.

ਪੀ. ਟੀ. ਸੀ. ਪੰਜਾਬੀ ਤੇ ਪੰਜਾਬੀ ਫਿਲਮਾਂ ਦੇ ਅੰਗ੍ਰੇਜ਼ੀ ਨਾਅ

ਤੇ ਵਿਗੜੇ ਹੋਏ ਸਿੱਖੀ ਸਰੂਪ ਵਾਲਾ ਹੀਰੋ ‘ਡਿਸਕੋ ਸਿੰਘ`

ਜਥੇਦਾਰ ਮਹਿੰਦਰ ਸਿੰਘ ਖਹਿਰਾ।

ਪਿਛਲੇ ਹਫਤੇ ਪੰਜਾਬੀ ਦੇ ਸਮਕਾਲੀ ਪੇਪਰਾਂ ਵਿੱਚ ਇੱਕ ਇਸ਼ਤਿਹਾਰ ਪੜ੍ਹਨੇ ਨੂੰ ਮਿਲਿਆ ਕਿ, “ਪੀ ਟੀ ਸੀ ਪੰਜਾਬੀ ਦੀ ਪੇਸ਼ਕਸ਼ ਪੰਜਾਬੀ ਫਿਲਮ ‘ਡਿਸਕੋ ਸਿੰਘ`। ਡਿਸਕੋ ਸਿੰਘ ਤੋਂ ਪਹਿਲਾਂ ‘ਸਿੰਘ ਇਜ਼ ਏ ਕਿੰਗ` ਇੱਕ ਫਿਲਮ ਹਿੰਦੀ ਵਿੱਚ ਵੀ ਬਣ ਚੁੱਕੀ ਹੈ। ਦੋਹਾਂ ਹੀ ਫਿਲਮਾਂ ਵਿੱਚ ਰੋਮਾਂ ਦੀ ਬੇ-ਅਦਬੀ ਕਰ ਕੇ ਛਾਂਗੀਆਂ ਹੋਈਆਂ ਦਾੜੀਆਂ ਅਤੇ ਮੋਨੇ ਸਿਰਾਂ ਤੇ ਨੋਕਦਾਰ ਬੱਧੀਆਂ ਠੋਕਵੀਆਂ ਪੱਗਾਂ ਵਾਲੇ ਮੁਖ ਪਾਤਰਾਂ ਨੂੰ ਸਿੱਖ ਰੋਲ ਮਾਡਲ ਵਜੋਂ ਵਿਖਾਇਆ ਗਿਆ ਹੈ, ਜੋ ਕਿ ਸਿੱਖ ਧਰਮ ਅਤੇ ‘ਸਾਬਤ ਸੂਰਤਿ ਦਸਤਾਰ ਸਿਰਾ` ਸਿੱਖੀ ਦੇ ਸਰੂਪ ਨੂੰ ਵਿਗਾੜ ਕੇ ਪੇਸ਼ ਕੀਤਾ ਗਿਆ ਹੈ। ਇਸ ਤੋਂ ਵੀ ਅੱਗੇ ਵੇਖੀਏ ਤਾਂ ਪੰਜਾਬ ਪੋਲੀਸ ਦੇ ਬਹੁ ਗਿਣਤੀ ਦੇ ਪੁਲਸ ਮੁਲਾਜ਼ਮਾਂ ਤੋਂ ਇਲਾਵਾ ਪੀ ਟੀ ਸੀ ਪੰਜਾਬੀ ਤੇ ਪ੍ਰੋਗਰਾਮ ਕਰਨ ਵਾਲੇ ਗੀਤਕਾਰ ਗਾਇਕ ਅਤੇ ਪ੍ਰੀਜ਼ੈਂਟਰਾਂ ਨੇ ਵੀ ਰੋਮਾਂ ਦੀ ਨਿਸ਼ਾਨੀ ਰੱਖਣ ਤੱਕ ਛਾਂਗੀਆਂ ਦਾੜ੍ਹੀਆਂ ਅਤੇ ਮੁੰਨੇ ਹੋਏ ਸਿਰਾਂ ਤੇ ਨੋਕਦਾਰ ਪੱਗਾਂ ਬੱਧੀਆਂ ਹੋਈਆਂ ਵੇਖਣ ਨੂੰ ਮਿਲਦੀਆਂ ਹਨ। ਸਿੱਖਾਂ ਦੇ ਇਸ ਵਿਗੜੇ ਹੋਏ ਸਿੱਖੀ ਸਰੂਪ ਤੇ ਮੋਹਰ ਲਾਉਣ ਲਈ ਪੀ ਟੀ ਸੀ, ਪੰਜਾਬੀ ਮੋਹਰੀ ਰੋਲ ਅਦਾ ਕਰ ਰਿਹਾ ਹੈ। ਪੀ ਟੀ ਸੀ ਪੰਜਾਬੀ ਤੇ ਨੱਨ ਸਟੋਪ ਪ੍ਰੋਗਰਾਮ ਦੇਖਣ ਵਾਲਿਆਂ ਨੂੰ ਕਿਸੇ ਸਬੂਤ ਦੀ ਵੀ ਕੋਈ ਲੋੜ ਨਹੀਂ ਹੈ ਕਿਉਂਕਿ ਪ੍ਰਤੱਖ ਨੂੰ ਪ੍ਰਮਾਣ ਦੀ ਲੋੜ ਨਹੀਂ ਹੁੰਦੀ। ਦਾਹੜੀ ਛਾਂਗ ਕੇ ਰੋਮਾਂ ਦੀ ਬੇ-ਅਦਬੀ ਕਰਨ ਦਾ ਅਰਥ ਹੈ ਸਿੱਖੀ ਦਾ ਬੰਦ ਬੰਦ ਕੱਟ ਦੇਣਾ।

