.

ਗੁਰਮਤਿ ਅਤੇ ਸਾਇੰਸ ਦੇ ਇਸ ਅਜੋਕੇ ਯੁਗ ਵਿੱਚ (ਭਾਗ-੨੧)

Gurmat and science in present scenario (Part-21)

ਸ੍ਰਿਸ਼ਟੀ ਦੀ ਸਾਜਨਾ ਕਿਸ ਨੇ ਕੀਤੀ

Who created the universe

ਇਹ ਇੱਕ ਬਹੁਤ ਮੁਸ਼ਕਲ ਸਵਾਲ ਹੈ, ਕਿ ਇਹ ਸਾਰੀ ਸ੍ਰਿਸ਼ਟੀ ਕਿਸ ਨੇ ਪੈਦਾ ਕੀਤੀ ਤੇ ਕਿਸ ਤਰ੍ਹਾਂ ਪੈਦਾ ਕੀਤੀ? ਕੀ ਅਸੀਂ ਇਸ ਦਾ ਕਾਰਣ ਜਾਣ ਸਕਦੇ ਹਾਂ? ਅਸੀਂ ਇਸ ਵਾਸਤੇ ਸਿਰਫ ਅੰਦਾਜ਼ੇ ਲਗਾ ਸਕਦੇ ਹਾਂ। ਸਾਇੰਸ ਬਿਗ ਬੈਂਗ ਥਿਉਰੀ (Big Bang Theory), ਬਲੈਕ ਹੋਲ (Black hole) ਤੋਂ ਬਣਨਾਂ ਆਦਿ ਦੇ ਅੰਦਾਜੇ ਲਗਾ ਰਹੀ ਹੈ। ਪਰੰਤੂ ਇਸ ਦੇ ਪਿਛੇ ਜੇ ਕਰ ਕੋਈ ਕਾਰਣ ਪੁਛਿਆ ਜਾਵੇ ਤਾਂ ਸਾਇੰਸ ਵੀ ਇਸ ਦਾ ਠੋਸ ਉੱਤਰ ਨਹੀਂ ਦੇ ਸਕਦੀ। ਇਹ ਬਲੈਕ ਹੋਲ ਕਿਸ ਨੇ ਬਣਾਇਆ, ਕਿਸ ਤਰ੍ਹਾਂ ਬਣਿਆ, ਕਿਉਂ ਬਣਿਆ, ਉਸ ਤੋਂ ਸਾਰੀ ਸ੍ਰਿਸ਼ਟੀ ਕਿਸ ਤਰ੍ਹਾਂ ਬਣ ਗਈ? ਸਾਇੰਸ ਵੀ ਕਈ ਤਰ੍ਹਾਂ ਦੇ ਅੰਦਾਜ਼ੇ ਆਦਿ ਦੀਆਂ ਗੱਲਾਂ ਕਰ ਰਹੀ ਹੈ। ਜਿਸ ਤਰ੍ਹਾਂ ਸਾਇੰਸ ਦੀਆਂ ਨਵੀਆਂ ਨਵੀਆਂ ਥਿਉਰੀਆਂ ਲੱਭੀਆਂ ਜਾ ਰਹੀਆਂ ਹਨ, ਉਹ ਇਸ ਵਿਸ਼ੇ ਸਬੰਧੀ ਗਿਆਨ ਵਿੱਚ ਹੋਰ ਵਾਧਾ ਤਾਂ ਕਰ ਰਹੀਆਂ ਹਨ, ਪਰੰਤੂ ਕੁਦਰਤ ਦਾ ਅੰਤ ਪਾਉਣਾਂ ਅਜੇ ਬਹੁਤ ਹੀ ਦੂਰ ਹੈ।

ਨਿਸ਼ਚਤ ਤੌਰ ਤੇ ਅਕਾਲ ਪੁਰਖ ਦਾ ਕੋਈ ਨਿਯਮ ਸੀ, ਜਿਸ ਨੇ ਅਨੇਕਾਂ ਖੰਡ ਬ੍ਰਹਿਮੰਡ ਪੈਦਾ ਕਰ ਦਿਤੇ। ਗੁਰੂ ਨਾਨਕ ਸਾਹਿਬ ਨੇ ਜਪੁਜੀ ਸਾਹਿਬ ਵਿੱਚ ਇਸ ਸ੍ਰਿਸ਼ਟੀ ਦੇ ਪੈਦਾ ਹੋਣ ਬਾਰੇ ਇਹੀ ਕਿਹਾ ਹੈ ਕਿ ਅਕਾਲ ਪੁਰਖ ਨੇ ਆਪਣੇ ਇਕੋ ਹੁਕਮੁ ਨਾਲ ਸਾਰਾ ਸੰਸਾਰ ਬਣਾ ਦਿੱਤਾ, ਉਸ ਦੇ ਹੁਕਮੁ ਨਾਲ ਹੀ ਜ਼ਿੰਦਗੀ ਦੇ ਲੱਖਾਂ ਦਰਿਆ ਬਣ ਗਏ।

ਸਿੱਖ ਧਰਮ ਅਨੁਸਾਰ ਪੂਰੀ ਸ੍ਰਿਸ਼ਟੀ ਨੂੰ ਪੈਦਾ ਕਰਨ ਵਾਲਾ ਅਕਾਲ ਪੁਰਖ ਆਪ ਹੀ ਹੈ। ਇਸ ਜਗਤ ਦੀ ਰਚਨਾ ਤੋਂ ਪਹਿਲਾਂ ਬੇਅੰਤ ਸਮਾਂ ਅਕਾਲ ਪੁਰਖ ਨੇ ਸ੍ਰਿਸ਼ਟੀ ਦੀ ਅਜਿਹੀ ਹਾਲਤ ਬਣਾਈ ਰੱਖੀ ਸੀ, ਜੋ ਕਿ ਮਨੁੱਖ ਦੀ ਸਮਝ ਤੋਂ ਬਹੁਤ ਪਰੇ ਹੈ। ਉਹ ਹਾਲਤ ਕਿਸ ਤਰ੍ਹਾਂ ਦੀ ਸੀ, ਉਸ ਗੁਬਾਰ ਬਾਰੇ ਕੋਈ ਜੀਵ ਕੁੱਝ ਵੀ ਨਹੀਂ ਕਹਿ ਸਕਦਾ, ਤੇ ਨਾ ਹੀ ਕੋਈ ਜੀਵ ਬਿਆਨ ਕਰ ਸਕਦਾ ਹੈ। ਸਿਰਫ ਅਕਾਲ ਪੁਰਖ ਆਪ ਹੀ ਜਾਣਦਾ ਕਿ ਅਸਲੀਅਤ ਕੀ ਸੀ। ਅਕਾਲ ਪੁਰਖ ਨੇ ਆਪ ਸਾਰੀ ਸ੍ਰਿਸ਼ਟੀ ਪੈਦਾ ਕੀਤੀ, ਤੇ ਇਹ ਜਗਤ ਦਾ ਸਾਰਾ ਖੇਲ ਤਮਾਸ਼ਾ ਆਪ ਹੀ ਰਚਿਆ ਹੈ, ਇਹ ਸੱਭ ਉਸ ਦੀ ਹੀ ਵਡਿਆਈ ਹੈ। ਵੱਖ ਵੱਖ ਕਿਸਮ ਦੇ ਇਹ ਸਾਰੇ ਜੀਵਾਂ ਨੂੰ ਅਕਾਲ ਪੁਰਖ ਆਪ ਹੀ ਬਣਾਉਂਦਾ ਹੈ, ਤੇ ਆਪ ਹੀ ਨਾਸ ਕਰ ਕੇ, ਫਿਰ ਹੋਰ ਆਪ ਹੀ ਪੈਦਾ ਕਰਦਾ ਹੈ। ਹਰੇਕ ਸਰੀਰ ਵਿੱਚ ਅਕਾਲ ਪੁਰਖ ਦਾ ਬਣਾਇਆ ਹੋਇਆ ਸੁਆਸ, ਪਉਣ (ਹਵਾ, ਆਕਸੀਜਨ) ਦੀ ਸਹਾਇਤਾ ਨਾਲ ਚੱਲ ਰਿਹਾ ਹੈ। ਜਿਸ ਮਨੁੱਖ ਨੂੰ ਪੂਰੇ ਗੁਰੂ ਪਾਸੋਂ ਇਹ ਸਮਝ ਆ ਗਈ, ਉਹ ਮਨੁੱਖ ਗੁਰੂ ਦੇ ਸ਼ਬਦ ਵਿੱਚ ਜੁੜ ਕੇ ਇਸ ਜਗਤ ਦੇ ਤਮਾਸ਼ੇ ਵਿੱਚ ਨਿਰਲੇਪ ਰਹਿੰਦਾ ਹੈ, ਤੇ ਸਦਾ ਥਿਰ ਅਕਾਲ ਪੁਰਖ ਨਾਲ ਆਪਣਾ ਮਨ ਜੋੜੀ ਰੱਖਦਾ ਹੈ।

ਮਾਰੂ ਮਹਲਾ ੩॥ ਜੁਗ ਛਤੀਹ ਕੀਓ ਗੁਬਾਰਾ॥ ਤੂ ਆਪੇ ਜਾਣਹਿ ਸਿਰਜਣਹਾਰਾ॥ ਹੋਰ ਕਿਆ ਕੋ ਕਹੈ ਕਿ ਆਖਿ ਵਖਾਣੈ ਤੂ ਆਪੇ ਕੀਮਤਿ ਪਾਇਦਾ॥ ੧॥ ਓਅੰਕਾਰਿ ਸਭ ਸ੍ਰਿਸਟਿ ਉਪਾਈ॥ ਸਭੁ ਖੇਲੁ ਤਮਾਸਾ ਤੇਰੀ ਵਡਿਆਈ॥ ਆਪੇ ਵੇਕ ਕਰੇ ਸਭਿ ਸਾਚਾ ਆਪੇ ਭੰਨਿ ਘੜਾਇਦਾ॥ ੨॥ (੧੦੬੧)

ਕੁਦਰਤ (universe) ਦੀ ਰਚਨਾ ਵਿੱਚ ਗ੍ਰਹਿ, ਤਾਰੇ, ਗਲੈਕਸੀਆਂ, ਵਿਚਲੀ ਖਾਲੀ ਥਾਂ, ਜੀਵ ਜੰਤੂ, ਪਦਾਰਥ ਤੇ ਉਨ੍ਹਾਂ ਦੇ ਛੋਟੇ ਤੋਂ ਛੋਟੇ ਅੰਸ਼, ਆਦਿ ਸਭ ਕੁੱਝ ਆ ਜਾਂਦੇ ਹਨ। ਅੱਜ ਦੀ ਸਾਇੰਸ ਅਜੇ ਗਲੈਕਸੀਆਂ ਤਕ ਹੀ ਸਮਝ ਸਕੀ ਹੈ, ਜਿਥੋ ਕਿ ਰੌਸ਼ਨੀ ਹੁਣ ਤਕ ਪਹੁੰਚ ਸਕੀ ਹੈ। ਜਿਸ ਤਰ੍ਹਾਂ ਸਾਇੰਸ ਤਰੱਕੀ ਕਰਦੀ ਗਈ ਨਵੀਆਂ ਥਿਊਰੀਆਂ ਬਣਦੀਆਂ ਗਈਆਂ। ਅੱਜ ਦੀ ਸਾਇੰਸ ਦੇ ਮੁਤਾਬਕ ਕੁਦਰਤ ਦਾ ਰੇਡੀਅਸ ੪੬ ਬਿਲਿਅਨ ਪ੍ਰਕਾਸ਼ ਸਾਲ ਹੈ। ਬਿਗ ਬੈਂਗ ਸਿਧਾਤ ਮੁਤਾਬਕ ਕੁਦਰਤ ੧੩. ੮ ਬਿਲਿਅਨ ਸਾਲ ਪਹਿਲਾਂ ਇੱਕ ਇਕਾਈ (singularity) ਤੋਂ ਬਣੀ ਸੀ ਤੇ ਇਹ ਫੈਲਦੀ ਜਾ ਰਹੀ ਹੈ। ਹੁਣ ਸਵਾਲ ਪੈਦਾ ਹੁੰਦਾਂ ਹੈ ਕਿ ਇਸ ਬਿਗ ਬੈਂਗ ਤੋਂ ਪਹਿਲਾਂ ਕੀ ਸੀ ਤੇ ਕਿਉਂ ਸੀ? ਇਹ ਅੱਜ ਦੀ ਸਾਇੰਸ ਦੀ ਪਹੁੰਚ ਤੋਂ ਬਾਹਰ ਹੈ।

ਅੱਜ ਦੀ ਸਾਇੰਸ ਅਨੁਸਾਰ ਕੁਦਰਤ ਆਮ ਪਦਾਰਥ (Ordinary matter = 5%), ਨਾ ਦਿਖਾਈ ਦੇਣ ਵਾਲਾ ਪਦਾਰਥ (Dark matter = 25%), ਨਾ ਦਿਖਾਈ ਦੇਣ ਵਾਲੀ ਊਰਜਾ (Dark energy = 70%) ਜਿਹੜੀ ਕਿ ਸੁੰਨ (Vacuum) ਅਵਸਥਾ ਵਿੱਚ ਵੀ ਹੋ ਸਕਦੀ ਹੈ, ਦੀ ਬਣੀ ਹੈ। ਅੱਜ ਦੀ ਸਾਇੰਸ ਨੂੰ 95% ਕੁਦਰਤ ਬਾਰੇ ਕੁੱਝ ਪਤਾ ਨਹੀਂ। ਜਨਰਲ ਰੈਲੇਟਿਵਟੀ (General relativity) ਦੇ ਅਨੁਸਾਰ, ਕੁਦਰਤ ਪ੍ਰਕਾਸ਼ ਦੀ ਗਤੀ ਤੋਂ ਵੀ ਤੇਜੀ ਨਾਲ ਫੈਲ ਸਕਦੀ ਹੈ, ਇਸ ਲਈ ਕੁਦਰਤ ਦਾ ਅੰਤ ਪਾਣਾਂ ਆਸਾਨ ਨਹੀਂ, ਕਿਉਂਕਿ ਸਾਇੰਸ ਕੋਲ ਅਜੇ ਤਕ ਪ੍ਰਕਾਸ਼ ਦੀ ਗਤੀ ਤੋਂ ਤੇਜ ਮਾਪਣ ਦਾ ਹੋਰ ਕੋਈ ਸਾਧਨ ਨਹੀਂ ਹੈ।

ਗੁਰੂ ਸਾਹਿਬਾਂ ਨੇ ਕਈ ਸਾਲ ਪਹਿਲਾਂ ਹੀ ਸਮਝਾ ਦਿਤਾ ਸੀ, ਕਿ ਅਕਾਲ ਪੁਰਖ ਨੇ ਇਹ ਕੁਦਰਤ ਸੁੰਨ ਤੋਂ ਪੈਦਾ ਕੀਤੀ। ਅਕਾਲ ਪੁਰਖ ਤੋਂ ਪਰੇ ਹੋਰ ਕੁੱਝ ਵੀ ਨਹੀਂ ਤੇ ਉਹ ਨਿਰੋਲ ਆਪ ਹੀ ਆਪ ਹੈ, ਤੇ ਆਪਣੀ ਤਾਕਤ ਆਪ ਹੀ ਬਣਾਈ ਹੋਈ ਹੈ। ਅਕਾਲ ਪੁਰਖ ਆਪ ਹੀ ਸੁੰਨ ਅਵਸਥਾ ਤੋਂ ਹਵਾ, ਪਾਣੀ ਆਦਿਕ ਤੱਤ ਪੈਦਾ ਕਰਦਾ ਹੈ। ਆਪ ਹੀ ਸੁੰਨ ਅਵਸਥਾ ਤੋਂ ਸ੍ਰਿਸ਼ਟੀ, ਅਨੇਕਾਂ ਸਰੀਰ ਤੇ ਜੀਵ ਪੈਦਾ ਕਰਦਾ ਹੈ।

ਮਾਰੂ ਮਹਲਾ ੧॥ ਸੁੰਨ ਕਲਾ ਅਪਰੰਪਰਿ ਧਾਰੀ॥ ਆਪਿ ਨਿਰਾਲਮੁ ਅਪਰ ਅਪਾਰੀ॥ ਆਪੇ ਕੁਦਰਤਿ ਕਰਿ ਕਰਿ ਦੇਖੈ ਸੁੰਨਹੁ ਸੁੰਨੁ ਉਪਾਇਦਾ॥ ੧॥ ਪਉਣੁ ਪਾਣੀ ਸੁੰਨੈ ਤੇ ਸਾਜੇ॥ ਸ੍ਰਿਸਟਿ ਉਪਾਇ ਕਾਇਆ ਗੜ ਰਾਜੇ॥ ਅਗਨਿ ਪਾਣੀ ਜੀਉ ਜੋਤਿ ਤੁਮਾਰੀ ਸੁੰਨੇ ਕਲਾ ਰਹਾਇਦਾ॥ ੨

ਸੁੰਨਹੁ ਚੰਦੁ ਸੂਰਜੁ ਗੈਣਾਰੇ॥ ਤਿਸ ਕੀ ਜੋਤਿ ਤ੍ਰਿਭਵਣ ਸਾਰੇ॥ ਸੁੰਨੇ ਅਲਖ ਅਪਾਰ ਨਿਰਾਲਮੁ ਸੁੰਨੇ ਤਾੜੀ ਲਾਇਦਾ॥ ੫॥ ਸੁੰਨਹੁ ਧਰਤਿ ਅਕਾਸੁ ਉਪਾਏ॥ ਬਿਨੁ ਥੰਮਾ ਰਾਖੇ ਸਚੁ ਕਲ ਪਾਏ॥ ਤ੍ਰਿਭਵਣ ਸਾਜਿ ਮੇਖੁਲੀ ਮਾਇਆ ਆਪਿ ਉਪਾਇ ਖਪਾਇਦਾ॥ ੬॥ ਸੁੰਨਹੁ ਖਾਣੀ ਸੁੰਨਹੁ ਬਾਣੀ॥ ਸੁੰਨਹੁ ਉਪਜੀ ਸੁੰਨਿ ਸਮਾਣੀ॥ ਉਤਭੁਜੁ ਚਲਤੁ ਕੀਆ ਸਿਰਿ ਕਰਤੈ ਬਿਸਮਾਦੁ ਸਬਦਿ ਦੇਖਾਇਦਾ॥ ੭॥ (੧੦੩੭, ੧੦੩੮)

ਗੁਰੂ ਨਾਨਕ ਸਾਹਿਬਾਂ ਨੇ ਕਈ ਸਾਲ ਪਹਿਲਾਂ ਅਕਾਲ ਪੁਰਖ ਦੀ ਸੁੰਨ ਅਵਸਥਾ ਬਾਰੇ ਜਿਕਰ ਕੀਤਾ ਸੀ, ਤੇ ਅੱਜ ਦੀ ਸਾਇੰਸ ਵੀ ਹੁਣ ਸ੍ਰਿਸ਼ਟੀ ਦੇ ਪੈਦਾ ਹੋਣ ਬਾਰੇ ਇਹੀ ਕਹਿ ਰਹੀ ਹੈ, ਕਿ ਇਹ ਇੱਕ ਇਕਾਈ (singularity) ਤੋਂ ਬਣੀ ਹੈ। ਗੁਰੂ ਨਾਨਕ ਸਾਹਿਬਾਂ ਨੇ ਗੁਰਬਾਣੀ ਵਿੱਚ ਸਮਝਾਇਆ ਹੈ ਕਿ ਅਕਾਲ ਪੁਰਖ ਨੇ ਇਹ ਕੁਦਰਤ ਸੁੰਨ ਤੋਂ ਪੈਦਾ ਕੀਤੀ। ਇਸ ਵਿਸ਼ੇ ਸਬੰਧੀ ਵਿਸਥਾਰ ਹੇਠ ਲਿਖੇ ਲੇਖ ਵਿੱਚ ਪੜ੍ਹ ਸਕਦੇ ਹੋ ਜੀ।

http://www.geocities.ws/sarbjitsingh/Bani9010GurMagPart08D20130823.pdf

http://www.sikhmarg.com/2013/0825-gurmat-ate-science-8.html

ਗੁਰੂ ਨਾਨਕ ਸਾਹਿਬ ਨੇ ਅੱਜ ਤੋਂ ੫੦੦ ਸਾਲ ਪਹਿਲਾਂ ਸਮਝਾ ਦਿੱਤਾ ਸੀ ਕਿ ਅਕਾਲ ਪੁਰਖ ਨੇ ਆਪ ਹੀ ਆਪਣੇ ਆਪ ਨੂੰ ਸਾਜਿਆ, ਤੇ ਆਪ ਹੀ ਆਪਣਾ ਨਾਮਣਾ ਬਣਾਇਆ। ਫਿਰ, ਉਸ ਨੇ ਕੁਦਰਤ ਰਚੀ ਤੇ ਉਸ ਵਿੱਚ ਆਸਣ ਜਮਾ ਕੇ, ਭਾਵ, ਕੁਦਰਤ ਵਿੱਚ ਵਿਆਪਕ ਹੋ ਕੇ, ਇਸ ਜਗਤ ਦਾ ਤਮਾਸ਼ਾ ਵੇਖਣ ਲੱਗ ਪਿਆ। ਅਕਾਲ ਪੁਰਖ ਆਪ ਹੀ ਜੀਵਾਂ ਨੂੰ ਦਾਤਾਂ ਦੇਣ ਵਾਲਾ ਹੈ ਤੇ ਆਪ ਹੀ ਇਨ੍ਹਾਂ ਨੂੰ ਸਾਜਣ ਵਾਲਾ ਹੈ। ਆਪ ਹੀ ਖੁਸ਼ ਹੋ ਕੇ ਜੀਵਾਂ ਨੂੰ ਦਿੰਦਾ ਹੈ ਤੇ ਬਖ਼ਸ਼ਸ਼ ਕਰਦਾ ਹੈ। ਉਹ ਸਭਨਾਂ ਜੀਆਂ ਦਾ ਜਾਣਨਹਾਰ ਹੈ। ਜਿੰਦ ਅਤੇ ਸਰੀਰ ਦੇ ਕੇ ਆਪ ਹੀ ਵਾਪਸ ਲੈ ਲੈਂਦਾ ਹੈ, ਭਾਵ, ਆਪ ਹੀ ਜਿੰਦ ਤੇ ਸਰੀਰ ਦਿੰਦਾ ਹੈ, ਆਪ ਹੀ ਮੁੜ ਜਿੰਦ ਸਰੀਰ ਵਿਚੋਂ ਕੱਢ ਕੇ ਵਾਪਸ ਲੈ ਲੈਂਦਾ ਹੈ। ਅਕਾਲ ਪੁਰਖ ਆਪਣੀ ਬਣਾਈ ਹੋਈ ਕੁਦਰਤ ਵਿੱਚ ਆਪਣਾ ਆਸਣ ਜਮਾ ਕੇ ਇਹ ਸਾਰਾ ਜਗਤ ਤਮਾਸ਼ਾ ਵੇਖ ਰਿਹਾ ਹੈ।

ਪਉੜੀ॥ ਆਪੀਨੈੑ ਆਪੁ ਸਾਜਿਓ ਆਪੀਨੈੑ ਰਚਿਓ ਨਾਉ॥ ਦੁਯੀ ਕੁਦਰਤਿ ਸਾਜੀਐ ਕਰਿ ਆਸਣੁ ਡਿਠੋ ਚਾਉ॥ ਦਾਤਾ ਕਰਤਾ ਆਪਿ ਤੂੰ ਤੁਸਿ ਦੇਵਹਿ ਕਰਹਿ ਪਸਾਉ॥ ਤੂੰ ਜਾਣੋਈ ਸਭਸੈ ਦੇ ਲੈਸਹਿ ਜਿੰਦੁ ਕਵਾਉ॥ ਕਰਿ ਆਸਣੁ ਡਿਠੋ ਚਾਉ॥ ੧॥ (੪੬੩)

ਜਗਤ ਦਾ ਇਹ ਸਾਰਾ ਖਿਲਾਰਾ ਉਸ ਇੱਕ ਅਕਾਲ ਪੁਰਖ ਦਾ ਹੀ ਰਚਿਆ ਹੋਇਆ ਹੈ, ਤੇ ਸਾਰੇ ਜੀਵ ਜੰਤੂ ਉਸ ਦੇ ਹੀ ਅਨੇਕਾਂ ਰੂਪ ਹਨ। ਸਭ ਜੀਵਾਂ ਵਿੱਚ ਵਿਆਪਕ ਹੋ ਕੇ ਅਕਾਲ ਪੁਰਖ ਆਪ ਹੀ ਜਗਤ ਦਾ ਵਾਪਾਰ ਤੇ ਵਿਉਹਾਰ ਕਰ ਰਿਹਾ ਹੈ। ਸਾਰੇ ਸੰਸਾਰ ਵਿੱਚ ਕਿਸੇ ਪਾਸੇ ਵੀ ਚਲੇ ਜਾਈਏ, ਸਭ ਪਾਸੇ ਅਕਾਲ ਪੁਰਖ ਹੀ ਨਜ਼ਰ ਆਉਂਦਾ ਹੈ, ਪਰੰਤੂ ਇਹ ਸੋਝੀ ਕੋਈ ਵਿਰਲਾ ਗੁਰਮੁਖ ਹੀ ਪ੍ਰਾਪਤ ਕਰਦਾ ਹੈ। ਅਕਾਲ ਪੁਰਖ ਆਪ ਹੀ ਪਾਣੀ ਹੈ, ਤੇ, ਆਪ ਹੀ ਪਾਣੀ ਵਿੱਚ ਉਠ ਰਹੀਆਂ ਲਹਿਰਾਂ ਹੈ। ਜਿਸ ਤਰ੍ਹਾਂ ਪਾਣੀ ਅਤੇ ਪਾਣੀ ਦੀਆਂ ਲਹਿਰਾਂ ਇੱਕੋ ਰੂਪ ਹਨ, ਇਸੇ ਤਰ੍ਹਾਂ ਜਗਤ ਦੇ ਅਨੇਕਾਂ ਰੂਪ ਰੰਗ ਅਕਾਲ ਪੁਰਖ ਤੋਂ ਹੀ ਬਣੇ ਹਨ। ਸਭ ਜੀਵਾਂ ਵਿੱਚ ਵਿਆਪਕ ਹੁੰਦਾ ਹੋਇਆ ਵੀ ਅਕਾਲ ਪੁਰਖ ਸਦਾ ਨਿਰਲੇਪ ਹੈ।

ਏਕ ਰੂਪ ਸਗਲੋ ਪਾਸਾਰਾ॥ ਆਪੇ ਬਨਜੁ ਆਪਿ ਬਿਉਹਾਰਾ॥ ੧॥ ਐਸੋ ਗਿਆਨੁ ਬਿਰਲੋ ਈ ਪਾਏ॥ ਜਤ ਜਤ ਜਾਈਐ ਤਤ ਦ੍ਰਿਸਟਾਏ॥ ੧॥ ਰਹਾਉ॥ (੮੦੩)

