.

ਜੂਨ 1984 ਦੇ ਤੀਜੇ ਘਲੂਘਾਰੇ ਦੇ 30 ਸਾਲ ਬਾਅਦ ਵੀ ਮੀਰੀ ਪੀਰੀ ਦੇ ਸਿੱਖੀ ਸਿਧਾਂਤਾਂ ਨੂੰ ਸਮਰਪਿਤ,
ਸਿੱਖਾਂ ਦੀ ਸਰਬਉਚ ਅਦਾਲਤ ਸ੍ਰੀ ਅਕਾਲ ਤੱਖਤ ਤੋਂ ਵੀ ਸਿੱਖ ਕੌਮ ਨੂੰ ਇੰਨਸਾਫ ਕਿਉਂ ਨਹੀਂ ਮਿਲਿਆ?

ਜਥੇਦਾਰ ਮਹਿੰਦਰ ਸਿੰਘ ਖਹਿਰਾ,


ਦੇਸ ਪ੍ਰਦੇਸ 9-5-2014 ਦੇ ਅੰਕ ਨੂੰ 2339 ਦੇ ਸਫਾ 15 ਉਤੇ ਹੇਠ ਲਿਖੇ ਅਨੁਸਾਰ ਇੱਕ ਖਬਰ ਛਪੀ ਹੈ ਕਿ, ‘ਪੰਜਾਬ ਦੀਆਂ 16 ਸਿੱਖ ਸੰਸਥਾਵਾਂ ਵਲੋਂ ਮੁੱਖ ਮੰਤਰੀ ਬਾਦਲ ਵਿਰੁਧ ਜਹਾਦ, ਪੰਥ ਰਤਨ ਫਖਰ–ਏ –ਕੌਮ ਦੀ ਉਪਾਧੀ ਵਾਪਿਸ ਲੈਣ ਲਈ ਜਥੇਦਾਰ ਅਕਾਲ ਤੱਖਤ ਨੂੰ ਮੰਗ ਪੱਤਰ ਭੇਜਿਆ। ਇਸ ਖਬਰ ਦਾ ਸਾਰ ਅੰਸ਼ ਹੈ ਕਿ ਮਨੁੱਖੀ ਅਧਿਕਾਰਾ ਦੀ ਜਥੇਬੰਦੀ ਦੇ ਵਕੀਲ ਅਮਰ ਸਿੰਘ ਚਾਹਲ, ਪੰਜਾਬ ਹੀਊਮਨ ਰਾਈਟ ਸੰਸਥਾ ਦੇ ਚੇਅਰਮੈਨ ਜਸਟਿਸ (ਸੇਵਾ ਮੁਕਤ) ਅਜੀਤ ਸਿੰਘ ਬੈਂਸ ਸਮੇਤ 16 ਸਿੱਖ ਸੰਸਥਾਵਾ ਵਲੋਂ ਭੇਜੇ ਮੈਮੋਂਰੰਡਮ ਵਿੱਚ ਦੋਸ਼ ਲਾਇਆ ਗਿਆ ਹੈ ਕਿ ਸਰਦਾਰ ਬਾਦਲ ਨੇ ਆਪਣੇ ਕੁਨਬੇ ਦਾ ਰਾਜ ਬਰਕਰਾਰ ਰੱਖਣ ਲਈ ਪੰਜਾਬ ਦਾ ਸਭ ਕੁੱਝ ਦਾਉ ਤੇ ਲਾ ਦਿੱਤਾ ਹੈ। ਸ੍ਰੀ ਦਰਬਾਰ ਸਾਹਿਬ ਉਪਰ ਹਮਲਾ ਕਰਾਉਂਣ ਵਾਲਿਆਂ ਨਾਲ ਭਾਈ ਵਾਲੀਆਂ ਪਾਲੀਆਂ ਜਾ ਰਹੀਆਂ ਹਨ ਅਤੇ ਸਰਦਾਰ ਬਾਦਲ ਦੇ ਮੁੱਖ ਮੰਤਰੀ ਕਾਲ ਦੋਰਾਨ ਸਿੱਖੀ ਜੀਵਨ ਤੇ ਕਦਰਾਂ ਕੀਮਤਾਂ ਵਿੱਚ ਭਾਰੀ ਗਿਰਾਵਟ ਆਈ ਹੈ ਅਤੇ ਸਿੱਖ ਕੌਮ ਦੀ ਅਜਾਦ ਹਸਤੀ ੳਪਰ ਇੱਕ ਵਡਾ ਸੁਆਲੀਆ ਨਿਸ਼ਾਨ ਲੱਗ ਗਿਆ ਹੈ’।
ਦਾਸ ਨੂੰ ਯਾਦ ਹੈ, ਜਦੋਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਸ੍ਰੀ ਅਕਾਲ ਤੱਖਤ ਤੋਂ ਪੰਥ ਰਤਨ ਫਖਰ-ਏ-ਕੌਮ ਦੀ ਉਪਾਧੀ ਦਿੱਤੀ ਗਈ ਸੀ ਤਾਂ 16 ਦਸੰਬਰ, 2011 ਦੇ ਦੇਸ ਪ੍ਰਦੇਸ ਦੇ ਅੰਕ 2214 ਦੇ ਮੁੱਖ ਪੰਨੇ ਦੀ ਸੁਰਖੀ ਸੀ ਕਿ ‘ਮੀਰੀ ਦੀ ਤਾਕਤ ਅੱਗੇ ਪੀਰੀ ਨੂੰ ਝੁਕਣਾ ਪਿਆ। ਸਿੱਖਾਂ ਵਲੋਂ ਵਿਰੋਧ ਦੇ ਬਾਵਜੂਦ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਸ੍ਰੀ ਅਕਾਲ ਤੱਖਤ ਸਾਹਿਬ ਤੋਂ ਪੰਥ ਰਤਨ ਫਖਰ-ਏ-ਕੌਮ ਦਾ ਖਿਤਾਬ ਹਾਸਲ ਕੀਤਾ, ਦੇਸ ਪ੍ਰਦੇਸ ਦੇ ਇਸੇ ਅੰਕ 2214 ਦੀ ਸੰਪਾਦਕੀ ਕਾਲਮ ਵਿੱਚ ਸਰਦਾਰ ਗੁਰਬਖਸ਼ ਸਿੰਘ ਵਿਰਕ ਨੇ “ਕੀ ਸਿੱਖਾਂ ਨੂੰ ਬਾਦਲ ਦੀਆਂ ਪ੍ਰਾਪਤੀਆਂ ਉਪਰ ਫਖਰ ਹੋ ਸਕਦੈ?” ਦੇ ਸਿਰਲੇਖ ਹੇਠ ਟਿੱਪਣੀ ਕੀਤੀ ਸੀ ਕਿ “ਵਿਸ਼ਵ ਭਰ ਵਿੱਚ ਖਾਲਸਾ ਪੰਥ ਦੇ ਇੱਕ ਵਡੇ ਹਿੱਸੇ ਵਲੋਂ ਵਿਰੋਧ ਦੇ ਬਾਵਜੂਦ ਸ੍ਰੀ ਅਕਾਲ ਤੱਖਤ ਸਾਹਿਬ ਵਿਖੇ ਪੰਜ ਸਿੰਘ ਸਾਹਿਬਾਨ (ਪੰਜਾਂ ਹੀ ਤੱਖਤਾਂ ਦੇ ਜਥੇਦਾਰ) ਵਲੋਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਪੰਥ ਰਤਨ ਫਖਰ-ਏ-ਕੌਮ ਦੀ ਉਪਾਧੀ ਦਿੰਦਿਆਂ ਜੋ ਚਾਂਦੀ ਦੀ ਤਸਕਰੀ ਭੇਂਟ ਕੀਤੀ ਗਈ ਉਸ ਦੀ ਅਬਾਰਤ ਵਿੱਚ ਲਿਖਿਆ ਹੈ ਕਿ “ਅਕਾਲ ਤੱਖਤ ਸਾਹਿਬ ਵਿਖੇ ਹਾਜਰ ਹੋਏ ਪ੍ਰਕਾਸ਼ ਸਿੰਘ ਬਾਦਲ ਮੁੰਖ ਮੰਤਰੀ ਪੰਜਾਬ ਨੂੰ ਉਨ੍ਹਾਂ ਵਲੋਂ ਪੰਥਕ ਅਤੇ ਸਿਆਸੀ ਜੀਵਨ `ਚ ਕੀਤੀਆਂ ਸੇਵਾਵਾਂ ਬਦਲੇ ਸਿਰੋਪਾਓ, ਸ੍ਰੀ ਸਾਹਿਬ ਤੇ ਪੰਥ ਰਤਨ ਫਖਰ-ਏ-ਕੌਮ ਦੀ ਉਪਾਧੀ ਬਖਸ਼ਿਸ਼ ਕੀਤੀ ਜਾਂਦੀ ਹੈ। ਕਰਤਾ ਪੁਰਖ ਰਹਿਮਤ ਕਰਨ ਪ੍ਰਕਾਸ਼ ਸਿੰਘ ਉਪਰ ਗੁਰੂ ਪੰਥ ਦੀਆਂ ਖੁਸ਼ੀਆਂ ਹੋਵਣ ਉਨ੍ਹਾਂ ਦਾ ਸਿੱਖੀ ਸਿਦਕ ਭਰੋਸਾ ਸੁਆਸਾ ਨਾਲ ਨਿਭੇ”।
ਇਸ ਰਸਮ ਤੋਂ ਪਹਿਲਾਂ ਸ੍ਰੀ ਅਕਾਲ ਤੱਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਇਸ ਹਕੀਕਤ ਨੂੰ ਪ੍ਰਵਾਨ ਕੀਤਾ ਕਿ ਸਰਦਾਰ ਬਾਦਲ ਨੂੰ ਇਹ ਸਨਮਾਣ ਦੇਣ ਲਈ ਜਥੇਦਾਰਾਂ ਨੂੰ ਸਫਾਰਸ਼ੀ ਚਿੱਠੀ ਲਿਖੀ ਗਈ ਸੀ, ਅੱਗੇ ਸਰਦਾਰ ਗੁਰਬਖਸ਼ ਸਿੰਘ ਵਿਰਕ ਲਿਖਦੇ ਹਨ ਕਿ ਅਸੀਂ ਸਮਝਦੇ ਹਾਂ ਕਿ ਸਰਦਾਰ ਬਾਦਲ ਨੇ ਇਹ ਸਨਮਾਨ ਆਪਣੇ ਸਿਆਸੀ ਬਲ ਬੂਤੇ ਨਾਲ ਹਾਸਲ ਕੀਤਾ ਹੈ। ਸੰਨ 78 ਦੀ ਵੈਸਾਖੀ ਦੇ ਘਲੂਘਾਰੇ ਤੋਂ ਲੈ ਕੇ ਉਨ੍ਹਾਂ ਨੇ ਹੁਣ ਤੱਕ ਪੰਥਕ ਹਿੱਤਾ ਨਾਲ ਜੋ ਖਿਲਵਾੜ ਕੀਤਾ ਹੈ ਉਸ ਉਪਰ ਕਿਸੇ ਵੀ ਸਿੱਖ ਨੂੰ ਫਖ਼ਰ ਨਹੀਂ ਹੋ ਸਕਦਾ ਇਸ ਸਾਰੀ ਯੋਜਨਾ ਪਿਛੇ ਉਨ੍ਹਾਂ ਦੇ ਪੁੱਤਰ ਸੁਖਬੀਰ ਸਿੰਘ ਬਾਦਲ ਦਾ ਹੱਥ ਹੈ, ਜਿਹਨਾਂ ਨੇ ਸ਼ਰੋਮਣੀ ਕਮੇਟੀ ਦੇ ਪ੍ਰਬੰਧ ਦੀ ਸਾਰੀ ਜਿਮੇਂਵਾਰੀ ਸਿੱਖਾਂ ਦੀ ਅਜਾਦੀ ਦੇ ਸੰਘਰਸ਼ ਤੋਂ ਭਗੌੜੇ ਹੋਏ ਕੁੱਝ ਚਾਪਲੂਸ ਕਾਰਕੁੰਨਾਂ ਦੇ ਹੱਥ ਦਿੱਤੀ ਹੋਈ ਹੈ। ਕਮੇਟੀ ਪ੍ਰਧਾਨ ਦੁਆਲੇ ਵੀ ਇਨ੍ਹਾਂ ਲੋਕਾਂ ਦਾ ਘੇਰਾ ਹੈ ਜਿਨ੍ਹਾਂ ਨੇ 3 ਸਾਲ ਪਹਿਲਾਂ ਸਾਬਕਾ ਜਥੇਦਾਰ ਗਿਆਨੀ ਜੋਗਿੰਦਰ ਸਿੰਘ ਵੇਦੰਤੀ ਨੂੰ ਅੱਧੀ ਰਾਤ ਵੇਲੇ ਬਿਸਤਰੇ `ਚ ਸੁਤੇ ਪਏ ਨੂੰ ਉਠਾ ਕੇ ਅਸਤੀਫਾ ਲਿਖਵਾ ਲਿਆ ਸੀ।”
ਧਾਰਮਿਕ ਸ਼ਖਸ਼ੀਅਤਾਂ ਨੂੰ ਤਨਖਾਹਦਾਰ ਮੁਲਾਜਮ ਸਮਝਣ ਵਾਲੀ ਸਿਆਸੀ ਤਾਕਤ ਨਾਲ ਹਾਸਲ ਕੀਤੀ ਇਸ ਉਪਾਧੀ ਤੇ ਵਿਅੰਗ ਕਸਦਿਆਂ ਦੇਸ ਪ੍ਰਦੇਸ ਦੇ ਇਸੇ ਅੰਕ ਵਿੱਚ ਪ੍ਰੋਫੈਸਰ ਸ਼ੇਰ ਸਿੰਘ ਕੰਵਲ ਨੇ ਵਿਅੰਗ-ਵਡਾਂਗਾ ਦੇ ਕਾਲਮ ਵਿੱਚ ਵਿਅੰਗਮਈ ਕਾਵ ਟਿਪਣੀ ਇਸ ਤਰ੍ਹਾਂ ਕੀਤੀ ਸੀ ਕਿ:
ਹੋਵੇ ਪੰਥਕ ਸਟੇਜ ਨਾ ਦਿਸੇ ‘ਪੰਥਕ’ ਗੱਲਾਂ ਮੂਲ ਨਾ ਪੰਥ ਨੂੰ ਜਚੀਆਂ ਨੇ।
