.

“ਗੁਰੂ ਗ੍ਰੰਥ ਸਾਹਿਬ ਵਿੱਚ ਵਰਤੇ ਸਿਰਲੇਖ (ਸੰਕੇਤ-ਟਿਪਣੀਆਂ ) ਬਾਰੇ ਜਾਣਕਾਰੀ”

ਗੁਰਬਾਣੀ ਜੀਵਾਤਮਾ ਤੇ ਪਰਮਾਤਮਾ ਦੇ ਮਿਲਾਪ ਦਾ ਅੰਗਮੀ ਨਾਦ ਹੈ। ਗੁਰਬਾਣੀ ਵਿਚੋਂ ਮਨੁੱਖੀ ਜੀਵਨ ਦੇ ਹਰੇਕ ਪਹਿਲੂ ਬਾਰੇ ਅਗਵਾਈ ਮਿਲਦੀ ਹੈ। ਗੁਰਸਿੱਖ ਹਰ ਰੋਜ਼ ਸਤਿਗੁਰਾਂ ਦੇ ਪਾਵਨ ਬਚਨ ਸ੍ਰਵਣ ਕਰ ਕੇ, ਉਹਨਾਂ ਨੂੰ ਪੱਲੇ ਬੰਨ੍ਹ ਕੇ, ਜੀਵਨ ਪੰਧ ਸਵਾਰਦੇ ਹਨ। ਗੁਰਸਿੱਖ ਵੀਰ, ਭੈਣਾਂ ਗੁਰਬਾਣੀ ਪੜਦੇ ਸਮੇਂ ਜਦੋਂ ਕਿਸੇ ਰਾਗ, ਵਾਰ, ਦੇ ਅਰੰਭ ਹੋਣ ਤੇ ਸਿਰਲੇਖ-(ਸੰਕੇਤ ਟਿਪਣੀਆਂ) ਦੇਖਦੇ ਹਨ ਤਾਂ ਸੋਚਣ ਲਈ ਮਜ਼ਬੂਰ ਹੋ ਜਾਂਦੇ ਨੇ ਕਿ ਇਹਨਾਂ ਦੀ ਕੀ ਭਾਵ ਹੈ। ਅਲੱਗ-ਅਲੱਗ ਟੀਕਿਆਂ ਵਿੱਚ ਇਹਨਾਂ ਸੰਕੇਤਕ ਸਿਰਲੇਖਾਂ ਵਾਰੇ ਵੱਖਰੇ-ਵੱਖਰੇ ਨੇਟ ਮਿਲਦੇ ਹਨ, ਜਿਸ ਕਰਕੇ ਆਮ ਗੁਰਸਿੱਖ ਵੀਰ, ਭੈਣ ਦੁਬਿਧਾ ਵਿਚ ਪੈ ਜਾਂਦੇ ਨੇ ਕਿ ਦਰੁਸਤ ਕੀ ਹੈ। ਇਸ ਔਂਕੜ ਨੂੰ ਦੇਖਦਿਆਂ ਗੁਰਸਿੱਖ ਵੀਰਾਂ ਦੇ ਕਹਿਣ ਤੇ ਕੁਝ ਕੁ ਸਿਰਲੇਖਾਂ ਵਾਰੇ ਲੋੜੀਂਦੀ ਜਾਣਕਾਰੀ, ਉਚਾਰਣ ਬਾਰੇ, ਨਾਲ-ਨਾਲ ਵਿਆਕਰਣਿਕ ਵੀਚਾਰ ਵੀ ਦੇਣ ਦਾ ਤੁੱਛ ਜਿਹਾ ਯਤਣ ਕੀਤਾ ਹੈ। ਆਸ ਹੈ ਗੁਰਸਿੱਖ ਵਿਦਵਾਨ ਵੀਰ ਇਸ ਨੂੰ ਪਸੰਦ ਕਰਣਗੇ। - :

“ਓਅੰਕਾਰੁ” (ਦਖਣੀ, ਓਅੰਕਾਰੁ)

ਰਾਮਕਲੀ ਰਾਗ ਵਿਚ ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਜਿਸ ਦੀਆਂ 54 ਪਉੜੀਆਂ ਹਨ। ਇਹ ਬਾਣੀ ,ਪਟੀ ਦੀ ਤਰਜ਼ ‘ਤੇ ਲਿਖੀ ਗਈ ਹੈ । ਇਸ ਬਾਣੀ ਦਾ ਨਾਂ ‘ਓਅੰਕਾਰ’ ਹੈ ਦਖਣੀ ਓਅੰਕਾਰੁ ਨਹੀਂ। ਲਫ਼ਜ਼ ‘ਦਖਣੀ’ ਦਾ ਸਬੰਧ ਰਾਮਕਲੀ ਰਾਗ ਨਾਲ ਹੈ, ਦਖਣੀ ਰਾਮਕਲੀ, ਜਿਵੇਂ ਵਡੰਹਸ ਦਖਣੀ, ਬਿਲਾਵਲ ਦਖਣੀ, ਇਸੇ ਤਰਾਂ ਹੀ ਇਹ ‘ਦਖਣੀ’-ਓਅੰਕਾਰ ਹੈ।

“ਚਉਪਦਾ”

ਚਾਰ ਪਦਿਆਂ ਵਾਲਾ ਸ਼ਬਦ (ਚਉ+ਪਦਾ)

ਗੁਰਬਾਣੀ ਵਿਚ ਦੁਪਦੇ -ਦੋ ਪਦਿਆਂ ਵਾਲੇ

ਤਿਪਦੇ- ਤਿੰਨ ਪਦਿਆਂ ਵਾਲੇ

ਪੰਚਪਦੇ - ਪੰਜ ਪਦਿਆਂ ਵਾਲੇ ਸ਼ਬਦ ਮਿਲਦੇ ਹਨ। ਇਹ ਸਾਰੇ ਸਮਾਸੀ ਸ਼ਬਦ ਹਨ। ਇਹਨਾਂ ਸਾਰਿਆਂ ਦੀ ਬਣਤਰ ਵਿਚ ‘ ਪਦੇ’ ਸਾਂਝਾ ਸਮਾਸੀ ਸ਼ਬਦ ਹੈ। ਇਹਨਾਂ ਦੇ ਅਗੇਤਰ ਵਰਤੇ ‘ਦੁ’ , ‘ਤਿ’ , ਚਉ , ਪੰਚ, ਸਧਾਰਨ ਸੰਖਿਅਕ ਵਿਸ਼ੇਸ਼ਣ ਸੰਖਿਪਤ ਰੂਪ ਹਨ। ਇਸ ਕਰਕੇ ਇਹਨਾਂ ਅਗੇਤਰ ਪਦਾਂ ਉੱਤੇ ਦਬਾਅ ਕੇ ਦੁ+ ਪਦੇ , ਤਿ+ਪਦੇ , ਪੰਚ+ਪਦੇ ਆਦਿ ਉਚਾਰਣ ਕਰਨਾ ਹੈ।

ਆਮ ਕਰਕੇ (ਮੂਲਿਕ) ‘ਚਉਪਦਾ’ ਚਾਰ ਪਦਿਆਂ ਵਾਲਾ ਛੰਦ ਹੁੰਦਾ ਹੈ , ਪਰ ਗੁਰਬਾਣੀ ਵਿਚ ਇਸ ਨੂੰ ਹੋਰ ਵਿਸ਼ਾਲ ਅਰਥਾਂ ਵਿਚ ਵਰਤਿਆ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਭਾਈ ਬੰਨੋ ਵਾਲੀ (ਖਾਰੀ ਸ਼ਾਖ) ਹੱਥ ਲਿਖਤ ਬੀੜਾਂ ਵਿਚ ਸ਼ਬਦ, ਅਸਟਪਦੀਆਂ, ਛੰਤ ਆਦਿ ਦੇ ਜੋੜ ਰੂਪ ਵਿਚ ਇਕ ਲਫ਼ਜ਼ ‘ਚਉਪਦਾ’ ਸ਼ਬਦ ਵਰਤਿਆ ਹੈ। ਇਸ ਬੀੜ ਵਿਚ ਸਿਰੀਰਾਗ ਦੀ ਵਾਰ ਉਪਰੰਤ ਅੰਕਿਤ ‘ਜੁਮਲਾ’ ਇਸ ਪ੍ਰਕਾਰ ਹੈ :

