.

ਰਜਨੀਸ਼ ਦੀ ਅਸਲੀਅਤ ਸਮਝਣ ਤੋਂ ਪਹਿਲਾਂ

ਹਰ ਇਤਿਹਾਸਕ ਪੜਾਅ ਤੇ ਜਿੱਥੇ ਵਰਗ ਸੰਘਰਸ਼ ਅਨਿਵਾਰੀ ਹੈ, ਉਥੇ ਇਨ੍ਹਾਂ ਵਰਗਾਂ ਦਾ ਸਭਿਆਚਾਰ ਵੀ ਟਕਰਾਅ ਵਿੱਚ ਆਉਂਦਾ ਹੈ। ਸਭਿਆਚਾਰ ਵਿੱਚ ਲੋਕਾਂ ਦੀਆਂ ਮਾਨਸਿਕ ਤੇ ਆਤਮਿਕ ਲੋੜਾਂ ਦੀ ਪੂਰਤੀ ਵੀ ਸ਼ਾਮਿਲ ਹੈ। ਜਿਥੇ ਆਮ ਲੋਕਾਂ ਦੀਆਂ ਆਤਮਿਕ ਲੋੜਾਂ ਪੂਰੀਆਂ ਕਰਨ ਲਈ ਨਿਸੁਆਰਥੀ ਜਾਂ ਸੁਆਰਥੀ ਲੋਕ ਅਨੇਕਾਂ ਮਤਾਂ ਮਤਾਂਤਰਾਂ ਦੀ ਸਿਰਜਣਾ ਕਰਦੇ ਹਨ। ਉਵੇਂ ਹੀ ਉਪਰਲੇ ਵਰਗ ਦੀਆਂ ਲੋੜਾਂ ਨੂੰ ਪੂਰੀਆਂ ਕਰਨ ਲਈ ਅਨੇਕਾਂ ਸਵਾਮੀ ਬਾਬੇ, ਭਗਵਾਨ ‘ਅਵਤਾਰ’ ਲੈਂਦੇ ਰਹਿੰਦੇ ਹਨ। ਅਜਿਹਾ ਹੀ ਇੱਕ ਅਵਤਾਰ ਹੈ ਰਜਨੀਸ਼ ਜਿਸਨੇ ਆਪਣੇ ਆਪ ਨੂੰ ਅਚਾਰੀਆ, ਭਗਵਾਨ ਤੇ ਅਖੀਰ ਤੇ ਓਸ਼ੋ ਨਾਂ ਨਾਲ ਸਥਾਪਿਤ ਕੀਤਾ। ਇਤਿਹਾਸ ਵਿੱਚ ਜਿੰਨੇ ਵੀ ਗੁਰੂ ਅਚਾਰੀਆ ਪੈਦਾ ਹੋਏ ਹਨ, ਉਹ ਆਪਣੇ ਆਪ ਨੂੰ ਨਿਰਮਾਣਤਾ ਕਾਰਨ ਕਦੇ ਉਚੇਰਾ ਸਿੱਧ ਨਹੀਂ ਕਰਦੇ। ਪਰ ਉਹ ਬੰਦਾ ਜੋ ਈਸਾ ਤੋਂ ਲੈ ਕੇ ਹਰ ਮਹਾਂਪੁਰਸ਼ਾਂ ਦੀ ‘Ego’ ਨੂੰ ਸਮਝਣ ਦਾ ਦਾਅਵਾ ਕਰਦਾ ਹੈ, ਉਹ ਆਪ ਸਭ ਤੋਂ ਵੱਡਾ ‘ਹੰਕਾਰੀ’ ਬਣ ਜਾਂਦਾ ਹੈ। ਜਿਸਨੇ ਕਹਿਕੇ ਆਪਣੇ ਚੇਲਿਆਂ ਦੇ ਗਲ਼ਾਂ ਵਿੱਚ ਆਪਣੀਆਂ ਤਸਵੀਰਾਂ ਲਟਕਵਾਈਆਂ।

ਕਮਾਲ ਇਹ ਹੈ ਕਿ ਰਜਨੀਸ਼ ਤੇ ਸਾਈਂ ਬਾਬਾ ਵਰਗੇ ਲੋਕ ਅਜੋਕੀ ਘਟੀਆ ਸੰਸਕ੍ਰਿਤੀ ਦੀ ਪ੍ਰਤੀਨਿਧਤਾ ਕਰਦੇ ਹੋਏ, ਲੋਕਾਂ ਨੂੰ ‘ਮੂਰਖ’ ਬਣਾਕੇ ਮਗਰ ਲਾਉਣ ਤੋਂ ਬਾਜ਼ ਨਹੀਂ ਆਉਂਦੇ। ‘ਸਾਈਂ ਬਾਬਾ’ ਜਾਦੂ ਦੇ ਟਰਿੱਕ ਦਿਖਾ ਕੇ ਲੱਖਾਂ ਲੋਕਾਂ ਨੂੰ ‘ਮੁਕਤੀ’ ਦੁਆ ਰਿਹਾ ਹੈ। ਲੋਕਾਂ ਨਾਲ ਅਜਿਹਾ ਧੋਖਾ ਨਾ ਤਾਂ ਉਸਦੀਆ ਨਜ਼ਰਾਂ ਵਿੱਚ ਮਾੜਾ ਹੈ ਤੇ ਨਾ ਹੀ ਉਸਦੇ ਪੜ੍ਹੇ ਲਿਖੇ ਏਜੰਟਾਂ ਦੀਆਂ ਨਜ਼ਰਾਂ ਵਿੱਚ। ਇਹੀ ਹਾਲ ਹੈ ਰਜਨੀਸ਼ ਦਾ। ਉਸਦੇ ਆਪਦੇ ਕਹਿਣ ਮੁਤਾਬਕ ਉਹ ਵੀਹ ਸਾਲ ਵੱਖ ਵੱਖ ਧਰਮਾਂ ਦੇ ਪੈਰੋਕਾਰਾਂ ਸਾਹਮਣੇ ਉਨ੍ਹਾਂ ਦੇ ਧਰਮ ਗ੍ਰੰਥਾਂ ਦੀ ਆਪਣੀ ਮਰਜ਼ੀ ਦੀ ਵਿਆਖਿਆ ਕਰਦਾ ਰਿਹਾ ਜਾਂ ਉਨ੍ਹਾਂ ਨੂੰ ਆਪਣੇ ਹੀ ਅਰਥ ਦਿੰਦਾ ਰਿਹਾ। ਸ਼ੁਰੂ ਵਿੱਚ ਤਾਂ ਬੰਬਈ ਵਿੱਚ ਉਹ ਜਾਦੂ ਦੇ ਟਰਿੱਕ ਦਿਖਾਉਣ ਦੀ ਰਿਹਰਸਲ ਵੀ ਕਰਦਾ ਰਿਹਾ। ਰਜਨੀਸ਼ ਨੂੰ ਵੀ ਅਜਿਹਾ ਸ਼ੌਕ ਸਾਈਂ ਬਾਬਾ ਵਾਂਗ ਛੋਟੀ ਉਮਰ ਤੋਂ ਸੀ।

ਹਰ ਤਰ੍ਹਾਂ ਦੀ ਵਿਆਖਿਆ ਬਾਅਦ ਉਸਦਾ ਸੰਦੇਸ਼ ਇਹੀ ਹੈ ਕਿ ਗਿਆਨ ਤੋਂ ਬਚ ਕੇ ਰਹੋ। ਉਹ ਅਖ਼ੀਰ ‘ਸੰਭੋਗ ਤੋਂ ਸਮਾਧੀ’ ਤੱਕ ਪਹੁੰਚ ਜਾਂਦਾ ਹੈ। ਨਾ ਤਾਂ ਉਹ ਸੰਭੋਗ ਦੀ ਪ੍ਰਕ੍ਰਿਤੀ ਨੂੰ ਸਮਝ ਸਕਿਆ ਤੇ ਨਾ ਸਮਾਧੀ ਦੇ ਰਹੱਸ ਨੂੰ। ਸੰਭੋਗ ਵਿੱਚ ਗਲਤਾਨ ਉਸਦੇ ਚੇਲੇ ‘ਡਰੱਗਜ਼’ ਦੀਆਂ ਫਹੁੜੀਆਂ ਸਹਾਰੇ ਚੱਲਣ ਲੱਗ ਪੈਂਦੇ ਹਨ ਤੇ ਸਮਾਧੀ ਦੇ ਨਾਂ `ਤੇ ਰਹਿ ਜਾਂਦਾ ਹੈ ਸਵੈ-ਹਿਪਨੋਟਿਜ਼ਮ। ਇਨ੍ਹਾਂ ਦੋਨਾਂ ਦੇ ਮੇਲ ਨੇ ਇੱਕ ਨਵੀਂ ਬਿਮਾਰ ਪੀੜ੍ਹੀ ਨੂੰ ਜਨਮ ਦਿੱਤਾ ਹੈ, ਜੋ ਜ਼ਿੰਦਗੀ ਤੋਂ ਵੀ ਭਾਜੂ ਹੈ ਤੇ ਸਮਾਜ ਤੋਂ ਵੀ। ਅਜੋਕੀ ਸੱਤਾ ਨੂੰ ਅਜਿਹੀ ਫ਼ਿਲਾਸਫ਼ੀ ਬੜੀ ਰਾਸ ਆਉਂਦੀ ਹੈ।

