.

ਜਪੁਜੀ ਦੀ ਵਿਆਖਿਆ ਦੇ ਸੰਦਰਭ ਵਿੱਚ

ਰਜਨੀਸ਼ ਦੀ ਅਸਲੀਅਤ

ਪੰਜਾਬੀ ਵਿੱਚ ਰਜਨੀਸ਼ ਉੱਪਰ ਆਲੋਚਨਾਤਮਕ ਘੱਟ ਲਿਖਿਆ ਗਿਆ ਹੈ। ਉਸ ਦੀਆਂ ਰਚਨਾਵਾਂ (ਜੋ ਕਿ ਲੈਕਚਰਾਂ ਦਾ ਸਮੂਹ ਹਨ) ਉੱਪਰ ਤਾਂ ਬਿਲਕੁਲ ਹੀ ਨਹੀਂ। ਜਪੁਜੀ ਦੀ ਵਿਆਖਿਆ ‘ਏਕ ਓਂਕਾਰ ਸਤਿਨਾਮ’ ਉੱਪਰ ਵੀ ਨਹੀਂ। ਡਾ. ਪ੍ਰੇਮ ਪ੍ਰਕਾਸ਼ ਸਿੰਘ ਨੇ ਪੰਜਾਬੀ ਟ੍ਰਿਬਿਊਨ ਵਿੱਚ ਇੱਕ ਲੇਖ ਲਿਖਿਆ ਸੀ ਜਿਸ ਵਿੱਚ ਦੱਬੀ ਜਿਹੀ ਜ਼ੁਬਾਨ ਵਿੱਚ ਕੁੱਝ ਭਾਸ਼ਾਈ ਊਣਤਾਈਆ ਵੱਲ ਧਿਆਨ ਦੁਆਇਆ ਗਿਆ ਸੀ। ਪਰ ਇਹ ਆਪਣੇ ਆਪ ਵਿੱਚ ਨਾ-ਕਾਫ਼ੀ ਸੀ। ਪ੍ਰਸਤੁਤ ਲੇਖਕ ਰਜਨੀਸ਼ ਦੁਆਰਾ ਜਪੁਜੀ ਦੀ ਕੀਤੀ ਵਿਆਖਿਆ ਦੀ ਪੁਣਛਾਣ ਕਰਨ ਦਾ ਇੱਕ ਯਤਨ ਹੈ।

ਰਜਨੀਸ਼ ਨੂੰ ਪੜ੍ਹਨ/ਸੁਣਨ ਲੱਗਿਆਂ ਇੱਕ ਦੋ ਗੱਲਾਂ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ। ਪਹਿਲਾ ਇਹ ਹੈ ਕਿ ਉਸਦਾ ਕਿਸੇ ਵੀ ਧਰਮ ਜਾਂ ਉਸਦੀ ਵਿਚਾਰਧਾਰਾ ਵਿੱਚ ਕੋਈ ਵਿਸ਼ਵਾਸ ਨਹੀਂ। ਉਹ ਜਿਨ੍ਹਾਂ ਵੀ ਧਾਰਮਿਕ ਰਚਨਾਵਾਂ ਦੀ ਵਿਆਖਿਆ ਕਰਦਾ ਹੈ ਉਹ ਉਸ ਲਈ ਕੇਵਲ ਸਾਧਨ ਮਾਤਰ ਹਨ। ਉਨ੍ਹਾਂ ਰਾਹੀਂ ਉਹ ਆਪਣੇ ਵਿਚਾਰ (ਜੇ ਕੋਈ ਹਨ ਤਾਂ) ਦੂਸਰਿਆਂ ਦੇ ਸਿਰ ਮੜ੍ਹਦਾ ਹੈ। ਓਰੇਗਾਨ (ਅਮਰੀਕਾ) ਵਿੱਚ ਦਿੱਤੇ ਪਹਿਲੇ ਭਾਸ਼ਣ ਵਿੱਚ ਹੀ ਉਹ ਨੰਗਿਆਂ ਹੋ ਜਾਂਦਾ ਹੈ ਜਦੋਂ ਉਹ ਕਹਿੰਦਾ ਹੈ ਕਿ ਹੁਣ ਤੱਕ (1984 ਤੱਕ) ਉਸਨੂੰ ਇੱਕ ਸੀਮਾ ਵਿੱਚ ਰਹਿਣਾ ਪਿਆ ਹੈ। ਇਸਦਾ ਕਾਰਣ ਦੱਸਦਾ ਹੋਇਆ ਉਹ ਕਹਿੰਦਾ ਹੈ, “ਮੈਂ ਹਿੰਦੂਆਂ, ਈਸਾਈਆਂ, ਯਹੂਦੀਆਂ, ਮੁਸਲਮਾਨਾਂ, ਜੈਨੀਆਂ, ਬੋਧੀਆਂ ਤੇ ਸਿੱਖਾਂ ਸਾਹਮਣੇ ਬੋਲਦਾ ਰਿਹਾ ਹਾਂ। ਇਹ ਸਾਰੇ ਦੇ ਸਾਰੇ ਤਥਾਕਥਿਤ ਧਰਮਾਂ ਨਾਲ ਸੰਬੰਧ ਰੱਖਦੇ ਹਨ …. . ਹਿੰਦੂਆਂ ਨਾਲ ਗੱਲ ਕਰਨ ਸਮੇਂ ਮੈਨੂੰ ਕ੍ਰਿਸ਼ਨ ਰਾਹੀਂ ਗੱਲ ਕਰਨੀ ਪੈਂਦੀ ਸੀ, ਜਿਸ ਤੋਂ ਮੈਨੂੰ ਸੰਤੁਸ਼ਟੀ ਨਹੀਂ ਸੀ। ਕੋਈ ਹੋਰ ਰਾਹ ਵੀ ਤਾਂ ਨਹੀਂ ਸੀ। ਇਹ ਤਾਂ ਜ਼ਰੂਰੀ ਲਾਹਨਤ (Necessary Evel) ਸੀ …. ਜਿਨ੍ਹਾਂ ਗੱਲਾਂ ਉੱਪਰ ਮੇਰੀ ਸਹਿਮਤੀ ਵੀ ਸੀ ਉਸ ਬਾਰੇ ਵੀ ਮੈਨੂੰ ਕੁੱਝ ਹੋਰ ਕਰਨਾ ਪੈਂਦਾ। ਮੈਨੂੰ ਉਨ੍ਹਾਂ ਦੇ ਸ਼ਬਦਾਂ ਨੂੰ ਨਵੇਂ ਅਰਥ ਦੇਣੇ ਪੈਂਦੇ। ਉਨ੍ਹਾਂ ਸ਼ਬਦਾਂ ਨੂੰ ਆਪਣੇ ਅਰਥ। ਕਦੇ ਕਦੇ ਮੈਂ ਉਨ੍ਹਾਂ ਦੇ ਸ਼ਬਦਾਂ ਨੂੰ ਅਜਿਹੇ ਅਰਥ ਵੀ ਦਿੱਤੇ ਜੋ ਮੂਲ ਰੂਪ ਵਿੱਚ ਅਸਲੀ ਅਰਥਾਂ ਤੋਂ ਉਲਟ ਸਨ। ਪਰ ਹੋਰ ਕੋਈ ਰਾਹ ਵੀ ਨਹੀਂ ਸੀ। (ਰਜਨੀਸ਼ ਬਾਈਬਲ, ਭਾਗ ਪਹਿਲਾ, ਪੰਨਾ-7) ਸਾਫ਼ ਹੈ ਜਪੁਜੀ ਦੀ ਵਿਆਖਆ ਸਮੇਂ ਵੀ ਉਸਨੇ ਇਹ ਕੁੱਝ ਕੀਤਾ ਹੋਵੇਗਾ। ਰਜਨੀਸ਼ ਨੇ ਸ਼ਬਦਾਂ ਨੂੰ ਨਵੇਂ ਅਰਥ ਦਿੱਤੇ ਹੋਣਗੇ। ਕਈ ਵਾਰ ਆਪਣੇ ਅਰਥ ਤੇ ਕਈ ‘ਜਪੁਜੀ’ ਤੋਂ ਉਲਟ ਅਰਥ ਵੀ। ਇਸੇ ਤੱਥ ਦੇ ਆਧਾਰ ਤੇ ਅਸੀਂ ‘ਏਕ ਓਂਕਾਰ ਸਤਿਨਾਮ’ (ਹਿੰਦੀ, ਡਾਇਮੰਡ ਪਾਕੇਟ ਬੁਕਸ, ਦਿੱਲੀ, 1992) ਦਾ ਅਧਿਐਨ ਕਰਨ ਦਾ ਯਤਨ ਕੀਤਾ ਹੈ।

ਇਹ ਗੱਲ ਧਿਆਨ ਦੇਣ ਵਾਲੀ ਹੈ ਕਿ ਅਜਿਹਾ ਸਭ ਕੁੱਝ ਕਰਨ ਨੂੰ ਰਜਨੀਸ਼ ਭਾਰਤੀ ਪ੍ਰੰਪਰਾ ਮੰਨਦਾ ਹੈ। ਇਹ ਢੰਗ ਵਿਗਿਆਨਕ ਹੈ ਕਿ ਬੇਈਮਾਨੀ ਇਸ ਉੱਪਰ ਚਰਚਾ ਹੋ ਸਕਦੀ ਹੈ। ਭਾਰਤੀ ਪ੍ਰੰਪਰਾ ਵਿੱਚ ਇੱਕ ਹੋਰ ਪੱਖ ਹੈ ਕਥਾ ਵਾਚਕਤਾ ਦਾ। ਰਜਨੀਸ਼ ਇੱਕ ਹੰਢਿਆ ਚੁਸਤ (ਸ਼ਰਾਰਤੀ) ਕਥਾਵਾਚਕ ਵੀ ਹੈ ਜੋ ਸ਼੍ਰੋਤਿਆਂ ਨੂੰ ਆਪਣੀਆਂ ਕਲਾਬਾਜ਼ੀਆਂ (ਲਤੀਫ਼ੇਬਾਜ਼ੀਆਂ) ਰਾਹੀਂ ਹਿਪਨੋਟਾਈਜ਼ ਕਰਕੇ ਨਾਲ ਲੈ ਤੁਰਦਾ ਹੈ। ਇਥੇ ਸ਼੍ਰੋਤਾ ਤਰਕਸ਼ੀਲ ਨਾ ਰਹਿ ਕੇ ‘ਉਪਭੋਗਤਾ’ ਬਣ ਜਾਂਦਾ ਹੈ। ਉਹ ਸੁਆਦ ਸੁਆਦ ਵਿੱਚ ਸਭ ਕੁੱਝ ਭਕਸ਼ਣ ਕਰਦਾ ਚਲਾ ਜਾਂਦਾ ਹੈ। ਤੁਰਦੇ ਤੁਰਦੇ ਇੱਕ ਗੱਲ ਹੋਰ। ਰਜਨੀਸ਼ ਪੰਜਾਬੀਆਂ ਦੇ ਪ੍ਰੇਮ ਕਰਨ ਦੇ ਢੰਗ-ਘੁੱਟ ਕੇ ਜੱਫੀ ਪਾਉਣ - ਨੂੰ ਪਸੰਦ ਨਹੀਂ ਕਰਦਾ। ਉਨ੍ਹਾਂ ਦੇ ਇਸ ਗੁਣ ਨੂੰ ਤ੍ਰਿਸਕਾਰਦਾ ਉਹ ਪੰਜਾਬੀਆਂ ਨੂੰ ਗਧੇ ਤੱਕ ਕਹਿ ਜਾਂਦਾ ਹੈ। ਪੰਜਾਬੀ ‘ਗਧੇ’ ਫਿਰ ਵੀ ਉਸਨੂੰ ਸਿਰ `ਤੇ ਚੁੱਕੀ ਫਿਰਦੇ ਹਨ। ਇਹ ਉਨ੍ਹਾਂ ਦੀ ਗੁਲਾਮ ਜ਼ਹਿਨੀਅਤ ਦਾ ਹਿੱਸਾ ਗਿਣਿਆ ਜਾਵੇਗਾ। ਰਜਨੀਸ਼ ਕਹਿੰਦਾ ਹੈ, “ਪੰਜਾਬ ਨੂੰ ਹਿੰਦੁਸਤਾਨ ਦਾ ਓਰੇਗਾਨ ਹੋਣਾ ਚਾਹੀਦਾ ਹੈ। ਪਰ ਦੇਸ਼ ਦੇ ਸਾਰੇ ਗਧੇ ਪੰਜਾਬ ਵਿੱਚ ਰਹਿਣ ਦਾ ਪ੍ਰਬੰਧ ਕਰੀ ਬੈਠੇ ਹਨ …. .” (ਰਜਨੀਸ਼ ਬਾਈਬਲ ਪੰਨਾ - 670) ਕਲਪਨਾ ਕੀਤੀ ਜਾ ਸਕਦੀ ਹੈ ਕਿ ਪੰਜਾਬੀਆਂ ਪ੍ਰਤੀ ਅਜਿਹੀ ਧਾਰਣਾ ਰੱਖਣ ਵਾਲਾ ਆਦਮੀ ਉਨ੍ਹਾਂ ਦੀ ਕਲਚਰ ਅਤੇ ਸਾਹਿਤ ਨੂੰ ਕਿਵੇਂ ਦੇਖੇਗਾ। ਇਸ ਨਾਲ ਉਸਨੂੰ ਕੋਈ ਮੋਹ ਨਹੀਂ ਸਗੋਂ ਉਸਦੀ ਆਪਣੀ ਗਰਜ਼ ਛਿਪੀ ਹੋਈ ਹੈ। ਖ਼ੈਰ ਅਗਾਂਹ ਚੱਲੀਏ। ਆਓ ਜਪੁਜੀ ਉੱਪਰ ਦਿੱਤੇ ਉਸਦੇ ਲੈਕਚਰਾਂ ਨੂੰ ਧਿਆਨ ਨਾਲ ਵਾਚੀਏ। ਆਪਣੀ ਉਪਰੋਕਤ ਸੋਚ ਅਨੁਸਾਰ ਰਜਨੀਸ਼ ਦੱਬੀ ਜ਼ੁਬਾਨ ਵਿੱਚ ਬਚਦੇ ਬਚਾਉਂਦੇ ਗੁਰੂ ਨਾਨਕ ਨੂੰ ਅਨਪੜ੍ਹ, ਪੇਂਡੂ ਤੇ ਗੰਵਾਰ ਆਦਿ ਕਈ ਕੁੱਝ ਕਹਿ ਜਾਂਦਾ ਹੈ। “ਨਾਨਕ ਕੁੱਝ ਪੜ੍ਹੇ ਲਿਖੇ ਨਹੀਂ ਹਨ ਨਾ ਕੋਈ ਬਹੁਤੇ ਅਮੀਰ ਹਨ। (ਅਮੀਰਾਂ ਦਾ ਗੁਰੂ ਸਭ ਤੋਂ ਪਹਿਲਾਂ ਇਹੀ ਕੁੱਝ ਦੇਖੇਗਾ) ਸਾਧਾਰਣ ਘਰ ਵਿੱਚ ਪੈਦਾ ਹੋਏ। ਨਾ ਬਹੁਤ ਸਿਖਿਆ ਹੋਈ। ਪਹਿਲੇ ਦਿਨ ਹੀ ਪਾਠ ਚੱਲਿਆ ਤੇ ਬੰਦ ਹੋ ਗਿਆ। ਫਿਰ ਵੀ ਵਰਖਾ ਹੋ ਗਈ।” (ਪੰਨਾ 98) “ਨਾਨਕ ਤਾਂ ਪਿੰਡ ਦੇ ਸਿੱਧੇ ਸਾਦੇ ਪੇਂਡੂ ਹਨ।” (ਪੰਨਾ 133) ਫਿਰ ਵੀ ਵਰਖਾ ਹੋ ਗਈ ਨੂੰ ਛੱਡ ਦਈਏ ਤਾਂ ਰਜਨੀਸ਼ ਦੀ ਗੁਰੂ ਨਾਨਕ ਪ੍ਰਤੀ ਸੋਚ ਸਪੱਸ਼ਟ ਹੋ ਜਾਂਦੀ ਹੈ। ਜੇ ਗੁਰੂ ਨਾਨਕ ਦੀ ਸਿਫ਼ਤ ਕਰਦਾ ਵੀ ਹੈ ਤਾਂ ਖੱਤਰੀ ਹੋਣ ਕਰਕੇ। ਸਾਡੇ ਜਿਹੜੇ ਮਿੱਤਰ ਰਜਨੀਸ਼ ਨੂੰ ਬ੍ਰਾਹਮਣਵਾਦ ਦਾ ਵਿਰੋਧੀ ਮੰਨ ਕੇ ਉਸ ਤੋਂ ਪ੍ਰਭਾਵਿਤ ਹੋਏ ਹਨ ਉਹ ਇਹ ਭੁੱਲ ਜਾਂਦੇ ਹਨ ਕਿ ਰਜਨੀਸ਼ ਖੁਦ ਖੱਤਰੀਵਾਦ ਦਾ ਸ਼ਿਕਾਰ ਹੈ ਜੋ ਭਾਰਤੀ ਸੰਦਰਭ ਵਿੱਚ ਹਮੇਸ਼ਾ ਬ੍ਰਾਹਮਣਵਾਦ ਦਾ ਸੰਰਕਸ਼ਕ ਅਤੇ ਜੋਟੀਦਾਰ ਰਿਹਾ ਹੈ। ਬ੍ਰਾਹਮਣਵਾਦ ਹੋਵੇ ਜਾਂ ਖੱਤਰੀਵਾਦ ਹੈ ਤਾਂ ਜਾਤੀਵਾਦ ਹੀ। ਰਜਨੀਸ਼ ਇਸੇ ਦ੍ਰਿਸ਼ਟੀ ਤੋਂ ਈਸਾ ਤੇ ਕਬੀਰ ਨੂੰ ਨਫ਼ਰਤ ਕਰਦਾ ਹੈ ਅਤੇ ਕਹਿੰਦਾ ਹੈ, “ਈਸਾ ਜਾਂ ਕਬੀਰ ਵਰਗੇ ਕੋਰੇ ਅਨਪੜ੍ਹਾਂ ਲਈ ਦਾਅਵਾ ਕਰਨਾ ਜਾਂ ਪੂਰੇ ਜ਼ੋਰ ਨਾਲ ਕਿਸੇ ਗੱਲ ਦਾ ਇਜ਼ਹਾਰ ਕਰਨਾ ਬੜਾ ਆਸਾਨ ਕੰਮ ਹੈ। ਆਪਣੇ ਦੁਆਲੇ ਮੂਰਖਾਂ ਦਾ ਟੋਲਾ, ਇਕੱਠਾ ਕਰੋ, ਜੋ ਦੁਨੀਆਂ ਵਿੱਚ ਸਭ ਤੋਂ ਆਸਾਨ ਕੰਮ ਹੈ। ਗਲੀ ਵਿੱਚ ਸਿਰ ਭਾਰ ਖੜ੍ਹੇ ਹੋਵੋ। ਮੂਰਖ ਦੌੜਦੇ ਆਉਣਗੇ।” (ਰਜਨੀਸ਼ ਬਾਈਬਲ, ਪੰਨਾ- 303) ‘ਏਕ ਓਂਕਾਰ ਸਤਿਨਾਮ’ ਵਿੱਚ ਤਾਂ ਇਹ ਜਾਤੀਵਾਦ ਹੋਰ ਵੀ ਤਿੱਖੇ ਰੂਪ ਵਿੱਚ ਸਾਹਮਣੇ ਆਉਂਦਾ ਹੈ। ਰਜਨੀਸ਼ ਫੜ ਮਾਰਦਾ ਹੈ, “ਇਹ ਬਹੁਤ ਸੋਚਣ ਵਾਲੀ ਗੱਲ ਹੈ ਕਿ ਭਾਰਤ ਵਿੱਚ ਜਿੰਨੇ ਗਿਆਨੀ ਪੁਰਖ ਹੋਏ ਹਨ, ਉਨ੍ਹਾਂ ਵਿੱਚ ਨੱਬੇ ਪ੍ਰਤੀਸ਼ਤ ਖੱਤਰੀ ਹਨ। ਨਾਨਕ ਖ਼ੁਦ ਵੀ ਖੱਤਰੀ ਹਨ। 90% ਕ੍ਰਿਸ਼ਨ, ਰਾਮ, ਮਹਾਂਵੀਰ, ਬੁੱਧ ਸਭ ਖੱਤਰੀ ਹਨ। ਖੱਤਰੀ ਵਿੱਚ ਕੁੱਝ ਗੁਣ ਹਨ ਜਿਸਦੇ ਕਾਰਨ ਗਿਆਨ ਤੱਕ ਪਹੁੰਚਣ ਵਿੱਚ ਕੁੱਝ ਆਸਾਨੀ ਦਿਖਾਈ ਦਿੰਦੀ ਹੈ। ਉਹ ਗੁਣ ਹੈ ਸਾਹਸ ਦਾ ਹਿੰਮਤ ਦਾ। ਉਹ ਖ਼ਤਰਾ ਮੁੱਲ ਲੈ ਸਕਦਾ ਹੈ ਅਤੇ ਜ਼ਿੰਦਗੀ ਦਾਅ ਤੇ ਲਾ ਸਕਦਾ ਹੈ। ਐਨੇ ਬ੍ਰਾਹਮਣ ਵੀ ਨਹੀਂ ਪਹੁੰਚੇ। ਇਨੇ ਕਿਸੇ ਜਾਤੀ ਦੇ ਲੋਕ ਨਹੀਂ ਪਹੁੰਚੇ ਧਰਮ ਸੱਤ ਤੱਕ ਜਿੰਨੇ ਖ਼ੱਤਰੀ ਪਹੁੰਚੇ।” (ਪੰਨਾ 299) ਹੈ ਨਾ ਕਮਾਲ ਦਾ ਸੋਚਣ ਢੰਗ। ਖੱਤਰੀ ਰਾਜੇ ਤਾਂ ਸਾਹਸੀ ਹੋ ਗਏ ਪਰ ਉਨ੍ਹਾਂ ਦੇ ਹੁਕਮ ਤੇ ਜਾਨਾਂ ਵਾਰਨ ਵਾਲੇ ਦੂਸਰੇ ਸਾਰੇ ਜਾਤੀਆਂ ਦੇ ਲੋਕ ‘ਕਾਇਰ’ ਬਣ ਗਏ। ਖੱਤਰੀ ਬ੍ਰਾਹਮਣ ਸਾਹਸ ਨਾਲ ਗਿਆਨ ਤੱਕ ਪਹੁੰਚ ਗਏ ਪਰ ਨਾਲ ਹੀ ਇਸੇ ਸਾਹਸ ਨਾਲ ਉਨ੍ਹਾਂ ਨੇ ਗਿਆਨ ਨੂੰ ਆਮ ਲੋਕਾਂ ਤੱਕ ਨਹੀਂ ਪਹੁੰਚਣ ਦਿੱਤਾ। ਲੋਕਾਂ ਦੇ ਕੰਨਾਂ ਵਿੱਚ ਸੀਸਾ ਢਾਲ ਢਾਲ ਪਾਇਆ। ਆਪਣੇ ਚੇਲਿਆਂ ਦੇ ਅੰਗੂਠੇ ਤੱਕ ਕਟਵਾ ਲਏ। ਹੈ ਨਾ ਸਾਹਸੀ ਕਰਮ। ਥੋੜ੍ਹਾ ਅਸੀਂ ਸੋਚਿਆ ਹੈ। ਥੋੜ੍ਹਾ ਤੁਸੀਂ ਵੀ ਸੋਚੋ। ਰਜਨੀਸ਼ ਦਾ ਬਾਹਰਮੁਖੀ ਇਤਿਹਾਸਕ, ਦ੍ਰਿਸ਼ਟੀ ਨਾਲ ਕੋਈ ਸਰੋਕਾਰ ਨਹੀਂ ਉਹ ਤਾਂ ਜਪੁਜੀ ਨੂੰ ਆਧਾਰ ਬਣਾ ਕੇ ਗੁਰਮਤਿ ਦੇ ਉਲਟ ਵਿਚਾਰਾਂ ਨੂੰ ਸਥਾਪਿਤ ਕਰਨਾ ਚਾਹੁੰਦਾ ਹੈ। ਕਮਾਲ ਦੀ ਗੱਲ ਇਹ ਹੈ ਕਿ ਅਸੀਂ ਧਿਆਨ ਮਗਨ ਹੋਏ ਇਹ ਸਭ ਕੁੱਝ ਪਚਾ ਜਾਂਦੇ ਹਾਂ। ਅਖ਼ਬਾਰਾਂ, ਵਿੱਚ ‘ਏਕ ਓਂਕਾਰ ਸਤਿਨਾਮ’ ਨੂੰ ਲੜੀਵਾਰ ਛਾਪ ਰਹੇ ਹਾਂ। ਪੂਰੇ ਦੇ ਪੂਰੇ ਪਰਚੇ ਉਸੇ ਨੂੰ ਸਮਰਪਿਤ ਕਰ ਦਿੱਤੇ ਹਨ। ਕੀ ਅਸੀਂ ਹੇਠ ਲਿਖੇ ਵਿਚਾਰਾਂ ਨੂੰ ਸੋਚਣ ਦੀ ਖੇਚਲ ਕੀਤੀ ਹੈ ਜੋ ਗੁਰਮਤਿ ਦੇ ਐਨ ਉਲਟ ਹਨ?

ਰਜਨੀਸ਼ ਕਹਿੰਦਾ ਹੈ, “ਪੂਰਬ ਦੀ ਸਾਰੀ ਖੋਜ ਇਹ ਹੈ, ਲਾਉਸੇ ਤੋਂ ਲੈ ਕੇ ਨਾਨਕ ਤੱਕ ਕਿ ਜੋ ਹੋ ਰਿਹਾ ਹੈ ਉਸਨੂੰ ਸਵੀਕਾਰ ਕਰ ਲਓ। ਟੋਟਲ ਅਕਸੈਪਟੀਬਿਲੀਟੀ।” (ਪੰਨਾ 31) ਪੜ੍ਹਦਿਆਂ/ਸੁਣਦਿਆਂ ਹੀ ਕੰਨ ਖੜ੍ਹੇ ਹੋ ਜਾਂਦੇ ਹਨ। ਕਿਸ ਚੀਜ਼ ਦੀ ਅਕਸੈਪਟੀਬਿਲੀਟੀ? ਕੁਦਰਤੀ ਵਰਤਾਰਿਆਂ ਦੀ ਜਾਂ ਸਮਾਜਿਕ ਵਰਤਾਰਿਆਂ ਦੀ? ਪੁਰਾਤਨ ਪਰੰਪਰਾ ਦੀ ਜਾਂ ਸਮਕਾਲੀ ਸਮਾਜਿਕ ਰਾਜਨੀਤਿਕ ਵਰਤਾਰਿਆਂ ਦੀ? ਜਾਂ ਕਿਸੇ ਹੋਰ ਚੀਜ਼ ਦੀ? ਰਜਨੀਸ਼ ਲਾਓਸੇ ਨੂੰ ਬਾਰ ਬਾਰ ਦੁਹਰਾਉਂਦਾ ਹੈ ਕਿ ਨਦੀ ਵਿੱਚ ਤਰਦਿਆਂ ਆਪਣੇ ਆਪ ਨੂੰ ਨਦੀ ਦੇ ਵਹਿਣ ਦੇ ਨਾਲ ਰੁੜਨ ਦਿਓ। ਪਰ ਗੁਰੂ ਨਾਨਕ ਨੇ ਤਾਂ ਅਜਿਹਾ ਕੁੱਝ ਨਹੀਂ ਕਿਹਾ। ਹਾਂ ਪ੍ਰਕ੍ਰਿਤੀ ਪ੍ਰਤੀ ਵਿਸਮਾਦ ਦਾ ਰੁਖ਼ ਜ਼ਰੂਰ ਹੈ ਕਿਉਂਕਿ ਇਸਨੂੰ ਗੁਰੂ ਨਾਨਕ ਬਾਣੀ ਅਨੁਸਾਰ ਜਾਣਿਆ ਨਹੀਂ ਜਾ ਸਕਦਾ। “ਜਾ ਕਰਤਾ ਸਿਰਠੀ ਕਉ ਸਾਜੈ ਆਪੇ ਜਾਣੈ ਸੋਈ।” ਪਰ ਸਮਾਜ ਪ੍ਰਤੀ ਅਤੇ ਸਮਕਾਲੀ ਰਾਜਨੀਤੀ ਪ੍ਰਤੀ ਗੁਰੂ ਨਾਨਕ ਦਾ ਰਵੱਈਆ ਕਦੇ ਵੀ ਟੋਟਲ ਅਕਸੈਪਟੀਬਿਲੀਟੀ ਵਾਲਾ ਨਹੀਂ। ਇਥੇ ਤਾਂ ਰਾਜੇ ਸ਼ੀਂਹ ਤੇ ਮੁਕੱਦਮ ਕੁੱਤੇ ਹਨ। ਕਾਜੀ ਬ੍ਰਾਹਮਣ ਤੇ ਜੋਗੀ ਤਿੰਨੋਂ ਉਜਾੜੇ ਦਾ ਬੰਧ ਹਨ। ਤਕਰੀਬਨ ਪੁਰਾਤਨ ਸਾਰੇ ਲੋਕ ਵਿਸ਼ਵਾਸਾਂ ਅਤੇ ਧਾਰਮਿਕ ਅੰਧ ਵਿਸ਼ਵਾਸਾਂ ਉੱਪਰ ਤਿੱਖੇ ਪ੍ਰਹਾਰ ਹਨ। ਇਹ ਸਭ ਕੁੱਝ ਸੰਭਵ ਹੀ ਨਾ ਹੁੰਦਾ ਜੇ ਗੁਰੂ ਨਾਨਕ ਦਾ ਦਰਸ਼ਨ ‘ਟੋਟਲ ਅਕਸੈਪਟਿਬਿਲੀਟੀ’ ਹੁੰਦਾ। ਰਜਨੀਸ਼ ਜੋ ਕੁੱਝ ਕਹਿ ਰਿਹਾ ਹੈ, ਉਹ ਗੁਰਬਾਣੀ ਲਈ ਮੰਨਣਾ ਜ਼ਰੁਰੀ ਨਹੀਂ ਉਹ ਤਾਂ ਇੱਥੋਂ ਤੱਕ ਕਹਿ ਦਿੰਦਾ ਹੈ। ਕਿ, “ਜੇ ਤੁਹਾਡੇ ਜੀਵਨ ਵਿੱਚ ਇਹ ਸੂਤਰ ਉੱਤਰ ਜਾਵੇ ਤਾਂ ਕੁਛ ਕਰਨ ਲਈ ਹੀ ਨਹੀਂ। ਜੈਸਾ ਹੋ ਰਿਹਾ ਹੈ ਹੋਣ ਦਿਓ।” (ਪੰਨਾ 32) ਜੇ ਇਹੋ ਗੱਲ ਹੈ ਤਾਂ ਸਵਾਲ ਪੁੱਛਿਆ ਜਾ ਸਕਦਾ ਹੈ ਕਿ ਰਜਨੀਸ਼ ਨੂੰ ਕੀ ਅਧਿਕਾਰ ਹੈ ਸਾਰੇ ਧਰਮਾਂ ਉੱਪਰ ਬਰਸਣ ਦਾ? ਉਹ ਜਿਵੇਂ ਕਰਦੇ ਹਨ ਉਨ੍ਹਾਂ ਨੂੰ ਕਰਨ ਦਿਓ। ਕੀ ਲੋੜ ਹੈ ਗਾਂਧੀ ਵਰਗਿਆਂ ਨੂੰ ਕੋਸਣ ਦੀ? ਫੇਰ ਤਾਂ ਸਾਨੂੰ ਵੀ ਲੋੜ ਨਹੀਂ ਅੱਜ ਦੀ ਸਮਾਜਿਕ, ਆਰਥਿਕ ਤੇ ਰਾਜਨੀਤਕ ਅਵਸਥਾ ਵਿੱਚ ਨੁਕਸ ਕੱਢਣ ਦੀ। ਸਰਕਾਰ ਜੋ ਕਰਦੀ ਹੈ ਉਸਨੂੰ ਕਰਨ ਦਿਓ। ਅਮੀਰ ਸ਼੍ਰੇਣੀ ਮਜ਼ਦੂਰਾਂ ਦਾ ਸ਼ੋਸ਼ਣ ਕਰਦੀ ਹੈ ਤਾਂ ਰਜਨੀਸ਼ ਨੂੰ ਕੀ ਫਰਕ ਪੈਂਦਾ ਹੈ। ਉਹ ਕਹੇਗਾ ਹੁੰਦਾ ਹੈ ਹੋਣ ਦਿਓ। ਫਿਰ ਤਾਂ ਨਵੀਂ ਵਿਵਸਥਾ ਵੱਲ ਯਤਨ ਕਰਨ ਦੀ ਵੀ ਲੋੜ ਨਹੀਂ। ਰਜਨੀਸ਼ ਵਾਲੇ ਪਾਖੰਡ ਰਚੋ, ਐਸ਼ਪ੍ਰਸਤੀ ਕਰੋ ਤੇ ਮਰ ਜਾਓ। ਇਹ ਹੈ ਦਰਸ਼ਨ ਰਜਨੀਸ਼ ਦਾ। ਇਸੇ ਲਈ ਅਸੀਂ ਰਜਨੀਸ਼ ਨੂੰ ਯਥਾਸਥਿਤੀਵਾਦੀ ਅਤੇ ਬੁਰਜੂਆ ਪ੍ਰਬੰਧ ਦਾ ਦੱਲਾ ਕਹਿੰਦੇ ਹਾਂ। ਰਜਨੀਸ਼ ਦੇ ਚੇਲੇ ਸਾਡੇ ਨਾਲ ਖਫ਼ਾ ਹਨ ਕਿ ਅਸੀਂ ਰਜਨੀਸ਼ ਦੀ ਚੀਰ ਫਾੜ ਕਿਉਂ ਕਰਦੇ ਹਾਂ?