“੨੧॥੧॥ ਸਲੋਕ ਵਾਰਾਂ ਨਾਲਿ॥ ੪੩॥ ॥੧॥
ਚੳਪਦੇ ੧੦੦॥  ਅਸਟਪਦੀਆ. ੨੭॥
ਸ਼ਬਦ ਤਥਾ ਛੰਤ ਤਥਾ ਪਹਰੇ ਤਥਾ ਵਣਜਾਰਾ ॥੧੦॥
ਤਿਨ ਕਾ ਜੋੜ ਸਿਰੀਰਾਗ ਕਾ॥ ੧੩੮॥ ਜੁਮਲਾ”
ਮੇਰੇ ਕਹਿਣ ਦਾ ਭਾਵ ਹੱਥ ਲਿਖਤ ਬੀੜਾਂ ਵਿਚ ਜੋੜ ਦੀ ਥਾਂ ਚਉਪਦੇ ਤੋਂ ਕੰਮ ਲਿਆ ਹੈ । ਚਉਪਦਾ ਅੰਕਿਤ ਕੀਤਾ ਹੈ॥॥
“ਕਰਹਲਾ”
ਊਠ, ਸ਼ੁਤਰ, ਪੁਰਾਣੇ ਜਮਾਨੇ ਦੇਸ਼ਾਂਤਰਾਂ ਵਿਚ ਵਪਾਰ ਦੀ ਸਾਮਗ੍ਰੀ ਊਠਾਂ ਤੇ ਲੱਦ ਕੇ ਲੈ ਜਾਈਦੀ ਸੀ ਇਸੀ ਭਾਵ ਨੂੰ ਲੈ ਕੇ ਵਿਕਾਰਾਂ ਵਿਚ ਭ੍ਰਮਣ ਵਾਲੇ ਜੀਵ ਨੂੰ ਗੁਰਬਾਣੀ ਵਿਚ ਮਸਤੇ ਹੋਏ ਊਠ, ਆਪ ਮੁਹਾਰੇ ਮਨ ਊਠ ਆਖਿਆ ਹੈ।