ਰਜਨੀਸ਼ ਕਿਸੇ ਸਮਾਜਿਕ ਸੰਸਥਾ, ਰਾਜਨੀਤੀ, ਸਰਕਾਰ ਵਿੱਚ ਵਿਸ਼ਵਾਸ ਨਹੀਂ ਰੱਖਦਾ ਉਹ ਕੇਵਲ ‘ਵਿਅਕਤੀ’ ਵਿੱਚ ਵਿਸ਼ਵਾਸ ਰੱਖਦਾ ਹੈ, ਜੋ ‘ਕੱਲਾ ਚਣਾ ਬਣ ਕੇ ਰਹਿ ਜਾਂਦਾ ਹੈ ਤੇ ਭਾੜ ਵੀ (ਅਕੇਲਾ ਚਣਾ ਭਾੜ ਨਹੀਂ ਫੋੜ ਸਕਤਾ ਤੋਂ ਭਾਵ ਹੈ) ਨਹੀਂ ਫੋੜ ਸਕਦਾ। ਉਹ ਹਿੱਕ ਠੋਕ ਕੇ ਇਹ ਕਹਿੰਦਾ ਹੈ ਕਿ ਉਹ ਦੁਨੀਆਂ ਦਾ ਇਕੋ ਇੱਕ ਬੰਦਾ ਹੈ ਜੋ ਸਰਮਾਏਦਾਰੀ ਦੇ ਹੱਕ ਵਿੱਚ ਬੋਲਦਾ ਹੈ। ਇਹ ਸੱਚ ਵੀ ਹੈ। ਉਹ ਨੰਗੇ ਚਿੱਟੇ ਰੂਪ ਵਿੱਚ ਸਰਮਾਏਦਾਰੀ ਦੇ ਨੁਮਾਇੰਦਿਆਂ ਵਲੋਂ ਬਣਾ ਕੇ ਦਿੱਤੇ ਕਮਿਊਨਾਂ ਦੀਆਂ ਸਾਰੀਆਂ ਸੁਖ ਸੁਵਿਧਾਵਾਂ ਭੋਗਦਾ ਹੈ।

ਸਰਮਾਏਦਾਰੀ ਦੇ ਹੱਕ ਵਿੱਚ ਭੁਗਤਣਾ ਤੇ ਮਾਰਕਸਵਾਦ ਦੇ ਖਿਲਾਫ਼ ਹੋਣਾ ਇਸੇ ਸੰਦਰਭ ਵਿੱਚ ਸਮਝ ਆਉਣ ਵਾਲਾ ਤੱਥ ਹੈ। ਉਹ ਹਮੇਸ਼ਾਂ ਕੁਤਰਕਾਂ ਨਾਲ ਹੀ ਮਾਰਕਸਵਾਦ ਦੇ ਖਿਲਾਫ਼ ਬੋਲਦਾ ਰਿਹਾ ਹੈ। ਜਿਵੇਂ ਉਹ ਇਨਕਲਾਬਾਂ ਦੇ ਹੱਕ ਵਿੱਚ ਨਹੀਂ ਕਿਉਂਕਿ ਸਾਰੇ ਇਨਕਲਾਬ ਫੇਲ੍ਹ ਹੋਏ। ਅਸਲ ਵਿੱਚ ਉਹ ਇਤਿਹਾਸ ਨੂੰ ਹਮੇਸ਼ਾਂ ਨਕਾਰ ਕੇ ਚੱਲਦਾ ਹੈ। ਪਰ ਜੇ ਇਤਿਹਾਸਕ ਦ੍ਰਿਸ਼ਟੀ ਨੂੰ ਧਿਆਨ ਵਿੱਚ ਰੱਖੀਏ ਤਾਂ ਇਨਕਲਾਬ ਇੱਕ ਇਤਿਹਾਸਕ ਪ੍ਰਕ੍ਰਿਆ ਹੈ। ਉਸਦੀਆਂ ਪ੍ਰਾਪਤੀਆਂ ਤੋਂ ਬਾਅਦ ਜਦੋਂ ਸਿਸਟਮ ਵਿੱਚ ਖਰਾਬੀਆਂ ਆਉਂਦੀਆਂ ਹਨ ਤਾ ਨਵੇਂ ਇਨਕਲਾਬ ਦੀ ਲੋੜ ਪੈਂਦੀ ਹੈ। ਪਰ ਰਜਨੀਸ਼ ਹਮੇਸ਼ਾਂ ਉਲਟ ਇਨਕਲਾਬ ਨਾਲ ਖੜ੍ਹਿਆ ਹੈ। ਇਸ ਲਈ ਉਹ ਅਖੀਰਲੇ ਦਿਨਾਂ ਵਿੱਚ ਗੋਰਬਾਚੋਵ ਦੇ ਹੱਕ ਵਿੱਚ ਭੁਗਤਦਾ ਹੈ। ਉਸ ਅਨੁਸਾਰ ਅਮੀਰਾਂ ਨੂੰ ਖ਼ਤਮ ਕਰਕੇ ਸਮਾਜਵਾਦ ਗਰੀਬੀ ਵੰਡਦਾ ਹੈ। ਪਰ ਕਦੇ ਵੀ ਉਸਨੇ ਸਮਾਜਵਾਦ ਦੀਆਂ ਪ੍ਰਾਪਤੀਆਂ ਵੱਲ ਧਿਆਨ ਨਹੀਂ ਦਿੱਤਾ। ਦੇਵੇ ਵੀ ਕਿਉਂ? ਆਮ ਲੋਕਾਂ ਦਾ ਪੱਧਰ ਉੱਚਾ ਹੋਵੇਗਾ ਤਾਂ ਉਸ ਵਰਗੇ ‘ਦਲਾਲ’ ਦਾ ਕੀ ਬਣੇਗਾ। ਉਹ ਤਾਂ ਅਜਿਹੇ ਘਟੀਆ ਇਲਜ਼ਾਮਾਂ ਤੱਕ ਵੀ ਪਹੁੰਚ ਜਾਂਦਾ ਹੈ ਕਿ ਲੈਨਿਨ ਦਾ ਕਤਲ ਸਟਾਲਿਨ ਨੇ ਕਰਵਾਇਆ। ਅਜਿਹੀਆਂ ਬੇਥਵੀਆਂ ਦਲੀਲਾਂ ਨਾਲ ਉਹ ਸਭ ਤੋਂ ਵੱਧ ‘ਪੜ੍ਹੇ ਲਿਖੇ’ ਕਮਿਊਨ ਨੂੰ ਲਗਾਤਾਰ ਸੰਬੋਧਨ ਕਰਦਾ ਹੈ, ਪਰ ਉਹ ਸਾਰੇ ‘ਡੁੰਨ’ ਬਣੇ ਸੁਣਦੇ ਰਹੇ ਹਨ।

