.

‘ਦੇਹ ਸ਼ਿਵਾ ਬਰ ਮੋਹਿ ਇਹੈ’ `ਤੇ ਸਿਆਸਤ

ਸਰਵਜੀਤ ਸਿੰਘ ਸੈਕਰਾਮੈਂਟੋ

ਪਿਛਲੇ ਦਿਨੀਂ ਪੰਜਾਬ ਦੇ ਸਿਆਸੀ ਦ੍ਰਿਸ਼ `ਚ ਕਈ ਅਜੇਹੀਆਂ ਘਟਨਾਵਾਂ ਵਾਪਰੀਆਂ ਜੋ ਅਸਲ ਮੁੱਦਿਆਂ ਦੀ ਥਾਂ ਲੈਣ `ਚ ਕਾਮਯਾਬ ਰਹੀਆਂ ਹਨ। ਸਿਆਸੀ ਲੀਡਰਾਂ ਵੱਲੋਂ ਕਈ ਵਾਰੀ ਜਾਣਬੁਝ ਕੇ ਲੋਕਾਂ ਦਾ ਧਿਆਨ ਅਸਲ ਮੁੱਦਿਆਂ ਵੱਲੋਂ ਹਟਾਉਣ ਲਈ ਕੁਝ ਅਜੇਹਾ ਕਹਿ/ਕਰ ਦਿੱਤਾ ਜਾਂਦਾ ਹੈ ਕਿ ਮੀਡੀਆ ਅਸਲ ਮੁੱਦੇ ਨੂੰ ਭੁਲ ਕੇ ਲੀਡਰਾਂ ਵੱਲੋਂ ਛੱਡੇ ਗਏ ਨਵੇਂ ਸ਼ੋਸ਼ੇ ਮਗਰ ਹੀ ਹੱਥ ਥੋ ਕੇ ਪੈ ਜਾਂਦਾ ਹੈ। ਅਜੇਹਾ ਹੀ ਪੰਜਾਬ ਦੇ ਮਾਲ ਮੰਤਰੀ ਬਿਕ੍ਰਮਾਜੀਤ ਸਿੰਘ ਮਜੀਠੀਆਂ ਦੇ ਬਿਆਨ ‘ਦੇਹ ਸ਼ਿਵਾ ਬਰ ਮੋਹਿ ਇਹੈ’ ਵਾਲੇ ਛੰਦ, ਜਿਸ ਨੂੰ ਜਾਣੇ-ਅਣਜਾਣੇ ਸਿੱਖ ਜਗਤ ਵੱਲੋਂ ਗੁਰੂ ਗੋਬਿੰਦ ਸਿੰਘ ਜੀ ਦੀ ਕ੍ਰਿਤ ਸਮਝ ਲਿਆ ਗਿਆ ਹੈ, ਦੀ ਪੰਗਤੀ ‘ਨਿਸਚੈ ਕਰਿ ਅਪੁਨੀ ਜੀਤ ਕਰੋ’ ਵਿੱਚ ਤਬਦੀਲੀ ਕਰਕੇ ‘ਨਿਸਚੈ ਕਰਿ ਅਰਨ ਜੇਤਲੀ ਕੀ ਜੀਤ ਕਰੋ’ ਕਹਿ ਦਿੱਤਾ ਗਿਆ ਤਾ ਸਿੱਖ ਜਗਤ `ਚ ਇਕ ਤੁਫਾਨ ਉਠ ਖੜਾਂ ਹੋਇਆ। ਜਿਸ ਦਾ ਅਸਰ ਇਹ ਹੋਇਆ ਕਿ ਜਿਥੇ ਸ਼ਸ਼ੀਕਾਂਤ ਵੱਲੋ, ਚਿੱਟੇ ਦੇ ਕਾਲੇ ਵਪਾਰ ਸਬੰਧੀ ਦਿੱਤਾ ਗਿਆ ਬਿਆਨ ਸਾਰਿਆਂ ਨੂੰ ਭੁਲ ਹੀ ਗਿਆ ਉਥੇ ਜੱਥੇਦਾਰਾਂ ਦੀ ਹੋਂਦ ਮੁੜ ਮਾਨਤਾ ਦੇਣ ਦੇ ਨਾਲ-ਨਾਲ ਗੁਰੂ ਗੋਬਿੰਦ ਸਿੰਘ ਜੀ ਨੂੰ ਸ਼ਿਵਾ (ਪਾਰਵਤੀ) ਤੋਂ ਵਰ ਮੰਗਦੇ ਵੀ ਸਾਬਿਤ ਕਰਨ ਦਾ ਯਤਨ ਕੀਤਾ ਗਿਆ ਹੈ।