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੰਦਰ ਗਉੜੀ ਰਾਗ ਵਿਚ ਪੰਨਾ 234-235 ਉਤੇ ਅੰਕਿਤ ਹੈ। ਜਿਸ ਵਿਚ ਮਨ ਨੂੰ ਬਾਰ ਬਾਰ ਕਰਹਲਾ (ਊਠ) ਆਖ ਕੇ ਜੀਵਨ ਮਨੋਰਥ ਦੀ ਪ੍ਰਾਪਤੀ ਲਈ ਪ੍ਰੇਰਨਾ ਦਿਤੀ ਹੈ।
ਕਈ ਸੱਜਣ ਇਸ ਲਫ਼ਜ਼ ਦਾ ਅਰਥ ‘ਧਾਵਾ ਕਰ’ ਕਰਦੇ ਹਨ ਜੋ ਕਿ ਗ਼ਲਤ ਹੈ। ਇਹ ਪਾਠ ਫਿਰ ਇਹ ਬਣ ਸਕਦਾ ਸੀ ਜੇ ‘ਕਰ’ ਪਦ ਨੂੰ ਸਿਹਾਰੀ ਹੁੰਦੀ। ‘ਕਰਹਲ’ ਦਾ ਕੋਸ਼ਕ ਅਰਥ ਵੀ ‘ਊਠ’ ਹੈ। ‘ਕਰਹਲਾ’ -ਸੰਬੋਧਨ ਕਾਰਕ, ਇਕ ਵਚਨ ਪੁਲਿੰਗ ਨਾਂਵ ਹੈ।
“ਛਕੇ”
ਛਕੇ/ਛਕਾ ਦਾ ਭਾਵ “ਛੇਆਂ ਦਾ ਇਕੱਠ”
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਕਈ ਰਾਗਾਂ ਵਿਚ ਇੱਕੋ ਮਹਲੇ ਅਥਵਾ ਇੱਕੋ ਘਰ ਦੇ ਛੇ ਸ਼ਬਦਾਂ, ਛੰਤਾਂ, ਅਸਟਪਦੀਆਂ ਦੇ ਅੰਤ ਵਿਚ ‘ਛਕਾ’ ੧’ ਛਕੇ ੨’ ; ਛਕੇ ੩’ ਸੂਚਨਾ ਅੰਕਿਤ ਹੈ ,
ਛਕਾ ਪਦ ਨਾਲ ਅੰਕ ‘ਸਧਾਰਨ ਸੰਖਿਅਕ ਵਿਸ਼ੇਸ਼ਣ ‘ਹਨ। ਇਸ ਲਈ ਇਹਨਾਂ ਦਾ ਉਚਾਰਣ. ੧-ਇਕ
੨- ਦੋ ੩- ਤਿੰਨ ; ਭਾਵ. ਛਕਾ ਇਕ, ਛਕੇ ਦੋ, ਛਕੇ ਤਿੰਨ, ਕਰਨਾ ਹੈ।
“ਛੰਤ”
ਗੁਰੂ ਗ੍ਰੰਥ ਸਾਹਿਬ ਵਿਚ ਇਕ ਪ੍ਰਕਾਰ ਦੇ ਸ਼ਬਦ ਜੋ ਚਾਰ ਤੁਕੇ ਹਨ। ਛੇ ਤੁਕੇ ਬੀ ਹਨ ਜਿਵੇਂ
”ਹਰਿ ਅੰਮ੍ਰਿਤ ਭਿੰਨੇ ਲੋਇਣਾ......
”ਤੂ ਸੁਣਿ ਹਰਣਾ ਕਾਲਿਆ.......
“ਦੁਤੁਕਾ”
ਜਿਸ ਸ਼ਬਦ ਹਰੇਕ ਪਦ ਵਿਚ ਦੋ ਦੋ ਤੁਕਾਂ ਹੋਣ , ਦੁਤੁਕਾ ਕਹੀਦਾ ਹੈ। ਉਚਾਰਣ ‘ਦ’ ਅਗੇਤਰ ਹੈ ਇਸ ਉਪਰ ਰਤਾ ਕੁ ਦਬਾਅ ਦੇਕੇ ‘ਦੁ+ ਤੁਕਾ ਕਰਨਾ ਹੈ।
