.

ਪਰਭੂ ਅਤੇ ਮਨੁੱਖ ਦੇ ਸਬੰਧ
ਹਾਕਮ ਸਿੰਘ

ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪਰਭੂ ਦਾ ਗਿਆਨ ਹੈ। ਜਪੁ ਬਾਣੀ ਵਿਚ ਪਰਭੂ ਦੇ ਗੁਣਾਂ ਦਾ ਵਰਨਣ ਕੀਤਾ ਗਿਆ ਹੈ। ਗੁਰਬਾਣੀ ਅਨੁਸਾਰ ਕੇਵਲ ਪਰਭੂ ਦੀ ਹੀ ਹੋਂਦ ਹੈ, ਹੋਰ ਕਿਸੇ ਦੂਜੇ ਦੀ ਹੋਂਦ ਨਹੀਂ ਹੈ। ਗੁਰਬਾਣੀ ਸਿੱਖ ਧਰਮ ਦਾ ਆਧਾਰ ਹੈ ਇਸ ਲਈ ਸਿੱਖ ਅਖਵਾਉਣ ਵਾਲੇ ਹਰ ਵਿਅਕਤੀ ਨੂੰ ਗੁਰਬਾਣੀ ਵਿਚ ਪਰਭੂ ਅਤੇ ਮਨੁੱਖ ਦੇ ਸਬੰਧਾਂ ਬਾਰੇ ਜਾਣਕਾਰੀ ਹੋਣੀ ਚਾਹੀਦੀ ਹੈ। ਪਰ ਸਿੱਖ ਜਗਤ ਵਿਚ ਗੁਰਬਾਣੀ ਉਪਦੇਸ਼ ਬਾਰੇ ਵਿਆਪਕ ਅਗਿਆਨਤਾ ਹੈ ਅਤੇ ਆਮ ਸਿੱਖ ਵਿਸ਼ੇਸ਼ ਪਹਿਰਾਵੇ, ਸਿੱਖ ਧਾਰਮਕ ਸੰਸਥਾਵਾਂ ਵਿਚ ਪਰਚਲਤ ਰੀਤਾਂ, ਅਖੰਡ ਪਾਠਾਂ, ਲੰਗਰ ਪਰਥਾ, ਨਿਸ਼ਾਨ ਸਾਹਿਬ, ਜੋੜ ਮੇਲਿਆਂ ਅਤੇ ਜਲਸੇ ਜਲੂਸਾਂ ਨੂੰ ਹੀ ਸਿੱਖ ਧਰਮ ਸਮਝੀ ਜਾਂਦੇ ਹਨ ਅਤੇ ਇਹਨਾਂ ਰਸਮਾਂ ਨੂੰ ਬੜ੍ਹਾਵਾ ਦੇਣ ਨੂੰ ਵੱਡੀ ਧਾਰਮਕ ਸੇਵਾ ਗਿਣਦੇ ਹਨ। ਇਹ ਸਾਰੀਆਂ ਰਸਮਾਂ ਧਰਮ ਨਾਲ ਸਬੰਧਿਤ ਸੰਸਾਰਕ ਗਤੀਵਿਧੀਆਂ ਹਨ ਜਿਹਨਾਂ ਦਾ ਗੁਰਬਾਣੀ ਉਪਦੇਸ਼ ਨਾਲ ਸਿੱਧਾ ਕੋਈ ਸਬੰਧ ਨਹੀਂ ਹੈ। ਇਹਨਾਂ ਰਸਮਾਂ ਦੀ ਸਮਾਜਕ ਮਹੱਤਤਾ ਹੈ ਕਿਉਂਕਿ ਇਹ ਥੋੜ੍ਹੇ ਸਮੇਂ ਲਈ ਧਾਰਮਕ ਸ਼ਰਧਾ ਭਾਵਨਾਵਾਂ ਪ੍ਰਗਟਾਉਂਦੀਆਂ ਅਤੇ ਉਤੇਜਿਤ ਕਰਦੀਆਂ ਹਨ। ਕਈ ਸੂਝਵਾਨ ਸ਼ਰਧਾਲੂ ਗੁਰਬਾਣੀ ਉਪਦੇਸ਼ ਤੋਂ ਸੇਧ ਲੈ ਕੇ ਹਲੀਮੀ ਅਤੇ ਸੰਤੋਖ ਨੂੰ ਆਪਣੇ ਜੀਵਨ ਵਿਚ ਧਾਰਨ ਦਾ ਪਰਿਆਸ ਕਰਦੇ ਹਨ, ਅਤੇ ਸਮਾਜ ਵਿਚ ਸਾਂਝੀਵਾਲਤਾ, ਸ਼ਾਂਤੀ ਅਤੇ ਮਨੁੱਖੀ ਬਰਾਬਰਤਾ ਲਿਆਉਣ ਲਈ ਜਤਨਸ਼ੀਲ ਰਹਿੰਦੇ ਹਨ। ਅਜਿਹੇ ਸ਼ਰਧਾਲੂਆਂ ਨੂੰ ਅਕਸਰ ਸਮਾਜ ਵਿਚ ਅਣਸੁਖਾਵੇਂ ਹਾਲਾਤ ਦਾ ਸਾਹਮਣਾ ਕਰਨਾ ਪੈਂਦਾ ਹੈ ਕਿਉਂਕਿ ਅਜੋਕੇ ਸਿੱਖ ਸਮਾਜ ਵਿਚ ਗੁਰੂ ਗ੍ਰੰਥ ਸਾਹਿਬ ਨੂੰ ਸ਼ਰਧਾ ਪੂਰਵਕ ਮਥਾਂ ਟੇਕਣ ਦੇ ਬਾਵਜੂਦ ਗੁਰਬਾਣੀ ਉਪਦੇਸ਼ਾਂ ਪ੍ਰਤੀ ਬੇਰੁਖ਼ੀ ਦਾ ਮਾਹੌਲ ਬਣਿਆ ਹੋਇਆ ਹੈ।

ਸੂਝਵਾਨ ਸਿੱਖਾਂ ਦਾ ਇਹ ਵਿਸ਼ਵਾਸ ਹੈ ਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀ ਵਿਚਾਰਧਾਰਾ ਜਗਤ ਵਿਚ ਦੂਜੇ ਪਰਚਲਤ ਧਰਮਾਂ ਦੀਆਂ ਅਧਿਆਤਮਿਕ ਵਿਚਾਰਧਾਰਾਵਾਂ ਦੇ ਮੁਕਾਬਲੇ ਵਿਕਸਤ ਹੈ ਅਤੇ ਆਧੁਨਿਕ ਸਮਾਜ ਦੇ ਕਲਯਾਨ ਲਈ ਉਪਯੁਕਤ ਹੈ। ਇਹ ਠੀਕ ਹੈ ਕਿ ਗੁਰਬਾਣੀ ਵਿਚ ਹਿੰਦੂ ਧਰਮ ਵਾਲੀ ਜਾਤ ਪਾਤ, ਭਗਤੀ ਕਰਨ ਲਈ ਘਰ ਬਾਰ ਤਿਆਗ ਕੇ ਜੰਗਲ ਵਿਚ ਜਾਣ ਅਤੇ ਬੁਤਾਂ ਦੀ ਪੂਜਾ ਕਰਨ ਦਾ ਖੰਡਨ ਕੀਤਾ ਗਿਆ ਹੈ, ਪਰ ਇਹ ਸਾਰੇ ਸੰਸਾਰਕ ਵਿਹਾਰ ਹਨ। ਸੰਸਾਰਕ ਵਿਹਾਰਾਂ ਦਾ ਖੰਡਨ ਕਰਨ ਨਾਲ ਗੁਰਬਾਣੀ ਨੂੰ ਵਿਕਸਤ ਜਾਂ ਨਵੀਨ ਅਧਿਆਤਮਿਕ ਵਿਚਾਰਧਾਰਾ ਨਹੀਂ ਆਖਿਆ ਜਾ ਸਕਦਾ ਕਿਉਂਕਿ ਸੰਸਾਰਕ ਵਿਹਾਰ ਅਧਿਆਤਮਿਕ ਨਹੀਂ ਹੁੰਦੇ। ਅਧਿਆਤਮਕਤਾ ਦਾ ਪਰਮੁੱਖ ਵਿਸ਼ਾ ਤੇ ਪਰਭੂ, ਮਨੁੱਖ ਅਤੇ ਇਹਨਾਂ ਦੋਨਾਂ ਦੇ ਸਬੰਧ ਹਨ। ਸਵਾਲ ਇਹ ਉਠਦਾ ਹੈ ਕਿ ਜੇਕਰ ਗੁਰਬਾਣੀ ਦੀ ਵਿਚਾਰਧਾਰਾ ਵਿਕਸਤ ਅਤੇ ਨਵੀਨ ਹੈ ਤਾਂ ਉਸ ਵਿਚ ਪਰਭੂ ਦੀ ਹਸਤੀ ਅਤੇ ਮਨੁੱਖ ਨਾਲ ਸਬੰਧਾਂ ਬਾਰੇ ਕਿਹੜੇ ਐਸੇ ਵਿਚਾਰ ਹਨ ਜਿਹਨਾਂ ਨੂੰ ਦੂਜੇ ਧਰਮਾਂ ਦੇ ਵਿਚਾਰਾਂ ਨਾਲੋਂ ਵਖਰੇ ਅਤੇ ਨਵੀਨ ਆਖਿਆ ਜਾ ਸਕਦਾ ਹੈ? ਸਾਧਾਰਣ ਸਿੱਖਾਂ ਦਾ ਇਹ ਵਿਸ਼ਵਾਸ ਹੈ ਕਿ ਗੁਰਬਾਣੀ ਪਰਭੂ ਨੂੰ ਇਕ ਪਰਬਲ ਸ਼ਕਤੀ ਮੰਨਦੀ ਹੈ ਜਿਸ ਦੇ ਸਿਮਰਨ, ਬੰਦਗੀ ਜਾਂ ਭਗਤੀ ਰਾਹੀਂ ਮਨੁੱਖ ਆਪਣੇ ਜੀਵਨ ਦੇ ਮਨੋਰਥ ਵਿਚ ਸਫਲਤਾ ਪ੍ਰਾਪਤ ਕਰ ਸਕਦਾ ਹੈ। ਉਹਨਾਂ ਦਾ ਇਹ ਵੀ ਵਿਸ਼ਵਾਸ ਹੈ ਕਿ ਪਰਭੂ ਦੀ ਹਸਤੀ ਮਨੁੱਖ ਤੋਂ ਵਖਰੀ ਅਤੇ ਉਸ ਤੋਂ ਬਾਹਰ ਜਾਂ ਪਰੇ ਹੈ। ਕਈ ਦੂਜੇ ਧਰਮ ਵੀ ਇਹ ਮੰਨਦੇ ਹਨ ਕਿ ਪਰਭੂ ਬਹੁਤ ਸ਼ਕਤੀਸ਼ਾਲੀ ਹਸਤੀ ਹੈ ਜੋ ਆਕਾਸ਼, ਸੁਰਗ ਜਾਂ ਕੁਦਰਤ ਵਿਚ ਬੈਠਾ ਸੰਸਾਰ ਨੂੰ ਚਲਾ ਰਿਹਾ ਹੈ। ਇਸੇ ਵਿਸ਼ਵਾਸ ਅਧੀਨ ਸਿੱਖ ਸ਼ਰਧਾਲੂ ਪਰਭੂ ਤੋਂ ਆਪਣੀਆਂ ਸੰਸਾਰਕ ਇੱਛਾਵਾਂ ਦੀ ਪੂਰਤੀ ਲਈ ਗੁਰਦੁਆਰਿਆਂ ਵਿਚ ਜਾਂ ਆਪਣੇ ਘਰ ਅਖੰਡ ਪਾਠ, ਕੀਰਤਨ ਜਾਂ ਸੁਖਮਨੀ ਸਾਹਿਬ ਦਾ ਪਾਠ ਕਰਵਾਉਂਦੇ ਹਨ। ਬਹੁਤ ਸਾਰੇ ਸ਼ਰਧਾਲੂ ਗ੍ਰੰਥੀਆਂ, ਭਾਈਆਂ, ਪੁਜਾਰੀਆਂ ਜਾਂ ਡੇਰਿਆਂ ਦੇ ਸੰਤਾਂ ਨੂੰ ਮਾਇਆ ਦੇ ਕੇ ਆਪਣੀਆਂ ਸੰਸਾਰਕ ਸਫਲਤਾਵਾਂ ਲਈ ਪਰਭੂ ਅੱਗੇ ਅਰਦਾਸ ਕਰਨ ਲਈ ਬੇਨਤੀ ਕਰਦੇ ਹਨ। ਜਨਮ ਤੋਂ ਹੀ ਮਨੁੱਖ ਨੂੰ ਪਰਵਾਰ, ਧਾਰਮਕ ਸੰਸਥਾਵਾਂ ਅਤੇ ਸਮਾਜ ਵੱਲੋਂ ਇਹ ਵਿਸ਼ਵਾਸ ਦੁਆਇਆ ਜਾਂਦਾ ਹੈ ਕਿ ਰੱਬ ਮਨੁੱਖ ਤੋਂ ਉਪਰ ਅਤੇ ਵਖਰੀ ਇਕ ਬਹੁਤ ਵੱਡੀ ਸ਼ਕਤੀ ਹੈ ਜਿਸ ਅੱਗੇ ਅਰਦਾਸ ਕਰਨ ਨਾਲ ਮਨੁੱਖ ਦੀਆਂ ਸੰਸਾਰਕ ਇੱਛਾਵਾਂ ਦੀ ਪੂਰਤੀ ਸੰਭਵ ਹੈ। ਇਹਨਾਂ ਵਿਚਾਰਾਂ ਅਤੇ ਇਹਨਾਂ ਨਾਲ ਸਬੰਧਿਤ ਪਰਕ੍ਰਿਆਵਾਂ ਤੋਂ ਤੇ ਇਹ ਨਹੀਂ ਜਾਪਦਾ ਕਿ ਗੁਰਬਾਣੀ ਦੀ ਐਸੀ ਵਿਆਖਿਆ ਦੂਜੇ ਧਰਮਾਂ ਦੇ ਵਿਸ਼ਵਾਸਾਂ ਨਾਲੋਂ ਬਹੁਤੀ ਵਖਰੀ ਹੈ।