ਰਜਨੀਸ਼ ਇਥੇ ਹੀ ਬਸ ਨਹੀਂ ਕਰਦਾ ਸਗੋਂ ਆਪਣੇ ਤਰਕ ਨੂੰ ਅਗਾਂਹ ਤੋਰਦਾ ਹੋਇਆ ਉਹ ਕਹਿੰਦਾ ਹੈ, “ਜੀਵਨ ਨੂੰ ਜੀਣ ਦੇ ਦੋ ਢੰਗ ਹਨ। ਇੱਕ ਢੰਗ ਹੈ ਸੰਘਰਸ਼ ਦਾ ਇੱਕ ਢੰਗ ਹੈ ਸਮਰਪਣ ਦਾ। ਸੰਘਰਸ਼ ਦਾ ਅਰਥ ਹੈ ਮੇਰੀ ਮਰਜ਼ੀ ਸਮਰਪਣ ਦੀ ਮਰਜ਼ੀ ਤੋਂ ਵੱਖ। ਸਮਰਪਣ ਦਾ ਅਰਥ ਹੈ ਮੈਂ ਸਮੁੱਚ ਦਾ ਇੱਕ ਅੰਗ ਹਾਂ। ਮੇਰੀ ਮਰਜ਼ੀ ਵੱਖਰੀ ਹੋਣ ਦਾ ਸਵਾਲ ਹੀ ਨਹੀਂ ਹੈ। ਮੈਂ ਵੱਖ ਹਾਂ ਸੰਘਰਸ਼ ਸੁਭਾਵਿਕ ਹੈ। ਸੰਘਰਸ਼ ਲਿਆਏਗਾ, ਤਣਾਓ, ਅਸ਼ਾਂਤੀ, ਚਿੰਤਾ। ਸਮਰਪਣ, ਸ਼ੂਨਯਤਾ, ਸ਼ਾਂਤੀ ਆਨੰਦ ਅਤੇ ਅੰਤ ਤੇ ਪਰਮ ਗਿਆਨ। ਸੰਘਰਸ਼ ਤੋਂ ਵਧੇਗਾ ਅਹੰਕਾਰ, ਸਮਰਪਣ ਤੋਂ ਮਿਟੇਗਾ। ਸੰਸਾਰੀ ਉਹੀ ਹੈ ਜੋ ਸੰਘਰਸ਼ ਕਰ ਰਿਹਾ ਹੈ। ਧਾਰਮਿਕ ਉਹ ਹੈ ਜਿਸਨੇ ਸੰਘਰਸ਼ ਛੱਡਿਆ ਅਤੇ ਸਮਰਪਣ ਕੀਤਾ।” (ਪੰਨਾ 37) ਇਨ੍ਹਾਂ ਵਿਚਾਰਾਂ ਨੂੰ ਰਜਨੀਸ਼ ਵਿਅਕਤੀਗਤ ਅਤੇ ਸਮੂਹਿਕ ਦੋਨਾਂ ਪੱਧਰਾਂ ਉੱਪਰ ਲਾਗੂ ਕਰਦਾ ਹੈ। ਤਰਕ ਕੋਈ ਵੀ ਹੋਵੇ ਨਤੀਜਾ ਇਹ ਕੱਢਿਆ ਗਿਆ ਹੈ ਕਿ ‘ਸਮਰਪਣ’ ਸਰਵਉੱਚ ਹੈ ਤੇ ਸੰਘਰਸ਼ ਨਖਿੱਧ। ਜੇ ਮਾਰਕਸਵਾਦੀ ਸਾਰੇ ਇਤਿਹਾਸ ਨੂੰ ਵਰਗ-ਸੰਘਰਸ਼ ਦਾ ਵਿਕਾਸ ਮੰਨਦੇ ਹਨ; ਜੇ ਸੰਘਰਸ਼ਸ਼ੀਲ ਲੋਕਾਂ ਦਾ ਪੱਖ ਪੂਰਨ ਦੇ ਦਾਅਵੇ ਕਰਦੇ ਹਨ, ਜਦੋਂ ਉਹ ਰਜਨੀਸ਼ ਦਾ ਗੁਣ ਗਾਣ ਕਰਨ ਵਿੱਚ ਲੱਗ ਜਾਣ ਤਾਂ ਤੁਸੀਂ ਦੱਸੋ ਉਨ੍ਹਾਂ ਉੱਪਰ ਹੱਸਿਆ ਜਾਵੇ, ਰੋਇਆ ਜਾਵੇ, ਤਰਸ ਖਾਧਾ ਜਾਵੇ ਜਾਂ ਫਿਰ ਉਨ੍ਹਾਂ ਨੂੰ ਉਨ੍ਹਾਂ ਦੇ ਹਾਲ `ਤੇ ਛੱਡ ਦਿੱਤਾ ਜਾਵੇ? ਸ਼ਾਇਦ ਅਖ਼ੀਰਲੀ ਗੱਲ ਜ਼ਿਆਦਾ ਠੀਕ ਰਹੇਗੀ। ਰਜਨੀਸ਼ ਕਿਸੇ ਗੁਰਮਤਿ ਦੀ ਵਿਆਖਿਆ ਕਰ ਰਿਹਾ ਹੈ ਉਹ ਤਾਂ ਸੰਸਾਰ ਨੂੰ ਅਖਾੜਾ ਮੰਨਦੀ ਹੈ। ਗੁਰਬਾਣੀ ਦੇ ਆਪਣੇ ਸੁਝਾਅ ਹਨ ਇਸ ਲੜਾਈ ਨੂੰ ਲੜਨ ਦੇ ਪਰ ਉਹ ਇਹ ਕਦੇ ਨਹੀਂ ਕਹਿੰਦੀ ਕਿ ਸਮਰਪਣ ਕਰ ਦਿਓ, ਸੰਘਰਸ਼ ਛੱਡ ਦਿਓ। ਪਰ ਰਜਨੀਸ਼ ਤਾਂ ਗੁਲਾਮੀ ਨੂੰ ਵੀ ਸਹੀ ਸਿੱਧ ਕਰਨ ਤੱਕ ਚਲਾ ਜਾਂਦਾ ਹੈ। ‘ਏਕ ਓਂਕਾਰ ਸਤਿਨਾਮ’ ਵਿੱਚ ਵੀ ਉਹ ਇੱਕ ਕਥਾ ਰਾਹੀਂ ਗੁਲਾਮ ਨੂੰ ਆਦਰਸ਼ਿਆ ਕੇ ਮਾਲਕ ਦੇ ਹੱਕ ਵਿੱਚ ਭੁਗਤਾਉਂਦਾ ਹੈ। ਜਦੋਂ ਮਾਲਕ ਕੌੜੇ ਫਲ ਗੁਲਾਮ ਨੂੰ ਖਾਣ ਨੂੰ ਦਿੰਦਾ ਹੈ ਤਾਂ ਉਹ ਖਾ ਕੇ ਕਹਿੰਦਾ ਹੈ, “ਜਿਨ੍ਹਾਂ ਹੱਥਾਂ ਨਾਲ ਏਨੇ ਸੁਖ ਮਿਲੇ ਹੋਣ ਅਤੇ ਇਨ੍ਹਾਂ ਹੱਥਾਂ ਤੋਂ ਇੰਨੇ ਸਵਾਦੀ ਫ਼ਲ ਦੀ ਸ਼ਿਕਾਇਤ?” ਗੁਰਮਤਿ ਵਿੱਚ ਗੁਰੂ ਪ੍ਰਤੀ ਸਮਰਪਣ ਭਾਵ ਹੈ, ਰੱਬ ਪ੍ਰਤੀ ਸਮਰਪਣ ਭਾਵ ਹੈ ਪਰ ਸੰਸਾਰ ਸੰਘਰਸ਼ ਤੋਂ ਨਿਰਲਿਪਤ ਕਿਤੇ ਵੀ ਨਹੀਂ। ਇਸੇ ਲਈ ਮਾਲਾ ਦੀ ਥਾਂ ਮੌਕੇ ਤੇ ਤਲਵਾਰ ਵੀ ਆ ਜਾਂਦੀ ਹੈ। ਜ਼ੁਲਮ ਵਿਰੁੱਧ ਸੰਘਰਸ਼। ਇੱਕ ਰੱਬ ਲਈ ਸਮਰਪਣ ਇਸ ਲਈ ਕਿ ਰਾਜਿਆਂ ਮਹਾਂਰਾਜਿਆਂ ਤੱਕ ਤੋਂ ਬੇ-ਪ੍ਰਵਾਹ ਹੋਇਆ ਜਾ ਸਕੇ। ਜ਼ਰੂਰਤ ਪੈਣ ਤੇ ਉਨ੍ਹਾਂ ਵਿਰੁੱਧ ਸਮੂਹਿਕ ਸੰਘਰਸ਼ ਵੀ ਕੀਤਾ ਜਾਵੇ। ਗੁਰੂਆਂ ਦਾ ‘ਸਮਰਪਣ’ ਜ਼ੁਲਮ ਵਿਰੁੱਧ ਡੱਟਣ ਤੱਕ ਲੈ ਜਾਂਦਾ ਹੈ। ਰਜਨੀਸ਼ ਦਾ ‘ਸਮਰਪਣ’ ਸਾਨੂੰ ਕਾਇਰ, ਪਾਖੰਡੀ, ਸੰਭੋਗਵਾਦੀ, ਅਨੈਤਿਕ ਤੇ ਗੁਲਾਮ ਬਣਾਉਂਦਾ ਹੈ। ਰਜਨੀਸ਼ ਬਾਰ ਬਾਰ ਦੁਹਰਾਉਂਦਾ ਹੈ “ਵਹਾ ਦੇ ਉਲਟ ਨਾ ਜਾਓ। ਵਹਾ ਜਿੱਥੇ ਲੈ ਜਾਏ ਲੈ ਜਾਣ ਦਿਓ। ਇਹ ਜਾ ਰਹੀ ਹੈ ਇਸ ਨਾਲ ਸੰਘਰਸ਼ ਨਾ ਕਰੋ। ਮੈਂ ਤੁਹਾਨੂੰ ਸੰਘਰਸ਼ ਰਹਿਤ ਹੋਣਾ ਸਿਖਾਉਂਦਾ ਹਾਂ। ਮੈਂ ਤੁਹਾਨੂੰ ਹਾਰਮਨੀ ਸਿਖਾਉਂਦਾ ਹਾਂ।” (ਰਜਨੀਸ਼ ਬਾਈਬਲ ਪੰਨਾ 103) ਹਾਰਮਨੀ ਕਿਸ ਲਈ? ਬਾਹਰ ਹੁੰਦੇ ਜ਼ੁਲਮਾਂ ਤੋਂ ਅੱਖਾਂ ਮੀਟਣ ਲਈ? ਔਰਤਾਂ ਨੂੰ ਜਲਾਇਆ ਜਾ ਰਿਹਾ ਹੈ, ਉਨ੍ਹਾਂ ਉੱਪਰ ਜ਼ੁਲਮ ਹੋ ਰਹੇ ਹਨ, ਤੁਸੀਂ ਹਾਰਮਨੀ ਵਿੱਚ ਰਹੋ। ਬੇਰੁਜ਼ਗਾਰੀ ਹੈ? ਕੋਈ ਨਹੀਂ ਹਾਰਮਨੀ ਵਿੱਚ ਰਹੋ! ! ਉੱਪਰਲੀਆਂ ਸ਼੍ਰੇਣੀਆਂ/ਜਾਤਾਂ ਨਿਚਲੀਆਂ ਨੂੰ ਕੁਚਲ ਰਹੀਆਂ ਹਨ। ਰਜਨੀਸ਼ ਕਹੇਗਾ ਕੋਈ ਨਹੀਂ ਇਹ ਤਾਂ ਵਹਿਣ ਹੈ। ਤੁਸੀਂ ਹਾਰਮਨੀ ਵਿੱਚ ਰਹੋ। ਲੋਕ ਆਰਥਿਕ ਤੌਰ ਤੇ, ਸਭਿਆਚਾਰਕ ਤੇ ਨੈਤਿਕ ਤੌਰ ਤੇ ਲੁੱਟੇ ਪੁੱਟੇ ਜਾ ਰਹੇ ਹਨ, ਪਰ ਤਾਂ ਕੀ ਹੈ, ਰਜਨੀਸ਼ ਕਹਿ ਰਿਹਾ ਹੈ ਇਹ ਆਪੇ ਠੀਕ ਹੋ ਜਾਵੇਗਾ ਤੁਸੀਂ ਹਾਰਮਨੀ ਵਿੱਚ ਰਹੋ। ਹੈ ਨਾ ‘ਮਹਾਨ’ ਦਰਸ਼ਨ।

ਗੁਰੂ ਗੋਬਿੰਦ ਸਿੰਘ ਤੋਂ ਬਾਅਦ ਸਿੱਖਾਂ ਨੇ ‘ਗੁਰੂ ਗ੍ਰੰਥ ਜੀ ਮਾਨਿਉ ਪਰਗਟ ਗੁਰਾਂ ਕੀ ਦੇਹਿ’ ਦੇ ਵਿਚਾਰ ਨੂੰ ਅਪਣਾਇਆ। ਅੱਜ ਵੀ ਸਿੱਖ ਇਸਨੂੰ ਸਵੀਕਾਰ ਕਰਦੇ ਹਨ। ਸਾਰੇ ਗੁਰੂਆਂ ਨੇ ਗੁਰੂ ਨਾਨਕ ਨੂੰ ਆਪਣਾ ਗੁਰੂ ਸਵੀਕਾਰ ਕੀਤਾ। ਗੁਰੂ ਨਾਨਕ ਨੇ ‘ਅਪਰੰਪਾਰਬ੍ਰਹਮ ਪਰਮੇਸਰ ਨਾਨਕ ਗੁਰੁ ਮਿਲਿਆ ਸੋਈ ਜੀਉ’ ਗੱਲ ਕੀਤੀ। ਰਜਨੀਸ਼ ਇਨ੍ਹਾਂ ਸਾਰੇ ਤੱਥਾਂ ਤੋਂ ਨਾਵਾਕਿਫ਼ ਹੈ। ਸਿੱਖਾਂ ਦੀ ਅਜੋਕੀ ਸਥਿਤੀ ਤੋਂ ਵੀ ਉਹ ਅਨਜਾਣ ਹੈ। ਫਿਰ ਵੀ ਉਹ ਫਤਵੇ ਦਿੰਦਾ ਹੈ। ਸਿੱਖ ਧਰਮ ਜੋ ਖਾਂਦਿਆਂ, ਪੀਂਦਿਆਂ, ਹੱਸਦਿਆਂ, ਖੇਲਦਿਆਂ ਮੁਕਤੀ ਦੀ ਪ੍ਰਾਪਤੀ ਮੰਨਦਾ ਤੇ ਇਉਂ ਸਹਿਜ ਮਾਰਗ/ਧਰਮ ਹੈ, ਉਸ ਬਾਰੇ ਰਜਨੀਸ਼ ਦੀ ਟਿੱਪਣੀ ਦੇਖੋ। “ਮਹਾਂਬੀਰ ਦਾ ਰੰਗ ਤਿਆਗ `ਚ ਭਟਕ ਗਿਆ। ਨਾਨਕ ਦਾ ਮਾਰਗ ਭੋਗ ਵਿੱਚ ਭਟਕ ਗਿਆ।” (ਪੰਨਾ 91) ਇਸਨੂੰ ਸਵੀਕਾਰ ਕੀਤਾ ਜਾ ਸਕਦਾ ਹੈ? ਸਵਾਲ ਇਹ ਵੀ ਉਠਾਇਆ ਜਾ ਸਕਦਾ ਹੈ ਕਿ ਕੋਈ ਵੀ ਧਰਮ ਰਜਨੀਸ਼ ਦੇ ਮੱਤ ਨਾਲੋਂ ਵਧੇਰੇ ਭੋਗ ਵਿੱਚ ਭਟਕ ਸਕਦਾ ਹੈ? ਹੋ ਹੀ ਨਹੀਂ ਸਕਦਾ।

ਰਜਨੀਸ਼ ਗਿਆਨ ਦੇ ਗੁਰੂ ਹੋਣ ਤੋਂ ਮੁੱਢੋਂ ਹੀ ਇਨਕਾਰੀ ਹੈ। ਰਜਨੀਸ਼ ਜੋ ਕੁੱਝ ਕਹਿੰਦਾ ਹੈ ਉਸ ਤੋਂ ਬਹੁਤ ਸਾਰੇ ਸਵਾਲ ਉੱਠਦੇ ਹਨ। ਕੀ ਗੁਰੂ ਦੇ ਮਰਨ ਤੋਂ ਬਾਦ ਸਭ ਕੁੱਝ ਖ਼ਤਮ ਹੋ ਜਾਂਦਾ ਹੈ? ਕੀ ਉਸ ਦੁਆਰਾ ਦਿੱਤਾ ਗਿਆਨ ਫਾਲਤੂ ਹੋ ਜਾਂਦਾ ਹੈ? ਫਿਰ ਤਾਂ ਅੱਜ ਤੱਕ ਰਿਕਾਰਡ ਕੀਤੇ ਗਿਆਨ ਦੇ ਕੋਈ ਅਰਥ ਹੀ ਨਹੀਂ ਰਹਿ ਜਾਂਦੇ। ਗੁਰੂ ਨੇ ਸਾਰੀ ਉਮਰ ਜੋ ਗਿਆਨ ਵੰਡਿਆ ਉਹ ਲੋਕ ਮਾਨਸਿਕਤਾ ਦਾ ਹਿੱਸਾ ਵੀ ਬਣ ਗਿਆ ਜਿਸਨੂੰ ਪੀੜ੍ਹੀ ਦਰ ਪੀੜ੍ਹੀ ਮੌਖ਼ਿਕ ਤੌਰ `ਤੇ ਵੀ ਸਫ਼ਰ ਕਰਨਾ ਹੈ। ਇਸ ਵਿੱਚ ਕੋਈ ਦੋ ਰਾਵਾਂ ਨਹੀਂ ਕਿ ਇੱਕ ਬਿੰਦੂ `ਤੇ ਜਾ ਕੇ ਕੱਟੜਤਾ ਆ ਜਾਂਦੀ ਹੈ ਤੇ ਯਥਾਸਥਿਤੀਵਾਦੀ ਹੋਣ ਦਾ ਖ਼ਤਰਾ ਹੀ ਨਹੀਂ ਬਣਦਾ ਪਿੱਛੇ ਨੂੰ ਜਾਣ ਦੀ ਨੌਬਤ ਵੀ ਆ ਸਕਦੀ ਹੈ। ਕੱਟੜਪੁਣੇ ਨੂੰ ਭੰਡਣਾ ਜਾਇਜ਼ ਹੈ ਪਰ ਸਭ ਕੁੱਝ ਨੂੰ ਰੱਦ ਕਰਨਾ ਮੂਰਖ਼ਤਾ। ਰਜਨੀਸ਼ ਇੱਕ ਥਾਂ ਕਹਿੰਦਾ ਹੈ, “ਜਿਸ ਦਿਨ ਸਤਿਗੁਰੂ ਜਾ ਚੁੱਕੇ, ਜਿਸ ਦਿਨ ਜਿਉਂਦੇ ਜਾਗਦੇ ਪ੍ਰਾਣ ਉੱਡ ਗਏ ਹੋਣ, ਜੋਤ ਵਿਲੀਨ ਹੋ ਗਈ ਹੋਵੇ ਅਤੇ ਕੇਵਲ ਬੁਝਿਆ ਦੀਵਾ ਬਾਕੀ ਰਹਿ ਜਾਵੇ; ਉਸ ਦਿਨ ਉਸਦੀ ਪੂਜਾ ਕਰਦੇ ਜਾਣਾ, ਲਾਸ਼ ਨੂੰ ਘਰ ਵਿੱਚ ਬਿਰਾਜਮਾਨ ਕਰ ਲੈਣ ਵਾਂਗ ਹੈ।” ਇਹ ਠੀਕ ਮੰਨ ਲਈਏ ਇੱਕ ਮਿੰਟ ਲਈ ਤਾਂ ਕੀ ਵਿਚਾਰ ਸਿੱਖਾਂ, ਹਿੰਦੂਆਂ, ਮੁਸਲਮਾਨਾਂ ਜਾਂ ਇਸਾਈਆਂ ਲਈ ਹੀ ਹਨ? ਕੀ ਰਜ਼ਨੀਸ਼ ਵਾਦੀਆਂ ਨੂੰ ਇਨ੍ਹਾਂ ਦਾ ਮੰਨਣਾ ਜ਼ਰੂਰੀ ਨਹੀਂ? ਕੀ ਰਜਨੀਸ਼ਵਾਦੀ ਰਜਨੀਸ਼ ਦੀ ਲਾਸ਼ ਨੂੰ ਘਰ ਵਿੱਚ ਨਹੀਂ ਰੱਖ ਰਹੇ? ਉਸਦੇ ਸੜਾਂਦੇ ਮਾਰਦੇ ਸਰੀਰ ਨੂੰ ਘਰ ਘਰ ਨਹੀਂ ਪੁਚਾ ਰਹੇ? ਕੀ ਉਹ ਦ੍ਰਿਸ਼ਟੀ ਤੋਂ ਸੋਚਣ ਦੀ ਖੇਚਲ ਕਰਨਗੇ? ਰਜਨੀਸ਼ ਕਹਿੰਦਾ ਹੈ, “ਜੀਵਤ ਗੁਰੂ ਨੂੰ ਖੋਜਣਾ ਪਰਮ ਸੁਭਾਗ ਹੈ। ਕਿਤਾਬ ਤਾਂ ਬਾਸੀ ਹੋ ਹੀ ਜਾਵੇਗੀ।” ਰਾਧਾ ਸੁਆਮੀ ਅਤੇ ਨਿਰੰਕਾਰੀ ਰਜਨੀਸ਼ ਦੇ ਇਨ੍ਹਾਂ ਵਿਚਾਰਾਂ ਨਾਲ ਸਹਿਮਤ ਹਨ। ਇਨ੍ਹਾਂ ਨਾਲ ਸਿੱਖਾਂ ਦੇ ਬਹੁਤ ਵੱਡੇ ਹਿੱਸੇ ਦਾ ਟਕਰਾਅ ਹੈ। ਰਜਨੀਸ਼ ਇਸ ਟਕਰਾਅ ਦੀ ਇੱਕ ਧਿਰ ਬਣ ਗਿਆ ਹੈ। ਗੁਰੂ ਗ੍ਰੰਥ ਦੀ ਪੂਜਾ ਬਾਰੇ ਰਜਨੀਸ਼ ਸਿੱਖ ਧਰਮ ਦਾ ਆਲੋਚਕ ਹੈ। (ਦੂਸਰੇ ਧਰਮਾਂ ਦੇ ਨਾਲ ਨਾਲ) ਉਹ ਕਹਿੰਦਾ ਹੈ, “ਜੇ ਤੂੰ ਛਾਤੀ ਤੇ ਰੱਖ ਲਿਆ ਸ਼ਾਸ਼ਤਰ, ਜਿਸ ਤਰ੍ਹਾਂ ਹੋ ਗਿਆ ਹੈ। ਸਿੱਖ ਪੂਜ ਰਿਹਾ ਹੈ ਸ਼ਾਸ਼ਤਰਾਂ ਨੂੰ। ਇਸ ਲਈ ਗ੍ਰੰਥ ਹੀ ਗੁਰੂ ਹੀ ਹੋ ਗਿਆ।” (ਪੰਨਾ 47) ਇਸ ਨਾਲ ਅਸਹਿਮਤੀ ਨਹੀਂ ਹੋ ਸਕਦੀ ਪਰ ਇਹ ਸਭ ਕੁੱਝ ਰਜਨੀਸ਼ ਜਪੁਜੀ ਦੀ ਵਿਆਖਿਆ ਦੇ ਬਹਾਨੇ ਕਰ ਰਿਹਾ ਹੈ। ਇਹ ਧਿਆਨ ਦੇਣ ਯੋਗ ਹੈ। ਰਜਨੀਸ਼ ਦੀ ਨੀਯਤ ਹੋਰ ਵੀ ਸਾਫ਼ ਹੋ ਜਾਂਦੀ ਹੈ ਜਦੋਂ ਉਹ ਗੁਰੂ ਦੇ ਅਰਥਾਂ ਵੱਲ ਆਉਂਦਾ ਹੈ। ਜਦੋਂ ਉਹ ਕਹਿੰਦਾ ਹੈ, “ਗੁਰੂ ਦਾ ਅਰਥ ਹੈ ਟੈਕਨੀਕ। ਗੁਰੂ ਦਾ ਅਰਥ ਹੈ ਵਿਧੀ। ਗੁਰੂ ਦਾ ਅਰਥ ਹੈ ਮੈਥਡ।” (ਪੰਨਾ 74) ਗੁਰਮਤਿ ਵਿੱਚ ਗੁਰੂ ਦਾ ਪੂਰਾ ਸੰਕਲਪ ਹੈ ਅਤਿ ਕਥਨੀ ਦੀ ਪੱਧਰ ਤੇ ਗੁਰੂ ਦਾ ਗੁਣਗਾਨ ਵੀ ਹੋਇਆ ਹੈ। ਜਿਵੇਂ ‘ਜੇ ਸਉ ਚੰਦਾ ਉਗਵੈ ਸੂਰਜ ਚੜੇ ਹਜਾਰ। ਏਤੇ ਚਾਨਣ ਹੋਂਦਿਆਂ ਗੁਰੂ ਬਿਨ ਘੋਰੁ ਅੰਧਾਰ।’ ਇਸ ਪੂਰੇ ਸੰਕਲਪ ਨੂੰ ਟੈਕਨੀਕ ਦੇ ਅਰਥਾਂ ਤੱਕ ਘਟਾ ਦੇਣਾ ਅਗਿਆਨਤਾ ਨਹੀਂ ਚਲਾਕੀ ਹੈ। ਚਲਾਕੀ ਇਹ ਹੈ ਕਿ ਇਸ ਤੋਂ ਅਗਾਂਹ ਰਜਨੀਸ਼ ਦੀ ਆਪਣੀ ਸਮਝ ਸ਼ੁਰੂ ਹੁੰਦੀ ਹੈ। ਜੇ ਗੁਰੂ ਦਾ ਅਰਥ ਟੈਕਨੀਕ ਮੰਨ ਲਈਏ ਤਾਂ ਰਜਨੀਸ਼ ਨੇ 100 ਤੋਂ ਉੱਪਰ ਧਿਆਨ ਵਿਧੀਆਂ ਦਾ ਜ਼ਿਕਰ ਕੀਤਾ ਹੈ ਉਸਨੂੰ ਮੰਨਣਾ ਪਵੇਗਾ। ਇਸਨੂੰ ਸਵੀਕਾਰਨ ਤੋਂ ਬਾਅਦ ਜਿਉਂਦੇ ਜੀ ਰਜਨੀਸ਼ ਕੋਲ ਜਾਣਾ ਪੈਂਦਾ ਸੀ ਤੇ ਹੁਣ ਉਸਦੇ ਚੇਲਿਆਂ ਤੇ ਤਥਾਕਥਿਤ ਸਵਾਮੀਆਂ ਕੋਲ ਜਾਣਾ ਪਵੇਗਾ। ਗੁਰ ਸਿੱਖਣ ਲਈ ਨਵੇਂ ਗੁਰੂ ਰਜਨੀਸ਼ ਦੇ ਸ਼ਰਨ ਜਾਣਾ ਪਵੇਗਾ ਜਿਸਦੀ ਭਾਲ ਕਰਨਾ ਤੇ ਮਿਲਣਾ ‘ਸੁਭਾਗ’ ਹੈ। ਇਸਦੀ ਸ਼ਰਨ ਜਾਓਗੇ ਉਸਦਾ ਸਰਕਲ ਵਧੇਗਾ, ਉਸਦੇ ਟ੍ਰੇਨਿੰਗ ਕੈਂਪ ਸੱਜਣਗੇ ਉਨ੍ਹਾਂ ਦੇ ਸੈਕਸ ਕਮਿਊਨ ਭਰਨਗੇ। ਕੀ ਅਸੀਂ ਇਸ ਸਭ ਲਈ ਤਿਆਰ ਹਾਂ?

