.

ਧਰਮ ਕੀ ਸੀ ਅਤੇ ਕੀ ਬਣਾ ਦਿੱਤਾ ਗਿਆ ਹੈ

ਜੇ ਕਰ ਸੰਖੇਪ ਅਤੇ ਸਿੱਧੇ ਜਿਹੇ ਸ਼ਬਦਾਂ ਵਿੱਚ ਧਰਮ ਦੀ ਵਿਆਖਿਆ ਕਰਨੀ ਹੋਵੇ ਤਾਂ ਕਹਿ ਸਕਦੇ ਹਾਂ ਕਿ ਧਰਮ ਇੱਕ ਸਦਾਚਾਰਕ ਜੀਵਨ ਜਾਂਚ ਦਾ ਨਾਮ ਹੈ। ਸੁਖਮਨੀ ਬਾਣੀ ਵਿੱਚ ਇੱਕ ਪੰਗਤੀ ਆਉਂਦੀ ਹੈ:

ਸਰਬ ਧਰਮ ਮਹਿ ਸ੍ਰੇਸਟ ਧਰਮੁ ॥ ਹਰਿ ਕੋ ਨਾਮੁ ਜਪਿ ਨਿਰਮਲ ਕਰਮੁ ॥

ਪ੍ਰੋ: ਸਾਹਿਬ ਸਿੰਘ ਜੀ ਦੇ ਕੀਤੇ ਹੋਏ ਅਰਥ:- (ਹੇ ਮਨ!) ਪ੍ਰਭੂ ਦਾ ਨਾਮ ਜਪ (ਤੇ) ਪਵਿਤ੍ਰ ਆਚਰਣ (ਬਣਾ) —ਇਹ ਧਰਮ ਸਾਰੇ ਧਰਮਾਂ ਨਾਲੋਂ ਚੰਗਾ ਹੈ।

ਪ੍ਰਭੂ ਦਾ ਨਾਮ ਜਪਣ ਬਾਰੇ ਇਸ ਉਪਰੋਕਤ ਪੰਗਤੀ ਵਿੱਚ ਜ਼ਿਕਰ ਹੈ। ਹੁਣ ਨਾਮ ਜਪਣ ਬਾਰੇ ਵੀ ਵੱਖ-ਵੱਖ ਜਥੇਬੰਦੀਆਂ ਅਥਵਾ ਕਥਿਤ ਮਹਾਂਪੁਰਸ਼ਾਂ ਨੇ ਆਪਣੀਆਂ-ਆਪਣੀਆਂ ਵੱਖਰੀਆਂ ਵਿਧੀਆਂ ਪ੍ਰਚਲਤ ਕੀਤੀਆਂ ਹੋਈਆਂ ਹਨ। ਜੇ ਕਰ ਆਪਣੀ ਮਰਜ਼ੀ ਨਾਲ ਕਿਸੇ ਖਾਸ ਸ਼ਬਦ ਦਾ ਰਟਨ ਕਰਕੇ ਗਿਣਤੀਆਂ ਮਿਣਤੀਆਂ ਦੇ ਅਧਾਰ ਤੇ ਜਿਵੇਂ ਕਿ ਕਈ, ਇਕ ਦੂ ਜੀਭੌ ਲਖ ਹੋਹਿ ਲਖ ਹੋਵਹਿ ਲਖ ਵੀਸ ॥ ਲਖੁ ਲਖੁ ਗੇੜਾ ਆਖੀਅਹਿ ਏਕੁ ਨਾਮੁ ਜਗਦੀਸ ॥ ਦੇ ਕਰਦੇ ਹਨ। ਇਸ ਗਿਣਤੀ ਵਾਲੇ ਹੱਠ ਨਾਲ ਤਾਂ ਹਰ ਕੋਈ ਪ੍ਰਭੂ ਪਾ ਸਕਦਾ ਹੈ। ਪਰ ਐਸਾ ਕਦੀ ਹੋਇਆ ਹੈ? ਉਂਜ ਕਈ ਸਾਧ ਅਤੇ ਉਹਨਾ ਦੇ ਚੇਲੇ ਆਪਣੀ ਕਥਿਤ ਚੁਰਾਸੀ ਕੱਟਣ ਵਾਸਤੇ ਬਉਲੀ ਦੀ ਹਰ ਪਉੜੀ ਤੇ ਇਸ਼ਨਾਨ ਕਰਕੇ ਜਪੁਜੀ ਦਾ ਪਾਠ ਕਰਨ ਨਾਲ ਆਪਣੀ ਚੁਰਾਸੀ ਕੱਟ ਹੋਣ ਦਾ ਭਰਮ ਪਾਲੀ ਬੈਠੇ ਹਨ। ਫਰਜ਼ ਕਰੋ ਜੇ ਕਰ ਇਸ ਗੱਲ ਨੂੰ ਠੀਕ ਮੰਨ ਲਿਆ ਜਾਵੇ ਫਿਰ ਤਾਂ ਇੱਕ ਵਾਰੀ ਹਠ ਕਰਕੇ ਚੁਰਾਸੀ ਪਾਠ ਕਰਕੇ ਅਤੇ ਕਥਿਤ ਜੂਨਾ ਵਾਲੀ ਚਰਾਸੀ ਕੱਟ ਕੇ ਬਾਕੀ ਦੀ ਜਿੰਦਗੀ ਜੋ ਮਰਜ਼ੀ ਕਰੀ ਜਾਵੇ। ਕਿਉਂਕਿ ਚਰਾਸੀ ਤਾਂ ਉਸ ਦੀ ਕੱਟੀ ਹੀ ਗਈ ਹੈ। ਅਸਲ ਗੱਲ ਤਾਂ ਇਹ ਸੀ ਕਿ ਗੁਰੂ ਅਮਰਦਾਸ ਜੀ ਨੇ ਸੁੱਚ-ਭਿੱਟ ਵਾਲੀ ਚੁਰਾਸੀ ਕੱਟੀ ਸੀ ਅਤੇ ਕਰਮਕਾਂਡੀ ਸਿੱਖਾਂ ਨੇ ਉਸ ਨੂੰ ਆਪਣੇ ਕਰਮ-ਕਾਂਡ ਵਿੱਚ ਬਦਲ ਲਿਆ ਹੈ। ਜੇ ਕਰ ਨਾਮ ਜਪਣ ਨੂੰ ਬਹੁਤ ਹੀ ਸੌਖੇ ਸ਼ਬਦਾਂ ਵਿੱਚ ਸਮਝਣਾ ਹੋਵੇ ਤਾਂ ਅਸੀਂ ਕਹਿ ਸਕਦੇ ਹਾਂ ਕਿ ਜੋ ਅਕਾਲ ਪੁਰਖ ਦੇ ਗੁਣ ਬਾਣੀ ਵਿੱਚ ਅਤੇ ਸਾਰੀ ਬਾਣੀ ਦੇ ਗੁਣ ਬਾਣੀ ਦੇ ਮੁੱਢ ਵਿੱਚ ਹੀ ਮੰਗਲਾਚਰਨ ਵਿੱਚ ਦੱਸੇ ਗਏ ਹਨ, ਉਹਨਾ ਨੂੰ ਆਪਣੇ ਜੀਵਨ ਵਿੱਚ ਵੱਧ ਤੋਂ ਵੱਧ ਅਪਣਾਉਣ ਦੀ ਕੋਸ਼ਿਸ਼ ਕਰਨਾ ਹੀ ਅਸਲ ਵਿੱਚ ਨਾਮ ਜਪਣਾ ਹੈ ਅਤੇ ਇਹੀ ਧਰਮ ਹੈ। ਅਸੀਂ ਧਰਮ ਦੇ ਕੱਪੜਿਆਂ ਦੇ ਸ਼ਿਗਾਰ ਨੂੰ ਹੀ ਧਰਮ ਸਮਝੀ ਬੈਠੇ ਹਾਂ।

