.

ਹਿੰਦੂਤਵ ਏਜੰਡਾ ਅਤੇ ਭਾਰਤੀ ਸੰਸਦ ਦੀਆਂ ਚੋਣਾਂ

ਹਾਕਮ ਸਿੰਘ

ਹਿੰਦੂਤਵ ਰਾਸ਼ਟਰੀਐ ਸਵੈਮ ਸੇਵਕ ਸੰਘ (R.S.S.) ਦਾ ਏਜੰਡਾ ਹੈ। ਆਰ. ਐਸ. ਐਸ. ਇਕ ਅਰਧ ਸੈਨਕ ਸਿਆਸੀ ਸੰਸਥਾ ਹੈ ਜੋ ਵਿਨਾਇਕ ਦਮੋਦਰ ਸਾਵਰਕਰ ਵਲੋਂ ਪਰਚਾਰੇ ਹਿੰਦੂਤਵ ਦੇ ਏਜੰਡੇ ਅਨੁਸਾਰ ਭਾਰਤ ਵਿਚ ਕੇਵਲ ਹਿੰਦੂ ਸਭਿਆਚਾਰ ਨੂੰ ਹੀ ਜਾਇਜ਼ ਕਰਾਰ ਦਿੰਦੀ ਹੈ। ਇਹ ਭਾਰਤ ਦੀ ਬਹੁਗਿਣਤੀ ਵਿਚ ਪਿਛਲੇ ਹਜ਼ਾਰ ਸਾਲ ਵਿਚ ਵਿਕਸਤ ਹੋਏ ਮਿਸ਼ਰਿਤ ਭਾਰਤੀ ਸਭਿਆਚਾਰ ਨੂੰ ਸਵੀਕਾਰ ਨਹੀਂ ਕਰਦੀ। ਆਪਣੇ ਹਿੰਦੂਤਵ ਦੇ ਪ੍ਰਤਿਗਾਮੀ ਏਜੰਡੇ ਨੂੰ ਲਾਗੂ ਕਰਨ ਲਈ ਆਰ. ਐਸ. ਐਸ. ਦੇ ਸਵੈਮ ਸੇਵਕ ਜਰਮਨੀ ਦੀ ਨਾਜ਼ੀ ਪਾਰਟੀ ਦੇ ਐਸ. ਐਸ (Schutzstaffel) ਵਾਲੇ ਹਿੰਸਕ ਢੰਗ ਵਰਤਣ ਵਿਚ ਵਿਸ਼ਵਾਸ ਰੱਖਦੇ ਹਨ। ਆਰ. ਐਸ. ਐਸ. ੧੯੨੫ ਵਿਚ ਨਾਗਪੁਰ ਵਿਚ ਸਥਾਪਤ ਹੋਈ ਸੀ ਅਤੇ ਇਸ ਦੀ ਸਥਾਪਨਾ ਵਿਚ ਮਰਾਠੇ ਚਿੰਤਕਾਂ ਦਾ ਭਾਰੀ ਯੋਗਦਾਨ ਸੀ। ਹਿੰਦੂ ਮਹਾ ਸਭਾ ਵੀ ਮਰਾਠਾ ਆਗੂਆਂ ਦੀ ਸਰਪ੍ਰਸਤੀ ਹੇਠ ਸਥਾਪਤ ਹੋਈ ਸੀ। ਬਾਅਦ ਵਿਚ ਸ਼ਿਵ ਸੈਨਾ ਦੀ ਸਥਾਪਨਾ ਵੀ ਇਸੇ ਖੇਤਰ ਵਿਚ ਹੋਈ ਸੀ। ਹਿੰਦੂਤਵ ਦੀ ਵਿਚਾਰਧਾਰਾ ਮਰਾਠਾ ਕੌਮ ਦੀ ਕੌਮੀ ਭਾਵਨਾ ਵਿਚੋਂ ਵਿਕਸਤ ਹੋਈ ਹੈ। ਕਈ ਮਰਾਠੇ ਆਗੂ ਭਾਰਤ ਤੇ ਰਾਜ ਕਰਨ ਨੂੰ ਆਪਣਾ ਹੱਕ ਸਮਝਦੇ ਹਨ ਅਤੇ ਆਪਣੀ ਇੱਛਾ ਨੂੰ ਸਾਕਾਰ ਕਰਨ ਲਈ ਉਹ ਹਿੰਦੂਤਵ ਵਿਚਾਰਧਾਰਾ ਦਾ ਸਹਾਰਾ ਲੈਂਦੇ ਹਨ। ਹਿੰਦੂਤਵ ਦੇ ਨਾਂ ਹੇਠ ਉਹ ਭਾਰਤ ਵਿਚ ਮਰਾਠਾ ਕੌਮ ਦੀ ਪਰਮੁੱਖਤਾ ਸਥਾਪਤ ਕਰਨ ਦੇ ਅਭਿਲਾਸ਼ੀ ਹਨ। ਮਰਾਠਾ ਦੇਸ਼ ਪੰਜਾਬ ਵਾਂਗ ਸੰਤਾਂ ਦੀ ਧਰਤੀ ਰਿਹਾ ਹੈ। ਸੰਤਾਂ ਦੇ ਉਪਦੇਸ਼ਾਂ ਤੋਂ ਪਰਭਾਵਿਤ ਮਰਾਠਾ ਕੌਮ ਵਿਚ ਸ਼ਿਵਾ ਜੀ ਦਾ ਜਨਮ ਹੋਇਆ ਸੀ। ਸ਼ਿਵਾ ਜੀ ਹਿੰਦਵੀ ਸਵਰਾਜ ਦੇ ਸੰਕਲਪ ਦਾ ਬਾਨੀ ਮੰਨਿਆ ਜਾਂਦਾ ਹੈ। ਉਸ ਦੇ ਵਾਰਸ ਪੇਸ਼ਵੇ ਬਹੁਤ ਸ਼ਕਤੀਸ਼ਾਲੀ ਹੁਕਮਰਾਨ ਹੋਏ ਹਨ। ਇਕ ਸਮੇਂ ਉਹਨਾਂ ਦੇ ਰਾਜ ਦੀ ਉਤਰ ਵਿਚ ਪਿਸ਼ਾਵਰ ਅਤੇ ਦੱਖਣ ਵਿਚ ਤਾਮਿਲ ਨਾਡੂ ਤਕ ਪਹੁੰਚ ਸੀ। ਜੇਕਰ ਉਹ ਐਹਮਦ ਸ਼ਾਹ ਅਬਦਾਲੀ ਤੋਂ ਪਾਣੀਪਤ ਦੀ ਤੀਜੀ ਜੰਗ ਵਿਚ ਨਾ ਹਾਰਦੇ ਤਾਂ ਅੰਗਰੇਜ਼ਾਂ ਦੇ ਹੁੰਦੇ ਹੋਏ ਉਹਨਾਂ ਨੇ ਹਿੰਦੋਸਤਾਨ ਤੇ ਆਪਣਾ ਰਾਜ ਕਾਇਮ ਕਰਨ ਦਾ ਜਤਨ ਕਰਨਾ ਸੀ। ਪਾਣੀਪਤ ਦੀ ਤੀਜੀ ਜੰਗ ਹਾਰ ਜਾਣ ਤੇ ਵੀ ਮਰਾਠੇ ਆਗੂਆਂ ਦੀ ਮਾਨਸਿਕਤਾ ਵਿਚੋਂ ਹਿੰਦੋਸਤਾਨ ਤੇ ਹਿੰਦਵੀ ਰਾਜ ਕਾਇਮ ਕਰਨ ਦੀ ਅਭਿਲਾਸ਼ਾ ਖਤਮ ਨਹੀਂ ਸੀ ਹੋਈ। ਉਹ ਇਕੱਲੇ ਹੀ ਹਿੰਦੋਸਤਾਨ ਉਤੇ ਆਪਣਾ ਰਾਜ ਕਾਇਮ ਕਰਨ ਦੀ ਕਾਮਨਾ ਕਰਦੇ ਰਹੇ ਪਰ ਅੰਗਰੇਜ਼ਾਂ ਨੇ ਉਹਨਾਂ ਦੀਆਂ ਇੱਛਾਵਾਂ ਪੂਰੀਆਂ ਨਾ ਹੋਣ ਦਿੱਤੀਆਂ ਜਿਸ ਦੇ ਫਲ ਸਰੂਪ ਉਹਨਾਂ ਦੀ ਆਪਣੇ ਪੁਰਾਣੇ ਮੁਸਲਮਾਨ ਵੈਰੀਆਂ ਪ੍ਰਤੀ ਘਿਰਨਾ ਵੱਧਦੀ ਗਈ। ਪਰ ਇਹ ਜਾਣ ਕੇ ਬਹੁਤ ਹੈਰਾਨੀ ਹੁੰਦੀ ਹੈ ਕਿ ਹਿੰਦੋਸਤਾਨ ਤੇ ਰਾਜ ਕਰਨ ਦਾ ਆਪਣਾ ਅਧਿਕਾਰ ਸਮਝਣ ਦੇ ਬਾਵਜੂਦ ਵੀ ਮਰਾਠਿਆਂ ਨੇ ਅੰਗਰੇਜ਼ਾਂ ਤੋਂ ਹਿੰਦੋਸਤਾਨ ਨੂੰ ਆਜ਼ਾਦ ਕਰਵਾਉਣ ਲਈ ਕੋਈ ਮਹੱਤਵਪੂਰਨ ਸੰਘਰਸ਼ ਨਹੀਂ ਕੀਤਾ ਅਤੇ ਨਾ ਹੀ ਹਿੰਦੋਸਤਾਨ ਵਿਚ ਚਲ ਰਹੇ ਸੁਤੰਤਰਤਾ ਸੰਗਰਾਮ ਵਿਚ ਕੋਈ ਅਹਿਮ ਯੋਗਦਾਨ ਪਾਇਆ। ਵੀਰ ਸਾਵਰਕਰ ਅਤੇ ਹਿੰਦੂ ਮਹਾਸਭਾ ਨੇ ਹਿੰਦੋਸਤਾਨ ਦੇ ਸੁਤੰਤਰਤਾ ਸੰਗਰਾਮ ਦੀ ਸਹਾਇਤਾ ਕਰਨ ਦੀ ਥਾਂ ਮੁਸਲਮਾਨਾਂ ਪ੍ਰਤੀ ਆਪਣੀ ਘਿਰਨਾ ਕਾਰਨ ਸੁਤੰਤਰਤਾ ਲਈ ਜੂਝ ਰਹੀਆਂ ਸ਼ਕਤੀਆਂ ਵਿਚ ਫੁੱਟ ਪਾਉਣ ਦਾ ਰੋਲ ਅਦਾ ਕੀਤਾ, ਜੋ ਅੰਤ ਵਿਚ ਹਿੰਦੁਸਤਾਨ ਦੀ ਧਰਮਾਂ ਦੇ ਆਧਾਰ ਤੇ ਵੰਡ ਦਾ ਕਾਰਨ ਬਣਿਆ। ਸੁਤੰਤਰਤਾ ਸੰਗਰਾਮ ਦੇ ਵੱਡੇ ਕੇਂਦਰ ਪੰਜਾਬ, ਬੰਗਾਲ, ਯੂ. ਪੀ. ਅਤੇ ਦਖਣੀ ਰਾਜਾਂ ਵਿਚ ਸਥਾਪਤ ਹੋਏ ਅਤੇ ਉਥੋਂ ਦੇ ਕਿਸਾਨ ਅਤੇ ਮਜ਼ਦੂਰ ਸੰਗਠਨਾਂ ਨੇ ਸੁਤੰਤਰਤਾ ਸੰਗਰਾਮ ਵਿਚ ਅਹਿਮ ਭੂਮਿਕਾ ਨਿਭਾਈ। ਹਿੰਦੋਸਤਾਨ ਦੀ ਆਜ਼ਾਦੀ ਦੇ ਲੰਮੇ ਸੰਘਰਸ਼ ਦੇ ਇਤਹਾਸ ਵਿਚ ਆਰ. ਐਸ. ਐਸ. ਦੇ ਯੋਗਦਾਨ ਦਾ ਕੋਈ ਜ਼ਿਕਰ ਨਹੀਂ ਮਿਲਦਾ। ਪਰ ਹੁਣ ਸੁਤੰਤਰਤਾ ਸੰਗਰਾਮੀਆ ਵੱਲੋਂ ਬੇਅੰਤ ਕੁਰਬਾਨੀਆਂ ਦੇ ਕੇ ਆਜ਼ਾਦ ਕਰਵਾਏ ਭਾਰਤ ਦੇ ਸਭਿਆਚਾਰ ਨੂੰ ਉਹ ਹਿੰਦੂਤਵ ਵਿਚਾਰਧਾਰਾ ਅਨੁਸਾਰੀ ਢਾਲਣ ਲਈ ਵਿਆਕੁਲ ਨਜ਼ਰ ਆਉਂਦੇ ਹਨ। ਹੈਰਾਨੀ ਇਸ ਗੱਲ ਦੀ ਵੀ ਹੈ ਕਿ ਆਰ. ਐਸ. ਐਸ. ਵਿਚ ਰਾਸ਼ਟਰੀ ਪੱਧਰ ਦਾ ਇਕ ਵੀ ਨਾਮਵਰ ਆਗੂ ਨਹੀਂ ਹੋਇਆ ਹੈ। ਬੰਬਈ ਪਰੈਜ਼ੀਡੈਂਸੀ ਵਿਚ, ਜਿਥੇ ਆਰ. ਐਸ਼. ਐਸ. ਸਥਾਪਤ ਹੋਈ ਸੀ, ਗੁਜਰਾਤ ਵੀ ਸ਼ਾਮਲ ਸੀ। ਉਸ ਪਰੈਜ਼ੀਡੈਂਸੀ ਵਿਚ ਮਰਾਠਿਆਂ ਦੀ ਚੜ੍ਹਤ ਸੀ ਅਤੇ ਗੁਜਰਾਤੀਆਂ ਦੀ ਪੁੱਛ ਗਿੱਛ ਕੁੱਝ ਘੱਟ ਸੀ। ਬਹੁਤੇ ਗੁਜਰਾਤੀ ਮਹਿਸੂਸ ਕਰਦੇ ਸਨ ਕਿ ਉਹਨਾਂ ਨਾਲ ਵਿਤਕਰਾ ਹੁੰਦਾ ਹੈ। ਪਰ ਸੁਤੰਤਰਤਾ ਸੰਗਰਾਮ ਦੀ ਵੱਡੀ ਸਿਆਸੀ ਪਾਰਟੀ, ਇੰਡੀਅਨ ਨੈਸ਼ਨਲ ਕਾਂਗਰਸ ਦੀ ਵਾਗ ਡੋਰ ਗੁਜਰਾਤੀ ਮੋਹਨ ਦਾਸ ਕਰਮ ਚੰਦ ਗਾਂਧੀ, ਉਸ ਦੇ ਚਹੇਤੇ ਵੱਲਬ ਭਾਈ ਪਟੇਲ ਅਤੇ ਜਵਾਹਰ ਲਾਲ ਨਹਿਰੂ ਦੇ ਹੱਥਾਂ ਵਿਚ ਸੀ। ਦੱਸਿਆ ਜਾਂਦਾ ਹੈ ਕਿ ਹਿੰਦੂ ਮਹਾ ਸਭਾ ਦੇ ਮਰਾਠੇ ਆਗੂ ਗਾਂਧੀ ਨੂੰ ਅਕਸਰ ਮਿਲਣ ਆਉਂਦੇ ਸਨ ਅਤੇ ਉਸ ਨੂੰ ਹਿੰਦੂਤਵ ਏਜੰਡੇ ਦਾ ਸਮਰਥਨ ਕਰਨ ਲਈ ਪ੍ਰੇਰਿਤ ਕਰਦੇ ਸਨ। ਹੋ ਸਕਦਾ ਹੈ ਕਿ ਹਿੰਦੂਤਵ ਦੇ ਸ਼ਰਧਾਲੂਆਂ ਦੇ ਪਰਭਾਵ ਕਾਰਨ ਹੀ ਗਾਂਧੀ ਮੁਸਲਮਾਨ ਬਹੁਗਿਣਤੀ ਵਾਲੇ ਪੰਜਾਬ ਅਤੇ ਬੰਗਾਲ ਦੇ ਖੇਤਰਾਂ ਨੂੰ ਹਿੰਦੋਸਤਾਨ ਵਿਚੋਂ ਕੱਢਣ ਲਈ ਜਤਨਸ਼ੀਲ ਹੋ ਗਿਆ ਹੋਵੇ। ਫਿਰ ਵੀ ਮਰਾਠਿਆਂ ਅਤੇ ਗੁਜਰਾਤੀਆਂ ਦੀ ਸੋਚ, ਵਿਹਾਰ ਅਤੇ ਸਿਆਸਤ ਵਿਚ ਬਹੁਤ ਅੰਤਰ ਰਿਹਾ ਹੈ। ਭਾਰਤ ਆਜ਼ਾਦ ਹੋਣ ਮਗਰੋਂ ਵੀ ਗੁਜਰਾਤੀ ਗਾਂਧੀ ਅਤੇ ਪਟੇਲ ਵੱਡੇ ਪਰਭਾਵਸ਼ਾਲੀ ਸਿਆਸੀ ਆਗੂ ਬਣੇ ਰਹੇ ਪਰ ਕੋਈ ਵੀ ਮਰਾਠਾ ਸਿਰ ਕੱਢ ਆਗੂ ਨਹੀਂ ਬਣ ਸਕਿਆ। ਬਾਲ ਗੰਗਾ ਧਰ ਤਿਲਕ ਵੇਦਾਂ ਦਾ ਗਿਆਤਾ ਸੀ ਪਰ ਸਿਆਸਤ ਵਿਚ ਉਸ ਦਾ ਯੋਗਦਾਨ ਸੀਮਤ ਰਿਹਾ। ਭਾਰਤ ਦੇ ਰਾਜਾਂ ਦੇ ਪੁਨਰ ਗਠਨ ਸਮੇਂ ਮਰਾਠਿਆਂ ਨੇ ਆਪਣੇ ਰਾਜ ਦਾ ਨਾਂ ਮਹਾਰਾਸ਼ਟਰ ਰੱਖ ਕੇ ਸ਼ਾਇਦ ਭਾਰਤ ਵਿਚ ਆਪਣੀ ਪਰਥਮਕਤਾ ਦਾ ਪਰਗਟਾਵਾ ਕੀਤਾ ਹੋਵੇ।