ਹੈਰਾਨੀ ਉਦੋਂ ਹੋਈ, ਜਦੋਂ ਦਸਮ ਗ੍ਰੰਥ ਨੂੰ ਗੁਰੂ ਗੋਬਿੰਦ ਸਿੰਘ ਜੀ ਦੀ ਕ੍ਰਿਤ ਮੰਨਣ ਵਾਲੇ ਤਾਂ ਆਪਣੇ ਸਿਆਸੀ ਹਿੱਤਾਂ ਕਾਰਨ ਚੁਪ ਰਹੇ, ਪਰ ਉਹ ਧਿਰਾਂ, ਜੋ ਦਸਮ ਗ੍ਰੰਥ ਨੂੰ ਗੁਰੂ ਗੋਬਿੰਦ ਸਿੰਘ ਜੀ ਦੀ ਕ੍ਰਿਤ ਨਹੀ ਮੰਨਦੀਆਂ ਅਤੇ ਗਿਆਨੀ ਗੁਰਬਚਨ ਸਿੰਘ ਨੂੰ ਬਤੌਰ ਜਥੇਦਾਰ ਮਾਨਤਾ ਵੀ ਨਹੀ ਦਿੰਦੀਆਂ, ਉਹ ਇਕ ਦੂਜੇ ਤੇ ਮੋਹਰੇ ਹੋ ਕੇ ਗਿਆਨੀ ਗੁਰਬਚਨ ਸਿੰਘ ਜੀ ਤੋਂ ਕਾਰਵਾਈ ਦੀ ਮੰਗ ਕਰ ਰਹੀਆਂ ਸਨ। ਅਖੌਤੀ ਦਸਮ ਗ੍ਰੰਥ ਦੀ ਅਸਲੀਅਤ ਤੋਂ ਜਾਣੂ ਧਿਰਾਂ ਵੱਲੋਂ ਅਜਿਹੀ ਪ੍ਰਤੀਕਿਰਿਆ ਕਾਫੀ ਚਿੰਤਾਜਨਕ ਹੈ। ਸਬੰਧਿਤ ਧਿਰਾਂ ਦਾ ਅਜੇਹਾ ਵਰਤਾਰਾ, ਸਿਆਸੀ ਘਟਨਾਵਾਂ ਨੂੰ ਲੋੜ ਤੋਂ ਵੱਧ ਮਹੱਤਤਾ ਦੇਣ ਅਤੇ ਅਖੌਤੀ ਦਸਮ ਗ੍ਰੰਥ ਦੇ ਹਿਤੈਸ਼ੀਆਂ ਦੀਆਂ ਡੂੰਘੀਆਂ ਚਾਲਾਂ ਸਮਝਣ ਦੇ ਅਸਮਰਥ ਹੋਣ ਦੀ ਕਮਜ਼ੋਰੀ ਵਲ ਸੰਕੇਤ ਕਰਦਾ ਹੈ। ਸਪੱਸ਼ਟ ਹੈ ਕਿ ਇਨ੍ਹਾਂ ਧਿਰਾਂ ਦੀ ਇਹ ਕਾਰਵਾਈ ਗਿਆਨੀ ਗੁਰਬਚਨ ਸਿੰਘ ਜੀ ਨੂੰ ਅਤੇ ਆਖੇ ਜਾਂਦੇ ਦਸਮ ਗ੍ਰੰਥ ਨੂੰ ਮਾਨਤਾ ਦੇਣ ਵਾਲੀ ਹੀ ਗਿਣੀ ਜਾਵੇਗੀ। ਸਿਆਸੀ ਪਾਰਟੀਆਂ ਤਾਂ ਆਪਣਾ ਉੱਲੂ ਸਿਧਾ ਕਰਨ ਲਈ, ਮੌਕੇ ਮੁਤਾਬਕ ਪੈਂਤੜਾ ਬਦਲ ਲਈ ਅਜ਼ਾਦ ਹੁੰਦੀਆਂ ਹਨ ਪਰ ਆਪਣੇ ਆਪ ਨੂੰ ਸਿਧਾਂਤਕ ਮੰਨਣ/ਸਮਝਣ ਵਾਲੀਆਂ ਧਿਰਾਂ ਤੋਂ ਅਜੇਹੀ ਘਟੀਆਂ ਸਿਆਸਤ ਜਾਂ ਵਿਰੋਧੀਆਂ ਨੂੰ ਨੀਵਾਂ ਵਿਖਾਉਣ ਲਈ ਬਿਨਾਂ ਸੋਚੇ ਸਮਝੇ ਅਜੇਹੀ ਕਾਰਵਾਈ ਸੋਭਾ ਨਹੀ ਦਿੰਦੀ। ਇਹ ਠੀਕ ਹੈ ਕਿ ਹਾਕਮ ਧਿਰ ਵੱਲੋਂ ਕੀਤੀ ਗਈ ਚਿੱਟੇ ਦੀ ਸੇਵਾ ਨਾਲ ਘਰ-ਘਰ ਵਿਸ਼ੇ ਸੱਥਰਾਂ ਕਾਰਨ ਲੋਕਾਂ `ਚ ਬਹੁਤ ਰੋਸ ਹੈ ਅਤੇ ਉਹ ਹਰ ਤਰੀਕੇ ਆਪਣਾ ਗੁੱਸਾ ਪ੍ਰਗਟ ਕਰ ਰਹੇ ਹਨ ਪਰ ਮਾਰਕੰਡੇ ਪੁਰਾਣ ਦੀ ਲਿਖਤ ਨੂੰ ਗੁਰੂ ਜੀ ਦੇ ਪਾਵਨ ਨਾਮ ਨਾਲ ਜੋੜ ਕੇ ਵਿਰੋਧ ਕਰਨ ਦੇ ਢੰਗ ਨੂੰ ਤਾਂ ਜਾਇਜ਼ ਨਹੀ ਮੰਨਿਆ ਜਾਣਾ ਚਾਹੀਦਾ।
ਕਈ ਸੱਜਣਾਂ ਵੱਲੋਂ ਤਾਂ ਬਿਕ੍ਰਮਜੀਤ ਸਿੰਘ ਵੱਲੋਂ ਕੀਤੀ ਕਾਰਵਾਈ ਨੂੰ ਰਾਮ ਰਾਏ ਵੱਲੋਂ ਕੀਤੀ ਗਈ ਅਵੱਗਿਆ ਨਾਲ ਮੇਲਣ ਦਾ ਯਤਨ ਵੀ ਕੀਤਾ ਗਿਆ ਹੈ। ਹੁਣ ਜਦੋਂ ਇਕ ਸਿਆਸੀ ਧਿਰ ਵੱਲੋਂ ਥਾਪੇ ਗਏ ਗ੍ਰੰਥੀਆਂ ਵੱਲੋਂ ਮਜੀਠੀਏ ਨੂੰ ਤਨਖ਼ਾਹੀਆਂ ਕਰਾਰ ਦੇ ਕੇ ਸਜਾ/ਸੇਵਾ ਲਈ ਗਈ ਹੈ ਤਾਂ ਬਹੁਤ ਸਾਰੇ ਸੱਜਣਾ ਵੱਲੋਂ ਕਿੰਤੂ-ਪ੍ਰੰਤੂ ਕੀਤਾ ਜਾ ਰਿਹਾ ਹੈ। ਸਵਾਲ ਪੈਦਾ ਹੁੰਦਾ ਹੈ ਕਿ ਅੱਜ ਤਾਈ ਹਰ ਉਸ ਹਰ ਵਿਅਕਤੀ, ਜੋ ਧਾਰਮਿਕ ਅਵੱਗਿਆ ਦਾ ਦੋਸ਼ੀ ਪਾਇਆ ਗਿਆ ਹੈ, ਅਜੇਹੀ ਹੀ ਸਜਾ/ਤਨਖਾਹ ਲੱਗਾਈ ਜਾਂਦੀ ਰਹੀ ਹੈ ਤਾਂ ਮਜੀਠੀਏ ਨੂੰ ਵੱਖਰੀ ਸਜਾ ਕਿਵੇਂ ਦਿੱਤੀ ਜਾ ਸਕਦੀ ਸੀ?