“ਪਹਰਿਆ ਕੈ ਘਰਿ ਗਾਵਣਾ”
ਇਹ ਸੰਕੇਤ ਸਿਰੀਰਾਗ ਵਿਚ ਭਗਤ ਬੇਣੀ ਜੀ ਦੇ ਸ਼ਬਦ ’ਰੇ ਨਰ ਗਰਭ ਕੁੰਡਲ ਜਬ ਆਛਤ’ ਅਰੰਭ ਤੋਂ ਪਹਿਲਾਂ ਸਿਰਲੇਖ ਤੌਰ ਤੇ ਦਿੱਤਾ ਹੈ। ਇਸ ਦਾ ਭਾਵ ਹੈ ਜਿਸ ਘਰ ਵਿਚ ‘ਪਹਰੇ’(74) ਗਾਉਣੇ ਹਨ, ਉਸ ਘਰ ਵਿਚ ਇਹ ਬੇਣੀ ਜੀ ਦਾ ਸ਼ਬਦ ਗਾਉਣਾ ਹੈ।
“ਪੜਤਾਲ”
ਜਿਥੇ ਗਾਉਣ ਵਿਚ ਮੁੜ ਮੁੜ ਤਾਲ ਪਰਤਾਇਆ ਜਾਂਦਾ ਹੈ।
“ਯਾਨੜੀਏ ਕੈ ਘਰਿ”
ਰਾਗ ਬਿਲਾਵਲ (ਪੰਨਾ 802) ਤੇ ਸਿਰਲੇਖ ਹੈ ‘ਰਾਗ ਬਿਲਾਵਲੁ ਮਹਲਾ ੫ ਘਰੁ ੨ ਯਾਨੜੀਏ ਕੈ ਘਰਿ’ ਅੰਕਿਤ ਹੈ। ਜਿਸ ਘਰ ਵਿਚ ‘ਇਆਨੜੀਏ ਮਾਨੜਾ ਕਾਇ ਕਰੇਹਿ’ (੭੨੨) ਵਾਲਾ ਸ਼ਬਦ ਗਾਵਿਆ ਜਾਂਦਾ ਹੈ ਉਸੇ ਵਿਚ ਇਸ ਸ਼ਬਦ ਨੂੰ ਗਾਉਣਾ ਹੈ।
ਨੋਟ : ਕਰਤਾਰਪੁਰੀ ਬੀੜ (ਪੋਥੀ ਸਾਹਿਬ ਦਾ ਉਤਾਰਾ) ਵਿਚ ਪਾਠ ‘ਯਾਨੜੀਏ ਘਰਿ’ ਹੈ।
ਲਫ਼ਜ਼ ‘ਯਾਨੜੀਏ’ ਦਾ ਉਚਾਰਣ ਵਿਅੰਜਨ ਧੁਨੀ ਨਾਲ ਕਰਨਾ ਚਾਹੀਦਾ ਹੈ।
“ਰਹੋਏ ਕੇ ਛੰਤ ਕੈ ਘਰਿ”
ਪੰਨਾ ੨੦੩ ਉੱਤੇ ਗਉੜੀ ਰਾਗ ਵਿਚ ਮਹਲਾ ੫ ਦਾ ਸ਼ਬਦ ਹੈ ਜਿਸ ਦੇ ਸਿਰਲੇਖ ਤੇ ਉਪਰੋਕਤ ਸੰਪਾਦਕੀ ਸੂਚਨਾ ਦਰਜ ਹੈ। ‘ਰਹੋਆ ਇਕ ਪ੍ਰਕਾਰ ਦਾ ਗੀਤ ਹੈ, ਜੋ ਲੰਮੀ ਹੇਕ ਨਾਲ ਗਾਈਦਾ ਹੈ। ਇਸ ਨੂੰ ਖ਼ਾਸ ਕਰਕੇ ਵਿਆਹ ਸਮੇਂ ਇਸਤਰੀਆਂ ਗਾਉਂਦੀਆਂ ਹਨ ਇਸ ਗੀਤ ਤੁਕ ਨੂੰ ਵਾਰ ਵਾਰ ਗਾਉਣੀ ਹੁੰਦੀ ਹੈ, ਰਹੋਆ ਦਾ ਭਾਵ ਵਾਰ ਵਾਰ ਗਾਉਣਾ। ਇਸ ਤਰਜ਼ ਤੇ ਗਾਉਣ ਦੀ ਹਦਾਇਤ ਕੀਤੀ ਹੈ।
“ਕਾਫ਼ੀ”
ਕਾਫ਼ੀ ਅਰਬੀ ਦਾ ਪਦ ਹੈ ਜਿਸ ਦਾ ਅਰਥ ਹੈ ਸਥਾਈ ਵਾਲੀ ਤੁਕ, ਗੁਰੂ ਸਾਹਿਬ ਨੇ ਆਸਾ, ਤਿਲੰਗ, ਸੂਹੀ, ਮਾਰੂ ਰਾਗ ਵਿਚ ਇਸ ਕਾਵਿ-ਰੂਪ ਦੀ ਵਰਤੋਂ ਕੀਤੀ ਹੈ । ਇਹ ਗੀਤ ਦੀ ਇਕ ਧਾਰਨਾਂ ਹੈ।
“ਆਸਾਵਰੀ”
ਸੰਪੂਰਣ ਜਾਤਿ ਦਾ ਇਕ ਰਾਗ, ਜਿਸ ਦਾ ਧਾ ਵਾਦੀ ਤੇ ਗਾ ਸੰਵਾਦੀ ਹੁੰਦਾ ਹੈ। ਇਸ ਵਿਚ ਗ, ਧਾ ਤੇ ਨੀ ਕੋਮਲ ਅਤੇ ਬਾਕੀ ਸੁਰ ਸ਼ੁਧ ਲਗਦੇ ਹਨ ਇਹ ਰਾਗ ਆਸਾ ਨਾਲ ਮਿਲਾਕੇ ਲਿਖਿਆ ਹੈ , ਵੱਖਰਾ ਨਹੀਂ।
“ਏਕੁ ਸੁਆਨੁ ਕੈ ਘਰਿ ਗਾਵਣਾ”
ਜਿਸ ਸ੍ਵਰ ਪ੍ਰਸ੍ਵਾਰ ਦੇ ਨਿਯਮ ਅਨੁਸਾਰ ਸਿਰੀ ਰਾਗ ਦਾ ਸ਼ਬਦ ‘ਏਕੁ ਸੁਆਨੁ ਦੁਇ ਸੁਆਨੀ ਨਾਲਿ’ (ਸਿਰੀਰਾਗ ਮ:੧ਘਰ ੪) ਗਾਈਦਾ ਹੈ, ਉਸੇ ਵਿਚ ਇਹ ਸ਼ਬਦ ਗਾਉਣ ਦੀ ਹਿਦਾਇਤ ਹੈ। (ਮਹਾਨ ਕੋਸ਼, 98)
“ਜਤਿ”
‘ਜਤਿ’ ਲ਼ਫ਼ਜ਼ ਗੁਰੂ ਗ੍ਰੰਥ ਸਾਹਿਬ ਵਿਚ ਕੇਵਲ ਦੋ ਵਾਰ ਆਇਆ ਹੈ:
੧. ਆਸਾ ਮਹਲਾ ੫ ਬਿਰਹੜੇ ਘਰੁ ੪ ਛੰਤਾ ਕੀ ਜਤਿ  (੮੩੮)
੨. ਬਿਲਾਵਲੁ ਮਹਲਾ ੧ ਥਿਤੀ ਘਰੁ ੧੦ ਜਤਿ (੮੩੮)
ਜਤਿ ਦਾ ਭਾਵ ਹੈ ਜੋੜੀ ਵਜਾਣ ਦੀ ਇਕ ਧਾਰਨਾ।
“ਸੁਧੰਗ”
ਸ਼ੁਧ ਅੰਗ ਵਾਲੀ, ਸ਼ੁਧ ਸੁਰ ਵਾਲੀ ਇਹ ਸੂਚਨਾ ਗਾਉਣ ਦੀ ਤਰਜ਼ ਬਾਬਤ ਹੈ ਕਿ ੧੬ ਤਾਰ ਵਿਚ ਆਸਾਵਰੀ ਸ਼ੁਧ ਅੰਗ ਵਿਚ ਗਾਵਣ ਵਾਲੀ ਹੈ।
ਭੁੱਲ-ਚੁੱਕ ਮੁਆਫ
ਹਰਜਿੰਦਰ ਸਿੰਘ ‘ਘੜਸਾਣਾ’

khalsasingh.hs@gmail.com
.