ਉਸਦੇ ਚੇਲੇ ਇੰਨੇ ਸਿਆਣੇ ਹਨ ਕਿ ਉਨ੍ਹਾਂ ਸਾਹਮਣੇ ਉਹ ਪੰਜ ਕਕਾਰਾਂ ਦੀ ਗੱਲ ਨੂੰ ਗੁਰੂ ਨਾਨਕ ਨਾਲ ਜੋੜ੍ਹ ਦਿੰਦਾ ਹੈ ਪਰ ਇਨ੍ਹਾਂ ਦੀ ਸਿਹਤ `ਤੇ ਕੋਈ ਅਸਰ ਨਹੀਂ ਹੁੰਦਾ। ਇੱਥੋਂ ਤੱਕ ਕਿ ਉਸਦੇ ਲੈਕਚਰਾਂ ਨੂੰ ਛਾਪਣ ਸਮੇਂ ਵੀ ਉਸਦੀ ਸੁਧਾਈ ਨਹੀਂ ਕੀਤੀ ਜਾਂਦੀ। ਇਸ ਸਾਰੇ ਨੂੰ ਪੜ੍ਹਕੇ ਸਾਡੇ ਜਿਹੇ ਪਾਠਕਾਂ ਦਾ ਮੋਹ ਭੰਗ ਹੋਣਾ ਸੁਭਾਵਿਕ ਹੈ। ਜਦੋਂ ਉਹ ਕਿਸੇ ਦੀ ਵੀ ਕਹੀ ਹੋਈ ਗੱਲ ਨੂੰ ਕਿਸੇ ਹੋਰ ਦੇ ਮੂੰਹ ਵਿੱਚ ਪਾਉਂਦਾ ਹੈ ਤਾਂ, ਸੱਚਮੁੱਚ ਹੀ ਬੜਾ ਭੱਦਾ ਲੱਗਦਾ ਹੈ।

ਕਈ ਲੋਕ ਵਿਸ਼ੇਸ਼ ਤੌਰ `ਤੇ ਪਦਾਰਥਵਾਦੀ, ਰਜਨੀਸ਼ ਨੂੰ ਇਸ ਲਈ ਬੜਾ ਸਰਾਹੁੰਦੇ ਹਨ ਕਿ ਉਹ ਧਰਮਾਂ ਦੇ ਖਿਲਾਫ਼ ਹੈ। ਪਰ ਉਹ ਇਹ ਨਹੀਂ ਜਾਣਦੇ ਕਿ ਧਰਮਾਂ ਨੂੰ ਵਿਗਿਆਨਕ ਦ੍ਰਿਸ਼ਟੀ ਤੋਂ ਪਰਖਣਾ ਇੱਕ ਗੱਲ ਹੈ, ਪਰ ਉਨ੍ਹਾਂ ਦੇ ਖਿਲਾਫ਼ ਤਰਕਹੀਣ ‘ਬਕਵਾਸ’ ਕਰਨਾ ਦੂਜੀ ਗੱਲ ਹੈ। ਜਦੋਂ ਰਜਨੀਸ਼ ਹਿੰਦੂ, ਧਰਮ ਤੋਂ ਲੈ ਕੇ ਸਿੱਖ ਧਰਮ ਤੱਕ ਦਾ ਮਜ਼ਾਕ ਉਡਾਉਂਦਾ ਹੈ ਤਾਂ ਕੋਈ ਵੀ ਉਹ ਖੁਸ਼ ਹੋ ਸਕਦਾ ਹੈ ਜੋ ਧਰਮ ਨੂੰ ਪ੍ਰਵਾਨ ਨਹੀਂ ਕਰਦਾ, ਪਰ ਉਸਦੇ ਤਰਕਾਂ ਦਾ ਕੀ ਕਰੋਗੇ? ਈਸਾ ਇਸ ਲਈ ਉਸਦੀਆਂ ਨਜ਼ਰਾਂ ਵਿੱਚ ਮਾੜਾ ਹੈ ਕਿ ਉਹ ਕਿਰਤੀ ਹੈ। ਉਸਦੇ ਪਿਆਰ ਕਰਨ ਨੂੰ ਵੀ ਮਜ਼ਾਕ ਵਿੱਚ ਉਡਾਉਣ ਦਾ ਯਤਨ ਕਰਦਾ ਹੈ। ਗਾਂਧੀ ਦੇ ਖਿਲਾਫ਼, ਸਿੱਖਾਂ ਦੇ ਖਿਲਾਫ਼, ਅੰਬੇਡਕਰ ਦੇ ਖਿਲਾਫ਼, ਰਾਧਾ ਸੁਆਮੀਆਂ ਦੇ ਖਿਲਾਫ਼, ਕੁਰਾਨ ਦੇ ਖਿਲਾਫ਼ ਯਾਨੀ ਹਰ ਧਰਮ ਦੇ ਖਿਲਾਫ਼ ਉਹ ਪੂਰੇ ਜ਼ੋਰ ਨਾਲ ਬੋਲਦਾ ਹੈ। ਜਿਵੇਂ ਕੁਰਾਨ ਨੂੰ ‘ਕੂੜਾ ਕਰਕਟ’ ਕਹਿੰਦਾ ਹੈ। ਪਰ ਇਸਦਾ ਤਰਕ ਕੋਈ ਨਹੀਂ। ਅਜਿਹੇ ਆਦਮੀ ਨੂੰ ਅਰਾਜਕਤਾਵਾਦੀ ਹੀ ਕਿਹਾ ਜਾ ਸਕਦਾ, ਜੋ ਆਪਣੀ ਮੰਨਦਾ ਹੈ ਤੇ ਇਸ ਉੱਪਰ ਉਸਨੂੰ ਮਾਣ ਵੀ ਹੈ।

ਮੂਲ ਰੂਪ ਵਿੱਚ ਰਜਨੀਸ਼ ਨਾਸਤਿਕ ਹੈ। ਪਦਾਰਥਵਾਦੀਆਂ ਨੂੰ ਤੇ ਕਈ ਮਾਰਕਸਵਾਦੀਆਂ ਨੂੰ ਵੀ ਉਸਦਾ ਇਹ ਗੁਣ ਆਪਣੇ ਵੱਲ ਆਕਰਸ਼ਿਤ ਕਰਦਾ ਹੈ। ਪਰ ਸਵਾਲ ਇਹ ਹੈ ਕਿ ਨਾਸਤਿਕ ਹੋਣਾ ਹੀ ਬੰਦੇ ਦੀ ਨਿਸ਼ਾਨੀ ਹੈ। ਕੀ ਸਮਾਜ ਸੁਧਾਰ ਦੀ ਲੋੜ ਨਹੀਂ। ਕੀ ਉਸਦਾ ਸੰਭੋਗ ਤੋਂ ਸਮਾਧੀ ਤੱਕ ਉਦੇਸ਼ ਹੋਣਾ ਚਾਹੀਦਾ ਹੈ? ਕੀ ਅਜਿਹਾ ਆਦਮੀ ਇਨਕਲਾਬ ਕਰ ਸਕਦਾ ਹੈ? ਕੀ ਰਜਨੀਸ਼ ਦੀਆਂ ਸਾਰੀਆਂ ‘ਕੁੰਠਾਵਾਂ’ ਉਨ੍ਹਾਂ ਨੂੰ ਮਨਜ਼ੂਰ ਹਨ? ਕੀ ਪਰਿਵਾਰ ਤੱਕ ਉਨ੍ਹਾਂ ਨੂੰ ਲੋੜ ਨਹੀਂ? ਰਜਨੀਸ਼ ਇੱਕ ਥਾਂ ਕਹਿੰਦਾ ਹੈ ਕਿ ਉਸਦੀ ਕਿਸੇ ਚੇਲੀ ਨੇ ਇਹ ਸ਼ਿਕਾਇਤ ਲਿਖੀ ਕਿ ਉਸਨੇ ਉਸਨੂੰ ਸੰਕਟ ਵਿੱਚ ਪਾ ਦਿੱਤਾ ਹੈ। ਉਸਨੇ ਆਪਣੇ ਪੁੱਤਰ ਸਾਹਮਣੇ ਉਸ ਨਾਲ ਸੰਭੋਗ ਕੀਤਾ ਤਾਂ ਪੁੱਤਰ ਵੀ ਪਿਓ ਵਾਲੀ ਪ੍ਰਕ੍ਰਿਆ ਦੁਹਰਾਉਣ ਦੀ ਜ਼ਿਦ ਕਰਦਾ ਹੈ। ਭਾਸ਼ਣ ਵਿੱਚ ਅਗਾਂਹ ਚੁੱਪ ਸਾਧ ਲਈ ਗਈ ਹੈ, ਪਰ ਸਪੱਸ਼ਟ ਹੈ ਕਿ ਰਜਨੀਸ਼ ਅਜਿਹੀ ਨੈਤਿਕਤਾ ਹੀ ਸਿਰਜ ਰਿਹਾ ਸੀ। ਰਜਨੀਸ਼ ਨੇ ਸਾਰੀ ਉਮਰ ਵਿਆਹ ਨਹੀਂ ਕਰਵਾਇਆ। ਉਹ ਵਿਆਹ ਬਾਹਰੇ ਸੈਕਸ ਨਾਲ ਹੀ ਸਾਰੀ ਉਮਰ ਬਤੀਤ ਕਰਦਾ ਰਿਹਾ ਹੈ। ਕੀ ਅਜਿਹਾ ਹੀ ਸਮਾਜ ਉਸਾਰਨ ਦੀ ਲੋੜ ਹੈ? ਕਈ ਥਾਂ ਇਉਂ ਲੱਗ ਸਕਦਾ ਹੈ ਕਿ ਰਜਨੀਸ਼ ਔਰਤ ਨੂੰ ਆਜ਼ਾਦੀ ਦੇਣ ਦੇ ਹੱਕ ਵਿੱਚ ਹੈ, ਪਰ ਕਿਹੀ ਆਜ਼ਾਦੀ? ਜਿਸ ਤਰ੍ਹਾਂ ਦੀ ਉੱਪਰ ਵਰਣਿਤ ਕੀਤੀ ਗਈ ਹੈ। ਅਸਲ ਵਿੱਚ ਉਹ ਬੰਦਿਆਂ ਨੂੰ ‘ਇਨਲਾਈਟਨ’ ਕਰਨ ਦਾ ਸਾਧਨ ਮਾਤਰ ਹੀ ਬਣਦੀਆਂ ਹਨ। ਇੱਕ ਥਾਂ ਤੇ ਤਾਂ ਉਹ ਇਹ ਵੀ ਕਹਿ ਜਾਂਦਾ ਹੈ ਕਿ ਮਰਦ ਦੀ ਤਾਕਤ ਉੱਪਰ ਵੱਲ ਨੂੰ ਜਾਂਦੀ ਹੈ ਜਦਕਿ ਔਰਤ ਦੀ ਸ਼ਕਤੀ ਹੇਠਾਂ ਵੱਲ ਨੂੰ ਜਾਂਦੀ ਹੈ, ਇਸੇ ਲਈ ਉਸਦੇ ਵਿਕਾਸ ਵਿੱਚ ਰੁਕਾਵਟ ਆਉਂਦੀ ਹੈ। ਸਮੁੱਚੇ ਤੌਰ `ਤੇ ਦੇਖੀਏ ਤਾਂ ਰਜਨੀਸ਼ ਸਮੁੱਚੀ ਮਨੁੱਖੀ ਸਖਸ਼ੀਅਤ ਨੂੰ ‘ਧਿਆਨ’ ਤੱਕ ਸੀਮਤ ਕਰ ਦਿੰਦਾ ਹੈ। ਅਜਿਹੀ ਧਿਆਨਵਾਦੀ ਸਖਸ਼ੀਅਤ ਆਪਣਾ ਤਾਂ ਭਾਵੇਂ ਕੁੱਝ ਸੁਆਰਦੀ ਹੋਵੇ, ਦੂਸਰਿਆਂ ਦਾ ਕੁੱਝ ਵੀ ਨਹੀਂ ਸਵਾਰ ਸਕਦੀ। ਸਮਾਜ ਦਾ ਤਾਂ ਬਿਲਕੁਲ ਹੀ ਨਹੀਂ।

ਨਾਸਤਿਕ ਰਜਨੀਸ਼ ‘ਪੁਨਰ ਜਨਮ’ ਦੀ ਖੂਬ ਪ੍ਰਸੰਸਾ ਹੀ ਨਹੀਂ ਕਰਦਾ ਸਗੋਂ ਆਪਣੇ ਅਗਲੇ ਪਿਛਲੇ ਜਨਮਾਂ ਦੀਆਂ ਮਨਘੜਤ ਬਾਤਾਂ ਵੀ ਸੁਣਾਉਂਦਾ ਹੈ। ਇੱਥੇ ਉਹ ਇੱਕ ਦਮ ਤਰਕਹੀਣ ਤੇ ਗ਼ੈਰ ਵਿਗਿਆਨਕ ਹੋ ਜਾਂਦਾ ਹੈ। ਹੁਣੇ ਜਿਹੇ ਆਏ ‘ਓਸ਼ੋ ਟਾਈਮਜ਼’ ਵਿੱਚ ਉਸਦੇ ਪਿੱਛਲੇ ਸੈਂਕੜੇ ਜਨਮਾਂ ਦੀਆਂ ਗੱਲਾਂ ਕੀਤੀਆਂ ਗਈਆਂ ਹਨ। ਉਹ ਆਪਣੇ ਆਪ ਨੂੰ ਸੁਕਰਾਤ ਨਾਲ ਜੋੜਦਾ ਹੈ।

ਅਸਲ ਵਿੱਚ ਰਜਨੀਸ਼ ਵਿੱਚ ‘ਆਤਮਘਾਤੀ’ ਪ੍ਰਵਿਰਤੀਆਂ ਹਮੇਸ਼ਾਂ ਹਾਵੀ ਰਹੀਆਂ ਹਨ। ‘ਸੰਭੋਗ ਤੋਂ ਸਮਾਧੀ ਤੱਕ’ ਦੇ ਅੰਤ ਉੱਪਰ ਉਸਦਾ ਬਾਰ ਬਾਰ ਇਹ ਕਹਿਣਾ ਹੈ ਕਿ ਮੈਨੂੰ ਕੋਈ ਮਾਰੇ ਤਾਂ ਸਹੀ ਮੈਂ ਅਮਰ ਹੋ ਜਾਵਾਂਗਾ; ਸੁਕਰਾਤ ਤੇ ਗਾਂਧੀ ਵਾਂਗ - ਉਸਦੀ ਇਸ ਪ੍ਰਕ੍ਰਿਤੀ ਦੀ ਉਦਾਹਰਣ ਹੈ। ਕਿਸੇ ਧਰਮ ਨੇ ਉਸਨੂੰ ਨਹੀਂ ਮਾਰਿਆ ਭਾਵੇਂ ਉਸਨੇ ਹਰੇਕ ਨੂੰ ਗਾਲ੍ਹਾਂ ਕੱਢੀਆਂ। ਗਾਂਧੀ ਦੇ ਚੇਲਿਆਂ ਨੇ, ਅਮਰੀਕੀ ਰਾਸ਼ਟਰਪਤੀ ਦੇ ਹਮਾਇਤੀਆਂ ਨੇ ਵੀ ਉਸਦੀ ਇਹ ਇੱਛਾ ਪੂਰੀ ਨਹੀਂ ਕੀਤੀ। ਕੁੱਝ ਦੇ ਕਹਿਣ ਅਨੁਸਾਰ ਉਹ ਏਡਜ਼ ਨਾਲ ਮਰਿਆ, ਪਰ ਉਸਦੇ ਚੇਲੇ ਉਸਨੂੰ ਸੁਕਰਾਤ ਬਣਾਉਣ ਤੇ ਤੁਲੇ ਹੋਏ ਹਨ, ਜਿਨ੍ਹਾਂ ਅਨੁਸਾਰ ਉਸਨੂੰ ‘ਸਲੋਅ ਪਾਇਜ਼ਨ’ ਦਿੱਤਾ ਗਿਆ। ਦੇਖੀਏ ਚੇਲੇ ਉਸਨੂੰ ਅਜਿਹੀ ਪਦਵੀ ਦਿਵਾਉਣ ਵਿੱਚ ਕਾਮਯਾਬ ਹੁੰਦੇ ਹਨ ਕਿ ਨਹੀਂ! ! ਜੇ ਅਜਿਹਾ ਹੋ ਜਾਵੇ ਤਾਂ ਉਸਦੀ ਪਹਿਲੀ ਤੇ ਆਖ਼ਰੀ ਖਾਹਿਸ਼ ਪੂਰੀ ਹੋ ਜਾਵੇਗੀ।

ਉਪਰੋਕਤ ਵਿਚਾਰਾਂ ਨੂੰ ਜੇ ਹਮੇਸ਼ਾਂ ਉਸਦੀਆਂ ਲਿਖਤਾਂ ਦੇ ਪ੍ਰਸੰਗ ਵਿੱਚ ਵਿਚਾਰੀਏ ਤਾਂ ਵਧੇਰੇ ਚਾਨਣ ਹੁੰਦਾ ਹੈ। ਪਹਿਲਾਂ ਉਸਦੇ ਸਭ ਤੋਂ ਪਿਆਰੇ ਵਿਸ਼ੇ ਨੂੰ ਹੀ ਲਈਏ। ਸਮਾਜਵਾਦ ਤੇ ਸਮਾਜਵਾਦ ਦੇ ਪੈਰੋਕਾਰਾਂ ਬਾਰੇ ਉਹ ਹਰ ਥਾਂ ਇੱਕੋ ਜਿਹੇ ਤਰਕ ਹੀ ਦਿੰਦਾ ਹੈ।