ਦਿੱਲ ਵਿੱਚ ਜਿਨ੍ਹਾਂ ਸਿੱਖੀ ਦਾ ਸੇਕ ਸੱਚਾ ਅੱਗਾਂ ਭਾਂਬੜਾਂ ਵਾਗਰਾਂ ਮੱਚੀਆਂ ਨੇ।
ਟੱਟੂ ਭਾੜੇ ਦੇ ਆਣ ਸਟੇਜ ਚੜ੍ਹੇ ਗੱਲਾਂ ਕੀਤੀਆਂ ਕੱਚ ਤੋਂ ਕੱਚੀਆਂ ਨੇ।
ਪੰਥ ਕਾਤਲਾਂ ਨੂੰ ਪੰਥ ਰਤਨ ਕਹਿ ਕੇ ਪਾਈਆਂ ਝੂਠੀਆਂ ਕਿਸੇ ਬੱਚੀਆਂ ਨੇ।
ਫੁਕਰੇ ਉਹੀਓ ਸੀ ਪੰਥ ਦਾ ਫਖ਼ਰ ਬਣਗੇ ਜਿਹੜੇ ਕੌਮੀ–ਜਰਨੈਲ ਮਰਵਾਉਣ ਵਾਲੇ।
ਲੱਖ ਲਾਹਣਤਾਂ ਫੱਕਰਾ ਨੌਕਰਾਂ ਨੂੰ ‘ਜਥੇਦਾਰ’ ਜੋ ਅੱਜ ਕਹਾਉਣ ਵਾਲੇ।
ਦੇਸ ਪ੍ਰਦੇਸ ਦੇ 2214 ਦੇ ਇਸੇ ਅੰਕ ਦੇ ਸਫਾ 33 ਉਤੇ ਸਰਦਾਰ ਕਰਮਜੀਤ ਸਿੰਘ ਨੇ ਆਪਣੇ ਲੇਖ, ‘ਕਾਜੀਆਂ ਬਾਮਣਾਂ ਕੀ ਗਲ ਥਕੀ ਅਗਦੁ ਪੜੈ ਸੈਤਾਨੁ ਵੇ ਲਾਲੋ॥” ਬਾਦਲ ਨੂੰ ਦਿੱਤੇ ਖਿਤਾਬ ਦੀ ਕੀਮਤ ਚੁਕਾਉਣੀ ਪਵੇਗੀ ਦੇ ਸਿਰਲੇਖ ਹੇਠ ਟਿਪਣੀ ਇੰਜ ਕੀਤੀ ਸੀ ਕਿ ਜੇ ਸਹਿਜ ਗੰਭੀਰਤਾ ਅਤੇ ਤਾਕਤਾਂ ਨੂੰ ਅਵਾਜ ਮਾਰੀ ਜਾਵੇ, ਜਿਨ੍ਹਾਂ ਦਾ ਗੁਰਮਤਿ ਦਰਸ਼ਨ ਵਿੱਚ ਪ੍ਰਕਾਸ਼ ਹੋਇਆ ਹੈ ਅਤੇ ਜੇ ਖਾਲਸਾ ਪੰਥ ਦੇ ਇਤਿਹਾਸ ਦੇ ਵਾਰਸਾਂ ਨੂੰ ਵੀ ਪੁਛਿਆ ਜਾਵੇ ਤਾਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਪੰਥ ਰਤਨ ਫਖਰ-ਏ –ਕੌਮ ਦਾ ਖਿਤਾਬ ਦੇ ਕੇ ਹਾਸੋਹੀਣਾ, ਗੈਰਇਤਿਹਾਸਕ, ਗੈਰ ਸਿਧਾਂਤਕ ਅਤੇ ਤਰਕਹੀਣ ਕੰਮ ਕੀਤਾ। ਹੁਣ ਦੋ ਗੱਲਾਂ ਪੱਥਰ ਤੇ ਲਕੀਰ ਹਨ। ਹੁਣ ਉਹ ਦਿਨ ਦੂਰ ਨਹੀਂ ਜਦੋਂ ਸਮੁੱਚੇ ਖਾਲਸਾ ਪੰਥ ਨੂੰ ਇਹੋ ਜਿਹੇ ਫੈਸਲਿਆਂ ਦੀ ਕੀਮਤ ਚੁਕਾਉਣੀ ਪੈ ਸਕਦੀ ਹੈ ਕਿਉਂਕਿ ਇਸ ਫੈਸਲੇ ਵਿੱਚ ਕੌਮ ਦੀ ਸਮੂਹਿਕ ਮਾਨਸਿਕਤਾ ਸ਼ਾਮਲ ਨਹੀਂ। ਦੂਜਾ ਉਹ ਸ਼ਗਨਾਂ ਵਾਲਾ ਦਿਨ ਵੀ ਦੂਰ ਨਹੀਂ, ਜਦੋਂ ਕਿ ਸਮਾਂ ਆਉਣ ਤੇ ਖਾਲਸਾ ਪੰਥ ਇਸ ਫੈਸਲੇ ਨੂੰ ਨਾ ਕੇਵਲ ਵਾਪਿਸ ਹੀ ਲਵੇਗਾ ਸਗੋਂ ਇਸ ਫੈਸਲੇ ਵਿੱਚ ਸ਼ਾਮਲ ਹਿੱਸੇਦਾਰਾਂ ਵਿਰੁਧ ਵੀ ਫਤਵਾ ਜਾਰੀ ਕਰ ਸਕਦਾ ਹੈ”। (ਜਾਪਦਾ ਹੈ ਕਿ ਸਰਦਾਰ ਕਰਮਜੀਤ ਸਿੰਘ ਦੀ ਭਵਿਖਬਾਣੀ ਸੱਚ ਹੋਣ ਜਾ ਰਹੀ ਹੈ।)
ਸਿੱਖ ਧਰਮ ਸੰਸਥਾ ਅਧਾਰਤ ਧਰਮ ਹੈ ਇਸ ਵਿੱਚ ਦੋ ਤਰ੍ਹਾਂ ਦੀਆਂ ਸੰਸਥਾਵਾਂ ਹਨ, ਇੱਕ ਉਹ ਜੋ ਗੁਰੂ ਸਾਹਿਬਾਨ ਨੇ ਆਪ ਸਥਾਪਿਤ ਕੀਤੀਆਂ ਜਿਵੇਂ ਕਿ ਧਰਮ ਸ਼ਾਲਾਵਾਂ (ਗੁਰਦੁਆਰੇ) ਲੰਗਰ (ਸੰਗਤ ਪੰਗਤ) ਪੀਰੀ ਪੀਰੀ, ਅਕਾਲ ਤੱਖਤ ਅਤੇ ਖਾਲਸਾ ਪੰਥ। ਜੇ ਇਹ ਸੰਸਥਾਵਾਂ ਆਪਣੇ ਮੂਲ ਰੂਪ ਵਿੱਚ ਬਣੀਆਂ ਕਾਰਜਸ਼ੀਲ ਰਹਿਣ ਤਾਂ ਇਹ ਸਿਧਾਂਤਾਂ ਤੇ ਅਧਾਰਤ ਸਿੱਖ ਕੌਮ ਵਾਸਤੇ ਉਹ ਥੰਮ ਹੋ ਨਿਬੜਨਗੀਆਂ ਜਿਨ੍ਹਾਂ ਤੇ ਸਿੱਖ ਕੌਮ ਦਾ ਮਹੱਲ ਜੁਗਾਂ ਤੱਕ ਅਡੋਲ ਟਿਕਿਆ ਰਹੇਗਾ। ਦੂਸਰੀਆਂ ਉਹ ਸੰਸਥਾਵਾ ਹਨ ਜੋ ਸਿੱਖਾਂ ਨੇ ਲੋੜ ਅਨੁਸਾਰ ਆਪ ਸਥਾਪਿਤ ਕਰ ਲਈਆਂ, ਜਿਵੇਂ ਕਿ ਗੁਰਦੁਆਰਿਆਂ ਦੇ ਪ੍ਰਬੰਧ ਲਈ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸਥਾਨਿਕ ਗੁਰਦੁਆਰਿਆਂ ਦੀਆਂ ਪ੍ਰਬੰਧਕ ਕਮੇਟੀਆਂ, ਸਥਾਨਿਕ ਪ੍ਰਚਾਰਕ ਸੰਸਥਾਵਾਂ, ਧਾਰਮਿਕ ਅਤੇ ਰਾਜਨੀਤਕ ਜਥੇਬੰਦੀਆਂ (ਸ਼ਰੋਮਣੀ ਅਕਾਲੀ ਦਲ) ਆਦਿ। ਇਨ੍ਹਾਂ ਸੰਸਥਾਵਾਂ ਨੂੰ ਸਥਾਪਤ ਕਰਨ ਲੱਗਿਆਂ ਇਹ ਚੇਤਨਤਾ ਜਰੂਰੀ ਹੈ ਕਿ ਕੀ ਇਨ੍ਹਾਂ ਸੰਸਥਾਵਾਂ ਦਾ ਵਿਧੀ ਵਿਧਾਨ, ਕਾਰਜ ਖੇਤਰ, ਕਾਰਜ ਸ਼ੈਲੀ ਗੁਰਮਤਿ ਅਨੁਸਾਰੀ ਹੈ? ਜੇ ਇਹ ਸੰਸਥਾਵਾਂ ਗੁਰਮਤਿ ਅਨੁਸਾਰੀ ਹੋਣ ਤਾਂ ਇਹ ਕੌਮ ਦੇ ਪ੍ਰਚਾਰ ਪ੍ਰਸਾਰ ਵਿੱਚ ਚੰਗਾ ਹਿੱਸਾ ਪਾ ਕੇ ਕੌਮ ਨੂੰ ਮਜਬੂਤੀ ਦੇਂਦੀਆਂ ਅਤੇ ਹੋਰ ਬਲੰਦੀਆਂ ਵਲ ਲੈ ਜਾਂਦੀਆਂ ਹਨ, ਪਰ ਜੇ ਇਨਾਂ ਸੰਸਥਾਵਾਂ ਦਾ ਵਰਤਾਰਾ ਗੁਰਮਤਿ ਅਨੁਸਾਰੀ ਨਾ ਹੋਵੇ ਅਤੇ ਆਪਣੇ ਨਿਜ ਸੁਆਰਥ, ਅਤੇ ਕੇਵਲ ਵਖਾਵੇ ਜਾਂ ਅੰਧੀ ਭਾਵਨਾਂ ਤੇ ਟਿਕਿਆ ਹੋਵੇ ਤਾਂ ਇਹ ਪੁੱਠਾ ਗੇੜਾ ਦੇ ਕੇ ਜਿਥੇ ਕੌਮ ਦਾ ਵਡਾ ਨੁਕਸਾਨ ਕਰ ਦਿੰਦੀਆਂ ਹਨ ਉਥੇ ਕਈ ਵਾਰੀ ਕੌਮ ਦੀ ਹੋਂਦ ਵਾਸਤੇ ਵੀ ਖਤਰਾ ਬਣ ਜਾਂਦੀਆਂ ਹਨ ਜੋ ਕਿ ਅੱਜ ਵਡੀ ਪੱਧਰ ਤੇ ਵਾਪਰ ਵੀ ਰਿਹਾ ਹੈ”। ਉਦਾਹਰਣ ਵਜੋਂ ਮੌਜੂਦਾ ਸ਼ਰੋਮਣੀ ਅਕਾਲੀ ਦਲ, ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਅਤੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖ ਕੌਮ ਦੀ ਅਜਾਦ ਹਸਤੀ ਅਤੇ ਵਖਰੀ ਹੌਂਦ ਲਈ ਸਭ ਤੋਂ ਵਡਾ ਖਤਰਾ ਬਣੀਆਂ ਹੋਈਆਂ ਹਨ। ਇਹ ਤਿੰਨੇ ਸੰਸਥਾਵਾਂ ਭਾਰਤ ਦੇ ਉਸ ਸਵਿਧਾਨ ਨੂੰ ਸਵੀਕਾਰ ਕਰਦੀਆਂ ਹਨ, ਜਿਸ ਸਵਿਧਾਨ ਦੀ ਧਾਰਾ 25 ਬੀ ਸਿੱਖਾਂ ਨੂੰ ਇੱਕ ਵੱਖਰੀ ਕੌਮ ਵਜੋਂ ਮਾਣਤਾ ਦੇਣ ਦੀ ਬਜਾਏ ਸਿੱਖਾਂ ਨੂੰ ਬਹੁਗਿਣਤੀ ਹਿੰਦੂਆਂ ਦਾ ਹੀ ਇੱਕ ਅੰਗ ਮੰਨ ਕੇ ਸਿੱਖਾਂ ਨੂੰ ਦੂਜੇ ਦਰਜੇ ਦੇ ਸ਼ਹਿਰੀ ਬਣਾ ਕੇ ਗੁਲਾਮੀ ਦਾ ਅਹਿਸਾਸ ਕਰਾਉਂਦੀ ਹੈ।
ਹੱਥਲੇ ਲੇਖ ਦਾ ਵਿਸ਼ਾ ਮੰਗ ਕਰਦਾ ਹੈ ਕਿ ਅਕਾਲ ਤੱਖਤ ਦੇ ਇਤਿਹਾਸਕ ਮਹੱਤਵ ਦੀ ਵੀ ਟੂਕ ਮਾਤਰ ਵਿਆਖਿਆ ਕਰ ਲਈ ਜਾਵੇ ਸਰਦਾਰ ਗੁਰਤੇਜ਼ ਸਿੰਘ ਜੀ ਲਿਖਦੇ ਹਨ ਕਿ ਮੀਰੀ ਪੀਰੀ ਦੇ ਲਖਾਇਕ, ਸ੍ਰੀ ਅਕਾਲ ਤੱਖਤ ਧਰਮ ਨਾਲ ਸਬੰਧਤ ਸੰਸਥਾਵਾਂ ਚੋ ਅਲੌਕਿਕ ਸੰਸਥਾ ਹੈ। ਅਕਾਲ ਦਾ ਸ਼ਬਦੀ ਅਰਥ ਹੈ –ਉਹ ਜਿਸ ਨੂੰ ਕਾਲ ਨਾ ਖਾ ਸਕਦਾ ਹੋਵੇ, ਤੇ ਇਨ੍ਹਾਂ ਅਰਥਾਂ ਵਿੱਚ ਇਹ ਉਸ ਅਕਾਲ ਪੁਰਖ ਦਾ ਤੱਖਤ ਹੈ, ਜਿਸ ਨੂੰ ਸਿੱਖੀ ਵਿੱਚ ਇੱਕੋ ਇੱਕ ਸਰਬ-ਸ਼ਕਤੀਮਾਨ ਸੱਚਾ ਪਾਤਿਸ਼ਾਹ ਮੰਨਿਆਂ ਗਿਆ ਹੈ। ਦੁਨਿਆਵੀ ਹਾਕਮਾਂ ਵਲੋਂ ਸਰਬ-ਸ਼ਕਤੀਮਾਨ ਹੋਣ ਦੇ ਦਾਵਿਆਂ ਨੂੰ ਝੂਠੇ ਤੇ ਖੋਖਲੇ ਦੱਸਿਆ ਗਿਆ ਹੈ ਅਰਥਾਤ: “ਕੋਊ ਹਰਿ ਸਮਾਨਿ ਨਹੀਂ ਰਾਜਾ॥
