.

ਭੱਟ ਬਾਣੀ-8

ਬਲਦੇਵ ਸਿੰਘ ਟੋਰਾਂਟੋ

ਨੋਟ:- ਇਸ ਤਰ੍ਹਾਂ ਮਹਲਾ ੫ ਵੱਲੋਂ ਸਮਝਾਇਆ ਗਿਆ ਹੈ ਕਿ ਕਿੰਨੇ ਜ਼ੋਰਦਾਰ ਤਰੀਕੇ ਨਾਲ ਭੱਟ ਸਾਹਿਬਾਨ ਵੱਲੋਂ ਉਚਾਰਨ ਕੀਤੀ ਬਾਣੀ ਅੰਦਰ ਅਵਤਾਰਵਾਦੀ ਦੇਹਧਾਰੀ ਪਰੰਪਰਾ ਦਾ ਖੰਡਨ ਕੀਤਾ ਗਿਆ ਹੈ।

ਕੀਰਤਿ ਕਰਨ ਸਰਨ ਮਨਮੋਹਨ ਜੋਹਨ ਪਾਪ ਬਿਦਾਰਨ ਕਉ।।

ਹਰਿ ਤਾਰਨ ਤਰਨ ਸਮਰਥ ਸਭੈ ਬਿਧਿ ਕੁਲਹ ਸਮੂਹ ਉਧਾਰਨ ਸਉ।।

ਚਿਤ ਚੇਤਿ ਅਚੇਤ ਜਾਨਿ ਸਤਸੰਗਤਿ ਭਰਮ ਅੰਧੇਰ ਮੋਹਿਓ ਕਤ ਧਂਉ।।

ਮੂਰਤ ਘਰੀ ਚਸਾ ਪਲੁ ਸਿਮਰਨ ਰਾਮ ਨਾਮੁ ਰਸਨਾ ਸੰਗਿ ਲਉ।।

ਹੋਛਉ ਕਾਜੁ ਅਲਪ ਸੁਖ ਬੰਧਨ ਕੋਟਿ ਜਨੰਮ ਕਹਾ ਦੁਖ ਭਂਉ।।

ਸਿਖ੍ਯ੍ਯਾ ਸੰਤ ਨਾਮੁ ਭਜੁ ਨਾਨਕ ਰਾਮ ਰੰਗਿ ਆਤਮ ਸਿਉ ਰਂਉ।। ੨।।

(ਪੰਨਾ ੧੩੮੭)