ਭਾਰਤ ਬਹੁਤ ਸਾਰੇ ਰਾਸ਼ਟਰਾਂ ਦਾ ਸੰਘ ਹੈ। ਭਾਰਤ ਦਾ ਸੰਵਿਧਾਨ ਭਾਰਤ ਨੂੰ ਰਾਜਾਂ ਦਾ ਯੂਨੀਅਨ ਆਖਦਾ ਹੈ। ਹਰ ਰਾਜ ਦੇ ਨਾਗਰਿਕਾਂ ਦੀ ਬੋਲੀ, ਸਭਿਆਚਾਰ, ਇਤਹਾਸ ਅਤੇ ਆਸ਼ਾਵਾਂ ਵੱਖਰੀਆਂ ਹਨ। ਹਰ ਰਾਜ ਅਸਲ ਵਿਚ ਇਕ ਵਖਰੀ ਰਾਸ਼ਟਰੀਅਤਾ
(Nationality) ਦੀ ਪ੍ਰਤਿਨਿਧਤਾ ਕਰਦਾ ਹੈ। ਭਾਰਤ ਦੀ ਏਕਤਾ ਅਤੇ ਅਖੰਡਤਾ ਰਾਜਾਂ ਦੇ ਸਹਿਯੋਗ ਤੇ ਨਿਰਭਰ ਕਰਦੀ ਹੈ। ਮੁਸਲਮਾਨ ਬਾਦਸ਼ਾਹ ਉਤਰੀ ਭਾਰਤ ਨੂੰ ਹੀ ਹਿੰਦੋਸਤਾਨ ਆਖਦੇ ਸਨ। ਕੇਵਲ ਅਲਾ-ਉਦ-ਦੀਨ ਖਿਲਜੀ ਅਤੇ ਮੁਗਲ ਬਾਦਸ਼ਾਹਾਂ ਨੇ ਵਿੰਧੀਆ ਪਰਬਤ ਤੋਂ ਦੱਖਣ ਤੇ ਆਪਣਾ ਰਾਜ ਸਥਾਪਤ ਕਰਨ ਦੇ ਜਤਨ ਕੀਤੇ ਸਨ। ਇਸੇ ਲਈ ਦਿੱਲੀ ਦੇ ਮੁਸਲਮਾਨ ਬਾਦਸ਼ਾਹਾਂ ਦੀ ਹਕੂਮਤ ਨੇ ਮੱਧ ਅਤੇ ਦੱਖਣੀ ਭਾਰਤ ਦੀਆਂ ਬੋਲੀਆਂ ਅਤੇ ਸਭਿਆਚਾਰ ਨੂੰ ਬਹੁਤ ਘੱਟ ਪਰਭਾਵਿਤ ਕੀਤਾ ਹੈ। ਹਿੰਦੋਸਤਾਨ ਦੀ ਏਕਤਾ ਅੰਗਰੇਜਾਂ ਦੀ ਦੇਣ ਹੈ। ਅੰਗਰੇਜਾਂ ਨੇ ਇੰਡੀਆ ਉਤੇ ਲੰਡਨ ਤੋਂ ਰਾਜ ਕਰਨ ਲਈ ਆਪਣੇ ਅਧੀਨ ਹਿੰਦੋਸਤਾਨ ਨੂੰ ਪਹਿਲੀ ਵਾਰ ਇਕ ਪ੍ਰਬੰਧਕੀ ਇਕਾਈ ਵਜੋਂ ਵਰਤਣਾ ਸ਼ੁਰੂ ਕੀਤਾ ਸੀ। ਉਹਨਾਂ ਇੰਡੀਆ ਦੇ ਸੁਖਾਲੇ ਪਰਬੰਧ ਲਈ ਇਸ ਨੂੰ ਤਿੰਨ ਪਰੈਜ਼ੀਡੈਂਸੀਆਂ, ਕਈ ਸੂਬਿਆਂ ਅਤੇ ੫੦੦ ਤੋਂ ਵੱਧ ਰਿਆਸਤਾਂ ਵਿਚ ਵੰਡ ਦਿੱਤਾ ਸੀ। ਇੰਡੀਆ ਦੀ ਪ੍ਰਬੰਧਕੀ ਏਕਤਾ ਲਈ ਉਹਨਾਂ ਇੰਡੀਅਨ ਆਰਮੀ ਅਤੇ ਇੰਡੀਅਨ ਸਿਵਿਲ ਸਰਵਿਸ ਕਾਇਮ ਕੀਤੀ ਅਤੇ ਸਮਾਜਕ ਏਕਤਾ ਲਈ ਅੰਗ੍ਰੇਜ਼ੀ ਨੂੰ ਸਿੱਖਿਆ ਦਾ ਮਾਧਿਅਮ ਬਣਾਇਆ। ਅੰਗ੍ਰੇਜ਼ ਆਪਣੀ ਪ੍ਰਬੰਧਕੀ ਸਹੂਲੀਅਤ ਅਤੇ ਸਾਮਰਾਜੀ ਮਨੋਰਥ ਦੀ ਪੂਰਤੀ ਲਈ ਸਮੇਂ-ਸਮੇਂ ਇੰਡੀਆ ਦੀ ਛਾਂਟੀ ਕਰਦੇ ਰਹਿੰਦੇ ਸਨ। ਪਹਿਲਾਂ ਉਹਨਾਂ ਬਰਮਾ ਨੂੰ ਇੰਡਿਆ ਤੋਂ ਵਖਰਾ ਕੀਤਾ, ਫਿਰ ਲੰਕਾ ਨੂੰ। ੧੯੪੭ ਵਿਚ ਉਹਨਾਂ ਇੰਡਿਆ ਨੂੰ ਭਾਰਤ ਅਤੇ ਪਾਕਿਸਤਾਨ ਵਿਚ ਵੰਡ ਦਿੱਤਾ। ਸ਼ਾਇਦ ਹਿੰਦੁਸਤਾਨ ਵਿਚ ਵੰਡ ਦੀ ਚਲੀ ਆ ਰਹੀ ਪਰਥਾ ਦੇ ਪਰਭਾਵ ਨੇ ਹੀ ਡੀ. ਐਮ. ਕੇ. ਦੇ ਆਗੂ, ਅਨਾਦੁਰਾਏ ਨੂੰ ਭਾਰਤ ਤੋਂ ਅਲਹਿਦਾ ਹੋਣ ਦਾ ਪ੍ਰਸਤਾਵ ਰੱਖਣ ਲਈ ਉਤਸ਼ਾਹਿਤ ਕੀਤਾ ਹੋਵੇ। ਭਾਰਤ ਦੇ ਉਤਰ-ਪੂਰਬੀ ਖੇਤਰ ਅਤੇ ਪੰਜਾਬ ਦੇ ਸਿੱਖਾਂ ਵਿਚ ਵੀ ਭਾਰਤ ਤੋਂ ਅਲਹਿਦਗੀ ਦੇ ਹਾਸ਼ੀਏ ਤੇ ਰਾਜਸੀ ਲਹਿਰ ਚਲਦੀ ਰਹੀ ਹੈ।
ਆਰ. ਐਸ. ਐਸ. ਪ੍ਰਵਾਣਤ ਰਾਜਸੀ ਪਾਰਟੀ ਨਹੀਂ ਹੈ। ਪਰ ਇਹ ਭਾਰਤ ਤੇ ਰਾਜ ਕਰਨ ਦੀ ਇੱਛਕ ਹੈ। ੨੦੧੪ ਦੀਆਂ ਸੰਸਦੀ ਚੋਣਾਂ ਵਿਚ ਇਹ ਆਪਣੀ ਰਾਜਸੀ ਇੱਛਾ ਦੀ ਪੂਰਤੀ ਲਈ ਜਤਨਸ਼ੀਲ ਹੈ, ਜਿਸ ਲਈ ਇਸ ਨੇ ਕਈ ਪੜਾ ਪਾਰ ਕੀਤੇ ਹਨ। ਪਹਿਲੋਂ ਇਸ ਨੇ ਗੁਜਰਾਤੀ ਆਗੂ ਮੋਦੀ ਨੂੰ ਭਾਰਤੀ ਸੰਸਦ ਦੀ ਚੋਣ ਲੜਨ ਲਈ ਚੁਣਿਆ। ਫਿਰ ਮੋਦੀ ਅਤੇ ਆਰ. ਐਸ .ਐਸ. ਨੇ ਮਿਲ ਕੇ ਭਾਰਤੀ ਜਨਤਾ ਪਾਰਟੀ ਦੀ ਲੋਕ ਪ੍ਰੀਅਤਾ ਦਾ ਲਾਭ ਉਠਾਉਣ ਲਈ ਜਨਤਾ ਪਾਰਟੀ ਪਰ ਕਬਜ਼ਾ ਕਰ ਲਿਆ ਅਤੇ ਇਸ ਦੇ ਸਾਰੇ ਪੁਰਾਣੇ ਅਤੇ ਵੱਡੇ ਆਗੂਆਂ ਨੂੰ ਇਕ-ਇਕ ਕਰ ਕੇ ਪਰਭਾਵ ਹੀਣ ਬਣਾ ਦਿੱਤਾ। ਹੁਣ ਆਰ. ਐਸ. ਐਸ. ਭਾਰਤੀ ਜਨਤਾ ਪਾਰਟੀ ਦੇ ਸਿਰ ਤੇ ਚੋਣਾਂ ਜਿੱਤਣ ਦਾ ਜਤਨ ਕਰ ਰਹੀ ਹੈ। ਇਹ ਚੋਣਾਂ ਅਸਲ ਵਿਚ ਭਾਰਤੀ ਜਨਤਾ ਪਾਰਟੀ ਦੇ ਨਾਂ ਤੇ ਆਰ. ਐਸ. ਐਸ. ਲੜ ਰਹੀ ਹੈ। ਆਰ. ਐਸ. ਐਸ. ਦਾ ਲੋਕਤੰਤਰ ਵਿਚ ਵਿਸ਼ਵਾਸ ਨਹੀਂ ਹੈ ਅਤੇ ਨਾ ਹੀ ਉਹ ਭਾਰਤੀ ਸੰਵਿਧਾਨ ਨੂੰ ਬਣਦੀ ਮਾਨਤਾ ਦਿੰਦੀ ਹੈ। ਉਸ ਨੂੰ ਪਤਾ ਹੈ ਕਿ ਚੋਣ ਪਰਕਿਰਿਆ ਲੋਕਤੰਤਰ ਦੀ ਕਮਜ਼ੋਰ ਕੜੀ ਹੁੰਦੀ ਹੈ ਜਿਸ ਦਾ ਤਾਨਾਸ਼ਾਹੀ ਸ਼ਕਤੀਆਂ ਲਾਭ ਉਠਾਉਂਦੀਆਂ ਰਹੀਈਆਂ ਹਨ।