ਏ ਭੂਪਤਿ ਸਭ ਦਿਵਸ ਚਾਰਿ ਕੇ ਝੂਠੇ ਕਰਤ ਦਿਵਾਜਾ॥” ਸਾਰੀ ਮਨੁਖਤਾ ਦਾ ਸਾਂਝਾ ਮਾਤਾ ਪਿਤਾ ਹੋਣ ਕਰਕੇ ਰਾਜਸੀ ਸ਼ਕਤੀ ਦੇ ਪ੍ਰਤੀਕ, ਤੱਖਤੋਂ ਉਹ ਅਕਾਲ ਪੁਰਖ ਸਭ ਮਨੁਖਾਂ ਦੇ ਸਾਂਝੇ ਭਲੇ ਲਈ ਜਾਗੇ ਹੋਏ ਧਰਮੀ ਬੰਦਿਆਂ ਨੂੰ ਅਗਵਾਈ ਪ੍ਰਦਾਨ ਕਰਦਾ ਹੈ ਕਿਉਂਕਿ ਮੀਰੀ ਪੀਰੀ (ਭਗਤੀ ਤੇ ਸ਼ਕਤੀ) ਵੋਟ ਰਹਿਤ ਸਿੱਖ ਸਿਧਾਂਤਾਂ ਨੂੰ ਸਮਰਪਿਤ ਸਿੱਖ ਰਾਜ ਨੀਤੀ ਹੈ। ਅਕਾਲ ਤੱਖਤ ਦਾ ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ‘ਕਿਸੇ ਵੀ ਹਾਲਤ ਵਿੱਚ ਸਿੱਖਾਂ ਨੇ ਅਕਾਲ ਤੱਖਤ ਉਤੇ ਅਜਾਦੀ ਨਾਲ ਜੁੜ ਬੈਠਣ, ਖੁਲ੍ਹ ਕੇ ਵਿਚਾਰਾਂ ਕਰਨ ਅਤੇ ਉਨ੍ਹਾਂ ਮਰਜੀ ਵਿਰੁਧ ੳਨ੍ਹਾਂ ਉਤੇ ਰਾਜ ਕਰਨ ਵਾਲਿਆਂ ਦਾ ਡੱਟ ਕੇ ਮੁਕਾਬਲਾ ਕਰਨ ਦਾ ਆਪਣਾ ਅਧਿਕਾਰ ਨਹੀਂ ਛੱਡਿਆ।
ਸਿੱਖ ਰਾਜ ਸਮੇਂ ਅਕਾਲ ਤੱਖਤ ਦੇ ਰਖਵਾਲੇ ਭਾਵੇਂ ਰਣਜੀਤ ਸਿੰਘ ਨੂੰ “ਸਰਕਾਰ-ਏ ਖਾਲਸਾ ਜੀਓ” ਦਾ ਮੁਖੀ ਆਗੂ ਪ੍ਰਵਾਨ ਕਰਦੇ ਸਨ ਪਰ ਉਸ ਨੂੰ ਲਗਾਤਾਰ ਯਾਦ ਕਰਾਉਂਦੇ ਰਹਿੰਦੇ ਸਨ ਕਿ ਖਾਲਸਾ ਸਦਾ ਸੁਤੰਤਰ ਹੈ ਤੇ ਰਣਜੀਤ ਸਿੰਘ ਕੇਵਲ ਉਨ੍ਹਾਂ ਦੀ ਮਰਜੀ ਨਾਲ ਹੀ ਉਨ੍ਹਾਂ ਉਤੇ ਰਾਜ ਕਰ ਸਕਦਾ ਹੈ, ਰਣਜੀਤ ਸਿੰਘ ਵਲੋਂ ਸਿੱਖ ਰਾਜ ਲਈ ਲੜੀਆਂ ਗਈਆਂ ਲੜਾਈਆਂ ਵਿੱਚ ਜਥੇਦਾਰ ਅਕਾਲ ਤੱਖਤ ਦੀ ਅਗਵਾਈ ਹੇਠ ਇਹੀ ਅਕਾਲੀ ਅਗਲੀ ਕਤਾਰ ਵਿੱਚ ਹੋ ਕੇ ਜੂਝਦੇ ਸਨ। ਧਾਰਮਿਕ ਖੇਤਰ ਵਿੱਚ ਅਕਾਲ ਤੱਖਤ ਨੇ ਆਪਣੀ ਸੁਤੰਤਰਤਾ ਦਾ ਪ੍ਰਗਟਾਵਾ ਕੀਤਾ ਅਤੇ ਇਸ ਦਾ ਇਲਾਨ ਇਸ ਤਰਾਂ ਕੀਤਾ ਕਿ ਰਣਜੀਤ ਸਿੰਘ ਨੂੰ ਵੀ ਜਵਾਬ ਦੇਣ ਲਈ ਅਕਾਲ ਤੱਖਤ ਤੇ ਤਲਬ ਕਰ ਲਿਆ, ਇੱਕ ਵਾਰ ਉਸ ਨੂੰ ਦਰੱਖਤ ਨਾਲ ਬੰਨ੍ਹ ਕੇ ਕੋਰੜੇ ਮਾਰਨ ਦਾ ਹੁਕਮ ਵੀ ਸੁਣਾਇਆ ਗਿਆ। ਰਣਜੀਤ ਸਿੰਘ ਨੂੰ ਸੱਚਮੁਚ ਦਰੱਖਤ ਨਾਲ ਬੰਨ੍ਹਿਆਂ ਵੀ ਗਿਆ। ਪਰ ਕੋਰੜੇ ਮਾਰਨ ਦੀ ਸਜਾ ਮੁਆਫ ਕਰ ਦਿੱਤੀ ਗਈ ਸੀ, (ਕਿਉਂਕਿ ਰਣਜੀਤ ਸਿੰਘ ਨੇ ਅਕਾਲ ਤੱਖਤ ਵਲੋਂ ਦਿੱਤੀ ਹੋਈ ਸਜਾ ਨੂੰ ਖਿੜੇ ਮੱਥੇ ਪ੍ਰਵਾਨ ਕਰ ਲਿਆ ਸੀ।
