.

ਭੱਟ ਬਾਣੀ-13

ਬਲਦੇਵ ਸਿੰਘ ਟੋਰਾਂਟੋ

ਸਵਈਏ ਮਹਲੇ ਪਹਿਲੇ ਕੇ ੧ ੴ ਸਤਿਗੁਰ ਪ੍ਰਸਾਦਿ।।

ਇਕ ਮਨਿ ਪੁਰਖੁ ਧਿਆਇ ਬਰਦਾਤਾ।।

ਸੰਤ ਸਹਾਰੁ ਸਦਾ ਬਿਖਿਆਤਾ।।

ਤਾਸੁ ਚਰਨ ਲੇ ਰਿਦੈ ਬਸਾਵਉ।।

ਤਉ ਪਰਮ ਗੁਰੂ ਨਾਨਕ ਗੁਨ ਗਾਵਉ।। ੧।।

(ਪੰਨਾ ੧੩੮੯)

ਸਵਈਏ ਮਹਲੇ ਪਹਿਲੇ ਕੇ - ਮਹਲੇ ੧ ਨਾਨਕ ਜੀ ਦੇ ਮੂਲ ਸਿਧਾਂਤ ਵਿੱਚ ਲੀਨ, ਸਮਰਪਤ ਹੋਣ ਦੀ ਪ੍ਰੋੜ੍ਹਤਾ। ਮਹਲ – ਲੀਨ, ਸਮਰਪਤ। ਮਹਲੇ ਪਹਿਲੇ – ਨਾਨਕ ਪਾਤਸਾਹ ਦੇ ਮੂਲ ਸਿਧਾਂਤ ਨੂੰ ਸਮਰਪਤ ਹੋਣ ਦੀ ਪ੍ਰੋੜ੍ਹਤਾ ਕਰਨੀ।

ੴ ਸਤਿਗੁਰ ਪ੍ਰਸਾਦਿ।। – ਇਕੁ ਸਰਬ-ਵਿਆਪਕ ਸਦੀਵੀ ਸਥਿਰ ਰਹਿਣ ਵਾਲੇ ਦੀ ਬਖ਼ਸ਼ਿਸ਼ ਨੂੰ ਹੀ ਗੁਰ ਜਾਣ ਕੇ ਦ੍ਰਿੜ੍ਹ ਕਰਨ ਦਾ ਸੰਕਲਪ, ਜਿਸ ਸੱਚ ਵਿੱਚ ਨਾਨਕ ਲੀਨ ਸਨ, ਉਸੇ ਸੱਚ ਨੂੰ ਭੱਟ ਸਾਹਿਬਾਨ ਨੇ ਦ੍ਰਿੜ੍ਹ ਕੀਤਾ ਅਤੇ ਇਸ ਮੂਲ ਸਿਧਾਂਤ ਤੋਂ ਹੀ ਉਨ੍ਹਾਂ ਆਪਣਾ ਆਪਾ ਨਿਛਾਵਰ ਕੀਤਾ। ਪ੍ਰਸਾਦਿ – ਕ੍ਰਿਪਾ, ਬਖ਼ਸ਼ਿਸ਼। ਸਤਿਗੁਰ - ਸਦੀਵੀ ਸਥਿਰ ਰਹਿਣ ਵਾਲਾ, ਸਦੀਵੀ ਸੱਚ।

