.

“ਗੁਰਦੁਵਾਰੇ, ਧੜੇਬੰਦੀਆਂ, ਗਾਲੀ-ਗਲੋਚ, ਬਰਛੇ, ਕ੍ਰਿਪਾਨਾਂ, ਸਰਕਾਰੀ ਜ਼ਬਰ, ਗੁਰ ਉਪਦੇਸ਼ ਅਤੇ ਮੇਲ-ਮਿਲਾਪ”

ਅਵਤਾਰ ਸਿੰਘ ਮਿਸ਼ਨਰੀ (5104325827)

ਗੁਰਦੁਆਰੇ ਗੁਰਧਾਮ ਰੱਬੀ ਗਿਆਨ ਦੇ ਸੋਮੇ, ਮਾਨਸਿਕ ਸੁਖ-ਸ਼ਾਂਤੀ ਦੇ ਘਰ, ਸਰਬ ਸਾਂਝੀਵਾਲਤਾ ਦੇ ਅਸਥਾਂਨ, ਸੰਤ-ਸਿਪਾਹੀ ਬਿਰਤੀ ਘੜਨ ਦੇ ਸੰਚੇ, ਵਿਦਿਆ ਦੇ ਕੇਂਦਰ, ਰਾਹਗੀਰਾਂ ਲਈ ਪਾਨਾਹ-ਗਾਹ, ਭੁੱਖਿਆਂ ਪਿਆਸਿਆਂ ਲਈ ਭੋਜਨ ਦੇ ਭੰਡਾਰ, ਧਾਰਮਿਕ, ਸਮਾਜਿਕ, ਆਰਥਿਕ, ਰਾਨੀਤਿਕ ਗਤੀਵਿਧੀਆਂ, ਮਨੁੱਖਤਾ ਦੀ ਭਲਾਈ, ਗੁਰਬਾਣੀ ਵਿਚਾਰ, ਸੇਵਾ, ਸਿਮਰਨ ਅਤੇ ਪਰਉਪਕਾਰ ਆਦਿਕ ਦੇ ਸਿਖਲਾਈ ਸਰਬਸਾਂਝੇ ਮਹਾਂਨ ਕੇਂਦਰ ਹਨ।

ਲੋੜਵੰਦ ਮਦਦ ਦੀ ਆਸ ਨਾਲ, ਧਾਰਮਿਕ, ਸਮਾਜਿਕ ਅਤੇ ਰਾਜਨੀਤਿਕ ਇੱਥੇ ਸਿੱਖਣ ਲਈ ਆਉਂਦੇ ਹਨ। ਗੁਰਬਾਣੀ ਪਾਠ, ਕੀਰਤਨ, ਕਥਾ ਅਤੇ ਢਾਡੀ ਵਾਰਾਂ ਇੱਥੇ ਨੇਮ ਨਾਲ ਗਾਈਆਂ ਜਾਂਦੀਆਂ ਪਰ ਅਸਲ ਮਨੋਰਥ ਇੱਥੇ ਰੱਬੀ ਗਿਆਨ ਹਾਸਲ ਕਰਕੇ, ਸੰਸਾਰ ਵਿੱਚ ਇੱਕ ਪ੍ਰਵਾਰ ਦੀ ਤਰ੍ਹਾਂ ਕਿਵੇਂ ਮਿਲ ਜੁਲ ਕੇ ਰਹਿੰਦੇ ਹੋਏ? ਕਿਰਤ ਕਰਨੀ, ਵੰਡ ਛੱਕਣਾ ਅਤੇ ਨਾਮ ਜਪਣਾ ਹੀ ਹੈ। ਗੁਰਦੁਆਰੇ ਵਿਖੇ ਲੱਗੇ ਨਿਸ਼ਾਨ ਦਾ ਲਹਿਰਾ ਰਿਹਾ ਉੱਚਾ ਫਰਲਾ, ਉਪ੍ਰੋਕਤ ਵਰਨੇ ਵਰਤਾਰੇ, ਅਵੱਸਥਾ ਅਤੇ ਸਿਖਿਆ ਦਾ ਸੰਦੇਸ਼ ਦਿੰਦਾ ਹੈ।

ਰੱਬੀ ਭਗਤਾਂ, ਭੱਟਾਂ, ਸਿੱਖ ਗੁਰੂਆਂ ਅਤੇ ਗੁਰਮੁਖ ਗੁਰਸਿੱਖਾਂ ਦੀ ਸਮੁੱਚੀ ਸਿਖਿਆ ਰੂਪ ਗੁਰਬਾਣੀ ਉਪਦੇਸ਼ਾਂ ਦਾ ਭੰਡਾਰ “ਗੁਰੂ ਗ੍ਰੰਥ ਸਾਹਿਬ” ਸਭ ਗੁਰਦੁਆਰਿਆਂ ਵਿੱਚ ਪ੍ਰਕਾਸ਼ ਅਤੇ ਸੁਭਾਇਮਾਨ ਹੁੰਦਾ ਹੈ। ਗੁਰਬਾਣੀ ਸਿਖਿਆ ਦੇ ਛੱਤੇ ਦੁਆਲੇ ਮਾਨੋਂ ਸੰਗਤਾਂ ਮਧੂ ਮੱਖੀਆਂ ਵਾਂਗ ਇਕੱਤਰ ਹੋ ਕੇ, ਗੁਰੂ ਗਿਆਨ ਉਪਦੇਸ਼ ਰੂਪੀ ਸ਼ਹਿਦ ਦਾ ਅਨੰਦ ਮਾਣਦੀਆਂ ਹਨ। ਗੁਰਦੁਆਰੇ ਵਿੱਚ ਇਸ ਆਤਮਿਕ ਭੋਜਨ ਤੋਂ ਇਲਾਵਾ ਸਰੀਰ ਦੀ ਤ੍ਰਿਪਤੀ ਲਈ ਲੰਗਰ, ਕਸਰਤ ਲਈ ਮੱਲ ਅਤੇ ਸ਼ਸ਼ਤਰ ਵਿਦਿਆ ਦੇ ਅਖਾੜੇ ਲਗਦੇ ਹਨ।