ਪਦ ਅਰਥ:- ਕੀਰਤਿ – ਨੇਕਨਾਮੀ, ਵਡਿਆਈ, ਜਸ, ਉਸਤਤ ਲਾਇਕ। ਕਰਨ – ਕਰਨਾ। ਸਰਨ – ਸ਼ਰਨ ਆਉਣਾ। ਮਨਮੋਹਨ – ਮਨ ਨੂੰ ਮੋਹ ਲੈਣਾ। ਜੋਹਨ – ਤੱਕਣਾ, ਦੇਖਣਾ, ਖੋਜਣਾ, ਲੱਭ ਲੈਣਾ, ਜਾਣ ਲੈਣਾ। ਪਾਪ ਬਿਦਾਰਨ ਕਉ – ਪਾਪਾਂ ਨੂੰ ਖੰਡਨ ਵਾਲਾ। ਹਰਿ ਤਾਰਨ ਤਰਨ ਸਮਰਥ ਸਭੈ ਬਿਧਿ ਕੁਲਹ ਸਮੂਹ ਉਧਾਰਨ ਸਉ – ਸਾਥ, ਨਾਲ (ਮ: ਕੋਸ਼)। ਬਿਧਿ – ਉਪਾਅ, ਯਤਨ। ਪਾਪ ਬਿਦਾਰਨ ਕਉ – ਪਾਪਾ ਨੂੰ ਖ਼ਤਮ ਕਰਕੇ ਸਾਰਿਆਂ ਨੂੰ ਤਾਰਨ ਵਾਲਾ (ਕਿਸੇ ਅਵਤਾਰਵਾਦੀ ਵਿੱਚ ਇਹ ਸਾਰੇ ਗੁਣ ਸਮਝ ਕੇ ਉਸ ਨੂੰ ਸਮਰੱਥ ਤਰਨ ਤਾਰਨ ਵਾਲਾ ਸਮਝ ਲੈਣਾ)। ਚਿਤ – ਮਨ। ਚੇਤਿ – ਸੁਚੇਤ। ਅਚੇਤ – ਅਚੇਤ ਭਾਵ ਸੁਚੇਤ ਨਹੀਂ। ਜਾਨਿ ਸਤਸੰਗਤਿ ਭਰਮ ਅੰਧੇਰ – ਭਰਮ ਵਿੱਚ ਅਗਿਆਨਤਾ ਦੇ ਹਨੇਰੇ ਨੂੰ ਸਤਸੰਗਤਿ ਜਾਣ ਕੇ। ਮੋਹਿਓ ਕਤ ਧਂਉ – ਕਿੰਨਾ ਕੁ ਚਿਰ ਇਸ ਅਗਿਆਨਤਾ ਦੇ ਮੋਹ ਵਿੱਚ ਭਟਕਦੇ। ਮੂਰਤ – ਸੰ: ਕਠੋਰ, ਬੇਹੋਸ਼, ਮੂਰਖ (ਮ: ਕੋਸ਼)। ਮੂਰਤ ਘਰੀ ਚਸਾ ਪਲੁ – ਹੇ ਮੂਰਖ ਮਨ, ਇੱਕ ਘੜੀ, ਚਸਾ, ਪਲ। ਸਿਮਰਨ ਰਾਮ ਨਾਮੁ ਰਸਨਾ – ਰੰਮੇ ਹੋਏ ਦੇ ਸੱਚ ਨੂੰ ਜੀਵਨ ਵਿੱਚ ਅਪਣਾ ਕੇ ਰਸਨਾ `ਤੇ ਲਿਆਉਣਾ। ਸੰਗਿ – ਜੁੜਨਾ, ਸੰਗ ਕਰਨਾ। ਲਉ – ਲੈਣਾ, ਲੈ। ਹੋਛਉ ਕਾਜੁ – ਹੋਛਾ ਧੰਦਾ। ਅਲਪ – ਥੋੜ੍ਹਾ, ਭਾਵ ਛੋਟੇ ਪੱਧਰ ਦੀ ਗੱਲ। ਸੁਖ – ਸੁਖ ਦੀ ਥਾਂ। ਬੰਧਨ ਕੋਟਿ ਜਨੰਮ – ਕਰੋੜਾਂ ਤਰ੍ਹਾਂ ਦੀਆਂ ਬੁਰਿਆਈਆਂ ਨੂੰ। ਕਹਾ ਦੁਖ – ਕਈ ਤਰ੍ਹਾਂ ਦੇ ਦੁੱਖਾਂ ਨੂੰ। ਭਂਉ – ਭਟਕਣਾ। ਸੰਤ – ਗਿਆਨ। ਸਿਖ੍ਯ੍ਯਾ ਸੰਤ – ਗਿਆਨ ਦੀ ਸਿੱਖਿਆ। ਨਾਮੁ ਭਜੁ – ਸੱਚ ਨੂੰ ਜੀਵਨ ਵਿੱਚ ਅਪਣਾ। ਭਜੁ – ਭਜਨ ਕਰਨਾ ਭਾਵ ਸੱਚ ਨੂੰ ਜੀਵਨ ਵਿੱਚ ਅਪਣਾਉਣਾ। ਨਾਨਕ – ਨਾਨਕ ਜੀ। ਰਾਮ ਰੰਗਿ – ਰੰਮੇ ਹੋਏ ਦੇ ਰੰਗ। ਆਤਮ – ਅੰਦਰੋਂ। ਸਿਉ – ਨਾਲ। ਰਂਉ – ਰੰਗ।