ਸਿੱਖ ਧਰਮ ਘੱਟੋ ਘੱਟ ਸਿਧਾਂਤਕ ਤੌਰ `ਤੇ (ਅਮਲੀ ਤੌਰ `ਤੇ ਭਾਵੇਂ ਪੂਰੀ ਤਰ੍ਹਾਂ ਨਹੀਂ) ਇਹ ਮੰਨਦਾ ਹੈ ਕਿ ‘ਗਰੀਬਾਂ ਉੱਪਰ ਜੋ ਖਿੰਜੈ ਦਾੜੀ। ਪਾਰਬ੍ਰਹਮ ਸਾ ਅਗਨ ਮੈਂ ਸਾੜੀ।’ ਜਾਂ ‘ਨੀਚਾ ਅੰਦਰ ਨੀਚੁ ਜਾਤਿ ਨੀਚੀ ਹੂ ਅਤਿ ਨੀਚੁ। ਨਾਨਕ ਤਿਨ ਕੇ ਸੰਗ ਸਾਥਿ ਵਡਿਆ ਸਿਉ ਕਿਆ ਰੀਸੁ।’ ਆਦਰਸ਼ ਸਿੱਖ ਇਨ੍ਹਾਂ ਵਚਨਾਂ ਨੂੰ ਅਵੱਸ਼ ਅਪਨਾਉਣ ਦਾ ਯਤਨ ਕਰਦਾ ਹੈ। ਦੁਖੀ ਬੇਸਹਾਰਾ ਨੂੰ ਸਹਾਰਾ ਦਿੰਦਾ ਹੈ। ਇਹ ਮਾਨਵੀ ਗੁਣ ਹਨ। ਗੁਰੂ ਤੇਗ ਬਹਾਦੁਰ ਦਾ ਪ੍ਰਸੰਗ ਸਭ ਨੂੰ ਪਤਾ ਹੈ। ਪਰ ਜਪੁਜੀ ਦੀ ਵਿਆਖਿਆ ਕਰਦਾ ਰਜਨੀਸ਼ ਕਹਿੰਦਾ ਹੈ, “ਧਿਆਨ ਰੱਖਣਾ ਕਦੇ ਕਿਸੇ ਆਦਮੀ ਨੂੰ ਦੁੱਖ ਵਿੱਚ ਸਹਾਰਾ ਨਾ ਦੇਣਾ। ਕਿਉਂਕਿ ਦੂਸਰੇ ਨੂੰ ਦੁੱਖ ਵਿੱਚ ਸਹਾਰਾ ਦੇਣਾ ਪਾਪ ਹੈ ਇਹ ਦੂਸਰੇ ਨੂੰ ਦੁੱਖ ਦੇਣ ਦੇ ਬਰਾਬਰ ਹੈ। ਉਹ ਬੜੀ ਸੂਖਮ ਤਰਕੀਬ ਹੈ। ਮੈਂ ਤੁਹਾਡੀ ਛਾਤੀ ਵਿੱਚ ਛੁਰਾ ਮਾਰਨਾ ਚਾਹੁੰਦਾ ਹਾਂ ਇਹ ਪਾਪ ਹੈ।” (ਪੰਨਾ 274) ਇਹ ਗੁਰਮਤਿ ਦੀ ਨਹੀਂ ਰਜਨੀਸ਼ ਦੀ ਹੀ ਸਿੱਖਿਆ ਹੋ ਸਕਦੀ ਹੈ। ਰਜਨੀਸ਼ ਜੋ ਅਮੀਰਾਂ ਦਾ ਗੁਰੂ ਹੈ। ਸਾਰੀ ਉਮਰ ਉਨ੍ਹਾਂ ਦੇ ਸਿਰ `ਤੇ ਐਸ਼ਪ੍ਰਸਤੀ ਕੀਤੀ ਤਾਂ ਨਮਕ ਹਲਾਲੀ ਵੀ ਜ਼ਰੂਰੀ ਹੈ। ਉਹ ਗਰੀਬ ਨੂੰ ਸਹਾਰਾ ਕਿਉਂ ਦੇਵੇ। ਉਸਨੂੰ ਮਰਨ ਦੇਣਾ ਚਾਹੀਦਾ ਹੈ। ਇਹ ਬੁਰਜੁਆਜ਼ੀ ਦਾ ਨਿਯਮ ਹੈ। ਇਸੇ ਦੀ ਪਾਲਣਾ ਉਹ ਅਗਾਂਹ ਕਰ ਰਿਹਾ ਹੈ। “ਜੇ ਇੱਕ ਹੀ ਆਦਮੀ ਸੁਖੀ ਹੋਵੇ ਤਾਂ ਉਸੇ ਨਾਲ ਐਸੀਆਂ ਤਰੰਗਾਂ ਪੈਦਾ ਹੋਣੀਆਂ ਸ਼ੁਰੂ ਹੁੰਦੀਆਂ ਹਨ ਜੋ ਦੂਸਰੇ ਨੂੰ ਵੀ ਸੁਖੀ ਹੋਣ ਦੇ ਸਮਰੱਥ ਬਣਾਉਂਦੀਆਂ ਹਨ।” (ਪੰਨਾ 276) ਫਿਰ ਈਰਖਾ ਕਿੱਥੋਂ ਪੈਦਾ ਹੁੰਦੀ ਹੈ? ਜਦੋਂ ਦਇਆ ਦੀ ਵਿਆਖਿਆ ਕਰਦਾ ਹੈ ਤਾਂ ਦੂਸਰਿਆਂ (ਕਿਹੜੇ ਦੂਸਰਿਆਂ ਦਾ?) ਦਾ ਫਿਕਰ ਕਰਨ ਦੀ ਗੱਲ ਕਰਦਾ ਹੈ। “ਦਇਆ ਦਾ ਅਰਥ ਹੈ ਦੂਸਰੇ ਦੀ ਫਿਕਰ ਕੇਅਰਿੰਗ ਫਾਰ ਅਦਰਜ਼। ਦੂਸਰਾ ਵੀ ਜੀਵੰਤ ਹੈ। ਉਸਦਾ ਵੀ ਮੁੱਲ ਹੈ। …. ।” (ਪੰਨਾ 301) ਕੀ ਦੁਖੀ ਗਰੀਬ ਆਦਮੀ ਤੇ ਦਇਆ ਕਰਨ ਦੀ ਲੋੜ ਨਹੀਂ ਸਿਰਫ਼ ਸੁਖੀ ਆਦਮੀ ਦੀ ਹੀ ‘ਕੇਅਰਿੰਗ’ ਕਰਨੀ ਹੈ? ਹੈ ਨਾ ਸ਼ੁਭ ਵਿਚਾਰ! ! ਦੁਖੀ ਲਈ ਕਰੋ ਕੁੱਝ ਨਾ। ਉਸਨੂੰ ਸਹਾਰਾ ਨਾ ਦੇਵੋ। ਪਰ ਇੱਕ ਸੁਖੀ ਹੋ ਜਾਏ ਤਾਂ ਉਸਦੀਆਂ ਤਰੰਗਾਂ ਦੂਸਰਿਆਂ ਨੂੰ ਸੁਖੀ ਕਰ ਦੇਣਗੀਆਂ? (ਕਿਉਂਕਿ ਉਹ ਸੌ ਨੂੰ ਦੁੱਖ ਦੇ ਕੇ ਜੋ ਸੁਖੀ ਹੋਇਆ ਹੈ) ਅਜਿਹੇ ਗ਼ੈਰ-ਮਾਨਵਵਾਦੀ ਰਵੱਈਏ ਨੂੰ ਜਪੁਜੀ ਦੀ ਵਿਆਖਿਆ ਨਾਲ ਕਦੇ ਨਹੀਂ ਜੋੜਿਆ ਜਾ ਸਕਦਾ।

ਜਪੁਜੀ ਦੀ ਵਿਆਖਿਆ ਕਰਦਿਆਂ ਹੋਇਆਂ ਰਜਨੀਸ਼ ਦਾ ਇਸਤਰੀ ਪ੍ਰਤੀ ਰਵੱਈਆ ਬੇਹੂਦਗੀ ਦੀਆਂ ਹੱਦਾਂ ਪਾਰ ਕਰ ਜਾਂਦਾ ਹੈ। ਗੁਰੂ ਨਾਨਕ ਬਾਣੀ ਜੋ ਇਨ੍ਹਾਂ ਪੰਗਤੀਆਂ ਲਈ ਮਸ਼ਹੂਰ ਹੈ ਕਿ, “ਭੰਡੁ ਮੂਆ ਭੰਡ ਭਾਲੀਐ, ਭੰਡਿ ਹੋਵੈ ਬੰਧਾਨੁ॥ ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ?” ਉਸਦੀ ਵਿਆਖਿਆ ਰਜਨੀਸ਼ ਤੋਂ ਭੱਦੇ ਤਰੀਕੇ ਨਾਲ ਨਹੀਂ ਹੋ ਸਕਦੀ। ਸਭ ਤੋਂ ਪਹਿਲਾਂ ਉਹ ਘੁੰਡ ਦੇ ਹੱਕ ਵਿੱਚ ਬੋਲਦਾ ਹੈ। “ਪੂਰਬ ਵਿੱਚ ਇਸਤਰੀ ਨੂੰ ਲੱਜਾ ਸਿਖਾਈ ਹੈ। ਇਸ ਤੋਂ ਘੁੰਡ ਵਿਕਸਿਤ ਹੋਇਆ ਹੈ। ਘੁੰਡ ਲੱਜਾ ਦਾ ਹਿੱਸਾ ਸੀ। ਫਿਰ ਘੁੰਡ ਖ਼ਤਮ ਹੋ ਗਿਆ। ਅਤੇ ਜਿਉਂ ਹੀ ਘੁੰਡ ਖ਼ਤਮ ਹੋਇਆ ਲੱਜਾ (ਸ਼ਰਮ) ਵੀ ਖ਼ਤਮ ਹੋਣ ਲੱਗੀ। ਕਿਉਂਕ ਘੁੰਡ ਲੱਜਾ ਦਾ ਹਿੱਸਾ ਸੀ। ਇਹ ਉਸਦਾ ਬਾਹਰੀ ਅੰਗ ਸੀ।” (ਪੰਨਾ 295) ਇਸ ਲਿਹਾਜ਼ ਨਾਲ ਤਾਂ ਰਜਨੀਸ਼ ਦੇ ਕਮਿਊਨ ਵਿੱਚ ਸਾਰੀਆਂ ਇਸਤਰੀਆਂ ਨਿਰਲੱਜ ਤੇ ਬੇਸ਼ਰਮ ਹਨ। ਉਹ ਨਾ ਕੇਵਲ ਘੁੰਡ ਹੀ ਨਹੀਂ ਕੱਢਦੀਆਂ ਸਗੋਂ ਤਥਾਕਥਿਤ ਭਗਵਾਨਾਂ/ਆਚਾਰੀਆਂ ਦੀ ਵਾਸ਼ਨਾ ਪੂਰਤੀ ਕਰਦੀਆਂ ਹਨ ਤੇ ਆਪ ਵੀ ਵਿਅਕਤੀਗਤ ਤੇ ਸਮੂਹਿਕ ਤੌਰ ਤੇ ਕਾਮ ਕੀੜਾ ਵਿੱਚ ਲਿਪਤ ਰਹਿੰਦੀਆਂ ਹਨ? ਕੀ ਘੁੰਡ ਨੂੰ ਲੱਜਾ ਦੇ ਹਿੱਸੇ ਦੇ ਤੌਰ ਤੇ ਵਿਚਾਰਿਆ ਜਾ ਸਕਦਾ ਹੈ? ਫਿਰ ਆਦਮੀ ਨੇ ਤਾਂ ਕਦੇ ਘੁੰਡ ਕੱਢਿਆ ਨਹੀਂ। ਕੀ ਉਹ ਹਮੇਸ਼ਾ ਨਿਰਲੱਜ ਰਿਹਾ ਹੈ? ਕੀ ਕਿਸੇ ਵਿਅਕਤੀ ਦੇ ਦਿਮਾਗ਼ ਦੇ ਕੂੜੇ- ਕਰਕਟ ਨੂੰ ਹੀ ਫ਼ਿਲਾਸਫ਼ੀ ਸਮਝ ਲਿਆ ਜਾਵੇ? ਕੀ ਜਿਸ ਗੁਰਬਾਣੀ ਦੀ ਵਿਆਖਿਆ ਰਜਨੀਸ਼ ਕਰ ਰਿਹਾ ਹੈ ਉਹ ਇਨ੍ਹਾਂ ਵਿਚਾਰਾਂ ਦੀ ਹੈ? ਨਹੀਂ ਆਦਿ ਗ੍ਰੰਥ ਵਿੱਚ ਤਾਂ ਕਬੀਰ ਦੀ ਬਾਣੀ ਬਿਲਕੁਲ ਵੱਖਰੀ ਗੱਲ ਕਰਦੀ ਹੈ।

