.

ਸਚੁ ਸੁਣਾਇਸੀ ਸਚ ਕੀ ਬੇਲਾ

(ਸੁਖਜੀਤ ਸਿੰਘ ਕਪੂਰਥਲਾ)

ਦਾਸ ਆਪਣੇ ਲੇਖ ਦੇ ਮੂਲ ਵਿਸ਼ੇ ਵਲ ਆਉਣ ਤੋਂ ਪਹਿਲਾਂ ਇਹ ਜਰੂਰੀ ਕਹਿਣਾ ਚਾਹੇਗਾ ਕਿ ਸਿੱਖੀ ਦੇ ਪ੍ਰਚਾਰ-ਪਸਾਰ ਨੂੰ ਸਮਰਪਿਤ ਸੰਸਥਾਵਾਂ ਅਤੇ ਵਖ-ਵਖ ਸਿਖਾਂ ਵਲੋ ਆਪਣੇ-ਆਪਣੇ ਨਿੱਜੀ ਯਤਨਾਂ ਦੁਆਰਾ ਗੁਰੂ ਨਾਨਕ ਸਾਹਿਬ ਦੇ ਪਾਵਨ ਬਚਨ “ਸਚੁ ਸੁਣਾਇਸੀ ਸਚ ਕੀ ਬੇਲਾ” (੭੨੨) ਉਪਰ ਆਪਣੀਆਂ ਬੇਬਾਕ ਲਿਖਤਾਂ ਰਾਹੀਂ ਅਤੇ ਪ੍ਰੈਕਟੀਕਲ ਰੂਪ ਅੰਦਰ ਪਹਿਰੇਦਾਰੀ ਕਰਦੇ ਹੋਏ ਸਚ ਦੇ ਮਾਰਗ ਦੀ ਝੰਡਾਬਰਦਾਰੀ ਕਰਨ ਦਾ ਪੂਰਾ ਯਤਨ ਕੀਤਾ ਜਾਂਦਾ ਹੈ।

ਗੁਰੂ ਨਾਨਕ ਦੇ ਘਰ ਅੰਦਰ ਕੂੜ ਨਾਲ ਸਮਝੌਤਾ ਨਾ ਕਰਨ ਕਰਕੇ ਹੀ ਬਾਬਰ ਦੇ ਮੂੰਹ ਤੇ ਜਾਬਰ ਕਿਹਾ ਗਿਆ ਜਿਸ ਕਾਰਣ ਗੁਰੂ ਨਾਨਕ ਸਾਹਿਬ ਨੂੰ ਬਾਬਰ ਦੀ ਕੈਦ ਵਿੱਚ ਚੱਕੀ ਵੀ ਪੀਹਣੀ ਪੈਂਦੀ ਹੈ। ਜਹਾਂਗੀਰ ਦੇ ਹੁਕਮ ਦੀ ਤਲਵਾਰ ਥੱਲੇ ਸ਼ਹੀਦਾਂ ਦੇ ਸਿਰਤਾਜ ਗੁਰੂ ਅਰਜਨ ਦੇਵ ਜੀ ਬਣਕੇ ਸ਼ਹਾਦਤ ਦਾ ਜਾਮ ਵੀ ਪੀਣਾ ਪੈਂਦਾ ਹੈ। ਕਦੀ ਦਿਲੀ ਦੇ ਚਾਂਦਨੀ ਚੌਂਕ ਨਾਮੀ ਚੌਰਾਹੇ ਵਿੱਚ ਸਿੱਖਾਂ ਸਮੇਤ ਖਿੜੇ ਮੱਥੇ ਸ਼ਹੀਦੀਆਂ ਪ੍ਰਵਾਨ ਕਰਦੇ ਹੋਏ ਧਰਮ ਦੀ ਚਾਦਰ ਬਣ ਕੇ ਔਰੰਗਜੇਬ ਦੀ ਤਲਵਾਰ ਥੱਲੇ ਗੁਰੂ ਤੇਗ ਬਹਾਦਰ ਜੀ ਨੂੰ ਸੀਸ ਵੀ ਕਟਾਉਣਾ ਪੈਂਦਾ ਹੈ। ਕਦੀ ਜੁਲਮ ਦੇ ਖਿਲਾਫ ਸਮੇ ਦੀ ਮੰਗ ਅਨੁਸਾਰ ਮੀਰੀ-ਪੀਰੀ ਦੇ ਮਾਲਕ ਰੂਪ ਵਿੱਚ, ਕਦੀ ਕਲਗੀਧਰ ਦੇ ਰੂਪ ਅੰਦਰ ਲੋਹੇ ਨਾਲ ਲੋਹਾ ਵੀ ਖੜਕਾਉਣਾ ਪੈਂਦਾ ਹੈ।