ਸਦਾ ਥਿਰ ਰਹਿਣ ਵਾਲਾ ਅਕਾਲ ਪੁਰਖ ਆਪ ਹੀ ਜਗਤ ਦਾ ਰਚਣਹਾਰ ਹੈ, ਜਿਸ ਨੇ ਆਪਣੀ ਵੀਚਾਰ ਅਨੁਸਾਰ ਸਾਰੀਆਂ ਧਰਤੀਆਂ, ਚੰਦ, ਤਾਰੇ ਆਪੋ ਆਪਣੇ ਥਾਂ ਤੇ ਟਿਕਾਏ ਹੋਏ ਹਨ। ਅਕਾਲ ਪੁਰਖ ਆਪ ਹੀ ਜਗਤ ਦੀ ਰਚਨਾ ਕਰਕੇ, ਉਸ ਦੀ ਸੰਭਾਲ ਵੀ ਕਰਦਾ ਹੈ। ਅਕਾਲ ਪੁਰਖ ਸਦਾ ਕਾਇਮ ਰਹਿਣ ਵਾਲਾ ਹੈ, ਤੇ ਜਗਤ ਦਾ ਇਤਨਾ ਖਿਲਾਰਾ ਹੁੰਦਿਆਂ ਹੋਇਆਂ ਵੀ ਉਹ ਸਦਾ ਬੇਫ਼ਿਕਰ ਹੈ। ਅਕਾਲ ਪੁਰਖ ਨੇ ਕਈ ਤਰ੍ਹਾਂ ਦੇ ਜੀਵ ਪੈਦਾ ਕਰ ਦਿੱਤੇ ਹਨ। ਉਨ੍ਹਾਂ ਵਿਚੋਂ ਕਈ ਗੁਰਮੁਖ ਬਣਾ ਦਿੱਤੇ, ਤੇ ਕਈ ਮਨਮੁਖ ਬਣਾ ਦਿੱਤੇ ਹਨ, ਪਰੰਤੂ ਪੂਰੇ ਗੁਰੂ ਦੀ ਸਰਨ ਵਿੱਚ ਆਉਂਣ ਤੋਂ ਬਿਨਾ ਠੀਕ ਤੇ ਗਲਤ ਰਸਤੇ ਦਾ ਪਤਾ ਨਹੀਂ ਲਗਦਾ। ਗੁਰਬਾਣੀ ਦੀ ਸਹਾਇਤਾ ਨਾਲ ਅਕਾਲ ਪੁਰਖ ਦਾ ਨਾਮੁ ਹਿਰਦੇ ਵਿੱਚ ਵਸਾ ਕੇ ਹੀ ਮਨੁੱਖਾ ਜੀਵਨ ਵਿੱਚ ਆਤਮਕ ਲਾਭ ਖੱਟਿਆ ਜਾ ਸਕਦਾ ਹੈ।

ਮਾਰੂ ਮਹਲਾ ੧॥ ਸਾਚੇ ਸਾਹਿਬ ਸਿਰਜਣਹਾਰੇ॥ ਜਿਨਿ ਧਰ ਚਕ੍ਰ ਧਰੇ ਵੀਚਾਰੇ॥ ਆਪੇ ਕਰਤਾ ਕਰਿ ਕਰਿ ਵੇਖੈ ਸਾਚਾ ਵੇਪਰਵਾਹਾ ਹੇ॥ ੧॥ (੧੦੩੨)

ਅਕਾਲ ਪੁਰਖ ਆਪ ਹੀ ਆਪਣੇ ਆਪ ਨੂੰ ਜਗਤ ਦੇ ਰੂਪ ਵਿੱਚ ਪੈਦਾ ਕਰ ਕੇ, ਮਾਇਆ ਦੇ ਮੋਹ ਤੋਂ ਨਿਰਲੇਪ ਰਹਿੰਦਾ ਹੈ। ਹਵਾ, ਪਾਣੀ, ਅੱਗ, ਆਦਿ ਤੱਤਾਂ ਦਾ ਮੇਲ ਕਰ ਕੇ, ਅਕਾਲ ਪੁਰਖ ਇਹ ਸਰੀਰ ਰੂਪੀ ਕਿਲ੍ਹਾ ਰਚਦਾ ਹੈ ਤੇ ਉਹ ਸਦਾ ਥਿਰ ਰਹਿਣ ਵਾਲਾ ਦਇਆਲ ਅਕਾਲ ਪੁਰਖੁ, ਇਸ ਸਰੀਰ ਨੂੰ ਆਪਣੇ ਰਹਿਣ ਲਈ ਥਾਂ ਬਣਾਂਦਾ ਹੈ। ਬਣਾਣ ਦੀ ਤਾਕਤ ਰੱਖਣ ਵਾਲੇ ਅਕਾਲ ਪੁਰਖ ਨੇ ਇਸ ਸਰੀਰ ਦੇ ਨੌ ਘਰ (ਇੰਦ੍ਰੇ) ਬਣਾਏ ਹਨ। ਦਸਵੇਂ ਦੁਆਰ ਵਿੱਚ ਉਸ ਅਦ੍ਰਿਸ਼ਟ ਤੇ ਬੇਅੰਤ ਅਕਾਲ ਪੁਰਖ ਆਪ ਰਹਿੰਦਾ ਹੈ। ਜੀਵ ਮਾਇਆ ਦੇ ਮੋਹ ਵਿੱਚ ਫਸ ਕੇ ਆਪਣੇ ਆਪ ਨੂੰ ਮਲੀਨ ਕਰ ਲੈਂਦੇ ਹਨ, ਪਰ ਜਿਹੜਾ ਮਨੁੱਖ ਗੁਰੂ ਦੇ ਸਨਮੁਖ ਹੁੰਦਾ ਹੈ, ਉਸ ਦੇ ਪੰਜੇ ਗਿਆਨ ਇੰਦ੍ਰੇ, ਉਸ ਦਾ ਮਨ ਤੇ ਬੁੱਧੀ, ਇਹ ਸੱਤੇ (੫+੨=੭) ਹੀ ਸਰੋਵਰ ਅਕਾਲ ਪੁਰਖ ਦੇ ਨਾਮੁ ਦੇ ਪਵਿੱਤਰ ਜਲ ਨਾਲ ਭਰੇ ਰਹਿੰਦੇ ਹਨ, ਇਸ ਲਈ ਗੁਰਮੁਖ ਨੂੰ ਮਾਇਆ ਦੀ ਮੈਲ ਨਹੀਂ ਲੱਗਦੀ। ਅਕਾਲ ਪੁਰਖ ਆਪ ਹੀ ਸੂਰਜ ਤੇ ਚੰਦ੍ਰਮਾ, ਜਗਤ ਦੇ ਦੀਵੇ ਬਣਾ ਕੇ, ਆਪਣੀ ਵਡਿਆਈ ਵੇਖਦਾ ਹੈ, ਇਨ੍ਹਾਂ ਸੂਰਜ, ਚੰਦ੍ਰਮਾ ਆਦਿ ਦੀਵਿਆਂ ਵਿਚ, ਤੇ ਸਾਰੀ ਸ੍ਰਿਸ਼ਟੀ ਵਿਚ, ਉਸ ਦੀ ਆਪਣੀ ਜੋਤਿ ਚਾਨਣ ਕਰ ਰਹੀ ਹੈ। ਉਹ ਅਕਾਲ ਪੁਰਖ ਸਦਾ ਚਾਨਣ ਹੀ ਚਾਨਣ ਹੈ, ਤੇ ਸਦਾ ਜੀਵਾਂ ਨੂੰ ਸੁਖ ਦੇਣ ਵਾਲਾ ਹੈ। ਜਿਹੜਾ ਜੀਵ ਉਸ ਦਾ ਰੂਪ ਹੋ ਜਾਂਦਾ ਹੈ, ਉਸ ਨੂੰ ਅਕਾਲ ਪੁਰਖ ਆਪ ਸੋਭਾ ਦਿੰਦਾ ਹੈ। ਅਕਾਲ ਪੁਰਖ ਆਪਣੇ ਹੁਕਮੁ ਵਿੱਚ ਹੀ ਜਗਤ ਦੇ ਸਾਰੇ ਕੌਤਕ ਵਰਤਾ ਰਿਹਾ ਹੈ। ਅਕਾਲ ਪੁਰਖ ਆਪਣੇ ਹੁਕਮੁ ਅਨੁਸਾਰ ਜੀਵਾਂ ਨੂੰ ਸਾਹ ਦਿੰਦਾ ਹੈ, ਸਦਾ ਰਿਜ਼ਕ ਦਿੰਦਾ ਹੈ, ਤੇ ਸੰਭਾਲ ਕਰਦਾ ਹੈ।

ਮਾਰੂ ਮਹਲਾ ੧॥ ਆਪੇ ਆਪੁ ਉਪਾਇ ਨਿਰਾਲਾ॥ ਸਾਚਾ ਥਾਨੁ ਕੀਓ ਦਇਆਲਾ ਪਉਣ ਪਾਣੀ ਅਗਨੀ ਕਾ ਬੰਧਨੁ ਕਾਇਆ ਕੋਟੁ ਰਚਾਇਦਾ॥ ੧॥ ਨਉ ਘਰੁ ਥਾਪੇ ਥਾਪਣਹਾਰੈ॥ ਦਸਵੈ ਵਾਸਾ ਅਲਖ ਅਪਾਰੈ॥ ਸਾਇਰ ਸਪਤ ਭਰੇ ਜਲਿ ਨਿਰਮਲਿ ਗੁਰਮੁਖਿ ਮੈਲੁ ਨ ਲਾਇਦਾ॥ ੨॥ ਰਵਿ ਸਸਿ ਦੀਪਕ ਜੋਤਿ ਸਬਾਈ॥ ਆਪੇ ਕਰਿ ਵੇਖੈ ਵਡਿਆਈ॥ ਜੋਤਿ ਸਰੂਪ ਸਦਾ ਸੁਖਦਾਤਾ ਸਚੇ ਸੋਭਾ ਪਾਇਦਾ॥ ੩॥ (੧੦੩੬)

