.

ਜਸਬੀਰ ਸਿੰਘ ਵੈਨਕੂਵਰ

ਜੈਸਾ ਅੰਨ ਤੈਸਾ ਮਨ
(ਭਾਗ 8)

ਮਨੁੱਖੀ ਮਨ ਨੂੰ ਘਰ, ਸਕੂਲ, ਧਰਮ ਮੰਦਰ ਅਤੇ ਆਲੇ-ਦੁਆਲੇ ਦੇ ਵਾਤਾਵਰਨ ਤੋਂ ਜਿਹੜੀ ਖ਼ੁਰਾਕ ਮਿਲ ਰਹੀ ਹੈ, ਇਸ ਨਾਲ ਮਨੁੱਖ `ਚ ਇਨਸਾਨੀਅਤ ਦੀ ਥਾਂ ਜ਼ਿਆਦਾਤਰ ਪਸ਼ੂਪੁਣਾ ਹੀ ਪ੍ਰਫੁਲਤ ਹੋਇਆ ਹੈ। ਤਾਹੀਓਂ! ਮਨੁੱਖ ਗਿਆਨ-ਵਿਗਿਆਨ ਦੇ ਹਰੇਕ ਖੇਤਰ ਵਿੱਚ ਹੈਰਾਨੀ ਜਨਕ ਉੱਨਤੀ ਕਰਨ ਦੇ ਬਾਵਜੂਦ ਵੀ ਪਸ਼ੂਪੁਣੇ ਤੋਂ ਉਪਰ ਨਹੀਂ ਉੱਠ ਸਕਿਆ ਹੈ।
ਜੇਕਰ ਇਹਨਾਂ ਸਰੋਤਾਂ (ਘਰ, ਸਕੂਲ ਆਦਿ) ਤੋਂ ਮਿਲਣ ਵਾਲੇ ਭੋਜਨ ਨਾਲ, ਮਨੁੱਖ ਅੰਦਰ (ਜ਼ਿਆਦਾਤਰ) ਹੈਵਾਨੀਅਤ ਹੀ ਪ੍ਰਫੁੱਲਿਤ ਹੋ ਰਹੀ ਹੈ ਤਾਂ ਫਿਰ ਮਨੁੱਖ, ਇਨਸਾਨੀਅਤ ਦ੍ਰਿੜ ਕਰਾਉਣ ਵਾਲਾ ਭੋਜਨ ਕਿੱਥੋਂ ਹਾਸਲ ਕਰੇ? ਇਸ ਦਾ ਉੱਤਰ ਹੈ 'ਧਰਮ' ਤੋਂ। ਜੀ ਹਾਂ, ਧਰਮ ਹੀ ਇਸ ਦਾ ਮੁੱਖ-ਸਰੋਤ ਹੈ। ਧਰਮ ਤੋਂ ਹੀ ਮਨੁੱਖੀ ਮਨ ਨੂੰ ਰਿਸ਼ਟ-ਪੁਸ਼ਟ (ਭਾਵ, ਇਨਸਾਨੀਅਤ ਭਰਪੂਰ) ਭੋਜਨ (ਸੋਝੀ, ਗਿਆਨ) ਮਿਲ ਸਕਦਾ ਹੈ। ਇਸ ਸਰੋਤ ਤੋਂ ਰਿਸ਼ਟ-ਪੁਸ਼ਟ ਭੋਜਣ ਛਕਣ ਨਾਲ, ਦੂਜੇ ਸਰੋਤਾਂ ਤੋਂ ਮਿਲ ਰਿਹਾ ਭੋਜਨ ਵੀ, ਮਨੁੱਖੀ ਮਨ ਨੂੰ ਦੂਸ਼ਿਤ ਕਰਨ ਦੀ ਥਾਂ, ਰਿਸ਼ਟ-ਪੁਸ਼ਟ ਬਣਾਉਣ `ਚ ਸਹਾਇਕ ਹੋਵੇਗਾ।
ਕਈ ਪਾਠਕਾਂ ਨੂੰ ਇਹ ਪੜ੍ਹ ਕੇ ਹੈਰਾਨਗੀ ਹੋਵੇਗੀ ਕਿ ਧਰਮ ਤੋਂ ਮਨੁੱਖ ਨੂੰ ਕਿਵੇਂ ਰਿਸ਼ਟ-ਪੁਸ਼ਟ ਭੋਜਨ ਮਿਲ ਸਕਦਾ ਹੈ? ਚੂੰਕਿ ਧਰਮ ਬਾਰੇ ਆਮ ਤੌਰ `ਤੇ ਇਹ ਮੰਨਿਆ ਜਾ ਰਿਹਾ ਹੈ ਕਿ ਧਰਮ ਨੇ ਮਨੁੱਖੀ ਭਾਈਚਾਰੇ ਨੂੰ ਇੱਕ ਪਲੈਟ-ਫਾਰਮ `ਤੇ ਇਕੱਠਿਆਂ ਕਰਨ ਦੀ ਥਾਂ ਸਗੋਂ ਬੁਰੀ ਤਰ੍ਹਾਂ ਵੰਡਿਆ ਹੈ। ਧਰਮ ਨੇ ਮਨੁੱਖੀ ਭਾਈਚਾਰੇ ਨੂੰ ਆਪਸ ਵਿੱਚ ਵੰਡਿਆਂ ਹੀ ਨਹੀਂ ਬਲਕਿ ਮਨੁੱਖੀ ਮਨਾਂ ਵਿੱਚ, ਇੱਕ ਦੂਜੇ ਪ੍ਰਤੀ ਨਫ਼ਰਤ ਦਾ ਬੀਜ ਵੀ ਬੀਜਿਆ ਹੈ। ਇਹਨਾਂ ਨਫਰਤ ਦੇ ਬੋਏ ਬੀਜਾਂ ਦੀ ਬਦੌਲਤ ਹੀ ਭਿੰਨ ਭਿੰਨ ਧਰਮਾਂ ਦੇ ਪੈਰੋਕਾਰਾਂ ਵਿੱਚ ਭਰਾਤਰੀ-ਭਾਵ ਦੀ ਥਾਂ, ਨਫ਼ਰਤ ਦਾ ਅਤੁੱਟ ਰਿਸ਼ਤਾ ਕਾਇਮ ਹੋਇਆ ਹੋਇਆ ਹੈ। ਇਹ ਰਿਸ਼ਤਾ ਇਤਨਾ ਮਜ਼ਬੂਤ ਹੈ ਕਿ ਸਮੇਂ ਦੇ ਬੀਤਣ ਨਾਲ ਕਮਜ਼ੋਰ ਹੋਣ ਦੀ ਥਾਂ ਸਗੋਂ ਹੋਰ ਮਜ਼ਬੂਤ ਹੋ ਰਿਹਾ ਹੈ। ਇਸ ਸਰੋਤ ਤੋਂ ਮਿਲੇ ਭੋਜਨ ਦੀ ਬਦੌਲਤ ਹੀ ਹਰੇਕ ਧਰਮ ਦਾ ਪੈਰੋਕਾਰ, ਆਪਣੇ ਆਪ ਨੂੰ ਦੂਜੇ ਧਰਮਾਂ ਦੇ ਪੈਰੋਕਾਰਾਂ ਦੇ ਮੁਕਾਬਲੇ `ਤੇ ਸਰਬ-ਸ੍ਰੇਸ਼ਟ ਸਮਝਦਾ ਹੈ; ਇਤਨਾ ਹੀ ਨਹੀਂ, ਇੱਕ ਧਰਮ ਦਾ ਪੈਰੋਕਾਰ ਦੂਜੇ ਧਰਮਾਂ ਦੇ, ਪੂਜਾ ਦੇ ਤੌਰ ਤਰੀਕਿਆਂ, ਅਕੀਦਿਆਂ, ਧਾਰਮਿਕ ਚਿੰਨ੍ਹਾਂ, ਲਿਬਾਸ ਆਦਿ ਦਾ ਮਜ਼ਾਕ ਹੀ ਨਹੀਂ ਉਡਾਉਂਦਾ ਸਗੋਂ ਤਿਰਸਕਾਰ ਵੀ ਕਰਦਾ ਹੈ।
ਧਰਮ ਕਾਰਨ ਹੀ ਮਨੁੱਖਾਂ ਵਿੱਚ ਜਿਤਨੀ ਖਿੱਚ-ਧੂਹ, ਲੁੱਟ-ਖੋਹ, ਸਾੜ-ਫੂਕ, ਕਤਲੋ-ਗ਼ਾਰਤ ਅਤੇ ਵਧੀਕੀ ਆਦਿ ਹੋਈ ਹੈ, ਉਹ ਕਿਸੇ ਹੋਰ ਕਾਰਨ ਕਰਕੇ ਨਹੀਂ ਹੋਈ ਹੈ। ਇੱਕ ਧਰਮ ਦੇ ਪੈਰੋਕਾਰਾਂ ਨੇ ਦੂਜੇ ਧਰਮ ਦੇ ਪੈਰੋਕਾਰਾਂ ਉੱਤੇ ਜਿਹੋ-ਜਿਹੇ ਜ਼ੁਲਮ ਢਾਹੇ ਅਤੇ ਢਾਹ ਰਹੇ ਹਨ, ਇਸ ਨੂੰ ਪੜ੍ਹ, ਸੁਣ ਅਤੇ ਦੇਖ ਕੇ, ਮਨੁੱਖ ਕੰਬ ਉਠਦਾ ਹੈ। ਇਸ ਧਰਤੀ ਉੱਤੇ ਜਿਤਨਾ ਧਰਮ ਕਾਰਨ ਮਨੁੱਖ ਦਾ ਲਹੂ ਡੁਲ੍ਹਿਆ ਹੈ, ਇਤਨਾ ਕਿਸੇ ਹੋਰ ਕਾਰਨ ਮਨੁੱਖ ਦਾ ਲਹੂ ਨਹੀਂ ਡੁਲ੍ਹਿਆ ਹੈ।
ਧਰਮ ਬਾਰੇ ਇਸ ਤਰ੍ਹਾਂ ਦੀ ਧਾਰਨਾ ਆਮ ਮਨੁੱਖ ਦੀ ਹੀ ਨਹੀਂ ਸਗੋਂ ਪ੍ਰਸਿੱਧ ਵਿਚਾਰਵਾਨਾਂ ਅਤੇ ਚਿੰਤਕਾਂ ਦੀ ਵੀ ਹੈ। ਜਿਵੇਂ 'ਰੌਬਰਟ ਜੀ ਇੰਗਲਸੋਲ' ਨੇ ਕਿਹਾ ਹੈ ਕਿ, “ਧਰਮ ਕਦੇ ਵੀ ਮਨੁੱਖ ਦਾ ਸੁਧਾਰ ਨਹੀਂ ਕਰ ਸਕਦਾ ਕਿਉਂਕਿ ਧਰਮ ਤਾਂ ਹੈ ਹੀ ਗ਼ੁਲਾਮੀ।” ਇਸੇ ਤਰ੍ਹਾਂ ਰੋਮਨ ਲਿਖਾਰੀ, ਦਾਰਸ਼ਨਿਕ ਤੇ ਸਿਆਸਤਦਾਨ 'ਸੈਨਿਕ' ਦਾ ਇਹ ਕਥਨ ਕਿ, “ਆਮ ਲੋਕਾਂ ਵਲੋਂ ਧਰਮ ਨੂੰ ਸੱਚ ਮੰਨਿਆ ਜਾਂਦਾ ਹੈ, ਸੂਝਵਾਨਾਂ ਵਲੋਂ ਝੂਠ ਅਤੇ ਹੁਕਮਰਾਨਾਂ ਵਲੋਂ ਫਾਇਦੇਮੰਦ।”
ਸੋ, ਗੱਲ ਕੀ? ਧਰਮ ਨੂੰ ਕਲੇਸ਼, ਹਿੰਸਾ, ਕ੍ਰੋਧ, ਨਫ਼ਰਤ ਅਤੇ ਮਨੁੱਖੀ ਕਦਰਾਂ-ਕੀਮਤਾਂ ਦਾ ਕਾਤਲ ਮੰਨਣ ਵਾਲਿਆਂ ਨੇ ਤਾਂ ਇਹੀ ਸਾਲਾਹ ਦਿੱਤੀ ਹੈ ਕਿ ਜੇਕਰ ਮਨੁੱਖ ਨੇ ਸ਼ਾਂਤੀ ਨਾਲ ਰਹਿਣਾ ਹੈ ਤਾਂ ਇਸ ਸਰੋਤ (ਧਰਮ) ਨੂੰ ਨੇਸਤੋ-ਨਾਬੂਦ ਕਰਨਾ ਜ਼ਰੂਰੀ ਹੈ। ਚੂੰਕਿ ਧਰਮ ਨੇ ਸਮਾਜ ਵਿੱਚ ਜਿਹੋ-ਜਿਹਾ ਰੋਲ ਅਦਾ ਕੀਤਾ ਹੈ ਜਾਂ ਕਰ ਰਿਹਾ ਹੈ, ਇਸ ਤੋਂ ਤਾਂ ਇਹ ਹੀ ਪ੍ਰਤੀਤ ਹੋ ਰਿਹਾ ਹੈ ਕਿ ਇਹ ਕਦੀ ਵੀ ਮਨੁੱਖ ਲਈ ਲਾਹੇਵੰਦ ਨਹੀਂ ਰਿਹਾ ਹੈ। ਭਾਵ, ਇਸ ਤੋਂ ਕਦੇ ਵੀ ਮਨੁੱਖੀ ਮਨ ਨੂੰ ਰਿਸ਼ਟ-ਪੁਸ਼ਟ ਭੋਜਨ ਨਹੀਂ ਮਿਲਿਆ ਹੈ। ਸੋ, ਜੇਕਰ ਧਰਮ ਤੋਂ ਮਨੁੱਖੀ ਮਨ ਨੂੰ ਨਾ ਤਾਂ ਬੀਤੇ ਸਮੇਂ ਵਿੱਚ ਅਤੇ ਨਾ ਹੀ ਵਰਤਮਾਨ ਵਿੱਚ ਰਿਸ਼ਟ-ਪੁਸ਼ਟ ਭੋਜਨ ਮਿਲਿਆ ਹੈ ਤਾਂ ਇਹ ਰਿਸ਼ਟ-ਪੁਸ਼ਟ ਭੋਜਨ ਦਾ ਮੁੱਖ-ਸਰੋਤ ਕਿਵੇਂ ਹੋਇਆ?