ਸਿੱਖ ਸਮਾਜ ਵਿਚ ਇਸ ਵਿਸ਼ਵਾਸ ਦੀ ਵਿਆਪਕਤਾ ਹੈ ਕਿ ਮਨੁੱਖ ਦੀ ਹਸਤੀ ਪਰਭੂ ਦੀ ਹਸਤੀ ਤੋਂ ਵਖਰੀ ਹੈ। ਇਹ ਵਿਸ਼ਵਾਸ ਪਿਛਲੇ ਤਕਰੀਬਨ ਤਿੰਨ ਸੌ ਸਾਲ ਪੁਰਾਣੀ ਧਾਰਮਕ ਪਰੰਪਰਾ ਦਾ ਸਿੱਟਾ ਹੈ। ਗੁਰ ਪਰਵਾਰਾਂ ਦੇ ਗੁਰਬਾਣੀ ਵਿਰੋਧੀ, ਉਹਨਾਂ ਦੇ ਉਦਾਸੀ ਅਤੇ ਨਿਰਮਲੇ ਸਹਿਯੋਗੀ ਸਨਾਤਨੀ ਕਰਮ ਕਾਡਾਂ ਨੂੰ ਗੁਰੂ ਸਾਹਿਬਾਨ ਵੱਲੋਂ ਪਰਚਾਰਿਆ ਸਿੱਖ ਧਰਮ ਆਖਦੇ ਅਤੇ ਸ਼ਰਧਾਲੂਆਂ ਨੂੰ ਆਪਣੀਆਂ ਇੱਛਾਵਾਂ ਦੀ ਪੂਰਤੀ ਲਈ ਪੁਜਾਰੀਆਂ ਤੋਂ ਪਰਭੂ ਅੱਗੇ ਅਰਦਾਸ ਕਰਵਾਉਣ ਲਈ ਪ੍ਰੇਰਿਤ ਕਰਦੇ ਰਹੇ ਹਨ। ਸਿੰਘ ਸਭਾਵਾਂ ਦੇ ਪਰਭਾਵ ਅਧੀਨ ਸਨਾਤਨੀ ਕਰਮ ਕਾਂਡ ਤੇ ਸਿੱਖ ਸਮਾਜ ਵਿਚ ਕੁੱਝ ਬਦਲ ਗਏ ਪਰ ਪਰਭੂ ਅਤੇ ਮਨੁੱਖ ਨੂੰ ਦੋ ਵਖਰੀਆਂ ਹਸਤੀਆਂ ਮੰਨ ਕੇ ਪੁਜਾਰੀਆਂ ਤੋਂ ਅਰਦਾਸਾਂ ਅਤੇ ਅਖੰਡ ਪਾਠ ਕਰਵਾਉਣ ਦਾ ਸਿਲਸਿਲਾ ਜਾਰੀ ਰਿਹਾ।

ਸੂਝਵਾਨ ਸਿੱਖ ਸ਼ਰਧਾਲੂਆਂ ਦਾ ਗੁਰਬਾਣੀ ਦੀ ਅਧਿਆਤਮਿਕ ਵਿਚਾਰਧਾਰਾ ਨੂੰ ਵਿਕਸਤ ਅਤੇ ਨਵੀਨ ਮੰਨਣਾ ਗਲਤ ਨਹੀਂ ਹੈ ਕਿਉਂਕਿ ਗੁਰਬਾਣੀ ਵਿਚ ਪਰਭੂ ਅਤੇ ਮਨੁੱਖ ਦੇ ਸਬੰਧਾਂ ਬਾਰੇ ਵਿਸਤ੍ਰਤ ਵਰਨਣ ਪਰਚਲਤ ਰਸਮੀ ਸੋਚ ਅਤੇ ਵਿਚਾਰਾਂ ਤੋਂ ਉਲਟ ਹੈ। ਗੁਰਬਾਣੀ ਮਨੁੱਖ ਦੀ ਸੁਤੰਤਰ ਹੋਂਦ ਨੂੰ ਸਵੀਕਾਰ ਨਹੀਂ ਕਰਦੀ। ਗੁਰਬਾਣੀ ਕੇਵਲ ਇਕ ਪਰਭੂ ਦੀ ਹੋਂਦ ਨੂੰ ਹੀ ਪਰਵਾਨ ਕਰਦੀ ਹੈ। ਉਹ ਕਿਸੇ ਹੋਰ ਦੀ ਹਸਤੀ ਨੂੰ ਨਹੀਂ ਮੰਨਦੀ ਹੈ। ਕੇਵਲ ਪਰਭੂ ਹੀ ਅਨਾਦੀ ਹੈ ਅਤੇ ਵਾਹਦ ਉਸੇ ਦੀ ਹੀ ਹੋਂਦ ਹੈ, ਇਸ ਬਾਰੇ ਗੁਰਬਾਣੀ ਦੇ ਕੁੱਝ ਕਥਨ ਇਸ ਪਰਕਾਰ ਹਨ: “ੴ ਸਤਿਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ॥“ (ਪੰ: ੧); “ਆਦੇਸੁ ਤਿਸੈ ਆਦੇਸੁ ਆਦਿ ਅਨੀਲੁ ਅਨਾਦਿ ਅਨਾਹਤੁ ਜੁਗੁ ਜੁਗੁ ਏਕੋ ਵੇਸੁ॥“ (ਪੰ: ੭); “ਆਪੇ ਪਟੀ ਕਲਮ ਆਪਿ ਉਪਰਿ ਲੇਖ ਭਿ ਤੂ॥ ਏਕੋ ਕਹਿਐ ਨਾਨਕਾ ਦੂਜਾ ਕਾਹੇ ਕੂ॥“ (ਪੰ: ੧੨੯੧); “ਅਲਹੁ ਗੈਬੁ ਸਗਲ ਘਟ ਭੀਤਰਿ ਹਿਰਦੈ ਲੇਹੁ ਬਿਚਾਰੀ॥ ਹਿੰਦੂ ਤੁਰਕ ਦੁਹੂੰ ਮਹਿ ਏਕੈ ਕਹੈ ਕਬੀਰ ਪੁਕਾਰੀ॥“ (ਪੰ: ੪੩੩); “ਏਕੋ ਏਕੁ ਕਹੈ ਸਭੁ ਕੋਈ ਹਉਮੈ ਗਰੁਬ ਵਿਆਪੈ॥ ਅੰਤਰਿ ਬਾਹਰਿ ਏਕੁ ਪਛਾਣੈ ਇਉ ਘਰੁ ਮਹਲੁ ਸਿਞਾਪੈ॥ ਪ੍ਰਭੂ ਨੇੜੈ ਹਰਿ ਦੂਰਿ ਨ ਜਾਣਹੁ ਏਕੋ ਸਿਸਟਿ ਸਬਾਈ॥ ਏਕੰਕਾਰੁ ਅਵਰ ਨਹੀ ਦੂਜਾ ਨਾਨਕ ਏਕੁ ਸਮਾਈ॥“ (ਪੰ: ੯੩੧); “ਜੇਤਾ ਸਬਦੁ ਸੁਰਤਿ ਧੁਨਿ ਤੇਤੀ ਜੇਤਾ ਰੂਪ ਕਾਇਆ ਤੇਰੀ ਤੂੰ ਆਪੇ ਰਸਨਾ ਆਪੇ ਬਸਨਾ ਅਵਰੁ ਨ ਦੂਜਾ ਕਹਉ ਮਾਈ॥੧॥ ਸਾਹਿਬ ਮੇਰਾ ਏਕੋ ਹੈ॥ ਏਕੋ ਹੈ ਭਾਈ ਏਕੋ ਹੈ॥“ (ਪੰ: ੩੫੦); “ਸਭੁ ਗੋਬਿੰਦੁ ਹੈ ਸਭੁ ਗੋਬਿੰਦੁ ਹੈ ਗੋਬਿੰਦ ਬਿਨੁ ਨਹੀ ਕੋਈ॥“ (ਪੰ: ੪੮੫); “ਈਭੈ ਬੀਠਲੁ ਊਭੇ ਬੀਠਲੁ ਬੀਠਲ ਬਿਨੁ ਸੰਸਾਰੁ ਨਹੀ॥ ਥਾਨ ਥਨੰਤਰਿ ਨਾਮਾ ਪ੍ਰਣਵੈ ਪੂਰਿ ਰਹਿਓ ਤੂ ਸਰਬ ਮਹੀ॥“ (ਪੰ: ੪੮੫); “ ਆਕਾਸਿ ਗਗਨੁ ਪਾਤਾਲਿ ਗਗਨੁ ਹੈ ਚਹੁ ਦਿਸਿ ਗਗਨੁ ਰਹਾਇਲੇ॥ ਆਨਦ ਮੂਲੁ ਸਦਾ ਪੁਰਖੋਤਮੁ ਘਟੁ ਬਿਨਸੈ ਗਗਨੁ ਨ ਜਾਇਲੇ॥“ (ਪੰ: ੮੭੦); “ਅਤੁਲੁ ਕਿਉ ਤੋਲਿਆ ਜਾਇ॥ ਦੂਜਾ ਹੋਇ ਤ ਸੋਝੀ ਪਾਇ॥ ਤਿਸਤੇ ਦੂਜਾ ਨਾਹੀ ਕੋਇ ॥ ਤਿਸਦੀ ਕੀਮਤਿ ਕਿਕੂ ਹੋਇ॥“ (ਪੰ: ੭੯੭) ਅਤੇ “ਕਰਣ ਕਾਰਣ ਪ੍ਰਭ ਏਕ ਹੈ ਦੂਸਰ ਨਾਹੀ ਕੋਇ॥ ਨਾਨਕ ਤਿਸ ਬਲਿਹਾਰਣੈ ਜਲਿ ਥਲਿ ਮਹੀਅਲਿ ਸੋਇ॥“ (ਪੰ: ੨੭੬)।