“ਹਾਂ ਸਾਰੇ ਇਨਕਲਾਬ ਫੇਲ੍ਹ ਹੋਏ ਉਨ੍ਹਾਂ ਦੀ ਪ੍ਰਕ੍ਰਿਤੀ ਹੀ ਅਜਿਹੀ ਹੈ ਕਿ ਉਹ ਸਫ਼ਲ ਨਹੀਂ ਹੋ ਸਕਦੇ। ਇਸ ਲਈ ਮੈਂ ਇਨਕਲਾਬ ਦੇ ਹੱਕ ਵਿੱਚ ਨਹੀਂ। (ਰਜਨੀਸ਼ ਬਾਈਬਲ ਭਾਗ 4, ਪੰਨਾ 914 ਅਗਾਂਹ ਵੀ ਮੈਂ ਇਸੇ ਭਾਗ ਵਿਚੋਂ ਰਜਨੀਸ਼ ਨੂੰ ਕੋਟ ਕਰਾਂਗਾ) ਇਹ ਹਮੇਸ਼ਾ ਹੁੰਦਾ ਹੈ ਇਸੇ ਲਈ ਮੈਂ ਇਨਕਲਾਬ ਦੇ ਹੱਕ ਵਿੱਚ ਨਹੀਂ ਹਾਂ। ਮੈਂ ਵਿਦਰੋਹੀ ਦੇ ਹੱਕ ਵਿੱਚ ਹਾਂ। ਵਿਦਰੋਹੀ ਕੇਵਲ ਵਿਅਕਤੀ ਹੁੰਦਾ ਹੈ।” (ਪੰਨਾ 886) ਜੇ ਸਮੂਹਿਕ ਇਨਕਲਾਬ ਸਫ਼ਲ ਨਹੀਂ ਹੋਏ ਤਾਂ ‘ਵਿਦਰੋਹੀ’ ਕੀ ਚੰਦ ਚਾੜ੍ਹੇਗਾ, ਸਵਾਇ; ਲੈਕਚਰ ਦੇਣ ਦੇ! ! ਰੂਸੀ ਇਨਕਲਾਬ ਬਾਰੇ ਉਸਦੇ ਵਿਚਾਰ ਹਨ ਜੋ ਉਸਨੇ ਬਾਰ ਬਾਰ ਦੁਹਰਾਏ ਹਨ, “ਦੋ ਪ੍ਰਤੀਸ਼ਤ ਲੋਕਾਂ ਦੀ ਥੋੜ੍ਹੀ ਜਿਹੀ ਦੌਲਤ ਨੂੰ 98% ਜਨਤਾ ਵਿੱਚ ਵੰਡੇ ਜਾਣ ਨਾਲ ਕੋਈ ਵੀ ਅਮੀਰ ਨਹੀਂ ਹੋਇਆ। ਸਾਰੇ ਬਰਾਬਰ ਦੇ ਗਰੀਬ ਜ਼ਰੂਰ ਹੋ ਗਏ।” (ਪੰਨਾ-879) ਇਸ ਬਾਰੇ ਵਿਸਤਾਰ ਸਹਿਤ ਟਿੱਪਣੀ ਅਸੀਂ ਪੁਸਤਕ ਵਿੱਚ ਪ੍ਰਸੰਗ ਅਨੁਸਾਰ ਦਿੱਤੀ ਹੈ। ਵੈਸੇ ਉਸਦੇ ਤਰਕ ਦਾ ਸਤਹੀਪਣ ਉਂਝ ਹੀ ਸਾਹਮਣੇ ਹੈ। ਮੋਟੇ ਤੌਰ `ਤੇ ਉਹ ਦੋ ਪ੍ਰਤੀਸ਼ਤ ਲੋਕਾਂ ਨਾਲ ਖੜ੍ਹਾ ਨਜ਼ਰ ਆਉਂਦਾ ਹੈ। ਉਸਦੇ ਇਰਾਦੇ ਨੇਕ ਨਹੀਂ ਇਸੇ ਲਈ ਉਹ ਕਮਿਊਨਿਜ਼ਮ ਨੂੰ ‘ਈਰਖਾ’ ਤੱਕ ਸੀਮਤ ਕਰ ਦਿੰਦਾ ਹੈ, ਭਾਵੇਂ ਉਸਦੇ ਕਿਹਾਂ ਅਜਿਹਾ ਹੋਣਾ ਸੰਭਵ ਨਹੀਂ। ਪਰ ਉਹ ਆਪਣੇ ਵਲੋਂ ਕੋਈ ਕਸਰ ਨਹੀਂ ਛੱਡਦਾ, “ਇਸ ਵਿਚਾਰ ਨੂੰ ਪ੍ਰਵਾਨ ਕਰਨਾ ਬੜਾ ਸੌਖਾ ਹੈ ਕਿ ਕੋਈ ਵੀ ਤੁਹਾਡੇ ਤੋਂ ਉੱਚਾ ਨਹੀਂ, ਪਰੰਤੂ ਇਹ ਵਿਦਰੋਹ ਨਹੀਂ ਸਗੋਂ ਸਾੜਾ ਹੈ। ਕਮਿਊਨਿਜ਼ਮ ਵਿਦਰੋਹ ਨਹੀਂ, ਈਰਖਾ ਹੈ।” (ਪੰਨਾ 878) ਉਸਦਾ ਇੱਕ ਹੋਰ ਤਰਕ, “ਕਮਿਊਨਿਜ਼ਮ ਦਾ ਵਿਚਾਰ ਮਾੜਾ ਨਹੀਂ ਹੈ, ਕਿ ਹਰੇਕ ਪਾਸ ਵਿਕਸਤ ਹੋਣ ਦੇ ਬਰਾਬਰ ਮੌਕੇ ਹੋਣੇ ਚਾਹੀਦੇ ਹਨ, ਅਤੇ ਹਰੇਕ ਵਿਅਕਤੀ ਦੀਆਂ ਲੋੜਾਂ ਪੂਰੀਆਂ ਹੋਣੀਆਂ ਚਾਹੀਦੀਆਂ ਹਨ। ਇਸ ਵਿੱਚ ਗਲਤੀ ਇਹ ਹੈ ਕਿ ਕੀ ਇਸ ਲਈ ਪੂਰੀ ਦੁਨੀਆਂ ਨੂੰ ਤਬਾਹ ਕੀਤਾ ਜਾਵੇ? ਫਿਰ ਇਹ ਕੇਵਲ ਵਿਚਾਰ ਹੈ ਕਿਤੇ ਵੀ ਇਸ ਵਿਚਾਰ ਨੂੰ ਅਮਲੀ ਜਾਮਾ ਨਹੀਂ ਪਹਿਨਾਇਆ ਗਿਆ। ਨਾ ਰੂਸ ਵਿੱਚ ਨਾ ਚੀਨ ਵਿੱਚ ਅਤੇ ਨਾ ਕਿਤੇ ਹੋਰ।” (ਪੰਨਾ 817) ਇੱਥੇ ਦੋ ਪ੍ਰਤੀਸ਼ਤ ਦੀ ਤਬਾਹੀ ਰਜਨੀਸ਼ ਨੂੰ ‘ਪੂਰੀ ਦੁਨੀਆਂ ਦੀ ਤਬਾਹੀ’ ਨਜ਼ਰ ਆਉਣ ਲੱਗ ਪਈ ਹੈ। ਉਸਦਾ ਤਰਕ ਹਾਸੋਹੀਣੇ ਪੱਧਰ ਤੱਕ ਪਹੁੰਚ ਜਾਂਦਾ ਹੈ, ਜਿੱਥੇ ਉਸਦੀ ਮਨਸ਼ਾ ਵੀ ਨੰਗੀ- ਚਿੱਟੀ ਸਾਹਮਣੇ ਆ ਜਾਂਦੀ ਹੈ। ਪ੍ਰੋਲੇਤਾਰੀਆ ਦੀ ਡਿਕਟੇਟਰਸ਼ਿਪ ਬਾਰੇ ਉਸਦੇ ਤਰਕ ‘ਕਮਾਲ’ ਦੇ ਹਨ “ਮਾਰਕਸ ਨੇ ਪ੍ਰੋਲੇਤਾਰੀ (ਗਰੀਬਾਂ) ਦੀ ਡਿਕਟੇਟਰਸ਼ਿਪ ਦਾ ਸੁਝਾਅ ਦਿੱਤਾ। ਬੜਾ ਮੂਰਖ਼ਾਨਾ ਸੁਝਾਅ ਹੈ। ਉਹ ਗਰੀਬ ਹਨ ਜੇ ਉਹ ਸੱਤਾ ਵਿੱਚ ਆ ਗਏ ਤਾਂ ਉਹ ‘ਹਰ ਕਿਸੇ’ ਨੂੰ ਗਰੀਬ ਬਣਾ ਦੇਣਗੇ। ਉਹ ਹੋਰ ਕਰ ਵੀ ਕੀ ਸਕਦੇ ਹਨ?” (ਪੰਨਾ 1023) ਜਿਵੇਂ ਰੂਸ ਵਿੱਚ ਹਰ ਇੱਕ ਨੂੰ ਗਰੀਬੀ ਤੋਂ ਸਿਵਾ ਕੁੱਝ ਨਾ ਮਿਲਿਆ ਹੋਵੇ ਜਾਂ ਹੋਰਨਾਂ ਸਮਾਜਵਾਦੀ ਦੇਸ਼ਾਂ ਨੇ ਲੋਕਾਂ ਦੀ ਹੋਣੀ ਨੂੰ ਬਦਲਣ ਵਿੱਚ ਕੋਈ ਕੰਮ ਹੀ ਨਾ ਕੀਤਾ ਗਿਆ ਹੋਵੇ? ਅਸਲ ਚਿੰਤਾ ‘ਹੋਰ ਕਿਸੇ’ (ਦੋ ਪ੍ਰਤੀਸ਼ਤ) ਦੀ ਹੈ। ਬਾਕੀਆਂ ਦੀ ਚਿੰਤਾ ਉਹ ਕਰੇ ਵੀ ਕਿਉਂ?