ਸਾਰੇ ਗੁਰੂਆਂ ਅਤੇ ਭਗਤਾਂ ਨੇ ਗੁਰਬਾਣੀ ਵਿਚਲੇ ਰੱਬੀ ਗੁਣ ਆਪਣੇ ਜੀਵਨ ਵਿੱਚ ਅਪਣਾਏ। ਜੇ ਕਰ ਗੁਰਬਾਣੀ ਵਿੱਚ ਵਰਤੇ ਗਏ ਸ਼ਬਦ, ਸਾਧ, ਸੰਤ ਅਤੇ ਬ੍ਰਹਮਗਿਆਨੀ ਬਾਰੇ ਵਿਚਾਰ ਕਰੀਏ ਅਤੇ ਖਾਸ ਕਰਕੇ ਸੁਖਮਨੀ ਬਾਣੀ ਦੀਆਂ ਉਹਨਾ ਅਸਟਪਦੀਆਂ ਬਾਰੇ ਜਿਹਨਾ ਵਿੱਚ ਇਹਨਾ ਦਾ ਜ਼ਿਕਰ ਹੈ ਤਾਂ ਇਹ ਗੱਲ ਸਹਿਜੇ ਹੀ ਸਮਝ ਵਿੱਚ ਆ ਸਕਦੀ ਹੈ ਕਿ ਇਹਨਾ ਵਿੱਚ ਕਿਹੜੇ ਗੁਣਾਂ ਦੀ ਵਿਆਖਿਆ ਕੀਤੀ ਗਈ ਹੈ। ਕੀ ਕਿਸੇ ਮਨੁੱਖ ਵਿੱਚ ਅਜਿਹੇ ਗੁਣ ਹੋ ਸਕਦੇ ਹਨ? ਇਹ ਸਾਰੇ ਗੁਣ ਕਿਸੇ ਵੀ ਵਿਆਕਤੀ ਵਿੱਚ ਹੋਣੇ ਅਸੰਭਵ ਹਨ। ਪਰ ਗੁਰੂਆਂ ਅਤੇ ਭਗਤਾਂ ਵਿੱਚ ਇਹ ਗੁਣ ਕਾਫੀ ਹੱਦ ਤੱਕ ਦੇਖੇ ਜਾ ਸਕਦੇ ਹਨ। ਧਰਮੀ ਅਖਵਾਉਣ ਵਾਲਿਆਂ ਵਿੱਚ ਇਹ ਗੁਣ ਕੁੱਝ ਨਾ ਕੁੱਝ ਜ਼ਰੂਰ ਦਿਸਣੇ ਚਾਹੀਦੇ ਹਨ। ਜੇ ਕਰ ਕੋਈ ਵਿਆਕਤੀ ਇਹਨਾ ਤੋਂ ਵਿਪਰੀਤ ਔਗੁਣਾ ਨਾਲ ਭਰਪੂਰ ਹੈ ਤਾਂ ਉਸ ਨੂੰ ਕਤਈ ਵੀ ਧਰਮੀ ਨਹੀਂ ਕਿਹਾ ਜਾ ਸਕਦਾ ਉਸ ਦਾ ਨਾਮ ਭਾਵੇਂ ਕਿਤਨਾ ਵੀ ਵੱਡਾ ਕਿਉਂ ਨਾ ਹੋਵੇ। ਅਜਿਹੇ ਵਿਆਕਤੀ ਨੂੰ ਧਾਰਮਿਕ ਲਿਬਾਸ ਵਿੱਚ ਇੱਕ ਸ਼ੈਤਾਨ, ਹੈਵਾਨ ਜਾਂ ਨਾਸਤਕ ਕਹਿ ਸਕਦੇ ਹਾਂ। ਧਾਰਮਿਕ ਲਿਬਾਸ ਵਿੱਚ ਅਜਿਹੇ ਸ਼ੈਤਾਂਨ ਲੋਕਾਂ ਦੀ ਬਹੁਤ ਭਰਮਾਰ ਹੈ। ਹਰ ਧਰਮ ਵਿੱਚ ਅਜਿਹੇ ਸ਼ੈਤਾਂਨ ਲੋਕ ਮੌਜੂਦ ਹਨ ਜਿਹਨਾ ਨੇ ਆਮ ਲੋਕਾਂ ਦਾ ਜੀਵਨ ਜਿਉਣਾ ਦੁੱਭਰ ਕੀਤਾ ਹੋਇਆ ਹੈ। ਸਭ ਤੋਂ ਵੱਧ ਧਾਰਮਿਕ ਲਿਬਾਸ ਵਿੱਚ ਕੱਟੜ ਹੈਵਾਨ ਇਸਲਾਮ ਧਰਮ ਨੂੰ ਮੰਨਣ ਵਾਲਿਆਂ ਵਿੱਚ ਹਨ। ਇਹਨਾ ਹੈਵਾਨਾ ਨੇ ਸਾਰੀ ਦੂਨੀਆ ਵਿੱਚ ਭੜਥੂ ਪਾਇਆ ਹੋਇਆ ਹੈ। ਥੋੜੇ ਜਿਹੇ ਵਿਰੋਧੀ ਵਿਚਾਰਾਂ ਵਾਲਿਆਂ ਨੂੰ ਕਤਲ ਕਰਨਾ ਹੀ ਧਰਮ ਸਮਝਦੇ ਹਨ। ਸ਼ੀਆ ਅਤੇ ਸੁੰਨੀ ਆਪਸ ਵਿੱਚ ਲੱਖਾਂ ਦੀ ਗਿਣਤੀ ਵਿੱਚ ਕਤਲ ਹੋ ਚੁੱਕੇ ਹਨ। ਇਸਲਾਮ ਵਿੱਚ ਹੀ ਇੱਕ ਹੋਰ ਫਿਰਕਾ ਹੈ ਅਹਿਮਦੀਆਂ ਦਾ ਜਿਹੜਾ ਕਿ ਕੁੱਝ ਘੱਟ ਕੱਟੜ ਅਤੇ ਅਗਾਂਹ ਵਧੂ ਵਿਚਾਰਾਂ ਵਾਲਾ ਹੈ। ਕੁੱਝ ਦਿਨ ਹੋਏ ਹਨ ਕਿ ਇਸ ਫਿਰਕੇ ਨਾਲ ਸੰਬੰਧਿਤ ਇੱਕ ਡਾ: ਜਿਹੜਾ ਕਿ ਕਨੇਡਾ ਅਮਰੀਕਾ ਦਾ ਨਾਗਰਿਕ ਸੀ ਅਤੇ ਉਹ ਕੁੱਝ ਦਿਨ ਪਹਿਲਾਂ ਪਾਕਿਸਤਾਨ ਗਿਆ ਸੀ। ਉਸ ਨੂੰ ਉਥੇ ਕਤਲ ਕਰ ਦਿੱਤਾ ਗਿਆ ਹੈ। ਮੀਡੀਏ ਦੀਆਂ ਖਬਰਾਂ ਮੁਤਾਬਕ ਉਸ ਦੇ ਕਤਲ ਹੋਣ ਦਾ ਮੁੱਖ ਕਾਰਨ ਇਹ ਸੀ ਕਿ ਉਹ ਬਹੁਤਾ ਕੱਟੜ ਮੁਸਲਮਾਨ ਨਹੀਂ ਸੀ।

