.

ਪਾਉਂਟਾ ਸਾਹਿਬ ਭੰਗਾਣੀ (ਹਿਮਾਚਲ ਪ੍ਰਦੇਸ) ਗੁਰੂ ਘਰਦੇ ਯੋਧਿਆਂ ਤੇ ਕਵੀਆਂ ਦੀ ਕਰਮ-ਭੂਮੀ
ਡਾ: ਦਲਵਿੰਦਰ ਸਿੰਘ ਗ੍ਰੇਵਾਲ

ਅਪਰੈਲ, 1983 ਦੇ ਅਖੀਰਲੇ ਦਿਨ ਸਨ। ਅਸੀਂ ਭਾਰਤ ਦਰਸ਼ਨ ਕਰਦੇ ਕਰਦੇ ਦੇਹਰਾਦੂਨ ਪਹੁੰਚੇ ਤਾਂ ਹਰ ਕੋਈ ਆਪਣੀ ਪਸੰਦ ਦੇ ਯਾਤਰਾ-ਸਥਾਨਾਂ ਵੱਲ ਉਠ ਨੱਠਾ। ਕੋਈ ਮਸੂਰੀ, ਕੋਈ ਹਰਦੁਆਰ ਤੇ ਕੋਈ ਰਿਸ਼ੀਕੇਸ਼ ਵੱਲ ਹੋ ਤੁਰਿਆ। ਮੈਂ ਤੇ ਦਮਨਜੀਤ ਵੀ ਗਰਮੀ ਦੇ ਮਹੀਨੇ ਦੀ ਚੜ੍ਹਦੀ ਧੁੱਪ ਕਿਸੇ ਪਰਬਤ ਦੀ ਬੁਕਲ ਵਿੱਚ ਬਿਤਾਣ ਦੇ ਚਾਹਵਾਨ ਸਾਂ। ਸਟੇਸ਼ਨ ਤੋਂ ਉੱਤਰ, ਗੁਰਦੁਆਰਾ ਸਾਹਿਬ ਦਾ ਨਿਸ਼ਾਨ ਨਜਰੀਂ ਆਇਆ ਤਾਂ ਦਰਸ਼ਨਾਂ ਦੀ ਅਭਿਲਾਸ਼ਾ ਜਾਗੀ। ਗੁਰਦੁਆਰਾ ਇਤਿਹਾਸਕ ਸੀ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਦੇ ਚਰਨ ਪਏ ਸਨ। ਏਥੇ ਗੁਰੂ ਜੀ ਬਾਬਾ ਰਾਮ ਰਾਏ ਨਾਲ ਕੀਤੇ ਮਸੰਦਾਂ ਦੇ ਛਲ ਤੇ ਉਸਦੇ ਬਾਦ ਦੇ ਝਗੜੇ ਦੇ ਸਬੰਧ ਵਿੱਚ ਆਏ ਸਨ। ਬਾਬਾ ਰਾਮ ਰਾਇ ਜੀ ਗੁਰੂ ਘਰ ਦੀ ਪੀੜ੍ਹੀ ਵਿਚੋਂ ਸਨ। ਏਥੇ ਉਨ੍ਹਾਂ ਦੀ ਭਗਤੀ-ਸ਼ਕਤੀ ਤੋਂ ਪ੍ਰਭਾਵਿਤ ਹੋ ਔਰੰਗਜ਼ੇਬ ਨੇ ਉਨ੍ਹਾਂ ਨੂੰ ਕੁੱਝ ਪਿੰਡ ਦਿੱਤੇ ਹੋਏ ਸਨ। ਪਹਿਲਾਂ ਤਾਂ ਉਹ ਗੁਰੂ ਘਰ ਤੋਂ ਵਿਮੁੱਖ ਆਪਣਾ ਪੰਥ ਚਲਾਉਂਦੇ ਰਹੇ ਪਰ ਜਦ ਗੁਰੂ ਜੀ ਨਾਹਨ ਦੇ ਰਾਜਾ ਮੇਦਨੀ ਪ੍ਰਕਾਸ਼ ਦੇ ਸੱਦੇ ਤੇ ਪਾਉਂਟਾ ਸਾਹਿਬ ਬਿਰਾਜੇ ਤਾਂ ਬਾਬਾ ਰਾਮ ਰਾਇ ਦੇ ਦਿਲ ਵਿੱਚ ਗੁਰੂ ਜੀ ਦੇ ਦਰਸ਼ਨਾਂ ਦੀ ਤਾਂਘ ਜਾਗ ਪਈ। ਉਮਰ ਦੇ ਆਖਰੀ ਵਰ੍ਹੇ ਜਾਣਕੇ ਸ਼ਾਇਦ ਉਨ੍ਹਾਂ ਦੇ ਮਨ ਵਿੱਚ ਗੁਰੂ ਘਰ ਨਾਲ ਫਿਰ ਜੁੜ ਜਾਣ ਦੀ ਰੀਝ ਜਾਗ ਪਈ ਸੀ। ਇਸ ਲਈ ਗੁਰੂ ਜੀ ਪਾਸ ਉਨ੍ਹਾਂ ਸੁਨੇਹੜੇ ਘੱਲੇ। ਗੁਰੂ ਜੀ ਉਨ੍ਹਾਂ ਦੀ ਬਜ਼ੁਰਗੀ ਦਾ ਸਤਿਕਾਰ ਕਰਦੇ ਹੋਏ ਆਪ ਅਗੇ ਹੋ ਉਨ੍ਹਾਂ ਨੂੰ ਯਮੁਨਾ ਦੇ ਅੱਧ ਵਿੱਚ ਮਿਲੇ ਤੇ ਗਲ ਲਾਇਆ।
ਗੁਰੂ ਜੀ ਸੰਗ ਬਾਬਾ ਜੀ ਦੀ ਇਸ ਤਰ੍ਹਾਂ ਸਬੰਧ ਸਥਾਪਤੀ ਉਨ੍ਹਾਂ ਮਸੰਦਾਂ ਤੋਂ ਕਿੱਥੇ ਸਹਿ ਹੋਣੀ ਸੀ ਜਿਨ੍ਹਾਂ ਦੀ ਪੁੱਛ ਗਿਛ ਹੀ ਸਰਕਾਰੀ ਦਰ ਤੇ ਗੁਰੂ ਘਰ ਦੀ ਨਿੰਦਿਆ ਕਰਨ ਕਰਕੇ ਸੀ? ਕੁੱਝ ਦਿਨਾਂ ਬਾਅਦ ਮਸੰਦਾਂ ਨੇ ਸਾਜ਼ਿਸ ਕਰਕੇ ਸਮਾਧੀ ਵਿੱਚ ਬੈਠੇ ਬਾਬਾ ਰਾਮ ਰਾਇ ਜੀ ਨੂੰ ਚੁਕ ਕੇ ਦਾਹ ਸੰਸਕਾਰ ਕਰ ਦਿਤਾ। ਮਾਤਾ ਪੰਜਾਬ ਕੌਰ ਨੇ ਸਤਿਗੁਰੂ ਜੀ ਨੂੰ ਸਾਰਾ ਸਮਾਚਾਰ ਲਿਖ ਭੇਜਿਆ। ਜਿਸ ਤੇ ਗੁਰੂ ਜੀ ਨੇ ਦੇਹਰਾਦੂਨ ਪਹੁਚੰਕੇ ਦੋਸ਼ੀ ਮਸੰਦਾਂ ਨੂੰ ਕਰੜੀਆਂ ਸ਼ਜਾਵਾਂ ਦਿਤੀਆਂ। ਗੁਰੂ ਜੀ ਦੇ ਏਥੇ ਪਧਾਰਨ ਦੀ ਯਾਦ ਵਿੱਚ ਇਹ ਗੁਰਦੁਆਰਾ ਸਥਾਪਿਤ ਹੈ। ਏਥੋਂ ਹੀ ਪਤਾ ਲੱਗਾ ਕਿ ਭੰਗਾਣੀ ਦੇ ਯੁੱਧ ਦੀ ਯਾਦ ਵਿੱਚ ਭੰਗਾਣੀ ਸਾਹਿਬ ਵਿਖੇ 29-30 ਅਪਰੈਲ ਨੂੰ ਸੰਗਤਾਂ ਪਹੁੰਚਦੀਆਂ ਹਨ। ਪਾਉਂਟਾ ਸਾਹਿਬ ਤੇ ਹੋਰ ਗੁਰਦਆਰੇ ਵੀ ਵੇਖੇ ਜਾ ਸਕਣਗੇ। ਸਾਡੇ ਕੋਲ ਦਿਨ ਏਨੇਂ ਨਹੀਂ ਸਨ ਜੋ ਉਡੀਕ ਸਕਦੇ। ਮੈਂ ਦੂਜੇ ਦਿਨ ਆਪਣੇ ਪ੍ਰਬੰਧ ਵਿੱਚ ਹੀ ਜਾਣ ਦੀ ਸਲਾਹ ਬਣਾਈ। ਪਾਉਂਟਾਂ ਸਾਹਿਬ ਨੂੰ ਦੇਹਰਾਦੂਨ ਤੋਂ ਘੰਟੇ ਘੰਟੇ ਬਾਦ ਬੱਸਾਂ ਜਾਂਦੀਆਂ ਰਹਿੰਦੀਆਂ ਹਨ ਪਰ ਪਾਉਂਟਾ ਸਾਹਿਬ ਤੋਂ ਭੰਗਾਣੀ ਸਾਹਿਬ ਸਿਰਫ ਦੋ ਬੱਸਾਂ ਹੀ ਜਾਂਦੀਆਂ ਸਨ। ਇੱਕ ਸਵੇਰ ਦਸ ਵਜੇ ਤੇ ਇੱਕ ਸ਼ਾਮੀ ਤਿੰਨ ਵਜੇ। ਪਹਿਲੀ ਬੱਸ ਤੇ ਜਾਣਾ ਯੋਗ ਸਮਝ ਕੇ ਦੂਸਰੇ ਦਿਨ ਪਾਉਂਟਾ ਸਾਹਿਬ ਲਈ ਪਹਿਲੀ ਬੱਸ ਫੜਨ ਦੀ ਸਲਾਹ ਬਣੀ। ਦੂਸਰੇ ਦਿਨ ਸਵੇਰ ਦੇ ਨਾਸ਼ਤੇ ਤੋਂ ਬਾਅਦ ਮੈਂ ਤੇ ਦਮਨਜੀਤ ਬੱਸ ਵਿੱਚ ਜਾ ਬੈਠੇ। ਯਾਤਰੂ ਗਿਣਵੇਂ ਹੀ ਸਨ। ਸਿੰਘ ਅਸੀਂ ਦੋ ਹੀ ਸਾਂ। ਇਥੋਂ ਦੇ ਵਸਨੀਕ ਗੜ੍ਹਵਾਲੀ ਹਨ। ਟਾਵੇਂ ਟਾਵੇਂ ਗੋਰਖੇ ਤੇ ਡੋਗਰੇ ਵੀ ਹਨ। ਉਸ ਤਰ੍ਹਾਂ ਸ਼ਹਿਰ ਪੰਜਾਬੀਆਂ ਨਾਲ ਭਰਿਆ ਪਿਆ ਹੈ। ਸ਼ਹਿਰ ਵਿਚੋਂ ਦੀ ਲੰਘਦੇ ਅਧ ਸੁੱਤੇ ਸ਼ਹਿਰ ਦੀ ਜ਼ਿਦੰਗੀ ਦੇਖਕੇ ਅਸੀਂ ਫਾਰੈਸਟ ਰੀਸਰਚ ਇੰਸਟੀਚਿਉਟ ਲਾਗੋਂ ਦੀ ਨਿਕਲੇ ਜਿਸ ਵਿੱਚ ਤਰ੍ਹਾਂ ਤਰ੍ਹਾਂ ਦੇ ਰੁੱਖਾਂ ਉਪਰ ਤਜਰਬੇ ਕਰਕੇ ਜੰਗਲਾਤ ਦੇ ਵਾਧੇ ਲਈ ਚੰਗਾ ਉਪਰਾਲਾ ਕੀਤਾ ਜਾ ਰਿਹਾ ਹੈ। ਏਸੇ ਰਾਹ ਤੋਂ ਲੰਘਦੇ ਦਮਨਜੀਤ ਨੂੰ ਇੰਡੀਅਨ ਮਿਲਟਰੀ ਅਕੈਡਮੀ `ਚ ਲੰਘਾਏ ਦਿਨ ਯਾਦ ਆ ਗਏ। ਮਸ਼ਹੂਰ ਚੈਟਵੁਡ ਹਾਲ ਅੱਗੇ ਕੈਡਿਟ ਉਵੇਂ ਹੀ ਚੁਸਤੀ ਨਾਲ ਪਰੇਡ ਕਰ ਰਹੇ ਸਨ। ਸ਼ਹਿਰ ਨਿਕਲਦੇ ਹੀ ਜਾਪਿਆ ਜਿਵੇਂ ਮੀਲਾਂ ਤਕ ਪਸਰੀ ਹਰੀ ਭਰੀ ਵਾਦੀ, ਬੁੱਕਲ ਵਿੱਚ ਲੈਣ ਲਈ ਬੁਲਾ ਰਹੀ ਹੋਵੇ। ਰੁੱਖਾਂ ਦੀ ਆੜ ਵਿੱਚ ਪੀਲੀਆਂ ਪੱਕੀਆਂ ਕਣਕਾਂ ਇੰਜ ਲਗਦੀਆਂ ਸਨ ਜਿਵੇਂ ਕੋਈ ਪਰੀ ਹਰਾ ਭੋਸ਼ਣ ਪਾਈ ਖੜਾ ਹੋਵੇ। ਰਸਤੇ ਦਾ ਪ੍ਰਮੁੱਖ ਕਸਬਾ ਐਲਬਰਟ ਨਗਰ ਸੀ ਪਰ ਬਸ ਵਾਲੇ ਨੇ ਰਾਹੋਂ ਵਲੇਵਾਂ ਪਾਕੇ ਵਿਕਾਸ ਨਗਰ ਵੀ ਦਿਖਾ ਦਿਤਾ, ਜਿਸ ਸਦਕਾ ਸਾਨੂੰ ਭੰਗਾਣੀ ਸਾਹਿਬ ਜਾਣ ਵਾਲੀ ਬਸ ਛੁਟ ਜਾਣ ਦਾ ਫਿਕਰ ਹੋ ਗਿਆ।

 ਐਲਬਰਟ ਨਗਰ ਚੋਂ ਨਿਕਲਦੇ ਸਾਰ ਜਮੁਨਾ ਦਾ ਕਿਨਾਰਾ ਚਾਲੂ ਹੋ ਗਿਆ। ਰਸਤੇ ਵਿੱਚ ਜਮੁਨਾ ਵਿਚੋਂ ਕੱਢੀ ਨਹਿਰ, ਜਮੁਨਾ ਡੈਮ ਤੇ ਬਿਜਲੀ ਘਰ ਵੱਲ ਵੀ ਝਾਤ ਪੈ ਗਈ। ਇਸ ਡੈਮ ਸਦਕਾ ਇਥੇ ਇਕਬਹੁਤ ਵੱਡਾ ਬਿਜਲੀ ਘਰ ਹੈ ਤੇ ਇੱਕ ਵੱਡੀ ਝੀਲ ਵੀ ਜਿਸ ਕਿਨਾਰੇ ਪਿਕਨਿਕ ਲਈ ਪਾਰਕ ਵੀ ਬਣਾਏ ਹੋਏ ਹਨ। ਪਰਬਤ `ਚੋਂ ਬੁੜ੍ਹਕਦੀ, ਸ਼ੋਰ ਮਚਾਂਦੀ ਜਮੁਨਾ ਏਥੇ ਆ ਕੇ ਸ਼ਾਂਤ ਹੋ ਗਈ। ਦੋਨੋਂ ਪਾਸੇ ਹਰੀਆਂ ਵਾਦੀਆਂ ਤੇ ਥੋੜ੍ਹੀ ਦੂਰ ਪਰਬਤ ਮਾਲਾਵਾਂ ਅੰਬਰ ਨੂੰ ਹੱਥ ਪਾਉਣ ਦੀ ਕੋਸ਼ਿਸ਼ ਵਿੱਚ ਲੱਗੀਆਂ ਦਿਸਦੀਆਂ ਹਨ। ਸਵਾ ਦਸ ਵਜੇ ਦੇ ਕਰੀਬ ਬੱਸ ਨੇ ਜਮਨਾ ਦੇ ਇਸ ਕਿਨਾਰੇ ਉਤਾਰ ਦਿਤਾ। ਅਗੋਂ ਪਾਉਂਟਾ ਸਾਹਿਬ ਜਾਣ ਲਈ ਪੁਲ ਪਾਰ ਕਰਨਾ ਪੈਂਦਾ ਹੈ ਜੋ ਯੂ: ਪੀ: ਤੇ ਹਿਮਾਚਲ ਦੀ ਹੱਦ ਹੈ ਤੇ ਚੈਕ ਪੋਸਟਾਂ ਵਿੱਚ ਘਿਰਿਆ ਹੋਇਆ ਹੈ। ਇਨ੍ਹਾਂ ਚੈਕ ਪੋਸਟਾਂ ਸਦਕਾ ਯੂ: ਪੀ: ਦੀਆਂ ਬੱਸਾਂ ਪਾਉਂਟਾ ਸਾਹਿਬ ਨਹੀਂ ਪਹੁੰਚਦੀਆਂ। ਉਤਰਦਿਆਂ ਹੀ ਯਮੁਨਾ ਦੇ ਕੰਢੇ ਦਰਖਤਾਂ ਵਿਚੋਂ ਨਿਸ਼ਾਨ ਸਾਹਿਬ ਤੇ ਗੁਰਦੁਆਰਾ ਸਾਹਿਬ ਦੀ ਨਵੀਂ ਬਣਦੀ ਬਿਲਡਿੰਗ ਨਜ਼ਰੀਂ ਪਈ। ਗੁਰਦੁਆਰਾ ਸਾਹਿਬ ਦੇ ਐਨ ਪੈਰਾਂ ਵਿਚੋਂ ਹੀ ਯਮੁਨਾ ਵਹਿ ਰਹੀ ਹੈ। ਨਜ਼ਾਰਾ ਵੇਖਣ ਵਾਲਾ ਹੈ। ਪਾਉਂਟਾ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਦਾ ਵਸਾਇਆ ਸ਼ਹਿਰ ਹੈ ਜਿਸਦੀ ਨੀਂਹ ਗੁਰੂ ਜੀ ਨੇ ਮੱਘਰ ਮਹੀਨੇ ਦੀ ਸੰਗਰਾਂਦ, ਸੰਮਤ 1742 ਨੂੰ ਰੱਖੀ। ਉਸ ਸਮੇਂ ਨਾਹਨ ਦੇ ਰਾਜੇ ਮੇਦਨੀ ਪ੍ਰਕਾਸ਼ ਦੇ ਰਾਜ ਦਾ ਇਹ ਇਲਾਕਾ ਸੀ। ਰਾਜਾ ਮੇਦਨੀ ਪ੍ਰਕਾਸ਼ ਦਾ ਕੁੱਝ ਇਲਾਕਾ ਸ੍ਰੀ ਨਗਰ (ਗੜ੍ਹਵਾਲ) ਦੇ ਰਾਜਾ ਫਤਿਹ ਸ਼ਾਹ ਨੇ ਕਾਬੂ ਕਰ ਲਿਆ ਸੀ। ਇਸ ਲਈ ਇਨ੍ਹਾਂ ਦੋਨਾਂ ਰਾਜਿਆਂ ਦੀਆਂ ਆਪਸ ਵਿੱਚ ਝੜੱਪਾਂ ਹੁੰਦੀਆਂ ਰਹਿੰਦੀਆਂ ਸਨ। ਆਪਣੇ ਵਜ਼ੀਰ ਦੀ ਸਲਾਹ ਮੰਨ ਰਾਜਾ ਮੇਦਨੀ ਪ੍ਰਕਾਸ਼ ਨੇ ਦਸਮ ਗੁਰੂ, ਗੋਬਿੰਦ ਸਿੰਘ ਜੀ ਨੂੰ ਆਪਣੀ ਰਿਆਸਤ ਵਿੱਚ ਆਉਣ ਦਾ ਸੱਦਾ ਦਿੱਤਾ ਜਿੱਥੇ ਗੁਰੂ ਜੀ ਪਰਿਵਾਰ ਸਹਿਤ 17 ਵਿਸਾਖ 1742 ਨੂੰ ਪੁੱਜੇ। ਗੁਰੂ ਜੀ ਦੇ ਆਉਣ ਦੇ ਭੈਅ ਨਾਲ ਤੇ ਬਾਬਾ ਰਾਮ ਰਾਇ ਦੀ ਸਲਾਹ ਤੇ ਰਾਜਾ ਫਤਿਹਸ਼ਾਹ ਨੇ ਰਿਆਸਤ ਨਾਹਨ ਦਾ ਖੋਹਿਆ ਇਲਾਕਾ ਵਾਪਸ ਕਰ ਦਿੱਤਾ। ਰਾਜਾ ਮੇਦਨੀ ਪ੍ਰਕਾਸ਼ ਬੜਾ ਉਤਸਾਹਿਤ ਹੋਇਆ ਤੇ ਉਸ ਨੇ ਗੁਰੂ ਜੀ ਨੂੰ ਇਸ ਰਿਆਸਤ ਵਿੱਚ ਹੀ ਬਿਰਾਜਣ ਲਈ ਬੇਨਤੀ ਕੀਤੀ ਜਿਸ ਤੇ ਗੁਰੂ ਜੀ ਨੇ ਪਾਉਂਟਾ ਸਾਹਿਬ ਵਸਾਇਆ। ਦਸਾਂ ਕੁ ਮਿੰਟਾਂ ਦੇ ਤੁਰਨ ਤੋਂ ਬਾਦ ਅਸੀਂ ਉਸ ਥਾਂ ਤੇ ਸਾਂ ਜਿਸ ਥਾਂ ਗੁਰੂ ਜੀ ਆ ਵਸੇ ਸਨ। ਪਰਬਤਾਂ ਦੀ ਗੋਦ ਵਿਚ, ਜਮੁਨਾ ਕਿਨਾਰੇ, ਰੁੱਖਾਂ ਦੀ ਛਾਂ ਵਿੱਚ ਵਸਿਆ ਪਾਉਂਟਾ ਸਾਹਿਬ ਕੁਦਰਤਨ ਹੀ ਖਿੱਚ ਭਰਿਆ ਹੈ। ਮੈਂ ਤੇ ਦਮਨਜੀਤ ਤਾਂ ਇਸ ਥਾਂ ਤੇ ਇਤਨੇ ਮੋਹਿਤ ਹੋਏ ਕਿ ਰਿਟਾਇਰ ਹੋਣ ਪਿਛੋਂ ਇਸ ਥਾਂ ਤੇ ਪੱਕੀ ਰਿਹਾਇਸ਼ ਰੱਖਣਬਾਰੇ ਵੀ ਸੋਚਣ ਲੱਗੇ। ਗੁਰਦੁਆਰੇ ਦੀ ਇਮਾਰਤ ਫਿਰ ਦੁਬਾਰਾ ਨਵੀਂ ਬਣ ਰਹੀ ਸੀ। ਇਸ ਨਵੀਂ ਤਿੰਨ ਮੰਜ਼ਿਲਾਂ ਇਮਾਰਤ, ਦੀ ਜ਼ਰੂਰਤ ਵਧਦੀ ਸੰਗਤ ਦੀ ਲੋੜ ਪੂਰਤੀ ਲਈ ਜ਼ਰੂਰੀ ਹੈ। ਇਸ ਤੇ ਕੰਮ ਵੀ ਬੜੇ ਜੋਰ ਸ਼ੋਰ ਨਾਲ ਚਲ ਰਿਹਾ ਸੀ। ਗੁਰੂ ਜੀ ਨੇ ਪਾਉਂਟਾ ਸਾਹਿਬ ਵਸਾਇਆ ਤਾਂ ਸੰਗਤਾਂ ਦੂਰ ਦੂਰ ਤੋਂ ਦਰਸ਼ਨਾਂ ਨੂੰ ਆਉਣ ਲਗ ਪਈਆਂ। ਭਾਰੀ ਗਿਣਤੀ ਵਿੱਚ ਕਵੀ ਤੇ ਜੋਧੇ ਇਕੱਤਰ ਹੋਣ ਲਗ ਪਏ। ਕਵੀ ਦਰਬਾਰ ਦੀ ਥਾਂ ਵਿਕਸਤ ਹੋ ਰਹੀ ਹੈ। ਇਹ ਵੀ ਜਾਣਕਾਰੀ ਮਿਲੀ ਕਿ ਗੁਰੂ ਗੋਬਿੰਦ ਸਿੰਘ ਫਾਉਂਡੇਸ਼ਨ ਏਥੇ ਲਿਖਾਰੀ ਭਵਨ ਵੀ ਬਣਵਾ ਰਹੀ ਹੈ ਜਿਥੇ ਕਵੀ ਸਮੇਲਨ ਆਦਿ ਦਾ ਵੀ ਪ੍ਰਬੰਧ ਹੋ ਸਕਿਆ ਕਰੇਗਾ। ਗੁਰੂ ਜੀ ਦੇ ਕਵੀ ਮਨ ਨੂੰ ਇਹ ਇਕ, ਬੇਸ਼ਕ ਵੱਡੀ ਸ਼ਰਧਾਂਜਲੀ ਹੋਵੇਗੀ ਤੇ ਇਕਠੇ ਹੋ ਬਹਿਣ ਦਾ ਇੱਕ ਸੁਨਹਿਰੀ ਮੌਕਾ। ਜਿਸ ਥਾਂ ਕੁਦਰਤ ਵਿੱਚ ਘੁਲ ਮਿਲਕੇ ਸ਼ਾਂਤ ਵਾਤਾਵਰਨ ਵਿੱਚ ਕਵਿਤਾ ਕਰਨ ਵਿੱਚ ਆਪਣਾ ਹੀ ਅਨੰਦ ਹੋਵੇਗਾ। ਕੁਦਰਤ ਤਾਂ ਇਥੇ ਖੁਦ ਕਵਿਤਾ ਜਾਪਦੀ ਹੈ।

ਗੁਰੂ ਜੀ ਦਾ ਸਾਹਿਤ ਲਈ ਪਿਆਰ ਅਦੁਤੀ ਸੀ। ਇਸਦਾ ਸਬੂਤ ਉਨ੍ਹਾਂ ਦੀਆਂ ਰਚਨਾਵਾਂ ਹਨ ਤੇ ਉਨ੍ਹਾਂ 52 ਕਵੀਆਂ ਦਾ ਸਾਹਿਤ ਸਿਰਜਣ ਵਿੱਚ ਰੁਝਾਣ ਹੈ, ਜੋ ਗੁਰੂ ਜੀ ਦੇ ਦਰਬਾਰ ਵਿੱਚ ਇਕੱਤਰ ਹੋਏ ਸਨ। ਗੁਰੂ ਜੀ ਨੂੰ ਵਿੱਦਿਆ ਨਾਲ ਵੀ ਘੱਟ ਪਿਆਰ ਨਹੀਂ ਸੀ। ਆਪਣੇ ਸਿੰਘਾਂ ਵਿੱਚ ਸਿੱਖਿਆ ਪ੍ਰਚਾਰ ਦੇ ਇਰਾਦੇ ਨਾਲ ਉਨ੍ਹਾਂ ਨੇ ਭਾਈ ਰਾਮ ਸਿੰਘ, ਵੀਰ ਸਿੰਘ, ਗੰਡਾ ਸਿੰਘ, ਕਰਮ ਸਿੰਘ ਤੇ ਸੋਨਾ ਸਿੰਘ ਨੂੰ ਸੰਸਕ੍ਰਿਤ ਸਿੱਖਣ ਲਈ ਕਾਂਸ਼ੀ ਭੇਜਿਆ। ਗੁਰੂ ਜੀ ਆਪ ਵੀ ਰਚਨਾ ਕਰਦੇ ਤੇ ਉਨ੍ਹਾਂ ਦੇ ਸੰਗ ਚੋਟੀ ਦੇ ਬਵੰਜਾ ਕਵੀ ਵੀ। ਹਿੰਦੀ ਤੇ ਫਾਰਸੀ ਵਿੱਚ ਵੀ ਏਥੇ ਬੇਅੰਤ ਰਚਨਾ ਹੋਈ। ਕਵੀ ਦਰਬਾਰ ਹੁੰਦੇ ਰਹਿੰਦੇ। ਏਥੇ ਹੀ ਚੰਦਨ ਵਰਗੇ ਮਹਾਨ ਕਵੀ ਦਾ ਹੰਕਾਰ ਗੁਰੂ ਜੀ ਦੇ ਸੇਵਕ ਭਾਈ ਧੰਨਾ ਸਿੰਘ ਨੇ ਤੋੜਿਆ। ਰਚਨਾ ਦੇ ਨਾਲ ਨਾਲ-ਫੌਜੀ ਸਿਖਲਾਈ ਵੀ ਚਲਦੀ ਸੀ। ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦ ਹੋਣ ਪਿੱਛੋਂ ਗੁਰੂ ਜੀ ਨੇ ਜ਼ੁਲਮ ਨਾਲ ਟੱਕਰਾਨ ਲਈ ਤਲਵਾਰ ਨੂੰ ਹੱਥ ਪਾਇਆ ਸੀ। ਇਸ ਨਾਲ ਮੁਗਲ ਤਾਂ ਘਬਰਾਏ ਹੀ ਸਨ ਪਰ ਪਹਾੜੀ ਰਾਜੇ ਵੀ ਸਾਵਧਾਨ ਹੋ ਗਏ ਸਨ। ਪਹਾੜੀ ਰਾਜਿਆਂ ਵਿਚੋਂ ਕਹਿਲੂਰ ਦੇ ਰਾਜੇ ਭੀਮ ਚੰਦ ਨੂੰ ਗੁਰੂ ਜੀ ਸੁਖਾਂਦੇ ਨਹੀਂ ਸਨ। ਗੁਰੂ ਜੀ ਦੀ ਵਧਦੀ ਸ਼ਕਤੀ ਨੁੰ ਠੱਲ੍ਹ ਪਾਉਣ ਲਈ ਉਹ ਤਰਕੀਬਾਂ ਢੂੰਡਣ ਲੱਗਾ। ਰਾਜਾ ਭੀਮ ਚੰਦ ਦੇ ਲੜਕੇ ਦਾ ਵਿਆਹ ਰਾਜਾ ਫਤਿਹ ਸ਼ਾਹ ਦੀ ਲੜਕੀ ਨਾਲ ਹੋਣਾ ਨਿਸ਼ਚਿਤ ਹੋਇਆ ਤਾਂ ਉਸਨੇ ਆਪਣੀ ਸਜ ਧਜ ਵਿੱਚ ਵਾਧਾ ਕਰਨ ਲਈ ਤੇ ਗੁਰੂ ਜੀ ਪਾਸੋਂ ਕੁੱਝ ਕੀਮਤੀ ਵਸਤਾਂ ਹਥਿਆਉਣ ਦੇ ਇਰਾਦੇ ਨਾਲ, ਪ੍ਰਸਾਦੀ ਹਾਥੀ ਸਮੇਤ ਇਨ੍ਹਾਂ ਵਸਤਾ ਦੀ ਮੰਗ ਕੀਤੀ ਸੀ। ਇਹ ਪ੍ਰਸਾਦੀ ਹਾਥੀ ਆਸਾਮ ਦੇ ਰਾਜਾ ਰਤਨ ਰਾਏ ਨੇ ਗੁਰੂ ਜੀ ਨੂੰ ਭੇਟ ਕੀਤਾ ਸੀ ਤੇ ਨਾਲ ਬੇਨਤੀ ਵੀ ਕੀਤੀ ਸੀ ਕਿ ਇਸਨੂੰ ਕੇਵਲ ਗੁਰੂ ਜੀ ਹੀ ਵਰਤਣ। ਸੋ ਗੁਰੂ ਜੀ ਨੇ ਆਪਣੀ ਮਜਬੂਰੀ ਦੱਸਕੇ ਪ੍ਰਸਾਦੀ ਹਾਥੀ ਭੇਜਣੋ ਨਾਂਹ ਕਰ ਦਿੱਤੀ ਜਿਸ ਤੇ ਰਾਜਾ ਭੀਮ ਚੰਦ ਰੋਹ ਵਿੱਚ ਆ ਕੇ ਜੰਗ ਦੀ ਧਮਕੀ ਦੇਣ ਲੱਗਾ। ਰਾਜਾ ਫਤਿਹ ਸ਼ਾਹ ਤਾਂ ਗੁਰੂ ਜੀ ਦਾ ਸੇਵਕ ਬਣ ਗਿਆ ਸੀ ਸੋ ਉਸਨੇ ਗੁਰੂ ਜੀ ਨੂੰ ਆਪਣੀ ਲੜਕੀ ਦੀ ਸ਼ਾਦੀ ਵਿੱਚ ਹਾਜ਼ਿਰ ਹੋਣ ਦਾ ਸੱਦਾ ਦਿੱਤਾ। ਗੁਰੂ ਜੀ ਨੇ ਦੀਵਾਨ ਨੰਦ ਚੰਦ ਨੂੰ ਢਾਈ ਸੌ ਸਿੰਘਾਂ ਸਮੇਤ ਸਵਾ ਲੱਖ ਰੁਪਏ ਦਾ ਤੰਬੋਲ ਦੇ ਕੇ ਭੇਜਿਆ ਪਰ ਆਪਣੇ ਨਾ ਆ ਸਕਣ ਦੀ ਮਜ਼ਬੂਰੀ ਜ਼ਾਹਿਰ ਕੀਤੀ ਕਿਉਂਕਿ ਉਹ ਰਾਜਾ ਭੀਮ ਚੰਦ ਦੀ ਮੌਜੂਦਗੀ ਹੋਣ ਕਰਕੇ ਅਣਸੁਖਾਵਾਂ ਵਾਤਾਵਰਣ ਪੈਦਾ ਨਹੀਂ ਸਨ ਕਰਨਾ ਚਾਹੁੰਦੇ। ਸ਼ਾਮ ਵੇਲੇ ਯਮੁਨਾ ਦੇ ਕੰਢੇ ਗੁਰੂ ਜੀ ਆਪਣੇ ਮਾਮਾ ਕਿਰਪਾਲ ਚੰਦ ਨਾਲ ਰਹਿਰਾਸ ਦਾ ਪਾਠ ਕਰ ਰਹੇ ਸਨ ਕਿ ਇੱਕ ਸਿੰਘ ਨੇ ਖਬਰ ਦਿੱਤੀ ਕਿ ਰਾਜਾ ਭੀਮ ਸਿੰਘ ਜੰਝ ਸਮੇਤ ਪਾਉਂਟਾ ਸਾਹਿਬ ਦੇ ਪੱਤਣ ਵਲ ਆ ਰਿਹਾ ਹੈ। ਉਸ ਨਾਲ ਬਾਈ ਧਾਰ ਦੇ ਕਈ ਰਾਜੇ ਤੇ ਚੋਖੀਆਂ ਫੌਜਾਂ ਹਨ। ਉਨ੍ਹਾਂ ਦੇ ਇਰਾਦੇ ਨੇਕ ਨਹੀਂ ਤੇ ਉਹ ਲੰਘਦੇ ਸਮੇਂ ਗੁਰੂ ਜੀ ਦਾ ਡੇਰਾ ਲੁੱਟਣ ਦੀ ਵੀ ਨੀਅਤ ਰੱਖਦੇ ਹਨ। ਗੁਰੂ ਜੀ ਨੇ ਮਾਮਾ ਕਿਰਪਾਲ ਚੰਦ ਜੀ ਦੀ ਅਗਵਾਈ ਹੇਠ ਪੰਜ ਸੌ ਸੂਰਮੇ ਪੱਤਣ ਦੇ ਅਗੇਰੇ ਭੇਜ ਦਿੱਤੇ ਤੇ ਬਾਕੀ ਫੌਜ ਨੂੰ ਵੀ ਤਿਆਰ ਕਰ ਦਿੱਤਾ। ਗੁਰੂ ਜੀ ਨੂੰ ਤਿਆਰ ਬਰ ਤਿਆਰ ਦੇਖ ਪਹਾੜੀ ਰਾਜਿਆਂ ਦੀ ਸਕੀਮ ਸਿਰੇ ਨਾ ਚੜ੍ਹ ਸਕੀ ਤਾਂ ਉਨ੍ਹਾਂ ਗੁਰੂ ਜੀ ਕੋਲੋਂ ਪੱਤਣ ਤੋਂ ਦੀ ਲੰਘ ਜਾਣ ਦੀ ਬੇਨਤੀ ਕੀਤੀ। ਜੋ ਮੰਤਰੀ ਆਗਿਆ ਲੈਣ ਆਇਆ ਸੀ ਉਸਨੇ ਵਿਚਲੀ ਗੱਲ ਦੱਸੀ ਕਿ ਰਾਜਿਆਂ ਦੇ ਇਰਾਦੇ ਨੇਕ ਨਹੀਂ। ਉਹ ਤਾਂ ਇਰਾਦਾ ਰਖਦੇ ਹਨ ਕਿ ਪੱਤਣ ਲੰਘਦੇ ਹੀ ਗੁਰੂ ਜੀ ਦਾ ਡੇਰਾ ਲੁੱਟ ਲਿਆ ਜਾਵੇ। * ਸੋ ਗੁਰੂ ਜੀ ਨੇ ਸੁਨੇਹਾ ਭੇਜ ਦਿਤਾ ਕਿ, ਰਾਜਾ ਭੀਮ ਚੰਦ ਨੂੰ ਏਨੀਆਂ ਫੌਜਾਂ ਰਾਜੇ ਮੇਦਨੀ ਪ੍ਰਕਾਸ਼ ਦੇ ਇਲਾਕੇ ਵਿਚੋਂ ਦੀ ਲੈ ਜਾਣ ਦੀ ਆਗਿਆ ਨਹੀਂ। ਹਾਂ ਰਾਜ ਕੁਮਾਰ ਤੇ ਜੰਞ ਦੇ ਕੁੱਝ ਜਾਂਵੀ ਜ਼ਰੂਰ ਲੰਘ ਸਕਦੇ ਹਨ। * ਗੁਰੂ ਜੀ ਦਾ ਇਹ ਸੰਦੇਸ਼ਾ ਸੁਣ ਰਾਜਾ ਭੀਮ ਚੰਦ ਘਬਰਾਇਆ। ਦੂਜੇ ਪਹਾੜੀ ਰਾਜਿਆਂ, ਕੇਸਰੀ ਚੰਦ ਜਸਵਾਲੀਏ, ਗੁਪਾਲ ਗੁਲੇਰੀਏ ਅਤੇ ਕ੍ਰਿਪਾਲ ਕਟੋਚੀਏ ਆਦਿ ਨੇ ਰਾਜੇ ਭੀਮ ਚੰਦ ਨੂੰ ਹੱਲਾ ਕਰਨ ਦੀ ਸਲਾਹ ਦਿਤੀ ਪਰ ਰਾਜਾ ਭੀਮ ਚੰਦ ਰੰਗ ਵਿੱਚ ਭੰਗ ਪਾਉਣ ਦਾ ਹਾਮੀ ਨਹੀਂ ਸੀ ਤੇ ਇਹ ਕੰਮ ਵਿਆਹ ਤੋਂ ਬਾਅਦ ਕਰਨਾ ਚਾਹੁੰਦਾ ਸੀ। ਸੋ ਫੈਸਲਾ ਹੋਇਆ ਕਿ ਧਾਵਾ ਆਉਂਦੇ ਵਕਤ ਬੋਲਿਆ ਜਾਵੇ। ਗੁਰੂ ਜੀ ਨੂੰ ਇਸ ਬਾਰੇ ਹਨੇਰੇ ਵਿੱਚ ਰੱਖਣ ਦੀ ਸਲਾਹ ਨਾਲ ਆਪਣੇ ਰਾਜ ਕੁਮਾਰ ਤੇ ਕੁੱਝ ਜਾਂਞੀ ਪਾਉਂਟਾ ਸਾਹਿਬ ਦੇ ਪੱਤਣ ਦੇ ਰਾਹ ਭੇਜ ਦਿੱਤੇ ਜਿਨ੍ਹਾਂ ਨੂੰ ਗੁਰੂ ਜੀ ਨੇ ਪੂਰਾ ਸਤਿਕਾਰ ਦਿੱਤਾ ਤੇ ਆਪਣੀ ਫੌਜ ਦੀ ਸੁਰੱਖਿਆ ਹੇਠ ਸ੍ਰੀ ਨਗਰ ਗੜ੍ਹਵਾਲ ਪਹੁੰਚਾ ਦਿੱਤਾ। ਵਿਆਹ ਧੂਮ-ਧਾਮ ਨਾਲ ਹੋਇਆ ਤੇ ਜਦੋਂ ਭੱਟਾਂ ਨੇ ਇਹ ਸੁਣਾਇਆ ਕਿ ਗੁਰੂ ਜੀ ਨੇ ਸਵਾ ਲੱਖ ਰੁਪਏ ਦਾ ਤੰਬੋਲ ਭੇਜਿਆ ਹੈ ਤਾਂ ਪਹਾੜੀਏ ਰੋਹ ਵਿੱਚ ਆ ਗਏ ਅਤੇ ਰਾਜਾ ਫਤਿਹ ਸ਼ਾਹ ਨੂੰ ਗੁਰੂ ਜੀ ਦਾ ਤੰਬੋਲ ਵਾਪਿਸ ਕਰਨ ਲਈ ਮਜਬੂਰ ਕਰ ਦਿੱਤਾ। ਨਾਲ ਹੀ ਉਨ੍ਹਾਂ ਇਸ ਤੰਬੋਲ ਨੂੰ ਲੁੱਟਣ ਦੀ ਸਲਾਹ ਵੀ ਬਣਾ ਲਈ। ਦੀਵਾਨ ਨੰਦ ਚੰਦ ਨੇ ਇਹ ਗਲ ਭਾਪੀ ਤਾਂ ਤੰਬੋਲ ਸਾਂਭ ਕੇ ਵਾਪਸ ਚਾਲੇ ਪਾਏ, ਪਰ ਪਹਾੜੀ ਰਾਜਿਆਂ ਦੀਆਂ ਫੌਜਾਂ ਨੇ ਉਨ੍ਹਾਂ ਤੇ ਹਮਲਾ ਕਰ ਦਿੱਤਾ। ਦੀਵਾਨ ਜੀ ਨੇ ਵਾਹਵਾ ਖੰਡਾ ਖੜਕਾਇਆ ਤੇ ਪਹਾੜੀਆਂ ਨੂੰ ਭਾਂਜ ਦਿੱਤੀ। ਸਾਰਾ ਹਾਲ ਗੁਰੂ ਜੀ ਨੂੰ ਦੱਸਿਆ ਤਾਂ ਗੁਰੂ ਜੀ ਯੁੱਧ ਦੀ ਤਿਆਰੀ ਕਰਨ ਲੱਗੇ। ਰਾਜੇ ਭੀਮ ਚੰਦ ਨੇ ਫਤਿਹ ਸ਼ਾਹ ਨੂੰ ਤੇ ਹੋਰ ਰਾਜਿਆਂ ਨੂੰ ਚੰਗਾ ਭੜਕਾ ਦਿੱਤਾ ਤੇ ਜੰਗ ਲਈ ਤਿਆਰ ਕਰ ਲਿਆ। ਸਾਰੀਆਂ ਖਬਰਾਂ ਮਿਲਣ ਤਕ ਇਹ ਸਾਫ ਜ਼ਾਹਿਰ ਹੋ ਗਿਆ ਸੀ ਕਿ ਜੰਗ ਹੋ ਕੇ ਰਹੇਗੀ। ਇਹ ਖਬਰ ਸੁਣਦੇ ਹੀ ਪੀਰ ਬੁਧੂ ਸ਼ਾਹ ਦੇ ਰਖਵਾਏ ਪੰਜ ਸੌ ਪਠਾਣ ਤੇ ਪੰਜ ਸੌ ਉਦਾਸੀ ਸਾਧੂ, ਜੋ ਗੁਰੂ ਘਰ ਦੇ ਪ੍ਰਸਾਦੇ ਛਕਦੇ ਸਨ, ਤਿੱਤਰ ਹੋ ਗਏ। ਗੁਰੂ ਜੀ ਕੋਲ ਆਪਣੇ ਸੇਵਕ ਰਹਿ ਗਏ ਜਿਨ੍ਹਾਂ ਦੀ ਗਿਣਤੀ ਪੰਜ ਹਜ਼ਾਰ ਦੇ ਕਰੀਬ ਸੀ। ਜੰਗ ਲਈ ਗੁਰੂ ਜੀ ਨੇ ਭੰਗਾਣੀ ਦਾ ਮੈਦਾਨ ਚੁਣਿਆ ਜੋ ਪਾਉਂਟਾ ਸਾਹਿਬ ਤੋਂ ਯਮੁਨਾ ਦੇ ਕਿਨਾਰੇ ਉਪਰਵਾਰ 18 ਕਿਲੋ ਮੀਟਰ ਹੈ। ਸੂਹੀਏ ਨੇ ਖਬਰ ਦਿੱਤੀ ਕਿ ਪਹਾੜੀ ਫੌਜਾਂ ਬੜੀ ਭਾਰੀ ਸੰਖਿਆ ਵਿੱਚ ਸ੍ਰੀਨਗਰ (ਗੜ੍ਹਵਾਲ) ਤੋਂ ਪਾਉਂਟੇ ਵੱਲ ਵਧ ਰਹੀਆਂ ਹਨ ਤੇ ਉਨ੍ਹਾਂ ਦੇ ਮੁੱਖ ਕਮਾਂਡਰ ਹਨ, ਰਾਜਾ ਫਹਤਿ ਸ਼ਾਹ, ਹਰੀਚੰਦ, ਗਾਜ਼ੀ ਚੰਦ ਕੁਲੂ ਵਾਲਾ, ਰਾਮ ਸਿੰਘ ਜੰਮੂ ਵਾਲਾ, ਸਾਹਿਬ ਚੰਦ ਮਧੁਕਰ, ਜਸਵਾਰੀਆ, ਢਡਵਾਰੀਆ ਤੇ ਕਟੋਚੀਆ ਕ੍ਰਿਪਾਲ। ਇਸ ਤੋਂ ਬਿਨਾਂ ਹੋਰ ਵੀ ਕਈ ਪਹਾੜੀ ਰਾਜੇ ਆਪਣੀ ਆਪਣੀ ਸੈਨਾ ਸਮੇਤ ਸ਼ਾਮਿਲ ਸਨ। ਇਹ ਸੁਣ ਕੇ ਗੁਰੂ ਜੀ ਆਪ ਭੰਗਾਣੀ ਪੁੱਜੇ ਤੇ ਜੰਗ ਦੀ ਵਿਉਂਤ ਨਿਪੁੰਨਤਾ ਨਾਲ ਕੀਤੀ। ਸਿੱਖ ਫੌਜ ਦੇ ਪੰਜ ਕਮਾਂਡਰ ਥਾਪੇ ਗਏ-ਸੰਗੋ ਸ਼ਾਹ, ਗੁਲਾਬ ਰਾਇ, ਜੀਤ ਮਲ, ਗੰਗਾ ਰਾਮ ਤੇ ਮਾਹਰੀ ਚੰਦ। ਸੰਗੋ ਸ਼ਾਹ ਨੁੰ ਮੁੱਖ ਕਮਾਂਡਰੀ ਵੀ ਸੰਭਾਲੀ ਗਈ। ਇਹ ਪੰਜੇ ਗੁਰੂ ਜੀ ਦੀ ਭੂਆ ਬੀਬੀ ਵੀਰੋ ਦੇ ਸਪੁੱਤਰ ਸਨ। ਆਖਿਰ ਫਰਵਰੀ 1686 ਈ: ਵਿੱਚ ਦੋਨੋਂ ਫੌਜਾਂ ਆਹਮੋਂ ਸਾਹਮਣੇ ਹੋਈਆਂ। ਇਸ ਯੁੱਧ ਦਾ ਵਰਨਣ ‘ਬਚਿਤਰ ਨਾਟਕ’ ਦੇ ਅਠਵੇਂ ਅਧਿਆਏ ਵਿੱਚ ਬੜੇ ਜ਼ੋਰਦਾਰ ਸ਼ਬਦਾਂ ਵਿੱਚ ਕੀਤਾ ਹੈ। ਪਹਿਲਾ ਹੱਲਾ ਹੋਇਆ ਤਾਂ ਵਿਉਂਤ ਬੱਧ ਸਿੱਖ ਫੌਜਾਂ ਨੇ ਟੇਕਰੀ ਤੇ ਚੜ੍ਹਦੇ ਹਜ਼ਾਰਾਂ ਪਹਾੜੀਆਂ ਨੂੰ ਮੌਤ ਦੇ ਘਾਟ ਉਤਾਰ ਦਿਤਾ। ਏਨੇ ਨੂੰ ਪਠਾਣਾਂ ਦੀ ਬੇਈਮਾਨੀ ਦੀ ਖਬਰ ਸੁਣ ਕੇ ਪੀਰ ਬੁਧੂ ਸ਼ਾਹ ਵੀ ਸੱਤ ਸੌ ਮੁਰੀਦ ਲੈ ਕੇ ਆ ਪੁੱਜਾ ਤੇ ਉਦਾਸੀਆਂ ਦਾ ਮਹੰਤ ਕ੍ਰਿਪਾਲ ਦਾਸ ਵੀ ਆ ਕੇ ਨਾਲ ਮਿਲ ਗਿਆ। ਹੁਣ ਸਿੱਖ ਫੌਜਾਂ ਦੇ ਹੌਂਸਲੇ ਬੁਲੰਦ ਸਨ। ਪਹਿਲੇ ਹੱਲੇ ਵਿੱਚ ਸੰਗੋ ਸ਼ਾਹ ਦੇ ਸ਼ਹੀਦ ਹੋਣ ਤੇ ਗੁਰੂ ਜੀ ਨੇ ਸਾਰੀ ਫੌਜ ਦੀ ਵਾਗ ਡੋਰ ਆਪ ਸੰਭਾਲੀ। ਬਾਰ੍ਹਾਂ ਦਿਨ ਬੜੇ ਘਮਸਾਨ ਦੀ ਜੰਗ ਹੁੰਦੀ ਰਹੀ। ਪਹਾੜੀਆਂ ਵਲੋਂ ਰਾਜਾ ਹਰੀ ਚੰਦ ਹੰਡੂਰੀਆ ਤੇ ਸਾਹਬ ਚੰਦ ਖੱਤਰੀ ਬੜੀ ਬਹਾਦਰੀ ਨਾਲ ਲੜੇ। ਪਹਿਲੇ ਤਾਂ ਹਰੀਚੰਦ ਮੂਰਛਿਤ ਹੋ ਗਿਆ ਪਰ ਜਦ ਹੋਸ਼ ਵਿੱਚ ਆਇਆ ਤਾਂ ਉਸ ਨੇ ਗੁਰ ਜੀ ਨੂੰ ਸੇਧਕੇ ਤੀਰਾਂ ਦੀ ਵਰਖਾ ਕੀਤੀ। ਉਨ੍ਹਾਂ ਵਿਚੋਂ ਇੱਕ ਤੀਰ ਗੁਰੂ ਜੀ ਦੇ ਪੇਟ ਵਿੱਚ ਥੋੜ੍ਹਾ ਜਿਹਾ ਚੁਭ ਗਿਆ। ਘਾਉ ਜ਼ਿਆਦਾ ਨਹੀਂ ਸੀ। ਹਰੀਚੰਦ ਦੀ ਫੌਜ ਦੇ ਤੀਰਾਂ ਨਾਲ ਨੁਕਸਾਨ ਗੁਰੂ ਜੀ ਤੋਂ ਹੋਰ ਸਹਿ ਨਾ ਹੋਇਆ। ਜਬੈ ਬਾਣ ਲਾਗਿਉ। ਤਬੈ ਰੋਸ ਜ੍ਰਾਗਿਉ।। ਅਨੁਸਾਰ ਉਨ੍ਹਾਂ ਨੇ ਦੁਸ਼ਮਨਾਂ ਉਤੇ ਤੀਰਾਂ ਦੀ ਝੜੀ ਲਾ ਦਿੱਤੀ। ਹਰੀ ਚੰਦ ਤੀਰ ਖਾ ਕੇ ਮੂੰਹ ਭਾਰ ਡਿਗਿਆ। ਉਸਦੇ ਅਨੇਕਾਂ ਸਾਥੀ ਵੀ ਇਸ ਤੀਰਾਂ ਦੀ ਵਰਖਾ ਵਿੱਚ ਸਦਾ ਦੀ ਨੀਂਦ ਸੌਂ ਗਏ। ਹਰੀ ਚੰਦ ਦੇ ਮਰਨ ਦੀ ਦੇਰ ਸੀ ਕਿ ਦੁਸ਼ਮਣ ਦੀ ਸੈਨਾ ਵਿੱਚ ਭਗਦੜ ਮਚ ਗਈ ਤੇ ਉਹ ਰਣ ਖੇਤਰ ਖਾਲੀ ਕਰ ਗਏ। ਇਹ ਯੁੱਧ 18 ਵਿਸਾਖ 1746 ਬਿਕਰਮੀ ਨੂੰ ਫਤਹਿ ਹੋਇਆ। ਇਸ ਯੁੱਧ ਵਿੱਚ ਪਹਾੜੀਆਂ ਦੀ 20, 000 ਸੈਨਾ ਨੇ ਭਾਗ ਲਿਆ ਤੇ ਗੁਰੂ ਜੀ ਦੀ ਸੈਨਾ ਸਿਰਫ 5000 ਸੀ। ਇਤਿਹਾਸਕਾਰ ਇੰਦੂ ਭੂਸ਼ਣ ਬੈਨਰਜੀ ਅਨੁਸਾਰ ਹਰੀ ਚੰਦ ਤੇ ਫਤਿਹ ਸ਼ਾਹ ਦੋਨੋਂ ਹੀ ਇਸ ਯੁੱਧ ਵਿੱਚ ਮਾਰੇ ਗਏ ਤੇ ਦੋਹਾਂ ਦੀਆਂ ਰਾਣੀਆਂ ਉਨ੍ਹਾਂ ਦੇ ਨਾਲ ਸਤੀ ਹੋ ਗਈਆਂ, ਇਨ੍ਹਾਂ ਦੀ ਸਮਾਧ ਭੰਗਾਣੀ ਵਿੱਚ ਵੇਖੀ ਜਾ ਸਕਦੀ ਹੈ। ਗੁਰੂ ਜੀ ਵੱਲੋਂ ਬੀਬੀ ਵੀਰੋ ਦੇ ਦੋ ਪੁੱਤਰ, ਸੰਗੋ ਸ਼ਾਹ ਤੇ ਜੀਤ ਮਲ, ਪੀਰ ਬੁੱਧੂ ਸ਼ਾਹ ਦੇ ਪੁੱਤਰ ਤੇ ਇੱਕ ਭਾਈ ਤੇ ਅਨੇਕ ਸਿੱਖਾਂ ਨੇ ਸ਼ਹਾਦਤ ਪ੍ਰਾਪਤ ਕੀਤੀ। ਜਿਸ ਭੰਗਾਣੀ ਦੀ ਥਾਂ, ਗੁਰੂ ਜੀ ਨੇ ਪਹਿਲਾ ਵੱਡਾ ਧਰਮ ਯੁੱਧ ਲੜਿਆ, ਦੇਖਣ ਲਈ ਅਸੀਂ ਬੜੇ ਕਾਹਲੇ ਪੈ ਗਏ।

ਪਾਉਂਟਾ ਸਾਹਿਬ ਤੋਂ ਭੰਗਾਨੀ ਦੀ ਪਹਿਲੀ ਬੱਸ ਤਾਂ ਨਿਕਲ ਚੁੱਕੀ ਸੀ, ਦੂਜੀ ਬੱਸ ਨੂੰ ਉਡੀਕਣ ਜਿਤਨਾ ਦਮ ਨਹੀਂ ਸੀ। ਪੁੱਛਣ ਤੇ ਪਤਾ ਲੱਗਾ ਕਿ ਟਾਵੇਂ ਟਾਵੇਂ ਟਰੱਕ ਭੰਗਾਣੀ ਸਾਹਿਬ ਵੱਲ ਜਾਂਦੇ ਹਨ। ਜ਼ਿਆਦਾ ਰਾਹ ਕੱਚਾ ਹੋਣ ਕਰਕੇ ਟ੍ਰੈਫਿਕ ਬਹੁਤ ਹੀ ਘੱਟ ਹੈ। ਅਸੀਂ ਬਾਈ ਪਾਸ ਤੇ ਕਿਸੇ ਭੰਗਾਣੀ ਜਾਂਦੇ ਟਰੱਕ ਦੀ ਉਡੀਕ ਕਰਨ ਲੱਗੇ ਪਰ ਘੰਟੇ ਦੀ ਉਡੀਕ ਨੇ ਨਿਰਾਸ ਕਰ ਦਿੱਤਾ। ਸੋ ਵਾਪਿਸ ਗੁਰਦੁਆਰੇ ਪਰਤ ਆਏ। ਇਥੇ ਕੁਦਰਤੀ ਇੱਕ ਟਰੱਕ ਮਿਲ ਗਿਆ ਜਿਸ ਨੇ ਭੰਗਾਣੀ ਵੀ ਜਾਣਾ ਸੀ। ਕਾਫੀ ਪੁੱਛ ਗਿੱਛ ਤੇ ਉਡੀਕ ਬਾਦ ਸਾਨੂੰ ਵੀ ਥਾਂ ਮਿਲ ਹੀ ਗਈ। ਅਸਲ ਵਿੱਚ ਇਸ ਟਰੱਕ ਵਿੱਚ ਵੀ ਦੇਹਰਾਦੂਨ ਦੀਆਂ ਹੀ ਸੰਗਤਾਂ ਸਨ ਜੋ ਇੱਕ ਰੀਟਾਇਰਡ ਫੌਜੀ ਦੇ ਟਰਕ ਵਿੱਚ ਯਾਤਰਾ ਕਰ ਰਹੀਆਂ ਸਨ। ਟਰੱਕ ਦੇ ਮਾਲਕ ਨੇ ਇਸ ਨਵੇਂ ਟਰੱਕ ਦਾ ਮਹੂਰਤ, ਗੁਰਦੁਆਰਿਆਂ ਦੀ ਯਾਤਰਾ ਨਾਲ ਹੀ ਕੀਤਾ ਸੀ। ਲੰਗਰ ਛਕ ਅਸੀਂ ਟਰੱਕ ਵਿੱਚ ਸਵਾਰ ਹੋ ਗਏ। ਸੰਗਤਾਂ ਸ਼ਬਦ ਕੀਰਤਨ ਵਿੱਚ ਮਗਨ ਹੋ ਗਈਆਂ। ਚੰਗਾ ਰਸ ਬੱਝ ਗਿਆ। ਅੱਠ ਕੁ ਕਿਲੋਮੀਟਰ ਤਾਂ ਪੱਕੀ ਸੜਕ ਸੀ ਉਸਤੋਂ ਅੱਗੇ ਇੱਕ ਛੋਟੀ ਨਦੀ ਸੀ। ਜਿਸ ਤੇ ਪੁਲ ਬਣ ਰਿਹਾ ਸੀ। ਇਸ ਤੋਂ ਅੱਗੇ ਦਾ ਸਾਰਾ ਰਸਤਾ ਕੱਚਾ ਹੀ ਸੀ। ਟਾਵੇਂ ਟਾਵੇਂ ਜੰਗਲ ਸਨ ਪਰ ਆਮ ਖੇਤੀ ਹੀ ਸੀ। ਪਿੰਡਾਂ ਵਿੱਚ ਗੰਨਾ ਜ਼ਿਆਦਾ ਸੀ, ਖੇਤਾਂ ਵਿੱਚ ਹੀ ਘਰ ਆਮ ਸਨ। ਰਸਤੇ ਵਿੱਚ ਉਹ ਥਾਂ ਵੀ ਸੀ ਜਿੱਥੇ ਤਿੱਬਤ ਛੱਡਣ ਤੋਂ ਬਾਅਦ ਦਲਾਈ ਲਾਮਾ ਪਹਿਲਾਂ ਰੁਕੇ ਸਨ। ਬਹੁਤ ਸ਼ਾਨਦਾਰ ਬਿਲਡਿੰਗ ਸੀ ਤੇ ਥਾਂ ਰਮਣੀਕ। ਢਲਾਣਾਂ ਵਿੱਚੋਂ ਗੁਜ਼ਰਦੇ ਅਸੀਂ ਇੱਕ ਉੱਚੀ ਟੇਕਰੀ ਤੇ ਪਹੁੰਚੇ ਜਿੱਥੋਂ ਆਸ ਪਾਸ ਦਾ ਇਲਾਕਾ ਸਾਫ਼ ਨਜ਼ਰ ਆਉਂਦਾ ਸੀ। ਦੱਖਣ ਵੱਲ ਜਮਨਾ ਸੀ ਤੇ ਠੁੱਤਰ ਵੱਲ ਇੱਕ ਦੂਜੀ ਤੋਂ ਵੱਧ ਉਚੀਆਂ ਪਹਾੜੀਆਂ। ਇਹ ਟੇਕਰੀ ਅੱਲਗ ਜਿਹੀ ਹੋਣ ਕਰਕੇ ਸਾਰੇ ਇਲਾਕੇ ਤੇ ਹਾਵੀ ਸੀ ਤੇ ਇਹੋ ਥਾਂ ਗੁਰੂ ਜੀ ਨੇ ਜੰਗ ਲਈ ਚੁਣੀ ਸੀ। ਪਹਿਲਾਂ ਸਾਨੂੰ ਤੀਰ ਸਾਹਿਬ ਗੁਰਦੁਆਰੇ ਦੇ ਦਰਸ਼ਨ ਹੋਏ ਜੋ ਜਮਨਾਂ ਦੇ ਠੀਕ ਕੰਢੇ ਤੇ ਸੀ। ਇੱਥੋਂ ਜਮਨਾ ਦਾ ਦੱਖਣੀ ਕਿਨਾਰਾ ਸਾਫ ਨਜ਼ਰ ਆਉਂਦਾ ਸੀ ਤੇ ਵਿਕਾਸ ਨਗਰ ਤੇ ਐਲਬਰਟ ਨਗਰ ਤੱਕ ਨਿਗਾਹ ਰੱਖੀ ਜਾ ਸਕਦੀ ਸੀ। ਇਸ ਥਾਂ ਤੇ ਗੁਰੂ ਜੀ ਨੇ ਪਹਿਲਾ ਤੀਰ ਛੱਡਿਆ ਸੀ ਤੇ ਹਰੀ ਚੰਦ ਵੀ ਇੱਥੋਂ ਦੀ ਤੀਰ ਲਗਣ ਨਾਲ ਮਾਰਿਆ ਗਿਆ ਸੀ ਜੰਗ ਲਈ ਇਸ ਇਲਾਕੇ ਦੀ ਚੋਣ ਦੀ ਗੁਰੂ ਜੀ ਨੂੰ ਦਾਦ ਦੇਣੀ ਬਣਦੀ ਹੈ। ਮੈਂ ਦਮਨਜੀਤ ਨਾਲ ਇਸ ਇਲਾਕੇ ਦੀ ਫੌਜੀ ਗੁਣਾਂ ਪੱਖੋਂ ਨਿਰੀਖਿਆ ਕਰਨ ਲਗ ਪਿਆ ਤਾਂ ਇਹ ਤੱਤ ਸਾਫ਼ ਜ਼ਾਹਰ ਹੋਏ। (ਕ) ਇਹ ਦੁਸ਼ਮਣ ਦੀ ਪਹੁੰਚ, ਨਜ਼ਰ ਤੇ ਹਥਿਆਰਾਂ ਦੀ ਮਾਰ, ਤੋਂ ਬਾਹਰ ਸੀ। (ਖ) ਉਨ੍ਹਾਂ ਦਿਨਾਂ ਦੇ ਹਥਿਆਰ, ਤੀਰ, ਤਲਵਾਰ, ਤੁਫੰਗ, ਖੰਡੇ, ਛੋਟੀਆਂ ਬੰਦੂਕਾਂ ਇਸ ਥਾਂ ਤੋਂ ਬਖੂਬੀ ਇਸਤੇਮਾਲ ਕੀਤੇ ਜਾ ਸਕਦੇ ਸਨ। (ਗ) ਦੁਸ਼ਮਣ ਲਈ ਇਸ ਟੇਕਰੀ ਦੇ ਲਾਂਭੇ ਤੋਂ ਗੁਜ਼ਰਨਾ ਵੀ ਆਸਾਨ ਨਹੀਂ ਸੀ। (ਘ) ਮਾਰ ਹੇਠ ਆਏ ਦੁਸ਼ਮਣ ਲਈ ਭੱਜਣਾ ਮੁਸ਼ਕਿਲ ਸੀ। (ਚ) ਦੁਸ਼ਮਣ ਲਈ ਇਸ ਥਾਂ ਤੋਂ ਪਹੁੰਚਣਾ ਔਖਾ ਸੀ ਕਿਉਂਕਿ ਚੜ੍ਹਾਈ ਬੜੀ ਤਿੱਖੀ ਹੈ। (ਛ) ਢਲਾਣ ਤੋਂ ਦੁਸ਼ਮਣ ਲਈ ਨਿਸ਼ਾਨਾ ਬੰਨ੍ਹਣਾ ਔਖਾ ਸੀ। (ਜ) ਜਮੁਨਾ ਦਾ ਇੱਕੋ ਇੱਕ ਪੱਤਣ ਇੱਕ ਦਮ ਮਾਰ ਥੱਲੇ ਹੋਣ ਕਰਕੇ, ਜੁੜੇ ਦੁਸ਼ਮਣ ਦਾ ਨੁਕਸਾਨ ਹੋਣਾ ਸੁਭਾਵਕ ਸੀ। ਮਾਰ ਵਾਲਾ ਇਲਾਕਾ ਠੀਕ ਨਜ਼ਰਾਂ ਤੇ ਹਥਿਆਰਾਂ ਦੀ ਮਾਰ ਥੱਲੇ ਸੀ। (ਞ) ਗੁਰੂ ਜੀ ਦੀ 5000 ਫੌਜ ਲਈ ਇਹ ਜਗ੍ਹਾ ਢੁੱਕਵੀਂ ਸੀ ਤੇ ਹਰ ਪਾਸਿਓਂ ਸੁਯੋਗ ਸੁਰਖਿਆ ਕੀਤੀ ਜਾ ਸਕਦੀ ਸੀ। (ਟ) ਜਮੁਨਾ ਵਰਗੀ ਵੱਡੀ ਰੁਕਾਵਟ ਦਾ ਠੀਕ ਫਾਇਦਾ ਉਠਾਇਆ ਗਿਆ ਸੀ ਕਿਉਂਕਿ ਦੁਸ਼ਮਣ ਲਈ ਇਸ ਨੁੰ ਪਾਰ ਕਰਨਾ ਮੁਸ਼ਕਿਲ ਸੀ ਜਦ ਕਿ ਗੁਰੂ ਜੀ ਦੀ ਫੌਜ ਲਈ ਜਮਨਾ ਪਾਰ ਕਰਦੇ ਦੁਸ਼ਮਣਾਂ ਦਾ ਨਿਸ਼ਾਨ ਬੰਨ੍ਹਣਾ ਆਸਾਨ। ਇਨ੍ਹਾਂ ਤੱਥਾਂ ਤੋਂ ਸਾਫ ਜ਼ਾਹਿਰ ਸੀ ਕਿ ਗੁਰੂ ਜੀ ਨੇ ਇਸ ਥਾਂ ਦੀ ਚੋਣ ਬੜੀ ਤਕੜੀ ਫੌਜੀ ਸੂਝ ਨਾਲ ਕੀਤੀ। ਜੇ ਇਸ ਜੰਗ ਦਾ ਬਿਆਨ, ਜੋ ਬਚਿੱਤਰ ਨਾਟਕ ਤੇ ਹੋਰ ਪੁਸਤਕਾਂ ਵਿਚੋਂ ਮਿਲਦਾ ਹੈ, ਘੋਖੀਏ ਤਾਂ ਪਤਾ ਲਗਦਾ ਹੈ। (ਕ) ਇਹ ਯੁੱਧ 7 ਵਿਸਾਖ ਤੋਂ 18 ਵਿਸਾਖ ਸੰਮਤ 1746 ਤੱਕ (12 ਦਿਨ) ਰਿਹਾ। (ਖ) ਜੰਗ ਗੁਰੂ ਜੀ ਦੀ ਚੁਣੀ ਥਾਂ ਤੇ ਹੋਇਆ। (ਗ) ਗੁਰੂ ਜੀ ਦੀ ਸੈਨਾ ਦੀ ਕਮਾਨ ਗੁਰੂ ਜੀ ਦੇ ਹੱਥਾਂ ਵਿੱਚ ਸੀ ਜਦ ਕਿ ਪਹਾੜੀ ਰਾਜਿਆਂ ਦੀ ਫ਼ੌਜੀ ਕਮਾਨ ਵਿੱਚ ਏਕਤਾ ਨਹੀਂ ਸੀ। ਵੱਖ ਵੱਖ ਰਾਜੇ ਆਪਣੀ ਲੜਾਈ ਲੜਦੇ ਸਨ। (ਘ) ਗੁਰੂ ਜੀ ਤੇ ਉਨ੍ਹਾਂ ਦੀ ਫੌਜ ਦਾ ਇਰਾਦਾ ਅਣਖ ਇਜ਼ਤ ਤੇ ਧਰਮ ਬਚਾਣਾ ਸੀ। ਜਿਸ ਲਈ ਉਹ ਸਿਰ ਧੜ ਦੀ ਬਾਜ਼ੀ ਲਾਣ ਲਈ ਤਿਆਰ ਸਨ ਜਦ ਕਿ ਪਹਾੜੀਆਂ ਦਾ ਇਰਾਦਾ ਮੁੱਖ ਤੌਰ ਤੇ ਲੁੱਟ ਮਾਰ ਦਾ ਸੀ। ਲੁੱਟਣ ਆਇਆ ਆਪਣਾ ਖੂਨ ਬੇਬਸੀ ਵਿੱਚ ਡੋਲ੍ਹਣ ਲਈ ਤਿਆਰ ਹੁੰਦਾ ਹੈ ਉਂਜ ਨਹੀਂ। ਇਰਾਦੇ ਕਮਜ਼ੋਰ ਹੋਣ ਕਰਕੇ ਪਹਾੜੀਏ ਪੂਰੇ ਦਿਲ ਨਾਲ ਲੜ ਨਾ ਸਕੇ। (ਚ) ਬਾਰ੍ਹਾਂ ਦਿਨ ਦੀ ਜੰਗ ਵਿੱਚ ਗੁਰੂ ਜੀ ਦੀ ਸੈਨਾਂ ਲਈ ਰਸਦ ਛੁਪੇ ਰਸਤੇ ਆਉਂਦੀ ਰਹੀ ਜਦ ਕਿ ਪਹਾੜੀ ਰਾਜਿਆਂ ਦੀ ਰਸਦ ਦਾ ਰਾਹ ਠੀਕ ਮਾਰ ਥੱਲੇ ਹੋਣ ਕਰਕੇ ਰਸਦ ਠੀਕ ਨਹੀਂ ਸੀ ਪਹੁੰਚਦੀ। ਇਸ ਨਾਲ ਪਹਾੜੀਆਂ ਦੇ ਇਰਾਦੇ ਹੋਰ ਵੀ ਕਮਜ਼ੋਰ ਹੋ ਗਏ। (ਛ) ਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹਿੰਦੇ। ਪਠਾਣਾਂ ਤੇ ਉਦਾਸੀਆਂ ਦੇ ਉਡੰਤਰ ਹੋਣ ਤੋਂ ਬਾਅਦ ਵੀ ਗੁਰੂ ਜੀ ਨੇ ਮੱਥੇ ਵੱਟ ਨਹੀਂ ਪਾਇਆ ਤੇ ਨਾ ਹੀ ਆਪਣੀ ਸੈਨਾ ਤੇ ਇਸ ਦਾ ਅਸਰ ਜ਼ਾਹਿਰ ਹੋਣ ਦਿੱਤਾ। ਸੋ ਸਾਰੀ ਸਿੱਖ ਸੈਨਾ ਦੇ ਹੌਂਸਲੇ ਵੀ ਬੁਲੰਦ ਰਹੇ। (ਜ) ਗੁਰੂ ਜੀ ਨੂੰ ਦੁਸ਼ਮਣ ਦੀ ਫੌਜ ਬਾਰੇ ਚੰਗੀ ਤੇ ਸਮੇਂ ਸਿਰ ਖਬਰ ਮਿਲਦੀ ਰਹੀ ਜਿਸ ਕਰਕੇ ਉਹ ਹਰ ਹਾਲਤ ਲਈ ਤਿਆਰ ਮਿਲਦੇ ਸਨ। (ਝ) ਸਿੱਖ ਸੈਨਾ ਦਾ ਹੌਸਲਾ ਪੀਰ ਬੁਧੂ ਸ਼ਾਹ ਦੇ ਪਠਾਣਾਂ ਅਤੇ ਮਹੰਤ ਕ੍ਰਿਪਾਲ ਦਾਸ ਦੇ ਸਾਥੀਆਂ ਦੇ ਆ ਮਿਲਣ ਤੇ ਹੋਰ ਬੁਲੰਦ ਹੋ ਗਿਆ। ਤੀਰ ਸਾਹਿਬ ਪਹੁੰਚਦਿਆਂ ਤਕਰੀਬਨ ਦੋ ਵੱਜ ਗਏ ਸਨ। ਕੁੱਝ ਚਿਰ ਸੰਗਤਾਂ ਨੇ ਕੀਰਤਨ ਕੀਤਾ, ਵਾਕ ਲਿਆ ਤੇ ਫਿਰ ਚਾਹ ਦੀ ਸੇਵਾ ਹੋਈ ਜਿਸ ਪਿੱਛੋਂ ਭੰਗਾਣੀ ਸਾਹਿਬ ਵੱਲ ਰਵਾਨਾ ਹੋ ਗਏ। ਭੰਗਾਣੀ ਸਾਹਿਬ ਤੀਰ ਸਾਹਿਬ ਤੋਂ ਫਰਲਾਂਗ ਤੇ ਹੀ ਹੈ। ਖੇਤਾਂ ਵਿਚੋਂ ਦੀ ਪਗਡੰਡੀ ਵੀ ਜਾਂਦੀ ਹੈ ਤੇ ਇੱਕ ਕੱਚਾ ਰਾਹ ਵੀ। ਜਿੱਥੇ ਪਹਿਲਾਂ ਇਤਨਿਆਂ ਦਾ ਖੂਨ ਵਗਿਆ ਸੀ ਅਜ ਕਲ੍ਹ ਉੱਥੇ ਬੜੀਆਂ ਚੰਗੀਆਂ ਫਸਲਾਂ ਖੜੀਆਂ ਹਨ। ਕਣਕ, ਮਕਈ, ਬਰਸੀਣ, ਗੰਨਾਂ ਆਦਿ ਇਸ ਧਰਤੀ ਤੇ ਬੜੇ ਹੁੰਦੇ ਹਨ।
ਭਾਵੇਂ ਗੁਰਦੁਆਰਾ ਸਾਹਿਬ ਦੀ ਬਿਲਡਿੰਗ ਵਿਸ਼ਾਲ ਨਹੀਂ ਪਰ ਇਸ ਸੁਹਾਣੇ ਵਾਤਾਵਰਣ ਵਿੱਚ ਇਹ ਥਾਂ ਅਤਿਅੰਤ ਹੀ ਲੁਭਾਉਣੀ ਹੈ। ਖੁਲ੍ਹੀ ਠੰਢੀ ਹਵਾ ਦੀ ਮਹਿਕ ਅੰਗ ਅੰਗ ਵਿੱਚ ਰਚਦੀ ਜਾ ਰਹੀ ਸੀ। ਆਨੰਦ ਮਾਣਦਿਆਂ, ਸ਼ਬਦ ਸੁਣਦਿਆਂ ਅਸੀਂ ਤਕਰੀਬਨ ਦੋ ਕੁ ਘੰਟੇ ਇਥੇ ਗੁਜ਼ਾਰੇ। ਦਿਨ ਢਲਦਾ ਵੇਖ ਸੰਗਤਾਂ ਵਾਪਸੀ ਲਈ ਕਾਹਲੀਆਂ ਪੈ ਗਈਆਂ। ਸੋ ਸ਼ਾਮ ਦੇ ਪੰਜ ਕੁ ਵਜੇ ਵਾਪਸੀ ਲਈ ਚਾਲੇ ਪਏ। ਸਾਰੇ ਰਾਹ ਇਸ ਮਹਾਨ ਘਟਨਾ ਦਾ ਘਟਨਾ ਚੱਕਰ ਦਿਮਾਗ ਤੇ ਛਾਇਆ ਰਿਹਾ ਤੇ ਰਾਤ ਪੈਣ ਤੋਂ ਪਹਿਲਾਂ, ਤਕਰੀਬਨ ਡੇਢ ਘੰਟੇ ਵਿੱਚ ਹੀ, ਅਸੀਂ ਦੇਹਰਾਦੂਨ ਪਹੁੰਚ ਗਏ।




.