.

॥ਗੁਰਬਾਣੀ ਵਿਆਕਰਨ॥

ਕਾਰਕ (Case)

Grammar of the sikh scripture

ਪਰਿਭਾਸ਼ਾ

“ ਜਿਹੜੇ ਸ਼ਬਦ ਨਾਂਵ ਜਾਂ ਪੜਨਾਂਵ ਦਾ ਹੋਰਨਾ ਸ਼ਬਦਾਂ ਨਾਲ ਸਬੰਧ ਦੱਸਣ ਉਹਨਾਂ ਨੂੰ ਕਾਰਕ ਆਖਿਆ ਜਾਂਦਾ ਹੈ। ਜਿਨਾਂ ਸਬੰਧਕੀ ਚਿੰਨ੍ਹਾਂ ਰਾਹੀ ਇਹ ਸਬੰਧ ਪ੍ਰਗਟ ਹੁੰਦੇ ਹਨ , ਉਨਾਂ ਨੂੰ ‘ਕਾਰਕੀ’ ਚਿੰਨ੍ਹ ਕਹੀਦਾ ਹੈ। ਕਾਰਕ ਅੱਠ ਪ੍ਰਕਾਰ ਦੇ ਹੁੰਦੇ ਹਨ- :

1. ਕਰਤਾ ਕਾਰਕ (Nominative Case) - :

ਜਦੋਂ ਵਾਕ ਵਿਚਲਾ ਨਾਂਵ ਸਾਧਾਰਨ-ਰੂਪ ਵਿਚ ਹੋਵੇ ਜੇ ਉਸ ਵਾਕ ਦੇ ਉਦੇਸ਼ ਰੂਪ ਵਿਚ ਆਵੇ ਕਰਤਾ ਕਾਰਕ ਕਹੀਦਾ ਹੈ ਕਰਤਾ ਕਾਰਕ ਦਾ ਕਾਰਕੀ ਚਿੰਨ੍ਹ ‘ ਨੇ ‘ ਹੈ।

“ਆਗੈ ਸੁਖੁ ‘ਗੁਰਿ ‘ ਕੀਆ ਪਾਛੈ ਕੁਸਲ ਖੇਮ ‘ਗੁਰਿ’ ਕੀਆ (626)

ਗੁਰਿ- ਗੁਰੂ ਨੇ (ਕਰਤਾ ਕਾਰਕ ਪੁਲਿੰਗ ਨਾਂਵ ਇਕਵਚਨ)

“ ‘ਨਿੰਦਕਿ ‘ਅਹਿਲਾ ਜਨਮੁ ਗਵਾਇਆ” (380)

(ਨਿੰਦਕਿ- ਨਿੰਦਕ ਨੇ)

“ ‘ਗੁਰਿ’ ਕਾਟੀ ਅਗਿਆਨਤਾ, ਤਬ ਛੁਟਕੇ ਫੰਧਾ “ (400)

(ਗੁਰਿ- ਗੁਰੂ ਨੇ)

ਉਪਰੋਕਤ ਪੰਕਤੀਆਂ ਵਿਚ ਵਰਤੇ ਲਫ਼ਜ਼ ‘ਗੁਰਿ, ਨਿੰਦਕਿ,ਆਦਿ ਕਰਤਾਕਾਰਕ ਨਾਂਵ ਪੁਲਿੰਗ ਇਕਵਚਨ ਹਨ। ਇਕਵਚਨ ਕਰਤਾ ਕਾਰਕ ਪੁਲਿੰਗ ਗੁਰਬਾਣੀ ਵਿਚ ‘ਔਂਕੜ’ਸਿਹਾਰੀ ਨਾਲ ਮਿਲਦੇ ਹਨ।

॥ਕਰਤਾ ਕਾਰਕ ਬਹੁਵਚਨ- :

“ਸਿਧਾ ਸੇਵਨਿ ‘ਸਿਧ ਪੀਰ’ ਮਾਗਹਿ ਰਿਧਿ ਸਿਧਿ” (418)

“ ਮਨਮੁਖ ਨ ਬੂਝਹ, ਦੂਜੈ ਭਾਇਆ “ (128)