ਜੇਕਰ ਹੋਂਦ ਕੇਵਲ ਪਰਭੂ ਦੀ ਹੀ ਹੈ ਤਾਂ ਸਰਿਸ਼ਟੀ, ਸੰਸਾਰ, ਮਨੁੱਖ ਅਤੇ ਨਜ਼ਰ ਆਉਣ ਵਾਲੇ ਹਰ ਜੀਵ, ਜੰਤੂ ਅਤੇ ਪਦਾਰਥ ਦੀ ਕੀ ਅਸਲੀਅਤ ਹੈ? ਗੁਰਬਾਣੀ ਸਰਿਸ਼ਟੀ ਅਤੇ ਸੰਸਾਰ ਨੂੰ ਪਰਭੂ ਦੀ ਕਿਰਤ, ਉਸ ਦੀ ਖੇਡ, ਉਸ ਦੀ ਲੀਲ੍ਹਾ ਆਖਦੀ ਹੈ ਅਤੇ ਦੱਸਦੀ ਹੈ ਕਿ ਪਰਭੂ ਆਪਣੀ ਖੇਡ ਵਿਚ ਆਪ ਬੈਠਾ ਹੈ ਇਸ ਲਈ ਉਸ ਦੀ ਖੇਡ ਨਿਰਗੁਣ ਪਰਭੂ ਦਾ ਹੀ ਸਰਗੁਣ ਸਰੂਪ ਹੈ। ਭਾਵੇਂ ਪਰਭੂ ਆਪਣੀ ਕਿਰਤ ਵਿਚ ਖ਼ੁਦ ਬੈਠਾ ਹੈ ਪਰ ਸਾਧਾਰਣ ਮਨੁੱਖ ਨੂੰ ਨਜ਼ਰ ਨਹੀਂ ਆਉਂਦਾ। ਗੁਰਬਾਣੀ ਅਨੁਸਾਰ ਜੋ ਕੁੱਝ ਮਨੁੱਖ ਨੂੰ ਨਜ਼ਰ ਆਉਂਦਾ ਹੈ ਉਹ ਭਰਮਾਊ ਹੈ, ਦੂਜਾ ਭਾਓ ਹੈ ਕਿਉਂਕਿ ਸੰਸਾਰ ਵਿਚ ਮਾਇਆ ਦੇ ਤ੍ਰੈ-ਗੁਣ ਵਰਤ ਰਹੇ ਹਨ ਅਤੇ ਮਾਇਆ ਦੇ ਨਸ਼ੇ ਵਿਚ ਮਦਹੋਸ਼ ਅਤੇ ਸੁਤਾ ਮਨੁੱਖ ਰੱਬ ਨੂੰ ਦੇਖਣ ਦੇ ਸਮਰਥ ਨਹੀਂ ਹੈ। ਇਸ ਵਿਚਾਰ ਨੂੰ ਦਰਿੜ ਕਰਾਉਂਦੇ ਗੁਰਬਾਣੀ ਦੇ ਕੁੱਝ ਕਥਨ ਹਨ: “ਆਪੀਨੈ ਆਪੁ ਸਾਜਿਓ ਆਪੀਨੈ ਰਚਿਓ ਨਾਉ॥ ਦੁਯੀ ਕੁਦਰਤਿ ਸਾਜੀਐ ਕਰਿ ਆਸਣੁ ਡਿਠੋ ਚਾਉ॥ ਦਾਤਾ ਕਰਤਾ ਆਪ ਤੂ ਤੁਸਿ ਦੇਵਹਿ ਕਰਹਿ ਪਸਾਉ॥“ (ਪੰ: ੪੬੩); “ਤੂੰ ਕਰਤਾ ਪੁਰਖੁ ਅਗੰਮੁ ਹੈ ਆਪਿ ਸ੍ਰਿਸਟਿ ਉਪਾਤੀ॥ ਰੰਗ ਪਰੰਗ ਉਪਾਰਜਨਾ ਬਹੁ ਬਹੁ ਬਿਧਿ ਭਾਤੀ॥ ਤੂੰ ਜਾਣਹਿ ਜਿਨਿ ਉਪਾਈਐ ਸਭੁ ਖੇਲੁ ਤੁਮਾਤੀ॥“ (ਪੰ: ੧੩੮); “ਜਲ ਤਰੰਗ ਅਰੁ ਫੇਨ ਬੁਦਬੁਦਾ ਜਲ ਤੇ ਭਿੰਨ ਨ ਹੋਈ॥ ਇਹ ਪਰਪੰਚੁ ਪਾਰਬ੍ਰਹਮ ਕੀ ਲੀਲਾ ਬਿਚਰਤ ਆਨ ਨ ਹੋਈ॥“ (ਪੰ: ੪੮੫); “ਰੰਗੀ ਰੰਗੀ ਭਾਤੀ ਕਰਿ ਕਰਿ ਜਿਨਸੀ ਮਾਇਆ ਜਿਨਿ ਉਪਾਈ॥ ਕਰਿ ਕਰਿ ਵੇਖੈ ਕੀਤਾ ਆਪਣਾ ਜਿਵ ਤਿਸ ਦੀ ਵਡਿਆਈ॥“ (ਪੰ: ੬); “ ਦੂਜਾ ਭਾਉ ਰਚਾਇਓਨੁ ਤ੍ਰੈ ਗੁਣ ਵਰਤਾਰਾ॥“ (ਪੰ: ੯੪੮); “ਦੂਜੈ ਭਾਇ ਅਗਿਆਨੁ ਦੁਹੇਲਾ॥“ (ਪੰ: ੨੨੬); “ਦੂਜੈ ਭਾਇ ਸੁਤੇ ਕਬਹੁ ਨ ਜਾਗਹਿ ਮਾਇਆ ਮੋਹੁ ਪਿਆਰੁ॥“ (ਪੰ: ੮੫੨) ਅਤੇ “ਤ੍ਰੈ ਗੁਣ ਬਿਖਿਆ ਅੰਧੁ ਹੈ ਮਾਇਆ ਮੋਹ ਗੁਬਾਰ॥ ਲੋਭੀ ਅਨ ਕਉ ਸੇਵਦੇ ਪੜਿ ਵੇਦਾ ਕਰਹਿ ਪੁਕਾਰ॥ ਬਿਖਿਆ ਅੰਦਰਿ ਪਚਿ ਮੁਏ ਨਾ ਉਰਵਾਰੁ ਨ ਪਾਰੁ॥“ (ਪੰ: ੩੦)।

ਇਹ ਦਿਖਾਈ ਦੇ ਰਿਹਾ ਸੰਸਾਰ ਪਰਭੂ ਦੀ ਕਿਰਤ, ਉਸ ਦੀ ਖੇਡ ਹੈ ਅਤੇ ਪਰਭੂ ਤੋਂ ਵਖਰਾ ਨਹੀਂ ਹੈ। ਇਹ ਉਸੇ ਦਾ ਹੀ ਸਰਗੁਣ ਸਰੂਪ ਹੈ। ਮਨੁੱਖ ਨੂੰ ਨਜ਼ਰ ਆਉਣ ਵਾਲਾ ਤ੍ਰੈ-ਗੁਣੀ ਸੰਸਾਰ ਚਾਲੇ ਪਿਆ, ਨਿਰੰਤਰ ਬਦਲ ਰਿਹਾ, ਮਰਨ ਹਾਰ, ਜੰਮਣ ਮਰਨ ਦੇ ਗੇੜ ਵਿਚ ਪਿਆ ਹੋਇਆ ਹੈ ਪਰ ਇਸ ਵਿਚ ਅਦਿੱਖ ਬੈਠਾ ਪਰਭੂ ਅਵਿਨਾਸ਼ੀ, ਨਿਹਚਲ, ਸਦੀਵੀ ਅਤੇ ਸੱਚ ਹੈ। ਮਾਇਆ ਦੇ ਪਰਭਾਵ ਕਾਰਨ ਇਹ ਮਨੁੱਖ ਨੂੰ ਵਖਰਾ ਹੋਣ ਦਾ ਭਰਮ ਪਾਉਂਦਾ ਅਤੇ ਦੂਜਾ ਪਰਤੀਤ ਹੁੰਦਾ ਹੈ। ਮਨੁੱਖ ਦੀ ਬਦਨਸੀਬੀ ਇਹ ਹੈ ਕਿ ਹਉਮੈ ਨੇ ਮਨੁੱਖੀ ਮਨ ਨੂੰ ਜੀਵ ਆਤਮਾ ਨਾਲੋਂ ਵਿਛੋੜ ਦਿੱਤਾ ਹੈ। ਜੀਵ ਆਤਮਾ ਪਰਭੂ ਦਾ ਅੰਸ਼ ਹੈ। ਜੀਵ ਆਤਮਾ ਨਾਲੋਂ ਵਿਛੋੜ ਕੇ ਹਉਮੈ ਨੇ ਮਨ ਨੂੰ ਸੁਤੰਤਰ ਹੋਂਦ ਦਾ ਭਰਮ ਪਾ ਦਿੱਤਾ ਹੈ। ਮਨੁੱਖੀ ਮਨ ਅਤੇ ਆਤਮਾ ਇਕੋ ਸਰੀਰ ਵਿਚ ਵਸਦੇ ਹਨ ਅਤੇ ਇਕ ਦੂਜੇ ਤੋਂ ਵਖਰੇ ਨਹੀਂ ਹਨ ਫਿਰ ਵੀ ਹਉਮੈ ਨੇ ਮਨ ਨੂੰ ਕਾਬੂ ਕਰ ਕੇ ਆਤਮਾ ਨਾਲੋਂ ਜੁਦਾ ਕੀਤਾ ਹੋਇਆ ਹੈ ਅਤੇ ਆਤਮਾ ਨਾਲੋਂ ਵਿਛੜਿਆ ਮਨ ਭਟਕਦਾ ਫਿਰਦਾ ਹੈ। ਆਤਮਾ ਉਦਾਸੀਨ, ਅਕਰਮਕ, ਸ਼ਾਂਤ ਅਤੇ ਗੁਪਤ ਬੈਠੀ ਦੇਖ ਰਹੀ ਹੈ ਕਿ ਕਿਵੇਂ ਹਉਮੈ ਨੇ ਮਨ ਨੂੰ ਕਾਬੂ ਕਰ ਕੇ ਭਟਕਣ ਵਿਚ ਪਾਇਆ ਹੋਇਆ ਹੈ ਅਤੇ ਕਿਵੇਂ ਕਿਰਿਆਸ਼ੀਲ ਮਾਇਆ ਮਨੁੱਖ ਨੂੰ ਭੁਆਂਈ ਫਿਰਦੀ ਹੈ। ਇਸ ਪਰਥਾਏ ਗੁਰਬਾਣੀ ਦੇ ਕੁੱਝ ਕਥਨ ਹਨ: “ਨਿਰਗੁਣ ਆਪਿ ਸਰਗੁਨੁ ਭੀ ਓਹੀ॥ ਕਲਾ ਧਾਰਿ ਜਿਨਿ ਸਗਲੀ ਮੋਹੀ॥“ (ਪੰ: ੨੮੭); “ਠਾਕੁਰ ਮਹਿ ਦਾਸੁ ਦਾਸ ਮਹਿ ਸੋਇ॥“ (ਪੰ: ੬੮੬); “ਬ੍ਰਹਮ ਮਹਿ ਜਨੁ ਜਨ ਮਹਿ ਪਾਰਬ੍ਰਹਮੁ॥ ਏਕਹਿ ਆਪਿ ਨਹੀ ਕਿਛੁ ਭਰਮੁ॥“ (ਪੰ: ੨੮੭); “ਹਰਿ ਕਾ ਸੇਵਕੁ ਸੋ ਹਰਿ ਜੇਹਾ॥ ਭੇਦੁ ਨ ਜਾਣਹੁ ਮਾਣਸ ਦੇਹਾ॥ ਜਿਊ ਜਲ ਤਰੰਗ ਉਠਹਿ ਬਹੁ ਭਾਤੀ ਫਿਰਿ ਸਲਲੈ ਸਲਲ ਸਮਾਇਦਾ॥“ (ਪੰ: ੧੦੭੬); “ਹਰਿ ਜਨ ਹਰਿ ਅੰਤਰੁ ਨਹੀ ਨਾਨਕ ਸਾਚੀ ਮਾਨੁ॥“ (ਪੰ: ੧੪੨੮) “ਸਭੁ ਕਿਛੁ ਆਪੇ ਆਪਿ ਹੈ ਦੂਜਾ ਅਵਰ ਨ ਕੋਇ॥ ਜਿਊ ਬੋਲਾਏ ਤਿਉ ਬੋਲੀਐ ਜਾ ਆਪਿ ਬੁਲਾਏ ਸੋਇ॥“ (ਪੰ: ੩੯); “ਜਲ ਤੇ ਤਰੰਗ ਤਰੰਗ ਤੇ ਹੈ ਜਲ ਕਹਨ ਸੁਨਨ ਕਉ ਦੂਜਾ॥ ਆਪਿਹ ਗਾਵੈ ਆਪਿਹ ਨਾਚੈ ਆਪ ਬਜਾਵੈ ਤੂਰਾ॥ ਕਹਤ ਨਾਮ ਦੇਉ ਤੂੰ ਮੇਰੋ ਠਾਕੁਰ ਜਨ ਊਰਾ ਤੂ ਪੂਰਾ॥“ (ਪੰ: ੧੨੪੨); “ਸਭ ਮਹਿ ਜੀਉ ਜੀਉ ਹੈ ਸੋਈ ਘਟਿ ਘਟਿ ਰਹਿਆ ਸਮਾਈ॥“ (ਪੰ: ੧੨੭੩); “ਆਪੇ ਰਸੀਆ ਆਪਿ ਰਸੁ ਆਪੇ ਰਾਵਣਹਾਰੁ॥ ਆਪੇ ਹੋਵੈ ਚੋਲੜਾ ਆਪੇ ਸੇਜ ਭਤਾਰੁ॥ ਰੰਗਿ ਰਤਾ ਮੇਰਾ ਸਾਹਿਬੁ ਰਵਿ ਰਹਿਆ ਭਰਪੂਰ॥“ (ਪੰ: ੨੩); “ਏਹੁ ਵਿਸੁ ਸੰਸਾਰ ਤੁਮ ਦੇਖਦੇ ਇਹੁ ਹਰਿ ਕਾ ਰੂਪ ਹੈ ਹਰਿ ਰੂਪ ਨਦਰੀ ਆਇਆ॥“ (ਪੰ: ੯੨੨); “ਹਰਿ ਮਹਿ ਤਨੁ ਹੈ ਤਨ ਮਹਿ ਹਰਿ ਹੈ ਸਰਬ ਨਿਰੰਤਰਿ ਸੋਇ ਰੇ॥“ (ਪੰ: ੮੭੦); “ਆਤਮ ਰਾਮੁ ਸੰਸਾਰਾ॥ ਸਾਚਾ ਖੇਲੁ ਤੁਮਾਰਾ॥ ਸਚੁ ਖੇਲੁ ਤੁਮ੍ਹਾਰਾ ਅਗਮ੍ਹ ਅਪਾਰਾ ਤੁਧੁ ਬਿਨੁ ਕਉਣੁ ਬੁਝਾਏ॥ ਸਿਧ ਸਾਧਿਕ ਸਿਆਣੇ ਕੇਤੇ ਤੁਝ ਬਿਨੁ ਕਵਣੁ ਕਹਾਏ॥“ (ਪੰ: ੭੬੪); “ਇਹ ਜਗੁ ਸਚੈ ਕੀ ਹੈ ਕੋਠੜੀ ਸਚੇ ਕਾ ਵਿਚਿ ਵਾਸੁ॥“ (ਪੰ: ੪੬੩); “ ਆਪਿ ਸਤਿ ਕੀਆ ਸਭੁ ਸਤਿ॥“ (ਪੰ: ੨੯੪) ਅਤੇ “ਹਮ ਤੁਮ ਬੀਚੁ ਭਇਓ ਨਹੀ ਕੋਈ॥ ਤੁਮਹਿ ਸੁ ਕੰਤ ਨਾਰਿ ਹਮ ਸੋਈ॥“ (ਪੰ: ੪੮੪)।
ਮਨ ਦੇ ਆਤਮਾ ਤੋਂ ਵਿਛੋੜੇ ਬਾਰੇ ਗੁਰਵਾਕ ਹਨ: “ਇਹੁ ਮਨੁ ਚੰਚਲ ਵਸਿ ਨ ਆਵੈ॥ ਦੁਬਿਧਾ ਲਾਗੈ ਦਹਦਿਸਿ ਧਾਵੈ॥“ (ਪੰ: ੧੨੭); “ਇਹੁ ਮਨੂਆ ਦਹਦਿਸਿ ਧਾਵਦਾ ਦੂਜੈ ਭਾਇ ਖੁਆਇਆ॥ ਮਨਮੁਖ ਮੁਗਧੁ ਹਰਿ ਨਾਮੁ ਨ ਚੇਤੈ ਬਿਰਥਾ ਜਨਮੁ ਗਵਾਇਆ॥“ (ਪੰ: ੬੦੦); “ਕਹੈ ਕਬੀਰ ਸੁਨਹੁ ਰੈ ਸੰਤਹੁ ਇਹੁ ਮਨ ਉਡਨ ਪੰਖੇਰੂ ਬਨ ਕਾ॥“ (ਪੰ: ੧੨੫੩); “ਹਉ ਹਉ ਕਰਤ ਨਹੀ ਸਚੁ ਪਾਈਐ॥ ਹਉਮੈ ਜਾਇ ਪਰਮ ਪਦ ਪਾਈਐ॥“ (ਪੰ: ੨੨੬) ਅਤੇ “ ਅੰਤਰਿ ਅਲਖੁ ਨ ਜਾਈ ਲਖਿਆ ਵਿਚਿ ਪੜਦਾ ਹਉਮੈ ਪਾਈ॥ ਮਾਇਆ ਮੋਹਿ ਸਭੋ ਜਗੁ ਸੋਇਆ ਇਹੁ ਭਰਮੁ ਕਹਹੁ ਕਿਉ ਜਾਈ॥੧॥ ਏਕਾ ਸੰਗਤਿ ਇਕਤੁ ਗ੍ਰਿਹਿ ਬਸਤੇ ਮਿਲਿ ਬਾਤ ਨ ਕਰਤੇ ਭਾਈ॥“ (ਪੰ: ੨੦੫)।