ਇਸਲਾਮ ਦੀ ਸ਼ੈਤਾਨੀ ਕੱਟੜਤਾ ਅਫਰੀਕਾ ਦੇ ਦੇਸ਼ਾਂ ਵਿੱਚ ਵੀ ਕਾਫੀ ਫੈਲ ਰਹੀ ਹੈ। ਪਿਛਲੇ ਕਈ ਹਫਤਿਆਂ ਤੋਂ ਇਹ ਖ਼ਬਰ ਸਾਰੀ ਦੁਨੀਆ ਵਿੱਚ ਦਿਖਾਈ ਜਾ ਰਹੀ ਹੈ ਕਿ ਕਿਵੇਂ ਨਾਈਜ਼ੀਰੀਆ ਵਿੱਚ ਸਕੂਲਾਂ ਵਿੱਚ ਪੜ੍ਹਦੀਆਂ ਸੈਂਕੜੇ ਕੁੜੀਆਂ ਨੂੰ ਅਗਵਾ ਕੀਤਾ ਹੋਇਆ ਹੈ। ਇਹ ਸ਼ੈਤਾਨ ਲੋਕ ਕੁੜੀਆਂ ਨੂੰ ਵਿਦਿਆ ਦੇਣੀ ਪਾਪ ਸਮਝਦੇ ਹਨ। ਅਫਗਾਨਿਸਤਾਨ ਵਿੱਚ ਵੀ ਤਾਲਬਾਨਾਂ ਨੇ ਕੁੜੀਆਂ ਦੇ ਸੈਂਕੜੇ ਸਕੂਲ ਢਾਹ ਦਿੱਤੇ ਸਨ/ਹਨ। ਸਿੱਖ ਧਰਮ ਵਿੱਚ ਵੀ ਕਈ ਅਜਿਹੇ ਤਾਲਬਾਨੀ ਸੋਚ ਦੇ ਧਾਰਨੀ ਹਨ ਜਿਹਨਾ ਦੇ ਅਨੁਸਾਰ ਬੀਬੀਆਂ ਮੁੱਖ ਕੇਂਦਰੀ ਗੁਰਦੁਰਿਆਂ ਵਿੱਚ ਕੀਰਤਨ ਨਹੀਂ ਕਰ ਸਕਦੀਆਂ, ਪੰਚਾਂ ਵਿੱਚ ਸ਼ਾਮਲ ਨਹੀਂ ਹੋ ਸਕਦੀਆਂ ਅਤੇ ਹੋਰ ਵੀ ਕਈ ਕਿਸਮ ਦੀ ਸੇਵਾ ਨਹੀਂ ਕਰ ਸਕਦੀਆਂ। ਅਜਿਹੀ ਤਾਲਬਾਨੀ ਸੋਚ ਬਹੁਤਾ ਕਰਕੇ ਡੇਰਿਆਂ ਵਿਚੋਂ ਆਉਂਦੀ ਹੈ ਅਤੇ ਬਹੁਤੇ ਸਿੱਖ ਡੇਰਾਵਾਦੀਆਂ ਨੂੰ ਹੀ ਮਹਾਨ ਦੱਸ ਕੇ ਵਡਿਆਉਂਦੇ ਹਨ ਭਾਂਵੇ ਕਿ ਉਹਨਾ ਦੇ ਬਹੁਤੇ ਕੰਮ ਐਂਟੀ ਸਿੱਖ ਧਰਮ ਹੀ ਕਿਉਂ ਨਾ ਹੋਣ।