ਪਦ ਅਰਥ:- ਇੱਕ ਮਨਿ – ਇੱਕ ਚਿੱਤ, ਇਕਾਗਰ ਹੋ ਕੇ ਭਾਵ ਪ੍ਰਚਲਤ (ਕਰਮ-ਕਾਂਡੀ) ਵੀਚਾਰਧਾਰਾਵਾਂ ਦੀ ਦੁਚਿੱਤੀ, ਦੁਬਿਧਾ ਨੂੰ ਛੱਡ ਕੇ। ਪੁਰਖੁ – ਪੂਰਣ ਰੂਪ (ਮ: ਕੋਸ਼)। ਪੂਰਣ ਰੂਪ ਭਾਵ ਪੂਰਣ ਤੌਰ `ਤੇ। ਧਿਆਇ – ਅਭਿਆਸ (practice) ਕਰਨਾ। ਬਰਦਾਤਾ – ਵਰਦਾਨ ਭਾਵ ਬਖ਼ਸ਼ਿਸ਼ ਕਰਨ ਵਾਲਾ। ਸੰਤ ਸਹਾਰੁ ਸਦਾ ਬਿਖਿਆਤਾ – ਹਮੇਸ਼ਾ ਆਪ ਵੀ ਗਿਆਨ ਦਾ ਆਸਰਾ ਲੈਣਾ ਚਾਹੀਦਾ ਹੈ ਅਤੇ ਉਸ ਦਾ ਹੀ ਅੱਗੇ ਪ੍ਰਚਾਰ ਕਰਨਾ ਚਾਹੀਦਾ ਹੈ। ਸੰਤ – ਗਿਆਨ। ਸਹਾਰੁ – ਸਹਾਰਾ, ਆਸਰਾ ਲੈਣਾ। ਬਿਖਿਆਤਾ – ਵਿਖਿਆਨ ਕਰਨਾ, ਪ੍ਰਚਾਰਨਾ। ਤਾਸੁ – ਉਸ (ਮ: ਕੋਸ਼)। ਚਰਨ – ਆਚਰਣ, ਇਖ਼ਲਾਕ (ਮ: ਕੋਸ਼)। ਲੇ – ਲੈਣਾ ਭਾਵ ਪ੍ਰਵਾਨ ਕਰਨਾ, ਕਰਕੇ। ਰਿਦੈ ਬਸਾਵਉ – ਹਿਰਦੇ ਵਿੱਚ ਵਸਾਉਣਾ ਚਾਹੀਦਾ ਹੈ। ਤਉ ਪਰਮ ਗੁਰੂ ਨਾਨਕ – ਉਸ ਪ੍ਰਮਾਤਮਾ ਨਾਨਕ ਦੇ ਗੁਰੂ ਦੇ। ਗੁਨ ਗਾਵਉ – ਗੁਣ ਗਾਇਨ ਭਾਵ ਪ੍ਰਚਾਰ ਕਰਨਾ ਚਾਹੀਦਾ ਹੈ।

ਅਰਥ:- ਹੇ ਭਾਈ! ਇਕੁ ਸਰਬ-ਵਿਆਪਕ ਸਦੀਵੀ ਸਥਿਰ ਰਹਿਣ ਵਾਲੇ ਦੀ ਬਖ਼ਸ਼ਿਸ਼ ਗਿਆਨ ਨੂੰ ਹੀ ਗੁਰ ਜਾਣ ਕੇ ਦ੍ਰਿੜ੍ਹ ਕਰਨਾ ਚਾਹੀਦਾ ਹੈ। ਇੱਕ ਮਨ ਇੱਕ ਚਿੱਤ ਹੋ ਕੇ ਪੂਰਣ ਤੌਰ `ਤੇ ਇਕੁ ਸਰਬ-ਵਿਆਪਕ ਨੂੰ ਹੀ ਧਿਆਉਣਾ ਭਾਵ ਯਾਦ ਰੱਖਣਾ ਹੈ। ਉਹ ਹੀ ਬਰਦਾਤਾ ਭਾਵ ਆਪਣੀ ਬਖ਼ਸ਼ਿਸ਼ ਗਿਆਨ ਦਾ ਵਰਦਾਨ ਕਰਨ ਵਾਲਾ ਹੈ। ਹਮੇਸ਼ਾ ਉਸ ਦੀ ਬਖ਼ਸ਼ਿਸ਼ ਗਿਆਨ ਦਾ ਹੀ ਆਸਰਾ ਲੈਣਾ ਹੈ ਅਤੇ ਇਸ ਉੱਚੇ ਆਚਰਣ, ਇਖ਼ਲਾਕੀ ਗਿਆਨ ਨੂੰ ਜੀਵਨ ਵਿੱਚ ਆਪ ਅਪਣਾ ਕੇ ਅੱਗੇ ਪ੍ਰਚਾਰਨਾ ਚਾਹੀਦਾ ਹੈ (ਭਾਵ ਪ੍ਰਚਾਰਨ ਵਾਲੇ ਨੇ ਆਪ ਵੀ ਉਸ ਆਚਰਣ-ਇਖ਼ਲਾਕ ਨੂੰ ਆਪਣੇ ਹਿਰਦੇ ਵਿੱਚ ਵਸਾਉਣਾ ਹੈ ਅਤੇ ਪ੍ਰਚਾਰਨ ਵਾਲਾ ਜੋ ਪ੍ਰਚਾਰ ਕਰੇ ਉਸ ਦੇ ਜੀਵਨ ਵਿੱਚ ਵੀ ਹੋਣਾ ਚਾਹੀਦਾ ਹੈ)। ਇਕੁ ਸਰਬ-ਵਿਆਪਕ ਸੱਚ ਪ੍ਰਮਾਤਮਾ ਹੀ ਨਾਨਕ ਨੂੰ ਗਿਆਨ ਦੀ ਬਖ਼ਸ਼ਿਸ਼ ਦਾ ਵਰਦਾਨ ਕਰਨ ਵਾਲਾ ਗੁਰੂ ਹੈ ਅਤੇ ਉਸ ਪ੍ਰਮਾਤਮਾ ਦੇ ਗੁਣਾਂ ਨੂੰ ਹੀ ਨਾਨਕ ਨੇ ਗਾਵਿਆ ਭਾਵ ਪ੍ਰਚਾਰਿਆ ਹੈ (ਅਤੇ ਸਾਨੂੰ ਵੀ ਇਹ ਹੀ ਪ੍ਰਚਾਰਨਾ ਚਾਹੀਦਾ ਹੈ)।

ਗਾਵਉ ਗੁਨ ਪਰਮ ਗੁਰੂ ਸੁਖ ਸਾਗਰ ਦੁਰਤ ਨਿਵਾਰਣ ਸਬਦ ਸਰੇ।।

ਗਾਵਹਿ ਗੰਭੀਰ ਧੀਰ ਮਤਿ ਸਾਗਰ ਜੋਗੀ ਜੰਗਮ ਧਿਆਨੁ ਧਰੇ।।

ਗਾਵਹਿ ਇੰਦ੍ਰਾਦਿ ਭਗਤ ਪ੍ਰਹਿਲਾਦਿਕ ਆਤਮ ਰਸੁ ਜਿਨਿ ਜਾਣਿਓ।।

ਕਬਿ ਕਲ ਸੁਜਸੁ ਗਾਵਉ ਗੁਰ ਨਾਨਕ ਰਾਜੁ ਜੋਗੁ ਜਿਨਿ ਮਾਣਿਓ।। ੨।।

(ਪੰਨਾ ੧੩੮੯)

ਪਦ ਅਰਥ:- ਗਾਵਉ ਗੁਨ – ਗੁਣ ਗਾਇਨ ਕਰਨੇ ਭਾਵ ਪ੍ਰਚਾਰ ਕਰਨਾ। ਪਰਮ – ਕਰਤਾਰ (ਮ: ਕੋਸ਼)। ਪਰਮ ਗੁਰੂ – ਗਿਆਨ ਦਾ ਵਰਦਾਨ ਕਰਨ ਵਾਲਾ ਕਰਤਾਰ। ਸੁਖ ਸਾਗਰ – ਉਹ ਹੀ ਸੁੱਖਾਂ ਦਾ ਸਾਗਰ ਹੈ। ਦੁਰਤ – ਦੁਰਮਤਿ, ਅਗਿਆਨਤਾ। ਨਿਵਾਰਣ – ਖ਼ਤਮ ਕਰਨਾ। ਸਬਦ – ਗਿਆਨ ਦੀ ਬਖ਼ਸ਼ਿਸ਼। ਸਰੇ – ਸਰ ਕਰਿਆ ਜਾ ਸਕਦਾ ਹੈ। ਉਹ ਦੁਰਮਤਿ ਕਿਹੜੀ ਹੈ ਜਿਸ ਨੂੰ ਸਰ ਕਰਨਾ ਹੈ, ਅਗਲੀ ਪੰਗਤੀ ਦੇਖੋ। ਗਾਵਹਿ ਗੰਭੀਰ ਧੀਰ ਮਤਿ ਸਾਗਰ ਜੋਗੀ ਜੰਗਮ ਧਿਆਨ ਧਰੇ – ਜਿਸ ਗਹਿਰੀ ਦੁਰਮਤਿ ਦੇ ਸਾਗਰ (ਭਾਵ ਅਵਤਾਰਵਾਦ) ਨੂੰ ਜੋਗੀ, ਜੰਗਮ, ਧਿਆਨ ਧਰ ਕੇ ਗਾਉਂਦੇ ਹਨ। ਗੰਭੀਰ – ਗਹਿਰੀ। ਧੀਰ – ਧਾਰਨ ਕਰਕੇ, ਧਾਰ ਕੇ।

(ਇਸ ਜੰਗਮ, ਜੋਗੀਆਂ ਵਾਲੀ ਦੁਰਮਤਿ ਨੂੰ ਸਰ ਕਰਕੇ ਅੱਗੇ ਭਗਤ ਪ੍ਰਹਿਲਾਦ ਵਾਲੀ ਵੀਚਾਰਧਾਰਾ ਹੈ, ਜਿਸ ਨਾਲ ਆਤਮ ਰਸ ਭਾਵ ਸੱਚ ਨੂੰ ਜਾਣਿਆ ਜਾ ਸਕਦਾ ਹੈ। ਜਿਸ ਪ੍ਰਹਿਲਾਦ ਜੀ ਨੂੰ ਕਰਮ-ਕਾਂਡੀਆਂ ਨੇ ਕਹਾਣੀਆਂ ਬਣਾ ਕੇ ਅਵਤਾਰਵਾਦ ਦੇ ਪੁਜਾਰੀ ਹੋਣ ਦਾ ਸਿਧ ਕਰਨ ਦਾ ਯਤਨ ਕੀਤਾ, ਉਸ ਸੱਚ ਨੂੰ ਨਾਨਕ ਜੀ ਅਤੇ ਸਾਰਿਆਂ ਬਾਣੀ ਰਚਣਹਾਰਿਆਂ ਨੇ ਸੁਰਜੀਤ ਕੀਤਾ ਹੈ)। ਪ੍ਰਹਿਲਾਦ ਜੀ ਦੇ ਸੱਚ ਦੇ ਪੁਜਾਰੀ ਹੋਣ ਦੀ ਜੋ ਗੁਰਬਾਣੀ ਅੰਦਰ ਪ੍ਰੋੜ੍ਹਤਾ ਹੈ, ਉਸ ਬਾਰੇ ਵਿਸਥਾਰ ਜਾਣਕਾਰੀ ਲਈ ਮੇਰੀ ਨਿਮਾਣੀ ਜਿਹੀ ਕੀਤੀ ਹੋਈ ਕੋਸ਼ਿਸ਼ ਪੁਸਤਕ ‘ਗੁਰਮਤਿ ਗਿਆਨ ਦਾ ਚਾਨਣ` ਵਿੱਚੋਂ ਪ੍ਰਹਿਲਾਦ ਜੀ ਵਾਲਾ ਵਿਸ਼ਾ ਪੜ੍ਹੋ। ਕਿਵੇਂ ਪ੍ਰਹਿਲਾਦ ਜੀ ਵੱਲੋਂ ਬ੍ਰਾਹਮਣੀ ਕਰਮ-ਕਾਂਡ ਦੀਆਂ ਧੱਜੀਆਂ ਉਡਾਈਆਂ ਗਈਆਂ ਹਨ।

ਗਾਵਹਿ – ਗਾਵਿਆ ਭਾਵ ਪ੍ਰਚਾਰਿਆ। ਇੰਦ੍ਰਾਦਿ – ਇੰਦਰ ਤੋਂ ਇੰਦ੍ਰਾਦਿ ਹੈ ਇੰਦਰ-ਸ੍ਰੇਸ਼ਟ, ਭਾਵ ਉੱਤਮ ਵੀਚਾਰਧਾਰਾ ਗਿਆਨ। ਇੰਦ੍ਰਾਦਿ – ਇਹ ਦੋ ਸ਼ਬਦਾਂ ਦਾ ਸੁਮੇਲ ਹੈ ਇੰਦਰ ਅਤੇ ਦਾਦ, ਇੰਦਰ ਤੋਂ ਭਾਵ ਉੱਤਮ, ਸ੍ਰੇਸ਼ਟ। ਦਾਦਿ ਤੋਂ ਭਾਵ ਇਨਸਾਫ਼, ਨਿਆਂ ਕਰਨਾ। ਭਗਤ – ਇਨਕਲਾਬੀ ਪੁਰਸ਼। ਪ੍ਰਹਿਲਾਦਿਕ – ਪ੍ਰਹਿਲਾਦ ਜੀ ਵਾਂਗ। ਆਤਮ ਰਸੁ ਜਿਨਿ ਜਾਣਿਓ – ਆਤਮ ਰਸ ਕਰਕੇ ਜਿਸ ਨੇ ਜਾਣਿਆ। ਜਿਨਿ – ਜਿਸ ਕਿਸੇ ਨੇ ਵੀ। ਕਬਿ ਕਲ ਸੁਜਸੁ ਗਾਵਉ ਗੁਰ ਨਾਨਕ ਰਾਜੁ ਜੋਗੁ ਜਿਨਿ ਮਾਣਿਓ – ਸੁਜਸੁ – ਉਹ ਜਸੁ (ਸੱਚ) ਹੂ-ਬਹੂ (ਭਾਵ ਬਗ਼ੈਰ ਕਿਸੇ ਫ਼ਰਕ ਦੇ ਉਹੀ ਸੱਚ)। ਕਵੀ ਕਲ ਆਖਦਾ ਹੈ, ਜਿਸ ਕਿਸੇ ਨੇ ਵੀ ਹੂ-ਬਹੂ ਭਾਵ ਉਹੀ ਉੱਤਮ ਸੱਚ ਰੂਪ ਗਿਆਨ ਨੂੰ ਜਾਣਿਆ, ਜਿਨ ਜਾਣਿਆ ਉਸ ਨੇ ਹੀ ਇਸ ਛੁਪੇ ਹੋਏ ਉੱਤਮ ਨੂੰ ਸੱਚ ਨਾਨਕ ਦੀ ਤਰ੍ਹਾਂ ਮਾਣਿਆ, ਮਾਨਣ ਵਾਲਿਆਂ ਨੇ ਇਸ ਉੱਤਮ ਸੱਚ ਨੂੰ ਗਾਵਿਆ ਭਾਵ ਅੱਗੇ ਪ੍ਰਚਾਰਿਆ। ਗੁਰ – ਗਿਆਨ। ਰਾਜੁ – ਛੁਪਿਆ ਹੋਇਆ, ਰਹੱਸ। ਜੋਗੁ – ਉੱਤਮ। ਰਾਜੁ – ਸੰ: (hidden agenda) ਛੁਪੀ ਜਾਂ ਛੁਪਾਈ ਹੋਈ ਗੱਲ। ਰਾਜੁ ਜੋਗੁ – ਉੱਤਮ ਸੱਚ ਜੋ ਛੁਪਿਆ ਹੋਇਆ ਸੀ। ਭਾਵ ਪ੍ਰਹਿਲਾਦ ਜੀ ਵਾਲੀ ਇਨਕਲਾਬੀ ਵੀਚਾਰਧਾਰਾ।