ਅਰਥ:- ਹੇ ਭਾਈ! ਐਸੇ ਕੁਕਰਮੀ (ਅਵਤਾਰਵਾਦੀ) ਮਨੁੱਖ ਜੋ ਆਪਣੇ ਆਪ ਨੂੰ ਪਾਰਬ੍ਰਹਮ ਅੰਤਰਜਾਮੀ ਅਖਵਾਉਂਦੇ ਹਨ, ਉਨ੍ਹਾਂ ਨੂੰ ਮਨਮੋਹਣ ਉਸਤਤ ਲਾਇਕ ਜਾਣ ਕੇ ਉਨ੍ਹਾਂ ਦੀ ਸ਼ਰਨ ਇਹ ਸਮਝ ਕੇ ਆ ਜਾਣਾ ਕਿ ਉਹ ਹੀ ਸਾਰਿਆਂ ਨੂੰ ਤਾਰਨ ਵਾਲੇ ਸਮਰੱਥ ਹਰੀ ਅਤੇ ਸਮੂੰਹ ਕੁਲਹਾ ਦੇ ਉਧਾਰ ਕਰਨ ਦਾ ਉਪਾਅ ਕਰਨ ਵਾਲੇ ਹਨ। ਇਹ ਮਨ ਸੁਚੇਤ ਨਹੀਂ ਸੀ ਅਚੇਤ ਸੀ, ਇਸ ਕਰਕੇ ਪਤਾ ਨਹੀਂ ਕਿੰਨਾ ਕੁ ਚਿਰ ਹੋਰ ਇਸ ਤਰ੍ਹਾਂ ਅਗਿਅਨਤਾ ਦੇ ਹਨੇਰੇ ਨੂੰ ਸਤਿਸੰਗਤਿ ਸਮਝ ਕੇ ਭਟਕਦਾ। ਅਜਿਹੇ ਅਗਿਆਨਤਾ ਦੇ ਬੰਧਨ ਵਿੱਚ ਅਜਿਹਾ ਜੋ ਛੋਟੇ ਪੱਧਰ ਦਾ ਅਗਿਆਨਤਾ ਦਾ ਧੰਦਾ ਸੁਖ ਦੀ ਥਾਂ ਕਰੋੜਾਂ ਤਰ੍ਹਾਂ ਦੇ ਦੁੱਖਾਂ, ਬੁਰਿਆਈਆਂ ਅਤੇ ਭਟਕਣਾਂ ਨੂੰ ਜਨਮ ਦਿੰਦਾ ਹੈ। ਇਸ ਕਰਕੇ ਹੇ ਮੂਰਖ ਮਨ! ਸੱਚ ਨੂੰ ਆਪਣੇ ਜੀਵਨ ਵਿੱਚ ਅਪਣਾ ਕੇ ਇੱਕ ਘੜੀ, ਇੱਕ ਚਸਾ, ਇੱਕ ਪਲ, ਰੰਮੇ ਹੋਏ ਰਾਮ ਦੇ ਨਾਮ-ਸੱਚ ਦਾ ਜੀਵਨ ਵਿੱਚ ਅਭਿਆਸ ਕਰ, ਸੱਚ ਆਪਣੀ ਰਸਨਾ `ਤੇ ਲਿਆ ਅਤੇ ਸੱਚ ਨਾਲ ਹੀ ਜੁੜ। ਹੇ ਭਾਈ! ਇਹ ਹੀ ਨਾਨਕ ਆਖਦਾ ਹੈ ਕਿ ਗਿਆਨ ਦੀ ਸਿੱਖਿਆ ਰਾਹੀਂ ਆਪਣੇ ਅੰਦਰ ਝਾਤ ਮਾਰ ਕੇ ਸੱਚ ਨੂੰ ਆਪਣੇ ਜੀਵਨ ਵਿੱਚ ਅਪਣਾ ਅਤੇ ਰੰਮੇ ਹੋਏ (ਪ੍ਰਭੂ) ਦੇ ਰੰਗਿ (ਸੱਚ) ਨਾਲ ਆਪਣੇ ਆਪ ਨੂੰ ਅੰਦਰੋਂ ਰੰਗ।

ਮਹਲਾ ੫ ਨੇ ਭੱਟ ਸਵਈਏ ਬਾਣੀ ਦਾ ਮਨੋਰਥ ਅਤੇ ਭੱਟ ਸਾਹਿਬਾਨ ਵੱਲੋਂ ਆਪਣਾ ਅਕੀਦਾ ਅਵਤਾਰਵਾਦ ਦਾ ਖੰਡਨ ਕਰਕੇ ਇੱਕ ਸੱਚ ਰੂਪ ਕਰਤਾਰ ਵਿੱਚ ਲਿਆਉਣ ਅਤੇ ਨਾਨਕ ਸਿੱਖਿਆ ਦੀ ਪ੍ਰੋੜ੍ਹਤਾ ਕੀਤੀ ਹੈ। ਇਸ ਤਰ੍ਹਾਂ ਭੱਟ ਸਾਹਿਬਾਨ ਆਪਣੇ ਉਚਾਰਨ ਕੀਤੇ ਸਵਈਯਾਂ ਅੰਦਰ ਆਖਦੇ ਹਨ ਕਿ ਪਤਾ ਨਹੀਂ ਇਹ ਸਿਧਾਂਤ ਨਾ ਪਤਾ ਚਲਦਾ ਤਾਂ ਕਿੰਨਾ ਕੁ ਚਿਰ ਹੋਰ ਅਗਿਆਨਤਾ ਦੇ ਚੱਕਰ ਵਿੱਚ ਭਟਕਦੇ।