ਗੁਰਬਾਣੀ ਦਾ ਤੇ ਇਹ ਸਪਸ਼ਟ ਨਿਰਨਾ ਹੈ ਕਿ ਹਰ ਵਸਤੂ, ਮਨੁੱਖ ਅਤੇ ਕਿਰਿਆ ਵਿਚ ਕੇਵਲ ਪਰਭੂ ਦੀ ਹਸਤੀ ਤੇ ਹੁਕਮ ਕੰਮ ਕਰ ਰਹੇ ਹਨ। “ਹੁਕਮੈ ਅੰਦਿਰਿ ਸਭੁ ਕੋ ਬਾਹਰਿ ਹੁਕਮ ਨ ਕੋਇ॥ ਨਾਨਕ ਹੁਕਮੈ ਜੇ ਬੁਝੈ ਤ ਹਉਮੈ ਕਹੇ ਨ ਕੋਇ॥“। ਪਰ ਬਹੁਤੇ ਸਿੱਖ ਸ਼ਰਧਾਲੂਆਂ ਵਿਚ ਇਹ ਵਿਸ਼ਵਾਸ ਬਣਿਆ ਹੋਇਆ ਹੈ ਕਿ ਪਰਭੂ ਉਹਨਾਂ ਤੋਂ ਉਪਰ, ਬਾਹਰ ਜਾਂ ਦੂਰ ਬੈਠਾ ਹੈ ਅਤੇ ਗੁਰਦੁਆਰਿਆਂ ਦੇ ਗ੍ਰੰਥੀ ਜਾਂ ਡੇਰਿਆਂ ਦੇ ਸੰਤ ਮਾਇਆ ਲੈ ਕੇ ਮਨੁੱਖ ਦੀ ਅਰਦਾਸ ਪਰਭੂ ਤਕ ਪੁਚਾ ਸਕਦੇ ਹਨ। ਗੁਰਬਾਣੀ ਦੱਸਦੀ ਹੈ ਅਤੇ ਗੁਰਬਾਣੀ ਦਾ ਨਿਤਨੇਮ ਕਰਨ ਵਾਲੇ ਸ਼ਰਧਾਲੂ ਹਰ ਰੋਜ਼ ਪੜ੍ਹਦੇ ਹਨ ਕਿ ਮਨੁੱਖੀ ਮਨ ਅਤੇ ਪਰਭੂ ਵਿਚਕਾਰ ਕੇਵਲ ਇਕ ਭਰਮ ਜਾਂ ਹਉਮੈ ਦੀ ਕੰਧ ਹੈ ਜਿਸ ਨੂੰ ਜਪੁ ਬਾਣੀ ਕੂੜ ਦੀ ਪਾਲ ਆਖਦੀ ਹੈ ਅਤੇ ਇਸ ਕੂੜ ਦੀ ਪਾਲ ਨੂੰ ਮਿਟਾਉਣ ਲਈ ਗੁਰਬਾਣੀ “ਹੁਕਮਿ ਰਜਾਈ ਚਲਣਾ” ਦਾ ਉਪਦੇਸ਼ ਕਰਦੀ ਹੈ।

ਮਨੁੱਖ ਤੇ ਪਰਭੂ ਦੇ ਪਰਸਪਰ ਸਬੰਧਾਂ ਦੀ ਸਮਝ ਮਨੁੱਖੀ ਸਰੀਰ ਅਤੇ ਮਨ ਬਾਰੇ ਗੁਰਬਾਣੀ ਉਪਦੇਸ਼ ਨੂੰ ਸਮਝਣ ਨਾਲ ਹੀ ਪੈ ਸਕਦੀ ਹੈ। ਇਹ ਉਪਦੇਸ਼ ਦੂਜੇ ਧਰਮਾਂ ਦੀਆਂ ਅਧਿਆਤਮਿਕ ਵਿਚਾਰਧਾਰਾਵਾਂ ਤੋਂ ਵਖਰੇ ਹਨ। ਮਨੁੱਖਾ ਸਰੀਰ ਬਾਰੇ ਗੁਰਬਾਣੀ ਦੀ ਵਿਚਾਰਧਾਰਾ ਨੂੰ ਤਿੰਨ ਸ਼ੇਣੀਆਂ ਵਿਚ ਵੰਡਿਆ ਜਾ ਸਕਦਾ ਹੈ। ਪਹਿਲੀ, ਮਨੁੱਖਾ ਦੇਹੀ ਵਿਚ ਹਰਿ ਦਾ ਵਾਸਾ ਹੈ ਅਤੇ ਸਾਰਾ ਬ੍ਰਹਮੰਡ ਇਸ ਵਿਚ ਸਮੋਇਆ ਹੋਇਆ ਹੈ। ਇਸ ਲਈ ਇਹ ਪਦਾਰਥ ਹੁੰਦੇ ਹੋਏ ਵੀ ਪਵਿਤਰ ਅਤੇ ਸਨਮਾਨਯੋਗ ਹੈ। ਗੁਰਬਾਣੀ ਦੇ ਕੁੱਝ ਕਥਨ ਹਨ: “ਏ ਸਰੀਰਾ ਮੇਰਿਆ ਹਰਿ ਤੁਮ ਮਹਿ ਜੋਤਿ ਰਖੀ ਤਾ ਤੂੰ ਜਗ ਮਹਿ ਆਇਆ॥ ਹਰਿ ਜੋਤਿ ਰਖੀ ਤੁਧ ਵਿਚ ਤਾ ਤੂ ਜਗ ਮਹਿ ਆਇਆ॥“ (ਪੰ: ੯੨੧); “ਜੋ ਬ੍ਰਹਮੰਡੇ ਸੋਈ ਪਿੰਡੇ ਜੋ ਖੋਜੈ ਸੋ ਪਾਵੈ॥ ਪੀਪਾ ਪ੍ਰਣਵੈ ਪਰਮ ਤਤੁ ਹੈ ਸਤਿਗੁਰੁ ਹੋਇ ਲਖਾਵੈ॥“ (ਪੰ: ੬੯੫); “ਕਾਇਆ ਅੰਦਰਿ ਆਪੇ ਵਸੈ ਅਲਖੁ ਨ ਲਖਿਆ ਜਾਈ॥ ਮਨਮੁਖੁ ਮੁਗਧੁ ਬੂਝੈ ਨਾਹੀ ਬਾਹਰਿ ਭਾਲਣਿ ਜਾਈ॥“ (ਪੰ: ੭੫੪); “ਤਿਨਿ ਕਰਤੈ ਇਕੁ ਖੇਲੁ ਰਚਾਇਆ॥ ਕਾਇਆ ਸਰੀਰੈ ਵਿਚਿ ਸਭੁ ਕਿਛੁ ਪਾਇਆ” (ਪੰ: ੧੧੭); “ਇਹੁ ਤਨੁ ਹਾਟੁ ਸਰਾਫ ਕੋ ਭਾਈ ਵਖਰੁ ਨਾਮੁ ਅਪਾਰੁ॥ ਇਹੁ ਵਖਰੁ ਵਾਪਾਰੀ ਸੋ ਦ੍ਰਿੜੈ ਭਾਈ ਗੁਰਸਬਦਿ ਕਰੇ ਵੀਚਾਰੁ॥“ (ਪੰ: ੬੩੬)।