ਇਸ ਪ੍ਰਸ਼ਨ ਦਾ ਉੱਤਰ ਦੇਣ ਤੋਂ ਪਹਿਲਾਂ, ਇਹ ਸਪਸ਼ਟ ਕਰ ਦੇਣਾ ਜ਼ਰੂਰੀ ਹੈ ਕਿ ਧਰਮ ਦੇ ਸੰਬੰਧ ਵਿੱਚ ਜੋ ਕੁੱਝ ਕਿਹਾ ਗਿਆ ਜਾਂ ਕਿਹਾ ਜਾ ਰਿਹਾ ਹੈ, ਇਹ ਸੱਚ ਨਹੀਂ ਹੈ। ਚੂੰਕਿ ਇਹ ਧਰਮ ਬਾਰੇ ਨਹੀਂ ਬਲਕਿ ਧਰਮ ਦੇ ਨਾਂ `ਤੇ ਜੋ ਕੁੱਝ ਪ੍ਰਚਲਤ ਹੈ ਜਾਂ ਧਰਮ ਦਾ ਬੁਰਕਾ ਪਹਿਣ ਕੇ ਮਨੁੱਖਤਾ ਨੂੰ ਕਲੰਕਿਤ ਅਤੇ ਸ਼ਰਮਸ਼ਾਰ ਕਰਨ ਵਾਲਿਆਂ ਬਾਰੇ ਹੈ। ਜੇਕਰ ਧਰਮ ਦੀ ਆੜ ਵਿੱਚ ਮਾਰ-ਧਾੜ, ਕਤਲੋ-ਗ਼ਾਰਤ ਅਤੇ ਲੁੱਟ-ਖਸੁੱਟ ਹੋ ਰਹੀ ਹੈ ਜਾਂ ਨਫ਼ਰਤ ਦਾ ਬੀਜ ਬੀਜਿਆ ਜਾ ਰਿਹਾ ਹੈ ਤਾਂ ਇਸ ਵਿੱਚ ਧਰਮ ਨੂੰ ਪਾਣੀ ਪੀ ਪੀ ਕੇ ਕੋਸਣ ਦਾ ਕੀ ਅਰਥ? ਐਸੀ ਕਿਹੜੀ ਸੰਸਥਾ ਹੈ, ਜਿੱਥੇ ਸਭ ਕੁੱਝ ਅੱਛਾ ਹੈ (ਅਰਥਾਤ ਜਿੱਥੇ ਹਰੇਕ ਵਿਅਕਤੀ ਈਮਾਨਦਾਰੀ ਨਾਲ ਆਪਣੀ ਜ਼ਿੰਮੇਵਾਰੀ ਨਿਭਾਅ ਰਿਹਾ ਹੈ)। ਹਰ ਜਗ੍ਹਾ, ਹਰ ਇੱਕ ਸੰਸਥਾ ਵਿੱਚ ਅਜਿਹੇ ਪ੍ਰਾਣੀ ਹੁੰਦੇ ਹਨ ਜਿਹੜੇ ਇਨਸਾਨੀਅਤ ਨੂੰ ਕਲੰਕਿਤ ਕਰਕੇ ਮਨੁੱਖਤਾ ਨੂੰ ਸ਼ਰਮਸ਼ਾਰ ਕਰਨ ਦਾ ਕਾਰਨ ਬਣਦੇ ਹਨ। ਵਿਗਿਆਨ ਦੇ ਖੇਤਰ ਦੀ ਉਦਾਹਰਣ ਹੀ ਲੈ ਲਈਏ। ਇਸ ਦੀ ਬਦੌਲਤ ਮਨੁੱਖ ਨੇ ਹਰ ਖੇਤਰ ਵਿੱਚ ਹੈਰਾਨੀਜਨਕ ਉੱਨਤੀ ਕੀਤੀ ਹੈ। ਇਸ ਨਾਲ ਮਨੁੱਖ ਨੂੰ ਹਰ ਪੱਖੋਂ ਲਾਭ ਹੋਇਆ ਹੈ। ਪਰ ਕੀ ਇਹ ਸੱਚ ਨਹੀਂ ਕਿ ਇਸੇ ਵਿਗਿਆਨ ਦੀ ਬਦੌਲਤ ਹੀ ਨਿਊਕਲੀਅਰ, ਬਾਇਓਲਾਜੀਕਲ ਅਤੇ ਕੈਮੀਕਲ ਹਥਿਆਰ ਹੋਂਦ ਵਿੱਚ ਆਏ ਹਨ। ਅੱਜ ਇਹੋ-ਜਿਹੇ ਅਤਿ ਮਾਰੂ ਅਤੇ ਭਿਆਨਕ ਹਥਿਆਰ ਬਣ ਚੁਕੇ ਹਨ, ਜਿਹਨਾਂ ਨਾਲ ਇਸ ਧਰਤੀ ਨੂੰ ਪਲਾਂ ਵਿੱਚ ਹੀ ਨੇਸਤੋ-ਨਾਬੂਦ ਕੀਤਾ ਜਾ ਸਕਦਾ ਹੈ। ਇਸੇ ਤਰ੍ਹਾਂ ਡਰੱਗਜ਼ ਆਦਿ ਬਾਰੇ ਵੀ ਕਿਹਾ ਜਾ ਸਕਦਾ ਹੈ।
ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਇਹਨਾਂ ਦੀ ਕਾਢ ਕਢਣ ਵਾਲਿਆਂ ਨੇ ਸੁਪਨੇ ਵਿੱਚ ਵੀ ਨਹੀਂ ਸੋਚਿਆ ਹੋਣਾ ਕਿ ਆਉਣ ਵਾਲੇ ਸਮੇਂ ਵਿੱਚ ਕੁੱਝ ਮਨੁੱਖ ਇਹਨਾਂ ਦੀ ਨਜਾਇਜ਼ ਵਰਤੋਂ ਕਰਕੇ, ਮਨੁੱਖਤਾ ਨੂੰ ਨੁਕਸਾਨ ਪਹੁੰਚਾਉਣਗੇ। ਵਿਗਿਆਨੀਆਂ ਨੇ ਮਨੁੱਖਤਾ ਦੇ ਭਲੇ ਲਈ ਹੀ ਇਹ ਕਾਢਾਂ ਕਢੀਆਂ ਹਨ ਪਰ ਵਿਗਿਆਨੀ ਇਹਨਾਂ ਕਾਢਾਂ ਦੀ ਦੁਰਵਰਤੋਂ ਕਰਨ ਤੋਂ ਮਨੁੱਖ ਨੂੰ ਨਹੀਂ ਰੋਕ ਸਕਦੇ, ਕਿਉਂਕਿ ਰੋਕ ਸਕਣਾ ਸੰਭਵ ਹੀ ਨਹੀਂ ਹੈ। ਇਸ ਸਭ ਕੁੱਝ ਦੇ ਬਾਵਜੂਦ ਵੀ ਕਦੇ ਕਿਸੇ ਨੇ ਵਿਗਿਆਨੀਆਂ ਨੂੰ ਦੋਸ਼ੀ ਗਰਦਾਨ ਕੇ ਕਿਸੇ ਸਰਕਾਰ ਨੂੰ ਇਹ ਸਾਲਾਹ ਨਹੀਂ ਦਿੱਤੀ ਕਿ ਉਹ ਵਿਗਿਆਨੀਆਂ ਅਤੇ ਖੋਜ ਕੇਂਦਰਾਂ ਨੂੰ ਫੰਡ ਮੁਹੱਈਆ ਨਾ ਕਰਨ ਜਾਂ ਇਹ ਖੋਜ ਕੇਂਦਰ ਬੰਦ ਕਰ ਦੇਣ। ਚੂੰਕਿ ਇਸ ਗੱਲ ਤੋਂ ਹਰ ਕੋਈ ਜਾਣੂ ਹੈ ਕਿ ਇਹਨਾਂ ਖੋਜ ਕੇਂਦਰਾਂ ਵਿੱਚ ਮਨੁੱਖਤਾ ਦੀ ਭਲਾਈ ਲਈ ਵਿਗਿਆਨੀ ਦਿਨ-ਰਾਤ ਕਰੜੀ ਮਿਹਨਤ ਕਰ ਰਹੇ ਹਨ। ਇਹਨਾਂ ਖੋਜੀਆਂ ਦੀ ਬਦੌਲਤ ਹੀ ਮਨੁੱਖ ਭਿਆਨਕ ਬੀਮਾਰੀਆਂ ਤੋਂ ਛੁਟਕਾਰਾ ਪਾਉਣ ਦੇ ਨਾਲ ਨਾਲ ਜੀਵਨ ਦੀਆਂ ਅਨੇਕਾਂ ਸੁਵਿਧਾਵਾਂ ਮਾਣ ਰਿਹਾ ਹੈ। ਇਹਨਾਂ ਵਿਗਿਆਨੀਆਂ ਦੀ ਬਦੌਲਤ ਹੀ ਮਨੁੱਖ ਨੇ ਹੈਰਾਨੀ ਜਨਕ ਉੱਨਤੀ ਕੀਤੀ ਹੈ। ਇਸੇ ਤਰ੍ਹਾਂ ਹੋਰ ਖੇਤਰਾਂ ਬਾਰੇ ਵੀ ਕਿਹਾ ਜਾ ਸਕਦਾ ਹੈ। ਸਕੂਲਾਂ, ਕਾਲਜਾਂ ਅਤੇ ਵਿਸ਼ਵ ਵਿਦਿਆਲਿਆਂ ਵਿੱਚੋਂ ਉੱਚ ਵਿਦਿਆ ਹਾਸਲ ਕਰਕੇ ਵੱਖ ਵੱਖ ਖੇਤਰਾਂ ਵਿੱਚ ਵਿਚਰਨ ਵਾਲਿਆਂ ਵਿੱਚੋਂ ਜੇਕਰ ਕੋਈ ਮਨੁੱਖਤਾ ਨੂੰ ਕਲੰਕਿਤ ਕਰਨ ਵਾਲਾ ਕਾਰਨਾਮਾ ਕਰ ਦਿੰਦਾ ਹੈ ਤਾਂ ਕਦੀ ਕਿਸੇ ਪਾਸਿਓਂ ਇਹ ਆਵਾਜ਼ ਨਹੀਂ ਆਉਂਦੀ ਕਿ ਇਹ ਸਭ ਕੁੱਝ ਵਿਦਿਆ ਦੇ ਕਾਰਨ ਹੋਇਆ ਹੈ, ਇਸ ਲਈ ਇਹ ਵਿਦਿਆ ਦੇ ਮੰਦਰ ਬੰਦ ਕਰ ਦਿੱਤੇ ਜਾਣ। ਜੇਕਰ ਕੋਈ ਡਾਟਕਰ, ਮਾਸਟਰ, ਵਕੀਲ, ਜੱਜ, ਰਾਜਨੀਤਕ ਆਦਿ ਗ਼ਲਤ ਕਦਮ ਉਠਾਉਂਦਾ ਹੈ ਤਾਂ ਕਦੀ ਵੀ ਕੋਈ ਸਕੂਲ, ਮੈਡੀਕਲ ਜਾਂ ਲਾਅ ਕਾਲਜ ਦੀ ਪੜ੍ਹਾਈ ਜਾਂ ਇਸ ਸੰਸਥਾ ਨੂੰ ਦੋਸ਼ੀ ਨਹੀਂ ਠਹਿਰਾਉਂਦਾ; ਮਾਸਟਰ, ਡਾਕਟਰ ਅਤੇ ਵਕੀਲ ਆਦਿ ਨੂੰ ਹੀ ਮਾੜਾ ਕਿਹਾ ਜਾਂਦਾ ਹੈ। ਹਰ ਇੱਕ ਦੀ ਜ਼ੁਬਾਨ `ਤੇ ਇਹੀ ਹੁੰਦਾ ਹੈ ਇਸ ਵਿਅਕਤੀ ਨੇ ਟੀਚਰ, ਡਾਕਟਰ ਜਾਂ ਵਕੀਲ ਆਦਿ ਦੇ ਪੇਸ਼ੇ ਨੂੰ ਬਦਨਾਮ ਕੀਤਾ ਹੈ।