ਸਿੱਖ ਧਰਮ ਵਿੱਚ ਦਸ ਗੁਰੂ ਸਰੀਰ ਕਰਕੇ ਵਿਚਰੇ ਹਨ ਕਿਸੇ ਇੱਕ ਨੇ ਵੀ ਹਿੰਸਾ ਦਾ ਪ੍ਰਚਾਰ ਨਹੀਂ ਕੀਤਾ। ਕਿਸੇ ਦੀ ਈਨ ਵੀ ਨਹੀਂ ਮੰਨੀ ਅਤੇ ਸੱਚ ਨੂੰ ਸੱਚ ਅਤੇ ਜਾਬਰ ਨੂੰ ਜਾਬਰ ਵੀ ਕਿਹਾ ਹੈ। ਦੋ ਗੁਰੂਆਂ ਨੇ ਮਜ਼ਬੂਰੀ ਵੱਸ ਧਰਮ ਦੇ ਬਚਾਓ ਲਈ ਤਲਵਾਰ ਉਠਾਈ ਸੀ। ਕਿਸੇ ਇੱਕ ਵੀ ਨਿਰਦੋਸ਼ੇ ਦਾ ਕਤਲ ਨਹੀਂ ਕੀਤਾ ਅਤੇ ਨਾ ਹੀ ਕਤਲ ਕਰਨ ਲਈ ਉਕਸਾਹਟ ਕੀਤਾ। ਦਸਵੇਂ ਪਾਤਸ਼ਾਹ ਦੇ ਆਪਣੇ ਬੱਚੇ ਅਤੇ ਮਾਤਾ ਪਿਤਾ ਨੂੰ ਸ਼ਹੀਦ ਕਰਨ ਵਾਲੇ ਨਾਲ ਵੀ ਕੋਈ ਨਫਰਤ ਨਹੀਂ ਪਾਲੀ। ਬਾਬਾ ਬੰਦਾ ਸਿੰਘ ਬਹਾਦਰ ਨੂੰ ਪੰਜਾਬ ਭੇਜ ਕੇ ਬਦਲਾ ਲੈਣ ਵਾਲੀ ਗੱਲ ਵੀ ਬਹੁਤੀ ਜਚਦੀ ਨਹੀਂ ਲਗਦੀ। ਕੀ ਗੁਰੂ ਸਾਹਿਬ ਆਪ ਅਤੇ ਪੰਜਾਬ ਵਿਚਲੇ ਹੋਰ ਸਿੱਖ ਜਿਹੜੇ ਕਿ ਗੁਰੂ ਸਾਹਿਬਾਂ ਦੇ ਨਾਲ ਇਤਨਾ ਚਿਰ ਵਿਚਰਦੇ ਰਹੇ ਕੀ ਉਹ ਸਾਰੇ ਡਰਪੋਕ ਅਤੇ ਬੁਜ਼ਦਿਲ ਸਨ? ਕੀ ਉਹ ਆਪ ਇਹ ਕੰਮ ਨਹੀਂ ਸੀ ਕਰ ਸਕਦੇ? ਇਸ ਤਰ੍ਹਾਂ ਦੇ ਅਨੇਕਾਂ ਹੀ ਸਵਾਲ ਪੈਦਾ ਹੁੰਦੇ ਹਨ। ਦਰ ਅਸਲ ਗੱਲ ਇਹ ਹੈ ਕਿ ਅਸੀਂ ਗੁਰੂਆਂ ਨੂੰ ਗੱਲੀ ਬਾਤੀਂ ਤਾਂ ਬਹੁਤ ਮਹਾਨ ਦਰਸਾ ਦਿੰਦੇ ਹਾਂ ਪਰ ਬਦਲਾ ਲੈਣ ਦੀ ਗੱਲ ਕਰਕੇ ਬਹੁਤ ਹੀ ਛੋਟਾ ਅਤੇ ਇੱਕ ਆਮ ਇਨਸਾਨ ਦੀ ਸੋਚਣੀ ਨਾਲੋਂ ਵੀ ਛੋਟਾ ਕਰ ਦਿੰਦੇ ਹਾਂ। ਅਸੀਂ ਇਹ ਸੋਚਦੇ ਹਾਂ ਕਿ ਜਿਸ ਤਰ੍ਹਾਂ ਅਸੀਂ ਸੋਚਦੇ ਹਾਂ ਸ਼ਾਇਦ ਗੁਰੂਆਂ ਦੀ ਸੋਚਣੀ ਵੀ ਅਜਿਹੀ ਹੀ ਹੋਵੇਗੀ। ਕਿਉਂਕਿ ਸਾਡੀ ਸੋਚਣੀ ਗੁਰਬਾਣੀ ਦੇ ਵਿਪਰੀਤ ਹੁੰਦੀ ਹੈ ਪਰ ਗੁਰੂਆਂ ਨੇ ਜੋ ਬਾਣੀ ਵਿੱਚ ਅਕਾਲ ਪੁਰਖ ਦੇ ਗੁਣ ਨਿਰਭਉ ਅਤੇ ਨਿਰਵੈਰੁ ਦੱਸੇ ਹਨ ਉਹਨਾ ਨੂੰ ਆਪਣੀ ਜ਼ਿੰਦਗੀ ਵਿੱਚ ਅਪਣਾਇਆ ਸੀ। ਜੇ ਕਰ ਅਸੀਂ ਆਪਣੀ ਸੋਚਣੀ ਮੁਤਾਬਕ ਗੁਰੂਆਂ ਦੀ ਸੋਚਣੀ ਵਿਚੋਂ ਇਹ ਨਿਰਵੈਰਤਾ ਵਾਲੇ ਗੁਣ ਕੱਢ ਦਈਏ ਤਾਂ ਦੱਸੋ ਫਿਰ ਆਮ ਵਿਆਕਤੀ ਵਿੱਚ ਅਤੇ ਗੁਰੂ ਵਿੱਚ ਕੀ ਫਰਕ ਰਹਿ ਗਿਆ? ਇਸੇ ਕਰਕੇ ਦਸਮ ਗ੍ਰੰਥ ਵਿਚਲੀ ਚੌਪਈ ਦੀ ਰਚਨਾ ਮੈਨੂੰ ਪਹਿਲੇ ਦਿਨ ਤੋਂ ਹੀ ਨਹੀਂ ਸੀ ਚੰਗੀ ਲੱਗ ਰਹੀ ਮੇਰੇ ਲਈ ਇਹ ਅੰਮ੍ਰਿਤ ਬਾਣੀ ਨਹੀਂ ਸਗੋਂ ਨਫਰਤ ਬਾਣੀ ਹੈ। ਮੈਂ ਤਾਂ ਇਹ ਸਮਝਦਾ ਹਾਂ ਕਿ ਇਸ ਨੂੰ ਨਿਤਨੇਮ ਵਿੱਚ ਸ਼ਾਮਲ ਕਰਕੇ ਗੁਰੂਆਂ ਦੀ ਖਾਸ ਕਰਕੇ ਦਸਵੇਂ ਗੁਰੂ ਦੀ ਰੱਜ ਕੇ ਬੇਇਜ਼ਤੀ ਕੀਤੀ ਗਈ ਹੈ। ਪਰ ਧਰਮ ਦੇ ਲਿਬਾਸ ਵਿੱਚ ਆਪਣੇ ਆਪ ਨੂੰ ਸਭ ਤੋਂ ਧਰਮੀ ਅਖਵਾਉਣ ਵਾਲਿਆਂ ਲਈ ਇਹ ਸਭ ਤੋਂ ਵੱਧ ਪੜ੍ਹੀ ਜਾਣ ਵਾਲੀ ਰਚਨਾ ਹੈ ਤਾਂ ਕਿ ਧਰਮ ਦੇ ਨਾਮ ਤੇ ਆਪਣੇ ਅੰਦਰ ਵੱਧ ਤੋਂ ਵੱਧ ਨਫਰਤ ਭਰੀ ਜਾ ਸਕੇ।

ਕਈ ਵਾਰੀ ਅਜਿਹਾ ਪੜ੍ਹਨ ਸੁਣਨ ਨੂੰ ਮਿਲਦਾ ਹੈ ਕਿ ਪੜ੍ਹ ਸੁਣ ਕੇ ਹੈਰਾਨ ਹੋ ਜਾਈਦਾ ਹੈ ਕਿ ਕਈ ਆਮ ਇਨਸਾਨਾਂ ਵਿੱਚ ਧਰਮ ਦੇ ਕਿਤਨੇ ਗੁਣ ਹਨ। ਜਿਹੜੇ ਵਿਆਕਤੀ ਮੇਰਾ ਇਹ ਲੇਖ ਪੜ੍ਹ ਰਹੇ ਹਨ ਉਹਨਾ ਨੂੰ ਯਾਦ ਹੋਵੇਗਾ ਕਿ ਅਮਰੀਕਾ ਵਿੱਚ ਇੱਕ ਵਿਆਕਤੀ ਨੇ ਤਿੰਨ ਬੀਬੀਆਂ ਨੂੰ ਜ਼ਬਰਦਸਤੀ ਉਧਾਲ ਕੇ ਆਪਣੇ ਘਰ ਬੰਦੀ ਬਣਾ ਕੇ ਰੱਖਿਆ ਹੋਇਆ ਸੀ। ਇਹ ਖ਼ਬਰ ਕਈ ਚਿਰ ਸਾਰੀ ਦੁਨੀਆ ਦੇ ਮੀਡੀਏ ਵਿੱਚ ਆਉਂਦੀ ਰਹੀ ਸੀ। ਕਈ ਸਾਲ ਲਗਾਤਾਰ ਉਹ ਵਿਆਕਤੀ ਇਹਨਾ ਤਿੰਨਾ ਬੀਬੀਆਂ ਨਾਲ ਜਬਰਦਸਤੀ ਕਰਦਾ ਰਿਹਾ ਅਤੇ ਜਦੋਂ ਫੜਿਆ ਗਿਆ ਤਾਂ ਜੇਲ ਵਿੱਚ ਹੀ ਆਤਮ ਹੱਤਿਆ ਕਰ ਗਿਆ ਸੀ। ਹੁਣ ਕੁੱਝ ਹਫਤੇ ਪਹਿਲਾਂ ਉਹਨਾਂ ਤਿੰਨ ਬੀਬੀਆਂ ਵਿਚੋਂ ਇੱਕ ਦੀ ਇੰਟਰਵੀਊ ਸੀ. ਬੀ. ਸੀ. ਰੇਡੀਓ ਤੇ ਆਈ ਸੀ। ਰੇਡੀਓ ਹੋਸਟ ਐਨੀ ਮੋਰੀਆ ਵੀ ਉਸ ਦੀਆਂ ਗੱਲਾਂ ਸੁਣ ਕੇ ਹੈਰਾਨ ਹੋ ਰਹੀ ਸੀ। ਜਦੋਂ ਉਸ ਬੀਬੀ ਨੂੰ ਪੁੱਛਿਆ ਗਿਆ ਕਿ ਤੂੰ ਉਸ ਬੰਦੇ ਬਾਰੇ ਕਿਸ ਤਰ੍ਹਾਂ ਸੋਚਦੀ ਹੈ ਜਿਸ ਨੇ ਤੈਨੂੰ ਇਤਨੇ ਸਾਲ ਬੰਦੀ ਬਣਾ ਕੇ ਤੇਰਾ ਸ਼ੋਸ਼ਣ ਕੀਤਾ ਹੈ। ਉਸ ਦਾ ਜਵਾਬ ਹੈਰਾਨ ਕਰਨ ਵਾਲਾ ਸੀ। ਉਸ ਨੇ ਕਿਹਾ ਕਿ ਭਾਵੇਂ ਉਸ ਨੇ ਮੈਨੂੰ ਇਤਨੇ ਸਾਲ ਤੰਗ ਕੀਤਾ ਹੈ, ਸੰਗਲਾਂ ਨਾਲ ਬੰਨ ਕੇ ਰੱਖਿਆ ਸੀ। ਕੁੱਟ-ਮਾਰ ਵੀ ਕਰਦਾ ਰਿਹਾ ਹੈ। ਕਈ ਵਾਰੀ ਗਰਭ ਵੀ ਡਿੱਗਿਆ ਸੀ ਪਰ ਫਿਰ ਵੀ ਉਸ ਦਾ ਇਨਸਾਨੀਅਤ ਦੇ ਨਾਤੇ ਭਲਾ ਹੀ ਸੋਚਦੀ ਹਾਂ ਕਿ ਉਸ ਨੂੰ ਆਤਮ ਹੱਤਿਆ ਨਹੀਂ ਸੀ ਕਰਨੀ ਚਾਹੀਦੀ। ਉਹ ਕਿਸੇ ਬੱਚਿਆਂ ਦਾ ਬਾਪ ਹੈ ਭਾਂਵੇ ਬੁਰਾ ਹੀ ਸਹੀ ਪਰ ਬੱਚੇ ਤਾਂ ਆਪਣੇ ਬਾਪ ਤੋਂ ਬਾਂਝੇ ਹੋ ਹੀ ਗਏ ਹਨ। ਜਦੋਂ ਰੇਡੀਓ ਹੋਸਟ ਨੇ ਪੁੱਛਿਆ ਕਿ ਤੇਰਾ ਮਨ ਇਤਨਾ ਵਿਸ਼ਾਲ ਅਤੇ ਤਾਕਤਵਰ ਕਿਵੇਂ ਹੈ? ਤਾਂ ਉਸ ਦਾ ਜਵਾਬ ਸੀ ਕਿ ਇਹ ਸਭ ਉਸ ਪ੍ਰਭੂ ਦੀ ਹੀ ਦੇਣ ਹੈ। ਜਦੋਂ ਮੈਂ ਇਹ ਇੰਟਰਵੀਊ ਰਾਤ ਨੂੰ ਕੰਮ ਕਰਦੇ ਸਮੇ ਸੁਣੀ ਸੀ ਤਾਂ ਕਈ ਚਿਰ ਸੋਚਦਾ ਰਿਹਾ ਸੀ ਕਿ ਇਸ ਤਰ੍ਹਾਂ ਦੇ ਧਾਰਮਿਕ ਗੁਣ ਤਾਂ ਸਾਰੀ ਉਮਰ ਧਰਮ ਕਮਾਉਣ ਵਾਲਿਆਂ ਵਿੱਚ ਵੀ ਸ਼ਾਇਦ ਦਿਸਣ ਨੂੰ ਨਾ ਮਿਲਣ।