ਅਰਥ:- ਹੇ ਭਾਈ! ਗੁਣ ਉਸ ਕਰਤਾਰ (ਸੱਚ) ਦੇ ਹੀ ਗਾਵਉ (ਭਾਵ ਪ੍ਰਚਾਰ ਉਸ ਦਾ ਹੀ ਕਰੋ) ਜਿਸ ਦੀ ਬਖ਼ਸ਼ਿਸ਼ ਗਿਆਨ ਹੀ ਸੁੱਖਾਂ ਦਾ ਸਾਗਰ ਹੈ ਅਤੇ ਉਸ ਦੀ ਬਖਸ਼ਿਸ਼ ਗਿਆਨ ਨਾਲ ਹੀ ਅਗਿਆਨਤਾ ਨੂੰ ਖ਼ਤਮ ਕਰਕੇ ਸਰ ਕਰਿਆ ਜਾ ਸਕਦਾ ਹੈ। ਉਸ ਦੀ ਬਖ਼ਸ਼ਿਸ਼ ਗਿਆਨ ਨਾਲ ਹੀ ਜੋਗੀ, ਜੰਗਮ ਜੋ ਦੁਰਮਤਿ ਦੀ ਗਹਿਰੀ ਮਤ ਧਾਰ ਕੇ, ਦੁਰਮਤਿ ਭਾਵ (ਅਵਤਾਰਵਾਦ) ਦਾ ਹੀ ਧਿਆਨ ਧਰ ਕੇ ਗਾਉਂਦੇ ਭਾਵ (ਅਵਤਾਰਵਾਦ) ਨੂੰ ਹੀ ਪ੍ਰਚਾਰਦੇ ਹਨ, ਉਹ ਵੀ ਆਪਣੀ ਦੁਰਮਤਿ ਨੂੰ, ਸੁੱਖਾਂ ਦੇ ਸਾਗਰ ਇਕੁ ਪਰਮ ਗੁਰੂ ਕਰਤੇ ਸਰਬ-ਵਿਆਪਕ ਦੀ ਬਖ਼ਸ਼ਿਸ਼ ਗਿਆਨ ਨਾਲ ਹੀ ਸਰ ਕਰ ਸਕਦੇ ਹਨ। ਕਵੀ ਕਲ੍ਹ ਆਖਦਾ ਹੈ, ਜਿਸ ਕਿਸੇ ਨੇ ਵੀ ਇਨਕਲਾਬੀ ਪੁਰਸ਼ ਪ੍ਰਹਿਲਾਦ ਜੀ ਵਾਂਗ ਮਾਨਵਤਾ ਨਾਲ (ਬਗ਼ੈਰ ਰੰਗ, ਨਸਲ, ਜਾਤਿ, ਪਾਤਿ, ਲਿੰਗ, ਭੇਦ ਦੇ) ਇਨਸਾਫ਼ ਕਰਨ ਵਾਲੀ (ਸ੍ਰੇਸ਼ਟ ਵੀਚਾਰਧਾਰਾ) ਗਿਆਨ ਨੂੰ ਆਤਮ ਰਸੁ ਕਰਕੇ ਜਾਣਿਆ, ਉਸ ਨੇ ਹੀ (ਅਵਤਾਰਵਾਦ ਅਤੇ ਕਰਮ-ਕਾਂਡਾਂ ਦਾ) ਖੰਡਨ ਕੀਤਾ ਅਤੇ ਉਸ ਨੇ ਹੀ ਇਸ ਛੁਪੇ ਹੋਏ ਉੱਤਮ ਸੱਚ ਨੂੰ ਆਤਮਿਕ ਗਿਆਨ ਦੀ ਸੂਝ ਨਾਲ ਨਾਨਕ ਦੀ ਤਰ੍ਹਾਂ ਮਾਣਿਆ।
.