ਪਰ ਇਹ ਹੈਰਾਨਗੀ ਦੀ ਗੱਲ ਹੈ ਕਿ ਧਰਮ ਦਾ ਬੁਰਕਾ ਪਾ ਕੇ ਜਦੋਂ ਕੋਈ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲਾ ਕਾਰਨਾਮਾ ਕਰਦਾ ਹੈ ਤਾਂ (ਜ਼ਿਆਦਾਤਰ) ਉਸ ਵਿਅਕਤੀ ਉੱਤੇ ਉਂਗਲ ਉਠਾਉਣ ਦੀ ਥਾਂ ਧਰਮ ਉੱਤੇ (ਵਿਸ਼ੇਸ਼ ਕਰਕੇ ਜਿਸ ਧਰਮ ਨਾਲ ਮਨੁੱਖ ਸੰਬੰਧਿਤ ਹੁੰਦਾ ਹੈ) ਉਂਗਲ ਉਠਾਈ ਜਾਂਦੀ ਹੈ।
ਇਸ ਵਿੱਚ ਕੋਈ ਸੰਦੇਹ ਨਹੀਂ ਹੈ ਕਿ ਧਰਮ ਦੇ ਨਾਂ `ਤੇ ਬਹੁਤ ਕੁੱਝ ਅਜਿਹਾ ਪ੍ਰਚਲਤ ਹੈ, ਜਿਸ ਦਾ ਧਰਮ ਨਾਲ ਕੋਈ ਸੰਬੰਧ ਹੀ ਨਹੀਂ ਹੈ। ਲੋੜ ਤਾਂ ਇਸ ਗੱਲ ਦੀ ਹੈ ਕਿ ਧਰਮ ਦੀ ਸਰਬ-ਪ੍ਰਮਾਣਿਤ ਪ੍ਰੀਭਾਸ਼ਾ (ਨੋਟ:-ਧਰਮ ਦੀ ਸਰਬ-ਪ੍ਰਮਾਣਿਤ ਪ੍ਰੀਭਾਸ਼ਾ ਬਾਰੇ ਅਸੀਂ ਅੱਗੇ ਜਾ ਕੇ ਚਰਚਾ ਕਰਾਂਗੇ) ਨੂੰ ਧਿਆਨ ਵਿੱਚ ਰੱਖ ਕੇ ਜਨ-ਸਾਧਾਰਨ ਨੂੰ ਧਰਮ ਦੀਆਂ ਸਹੀ ਕਦਰਾਂ-ਕੀਮਤਾਂ ਦ੍ਰਿੜ ਕਰਵਾ ਕੇ, ਉਹਨਾਂ ਗੱਲਾਂ ਤੋਂ ਸੁਚੇਤ ਕੀਤਾ ਜਾਵੇ ਜੋ ਧਰਮ ਨਹੀਂ ਪਰੰਤੂ ਉਹਨਾਂ ਨੂੰ ਧਰਮ ਕਰਕੇ ਮੰਨਿਆ ਜਾ ਰਿਹਾ ਹੈ। ਜੇਕਰ ਕੋਈ ਮਨੁੱਖ ਧਰਮ ਦੇ ਨਾਂ `ਤੇ ਕੁੱਝ ਅਜਿਹਾ ਕਰ ਰਿਹਾ ਹੈ ਜਾਂ ਪਰਚਾਰ ਰਿਹਾ ਹੈ, ਜਿਸ ਦਾ ਧਰਮ ਨਾਲ ਕੋਈ ਸੰਬੰਧ ਹੀ ਨਹੀਂ ਹੈ, ਤਾਂ ਜਨ-ਸਾਧਾਰਨ ਨੂੰ ਇਸ ਤੋਂ ਸੁਚੇਤ ਕਰਨ ਦੀ ਲੋੜ ਹੈ ਨਾ ਕਿ ਇਸ ਸਰੋਤ ਤੋਂ ਭੋਜਨ ਲੈਣ ਤੋਂ ਮਨ੍ਹਾਹੀ ਦੀ।
ਸਾਡੇ ਲੇਖ ਦਾ ਮੁੱਖ ਵਿਸ਼ਾ ਭਾਵੇਂ ਧਰਮ ਦੀ ਪ੍ਰੀਭਾਸ਼ਾ ਕਰਨਾ ਜਾਂ ਇਸ ਦੀ ਲੋੜ ਆਦਿ ਦਾ ਨਹੀਂ ਹੈ ਪਰ ਚੂੰਕਿ ਲੇਖ ਵਿਚਲੇ ਵਿਸ਼ੇ ਦਾ ਧਰਮ ਇੱਕ ਹਿੱਸਾ ਜ਼ਰੂਰ ਹੈ, ਇਸ ਲਈ ਧਰਮ ਨਾਲ ਸੰਬੰਧਿਤ ਇਹਨਾਂ ਪ੍ਰਸ਼ਨਾਂ ਦੇ ਉੱਤਰ ਵਿੱਚ ਚਰਚਾ ਕਰਨੀ ਢੁਕਵੀਂ ਹੋਵੇਗੀ।
ਧਰਮ ਸੰਬੰਧੀ ਚਰਚਾ ਕਰਨ ਤੋਂ ਪਹਿਲਾਂ ਧਰਮ ਦੇ ਨਾਂ `ਤੇ ਜੋ ਕੁੱਝ ਪ੍ਰਚਲਤ ਹੈ, ਇਸ ਦੀ ਸੰਖੇਪ ਵਿੱਚ ਚਰਚਾ ਕਰ ਰਹੇ ਹਾਂ। ਜੋ ਧਰਮ ਨਹੀਂ ਪਰ ਧਰਮ ਸਮਝਿਆ ਜਾ ਰਿਹਾ ਹੈ, ਇਸ ਨੂੰ ਮੁੱਖ ਰੂਪ ਵਿੱਚ ਤਿੰਨ ਭਾਗਾਂ ਵਿੱਚ ਵੰਡਿਆ ਜਾ ਸਕਦਾ ਹੈ:-
1. ਇੱਕ ਤਾਂ ਉਹ ਕੁੱਝ ਹੈ ਜੋ ਧਰਮ ਕਰਕੇ ਮੰਨਿਆ ਜਾ ਰਿਹਾ ਹੈ, ਪਰ ਉਹ ਧਰਮ ਨਹੀਂ ਸਗੋਂ ਅਧਰਮ ਹੈ। ਜਿਵੇਂ, ਧਰਮ ਮੰਦਰਾਂ ਵਿੱਚ ਵਿਸ਼ੇਸ਼ ਜਾਤੀ ਜਾਂ ਧਰਮ ਦੇ ਪੈਰੋਕਾਰਾਂ ਦੇ ਪ੍ਰਵੇਸ਼ ਕਰਨ ਨਾਲ ਧਰਮ ਸਥਾਨ ਦੇ ਅਪਵਿੱਤਰ ਹੋ ਜਾਣ ਦੀ ਧਾਰਨਾ, ਆਪਣੇ ਇਸ਼ਟ ਨੂੰ ਪਸ਼ੂ ਜਾਂ ਮਨੁੱਖਾਂ ਦੀ ਬਲੀ ਦੇ ਕੇ ਪ੍ਰਸੰਨ ਕਰਨ ਅਤੇ ਬਕਰੇ ਨੂੰ ਝਟਕਾ ਕੇ ਉਸ ਦੇ ਲਹੂ ਨਾਲ ਸ਼ਸਤਰਾਂ ਨੂੰ ਟਿਕੇ ਲਾਉਣ ਦੀ ਮਨੌਤ ਆਦਿ।
2. ਦੂਜਾ ਉਹ ਹੈ, ਜੋ ਧਰਮ ਦਾ ਅੰਗ ਨਹੀਂ ਪਰ ਧਰਮ ਦਾ ਅੰਗ ਸਵੀਕਾਰ ਕਰ ਲਿਆ ਹੈ। ਜਿਵੇਂ ਕੁਦਰਤੀ ਸ਼ਕਤੀਆਂ ਦੀ ਪ੍ਰਸੰਨਤਾ ਹਾਸਲ ਕਰਨ ਜਾਂ ਇਹਨਾਂ ਦੀ ਕਰੋਪੀ ਤੋਂ ਬਚਣ ਲਈ ਇਹਨਾਂ ਦੀ ਪੂਜਾ ਦਾ ਸੰਕਲਪ ਆਦਿ।
3. ਤੀਜਾ, ਵਹਿਮ-ਭਰਮ ਅਤੇ ਸ਼ਗਨ ਅਪਸ਼ਗਨ ਦੀ ਧਾਰਨਾ। (ਨੋਟ:-ਕਿਸੇ ਵਿਸ਼ੇਸ਼ ਧਰਮ ਵਿੱਚ ਵਿਸ਼ਵਾਸ ਨਾ ਕਰਨ ਵਾਲੇ ਵੀ ਵਿੱਚ ਵਿਸ਼ਵਾਸ ਕਰਦੇ ਹਨ।)

