.

ਭੱਟ ਬਾਣੀ-6

ਬਲਦੇਵ ਸਿੰਘ ਟੋਰਾਂਟੋ

ਇਹ ਭੱਟ ਬਾਣੀ ਦਾ ਮਨੋਰਥ, ਵਿਸ਼ਾ, ਮਹਲਾ ੫ (ਪੰਜਵਾਂ) ਵੱਲੋਂ ਸਪੱਸ਼ਟ ਕੀਤਾ ਜਾ ਰਿਹਾ ਹੈ।

ਸਚੁ ਸਭਾ ਦੀਬਾਣੁ ਸਚੁ ਸਚੇ ਪਹਿ ਧਰਿਓ।।

ਸਚੈ ਤਖਤਿ ਨਿਵਾਸੁ ਸਚੁ ਤਪਾਵਸੁ ਕਰਿਓ।।

ਸਚਿ ਸਿਰਜਿ੍ਯ੍ਯਉ ਸੰਸਾਰੁ ਆਪਿ ਆਭੁਲੁ ਨ ਭੁਲਉ।।

ਰਤਨ ਨਾਮੁ ਅਪਾਰੁ ਕੀਮ ਨਹੁ ਪਵੈ ਅਮੁਲਉ।।

ਜਿਹ ਕ੍ਰਿਪਾਲੁ ਹੋਯਉ ਗਬਿੰਦੁ ਸਰਬ ਸੁਖ ਤਿਨਹੂ ਪਾਏ।।

ਹਰਿ ਗੁਰੁ ਨਾਨਕੁ ਜਿਨੑ ਪਰਸਿਓ ਤੇ ਬਹੁੜਿ ਫਿਰਿ ਜੋਨਿ ਨ ਆਏ।। ੭।।

(ਪੰਨਾ ੧੩੮੬)

