.

“ਬਹਾਦਰ ਕੌਮਾਂ ਘਲੂਘਾਰਿਆਂ ਵਿੱਚ ਨਹੀਂ ਮਰਦੀਆਂ,
ਸਗੋਂ ਸੁਲ੍ਹਾ ਵਿੱਚ ਖੱਤਮ ਹੁੰਦੀਆਂ ਹਨ”

ਜਥੇਦਾਰ ਮਹਿੰਦਰ ਸਿੰਘ ਖਹਿਰਾ

‘ਕੌਮਾਂ ਲੜਾਈ ਵਿੱਚ ਨਹੀਂ ਮਰਦੀਆਂ, ਸਗੋਂ ਸੁਲ੍ਹਾ ਵਿੱਚ ਖੱਤਮ ਹੁੰਦੀਆਂ ਹਨ’
ਉਕਤ ਇਹ ਸ਼ਬਦ ਖਾਲਸਾ ਪੰਥ ਦੇ ਸਿੰਘ ਸਰਦਾਰਾਂ ਨੇ ਅਹਿਮਦ ਸ਼ਾਹ ਅਬਦਾਲੀ ਦੇ ਭੇਜੇ ਹੋਏ ਦੂਤ ਨੂੰ ਉਸ ਸਮੇਂ ਆਖੇ ਸਨ, ਜਦੋਂ ਉਹ ਵਡੇ ਘਲੂਘਾਰੇ ਤੋਂ ਬਾਅਦ ਸਿੱਖਾਂ ਨਾਲ ਸੁਲ੍ਹਾ ਕਰਨ ਦਾ ਪੈਗਾਮ ਲੈ ਕੇ ਅੰਮ੍ਰਿਤਸਰ ਆਇਆ ਸੀ।
ਉਸ ਵੇਲੇ ਹਿੰਦੁਸਤਾਨ ਦੀ ਸਭ ਤੋਂ ਮੰਨੀ ਜਾਂਦੀ ਤਾਕਤ ਮਰਹੱਟੇ ਜਨਵਰੀ 1761 ਨੂੰ ਪਾਣੀ ਪੱਤ ਦੇ ਮੈਦਾਨ ਵਿੱਚ ਅਹਿਮਦਸ਼ਾਹ ਅਬਦਾਲੀ ਦੇ ਹੱਥੋਂ ਹਾਰ ਗਏ ਸਨ। ਇਸ ਹਾਰ ਤੋਂ ਬਾਅਦ ਮਰਹੱਟਿਆਂ ਵਿੱਚ ਤਾਣ ਨਹੀਂ ਸੀ ਰਿਹਾ ਕਿ ਉਹ ਅਬਦਾਲੀ ਦਾ ਦੁਬਾਰਾ ਮੁਕਾਬਲਾ ਕਰ ਸਕਦੇ। ਮਰਹੱਟਿਆਂ ਤੇ ਪੂਰਨ ਜਿੱਤ ਪ੍ਰਾਪਤ ਕਰਨ ਤੋਂ ਇੱਕ ਸਾਲ ਬਾਅਦ ਅਬਦਾਲੀ ਫਰਵਰੀ 1762 ਨੂੰ ਸਿੱਖਾਂ ਦਾ ਵੀ ਖਾਤਮਾਂ ਕਰਨ ਦੀ ਧਾਰ ਕੇ ਫਿਰ ਪੰਜਾਬ ਆਇਆ ਤਾਂ ਮਰਹੱਟਿਆਂ ਦੇ ਰਾਜਦੂਤ ਅਬਦਾਲੀ ਦੇ ਬੂਹੇ ਅੱਗੇ ਅਭੈਦਾਨ ਲੈਣ ਵਾਸਤੇ ਅੱਗੇ ਆਣ ਡਿਗੇ ਸਨ।
ਅਬਦਾਲੀ ਨੇ ਸਿੱਖਾਂ ਨੂੰ ਖੱਤਮ ਕਰਨ ਲਈ ਕੁੱਪ ਰਹੀੜੇ ਦੇ ਅਸਥਾਨ ਤੇ (ਫਰਵਰੀ 1762) ਸਿੱਖਾਂ ਦੇ ਵਹੀਰ ਉਤੇ ਆਪਣੀ ਸਿਖਿਅਤ ਫੌਜ ਨਾਲ ਵਹੀਰ ਨੂੰ ਘੇਰੇ ਵਿੱਚ ਲੈ ਕੇ ਕਹਿਰੀ ਹੱਲਾ ਕੀਤਾ। ਜਿਸ ਨੂੰ ਸਿੱਖ ਇਤਿਹਾਸ ਵਿੱਚ ਵੱਡਾ ਘੱਲੂਘਾਰਾ ਕਿਹਾ ਜਾਂਦਾ ਹੈ। ਵਡੇ ਘੱਲੂਘਾਰੇ ਵਿੱਚ 3000 ਹਜਾਰ ਤੋਂ ਉਤੇ ਸਿੱਖ ਬੱਚੇ ਇਸਤਰੀਆਂ ਤਲਵਾਰ ਦੀ ਭੇਂਟ ਕਰ ਕੇ ਅਬਦਾਲੀ ਸਮਝ ਬੈਠਾ ਸੀ ਕਿ ਸਿੱਖ ਹੁਣ ਕਦੇ ਵੀ ਨਹੀਂ ਉਠ ਸਕਣਗੇ। ਇਹਾ ਵੇਖਣ ਵਾਸਤੇ ਉਹ ਲਾਹੌਰ ਡੇਰੇ ਲਾ ਬੈਠਾ ਸੀ ਪਰ ਅਹਿਮਦਸ਼ਾਹ ਅਬਦਾਲ਼ੀ ਸ਼ਾਇਦ ਏਸ ਗੱਲੋਂ ਅਣਜਾਣ ਸੀ ਕਿ ਜਿਸ ਖਾਲਸੇ (ਸਿੱਖ ਕੌਮ) ਨਾਲ ਉਸਦਾ ਵਾਹ ਪਿਆ ਹੈ ਉਹ ਗੁਰੂ ਨਾਨਕ ਪਾਤਿਸ਼ਾਹ ਦਾ ਦਸਵੇਂ ਜਾਮੇਂ ਵਿੱਚ ਆ ਕੇ ਸਾਜਿਆ ਖਾਲਸਾ ਪੰਥ ਗੁਰੂ ਨਾਨਕ ਦੀ ਨਾਦੀ ਸੰਤਾਨ ਹੈ। “ਖਾਲਸਾ ਅਕਾਲ ਪੁਰਖ ਕੀ ਫੌਜ। ਪ੍ਰਗਟਿਓ ਖਾਲਸਾ ਪ੍ਰਮਾਤਮ ਕੀ ਮੌਜ।”
ਅਕਾਲ ਪੁਰਖ ਕੀ ਫੌਜ ਖਾਲਸਾ, ਨਾ ਜੰਮਦਾ ਹੈ ਨਾ ਮਰਦਾ ਹੈ, ਇਹ ਤਾ ਦਸਵੇਂ ਨਾਨਕ ਗੁਰੂ ਗੁਬਿੰਦ ਸਿੰਘ ਜੀ ਦੀ ਨ੍ਰਿਧਾਰਤ ਕੀਤੀ ਮਰਯਾਦਾ ਅਨੁਸਾਰ ਖੰਡੇ ਬਾਟੇ ਦੀ ਪਾਹੁਲ ਛੱਕ ਕੇ ਪ੍ਰਗਟ ਹੀ ਹੁੰਦਾ ਹੈ।
ਖਾਲਸਾ ਡਿਗ ਕੇ ਉਠਣਾ ਅਤੇ ਹਾਰ ਨੂੰ ਜਿੱਤ ਵਿੱਚ ਬਦਲਣ ਲਈ ਸਿਰ ਧੜ ਦੀ ਬਾਜੀ ਲਾਉਣੀ ਜਾਣਦਾ ਹੈ, ਇਹੀ ਕਾਰਣ ਸੀ ਕਿ ਵੱਡੇ ਘੱਲੂਘਾਰੇ ਦੀ ਹਾਰ ਵੀ ਸਿੱਘਾਂ ਵਾਸਤੇ ਜਿੱਤ ਨਾਲੋਂ ਵੀ ਮਾਣ ਵਾਲੀ ਸਾਬਤ ਹੋਈ, ਕਿਉਂਕਿ ਭਾਵੇਂ ਇਸ ਬੇ-ਜੋੜ ਘਮਸਾਣ ਦੇ ਯੁੱਧ ਵਿੱਚ ਹਜ਼ਾਰਾਂ ਸਿੱਖ ਬੱਚੇ ਬਿਰਧ ਇਸਤਰੀਆਂ ਸ਼ਹੀਦ ਹੋ ਗਏ ਸਨ। ਏਨਾ ਜਾਨੀ ਨੁਕਸਾਨ ਕਰਾ ਕੇ ਵੀ ਜਖ਼ਮੀ ਹੋਏ ਸਿੰਘ ਅਬਦਾਲੀ ਦੀਆਂ ਫੌਜਾਂ ਨੂੰ ਲੜਨ ਲਈ ਵੰਗਾਰਦੇ ਰਹੇ ਤੇ ਅੰਤ ਵਿੱਚ ਸ਼ਾਮ ਪੈਣ ਤੱਕ ਸਿੰਘਾਂ ਨੇ ਅਬਦਾਲੀ ਦੀਆਂ ਫੌਜਾਂ ਦਾ ਏਨਾ ਬੁਰਾ ਹਾਲ ਕਰ ਦਿੱਤਾ ਸੀ ਕਿ ਅਬਦਾਲੀ ਦੇ ਸਿਪਾਹੀਆਂ ਨੇ ਹੁਣ ਦੁਬਾਰਾ ਸਿੱਘਾਂ ਨਾਲ ਲੜਨ ਤੋਂ ਇੰਨਕਾਰ ਕਰ ਦਿੱਤਾ ਸੀ।

ਰਤਨ ਸਿੰਘ ਭੰਗੂ ਅਨੁਸਾਰ:

ਸਰਦਾਰ ਸਭੈ ਜਖ਼ਮੀ ਭਏ, ਸਾਬਤ ਰਹਿਓ ਨਾ ਕੋਏ,
ਜੱਸਾ ਸਿੰਘ ਖਾਏ ਬਾਈ ਘਾਏ, ਤੌ ਭੀ ਸਿੰਘ ਜੀ ਲੜਤੌ ਜਾਏ।