‘ਸਿਧ ਪੀਰ, ਮਨਮੁਖ ਆਦਿ ਪੁਲਿੰਗ ਨਾਂਵ ਕਰਤਾਕਾਰਕ ਬਹੁਵਚਨ ਹਨ ਇਹਨਾਂ ਦੇ ਗੁਰਬਾਣੀ ਵਿਚ ਅੰਤ ‘ਬਿਹਾਰੀ,ਮੁਕਤਾ, ਕੰਨਾ,’ਹ’ ਮੁਕਤੇ ਰੂਪ ਵਿਚ ਰੂਪ ਮਿਲਦੇ ਹਨ।

ਜਿਵੇਂ

“ ਸਾਹਾ ਸੁਰਤਿ ਗਵਾਈਆ,ਰੰਗਿ ਤਮਾਸੈ ਚਾਇ “ (417)

ਸਾਹਾ-ਸ਼ਾਹਾਂ ਨੇ (ਸਾਹਾ ਦਾ ਉਚਾਰਨ-ਸ਼ਾਹਾਂ ਕਰਨਾ ਹੈ)

2.ਕਰਮ ਕਾਰਕ (Objective case)- :

ਜਿਸ ਨਾਂਵ ਉਪਰ ਕਿਰਿਆ ਦੇ ਰਾਹੀਂ ਦੱਸੇ ਕੰਮ ਦਾ ਪ੍ਰਭਾਵ ਪਏ ਕਰਮ ਕਾਰਕ ਆਖਵਾਉਂਦਾ ਹੈ। ਕਰਮ ਕਾਰਕ ਦਾ ਕਾਰਕੀ ਚਿੰਨ੍ਹ ‘ਨੂੰ ‘ ਹੈ।

“’ ਹੁਕਮੈ’ ਬੂਝੈ ਚਉਪੜਿ ਖੇਲੈ, ਮਨੁ ਜਿਣਿ ਢਾਲੇ ਪਾਸਾ” (79)

ਹੁਕਮੈ ਬੂਝੈ-ਹੁਕਮ ਨੂੰ ਬੂਝੇ-ਕਰਮ ਕਾਰਕ ਪੁਲਿੰਗ ਨਾਂਵ ਇਕਵਚਨ

“ਨਾਨਕ, ਭਾਗੁ ਹੋਵੈ ਜਿਸੁ ਮਸਤਕਿ,’ਕਾਲਹਿ’ ਮਾਰਿ ਬਿਦਾਰੇ” (797)

ਕਾਲਹਿ- ਕਾਲ ਨੂੰ

“ਸੂਖ ਸਹਜ ਅੰਨਦ ਘਨੇਰੇ ਨਾਨਕ, ਜੀਵੈ ਹਰਿ ਗੁਣਹ ਵਖਾਣਿ” (826)

ਗੁਣਹ- ਗੁਣਾਂ ਨੂੰ ਕਰਮ ਕਾਰਕ ਬਹੁਵਚਨ

ਗੁਰਬਾਣੀ ਵਿਚ ਕਰਮ ਕਾਰਕ ਦੇ ਅੰਤ ‘ਮੁਕਤਾ, ਕੰਨਾ, ਸਿਹਾਰੀ ਆਦਿ ਵਾਲੇ ਰੂਪ ਮਿਲਦੇ ਹਨ।

3.ਕਰਣ ਕਾਰਕ (Instrumental case) -:

ਜਿਸ ਨਾਂਵ ਦੇ ਰਾਹੀਂ ਕਿਰਿਆ ਨਾਲ ਦੱਸੇ ਕੰਮ ਦਾ ਹੋਣਾ ਪ੍ਰਤੱਖ ਹੋਵੇ ਉਸ ਨੂੰ ‘ਕਰਨ ਕਾਰਕ ਕਹਿੰਦੇ ਹਨ।

ਇਸ ਦਾ ਕਾਰਕੀ ਚਿੰਨ੍ਹ ‘ ਨਾਲ’ ਜਾਂ ਰਾਹੀਂ ਹੈ।ਜਿਵੇਂ - :

“ ‘ਸਚਿ’ ਮਿਲੈ ਸਚਿਆਰ, ਕੂੜਿ ਨ ਪਾਈਐ “ (419)

ਸਚਿ- ਸਚ ਰਾਹੀਂ ਕਰਣ ਕਾਰਕ ਇਕਵਚਨ

“ ‘ਗੁਰਸਬਦੀ’ ਗੋਵਿਦੁ ਗਜਿਆ” (1315)

ਗੁਰਸਬਦੀ- ਗੁਰੂ ਦੇ ਸ਼ਬਦ ਰਾਹੀਂ ਕਰਣ ਕਾਰਕ ਇਕ ਵਚਨ (ਸਬਦ- ਉਚਾਰਨ-ਸ਼ਬਦ)

“ਗੁਰ ਕੈ ‘ਸਬਦੇ’ ਮੋਖ ਦੁਆਰਾ” (1052)

ਸਬਦੇ- ਸ਼ਬਦ ਰਾਹੀਂ ਕਰਣ ਕਾਰਕ ਇਕਵਚਨ

“ਦੂਧਹਿ ਦੁਹਿ ਮਟੁਕੀ ਜਬ ਭਰੀ” (1166)

ਦੂਧਹਿ- ਦੁਧ ਨਾਲ (ਉਚਾਰਨ -ਦੂਧਹਿਂ)

ਕਰਣਕਾਰਕ ਬਹੁਵਚਨ- :

“ ਨੈਨਹੁ ਪੇਖੁ ਠਾਕੁਰ ਕਾ ਰੰਗੁ “ (281)

ਨੈਨਹੁ- ਨੈਣਾਂ ਨਾਲ (ਉਚਾਰਨ- ਨੈਨਹੁਂ ਬਿੰਦੀ ਸਹਿਤ)

“ਦੁਇ ਦੁਇ ਲੋਚਨ ਪੇਖਾ “ (655)

ਲੋਚਨ- ਨੈਣਾਂ ਨਾਲ

“ ‘ਗਜੀ’ ਨ ਮਿਨੀਐ, ਤੋਲਿ ਨ ਤੁਲੀਐ, ਪਾਚਨ ਸੇਰ ਅਢਾਈ” (335)

ਗਜੀ- ਗੱਜ਼ਾਂ ਨਾਲ ( ਨੋਟ ‘ ਗਜੀ’ ਦਾ ਉਚਾਰਨ ‘ ਗਜ਼ੀਂ ‘ ਕਰਨਾ ਉਚਿਤ ਹੈ।) ਕਰਣਕਾਰਕ ਗੁਰਬਾਣੀ ਵਿਚ ‘ਮੁਕਤਾ, ਸਿਹਾਰੀ, ਬਿਹਾਰੀ, ਕੰਨੇ, ਵਾਲੇ ਰੂਪ ਵਿਚ ਮਿਲਦੇ ਹਨ।

4.ਸੰਪ੍ਰਦਾਨ ਕਾਰਕ (Dative Case) - :

ਸੰਪ੍ਰਦਾਨ ਪਦ ਦੇ ਅਖਰੀ ਅਰਥ ‘ਬਖਸ਼ਿਸ਼ ‘ ਹਨ। ਕਿਸੇ ਨੂੰ ਕੋਈ ਵਸਤੂ ਦਿਤੀ ਜਾਏ ਉਹ ਨਾਂਵ, ਪੜਨਾਂਵ ਜਿਨ੍ਹਾਂ ਲਈ ਕਰਤਾ ਕੰਮ ਕਰੇ ਉਸ ਨੂੰ ‘ਸੰਪ੍ਰਦਾਨ ਕਾਰਕ’ ਕਿਹਾ ਜਾਂਦਾ ਹੈ

ਇਸ ਦਾ ਕਾਰਕੀ ਚਿੰਨ੍ਹ ‘ ਲਈ’ ਵਾਸਤੇ’ ਤੋਂ ‘ਨੂੰ’, ਹੈ। ਗੁਰਬਾਣੀ ਪ੍ਰਮਾਣ- :

“ ਜੇ ਮੋਹਾਕਾ ਘਰੁ ਮੁਹੈ, ਘਰ ਮੁਹਿ ‘ਪਿਤਰੀ’ ਦੇਇ (472)

ਪਿਤਰੀ- ਪਿਤਰਾਂ ਲਈ, ਨਾਂਵ ਪੁਲਿੰਗ ਬਹੁਵਚਨ ਸੰਪ੍ਰਦਾਨ ਕਾਰਕ ( ਪਿਤਰੀਂ)