ਪਦ ਅਰਥ:- ਸਚੁ – ਸੱਚਾ, ਜੋ ਅਜੂਨੀ ਹੈ। ਸਭਾ – ਤਮਾਮ, ਸਭ ਨਾਲ। ਦੀਬਾਣੁ – ਇਨਸਾਫ਼। ਸਚੁ – ਉਸ ਸੱਚੇ ਦੇ। ਸਚੇ –ਸੱਚੇ। ਪਹਿ – ਪਹਿਆ, ਮਾਰਗ ਉੱਪਰ। ਧਰਿਓ – ਟਿਕਾਇਆ। ਸਚੈ – ਸੱਚੇ ਦੇ। ਤਖਤਿ – ਤਖ਼ਤ, ਸੰਵਿਧਾਨ ਹੈ। ਨਿਵਾਸੁ ਸਚੁ – ਸਚ ਦਾ ਹੀ ਨਿਵਾਸ ਹੈ। ਤਪਾਵਸੁ – ਨਿਰਣਾ (ਮ: ਕੋਸ਼)। ਕਰਿਓ – ਕੀਤਾ। ਸਚਿ ਸਿਰਜਿ੍ਯ੍ਯਉ ਸੰਸਾਰੁ – ਸੱਚੇ ਨੇ ਹੀ ਸਿਰਜਣਾ ਕੀਤੀ ਹੈ। ਆਪਿ ਆਭੁਲੁ – ਉਹ ਆਪ ਹੀ ਅਭੁੱਲ ਹੈ। ਨ ਭੁਲਉ – ਇਹ ਭੁੱਲਣਾ ਨਹੀਂ ਚਾਹੀਦਾ। ਰਤਨ – ਵੱਡਮੁੱਲਾ। ਨਾਮੁ – ਸੱਚ ਨੂੰ ਜੀਵਨ ਵਿੱਚ ਅਪਣਾਉਣਾ। ਅਪਾਰੁ – ਬੇਮਿਸਾਲ। ਕੀਮ ਨਹੁ ਪਵੈ – ਕੀਮਤ ਨਹੀਂ ਪੈ ਸਕਦੀ। ਅਮੁਲਉ – ਅਮੁਲ। ਜਿਹ – ਜਿਨ੍ਹਾਂ ਨੇ। ਕ੍ਰਿਪਾਲੁ – ਕ੍ਰਿਪਾਲਤਾ। ਹੋਯਉ – ਹਾਸਲ ਹੋਈ, ਪ੍ਰਾਪਤ ਕੀਤੀ। ਗ+ਬਿੰਦੁ – ਸਿਰਜਣਹਾਰ। ਸਰਬ – ਸਰਬ। ਸੁਖ – ਸੁਖ। ਤਿਨਹੂ – ਉਨ੍ਹਾਂ ਨੇ ਹੀ। ਪਾਏ – ਪਾਇਆ, ਪ੍ਰਾਪਤੀ ਕੀਤੀ। (ਨੋਟ – ਸਰਬ ਸੁੱਖਾਂ ਦੀ ਗੁਰਮਤਿ ਅਨੁਸਾਰ ਪ੍ਰਾਪਤੀ ਕੀ ਹੈ, ਆਪਣੀਆਂ ਮਨ ਦੀਆਂ ਇਛਾਵਾਂ ਉਪਰ ਕਾਬੂ ਪਾ ਲੈਣਾ, ਦੁੱਖ ਸੁੱਖ ਨੂੰ ਖਿੜੇ ਮੱਥੇ ਪ੍ਰਵਾਨ ਕਰਨਾ, ਇਸ ਗੱਲ ਦੀ ਸਮਝ ਹੋ ਜਾਣੀ ਕਿ ਦੁੱਖ ਅਤੇ ਸੁੱਖ ਜੀਵਨ ਦੇ ਬਰਾਬਰ ਅੰਗ ਹਨ)। ਗੁਰੁ – ਗਿਆਨ ਨੂੰ ਜੀਵਨ ਵਿੱਚ ਅਪਣਾਉਣਾ, ਗ੍ਰਹਿਣ ਕਰਨਾ। ਹਰਿ – ਹਰੀ। ਨਾਨਕੁ – ਨਾਨਕ ਦੇ ਵਾਂਗ। ਜਿਨੑ – ਜਿਨ੍ਹਾਂ ਨੇ। ਪਰਸਿਓ – ਪਰਸਣਾ, ਜੁੜਨਾ। ਤੇ – ਉਹ। ਬਹੁੜਿ – ਬਹੁੜਿ ਸ਼ਬਦ ਬਹੁੜੀ ਤੋਂ ਹੈ, ਬਹੁੜੀ ਕਰਨਾ, ਉੱਚੀ ਆਵਾਜ਼ ਵਿੱਚ ਹੋਕਾ ਦੇਣਾ। ਫਿਰਿ – ਮੁੜ ਕੇ। ਜੋਨਿ ਨ ਆਏ – ਜੂਨੀ ਵਿੱਚ ਨਹੀਂ ਆਉਂਦਾ। ਬਾ ਹੁੜਿ – ਉੱਚੀ ਬਾਂਹ ਕਰਕੇ ਕੋਈ ਗੱਲ ਕਰਨੀ, ਹੋਕਾ ਦੇਣਾ, ਹੋਕਾ ਦਿੱਤਾ। ਬਾਹੁੜਿ ਫਿਰਿ – ਫਿਰਿ ਉੱਚੀ ਬਾਂਹ ਕਰਕੇ ਪੁਕਾਰਦੇ, ਹੋਕਾ ਦੇਂਦੇ ਹਨ। ਜੋਨਿ ਨ ਆਏ – ਜੋਨਿ ਵਿੱਚ ਨਹੀਂ ਆਉਂਦਾ।