ਸਿੱਖ ਧਰਮ ਨੂੰ ਸਾਡੇ ਗੁਰੂਆਂ ਨੇ ਸਾਰੀ ਮਨੁੱਖਤਾ ਲਈ ਸਰਬ ਸਾਂਝਾ ਬਣਾਇਆ ਸੀ। ਦੁਨੀਆ ਦੇ ਕਿਸੇ ਵੀ ਦੇਸ਼ ਜਾਂ ਯੂ. ਐਨ. ਓ. ਦੇ ਕਿਸੇ ਵੀ ਵੱਧ ਤੋਂ ਵੱਧ ਮਨੁੱਖੀ ਹੱਕਾਂ ਵਾਲੇ ਕਨੂੰਨ ਦੀ ਜੇ ਗੱਲ ਕਰੀਏ ਤਾਂ ਉਹ ਗੁਰਬਾਣੀ ਵਿੱਚ ਪਹਿਲਾਂ ਹੀ ਮੌਜੂਦ ਹਨ। ਪਰ ਗੁਰਬਾਣੀ ਨੂੰ ਜਾਂ ਤਾਂ ਬਿਜਨਸ ਦੇ ਤੌਰ ਤੇ ਵਰਤਿਆ ਜਾ ਰਿਹਾ ਹੈ ਅਤੇ ਜਾਂ ਫਿਰ ਕਰਮਕਾਂਡ ਕਰਕੇ ਅਤੇ ਪਾਠ ਕਰਨ ਕਰਾਉਣ ਨਾਲ ਕਿਸੇ ਗੈਬੀ ਰੱਬੀ ਬਖ਼ਸ਼ਸ਼ ਦੁਆਰਾ ਆਪਣੀਆਂ ਸੁਖ ਸਹੂਲਤਾਂ ਵਿੱਚ ਵਾਧੇ ਦੀ ਆਸ ਲਈ। ਗਰੁਬਾਣੀ ਨੂੰ ਪੜ੍ਹ ਕੇ ਇਸ ਤੇ ਅਮਲ ਕਰਨਾ ਸਿਰਫ ਨਾਮ ਮਾਤਰ ਹੀ ਰਹਿ ਗਿਆ ਹੈ। ਗੁਰਬਾਣੀ ਨਾਲੋਂ ਬਹੁਤਾ ਇਤਿਹਾਸ ਨੂੰ ਮਹੱਤਤਾ ਦਿੱਤੀ ਜਾ ਰਹੀ ਹੈ। ਇਤਿਹਾਸ ਵੀ ਉਹ ਜਿਹੜਾ ਬਹੁਤਾ ਗੈਰਸਿੱਖਾਂ ਦਾ ਲਿਖਿਆ ਹੋਇਆ ਹੈ ਜਾਂ ਗੁਰਬਾਣੀ ਦੇ ਵਿਪਰੀਤ ਹੈ। ਦਸਵੇਂ ਪਾਤਸ਼ਾਹ ਦੀਆਂ ਮਨੋਕਲਿਪਤ ਫੋਟੋਆਂ ਐਸੀਆਂ ਬਣਾਈਆਂ ਹੋਈਆਂ ਹਨ ਜਿਵੇਂ ਕਿ ਉਹ ਸਿਰਫ ਇੱਕ ਜੰਗ ਜੁੱਧ ਕਰਨ ਵਾਲੇ ਕੋਈ ਜਰਨੈਲ ਹੀ ਹੋਣ ਇਸ ਤੋਂ ਵੱਧ ਕੁੱਝ ਨਹੀਂ। ਕਈਆਂ ਫੋਟੋਆਂ ਵਿੱਚ ਹੱਥ ਵਿੱਚ ਇੱਕ ਜਾਨਵਰ ਬਾਜ਼ ਨੂੰ ਵੀ ਦਿਖਾਇਆ ਗਿਆ ਹੈ। ਇਸ ਜਾਨਵਰ ਤੋਂ ਪਤਾ ਨਹੀਂ ਗੁਰੂ ਜੀ ਕੀ ਕੰਮ ਕਰਵਾਉਂਦੇ ਹੋਣਗੇ? ਇੱਕ ਪਾਸੇ ਤਾਂ ਇਹ ਵੀ ਲਿਖਿਆ ਮਿਲਦਾ ਹੈ ਕਿ ਚਿੜੀਆਂ ਤੋਂ ਮੈਂ ਬਾਜ਼ ਤੜਾਉਂ। ਛੇਵੇਂ ਪਾਤਸ਼ਾਹ ਨੂੰ ਕੁਤਿਆਂ ਨਾਲ ਸ਼ਿਕਾਰ ਖੇਡਣ ਦੀ ਗੱਲ ਭਾਈ ਗੁਰਦਾਸ ਜੀ ਨੇ ਲਿਖੀ ਹੈ। ਕੀ ਬਾਜ਼ਾਂ ਤੋਂ ਵੀ ਗੁਰੂ ਜੀ ਕੋਈ ਸ਼ਿਕਾਰ ਕਰਵਾਉਂਦੇ ਸੀ ਅਤੇ ਫਿਰ ਉਸ ਮਰੇ ਹੋਏ ਸ਼ਿਕਾਰ ਦਾ ਕੀ ਕਰਦੇ ਸੀ? ਜੇ ਕਰ ਗੁਰੂ ਜੀ ਨੇ ਕੋਈ ਬਾਜ਼ ਰੱਖਿਆਂ ਵੀ ਹੋਵੇਗਾ ਤਾਂ ਫਿਰ ਵੀ ਉਹ ਇੱਕ ਜਾਨਵਰ ਹੀ ਸੀ। ਗੁਰੂ ਜੀ ਸਾਨੂੰ ਕਿਸੇ ਜਾਨਵਰ ਨਾਲ ਜੋੜਨ ਲਈ ਤਾਂ ਆਏ ਨਹੀਂ ਸੀ ਅਤੇ ਨਾ ਹੀ ਕਿਸੇ ਜਾਨਵਰ ਦੀ ਪੂਜਾ ਕਰਨ ਲਈ ਕਹਿ ਕੇ ਗਏ ਸੀ। ਫਿਰ ਕਿਸੇ ਜਾਨਵਰ ਦੀ ਸਿੱਖ ਧਰਮ ਵਿੱਚ ਕੀ ਮਹੱਤਤਾ ਹੈ? ਪਰ ਜਿਹਨਾ ਦੀ ਅੰਨੀ ਸ਼ਰਧਾ ਹੋਵੇ ਉਸ ਨੂੰ ਕੋਈ ਰੋਕ ਨਹੀਂ ਸਕਦਾ। ਇਸੇ ਹੀ ਅੰਨੀ ਸ਼ਰਧਾ ਅਧੀਂਨ ਕਹਿੰਦੇ ਹਨ ਕਿ ਅੰਨੇ ਸ਼ਰਧਾਲੂਆਂ ਨੇ ਗੁਰੂ ਗੋਬਿੰਦ ਸਿੰਘ ਮਾਰਗ ਤੇ ਇੱਕ ਜਲੂਸ ਸਮੇਂ ਘੋੜਿਆਂ ਦੀ ਲਿੱਦ ਤੱਕ ਖਾ ਲਈ ਸੀ। ਅਖੇ ਇਹ ਤਾਂ ਜੀ ਗੁਰੂ ਗੋਬਿੰਦ ਸਿੰਘ ਜੀ ਦੇ ਘੋੜਿਆਂ ਦੀ ਨਸਲ ਵਿਚੋਂ ਹਨ।

