਦਾਤਰ ਲੋਕ (ਇਲਾਕੇ ਦੇ) ਓਹਨਾਂ ਦੀ ਇੱਜ਼ਤ ਕਰਦੇ ਹਨ (ਕਈ ਜਗ੍ਹਾ ਤੇ ਦੇਖਣ ਵਿੱਚ ਆਇਆ ਹੈ ਕੇ ਜਿਹਨ ਦੇ ਆਪਣੇ ਘਰ ਵੀ ਇੱਜ਼ਤ ਨਹੀਂ ਹੁੰਦੀ ਓਹ ਗੁਰੂ ਘਰਾਂ ਦੀਆਂ ਪ੍ਰਬੰਧਕ ਕਮੇਟੀਆਂ ਵਿੱਚ ਉੱਚੇ ਉਹਦਿਆਂ ਤੇ ਹੁੰਦੇ ਹਨ), ਪਹਿਲੀ ਤੇ ਲਾਜ਼ਮੀ ਗੱਲ ਕੇ ਓਹਨਾਂ ਪਾਹੁਲ ਖੰਡੇ ਦੀ ਲਈ ਹੋਵੇ, ਨਹੀਂ ਤੇ (ਕਿਸੇ ਖਾਸ ਮਜਬੂਰੀ ਕਾਰਨ ਕੇ ਅੰਮ੍ਰਿਤਧਾਰੀਆਂ ਦੀ ਘਾਟ ਹੈ ਇਲਾਕੇ ਵਿੱਚ) ਘਟੋ ਘੱਟ ਸਿੱਖੀ ਸਰੂਪ ਵਿੱਚ ਹਨ, ਕਿਸੇ ਪ੍ਰਕਾਰ ਦਾ ਕੋਈ ਵੀ ਨਸ਼ਾ (ਦਵਾਈ ਦੇ ਤੋਰ ਤੇ ਵੀ ਨਹੀਂ) ਨਹੀਂ ਕਰਦੇ, ਪੜੇ ਲਿਖੇ ਹਨ, ਪ੍ਰਦੇਸ਼ਾਂ ਵਿੱਚ ਉਸ ਦੇਸ਼ ਦੀ ਭਾਸ਼ਾ (ਇੰਗਲਿਸ਼ ਜਾਂ ਜੋ ਵੀ ਹੋਵੇ) ਦਾ ਗਿਆਨ ਬਹੁਤ ਵਧੀਆ ਢੰਗ ਨਾਲ ਹੋਵੇ | ਇਸ ਤੋਂ ਇਲਾਵਾ ਸਿੱਖੀ ਦਾ ਹਰ ਪੱਖੋਂ ਗਿਆਨ ਹੋਵੇ, ਸਿਧਾਂਤਾਂ ਪੱਖੋਂ, ਇਤਿਹਾਸ ਪੱਖੋਂ ਤੇ ਕਿਸੇ ਵੀ ਧਰਮ ਨਾਲ ਗੁਰਮਤ ਦਾ ਤੁਲਨਾਤਮਿਕ ਸਮਝਦੇ ਹੋਣ, ਰਹਿਤ ਮਰਿਆਦਾ ਦਾ ਪਾਲਣ ਵੀ ਕਰਦੇ ਤੇ ਹੋਣ ਸਮਝਦੇ ਵੀ ਹੋਣ | ਕਿਸੇ ਵੀ ਪ੍ਰਕਾਰ ਦੇ ਲਾਲਚੀ ਨਾ ਹੋਣੇ, ਪੰਥ ਨਾਲ ਖੜਨ ਦੀ ਜੁੱਰਤ ਰਖਦੇ ਹੋਣ, ਸਰਕਾਰੀ ਨਾ ਹੋਣ ਤੇ ਨਾ ਇੰਡੀਅਨ ਸਰਕਾਰ ਦੇ ਥੱਲੇ ਲੱਗਣ ਵਾਲੇ ਹੋਣ, ਤਾਂ ਜੋ high commission ਜਾਂ councils ਤੋਂ ਬੁਲਾ ਬੁਲਾ ਕੇ ਅਧਿਕਾਰੀਆਂ ਨੂੰ ਸਿਰੋਪੇ ਨਾ ਦਿੰਦੇ ਰਹਿਣ | ਗੁਰਮਤ ਦੀ ਸੋਝੀ ਹੋਣ ਕਾਰਨ, ਵਧੀਆ ਪ੍ਰਚਾਰਕਾਂ ਦੀ ਪਹਿਚਾਣ ਰੱਖਣਗੇ, ਪ੍ਰਚਾਰਕਾਂ ਨਾਲ ਬਹਿ ਕੇ ਵਿਚਾਰਾਂ ਕਰਨਗੇ, ਪ੍ਰਚਾਰ ਦੇ ਵਧੀਆ ਢੰਗ ਸਾਹਮਣੇ ਅਓਣਗੇ, ਪੜੇ ਲਿਖੇ ਹੋਣ ਕਰਕੇ ਪ੍ਰਬੰਧ ਵੀ ਵਧੀਆ ਢੰਗ ਨਾਲ ਦੇਖਣਗੇ, ਤਾਂ ਕੇ ਕਨੂੰਨੀ ਸਮੱਸਿਆ ਨਾ ਹੋਵੇ | ਉੱਚੇ ਸੁੱਚੇ ਕਿਰਦਾਰਾਂ ਦੇ ਹੋਣ ਕਰਕੇ ਮਾਇਆ ਦਾ ਸਹੀ ਉਪਯੋਗ ਕਰਨਗੇ | ਸਭ ਤੋਂ ਵੱਡੀ ਗੱਲ ਕੇ ਓਹ ਆਪਣੇ ਆਪ ਨੂੰ ਸੰਗਤਾਂ ਦੇ ਸੇਵਾਦਾਰ ਸਮਝਣ, ਗੁਰੂ ਘਰਾਂ ਦੇ ਮਾਲਿਕ ਨਹੀਂ, ਬੋਸ ਨਹੀਂ ਕੇ ਆਪਣੀਆਂ ਮੰਨ ਮਰਜ਼ੀਆਂ ਕਰਦੇ ਫਿਰਨ, ਓਹਨਾਂ ਨੂੰ ਇਸ ਗੱਲ ਦਾ ਅਹਿਸਾਸ ਹੋਣਾ ਜਰੂਰੀ ਹੈ ਕੇ ਓਹ ਸੰਗਤਾਂ ਦੇ ਸੇਵਾਦਾਰ ਹਨ, ਇਸ ਲਈ ਸੰਗਤ ਦੇ ਰੂਪ ਵਿੱਚ ਕੋਈ ਲਾਗ ਡਾਟ ਵਾਲਾ (ਵੈਸੇ ਤਾਂ ਈਮਾਨਦਾਰ ਬੰਦੇ ਦਾ ਕਿਸੇ ਨਾਲ ਕੋਈ ਪੰਗਾ ਨਹੀਂ ਹੁੰਦਾ, ਪਰ ਫਿਰ ਵੀ ਹੁੰਦੇ ਹਨ ਕੁੱਝ ਸ਼ਰਾਰਤੀ ਲੋਕ ਸਮਾਜ ਵਿੱਚ ਇਸ ਲਈ ਕਹਿ ਨਹੀਂ ਸਕਦੇ) ਬੰਦਾ ਸੰਗਤੀ ਰੂਪ ਵਿੱਚ ਗੁਰੂ-ਘਰ ਆ ਜਾਵੇ ਤਾਂ ਉਥੇ ਉਸ ਦੇ ਵੀ ਸੇਵਾਦਾਰ ਹੀ ਹਨ ਤੇ ਉਸ ਨਾਲ ਕੋਈ ਗਲਤ ਵਰਤਾਰਾ ਜਾਂ ਵਿਤਕਰਾ ਨਾ ਕਰਨ | ਇਸ ਤਰਾਂ ਦੇ ਸਜਣ ਜਦੋਂ ਗੁਰੂ ਘਰਾਂ ਦੀਆਂ ਕਮੇਟੀਆਂ ਵਿੱਚ ਹੋਣਗੇ ਤਾਂ ਪ੍ਰਬੰਧ ਵਧੀਆ ਤੇ ਸੁਚੱਜੇ ਢੰਗ ਨਾਲ ਦੇਖਣਗੇ, ਸਹਿਜ ਜੀ ਗੱਲ ਹੈ ਕੇ ਫਿਰ ਸਿੱਖੀ ਦਾ ਨਿਰੋਲ ਪਰਚਾਰ ਸ਼ੁਰੂ ਹੋਵੇਗਾ, ਸਿੱਖੀ ਦੀ ਦਿਨੋਂ ਦਿਨ ਗੁਰੂ ਘਰਾਂ ਵਿੱਚ ਹੋ ਰਹੀਆਂ ਲੜਾਈਆਂ ਕਾਰਨ ਬਦਨਾਮੀ ਬੰਦ ਹੋਵੇਗੀ | ਪ੍ਰਚਾਰਕਾਂ ਦੀ ਇੱਜ਼ਤ ਹੋਵੇਗੀ, ਓਹਨਾਂ ਦੀਆਂ ਲੋੜਾਂ ਦਾ ਖਿਆਲ ਰਖਿਆ ਜਾਵੇਗਾ, ਓਹਨਾਂ ਨੂੰ ਬਣਦਾ ਸਤਿਕਾਰ ਤੇ ਹੱਕ ਮਿਲੇਗਾ, ਜਦੋਂ ਓਹਨਾਂ ਨੂੰ ਬਣਦਾ ਹੱਕ ਮਿਲੇਗਾ ਤਾਂ ਓਹ (ਜਿਹੜੇ ਕਰਦੇ ਹਨ) ਐਵੇਂ ਲੋਕਾਂ ਕੋਲੋਂ ਪੈਸੇ ਲੈ ਗੈਰ-ਗੁਰਮਤੀ ਅਰਦਾਸਾਂ ਨਹੀਂ ਕਰਨਗੇ ਤੇ ਬਲਿਕ ਇਸ ਦਾ ਵਿਰੋਧ ਕਰਨਗੇ | ਲੇਕਿਨ ਇਹ ਸਭ ਤਾਂ ਸੰਭਵ ਹੈ ਅਗਰ ਸੰਗਤ ਉੱਦਮ ਕਰੇਗੀ, ਇਸ ਗੱਲ ਨੂੰ ਸਮਝੇਗੀ ਕੇ ਇਸ ਨਾਲ ਓਹਨਾਂ ਦਾ ਖੁਦ ਕੀ ਨੁਕਸਾਨ ਹੈ, ਅਗਰ ਸਿੱਖੀ ਹੀ ਨਾ ਰਹੀ ਤੇ ਅਸੀਂ ਵੀ ਨਹੀਂ ਰਹਿਣਾ, ਸਾਡੀਆਂ ਨਸਲਾਂ ਖਤਮ ਹੋ ਜਾਣਗੀਆਂ | ਇਹ ਸਭ ਕੁੱਝ ਸਮਝਣਾ ਪਵੇਗਾ ਤੇ ਮੰਨਣਾ ਵੀ ਪਵੇਗਾ, ਫਿਰ ਜ਼ੁੰਮੇਵਾਰੀ ਸਮਝਦੇ ਹੋਏ ਯੋਗ ਵਿਅਕਤੀਆਂ ਦੀ ਚੋਣਾਂ ਗੁਰੂ ਘਰਾਂ ਵਿੱਚ ਸ਼ੁਰੂ ਕਰਨੀਆਂ ਪੈਣਗੀਆਂ, ਚੋਣਾ ਵਾਲੇ ਦਿਨ ਹੁੰਮ ਹਮਾ ਕੇ ਜ਼ੁੰਮੇਵਾਰੀ ਸਮਝਦੇ ਹੋਏ ਗੁਰੂ-ਘਰ ਪਹੋਂਚ ਕੇ ਸਹੀ ਉਮੀਦਵਾਰ ਚੁਣਨੇ ਪੈਣਗੇ | ਕਿਸੇ ਗਲ ਦੀ ਕੋਈ ਪ੍ਰਵਾਹ ਨਹੀਂ ਕਰਨੀ ਕੇ ਕੋਣ ਨਰਾਜ਼ ਹੁੰਦਾ ਤੇ ਕੀ ਹੁੰਦਾ, ਘਟੋ ਘੱਟ ਗੁਰੂ-ਘਰ ਤਾਂ ਇਮਾਨਦਾਰੀ ਦਿਖਾਉਣੀ ਸ਼ੁਰੂ ਹੋਵੇ, ਉਥੇ ਕਾਹਦਾ ਡਰ? ਪੰਥ ਦਾ ਨਿਮਾਣਾ ਦਾਸ ਹੁੰਦੇ ਹੋਏ ਇਹ ਬੇਨਤੀਆਂ ਮੈਂ ਸਿਖ ਸੰਗਤਾਂ ਦੇ ਚਰਨਾ ਵਿੱਚ ਰਖਦਾ ਹਾਂ ਕੇ, ਆਓ ਹੰਭਲਾ ਮਾਰ ਕੇ ਆਪਣੇ ਗੁਰੂ-ਘਰ ਸੰਭਾਲ ਲਈਏ |

ਸੁਖਵਿੰਦਰਜੀਤ ਸਿੰਘ




.