ਰਹੁ ਰਹੁ ਦੀ ਬਹੁਰੀਆ, ਘੂੰਘਟ ਜਿਨਿ ਕਾਢੈ।

ਅੰਤ ਕੀ ਬਾਰ ਲਹੈਗੀ ਨਾ ਆਢੈ॥

ਘੂੰਘਟ ਕਾਢਿ ਗਈ ਤੇਰੀ ਆਗੈ॥

ਊਨ ਕੀ ਗੈਲਿ ਤੋਹਿ ਜਿਨਿ ਲਾਗੈ॥

ਘੂੰਘਟ ਕਾਢੇ ਵੀ ਇਹੈ ਬਡਾਈ॥

ਦਿਨ ਦਸ ਪਾਂਚ ਬਹੂ ਭਲੇ ਆਈਂ॥

(ਹੇ ਵਹੁਟੀ! ਇਹ ਭੈੜੀ ਰਸਮ ਤੋਂ ਹਟ, ਘੂੰਗਟ ਨਾ ਕੱਢ। ਘੁੰਡ ਕੱਢੇ ਦਾ ਮੁੱਲ ਅੰਤ ਨੂੰ ਧੇਲਾ ਵੀ ਨਹੀਂ ਪੈਣਾ। ਪਹਿਲਾਂ ਜੋ ਇਸਤਰੀਆਂ ਨਕਲ ਕਰਕੇ ਮੂੰਹ ਢੱਕਦੀਆਂ ਰਹੀਆਂ ਉਨ੍ਹਾਂ ਦੇ ਪਿੱਛੇ ਤੂੰ ਨਾ ਲੱਗ। ਹੋਰ ਕੋਈ ਲਾਭ ਨਹੀਂ, ਕੇਵਲ ਦਸ ਦਿਨ ਮੂਰਖ ਲੋਕਾਂ ਤੋਂ ਇਹ ਵਡਿਆਈ ਮਿਲਦੀ ਹੈ ਕਿ ਬਹੂ ਵੱਡੀ ਚੰਗੀ ਸ਼ਰਮੀਲੀ ਆਈ ਹੈ ਕਿਸੇ ਨੂੰ ਆਪਣਾ ਮੂੰਹ ਨਹੀਂ ਦਿਖਾਉਂਦੀ।) (ਗੁਰਮਤਿ ਮਾਰਤੰਡ ਕ੍ਰਿਤ ਕਾਨ ਸਿੰਘ ਨਾਭਾ, ਪੰਨਾ 463) ਇੱਥੋਂ ਤੱਕ ਤਾਂ ਟ੍ਰੇਲਰ ਹੈ ਰਜਨੀਸ਼ ਦੀ ਅਸਲੀ ਫਿਲਮ ਤਾਂ ਅਗਾਂਹ ਸ਼ੁਰੂ ਹੁੰਦੀ ਹੈ ਜਦੋਂ ਉਹ ‘ਖਿੰਥਾ ਕਾਲ ਕੁਆਰੀ ਕਾਇਆ’ ਦੇ ਅਰਥਾਂ ਨੂੰ ਵਿਸਤਾਰ ਦਿੰਦਾ ਹੈ। ਗੁਰਮਤਿ ਵਿੱਚ ਇਸ ਪਉੜੀ ਦੇ ਅਰਥ ਹਨ, “ਕੰਨ ਦੀਆਂ ਮੁੰਦਰਾਂ ਸੰਤੋਖ ਨੂੰ ਬਣਾ। ਸੰਤੋਖ ਧਾਰਣ ਲਈ ਆਪਣੀਆਂ ਖਾਹਸ਼ਾਂ ਨੂੰ ਛੇਦਣਾ ਪੈਂਦਾ ਹੈ। ਇਸ ਲਈ ਸੰਤੋਖ ਨੂੰ ਮੁੰਦਰਾਂ ਬਣਾ ਰਿਹਾ ਹੈ। ਤੇਰੀ ਖੱਫਣੀ ਇਹ ਹੋਵੇ ਕਿ ਮਾਰਨਾ ਹੈ। ਤੇਰੀ ਰਹੁਰੀਤ ਹੋਵੇ ਕਿ ਦੇਹੀ ਨੂੰ ਕੁਆਰੀਆਂ ਵਾਕਰ ਪਵਿੱਤਰ ਰੱਖਣਾ ਹੈ, ਅਤੇ ਡੰਡਾ ਨਿਸ਼ਚੈ ਦਾ ਹੋਵੇ। ਸਾਰਿਆਂ ਨੂੰ ਆਪਣੇ ਨਾਲ ਸਮਝਣਾ। ਇਹ ਤੇਰਾ ਆਈ, ਪੰਥ ਹੋਵੇ।” (ਸ਼ਬਦਾਰਥ ਪੋਥੀ ਪਹਿਲੀ, ਪੰਨਾ 6) ਸਪੱਸ਼ਟ ਰੂਪ ਵਿੱਚ ਵੇਖਿਆ ਜਾ ਸਕਦਾ ਹੈ ਕਿ ਗੁਰਬਾਣੀ ਨਾਥਾਂ ਜੋਗੀਆਂ ਦੇ ਪ੍ਰਤੀਕਾਂ ਦੀ ਨਵੀਂ ਵਿਆਖਿਆ ਪੇਸ਼ ਕਰਦੀ ਹੈ ਕਿਉਂਕਿ ਇਸਦਾ ਦ੍ਰਿਸ਼ਟੀਕੋਣ ‘ਵਿਚੇ ਗ੍ਰਹਿਸਤ ਉਦਾਸ’ ਹੈ। ਗੁਰੂ ਨਾਨਕ ਦੀ ਵਧੇਰੇ ਬਾਣੀ ਜੋਗ ਮਤ ਨਾਲ ਵਿਚਾਰਧਾਰਕ ਸੰਵਾਦ ਰਚਾਉਂਦੀ ਹੈ ਅਤੇ ਬਾਹਰੀ ਰਹੁ ਰੀਤਾਂ ਦਾ ਖੰਡਨ ਕਰਦੀ ਹੈ। ਪੰਡਿਤ, ਮੁੱਲਾਂ ਦੇ ਨਾਲ ਜੋਗੀ ਨੂੰ ਵੀ ‘ਉਜਾੜੇ ਦਾ ਬੰਧੁ’ ਮੰਨਦੀ ਹੈ। ਪਰ ਰਜਨੀਸ਼ ਤਾਂਤ੍ਰਿਕਾਂ ਦੀਆਂ ਧਿਆਨ ਮੁਦ੍ਰਾਵਾਂ ਨੂੰ ਹੀ ਨਹੀਂ ਅਪਣਾਉਂਦਾ ਸਗੋਂ ਇਨ੍ਹਾਂ ਦੀਆਂ ਪ੍ਰਤਿਕ੍ਰਿਆਵਾਦੀ ਰਹੁ-ਰੀਤਾਂ ਨੂੰ ਵੀ ਆਦਰਸ਼ਿਆ ਕੇ ਪੇਸ਼ ਕਰਦਾ ਹੈ। ਉਹ ਇਨ੍ਹਾਂ ਗੱਲਾਂ ਨੂੰ ਗੁਰਬਾਣੀ ਦੇ ਮੂੰਹ ਵਿੱਚ ਪਾਉਂਦਾ ਹੈ। ਉਸਦੀ ਵਿਆਖਿਆ ਦਾ ਕਮਾਲ ਦੇਖੋ। “ਨਾਥ ਸੰਪਰਦਾਇ ਅਤੇ ਤਾਂਤ੍ਰਿਕਾਂ ਦੇ ਬਹੁਤ ਸਾਰੇ ਸੰਪਰਦਾਇ ਹਨ ਜੋ ਸਾਧਨਾ ਲਈ ਕਿਸੇ ਕੁਆਰੀ ਇਸਤਰੀ ਨੂੰ ਲੱਭਦੇ ਹਨ ਕਿਉਂਕਿ ਕੁਆਰੀ ਇਸਤਰੀ ਨਾਲ ਵਿਸ਼ੇਸ਼ ਤਾਂਤ੍ਰਿਕ-ਸੰਭੋਗ ਦੇ ਮਾਧਿਅਮ ਨਾਲ ਧਿਆਨ ਦੀ ਉਪਲਬਧਤਾ ਹੋ ਸਕਦੀ ਹੈ। ਇਹ ਗੱਲ ਸਹੀ ਹੈ। ਇਹ ਹੋ ਸਕਦਾ ਹੈ। ਤੰਤ੍ਰ ਨੇ ਉਸਦਾ ਮਾਰਗ ਖੋਜਿਆ ਹੈ।” (ਪੰਨਾਂ 296) ਇਥੋਂ ਹੀ ਰਜਨੀਸ਼ ਦਾ ‘ਸੰਭੋਗ ਤੋਂ ਸਮਾਧੀ ਵੱਲ’ ਸਿਧਾਂਤ ਨਿੱਕਲਦਾ ਹੈ। ਇਥੋਂ ਹੀ ਉਸਦੇ ਕਮਿਊਨ ਦੀਆਂ ਕਾਮ-ਕ੍ਰੀੜਾਵਾਂ ਅਤੇ ਤਜਰਬੇ ਨਿੱਕਲਦੇ ਹਨ। ਅੱਠਵੀਂ ਸਦੀ ਵੱਲ ਲੈ ਕੇ ਜਾ ਰਿਹਾ ਹੈ ਸਾਨੂੰ ਰਜਨੀਸ਼। ਗੁਰਮਤਿ ਇਸ ਤੋਂ ਅਗਾਂਹ ਸੀ। ਅਸੀਂ ਇੱਕੀਵੀਂ ਸਦੀ ਵਿੱਚ ਪਹੁਚੰ ਗਏ ਹਾਂ। ਅੱਜ ਬੁਰਜੁਆਜ਼ੀ ਸੈਕਸ ਖੁਲ੍ਹ ਨੂੰ ‘ਰੈੱਡ ਲਾਈਟ ਏਰੀਆ’ ਦੇ ਰੂਪ ਵਿੱਚ ਕਾਨੂੰਨੀ ਮਾਨਤਾ ਦਿੰਦੀ ਹੈ। ਰਜਨੀਸ਼ ਪੁਰਾਣਾ ਸਾਹਮਣੇ ਲਿਆ ਕੇ ਵਿਚਕਾਰਲਾ ਸਵਸਥ ਤਿਆਗ ਅਜੋਕੀ ਸੈਕਸ-ਖੁਲ੍ਹ ਦਾ ਹੀ ਸਮਰੱਥਕ ਬਣਦਾ ਹੈ। ਰਜਨੀਸ਼ ਦੇ ਪੂਨਾ ਆਸ਼ਰਮ ਨੂੰ ਫੌਜ ਨੇ ‘ਰੈੱਡ ਲਾਈਟ ਏਰੀਆ’ ਹੀ ਮੰਨਿਆ। ਇਸ ਵਿੱਚ ਕੋਈ ਝੂਠ ਵੀ ਨਹੀਂ। ‘ਏਕ ਓਂਕਾਰ ਸਤਿਨਾਮ’ ਪੁਸਤਕ ਦੀ ਸਿਫ਼ਤ ਕਰਦਿਆਂ ਅਸੀਂ ਇਸ ਸਭ ਕੁੱਝ ਨੂੰ ਮਾਨਤਾ ਦੇ ਰਹੇ ਹੁੰਦੇ ਹਾਂ। ਕੀ ਪੰਜਾਬੀਆਂ ਨੇ ‘ਰੈੱਡ ਲਾਈਟ ਏਰੀਆ’ ਸੰਸਕ੍ਰਿਤੀ ਨੂੰ ਪ੍ਰਵਾਨ ਕਰ ਲਿਆ ਹੈ? ਜੇ ਨਹੀਂ ਤਾਂ ਰਜਨੀਸ਼ ਦੁਆਰਾ ਕੀਤੀ ਜਪੁਜੀ ਦੀ ਵਿਆਖਿਆ ਨੂੰ ਮਾਨਤਾ ਕਿਉਂ? ਇਹ ਕਿਹਾ ਜਾ ਸਕਦਾ ਹੈ ਕਿ ਅਸੀਂ ‘ਸੰਭੋਗ ਤੋਂ ਸਮਾਧੀ ਵੱਲ’ ਪੁਸਤਕ ਪੜ੍ਹੀ ਨਹੀਂ। ਅਜਿਹਾ ਨਹੀਂ ਹੈ ਉਸ ਉੱਪਰ ਵਧੇਰੇ ਚਰਚਾ ਕੀਤੀ ਜਾ ਰਹੀ ਹੈ।

