.

ਕੀ ਗੁਰੂ ਗ੍ਰੰਥ ਤੋਂ ਬਾਹਰੀ ਵੀ ਕੋਈ ਗੈਬੀ ਸ਼ਬਦ ਹੈ?

ਅਵਤਾਰ ਸਿੰਘ ਮਿਸ਼ਨਰੀ

ਸ਼ਬਦ ਦਾ ਮੇਨ ਅਰਥ ਗੁਰੂ ਗ੍ਰੰਥ ਸਾਹਿਬ ਵਿਖੇ ਗੁਰੂ, ਗਿਆਨ, ਧਰਮ ਅਤੇ ਰੱਬ ਦਰਸਾਇਆ ਗਿਆ ਹੈ ਜਿਸ ਦਾ ਵਿਸਥਾਰ ਸਿੱਖ ਗੁਰੂ ਸਹਿਬਾਨਾਂ ਅਤੇ ਰੱਬੀ ਭਗਤਾਂ ਨੇ ਗੁਰੂ ਗ੍ਰੰਥ ਸਾਹਿਬ ਵਿਖੇ ਆਪਣੀ ਰਚਨਾ ਵਿੱਚ ਕੀਤਾ ਹੈ। ਬਾਬਾ ਨਾਨਕ ਜੀ ਨੇ ਵੀ ਪਾਰਬ੍ਰਹਮ ਪਰਮੇਸ਼ਰ ਨੂੰ ਹੀ ਆਪਣਾ ਗੁਰੂ ਕਿਹਾ ਹੈ-ਅਪਰੰਪਰ ਪਾਰਬ੍ਰਹਮੁ ਪਰਮੇਸਰੁ, ਨਾਨਕ ਗੁਰੁ ਮਿਲਿਆ ਸੋਈ ਜੀਉ॥ (599) ਉਸ ਰੱਬ ਰੂਪ ਗਿਅਨ ਗੁਰੂ ਦਾ ਹੀ ਸਾਰਾ ਵਿਸਥਾਰ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਹੈ। ਜੇ ਸਿੱਖ ਦੀ ਬਾਣੀ ਗੁਰੂ ਹੈ ਤਾਂ ਉਸ ਨੂੰ ਬਾਹਰ ਭਟਕਣ ਦੀ ਲੋੜ ਹੀ ਨਹੀਂ।