ਨੋਟ:- ਇਹ ਭੱਟ ਬਾਣੀ ਦਾ ਮਨੋਰਥ ਹੈ ਜੋ ਮਹਲਾ (੫) ਨੇ ਸਮਝਾਇਆ ਹੈ। ਇਸ ਤਰ੍ਹਾਂ ਭੱਟ ਸਾਹਿਬਾਨ ਦਾ ਆਪਾ ਮੂਲ ਮੰਤ੍ਰ ਦੇ ਸਿਧਾਂਤ ਤੋਂ ਨਿਛਾਵਰ ਹੈ ਕਿ ਸ੍ਰਿਸ਼ਟੀ ਦਾ ਰਚਣਹਾਰਾ ਅਜੂਨੀ ਹੈ, ਕਦੀ ਜੂਨ ਵਿੱਚ ਨਹੀਂ ਆਉਂਦਾ। ਮਹਲੇ ਪੰਜਵੇਂ ਨੇ ਇਸ਼ਾਰਾ ਕੀਤਾ ਹੈ ਕਿ ਭੱਟ ਸਾਹਿਬਾਨ ਵੀ ਆਪਣੀ ਲਿਖਤ ਅੰਦਰ ਕਿਸੇ ਜੂਨ ਵਿੱਚ ਆਉਣ ਵਾਲੇ ਅਵਤਾਰਵਾਦੀ ਨੂੰ ਰੱਬ ਨਹੀਂ ਮੰਨਦੇ।

ਅਰਥ:- ਹੇ ਭਾਈ! ਜਿਨ੍ਹਾਂ ਨੇ ਸੱਚ (ਗਿਆਨ) ਦੇ ਮਾਰਗ ਉੱਪਰ ਆਪਣੇ ਆਪ ਨੂੰ ਟਿਕਾਇਆ, ਉਨ੍ਹਾਂ ਤਮਾਮ ਸੱਚ ਵਿੱਚ ਯਕੀਨ ਰੱਖਣ ਵਾਲਿਆਂ (ਭੱਟ ਸਾਹਿਬਾਨ) ਨੇ ਸੱਚ ਦੀ ਵੀਚਾਰਧਾਰਾ ਨਾਲ ਇਨਸਾਫ਼ ਕੀਤਾ। ਉਨ੍ਹਾਂ ਨੇ ਇਹ ਨਿਰਣਾ ਕੀਤਾ ਕਿ ਸੱਚੇ ਦੇ ਤਖ਼ਤ ਉੱਪਰ ਸੱਚ ਦਾ ਹੀ ਨਿਵਾਸ ਹੈ (ਭਾਵ ਕਿਸੇ ਅਵਤਾਰਵਾਦੀ ਦੇ ਰੱਬ ਹੋਣ ਦੇ ਝੂਠ ਦਾ ਨਹੀਂ)। ਉਸ ਸੱਚੇ ਨੇ ਆਪ ਹੀ ਸੰਸਾਰ ਦੀ ਸਿਰਜਣਾ ਕੀਤੀ ਹੈ। ਉਹ ਅਭੁੱਲ ਹੈ, ਇਹ ਗੱਲ (ਕਿਸੇ ਅਵਤਾਰਵਾਦੀ ਆਪਣੇ ਆਪ ਨੂੰ ਰੱਬ ਅਖਵਾਉਣ ਵਾਲੇ) ਨੂੰ ਵੀ ਨਹੀਂ ਭੁੱਲਣੀ ਚਾਹੀਦੀ। ਜਿਨ੍ਹਾਂ ਸੱਚ ਨੂੰ ਜੀਵਨ ਵਿੱਚ ਅਪਣਾਇਆ, ਉਨ੍ਹਾਂ ਇਹ ਗੱਲ ਕਹੀ ਕਿ ਇਸ ਵੱਡਮੁੱਲੇ ਬੇਮਿਸਾਲ ਅਮੁੱਲ ਸੱਚ ਦੀ ਕੋਈ ਕੀਮਤ ਨਹੀਂ ਭਾਵ ਸੱਚ ਨੂੰ ਕਿਸੇ ਕੀਮਤ ਨਾਲ ਤੋਲਿਆ ਨਹੀਂ ਜਾ ਸਕਦਾ। ਜਿਨ੍ਹਾਂ ਨੇ ਸ੍ਰਿਸ਼ਟੀ ਦੇ ਰਚਣਹਾਰ ਗੋਬਿੰਦ ਦੀ ਕ੍ਰਿਪਾਲਤਾ-ਬਖ਼ਸ਼ਿਸ਼ ਹਾਸਲ ਕੀਤੀ, ਉਨ੍ਹਾਂ ਨੇ ਅਵਤਾਰਵਾਦ ਤੋਂ ਮੁਕਤ ਹੋ ਕੇ ਜੀਵਨ ਵਿੱਚ ਸਰਬ ਸੁੱਖਾਂ ਦੀ ਪ੍ਰਾਪਤੀ ਕੀਤੀ। ਇਸ ਤਰ੍ਹਾਂ ਜਿਨ੍ਹਾਂ (ਭੱਟ ਸਾਹਿਬਾਨ ਨੇ) ਨਾਨਕ ਦੇ ਵਾਂਗ ਹਰੀ ਦੇ ਗਿਆਨ ਨੂੰ ਜੀਵਨ ਵਿੱਚ ਗ੍ਰਹਿਣ ਕਰਕੇ ਪਰਸਿਆ ਭਾਵ ਸੱਚ ਨਾਲ ਜੁੜੇ, ਫਿਰ ਉਨ੍ਹਾਂ ਉੱਚੀ ਬਾਂਹ ਕਰਕੇ ਇਹੀ ਹੋਕਾ ਦਿੱਤਾ ਕਿ ਸ੍ਰਿਸ਼ਟੀ ਦਾ ਰਚਣਹਾਰਾ ਅਜੂਨੀ ਹੈ, ਕਦੇ ਜੂਨ ਵਿੱਚ ਨਹੀਂ ਆਉਂਦਾ (ਉਹ ਫਿਰ ਕਿਸੇ ਜੂਨ ਵਿੱਚ ਆਉਣ ਵਾਲੇ ਅਵਤਾਰਵਾਦੀ ਨੂੰ ਰੱਬ ਨਹੀਂ ਮੰਨਦੇ)।