ਰਜਨੀਸ਼ ਨੇ ਕਦੇ ਵੀ ਸਮਾਜ ਨੂੰ ਸਮਝਣ ਦਾ ਯਤਨ ਨਹੀਂ ਕੀਤਾ ਹਾਂ ਕੁੱਝ ਗੱਲਾਂ ਲੈ ਉਸਦਾ ਮਜ਼ਾਕ ਜ਼ਰੂਰ ਉਡਾਇਆ ਹੈ। ਜਿਵੇਂ ਉਹ ਪਤਨੀ ਨੂੰ ਜਾਬਰ ਤੇ ਮਰਦ ਨੂੰ ਰੰਨ- ਮੁਰੀਦ ਹੀ ਪੇਸ਼ ਕਰਦਾ ਹੈ। ਉਸਦੀ ਸਮਾਜ ਪ੍ਰਤੀ ਸਮਝ ਕਿੰਨੀ ਡੂੰਘੀ ਹੈ ਉਸਦੇ ਇਸ ਕਥਨ ਤੋਂ ਸਾਫ਼ ਹੋ ਜਾਵੇਗਾ। “ਭਾਰਤ ਵਰਗੇ ਦੇਸ਼ ਵਿੱਚ ਏਡਜ਼ ਵਰਗੀ ਬੀਮਾਰੀ ਨਹੀ ਵਾਪਰ ਸਕਦੀ, ਇਹ ਅਸੰਭਵ ਹੈ। ਸਿਰਫ ਇਸ ਕਾਰਣ ਨੂੰ ਲੋਕ ਸਿਰਫ ਆਪਣੀ ਪਤਨੀ ਨੂੰ ਹੀ ਜਾਣਦੇ ਹਨ ਜਾਂ ਫਿਰ ਸਾਰੀ ਉਮਰ ਆਪਣੇ ਪਤੀ ਨੂੰ ਪਹਿਚਾਣਦੇ ਹਨ। ਉਨ੍ਹਾਂ ਨੂੰ ਆਪਣੇ ਗੁਆਂਢੀ ਦੀ ਪਤਨੀ ਦੀ ਭਾਵਨਾ ਬਾਰੇ ਹੀ ਚਿੰਤਾ ਰਹਿੰਦੀ ਹੈ, ਪਰੰਤੂ ਇਹ ਚਿੰਤਾ ਸਿਰਫ਼ ਚਿੰਤਾ ਹੀ ਰਹਿ ਜਾਂਦੀ ਹੈ। ਇਸ ਵਿੱਚ ਵਿਕ੍ਰਿਤੀ ਦੀ ਕੋਈ ਸੰਭਾਵਨਾ ਨਹੀਂ ਹੈ। (ਪੰਨਾ 841) ਜੇ ਅਜਿਹਾ ਹੈ ਤਾਂ ਥੋੜ੍ਹੇ ਚਿਰ ਵਿੱਚ ਹੀ ਭਾਰਤ ਵਿੱਚ ਏਡਜ਼ ਦੇ ਰੋਗੀ ਸਭ ਤੋਂ ਵਧੇਰੇ ਕਿਵੇਂ ਹੋ ਗਏ। ਜੋ ਆਮ ਲੋਕ ਪਿੰਡਾਂ ਸ਼ਹਿਰਾਂ ਵਿੱਚ ਜ਼ਿੰਦਗੀ ਜਿਉਂਦੇ ਹਨ, ਉਨ੍ਹਾਂ ਨੂੰ ਇਸ ਗੱਲ ਦਾ ਪਤਾ ਹੈ ਕਿ ਅੰਦਰ ਖ਼ਾਤੇ ਵਿਆਹ ਬਾਹਰੇ ਕਰੋੜਾਂ ਲੋਕਾਂ ਦੇ ਸੰਬੰਧ ਹਨ। ਵਿਆਹ ਤੋਂ ਪਹਿਲਾਂ ਦੇ ਇਹ ਸੰਬੰਧ ਹੋਰ ਵੀ ਵਿਕ੍ਰਿਤ ਹਨ। ਪਰ ‘ਭਗਵਾਨ’ ਜੋ ‘ਧਿਆਨ’ ਨਾਲ ਪਿਛਲੇ ਅਗਲੇ ਜਨਮ ਵੇਖ ਸਕਦਾ ਹੈ, ਉਸਨੂੰ ਇਨ੍ਹਾਂ ਰਿਸ਼ਤਿਆਂ ਦਾ ਗਿਆਨ ਤੱਕ ਨਹੀਂ। ਹੈ ਨਾ ਕਮਾਲ? !