ਵੱਖ-ਵੱਖ ਸੰਚਾਰ ਸਾਧਨਾ ਤੇ ਚਲ ਰਹੀ ਚਰਚਾ ਵਿੱਚ ਇਕ ਹੋਰ ਨੁਕਤਾ ਵੀ ਸਾਹਮਣੇ ਆਇਆ ਹੈ ਕਿ ਕਿਸੇ ਨੂੰ ਵੀ ਕਿਸੇ ਦੀ ਰਚਨਾ `ਚ ਅਦਲਾ ਬਦਲੀ ਕਰਨ ਦਾ ਅਧਿਕਾਰ ਨਹੀ ਹੁੰਦਾ। ਹਾਂ! ਇਹ ਸਹੀ ਹੈ ਕਿ ਕੋਈ ਵੀ ਕਿਸੇ ਦੀ ਕ੍ਰਿਤ `ਚ ਕਿਸੇ ਸ਼ਬਦ ਦੀ ਅਦਲਾ ਬਦਲੀ ਨਹੀਂ ਕਰ ਸਕਦਾ ਪਰ ਦਸਮ ਗ੍ਰੰਥ ਤੇ ਇਹ ਸ਼ਰਤ ਲਾਗੂ ਨਹੀ ਹੁੰਦੀ। ਆਖੇ ਜਾਂਦੇ ਦਸਮ ਗ੍ਰੰਥ ਦਾ ਲਿਖਾਰੀ ਤਾਂ ਖ਼ੁਦ ਆਪਣੇ ਪਾਠਕਾਂ ਨੂੰ, ਆਪਣੀ ਲਿਖਤ `ਚ ਤਬਦੀਲੀ ਕਰਨ ਦਾ ਅਧਿਕਾਰ ਲਿਖਤੀ ਰੂਪ ਵਿੱਚ ਦਿੰਦਾ ਹੈ। ਅਖੌਤੀ ਦਸਮ ਗ੍ਰੰਥ ਦਾ ਲਿਖਾਰੀ ਆਪਣੇ ਆਪ ਨੂੰ ਭੁਲਣਹਾਰ ਮੰਨਦਾ ਹੋਇਆ ਆਪਣੀ ਕਲਮ ਨਾਲ ਲਿਖਦਾ ਹੈ, ਕਿ ਜੇ ਮੇਰੇ ਤੋਂ ਕੋਈ ਭੁਲ ਹੋ ਗਈ ਹੋਵੇ ਤਾ ਮੇਰੇ ਤੇ ਹੱਸਿਓ ਨਾ, ਮੇਰੀ ਭੁਲ ਨੂੰ ਸੁਧਾਰ ਲੈਣਾ! ਜੇ ਮਜੀਠੀਏ ਨੇ ਅਖੌਤੀ ਦਸਮ ਦੇ ਲਿਖਾਰੀ ਦੇ ਕਹੇ/ਲਿਖੇ ਮੁਤਾਬਿਕ ਆਪਣੀ ਲੋੜ ਅਨੁਸਾਰ ਕੁਝ ਬਦਲੀ ਕਰ ਲਈ ਹੈ ਤਾਂ ਉਸ ਨੂੰ ਦੋਸ਼ੀ ਮੰਨਣਾ ਅਤੇ ਧਾਰਮਿਕ ਸਜਾ ਦੇਣੀ ਕਿਵੇਂ ਜਾਇਜ਼ ਮੰਨੀ ਜਾ ਸਕਦੀ ਹੈ?