ਧਰਮ ਦੇ ਨਾਂ `ਤੇ ਪ੍ਰਚਲਤ ਉਪਰੋਕਤ ਮਨੌਤਾਂ ਦਾ ਧਰਮ ਅਰਥਾਤ ਧਾਰਮਿਕ ਜੀਵਨ ਨਾਲ ਕੋਈ ਸੰਬੰਧ ਨਹੀਂ ਹੈ, ਪਰੰਤੂ ਇਹਨਾਂ ਨੂੰ ਧਰਮ ਦੇ ਅੰਗ ਵਜੋਂ ਸਵੀਕਾਰ ਕੀਤਾ ਹੋਇਆ ਹੈ। ਪਰ ਮਨੁੱਖਤਾ ਨੂੰ (ਸਹੀ) ਧਰਮ ਦ੍ਰਿੜ ਕਰਾਉਣ ਵਾਲਿਆਂ ਨੇ ਇਹ ਸਪਸ਼ਟ ਕੀਤਾ ਹੈ ਕਿ ਇਹਨਾਂ ਗੱਲਾਂ ਦਾ ਧਰਮ ਨਾਲ ਕੋਈ ਸਰੋਕਾਰ ਨਹੀਂ ਹੈ। (ਨੋਟ:- ਜੇਕਰ ਇਹਨਾਂ ਗੱਲਾਂ ਦਾ ਧਰਮ ਨਾਲ ਕੋਈ ਸਰੋਕਾਰ ਨਹੀਂ ਤਾਂ ਧਰਮ ਮੰਦਰਾਂ ਵਿੱਚ ਇਹਨਾਂ ਗੱਲਾਂ ਨੂੰ ਕਿਉਂ ਪਰਚਾਰਿਆ ਜਾ ਰਿਹਾ ਹੈ ਜਾਂ ਇਹ ਧਰਮ ਦਾ ਅੰਗ ਕਿਵੇਂ ਬਣ ਗਈਆਂ? ਇਸ ਦੀ ਚਰਚਾ ਅਸੀਂ ਅੱਗੇ ਜਾ ਕੇ ਕਰਾਂਗੇ।) ਗੁਰਬਾਣੀ ਦੇ ਨਿਮਨ ਲਿਖਤ ਫ਼ਰਮਾਨਾਂ ਵਿੱਚ ਇਸ ਭਾਵ ਨੂੰ (ਕ੍ਰਮ ਵਾਰ) ਸਪਸ਼ਟ ਰੂਪ ਵਿੱਚ ਦੇਖਿਆ ਜਾ ਸਕਦਾ ਹੈ:-
(ੳ) ਕਬੀਰ ਹਜ ਕਾਬੇ ਹਉ ਜਾਇ ਥਾ ਆਗੈ ਮਿਲਿਆ ਖੁਦਾਇ॥ ਸਾਂਈ ਮੁਝ ਸਿਉ ਲਰਿ ਪਰਿਆ ਤੁਝੈ ਕਿਨਿ ਫੁਰਮਾਈ ਗਾਇ॥ ਅਰਥ:-ਹੇ ਕਬੀਰ! ਮੈਂ ਕਾਬੇ ਦਾ ਹੱਜ ਕਰਨ ਜਾ ਰਿਹਾ ਸਾਂ, ਉਥੇ ਗਏ ਨੂੰ ਅੱਗੋਂ ਖ਼ੁਦਾ ਮਿਲ ਪਿਆ! ਉਹ ਮੇਰਾ ਸਾਈਂ (ਖ਼ੁਦਾ ਖ਼ੁਸ਼ ਹੋਣ ਦੇ ਥਾਂ ਕਿ ਮੈਂ ਉਸ ਦੇ ਘਰ ਦਾ ਦੀਦਾਰ ਕਰਨ ਆਇਆ ਹਾਂ, ਸਗੋਂ) ਮੇਰੇ ਉਤੇ ਗੁੱਸੇ ਹੋਇਆ (ਤੇ ਆਖਣ ਲੱਗਾ) ਕਿ ਮੈਂ ਤਾਂ ਇਹ ਹੁਕਮ ਨਹੀਂ ਦਿੱਤਾ ਜੁ ਮੇਰੇ ਨਾਮ ਤੇ ਤੂੰ ਗਾਂ (ਆਦਿਕ) ਦੀ ਕੁਰਬਾਨੀ ਦੇਵੇਂ (ਤੇ, ਮੈਂ ਤੇਰੇ ਗੁਨਾਹ ਬਖ਼ਸ਼ ਦਿਆਂਗਾ)।

(ਅ) ਕਬੀਰ ਹਜ ਕਾਬੈ ਹੋਇ ਹੋਇ ਗਇਆ ਕੇਤੀ ਬਾਰ ਕਬੀਰ॥ ਸਾਂਈ ਮੁਝ ਮਹਿ ਕਿਆ ਖਤਾ ਮੁਖਹੁ ਨ ਬੋਲੈ ਪੀਰ॥ (ਪੰਨਾ 1375) ਅਰਥ:-ਹੇ ਕਬੀਰ! (ਆਖ—) ਮੈਂ ਕਈ ਵਾਰੀ, ਹੇ ਸਾਈਂ! (ਤੇਰੇ ਘਰ-) ਕਾਬੇ ਦਾ ਦੀਦਾਰ ਕਰਨ ਲਈ ਗਿਆ ਹਾਂ। ਪਰ, ਹੇ ਖ਼ੁਦਾ! ਤੂੰ ਮੇਰੇ ਨਾਲ ਗੱਲ ਹੀ ਨਹੀਂ ਕਰਦਾ, ਮੇਰੇ ਵਿੱਚ ਤੂੰ ਕੀਹ ਕੀਹ ਖ਼ਤਾ ਵੇਖ ਰਿਹਾ ਹੈਂ? (ਜੋ ਹੱਜ ਅਤੇ ਕੁਰਬਾਨੀ ਨਾਲ ਭੀ ਬਖ਼ਸ਼ੇ ਨਹੀਂ ਗਏ)? (ਭਾਵ, ਹੱਜ ਅਤੇ ਕੁਰਬਾਨੀ ਨਾਲ ਖ਼ੁਦਾ ਖ਼ੁਸ਼ ਨਹੀਂ ਹੁੰਦਾ)।
(ੲ) ਸੂਖ ਸਹਜ ਆਨਦੁ ਘਣਾ ਹਰਿ ਕੀਰਤਨੁ ਗਾਉ॥ ਗਰਹ ਨਿਵਾਰੇ ਸਤਿਗੁਰੂ ਦੇ ਅਪਣਾ ਨਾਉ॥ (ਪੰਨਾ 400)
ਅਰਥ:- (ਹੇ ਭਾਈ!) ਗੁਰੂ ਨੇ ਮੈਨੂੰ ਉਹ ਹਰਿ-ਨਾਮ ਦੇ ਕੇ ਜੇਹੜਾ ਨਾਮ ਉਹ ਆਪ ਜਪਦਾ ਹੈ, ਮੇਰੇ ਉਤੋਂ (ਮਾਨੋ) ਨੌ ਹੀ ਗ੍ਰਹਿਆਂ ਦੀਆਂ ਮੁਸੀਬਤਾਂ ਦੂਰ ਕਰ ਦਿੱਤੀਆਂ ਹਨ। ਮੈਂ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦਾ ਗੀਤ ਗਾਂਦਾ ਰਹਿੰਦਾ ਹਾਂ ਤੇ (ਮੇਰੇ ਅੰਦਰ) ਆਤਮਕ ਅਡੋਲਤਾ ਦਾ ਵੱਡਾ ਸੁਖ-ਆਨੰਦ ਬਣਿਆ ਰਹਿੰਦਾ ਹੈ।
(ਸ) ਸਗੁਨ ਅਪਸਗੁਨ ਤਿਸ ਕਉ ਲਗਹਿ ਜਿਸੁ ਚੀਤਿ ਨ ਆਵੈ॥ (ਪੰਨਾ 401)
ਅਰਥ:-ਚੰਗੇ ਮੰਦੇ ਸਗਨਾਂ ਦੇ ਸਹਮ ਉਸ ਮਨੁੱਖ ਨੂੰ ਚੰਬੜਦੇ ਹਨ ਜਿਸ ਦੇ ਚਿੱਤ ਵਿੱਚ ਪਰਮਾਤਮਾ ਨਹੀਂ ਵੱਸਦਾ।
ਇਸ ਤੋਂ ਇਲਾਵਾ ਕੁੱਝ ਵਿਸ਼ੇਸ਼ ਕ੍ਰਿਆਵਾਂ ਨੂੰ ਵੀ ਧਰਮ ਸਮਝਿਆ ਜਾ ਰਿਹਾ ਹੈ। ਇਹਨਾਂ ਵਿਸ਼ੇਸ਼ ਕ੍ਰਿਆਵਾਂ ਦਾ ਰੂਪ ਅਤੇ ਇਹਨਾਂ ਦੀ ਨਿਰਾਰਥਕਤਾ ਉੱਤੇ ਗੁਰਬਾਣੀ ਦਾ ਇਹ ਫ਼ਰਮਾਨ ਭਲੀ ਪ੍ਰਕਾਰ ਰੋਸ਼ਨੀ ਪਾਉਂਦਾ ਹੈ:-
ਮਨ ਮਹਿ ਕ੍ਰੋਧੁ ਮਹਾ ਅਹੰਕਾਰਾ॥ ਪੂਜਾ ਕਰਹਿ ਬਹੁਤੁ ਬਿਸਥਾਰਾ॥ ਕਰਿ ਇਸਨਾਨੁ ਤਨਿ ਚਕ੍ਰ ਬਣਾਏ॥ ਅੰਤਰ ਕੀ ਮਲੁ ਕਬ ਹੀ ਨ ਜਾਏ॥ 1॥ ਇਤੁ ਸੰਜਮਿ ਪ੍ਰਭੁ ਕਿਨ ਹੀ ਨ ਪਾਇਆ॥ ਭਗਉਤੀ ਮੁਦ੍ਰਾ ਮਨੁ ਮੋਹਿਆ ਮਾਇਆ॥ 1॥ ਰਹਾਉ॥ ਪਾਪ ਕਰਹਿ ਪੰਚਾਂ ਕੇ ਬਸਿ ਰੇ॥ ਤੀਰਥਿ ਨਾਇ ਕਹਹਿ ਸਭਿ ਉਤਰੇ॥ ਬਹੁਰਿ ਕਮਾਵਹਿ ਹੋਇ ਨਿਸੰਕ॥ ਜਮ ਪੁਰਿ ਬਾਂਧਿ ਖਰੇ ਕਾਲੰਕ॥ 2॥ ਘੂਘਰ ਬਾਧਿ ਬਜਾਵਹਿ ਤਾਲਾ॥ ਅੰਤਰਿ ਕਪਟੁ ਫਿਰਹਿ ਬੇਤਾਲਾ॥ ਵਰਮੀ ਮਾਰੀ ਸਾਪੁ ਨ ਮੂਆ॥ ਪ੍ਰਭੁ ਸਭ ਕਿਛੁ ਜਾਨੈ ਜਿਨਿ ਤੂ ਕੀਆ॥ 3॥ ਪੂੰਅਰ ਤਾਪ ਗੇਰੀ ਕੇ ਬਸਤ੍ਰਾ॥ ਅਪਦਾ ਕਾ ਮਾਰਿਆ ਗ੍ਰਿਹ ਤੇ ਨਸਤਾ॥ ਦੇਸੁ ਛੋਡਿ ਪਰਦੇਸਹਿ ਧਾਇਆ॥ ਪੰਚ ਚੰਡਾਲ ਨਾਲੇ ਲੈ ਆਇਆ॥ 4॥ ਕਾਨ ਫਰਾਇ ਹਿਰਾਏ ਟੂਕਾ॥ ਘਰਿ ਘਰਿ ਮਾਂਗੈ ਤ੍ਰਿਪਤਾਵਨ ਤੇ ਚੂਕਾ॥ ਬਨਿਤਾ ਛੋਡਿ ਬਦ ਨਦਰਿ ਪਰ ਨਾਰੀ॥ ਵੇਸਿ ਨ ਪਾਈਐ ਮਹਾ ਦੁਖਿਆਰੀ॥ 5॥ ਬੋਲੈ ਨਾਹੀ ਹੋਇ ਬੈਠਾ ਮੋਨੀ॥ ਅੰਤਰਿ ਕਲਪ ਭਵਾਈਐ ਜੋਨੀ॥ ਅੰਨ ਤੇ ਰਹਤਾ ਦੁਖੁ ਦੇਹੀ ਸਹਤਾ॥ ਹੁਕਮੁ ਨ ਬੂਝੈ ਵਿਆਪਿਆ ਮਮਤਾ॥ 6॥ (ਪੰਨਾ 1348)