ਸਚ ਦੀ ਪਹਿਰੇਦਾਰੀ ਕਰਦਿਆਂ ਕਦੀ ਗੁਰੂ ਗੋਬਿੰਦ ਸਿੰਘ ਜੀ ਦੀਆਂ ਬਖਸ਼ਿਸ਼ਾਂ ‘ਸਵਾ ਲਾਖ ਸੇ ਏਕ ਲੜਾਊ`ਦਾ ਪ੍ਰੈਕਟੀਕਲ ਕਰਨ ਲਈ ਦੁਨੀਆਂ ਦੇ ਇਤਿਹਾਸ ਦੀ ਬੇਜੋੜ ਅਤੇ ਅਸਾਵੀਂ ਜੰਗ ‘ਸਾਕਾ ਚਮਕੌਰ` ਦੀ ਸਿਰਜਣਾ ਕਰਦੇ ਹੋਏ 40 ਭੁਖਣ ਭਾਣੇ ਸਿਖਾਂ ਨੂੰ 10 ਲਖ ਵੈਰੀਆਂ ਨਾਲ ਵੀ ਟਕਰਾਉਣਾ ਪੈਂਦਾ ਹੈ। ਗੁਰੂ ਨਾਨਕ ਸਾਹਿਬ ਦੇ ਪਾਵਨ ਬਚਨ “ਕੂੜ ਨਿਖੁਟੇ ਨਾਨਕਾ ਓੜਕਿ ਸਚਿ ਰਹੀ” (੯੫੩) ਛੋਟੇ ਸਾਹਿਜਾਦਿਆਂ ਦੀ ਸ਼ਹਾਦਤ ਦੀ ਗਾਥਾ ਸਬੰਧੀ ਸਹੀ ਅਰਥਾਂ ਵਿੱਚ ਤਰਜਮਾਨੀ ਕਰਦੇ ਪ੍ਰਤੀਤ ਹੁੰਦੇ ਹਨ। ਸਾਕਾ ਸਰਹਿੰਦ ਦੇ ਇਸ ਬਿਖੜੇ ਪੈਂਡੇ ਸਮੇ ਬਾਹਰੀ ਤੌਰ ਤੇ ਸਾਹਿਬਜਾਦਿਆਂ ਨਾਲ ਉਨ੍ਹਾ ਦੇ ਪਿਤਾ ਗੁਰੂ ਗੋਬਿੰਦ ਸਿੰਘ, ਵੱਡੇ ਵੀਰ, ਸਿੰਘ ਸੂਰਬੀਰਾਂ ਆਦਿ ਵਿੱਚੋਂ ਉਨ੍ਹਾ ਦੇ ਨਾਲ ਕੋਈ ਵੀ ਨਹੀ ਸੀ, ਪ੍ਰੰਤੂ ਉਨਾ ਦੇ ਜੀਵਨ ਵਿਚਲਾ ਸਚ ਉਨ੍ਹਾ ਦੇ ਨਾਲ ਸੀ, ਇਸੇ ਸਚ ਦੀ ਹੋਂਦ ਦੇ ਕਾਰਨ ਹੀ ਦ੍ਰਿੜਤਾ ਦੀ ਮੂਰਤ ਮਾਤਾ ਗੁਜਰੀ ਜੀ (ਜਿਸਨੇ ਆਪਣੇ ਪਤੀ ਦਾ ਸੀਸ ਝੋਲੀ ਵਿੱਚ ਪਵਾ ਕੇ ਅਰਦਾਸ ਕੀਤੀ ਸੀ ਕਿ ਤੁਹਾਡੀ ਨਿਭ ਗਈ ਮੇਰੀ ਵੀ ਨਿਭ ਜਾਵੇ) ਦੀ ਅਗਵਾਈ ਹੇਠ ਸਾਹਿਬਜਾਦਿਆਂ ਨੇ ਦ੍ਰਿੜਤਾ ਪੂਰਵਕ ਕੂੜ ਦਾ ਮੁਕਾਬਲਾ ਕਰਦੇ ਹੋਏ ਜੁਲਮ ਦੀਆ ਨੀਹਾਂ ਵਿੱਚ ਖੜਕੇ ‘ਨਿਕੀਆਂ ਜਿੰਦਾਂ` ਵਲੋਂ ‘ਵੱਡਾ ਸਾਕਾ` ਵਰਤਾਉਣ ਦਾ ਸੁਨਹਿਰੀ ਇਤਿਹਾਸ ਸਾਡੇ ਸਾਹਮਣੇ ਹੈ। ਜੋ ਦਸਦਾ ਹੈ ਕਿ ਸਚ ਨਾਲ ਜੁੜੀਆਂ ਆਤਮਾਵਾਂ ਲਈ ਜੁਲਮ ਅੱਗੇ ਝੁਕਣ ਦੀ ਬਜਾਏ ਕਟ ਜਾਣਾ ਪ੍ਰਵਾਨ ਹੈ।