ਸ਼ਸ਼ਤਰ ਚੜ੍ਹਤ ਸਿੰਘ ਬਹੁਤੇ ਖਾਏ, ਦੇਖ ਨਾ ਉਧਰੇ ਫੇਰ ਲੜਾਏ।


ਲੜਾਈ ਖਤਮ ਹੋਣ ਤੋਂ ਬਾਅਦ ਜਖ਼ਮੀ ਸਿੰਘਾਂ ਨੇ ਰਹਿਰਾਸ ਦੇ ਪਾਠ ਉਪਰੰਤ ਮਿਠੇ ਮੇਹਣੇ ਦੇ ਤੌਰ ਤੇ ਗੁਰਪ੍ਰਮੇਸ਼ਰ ਅੱਗੇ ਅਰਦਾਸ ਕੀਤੀ ਸੀ ਕਿ ਨਿਰੰਤਰ ਗੁਰਬਾਣੀ ਪਰਵਾਹ ਰਾਹੀਂ ਤੇਰਾ ਸਰਬ ਕਲਿਆਣਕਾਰੀ ਉਪਦੇਸ਼ (ਸ਼ਬਦ ਗੁਰੂ, ਗੁਰੂ ਗ੍ਰੰਥ ਸਾਹਿਬ ਜੀ ਦਾ ਉਪਦੇਸ਼) ਜੀਊਂਦਾ ਰੱਖਣ ਲਈ ਤੇਰਾ ਖਾਲਸਾ ਜਨਮ ਤੋਂ ਹੀ ਬਚਨਬੱਧ ਅਤੇ ਜਤਨਸ਼ੀਲ ਰਿਹਾ ਹੈ। ਆਪ ਦੇ ਗੁਰੂ ਗ੍ਰੰਥ ਸਾਹਿਬ ਜੀ ਰਾਹੀਂ ਕੀਤੇ ਫੁਰਮਾਣ ਨੂੰ ਜੁਗੋ ਜੁਗ ਅਟੱਲ ਰੱਖਣ ਹਿੱਤ ਖਾਲਸੇ ਨੇ ਵਰ੍ਹਿਆਂ ਤੋਂ ਸਿੱਰ ਤੇ ਖੱਫ਼ਣ ਬੰਨ੍ਹਿਆ ਹੋਇਆ ਹੈ, ਅਰਦਾਸ ਦੇ ਬੋਲ ਸਨ, ‘ਪੰਥ ਜੇ ਰਹਾ ਤੋ ਤੇਰਾ ਗ੍ਰੰਥ ਭੀ ਰਹੇਗਾ ਨਾਥ’ ਪੰਥ ਨਾ ਰਹਾ ਤੋ ਤੇਰਾ ਗ੍ਰੰਥ ਕੌਣ ਮਾਨੇਗੋ’
ਏਡਾ ਘੱਲੂਘਾਰਾ ਵਰਤਾਉਣ ਤੋਂ ਬਾਅਦ ਵੀ ਅਬਦਾਲੀ ਦਾ ਸਿੱਖਾਂ ਉਤੇ ਪੂਰਣ ਜਿੱਤ ਪ੍ਰਾਪਤ ਕਰਨ ਦਾ ਸੁਪਨਾ ਪੂਰਾ ਨਹੀਂ ਸੀ ਹੋਇਆ। ਗੁੱਸੇ ਵਿੱਚ ਭਰਿਆ ਪੀਤਾ ਅਹਿਮਦਸ਼ਾਹ ਅਬਦਾਲੀ ਸਿੱਖਾਂ ਦੇ ਸਿਰਾਂ ਦੇ ਮਿਨਾਰ ਬਣਾ ਕੇ ਗੱਡਿਆਂ ਉਤੇ ਲੱਦ ਕੇ ਵਾਪਿਸ ਲਾਹੌਰ ਨੂੰ ਮੁੜਿਆ। ਅਤੇ ਰਸਤੇ ਵਿੱਚ ਪਿੰਡਾਂ ਸਹਿਰਾਂ ਨੂੰ ਉਜਾੜਦਾ ਤੇ ਲੁਟਮਾਰ ਕਰਦਾ ਅੰਮ੍ਰਿਤਸਰ ਪੁੱਜਾ ਅਤੇ ਗੁੱਸੇ ਵਿੱਚ ਭਰੇ ਪੀਤੇ ਨੇ ਬਾਰੂਦ ਦੇ ਕੁੱਪੇ ਦੱਬ ਕੇ ਹਰਿਮੰਦਰ ਸਾਹਿਬ ਉਡਾ ਦਿੱਤਾ। ਜਦੋਂ ਇੱਟਾਂ ਉਡ ਕੇ ਚੁਫੇਰੇ ਪਈਆਂ ਤਾਂ ਇੱਕ ਇੱਟ ਅਬਦਾਲੀ ਦੇ ਨੱਕ ਤੇ ਵੱਜੀ ਜਿਸ ਨਾਲ ਜੱਖਮ ਇਨਾ ਗਹਿਰਾ ਹੋਇਆ ਕਿ ਹੋਲੀ ਹੋਲੀ ਇਹ ਜੱਖ਼ਮ ਵਿਗੜ ਕੇ ਨਾਸੂਰ ਬਣ ਗਿਆ ਅਤੇ ਅਬਦਾਲੀ ਮਰਦੇ ਦਮ ਤੱਕ (ਅਬਦਾਲੀ ਦੀ ਮੌਤ 10 ਸਾਲ ਬਾਅਦ 1772 ਨੂੰ ਹੋਈ ਸੀ) ਇਸ ਜੱਖਮ ਨਾਲ ਪੀੜਤ ਰਿਹਾ।