ਜਿਵੇਂ ਕਿ ਇਸ ਲੇਖ ਦੇ ਸ਼ੁਰੂ ਵਿੱਚ ਸੁਖਮਨੀ ਦੀ ਬਾਣੀ ਵਿੱਚ ਸਾਧ, ਸੰਤ ਅਤੇ ਬ੍ਰਹਮ ਗਿਆਨੀ ਦੀ ਗੱਲ ਕੀਤੀ ਗਈ ਸੀ। ਉਸ ਵਿਚਲੀ ਇੱਕ ਹੋਰ ਪੰਗਤੀ ਦੀ ਗੱਲ ਕਰ ਲੈਂਦੇ ਹਾਂ ਜਿਸ ਵਿੱਚ ਕਿਹਾ ਗਿਆ ਹੈ ਕਿ ਇੱਕ ਬ੍ਰਹਮਗਿਆਨੀ ਦਾ ਸੁਭਾਅ ਇਸ ਤਰ੍ਹਾਂ ਦਾ ਹੁੰਦਾ ਹੈ ਜਿਵੇਂ ਕਿ ਹਵਾ ਦਾ। ਹਵਾ ਜਦੋਂ ਚਲਦੀ ਹੈ ਤਾਂ ਕਿਸੇ ਵੀ ਨਾਲ ਰੰਗ, ਭੇਦ, ਇਲਾਕਾ ਜਾਂ ਧਰਮ ਕਰਕੇ ਨਫਰਤ ਨਹੀਂ ਕਰਦੀ ਭਾਵ ਕੇ ਸਾਰਿਆਂ ਨਾਲ ਇਕੋ ਜਿਹਾ ਵਰਤਾਓ ਕਰਦੀ ਹੈ। ਇਸੇ ਤਰ੍ਹਾਂ ਸੂਰਜ ਚੜ੍ਹਦਾ ਹੈ ਤਾਂ ਉਹ ਸਾਰਿਆਂ ਨਾਲ ਇਕੋ ਜਿਹਾ ਵਰਤਾਓ ਕਰਕੇ ਰੋਸ਼ਨੀ ਦਿੰਦਾ ਹੈ। ਉਹ ਇਹ ਨਹੀਂ ਕਹਿੰਦਾ ਕਿ ਤੂੰ ਕਾਲਾ ਹੈਂ, ਗੋਰਾ ਹੈਂ, ਕਿਹੜੀ ਜ਼ਾਤ, ਨਸਲ ਜਾਂ ਧਰਮ ਦਾ ਹੈਂ, ਆਸਤਕ ਹੈਂ ਜਾਂ ਨਾਸਤਕ ਹੈਂ। ਧਰਮੀ ਪੁਰਸ਼ਾਂ ਲਈ ਮਿੱਤਰ ਅਤੇ ਦੁਸ਼ਮਣ ਇੱਕ ਬਰਾਬਰ ਹੁੰਦੇ ਹਨ। ਕਿਉਂਕਿ ਸਾਰਿਆਂ ਵਿੱਚ ਉਹੋ ਇਕੋ ਇੱਕ ਹੀ ਪ੍ਰਮਾਤਮਾ ਦੀ ਜੋਤ ਹੁੰਦੀ ਹੈ ਅਤੇ ਉਹ ਖੁਦ ਆਪ ਹੀ ਉਸ ਵਿੱਚ ਬੈਠਾ ਹੁੰਦਾ ਹੈ। ਧਰਮੀ ਪੁਰਸ਼ ਦਾ ਵਿਰੋਧ ਬੰਦੇ ਨਾਲ ਨਹੀਂ ਸਗੋਂ ਬੰਦੇ ਦੀਆਂ ਬਰਾਈਆਂ ਨਾਲ ਹੁੰਦਾ ਹੈ। ਪਰ ਅੱਜ ਕੱਲ ਕੀ ਹੋ ਰਿਹਾ ਹੈ। ਧਰਮੀ ਉਸ ਨੂੰ ਹੀ ਸਮਝਿਆ ਜਾਂਦਾ ਹੈ ਜਿਹੜਾ ਕਿ ਧਰਮ ਦੇ ਨਾਮ ਤੇ ਵੱਧ ਤੋਂ ਵੱਧ ਨਫਰਤ ਫੈਲਾਵੇ ਅਤੇ ਇਸ ਨਫਰਤ ਨਾਲ ਹਿੰਸਾ ਅਤੇ ਮਾਰ ਮਰਈਆ ਸ਼ੁਰੂ ਹੋਵੇ। ਸਾਰੇ ਧਰਮਾਂ ਵਿੱਚ ਹੀ ਇਹੋ ਕੁੱਝ ਹੋ ਰਿਹਾ ਹੈ। ਇਸਲਾਮੀ ਦੇਸ਼ਾਂ ਵਿੱਚ ਤਾਂ ਸਭ ਤੋਂ ਮਾੜਾ ਹਾਲ ਹੈ। ਸੀਰੀਆਂ ਵਿੱਚ ਖਾਨਾ ਜੰਗੀ ਨੂੰ ਪੰਜ ਸਾਲ ਹੋ ਚਲੇ ਹਨ। ਕੁੱਝ ਦਿਨ ਪਹਿਲਾਂ ਦੀ ਖਬਰ ਮੁਤਾਬਕ ਹੁਣ ਦੋਵੇਂ ਪਾਸੇ ਕਾਫੀ ਹੰਭ ਚੁੱਕੇ ਹਨ। ਪਹਿਲਾਂ ਪਹਿਲ ਅਮਰੀਕਾ ਅਤੇ ਹੋਰ ਦੇਸ਼ਾਂ ਨੇ ਬਾਗੀਆਂ ਦੀ ਮਦਦ ਕਰਨੀ ਸ਼ੁਰੂ ਕੀਤੀ ਸੀ ਪਰ ਜਦੋਂ ਲੱਗਾ ਕਿ ਜੇ ਕਰ ਰਾਜ ਪਲਟੇ ਤੋਂ ਬਾਅਦ ਕੱਟੜ ਪੰਥੀਆਂ ਦੇ ਹੱਥ ਰਾਜ ਆ ਗਿਆ ਉਹ ਤਾਂ ਇਸ ਨਾਲੋਂ ਵੀ ਮਾੜਾ ਹੋਵੇਗਾ ਤਾਂ ਉਹਨਾ ਨੇ ਆਪਣਾ ਹੱਥ ਪਿਛੇ ਕਰ ਲਿਆ। ਇਹੀ ਕੁੱਝ ਈਜ਼ਿਪਟ (ਮਿਸਰ) ਵਿੱਚ ਵੀ ਹੋ ਚੁੱਕਾ ਸੀ।

ਗੁਰੂ ਨਾਨਕ ਸਾਹਿਬ ਅਤੇ ਬਾਕੀ ਗੁਰੂਆਂ ਨੇ ਇਸਤ੍ਰੀ ਜਾਤੀ ਨੂੰ ਉਚਾ ਚੁੱਕ ਕੇ ਆਦਮੀ ਦੇ ਬਰਾਬਰ ਲਿਆਉਣ ਦੀ ਕੋਸ਼ਿਸ਼ ਕੀਤੀ ਸੀ। ਸਾਰੇ ਦੇਸ਼ ਅਤੇ ਯੂ. ਐਨ. ਓ. ਵੀ ਇਸਤ੍ਰੀ ਦੇ ਹੱਕਾਂ ਲਈ ਅਵਾਜ਼ ਬੁਲੰਦ ਕਰ ਰਹੇ ਹਨ। ਪਰ ਅਫਸੋਸ ਨਾਲ ਕਹਿਣਾ ਪੈ ਰਿਹਾ ਹੈ ਕਿ ਸਾਡੇ ਗੁਰੂਆਂ ਦੀ ਕੀਤੀ ਕਰਾਈ ਤੇ ਪਾਣੀ ਫੇਰਨ ਲਈ ਇੱਕ ਗੰਦੀ ਕਿਤਾਬ ਨੂੰ ਡੇਰਿਆਂ ਅਤੇ ਭੰਗ ਪੀਣੇ ਨਿਹੰਗਾਂ ਰਾਹੀਂ ਬਹੁਤ ਜ਼ਿਆਦਾ ਉਭਾਰਿਆ ਜਾ ਰਿਹਾ ਹੈ। ਇਸ ਗੰਦੀ ਕਿਤਾਬ ਵਿੱਚ ਇਸਤ੍ਰੀ ਜਾਤੀ ਦੀ ਰੱਜ ਕੇ ਨਿੰਦਿਆ ਕੀਤੀ ਗਈ ਹੈ। ਇਥੋਂ ਤੱਕ ਵੀ ਕਿਹਾ ਗਿਆ ਹੈ ਕਿ ਰੱਬ ਆਪ ਵੀ ਇਸਤ੍ਰੀ ਨੂੰ ਪੈਦਾ ਕਰਕੇ ਪਛਤਾਇਆ ਸੀ। ਭਾਵ ਕੇ ਜੇ ਇਸਤ੍ਰੀ ਨਾ ਹੁੰਦੀ ਤਾਂ ਬੰਦੇ ਵੀ ਕਿਥੋਂ ਜੰਮਣੇ ਸੀ ਅਤੇ ਮਨੁੱਖ ਜਾਤੀ ਹੀ ਨਹੀਂ ਪੈਦਾ ਹੋਣੀ ਸੀ। ਇਹ ਧਰਮ ਦਾ ਪੁੱਠਾ ਗੇੜ ਉਹਨਾ ਵਲੋਂ ਦਿਤਾ ਜਾ ਰਿਹਾ ਹੈ ਜਿਹੜੇ ਕਿ ਦੇਖਣ ਨੂੰ ਸਭ ਤੋਂ ਵੱਧ ਧਰਮੀ ਲੱਗਦੇ ਹਨ। ਜਿਹੜੇ ਦੇਖਣ ਨੂੰ ਭਾਵੇਂ ਬਹੁਤੇ ਧਰਮੀ ਨਹੀਂ ਲੱਗਦੇ ਖਾਸ ਕਰਕੇ ਵੀਰ ਭੁਪਿੰਦਰ ਸਿੰਘ ਵਰਗੇ ਉਹ ਅਸਲੀ ਅਰਥਾਂ ਵਿੱਚ ਸਹੀ ਧਰਮ ਦੀ ਵਿਆਖਿਆ ਕਰ ਰਹੇ ਹਨ। ਉਹਨਾਂ ਦੀਆਂ ਸਾਰੀਆਂ ਗੱਲਾਂ ਨਾਲ ਭਾਂਵੇਂ ਸਾਰੇ ਸਹਿਮਤ ਨਾ ਹੋਣ ਪਰ ਉਹਨਾ ਨੇ ਆਪਣੇ ਜੀਵਨ ਵਿੱਚ ਗੁਰਬਾਣੀ ਵਾਲੇ ਰੱਬੀ ਗੁਣ ਕਾਫੀ ਧਾਰਨ ਕੀਤੇ ਹੋਏ ਹਨ। ਉਹ ਕਿਸੇ ਨੂੰ ਵੀ ਮੰਦਾ ਚੰਗਾ ਨਹੀਂ ਬੋਲਦੇ ਅਤੇ ਨਾ ਹੀ ਕਿਸੇ ਨਾਲ ਵਿਤਕਰਾ ਜਾਂ ਨਫਰਤ ਕਰਦੇ ਹਨ। ਉਹ ਤਾਂ ਹਰ ਇੱਕ ਨੂੰ ਪਿਆਰ ਤੇ ਨਿਮਰਤਾ ਨਾਲ ਹੀ ਪੇਸ਼ ਆਉਂਦੇ ਹਨ। ਮੈਂ ਸਿਰਫ ਇੱਕ ਵਾਰ ਹੀ ਉਹਨਾ ਨੂੰ ਮਿਲਿਆ ਹਾਂ। ਉਹਨਾ ਨੇ ਇੱਕ ਗੱਲ ਸੁਣਾਈ ਕਿ ਇੱਕ ਵਾਰ ਮੈਂ ਕਥਾ-ਕੀਰਤਨ ਕਰਕੇ ਹਟਿਆ ਤਾਂ ਇੱਕ ਸਿੰਘ ਮੈਨੂੰ ਮਿਲਿਆ ਤਾਂ ਇਸ ਨੇ ਪਿਆਰ ਨਾਲ ਉਸ ਨੂੰ ਗੱਲਵੱਕੜੀ ਵਿੱਚ ਲੈਣ ਦੀ ਕੋਸ਼ਿਸ਼ ਕੀਤੀ ਤਾਂ ਉਸ ਸਿੱਖ ਨੇ ਪਰ ਅਸਲ ਵਿੱਚ ਭੇਖੀ ਨੇ ਇਸ ਨੂੰ ਧੱਕੇ ਨਾਲ ਪਰੇ ਧੱਕ ਦਿੱਤਾ ਕਿ ਤੂੰ ਤਾਂ ਸਾਡੇ ਜਥੇ ਦਾ ਨਹੀਂ ਹੈਂ। ਕੀ ਇਹ ਸਿੱਖੀ ਹੈ? ਵਾਹਿਗੁਰੂ ਸਭ ਨੂੰ ਸਮੱਤ ਬਖਸ਼ੇ ਤਾਂ ਕਿ ਅਸੀਂ ਧਰਮ ਨੂੰ ਅਸਲੀ ਅਰਥਾਂ ਵਿੱਚ ਸਮਝ ਸਕੀਏ।

ਮੱਖਣ ਸਿੰਘ ਪੁਰੇਵਾਲ।

ਜੂਨ 01, 2014.




.