ਸਿਖ ਇਤਿਹਾਸ ਗਵਾਹ ਹੈ ਕਿ ਦਸ ਗੁਰੂ ਸਾਹਿਬਾਨ (1469 ਤੋ 1708 ਈਸਵੀ) ਤੋਂ ਬਾਦ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਅਗਵਾਈ ਹੇਠ ਚਲਦੇ ਖਾਲਸੇ ਨੂੰ ਜਦੋਂ ਜਦੋਂ ਵੀ ਜਾਲਮਾਂ ਨੇ ਦਬਾਉਣ ਦਾ ਯਤਨ ਕੀਤਾ ਤਾਂ ਗੁਰਬਾਣੀ ਰੂਪੀ ਸਚ ਨਾਲ ਜੁੜੇ ਪ੍ਰਵਾਨਿਆਂ ਨੇ ਕੂੜ ਦੀ ਇਟ ਨਾਲ ਇਟ ਖੜਕਾਉਣ ਤੋ ਵੀ ਗੁਰੇਜ਼ ਨਹੀ ਕੀਤਾ। ਸਚ ਰੂਪੀ ਅਣਖ ਦੀ ਰਖਵਾਲੀ ਲਈ ਭਾਈ ਮਨੀ ਸਿੰਘ, ਭਾਈ ਸੁਬੇਗ ਸਿੰਘ-ਸ਼ਾਹਬਾਜ ਸਿੰਘ, ਭਾਈ ਤਾਰੂ ਸਿੰਘ, ਭਾਈ ਬੋਤਾ ਸਿੰਘ-ਗਰਜਾ ਸਿੰਘ, ਭਾਈ ਹਾਠੂ ਸਿੰਘ-ਬਾਘੜ ਸਿੰਘ, ਭਾਈ ਤਾਰਾ ਸਿੰਘ ਵਾਂ ਆਦਿ ਵਲੋਂ ਆਪਣੀਆਂ ਸ਼ਹਾਦਤਾਂ ਦੇ ਕੇ ‘ਸਚੁ ਸੁਣਾਇਸੀ ਸਚ ਕੀ ਬੇਲਾ` ਦੇ ਗੁਰੂ ਫੁਰਮਾਣ ਨੂੰ ਸਚ ਕਰਕੇ ਵਿਖਾ ਦਿਤਾ।

ਸਚ ਦੀ ਝੰਡਾ ਬਰਦਾਰੀ ਕਰਦਿਆਂ ਅਕਾਲ ਪੁਰਖੁ ਦੇ ਸਰਗੁਣ ਰੂਪੀ ਸਚ ਦੇ ਘਰ ‘ਹਰਿਮੰਦਰ ਸਾਹਿਬ`ਦੀ ਅਜਮਤ ਦੀ ਰਖਵਾਲੀ ਲਈ ਜਿਥੇ ਬਾਬਾ ਦੀਪ ਸਿੰਘ ਰਾਹੀਂ ਆਪਣਾ ਸੀਸ ਦੇਣ ਦਾ ਜਿਕਰ ਆਉਦਾ ਹੈ ਉਥੇ ਭਾਈ ਸੁਖਾ ਸਿੰਘ-ਮਹਿਤਾਬ ਸਿੰਘ ਰਾਹੀਂ ਮੱਸੇ ਰੰਘੜ ਵਰਗੇ ਜਾਲਮ ਦਾ ਸਿਰ ਵੱਢ ਕੇ ਨੇਜੇ ਤੇ ਟੰਗਣ ਦਾ ਜਿਕਰ ਵੀ ਆਉਂਦਾ ਹੈ।