ਜਿਸ ਮਨੁੱਖ ਨੇ ਆਪਣੇ ਜੀਵਨ ਨੂੰ ਪੜਤਾਲਿਆ ਹੈ, ਉਹ ਜਾਣਦਾ ਹੈ, ਕਿ ਅਕਾਲ ਪੁਰਖ ਆਪ ਹੀ ਆਪਣੇ ਆਪ ਨੂੰ ਪੈਦਾ ਕਰ ਕੇ ਪਰਗਟ ਹੋਇਆ, ਅਕਾਲ ਪੁਰਖ ਆਪ ਹੀ ਸਭ ਅੰਦਰ ਗੁਪਤ ਰੂਪ ਵਿੱਚ ਵਿਆਪਕ ਹੈ, ਤੇ ਉਹ ਅਕਾਲ ਪੁਰਖ ਸਭ ਜੀਵਾਂ ਦੀ ਸੰਭਾਲ ਵੀ ਕਰਦਾ ਹੈ। ਜਿਸ ਮਨੁੱਖ ਨੇ ਗੁਰੂ ਦੀ ਸਰਨ ਪੈ ਕੇ ਇੱਕ ਅਕਾਲ ਪੁਰਖ ਨੂੰ ਹਰ ਥਾਂ ਵੱਸਦਾ ਜਾਣ ਲਿਆ, ਉਹ ਸਮਝ ਲੈਂਦਾ ਹੈ, ਕਿ ਜਿਸ ਅਕਾਲ ਪੁਰਖ ਨੇ ਬ੍ਰਹਮਾ ਵਿਸ਼ਨੂ ਸ਼ਿਵ ਪੈਦਾ ਕੀਤੇ ਹਨ, ਉਹ ਆਪ ਹੀ ਹਰੇਕ ਜੀਵ ਨੂੰ ਧੰਧੇ ਵਿੱਚ ਲਾਉਂਦਾ ਹੈ, ਤੇ, ਜਿਹੜਾ ਮਨੁੱਖ ਅਕਾਲ ਪੁਰਖ ਨੂੰ ਚੰਗਾ ਲੱਗਦਾ ਹੈ, ਉਸ ਨੂੰ ਉਹ ਆਪ ਹੀ ਆਪਣੇ ਚਰਨਾਂ ਨਾਲ ਜੋੜ ਲੈਂਦਾ ਹੈ। ਜਿਸ ਮਨੁੱਖ ਨੇ ਗੁਰੂ ਦੇ ਸ਼ਬਦ ਨਾਲ ਸਾਂਝ ਪਾ ਲਈ, ਉਹ ਜਾਣਦਾ ਹੈ, ਕਿ ਇਹ ਜਗਤ ਜਨਮ ਮਰਨ ਦਾ ਚੱਕਰ ਹੀ ਹੈ, ਇਥੇ ਮਾਇਆ ਦਾ ਮੋਹ ਪ੍ਰਬਲ ਹੈ, ਜਿਸ ਕਰਕੇ ਜੀਵ ਵਿਕਾਰਾਂ ਵਿੱਚ ਫਸਿਆ ਰਹਿੰਦਾ ਹੈ। ਜਿਨ੍ਹਾਂ ਨੇ ਗੁਰੂ ਦੇ ਸ਼ਬਦ ਨੂੰ ਪਛਾਣ ਲਿਆ ਉਨ੍ਹਾਂ ਨੂੰ ਸਮਝ ਆ ਜਾਂਦੀ ਹੈ, ਕਿ ਜੀਵਨ ਸਫਲ ਕਰਨ ਲਈ ਸਦਾ ਕਾਇਮ ਰਹਿਣ ਵਾਲੇ ਅਕਾਲ ਪੁਰਖ ਦੀ ਸਦਾ ਉਸਤਤ ਕਰਨੀ ਚਾਹੀਦੀ ਹੈ। ਕਈ ਜੀਵ ਐਸੇ ਹਨ, ਜੋ ਜਗਤ ਦੇ ਰਚਨਹਾਰ ਅਕਾਲ ਪੁਰਖ ਦੀ ਯਾਦ ਵਿੱਚ ਜੁੜੇ ਰਹਿੰਦੇ ਹਨ, ਤੇ ਫਿਰ ਉਹ ਆਤਮਕ ਆਨੰਦ ਮਾਣਦੇ ਰਹਿੰਦੇ ਹਨ। ਪਰ ਜਿਹੜੇ ਮਨੁੱਖ ਮਾਇਕ ਪਦਾਰਥਾਂ ਵਿੱਚ ਲੱਗੇ ਰਹਿੰਦੇ ਹਨ, ਉਹ ਆਪਣਾ ਮਨੁੱਖਾ ਜੀਵਨ ਵਿਅਰਥ ਗਵਾ ਲੈਂਦੇ ਹਨ। ਆਤਮਕ ਜੀਵਨ ਦੇਣ ਵਾਲੇ ਫਲ, ਉਨ੍ਹਾਂ ਨੂੰ ਹੀ ਮਿਲਦੇ ਹਨ, ਜਿਹੜੇ ਆਤਮਕ ਜੀਵਨ ਦੇਣ ਵਾਲੇ ਅਕਾਲ ਪੁਰਖ ਦੀ ਸਿਫ਼ਤਿ ਸਾਲਾਹ ਕਰਦੇ ਰਹਿੰਦੇ ਹਨ।

ਮਾਰੂ ਮਹਲਾ ੩॥ ਆਪੇ ਆਪੁ ਉਪਾਇ ਉਪੰਨਾ॥ ਸਭ ਮਹਿ ਵਰਤੈ ਏਕੁ ਪਰਛੰਨਾ॥ ਸਭਨਾ ਸਾਰ ਕਰੇ ਜਗਜੀਵਨੁ ਜਿਨਿ ਅਪਣਾ ਆਪੁ ਪਛਾਤਾ ਹੇ॥ ੧॥ ਜਿਨਿ ਬ੍ਰਹਮਾ ਬਿਸਨੁ ਮਹੇਸੁ ਉਪਾਏ॥ ਸਿਰਿ ਸਿਰਿ ਧੰਧੈ ਆਪੇ ਲਾਏ॥ ਜਿਸੁ ਭਾਵੈ ਤਿਸੁ ਆਪੇ ਮੇਲੇ ਜਿਨਿ ਗੁਰਮੁਖਿ ਏਕੋ ਜਾਤਾ ਹੇ॥ ੨॥ ਆਵਾ ਗਉਣੁ ਹੈ ਸੰਸਾਰਾ॥ ਮਾਇਆ ਮੋਹੁ ਬਹੁ ਚਿਤੈ ਬਿਕਾਰਾ॥ ਥਿਰੁ ਸਾਚਾ ਸਾਲਾਹੀ ਸਦ ਹੀ ਜਿਨਿ ਗੁਰ ਕਾ ਸਬਦੁ ਪਛਾਤਾ ਹੇ॥ ੩॥ ਇਕਿ ਮੂਲਿ ਲਗੇ ਓਨੀ ਸੁਖੁ ਪਾਇਆ॥ ਡਾਲੀ ਲਾਗੇ ਤਿਨੀ ਜਨਮੁ ਗਵਾਇਆ॥ ਅੰਮ੍ਰਿਤ ਫਲ ਤਿਨ ਜਨ ਕਉ ਲਾਗੇ ਜੋ ਬੋਲਹਿ ਅੰਮ੍ਰਿਤ ਬਾਤਾ ਹੇ॥ ੪॥ (੧੦੫੧)

ਅਕਾਲ ਪੁਰਖ ਨੇ ਆਪ ਹੀ ਆਪਣੇ ਆਪ ਨੂੰ ਪਰਗਟ ਕਰ ਕੇ, ਆਪ ਹੀ ਆਪਣੇ ਆਪ ਨੂੰ ਸਮਝਿਆ ਹੈ। ਆਕਾਸ਼ ਤੇ ਧਰਤੀ ਨੂੰ ਵਖੋ ਵਖ ਕਰ ਕੇ ਬਣਾਇਆ, ਤੇ ਇਹ ਆਕਾਸ਼ ਉਸ ਨੇ ਮਾਨੋ, ਆਪਣੇ ਤਖ਼ਤ ਉਤੇ ਚੰਦੋਆ ਤਾਣਿਆ ਹੋਇਆ ਹੈ। ਸਾਰੇ ਜਗਤ ਰੂਪੀ ਦਰਬਾਰ ਉੱਤੇ ਆਕਾਸ਼ ਨੂੰ ਥੰਮ੍ਹਾਂ ਤੋਂ ਬਿਨਾ ਟਿਕਾ ਕੇ (gravitation), ਆਪਣੇ ਸਬਦ ਰੂਪੀ ਹੁਕਮੁ ਅਨੁਸਾਰ ਬਣਾਇਆ ਹੈ। ਸੂਰਜ ਤੇ ਚੰਦਰਮਾਂ ਨੂੰ ਪੈਦਾ ਕਰਕੇ ਉਨ੍ਹਾਂ ਵਿੱਚ ਆਪਣੀ ਜੋਤਿ ਟਿਕਾਈ ਹੋਈ ਹੈ, ਤੇ ਜੀਵਾਂ ਦੇ ਕਾਰ ਵਿਹਾਰ ਲਈ ਰਾਤ ਤੇ ਦਿਨ ਰੂਪੀ ਅਚਰਜ ਤਮਾਸ਼ੇ ਬਣਾ ਦਿੱਤੇ ਹਨ।

ਪਉੜੀ॥ ਆਪੀਨੈੑ ਆਪੁ ਸਾਜਿ ਆਪੁ ਪਛਾਣਿਆ॥ ਅੰਬਰੁ ਧਰਤਿ ਵਿਛੋੜਿ ਚੰਦੋਆ ਤਾਣਿਆ॥ ਵਿਣੁ ਥੰਮਾੑ ਗਗਨੁ ਰਹਾਇ ਸਬਦੁ ਨੀਸਾਣਿਆ॥ ਸੂਰਜੁ ਚੰਦੁ ਉਪਾਇ ਜੋਤਿ ਸਮਾਣਿਆ॥ ਕੀਏ ਰਾਤਿ ਦਿਨੰਤੁ ਚੋਜ ਵਿਡਾਣਿਆ॥ (੧੨੭੯)