ਵੀਹਵੀਂ ਸਦੀ ਦੇ ਮਹਾਨ ਸਿੱਖ, ਜਰਨੈਲ ਸਿੰਘ ਭਿੰਡਰਾਂਵਾਲੇ ਕਿਹਾ ਕਰਦੇ ਸਨ ਕਿ, ਮੈਂ ਹਿੰਦੂਆਂ ਅਤੇ ਸਿੱਖਾਂ ਵਿਚਕਾਰ ਨਫ਼ਰਤ ਫੈਲਾਉਂਦਾ ਹਾਂ, ਇਹ ਗੱਲਤ ਹੈ। ਮੈਂ ਤਾਂ ਬਸ ਗੁਰੂਆਂ ਦੀ ਸਿੱਖਿਆ ਹੀ ਪ੍ਰਚਾਰਦਾ ਹਾਂ, ਮੈਂ ਅੰਮ੍ਰਿਤ ਪ੍ਰਚਾਰ ਹੀ ਕਰਦਾ ਹਾਂ ਅਤੇ ਸਿੱਖ ਨੋਜਵਾਨਾਂ ਨੂੰ ਦਾੜੀਆਂ ਛਾਂਗਣਾਂ ਬੰਦ ਕਰਨ, ਸਿਗਰਟ ਅਤੇ ਸ਼ਰਾਬ ਪੀਣਾ ਛੱਡਣ ਲਈ ਪ੍ਰੇਰਦਾ ਹਾਂ। ਸਿੱਖ ਧਰਮ ਦੇ ਸ਼ਹੀਦ ਸਿੰਘ ਤਾਂ ਸਿੱਖੀ ਕੇਸਾਂ ਸੁਆਸਾਂ ਸੰਗ ਨਿਭਾਉਣ ਲਈ ਚੜਖੜੀਆਂ ਤੇ ਚੜ੍ਹੇ ਅਤੇ ਬੰਦ ਬੰਦ ਕਟਵਾ ਦਿੱਤੇ, ਪਰ ਅਜ ਦੇ ਸਿੱਖ ਨੋਜਵਾਨ ਦਾੜੀਆਂ ਛਾਂਗ ਕੇ, ਮੁੰਨ ਕੇ ਸਿੱਖੀ ਦਾ ਹੀ ਬੰਦ ਬੰਦ ਕੱਟੀ ਜਾ ਰਹੇ ਹਨ, ਮੈਂ ਇਨ੍ਹਾਂ ਨੂੰ ਖੰਡੇ ਬਾਟੇ ਦਾ ਅੰਮ੍ਰਿਤ ਛਕਾਉਣ ਅਤੇ ਗੁਰੂ ਗ੍ਰੰਥ ਸਾਹਿਬ ਦੇ ਲੜ ਲੱਗ ਕੇ ਗੁਰੂ ਵਾਲੇ ਬਨਣ ਦੀ ਪ੍ਰੇਰਣਾ ਦਿੰਦਾ ਹਾਂ। ਕਿਉਂਕਿ ਧਰਮ ਦਾ ਪ੍ਰਚਾਰ ਕਰਨਾ ਮੇਰਾ ਸੰਵਿਧਾਨਕ ਹੱਕ ਹੈ”।

ਪੀ ਟੀ ਸੀ ਪੰਜਾਬੀ ਵਾਲੇ ਸਿੱਖੀ ਅਤੇ ਸਿੱਖ ਦਾ ਬਾਹਰੀ ਸਰੂਪ ਵਿਗਾੜ ਕੇ ਪਤਿਤ ਪੁਣੇ ਨੂੰ ਉਤਸ਼ਾਹਿਤ ਤਾਂ ਕਰ ਹੀ ਰਹੇ ਹਨ ਅਤੇ ਨਾਲ ਹੀ ਪੰਜਾਬੀ ਵਿਰਸੇ ਦਾ ਅੰਗ੍ਰੇਜ਼ੀ -ਕਰਨ ਵੀ ਕਰ ਰਹੇ ਹਨ। ਪੰਜਾਬੀ ਅਤੇ ਪੰਜਾਬੀਅਤ ਦੇ ਨਾਮ ਤੇ ਬਣਨ ਵਾਲੀਆਂ ਪੰਜਾਬੀ ਫਿਲਮਾਂ ਦਾ ਨਾਮ ਵੀ ਅੰਗ੍ਰਜ਼ੀ ਭਾਸ਼ਾ ਵਿੱਚ ਰੱਖਿਆ ਜਾਣ ਲੱਗਾ ਹੈ। ਆਓ ਹੁਣ ਇਨ੍ਹਾਂ ਪੰਜਾਬੀ ਫਿਲਮਾਂ ਦੇ ਕੁੱਝ ਅੰਗ੍ਰੇਜ਼ੀ ਨਾਵਾਂ ਦੇ ਨਮੂਨੇ ਦੇਖੀਏ ਜਿਵੇਂ ਕਿ “ਜੱਟ ਐਂਡ ਜੂਲੀਅਟ-1, ਤੇ ਜੱਟ ਐਂਡ ਜੂਲੀਅਟ-2 ਤੇ ਕੈਰੀਆਨ ਜੱਟਾ ਤੇ ਡੈਡੀ ਕੂਲ ਮੁੰਡੇ ਫੂਲ ਤੇ ਮਾਈ ਸੈਲਫ ਘੈਂਟ ਤੇ ਜੱਟ ਜੇਂਮਸ ਬੋਂਡ ਅਤੇ ਡਿਸਕੋ ਸਿੰਘ”। ਅਜਿਹੀਆਂ ਅੰਗ੍ਰੇਜ਼ੀ ਨਾਮ ਕਰਨ ਵਾਲੀਆਂ ਪੰਜਾਬੀ ਫਿਲਮਾਂ ਦੇ ਨਿਰਮਾਤਾ ਤੇ ਨਿਰਦੇਸ਼ਕ ਆਪਣੀ ਫਿਲਮ ਹਿੱਟ ਕਰਾਉਣ ਲਈ ਪੰਜਾਬੀ ਪਹਿਰਾਵੇ ਦੀ ਥਾਂ ਅੰਗ੍ਰੇਜੀ ਡਰੈਸਾਂ ਦੀ ਵਰਤੋਂ ਕਰ ਰਹੇ ਹਨ। ਇਨ੍ਹਾਂ ਫਿਲਮਾਂ ਵਿੱਚ ਕੰਮ ਕਰਨ ਵਾਲੀਆਂ ਪੰਜਾਬੀ ਕੁੜੀਆਂ ਕਮੀਜ਼ ਦੀ ਥਾਂ ਸਲੀਵਲੈਸ ਫਰਾਕ ਅਤੇ ਸਲਵਾਰ ਦੀ ਥਾਂ ਲੱਤਾਂ ਨੰਗੀਆਂ ਰੱਖਣ ਲਈ ਸਕਰਟ ਪਹਿਨਦੀਆਂ ਹਨ। ਪੈਂਟ ਬੁਰਸ਼ਟ ਡਰੈਸ ਵਿੱਚ ਵੀ ਪੰਜਾਬੀ ਕੁੜੀਆਂ ਦੇ ਸੀਨ ਫਿਲਮਾਏ ਜਾਂਦੇ ਹਨ। ਕੁੜੀਆਂ ਨੂੰ ਪੈਂਟਾਂ ਏਨੀਆਂ ਘੁਟਵੀਆਂ ਪੁਆਈਆਂ ਜਾਂਦੀਆਂ ਹਨ ਕਿ ਸ਼ੱਕ ਹੋਣ ਲੱਗਦਾ ਹੈ ਕਿ ਲੱਤਾਂ ਨੇ ਪੈਂਟ ਪਾਈ ਹੋਈ ਹੈ ਜਾਂ ਪੈਂਟ ਨੇ ਲੱਤਾਂ ਦਾ ਰੂਪ ਧਾਰਿਆ ਹੋਇਆ ਹੈ।