ਅਰਥ:-ਹੇ ਭਾਈ! (ਜੇ) ਮਨ ਮਾਇਆ ਦੇ ਮੋਹ ਵਿੱਚ ਫਸਿਆ ਰਹੇ, (ਪਰ ਮਨੁੱਖ) ਵਿਸ਼ਨੂ-ਭਗਤੀ ਦੇ ਬਾਹਰਲੇ ਚਿਹਨ (ਆਪਣੇ ਸਰੀਰ ਉੱਤੇ ਬਣਾਂਦਾ ਰਹੇ, ਤਾਂ) ਇਸ ਤਰੀਕੇ ਨਾਲ ਕਿਸੇ ਨੇ ਭੀ ਪ੍ਰਭੂ-ਮਿਲਾਪ ਹਾਸਲ ਨਹੀਂ ਕੀਤਾ। 1. ਰਹਾਉ।
ਹੇ ਭਾਈ! ਜੇ ਮਨ ਵਿੱਚ ਕ੍ਰੋਧ ਟਿਕਿਆ ਰਹੇ, ਬਲੀ ਅਹੰਕਾਰ ਵੱਸਿਆ ਰਹੇ, ਪਰ ਕਈ ਧਾਰਮਿਕ ਰਸਮਾਂ ਦੇ ਖਿਲਾਰੇ ਖਿਲਾਰ ਕੇ (ਮਨੁੱਖ ਦੇਵ) ਪੂਜਾ ਕਰਦੇ ਰਹਿਣ, ਜੇ (ਤੀਰਥ-ਆਦਿ ਉਤੇ) ਇਸ਼ਨਾਨ ਕਰ ਕੇ ਸਰੀਰ ਉੱਤੇ (ਧਾਰਮਿਕ ਚਿਹਨਾਂ ਦੇ) ਨਿਸ਼ਾਨ ਲਾਏ ਜਾਣ, (ਇਸ ਤਰ੍ਹਾਂ) ਮਨ ਦੀ (ਵਿਕਾਰਾਂ ਦੀ) ਮੈਲ ਕਦੇ ਦੂਰ ਨਹੀਂ ਹੁੰਦੀ। 1.
ਹੇ ਭਾਈ! (ਜਿਹੜੇ ਮਨੁੱਖ ਕਾਮਾਦਿਕ) ਪੰਜਾਂ ਦੇ ਵੱਸ ਵਿੱਚ (ਰਹਿ ਕੇ) ਪਾਪ ਕਰਦੇ ਰਹਿੰਦੇ ਹਨ, (ਫਿਰ ਕਿਸੇ) ਤੀਰਥ ਉੱਤੇ ਇਸ਼ਨਾਨ ਕਰ ਕੇ ਆਖਦੇ ਹਨ (ਕਿ ਸਾਡੇ) ਸਾਰੇ (ਪਾਪ) ਲਹਿ ਗਏ ਹਨ, (ਤੇ) ਝਾਕਾ ਲਾਹ ਕੇ ਮੁੜ ਮੁੜ (ਉਹੀ ਪਾਪ) ਕਰੀ ਜਾਂਦੇ ਹਨ (ਤੀਰਥ-ਇਸ਼ਨਾਨ ਉਹਨਾਂ ਨੂੰ ਜਮਰਾਜ ਤੋਂ ਬਚਾ ਨਹੀਂ ਸਕਦਾ, ਉਹ ਤਾਂ ਕੀਤੇ) ਪਾਪਾਂ ਦੇ ਕਾਰਨ ਬੰਨ੍ਹ ਕੇ ਜਮਰਾਜ ਦੇ ਦੇਸ ਵਿੱਚ ਅਪੜਾਏ ਜਾਂਦੇ ਹਨ। 2.
ਹੇ ਭਾਈ! (ਜਿਹੜੇ ਮਨੁੱਖ) ਘੁੰਘਰੂ ਬੰਨ੍ਹ ਕੇ (ਕਿਸੇ ਮੂਰਤੀ ਅੱਗੇ ਜਾਂ ਰਾਸਿ ਆਦਿਕ ਵਿਚ) ਤਾਲ ਵਜਾਂਦੇ ਹਨ (ਤਾਲ-ਸਿਰ ਨੱਚਦੇ ਹਨ), ਪਰ ਉਹਨਾਂ ਦੇ ਮਨ ਵਿੱਚ ਠੱਗੀ-ਫ਼ਰੇਬ ਹੈ, (ਉਹ ਮਨੁੱਖ ਅਸਲ ਵਿੱਚ ਸਹੀ ਜੀਵਨ-) ਤਾਲ ਤੋਂ ਖੁੰਝੇ ਫਿਰਦੇ ਹਨ। ਜੇ ਸੱਪ ਦੀ ਖੁੱਡ ਬੰਦ ਕਰ ਦਿੱਤੀ ਜਾਏ, (ਤਾਂ ਇਸ ਤਰ੍ਹਾਂ ਉਸ ਖੁੱਡ ਵਿੱਚ ਰਹਿਣ ਵਾਲਾ) ਸੱਪ ਨਹੀਂ ਮਰਦਾ। ਹੇ ਭਾਈ! ਜਿਸ ਪਰਮਾਤਮਾ ਨੇ ਪੈਦਾ ਕੀਤਾ ਹੈ ਉਹ (ਤੇਰੇ ਦਿਲ ਦੀ) ਹਰੇਕ ਗੱਲ ਜਾਣਦਾ ਹੈ। 3.
ਹੇ ਭਾਈ! ਜਿਹੜਾ ਮਨੁੱਖ ਧੂਣੀਆਂ ਤਪਾਂਦਾ ਰਹਿੰਦਾ ਹੈ, ਗੇਰੀ-ਰੰਗੇ ਕੱਪੜੇ ਪਾਈ ਫਿਰਦਾ ਹੈ (ਉਂਝ ਕਿਸੇ) ਬਿਪਤਾ ਦਾ ਮਾਰਿਆ (ਆਪਣੇ) ਘਰੋਂ ਭੱਜਾ ਫਿਰਦਾ ਹੈ। ਆਪਣਾ ਵਤਨ ਛੱਡ ਕੇ ਹੋਰ ਹੋਰ ਦੇਸਾਂ ਵਿੱਚ ਭਟਕਦਾ ਫਿਰਦਾ ਹੈ, (ਅਜਿਹਾ ਮਨੁੱਖ ਕਾਮਾਦਿਕ) ਪੰਜ ਚੰਡਾਲਾਂ ਨੂੰ ਤਾਂ (ਆਪਣੇ ਅੰਦਰ) ਨਾਲ ਹੀ ਲਈ ਫਿਰਦਾ ਹੈ। 4.
ਹੇ ਭਾਈ! (ਜਿਹੜਾ ਮਨੁੱਖ ਆਪਣੇ ਵਲੋਂ ਸ਼ਾਂਤੀ ਦੀ ਖ਼ਾਤਰ) ਕੰਨ ਪੜਵਾ ਕੇ (ਜੋਗੀ ਬਣ ਜਾਂਦਾ ਹੈ, ਪਰ ਪੇਟ ਦੀ ਭੁੱਖ ਮਿਟਾਣ ਲਈ ਹੋਰਨਾਂ ਦੇ) ਟੁੱਕਰ ਤੱਕਦਾ ਫਿਰਦਾ ਹੈ, ਹਰੇਕ ਘਰ (ਦੇ ਬੂਹੇ) ਤੇ (ਰੋਟੀ) ਮੰਗਦਾ ਫਿਰਦਾ ਹੈ, ਉਹ (ਸਗੋਂ) ਤ੍ਰਿਪਤੀ ਤੋਂ ਵਾਂਜਿਆ ਰਹਿੰਦਾ ਹੈ। (ਉਹ ਮਨੁੱਖ ਆਪਣੀ) ਇਸਤ੍ਰੀ ਛੱਡ ਕੇ ਪਰਾਈ ਇਸਤ੍ਰੀ ਵੱਲ ਭੈੜੀ ਨਿਗਾਹ ਰੱਖਦਾ ਹੈ। ਹੇ ਭਾਈ! (ਨਿਰੇ) ਧਾਰਮਿਕ ਪਹਿਰਾਵੇ ਨਾਲ (ਪਰਮਾਤਮਾ) ਨਹੀਂ ਮਿਲਦਾ। (ਇਸ ਤਰ੍ਹਾਂ ਸਗੋਂ ਜਿੰਦ) ਬਹੁਤ ਦੁਖੀ ਹੁੰਦੀ ਹੈ। 5.
ਹੇ ਭਾਈ! (ਜਿਹੜਾ ਮਨੁੱਖ ਆਤਮਕ ਸ਼ਾਂਤੀ ਵਾਸਤੇ ਜੀਭ ਨਾਲ) ਨਹੀਂ ਬੋਲਦਾ, ਮੋਨਧਾਰੀ ਬਣ ਕੇ ਬੈਠ ਜਾਂਦਾ ਹੈ (ਉਸਦੇ) ਅੰਦਰ (ਤਾਂ) ਕਾਮਨਾ ਟਿਕੀ ਰਹਿੰਦੀ ਹੈ (ਜਿਸ ਦੇ ਕਾਰਨ) ਕਈ ਜੂਨਾਂ ਵਿੱਚ ਉਹ ਭਟਕਾਇਆ ਜਾਂਦਾ ਹੈ। (ਉਹ) ਅੰਨ (ਖਾਣ) ਤੋਂ ਪਰਹੇਜ਼ ਕਰਦਾ ਹੈ, (ਇਸ ਤਰ੍ਹਾਂ) ਸਰੀਰ ਉੱਤੇ ਦੁੱਖ (ਹੀ) ਸਹਾਰਦਾ ਹੈ। (ਜਦ ਤਕ ਮਨੁੱਖ ਪਰਮਾਤਮਾ ਦੀ) ਰਜ਼ਾ ਨੂੰ ਨਹੀਂ ਸਮਝਦਾ, (ਮਾਇਆ ਦੀ) ਮਮਤਾ ਵਿੱਚ ਫਸਿਆ (ਹੀ) ਰਹਿੰਦਾ ਹੈ। 6.