ਸਰਦਾਰ ਆਲਾ ਸਿੰਘ ਪਟਿਆਲਾ ਨੇ ਇਸ ਵੱਡੇ ਘੱਲੂਘਾਰੇ ਵਿੱਚ ਸਿੱਖਾਂ ਦਾ ਸਾਥ ਨਹੀਂ ਸੀ ਦਿੱਤਾ ਤੇ ਨਾਹੀ ਉਹ ਅਬਦਾਲੀ ਦੇ ਪੇਸ਼ ਹੋਇਆ। ਅਬਦਾਲੀ ਏਸ ਗੱਲੋਂ ਗੁਸੇ ਹੋ ਕੇ ਅਗਲੇ ਦਿਨ ਬਰਨਾਲੇ ਦਾ ਕਿਲ੍ਹਾ ਸਾੜ ਦਿੱਤਾ ਤੇ ਇਲਾਕਾ ਲੁਟ ਪੁਟ ਲਿਆ ਅਤੇ ਅਬਦਾਲੀ ਦੇ ਪੇਸ਼ ਹੋਣ ਦਾ ਹੁਕਮ ਦਿੱਤਾ। ਆਲਾ ਸਿੰਘ ਜਦੋਂ ਅਬਦਾਲੀ ਦੇ ਪੇਸ਼ ਹੋਇਆ ਤਾਂ ਬਾਦਸ਼ਾਹ ਨੇ ਆਲਾ ਸਿੰਘ ਨੂੰ ਕੈਦ ਕਰ ਲਿਆ ਤੇ ਕੇਸ ਕਟਾਉਣ ਦਾ ਹੁਕਮ ਦਿੱਤਾ। ਸਰਦਾਰ ਆਲਾ ਸਿੰਘ ਵਾਸਤੇ ਸਮਾਂ ਬੜਾ ਔਖਾ ਬਣਿਆ, ਉਸਨੇ ਬਾਦਸ਼ਾਹ ਅੱਗੇ ਬੇਨਤੀ ਕੀਤੀ, ਕਿ ਜੇ ਉਸ ਦੇ ਵਾਲ ਕੱਟੇ ਨਾ ਜਾਣ ਤਾਂ ਉਹ ਇੱਕ ਲੱਖ ਰੁਪਿਆ ਆਪਣੇ ਕੇਸਾਂ ਦਾ ਮੁੱਲ ਦੇਣ ਨੂੰ ਤਿਆਰ ਹੈ ਪਰ ਬਾਦਸ਼ਾਹ ਨੇ ਲੱਖ ਦੀ ਥਾਂ ਸਵਾ ਲੱਖ ਮੰਗਿਆ, ਜੋ ਆਲਾ ਸਿੰਘ ਨੇ ਤਾਰ ਕੇ ਆਪਣੇ ਕੇਸ ਕੱਤਲ ਹੋਣ ਤੋਂ ਬਚਾ ਲਏ। ਆਲਾ ਸਿੰਘ ਭਾਵੇਂ ਖਾਲਸੇ ਦਾ ਨਗਾਰਾ ਛੱਡ ਕੇ ਅਬਦਾਲੀ ਦਾ ਦਿੱਤਾ ਹੋਿੲਆ ਲੀਰਾਂ ਵਾਲਾ ਢੋਲ ਬਜਾਉਂਦਾ ਸੀ ਪਰ ਉਸ ਨੇ ਰੋਮਾਂ ਦੀ ਬੇਅਦਵੀ ਬਰਦਾਸ਼ਤ ਨਹੀਂ ਸੀ ਕੀਤੀ। ਦੁੱਖੀ ਹਿਰਦੇ ਨਾਲ ਲਿਖਣਾ ਪੈ ਰਿਹਾ ਹੈ ਕਿ ਸ਼ਰੋਮਣੀ ਅਕਾਲੀ ਦਲ ਜੋ ਪੰਥ ਦੇ ਹੱਕਾਂ ਹਿੱਤਾਂ ਅਤੇ ਸਿੱਖੀ ਸਰੂਪ ਦੀ ਸਾਂਭ ਸੰਭਾਲ ਲਈ ਸਿਰਜਿਆ ਗਿਆ ਸੀ, ਅਸੀਂ ਵੇਖਦੇ ਹਾਂ ਕਿ ਅਜੋਕੇ ਅਕਾਲੀ ਦਲ ਵਿੱਚ ਰੋਮਾਂ ਦੀ ਬੇਅਦਵੀ ਕਰਨ ਵਾਲੇ ਸ਼ਰੇਆਮ ਭਰਤੀ ਕੀਤੇ ਜਾ ਰਹੇ ਹਨ। ਅਤੇ ਅਜੋਕਾ ਅਕਾਲੀ ਦਲ ਇਹ ਭੀ ਭਲੀ ਭਾਂਤ ਜਾਣਦਾ ਹੈ ਕਿ ਸਿੱਖ ਧਰਮ ਵਿੱਚ ਰੋਮਾਂ ਦੀ ਬੇਅਦਵੀ ਨੂੰ ਬੱਜਰ ਕੁਰਹਿਤ ਮੰਨਿਆ ਜਾਂਦਾ ਹੈ।