ਪੰਜਾਬੀ ਗੀਤਾਂ ਦੀਆਂ ਵੀਡੀਓ ਫਿਲਮਾਂ ਵਿੱਚ ਵੀ ਅਕਸਰ ਉਕਤ ਵਰਤਾਰਾ ਹੀ ਵੇਖਣ ਨੂੰ ਮਿਲਦਾ ਹੈ, ਬਹੁਤ ਸਾਰੇ ਗੀਤਕਾਰ ਅਤੇ ਗਾਇਕ ਵੀਡੀਓ ਫਿਲਮ ਬਣਾਉਣ ਵੇਲੇ ਤਾਂ ਮੁੰਨੇ ਹੋਏ ਸਿਰ ਤੇ ਪੱਗ ਬੰਨ ਲੈਂਦੇ ਹਨ ਪਰ ਅੱਗੋ ਪਿੱਛੋਂ ਤਾਂ ਨੰਗੇ ਸਿਰ ਹੀ ਵਿਚਰਦੇ ਹਨ ਅਤੇ ਕਈ ਵਾਰੀ ਸਿੱਧੀਆਂ ਪੁਠੀਆਂ ਟੋਪੀਆਂ ਵੀ ਲੈ ਲੈਂਦੇ ਹਨ। ਇਨ੍ਹਾਂ ਬਹੁ-ਰੂਪੀਏ ਕਲਾਕਾਰਾਂ ਵਲੋਂ ਸਿੱਖੀ ਸਰੂਪ ਨੂੰ ਤਾਂ ਸਿਰਫ ਪੈਸੇ ਕਮਾਉਣ ਲਈ ਹੀ ਵਰਤਿਆ ਜਾ ਰਿਹਾ ਹੈ। ਅਜਿਹੀਆਂ ਵੀਡੀਓ ਫਿਲਮਾਂ ਵਿੱਚ ਕੰਮ ਕਰਨ ਵਾਲੇ ਮੁੰਡੇ ਕੁੜੀਆਂ ਨੇ ਪੈਸੇ ਕਮਾਉਣ, ਅਤੇ ਚੰਦ ਦਿਨਾਂ ਦੀ ਬੱਲੇ ਬੱਲੇ ਲਈ ਸਿੱਖੀ ਸਰੂਪ ਅਤੇ ਪੰਜਾਬੀ ਪਹਿਰਾਵੇ ਨੂੰ ਤਿਆਗ ਦਿੱਤਾ ਹੈ ਅਤੇ ਆਪਣੇ ਆਪ ਨੂੰ ਮੋਸਟ ਮਾਡਰਨ ਤੇ ਅਪ-ਟੂ –ਡੇਟ ਦਸਦੇ ਹਨ, ਅਤੇ ਸਿੱਖੀ ਸਰੂਪ ਅਤੇ ਪੰਜਾਬੀ ਪਹਿਰਾਵੇ ਵਾਲਿਆਂ ਨੂੰ ਬੈਕ ਵਰਡ ਸਮਝਦੇ ਹਨ, ਪਰ ਇਨ੍ਹਾਂ ਨੂੰ ਕੌਣ ਸਮਝਾਵੇ ਕਿ ਅਸਲੀ ਸੁੰਦਰਤਾ ਉਸ ਦੇ ਸਾਬਤ ਸੂਰਤ ਚੇਹਰੇ ਅਤੇ ਉਸ ਦੇ ਆਚਰਣ ਵਿੱਚ ਹੁੰਦੀ ਹੈ। ਸੀਲ, ਸੰਜਮ ਤੇ ਸਾਦਾ ਪਹਿਰਾਵਾ ਮਨੁਖੀ ਆਚਰਣ ਦੇ ਵਿਸ਼ੇਸ ਅੰਗ ਹਨ, ਸੰਜਮ ਰਹਿਤ ਜੀਵਨ, ਅਸ਼ਲੀਲ ਮੰਨ ਸ਼ੁੰਦਰ ਤੇ ਦਿੱਲ ਨੂੰ ਮੋਹਣ ਵਾਲੇ ਪਹਿਰਾਵੇ ਹੇਠ ਉਵੇਂ ਹੈ ਜਿਵੇਂ ਕਿਸੇ ਹਲਕੀ ਧਾਤ ਨੂੰ ਮੁਲੰਮਾ ਕੀਤਾ ਹੋਵੇ। ਦਾਸ ਨੇ ਸ. ਸ਼ੇਰ ਸਿੰਘ ਕੰਵਲ ਅਮਰੀਕਾ ਵਾਲਿਆਂ ਦਾ ਇੱਕ ਲੇਖ ਪੜਿਆ, ਜਿਸ ਦਾ ਸਿਰਲੇਖ ਸੀ “ਪ੍ਰਦੇਸੀ ਪਾਣੀਆਂ ਵਿੱਚ ਖੁਰ ਰਿਹਾ ਦੇਸੀ ਸਭਿਆਚਾਰ” ਪਰ ਜੇ ਕਿਤੇ ਕੰਵਲ ਸਾਹਿਬ ਪੀ ਟੀ ਸੀ ਪੰਜਾਬੀ ਦੇ ਨੱਨ ਸਟਾਪ ਪ੍ਰੋਗਰਾਮ ਦੇਖ ਲੈਂਦੇ ਤਾਂ ਉਨ੍ਹਾਂ ਦੇ ਲੇਖ ਦਾ ਸਿਰਲੇਖ ਇਹ ਹੋਣਾ ਸੀ ਕਿ “ਦੇਸੀ ਪਾਣੀਆਂ ਵਿੱਚ ਘੁਲ ਰਿਹਾ ਵਿਦੇਸ਼ੀ ਸਭਿਆਚਾਰ” ਕੰਵਲ ਸਾਹਿਬ ਨੇ ਆਪਣੇ ਉਸ ਲੇਖ ਵਿੱਚ ਇੱਕ ਹੋਰ ਵਰਨਣਯੋਗ ਗੱਲ ਲਿਖੀ ਕਿ “ਪੰਜਾਬੀ ਸੁਭਾ ਐਸਾ ਹੈ ਕਿ ਇਹ ਕਿਸੇ ਚੀਜ਼ ਨੂੰ ਗ੍ਰਹਿਣ ਵੀ ਬੜੀ ਤੇਜ਼ੀ ਨਾਲ ਕਰਦਾ ਹੈ ਤੇ ਤਿਲਾਜਲੀ ਦਿੰਦਿਆਂ ਜਾਂ ਤਜਦਿਆਂ ਵੀ ਡੱਡਾ ਨਹੀਂ ਠੁੰਗਣ ਦਿੰਦਾ”।