ਗੁਰਬਾਣੀ ਹੀ ਗਿਆਨ ਹੈ, ਗੁਰਬਾਣੀ ਹੀ ਗੁਰੂ ਹੈ ਅਤੇ ਗੁਰਬਾਣੀ ਹੀ ਸ਼ਬਦ ਹੈ। ਪ੍ਰਮੇਸ਼ਰ ਦੀ ਹੁਕਮ, ਕੁਦਰਤਿ, ਸਿਸਟਮ ਅਤੇ ਪਾਵਰ ਰੂਪ ਸ਼ਕਤੀ ਤਾਂ ਹੈ ਪਰ ਉਸ ਨੂੰ ਤਾਂਤ੍ਰਿਕਾਂ ਵਾਲੀ ਗੈਬੀ ਸ਼ਕਤੀ ਨਹੀਂ ਕਿਹਾ ਜਾ ਸਕਦਾ। ਸੋ ਪਿਆਰਿਓ ਜੇ ਗੁਰੂ ਗ੍ਰੰਥ ਸਾਹਿਬ ਵਿੱਚ ਉਹ ਸ਼ਬਦ ਹੀ ਨਹੀਂ ਜਿਸ ਨੂੰ ਗੁਰੂ ਕਿਹਾ ਗਿਆ ਹੈ ਤਾਂ ਫਿਰ ਗੁਰੂਆਂ-ਭਗਤਾਂ ਨੂੰ ਐਡੇ ਵੱਡੇ ਅਕਾਰ ਦਾ ਗਿਆਨ ਰੂਪ ਗ੍ਰੰਥ ਰਚਨ ਦੀ ਕੀ ਲੋੜ ਸੀ? ਫਿਰ ਤਾਂ ਜਿਵੇਂ ਗੈਬੀ ਸ਼ਕਤੀ ਦੇ ਡਰਾਵੇ ਦੇ ਨਾਂ ਤੇ ਬਾਮਣ, ਸਾਧ, ਸੰਤ, ਜੋਗੀ ਅਤੇ ਤਾਂਤ੍ਰਿਕ ਲੋਕਾਈ ਨੂੰ ਲੁੱਟਦੇ ਸਨ ਅੱਜ ਵੀ ਧਰਮ ਪ੍ਰਚਾਰਕ ਆਦਿਕ ਲੁੱਟੀ ਜਾਣਗੇ ਅਤੇ ਜਾ ਵੀ ਰਹੇ ਹਨ। ਜਰਾ ਡੂੰਘਾਈ ਨਾਲ ਸੋਚੋ! ਪ੍ਰਮਾਤਮਾਂ ਕੋਈ ਇਕੱਲੀ ਗੈਬੀ ਸ਼ਕਤੀ ਹੀ ਨਹੀਂ ਸਗੋਂ ਨਿਰਗੁਣ ਤੇ ਸਰਗੁਣ ਹੈ। ਸੰਸਾਰ ਵਿੱਚ ਜੋ ਸਿਸਟਮ ਵੀ ਦਿਖਾਈ ਦੇ ਰਿਹਾ ਹੈ ਇਹ ਉਸ ਦਾ ਹੀ ਰੂਪ ਹੈ-ਜੋ ਦੀਸੈ ਸੋ ਤੇਰਾ ਰੂਪ॥ਗੁਣ ਨਿਧਾਨ ਗੋਵਿੰਦ ਅਨੂਪ॥ (ਗੁਰੂ ਗਰੰਥ) ਉਹ ਕਿਤੇ ਪਹਾੜਾਂ ਦੀਆਂ ਕੰਦਰਾਂ, ਜੰਗਲਾਂ, ਪਤਾਲਾਂ ਜਾਂ ਅਕਾਸ਼ਾਂ ਵਿੱਚ ਹੀ ਨਹੀਂ ਲੁਕਿਆ ਹੋਇਆ ਅਤੇ ਉਸ ਨੂੰ ਅਜਿਹੀਆਂ ਥਾਵਾਂ ਤੇ ਜਾ ਕੇ ਲੱਭਣ ਦੀ ਵੀ ਲੋੜ ਨਹੀਂ। ਭਲਿਓ ਧਰਮ ਜਾਂ ਰੱਬ ਦੀ ਗੈਬੀ ਸ਼ਕਤੀ ਦੇ ਨਾਂ ਤੇ ਅਖੌਤੀ ਧਰਮ ਆਗੂਆਂ ਨੇ ਲੋਕਾਈ ਨੂੰ ਬਥੇਰਾ ਲੁੱਟਿਆ, ਕੁੱਟਿਆ ਅਤੇ ਉਜਾੜਿਆ ਹੈ। ਇਸ ਲੁੱਟ, ਕੁੱਟ ਅਤੇ ਉਜਾੜੇ ਤੋਂ ਬਚਣ ਲਈ ਹੀ ਬਾਬੇ ਨਾਨਕ ਨੇ ਪੁਜਾਰੀਵਾਦ ਵਿਰੁੱਧ ਜੋਰਦਾਰ ਆਜ਼ ਉਠਾਉਂਦੇ ਹੋਏ ਇਨ੍ਹਾਂ ਨੂੰ ਉਜਾੜੈ ਕਾ ਬੰਧ ਕਿਹਾ-ਕਾਦੀ ਕੂੜ ਬੋਲਿ ਮਲਿ ਖਾਇ॥ਬਾਮਣ ਨਾਵੈ ਜੀਆਂ ਘਾਇ॥ਜੋਗੀ ਜੁਗਤਿ ਨ ਜਾਣੈ ਅੰਧ ਤੀਨੈ ਉਜਾੜੇ ਜਾ ਬੰਧ॥ (ਗੁਰੂ ਗ੍ਰੰਥ) ਅੱਜ ਵੀ ਜੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਤੋਂ ਕੋਈ ਬਾਹਰਲੀ ਸ਼ਕਤੀ ਨੂੰ ਸ਼ਬਦ ਮੰਨ ਲਿਆ ਗਿਆ ਤਾਂ ਫਿਰ ਅਖੌਤੀ, ਸਾਧ, ਸੰਤ, ਸੰਪ੍ਰਦਾਈ ਅਤੇ ਬ੍ਰਹਮ ਗਿਆਨੀ ਗੈਬੀ ਸ਼ਕਤੀ ਦੇ ਨਾਂ ਤੇ ਖੂਬ ਲੁੱਟਣਗੇ। ਸੋ ਸਿੱਖ ਲਈ ਸ਼ਬਦ, ਹੁਕਮ, ਗੁਰੂ ਅਤੇ ਪ੍ਰਮੇਸ਼ਰ ਸਭ ਕੁਝ ਗੁਰੂ ਗ੍ਰੰਥ ਸਾਹਿਬ ਹੀ ਹੈ ਇਸ ਤੋਂ ਬਾਹਰ ਗਏ ਤਾਂ ਉਜੜ ਜਾਵਾਂਗੇ। ਸਾਧ ਤਾਂ ਇਹ ਗੱਲ ਲੋਕਾਂ ਨੂੰ ਲੁੱਟਣ ਵਾਸਤੇ ਕਹਿ ਰਹੇ ਸੀ ਅਤੇ ਜੇ ਅਜੋਕੇ ਵਿਦਵਾਨ ਵੀ ਉਹੀ ਕਹਿਣ ਲੱਗ ਪਏ ਤਾਂ ਉਹ ਵੀ ਲੁਟੇਰੇ ਹੀ ਕਹੇ ਜਾ ਸਕਦੇ ਹਨ।
.