ਮੌਜੂਦਾ ਅਕਾਲੀ ਭਾਜਪਾ ਗੱਠ ਜੋੜ ਵਾਲੀ ਸਰਕਾਰ ਦੇ ਸਮਰਥਕ ਅਤੇ ਖੁਦ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਵੀ ਆਪਣੇ ਆਪ ਦੀ ਤੁਲਣਾਂ ਇਹ ਆਖ ਕੇ ਕਰਦੇ ਹਨ ਕਿ ਅਸੀਂ ਵੀ ਮਹਾਰਾਜਾ ਰਣਜੀਤ ਸਿੰਘ ਵਰਗਾ ਰਾਜ ਕਰਦੇ ਹਾਂ ਅਤੇ ਹਿੰਦੂ ਸਿੱਖ ਮੁਸਲਮਾਨਾਂ ਨੂੰ ਬਰਾਬਰ ਸਮਝਦੇ ਹਾਂ ਪਰ ਇਹ ਭਲੇਮਾਣਸਾਂ ਨੂੰ ਕੋਣ ਸਮਝਾਵੇ ਕਿ ‘ਕਿਥੇ ਰਾਜਾ ਭੋਜ ਤੇ ਕਿਥੇ ਗੰਗੂ ਤੇਲੀ’ ਰਣਜੀਤ ਸਿੰਘ ਸਰਕਾਰੇ ਖਾਲਸਾ ਜੀਓ ਦਾ ਖੁਦਮੁਖਤਿਆਰ ਆਗੂ ਸੀ, ਅਤੇ ਸਰਕਾਰ-ਏ ਖਾਲਸਾ (ਸਿੱਖ ਰਾਜ) ਦਾ ਵੰਡ ਤੋਂ ਪਹਿਲਾਂ ਵਾਲੇ ਸਮੁੱਚੇ ਲਹਿੰਦੇ ਚੜ੍ਹਦੇ ਪੰਜਾਬ ਤੇ ਰਾਜ ਸੀ ਪਰ ਪ੍ਰਕਾਸ਼ ਸਿੰਘ ਬਾਦਲ ਸਿੱਖ ਵਿਰੋਧੀ ਸੰਸਥਾ ਆਰ ਐਸ ਐਸ ਤੇ ਭਾਜਪਾ ਦਾ ਬੈ-ਖਰੀਦ ਗੁਲਾਮ ਹੈ ਤੇ ਇਸ ਦੀ ਗੁਲਾਮ ਮਾਨਸਿਕਤਾ ਨੇ ਹੀ ਸਿੱਖ ਕੌਮ ਦੇ ਮਾਣਮਤੇ ਇਤਿਹਾਸ ਨੂੰ
ਨੇਸਤੋ-ਨਾਬੂਦ ਕਰਨ ਲਈ ਯਤਨਸ਼ੀਲ ਹੈ ਅਤੇ ਪੰਥਕ ਪ੍ਰੰਪਰਾਵਾਂ ਤੋਂ ਬਾਗੀ ਹੈ ਅਜਿਹੇ ਵਿਅਕਤੀ ਨੂੰ ਅਕਾਲ ਤੱਖਤ ਤੋਂ ਪੰਥ ਰਤਨ ਫ਼ਖਰ-ਏ ਕੌਮ ਦੀ ੳਪਾਧੀ ਦੇਣ ਦੀ ਕੀ ਤੁਕ ਬਣਦੀ ਹੈ! ਇਸ ਦਾ ਬੁਨਿਆਦੀ ਨਿਖੇੜਾ ਸਰਦਾਰ ਅਜਮੇਰ ਸਿੰਘ ਨੇ ਆਪਣੀ ਪੁਸਤਕ ‘ਕਿਸ ਵਿਧ ਰੁਲੀ ਪਾਤਿਸ਼ਾਹੀ’ ਦੇ ਪੰਨਾ 35 ਉਤੇ ਹੇਠ ਲਿਖੇ ਅਨੁਸਾਰ ਕੀਤਾ ਹੈ:-
ਇਥੇ ਮਹਾਰਾਜਾ ਰਣਜੀਤ ਸਿੰਘ ਦਾ ਫੂਲਕਿਆਂ ਨਾਲੋਂ ਅਤੈ ਅੰਗ੍ਰੇਜ਼ਾ ਦੇ ਟੋਡੀ ਬਣੇ ਹੋਰਨਾਂ ਸਿੱਖ ਰਜਵਾੜਿਆਂ ਨਾਲੋਂ ਇੱਕ ਅਹਿਮ ਵਖਰੇਵਾਂ ਸਾਫ ਪ੍ਰਗਟ ਹੁੰਦਾ ਹੈ। ਬਾਵਜੂਦ ਇਸ ਗੱਲ ਦੇ ਕਿ ਮਹਾਰਾਜਾ ਰਣਜੀਤ ਸਿੰਘ ਦੇ ਆਚਰਣ ਵਿੱਚ ਜਗੀਰੂ ਤਬਕੇ ਵਾਲੇ ਕਈ ਗੰਭੀਰ ਐਬ ਘਰ ਕਰ ਗਏ ਸਨ, ਅਤੇ ਆਪਣੇ ਰਾਜ ਦਾ ਵਿਸਥਾਰ ਕਰਨ ਦੀ ਦੁਨਿਆਵੀ ਲਾਲਸਾ ਅਧੀਨ ਉਸ ਨੇ ਆਪਣੇ ਵਿਰੋਧੀ ਸਿੱਖ ਸਰਦਾਰਾਂ ਦੇ ਇਲਾਕੇ ਹਥਿਆਉਣ ਤੋਂ ਵੀ ਗੁਰੇਜ਼ ਨਹੀਂ ਸੀ ਕੀਤਾ, ਪ੍ਰੰਤੂ ਉਸਦੇ ਚਰਿਤਰ ਵਿੱਚ ਪੰਥਕ ਪਿਆਰ ਤੇ ਵਫਾ ਦੀ ਇੱਕ ਬਲਵਾਨ ਤਰੰਗ ਮੋਜੂਦ ਸੀ, ਜਿਸਨੇ ਉਸ ਨੂੰ ਭੁਲਕੇ ਵੀ ਪੰਥ ਨਾਲ ਧ੍ਰੋਹ ਕਮਾਉਣ ਦੇ ਰਾਹ ਨਹੀਂ ਸੀ ਪੈਣ ਦਿੱਤਾ” ‘ਪਰ ਹੁਣ ਜਦ ਅਸੀਂ ਪ੍ਰਕਾਸ਼ ਸਿੰਘ ਬਾਦਲ ਦੀ ਮਾਨਸਿਕਤਾ ਦਾ ਵਿਸ਼ਲੇਸ਼ਣ ਕਰਦੇ ਹਾਂ ਤਾਂ ਇਹ ਗੱਲ ਸੁਤੇ ਸਿੱਧ ਹੀ ਸਮਝ ਪੈ ਜਾਂਦੀ ਹੈ ਕਿ ਪ੍ਰਕਾਸ਼ ਸਿੰਘ ਬਾਦਲ ਨੇ ਪੰਥ ਨਾਲ ਧ੍ਰੋਹ ਕਮਾਇਆ ਹੈ ਕਿਉਂਕਿ “ਕੌਮ ਨਾਲ ਗ਼ਦਾਰੀ ਤੋਂ ਆਮ ਭਾਵ ਕੌਮੀ ਕਾਜ ਨਾਲ ਬੇ-ਵਫਾਈ ਤੋਂ ਲਿਆ ਜਾਂਦਾ ਹੈ। ਇਸ ਨਜ਼ਰੀਏ ਤੋਂ ਦੇਖਿਆਂ, ਸਿੱਖ ਪੰਥ ਦਾ ਅੰਦਰਲਾ ਕੋਈ ਵਰਗ ਜਾਂ ਵਿਅਕਤੀ ਜਦ ਆਪਣੀ ਸੁਆਰਥ ਪੂਰਤੀ ਲਈ ਕਿਸੇ ਸਿੱਖ ਵਿਰੋਧੀ ਤਾਕਤ ਦੇ ਨਾਲ ਅਜਿਹੀ ਰਾਜਨੀਤਕ ਸਾਂਢ-ਗਾਂਢ ਕਰ ਲਏ ਕਿ ਜਿਸ ਨਾਲ ਸਿੱਖ ਕੌਮ ਦੀ ਰਾਜਸੀ ਪ੍ਰਭੁਤਾ (ਸੌਵਰਨਟੀ) ਨੁਕਸਾਨੀ ਜਾਏ ਤਾਂ ਇਹ ਨਿਸਚਿਤ ਰੂਪ ਵਿੱਚ ਪੰਥ ਨਾਲ ਧ੍ਰੋਹ ਅਤੇ ਗ਼ਦਾਰੀ ਦਾ ਮਾਮਲਾ ਬਣ ਜਾਂਦਾ ਹੈ”।
ਇਸ ਵਿੱਚ ਦੋ ਰਾਵਾਂ ਨਹੀਂ ਹਨ ਕਿ ਹਰ ਸਿੱਖ ਪੁਰਸ਼, ਇਸਤਰੀ ਸ੍ਰੀ ਅਕਾਲ ਤੱਖਤ ਸਾਹਿਬ ਦਾ ਸਤਿਕਾਰ ਕਰਦਾ ਹੈ ਅਤੇ ਇਸ ਦੇ ਨਾਲ ਹੀ ਸਿੱਖ ਕੌਮ ਨੂੰ ਦਸਵੇਂ ਨਾਨਕ ਗੁਰੂ ਗੋਬਿੰਦ ਸਿੰਘ ਜੀ ਵਲੋਂ ਬਖਸ਼ਿਸ਼ ਕੀਤੇ ਜੋਤਿ ਜੁਗਤਿ ਤੇ ਅਧਾਰਤ ਗੁਰੂ ਗ੍ਰੰਥ, ਗੁਰੂ ਪੰਥ ਦੇ ਵਿਧਾਨ ਨੂੰ ਵੀ ਮੰਨਣ ਲਈ ਵੀ ਪਾਬੰਦ ਹੈ। ਗੁਰੂ ਗ੍ਰੰਥ, ਗੁਰੂ ਪੰਥ ਦੇ ਵਿਧਾਨ ਤਹਿਤ ਤੱਖਤਾਂ ਦੇ ਜਥੇਦਾਰਾਂ ਵਲੋਂ ਲਏ ਗਏ ਗਲਤ ਫੈਸਲੇ ਨੂੰ ਚੈਲਿੰਜ ਕਰਨ ਦਾ ਅਧਿਕਾਰ ਵੀ ਸਿੱਖ ਕੌਮ ਕੋਲ ਹੈ। ਸਰਦਾਰ ਪ੍ਰਕਾਸ਼ ਸਿੰਘ ਬਾਦਲ ਕੋਲੋਂ ਪੰਥ ਰਤਨ, ਫਖਰ-ਏ ਕੌਮ ਦੀ ਉਪਾਧੀ ਵਾਪਿਸ ਕਰਾਉਣ ਦਾ ਮੁੱਦਾ ਪੂਰੀ ਸਿੱਖ ਕੌਮ ਦਾ ਗੰਭੀਰ ਮੁੱਦਾ ਹੈ, ਕਿਉਂਕਿ ਇਹ ਸਿੱਖ ਕੌਮ ਦੀ ਅਜਾਦ ਤੇ ਵਿਲੱਖਣ ਹਸਤੀ ਬਚਾਉਂਣ ਦਾ ਸਵਾਲ ਹੈ, ਸਿੱਖਾਂ ਦੇ ਇਲੈਕਟ੍ਰੋਨਿਕ ਅਤੇ ਪ੍ਰਿੰਟ ਮੀਡੀਏ ਵਿੱਚ ਇਸ ਬਾਰੇ ਭਖਵੀ ਬਹਿਸ ਹੋਣੀ ਚਾਹੀਦੀ ਹੈ। ਜੂਨ 1984 ਦੇ ਘਲੂਘਾਰੇ ਅਤੇ ਨਵੰਬਰ 1984 ਦੀ ਨਸਲਕੁਸ਼ੀ ਦੇ ਕੀਰਨੇ ਪਾਈ ਜਾਣ ਨਾਲ ਸਿੱਖ ਕੌਮ ਨੂੰ ਕਦੇ ਕੋਈ ਇੰਨਸਾਫ ਨਹੀਂ ਮਿਲ ਸਕਦਾ। ਜਦੋਂ 60 ਲੱਖ ਯਾਹੂਦੀ ਕਤਲ ਕੀਤੇ ਗਏ ਤਾ ਹੋਲੋਕਾਸਟ ਤੋਂ ਬਾਅਦ ਯਾਹੂਦੀਆਂ ਨੇ ਕੀਰਨੇ ਨਹੀਂ ਸੀ ਪਾਏ ਸਗੋਂ ਇਸ ਨੂੰ ਹਰ ਪੱਕ ਤੋਂ ਫਰੋਲਣ ਅਤੇ ਜਾਨਣ ਦੀ ਕੋਸ਼ਿਸ਼ ਕੀਤੀ ਸੀ ਕਿ ਇਹ ਭਾਣਾ ਵਾਪਰ ਕਿਉਂ ਗਿਆ? ਸਿਰਫ ਇਹ ਹੀ ਨਹੀਂ ਕਿ ਕੀ ਹੋ ਗਿਆ ਕਿਉਂਕਿ ਇਹ ਸਭ ਨੂੰ ਪਤਾ ਹੈ ਕਿ ਕੀ ਹੋ ਗਿਆ, ਸਭ ਨੂੰ ਪਤਾ ਕਿ ਕਿਨੇ ਯਾਹੂਦੀ ਮਾਰੇ ਗਏ ਤੇ ਕਿਵੇਂ ਮਾਰੇ ਗਏ, ਇਹ ਵੀ ਪਤੈ ਪਰ ਸਵਾਲ ਉਠਦਾ ਹੈ ਕਿਉਂ? ਇਹਦੇ ਵਿਚੋਂ ਯਹੂਦੀ ਵਿਦਵਾਨਾਂ ਨੇ ਇੱਕ ਇਹ ਨਿਰਣਾ ਵੀ ਕੱਢਿਆ ਕਿ ਜੇ ਯਹੂਦੀਆਂ ਦਾ ਇੱਕ ਵਰਗ ਨਾਜੀਆਂ ਦਾ ਸਾਥ ਨਾ ਦਿੰਦਾ ਤਾਂ ਫਿਰ ਇਹ ਵਰਤਾਰਾ (ਹੋਲੋਕਾਸਟ) ਸੰਭਵ ਨਹੀਂ ਸੀ ਹੋਣਾ। ਕਿਉਂਕਿ (ਦੂਜੇ ਸੰਸਾਰ ਯੁਧ ਦੇ ਖਾਤਮੇ ਉਪਰੰਤ) ਜਦੋਂ ਨਾਜੀਆਂ ਉਤੇ ਮੁਕੱਦਮੇ ਚਲੇ ਤਾਂ ਜਿਹੜਾ ਉਨ੍ਹਾਂ ਦਾ ਪ੍ਰਮੁਖ ਜਲ਼ਾਦ ਸੀ, ਜਾਂ ਉਨ੍ਹਾਂ ਦਾ ਕੇ ਪੀ ਐਸ ਗਿੱਲ ਸੀ, ਐਸ਼ਮੈਨ, ਉਹਨੇ ਇਹ ਗੱਲ ਆਪ ਕਹੀ, ਕਿ ਸਾਡੇ ਵਾਸਤੇ ਐਨੇ ਵਡੇ ਲੈਵਲ ਤੇ ਕਤਲੇਆਮ ਦਾ ਕੰਮ ਕਰਨਾ ਬੜਾ ਔਖਾ ਸੀ ਜੇ ਸਾਨੂੰ ਯਹੂਦੀਆਂ ਦੇ ਇੱਕ ਹਿੱਸੇ ਨੇ ਸਰਗਰਮ ਹਿਮਾਇਤ ਨਾ ਕੀਤੀ ਹੁੰਦੀ। ਸਾਡੇ ਵਾਸਤੇ ਤਾ ਇਹ ਗੱਲ ਚੌਂਕਾਅ ਦੇਣ ਵਾਲੀ ਲੱਗੂਗੀ ਕਿ ਉਸ ਸਮੇਂ ਯਹੂਦੀਆਂ ਦੀ ਇੱਕ ਵਲੰਟੀਅਰ ਆਰਗੇਨਾਈਜੇਸ਼ਨ ਸੀ ਜਿਹੜੀ ਲਗਾਤਾਰ ਨਾਜੀ ਗੋਰਮਿੰਟ ਨੂੰ ਸਹਿਯੋਗ ਦਿੰਦੀ ਰਹੀ ਕਿ ਕਿਨ੍ਹਾਂ ਯਹੂਦੀਆਂ ਨੂੰ ਗੈਸ ਚੈਂਬਰਾਂ ਵਿੱਚ ਭੇਜਣੈ ਕਿਨ੍ਹਾਂ ਨੂੰ ਡਿਪੋਰਟ ਕਰਨੈ ਕੀਹਦੇ ਕੋਲੇ ਕਿਹੜਾ ਹਥਿਆਰ ਐ, ਕਿਹੜਾ ਕਿਹੜੀ ਸੋਚ ਰੱਖ ਰਿਹੈ। ਇੱਕ ਪੂਰਾ ਬਹੁਤ ਵਡਾ ਵਰਗ ਸੀ ਜਿਹਨੇ ਅਖੀਰ ਤੱਕ ਸਰਕਾਰ ਨਾਲ ਸਾਂਝ ਪਾਈ ਰੱਖੀ ਸੀ। ਯਹੂਦੀ ਮਨੋਵਿਗਿਆਨੀਆਂ, ਸਮਾਜ ਵਿਗਿਆਨੀਆਂ ਨੇ ਅਤੇ ਇਤਿਹਾਸਕਾਰਾ ਨੇ ਇੰਟਰਵੀਊਆਂ ਕਰ ਕਰ ਕੇ ਇੰਨੀ ਸਮਗਰੀ ਇਕੱਠੀ ਕੀਤੀ ਕਿ ਉਨ੍ਹਾਂ ਨੂੰ ਆਪਣੀ ਬੀਤੇ ਇਤਿਹਾਸ ਦਾ ਸ਼ੀਸ਼ਾ ਸਾਫ ਦਿਸਣ ਲਗ ਪਿਆ ਤੇ ੳਨ੍ਹਾਂ ਆਪਣੇ ਇਤਿਹਾਸ ਦਾ ਸ਼ੀਸ਼ਾ ਦੇਖ ਕੇ ਆਪਣੇ ਭਵਿਖ ਦੀ ਰਣਨੀਤੀ ਤਿਆਰ ਕੀਤੀ ਜਿਸ ਦਾ ਨਤੀਜਾ ਅੱਜ ਦੁਨੀਆਂ ਦੇ ਸਾਹਮਣੇ ਹੈ ਕਿ ਯਹੂਦੀ ਕੌਮ ਸਭ ਤੋਂ ਸਫਲ ਕੌਮ ਗਿਣੀ ਜਾਂਦੀ ਹੈ। ਉਪਰੋਕਤ ਵਿਚਾਰ ਸਰਦਾਰ ਅਜਮੇਰ ਸਿੰਘ ਨੇ ਸੰਤਾਂ ਦੀ ਵਿਲੱਖਣ ਸਿਆਸੀ ਵਿਚਾਰਧਾਰਾ ਦੇ ਹੋਏ ਸੈਮੀਨਾਰ ਵਿੱਚ ਆਖੇ ਸਨ। ਸਿੱਖ ਕੌਮ ਨੇ ਖਾਲਸੇ ਦੀ ਸਾਜਨਾ ਦੀ ਇਸ ਸਾਲ 315 ਵੀਂ ਵਰ੍ਹੇਗੰਢ ਮਨਾਈ ਹੈ ਜੇ 50 ਤੋਂ 60 ਸਾਲ ਦੀ ਔਸਤਨ ਉਮਰ ਵੀ ਰੱਖੀਏ ਤਾਂ 6 ਜਾਂ 7 ਪੀੜ੍ਹੀਆਂ ਹੀ ਬਣਦੀਆਂ ਹਨ, 6, 7 ਪੀੜ੍ਹੀਆਂ ਵਿੱਚ ਹੀ ਉਹ ਸਿੱਖ ਕੌਮ ਜਿਸ ਨੇ ਹਿੰਦੂਆਂ ਦੀ ਬਹੁਗਿਣਤੀ ਨੂੰ ਮੁਗਲਾਂ ਤੇ ਅਫ਼ਗਾਨਾ ਦੀ ਗੁਲਾਮੀ ਤੋਂ ਅਜਾਦ ਕਰਵਾਇਆ ਹੋਵੇ ਅਤੇ 2% ਗਿਣਤੀ ਦੇ ਹੁੰਦਿਆਂ 90% ਕੁਰਬਾਨੀਆਂ ਦੇ ਕੇ ਭਾਰਤ ਨੂੰ ਅਗ੍ਰੇਜ਼ਾਂ ਕੋਲੋਂ ਅਜ਼ਾਦੀ ਦਿਵਾਈ ਹੋਵੇ ਉਸੇ ਕੌਮ ਦੀ ਸਰਬਉਚ ਅਦਾਲਤ ਅਕਾਲ ਤੱਖਤ ਅੱਜ ਹਿੰਦੂ ਬਹੁਗਿਣਤੀ ਨੁਮਾਇੰਦਗੀ ਕਰਨ ਵਾਲੇ ਹਾਕਮਾਂ ਦੀ ਗੁਲਾਮ ਕਿਵੇਂ ਬਣ ਗਈ? 6, 7 ਪੀੜੀਆਂ ਤੱਕ ਹੀ ਸਿੱਖ ਮਾਨਸਿਕਤਾ ਵਿੱਚ ਏਨਾ ਨਿਘਾਰ ਕਿਵੇਂ ਆ ਗਿਆ ਕਿ ਪੰਜਾਬ ਵਿੱਚ ਅੱਧੀ ਸਦੀ ਰਾਜ ਕਰਨ ਵਾਲੀ ਸਿੱਖ ਕੌਮ ਅਰਸ਼ ਤੋਂ ਫਰਸ਼ ਤੇ ਕਿਵੇਂ ਆਣ ਡਿਗੀ, ਪੰਥ ਨੂੰ ਇਸ ਦਾਗੰਭੀਰਤਾ ਨਾਲ ਵਿਸ਼ਲੇਸ਼ਣ ਕਰਨ ਦੀ ਲੋੜ ਹੈ, ਅਤੇ ਹੁਣ ਸਿੱਖ ਕੌਮ ਨੇ ਅਜ਼ਾਦ ਕਿਵੇਂ ਹੋਣਾ ਹੈ। ਦਾਸ ਦਾ ਇਹ ਲੇਖ ਪ੍ਰਿੰਟ ਮੀਡੀਏ ਵਿੱਚ ਇਸੇ ਵਿਸ਼ੇ ਤੇ ਹੀ ਚਰਚਾ ਛੇੜਨ ਦਾ ਨਿਗੂਣਾ ਜਿਹਾ ਯਤਨ ਹੈ।
ਭੁੱਲਾਂ ਚੁੱਕਾਂ ਦੀ ਖਿਮਾਂ।
ਜਥੇਦਾਰ ਮਹਿੰਦਰ ਸਿੰਘ ਖਹਿਰਾ
.