ਅਕਾਲ ਪੁਰਖ ਜਿਸ ਤਰ੍ਹਾਂ ਦੀ ਸੋਝੀ ਕਿਸੇ ਮਨੁੱਖ ਨੂੰ ਦਿੰਦਾ ਹੈ, ਉਹ ਉਸ ਤਰ੍ਹਾਂ ਦਾ ਗਿਆਨ ਪ੍ਰਾਪਤ ਕਰਦਾ ਹੈ। ਉਸ ਸੋਝੀ ਅਨੁਸਾਰ ਮਨੁੱਖ ਅਕਾਲ ਪੁਰਖ ਨਾਲ ਡੂੰਘੀ ਸਾਂਝ ਪਾ ਲੈਂਦਾ ਹੈ, ਤੇ, ਉਸ ਦਾ ਬਖ਼ਸ਼ਿਆ ਹੋਇਆ ਨਾਮੁ ਉਚਾਰਦਾ ਹੈ ਅਤੇ ਅਕਾਲ ਪੁਰਖ ਦੇ ਦਿਤੇ ਹੋਏ ਨਾਮੁ ਅਨੁਸਾਰ ਮਨੁੱਖਾ ਜੀਵਨ ਵਿੱਚ ਵਿਚਰਦਾ ਹੈ। ਅਕਾਲ ਪੁਰਖ ਆਪ ਹੈਰਾਨ ਕਰ ਦੇਣ ਵਾਲੀ ਹਸਤੀ ਹੈ, ਤੇ ਉਸ ਦੀ ਰਚੀ ਰਚਨਾ ਵੀ ਹੈਰਾਨਗੀ ਪੈਦਾ ਕਰਨ ਵਾਲੀ ਹੈ। ਅਕਾਲ ਪੁਰਖ ਆਪ ਹੀ ਜਗਤ ਦੀ ਰਚਨਾ ਲਈ ਵਸੀਲਾ ਬਣਾਣ ਵਾਲਾ ਹੈ, ਤੇ ਇਹ ਸਾਰਾ ਜਗਤ ਅਕਾਲ ਪੁਰਖ ਦਾ ਹੀ ਸਰੂਪ ਹੈ। ਅਕਾਲ ਪੁਰਖ ਦੇ ਹੁਕਮੁ ਅਨੁਸਾਰ ਜੀਵਾਂ ਦਾ ਜਨਮ ਹੁੰਦਾ ਹੈ, ਤੇ ਹੁਕਮ ਅਨੁਸਾਰ ਹੀ ਮੌਤ ਹੁੰਦੀ ਹੈ। ਅਕਾਲ ਪੁਰਖ ਦਾ ਨਾਮੁ ਮਨੁੱਖ ਦੇ ਮਨ ਤੇ ਸਰੀਰ ਲਈ ਆਸਰਾ ਹੈ, ਇਸ ਲਈ ਅਕਾਲ ਪੁਰਖ ਅੱਗੇ ਬੇਨਤੀ ਕਰਨੀ ਹੈ ਕਿ ਆਪਣਾ ਨਾਮੁ ਬਖ਼ਸ਼ੋ, ਤਾਂ ਜੋ ਜੀਵਨ ਸਫਲ ਕਰਨ ਦੀ ਜਾਚ ਆ ਜਾਵੇ।

ਵਡਹੰਸੁ ਮਃ ੫॥ ਤੂ ਜਾਣਾਇਹਿ ਤਾ ਕੋਈ ਜਾਣੈ॥ ਤੇਰਾ ਦੀਆ ਨਾਮੁ ਵਖਾਣੈ॥ ੧॥ ਤੂ ਅਚਰਜੁ ਕੁਦਰਤਿ ਤੇਰੀ ਬਿਸਮਾ॥ ੧॥ ਰਹਾਉ॥ ਤੁਧੁ ਆਪੇ ਕਾਰਣੁ ਆਪੇ ਕਰਣਾ॥ ਹੁਕਮੇ ਜੰਮਣੁ ਹੁਕਮੇ ਮਰਣਾ॥ ੨॥ ਨਾਮੁ ਤੇਰਾ ਮਨ ਤਨ ਆਧਾਰੀ॥ ਨਾਨਕ ਦਾਸ ਬਖਸੀਸ ਤੁਮਾਰੀ॥ ੩॥ ੮॥ (੫੬੩, ੫੬੪)

ਉਹੀ ਮਨੁੱਖ ਅਕਾਲ ਪੁਰਖ ਦਾ ਭਗਤ ਆਖਿਆ ਜਾਂਦਾ ਹੈ, ਜਿਹੜਾ ਹਰੇਕ ਹੋ ਰਹੀ ਕਾਰ ਨੂੰ ਅਕਾਲ ਪੁਰਖ ਦੇ ਹੁਕਮੁ ਅਨੁਸਾਰ ਹੋ ਰਹੀ ਸਮਝਦਾ ਹੈ ਤੇ, ਇਹ ਨਿਸ਼ਚਾ ਰੱਖਦਾ ਹੈ ਕਿ ਦੁਖ ਆਵੇ ਜਾਂ ਸੁਖ, ਦੋਹਾਂ ਨੂੰ ਇਕੋ ਜਿਹਾ ਸਮਝਣਾ ਹੈ। ਪਰੰਤੂ ਮਨੁੱਖ ਅਕਾਲ ਪੁਰਖ ਨੂੰ ਉਦੋਂ ਹੀ ਸਭ ਕੁੱਝ ਕਰਨ ਕਰਾਣ ਵਾਲਾ ਸਮਝਦਾ ਹੈ, ਜਦੋਂ ਉਸ ਦੇ ਅੰਦਰੋਂ ਹਉਮੈ ਦੂਰ ਹੋ ਜਾਂਦੀ ਹੈ। ਅਜੇਹਾ ਮਨੁੱਖ ਗੁਰੂ ਦੇ ਸਨਮੁਖ ਰਹਿ ਕੇ ਆਤਮਕ ਅਡੋਲਤਾ ਵਿੱਚ ਟਿਕਿਆ ਰਹਿੰਦਾ ਹੈ। ਅਕਾਲ ਪੁਰਖ ਦੇ ਭਗਤ ਸਦਾ ਵੈਰ-ਵਿਰੋਧ ਤੋਂ ਪਰੇ ਰਹਿੰਦੇ ਹਨ, ਤੇ ਮਾਇਆ ਦੇ ਮੋਹ ਤੋਂ ਉਤਾਂਹ ਰਹਿੰਦੇ ਹਨ, ਜਿਸ ਸਦਕਾ ਉਹ ਸਦਾ ਆਤਮਕ ਆਨੰਦ ਮਾਣਦੇ ਰਹਿੰਦੇ ਹਨ। ਅਕਾਲ ਪੁਰਖ ਆਪ ਹੀ ਸਭ ਕੁੱਝ ਪੈਦਾ ਕਰਨ ਵਾਲਾ ਹੈ, ਤੇ ਆਪ ਹੀ ਜਗਤ ਦਾ ਮੂਲ ਹੈ। ਅਕਾਲ ਪੁਰਖ ਨੇ ਆਪ ਹੀ ਸਾਰੀ ਸ੍ਰਿਸ਼ਟੀ ਨੂੰ ਪੈਦਾ ਕਰ ਕੇ ਆਪਣੇ ਆਪਣੇ ਥਾਂ ਤੇ ਟਿਕਾਇਆ ਹੋਇਆ ਹੈ, ਤੇ ਸਾਰੀਆਂ ਧਰਤੀਆਂ ਨੂੰ ਸਹਾਰਾ ਦਿੱਤਾ ਹੋਇਆ ਹੈ। ਗੁਰੂ ਸਾਹਿਬ ਅਕਾਲ ਪੁਰਖ ਅੱਗੇ ਬੇਨਤੀ ਕਰਕੇ ਸਮਝਾਂਉਂਦੇ ਹਨ, ਕਿ ਦਾਸ ਨਾਨਕ ਉਸ ਅਕਾਲ ਪੁਰਖ ਦੇ ਦਰ ਤੇ ਡਿੱਗਾ ਹੋਇਆ ਹੈ, ਹੁਣ ਅਕਾਲ ਪੁਰਖ ਦੀ ਆਪਣੀ ਰਜ਼ਾ ਹੈ, ਜੇ ਕਰ ਉਹ ਚਾਹੇ ਤਾਂ ਆਪਣੇ ਸੇਵਕ ਦੀ ਲੋਕ ਪਰਲੋਕ ਵਿੱਚ ਇੱਜ਼ਤ ਰੱਖ ਸਕਦਾ ਹੈ।

ਤੂ ਆਪੇ ਕਰਤਾ ਕਾਰਣ ਕਰਣਾ॥ ਸ੍ਰਿਸਟਿ ਉਪਾਇ ਧਰੀ ਸਭ ਧਰਣਾ॥ ਜਨ ਨਾਨਕੁ ਸਰਣਿ ਪਇਆ ਹਰਿ ਦੁਆਰੈ ਹਰਿ ਭਾਵੈ ਲਾਜ ਰਖਾਇਦਾ॥ ੧੬॥ ੧॥ ੫॥ (੧੦੭੬)