ਵਿਸ਼ਵ ਦੀਆਂ ਪਾਰਲੀਮਾਨੀ ਪਰਣਾਲੀਆਂ ਦੇ ਇਤਹਾਸ ਵਿਚ ਸ਼ਾਇਦ ਇਹ ਪਹਿਲਾ ਮੌਕਾ ਹੈ ਕਿ ੫੦੦ ਤੋਂ ਵੱਧ ਮੈਂਬਰਾਂ ਦੀ ਸੰਸਦ ਦੇ ਮੈਂਬਰ ਦੀ ਚੋਣ ਲੜਨ ਲਗਿਆਂ ਇਕ ਉਮੀਦਵਾਰ ਆਪਣੇ ਆਪ ਨੂੰ ਪਰਧਾਨ ਮੰਤਰੀ ਦੀ ਪਦਵੀ ਦਾ ਉਮੀਦਵਾਰ ਘੋਸ਼ਿਤ ਕਰ ਰਿਹਾ ਹੈ। ਭਾਰਤ ਅਤੇ ਕਿਸੇ ਵੀ ਹੋਰ ਪਾਰਲੀਮਾਨੀ ਪਰਣਾਲੀ ਵਿਚ ਪ੍ਰਧਾਨ ਮੰਤਰੀ ਦੀ ਚੋਣ ਲੋਕ ਨਹੀਂ ਕਰਦੇ। ਪ੍ਰਧਾਨ ਮੰਤਰੀ ਦੀ ਚੋਣ ਪਾਰਲੀਮੈਂਟ ਦੀਆਂ ਚੋਣਾਂ ਵਿਚ ਬਹੁਮਤ ਪ੍ਰਾਪਤ ਕਰਨ ਵਾਲੀ ਪਾਰਟੀ ਜਾਂ ਪਾਰਟੀਆਂ ਦਾ ਸੰਗਠਨ ਮੰਤਰੀ ਮੰਡਲ ਬਨਾਉਣ ਸਮੇਂ ਕਰਦਾ ਹੈ। ਪਾਰਟੀਆਂ ਆਪਣੇ ਪਾਰਲੀਮਾਨੀ ਆਗੂਆਂ ਦੀ ਘੋਸ਼ਣਾ ਤੇ ਕਰ ਸਕਦੀਆਂ ਹਨ ਪਰ ਪਾਰਲੀਮਾਨੀ ਚੋਣਾਂ ਵਿਚ ਬਹੁ ਮਤ ਪ੍ਰਾਪਤ ਕੀਤੇ ਬਿਨਾਂ ਪਰਧਾਨ ਮੰਤਰੀ ਦੀ ਉਮੀਦ ਵਾਰੀ ਦਾ ਐਲਾਨ ਨਹੀਂ ਕਰਦੀਆਂ। ਇਸ ਵਿਸ਼ੇ ਨੂੰ ਲੈ ਕੇ ਭਾਰਤੀ ਮੀਡੀਏ ਨੇ ਵੀ ਕੋਈ ਪ੍ਰਸੰਸਾਜਨਕ ਕਰਤਵ ਨਹੀਂ ਨਿਭਾਇਆ ਹੈ। ਆਰ. ਐਸ. ਐਸ. ਜਨਤਾ ਪਾਰਟੀ ਦੇ ਨਾਂ ਤੇ ਪ੍ਰਧਾਨ ਮੰਤਰੀ ਦੀ ਚੋਣ ਲੜਨ ਦੀ ਘੋਸ਼ਣਾ ਕਰ ਕੇ ਸ਼ਾਇਦ ਇਸ ਪਦਵੀ ਨੂੰ ਭਾਰਤੀ ਸੰਵਿਧਾਨ ਦੇ ਵਿਰੁਧ ਅਮਰੀਕਨ ਰਾਸ਼ਟਰਪਤੀ ਦੀ ਚੋਣ ਦਾ ਦਰਜਾ ਦੇਣ ਦਾ ਜਤਨ ਕਰ ਰਹੀ ਹੋਵੇ, ਤਾਂ ਜੋ ਭਵਿੱਖ ਵਿਚ ਉਹਨਾਂ ਦਾ ਪ੍ਰਧਾਨ ਮੰਤਰੀ ਅਮਰੀਕਨ ਰਾਸ਼ਟਰਪਤੀ ਵਾਲੇ ਅਧਿਕਾਰਾਂ ਦਾ ਮੁਤਾਲਬਾ ਕਰ ਸਕੇ ਹਿੰਦੂਤਵ ਵਿਚਾਰਧਾਰਾ ਮਰਾਠਾ ਦੇਸ਼ ਤੋਂ ਸ਼ੁਰੂ ਹੋਈ ਹੈ। ਭਾਰਤ ਦੇ ਉਤਰ ਅਤੇ ਦੱਖਣ ਵਿਚ ਇਸ ਵਿਚਾਰਧਾਰਾ ਦਾ ਪ੍ਰਭਾਵ ਨਹੀਂ ਹੈ। ਮਹਾਰਾਸ਼ਟਰ, ਗੁਜਰਾਤ ਅਤੇ ਮੱਧ ਪਰਦੇਸ਼ ਦੀ ਆਮ ਜਨਤਾ ਦੀ ਬਹੁ ਗਿਣਤੀ ਵੀ ਮਿਸ਼ਰਿਤ ਭਾਰਤੀ ਸਭਿਆਚਾਰ ਵਿਚ ਵਿਸ਼ਵਾਸ ਰੱਖਦੀ ਹੈ। ਪਰ ਹਿੰਦੂਤਵ ਦੇ ਮੁੱਦੇ ਨੂੰ ਲੈ ਕੇ ਸਿੱਖਾਂ ਦੀ ਸਥਿਤੀ ਕੁੱਝ ਵੱਖਰੀ ਅਤੇ ਅਸਪਸ਼ਟ ਹੈ। ਆਰ. ਐਸ. ਐਸ. ਦੇ ਆਗੂ ਸਿੱਖਾਂ ਨੂੰ ਹਿੰਦੂਤਵ ਵਿਚਾਰਧਾਰਾ ਦਾ ਇਕ ਵੱਡਾ ਸਹਾਇਕ ਗਿਣਦੇ ਹਨ। ਉਹਨਾਂ ਦੀ ਧਾਰਨਾ ਹੈ ਕਿ ਖਾਲਸਾ ਪੰਥ ਹਿੰਦੂ ਧਰਮ ਦੀ ਰਖਿਆ ਲਈ ਸਥਾਪਤ ਕੀਤਾ ਗਿਆ ਸੈਨਕ ਜਾਂ ਸ਼ਸਤਰਧਾਰੀ ਸੰਗਠਨ ਹੈ। ਇਸ ਧਾਰਨਾ ਦਾ ਆਧਾਰ ਉਹ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹੀਦੀ ਅਤੇ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਖਾਲਸੇ ਦੀ ਸਿਰਜਣਾ ਨਾਲ ਸਬੰਧਿਤ ਹਾਲਾਤ ਬਾਰੇ ਇਤਿਹਾਸਕਾਰਾਂ ਦੀਆਂ ਲਿਖਤਾਂ ਅਤੇ ਸਿੱਖ ਪਰਚਾਰਕਾਂ ਦੇ ਪਰਚਾਰ, ਅਤੇ ਅਖੌਤੀ ਦਸਮ ਗ੍ਰੰਥ ਦੀਆਂ ਰਚਨਾਵਾਂ ਨੂੰ ਮੰਨਦੇ ਹਨ। ਸਿੱਖ ਇਤਹਾਸ ਅਨੁਸਾਰ ਜਦੋਂ ਮੁਗਲ ਬਾਦਸ਼ਾਹ ਔਰੰਗਜੇਬ ਕਸ਼ਮੀਰ ਦੇ ਹਿੰਦੂਆਂ ਨੂੰ ਜ਼ਬਰਦਸਤੀ ਮੁਸਲਮਾਨ ਬਣਾ ਰਿਹਾ ਸੀ ਤਾਂ ਕਸ਼ਮੀਰੀ ਪੰਡਤਾਂ ਦਾ ਇਕ ਵਫ਼ਦ ਗੁਰੂ ਤੇਗ ਬਹਾਦਰ ਸਾਹਿਬ ਨੂੰ ਹਿੰਦੂ ਧਰਮ ਦੀ ਰਖਿਆ ਕਰਨ ਲਈ ਬੇਨਤੀ ਕਰਨ ਆਇਆ ਸੀ। ਇਤਹਾਸ ਵਿਚ ਜ਼ਿਕਰ ਆਉਂਦਾ ਹੈ ਕਿ ਬਾਲਕ ਗੋਬਿੰਦ ਰਾਏ ਨੇ ਗੁਰੂ ਤੇਗ ਬਹਾਦਰ ਸਾਹਿਬ ਤੋਂ ਪੁੱਛਿਆ ਸੀ ਕਿ ਕੀ ਹਿੰਦੂਆਂ ਦੀ ਰਖਿਆ ਦਾ ਕੋਈ ਉਪਾ ਹੈ, ਜਿਸ ਦੇ ਉਤਰ ਵਿਚ ਗੁਰੂ ਸਾਹਿਬ ਨੇ ਆਖਿਆ ਸੀ ਕਿ ਜੇਕਰ ਕੋਈ ਵੱਡਾ ਧਾਰਮਕ ਆਗੂ ਹਿੰਦੂ ਧਰਮ ਦੀ ਰਖਿਆ ਲਈ ਆਪਣਾ ਸੀਸ ਦੇਣ ਲਈ ਤਿਆਰ ਹੋ ਜਾਵੇ ਤਾਂ ਹਿੰਦੂ ਧਰਮ ਦੀ ਰਕਸ਼ਾ ਹੋ ਸਕਦੀ ਹੈ। ਦੱਸਿਆ ਜਾਂਦਾ ਹੈ ਕਿ ਬਾਲਕ ਗੋਬਿੰਦ ਰਾਏ ਨੇ ਆਪਣੇ ਗੁਰੂ ਪਿਤਾ ਜੀ ਨੂੰ ਆਖਿਆ ਸੀ ਕਿ ‘ਤੁਹਾਥੋਂ ਵੱਡਾ ਧਾਰਮਕ ਪੁਰਸ਼ ਹੋਰ ਕੌਣ ਹੋ ਸਕਦਾ ਹੈ?’ ਇਹ ਇਤਿਹਾਸਕ ਵਰਨਣ ਸਿੱਧ ਕਰਦਾ ਹੈ ਕਿ ਗੁਰੂ ਤੇਗ ਬਹਾਦਰ ਸਾਹਿਬ ਨੇ ਕੇਵਲ ਹਿੰਦੂ ਧਰਮ ਦੀ ਰਖਿਆ ਲਈ ਹੀ ਕੁਰਬਾਨੀ ਦਿੱਤੀ ਸੀ, ਕਿਉਂਕਿ ਗੁਰੂ ਸਾਹਿਬ ਦੇ ਸਿੱਖ ਸ਼ਰਧਾਲੂਆਂ ਨੂੰ ਤੇ ਉਸ ਸਮੇਂ ਮੁਗਲ ਸਾਸ਼ਨ ਬਾਰੇ ਕੋਈ ਸ਼ਿਕਾਇਤ ਨਹੀਂ ਸੀ। ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹੀਦੀ ਉਪਰੰਤ ਗੁਰੂ ਗੋਬਿੰਦ ਸਿੰਘ ਜੀ ਨੇ ਸਿੱਖ ਫੌਜੀ ਸ਼ਕਤੀ ਵਿਚ ਵਾਧਾ ਕੀਤਾ ਅਤੇ ਖਾਲਸਾ ਪੰਥ ਦੀ ਸਿਰਜਨਾ ਕੀਤੀ। ਕਈ ਸਿੱਖ ਇਤਿਹਾਸਕਾਰ ਆਪਣੀਆਂ ਲਿਖਤਾਂ ਵਿਚ ਇਹ ਪਰਭਾਵ ਦਿੰਦੇ ਹਨ ਅਤੇ ਬਹੁਤੇ ਸਿੱਖ ਪਰਚਾਰਕ ਇਹ ਪਰਚਾਰਦੇ ਹਨ ਕਿ ਗੁਰੂ ਸਾਹਿਬ ਨੇ ਇਹ ਸਭ ਕੁੱਝ ਮੁਗਲ ਸ਼ਾਸਨ ਨਾਲ ਜੁੱਧ ਕਰਨ ਲਈ ਕੀਤਾ ਸੀ। ਅਖੌਤੀ ਦਸਮ ਗ੍ਰੰਥ ਦੀਆਂ ਰਚਨਾਵਾਂ ਵੀ ਅਸਿੱਧੇ ਢੰਗ ਨਾਲ ਅਜਿਹੀਆਂ ਵਿਚਾਰਾਂ ਦੀ ਪੁਸ਼ਟੀ ਕਰਦੀਆਂ ਹਨ। ਆਰ. ਐਸ. ਐਸ. ਦੇ ਆਗੂ ਕਹਿੰਦੇ ਹਨ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਸਿੱਖ ਫੌਜ ਵਿਚ ਵਾਧਾ ਅਤੇ ਖਾਲਸਾ ਪੰਥ ਦੀ ਸਿਰਜਨਾ ਹਿੰਦੂ ਧਰਮ ਦੀ ਰਖਿਆ ਲਈ ਕੀਤੀ ਸੀ। ਇਹਨਾਂ ਦੋਨੋਂ ਵਿਚਾਰਾਂ ਵਿਚ ਬਹੁਤ ਸੂਖਮ ਅੰਤਰ ਹੈ। ਗੁਰੂ ਗੋਬਿੰਦ ਸਿੰਘ ਜੀ ਸਿੱਖ ਧਰਮ ਦੇ ਗੁਰੂ ਦੀ ਪਦਵੀ ਤੇ ਸੁਸ਼ੋਭਿਤ ਸਨ ਅਤੇ ਗੁਰੂ ਹੁੰਦੇ ਹੋਏ ਉਹਨਾਂ ਦਾ ਮੁੱਖ ਕਰਤਵ ਗੁਰਬਾਣੀ ਦਾ ਸੰਚਾਰ ਅਤੇ ਪਰਸਾਰ ਸੀ। ਆਪਣੀ ਅਤੇ ਆਪਣੇ ਸਿੱਖ ਸੇਵਕਾਂ ਦੀ ਰਖਿਆ ਦੀ ਜ਼ਿੰਮੇਵਾਰੀ ਵੀ ਉਹਨਾਂ ਤੇ ਆਇਦ ਸੀ। ਆਰ. ਐਸ. ਐਸ. ਦੇ ਇਸ ਵਿਚਾਰ ਦੀ ਕਿ ਗੁਰੂ ਸਾਹਿਬ ਹਿੰਦੂਆਂ ਦੀ ਰਖਿਆ ਲਈ ਮੁਗਲ ਸਾਸ਼ਨ ਨਾਲ ਜੁੱਧ ਕਰਨਾ ਚਾਹੁੰਦੇ ਸਨ ਇਤਿਹਾਸਕ ਤੱਥ ਪਰੋੜ੍ਹਤਾ ਨਹੀਂ ਕਰਦੇ ਕਿਉਂਕਿ ਗੁਰੂ ਸਾਹਿਬ ਨਾਲ ਤੇ ਹਿੰਦੂ ਪਹਾੜੀ ਰਾਜਿਆਂ ਨੇ ਜੁੱਧ ਛੇੜ ਕੇ ਆਪ ਮੁਗਲ ਸਾਸ਼ਨ ਨੂੰ ਉਸ ਜੁੱਧ ਵਿਚ ਗੁਰੂ ਸਾਹਿਬ ਦੇ ਵਿਰੁਧ ਉਲਝਾਇਆ ਸੀ। ਭਾਰਤ ਦੀ ਸਿਆਸਤ ਵਿਚ ਹੁਣ ਤਕ ਉਤਰੀ ਭਾਰਤ ਅਤੇ ਉਸ ਖੇਤਰ ਦੇ ਸਦੀਆਂ ਪੁਰਾਣੇ ਮਿਸ਼ਰਿਤ ਸਭਿਆਚਾਰ ਦੀ ਚੜ੍ਹਤ ਰਹੀ ਹੈ। ਸਾਵਰਕਰ ਦੀ ਹਿੰਦੂਤਵ ਵਿਚਾਰਧਾਰਾ ਦੇ ਪਰਭਾਵ ਨੇ ੧੯੪੭ ਵਿਚ ਹਿੰਦੋਸਤਾਨ ਦੇ ਟੁਕੜੇ ਕਰਵਾ ਦਿੱਤੇ ਸਨ ਅਤੇ ਨਿਰੰਤਰ ਜੰਗ ਵਾਲੀ ਸਥਿਤੀ ਪੈਦਾ ਕਰ ਦਿੱਤੀ ਸੀ। ਹਿੰਦੂਤਵ ਵਿਚਾਰਧਾਰਾ ਜਨਤਾ ਦੀ ਏਕਤਾ ਦੀ ਵੈਰੀ ਹੈ ਅਤੇ ਇਸ ਦਾ ਏਜੰਡਾ ਭਾਰਤ ਨੂੰ ਟੁਕੜੇ-ਟੁਕੜੇ ਕਰਨ ਦਾ ਸਿਆਸੀ ਨੁਸਖ਼ਾ ਹੈ।
.