ਅਸਲ ਵਿੱਚ ਨਾ ਤਾਂ ਰਜਨੀਸ਼ ਖੁਦ ਸਮਾਜ ਬਾਰੇ ਚਿੰਤਿਤ ਹੈ ਤੇ ਨਾ ਹੀ ਉਹ ਆਪਣੇ ਚੇਲਿਆਂ ਨੂੰ ਚਿੰਿਤਤ ਹੋਣ ਦੇਣਾ ਚਾਹੁੰਦਾ ਹੈ। ਉਹ ਤਾਂ ਘੋਰ-ਵਿਅਕਤੀਵਾਦੀ ਮਨੁੱਖ ਪੈਦਾ ਕਰਨਾ ਚਾਹੁੰਦਾ ਹੈ ਜੋ ਸਰਮਾਏਦਾਰੀ ਨਿਜ਼ਾਮ ਦੇ ਵੀ ਐਨ ਫਿੱਟ ਹੈ। “ਮੈਂ ਲੋਕਾਂ ਨੂੰ ਸੁਆਰਥ ਦੀ ਸਿੱਖਿਆ ਦਿੰਦਾ ਹਾਂ। ਸਿਰਫ਼ ਸੁਆਰਥ ਛੱਡਣ ਦੀ ਸਿੱਖਿਆ ਹਜ਼ਾਰਾਂ ਸਾਲਾਂ ਤੱਕ ਦਿੱਤੀ ਜਾਂਦੀ ਰਹੀ ਹੈ। ਇਸਨੇ ਕਿਸੇ ਦਾ ਕੁੱਝ ਨਹੀਂ ਸੁਆਰਿਆ। “(ਪੰਨਾ 922) ਜੇ ਸੁਆਰਥ ਛੱਡਣ ਦੀ ਸਿੱਖਿਆ ਨੇ ਕਿਸੇ ਦਾ ਕੁੱਝ ਨਹੀਂ ਸੁਆਰਿਆ (ਜੋ ਆਪਣੇ ਆਪ ਵਿੱਚ ਬਕਵਾਸ ਹੈ) ਤਾਂ ਫਿਰ ਸੁਆਰਥੀ ਬਣਨਾ ਕੀ ਸੁਆਰੇਗਾ? ਕੋਈ ਵੀ ਸੋਚ ਸਕਦਾ ਹੈ। ਜਾਂਦੇ ਜਾਂਦੇ ਉਸਦੇ ਅਜੋਕੀ ਮਾਨਵਤਾ ਬਾਰੇ ‘ਪ੍ਰਵਚਨ’ ਵੀ ਸੁਣ ਹੀ ਲਈਏ। ਉਸ ਅਨੁਸਾਰ, “ਇਸ ਸਮੇਂ ਮਾਨਵਤਾ ਏਨੀ ਵਾਹਯਾਤ ਹੋ ਗਈ ਹੈ, ਕਿ ਜੇ ਇਸਨੇ ਤਬਾਹ ਹੋਣਾ ਹੈ, ਤਾਂ ਸ਼ਾਇਦ ਹੁਣ ਦਾ ਮੌਕਾ ਸਭ ਤੋਂ ਵਧੀਆ ਹੈ। ਇਸ ਲਈ ਚਿੰਤਾ ਕਰਨ ਦੀ ਕੋਈ ਲੋੜ ਨਹੀਂ। ਸਾਰੀ ਦੁਨੀਆਂ ਨੂੰ ਪੈਣ ਦਿਉ ਨਰਕ ਵਿੱਚ। ਕਿਸੇ ਤਰ੍ਹਾਂ ਅਸੀਂ ਇਹ ਪ੍ਰਬੰਧ ਕਰ ਲਵਾਂਗੇ ਕਿ ਇੱਕ ‘ਮਾਂ’ ਅਤੇ ਇੱਕ ‘ਸੁਆਮੀ’ ਬਚੇ ਰਹਿਣ। ਇਹ ਦੋਨੋਂ ਨਵੇਂ ਸਿਰਿਉਂ ਸ਼ੁਰੂ ਕਰ ਲੈਣਗੇ। (ਪੰਨਾ 834) ਅਜਿਹੇ ਪ੍ਰਵਚਨ ਕਰਨ ਵਾਲਾ ਵਿਅਕਤੀ ਸੰਸਾਰ ਦਾ ਕੀ ਸੁਆਰ ਕਰਦਾ ਹੈ। ਸਮਝ ਆਉਣ ਵਾਲੀ ਗੱਲ ਹੈ। ਜੇ ‘ਮਾਂ-ਸੁਆਮੀ’ ਜਿੰਦਾ ਰਹਿ ਗਏ ਤਾਂ ਜੋ ਕੁੱਝ ਗੰਦ ਹਜ਼ਾਰਾਂ ਸਾਲਾਂ ਬਾਅਦ ਇਨ੍ਹਾਂ ਨੇ ਪਾਇਆ ਹੈ। ਉਹ ਸਭਿਅਤਾ ਦੇ ਸ਼ੁਰੂ ਤੋਂ ਹੀ ਪਾਉਣ ਲੱਗ ਪੈਣਗੇ। ਅਗਲੇ ਇਤਿਹਾਸ ਬਾਰੇ ਤਾਂ ਉਸ ਗੰਦ ਦਾ ਅੰਦਾਜ਼ਾ ਵੀ ਨਹੀਂ ਲਗਾਇਆ ਜਾ ਸਕਦਾ।

ਮੇਰੇ ਇਹ ਵਿਚਾਰ ਕਿਸੇ ਵੀ ਪਾਠਕ ਨੂੰ ਸਖ਼ਤ ਲੱਗ ਸਕਦੇ ਹਨ, ਪਰ ਇਹ ਤਰਕ- ਵਿਹੂਣੇ ਬਿਲਕੁਲ ਨਹੀਂ ਹਨ। ਅਸਲ ਵਿੱਚ ਇਨ੍ਹਾਂ ਵਿਚਾਰਾਂ ਦੇ ਪੈਦਾ ਹੋਣ ਵਿੱਚ ਇੱਕ ਪ੍ਰਕ੍ਰਿਆ ਸ਼ਾਮਿਲ ਹੈ। ਪੰਜਾਬ ਵਿੱਚ ‘ਤੱਤਾ’ ‘ਹਰਕਾਰਾ’ ਮੈਗਜ਼ੀਨ ਜਦੋਂ ਪੂਰਾ ਪੂਰਾ ਰਜਨੀਸ਼ ਨੂੰ ਸਮਰਪਿਤ ਹੋ ਗਿਆ ਤਾਂ ਉਸਦੇ ਸੰਪਾਦਕਾਂ ਨੇ ਮੈਨੂੰ ਵੀ ਕੁੱਝ ਲਿਖਣ ਲਈ ਕਿਹਾ। ਮੇਰੇ ਵਿਚਾਰ ਉਦੋਂ ਵੀ ਰਜਨੀਸ਼ ਵਿਰੋਧੀ ਸਨ। ਪਰ ਸੰਪਾਦਕਾਂ ਦੀ ਜ਼ਿੱਦ `ਤੇ ਮੈਂ ‘ਪਿਛਾਂਹ ਮੁੜਨ ਦਾ ਤਰਕ’ ਲਿਖਿਆ ਜੋ ਇਸ ਪੁਸਤਕ ਦੀ ਅੰਤਿਕਾ ਵਿੱਚ ਸ਼ਾਮਲ ਕੀਤਾ ਗਿਆ ਹੈ। ਹਰਕਾਰਾ ਵਿੱਚ ਛਪਦਿਆਂ ਹੀ ਸੰਪਾਦਕਾਂ ਨੇ ਇਸਦੇ ਖਿਲਾਫ਼ ਆਪ ਤੇ ਪਾਠਕਾਂ ਤੋਂ ਲਿਖਵਾਉਣਾ ਸ਼ੁਰੂ ਕਰ ਦਿੱਤਾ। ਇਸ ਲਈ ਮੈਨੂੰ ਰਜਨੀਸ਼ ਬੜੀ ਡੂੰਘੀ ਤਰ੍ਹਾਂ ਪੜ੍ਹਨਾ ਪਿਆ। ਕੁਦਰਤੀ, ਮੈਂ ਪੜ੍ਹਨਾ ‘ਰਜਨੀਸ਼ ਬਾਈਬਲ’ ਤੋਂ ਸ਼ੁਰੂ ਕੀਤਾ। ਜਿਸ ਵਿੱਚ ਰਜਨੀਸ਼ ਦੇ ਓਰੇਗਾਨ (ਅਮਰੀਕਾ) ਵਿੱਚ ਦਿੱਤੇ ਭਾਸ਼ਣ ਸ਼ਾਮਿਲ ਹਨ। ਇਸ ਦੇ ਪਹਿਲੇ ਲੈਕਚਰ ਤੋਂ ਹੀ ਉਸਦੀ ਅਸਲੀਅਤ ਸਮਝ ਆਉਣੀ ਸ਼ੁਰੂ ਹੋ ਗਈ। ਉਸੇ ਰੌਸ਼ਨੀ ਵਿੱਚ ਮੈਂ ‘ਏਕ ਓਂਕਾਰ ਸਤਿਨਾਮ’ (ਰਜਨੀਸ਼ ਦੇ 20 ਲੈਕਚਰਾਂ ਦਾ ਜਪੁਜੀ ਉੱਪਰ ਸੰਗ੍ਰਿਹ) ਦਾ ਅਧਿਐਨ ਕੀਤਾ। ਇਸੇ ਆਧਾਰ `ਤੇ ਉਸਦੇ ਹੋਰ ਧਰਮਾਂ ਉੱਪਰ ਦਿੱਤੇ ਭਾਸ਼ਣਾਂ ਦੀ ਅਸਲੀਅਤ ਨੂੰ ਸਮਝਿਆ ਜਾ ਸਕਦਾ ਹੈ। ਉਹ ਇਸਾਈਅਤ ਦੇ ਅੰਨ੍ਹਾ ਵਿਰੋਧੀ ਹੋਣ ਦੇ ਬਾਵਜੂਦ ‘ਟੈਨ ਕਮਾਂਡ’ ਦੇ ਆਧਾਰ ਤੇ ਆਪਣੇ ਮੁਢਲੇ ਦਸ ਸਿਧਾਂਤਾਂ ਨੂੰ ਸਥਾਪਿਤ ਕਰਨਾ ਚਾਹੁੰਦਾ ਹੈ। ਉਸਦਾ ਅਧਿਐਨ ਵੀ ਇਸ ਪੁਸਤਕ ਵਿੱਚ ਸ਼ਾਮਲ ਹੈ। ਇਸਦੇ ਨਾਲ ਹੀ ਸੰਬੰਧਤ ਉਸਦੀ ਪ੍ਰਮਾਣਿਕਤਾ ਨੂੰ ਸ਼ੱਕ ਦੇ ਘੇਰੇ ਵਿੱਚ ਲਿਆਂਦਾ ਗਿਆ ਹੈ, ਜੋ ਸ਼ੱਕੀ ਹੀ ਨਹੀਂ ਝੂਠੀ ਵੀ ਹੈ।