ਇਹ ਮਹਲਾ ਪੰਜਵਾਂ (੫) ਵੱਲੋਂ ਭੱਟ ਸਾਹਿਬਾਨ ਦੀ ਬਾਣੀ ਦੇ ਮਨੋਰਥ ਦੀ ਪ੍ਰੋੜ੍ਹਤਾ ਕਰਕੇ ਸਮਝਾਇਆ ਹੈ ਕਿ ਭੱਟ ਸਾਹਿਬਾਨ ਨੇ ਵੀ ਇਹੀ ਹੋਕਾ ਦਿੱਤਾ ਹੈ ਕਿ ਕਰਤਾ ਅਜੂਨੀ ਹੈ ਅਤੇ ਕਿਸੇ ਅਵਤਾਰਵਾਦੀ ਨੂੰ ਕਰਤਾ ਨਹੀਂ ਮੰਨਿਆ ਜਾ ਸਕਦਾ।

ਕਵਨੁ ਜੋਗੁ ਕਉਨੁ ਗ੍ਯ੍ਯਾਨੁ ਧ੍ਯ੍ਯਾਨੁ ਕਵਨ ਬਿਧਿ ਉਸ੍ਤਤਿ ਕਰੀਐ।।

ਸਿਧ ਸਾਧਿਕ ਤੇਤੀਸ ਕੋਰਿ ਤਿਰੁ ਕੀਮ ਨ ਪਰੀਐ।।

ਬ੍ਰਹਮਾਦਿਕ ਸਨਕਾਦਿ ਸੇਖ ਗੁਣ ਅੰਤੁ ਨ ਪਾਏ।।

ਅਗਹੁ ਗਹਿਓ ਨਹੀ ਜਾਇ ਪੂਰਿ ਸ੍ਰਬ ਰਹਿਓ ਸਮਾਏ।।

ਜਿਹ ਕਾਟੀ ਸਿਲਕ ਦਯਾਲ ਪ੍ਰਭਿ ਸੇਇ ਜਨ ਲਗੇ ਭਗਤੇ।।

ਹਰਿ ਗੁਰੁ ਨਾਨਕੁ ਜਿਨੑ ਪਰਸਿਓ ਤੇ ਇਤ ਉਤ ਸਦਾ ਮੁਕਤੇ।। ੮।।

(ਪੰਨਾ ੧੩੮੬)