ਇਸ ਪ੍ਰਕਰਣ ਵਿੱਚ ਇਸ ਗੱਲ ਦਾ ਵਰਣਨ ਕਰਨਾ ਵੀ ਜ਼ਰੂਰੀ ਹੈ ਕਿ ਆਮ ਤੌਰ `ਤੇ ਮਨੁੱਖ ਨੇ ਉਹਨਾਂ ਕਰਮਾਂ ਨੂੰ ਹੀ ਧਰਮ ਸਮਝ ਲਿਆ ਹੈ ਜੋ ਧਰਮ ਦੀ ਦੁਨੀਆਂ ਵਿੱਚ ਪ੍ਰਵੇਸ਼ ਕਰਨ ਲਈ ਕੇਵਲ ਮੁਢਲੀ ਤਿਆਰੀ ਦੀਆਂ ਹੀ ਲਖਾਇਕ ਹਨ। ਜਿਵੇਂ:-ਧਾਰਮਿਕ ਗ੍ਰੰਥਾਂ ਦਾ ਪਠਨ-ਪਾਠ, ਧਾਰਮਕ ਚਿੰਨ੍ਹਾਂ ਨੂੰ ਧਾਰਨ ਕਰਨ ਅਤੇ ਧਰਮ ਦੀ ਸ਼ਰਾ ਦੀ ਪਾਲਣਾ ਕਰਨਾ, ਆਦਿ। ਪਰ ਕੇਵਲ ਸ਼ਰਾ-ਸਰੀਅਤ ਦੀ ਪਾਲਣਾ ਹੀ ਧਰਮੀ ਬਣਨ ਲਈ ਕਾਫ਼ੀ ਨਹੀਂ ਹੈ। ਜੇਕਰ ਮਨੁੱਖ ਧਰਮ ਦੀਆਂ ਬੁਿਨਆਦੀ ਸ਼ਰਤਾਂ (ਸੱਚਾ-ਸੁੱਚਾ ਆਚਾਰ ਆਦਿ) ਨੂੰ ਪੂਰਿਆਂ ਨਹੀਂ ਕਰ ਰਿਹਾ ਤਾਂ ਬਾਹਰਲੀ ਰਹਿਤ-ਬਹਿਤ ਰਖਿਆਂ ਸਹੀ ਜੀਵਨ-ਜੁਗਤ ਦੇ ਧਾਰਨੀ ਨਹੀਂ ਬਣ ਸਕੀਦਾ। ਇਸ ਬਾਰੇ ਗੁਰਬਾਣੀ ਦਾ ਫ਼ਰਮਾਨ ਹੈ:-
(1) ਸਰੈ ਸਰੀਅਤਿ ਕਰਹਿ ਬੀਚਾਰੁ॥ ਬਿਨੁ ਬੂਝੇ ਕੈਸੇ ਪਾਵਹਿ ਪਾਰੁ॥ (ਪੰਨਾ 84) ਅਰਥ:-ਜੋ ਮਨੁੱਖ ਨਿਰੀ ਸ਼ਰਾ ਆਦਿ (ਭਾਵ, ਬਾਹਰਲੀਆਂ ਧਾਰਮਿਕ ਰਸਮਾਂ) ਦੀ ਹੀ ਵਿਚਾਰ ਕਰਦੇ ਹਨ, ਉਹ (ਜੀਵਨ ਦੇ ਸਹੀ ਮਨੋਰਥ ਨੂੰ) ਸਮਝਣ ਤੋਂ ਬਿਨਾ (ਜੀਵਨ ਦਾ) ਪਾਰਲਾ ਕੰਢਾ ਕਿਵੇਂ ਲੱਭ ਸਕਦੇ ਹਨ?
(2) ਹਿੰਦੂ ਕੈ ਘਰਿ ਹਿੰਦੂ ਆਵੈ॥ ਸੂਤੁ ਜਨੇਊ ਪੜਿ ਗਲਿ ਪਾਵੈ॥ ਸੂਤੁ ਪਾਇ ਕਰੇ ਬੁਰਿਆਈ॥ ਨਾਤਾ ਧੋਤਾ ਥਾਇ ਨ ਪਾਈ॥ ਮੁਸਲਮਾਨੁ ਕਰੇ ਵਡਿਆਈ॥ ਵਿਣੁ ਗੁਰ ਪੀਰੈ ਕੋ ਥਾਇ ਨ ਪਾਈ॥ ਰਾਹੁ ਦਸਾਇ ਓਥੈ ਕੋ ਜਾਇ॥ ਕਰਣੀ ਬਾਝਹੁ ਭਿਸਤਿ ਨ ਪਾਇ॥ ਜੋਗੀ ਕੈ ਘਰਿ ਜੁਗਤਿ ਦਸਾਈ॥ ਤਿਤੁ ਕਾਰਣਿ ਕਨਿ ਮੁੰਦ੍ਰਾ ਪਾਈ॥ ਮੁੰਦ੍ਰਾ ਪਾਇ ਫਿਰੈ ਸੰਸਾਰਿ॥ ਜਿਥੈ ਕਿਥੈ ਸਿਰਜਣਹਾਰੁ॥ (ਪੰਨਾ 951)
ਅਰਥ:- (ਕਿਸੇ ਖਤ੍ਰੀ ਆਦਿਕ) ਹਿੰਦੂ ਦੇ ਘਰ ਵਿੱਚ ਬ੍ਰਾਹਮਣ ਆਉਂਦਾ ਹੈ ਤੇ (ਮੰਤ੍ਰ ਆਦਿਕ) ਪੜ੍ਹ ਕੇ (ਉਸ ਖੱਤ੍ਰੀ ਦੇ) ਗਲ ਵਿੱਚ ਧਾਗਾ ਜਨੇਊ ਪਾ ਦੇਂਦਾ ਹੈ; (ਇਹ ਮਨੁੱਖ ਜਨੇਊ ਤਾਂ ਪਾ ਲੈਂਦਾ ਹੈ, ਪਰ) ਜਨੇਊ ਪਾ ਕੇ ਭੀ ਮੰਦ-ਕਰਮ ਕਰੀ ਜਾਂਦਾ ਹੈ (ਇਸ ਤਰ੍ਹਾਂ ਨਿੱਤ) ਨ੍ਹਾਉਣ ਧੋਣ ਨਾਲ ਉਹ (ਪ੍ਰਭੂ ਦੇ ਦਰ ਤੇ) ਕਬੂਲ ਨਹੀਂ ਹੋ ਜਾਂਦਾ।
ਮੁਸਲਮਾਨ ਮਨੁੱਖ (ਦੀਨ ਦੀ) ਵਡਿਆਈ ਕਰਦਾ ਹੈ ਪਰ ਜੇ ਗੁਰੂ ਪੀਰ ਦੇ ਹੁਕਮ ਵਿੱਚ ਨਹੀਂ ਤੁਰਦਾ ਤਾਂ (ਦਰਗਾਹ ਵਿਚ) ਕਬੂਲ ਨਹੀਂ ਹੋ ਸਕਦਾ; (ਬਹਿਸ਼ਤ ਦਾ) ਰਸਤਾ ਤਾਂ ਹਰ ਕੋਈ ਪੁੱਛਦਾ ਹੈ ਪਰ ਉਸ ਰਸਤੇ ਉਤੇ ਤੁਰਦਾ ਕੋਈ ਵਿਰਲਾ ਹੈ ਤੇ ਨੇਕ ਅਮਲਾਂ ਤੋਂ ਬਿਨਾ ਬਹਿਸ਼ਤ ਮਿਲਦਾ ਨਹੀਂ ਹੈ।
ਜੋਗੀ ਦੇ ਡੇਰੇ ਤੇ (ਮਨੁੱਖ ਜੋਗ ਦੀ) ਜੁਗਤਿ ਪੁੱਛਣ ਜਾਂਦਾ ਹੈ ਉਸ ( ‘ਜੁਗਤਿ’ ) ਦੀ ਖ਼ਾਤਰ ਕੰਨ ਵਿੱਚ ਮੁੰਦ੍ਰਾਂ ਪਾ ਲੈਂਦਾ ਹੈ; ਮੁੰਦ੍ਰਾਂ ਪਾ ਕੇ ਸੰਸਾਰ ਵਿੱਚ ਚੱਕਰ ਲਾਂਦਾ ਹੈ (ਭਾਵ, ਗ੍ਰਿਹਸਤ ਛੱਡ ਕੇ ਬਾਹਰ ਜਗਤ ਵਿੱਚ ਭਉਂਦਾ ਹੈ), ਪਰ ਸਿਰਜਣਹਾਰ ਤਾਂ ਹਰ ਥਾਂ ਮੌਜੂਦ ਹੈ (ਬਾਹਰ ਜੰਗਲਾਂ ਵਿੱਚ ਭਾਲਣਾ ਵਿਅਰਥ ਹੈ)।
ਇਸ ਗੱਲ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਧਰਮ ਮੰਦਰਾਂ ਵਿੱਚ ਮੁੱਖ ਰੂਪ ਵਿੱਚ ਇਹ ਕੁੱਝ ਹੀ ਦ੍ਰਿੜ ਕਰਵਾਇਆ ਜਾ ਰਿਹਾ ਹੈ। ਜਨ-ਸਾਧਾਰਨ ਕਥਿਤ ਧਾਰਮਿਕ ਆਗੂਆਂ ਵਲੋਂ ਧਰਮ ਮੰਦਰਾਂ ਵਿੱਚ ਜੋ ਕੁੱਝ ਦ੍ਰਿੜ ਕਰਵਾਇਆ ਜਾ ਰਿਹਾ ਹੈ, ਇਸ ਨੂੰ ਹੀ ਧਰਮ ਸਮਝ ਰਿਹਾ ਹੈ। ਇਸ ਲਈ ਆਮ ਮਨੁੱਖ, ਇਸ ਸ਼ਰੇਣੀ ਵਲੋਂ ਪਰੋਸੇ ਜਾ ਰਹੇ ਭੋਜਨ ਨੂੰ ਬੜੇ ਆਰਾਮ ਨਾਲ ਛੱਕ ਰਿਹਾ ਹੈ। ਸਿੱਟੇ ਵਜੋਂ ਮਨੁੱਖੀ ਮਨ (ਜ਼ਿਆਦਾਤਰ) ਰਿਸ਼ਟ-ਪੁਸ਼ਟ ਹੋਣ ਦੀ ਥਾਂ ਭ੍ਰਿਸ਼ਟ ਹੋ ਰਿਹਾ ਹੈ। ਭਾਵੇਂ ਸੱਚ ਦੇ ਪੂਰਨੇ ਪਾ ਕੇ ਮਨੁੱਖ ਨੂੰ ਸੱਚੀ-ਸੁੱਚੀ ਜ਼ਿੰਦਗੀ ਦ੍ਰਿੜ ਕਰਾਉਣ ਵਾਲਿਆਂ ਨੇ, ਸਮੇਂ ਸਮੇਂ ਇਹ ਗੱਲ ਸਮਝਾਈ ਹੈ ਕਿ ਇਹ ਰਸਤਾ, ਧਰਮ ਦਾ ਰਸਤਾ ਨਹੀਂ ਹੈ ਪਰ ਫਿਰ ਵੀ ਜਨ-ਸਾਧਾਰਨ ਇਸ ਨੂੰ ਧਰਮ ਸਮਝ ਕੇ, ਇਸ ਨੂੰ ਨਿਭਾਉਣ ਵਿੱਚ ਹੀ ਵਿਸ਼ਵਾਸ ਕਰ ਰਿਹਾ ਹੈ। ਗੁਰਬਾਣੀ ਦੇ ਨਿਮਨ ਲਿਖਤ ਫ਼ਰਮਾਨਾਂ ਵਿੱਚ ਇਸ ਸੱਚ ਵਲ ਹੀ ਇਸ਼ਾਰਾ ਕੀਤਾ ਹੋਇਆ ਹੈ:-
(ੳ) ਮਾਂਦਲੁ ਬੇਦਿ ਸਿ ਬਾਜਣੋ ਘਣੋ ਧੜੀਐ ਜੋਇ॥ ਨਾਨਕ ਨਾਮੁ ਸਮਾਲਿ ਤੂ ਬੀਜਉ ਅਵਰੁ ਨ ਕੋਇ॥ (ਪੰਨਾ 1091) ਅਰਥ:-ਘਣਾ ਧੜਾ (ਭਾਵ, ਬਹੁਤੀ ਲੁਕਾਈ) ਤੱਕਦਾ ਹੈ ਉਸ ਢੋਲ ਨੂੰ (ਜੋ ਢੋਲ) ਵੇਦ ਨੇ ਵਜਾਇਆ {ਭਾਵ, ਕਰਮ ਕਾਂਡ ਦਾ ਰਸਤਾ}। ਹੇ ਨਾਨਕ! ਤੂੰ ‘ਨਾਮ’ ਸਿਮਰ, (ਇਸ ਤੋਂ ਛੁਟ) ਹੋਰ ਦੂਜਾ ਕੋਈ (ਸਹੀ ਰਸਤਾ) ਨਹੀਂ ਹੈ।
(ਅ) ਕਬੀਰ ਜਿਹ ਮਾਰਗਿ ਪੰਡਿਤ ਗਏ ਪਾਛੈ ਪਰੀ ਬਹੀਰ॥ ਇੱਕ ਅਵਘਟ ਘਾਟੀ ਰਾਮ ਕੀ ਤਿਹ ਚੜਿ ਰਹਿਓ ਕਬੀਰ॥ (ਪੰਨਾ 1373)
ਅਰਥ:-ਹੇ ਕਬੀਰ! (ਤੀਰਥ ਵਰਤ ਆਦਿਕ ਦੇ) ਜਿਸ ਰਸਤੇ ਉੱਤੇ ਪੰਡਿਤ ਲੋਕ ਤੁਰ ਰਹੇ ਹਨ (ਇਹ ਰਾਹ ਚੂੰਕਿ ਸੌਖਾ ਹੈ) ਬੜੇ ਲੋਕ ਉਹਨਾਂ ਦੇ ਪਿਛੇ ਪਿਛੇ ਲੱਗੇ ਹੋਏ ਹਨ; ਪਰ ਪਰਮਾਤਮਾ ਦੇ ਸਿਮਰਨ ਦਾ ਰਸਤਾ, ਮਾਨੋ, ਇੱਕ ਔਖਾ ਪਹਾੜੀ ਰਸਤਾ ਹੈ, ਕਬੀਰ (ਇਹਨਾਂ ਪੰਡਿਤਾਂ ਲੋਕਾਂ ਨੂੰ ਛੱਡ ਕੇ) ਚੜ੍ਹਾਈ ਵਾਲਾ ਪੈਂਡਾ ਕਰ ਰਿਹਾ ਹੈ।
ਇਸ ਲਈ ਇਹ ਸਮਝ ਲੈਣਾ ਜ਼ਰੂਰੀ ਹੈ ਕਿ ਮਨੁੱਖਤਾ ਨੂੰ ਧਰਮ ਦੀ ਅਹਿਮੀਅਤ ਦ੍ਰਿੜ ਕਰਵਾ ਕੇ, ਇਸ ਦਾ ਪਾਠ ਪੜ੍ਹਾਉਣ ਵਾਲਿਆਂ ਨੇ ਤਾਂ ਇਸ ਨੂੰ ਧਰਮ ਮੰਨਿਆ ਹੀ ਨਹੀਂ ਹੈ। ਸੱਚ ਦਾ ਹੋਕਾ ਦੇ ਕੇ ਮਨੁੱਖ ਨੂੰ ਭਰਾਤ੍ਰੀਭਾਵ ਦ੍ਰਿੜ ਕਰਾਉਣ ਵਾਲੇ ਹਰੇਕ ਸਤਪੁਰਸ਼ ਦੀਆਂ ਸਿਖਿਆਵਾਂ ਵਿੱਚੋਂ ਇਹ ਸਪਸ਼ਟ ਰੂਪ ਵਿੱਚ ਦੇਖਿਆ ਜਾ ਸਕਦਾ ਹੈ। ਗੁਰਬਾਣੀ ਦਾ ਇਹ ਫ਼ਰਮਾਨ ਕਿਸੇ ਤਰ੍ਹਾਂ ਕੋਈ ਭਰਮ ਭੁਲੇਖਾ ਨਹੀਂ ਰਹਿਣ ਦਿੰਦਾ:-
(ੳ) ਹਰਿ ਬਿਨੁ ਅਵਰ ਕ੍ਰਿਆ ਬਿਰਥੇ॥ ਜਪ ਤਪ ਸੰਜਮ ਕਰਮ ਕਮਾਣੇ ਇਹਿ ਓਰੈ ਮੂਸੇ॥ 1॥ ਰਹਾਉ॥ ਬਰਤ ਨੇਮ ਸੰਜਮ ਮਹਿ ਰਹਤਾ ਤਿਨ ਕਾ ਆਢੁ ਨ ਪਾਇਆ॥ ਆਗੈ ਚਲਣੁ ਅਉਰੁ ਹੈ ਭਾਈ ਊਂਹਾ ਕਾਮਿ ਨ ਆਇਆ॥ 1॥ ਤੀਰਥਿ ਨਾਇ ਅਰੁ ਧਰਨੀ ਭ੍ਰਮਤਾ ਆਗੈ ਠਉਰ ਨ ਪਾਵੈ॥ ਊਹਾ ਕਾਮਿ ਨ ਆਵੈ ਇਹ ਬਿਧਿ ਓਹੁ ਲੋਗਨ ਹੀ ਪਤੀਆਵੈ॥ 2॥ ਚਤੁਰ ਬੇਦ ਮੁਖ ਬਚਨੀ ਉਚਰੈ ਆਗੈ ਮਹਲੁ ਨ ਪਾਈਐ॥ ਬੂਝੈ ਨਾਹੀ ਏਕੁ ਸੁਧਾਖਰੁ ਓਹੁ ਸਗਲੀ ਝਾਖ ਝਖਾਈਐ॥ 3॥ (ਪੰਨਾ 216) ਅਰਥ:- (ਹੇ ਭਾਈ!) ਪਰਮਾਤਮਾ ਦੇ ਸਿਮਰਨ ਤੋਂ ਬਿਨਾ ਹੋਰ ਸਾਰੇ (ਮਿਥੇ ਹੋਏ ਧਾਰਮਿਕ) ਕੰਮ ਵਿਅਰਥ ਹਨ। (ਦੇਵਤਿਆਂ ਨੂੰ ਪ੍ਰਸੰਨ ਕਰਨ ਵਾਲੇ) ਜਪ ਕਰਨੇ, ਤਪ ਸਾਧਣੇ, ਇੰਦ੍ਰੀਆਂ ਨੂੰ ਵਿਕਾਰਾਂ ਵਲੋਂ ਰੋਕਣ ਲਈ ਹਠ-ਜੋਗ ਦੇ ਸਾਧਨ ਕਰਨੇ—ਇਹ ਸਾਰੇ (ਪ੍ਰਭੂ ਦੀ ਦਰਗਾਹ ਤੋਂ) ਉਰੇ ਉਰੇ ਹੀ ਖੋਹ ਲਏ ਜਾਂਦੇ ਹਨ। 1.
ਮਨੁੱਖ ਵਰਤਾਂ ਸੰਜਮਾਂ ਦੇ ਨੇਮ ਵਿੱਚ ਰੁੱਝਾ ਰਹਿੰਦਾ ਹੈ, ਪਰ ਉਹਨਾਂ ਉੱਦਮਾਂ ਦਾ ਮੁੱਲ ਉਸ ਨੂੰ ਇੱਕ ਕੌਡੀ ਭੀ ਨਹੀਂ ਮਿਲਦਾ। ਹੇ ਭਾਈ! ਜੀਵ ਦੇ ਨਾਲ ਪਰਲੋਕ ਵਿੱਚ ਸਾਥ ਨਿਬਾਹੁਣ ਵਾਲਾ ਪਦਾਰਥ ਹੋਰ ਹੈ (ਬਰਤ ਨੇਮ ਸੰਜਮ ਆਦਿਕ ਵਿਚੋਂ ਕੋਈ ਭੀ) ਪਰਲੋਕ ਵਿੱਚ ਕੰਮ ਨਹੀਂ ਆਉਂਦਾ। 1.
ਜੇਹੜਾ ਮਨੁੱਖ ਤੀਰਥ ਉਤੇ ਇਸ਼ਨਾਨ ਕਰਦਾ ਹੈ ਤੇ (ਤਿਆਗੀ ਬਣ ਕੇ) ਧਰਤੀ ਉਤੇ ਰਟਨ ਕਰਦਾ ਫਿਰਦਾ ਹੈ (ਉਹ ਭੀ) ਪ੍ਰਭੂ ਦੀ ਦਰਗਾਹ ਵਿੱਚ ਥਾਂ ਨਹੀਂ ਲੱਭ ਸਕਦਾ। ਅਜੇਹਾ ਕੋਈ ਤਰੀਕਾ ਪ੍ਰਭੂ ਦੀ ਹਜ਼ੂਰੀ ਵਿੱਚ ਕੰਮ ਨਹੀਂ ਆਉਂਦਾ, ਉਹ (ਤਿਆਗੀ ਇਹਨਾਂ ਤਰੀਕਿਆਂ ਨਾਲ) ਸਿਰਫ਼ ਲੋਕਾਂ ਨੂੰ ਹੀ (ਆਪਣੇ ਧਰਮੀ ਹੋਣ ਦਾ) ਨਿਸ਼ਚਾ ਦਿਵਾਂਦਾ ਹੈ। 2.
(ਹੇ ਭਾਈ! ਜੇ ਪੰਡਿਤ) ਚਾਰੇ ਵੇਦ ਜ਼ਬਾਨੀ ਉਚਾਰ ਸਕਦਾ ਹੈ (ਤਾਂ ਇਸ ਤਰ੍ਹਾਂ ਭੀ) ਪ੍ਰਭੂ ਦੀ ਹਜ਼ੂਰੀ ਵਿੱਚ ਟਿਕਾਣਾ ਨਹੀਂ ਮਿਲਦਾ। ਜੇਹੜਾ ਮਨੁੱਖ ਪਰਮਾਤਮਾ ਦਾ ਪਵਿਤ੍ਰ ਨਾਮ (ਸਿਮਰਨਾ) ਨਹੀਂ ਸਮਝਦਾ ਉਹ (ਹੋਰ ਹੋਰ ਉੱਦਮਾਂ ਨਾਲ) ਨਿਰੀ ਖ਼ੁਆਰੀ ਹੀ ਖ਼ੁਆਰੀ ਸਹੇੜਦਾ ਹੈ। 3.
(ਅ) ਕਿਰਿਆਚਾਰ ਕਰਹਿ ਖਟੁ ਕਰਮਾ ਇਤੁ ਰਾਤੇ ਸੰਸਾਰੀ॥ ਅੰਤਰਿ ਮੈਲੁ ਨ ਉਤਰੈ ਹਉਮੈ ਬਿਨੁ ਗੁਰ ਬਾਜੀ ਹਾਰੀ॥ 1॥ ਮੇਰੇ ਠਾਕੁਰ ਰਖਿ ਲੇਵਹੁ ਕਿਰਪਾ ਧਾਰੀ॥ ਕੋਟਿ ਮਧੇ ਕੋ ਵਿਰਲਾ ਸੇਵਕੁ ਹੋਰਿ ਸਗਲੇ ਬਿਉਹਾਰੀ॥ 1॥ ਰਹਾਉ॥ ਸਾਸਤ ਬੇਦ ਸਿਮ੍ਰਿਤਿ ਸਭਿ ਸੋਧੇ ਸਭ ਏਕਾ ਬਾਤ ਪੁਕਾਰੀ॥ ਬਿਨੁ ਗੁਰ ਮੁਕਤਿ ਨ ਕੋਊ ਪਾਵੈ ਮਨਿ ਵੇਖਹੁ ਕਰਿ ਬੀਚਾਰੀ॥ 2॥ ਅਠਸਠਿ ਮਜਨੁ ਕਰਿ ਇਸਨਾਨਾ ਭ੍ਰਮਿ ਆਏ ਧਰ ਸਾਰੀ॥ ਅਨਿਕ ਸੋਚ ਕਰਹਿ ਦਿਨ ਰਾਤੀ ਬਿਨੁ ਸਤਿਗੁਰ ਅੰਧਿਆਰੀ॥ 3॥ (ਪੰਨਾ 495)
ਅਰਥ:-ਹੇ ਭਾਈ! ਦੁਨੀਆਦਾਰ ਮਨੁੱਖ ਕਰਮ-ਕਾਂਡ ਕਰਦੇ ਹਨ, (ਇਸ਼ਨਾਨ, ਸੰਧਿਆ ਆਦਿਕ) ਛੇ (ਪ੍ਰਸਿੱਧ ਮਿਥੇ ਹੋਏ ਧਾਰਮਿਕ) ਕਰਮ ਕਮਾਂਦੇ ਹਨ, ਇਹਨਾਂ ਕੰਮਾਂ ਵਿੱਚ ਹੀ ਇਹ ਲੋਕ ਪਰਚੇ ਰਹਿੰਦੇ ਹਨ। ਪਰ ਇਹਨਾਂ ਦੇ ਮਨ ਵਿੱਚ ਟਿਕੀ ਹੋਈ ਹਉਮੈ ਦੀ ਮੈਲ (ਇਹਨਾਂ ਕੰਮਾਂ ਨਾਲ) ਨਹੀਂ ਉਤਰਦੀ। ਗੁਰੂ ਦੀ ਸਰਨ ਪੈਣ ਤੋਂ ਬਿਨਾ ਉਹ ਮਨੁੱਖਾ ਜਨਮ ਦੀ ਬਾਜ਼ੀ ਹਾਰ ਜਾਂਦੇ ਹਨ। 1.
ਹੇ ਭਾਈ! ਸਾਰੇ ਸ਼ਾਸਤ੍ਰ, ਸਾਰੇ ਵੇਦ, ਸਾਰੀਆਂ ਸਿਮ੍ਰਿਤੀਆਂ ਇਹ ਸਾਰੇ ਅਸਾਂ ਪੜਤਾਲ ਕਰ ਕੇ ਵੇਖ ਲਏ ਹਨ, ਇਹ ਸਾਰੇ ਭੀ ਇਹੀ ਇਕੋ ਗੱਲ ਪੁਕਾਰ ਪੁਕਾਰ ਕੇ ਕਹਿ ਰਹੇ ਹਨ, ਕਿ ਗੁਰੂ ਦੀ ਸਰਨ ਆਉਣ ਤੋਂ ਬਿਨਾ ਕੋਈ ਮਨੁੱਖ (ਮਾਇਆ ਦੇ ਮੋਹ ਆਦਿਕ ਤੋਂ) ਖ਼ਲਾਸੀ ਨਹੀਂ ਪਾ ਸਕਦਾ। ਹੇ ਭਾਈ! ਤੁਸੀ ਭੀ ਬੇ-ਸ਼ੱਕ ਮਨ ਵਿੱਚ ਵਿਚਾਰ ਕਰ ਕੇ ਵੇਖ ਲਵੋ (ਇਹੀ ਗੱਲ ਠੀਕ ਹੈ)। 2.
ਹੇ ਭਾਈ! ਲੋਕ ਅਠਾਹਠ ਤੀਰਥਾਂ ਦੇ ਇਸ਼ਨਾਨ ਕਰ ਕੇ, ਤੇ, ਸਾਰੀ ਧਰਤੀ ਤੇ ਭੌਂ ਕੇ ਆ ਜਾਂਦੇ ਹਨ, ਦਿਨ ਰਾਤ ਹੋਰ ਭੀ ਅਨੇਕਾਂ ਸਰੀਰਕ ਪਵਿਤ੍ਰਤਾ ਦੇ ਸਾਧਨ ਕਰਦੇ ਹਨ। ਪਰ, ਗੁਰੂ ਤੋਂ ਬਿਨਾ ਉਹਨਾਂ ਦੇ ਅੰਦਰ ਮਾਇਆ ਦੇ ਮੋਹ ਦਾ ਹਨੇਰਾ ਟਿਕਿਆ ਰਹਿੰਦਾ ਹੈ। 3.
(ੲ) ਮਾਥੇ ਤਿਲਕੁ ਹਥਿ ਮਾਲਾ ਬਾਨਾਂ॥ ਲੋਗਨ ਰਾਮੁ ਖਿਲਉਨਾ ਜਾਨਾਂ॥ 1॥ ਜਉ ਹਉ ਬਉਰਾ ਤਉ ਰਾਮ ਤੋਰਾ॥ ਲੋਗੁ ਮਰਮੁ ਕਹ ਜਾਨੈ ਮੋਰਾ॥ 1॥ ਰਹਾਉ॥ ਤੋਰਉ ਨ ਪਾਤੀ ਪੂਜਉ ਨ ਦੇਵਾ॥ ਰਾਮ ਭਗਤਿ ਬਿਨੁ ਨਿਹਫਲ ਸੇਵਾ॥ 2॥ ਸਤਿਗੁਰੁ ਪੂਜਉ ਸਦਾ ਸਦਾ ਮਨਾਵਉ॥ ਐਸੀ ਸੇਵ ਦਰਗਹ ਸੁਖੁ ਪਾਵਉ॥ 3॥ ਲੋਗੁ ਕਹੈ ਕਬੀਰੁ ਬਉਰਾਨਾ॥ ਕਬੀਰ ਕਾ ਮਰਮੁ ਰਾਮ ਪਹਿਚਾਨਾਂ॥ 4॥ (ਪੰਨਾ 1158)
ਅਰਥ:- (ਮੈਂ ਕੋਈ ਧਾਰਮਿਕ ਭੇਖ ਨਹੀਂ ਬਣਾਂਦਾ, ਮੈਂ ਮੰਦਰ ਆਦਿਕ ਵਿੱਚ ਜਾ ਕੇ ਕਿਸੇ ਦੇਵਤੇ ਦੀ ਪੂਜਾ ਨਹੀਂ ਕਰਦਾ, ਲੋਕ ਮੈਨੂੰ ਪਾਗਲ ਆਖਦੇ ਹਨ; ਪਰ ਹੇ ਮੇਰੇ ਰਾਮ! ਜੇ ਮੈਂ (ਲੋਕਾਂ ਦੇ ਭਾਣੇ) ਪਾਗਲ ਹਾਂ, ਤਾਂ ਭੀ (ਮੈਨੂੰ ਇਹ ਠੰਢ ਹੈ ਕਿ) ਮੈਂ ਤੇਰਾ (ਸੇਵਕ) ਹਾਂ। ਦੁਨੀਆ ਭਲਾ ਮੇਰੇ ਦਿਲ ਦਾ ਭੇਤ ਕੀਹ ਜਾਣ ਸਕਦੀ ਹੈ? । 1. ਰਹਾਉ।
(ਲੋਕ) ਮੱਥੇ ਉੱਤੇ ਤਿਲਕ ਲਾ ਲੈਂਦੇ ਹਨ, ਹੱਥ ਵਿੱਚ ਮਾਲਾ ਫੜ ਲੈਂਦੇ ਹਨ, ਧਾਰਮਿਕ ਪਹਿਰਾਵਾ ਬਣਾ ਲੈਂਦੇ ਹਨ, (ਤੇ ਸਮਝਦੇ ਹਨ ਕਿ ਪਰਮਾਤਮਾ ਦੇ ਭਗਤ ਬਣ ਗਏ ਹਾਂ) ਲੋਕਾਂ ਨੇ ਪਰਮਾਤਮਾ ਨੂੰ ਖਿਡੌਣਾ (ਭਾਵ, ਅੰਞਾਣਾ ਬਾਲ) ਸਮਝ ਲਿਆ ਹੈ (ਕਿ ਇਹਨੀਂ ਗਲੀਂ ਉਸ ਨੂੰ ਪਰਚਾਇਆ ਜਾ ਸਕਦਾ ਹੈ)। 1.
(ਦੇਵਤਿਆਂ ਅੱਗੇ ਭੇਟ ਧਰਨ ਲਈ) ਨਾਹ ਹੀ ਮੈਂ (ਫੁੱਲ) ਪੱਤਰ ਤੋੜਦਾ ਹਾਂ, ਨਾਹ ਮੈਂ ਕਿਸੇ ਦੇਵੀ ਦੇਵਤੇ ਦੀ ਪੂਜਾ ਕਰਦਾ ਹਾਂ, (ਮੈਂ ਜਾਣਦਾ ਹਾਂ ਕਿ) ਪ੍ਰਭੂ ਦੀ ਬੰਦਗੀ ਤੋਂ ਬਿਨਾ ਹੋਰ ਕਿਸੇ ਦੀ ਪੂਜਾ ਵਿਅਰਥ ਹੈ। 2.
ਮੈਂ ਆਪਣੇ ਸਤਿਗੁਰੂ ਅੱਗੇ ਸਿਰ ਨਿਵਾਉਂਦਾ ਹਾਂ, ਉਸੇ ਨੂੰ ਸਦਾ ਪ੍ਰਸੰਨ ਕਰਦਾ ਹਾਂ, ਤੇ ਇਸ ਸੇਵਾ ਦੀ ਬਰਕਤਿ ਨਾਲ ਪ੍ਰਭੂ ਦੀ ਹਜ਼ੂਰੀ ਵਿੱਚ ਜੁੜ ਕੇ ਸੁਖ ਮਾਣਦਾ ਹਾਂ। 3.
(ਹਿੰਦੂ-) ਜਗਤ ਆਖਦਾ ਹੈ, ਕਬੀਰ ਪਾਗਲ ਹੋ ਗਿਆ ਹੈ (ਕਿਉਂਕਿ ਨਾਹ ਇਹ ਤਿਲਕ ਆਦਿਕ ਚਿਹਨ ਵਰਤਦਾ ਹੈ ਤੇ ਨਾਹ ਹੀ ਫੁੱਲ ਪੱਤਰ ਲੈ ਕੇ ਕਿਸੇ ਮੰਦਰ ਵਿੱਚ ਭੇਟ ਕਰਨ ਜਾਂਦਾ ਹੈ), ਪਰ ਕਬੀਰ ਦੇ ਦਿਲ ਦਾ ਭੇਤ ਕਬੀਰ ਦਾ ਪਰਮਾਤਮਾ ਹੀ ਜਾਣਦਾ ਹੈ। 4.
ਚੱਲਦਾ- ਬਾਕੀ ਅਗਲੇ ਅੰਕ ਵਿੱਚ
.