ਪੀ ਟੀ ਸੀ ਪੰਜਾਬੀ ਵਲੋਂ ਅੰਗ੍ਰੇਜ਼ੀ ਨਾਮ ਵਾਲੀਆਂ ਪੰਜਾਬੀ ਫਿਲਮਾਂ ਨਾਲ ਜੱਟ ਸ਼ਬਦ ਜੋੜਨਾ ਅਤੇ ਇੱਕ ਕੁਰਹਿਤੀਏ ਸਿੱਖ ਨੂੰ ਸਿੰਘ ਬਣਾ ਕੇ ਡਿਸਕੋ ਡਾਂਸ ਕਰਦੇ ਵਿਖਾਉਣਾ ਕੋਈ ਸੁਭਾਵਿਕ ਜਾਂ ਸਧਾਰਣ ਵਰਤਾਰਾ ਨਹੀਂ ਹੈ, ਸਗੋਂ ਇਹ ਸਭ ਕੁੱਝ ਇੱਕ ਸੋਚੀ ਸਮਝੀ ਸਾਜਿਸ਼ ਤਹਿਤ ਕੀਤਾ ਜਾ ਰਿਹਾ ਹੈ ਕਿੳਂਕਿ ਜੇ ਇਕੱਲੇ ਜੱਟ ਸ਼ਬਦ ਦੀ ਗੱਲ ਕਰੀਏ ਤਾਂ ਭਾਰਤ ਦੇ ਬਾਕੀ ਸੂਬਿਆਂ ਦੇ ਹਿੰਦੂ ਜਾਟ ਵੀ ਜੱਟਾਂ ਦੀ ਸ਼੍ਰੇਣੀ ਵਿੱਚ ਹੀ ਗਿਣੇ ਜਾਂਦੇ ਹਨ ਪਰ ਪੰਜਾਬ ਦੇ ਜੱਟ ਨੂੰ ਸਿੱਖ ਜੱਟ ਲਿਖਿਆ ਜਾਂਦਾ ਰਿਹਾ ਹੈ। ਜੱਟ ਸਿੱਖ ਦਾ ਸਰੂਪ ਹੀ ਉਸ ਦੇ ਗੁਣਾਂ ਦਾ ਨਿਸ਼ਾਨਾਂ ਹੈ।