“ ਬਲਿਹਾਰੀ ਗੁਰਦੇਵ ‘ਚਰਨ’ “ (1206)

ਚਰਨ- ਚਰਨ ਤੋਂ ਬਹੁਵਚਨ ਸੰਪ੍ਰਦਾਨ ਕਾਰਕ

“ਸਤਿਗੁਰ ਦਰਸਨਿ ਅਗਨਿ ਨਿਵਾਰੀ ‘ਸਤਿਗੁਰ’ ਭੇਟਤ ਹਉਮੈ ਮਾਰੀ (183)

ਸਤਿਗੁਰ- ਸਤਿਗੁਰੂ ਨੂੰ ਇਕਵਚਨ ਸੰਪ੍ਰਦਾਨ ਕਾਰਕ

“ਆਦਿ ‘ ਗੁਰਏ’ ਨਮਹ ਜੁਗਾਦਿ ‘ਗੁਰਏ’ ਨਮਹ (262)

ਗੁਰਏ- ਗੁਰੂ ਨੂੰ (ਨੋਟ ‘ਨਮਹ’ ਦਾ ਉਚਾਰਨ ‘ਨਮਹਿ’ ਵਾਂਗ ਕਰਨਾ ਠੀਕ ਨਹੀਂ ਹੈ।)

“ ਫਰੀਦਾ ਖਿੰਥੜਿ ਮੇਖਾ ਅਗਲੀਆ ‘ਜਿੰਦੁ’ ਨ ਕਾਈ ਮੇਖ (1380)

ਜਿੰਦੁ- ਜਿੰਦ ਨੂੰ (ਇਸਤਰੀ ਲਿੰਗ ਨਾਂਵ ਔਂਕੜ ਮੂਲਕ ਹੈ)

“ ਸੰਤ ‘ਸਭਾ’ ਜੈਕਾਰੁ ਕਰਿ ਗੁਰਮੁਖਿ ਕਰਮ ਕਮਾਉ “ (1411)

ਸੰਤ ਸਭਾ- ਸੰਤ ਸਭਾ ਨੂੰ ਇਸਤਰੀ ਲਿੰਗ ਨਾਂਵ ਸੰਪ੍ਰਦਾਨ ਕਾਰਕ।

5. ਆਪਾਦਾਨ ਕਾਰਕ (Ablative Case) - :

ਆਪਾਦਾਨ ਦਾ ਅਰਥ ਲੈਣਾ ਜਿਸ ਵਸਤੂ ਜਾਂ ਥਾਂ ਤੋਂ ਕੋਈ ਚੀਜ਼ ਅੱਡ ਕੀਤੀ ਜਾਵੇ ਜਾਂ ਜਿਸ ਥਾਂ ਤੋਂ ਕਿਰਿਆ ਦੁਆਰਾ ਪ੍ਰਗਟ ਕੀਤੇ ਕੰਮ ਦਾ ਅਰੰਭ ਹੋਵੇ ਜਿਵੇਂ - :

“ਮਨਮੁਖਾਂ ‘ਨਾਲੋਂ’ ਟੁੱਟੀ ਭਲੀ”

ਇਸ ਦੇ ਚਿੰਨ੍ਹ ‘ ਤੋਂ’ ,ਪਾਸੋਂ , ਕੋਲੋਂ , ਆਦਿ ਹਨ।

ਗੁਰਬਾਣੀ ਪ੍ਰਮਾਣ - :

“ ਗੁਰ ‘ਤੇ’ ਮੁਹੁ ਫੇਰੇ ਤਿਨੑ ਜੋਨਿ ਭਵਾਈਐ” (832)

ਤੇ-ਆਪਾਦਾਨ ਕਾਰਕ

“ਗੋਸਾਈ ਮਿਹੰਡਾ ਇਠੜਾ ਅੰਮ ਅਬੇ ‘ ਥਾਵਹੁ’ ਮਿਠੜਾ” (73)

ਥਾਵਹੁ- ਆਪਾਦਾਨ ਕਾਰਕ (ਥਾਵਹੁ- ਉਚਾਰਨ ਨਾਸਕੀ ‘ਥਾਵਹੁਂ’।)