ਮਨੁੱਖਾ ਸਰੀਰ ਬਾਰੇ ਗੁਰਬਾਣੀ ਦਾ ਦੂਜਾ ਵਿਚਾਰ ਇਹ ਹੈ ਕਿ ਸਰੀਰ ਮਾਇਆ ਦਾ ਪੁਤਲਾ ਹੈ, ਬਿਨਸਣਹਾਰ ਹੈ ਅਤੇ ਜੰਮਣ ਮਰਨ ਦੇ ਗੇੜ ਵਿਚ ਪਿਆ ਹੋਇਆ ਹੈ । ਗੁਰਵਾਕ ਹਨ: “ਇਹ ਸਰੀਰੁ ਮਾਇਆ ਕਾ ਪੁਤਲਾ ਵਿਚਿ ਹਉਮੈ ਦੁਸਟੀ ਪਾਈ॥ ਅਵਣੁ ਜਾਣਾ ਜੰਮਣੁ ਮਰਣਾ ਮਨਮੁਖਿ ਪਤਿ ਗਵਾਈ॥ ਸਤਿਗੁਰ ਸੇਵਿ ਸਦਾ ਸੁਖੁ ਪਾਇਆ ਜੋਤੀ ਜੋਤਿ ਮਿਲਾਈ॥“ (ਪੰ: ੩੧); “ਕਾਇਆ ਕੋਟੁ ਹੈ ਆਕਾਰਾ॥ ਮਾਇਆ ਮੋਹੁ ਪਸਰਿਆ ਪਾਸਾਰਾ॥“ (ਪੰ: ੧੦੫੯); “ਕਾਇਆ ਅੰਦਿਰ ਹਉਮੈ ਮੇਰਾ॥ ਜੰਮਣ ਮਰਣੁ ਨ ਚੂਕੈ ਫੇਰਾ॥ ਗੁਰਮੁਖਿ ਹੋਵੈ ਸੁ ਹਉਮੈ ਮਾਰੇ ਸਚੋ ਸਚੁ ਧਿਆਵਣਿਆ॥“ (ਪੰ: ੧੨੬); “ਕਬੀਰਾ ਧੂਰਿ ਸਕੇਲਿ ਕੈ ਪੁਰੀਆ ਬਾਂਧੀ ਦੇਹ॥ ਦਿਵਸ ਚਾਰਿ ਕੋ ਪੇਖਨਾ ਅੰਤਿ ਖੇਹ ਕੀ ਖੇਹ॥“ (ਪੰ: ੧੩੭੪); “ਦੇਹੀ ਕਾਚੀ ਕਾਗਦ ਮਿਕਦਾਰਾ॥ ਬੂੰਦ ਪਵੈ ਬਿਨਸੈ ਢਹਤ ਨ ਲਾਗੈ ਬਾਰਾ॥ ਕੰਚਨ ਕਾਇਆ ਗੁਰਮੁਖਿ ਬੂਝੈ ਜਿਸੁ ਅੰਤਰ ਨਾਮੁ ਨਿਵਾਸੀ ਹੇ॥“ (ਪੰ: ੧੦੪੮) ਅਤੇ “ਇਹੁ ਤਨੁ ਐਸਾ ਜੈਸੇ ਘਾਸ ਕੀ ਟਾਟੀ ॥ ਜਲਿ ਗਇਓ ਘਾਸੁ ਰਲਿ ਗਇਓ ਮਾਟੀ॥“ (ਪੰ: ੭੯੪)।

ਤਨ ਬਾਰੇ ਗੁਰਬਾਣੀ ਦਾ ਤੀਜਾ ਵਿਚਾਰ ਹੈ ਕਿ ਮਨੁੱਖਾ ਦੇਹੀ ਦੁਰਲਭ ਹੈ ਕਿਊਂਕੇ ਇਹ ਮਨੁੱਖ ਨੂੰ ਆਪਣੇ ਅਸਲੇ ਪਰਭੂ ਨਾਲ ਮਿਲਾਪ ਕਰਨ ਲਈ ਮਿਲੀ ਹੈ: “ਗੁਰ ਸੇਵਾ ਤੇ ਭਗਤਿ ਕਮਾਈ॥ ਤਬ ਇਹ ਮਾਨਸ ਦੇਹੀ ਪਾਈ॥ ਇਸ ਦੇਹੀ ਕਉ ਸਿਮਰਹਿ ਦੇਵ॥ ਸੋ ਦੇਹੀ ਭਜੁ ਹਰਿ ਕੀ ਸੇਵ॥“(ਪੰ: ੧੧੫੯); “ਦੁਲਭੁ ਜਨਮੁ ਪੁੰਨ ਫਲ ਪਾਇਓ ਬਿਰਥਾ ਜਾਤ ਅਬਿਬੇਕੈ॥“ (ਪੰ: ੬੫੮); “ਭਈ ਪਰਾਪਤਿ ਮਾਨੁਖ ਦੇਹੁਰੀਆ। ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ॥“ (ਪੰ: ੩੭੮ ); “ਤਨ ਸੂਚਾ ਸੋ ਆਖੀਐ ਜਿਸੁ ਮਹਿ ਸਚਾ ਨਾਉ॥ ਭੈ ਸਚਿ ਰਾਤੀ ਦੇਹੁਰੀ ਜਿਹਵਾ ਸਚੁ ਸੁਆਉ॥“ (ਪੰ: ੧੯) ਅਤੇ “ਬਹੁਤ ਜਨਮ ਬਿਛੁਰੇ ਥੇ ਮਾਧਉ ਇਹੁ ਜਨਮੁ ਤੁਮ੍ਹਾਰੇ ਲੇਖੇ॥ ਕਹਿ ਰਵਿਦਾਸ ਆਸ ਲਗਿ ਜੀਵਉ ਚਿਰ ਭਇਓ ਦਰਸਨੁ ਦੇਖੇ॥“ (ਪੰ: ੬੯੪)।

ਮਨੁੱਖਾ ਸਰੀਰ ਬਿਨਸਣ ਹਾਰ ਪਦਾਰਥ ਹੈ, ਨਿਰੰਤਰ ਬਦਲਦਾ ਰਹਿੰਦਾ ਹੈ ਅਤੇ ਜੰਮਣ-ਮਰਨ ਦੇ ਗੇੜ ਵਿਚ ਪਿਆ ਹੋਇਆ ਹੈ। ਇਸ ਨੂੰ ਕਾਇਮ ਰੱਖਣ ਲਈ ਭੋਜਨ, ਪਾਣੀ ਅਤੇ ਹਵਾ ਦੀ ਲੋੜ ਹੁੰਦੀ ਹੈ। ਖੂਨ ਦੀ ਗਰਦਿਸ਼ ਅਤੇ ਸਵਾਸਾਂ ਦੀ ਚਾਲ ਇਸ ਨੂੰ ਜੀਵਤ ਰੱਖਦੀ ਹੈ। ਸਰੀਰ ਦੂਜੇ ਪਦਾਰਥਾਂ ਵਾਂਗ ਕੁਦਰਤ ਦੇ ਨਿਯਮਾਂ ਅਨੁਸਾਰ ਕੰਮ ਕਰਦਾ ਹੈ। ਇਹ ਆਪਣੇ ਆਪ ਵਿਚ ਕੁੱਝ ਕਰਨਯੋਗ ਨਹੀਂ ਹੁੰਦਾ। ਇਸ ਨੂੰ ਮਨੁੱਖੀ ਮਨ ਚਲਾਉਂਦਾ ਹੈ। ਇਸ ਦੀ ਜਾਨ. ਪਰਾਣ ਅਤੇ ਚੇਤਨਤਾ ਮਨ ਦੀ ਦੇਣ ਹਨ ਅਤੇ ਸਮਾਜ ਵਿਚ ਇਸ ਦਾ ਅਸਤਿਤਵ ਵੀ ਮਨ ਹੀ ਨਿਰਧਾਰਤ ਕਰਦਾ ਹੈ। ਗੁਰਬਾਣੀ ਵਿਚ ਮਨੁੱਖੀ ਮਨ ਦੇ ਰਹੱਸ ਬਾਰੇ ਵਿਸਤ੍ਰਤ ਅਤੇ ਡੂੰਘੀ ਵਿਚਾਰ ਕੀਤੀ ਗਈ ਹੈ। ਗੁਰਬਾਣੀ ਮਨ ਦੇ ਕਈ ਪੱਖਾਂ ਦਾ ਵਰਨਣ ਕਰਦੀ ਹੈ ਜੋ ਉਸ ਦੇ ਰਹੱਸ ਨੂੰ ਭਲੀ ਪਰਕਾਰ ਪ੍ਰਗਟਾਉਂਦੇ ਹਨ। ਸਿੱਖ ਵਿਦਵਾਨਾਂ ਵਿਚ ਮਨੁੱਖੀ ਮਨ, ਆਤਮਾ ਅਤੇ ਹਉਮੈ ਦੇ ਸਬੰਧਾਂ ਨੂੰ ਲੈ ਕੇ ਵਿਭਿੰਨ ਪਰਕਾਰ ਦੇ ਵਿਚਾਰ ਪਾਏ ਜਾਂਦੇ ਹਨ। ਇਸ ਵਿਭਿੰਨਤਾ ਦਾ ਇਕ ਕਾਰਨ ਗੁਰਬਾਣੀ ਦੀ ਅਧਿਆਤਮਿਕ ਵਿਚਾਰਧਾਰਾ ਅਤੇ ਸੰਸਾਰਕ ਜਾਂ ਵਿਗਿਆਨਕ ਜਾਣਕਾਰੀ ਵਿਚ ਮੂਲ ਅੰਤਰ ਬਾਰੇ ਅਸਪਸ਼ਟਤਾ ਹੈ। ਅਧਿਆਤਮਕਤਾ ਵਿਸ਼ਵਾਸ ਤੇ ਆਧਾਰਤ ਪਰਭੂ ਦਾ ਗਿਆਨ ਹੁੰਦਾ ਹੈ ਜਦੋਂ ਕਿ ਵਿਗਿਆਨ ਪਰਮਾਣ ਤੇ ਆਧਾਰਤ ਪਦਾਰਥ ਅਤੇ ਸੰਸਾਰ ਦੀ ਜਾਣਕਾਰੀ ਹੁੰਦੀ ਹੈ। ਅਧਿਆਤਮਕਤਾ ਅਤੇ ਵਿਗਿਆਨ ਵਿਚ ਕੋਈ ਸਾਂਝ ਨਹੀਂ ਹੈ। ਹਉਮੈ, ਮਨ ਅਤੇ ਆਤਮਾ ਗੁਰਬਾਣੀ ਦੀ ਅਧਿਆਤਮਿਕ ਵਿਚਾਰਧਾਰਾ ਦੇ ਸੰਕਲਪ ਹਨ। ਇਹ ਸੰਕਲਪ ਨਜ਼ਰ ਆਉਣ ਵਾਲੇ ਪਦਾਰਥ ਜਾਂ ਮਨੁੱਖਾ ਸਰੀਰ ਨਾ ਹੋਣ ਕਾਰਨ ਵਿਗਿਆਨ ਦਾ ਵਿਸ਼ਾ ਨਹੀਂ ਹਨ। ਇਹਨਾਂ ਸੰਕਲਪਾਂ ਦਾ ਵਿਗਿਆਨਕ ਅਤੇ ਸੰਸਾਰਕ ਜਾਣਕਾਰੀ ਨਾਲ ਕੋਈ ਸਬੰਧ ਨਹੀਂ ਹੈ। ਕਈ ਚਿੰਤਕ ਹਉਮੈ, ਮਨ, ਆਤਮਾ ਅਤੇ ਪਰਭੂ ਦੇ ਅਧਿਆਤਮਿਕ ਸੰਕਲਪਾਂ ਦੇ ਪਰਸਪਰ ਸਬੰਧਾਂ ਬਾਰੇ ਵਿਚਾਰ ਕਰਨ ਸਮੇਂ ਤਰਕ ਦਾ ਸਹਾਰਾ ਲੈਣ ਲੱਗ ਪੈਂਦੇ ਹਨ ਜੋ ਸਹੀ ਨਹੀਂ ਹੈ ਕਿਉਂਕਿ ਤਰਕ ਵਿਗਿਆਨ ਵਿਚ ਵਰਤਿਆ ਜਾਣ ਵਾਲਾ ਢੰਗ ਹੈ ਅਧਿਆਤਮਿਕ ਗਿਆਨ ਵਿਚ ਤਰਕ ਦੀ ਵਰਤੋਂ ਕਰਨੀ ਅਯੋਗ ਹੈ।