‘ਏਕ ਓਂਕਾਰ ਸਤਿਨਾਮ’ ਵਿੱਚ ਬੜੇ ਹੀ ਸੂਖ਼ਮ ਤਰੀਕੇ ਨਾਲ ਧਰਮ ਤੇ ਵਿਗਿਆਨ ਦੇ ਵਿਰੋਧ ਨੂੰ ਇੱਕ ਦੂਜੇ ਦੇ ਪੂਰਕ ਮੰਨ ਕੇ ਧਰਮ ਦੇ ਹੱਕ ਵਿੱਚ ਭੁਗਤਿਆ ਗਿਆ ਹੈ। ਰਜਨੀਸ਼ ਦੇ ਤਰਕ ਅਨੁਸਾਰ, “ਧਰਮ ਤਾਂ ਸ੍ਰਸ਼ਟਾ ਨੁੰ ਖੋਜਦਾ ਹੈ, ਵਿਗਿਆਨ ਸ੍ਰਿਸ਼ਟੀ ਨੂੰ ਖੋਜਦਾ ਹੈ। ਇੱਕ ਸਿਰਿਉਂ ਧਰਮ ਖੋਜਦਾ ਹੈ। ਦੂਸਰੇ ਸਿਰੇ ਤੋਂ ਵਿਗਿਆਨ ਖੋਜਦਾ ਹੈ। ਵਿਗਿਆਨ ਓਥੋਂ ਖੋਜਦਾ ਹੈ ਜਿੱਥੇ ਤੁਸੀਂ ਹੋ ਤੇ ਧਰਮ ਉਥੋਂ ਖੋਜਦਾ ਹੈ ਜਿਥੋਂ ਤੁਸੀਂ ਆਏ ਹੋ ਤੇ ਜਿੱਥੇ ਤੁਸੀਂ ਜਾਉਂਗੇ। ਤੁਹਾਡਾ ਆਰੰਭ ਤੇ ਤੁਹਾਡਾ ਅੰਤ ਧਰਮ ਖੋਜਦਾ ਹੈ। ਤੁਹਾਡਾ ਮੱਧ ਵਿਗਿਆਨ ਖੋਜਦਾ ਹੈ।” (ਪੰਨਾ 305) ਇਥੇ ਧਰਮ ਤੇ ਰਹੱਸਵਾਦੀ ਦਰਸ਼ਨ ਰਲਗੱਡ ਹੋਏ ਪਏ ਹਨ। ਇਹ ਸੱਚ ਨਹੀਂ ਹੈ ਕਿ ਧਰਮ ਕੇਵਲ ਸ਼੍ਰਿਸ਼ਟੀ ਦਾ ਆਦਿ ਅੰਤ ਖੋਜਦਾ ਹੈ ਤੇ ਨਾ ਹੀ ਇਹ ਸੱਚ ਹੈ ਕਿ ਵਿਗਿਆਨ ਕੇਵਲ ਸ੍ਰਿਸ਼ਟੀ (ਮੱਧ) ਨੂੰ ਖੋਜਦਾ ਹੈ ਤੇ ਆਦਿ ਅੰਤ ਬਾਰੇ ਉਸਦੇ ਕੋਈ ਨਿਰਣੇ ਨਹੀਂ ਹਨ। ਧਰਮ ਇੱਕ ਇਤਿਹਾਸਕ ਦੌਰ ਵਿੱਚ ਪੂਰੇ ਸਮਾਜਿਕ ਜੀਵਨ ਉੱਪਰ ਹਾਵੀ ਰਿਹਾ ਹੈ। ਖਾਣ ਪੀਣ ਪਹਿਨਣ ਤੋਂ ਲੈ ਕੇ ਨੈਤਿਕਤਾ ਦੇ ਨਿਯਮਾਂ ਤੱਕ ਨੂੰ ਧਰਮ ਨਿਸ਼ਚਿਤ ਕਰਦਾ ਰਿਹਾ ਹੈ। ਅੱਜ ਵੀ ਬਹੁਤ ਸਾਰੇ ਲੋਕਾਂ ਦਾ ਜੀਵਨ ਧਰਮ ਅਨੁਸਾਰ ਸੰਚਾਲਿਤ ਹੁੰਦਾ ਹੈ। ਫਿਰ ਇਹ ਕਿਵੇਂ ਕਿਹਾ ਜਾ ਸਕਦਾ ਹੈ ਕਿ ਧਰਮ ਕੇਵਲ ਸ੍ਰਿਸ਼ਟੀ ਦਾ ਆਦਿ ਅੰਤ ਹੀ ਲੱਭਦਾ ਹੈ? ਸਵਾਲ ਹੈ ਕਿ ਜਿਸ ਆਦਿ ਅੰਤ ਨੂੰ ਧਰਮ ਸਦੀਆਂ ਤੋਂ ਲੱਭ ਰਿਹਾ ਹੈ ਕੀ ਉਸਨੇ ਲੱਭ ਲਿਆ ਹੈ? ਵਿਗਿਆਨ ਨੇ ਜੋ ਕਲਪਨਾ ਕੀਤੀ ਕੁੱਝ ਸਾਲਾਂ ਵਿੱਚ ਉਸਨੂੰ ਯਥਾਰਥ ਬਣਾ ਦਿੱਤਾ। ਧਰਮ ਅਜਿਹਾ ਕੁੱਝ ਕਰ ਸਕਿਆ ਹੈ? ਅਸਲ ਵਿੱਚ ਕੇਵਲ ਕਲਪਨਾਤਮਿਕ ਹੋਂਦ ਨੂੰ ਜਾਣਿਆ ਹੀ ਨਹੀਂ ਜਾ ਸਕਦਾ। ਵਿਗਿਆਨ ਦੂਸਰੇ ਸਿਰੇ ਤੋਂ ਨਹੀਂ ਸਗੋਂ ਭੌਤਿਕ ਨਿਯਮਾਂ ਤੋਂ ਰਹੱਸਵਾਦੀ ਹੋਂਦਾਂ ਦੀ ਵਿਆਖਿਆ ਕਰਦਾ ਹੈ। ਉਸਨੇ ਇਹ ਸਿੱਧ ਕੀਤਾ ਹੈ ਕਿ ਭੌਤਿਕ ਸੰਸਾਰ ਦਾ ਆਧਾਰ ਵੀ ਭੌਤਿਕ ਹੈ। ਬਾਹਰੀ ਰਹੱਸਵਾਦੀ ਹੋਂਦ ਇਸਦਾ ਕਾਰਣ ਨਹੀਂ। ਇਸ ਸ੍ਰਿਸ਼ਟੀ ਤੋਂ ਪਰੇ ਦੇ ਕਿਸੇ ਸੰਸਾਰ ਨੂੰ ਵਿਗਿਆਨਕ ਦ੍ਰਿਸ਼ਟੀ ਸਵੀਕਾਰ ਨਹੀਂ ਕਰਦੀ। ਅਸਲ ਵਿੱਚ ਦੋਨੋਂ ਦ੍ਰਿਸ਼ਟੀਆਂ ਇੱਕ ਦੂਜੀ ਦੀਆਂ ਵਿਰੋਧੀ ਹਨ। ਇਨ੍ਹਾਂ ਦਾ ਟਕਰਾਅ ਪਹਿਲਾਂ ਵੀ ਸੀ ਤੇ ਅੱਜ ਵੀ ਹੈ। ਧਰਮ ਕਦੇ ਜੇਤੂ ਧਿਰ ਰਿਹਾ ਹੈ। ਪਰੰਤੂ ਵਿਗਿਆਨਕ ਤਰਕਾਂ ਸਾਹਵੇਂ ਹੁਣ ਉਹ ਨਿਹੱਥਾ ਹੈ। ਫਿਰ ਵੀ ਲੋਕ ਮਾਨਸਿਕਤਾ ਦਾ ਹਿੱਸਾ ਹੋਣ ਕਾਰਣ ਅੰਧ ਵਿਸ਼ਵਾਸ ਦੇ ਸਹਾਰੇ ਉਹ ਅੱਜ ਵੀ ਵਿਗਿਆਨਕ ਦ੍ਰਿਸ਼ਟੀ ਨੂੰ ਠਿੱਠ ਕਰਦਾ ਹੈ। ਰਜਨੀਸ਼ ਇਸੇ ਧਿਰ ਦਾ ਪ੍ਰਵਕਤਾ ਹੈ। ਉਹ ਕਹਿੰਦਾ ਹੈ, ‘ਧਾਰਮਿਕ’ ਨਾ ਤਾਂ ਪਿੰਡ ਪਿੰਡ ਰੌਸ਼ਨੀ ਕਰ ਸਕੇਗਾ ਨਾ ਐਟਮ ਬੰਬ ਬਣ ਸਕੇਗਾ ਲੇਕਿਨ ਦਿਲ-ਦਿਲ ਵਿੱਚ ਰੌਸ਼ਨੀ ਕਰ ਸਕੇਗਾ।” (ਪੰਨਾ 306) ਰਜਨੀਸ਼ ਨੇ ਅੱਜ ਤੱਕ ਦੇ ਸਾਰੇ ਧਰਮਾਂ ਨੂੰ ਨਿੰਦਿਆ ਹੈ ਕਿਉਂਕਿ ਉਹ ਕਾਮ ਨੂੰ ਦਬਾਉਂਦੇ ਹਨ। ਮਨੁੱਖ ਦੀ ਵਿਅਕਤੀਗਤ ਹੋਂਦ ਨੂੰ ਖ਼ਤਮ ਕਰਦੇ ਹਨ। ਮਰੇ ਹੋਏ ਬੰਦਿਆਂ ਤੇ ਗ੍ਰੰਥਾਂ ਦੀ ਪੂਜਾ ਕਰਦੇ ਹਨ ਆਦਿ ਆਦਿ। ਫਿਰ ਕਿਹੜਾ ਧਰਮ ਦਿਲ-ਦਿਲ ਵਿੱਚ ਰੌਸ਼ਨੀ ਕਰੇਗਾ? ਰਜਨੀਸ਼ ਦਾ? ਉਹ ਤਾਂ ਆਪ ਸਾਰੀ ਉਮਰ ਭਟਕਦਾ ਰਿਹਾ। ਨਿੱਤ ਨਵੀਆਂ ਗੱਲਾਂ ਕਰਦਾ ਰਿਹਾ। ਇੱਕ ਦਿਨ ਕਹਿ ਕੇ ਦੂਜੇ ਦਿਨ ਰੱਦ ਕਰਦਾ ਰਿਹਾ। ਫਿਰ ਰਜਨੀਸ਼ ਕਿਹੜੇ ਧਰਮ ਤੇ ਕਿਹੜੇ ਧਾਰਮਿਕ ਬੰਦੇ ਦੀ ਗੱਲ ਕਰਦਾ ਹੈ। ਰਜਨੀਸ਼ ਅਗਾਂਹ ਕਹਿੰਦਾ ਹੈ, “ਦੂਸਰੀ ਗੱਲ ਵਿੱਚ ਸਹਿਮਤੀ ਹੈ (ਕਿਹੜੀ ਸਹਿਮਤੀ?) ਕਿ ਜਦ ਇੱਕ ਵਿਘਟਨ ਹੁੰਦਾ ਹੈ ਤਾਂ ਤਿੰਨ ਵਿੱਚ ਹੁੰਦਾ ਹੈ। ਵਿਗਿਆਨ ਕਹਿੰਦਾ ਹੈ ਇਲੈਕਟ੍ਰੀਸਿਟੀ (ਐਟਮ?) ਤਿੰਨ ਵਿੱਚ ਟੁੱਟਦੀ ਹੈ - ਇਲੈਕਟ੍ਰਾਨ, ਨਿਊਟ੍ਰਾਨ ਅਤੇ ਪ੍ਰੋਟਾਨ। ਇਨ੍ਹਾਂ ਤਿੰਨਾਂ ਕਣਾਂ ਤੋਂ ਸਾਰਾ ਜਗਤ ਨਿਰਮਤ ਹੁੰਦਾ ਹੈ। ਧਰਮ ਕਹਿੰਦਾ ਹੈ ਉਹ ਤ੍ਰਿਮੂਰਤੀ ਹੁੰਦਾ ਹੈ। ਕ੍ਰਿਸ਼ਚੀਅਨ ਕਹਿੰਦਾ ਹੈ ਉਹ ਟ੍ਰਿਨਟੀ ਹੋ ਜਾਂਦਾ ਹੈ।” (ਪੰਨਾ 306) ਜਦੋਂ ਵਿਗਿਆਨ ਕੋਈ ਖੋਜ ਕਰਦਾ ਹੈ ਤਾਂ ਧਰਮ ਬਿਨ੍ਹਾਂ ਕਿਸੇ ਮਿਹਨਤ ਤੋਂ ਕਹਿ ਦਿੰਦਾ ਹੈ ਕਿ ਇਸਦਾ ਤਾਂ ਉਸਨੂੰ ਪਹਿਲਾਂ ਹੀ ਪਤਾ ਸੀ। ਇਸੇ ਲਈ ਉਹ ਜੋੜ ਤੋੜ ਵੀ ਕਰ ਲੈਂਦਾ ਹੈ। ਰਜਨੀਸ਼ ਦਾ ਤਰਕ ਵੀ ਅਜਿਹਾ ਹੀ ਹੈ। ਸਾਇੰਸ ਤਾਂ ਕਰਕੇ ਵਿਖਾਉਂਦੀ ਹੈ। ਧਰਮ ਕਲਪਨਾ ਹੀ ਕਲਪਨਾ ਕਰਦਾ ਹੈ। ਐਟਮ ਦਾ ਤਿੰਨਾਂ ਵਿੱਚ ਟੁੱਟਣਾ ਤਾਂ ਇਹ ਸਿੱਧ ਕਰਦਾ ਹੈ ਕਿ ਐਨਰਜੀ, ਦਾ ਪਦਾਰਥ ਦਾ ਪਰਿਵਰਤਨ ਹੁੰਦਾ ਹੈ ਕਿ ਇੱਕ ਰੂਪ ਤੋਂ ਦੂਜੇ ਰੂਪ ਵਿੱਚ ਇਸਨੂੰ ਸਥਾਪਿਤ ਨਹੀਂ ਕੀਤਾ ਜਾ ਸਕਦਾ ਇਸਨੂੰ ਪੈਦਾ ਨਹੀਂ ਕੀਤਾ ਜਾ ਸਕਦਾ। ਜੇ ਪਦਾਰਥ ਨੂੰ ਪੈਦਾ ਜਾਂ ਸਮਾਪਤ ਹੀ ਨਹੀਂ ਕੀਤਾ ਜਾ ਸਕਦਾ ਤਾਂ ਉਸਦੇ ਕਰਤਾ ਦੀ ਕਲਪਨਾ ਹੀ ਫਜ਼ੂਲ ਹੈ। ਫਿਰ ਕਲਪਨਾ ਤੋਂ ਤਿੰਨ ਪੈਦਾ ਕਰ ਲਉ ਜਾਂ ਤੇਰਾਂ ਕੀ ਫਰਕ ਪੈਂਦਾ ਹੈ। ਮਿੱਥ ਨਾਲ ਵਿਗਿਆਨਕ ਤੱਥਾਂ ਨੂੰ ਨਹੀਂ ਮਿਲਾਇਆ ਜਾ ਸਕਦਾ। ਰਜਨੀਸ਼ ਨੂੰ ਇਸ ਗੱਲ ਦਾ ਅਹਿਸਾਸ ਹੈ ਇਸ ਲਈ ਉਹ ਇਹ ਕਹਿ ਕੇ ਖਹਿੜਾ ਛੁਡਾਉਣਾ ਚਾਹੁੰਦਾ ਹੈ ਕਿ, “ਧਾਰਮਿਕ ਅਤਾਰਕਿਕ ਹੈ ਇਸ ਲਈ ਉਸਨੂੰ ਹਰਾਇਆ ਨਹੀਂ ਜਾ ਸਕਦਾ।” (ਪੰਨਾ 150) ਲੜਾਈ ਦੀ ਇੱਕ ਧਿਰ ਆਪੇ ਹੀ ਫੈਸਲਾ ਦੇ ਰਹੀ ਹੈ ਕਿ ਉਸਨੂੰ ਹਰਾਇਆ ਨਹੀਂ ਜਾ ਸਕਦਾ। ਕੀ ਪੁੱਛਿਆ ਜਾ ਸਕਦਾ ਹੈ ਕਿ ਜੇ ਧਾਰਮਿਕ ਅਤਾਰਕਿਕ ਹੈ ਤਾਂ ਉਸਨੂੰ ਵਿਗਿਆਨ ਨਾਲ ਪੰਗਾ ਲੈਣ ਦਾ ਕੀ ਅਧਿਕਾਰ ਹੈ? ਕੀ ਸਿਰਫ਼ ਲੋਕਾਂ ਨੂੰ ਆਪਣੇ ਮਗਰ ਲਾਉਣ ਲਈ? ਉਨ੍ਹਾਂ ਦੀਆਂ ਭਾਵਨਾਵਾਂ ਦਾ ਸ਼ੋਸ਼ਣ ਕਰਨ ਲਈ।

ਰਜਨੀਸ਼ ਨੇ ‘ਏਕ ਓਂਕਾਰ ਸਤਿਨਾਮ’ ਵਿੱਚ ਕੁੱਝ ਹੋਰ ਮਸਲੇ ਵੀ ਛੇੜੇ ਹਨ। ਜਿਵੇਂ ਪੜ੍ਹਾਈ ਬਾਰੇ। ਇਹ ਵਿਚਾਰ ਅਨੇਕਾਂ ਲੈਕਚਰਾਂ ਵਿੱਚ ਉਹ ਪ੍ਰਗਟਾਉਂਦਾ ਹੈ। ਉਸਦੇ ਵਿਚਾਰਾਂ ਦਾ ਸੰਖੇਪ ਇਹ ਹੈ ਕਿ ਵਿਸ਼ਵ ਵਿਦਿਆਲਿਆਂ ਤੱਕ ਦਾ ਗਿਆਨ ਇੱਕ ਦੂਜੇ ਉੱਪਰ ਸਵਾਰੀ ਕਰਨ ਦਾ ਉਪਾਅ ਹੈ। (ਪੰਨਾ 67) ਉਹ ਇਹ ਭੁੱਲ ਜਾਂਦਾ ਹੈ ਕਿ ਅਨੇਕਾਂ ਅੰਤਰ-ਵਿਰੋਧਾਂ ਤੇ ਗਿਰਾਵਟਾਂ ਦੇ ਬਾਵਜੂਦ ਇਨ੍ਹਾਂ ਵਿਦਿਆਲਿਆਂ ਨੇ ਅਨੇਕਾਂ ਖੋਜਾਂ ਕੀਤੀਆਂ ਹਨ ਜੋ ਵਿਕਾਸ ਵਿੱਚ ਸਹਾਈ ਹੋਈਆਂ ਹਨ। ਰਜਨੀਸ਼ ਦੇ ਚੇਲੇ ਉਸਦੇ ਇੱਕ ਪਾਸੜ ਵਿਚਾਰਾਂ ਨੂੰ ਤੋਤੇ ਵਾਂਗ ਰਟਦੇ ਤੇ ਉੱਗਲਦੇ ਚਲੇ ਜਾਂਦੇ ਹਨ। ਉਨ੍ਹਾਂ ਨੂੰ ਇਨ੍ਹਾਂ ਉੱਪਰ ਵਿਚਾਰ ਕਰਨ ਦੀ ਲੋੜ ਹੀ ਨਹੀਂ।