ਗੁਰਦੁਆਰਿਆਂ-ਗੁਰਧਾਮਾਂ ਵਿਖੇ ਜਾਤ-ਪਾਤ, ਛੂਆ-ਛਾਤ, ਸੁੱਚ-ਭਿੱਟ, ਵਰਣ-ਵੰਡ ਅਤੇ ਆਪਸੀ ਲੜਾਈ ਝਗੜੇ ਤੋਂ ਉਪਰ ਉਠ ਕੇ ਵਿਚਰਨ ਦਾ ਉਪਦੇਸ਼ ਦਿੱਤਾ ਜਾਂਦਾ ਹੈ। ਗੁਰਦੁਆਰੇ ਵਿਖੇ ਪ੍ਰਕਾਸ਼ਮਾਨ “ਗੁਰੂ ਗ੍ਰੰਥ ਸਾਹਿਬ” ਸਾਰੀ ਮਨੁੱਖਤਾ ਲਈ ਸਰਬਸਾਂਝੇ ਉਪਦੇਸ਼ ਦਾ ਸੋਮਾਂ ਹੈ। ਇਸੇ ਕਰਕੇ ਕੀ ਹਿੰਦੂ, ਕੀ ਮੁਸਲਮਾਨ, ਕੀ ਈਸਾਈ, ਕੀ ਬੋਧੀ, ਕੀ ਸਿੱਖ ਅਤੇ ਕੀ ਹੋਰ ਮੱਤਾਂ ਦੇ ਲੋਕ ਵੀ ਭਾਰੀ ਗਿਣਤੀ ਵਿੱਚ ਰੱਬੀ ਉਪਦੇਸ਼ ਲੈਣ ਆਉਂਦੇ ਅਤੇ ਇਸ ਸੱਚੇ-ਸੁੱਚੇ ਮਾਰਗ ਨੂੰ ਅਪਨਾਉਂਦੇ ਵੀ ਰਹੇ। ਭਾਵ ਧੜਾ-ਧੜ ਲੋਕ ਸਿੱਖ ਮਾਰਗ ਦੇ ਪਾਂਧੀ ਅਤੇ ਅਨੁਯਾਈ ਬਣਨ ਵਿੱਚ ਫਕਰ ਮਹਿਸੂਸ ਕਰਦੇ ਰਹੇ। ਦਬਸਿਤਾਨੇ ਮਜਾਹਿਬ ਕਿਤਾਬ ਦਾ ਲਿਖਾਰੀ ਅਤੇ ਗੁਰੂ ਹਰਗੋਬਿੰਦ ਸਾਹਿਬ ਦਾ ਸਮਕਾਲੀ ਮੁਹਸਨਫਾਨੀ ਲਿਖਦਾ ਹੈ ਕਿ ਗੁਰੂਆਂ ਭਗਤਾਂ ਦਾ ਦਰਸਾਇਆ ਸਿੱਖ ਮਾਰਗ ਆਮ ਲੋਕਾਂ ਵਿੱਚ ਇਨ੍ਹਾਂ ਹਰਮਨ ਪਿਆਰਾ ਹੋ ਗਿਆ ਕਿ ਛੇਵੇਂ ਪਾਤਸ਼ਾਹ ਵੇਲੇ ਹਿੰਦੁਸਤਾਨ ਦੀ ਨੌਂ ਕਰੋੜ ਦੀ ਅਬਾਦੀ ਵਿੱਚ ਛੇ ਕਰੋੜ ਗੁਰੂ ਨਾਨਕ ਨਾਮ ਲੇਵਾ ਸਿੱਖ ਸਨ।

ਹੁਣ ਆਪਾਂ ਗੁਰਦੁਆਰਿਆਂ, ਗੁਰਧਾਮਾਂ ਅਤੇ ਅਜੋਕੀਆਂ ਵੱਖ-ਵੱਖ ਸਿੱਖ ਜਥੇਬੰਦੀਆਂ ਦੀ ਗੱਲ ਕਰਦੇ ਹਾਂ ਕਿ ਅੱਜ ਓਥੇ ਕੀ ਵਾਪਰ ਰਿਹਾ ਹੈ? ਭਾੜੇ ਦੇ ਪਾਠ, ਕੀਰਤਨ, ਕਥਾ, ਢਾਡੀ ਵਾਰਾਂ, ਮਿਥਿਹਾਸਕ ਕਥਾ ਕਹਾਣੀਆਂ, ਬ੍ਰਾਹਮਣੀ ਰਹੁਰੀਤਾਂ, ਕਰਮਕਾਂਡ, ਅਨਮੱਤੀ ਤਿਉਹਾਰ, ਕੈਲੰਡਰ ਅਪਨਾਏ ਅਤੇ ਡੰਡੇ ਨਾਲ ਲਾਗੂ ਕੀਤੇ ਜਾ ਰਹੇ ਹਨ। ਜਾਤ-ਪਾਤ, ਛੂਆ-ਛਾਤ, ਅੰਧ-ਵਿਸ਼ਵਾਸ਼ ਅਤੇ ਵਹਿਮ-ਭਰਮ ਸਿਖਰਾਂ ਤੇ ਹਨ। ਧੜੇਬੰਦੀ, ਪਾਰਟੀਬਾਜੀ, ਫੁੱਟ, ਗਾਲੀ-ਗਲੋਚ, ਪਥਰਾ, ਗੁੱਸੇ ਵਿੱਚ ਭਰੇਪੀਤੇ ਵਿਚਾਰਧਾਰਕ ਵਿਰੋਧੀਆਂ ਦੀਆਂ ਪੱਗਾਂ ਲਾਉਣੀਆਂ, ਉਨ੍ਹਾਂ ਤੇ ਕ੍ਰਿਪਾਨਾਂ ਚਲਾਉਣ ਦਾ ਵਰਤਾਰਾ ਵਰਤਾਇਆ ਜਾ ਰਿਹਾ ਹੈ। ਛੋਟੇ ਗੁਰਦੁਆਰਿਆਂ ਤੋਂ ਲੈ ਕੇ ਵੱਡੇ-ਵੱਡੇ ਸਿੱਖੀ ਕੇਂਦਰਾਂ ਤਖਤਾਂ ਆਦਿਕ ਵਿਖੇ ਇਹ ਸਭ ਕੁਝ ਆਏ ਦਿਨ ਹੋ ਰਿਹਾ ਹੈ। ਗੁਰਪੁਰਬ, ਸ਼ਤਾਬਦੀਆਂ ਅਤੇ ਘੱਲੂਘਾਰਿਆਂ ਆਦਿਕ ਇਤਿਹਾਸਕ ਸ਼ਹੀਦੀ ਦਿਹਾੜਿਆਂ ਤੇ ਵੀ ਗਾਲੀ-ਗਲੋਚ, ਪਥਰਾ, ਪੱਗਾਂ ਲਾਹੁਣਾ ਅਤੇ ਕ੍ਰਿਪਾਨਾਂ ਬਰਛਿਆਂ ਨਾਲ ਆਪਸ ਵਿੱਚ ਲੜਨਾ ਕਿੱਧਰ ਦੀ ਸਿੱਖੀ ਹੈ?

ਦੇਖੋ! ਬਹਾਦਰ ਸਿੱਖ ਕੌਮ ਨੇ ਹਰ ਵੇਲੇ ਅਨਿਆਂ ਦੇ ਵਿਰੁੱਧ ਅਵਾਜ਼ ਉਠਾਈ ਅਤੇ ਸੰਘਰਸ਼ ਸੰਗਰਾਮ ਕੀਤੇ ਹਨ। ਭਾਵੇਂ ਉਹ ਗੁਰੂਆਂ ਭਗਤਾਂ ਦਾ ਸਮਾਂ, ਬਾਬਾ ਬੰਦਾ ਸਿੰਘ ਬਹਾਦਰ ਦਾ ਵੇਲਾ, ਸਿੱਖ ਮਿਸਲਾਂ ਦਾ ਸਮਾਂ, ਮਹਾਂਰਾਜਾ ਰਣਜੀਤ ਸਿੰਘ ਦਾ ਰਾਜ, ਅੰਗਰੇਜਾਂ ਨੂੰ ਭਾਰਤ ਚੋਂ ਕੱਢਣ ਦਾ ਸਮਾਂ ਅਤੇ ਸਿੰਘ ਸਭਾਵਾਂ ਦੇ ਰੂਪ ਵਿੱਚ ਹੰਕਾਰੀ ਵਿਕਾਰੀ ਮਹੰਤਾਂ ਤੋਂ ਗੁਰਧਾਮ ਅਜਾਦ ਕਰਾਉਣ ਦਾ ਵੇਲਾ ਸੀ। ਸਿੱਖਾਂ ਨੇ ਅਣਗਿਣਤ ਕੁਰਬਾਨੀਆਂ ਦੇ ਕੇ ਭਾਰਤ ਨੂੰ ਅੰਗ੍ਰੇਜ਼ ਵਿਦੇਸ਼ੀਆਂ ਤੋਂ ਅਜਾਦ ਕਰਾਉਣ ਲਈ, ਮੂਹਰੇ ਹੋ ਕੇ ਵੱਧ ਤੋਂ ਵੱਧ ਕੁਰਬਾਨੀਆਂ ਦਿੱਤੀਆਂ ਪਰ ਭਾਰਤ ਦੇ ਅਕਿਰਤਘਣ ਹਿੰਦੂ ਹਾਕਮਾਂ ਨੇ ਸਿੱਖ ਕੌਮ ਨੂੰ ਜ਼ਰਾਇਮਪੇਸ਼ਾ ਕੌਮ ਘੋਸ਼ਤ ਕਰ ਦਿੱਤਾ। ਸਿੱਖ ਲੀਡਰਾਂ ਨਾਲ ਧੋਖਾ ਕੀਤਾ ਗਿਆ, ਬੜੇ ਵੱਡੇ ਸੰਘਰਸ਼, ਜੇਲ੍ਹਾਂ ਤੇ ਕੁਰਬਾਨੀਆਂ ਬਾਅਦ ਲੰਗੜਾ ਪੰਜਾਬੀ ਸੂਬਾ ਦੇ ਦਿੱਤਾ ਗਿਆ। ਸਿੱਖ ਕੌਮ ਨੇ ਲਗਨ ਤੇ ਮਿਹਨਤ ਨਾਲ ਪੰਜਾਬ ਨੂੰ ਪੂਰੇ ਭਾਰਤ ਦਾ ਅੰਨ ਭੰਡਾਰ ਬਣਾ ਦਿੱਤਾ। ਓਧਰ ਦੇਖੋ! ਭਾਰਤ ਦੀ ਜਨੂੰਨੀ ਸਰਕਾਰ ਨੂੰ ਸਿੱਖਾਂ ਦੀ ਬਹਾਦਰੀ, ਆਰਥਕ ਖੁਸ਼ਹਾਲੀ ਅਤੇ ਅਜਾਦ ਵਿਚਰਨ ਦੀ ਗਤੀਵਿਧੀ ਬਰਦਾਸ਼ਤ ਨਾਂ ਹੋਈ ਤੇ ਪੰਜਾਬ ਨੂੰ ਹਰ ਤਰ੍ਹਾਂ ਨਾਲ ਪਛਾੜਨਾ ਸ਼ੁਰੂ ਕਰ ਦਿੱਤਾ। ਜਦ ਸਿੱਖ ਕੌਮ ਨੇ ਹੱਕਾਂ ਲਈ ਮੋਰਚੇ ਲਾਏ ਤਾਂ ਉਹ ਵੀ ਹੱਕੀ ਮੰਗਾਂ ਪੂਰੀਆਂ ਨਾਂ ਕੀਤੀਆਂ ਸਗੋਂ ਮਾਰ ਕੁਟਾਈ ਕਰਕੇ ਜੇਲ੍ਹੀ ਡੱਕ ਦਿੱਤਾ। ਕੌਮ ਦੇ ਜਵਾਨਾਂ ਨੇ ਮਜਬੂਰ ਹੋ ਕੇ ਹਥਿਆਰਬੰਦ ਗੁਰੀਲਾ ਯੁੱਧਨੀਤੀ ਅਪਨਾਅ ਲਈ ਪਰ ਬੇਈਮਾਨ ਸਰਕਾਰ ਨੇ ਝੂਠੇ ਪੁਲਿਸ ਮੁਕਾਬਲੇ ਬਣਾ-ਬਣਾ ਅਤੇ ਚੁਣ-ਚੁਣ ਕੇ ਸਿੱਖ ਨੌਜਵਾਨਾਂ ਦੇ ਕਤਲ ਕੀਤੇ। ਅਖੀਰ ਕੌਮ ਦਾ ਮਨੋ ਬਲ ਡੇਗ ਕੇ ਖਤਮ ਕਰਨ ਲਈ ਸ਼ਾਹੀ ਫੌਜਾਂ, ਟੈਂਕਾਂ ਤੋਪਾਂ ਅਤੇ ਜੰਗੀ ਜਹਾਜਾਂ ਰਾਹੀਂ ਸਿੱਖਾਂ ਦੇ ਕੇਂਦਰੀ ਅਸਥਾਨ ਸ੍ਰੀ ਦਰਬਾਰ ਸਾਹਿਬ, ਅਕਾਲ ਤਖਤ ਅੰਮ੍ਰਿਤਸਰ ਤੇ ਹਮਲਾ ਕਰਕੇ ਜਿੱਥੇ ਨਿਹੱਥੀਆਂ ਸੰਗਤਾਂ ਤੇ ਵੀ ਤੋਪਾਂ ਗੋਲੀਆਂ ਚਲਾ ਕੇ ਬੇਦੋਸ਼ੇ ਭਾਰਤੀ ਸਿੱਖ ਨਾਗਰਿਕਾਂ ਨੂੰ ਮਾਰਿਆ, ਓਥੇ ਗੁਰੂ ਗ੍ਰੰਥ ਸਾਹਿਬ ਦੀਆਂ ਪੁਰਾਤਨ ਹੱਥ ਲਿਖਤ ਬੀੜਾਂ ਸਾੜੀਆਂ, ਰੁਪਿਆ ਪੈਸਾ, ਬੀਬੀਆਂ ਦਾ ਗਹਿਣਾ ਗੱਟਾ, ਸਿੱਖ ਵਿਰਾਸਤ ਦਾ ਕੀਮਤੀ ਖਜਾਨਾਂ ਲੁੱਟਿਆ ਅਤੇ ਭਾਰੀ ਗਿਣਤੀ ਵਿੱਚ ਸਿੱਖ ਲਿਟ੍ਰੇਚਰ ਤਬਾਹ ਕੀਤਾ। ਉਸ ਵੇਲੇ ਜਨਰਲ ਸ਼ਬੇਗ ਸਿੰਘ, ਬਾਬਾ ਜਰਨੈਲ ਸਿੰਘ ਭਿੰਡਰਾਂਵਾਲੇ ਅਤੇ ਭਾਈ ਅਮਰੀਕ ਸਿੰਘ ਪ੍ਰਧਾਨ ਸਿੱਖ ਸਟੂਡੈਂਟ ਫੈਡ੍ਰੇਸ਼ਨ ਦੀ ਅਗਵਾਈ ਵਿੱਚ ਮੁੱਠੀਭਰ ਸਿੰਘ ਸਿੰਘਣੀਆਂ ਨੇ ਜਾਲਮ ਭਾਰਤੀ ਫੌਜਾਂ ਦੇ ਵੀ ਸੱਥਰ ਵਿਸ਼ਾ ਦਿੱਤੇ। ਹਮਲਾ ਕਰਨ ਕਰਾਉਣ ਵਾਲੀ ਇੰਦਰਾ ਗਾਂਧੀ ਅਤੇ ਜਨਰਲ ਵੈਦਯਾ ਨੂੰ ਕੀਤੀ ਦਾ ਫਲ ਭੁਗਤਣਾ ਪਿਆ। ਫਿਰ ਸਿੱਖਾਂ ਦੀ ਘਣੀ ਵਸੋਂ ਵਾਲੇ ਸ਼ਹਿਰਾਂ ਜਿਵੇਂ ਦਿੱਲ੍ਹੀ, ਕਲਕੱਤਾ, ਕਾਹਨਪੁਰ ਯੂਪੀ, ਬੇਕਾਰੋ ਆਦਿਕ ਵਿਖੇ ਭਾਰਤ ਦੀ ਜਾਲਮ ਸਰਕਾਰ ਦੀ ਸ਼ਹਿ ਤੇ ਜਨੂੰਨੀ ਹਿੰਦੂ ਅਤਵਾਦੀਆਂ ਨੇ ਬੇਕਸੂਰ, ਬੇਥਿਆਰ ਅਤੇ ਸੁੱਤੇ ਪਏ ਸਿੱਖਾਂ ਦੇ ਘਰ ਸਾੜੇ, ਟਾਇਰ ਗਲਾਂ ਚ’ ਪਾ ਅੱਗਾਂ ਲਾਈਆਂ, ਬੱਚੇ ਸਟੋਪਾਂ ਤੇ ਭੁੰਨੇ, ਸਿੱਖ ਬੀਬੀਆਂ ਦੇ ਕੀਮਤੀ ਗਹਿਣੇ ਅਤੇ ਇਜ਼ਤਾਂ ਲੁੱਟੀਆਂ। ਬਾਅਦ ਵਿੱਚ ਭਾਵੇਂ ਰਾਜੀਵ-ਲੌਂਗੋਵਾਲ ਫੈਲਾਪ ਸਮਝੌਤਾ ਹੋਇਆ ਪਰ ਬੇਈਮਾਨਾਂ ਨੇ ਉਹ ਵੀ ਲਾਗੂ ਨਾਂ ਕੀਤਾ ਸਗੋਂ ਸਿੱਖ ਨੌਂਜਵਾਨਾਂ ਨੂੰ ਹੀ ਅੰਤਾਹ ਤਸੀਹੇ ਦੇ ਦੇ ਜੇਲ੍ਹੀ ਸੁੱਟਿਆ, ਉਮਰ ਕੈਦਾਂ ਕੀਤੀਆਂ ਅਤੇ ਫਾਸੀਆਂ ਲਾਈਆਂ ਓਧਰ ਕਿਸੇ ਵੀ ਹਿੰਦੂ ਕਾਤਲ ਅਤਿਵਾਦੀ ਨੂੰ ਫਾਂਸੀ ਨਹੀਂ ਦਿੱਤੀ।

ਅੱਜ ਪੂਰੇ ੩੦ ਸਾਲ ਹੋ ਗਏ, ਨਾਂ ਬੇਕਸੂਰ ਸਿੱਖ ਰਿਹਾ ਕੀਤੇ ਅਤੇ ਨਾਂ ਹੀ ਸਿੱਖ ਕੌਮ ਨੂੰ ਇਨਸਾਫ ਦਿੱਤਾ। ਇਸ ਲਈ ਸਿੱਖਾਂ ਨੇ ਵਿਦੇਸ਼ਾਂ ਵਿੱਚ ਇਨਸਾਫ ਲਈ ਸਰਕਾਰਾਂ ਦੇ ਦਰਵਾਜੇ ਖੜਕਾਏ, ਮੀਡੀਏ ਦੀ ਵਰਤੋਂ ਕੀਤੀ ਤਾਂ ਦੁਨੀਆਂ ਨੂੰ ਭਾਰਤ ਸਰਕਾਰ ਦੇ ਸਿੱਖ ਕੌਮ ਤੇ ਵਰਤਾਏ ਨਸਕੁਸ਼ੀ ਦੇ ਕਹਿਰ ਦਾ ਪਤਾ ਚੱਲਿਆ ਤਾਂ ਸਰਕਾਰ ਕੁਝ ਟੱਸ ਤੋਂ ਮੱਸ ਹੋਈ ਪਰ ਉਸ ਨੇ ਬਾਦਲ, ਬਰਨਾਲੇ, ਰਾਸ਼ਟਰੀਆ ਸਿੱਖ ਸੰਗਤ (ਆਰ. ਆਰ.ਐੱਸ) ਅਤੇ ਸਿਰਸਾ ਵਰਗੇ ਡੇਰਿਆਂ ਨਾਲ ਮਿਲ ਕੇ, ਅੰਧਵਿਸ਼ਵਾਸ਼ੀ ਦਾ ਪ੍ਰਚਾਰ, ਗੁਰੂ ਗ੍ਰੰਥ ਸਾਹਿਬ ਬਰਾਬਰ ਅਖੌਤੀ ਦਸਮ ਗ੍ਰੰਥ ਦਾ ਪ੍ਰਕਾਸ਼ ਅਤੇ ਹੁਣ ਮਾਰੂ ਨਸ਼ਿਆਂ ਰਾਹੀਂ ਬਹਾਦਰ ਸਿੱਖ ਕੌਮ ਦੀ ਨਸਲਕੁਸ਼ੀ ਕਰਨੀ ਸ਼ੁਰੂ ਕੀਤੀ ਹੋਈ ਹੈ। ਸਿੱਖਾਂ ਨੂੰ ਸ਼ਿਵਜੀ ਦੇ ਪੁਜਾਰੀ ਬਨਾਉਣ ਲਈ “ਦੇਹ ਸ਼ਿਵਾ ਬਰ ਮੋਹਿ ਇਹੈ” ਦੇ ਨਾਹਰੇ ਲਵਾਏ ਜਾ ਰਹੇ ਹਨ।