ਪਦ ਅਰਥ:- ਕਵਨੁ – ਕਿਹੜਾ। ਜੋਗੁ – ਨਾਮੁ ਅਭਿਆਸ, ਸੱਚ ਨੂੰ ਆਪਣੇ ਜੀਵਨ ਵਿੱਚ ਅਪਣਾਉਣਾ। ਕਉਨੁ – ਕਿਹੜਾ। ਗ੍ਯ੍ਯਾਨੁ – ਗਿਆਨ। ਧ੍ਯ੍ਯਾਨ – ਸੁਰਤ ਜੋੜਨ ਨਾਲ (with concentrate mind)ਬਿਧਿ – ਬਿਧ ਨਾਲ। ਉਸ੍ਤਤਿ – ਉਸ ਸੱਚ ਦਾ। ਜੋਗੁ – ਨਾਮੁ ਅਭਿਆਸ (ਮ: ਕੋਸ਼)। ਸਿਧ ਸਾਧਿਕ– ਕਈ ਸਿਧ ਆਦਿਕ ਆਦਿ। ਤੇਤੀਸ ਕੋਰਿ – ਤੇਤੀ ਕਰੋੜ। ਤਿਰੁ – ਤਿਲ ਕੁ ਜਿੰਨੀ। ਕੀਮ – ਕੀਮਤ। ਪਰੀਐ – ਨਹੀਂ ਪਈ ਹੈ। ਬ੍ਰਹਮਾਦਿਕ – ਕਈ ਬ੍ਰਹਮੇ ਵਰਗਿਆਂ ਨੂੰ। ਸਨਕਾਦਿ – ਸਨ – ਸੰ: ਆਦਰ ਕਰਨਾ, ਸਤਿਕਾਰ ਕਰਦੇ ਸਨ। ਕਾਦਿ – ਕਾਦਿਰ, ਸ੍ਰਿਸ਼ਟੀ ਦਾ ਰਚੇਤਾ ਸਮਝ ਕੇ। ਸੇਖ – ਬਜੁਰਗ ਭਾਵ ਵੱਡਾ, ਵੱਡੇ। ਗੁਣ ਅੰਤੁ ਨ ਪਾਏ – ਉਸ ਦੇ ਗੁਣਾਂ ਦਾ ਅੰਤ ਨਹੀਂ ਪਾਇਆ ਜਾ ਸਕਦਾ। ਅਗਹੁ ਗਹਿਓ ਨਹੀ ਜਾਇ – ਉਹ ਵੀ ਆਪਣੀ ਹਾਉਮੈ ਤੋਂ ਅੱਗੇ ਨਹੀਂ ਜਾ ਸਕੇ। ਪੂਰਿ ਸ੍ਰਬ ਰਹਿਓ ਸਮਾਏ - ਅਤੇ ਆਪਣੇ ਆਪ ਨੂੰ ਸਰਬ-ਵਿਆਪਕ ਅਖਵਾਉਂਦੇ ਰਹੇ। (ਇਸ ਤੋਂ ਅੱਗੇ ਸਮਝਾਇਆ ਹੈ ਕਿ ਉਹ ਕਿਹੜੀ ਬਿਧਿ ਹੈ, ਕਿਹੜਾ ਗਿਆਨ ਹੈ)। ਜਿਹ ਕਾਟੀ ਸਿਲਕ – ਜਿਨ੍ਹਾਂ ਦੀ ਅਗਿਆਨਤਾ ਦੀ ਫਾਹੀ ਕੱਟੀ ਗਈ। ਦਯਾਲ – ਦਿਆਲਤਾ, ਗਿਆਨ ਦੀ ਬਖ਼ਸ਼ਿਸ਼। ਦਯਾਲ ਪ੍ਰਭਿ – ਪ੍ਰਭੂ ਦੀ ਬਖ਼ਸ਼ਿਸ਼ ਗਿਆਨ ਨਾਲ। ਸੇਇ ਜਨ – ਉਹ ਜਨ। ਲਗੇ ਭਗਤੇ – ਇਸ ਇਨਕਲਾਬੀ ਵੀਚਾਰਧਾਰਾ ਨਾਲ ਜੁੜੇ। ਭਗਤੇ – ਇਨਕਲਾਬੀ। ਭਗਤ – ਇਨਕਲਾਬੀ ਪੁਰਸ਼। ਜਨ ਲਗੇ ਭਗਤੇ – ਉਹ ਜਨ ਇਨਕਲਾਬੀ ਵੀਚਾਰਧਾਰਾ ਗਿਆਨ ਨਾਲ ਜੁੜੇ। ਹਰਿ ਗੁਰੁ ਨਾਨਕੁ ਜਿਨੑ ਪਰਸਿਓ ਤੇ ਇਤ ਉਤ ਸਦਾ ਮੁਕਤੇ – ਜਿਨ੍ਹਾਂ ਜਨਾਂ ਨੇ ਨਾਨਕ ਦੀ ਤਰ੍ਹਾਂ ਹਰੀ ਦੀ ਬਖ਼ਸ਼ਿਸ਼ ਗਿਆਨ ਨੂੰ ਗ੍ਰਹਿਣ ਕਰਕੇ ਪਰਸਿਆ ਭਾਵ ਜੀਵਨ ਵਿੱਚ ਅਪਣਾਇਆ, ਉਹ ਆਪਣੇ ਜੀਵਨ ਵਿੱਚ (ਦੇਹਧਾਰੀ ਕਰਮ-ਕਾਂਡੀ ਅਵਤਾਰਵਾਦੀਆਂ) ਦੀ। ਇਤ ਉਤ-ਇਥੇ ਉਥੇ ਭਾਵ ਲੋਕ ਪ੍ਰਲੋਕ ਵਾਲੀ ਪਰੰਪਰਾ ਤੋਂ ਸਦਾ ਲਈ ਮੁਕਤ ਹੋ ਗਏ/ਜਾਂਦੇ ਹਨ।