ਰੰਚਕ ਰੇਤ ਖੇਤ ਤਨਿ ਨਿਰਮਿਤ ਦੁਰਲਭ ਦੇਹ ਸਵਾਰਿ ਧਰੀ।।

ਖਾਨ ਪਾਨ ਸੋਧੇ ਸੁਖ ਭੁੰਚਤ ਸੰਕਟ ਕਾਟਿ ਬਿਪਤਿ ਹਰੀ।।

ਮਾਤ ਪਿਤਾ ਭਾਈ ਅਰੁ ਬੰਧਪ ਬੂਝਨ ਕੀ ਸਭ ਸੂਝ ਪਰੀ।।

ਬਰਧਮਾਨ ਹੋਵਤ ਦਿਨ ਪ੍ਰਤਿ ਨਿਤ ਆਵਤ ਨਿਕਟਿ ਬਿਖੰਮ ਜਰੀ।।

ਰੇ ਗੁਨ ਹੀਨ ਦੀਨ ਮਾਇਆ ਕ੍ਰਿਮ ਸਿਮਰਿ ਸੁਆਮੀ ਏਕ ਘਰੀ।।

ਕਰੁ ਗਹਿ ਲੇਹੁ ਕ੍ਰਿਪਾਲ ਕ੍ਰਿਪਾ ਨਿਧਿ ਨਾਨਕ ਕਾਟਿ ਭਰੰਮ ਭਰੀ।। ੩।।

(ਪੰਨਾ ੧੩੮੭)