ਰਜਨੀਸ਼ ਦੇ ਚੇਲੇ ਉਸਦੀਆਂ ਜਾਣਕਾਰੀਆਂ ਦੇ ਬੜੇ ਕਾਇਲ ਹਨ, ਪਰ ‘ਰਜਨੀਸ਼ ਦੀ ਅਸਲੀਅਤ ਉਸਦੀ ਆਪਣੀ ਜ਼ੁਬਾਨੀ’ ਪੜ੍ਹ ਕੇ ਇਹ ਭਰਮ ਟੁੱਟ ਜਾਂਦਾ ਹੈ। ‘ਕਰਾਇਮ ਐਂਡ ਪੁਨਿਸ਼ਮੈਂਟ’ ਬਾਰੇ ਉਸਦੇ ਪ੍ਰਵਚਨਾਂ ਵਿੱਚ ਆਏ ਪ੍ਰਸੰਗਾਂ ਤੋਂ ਉਸਦੀਆਂ ਹੋਰ ਕਈ ਪ੍ਰਵਿਰਤੀਆਂ ਨੰਗੀਆਂ ਹੁੰਦੀਆਂ ਹਨ। ਰਜਨੀਸ਼ ਦੇ ਜਿੰਨੇ ਚੇਲੇ-ਚੇਲੀਆਂ ਉਸਤੋਂ ਵੱਖ ਹੋਏ ਉਨ੍ਹਾਂ ਸਭ ਨੇ ਉਸਦੇ ‘ਕਮਿਊਨਾਂ’ ਦੀ ਗੰਦਗੀ ਨੂੰ ਲੋਕਾਂ ਸਾਹਮਣੇ ਰੱਖ ਦਿੱਤਾ। ਇਨ੍ਹਾਂ ਵਿਚੋਂ ਹੀ ਇੱਕ ਨਾਮ ‘ਜਾਨ ਮਿਲਨੇ’ ਦਾ ਹੈ ਜਿਸਦੀ ਪੁਸਤਕ ‘ਗਾਡ ਦੈਟ ਫੇਲਡ’ ਦਾ ਸਾਰ ਅਸੀਂ ‘ਮਾਇਆ’ ਪ੍ਰੱਤਿਕਾ ਵਿਚੋਂ ਲੈ ਕੇ ਅਨੁਵਾਦ ਰੂਪ ਵਿੱਚ ਅੰਤਿਕਾ ਵਿੱਚ ਦਿੱਤਾ ਹੈ। ਇਉਂ ਰਜਨੀਸ਼ ਦੀ ‘ਫਿਲਾਸਫ਼ੀ’ ਤੋਂ ਲੈ ਕੇ ਉਸਦੀ ‘ਮੈਥਾਡਾਲੋਜੀ’ ਅਤੇ ਉਸਦੇ ਕਮਿਊਨ ਅੰਦਰ ਤੱਕ ਦੀ ਅਸਲੀਅਤ ਜਾਣਨ ਦੀ ਕੋਸ਼ਿਸ਼ ਕੀਤੀ ਗਈ ਹੈ। ਮੈਨੂੰ ਪਤਾ ਹੈ ਕਿ ਰਜਨੀਸ਼ ਬਾਰੇ ਇਹ ਆਪਣੇ ਆਪ ਵਿੱਚ ਪਹਿਲਾ ਨਿਮਾਣਾ ਜਿਹਾ ਯਤਨ ਹੈ। ਜੇ ਕੋਈ ਯਤਨ ਇਸ ਤੋਂ ਪਹਿਲਾਂ ਹੋਏ ਹਨ ਤਾਂ ਇਸਦੀ ਮੈਨੂੰ ਜਾਣਕਾਰੀ ਨਹੀਂ। ਇਸ ਲਈ ਇਸ ਵਿੱਚ ਬਹੁਤ ਸਾਰੀਆਂ ਮੁਢਲੀਆਂ ਕਮੀਆਂ ਹੋ ਸਕਦੀਆਂ ਹਨ, ਜਿਨ੍ਹਾਂ ਨੂੰ ਦੂਰ ਕਰਕੇ ਪ੍ਰਬੁੱਧ ਪਾਠਕ ਇਸ ਕਾਰਜ ਨੂੰ ਅਗਾਂਹ ਤੋਰਨਗੇ, ਮੇਰਾ ਇਹ ਵਿਸ਼ਵਾਸ ਹੈ।

ਇਸ ਪੁਸਤਕ ਦੇ ਸਾਰੇ ਲੇਖ ਵੱਖ ਵੱਖ ਸਮੇਂ ਲਿਖੇ ਗਏ। ਅਨੇਕਾਂ ਪਾਠਕਾਂ ਦੀ ਮੰਗ `ਤੇ ਮੈਂ ਇਨ੍ਹਾਂ ਨੂੰ ਪੁਸਤਕ ਰੂਪ ਵਿੱਚ ਛਾਪਣਾ ਚਾਹੁੰਦਾ ਸਾਂ ਪਰੰਤੂ ਮੇਰੇ ਢਿੱਲੇ ਸੁਭਾਅ ਅਤੇ ਛਾਪਣ ਦਾ ਪ੍ਰਬੰਧ ਨਾ ਹੋਣ ਕਾਰਨ ਇਹ ਕੰਮ ਕਾਫੀ ਚਿਰ ਤੋਂ ਲਟਕਿਆ ਆ ਰਿਹਾ ਸੀ। ਪਰ ਤਰਕਸ਼ੀਲ ਸੁਸਾਇਟੀ ਭਾਰਤ ਦੇ ਸ਼੍ਰੀ ਮੇਘ ਰਾਜ ਮਿੱਤਰ ਵਲੋਂ ਸੱਦਾ ਮਿਲਣ ਤੇ ਮੈਂ ਇਸ ਪਾਸੇ ਧਿਆਨ ਦੇਣਾ ਸ਼ੁਰੂ ਕੀਤਾ, ਪਰੰਤੂ ਇਸ ਪੁਸਤਕ ਨੂੰ ਇੱਕ ਦਮ ਪਾਠਕਾਂ ਦੇ ਹੱਥਾਂ ਵਿੱਚ ਪਹੁੰਚਾਉਣ ਦਾ ਸਿਹਰਾ ਪ੍ਰੋ: ਰਵਿੰਦਰ ਗਾਸੋ ਹੋਰਾਂ ਦੇ ਸਿਰ ਹੈ ਜਿਨ੍ਹਾਂ ਨੇ ਨਾ ਕੇਵਲ ਖਰੜਾ ਪੜ੍ਹ ਕੇ ਆਪਣੀ ਰਾਇ ਹੀ ਲਿਖੀ ਸਗੋਂ ਮੇਰੇ ਪਾਸੋਂ ਸ਼ੁਰੂ ਦੇ ਸਫ਼ੇ ਲਿਖਾਉਣ ਦੀ ਹਿੰਮਤ ਵੀ ਕੀਤੀ। ਮੈਂ ਰਵਿੰਦਰ ਗਾਸੋ ਦਾ ਇਸ ਸਭ ਲਈ ਦਿਲੋਂ ਧੰਨਵਾਦੀ ਹਾਂ। ਪਾਠਕਾਂ ਦੇ ਸੁਝਾਵਾਂ ਦੀ ਮੈਨੂੰ ਉਡੀਕ ਰਹੇਗੀ।

- ਕਰਮਜੀਤ ਸਿੰਘ

ਰੀਡਰ,

ਪੰਜਾਬੀ ਵਿਭਾਗ, ਕੁ. ਯੂਨੀਵਰਸਿਟੀ, ਕੁਰੂਕਸ਼ੇਤਰ
.