ਮਨ ਦੇ ਕੁੱਝ ਮਹੱਤਵਪੂਰਨ ਪੱਖਾਂ ਬਾਰੇ ਗੁਰਬਾਣੀ ਦੇ ਬਚਨ ਇਸ ਪਰਕਾਰ ਹਨ:
(੧) ਮਨ ਸਰੀਰ ਦਾ ਸੰਗੀ ਹੈ, ਉਸ ਦਾ ਮਾਲਕ ਅਤੇ ਚਾਲਕ ਹੈ। ਗੁਰਵਾਕ ਹਨ: “ਉਨ ਕੈ ਸੰਗਿ ਤੂ ਕਰਤੀ ਕੇਲ॥ ਉਨ ਕੈ ਸੰਗਿ ਹਮ ਤੁਮ ਸੰਗਿ ਮੇਲ॥ ਉਨ ਕੈ ਸੰਗਿ ਤੁਮ ਸਭੁ ਕੋਊ ਲੋਰੋ॥ ਓਸੁ ਬਿਨਾ ਕੋਊ ਮੁਖੁ ਨਹੀ ਜੋਰੋ॥ ਤੇ ਬੈਰਾਗੀ ਕਹਾ ਸਮਾਏ॥ ਤਿਸੁ ਬਿਨੁ ਤੁਹੀ ਦੇਹੁਰੀ ਰੇ॥੧॥ਰਹਾਓ॥ ਉਨ ਕੈ ਸੰਗਿ ਤੂ ਗ੍ਰਿਹ ਮਹਿ ਮਾਹਰਿ॥ ਉਨ ਕੈ ਸੰਗਿ ਤੂ ਹੋਈ ਹੈ ਜਾਹਰਿ॥ ਉਨ ਕੈ ਸੰਗਿ ਤੂ ਰਖੀ ਪਪੋਲਿ॥ ਓਸੁ ਬਿਨਾ ਤੂ ਛੁਟਕੀ ਰੋਲਿ॥੨॥ ਉਨ ਕੈ ਸੰਗਿ ਤੇਰਾ ਮਾਨੁ ਮਹਤੁ॥ ਉਨ ਕੈ ਸੰਗਿ ਤੁਮ ਸਾਕੁ ਜਗਤੁ॥ ਉਨ ਕੈ ਸੰਗਿ ਤੇਰੀ ਸਭ ਬਿਧਿ ਥਾਟੀ॥ ਓਸੁ ਬਿਨਾ ਤੂ ਹੋਈ ਹੈ ਮਾਟੀ॥ ਉਹ ਬੈਰਾਗੀ ਮਰੈ ਨ ਜਾਇ॥ਹੁਕਮੇ ਬਾਧਾ ਕਾਰ ਕਮਾeਇ॥ ਜੋੜਿ ਵਿਛੋੜੇ ਨਾਨਕ ਥਾਪਿ॥ ਅਪਨੀ ਕੁਦਰਤਿ ਜਾਣੈ ਆਪਿ॥“ (ਪੰ: ੩੯੦); “ਤਨ ਮਹਿ ਮਨੂਆ ਮਨ ਮਹਿ ਸਾਚਾ॥ ਸੋ ਸਾਚਾ ਮਿਲਿ ਸਾਚੇ ਰਾਚਾ॥“ (ਪੰ: ੬੮੬); “ਜਬ ਲਗੁ ਜੋਬਨਿ ਸਾਸੁ ਹੈ ਤਬ ਲਗੁ ਇਹੁ ਤਨ ਦੇਹ॥ ਬਿਨ ਗੁਣ ਕਾਮਿ ਨ ਆਵਈ ਢਹਿ ਢੇਰੀ ਤਨੁ ਖੇਹੁ॥“ (ਪੰ: ੨੦); “ਨਗਰੀ ਨਾਇਕੁ ਨਵਤਨੋ ਬਾਲਕੁ ਲੀਲ ਅਨੁਪੁ॥ ਨਾਰਿ ਨ ਪੁਰਖੁ ਨ ਪੰਖਣੂ ਸਾਚਉ ਚਤੁਰੁ ਸਰੂਪੁ॥“ (ਪੰ: ੧੦੧੦); “ਤਨੁ ਹਟੜੀ ਇਹੁ ਮਨ ਵਣਜਾਰਾ॥ ਨਾਨਕ ਸਹਜੈ ਸਚੁ ਵਾਪਾਰਾ॥“ (ਪੰ: ੯੪੨); “ਤਨ ਕਰਿ ਮਟੁਕੀ ਮਨ ਮਾਹਿ ਬਿਲੋਈ॥ ਇਸੁ ਮਟੁਕੀ ਮਹਿ ਸਬਦੁ ਸੰਜੋਈ॥“ (ਪੰ: ੪੭੮) ਅਤੇ “ਇਹੁ ਮਨੁ ਨਿਹਚਲੁ ਹਿਰਦੈ ਵਸੀਅਲੇ ਗੁਰਮੁਖਿ ਮੂਲੁ ਪਛਾਣਿ ਰਹੈ॥“ (ਪੰ: ੯੪੫)।
(੨) ਮਨ ਜੋਤਿ ਸਰੂਪ ਹੈ ਅਤੇ ਜੀਵ ਆਤਮਾ ਦਾ ਕਿਰਿਆਸ਼ੀਲ ਭਾਗ ਹੈ। ਇਹੋ ਮਨੁੱਖੀ ਵਿਅਕਤਿਤਵ ਦਾ ਆਧਾਰ ਹੈ। ਗੁਰਵਾਕ ਹਨ: “ਮਨ ਤੂ ਜੋਤਿ ਸਰੂਪ ਹੈ ਆਪਣਾ ਮੂਲੁ ਪਛਾਣੁ॥ ਮਨ ਹਰਿ ਜੀ ਤੇਰੈ ਨਾਲਿ ਹੈ ਗੁਰਮਤੀ ਰੰਗੁ ਮਾਣਿ॥“ (ਪੰ: ੪੪੧); ‘ਇਹੁ ਮਨੁ ਸਕਤੀ ਇਹੁ ਮਨੁ ਸੀਉ॥ ਇਹੁ ਮਨੁ ਪੰਚ ਤਤ ਕੋ ਜੀਉ॥ ਇਹੁ ਮਨੁ ਲੇ ਜਉ ਉਨਮਨਿ ਰਹੈ॥ ਤਉ ਤੀਨਿ ਲੋਕ ਕੀ ਬਾਤੈ ਕਹੈ॥“ (ਪੰ: ੩੪੨); “ਇਹੁ ਮਨੁ ਕਰਮਾ ਇਹੁ ਮਨੁ ਧਰਮਾ॥ ਇਹੁ ਮਨੁ ਪੰਚ ਤਤੁ ਤੇ ਜਨਮਾ॥“ (ਪੰ: ੪੧੫); “ਪੰਚ ਤਤੁ ਮਿਲਿ ਕਾਇਆ ਕੀਨੀ ॥ ਤਿਸ ਮਹਿ ਰਾਮ ਰਤਨੁ ਲੈ ਚੀਨੀ॥ ਆਤਮ ਰਾਮੁ ਰਾਮ ਹੈ ਆਤਮ॥ ਹਰਿ ਪਾਈਐ ਸਬਦਿ ਵਿਚਾਰਾ ਹੇ॥ (ਪੰ: ੧੦੩੦); “ਸੰਜੋਗੁ ਵਿਜੋਗੁ ਧੁਰਹੁ ਹੀ ਹੂਆ॥ ਪੰਚ ਧਾਤੁ ਕਰਿ ਪੁਤਲਾ ਕੀਆ॥ ਸਾਹੈ ਕੈ ਫੁਰਮਾਇੜੈ ਜੀ ਦੇਹੀ ਵਿਚਿ ਜੀਉ ਆਇ ਪਇਆ॥“ (ਪੰ: ੧੦੦੭); “ਮਨਿ ਜੀਤੈ ਜਗੁ ਜੀਤੁ॥“ (ਪੰ: ੬) ਅਤੇ “ਹਿਰਦਾ ਦੇਹ ਨ ਹੋਤੀ ਅਉਧੂ ਤਉ ਮਨੁ ਸੁੰਨਿ ਰਹੈ ਬੈਰਾਗੀ॥ ਨਾਭਿ ਕਮਲੁ ਅਸਥੰਭੁ ਨ ਹੋਤੋ ਤਾ ਨਿਜ ਘਰਿ ਬਸਤਉ ਪਵਨੁ ਅਨਰਾਗੀ” (ਪੰ: ੯੪੫)।

(੩) ਮਨ ਵਿਚ ਪਰਿਵਰਤਣ ਨਹੀਂ ਆਉਂਦਾ ਅਤੇ ਮਨੁੱਖ ਦੇ ਮਰਨ ਤੇ ਸਰੀਰ ਬੇਜਾਨ ਹੋ ਕੇ ਖਤਮ ਹੋ ਜਾਂਦਾ ਹੈ ਪਰ ਮਨ ਦੀ ਮੌਤ ਨਹੀਂ ਹੁੰਦੀ। ਗੁਰਵਾਕ ਹਨ: “ਮੇਰਾ ਮੇਰਾ ਕਰਿ ਬਿਲਲਾਹੀ॥ ਮਰਣਹਾਰ ਇਹੁ ਜੀਅਰਾ ਨਾਹੀ॥ (ਪੰ: ੧੮੮); “ਠੰਡੀ ਤਾਤੀ ਮਿਟੀ ਖਾਈ॥ ਉਹੁ ਨ ਬਾਲਾ ਬੂਢਾ ਭਾਈ॥“ (ਪੰ: ੩੭੮); “ਓਹੁ ਬੈਰਾਗੀ ਮਰੈ ਨ ਜਾਇ॥ ਹੁਕਮੇ ਬਾਧਾ ਕਾਰ ਕਮਾਇ॥“ (ਪੰ: ੩੯੦)।