10 AUGUST, 1975 ਦਾ ILLUSTRATED WEEKLY’ ਭਾਰਤੀ ਪੰਜਾਬ ਅੰਦਰ ਪਾਕਿਸਤਾਨੀ ਪੰਜਾਬ ਦੇ ਮੁਕਾਬਲੇ ਤੇ 25 ਸਾਲਾ ਅੰਦਰ ਹੋਈ ਹੈਰਾਨ ਕਰਨ ਵਾਲੇ ਉਨਤੀ ਦਾ ਵਿਸਥਾਰ ਦਿੰਦਾ ਹੋਇਆ, ਅਖੀਰ SRI DANSIL ਦੀ ਜੁਬਾਨੀ ਕਹਿੰਦਾ ਹੈ ਕਿ “THE SIKH JATTS IN THE PUJAB ARE PROVERBIALLY THE FINEST PEASANTRY IN INDIA ਅਰਥਾਤ ਇਹ ਮੰਨੀ ਗਈ ਗੱਲ ਹੈ ਕਿ ਭਾਰਤ ਅੰਦਰ ਪੰਜਾਬ ਦਾ ਸਿੱਖ ਜੱਟ ਸਭ ਤੋਂ ਵਧੀਆ ਕਾਸਤਕਾਰ ਹੈ ਅੱਗੇ ਜਾ ਕੇ ਉਹ ਲਿਖਦਾ ਹੈ “BUT MUCH IS ALSO DUE TO THE RFEEDOM & BOUDNESS THE SIKH HAS HINERITED RFOM THE TRADITION OF THE KHALSA ਅਰਥਾਤ ਇਸ ਦਾ ਵਡਾ ਕਾਰਣ ਸਿੱਖ ਦੀ ਉਹ ਸੁਤੰਤਰਤਾ ਤੇ ਦਲੇਰੀ ਹੈ ਜੋ ਉਸ ਨੇ ਖਾਲਸੇ ਦੀ ਪ੍ਰੰਪਰਾ ਤੋਂ ਵਿਰਸੇ ਵਿੱਚ ਲਈ ਹੋਈ ਹੈ”। ਭਾਰਤ ਸਰਕਾਰ ਦੀ ਟਰੈਕਟਰ ਸੰਸਥਾ (ਸੈਂਟਰਲ ਟਰੈਕਟਰ ਆਰਗਨਾਈਨੇਸ਼ਨ) ਨੇ ਇੱਕ ਵਾਰ ਨੋਟ ਪ੍ਰਕਾਸ਼ਿਤ ਕੀਤਾ ਸੀ ਕਿ ਸਾਨੂੰ ਇਹ ਵੀ ਮੰਨਣਾ ਪੈਂਦਾ ਹੈ ਕਿ ਪੰਜਾਬੀ ਅਤੇ ਖਾਸਕਰ ਪੰਜਾਬੀ ਸਿੱਖ ਸਰਦਾਰਾਂ ਨੇ ਆਪਣੀ ਨਿੱਜੀ ਹਿੰਮਤ ਤੇ ਮਿਹਨਤ ਨਾਲ ਸਾਡੇ ਨਾਲੋਂ ਕਈ ਗੁਣਾਂ ਵਧ ਜਮੀਨ ਨੂੰ ਜੰਗਲ ਤੋਂ ਬਾਗ ਬਗੀਚਿਆਂ ਵਿੱਚ ਬਦਲ ਦਿੱਤਾ ਹੈ ਤੇ ਲੱਖਾਂ ਟਨ ਅਨਾਜ ਤੇ ਕਰੌੜਾਂ ਟਨ ਗੰਨਾ ਪੈਦਾ ਕਰ ਰਹੇ ਹਨ ਅਤੇ ਔਸਤਨ ਇੱਕ ਇੱਕ ਸਿੱਖ ਸਰਦਾਰ ਦਸ ਦਸ ਮਜ਼ਦੂਰਾਂ ਨੂੰ ਕੰਮ ਦੇ ਰਿਹਾ ਹੈ। ਪਰ ਨਰਿੰਦਰ ਮੋਦੀ ਅਜਿਹੇ ਸਿੱਖ ਸਰਦਾਰਾਂ ਨੂੰ ਉਜਾੜਨ ਤੇ ਤੁਲਿਆ ਹੋਇਆ ਹੈ ਅਤੇ ਪੀ ਟੀ ਸੀ ਪੰਜਾਬੀ ਦੇ ਸਰਪ੍ਰਸਤਾਂ ਨੇ ਪੰਜਾਬ ਦੇ ਸਿੱਖ ਸਰਦਾਰਾਂ ਦੀ ਪੱਗ ਲਾਹ ਕੇ ਆਪ ਹੀ ਸਿੱਖੀ ਅਤੇ ਸਿੱਖਾਂ ਦੇ ਕੱਟੜ ਵਿਰੋਧੀ ਨਰਿੰਦਰ ਮੋਦੀ ਦੇ ਸਿਰ ਤੇ ਰੱਖ ਦਿੱਤੀ ਹੈ ਅਤੇ ਸਟੇਜਾਂ ਤੋਂ ਗੁਰ ਫਤਹਿ ਦੀ ਵਜਾਇ ਜੈ ਸ੍ਰੀ ਰਾਮ ਕਹਿਣਾ ਅਰੰਭ ਕਰ ਦਿੱਤਾ ਹੈ, ਖੈਰ ਇਹ ਇੱਕ ਵਖਰਾ ਵਿਸ਼ਾ ਹੈ।

ਖਾਲਸੇ ਦੀ ਸਾਜਨਾ 1699 ਵਿੱਚ ਹੋਈ ਸੀ ਪਰੰਤੂ ਮੌਜੂਦਾ ਪੰਜਾਬ ਦੇ ਵਾਹੀ ਵਾਹ ਦੀ ਅਜਾਦ ਤੇ ਦਿਲੇਰਾਨਾ ਸਪਿਰਟ ਨੂੰ ਸਿੱਖ ਦੇ ਨਾਅ ਨਾਲ ਜੋੜਨ ਦਾ ਕਾਰਣ ਵੀ ਸਿੱਖ ਦਾ ਸਾਬਤ ਸੂਰਤ ਦਸਤਾਰ ਸਿਰਾ ਵਾਲਾ ਸਰੂਪ ਹੈ ਜੋ ਉਸ ਨੂੰ ਖਾਲਸਾ ਨਾਮ ਹੇਠ 1699 ਨੂੰ ਪ੍ਰਾਪਤ ਹੋਇਆ ਵਰਨਾ ਪੰਜਾਬ ਅਜਿਹੀ ਵਡਿਆਈ ਦਾ ਹੱਕਦਾਰ ਪੰਜਾਬੀ ਤਾਂ ਹੋ ਸਕਦਾ ਸੀ ਪਰ ਸਿੱਖ ਨਾ ਹੁੰਦਾ” ਸਿੱਖਾਂ ਦੀ ਇਹ ਵਡਿਆਈ ਅਜ਼ਾਦ ਹਸਤੀ ਅੱਡਰੀ ਰਹਿਣੀ ਤੇ ਸਰੂਪ ਸਿੱਖ ਵਿਰੋਧੀਆਂ ਨੂੰ ਨਹੀਂ ਭਾਉਂਦਾ। ਖਾਲਸਾ ਪੰਥ ਦੀ ਵਿਰੋਧਤਾ ਵੀ ਆਪਣੀ ਬੁੱਕਲ ਵਿਚੋਂ ਹੀ ਸ਼ੁਰੁ ਹੋ ਗਈ ਹੈ। ਪੰਜਾਬੀ ਲੋਕ ਹੀ, ਜਿਨ੍ਹਾਂ ਵਿਚੋਂ ਜਨਮ ਲੈ ਕੇ ਸਿੱਖਾਂ ਨੇ ਵਿਸ਼ਵ ਧਰਮੀ ਹੋਣ ਦਾ ਨਮੂਨਾ ਪੇਸ਼ ਕੀਤਾ। ਇਸ ਦੀ ਵਧਦੀ ਪ੍ਰਭਿਤਾ ਨੂੰ ਸਹਾਰ ਨਹੀਂ ਸਕੇ ਅਤੇ ਇੱਕ ਟੋਲੇ ਨੇ ਸਮੁੱਚੇ ਤੌਰ ਤੇ ਸਿੱਖ ਜਜਬੇ ਨਾਲ ਖੇਡਣੋਂ ਵੀ ਫਰਕ ਨਹੀਂ ਕੀਤਾ (ਜੂਨ 1984 ਦਾ ਦਰਬਾਰ ਸਾਹਿਬ ਤੇ ਭਾਰਤੀ ਫੌਜ ਦਾ ਹਮਲਾ ਅਤੇ ਨਵੰਬਰ 1984 ਨੂੰ ਦਿੱਲੀ ਅਤੇ ਭਾਰਤ ਦੇ ਹੋ ਸ਼ਹਿਰਾਂ ਵਿੱਚ ਸਿੱਖਾਂ ਦੀ ਹੋਈ ਨਸਲਕੁਸ਼ੀ ਇਸ ਦੀਆਂ ਪ੍ਰਤੱਖ ਉਦਾਹਰਣਾਂ ਹਨ) ਜਦੋਂ ਵੀ ਮੌਕਾ ਬਣਿਆਂ ਇਨ੍ਹਾਂ ਨੇ ਸਿੱਖ ਇਤਿਹਾਸ ਨੂੰ ਕਾਲਾ ਕਰਨ, ਸਿੱਖੀ ਸਰੂਪ ਨੂੰ ਵਿਗਾੜਨ, ਸਿੱਖ ਧਰਮ ਦੀ ਅਪਣਾਈ ਪੰਜਾਬੀ ਬੋਲੀ ਤੇ ਲਿੱਪੀ ਦਾ ਕੱਟੜ ਵਿਰੋਧ ਅਤੇ ਸਿੱਖ ਰਸਮਾਂ ਅਤੇ ਸਿੱਖੀ ਸਰੂਪ ਤੇ ਚੋਟ ਕਰਨ ਤੇ ਢਿਲ ਨਹੀਂ ਕੀਤੀ (ਛਾਂਗੀਆਂ ਦਾੜੀਆਂ ਅਤੇ ਮੋਨੇ ਸਿਰਾਂ ਤੇ ਬੱਧੀਆਂ ਨੋਕਦਾਰ ਪੋਚਵੀਆਂ ਪੱਗਾਂ ਇਸ ਦਾ ਪ੍ਰਤੱਖ ਸਬੂਤ ਹਨ) ਇਸ ਦਾ ਵਿਰੋਧ ਅਜਾਦ ਭਾਰਤ ਸਰਕਾਰ ਦੇ ਹੋਂਦ ਵਿੱਚ ਆਉਣ ਤੋਂ ਪਿਛੋਂ ਬਹੁਤ ਹਾਨੀਕਾਰਕ ਸਾਬਤ ਹੋਇਆ ਹੈ, ਕਿਉਂਕਿ ਕਹੀ ਜਾਂਦੀ ਭਾਰਤ ਦੀ ਸੈਕੂਲਰ ਸਰਕਾਰ ਦਾ ਬਹੁਤ ਵਡਾ ਹਿੱਸਾ ਉਕਤ ਸ਼੍ਰੇਣੀ ਦੇ ਫਿਰਕੂਪੁਣੇ ਤੋਂ ਪ੍ਰਭਾਵਿਤ ਹੈ ਪ੍ਰੰਤੂ ਅਜਿਹੇ ਪ੍ਰਭਾਵ ਵਧੇਰੇ ਹਾਨੀ ਕਾਰਕ ਉਨ੍ਹਾਂ ਸੋਸਾਇਟੀਆਂ ਦਾ ਪ੍ਰਭਾਵ ਹੈ ਜੋ ਸਿੱਖ ਹੋਂਦ ਨੂੰ ਅੰਦਰੋਂ ਅੰਦਰ ਇਹ ਸਿੱਧ ਕਰਣ ਵਿੱਚ ਲੱਗੀਆਂ ਹੋਈਆਂ ਹਨ ਕਿ ਸਿੱਖ ਹਿੰਦੂ ਸਮਾਜ ਦਾ ਹੀ ਅਗਾਹ ਵਧੂ ਕੇਸਾਧਾਰੀ ਫਿਰਕਾ ਹੈ ਭਾਵ ਸਿੱਖ ਵੀ ਕੇਸਾਧਾਰੀ ਹਿੰਦੂ ਹੀ ਹਨ।