ਅਕਾਲ ਪੁਰਖ ਆਪ ਹੀ ਆਪਣੇ ਆਪ ਨੂੰ ਮਾਇਆ ਅਖਵਾ ਰਿਹਾ ਹੈ, ਤੇ ਉਹ ਸੂਰਮਾ ਅਕਾਲ ਪੁਰਖ ਆਪ ਹੀ ਸਾਰੇ ਜਗਤ ਵਿੱਚ ਹੁਕਮ ਚਲਾ ਰਿਹਾ ਹੈ। ਸਭ ਜੀਵਾਂ ਦੇ ਅੰਦਰ ਉਸਨੇ ਆਪ ਹੀ ਸ਼ਾਂਤੀ ਵਰਤਾਈ ਹੋਈ ਹੈ, ਕਿਉਂਕਿ ਉਹ ਆਪ ਮੀਂਹ ਦੇ ਗੜਿਆਂ ਵਰਗਾ ਸੀਤਲ ਤੇ ਠੰਢਾ ਠਾਰ ਹੈ। ਜਿਸ ਮਨੁੱਖ ਉਤੇ ਅਕਾਲ ਪੁਰਖ ਮਿਹਰ ਕਰਦਾ ਹੈ, ਉਸ ਨੂੰ ਗੁਰੂ ਦੀ ਸਰਨ ਪਾ ਕੇ ਉਸ ਦੀ ਨਵੀਂ ਆਤਮਕ ਘਾੜਤ ਘੜਦਾ ਹੈ। ਅਜੇਹੇ ਗੁਰਮੁਖ ਦੇ ਅੰਦਰ ਅਕਾਲ ਪੁਰਖ ਦਾ ਨਾਮੁ ਵੱਸ ਜਾਂਦਾ ਹੈ, ਤੇ ਉਸ ਗੁਰਮੁਖ ਨੂੰ ਫਿਰ ਮੌਤ ਦਾ ਡਰ ਨਹੀਂ ਰਹਿੰਦਾ, ਤੇ ਸਦੀਵੀ ਆਤਮਕ ਆਨੰਦ ਤੇ ਮਾਣ ਸਤਿਕਾਰ ਪ੍ਰਾਪਤ ਹੁੰਦਾ ਰਹਿੰਦਾ ਹੈ।

ਆਪੇ ਸਕਤੀ ਸਬਲੁ ਕਹਾਇਆ॥ ਆਪੇ ਸੂਰਾ ਅਮਰੁ ਚਲਾਇਆ॥ ਆਪੇ ਸਿਵ ਵਰਤਾਈਅਨੁ ਅੰਤਰਿ ਆਪੇ ਸੀਤਲੁ ਠਾਰੁ ਗੜਾ॥ ੧੩॥ (੧੦੮੧, ੧੦੮੨)

ਅਕਾਲ ਪੁਰਖ ਸਾਰੀ ਦੁਨੀਆ ਦਾ ਪਾਤਿਸ਼ਾਹ ਹੈ, ਸਾਰੀ ਸ੍ਰਿਸ਼ਟੀ ਦੀ ਰਚਨਾ ਕਰਕੇ, ਆਪਣੇ ਸਰਗੁਣ ਰੂਪ ਵਿੱਚ ਵਿਚਰ ਵੀ ਰਿਹਾ ਹੈ, ਉਸ ਦੇ ਹੁਕਮੁ ਵਿੱਚ ਸਾਰਾ ਜਗਤ ਨੱਥਿਆ ਹੋਇਆ ਹੈ ਤੇ ਉਸ ਤੋਂ ਬਿਨਾ ਕਿਸੇ ਹੋਰ ਦਾ ਹੁਕਮ ਨਹੀਂ ਚੱਲ ਸਕਦਾ। ਇਸ ਲਈ ਜੇ ਕਰ ਕੋਈ ਮਨੁੱਖ ਸਚਮੁੱਚ ਦਾ ਗੁਰਮੁਖ ਬਣਨਾ ਚਾਹੁੰਦਾ ਹੈ ਤਾਂ ਉਸ ਨੂੰ ਗੁਰੂ ਦੇ ਸਬਦ ਦੁਆਰਾ ਅਕਾਲ ਪੁਰਖ ਦੀ ਸਿਫ਼ਤਿ ਸਾਲਾਹ ਕਰਨੀ ਚਾਹੀਦੀ ਹੈ।

ਖਖੈ ਖੁੰਦਕਾਰੁ ਸਾਹ ਆਲਮੁ ਕਰਿ ਖਰੀਦਿ ਜਿਨਿ ਖਰਚੁ ਦੀਆ॥ ਬੰਧਨਿ ਜਾ ਕੈ ਸਭੁ ਜਗੁ ਬਾਧਿਆ ਅਵਰੀ ਕਾ ਨਹੀ ਹੁਕਮੁ ਪਇਆ॥ ੬॥ (੪੩੨)

ਜੇ ਕਰ ਉਪਰ ਲਿਖੀਆਂ, ਗੁਰਬਾਣੀ ਦੀਆਂ ਸਿਖਿਆਵਾਂ, ਨੂੰ ਇਕੱਠਾ ਕਰੀਏ ਤਾਂ ਅਸੀਂ ਨਿਸਚੇ ਨਾਲ ਸਮਝ ਸਕਦੇ ਹਾਂ, ਕਿ ਸ੍ਰਿਸ਼ਟੀ ਨੂੰ ਪੈਦਾ ਕਰਨਾ ਵਾਲਾ ਤੇ ਸੰਭਾਲਣ ਵਾਲਾ ਉਹ ਅਕਾਲ ਪੁਰਖ ਆਪ ਹੀ ਹੈ।

ਸਾਇੰਸ ਬਿਗ ਬੈਂਗ ਥਿਉਰੀ (Big Bang Theory) ਤੇ ਬਲੈਕ ਹੋਲ (Black hole) ਤੋਂ ਕੁਦਰਤ ਦੀ ਰਚਨਾ ਬਾਰੇ ਅੰਦਾਜੇ ਲਗਾ ਰਹੀ ਹੈ।

ਸਾਇੰਸ ਦੀਆਂ ਨਵੀਆਂ ਨਵੀਆਂ ਥਿਉਰੀਆਂ ਇਸ ਵਿਸ਼ੇ ਸਬੰਧੀ ਗਿਆਨ ਵਿੱਚ ਹੋਰ ਵਾਧਾ ਤਾਂ ਕਰ ਰਹੀਆਂ ਹਨ, ਪਰੰਤੂ ਕੁਦਰਤ ਦਾ ਅੰਤ ਪਾਉਣਾਂ ਅਜੇ ਬਹੁਤ ਹੀ ਦੂਰ ਹੈ।

ਗੁਰੂ ਨਾਨਕ ਸਾਹਿਬ ਨੇ ਜਪੁਜੀ ਸਾਹਿਬ ਵਿੱਚ ਇਸ ਸ੍ਰਿਸ਼ਟੀ ਦੇ ਪੈਦਾ ਹੋਣ ਬਾਰੇ ਇਹੀ ਕਿਹਾ ਹੈ ਕਿ ਅਕਾਲ ਪੁਰਖ ਨੇ ਆਪਣੇ ਇਕੋ ਹੁਕਮੁ ਨਾਲ ਸਾਰਾ ਸੰਸਾਰ ਬਣਾ ਦਿੱਤਾ, ਤੇ ਉਸ ਦੇ ਹੁਕਮੁ ਨਾਲ ਹੀ ਜ਼ਿੰਦਗੀ ਦੇ ਲੱਖਾਂ ਦਰਿਆ ਬਣ ਗਏ।

ਸਿੱਖ ਧਰਮ ਅਨੁਸਾਰ ਪੂਰੀ ਸ੍ਰਿਸ਼ਟੀ ਨੂੰ ਪੈਦਾ ਕਰਨ ਵਾਲਾ ਅਕਾਲ ਪੁਰਖ ਆਪ ਹੀ ਹੈ ਤੇ ਉਹ ਆਪ ਹੀ ਜਾਣਦਾ ਕਿ ਕੁਦਰਤ ਦੀ ਅਸਲੀਅਤ ਕੀ ਸੀ।

ਬਿਗ ਬੈਂਗ ਸਿਧਾਤ ਮੁਤਾਬਕ ਕੁਦਰਤ ੧੩. ੮ ਬਿਲਿਅਨ ਸਾਲ ਪਹਿਲਾਂ ਇੱਕ ਇਕਾਈ (singularity) ਤੋਂ ਬਣੀ ਸੀ ਤੇ ਇਹ ਫੈਲਦੀ ਜਾ ਰਹੀ ਹੈ। ਇਸ ਬਿਗ ਬੈਂਗ ਤੋਂ ਪਹਿਲਾਂ ਕੀ ਸੀ ਤੇ ਕਿਉਂ ਸੀ, ਅੱਜ ਦੀ ਸਾਇੰਸ ਦੀ ਪਹੁੰਚ ਤੋਂ ਬਾਹਰ ਹੈ।

ਗੁਰੂ ਸਾਹਿਬਾਂ ਨੇ ਕਈ ਸਾਲ ਪਹਿਲਾਂ ਹੀ ਸਮਝਾ ਦਿਤਾ ਸੀ, ਕਿ ਅਕਾਲ ਪੁਰਖ ਨੇ ਇਹ ਕੁਦਰਤ ਸੁੰਨ ਤੋਂ ਪੈਦਾ ਕੀਤੀ।

ਅੱਜ ਦੀ ਸਾਇੰਸ ਵੀ ਹੁਣ ਸ੍ਰਿਸ਼ਟੀ ਦੇ ਪੈਦਾ ਹੋਣ ਬਾਰੇ ਇਹ ਕਹਿ ਰਹੀ ਹੈ, ਕਿ ਇਹ ਇੱਕ ਇਕਾਈ (singularity) ਤੋਂ ਬਣੀ ਹੈ।