ਅਖੀਰ ਤੇ ਦਾਸ ਸਿੱਖ ਕੌਮ ਦੇ ਸਿਰਕੱਢ ਲੀਡਰਾਂ ਅੱਗੇ ਦੋਏ ਕਰ ਜੋੜ ਬੇਨਤੀ ਕਰਦਾ ਹੈ ਕਿ ਕਿਸੇ ਖਾਸ ਵਿਅਕਤੀ ਦੀ ਅਗਵਾਈ ਛੱਡ ਕੇ ਇੱਕ “ਗੁਰੂ ਗ੍ਰੰਥ ਸਾਹਿਬ” ਦੀ ਛਤਰ ਛਾਇਆ ਹੇਠ ਚਲ ਕੇ, ਸਰਕਾਰੀ ਅਤੇ ਸੰਪ੍ਰਦਾਈ ਡੇਰਿਆਂ ਦੀਆਂ ਚਾਲਾਂ ਨੂੰ ਨਿਕਾਰਦੇ ਹੋਏ, ਅਜਾਦ ਪ੍ਰਭੂਸਤਾ ਰਾਜ ਲਈ ਮਿਲ ਕੇ ਚੱਲੋ, ਗੁਰਦੁਆਰਿਆਂ ਵਿੱਚ ਮਿਸ਼ਨਰੀ ਸਿੱਖ ਪ੍ਰਚਾਰਕਾਂ ਨੂੰ ਅੱਖਾਂ ਨਾਂ ਕੱਢੋ, ਭੇਖੀ ਸਾਧਾਂ ਸੰਤਾਂ ਦਾ ਬਾਈਕਾਟ ਕਰੋ, ਛੋਟੀ ਮੋਟੀ ਗੱਲ ਤੇ ਆਪਸੀ ਝਗੜਿਆਂ ਵਿੱਚ ਪੱਗਾਂ ਨਾ ਲਾਹੋ, ਗਾਲਾਂ ਨਾਂ ਕੱਢੋ ਅਤੇ ਬੇਵਜਾ ਆਪਣੇ ਹੀ ਭਰਾ-ਭੈਣਾਂ ਤੇ ਕ੍ਰਿਪਾਨਾਂ ਨਾਂ ਚਲਾਓ ਜਿਵੇਂ ਜੂਨ ੨੦੧੪ ਦੇ ਘੱਲੂਘਾਰੇ ਦਿਵਸ ਦੀ ਦੁਖਦਾਈ ਯਾਦ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਪੱਗਾਂ ਲਾਹੀਆਂ ਤੇ ਕ੍ਰਿਪਾਨਾਂ ਚਲਾਈਆਂ ਗਈਆਂ, ਜਿਸ ਵਿੱਚ ਜਿਆਦਾ ਕਸੂਰ, ਸ਼੍ਰੋਮਣੀ ਕਮੇਟੀ, ਕਮਜੋਰ ਜਥੇਦਾਰ ਅਕਾਲ ਤਖਤ ਅਤੇ ਹਾਕਮ ਅਕਾਲੀ ਦਲ ਦਾ ਹੈ ਜਿਨ੍ਹਾਂ ਨੇ ਬਾਕੀ ਜਥੇਬੰਦੀਆਂ ਅਤੇ ਦਲਾਂ ਦੇ ਆਗੂਆਂ ਨੂੰ ਬਰਾਬਰ ਬੋਲਣ ਦਾ ਸਮਾਂ ਨਹੀਂ ਦਿੱਤਾ ਓਥੇ ਬੇਕਸੂਰ ਅਕਾਲੀ ਦਲ ਅੰਮ੍ਰਿਤਸਰ ਮਾਨ ਤੇ ਉਸ ਦੇ ਸਹਿਯੋਗੀ ਵੀ ਨਹੀਂ ਜੋ ਬਾਹਰ ਪਡਾਲ ਵਿੱਚ ਵੀ ਆਪੋ ਆਪਣੇ ਭਾਸ਼ਣ ਦੇ ਕੇ, ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰ ਸਕਦੇ ਸਨ। ਇਸ ਨੀਤੀ ਨਾਲ ਪਾਰਟੀਬਾਜਕ ਲੜਾਈ ਵੀ ਟਲ ਸਕਦੀ ਸੀ।

ਦੇਖੋ! ਜਦ ਅਤਿ ਦੁਖਦਾਈ ਸ਼ਹੀਦੀ ਦਿਹਾੜਿਆਂ, ਘੱਲੂਘਾਰਿਆਂ ਉੱਤੇ ਗਾਲ੍ਹਾਂ ਕੱਢਣ, ਪੱਗਾਂ ਲੌਹਣ, ਸੋਟੇ, ਗੰਡਾਸੇ ਅਤੇ ਕ੍ਰਿਪਾਨਾਂ ਚਲਾ ਕੇ ਆਪਣੇ ਹੀ ਭੈਣ ਭਰਾਵਾਂ ਨੂੰ ਜ਼ਖਮੀ ਕਰਨ ਜਾਂ ਮਾਰਨ ਦੀਆਂ ਇਹ ਮਾੜੀਆਂ ਘਟਨਾਵਾਂ ਵਰਤਾਈਆਂ, ਮੀਡੀਏ ਵਿੱਚ ਜਾਂਦੀਆਂ ਹਨ ਤਾਂ ਕੌਮ ਦੀ ਬੇਇਜ਼ਤੀ ਹੁੰਦੀ ਅਤੇ ਦੂਸਰਿਆਂ ਤੇ ਮਾੜਾ ਪ੍ਰਭਾਵ ਪੈਂਦਾ ਹੈ। ਉਹ ਸੋਚਦੇ ਹਨ ਕਿ ਸਿੱਖਾਂ ਤੋਂ ਗੁਰਦੁਅਰਿਆਂ ਦਾ ਪ੍ਰਬੰਧ ਤਾਂ ਚੰਗੀ ਤਰ੍ਹਾਂ ਚਲਾਇਆ ਨਹੀਂ ਜਾਂਦਾ ਫਿਰ ਅਜਾਦ ਸਿੱਖ ਰਾਜ ਦਾ ਕਿਵੇਂ ਚਲਾ ਲੈਣਗੇ? ਅਜੇ ਤਾਂ ਇਨ੍ਹਾਂ ਕੋਲ ਸਰਕਾਰੀ ਤਾਕਤ ਨਹੀਂ ਜੇ ਆ ਗਈ ਤਾਂ ਆਏ ਦਿਨ ਵਿਚਾਰਧਾਰਕ ਵਿਰੋਧੀਆਂ ਨੂੰ ਕੁੱਟ ਕੁੱਟ ਕੇ, ਗੁਲਾਮ ਬਣਾਈ ਰੱਖਣਗੇ! ਚੰਗਾ ਲਿਟ੍ਰੇਚਰ ਅਤੇ ਪ੍ਰਚਾਰਕ ਤਾਂ ਹੁਣ ਵੀ ਬਹੁਤੇ ਗੁਰਦੁਅਂਰਿਆਂ ਵਿੱਚ ਵੜਨ ਨਹੀਂ ਦਿੱਤੇ ਜਾਂਦੇ ਤੇ ਫਿਰ ਸਰਕਾਰੀ ਤਾਕਤ ਆਉਣ ਤੇ ਤਾਂ ਆਸ ਵੀ ਨਹੀਂ ਕੀਤੀ ਜਾ ਸਕਦੀ।

ਦਾਸ ਨਾਲ ਵੀ ਇਹ ਵਾਪਰ ਚੁੱਕਾ ਹੈ, ਗੁਰਸੇਵਕ ਕੇਵਲ ਗੁਰੂ ਗ੍ਰੰਥ ਸਾਹਿਬ ਦਾ ਪ੍ਰਚਾਰਕ ਅਤੇ ਸਿੱਖ ਵਿਦਵਾਂਨਾਂ ਦਾ ਲਿਟ੍ਰੇਚਰ ਹੀ ਸਟਾਲ ਤੇ ਰੱਖਦਾ ਹੈ ਫਿਰ ਵੀ ਡੇਰਾਵਾਦੀ ਲੋਕ ਦਾਸ ਤੇ ਕਈ ਵਾਰ ਕ੍ਰਿਪਾਨਾਂ ਨਾਲ ਹਮਲਾ ਕਰ ਚੁੱਕੇ ਹਨ ਪਰ ਗੁਰਦੁਆਰਿਆਂ ਵਿੱਚ ਸਿੱਖ ਧਰਮ ਵਿਰੋਧੀ ਸਮਗਰੀ ਫੋਟੋਆਂ, ਹਨੂੰਮਾਨ ਚਲੀਸੇ, ਕਰਮਕਾਂਡੀ ਪੁਸਤਕਾਂ, ਡੇਰਿਆਂ ਦਾ ਲਿਟ੍ਰੇਚਰ ਅਤੇ ਸੰਕਟ ਮੋਚਨ (ਸ਼ਬਦਾਂ ਨੂੰ ਤੋਰੜ ਮਰੋੜ ਕੇ ਬਣਾਏ ਗੁਟਕੇ) ਸ਼ਰੇਆਮ ਵਿਕ ਰਹੇ ਹਨ। ਖਾਲਸਤਾਨੀ ਵਿਚਾਰਧਾਰਾ ਵਾਲੇ ਬਹੁਤੇ ਗੁਰਦੁਆਰਿਆਂ ਵਿੱਚ ਵੀ ਸਿੱਖ ਧਰਮ ਵਿਰੋਧੀ ਡੇਰੇਦਾਰਾਂ ਦਾ ਲਿਟ੍ਰੇਚਰ ਸੀਡੀਆਂ ਆਦਿਕ ਧੜਾ ਧੜ ਵੇਚਿਆ ਤੇ ਵੰਡਿਆ ਜਾ ਰਿਹਾ ਹੈ। ਜੇ ਖੁਸ਼ਕਿਸਮਤੀ ਨਾਲ ਖਾਲਿਸਤਾਨ ਬਣ ਵੀ ਗਿਆ ਤਾਂ ਫਿਰ ਨਿਰੋਲ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਪ੍ਰਚਾਰ ਕਰਨ ਵਾਲਿਆਂ ਨਾਲ ਕੀ ਹੋਵੇਗਾ? ਅੰਦਾਜਾ ਲਗਾਇਆ ਜਾ ਸਕਦਾ ਹੈ। ਵੱਖ ਵੱਖ ਜਥੇਬੰਦੀਆਂ ਦੇ ਸਿੱਖ ਆਗੂਓ! ਜੇ ਈਰਖਾ ਦਾ ਕੋਹੜ ਮਨਾਂ ਚੋਂ ਕੱਢੋਗੇ ਤਾਂ ਹੀ ਆਪਣੇ ਭੈਣ ਭਰਾਵਾਂ ਦਾ ਸਾਥ ਲੈ ਸਕਦੇ ਹੋ ਵਰਨਾਂ ਈਰਖਾ, ਅਗਿਆਨਤਾ, ਪੈਸਾ, ਚੌਧਰ, ਊਚ-ਨੀਚ, ਪਾਰਟੀਬਾਜੀ ਦੇ ਗਰੂਰੀ ਨਸ਼ੇ ਵਿੱਚ ਆਪਸ ਵਿੱਚ ਹੀ ਲੜ-ਲੜ ਕੇ ਖਜਲ ਖੁਆਰ ਹੁੰਦੇ ਅਤੇ ਬਹਾਦਰ ਸਿੱਖ ਕੌਮ ਦਾ ਅਕਸ ਚੁਨੀਆਂ ਭਰ ਵਿੱਚ ਵਿਗਾੜਨ ਦੇ ਦੋਸ਼ੀ ਬਣੇ ਜਾਂ ਬਣਾਏ ਜਾਂਦੇ ਰਹੋਗੇ। ਲੋੜ ਸਿੱਖੀ ਵਿਰੋਧੀ ਤਾਕਤਾਂ ਵੱਲੋਂ ਨੀਚ ਜਾਤ ਤੇ ਸ਼ੂਦਰ ਕਹਿ ਕੇ ਪਛਾੜ-ਦੁਰਕਾਰ ਦਿੱਤੇ ਗਏ, ਆਰਥਕ ਤੌਰ ਤੇ ਕਮਜੋਰ ਵਰਗਾਂ ਅਤੇ ਦਲਤਾਂ ਨੂੰ ਆਪਣੇ ਭੈਣ ਭਰਾ ਸਮਝ ਕੇ, ਹਰ ਤਰ੍ਹਾਂ ਨਾਲ ਉਨ੍ਹਾਂ ਦੀ ਮਦਦ ਕਰਨ ਅਤੇ ਬਰਾਬਰਤਾ ਦੇਣ ਦੀ ਹੈ ਫਿਰ ਸਿੱਖ ਕੌਮ ਦਾ ਕੋਈ ਵਾਲ ਵੀ ਵਿੰਗਾ ਨਹੀ ਕਰ ਸਕਦਾ। ਗੁਰੂਆਂ-ਭਗਤਾਂ ਦਾ ਇਹ ਹੀ ਤਾਂ ਸਰਬਸਾਂਝਾਂ ਉਪਦੇਸ਼ ਸੀ ਕਿ-ਨੀਚਾਂ ਅੰਦਰਿ ਜਾਤਿ ਨੀਚੀ ਹੂ ਅਤਿ ਨੀਚੁ॥ ਨਾਨਕੁ ਤਿੰਨ ਕੈ ਸੰਗਿ ਸਾਥਿ ਵਡਿਆ ਸਿਉ ਕਿਆ ਰੀਸੁ॥ ਜਿਥੈ ਨੀਚ ਸਮਾਲੀਅਨਿ ਤਿਥੈ ਨਦਰਿ ਤੇਰੀ ਬਖਸੀਸ॥੪॥੩॥(੧੫) ਸਭੇ ਸਾਝੀਵਾਲ ਸਦਾਇਨਿ...॥(੯੭) ਹੋਇ ਇਕਤ੍ਰ ਮਿਲਹੁ ਮੇਰੇ ਭਾਈ ਦੁਬਿਧਾ ਦੂਰਿ ਕਰਹੁ ਲਿਵ ਲਾਇ॥ਹਿਰ ਨਾਮੈ ਕੈ ਹੋਵਹੁ ਜੋੜੀ ਗੁਰਮੁਖਿ ਬੈਸਹੁ ਸਫਾ ਵਿਛਾਇ॥੧॥

ਜੇ ਉਪ੍ਰੋਕਤ ਗੁਰਵਾਕਾਂ ਤੇ ਅਮਲ ਕੀਤਾ ਜਾਵੇ ਤਾਂ ਫਿਰ ਆਪਣੇ ਹੀ ਭੈਣ ਭਾਰਵਾਂ ਤੇ ਤਾਂ ਕੀ ਕਿਸੇ ਵੀ ਬੇਦੋਸ਼ੇ ਇਨਸਾਨ ਤੇ ਕ੍ਰਿਪਾਨਾਂ, ਡਾਂਗਾਂ, ਸੋਟੇ, ਬਰਛੇ ਚਲਾਏ ਅਤੇ ਗਾਲੀ ਗਲੋਚ ਨਹੀਂ ਕੀਤਾ ਜਾ ਸਕਦਾ ਭਾਵੇ ਇਹ ਸਿੱਖ ਕੌਮ ਦੀਆਂ ਵਿਰੋਧੀ ਤਾਕਤਾਂ ਦੀ ਘੁਸਪੈਠ ਕਰਕੇ ਵੀ ਕਿਉਂ ਨਾ ਕੀਤਾ ਗਿਆ ਹੋਏ। ਨਿਮਾਣੇ ਦੀ ਅਰਦਾਸ ਹੈ ਕਿ ਕਰਤਾ ਕਰਤਾਰ ਸਾਨੂੰ ਸਭ ਨੂੰ ਸੁਮਤਿ ਬਖਸ਼ੇ ਤਾਂ ਕਿ ਗੁਰਬਾਣੀ ਉਪਦੇਸ਼ਾਂ ਨੂੰ ਵਿਸਾਰਨ ਕਰਕੇ, ਸਾਡੇ ਵਿੱਚ ਪਈਆਂ ਦੂਰੀਆਂ ਖਤਮ ਹੋ ਜਾਵਣ ਅਤੇ ਅਸੀਂ ਦੁਸ਼ਮਣ ਦੀਆਂ ਫੁੱਟ ਪਾਊ ਚਾਲਾਂ ਨੂੰ ਸਮਝ ਕੇ, ਨਾਕਾਂਮ ਕਰਦੇ ਹੋਏ ਇਉਂ ਮਿਲ ਕੇ ਰਹੀਏ-ਸਤਸੰਗਤਿ ਮਿਲਿ ਰਹੀਐ ਮਾਧਉ ਜੈਸੇ ਮਧੁਪ ਮਖੀਰਾ॥੨॥(੪੮੬)




.