ਇਸ ਸਮੇਂ ਸਿੱਖ ਕੌਮ ਨੂੰ ਦਵੱਲੀ ਟੱਕਰ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਪਹਿਲੀ ਟੱਕਰ ਅਨਮਤ ਵਾਲਿਆਂ ਦੀ ਵਡੀ ਉਸ ਗਿਣਤੀ ਨਾਲ ਹੇ ਜੋ ਸਿੱਖ ਦੀ ਸਰਬਸਾਂਝੀ ਵਿਚਾਰਦਾਰਾ ਅਤੇ ਸਿਖੀ ਸਰੂਪ ਨੂੰ ਓਪਰਾ ਜਾਣਦੀ ਹੈ ਅਤੇ ਇੱਕ ਮਜ਼ਹਬ, ਇੱਕ ਭਾਸ਼ਾ ਤੇ ਇੱਕ ਕੌਮੀਅਤ ਦਾ ਦੇਸ ਬਣਾਉਣ ਦੀ ਚਾਹ ਹਰ ਦੂਜੇ ਅਨਸਰ ਨੂੰ ਕੁਚਲ ਦੇਣ ਦੀ ਚਾਹਵਾਨ ਹੈ। ਪੀ ਟੀ ਸੀ ਪੰਜਾਬੀ ਦੇ ਮਾਧਿਅਮ ਰਾਹੀਂ ਪੰਜਾਬੀ ਸਭਿਆਚਾਰ ਦੇ ਬੁਰਕੇ ਹੇਠ ਸਿੱਖ ਸਭਿਆਚਾਰ ਦੀਆਂ ਧਜੀਆਂ ਉਡਾਈਆਂ ਜਾ ਰਹੀਆ ਹਨ ਅਤੇ ਪੰਜਾਬੀ ਸਭਿਆਚਾਰ ਦਾ ਵੀ ਪੱਛਮੀ ਕਰਨ ਕਰਕੇ ਪੰਜਾਬ ਵਾਸੀਆਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ। ਜੋ ਹਥਿਆਰ ਅੱਜ ਦਾ ਸਿੱਖ ਵਿਰੋਧੀ ਅਨਸਰ ਸਿੱਖਾਂ ਦੇ ਖਿਲਾਫ ਵਰਤ ਰਿਹਾ ਹੈ ਉਹ ਵਰਤਮਾਨ ਕਾਲ ਦੇ ਜੰਗੀ ਸਾਧਨਾ ਦਾ ਉਹ ਹਥਿਆਰ ਹੈ ਜਿਸ ਤੋਂ ਸਿੱਖੀ ਨੂੰ ਬਚਾਉਣਾ ਕਿਸੇ ਵਿਸ਼ੇਸ਼ ਜਤਨਾਂ ਤੋਂ ਬਿਨਾ ਸੰਭਵ ਨਹੀਂ ਹੈ। ਉਹ ਹਥਿਆਰ ਟੀ ਵੀ ਚੈਨਲਾਂ ਅਤੇ ਸੋਸ਼ਲ ਮੀਡੀਏ ਰਾਹੀ ਸਿੱਖੀ ਦਾ ਸਰੂਪ ਵਿਗਾੜ ਕੇ ਜੋ ਬੜੇ ਮਿੱਠੇ ਤੇ ਮਨ ਭਉਣੇ ਤ੍ਰੀਕੇ ਨਾਲ ਸਿੱਖੀ ਦੀ ਵਿਲੱਖਣਤਾ ਖਤਮ ਕਰ ਰਿਹਾ ਹੈ, ਅਸੀਂ ਸਿੱਖ ਨੋਜਵਾਨ ਮੁੰਡੇ ਕੁੜੀਆਂ ਨੂੰ ਬੇਨਤੀ ਕਰਾਂਗੇ ਕਿ ਗਲੈਂਮਰ ਦੀ ਦੁਨੀਆਂ ਵਿਚੋਂ ਨਿਕਲ ਕੇ ਸਿੱਖ ਸਭਿਆਚਾਰ ਅਪਣਾਓ ਅਤੇ ਸਾਦਾ ਤੇ ਸੁਖੀ ਜੀਵਨ ਜੀਊਂਣ ਲਈ ਆਪਣਾ ਮਾਣਮੱਤਾ ਸਿੱਖ ਇਤਿਹਾਸ ਪੜ ਕੇ ਗੁਰਮਤਿ ਦੇ ਧਾਰਨੀ ਹੋਵੋ ਫੈਸ਼ਨ ਦੀ ਚਕਾਚੋਂਧ ਜਿਆਦਾ ਦੇਰ ਨਹੀਂ ਰਹਿੰਦੀ ਅਤੇ ਜੁਆਨੀ ਢਲਦਿਆਂ ਹੀ ਜਿੰਦਗੀ ਹਨ੍ਹੇਰਿਆਂ ਵਿੱਚ ਗੁਆਚ ਜਾਂਦੀ ਹੈ।

ਸਾਡਾ ਇਹ ਲੇਖ ਲਿਖਣ ਤੋਂ ਭਾਵ ਮਨੋਰੰਜਨ ਦਾ ਵਿਰੋਧ ਕਰਨਾ ਨਹੀਂ ਹੈ ਕਿਉਂਕਿ ਮਨੋਰੰਜਨ ਪੰਜਾਬੀ ਵਿਰਸੇ ਦੀ ਪ੍ਰੰਮਪਰਾ ਰਹੀ ਹੈ। ਅਸੀਂ ਪੰਜਾਬੀ ਸਭਿਆਚਾਰ ਦਾ ਪੱਛਮੀ ਕਰਨ ਦੇ ਵਿਰੋਧ ਵਿੱਚ ਹਾਂ। ਪੀ ਟੀ ਸੀ ਪੰਜਾਬੀ ਨੇ ਇਸ ਹੱਦ ਤੱਕ ਵਿਓਪਾਰੀ ਕਰਨ ਕਰ ਦਿੱਤਾ ਹੈ ਕਿ ਪੰਜਾਬ ਦੇ ਬਹੁਗਿਣਤੀ ਨੋਜਵਾਨ ਮੁੰਡੇ ਕੁੜੀਆਂ ਨੇ ਨੱਚ ਗਾ ਕੇ ਪੈਸੇ ਕਮਾਉਣ ਦਾ ਕਿੱਤਾ ਅਪਣਾ ਲਿਆ ਹੈ ਅਤੇ ਪੈਸਾ ਕਮਾਉਣ ਦੀ ਦੌੜ ਵਿੱਚ ਅਜੋਕੀ ਨੋਜਵਾਨ ਪੀਹੜੀ ਨੇ ਪੰਜਾਬੀ ਵਿਰਸੇ ਦੀਆਂ ਕਦਰਾਂ ਕੀਮਤਾਂ ਦੀ ਮਿੱਟੀ ਪਲੀਤ ਕੀਤੀ ਹੋਈ ਹੈ। ਅਤੇ ਕਿਸੇ ਗੀਤਕਾਰ ਜਾਂ ਗਾਇਕ ਦਾ ਕੋਈ ਗੀਤ ਲੋਕਾਂ ਨੂੰ ਪਸੰਦ ਆ ਜਾਂਦਾ ਹੈ ਤਾਂ ਪੀ ਟੀ ਸੀ ਪੰਜਾਬੀ ਵਾਲੇ ਉਸ ਨੂੰ ਇਸ ਢੰਗ ਨਾਲ ਪੇਸ਼ ਕਰਦੇ ਹਨ ਕਿ ਕਈ ਸਿੱਖ ਨੋਜਵਾਨ ਜਮੀਨਾਂ ਵੇਚ ਕੇ ਅਤੇ ਕਰਜਾ ਲੈ ਕੇ ਗੀਤ ਰਿਕਾਰਡ ਕਰਨ ਅਤੇ ਗੀਤ ਦੀ ਵੀਡੀਓ ਬਣਾਉਣ ਲਈ ਉਮੜ ਪੈਂਦੇ ਹਨ, ਇਹਨਾਂ ਚੋਂ ਬਹੁਤ ਸਾਰੇ ਆਪਣੇ ਪੈਸੇ ਦਾ ਨੁਕਸਾਨ ਕਰਾ ਕੇ ਪੀ ਟੀ ਸੀ ਪੰਜਾਬੀ ਵਾਲਿਆਂ ਦੀ ਜਾਨ ਨੂੰ ਰੋਂਦੇ ਹਨ। ਇਨ੍ਹਾਂ ਵਿਚੋਂ ਬਹੁਤ ਸਾਰੇ ਨਿਰਾਸ਼ ਹੋ ਕੇ ਨੋਜਵਾਨ ਮੁੰਡੇ ਤਾਂ ਕਈ ਨਸ਼ਿਆਂ ਦਾ ਸਿਕਾਰ ਹੋ ਰਹੇ ਹਨ ਤੇ ਮੁਟਿਅਰਾਂ ਮਜ਼ਬੂਰੀ ਦੀ ਹਾਲਤ ਵਿੱਚ ਜਾਂ ਕਿਸੇ ਆਰਕੈਸਟਰਾ ਨਾਲ ਨੱਚ ਕੇ ਗੁਜਾਰਾ ਕਰਨ ਲੱਗ ਪਈਆਂ ਹਨ ਜਾਂ ਫਿਰ ਕੇਟਰਸ ਦੇ ਨਾਲ ਮਿਲ ਕੇ ਵਿਆਹਾਂ ਮੌਕੇ ਮੈਰਿਜ ਪੈਲਸਾਂ ਵਿੱਚ ਸ਼ਰਾਬ ਵਰਤਾਉਣ ਦਾ ਕੰਮ ਕਰਨ ਲੱਗ ਪਈਆਂ ਹਨ।