“ ਜੈ ‘ਤਨਿ ‘ ਬਾਣੀ ਵਿਸਰਿ ਜਾਇ ਜਿਉ ਪਕਾ ਰੋਗੀ ਵਿਲਲਾਇ “ (661)

ਤਨਿ- ਤਨ ਤੋਂ ਆਪਾਦਾਨ ਕਾਰਕ ਨਾਂਵ ਪੁਲਿੰਗ ਇਕ ਵਚਨ।

“ ‘ਨਾਕਹੁ’ ਕਾਟੀ ਕਾਨਹੁ ਕਾਟੀ, ਕਾਟਿ ਕੂਟਿ ਕੈ ਡਾਰੀ “ (476)

ਨਾਕਹੁ-ਨਕ ਤੋਂ (ਉਚਾਰਨ ਨਾਸਕੀ ਬਿੰਦੀ ਸਹਿਤ ‘ਨਾਕਹੁਂ’।

“ ‘ਲੋਹੳ’ ਹੋਯਉ ਲਾਲੁ ਨਦਰਿ ਸਤਿਗੁਰੁ ਜਦਿ ਧਾਰੈ “ (1399)

ਲੋਹਉ- ਲੋਹੇ ਤੋਂ ਆਪਾਦਾਨ ਕਾਰਕ ਨਾਂਵ ਸੰਧੀ ਸ੍ਵਰ (ਲੋਹਉਂ)

6. ਸੰਬੰਧ ਕਾਰਕ (Possessive Case) - :

ਇਕ ਵਿਅਕਤੀ ਜਾਂ ਵਸਤੂ ਦਾ ਕਿਸੇ ਦੂਜੇ ਵਿਅਕਤੀ ਨਾਲ ਮਾਲਕੀ ਸਬੰਧ ਚਿੰਨ੍ਹ - ਕਾ, ਕੇ, ਕੀ, ਕੀਆ, ਦਾ, ਦੇ, ਦੀ, ਦੀਆ, ਚ, ਚੇ, ਚੀ, ਚੋ, ਖੋ, ਸੰਦਾ, ਕੇਰਾ, ਰੋ, ਆਦਿ । ਪ੍ਰਮਾਣ- :

“ ਪ੍ਰਭ ‘ ਕਾ’ ਕੀਆ ਮੀਠਾ ਮਾਨੈ” (392)

ਕਾ-ਸੰਬੰਧ ਕਾਰਕ ( ਪ੍ਰਭ ਦਾ ਔਂਕੜ ਇਸ ਕਰਕੇ ਲਹਿ ਗਿਆ)

“ਦਾਮਨੀ ਚਮਤਕਾਰ, ਤਿਉ ਵਰਤਾਰਾ ਜਗ ‘ਖੇ’ (319)

ਖੇ- ਸਬੰਧਕੀ

“ ਬਾਜ ਪਏ ਤਿਸੁ ਰਬ ‘ਦੇ’ ਕੇਲਾਂ ਵਿਸਰੀਆਂ (1383)

ਦੇ- ਸੰਬੰਧ ਕਾਰਕ ਪੁਲਿੰਗ ਬਹੁਵਚਨ

“ ਮਨਮੁਖਾ ‘ ਕੇਰੀ ‘ ਦੋਸਤੀ ਮਾਇਆ ਕਾ ਸਨਬੰਧੁ “ (959)

ਕੇਰੀ-ਇਸਤਰੀ ਲਿੰਗ ਇਕਵਚਨ ਸੰਬੰਧ ਕਾਰਕ

“ ਹਰਿ ‘ ਕੀਆ’ ਕਥਾ ਕਹਾਣੀਆ ਗੁਰਿ ਮੀਤਿ ਸੁਣਾਈਆ” (725)

ਕੀਆ- ਇਸਤਰੀ ਲਿੰਗ ਬਹੁਵਚਨ ਸੰਬੰਧ ਕਾਰਕ (ਕੀਆਂ)

(ਨੋਟ ਇਸ ਕਾਰਕ ਬਾਰੇ ਵਿਸਤਾਰ ਸਹਿਤ ਵੀਚਾਰ ਫਿਰ ਪੇਸ਼ ਕੀਤੀ ਜਾਵੇਗੀ।)

7.ਅਧਿਕਰਣ ਕਾਰਕ ( Locative Case) -:

ਕਿਰਿਆ ਦੁਆਰਾ ਪ੍ਰਗਟਾਇਆ ਕੰਮ ਜਿਸ ਵਿਅਕਤੀ.ਵਸਤੂ ਜਾਂ ਅਸਥਾਨ ਉੱਤੇ ਆਸ੍ਰਿਤ ਹੋਵੇ। ਅਧਿਕਰਣ ਕਾਰਕ ਦੇ ਚਿੰਨ੍ਹ ‘ ਵਿਚਿ.ਅੰਤਰਿ. ਅੰਦਰਿ, ਮੰਝਿ, ਭੀਤਰ, ਉਪਰ , ਆਗੈ, ਪਾਛੈ, ਆਦਿ ਹਨ। ਪ੍ਰਮਾਣ - :

“ ਸਤਿਗੁਰ ‘ ਵਿਚਿ’ ਆਪੁ ਰਖਿਓਨੁ, ਕਰਿ ਪਰਗਟੁ ਆਖਿ ਸੁਣਾਇਆ (466)

ਵਿਚਿ- ਅਧਿਕਰਨ ਕਾਰਕ

“ ਮਨ ‘ਮਧੇ’ ਜਾਨੈ ਜੇ ਕੋਇ ਜੋ ਬੋਲੈ ਸੋ ਆਪੈ ਹੋਇ” (1162)

ਮਧੇ- ਅਧਿਕਰਨ ਕਾਰਕ

“ਸੁਲਤਾਨੁ ਹੋਵਾ ਮੇਲਿ ਲਸਕਰ, ‘ਤਖਤਿ’ ਰਾਖਾ ਪਾਉ (14)

ਤਖਤਿ- ਤਖਤ ਉੱਤੇ ਪੁਲਿੰਗ ਨਾਂਵ ਅਧਿਕਰਨ ਕਾਰਕ

“ਪਾਵਹੁ’ ਬੇੜੀ ਹਾਥਹੁ ਤਾਲ ਨਾਮਾ ਗਾਵੈ ਗੁਨ ਗੋਪਾਲ” (1166)

ਪਾਵਹੁ-ਪੈਰਾਂ ਵਿਚ ਬਹੁਵਚਨ ਨਾਂਵ ਅਧਿਕਰਣ ਕਾਰਕ (ਪਾਵਹੁਂ)

8. ਸੰਬੋਧਨ ਕਾਰਕ (Vocstive Case) - :

ਨਾਂਵ ਦਾ ਉਹ ਰੂਪ ਜੋ ਕਿਸੇ ਨੂੰ ਸੰਬੋਧਨ ਕਰਨ ਲਈ ਵਰਤਿਆ ਜਾਵੇ

ਪ੍ਰਮਾਣ

“ ‘ਏ’ ਸਾਜਨ ਕਛੁ ਕਹਹੁ ਉਪਾਇਆ “ (251)

ਏ ! ਸੰਬੋਧਨ ਕਾਰਕ ( ਸੰਬੋਧਨ ਕਾਰਕ ਸੰਬੋਧਨੀ ਰੂਪ ਵਿਚ ਉਚਾਰਿਆ ਜਾਵੇ ਤਾਂ ਠੀਕ ਹੈ)

“ ‘ਅਰੀ’ ਬਾਈ ਗੋਬਿਦ ਨਾਮੁ ਮਤਿ ਬੀਸਰੈ “ (526)

ਅਰੀ ! ਸੰਬੋਧਨ ਕਾਰਕ

“ਸਹੁ ‘ਵੇ’ ਜੀਆ ਅਪਣਾ ਕੀਆ “ (467)

ਵੇ ! ਸੰਬੋਧਨ

“ ‘ਗੋਪਾਲ’ ਤੇਰਾ ਆਰਤਾ “ (695)

ਗੋਪਾਲ ! ਸੰਬੋਧਨ’

“ ‘ਸੰਤਹੁ’ ਹਰਿ ਹਰਿ ਹਰਿ ਆਰਾਧਹੁ “ (627)

ਸੰਤਹੁ - !

ਭੁੱਲ ਚੁੱਕ ਮੁਆਫ

ਹਰਜਿੰਦਰ ਸਿੰਘ ‘ਘੜਸਾਣਾ’

+9175976-43748




.