(੪) ਮਨੁੱਖ ਦਾ ਜਨਮ ਹਉਮੈ ਵਿਚ ਹੁੰਦਾ ਹੈ ਅਤੇ ਸੰਸਾਰ ਨੂੰ ਮਾਇਆ ਨੇ ਲੁਭਾਇਆ ਹੋਇਆ ਹੈ। ਹਉਮੈ ਮਨ ਨੂੰ ਆਤਮਾ ਨਾਲੋਂ ਵਿਛੋੜ ਕੇ ਤ੍ਰੈ ਗੁਣੀ ਮਾਇਆ ਵਲੋਂ ਫੈਲਾਏ ਅਗਿਆਨ ਦੇ ਹਨੇਰੇ ਦੀ ਭਟਕਣਾ ਵਿਚ ਪਾਈ ਰੱਖਦੀ ਹੈ। ਮਾਇਆ ਦਾ ਭਰਮਾਊ ਜਾਲ ਹਉਮੈ ਗ੍ਰੱਸੇ ਮਨ ਨੂੰ ਉਲਝਾਈ ਫਿਰਦਾ ਹੈ। ਗੁਰਬਾਣੀ ਦੇ ਕੁੱਝ ਕਥਨ ਹਨ: “ਹਉਮੈ ਵਿਚਿ ਜਗੁ ਉਪਜੈ ਪੁਰਖਾ ਨਾਮਿ ਵਿਸਰਿਐ ਦੁਖੁ ਪਾਈ॥“ (ਪੰ: ੯੪੬); ਹਉ ਵਿਚ ਮਾਇਆ ਹਉ ਵਿਚਿ ਛਾਇਆ॥ ਹਉਮੈ ਕਰਿ ਕਰਿ ਜੰਤ ਉਪਾਇਆ॥“ (ਪੰ: ੪੬੬); “ਲਿਵ ਛੁੜਕੀ ਲਗੀ ਤ੍ਰਿਸਨਾ ਮਾਇਆ ਅਮਰੁ ਵਰਤਾਇਆ॥ ਇਹੁ ਮਾਇਆ ਜਿਤੁ ਹਰਿ ਵਿਸਰੈ ਮੋਹ ਉਪਜੈ ਭਾਉ ਦੂਜਾ ਲਾਇਆ॥“ (ਪੰ: ੯੨੧); “ਇਹੁ ਸੰਸਾਰੁ ਤੇ ਤਬ ਹੀ ਛੁਟਉ ਜਉ ਮਾਇਆ ਨਹ ਲਪਟਾਚਉ॥ ਮਾਇਆ ਨਾਮੁ ਗਰਭ ਜੋਨਿ ਕਾ ਤਿਹ ਤਜਿ ਦਰਸਨੁ ਪਾਵਉ॥“ (ਪੰ: ੬੯੩); “ਮਾਇਆ ਮੋਹੁ ਅਗਿਆਨੁ ਹੈ ਬਿਖਮੁ ਅਤਿ ਭਾਰੀ॥“ (ਪੰ: ੫੦੯); “ ਛਛੈ ਛਾਇਆ ਵਰਤੀ ਸਭ ਅੰਤਰਿ ਤੇਰਾ ਕੀਆ ਭਰਮੁ ਹੋਆ॥“ (ਪੰ: ੪੩੩); “ਬਾਬਾ ਮਾਇਆ ਸਾਥਿ ਨ ਹੋਇ॥ ਇਨਿ ਮਾਇਆ ਜਗ ਮੋਹਿਆ ਵਿਰਲਾ ਬੂਝੇ ਕੋਇ॥“ (ਪੰ: ੫੯੫) ਅਤੇ “ਮਨੂਆ ਦਹਦਿਸਿ ਧਾਵਦਾ ਓਹੁ ਕੈਸੇ ਹਰਿ ਗੁਣ ਗਾਵੈ॥ ਇੰਦ੍ਰੀ ਵਿਆਪਿ ਰਹੀ ਅਧਿਕਾਈ ਕਾਮੁ ਕ੍ਰੋਧੁ ਨਿਤ ਸੰਤਾਵੇ॥“ (ਪੰ: ੫੬੫)।