ਅੰਗ੍ਰੇਜ਼ੀ ਨਾਮ ਵਾਲੀਆਂ ਪੰਜਾਬੀ ਫਿਲਮਾਂ ਵਿੱਚ ਕੰਮ ਕਰਨ ਵਾਲੇ ਸਿੱਖ ਨੋਜਵਾਨ ਆਪਣੇ ਨਾਅ ਨਾਲ ਸਿੰਘ ਦੀ ਵਰਤੋਂ ਕਰਨ ਦੀ ਬਜਾਏ ਆਪਣੇ ਪਹਿਲੇ ਨਾਮ ਨਾਲ ਕੇਵਲ ਗੋਤ ਹੀ ਵਰਤਦੇ ਹਨ ਜਾਂ ਹੈਰੀ, ਗੈਰੀ ਗਰੇਵਾਲ, ਬੌਬੀ ਡੇਵਿਡ, ਪੌਲ ਆਦਿ ਨਾਵਾਂ ਨਾਲ ਜਾਣੇ ਜਾਂਦੇ ਹਨ। ਦਾਸ ਯੂ ਕੇ ਦੇ ਅੰਤਰਾਸ਼ਟਰੀ ਪ੍ਰਸਿਧੀ ਵਾਲੇ ਤਿੰਨ ਨਾਮਵਰ ਗਾਇਕਾਂ ਨੂੰ ਜਾਣਦਾ ਹੈ ਜਿਹੜੇ ਹਾਲੇ ਰੋਮਾਂ ਦੀ ਕਾਂਟ ਸ਼ਾਂਟ ਤਾਂ ਭਾਵੇਂ ਕਰਦੇ ਹਨ ਪਰ ਆਪਣਾ ਪੂਰਾ ਨਾਮ ਲਿਖਦੇ ਹਨ। ਇਨ੍ਹਾਂ ਦੇ ਨਾਮ ਹਨ, ਏ. ਐਸ. ਕੰਗ. , (ਅਵਤਾਰ ਸਿੰਘ ਕੰਗ) ਮਲਕੀਤ ਸਿੰਘ ਗੋਲਡਨ ਸਟਾਰ ਅਤੇ ਸੁਖਸ਼ਿੰਦਰ ਸਿੰਘ ਸ਼ਿੰਦਾ) ਗੁਰੂ ਦਾ ਭੈ ਮੰਨਣ ਵਾਲੇ ਨੇਕ ਇਨਸਾਨ ਹਨ ਅਤੇ ਆਸ ਕਰਦੇ ਹਾਂ ਕਿ ਜਦ ਵੀ ਸਮਾਂ ਬਣੇ ਖੰਡੇ ਦੀ ਪਾਹੁਲ ਛਕ ਕੇ ਗੁਰੂ ਦੇ ਲੜ ਲੱਗ ਕੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰਨਗੇ।

ਸਿੰਘ, ਸਿੱਖ ਕੌਮ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵਲੋਂ ਬਖਸ਼ਿਆ ਹੋਇਆ ਨਾਮ ਹੈ ਅਤੇ ਡਿਸਕੋ ਅੰਗ੍ਰੇਜ਼ੀ ਨਾਚ ਦਾ ਨਾਮ ਹੈ ਡਿਸਕੋ ਨਾਲ ਸਿੰਘ ਸ਼ਬਦ ਜੋੜਨਾ, ਸਿੱਖ ਕੌਮ ਨਾਲ ਕੀਤਾ ਗਿਆ ਬੇਹੂਦਾ ਮਜ਼ਾਕ ਹੈ ਅਤੇ ਸਿੱਖ ਵਿਰੋਧੀ ਨੀਤੀ ਦਾ ਸੂਚਕ ਹੈ। ਪੰਥ ਦਰਦੀਆਂ ਨੂੰ ਅਜਿਹੀਆਂ ਸਾਜਿਸ਼ਾ ਦਾ ਨੋਟਿਸ ਲੈਣਾ ਚਾਹੀਦਾ ਹੈ। ਜਾਣੇ ਅਣਜਾਣੇ ਵਿੱਚ ਕਿਸੇ ਦੀ ਸ਼ਾਨ ਦੇ ਖਿਲਾਫ ਕੁੱਝ ਲਿਖਿਆ ਗਿਆ ਹੋਵੇ ਤਾਂ ਖਿਮਾਂ ਦਾ ਜਾਚਕ ਹਾਂ।

ਗੁਰੂ ਪੰਥ ਦਾ ਦਾਸ ਜਥੇਦਾਰ ਮਹਿੰਦਰ ਸਿੰਘ ਖਹਿਰਾ
.