ਤਾ ਤੇ ਕਥਾ ਥੋਰ ਹੀ ਭਾਸੀ॥ ਨਿਰਖ ਭੂਲਿ ਕਬਿ ਕਰੋ ਨ ਹਾਸੀ॥28॥ (ਪੰਨਾ 181)
ਭੂਲ ਹੋਇ ਜਹਂ ਤਹਿਂ ਸੁ ਕਬਿ ਪੜੀਅਹੁ ਸਭੇ ਸੁਧਾਰ॥੯੮੪॥ (ਪੰਨਾ 386)
ਤਾਤੇ ਥੋਰੀ ਕਥਾ ਉਚਾਰੀ॥ ਚੂਕ ਹੋਇ ਕਬਿ ਲੇਹੁ ਸੁਧਾਰੀ॥੧੦॥ (ਪੰਨਾ 1273)

ਅਖੌਤੀ ਦਸਮ ਗ੍ਰੰਥ `ਚ ਦਰਜ ਇਕ ਰਚਨਾ ਜਿਸ ਦਾ ਨਾਮ ‘ਅਬ ਚੰਡੀ ਚਰਿਤ੍ਰ ਉਕਿਤ ਬਿਲਾਸ’ (ਪੰਨਾ 74 ਤੋਂ 99) ਦਰਜ ਜਿਸ ਦੇ ਕੁਲ 233 ਛੰਦ ਅਤੇ 8 ਧਿਆਏ ਹਨ। ਅਸਲ ਲਿਖਤ ਮੁਤਾਬਕ ਇਹ ਮਾਰਕੰਡੇ ਪੁਰਾਣ ਦੇ ਚੰਡੀ ਚਰਿਤ੍ਰ ਦਾ ਉਹ ਭਾਗ ਹੈ ਜਿਸ ਵਿਚ, ਮਹਖਾਸਰ, ਧੂਮ੍ਰਨੇਣ, ਚੰਡਮੁੰਡ, ਰਕਤਬੀਜ, ਨਿਸੁੰਭ, ਸੁੰਭ ਆਦਿ ਦੈਤਾਂ ਦੇ ਬਧਿ ਕਰਨ ਦੀ ਕਥਾ ਬਹੁਤ ਵਿਸਥਾਰ ਨਾਲ ਲਿਖੀ ਹੋਈ ਹੈ, ਉਪ੍ਰੋਕਤ ਪੰਗਤੀਆਂ ਇਸ ਰਚਨਾ ਦੇ ਅਖੀਰ ਤੇ 231 ਨੰਬਰ ਤੇ ਦਰਜ ਹੈ। ਇਹ ਸਾਰੀ ਰਚਨਾ ਮਾਰਕੰਡੇ ਪੁਰਾਣ ਦੀ ਹੁ-ਬਹੁ ਨਕਲ ਹੈ। ‘ਵਾਰ ਸ੍ਰੀ ਭਗਉਤੀ’ ਦੇ ਕਰਤਾ ਡਾ ਜਗਜੀਤ ਸਿੰਘ ਜੀ ਲਿਖਦੇ ਹਨ, “ਦਸਮ ਗ੍ਰੰਥ ਵਿੱਚ ਅੰਕਿਤ ‘ਚੰਡੀ ਚਰਿਤਰ ਉਕਤ ਬਿਲਾਸ’ ਮਾਰਕੰਡੇ ਪੁਰਾਣ ਵਿਚਲੇ ਦੁਰਗਾ ਸਪਤਸ਼ਤੀ ਵਾਲੇ ਪਾਠ ਦਾ ਸੁਤੰਤਰ ਅਨੁਵਾਦ ਹੈ। ਕਿਉਂਕਿ ਭਾਏ ਇਸ ਵਿੱਚ ਅਧਿਆਵਾਂ ਦੀ ਤਰਤੀਬ ਸੋਮੇ ਵਾਂਙ ਹੀ ਹੈ ਪਰ ਦੁਰਗਾ ਦੀ ਉਸਤਤੀ ਕਾਫੀ ਘੱਟ ਹੈ” ( ਪੰਨਾ 62) ਸ਼ਿਵਾ, ਦੁਰਗਾ, ਭਗਉਤੀ, ਚਮੁੰਡਾ, ਚੰਡੀ, ਚੰਡਕਾ, ਪਿੰਗਲੀ, ਭਵਾਨੀ ਆਇ ਸਾਰੇ ਹੀ ਨਾਮ ਪਾਰਵਤੀ ਦੇ ਹੀ ਹਨ। ‘ਦੁਰਗਾ, ਭਗਉਤੀ ਤੇ ਭਗਵਤੀ’ ਦੇ ਕਰਤਾ ਸੰਤ ਸੁਰਜੀਤ ਸਿੰਘ ਨਿਰਮਲ ਨੇ ਸਿਵਾ/ਪਾਰਵਤੀ ਦੇ 43 ਨਵਾਂ ਦੀ ਸੂਚੀ ਦਿੱਤੀ ਹੈ (ਪੰਨਾ 14)। ਯਾਦ ਰਹੇ “ਲੋਪ ਚੰਡਕਾ ਹੋਇ ਗਈ ਸੁਰਪਤਿ ਕੋ ਦੇ ਰਾਜ” ਆਰਤੀ ਵੇਲੇ ਪੜੀਆਂ ਜਾਣ ਵਾਲੀਆਂ ਕੁਝ ਪੰਗਤੀਆਂ ਵੀ (‘ਇਤਿ ਸ੍ਰੀ ਮਾਰਕੰਡੇ ਪੁਰਾਨੇ ਚੰਡੀ ਚਰਿਤ੍ਰ ਉਕਿਤ ਬਿਲਾਸ ਧੁਮ੍ਰਨੈਣ ਬਧਹਿ ਨਾਮ ਤ੍ਰਿਤਯ ਧਯਾਇ ,ਦਸਮ ਗ੍ਰੰਥ ਪੰਨਾ 79) ਇਸੇ ਰਚਨਾ `ਚ ਹੀ ਦਰਜ ਹਨ। ਕਈ ਸੱਜਣਾ ਵੱਲੋਂ ਸਿਵਾ ਦੇ ਅਰਥ ਅਪਾਰ ਸ਼ਕਤੀ ਵੀ ਕੀਤੇ ਗਏ ਹਨ। 233 ਛੰਦਾਂ `ਚ ਇਕ ਛੰਦ (231) ਨੂੰ ਵੱਖ ਕਰਕੇ ਗੁਰੂ ਗੋਬਿੰਦ ਸਿੰਘ ਜੀ ਦਾ ਸ਼ਬਦ ਮੰਨ ਲੈਣਾ ਜਾਂ ਕਿਸੇ ਇਕ ਨਾਮ ਦੇ ਅਰਥ ਆਪਣੀ ਮਰਜ਼ੀ ਮੁਤਾਬਕ ਕਰ ਲੈਣੇ, ਕਿਸੇ ਵੀ ਤਰ੍ਹਾਂ ਸਿਆਣਪ ਨਹੀ ਮੰਨਿਆ ਜਾ ਸਕਦਾ। ਇਸ ਸਾਰੀ ਰਚਨਾ ‘ਅਬ ਚੰਡੀ ਚਰਿਤ੍ਰ ਉਕਿਤ ਬਿਲਾਸ’ ਨੂੰ ਆਦਿ ਤੋਂ ਅੰਤ ਤਾਈ ਪੜ੍ਹਨ/ਸਮਝਣ ਉਪ੍ਰੰਤ ਹੀ ਅਸੀਂ ‘ਸ਼ਿਵਾ’ ਦੀ ਅਸਲੀਅਤ ਨੂੰ ਸਮਝ ਸਕਦੇ ਹਾਂ।
.