ਅਬਦਾਲੀ ਏਹ ਸੋਚ ਵੀ ਨਹੀਂ ਸੀ ਸਕਦਾ ਕਿ ਏਡੇ ਵੱਡੇ ਘੱਲੂਘਾਰੇ ਤੋਂ ਅੱਠ ਮਹੀਨੇ ਬਾਅਦ ਹੀ ਖਾਲਸਾ ਅਹਿਮਦਸ਼ਾਹ ਅਬਦਾਲੀ ਨੂੰ ਦੁਬਾਰਾ ਮੈਦਾਨੇ ਜੰਗ ਵਿੱਚ ਲੜਨ ਲਈ ਮਜ਼ਬੂਰ ਕਰ ਦੇਵੇਗਾ। ਅਫਗਾਨਾਂ ਵਲੋਂ ਪਿੰਡਾਂ ਅਤੇ ਸ਼ਹਿਰਾਂ ਦੀ ਕੀਤੀ ਭਿਆਨਕ ਤਬਾਹੀ ਅਤੇ ਲੁੱਟਮਾਰ ਨੇ ਪੰਜਾਬੀਆਂ ਨੂੰ ਇਹ ਅਹਿਸਾਸ ਕਰਵਾ ਦਿੱਤਾ ਸੀ ਕਿ ਅਬਦਾਲੀ ਬਦਸ਼ਾਹ ਨਹੀਂ ਸਗੋਂ ਲੁਟੇਰਾ ਹੈ, ਅਤੇ ਨਿਰਦੋਸ਼ ਪੰਜਾਬੀਆਂ ਨੂੰ ਲੁਟਣ ਹੀ ਆਉਂਦਾ ਹੈ ਅਤੇ ਸਿੱਖ ਤਾਂ ਪੰਜਾਬ ਦੀ ਧੰਨ ਦੌਲਤ ਇੱਜਤ ਆਬਰੂ ਬਚਾਉਣ ਲਈ ਅਹਿਮਦਸ਼ਾਹ ਅਬਦਾਲੀ ਨਾਲ ਸੀਸ ਤਲੀ ਤੇ ਰੱਖ ਕੇ ਪੰਜਾਬ ਦੀ ਰਾਖੀ ਲਈ ਜੰਗ ਜੁੱਧ ਕਰਦੇ ਹਨ। ਨਤੀਜਾ ਇਹ ਨਿਕਲਿਆ ਕਿ ਪੰਜਾਬ ਦੀ ਹਰ ਜਾਤ ਦੀ ਸ਼ਰੇਣੀ ਵਿਚੋਂ ਅਣਖੀਲੇ ਨੌਜਵਾਨ ਖੰਡੇ ਦੀ ਪਾਹੁਲ ਛੱਕ ਕੇ ਖਾਲਸਾ ਪੰਥ ਵਿੱਚ ਰਲਦੇ ਗਏ, ਅਤੇ ਅਕਤੂਬਰ 1762 ਨੂੰ (ਲਗਪਗ ਵਡੇ ਘੱਲੂਘਾਰੇ ਤੋ ਅੱਠ ਮਹੀਨੇ ਬਾਅਦ) 60000 ਖਾਲਸਾ ਪ੍ਰਗਟ ਹੋ ਕੇ ਅਬਦਾਲੀ ਨਾਲ ਟੱਕਰ ਲੈਣ ਲਈ ਤਿਆਰ ਹੋ ਗਿਆ ਸੀ। ਅਹਿਮਦਸ਼ਾਹ ਅਬਦਾਲੀ ਦੇ ਸੂਹੀਆਂ ਨੇ ਜਦੋਂ ਅਬਦਾਲੀ ਨੂੰ ਇਹ ਖਬਰ ਦਿੱਤੀ ਕਿ ਮੈਦਾਨੇ ਜੰਗ ਵਿੱਚ ਲੜਨ ਵਾਲੇ ਖਾਲਸੇ ਦੀ ਗਿਣਤੀ 60000 ਹੈ ਤਾਂ ਸੁਣ ਕੇ ਅਬਦਾਲੀ ਹੱਕਾ ਬੱਕਾ ਰਹਿ ਗਿਆ ਤੇ ਆਪਣੇ ਅਹਿਲਕਾਰਾਂ ਨੂੰ ਪੁੱਛਿਆ ਕਿ ਤੁਸੀਂ ਤਾਂ ਕਹਿਦੇ ਸੀ ਕਿ ਲੜਨ ਵਾਲੇ ਸਾਰੇ ਸਿੰਘ ਮਾਰੇ ਗਏ, ਫਿਰ 60000 ਸਿੰਘ ਅੱਠ ਮਹੀਨਿਆਂ ਜੰਮ ਕੇ ਜੁਆਨ ਕਿਵੇਂ ਹੋ ਗਿਆ? ਤਾਂ ਅਹਿਲਕਾਰਾਂ ਨੇ ਉਤਰ ਦਿੱਤਾ ਕਿ ਸਿੱਖਾਂ ਦੇ ਗੁਰੂ ਨੇ ਅਜਿਹੀ ਕੌਮ ਦੀ ਸਾਜਨਾ ਕੀਤੀ ਹੈ ਜਿਸ ਨੂੰ ਸਿੰਘ ਖਾਲਸਾ ਕੌਮ ਕਹਿਦੇ ਹਨ ਅਤੇ ਇਨ੍ਹਾਂ ਦਾ ਵਿਸ਼ਵਾਸ਼ ਹੈ ਕਿ ਖਾਲਸਾ ਨਾ ਜੰਮਦਾ ਹੈ ਨਾ ਮਰਦਾ ਹੈ ਸਗੋਂ ਪ੍ਰਗਟ ਹੁੰਦਾ ਹੈ, ਅਤੇ ਏਥੇ ਹੀ ਬਸ ਨਹੀਂ ਸਿੱਖਾਂ ਦੇ ਗੁਰੂ ਨੇ ਖਾਲਸਾ ਪ੍ਰਗਟ ਕਰਨ ਦਾ ਵਿਧੀ ਵਿਧਾਨ ਵੀ ਨ੍ਰਿਧਾਰਤ ਕੀਤਾ ਹੋਇਆ ਹੈ, ਅਤੇ ਉਸੇ ਵਿਧੀ ਵਿਧਾਨ ਅਨੁਸਾਰ ਇਹ ਖਾਲਸਾ ਪ੍ਰਗਟ ਹੋ ਕੇ ਸਾਡੇ ਸਾਹਮਣੇ ਖੜਾ ਹੈ।
ਸਿੰਘਾਂ ਦੀ ਇਹ ਅਜਿੱਤ ਦਲੇਰੀ ਦ੍ਰਿੜ ਵਿਸ਼ਵਾਸ਼ ਤੇ ਅਟੱਲ ਜੋਸ਼ ਵੇਖ ਕੇ ਅਬਦਾਲੀ ਘਬਰਾ ਗਿਆ ਸੀ ਤੇ ਉਸ ਨੂੰ ਇਹ ਭਾਸ ਰਿਹਾ ਸੀ ਕਿ ਉਹ ਆਪਣੀ ਇੱਕ ਲੱਖ ਫੌਜ ਦੇ ਹੁੰਦਿਆਂ ਹੋਇਆਂ ਵੀ ਇਸ ਵਾਰੀ ਸਿੱਖਾਂ ਨੂੰ ਜਿੱਤ ਨਹੀਂ ਸਕੇਗਾ। ਉਸ ਨੇ ਨੀਤਕ ਚਾਲ ਨਾਲ ਕੰਮ ਕੱਢਣਾ ਚਾਹਿਆ। ਅਬਦਾਲੀ ਨੇ ਖਾਲਸਾ ਪੰਥ ਨਾਲ ਸੁਲ੍ਹਾ ਕਰਨ ਵਾਸਤੇ ਆਪਣੇ ਰਾਜਦੂਤ ਅੰਮ੍ਰਿਤਸਰ ਭੇਜੇ। ਰਾਜਦੂਤਾਂ ਨੇ ਪਹਿਲਾਂ ਸਿੱਖਾਂ ਨੂੰ ਹਾਕਮਾਨਾ ਢੰਗ ਨਾਲ ਕਹਿਣਾ ਸ਼ੁਰੂ ਕੀਤਾ, ਕਿ ਜਿਸਦੇ ਸਾਹਮਣੇ ਦਿੱਲੀ ਦਾ ਮੁਗਲ ਦਰਬਾਰ ਝੁਕ ਗਿਆ ਹੈ ਅਤੇ ਜਿਸ ਅੱਗੇ ਸ਼ਕਤੀਸ਼ਾਲੀ ਮਰਹੱਟੇ ਝੁਕ ਗਏ ਹਨ ਤੁਸੀਂ ਮੁੱਠੀਭਰ ਸਿੱਖ ਉਸ ਦਾ ਟਾਕਰਾ ਕਿੰਨਾ ਕੁ ਚਿਰ ਕਰ ਸਕਦੇ ਹੋ? ਅਬਦਾਲੀ ਕੋਈ ਪੰਜਾਬ ਦਾ ਚੌਧਰੀ ਤੇ ਫੌਜਦਾਰ ਨਹੀਂ ਹੈ ਜਿਨ੍ਹਾਂ ਤੋਂ ਤੁਸੀਂ ਆਕੀ ਰਹਿ ਸਕੋਗੇ, ਸਿੱਖੋ, ਤੁਹਾਡਾ ਟਾਕਰਾ ਸ਼ਹਿਨਸ਼ਾਹ ਅਫਗਾਨਿਸਤਾਨ ਤੇ ਦੁਨੀਆਂ ਦੇ ਸਭ ਤੋਂ ਵਡੇ ਜਰਨੈਲ ਨਾਲ ਹੈ, ਤੁਸੀ ਸਾਡੀ ਸੁਲ੍ਹਾ ਵਾਲੀ ਨੀਤੀ ਤੇ ਵਿਚਾਰ ਕਰ ਕੇ ਤਾਂ ਵੇਖੋ। ਬਾਦਸ਼ਾਹ ਸਲਾਮਤ ਤੁਹਾਡੀ ਬਹਾਦਰੀ ਉਤੇ ਮੌਹਿਤ ਹੈ। ਉਹ ਅਜਿਹੀ ਦਲੇਰ ਸਿੱਖ ਕੌਮ ਨੂੰ ਆਪਣੀ ਮਿੱਤਰ ਬਣਾਉਣੀ ਚਾਹੁੰਦਾ ਹੈ, ਆਓ ਸੁਲ੍ਹਾ ਕਰ ਲਵੋ, ਬਾਦਸ਼ਾਹ ਸਲਾਮਤ ਅੱਗੇ ਨਜ਼ਰਾਨਾ ਧਰੋ (ਭਾਵ ਹਾਰ ਮੰਨ ਲਓ) ਤੇ ਬਾਦਸ਼ਾਹ ਸਲਾਮਤ ਵਲੋਂ ਬਖਸ਼ੀ ਹੋਈ ਪੰਜਾਬ ਦੀ ਹਕੂਮਤ ਸੰਭਾਲ ਲਓ। ਅਤੇ ਇਸ ਤਰ੍ਹਾਂ ਕਰਨ ਨਾਲ ਤੁਹਾਨੂੰ ਸ਼ਹਿਨਸ਼ਾਹ ਅਹਿਮਦਸ਼ਾਹ ਦੀ ਸ਼ਰਨ ਹੁੰਦਿਆਂ ਦਿੱਲੀ ਸਰਕਾਰ ਦਾ ਵੀ ਕੋਈ ਡਰ ਨਹੀਂ ਰਹੇਗਾ।
ਖਾਲਸਾ ਪੰਥ ਨੂੰ ਇਸ ਸੁਲ੍ਹਾ ਵਿੱਚ ਸਿੱਖ ਕੌਮ ਦੀ ਮੌਤ ਲੁਕੀ ਹੋਈ ਦਿਸ ਪਈ ਸੀ, ਇਸ ਕਰਕੇ ਖਾਲਸੇ ਨੇ ਅਬਦਾਲੀ ਦੀ ਇਹ ਸੁਲ੍ਹਾ ਵਾਲੀ ਪੇਸ਼ਕਸ ਠੁਕਰਾ ਕੇ ਅਬਦਾਲੀ ਦੇ ਰਾਜਦੂਤ ਨੂੰ ਦੋ ਟੁੱਕ ਜਵਾਬ ਦਿੱਤਾ ਕਿ ਅਬਦਾਲੀ ਨਾਲ ਸੁਲ੍ਹਾ ਨਹੀਂ ਹੋ ਸਕਦੀ, ਅਬਦਾਲੀ ਕੌਣ ਹੁੰਦਾ ਹੈ, ਪੰਜਾਬ ਦਾ ਰਾਜ ਸਾਨੂੰ ਦੇਣ ਵਾਲਾ, ਪੰਜਾਬ ਸਾਡਾ ਹੈ ਇਸ ਦੇ ਬਾਦਸ਼ਾਹ ਅਸੀਂ ਹਾਂ, ਕਿਸੇ ਕੋਲੋਂ ਭਿਖਿਆ ਵਜੋਂ ਰਾਜ ਲੈਣ ਨਾਲੋਂ ਗੋਲੀ ਦਾ ਨਿਸ਼ਾਨਾ ਬਣ ਕੇ ਅਣਖ ਦੀ ਮੌਤ ਕਿਤੇ ਚੰਗੀ ਹੈ ਕਿ ਅਬਦਾਲੀ ਨੂੰ ਆਖੋ ਕਿ ਕਲ ਸਵੇਰ ਨੂੰ ਮੈਦਾਨੇ ਜੰਗ ਵਿੱਚ ਸਿੱਧਾ ਹੋ ਕੇ ਖਾਲਸੇ ਨਾਲ ਜੁੱਧ ਕਰੇ! ਦੂਸਰੇ ਦਿਨ ਖਾਲਸੇ ਦਾ ਅਬਦਾਲੀ ਨਾਲ ਘਮਸਾਣ ਦਾ ਜੁੱਧ ਹੋਇਆ ਅਹਿਮਦਸ਼ਾਹ ਨੂੰ ਪੂਰੀ ਤਰ੍ਹਾਂ ਹਾਰ ਹੋਈ ਅਤੇ ਉਸੇ ਰਾਤ ਹੀ ਰਾਤ ਦੇ ਹਨੇਰੇ ਵਿੱਚ ਅਬਦਾਲੀ ਆਪਣੀ ਜਾਨ ਬਚਾ ਕੇ ਕਾਬਲ ਨੂੰ ਨੱਸ ਗਿਆ ਸੀ, ਹਾਰੇ ਹੋਏ ਦੁਰਾਨੀਆਂ ਨੇ ਹਥਿਆਰ ਸੁੱਟ ਦਿੱਤੇ ਅਤੇ ਸਿੱਖਾਂ ਕੋਲੋਂ ਆਪਣੇ ਪ੍ਰਾਣਾਂ ਦੀ ਭੀਖ ਮੰਗੀ, ਸਿੰਘਾਂ ਨੇ ਕਿਸੇ ਨਿਹੱਥੇ ਨੂੰ ਕੱਤਲ ਨਹੀਂ ਕੀਤਾ ਪਰ ਕੁੱਝ ਸਮੇਂ ਲਈ ਕੈਦੀ ਬਣਾ ਕੇ ਅੰਮ੍ਰਿਤਸਰ ਲਿਆਂਦਾ ਗਿਆ, ਜੱਸਾ ਸਿੰਘ ਆਹਲੂਵਾਲੀਏ ਨੇ ਪਠਾਣਾਂ ਨੂੰ ਕਿਹਾ ਕਿ ਜਿਨ੍ਹਾਂ ਹੱਥਾਂ ਨਾਲ ਇਹ ਸਰੋਵਰ ਪੂਰਿਆ ਹੈ ਉਨ੍ਹਾਂ ਹੱਥਾਂ ਨਾਲ ਇਸ ਸਰੋਵਰ ਦੀ ਸਫਾਈ ਕਰੋ, ਸਾਰਾ ਦਿਨ ਪਠਾਣਾਂ ਕੋਲੋਂ ਸਰੋਵਰ ਵਿਚੋਂ ਮਲਬਾ ਕਢਾਉਂਦੇ ਤੇ ਸ਼ਾਮ ਨੂੰ ਗੁਰੂ ਕੇ ਲੰਗਰ ਵਿਚੋਂ ਸਾਂਝੀ ਪੰਗਤ ਵਿੱਚ ਬਿਠਾਲ ਕੇ ਪ੍ਰਸ਼ਾਦਾ ਛਕਾਉਂਦੇ, ਸਰੋਵਰ ਦੀ ਕਾਰ ਸੇਵਾ ਤੋਂ ਬਾਅਦ ਕੈਦੀਆਂ ਨੂੰ ਛੱਡ ਦਿੱਤਾ ਗਿਆ। ਅਕਤੂਬਰ 1762 ਦੀ ਇਸ ਲੜਾਈ ਦੀ ਜਿੱਤ ਮਗਰੋਂ ਸਿੱਖ ਪੰਜਾਬ ਦੀ ਸਭ ਤੋਂ ਵਡੀ ਤਾਕਤ ਬਣ ਗਏ ਅਤੇ 1765 ਤੱਕ ਮਿਸਲਾਂ ਨੇ ਸਿੱਖ ਰਾਜ ਸਥਾਪਿਤ ਕਰ ਲਿਆ ਸੀ।
‘ਪੱਛਮ ਦੇ ਉਘੇ ਫਿਲਾਸਫਰ ਜੋਰਜ ਆਰ ਵੈਲ ਨੇ ਲਿਖਿਆ ਹੈ ਕਿ ਜੇ ਤੁਸੀਂ ਆਪਣੇ ਭਵਿਖ ਨੂੰ ਕਾਬੂ ਵਿੱਚ ਰੱਖਣਾ ਚਾਹੁੰਦੇ ਹੋ ਤਾਂ ਆਪਣੇ ਪਿਛਲੇ ਇਤਿਹਾਸ ਤੇ ਪਕੜ ਤਕੜੀ ਰੱਖੋ।’ ਇਸ ਕਰਕੇ ਸਾਨੂੰ ਆਪਣੇ ਪਿਛਲੇ ਇਤਿਹਾਸ ਦਾ ਵਿਸ਼ਲੇਸ਼ਣ ਵੀ ਜਰੂਰ ਕਰਨਾ ਚਾਹੀਦਾ ਹੈ ਜਿਵੇਂ ਕਿ ਮਹਾਰਾਜਾ ਰਣਜੀਤ ਸਿੰਘ ਦੇ ਵਕਤ ਜਦੋਂ ਸਾਰਾ ਖਾਲਸਾ ਪੰਥ ਐਸ਼ੋ ਇਸ਼ਰਤ ਵੱਟੇ ਮਨਮੁਖ ਹੋਏ ਬੰਦੇ ਦਾ ਬੰਦਾ ਬਣ ਚੁੱਕਾ ਸੀ ਉਦੋਂ ਸ਼ੁਧ ਸਿੱਖੀ ਜਜਬੇ ਤੇ ਅਣਖ ਦੇ ਗੁਣਾ ਨੂੰ ਕਾਇਮ ਰੱਖਣ ਵਾਲੇ ਹੋਏ ਹਨ। ‘ਭਾਈ ਬੀਰ ਸਿੰਘ ਨਰੰਗਾਬਾਦੀ, ਸਰਦਾਰ ਹਰੀ ਸਿੰਘ ਨਲੂਆ, ਅਕਾਲੀ ਫੂਲਾ ਸਿੰਘ ਅਤੇ ਸ਼ਾਮ ਸਿੰਘ ਅਟਾਰੀਵਾਲਾ।’
ਅੱਜ ਪੰਥ ਨੂੰ ਲੋੜ ਹੈ ਅਜਿਹਾ ਖਾਲਸਾ ਪ੍ਰਗਟ ਕਰਨ ਦੀ, ਜੋ ਜੰਮਦਾ ਮਰਦਾ ਨਹੀਂ ਸਗੋਂ ਪ੍ਰਗਟ ਹੁੰਦਾ ਹੈ।
ਭੁੱਲਾਂ ਚੁੱਕਾਂ ਦੀ ਖਿਮਾਂ।

ਗੁਰੁ ਪੰਥ ਦਾ ਦਾਸ:- ਜਥੇਦਾਰ ਮਹਿੰਦਰ ਸਿੰਘ ਖਹਿਰਾ
ਮਿਤੀ: 27-4-2014




.