ਪਦ ਅਰਥ:- ਰੰਚਕ – ਇੱਕ ਬਹੁਤ ਛੋਟੀ ਇਕਾਈ। ਰੇਤ – ਰੇਤ। ਖੇਤ – ਖੇਤ। ਰੇਤ ਖੇਤ – ਜਿਵੇਂ ਰੇਤ ਦਾ ਖੇਤ ਪਾਣੀ ਦੇ ਬਿਨਾਂ ਉਪਜਾਊ ਨਹੀਂ, ਇਸੇ ਤਰ੍ਹਾਂ ਇਹ ਮਨੁੱਖਾ ਤਨ ਗਿਆਨ ਤੋਂ ਬਿਨਾਂ ਕੋਈ ਚੰਗਾ ਸਮਾਜ ਨਹੀਂ ਸਿਰਜ ਸਕਦਾ। ਤਨਿ – ਸਰੀਰ। ਨਿਰਮਿਤ - ਰਚਿਆ ਹੋਇਆ, ਬਣਾਇਆ ਹੋਇਆ। ਦੁਰਲਭ – ਵੱਡਮੁੱਲੀ। ਦੇਹ – ਦੇਣ ਹੈ। ਸਵਾਰਿ ਧਰੀ – ਸਵਾਰ ਕੇ ਰੱਖੀ ਹੋਈ ਹੈ। ਖਾਨ ਪਾਨ – ਖਾਣ ਪੀਣ। ਸੋਧੇ – ਮਹਿਲ ਮਾੜੀਆਂ (ਗੁ: ਗ੍ਰੰ: ਦਰਪਣ)। ਸੁਖ ਭੁੰਚਤ – ਸੁਖ ਭੋਗਣ ਦੇ। ਸੰਕਟ – ਚੱਕਰ। ਕਾਟਿ – ਕੱਟ ਰਿਹਾ ਹੈ, ਬਿਤਾ ਰਿਹਾ ਹੈ, ਗਵਾ ਰਿਹਾ ਹੈ। ਬਿਪਤਿ – ਬਰਬਾਦੀ। ਹਰੀ – ਹਰਣ ਕਰਨਾ, ਭਾਵ ਖ਼ਤਮ ਕਰਣਾ, ਐਵੇਂ ਬਿਤਾਉਣਾ। ਬਿਪਤਿ ਹਰੀ – ਐਵੇਂ ਸਮਾਂ ਬਰਬਾਦ ਕਰਨਾ, ਕਰ ਰਿਹਾ ਹੈ। ਮਾਤ ਪਿਤਾ ਭਾਈ ਅਰੁ ਬੰਧਪ – ਮਾਤਾ ਪਿਤਾ ਭਰਾ ਅਤੇ ਸੱਜਣ/ਮਿੱਤਰ। ਬੂਝਨ ਕੀ – ਜੇਕਰ ਤੈਨੂੰ ਇਹ ਸਮਝ ਪਈ ਹੈ ਤਾਂ। ਸਭ ਸੂਝ ਪਰੀ – ਸਮੁੱਚੀ ਸਮਝ ਪਈ ਹੈ। ਬਰਧਮਾਨ – ਵਰਤਮਾਨ। ਹੋਵਤ – ਤਾਂ ਕੁੱਝ ਹੋ ਸਕਦਾ ਹੈ। ਦਿਨ ਪ੍ਰਤਿ ਨਿਤ – ਦਿਨ ਪ੍ਰਤੀ ਦਿਨ। ਆਵਤ – ਆ ਰਿਹਾ ਹੈ। ਬਿਖੰਮ – ਦੁੱਖ। ਜਰੀ – ਬੁਢੇਪਾ। ਰੇ ਗੁਨਹੀਨ – ਹੇ ਗੁਣ ਹੀਨ। ਦੀਨ – ਸੱਚ। ਮਾਇਆ – ਅਗਿਆਨਤਾ। ਕ੍ਰਿਮ – ਕੀੜੇ। ਸਿਮਰ ਸੁਆਮੀ ਏਕ ਘਰੀ – ਇੱਕ ਘਰੀ ਸੱਚ ਰੂਪ ਸੁਆਮੀ ਨੂੰ ਸਿਮਰ। ਕਰੁ ਗਹਿ ਲੇਹੁ – ਇਹ ਗੱਲ ਗ੍ਰਹਿਣ ਕਰ। ਕ੍ਰਿਪਾਲ ਕ੍ਰਿਪਾ ਨਿਧਿ – ਜੋ ਬਖਸ਼ਿਸ਼ ਦਾ ਖਜ਼ਾਨਾ ਹੈ। ਨਾਨਕ ਕਾਟਿ ਭਰੰਮ ਭਰੀ – ਨਾਨਕ ਆਖਦਾ ਹੈ, ਗਿਆਨ ਹੀ ਸਾਰੇ ਭਰਮ ਦੀ ਪੰਡ ਖ਼ਤਮ ਕਰਨ ਵਾਲਾ ਹੈ। ਕਾਟਿ – ਖ਼ਤਮ ਕਰਨ ਵਾਲਾ। ਭਰੀ – ਪੰਡ।