ਇਹ ਮਹਲਾ ੫ (ਪੰਜਵਾਂ) ਵੱਲੋਂ ਭੱਟ ਸਵਈਏ ਬਾਣੀ ਵਿੱਚ ਭੱਟ ਸਾਹਿਬਾਨ ਵੱਲੋਂ ਉਚਾਰਨ ਦਾ ਉਦੇਸ਼ ਸਮਝਾਇਆ ਹੈ।

ਅਰਥ:- ਮਹਲਾ ਪੰਜਵਾਂ ਜੀ ਕਹਿ ਰਹੇ ਹਨ:- ਭੱਟ ਸਾਹਿਬਾਨ ਨੇ ਆਪਣੀ ਲਿਖਤ ਵਿੱਚ ਇਹ ਵੀ ਕਿਹਾ ਹੈ ਕਿ ਸਾਡੇ ਅੱਗੇ ਇਹ ਇੱਕ ਬੜਾ ਵੱਡਾ ਸਵਾਲ ਸੀ ਕਿ ਉਹ ਕਿਹੜੀ ਬਿਧਿ ਹੈ, ਉਹ ਕਿਹੜਾ ਗਿਆਨ ਹੈ ਜਿਸ ਵਿੱਚ ਸੁਰਤ ਜੋੜਨ ਨਾਲ ਸੱਚ ਦਾ ਅਭਿਆਸ ਕਰ ਸਕੀਏ ਤਾਂ ਜੋ ਉਸ ਸੱਚੇ ਦੇ ਸੱਚ ਵਿੱਚ ਸਮਾਇਆ ਜਾ ਸਕੇ। ਭਾਵ ਉਹ ਕਿਹੜਾ ਗਿਆਨ ਹੈ ਜਿਸ ਵਿੱਚ ਸੁਰਤ ਜੋੜਨ ਨਾਲ (ਕਰਮ-ਕਾਂਡੀਆਂ) ਦੇ ਇਤ ਉਤ (ਲੋਕ ਪ੍ਰਲੋਕ ਦੇ ਭਰਮ) ਤੋਂ ਮੁਕਤ ਹੋਇਆ ਜਾ ਸਕੇ। (ਅਖ਼ੀਰਲੀ ਪੰਗਤੀ ਨਾਲ ਜੁੜਨਾ ਹੈ)। ਕਈ ਅਨੇਕਾਂ ਸਿਧ ਸਾਧਿਕ ਆਦਿ ਤੇਤੀਸ ਕਰੋੜ, ਜੋ ਆਪਣੇ ਆਪ ਨੂੰ ਦੇਵਤੇ ਅਖਵਾਉਂਦੇ ਸਨ, ਉਨ੍ਹਾਂ ਨੂੰ ਵੀ ਇਸ ਸੱਚ ਦੀ ਇੱਕ ਤਿਲ ਜਿੰਨੀ ਵੀ ਸਮਝ ਨਹੀਂ ਪਈ। ਉਹ ਵੀ ਬ੍ਰਹਮੇ ਵਰਗਿਆਂ ਨੂੰ ਵੱਡੇ ਸ੍ਰਿਸ਼ਟੀ ਦਾ ਕਾਦਿਰ-ਰਚੈਤਾ ਸਮਝ ਕੇ ਸਤਿਕਾਰਦੇ ਰਹੇ ਅਤੇ ਇਹ ਆਖਦੇ ਰਹੇ ਕਿ ਬ੍ਰਹਮੇ ਦੇ ਗੁਣਾਂ ਦਾ ਅੰਤ ਨਹੀਂ ਪਾਇਆ ਜਾ ਸਕਦਾ, ਜਦੋਂ ਕਿ ਬ੍ਰਹਮੇ ਵਰਗੇ ਆਪ ਵੀ ਆਪਣੀ ਹਉਮੈ ਤੋਂ ਅੱਗੇ ਨਹੀਂ ਜਾ ਸਕੇ, ਉਹ ਵੀ ਆਪਣੇ ਆਪ ਨੂੰ ਹੀ ਸਰਬ-ਵਿਆਪਕ ਸ੍ਰਿਸ਼ਟੀ ਦੇ ਕਰਤੇ ਅਤੇ ਆਸਰਾ ਦੇਣ ਵਾਲੇ ਅਖਵਾਉਂਦੇ ਰਹੇ। ਪ੍ਰਭੂ ਦੀ ਬਖ਼ਸ਼ਿਸ਼ ਨਾਲ, ਗਿਆਨ ਨਾਲ ਜਿਨ੍ਹਾਂ ਦੀ ਅਗਿਆਨਤਾ ਦੀ ਫਾਹੀ ਕੱਟੀ ਗਈ, ਉਹ ਜਨ ਇਸ ਇਨਕਲਾਬੀ ਵੀਚਾਰਧਾਰਾ ਨਾਲ ਜੁੜੇ। ਜਿਹੜੇ ਇਸ ਇਨਕਲਾਬੀ ਵੀਚਾਰਧਾਰਾ ਨਾਲ ਜੁੜੇ, ਉਨ੍ਹਾਂ ਜਨਾਂ ਨੇ ਨਾਨਕ ਦੀ ਤਰ੍ਹਾਂ ਹਰੀ ਦੀ ਬਖ਼ਸ਼ਿਸ਼ ਗਿਆਨ ਨੂੰ ਗ੍ਰਹਿਣ ਕਰਕੇ ਜੀਵਨ ਵਿੱਚ ਪਰਸਿਆ ਭਾਵ ਆਪਣੇ ਜੀਵਨ ਵਿੱਚ ਅਪਣਾਇਆ। ਉਹ ਆਪਣੇ ਜੀਵਨ ਵਿੱਚੋਂ (ਦੇਹਧਾਰੀ ਅਵਤਾਰਵਾਦੀ) ਪਰੰਪਰਾ ਦੇ ਇਤ ਉਤ ਭਾਵ ਇਥੇ ਉਥੇ (ਲੋਕ ਪ੍ਰਲੋਕ) ਦੇ ਭਰਮ ਜਾਲ ਤੋਂ ਸਦਾ ਸਦਾ ਲਈ ਮੁਕਤ ਹੋ ਗਏ/ਜਾਂਦੇ ਹਨ (ਉਹ ਹਮੇਸ਼ਾ ਉਸ ਸੱਚੇ ਦੀ ਸੱਚੀ ਬਖ਼ਸ਼ਿਸ਼ ਹੀ ਮਾਣਦੇ/ਜਾਣਦੇ ਹਨ)।
.