ਉੱਪਰ ਕਹੇ ਅਨੁਸਾਰ ਰਜਨੀਸ਼ ਧਾਰਮਿਕ ਇਸ ਲਈ ਅਤਾਰਕਿਕ ਵੀ। ਇਸੇ ਲਈ ਉਹ ਆਪਣੇ ਵਰਗੇ ਪਾਖੰਡੀਆਂ ਨੂੰ ਚਮਤਕਾਰੀ ਸਮਝ ਲੈਂਦਾ ਹੈ। “ਤੁਸੀਂ ਕੁੱਝ ਚਮਤਕਾਰ ਕਰ ਲਏ, ਕਿ ਹੱਥ `ਤੇ ਰਾਖ ਪੈਦਾ ਕਰ ਦਿੱਤੀ ਕਿ ਸਤ ਸਾਈਂ ਬਾਬਾ ਹੋ ਗਏ, ਕਿ ਤਾਬੀਜ਼ ਕੱਢ ਕੇ ਕਿਸੇ ਨੂੰ ਦੇ ਦਿੱਤਾ ਇਸ ਨਾਲ ਕੀ ਹੋਵੇਗਾ।” (ਪੰਨਾ 301) ਡਾ. ਕਾਵੂਰ ਤੇ ਕਈ ਜਾਦੂਗਰਾਂ ਨੇ ਵੀ ਸਾਈਂ ਬਾਬਾ ਦੀ ਜਾਦੂਗਰੀ ਨੂੰ ਕਈ ਵਾਰੀ ਨੰਗਿਆਂ ਕੀਤਾ ਹੈ। ਪਰ ਨਾ ਤਾਂ ਸਾਈਂ ਬਾਬਾ ਵਿੱਚ ਨਾ ਹੀ ਉਸਦੇ ਚੇਲਿਆਂ ਵਿੱਚ ਡਾ. ਕਾਵੂਰ ਦਾ ਜਾਂ ਦੂਸਰੇ ਚੈਲੰਜ ਕਰਨ ਵਾਲਿਆਂ ਦਾ ਸਾਹਮਣਾ ਕਰਨ ਦੀ ਹਿੰਮਤ ਰਹੀ ਹੈ। ਪ੍ਰੇਮਾ ਨੰਦ ਵੀ ਡਾ. ਕਾਵੂਰ ਦੇ ਕੰਮ ਨੂੰ ਹੀ ਅਗਾਂਹ ਵਧਾ ਰਿਹਾ ਹੈ। ਡਾ. ਕਾਵੂਰ ਨੇ ਰਜਨੀਸ਼ ਨੂੰ ਚੈਲੰਜ ਕਿਉਂ ਕੀਤਾ ਕਿਉਂਕਿ ਰਜਨੀਸ਼ ਮਨੁੱਖੀ ਸ਼ਕਤੀਆਂ ਨੂੰ ਤਿੰਨ ਪਰਤੀ ਕਲਪਿਤ ਕਰਦਾ ਹੈ। ਅਵਚੇਤਨ ਤੋਂ ਅਗਾਂਹ ਚੌਥੇ ਪਦ ਨੂੰ ਜੋੜਦਾ ਹੈ। ਟੈਲੀਪੈਥੀ ਵਿੱਚ ਵਿਸ਼ਵਾਸ ਕਰਦਾ ਹੈ। ਅਵਚੇਤਨ ਨਾਲ ਕਿਸੇ ਨੂੰ ਮਾਰਨ ਤੇ ਮਨ ਦੀ ਗੱਲ ਪੜ੍ਹਨ ਦੇ ਦਾਅਵੇ ਕਰਦਾ ਹੈ। ਡਾ. ਕਾਵੂਰ ਇਨ੍ਹਾਂ ਸਭ ਦਾ ਵਿਰੋਧੀ ਹੈ। ਇਸ ਲਈ ਵਿਰੋਧ ਸੁਭਾਵਿਕ ਹੈ। ਚੋਰ ਚੋਰ ਮੌਸੇਰੇ ਭਾਈ। ਸਾਈਂ ਬਾਬਾ ਤੇ ਰਜਨੀਸ਼ ਇੱਕੋ ਹੀ ਥੈਲੀ ਦੇ ਚੱਟੇ ਵੱਟੇ ਹਨ। ਫਿਰ ਵੀ ਰਜਨੀਸ਼ ਆਪਣੇ ਆਪ ਨੂੰ ਸਾਈਂ ਬਾਬਾ ਤੋਂ ਉੱਪਰ ਸਿੱਧ ਕਰਨ ਲਈ ਤਰਲੋ ਮੱਛੀ ਹੋ ਰਿਹਾ ਹੈ। ‘ਏਕ ਓਂਕਾਰ ਸਤਿਨਾਮ’ ਪੜ੍ਹਦਿਆਂ ਹੋਰ ਬਹੁਤ ਕੁੱਝ ਨਾਲ ਵਾਹ ਪੈਂਦਾ ਹੈ। ਇੱਥੇ ਇੱਕ ਦੋ ਗੱਲਾਂ। ਰਜਨੀਸ਼ ਕਹਿੰਦਾ ਹੈ ਕਿ ਗੁਰੂ ਨਾਨਕ ਨੇ ਮੱਝੀਆਂ ਚਾਰਨੀਆਂ ਇਸ ਲਈ ਸਵੀਕਾਰ ਕੀਤੀਆਂ ਕਿਉਂਕਿ ਉਹ ਬੰਦਿਆਂ ਨਾਲੋਂ ਪਸ਼ੂਆਂ ਨਾਲ ਰਹਿ ਕੇ ਵਧੇਰੇ ਸ਼ਾਂਤੀ ਮਹਿਸੂਸ ਕਰਦੇ ਸਨ। (ਪੰਨਾ 258) ਕੀ ਇਹ ਗੁਰੂ ਨਾਨਕ ਦੀ ਸਿਫ਼ਤ ਹੈ? ਰਜਨੀਸ਼ ਭਾਰਤ ਦੀ ਦੁਰਗਤੀ ਦਾ ਕਾਰਣ ਇਹ ਮੰਨਦਾ ਹੈ ਕਿ ਇਸਦੇ ਲੋਕਾਂ ਨੇ ਸਾਰਿਆਂ ਪ੍ਰਤੀ ਸੰਤੋਸ਼ ਕਰ ਲਿਆ ਪਰ ਆਪਣੇ ਪ੍ਰਤਿ ਸੰਤੋਸ਼ ਨਹੀਂ ਕੀਤਾ। (ਪੰਨਾ 155) ਜੇ ਆਪਣੇ ਪ੍ਰਤੀ ਸੰਤੋਸ਼ ਕਰ ਲਿਆ ਹੁੰਦਾ ਤਾਂ ਉਸਦੀ ਹੋਰ ਵੀ ਦੁਰਗਤੀ ਹੋਣੀ ਸੀ ਕਿ ਸਦਗਤੀ ਹੋਣੀ ਸੀ?

ਅਖ਼ੀਰ ਤੇ ਇੱਕ ਦੋ ਛੋਟੀਆਂ ਛੋਟੀਆਂ ਗੱਲਾਂ। ਵਿਆਖਿਆ ਸਮੇਂ ਰਜਨੀਸ਼ ਕੁੱਝ ਅਰਥਾਂ ਦੇ ਅਨਰਥ ਇਉਂ ਕਰਦਾ ਹੈ ਕਿ ਹੱਸੇ ਬਗੈਰ ਨਹੀਂ ਰਿਹਾ ਜਾ ਸਕਦਾ। ਉਹ ਅੰਮ੍ਰਿਤ ਵੇਲੇ ਦੀ ਲੰਬੀ ਵਿਆਖਿਆ ਕਰਦਾ ਹੈ। ਪਰ ਅੰਮ੍ਰਿਤ ਵੇਲੇ ਨੂੰ ਸ਼ਾਮ ਦਾ ਵੇਲਾ ਸਮਝਦਾ ਹੈ। ਪੰਜਾਬ ਦਾ ਹਰ ਬੱਚਾ ਜਾਣਦਾ ਹੈ ਕਿ ਸੁਬਹ ਦੇ ਵੇਲੇ ਨੂੰ ‘ਅੰਮ੍ਰਿਤ ਵੇਲਾ’ ਕਿਹਾ ਜਾਂਦਾ ਹੈ। ਰਜਨੀਸ਼ ਸ਼ਾਇਦ ਜਾਣ ਬੁੱਝ ਕੇ ਇਹ ਅਰਥ ਦੇ ਰਿਹਾ ਹੋਵੇ ਕਿਉਂਕਿ ਉਸਦੇ ਧਿਆਨ ਸ਼ਿਵਰ ਤੇ ਕਾਮ-ਸ਼ਿਵਰ ਰਾਤ ਨੂੰ ਹੀ ਲੱਗਦੇ ਹਨ। ਜਦੋਂ ਉਹ ‘ਰਜ਼ਾ’ ਨੂੰ ਰਜਾਈ ਬਣਾ ਦਿੰਦਾ ਹੈ ਤਾਂ ਦਿਲ ਬਾਗ਼ੋ ਬਾਗ਼ ਹੋ ਜਾਂਦਾ ਹੈ। “(ਪੰਨਾ 280) ਇਥੇ ਉਹ ‘ਨਾਨਕ ਰਹਿਣ ਰਜਾਈ’ ਦੇ ਅਰਥ ਕਰ ਰਿਹਾ ਹੈ ਜਿਸਦੇ ਅਰਥ ਹਨ ਪ੍ਰਮਾਤਮਾ ਦੀ ਇੱਛਾ ਵਿੱਚ ਰਹਿਣਾ ਜ਼ਰੂਰੀ ਹੈ। ਉਹ ਸ਼ੇਖ ਫਰੀਦ ਨੂੰ ਗੁਰੂ ਨਾਨਕ ਦਾ ਸਮਕਾਲੀ ਦਸਦਾ ਹੈ। ‘ਨਾਨਕ ਨੀਚੁ ਕਹੈ ਵਿਚਾਰ’ ਦੇ ਅਰਥ ਕਰਦਾ ਹੈ, “ਇਸ ਤਰ੍ਹਾਂ ਨਾਨਕ ਨੀਚ ਦਾ ਵਿਚਾਰ ਕਰਦੇ ਹਨ।” ਅਸਲ ਵਿੱਚ ਗੁਰੂ ਨਾਨਕ ਆਪਣੇ ਆਪ ਨੂੰ (ਨਿੰਮ੍ਰਤਾ ਕਾਰਣ) ਸੰਬੋਧਨ ਕਰਦੇ ਹਨ। ਰਜਨੀਸ਼ ਹਿੰਦੂਆਂ ਦੀਆਂ ਮਿੱਥਾਂ ਤੋਂ ਬੜਾ ਪ੍ਰਭਾਵਿਤ ਹੁੰਦਾ ਹੈ। ਜਪੁਜੀ ਵਿੱਚ ਪੰਜਾ ਖੰਡਾਂ ਦਾ ਜ਼ਿਕਰ ਹੈ। ਪਰ ਉਹ ਚਾਰ ਵੀ ਕਹਿ ਜਾਂਦਾ ਹੈ। ਗੁਰੂ ਨਾਨਕ ਨਾਲ ਜੁੜੀਆਂ ਦੰਤ ਕਥਾਵਾਂ ਨੂੰ ਹਾਸੋ ਹੀਣਾ ਰੂਪ ਦੇ ਦਿੰਦਾ ਹੈ। ਪ੍ਰਚੱਲਿਤ ਦੰਤ ਕਥਾ ਅਨੁਸਾਰ ਮੌਲਵੀ ਗੁਰੂ ਨਾਨਕ ਨੂੰ ਨਮਾਜ਼ ਪੜ੍ਹਨ ਲਈ ਲੈ ਜਾਂਦਾ ਹੈ। ਗੁਰੂ ਨਾਨਕ ਨੇ ਨਮਾਜ਼ ਨਹੀਂ ਪੜ੍ਹੀ। ਸਮਝਾਉਣ ਲਈ ਮੌਲਵੀ ਨੂੰ ਦੱਸਿਆ ਕਿ ਉਸਦਾ ਧਿਆਨ ਤਾਂ ਘਰ ਸੂਈ ਘੋੜੀ ਵੱਲ ਸੀ ਕਿ ਕਿਤੇ ਉਸਦਾ ਵਛੇਰਾ ਵਿਹੜੇ ਦੇ ਖੂਹ ਵਿੱਚ ਨਾ ਡਿੱਗ ਪਵੇ। ਰਜਨੀਸ਼ ਕਹਿੰਦਾ ਕਿ ਮੌਲਵੀ ਦਾ ਧਿਆਨ ਫਸਲ ਕੱਟਣ ਵੱਲ ਸੀ। ਮੌਲਵੀ ਜੱਟਾਂ ਵਾਲੇ ਕੰਮ ਨਹੀਂ ਕਰਦੇ ਉਨ੍ਹਾਂ ਨੂੰ ਵਿਹਲੀਆਂ ਮਿਲ ਜਾਂਦੀਆਂ ਹਨ। ਹਰਦੁਆਰ ਵਿੱਚ ਲੋਕਾਂ ਨੂੰ ਪਿੱਤਰਾਂ ਨਾਲ ਪਾਣੀ ਦਿੰਦਿਆਂ ਵੇਖ ਕੇ ਗੁਰੂ ਨਾਨਕ ਪੱਛਮ ਵੱਲ ਪਾਣੀ ਦੇਣ ਲੱਗ ਜਾਂਦੇ ਹਨ। ਰਜਨੀਸ਼ ਕਹਿੰਦਾ ਹੈ ਕਿ ਗੁਰੂ ਨਾਨਕ ਨੇ ਖੂਹ ਤੇ ਚੜ੍ਹ ਕੇ ਪਾਣੀ ਪੱਛਮ ਨੂੰ ਦੇਣਾ ਸ਼ੁਰੂ ਕਰ ਦਿੱਤਾ। ਗੰਗਾ `ਚ ਖੂਹ ਕਿੱਥੋਂ ਆ ਗਿਆ। ਖੂਹ ਤੇ ਪੱਛਮ ਵੱਲ ਪਾਣੀ ਦੇਣ ਦਾ ਲੋਕਾਂ `ਤੇ ਕੀ ਅਸਰ ਹੋਣਾ ਸੀ। ਅਸਲ ਮਸਲਾ ਤਾਂ ਗੰਗਾ ਦੇ ਪਾਣੀ ਦਾ ਹੈ। ਖ਼ੈਰ ‘ਦੰਤ ਕਥਾਵਾਂ’ ਤਾਂ ਦੰਤ ਕਥਾਵਾਂ ਹੀ ਹੁੰਦੀਆਂ ਹਨ। ਉਨ੍ਹਾਂ ਵਿੱਚ ਪਰਿਵਰਤਨ ਦੀ ਗੁੰਜਾਇਸ਼ ਰਹਿੰਦੀ ਹੈ। ਇਸ ਲਈ ਰਜਨੀਸ਼ ਨੂੰ ਮੁਆਫ਼ ਕੀਤਾ ਜਾ ਸਕਦਾ ਹੈ। ਪਰ ਜੋ ਲੋਕ ਉਸਦੀ ਯਾਦਾਸ਼ਤ ਦਾ ਸਿੱਕਾ ਮੰਨਦੇ ਹਨ ਉਨ੍ਹਾਂ ਲਈ ਸ਼ਾਇਦ ਇਹ ਅਣਹੋਣੀ ਹੋਵੇ। ਪਰ ਇਹ ਸੱਚ ਹੈ ਕਿ ਉਹ ਸਾਰੀਆਂ ਦੰਤ ਕਥਾਵਾਂ ਦੀਆਂ ਲੱਤਾਂ- ਬਾਹਵਾਂ ਤੋੜਦਾ ਰਹਿੰਦਾ ਹੈ।

ਅਸੀਂ ਜੋ ਕਹਿਣਾ ਸੀ ਕਹਿ ਲਿਆ। ਬਾਕੀ ਫੈਸਲਾ ਪਾਠਕਾਂ `ਤੇ ਹੈ ਕਿ ਉਨ੍ਹਾਂ ਨੇ ਰਜਨੀਸ਼ ਦੀ ਪੁਸਤਕ ‘ਏਕ ਓਂਕਾਰ ਸਤਿਨਾਮ’ (20 ਲੈਕਚਰਾਂ ਦਾ ਸੰਗ੍ਰਹਿ) ਨੂੰ ਮਹਾਨ ਰਚਨਾ ਮੰਨਣਾ ਹੈ ਜਾਂ ਉਸ ਉੱਪਰ ਵਿਚਾਰ ਕਰਕੇ ਉਸਦੀ ਅਸਲੀਅਤ ਨੂੰ ਸਮਝਣਾ ਹੈ।

ਡਾ: ਕਰਮਜੀਤ ਸਿੰਘ
.