ਗੁਰੂ ਨਾਨਕ ਸਾਹਿਬ ਨੇ ਅੱਜ ਤੋਂ ੫੦੦ ਸਾਲ ਪਹਿਲਾਂ ਸਮਝਾ ਦਿੱਤਾ ਸੀ ਕਿ ਅਕਾਲ ਪੁਰਖ ਨੇ ਆਪ ਹੀ ਆਪਣੇ ਆਪ ਨੂੰ ਸਾਜਿਆ, ਤੇ ਆਪ ਹੀ ਉਸ ਨੇ ਕੁਦਰਤ ਰਚੀ ਤੇ ਉਸ ਵਿੱਚ ਆਸਣ ਜਮਾ ਕੇ ਜਗਤ ਤਮਾਸ਼ਾ ਵੇਖਣ ਲੱਗ ਪਿਆ।

ਜਿਸ ਤਰ੍ਹਾਂ ਪਾਣੀ ਅਤੇ ਪਾਣੀ ਦੀਆਂ ਲਹਿਰਾਂ ਇੱਕੋ ਰੂਪ ਹਨ, ਇਸੇ ਤਰ੍ਹਾਂ ਜਗਤ ਦੇ ਅਨੇਕਾਂ ਰੂਪ ਰੰਗ ਅਕਾਲ ਪੁਰਖ ਤੋਂ ਹੀ ਬਣੇ ਹਨ।

ਅਕਾਲ ਪੁਰਖ ਆਪ ਹੀ ਜਗਤ ਦੀ ਰਚਨਾ ਕਰਕੇ, ਉਸ ਦੀ ਸੰਭਾਲ ਕਰਦਾ ਹੈ। ਅਕਾਲ ਪੁਰਖ ਸਦਾ ਕਾਇਮ ਰਹਿਣ ਵਾਲਾ ਹੈ, ਤੇ ਜਗਤ ਦਾ ਇਤਨਾ ਖਿਲਾਰਾ ਹੁੰਦਿਆਂ ਹੋਇਆਂ ਵੀ ਉਹ ਸਦਾ ਬੇਫ਼ਿਕਰ ਹੈ।

ਜਿਹੜਾ ਮਨੁੱਖ ਗੁਰੂ ਦੇ ਸਨਮੁਖ ਹੁੰਦਾ ਹੈ, ਉਸ ਦੇ ਪੰਜੇ ਗਿਆਨ ਇੰਦ੍ਰੇ, ਉਸ ਦਾ ਮਨ ਤੇ ਬੁੱਧੀ, ਅਕਾਲ ਪੁਰਖ ਦੇ ਨਾਮੁ ਦੇ ਪਵਿੱਤਰ ਜਲ ਨਾਲ ਭਰੇ ਰਹਿੰਦੇ ਹਨ, ਇਸ ਲਈ ਗੁਰਮੁਖ ਨੂੰ ਮਾਇਆ ਦੀ ਮੈਲ ਨਹੀਂ ਲੱਗਦੀ।

ਅਕਾਲ ਪੁਰਖ ਆਪ ਹੀ ਆਪਣੇ ਆਪ ਨੂੰ ਪੈਦਾ ਕਰ ਕੇ ਪਰਗਟ ਹੋਇਆ, ਅਕਾਲ ਪੁਰਖ ਆਪ ਹੀ ਸਭ ਅੰਦਰ ਗੁਪਤ ਰੂਪ ਵਿੱਚ ਵਿਆਪਕ ਹੈ, ਤੇ ਉਹ ਅਕਾਲ ਪੁਰਖ ਸਭ ਜੀਵਾਂ ਦੀ ਸੰਭਾਲ ਵੀ ਕਰਦਾ ਹੈ।

ਜਿਨ੍ਹਾਂ ਨੇ ਗੁਰੂ ਦੇ ਸ਼ਬਦ ਨੂੰ ਪਛਾਣ ਲਿਆ ਉਨ੍ਹਾਂ ਨੂੰ ਸਮਝ ਆ ਜਾਂਦੀ ਹੈ, ਕਿ ਜੀਵਨ ਸਫਲ ਕਰਨ ਲਈ ਸਦਾ ਕਾਇਮ ਰਹਿਣ ਵਾਲੇ ਅਕਾਲ ਪੁਰਖ ਦੀ ਸਦਾ ਉਸਤਤ ਕਰਨੀ ਚਾਹੀਦੀ ਹੈ।

ਅਕਾਲ ਪੁਰਖ ਨੇ ਸਾਰੇ ਜਗਤ ਰੂਪੀ ਦਰਬਾਰ ਉੱਤੇ ਆਕਾਸ਼ ਨੂੰ ਥੰਮ੍ਹਾਂ ਤੋਂ ਬਿਨਾ ਟਿਕਾ ਕੇ (gravitation), ਆਪਣੇ ਸਬਦ ਰੂਪੀ ਹੁਕਮੁ ਅਨੁਸਾਰ ਬਣਾਇਆ ਹੈ।

ਸੂਰਜ ਤੇ ਚੰਦਰਮਾਂ ਨੂੰ ਪੈਦਾ ਕਰਕੇ ਉਨ੍ਹਾਂ ਵਿੱਚ ਆਪਣੀ ਜੋਤਿ ਟਿਕਾਈ ਹੋਈ ਹੈ, ਤੇ ਜੀਵਾਂ ਦੇ ਕਾਰ ਵਿਹਾਰ ਲਈ ਰਾਤ ਤੇ ਦਿਨ ਰੂਪੀ ਅਚਰਜ ਤਮਾਸ਼ੇ ਬਣਾ ਦਿੱਤੇ ਹਨ।

ਅਕਾਲ ਪੁਰਖ ਦੇ ਹੁਕਮੁ ਅਨੁਸਾਰ ਜੀਵਾਂ ਦਾ ਜਨਮ ਹੁੰਦਾ ਹੈ, ਤੇ ਹੁਕਮ ਅਨੁਸਾਰ ਹੀ ਮੌਤ ਹੁੰਦੀ ਹੈ।

ਉਹੀ ਮਨੁੱਖ ਅਕਾਲ ਪੁਰਖ ਦਾ ਭਗਤ ਆਖਿਆ ਜਾਂਦਾ ਹੈ, ਜਿਹੜਾ ਹਰੇਕ ਹੋ ਰਹੀ ਕਾਰ ਨੂੰ ਅਕਾਲ ਪੁਰਖ ਦੇ ਹੁਕਮੁ ਅਨੁਸਾਰ ਹੋ ਰਹੀ ਸਮਝਦਾ ਹੈ ਤੇ, ਇਹ ਨਿਸ਼ਚਾ ਰੱਖਦਾ ਹੈ ਕਿ ਦੁਖ ਆਵੇ ਜਾਂ ਸੁਖ, ਦੋਹਾਂ ਨੂੰ ਇਕੋ ਜਿਹਾ ਸਮਝਣਾ ਹੈ।

ਸਭ ਜੀਵਾਂ ਦੇ ਅੰਦਰ ਉਸਨੇ ਆਪ ਹੀ ਸ਼ਾਂਤੀ ਵਰਤਾਈ ਹੋਈ ਹੈ, ਕਿਉਂਕਿ ਉਹ ਆਪ ਮੀਂਹ ਦੇ ਗੜਿਆਂ ਵਰਗਾ ਸੀਤਲ ਤੇ ਠੰਢਾ ਠਾਰ ਹੈ।

ਅਕਾਲ ਪੁਰਖ ਸਾਰੀ ਸ੍ਰਿਸ਼ਟੀ ਦੀ ਰਚਨਾ ਕਰਕੇ, ਆਪਣੇ ਸਰਗੁਣ ਤੇ ਨਿਰਗੁਣ ਰੂਪ ਵਿੱਚ ਵਿਚਰ ਵੀ ਰਿਹਾ ਹੈ, ਉਸ ਦੇ ਹੁਕਮੁ ਵਿੱਚ ਸਾਰਾ ਜਗਤ ਨੱਥਿਆ ਹੋਇਆ ਹੈ ਤੇ ਉਸ ਤੋਂ ਬਿਨਾ ਕਿਸੇ ਹੋਰ ਦਾ ਹੁਕਮ ਨਹੀਂ ਚੱਲ ਸਕਦਾ।

ਗੁਰੂ ਸਾਹਿਬਾਂ ਨੇ ਤਾਂ ਕਈ ਸਾਲ ਪਹਿਲਾ ਕੁਦਰਤ ਦੀ ਰਚਨਾ ਬਾਰੇ ਤੇ ਇਸ ਮਨੁੱਖਾ ਜੀਵਨ ਦੀ ਅਸਲੀਆਤ ਬਾਰੇ ਸਮਝਾ ਦਿਤਾ ਹੈ। ਹੁਣ ਇਹ ਸਾਡਾ ਫਰਜ਼ ਬਣ ਜਾਂਦਾ ਹੈ, ਕਿ ਅਸੀਂ ਵੀ ਗੁਰਬਾਣੀ ਦੁਆਰਾ ਅਕਾਲ ਪੁਰਖ ਦੇ ਹੁਕਮੁ ਨੂੰ ਸਮਝੀਏ ਤੇ ਉਸ ਅਨੁਸਾਰ ਵਿਚਰ ਕੇ ਆਪਣਾ ਇਹ ਮਨੁੱਖਾ ਜਨਮ ਸਫਲ ਕਰੀਏ।

“ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ”


(ਡਾ: ਸਰਬਜੀਤ ਸਿੰਘ) (Dr. Sarbjit Singh)
ਆਰ ਐਚ ੧/ਈ - ੮, ਸੈਕਟਰ - ੮,
RH1 / E-8, Sector-8,
ਵਾਸ਼ੀ, ਨਵੀਂ ਮੁੰਬਈ - ੪੦੦੭੦੩.
Vashi, Navi Mumbai - 400703.
Email = sarbjitsingh@yahoo.com
http://www.sikhmarg.com/article-dr-sarbjit.html
.