(੫) ਮਨੁੱਖ ਨੂੰ ਜੀਵਨ ਦੀ ਬਖ਼ਸ਼ਿਸ਼ ਪਰਭੂ ਮਿਲਾਪ ਲਈ ਹੋਈ ਹੈ। ਪਰਭੂ ਮਿਲਾਪ ਵਿਚ ਮਨੁੱਖ ਲਈ ਹਉਮੈ ਅੜਿੱਕਾ ਬਣੀ ਹੋਈ ਹੈ। ਹਉਮੈ ਕਾਰਨ ਮਨੁੱਖੀ ਮਨ ਆਪਣੇ ਅੰਦਰ ਝਾਤੀ ਮਾਰਨ ਦੀ ਥਾਂ ਬਾਹਰ ਮਾਇਆ ਵਿਢੇ ਸੰਸਾਰ ਵਿਚ ਭਟਕਦਾ ਫਿਰਦਾ ਹੈ। ਮਨੁੱਖ ਨੂੰ ਮਾਇਆ ਤੋਂ ਮੁੱਖ ਮੋੜ ਕੇ ਆਪਣੇ ਅੰਤਰ ਵਿਚ ਖੋਜ ਕਰਨ ਦੀ ਲੋੜ ਹੈ। ਹਉਮੈ ਤੇ ਕਾਬੂ ਪਾ ਕੇ ਮਨ ਨੂੰ ਮਾਰਨ ਲਈ ਗੁਰਬਾਣੀ ਤਿੰਨ ਪਰਿਸਥਿਤੀਆਂ ਦਾ ਹੋਣਾ ਜ਼ਰੂਰੀ ਸਮਝਦੀ ਹੈ: ਇਕ, ਗੁਰੂ ਦੀ ਕਿਰਪਾ, ਦੂਜੀ, ਗੁਰ ਸ਼ਬਦ ਦੀ ਓਟ ਅਤੇ ਤੀਜੀ ਗੁਰੂ ਕੀ ਸੰਗਤ। ਇਸ ਪਰਥਾਇ ਗੁਰਬਾਣੀ ਦੇ ਕਥਨ ਹਨ: “ਹਉਮੈ ਨਿਵਰੈ ਗੁਰਸਬਦੁ ਵੀਚਾਰੈ॥ ਚੰਚਲ ਮਤਿ ਤਿਅਗੈ ਪੰਚ ਸੰਘਾਰੈ॥‘ (ਪੰ: ੨੨੬); “ਜਾ ਹਰਿ ਪ੍ਰਭਿ ਕਿਰਪਾ ਧਾਰੀ॥ ਤਾ ਹਉਮੈ ਵਿਚਹੁ ਮਾਰੀ॥“ (ਪੰ: ੮੭੯); “ਅਨਹਦ ਬਾਣੀ ਪਾਈਐ ਤਹ ਹਉਮੈ ਹੋਇ ਬਿਨਾਸੁ॥“ (ਪੰ: ੨੧); ‘ਜਿਨੀ ਆਤਮ ਚੀਨਿਆ ਪਰਮਾਤਮ ਸੋਈ॥ ਏਕੋ ਅੰਮ੍ਰਿਤ ਬਿਰਖੁ ਹੈ ਫਲ ਅੰਮ੍ਰਿਤ ਹੋਈ॥“ (ਪੰ: ੪੨੧); “ਸੋ ਗੁਰੁ ਕਰਉ ਜਿ ਸਾਚੁ ਦ੍ਰਿੜਾਵੈ॥ ਅਕਥ ਕਥਾਵੈ ਸਬਦਿ ਮਿਲਾਵੈ॥“ (ਪੰ: ੬੮੬); “ਗੁਰ ਕੁੰਜੀ ਪਾਹੂ ਨਿਵਲੁ ਮਨੁ ਕੋਠਾ ਤਨੁ ਛਤਿ ਨਾਨਕ ਗੁਰ ਬਿਨੁ ਮਨ ਕਾ ਤਾਕੁ ਨ ਉਘੜੈ ਅਵਰ ਨ ਕੁੰਜੀ ਹਥਿ॥“ (ਪੰ: ੧੨੩੭); “ਗੁਰ ਸਾਗਰੁ ਰਤਨੀ ਭਰਪੂਰੇ ਅੰਮ੍ਰਿਤ ਸੰਤ ਚੁਗਹਿ ਨਹੀ ਦੂਰੇ॥“ (ਪੰ: ੬੮੫); “ਸਤਿਗੁਰੁ ਅੰਮ੍ਰਿਤ ਬਿਰਖੁ ਹੈ ਅੰਮ੍ਰਿਤ ਰਸਿ ਫਲਿਆ॥ ਜਿਸ ਪਰਾਪਤਿ ਸੋ ਲਹੈ ਗੁਰ ਸਬਦੀ ਮਿਲਿਆ॥“ (ਪੰ: ੧੨੪੫); “ਸਤਿਗੁਰੂ ਹੈ ਬੋਹਿਥਾ ਵਿਰਲੈ ਕਿਨੈ ਵੀਚਾਰਿਆ॥ ਕਰਿ ਕਿਰਪਾ ਪਾਰਿ ਉਤਾਰਿਆ॥“ (ਪੰ: ੪੭੦); “ਗੁਰ ਤੇ ਗਿਆਨੁ ਊਪਜੈ ਮਹਾ ਤਤੁ ਬੀਚਾਰਾ॥ ਗੁਰ ਤੇ ਘਰੁ ਦਰੁ ਪਾਇਆ ਭਗਤੀ ਭਰੇ ਭੰਡਾਰਾ॥“ (ਪੰ: ੪੨੪); “ਸਬਦੁ ਗੁਰੂ ਪੀਰਾ ਗਹਿਰ ਗੰਭੀਰਾ ਬਿਨੁ ਸਬਦੈ ਜਗੁ ਬਉਰਾਨੰ॥“ (ਪੰ: ੬੩੫); “ਸਬਦਿ ਗੁਰੂ ਸੁਰਤਿ ਧੁਨਿ ਚੇਲਾ॥“ (ਪੰ: ੯੪੩); “ਸਬਦਿ ਮਰੈ ਸੋ ਮਰਿ ਰਹੈ ਫਿਰਿ ਮਰੈ ਨ ਦੂਜੀ ਵਾਰ॥ ਸਬਦੈ ਹੀ ਤੇ ਪਾਈਐ ਹਰਿ ਨਾਮੈ ਲਗੈ ਪਿਆਰੁ॥ ਬਿਨੁ ਸਬਦੈ ਜਗੁ ਭੂਲਾ ਫਿਰੈ ਮਰਿ ਜਨਮੈ ਵਾਰੋ ਵਾਰ॥“ (ਪੰ: ੫੮); “ਕਿਆ ਭਵੀਐ ਸਚਿ ਸੂਚਾ ਹੋਇ॥ ਸਾਚ ਸਬਦੁ ਬਿਨੁ ਮੁਕਤਿ ਨ ਕੋਇ॥“ (ਪੰ: ੯੩੮); ‘ਜਿਉ ਮੰਦਰ ਕਉ ਥਾਮੈ ਥੰਮਨੁ॥ ਤਿਉ ਗੁਰ ਕਾ ਸਬਦੁ ਮਨਹਿ ਅਸਥੰਮਨੁ॥“ (ਪੰ: ੨੮੨);
ਸੰਗਤ ਬਾਰੇ ਗੁਰਵਾਕ ਹਨ: “ਸਤ ਸੰਗਤਿ ਕੈਸੀ ਜਾਣੀਐ॥ ਜਿਥੈ ਏਕੋ ਨਾਮੁ ਵਖਾਣੀਐ॥ ਏਕੋ ਨਾਮੁ ਹੁਕਮੁ ਹੈ ਨਾਨਕ ਸਤਿਗੁਰ ਦੀਆ ਬੁਝਾਇ ਜੀਉ॥“ (ਪੰ: ੭੨); “ਜਨਮ ਜਨਮ ਕੀ ਹਉਮੈ ਮਲੁ ਲਾਗੀ॥ ਮਿਲਿ ਸੰਗਤਿ ਮਲੁ ਲਹਿ ਜਾਵੈਗੋ॥“ (ਪੰ: ੧੩੦੯); “ਗੁਣੀ ਗੁਣੀ ਮਿਲਿ ਲਾਹਾ ਪਾਵਸਿ ਗੁਰਮੁਖਿ ਨਾਮਿ ਵਡਾਈ॥“ (ਪੰ: ੧੧੨੭); “ਮਿਲਿ ਸੰਤ ਸਭਾ ਮਨ ਮਾਂਜੀਐ ਭਾਈ ਹਰਿ ਕੈ ਨਾਮਿ ਨਿਵਾਸੁ॥ ਮਿਟੈ ਅੰਧੇਰਾ ਅਗਿਆਨਤਾ ਭਾਈ ਕਮਲ ਹੋਵੈ ਪਰਗਾਸ॥“ (ਪੰ: ੬੩੯); “ਸਤਿਗੁਰ ਬਾਝਹੁ ਸੰਗਤਿ ਨ ਹੋਈ॥ ਬਿਨੁ ਸਬਦੇ ਪਾਰੁ ਨ ਪਾਏ ਕੋਈ॥ ਸਹਜੇ ਗੁਣ ਰਵਹਿ ਦਿਨੁ ਰਾਤੀ ਜੋਤੀ ਜੋਤਿ ਮਿਲਾਇਆ॥“ (ਪੰ: ੧੦੬੮)।
(੬) ਜਿਸ ਮਨ ਵਿਚ ਗੁਰੂ ਦੀ ਕਿਰਪਾ ਦੁਆਰਾ ਪਰਭੂ ਦੇ ਗਿਆਨ ਦੀ ਰੋਸ਼ਨੀ ਪਰਵੇਸ਼ ਕਰ ਜਾਂਦੀ ਹੈ ਉਸ ਦੀ ਮੈਲ ਘਟਣ ਲੱਗ ਪੈਂਦੀ ਹੈ। ਉਸ ਵਿਚ ਵਿਛੋੜੇ ਦੀ ਬਿਰਹਾ ਉਤਪੰਨ ਹੋ ਜਾਂਦੀ ਹੈ ਅਤੇ ਉਹ ਪਰਭੂ ਮਿਲਾਪ ਲਈ ਉਤਾਵਲਾ ਹੋ ਉਠਦਾ ਹੈ। ਇਸ ਪਰਥਾਏ ਗੁਰਬਾਣੀ ਦੇ ਫੁਰਮਾਨ ਹਨ: ; “ਵਿਛੋੜਾ ਸੁਣੇ ਡੁਖੁ ਵਿਣੇ ਡਿਠੇ ਮਰਿਓਦਿ॥ ਬਾਝੁ ਪਿਆਰੇ ਆਪਣੇ ਬਿਰਹੀ ਨ ਧੀਰੋਦਿ॥“ (ਪੰ: ੧੧੦੦); “ਮੈ ਰੋਵੰਦੀ ਸਭੁ ਜਗੁ ਰੁਨਾ ਰੁੰਨੜੇ ਵਣਹੁ ਪੰਖੇਰੂ॥ਇਕੁ ਨ ਰੁਨਾ ਮੇਰੇ ਤਨ ਕਾ ਬਿਰਹਾ ਜਿਨਿ ਹਉ ਪਿਰਹੁ ਵਿਛੋੜੀ॥ ਸੁਪਨੈ ਆਇਆ ਭੀ ਗਇਆ ਮੈ ਜਲੁ ਭਰਿਆ ਰੋਇ॥ ਆਇ ਨ ਸਕਾ ਤੁਝ ਕਨਿ ਪਿਆਰੇ ਭੇਜਿ ਨ ਸਕਾ ਕੋਇ॥ ਆਉ ਸਭਾਗੀ ਨੀਦੜੀਏ ਮਤੁ ਸਹੁ ਦੇਖਾ ਸੋਇ॥ਤੈ ਸਾਹਿਬ ਕੀ ਬਾਤ ਜੇ ਆਖੈ ਕਹੁ ਨਾਨਕ ਕਿਆ ਦੀਜੈ॥ ਸੀਸੁ ਵਢੇ ਕਰਿ ਬੈਸਣੁ ਦੀਜੈ ਵਿਣੁ ਸਿਰ ਸੇਵ ਕਰੀਜੈ॥ ਕਿਉ ਨ ਮਰੀਜੈ ਜੀਅੜਾ ਨ ਦੀਜੈ ਜਾ ਸਹੁ ਭਇਆ ਵਿਡਾਣਾ॥“ (ਪੰ: ੫੫੮); “ਕਾਲੀ ਕੋਇਲ ਤੂ ਕਿਤ ਗੁਨ ਕਾਲੀ॥ ਅਪਨੇ ਪ੍ਰੀਤਮ ਕੇ ਹਉ ਬਿਰਹੋ ਜਾਲੀ॥“ (ਪੰ: ੭੯੪) ਅਤੇ “ਮੇਰਾ ਮਨ ਲੋਚੈ ਗੁਰ ਦਰਸਨ ਤਾਈ॥ ਬਿਲਪਿ ਕਰੇ ਚਾਤ੍ਰਿਕ ਕੀ ਨਿਆਈ॥ ਤ੍ਰਿਖਾ ਨ ਉਤਰੈ ਸਾਤਿ ਨ ਆਵੇ ਬਿਨ ਦਰਸਨ ਸੰਤ ਪਿਆਰੇ ਜੀਉ॥“ (ਪੰ: ੯੬)।
(੭) ਮਨਮੁਖ ਹਉਮੈ, ਮੈਂ ਹਾਂ, ਦੇ ਆਸਰੇ ਜੀਊਂਦੇ ਹਨ। ਹਉਮੈ ਉਹਨਾਂ ਦਾ ਮਨ ਕਾਲਾ ਕਰੀ ਰਖਦੀ ਹੈ। ਮਨ ਦੇ ਸਰੀਰ ਛਡਣ ਤੇ ਮਨੁੱਖ ਦੀ ਮੌਤ ਹੋ ਜਾਂਦੀ ਹੈ। ਮੱਨੁਖ ਦੀ ਮੌਤ ਉਪਰੰਤ ਉਸ ਦਾ ਸਰੀਰ ਤੇ ਖਤਮ ਹੋ ਜਾਂਦਾ ਹੈ ਪਰ ਹਉਮੈ ਦਾ ਮੈਲਾ ਕੀਤਾ ਮਨ ਆਤਮਾ ਨਾਲ ਮਿਲਣ ਯੋਗ ਨਹੀਂ ਹੁੰਦਾ। ਮਨੁੱਖ ਦੀ ਮੌਤ ਉਪਰੰਤ ਹਉਮੈ ਗ੍ਰੱਸੇ ਮੈਲੇ ਮਨ ਦੀ ਹਾਲਤ ਦਾ ਵਰਨਨ ਗੁਰਬਾਣੀ ਇਸ ਪਰਕਾਰ ਕਰਦੀ ਹੈ:
”ਜਨਮ ਜਨਮ ਕੀ ਇਸੁ ਮਨ ਕਉ ਮਲੁ ਲਾਗੀ ਕਾਲਾ ਹੋਆ ਸਿਆਹੁ॥ ਖੰਨਲੀ ਧੌਤੀ ਉਜਲੀ ਨ ਹੋਵਈ ਜੇ ਸਉ ਧੋਵਣਿ ਪਾਹੁ॥ ਗੁਰ ਪਰਸਾਦੀ ਜਵਿਤੁ ਮਰੈ ਉਲਟੀ ਹੋਵੈ ਮਤਿ ਬਦਲਾਹੁ॥ ਨਾਨਕ ਮੈਲੁ ਨ ਲਗਈ ਨ ਫਿਰਿ ਜੋਨੀ ਪਾਹੁ॥“ (ਪੰ: ੬੫੧); “ਤਰਵਰੁ ਕਾਇਆ ਪੰਖਿ ਮਨੁ ਤਰਵਰਿ ਪੰਖੀ ਪੰਚ॥ ਤਤੁ ਚੁਗਹਿ ਮਿਲਿ ਏਕਸੇ ਤਿਨ ਕਉ ਫਾਸ ਨ ਰੰਚ॥ ਉਡਹਿ ਤ ਬੇਗੁਲ ਬੇਗੁਲੇ ਤਾਕਹਿ ਚੋਗ ਘਣੀ॥ ਪੰਖ ਤੁਟੇ ਫਾਹੀ ਪੜੀ ਅਵਗੁਣਿ ਭੀੜ ਬਣੀ॥“ (ਪੰ: ੯੩੪); “ਕਈ ਜਨਮ ਭਏ ਕੀਟ ਪਤੰਗਾ॥ ਕਈ ਜਨਮ ਗਜ ਮੀਨ ਕੁਰੰਗਾ॥ ਕਈ ਜਨਮ ਪੰਖੀ ਸਰਪ ਹੋਇਓ॥ ਕਈ ਜਨਮ ਹੈਵਰ ਬ੍ਰਿਖ ਜੋਇਓ॥ ਮਿਲੁ ਜਗਦੀਸ ਮਿਲਣ ਕੀ ਬਰੀਆ॥ ਚਿਰੰਕਾਲ ਇਹ ਦੇਹ ਸੰਜਰੀਆ॥“ (ਪੰ: ੧੭੬); “ਅਸਥਾਵਰ ਜੰਗਮ ਕੀਟ ਪਤੰਗਾ॥ ਅਨਿਕ ਜਨਮ ਕੀਏ ਬਹੁ ਰੰਗਾ॥ ਐਸੇ ਘਰ ਹਨ ਬਹੁਤੁ ਬਸਾਏ॥ ਜਬ ਹਮ ਰਾਮ ਗਰਭ ਹੋਇ ਆਏ॥੧॥ ਰਹਾਉ॥ ਜੋਗੀ ਜਤੀ ਤਪੀ ਬ੍ਰਹਮਚਾਰੀ॥ ਕਬਹੂ ਰਾਜਾ ਛਤ੍ਰਪਤਿ ਕਬਹੂ ਭੇਖਾਰੀ॥“ (ਪੰ: ੩੨੬); ‘ਏਹੁ ਜੀਉ ਬਹੁਤੇ ਜਨਮ ਭਰੰਮਿਆ॥“ (ਪੰ: ੪੬੫); “ਹਉਮੈ ਏਈ ਬੰਧਨਾ ਫਿਰ ਫਿਰ ਜੋਨੀ ਪਾਹਿ॥“ (ਪੰ: ੪੬੬); ‘ਕਿਸੈ ਨ ਬਦੈ ਆਪਿ ਅਹੰਕਾਰੀ॥ ਧਰਮਰਾਇ ਤਿਸੁ ਕਰੇ ਖੁਆਰੀ॥ ਗੁਰਪ੍ਰਸਾਦਿ ਜਾਕਾ ਮਿਟੈ ਅਭਿਮਾਨ॥ ਸੋ ਜਨੁ ਨਾਨਕ ਦਰਗਹ ਪਰਵਾਨੁ॥“ (ਪੰ: ੨੭੮); ‘ਆਪਸ ਕਉ ਦੀਰਘੁ ਕਰਿ ਜਾਨੈ ਅਉਰਨ ਕਉ ਲਗਮਾਤ॥ ਮਨਸਾ ਬਾਚਾ ਕਰਮਨਾ ਮੈ ਦੇਖੇ ਦੋਜਕ ਜਾਤ॥“ (ਪੰ: ੧੧੦੫);
ਕਈ ਸਿੱਖ ਚਿੰਤਕ ਗੁਰਬਾਣੀ ਨੂੰ ਰਾਜ ਸ਼ਾਸਤਰ ਅਤੇ ਰਾਜ ਪਰਭੁਤਾ ਦਾ ਸੋਮਾ, ਕਈ ਸਮਾਜ ਸੁਧਾਰ ਦਾ ਨੁਸਖ਼ਾ. ਅਤੇ ਕਈ ਨੈਤਿਕ ਵਿਹਾਰ ਦਾ ਨਿਰਦੇਸ਼ ਦੱਸਦੇ ਹਨ। ਪਰ ਗੁਰਬਾਣੀ ਦਾ ਤੇ ਸਾਰਾ ਉਪਦੇਸ਼ ਪਰਭੂ ਦੀ ਉਸਤਤੀ ਅਤੇ ਮਨੁੱਖ ਨੂੰ ਹਉਮੈ ਦੇ ਰੋਗ ਤੋਂ ਮੁਕਤ ਹੋ ਕੇ ਆਪਣੀ ਆਤਮਾ ਰਾਹੀਂ ਪਰਭੂ ਨਾਲ ਮਿਲਣ ਲਈ ਪ੍ਰੇਰਿਤ ਕਰਨਾ ਹੈ। ਗੁਰਬਾਣੀ ਦੇ ਇਸ ਉਪਦੇਸ਼ ਨੂੰ ਜੀਵਨ ਵਿਚ ਵਿਰਲੇ ਧਾਰਨ ਕਰਨਗੇ ਬਾਕੀਆਂ ਨੂੰ ਤੇ ਇਸ ਆਧੁਨਿਕ ਯੁਗ ਵਿਚ ਇਹ ਉਪਦੇਸ਼ ਕਿਰਿਆਤਮਕਤਾ ਤੋਂ ਵਾਂਝਾ ਜਾਪੇਗਾ।




.