ਅਰਥ:- ਜੇਕਰ ਰੰਚਕ ਮਾਤਰ ਵੀ ਆਪਣੇ ਅੰਦਰ ਧਿਆਨ ਮਾਰ ਕੇ ਦੇਖੀਏ ਤਾਂ ਇਹ ਤਨ ਪ੍ਰਭੂ ਦੀ ਦੁਰਲਭ ਦੇਣ ਹੈ, ਬੇਸ਼ੱਕ ਇਹ ਸਵਾਰ ਕੇ ਰੱਖੀ ਹੋਈ ਹੈ ਪਰ ਗਿਆਨ ਤੋਂ ਬਿਨਾਂ ਰੇਤ ਦੇ ਖੇਤ ਵਾਂਗ ਹੈ, ਭਾਵ ਉਪਜਾਊ ਨਹੀਂ ਹੈ (ਜਿਵੇਂ ਰੇਤ ਦਾ ਖੇਤ ਸਵਾਰ ਕੇ ਵਾਹ ਸੁਹਾਗ ਕੇ ਵੀ ਰੱਖਿਆ ਹੋਇਆ ਹੋਵੇ ਪਰ ਪਾਣੀ ਤੋਂ ਬਿਨਾਂ ਉਪਜਾਊ ਨਹੀਂ, ਇਸੇ ਤਰ੍ਹਾਂ ਇਹ ਸਰੀਰ ਵੀ ਗਿਆਨ ਤੋਂ ਬਿਨਾਂ ਰੇਤ ਦੇ ਖੇਤ ਵਾਂਗ ਹੈ ਤੇ ਮਨੁੱਖ ਕੋਈ ਚੰਗਾ ਉਸਾਰੂ ਸਮਾਜ ਨਹੀਂ ਸਿਰਜ ਸਕਦਾ)। ਸੋ ਹੇ ਭਾਈ! ਕਿਉਂ ਗਿਆਨ ਤੋਂ ਬਿਨਾਂ ਸਿਰਫ਼ ਖਾਣ ਪੀਣ ਤੇ ਮਹਿਲ ਮਾੜੀਆਂ ਦੇ ਸੁਖ ਭੋਗਣ ਦੇ ਚੱਕਰ ਵਿੱਚ ਸਮਾਂ ਐਵੇਂ ਬਰਬਾਦੀ ਵਿੱਚ ਹੀ ਕੱਟ ਰਿਹਾ ਹੈਂ ਭਾਵ ਗਵਾ ਰਿਹਾ ਹੈਂ। ਜੇਕਰ ਤੈਨੂੰ ਗਿਆਨ ਦੀ ਸਮਝ ਪਈ ਹੈ ਤਾਂ ਆਪਣੇ ਮਾਤਾ, ਪਿਤਾ, ਭਰਾ ਅਤੇ ਸੱਜਣਾਂ/ਮਿੱਤਰਾਂ ਸਭ ਨੂੰ ਵੀ ਇਹ ਸਮਝਣ ਲਈ ਪ੍ਰੇਰਨਾ ਕਰ ਕਿ ਹੇ ਭਾਈ! ਜੀਵਨ ਦਾ ਸਮਾਂ ਨਿਸ਼ਚਿਤ ਹੈ ਤੇ ਨਿਸ਼ਚਿਤ ਸਮਾਂ ਵਧ ਘਟ ਨਹੀਂ ਸਕਦਾ। ਹੁਣ ਵਰਤਮਾਨ (ਮੌਜੂਦਾ ਸਮੇਂ ਜਵਾਨੀ) ਵਿੱਚ ਤਾਂ ਕੁੱਝ ਹੋ ਸਕਦਾ ਹੈ, ਇਸ ਤੋਂ ਅੱਗੇ ਤਾਂ ਦਿਨ ਪ੍ਰਤੀ ਦਿਨ ਬੁਢੇਪੇ ਦਾ ਔਖਾ ਸਮਾਂ ਨੇੜੇ ਆ ਰਿਹਾ ਹੈ ਭਾਵ ਉਦੋਂ (ਤੈਥੋਂ ਚਾਹੁੰਦੇ ਹੋਏ ਤੋਂ ਵੀ ਕੁਝ) ਹੋ ਨਹੀਂ ਸਕਣਾ। ਇਸ ਕਰਕੇ ਹੇ ਮੇਰੇ ਮਨ! ਨਾਨਕ ਦੀ ਇਹ ਗਿਆਨ ਦੀ ਗੱਲ ਗ੍ਰਹਿਣ ਕਰ, ਜੋ ਬਖ਼ਸ਼ਿਸ਼ ਦਾ ਖ਼ਜ਼ਾਨਾ ਹੈ, ਉਹ ਇਕੁ ਹਰੀ ਹੀ ਹੈ। ਨਾਨਕ ਆਖਦਾ ਹੈ, ਗਿਆਨ ਹੀ ਅਗਿਆਨਤਾ ਦੇ ਸਾਰੇ ਭਰਮਾਂ ਦੀ ਪੰਡ ਖਤਮ ਕਰਨ ਵਾਲਾ ਹੈ। ਇਸ ਕਰਕੇ ਹੇ ਗੁਣ ਹੀਨ ਦੀਨ ਭਾਵ ਸੱਚ ਤੋਂ, ਗੁਣਾਂ ਤੋਂ ਰਹਿਤ, ਮਾਇਆ (ਅਗਿਆਨਤਾ) ਦੇ ਕੀੜੇ ਮੇਰੇ ਮਨ! ਇੱਕ ਘੜੀ ਤਾਂ ਉਸ ਸੱਚ ਰੂਪ ਸੁਆਮੀ ਦਾ ਸਿਮਰਨ ਕਰ।
.