ਹਿੰਦੁਸਤਾਨ ਦਾ ਇਤਿਹਾਸ ਗਵਾਹ ਹੈ ਕਿ ਜਾਨਵਰਾਂ ਦੀ ਤਰ੍ਹਾ ਨੂੜ ਕੇ ਬਸਰੇ-ਬਗਦਾਦ ਦੇ ਬਜ਼ਾਰਾਂ ਵਿੱਚ ਟਕੇ -ਟਕੇ ਵੇਚਣ ਲਈ ਲਿਜਾਈਆਂ ਜਾ ਰਹੀਆਂ ਬਹੂ-ਬੇਟੀਆਂ ਨੂੰ ਜਦੋਂ ਹੋਰ ਕੋਈ ਬਚਾਉਣ ਲਈ ਅੱਗੇ ਨਹੀ ਆਉਂਦਾ ਤਾਂ ਉਹ ਹਾਰ-ਹੰਭ ਕੇ ਕਛਹਿਰੇ ਵਾਲੇ ਸਿੰਘਾਂ ਨੂੰ ਸੰਬੋਧਨ ਹੋ ਕੇ ‘ਮੋੜੀ ਬਾਬਾ ਕੱਛ ਵਾਲਿਆ, ਛਈ ਛਈ, ਨਹੀ ਤਾਂ ਗਈ, ਰੰਨ ਬਸਰੇ ਨੂੰ ਗਈ ` ਆਪਣੀ ਇਜਤ ਦੀ ਰਖਵਾਲੀ ਲਈ ਪੁਕਾਰ ਕਰਦੀਆਂ। ਸਾਰੇ ਹਿੰਦੁਸਤਾਨ ਵਿੱਚੋਂ ਕੇਵਲ ਸਚ ਨਾਲ ਜੁੜੇ, ਸਚੇ ਸੁਚੇ ਆਚਰਣ ਦੇ ਪ੍ਰਤੀਕ ਸਿੰਘ ਸੂਰਮਿਆਂ ਨੇ ਆਪਣੀਆਂ ਜਾਨਾਂ ਹੂਲ ਕੇ ਵੀ ਉਨ੍ਹਾਂ ਨੂੰ ਜਰਵਾਣਿਆਂ ਦੀ ਗੁਲਾਮੀ ਵਿਚੋਂ ਕੇਵਲ ਅਜਾਦ ਹੀ ਨਹੀ ਕਰਵਾਇਆ ਸਗੋਂ ਇਜਤਾਂ ਸਮੇਤ ਸੁਰਖਿਅਤ ਘਰੋ ਘਰੀ ਪਹੁੰਚਾਉਣ ਦੀ ਜਿੰਮੇਵਾਰੀ ਨੂੰ ਵੀ ਖੂਬ ਨਿਭਾਇਆ।

ਅਸੀ ਅਰਦਾਸ ਵਿੱਚ ਰੋਜ਼ਾਨਾ ਧਰਮ ਹੇਤ ਸੀਸ ਦੇਣ ਵਾਲੇ, ਸਿਖੀ ਕੇਸਾਂ ਸੁਆਸਾਂ ਸੰਗ ਨਿਭਾਉਣ ਵਾਲੇ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕਰਨ ਵਾਲੇ, ਸਚ ਰੂਪੀ ਧਰਮ ਨਾ ਹਾਰਨ ਵਾਲੇ ਸੂਰਮਿਆਂ-ਗੁਰਸਿੱਖਾਂ ਦੀ ਕਮਾਈ ਦਾ ਧਿਆਨ ਧਰਕੇ ਵਾਹਿਗੁਰੂ ਬੋਲਦੇ ਹੋਏ ਯਾਦ ਕਰਦੇ ਹਾਂ ਤਾਂ ਜੋ ਸਾਡੇ ਜੀਵਨ ਅੰਦਰ ਵੀ ਸਚ ਨਾਲ ਜੁੜੇ ਰਹਿਣ ਦੀ ਤੜਪ ਬਣੀ ਰਹੇ।

ਅਜੋਕੇ ਸਮੇ ਅੰਦਰ ਪੰਜਾਬ ਦੀ ਧਰਤੀ ਉਪਰ ਆਪਣੇ ਆਪ ਨੂੰ ਪੰਜਾਬ ਦੀ ਅਵਾਜ ਅਖਵਾਉਣ ਵਾਲੇ ਅਤੇ ਹੋਰ ਕਿੰਨੇ ਪੰਜਾਬੀ ਅਖਬਾਰ, ਮੈਗਜੀਨ, ਵੈਬਸਾਈਟ ਆਦਿ ਛਪ ਰਹੇ ਹਨ। ਪ੍ਰੰਤੂ “ਸਚ ਕੀ ਬਾਣੀ ਨਾਨਕੁ ਆਖੈ ਸਚੁ ਸੁਣਾਇਸੀ ਸਚ ਕੀ ਬੇਲਾ” (੭੨੨) ਵਾਲੇ ਗੁਰੂ ਨਾਨਕ ਸਾਹਿਬ ਦੇ ਬਚਨਾਂ ਉਪਰ ਪਹਿਰੇਦਾਰੀ ਕਰਦਿਆਂ ਸਚ ਕਹਿਣ ਦੇ ਸਮੇ ਸਚ ਕਹਿਣ ਦੀ ਦਲੇਰੀ ਕੇਵਲ ਵਿਰਲਿਆਂ ਦੇ ਹਿਸੇ ਹੀ ਆਈ ਹੈ। ਕਿਸੇ ਵਿਰਲੇ ਅਖਬਾਰ, ਮੈਗਜੀਨ, ਵੈਬਸਾਈਟ ਆਦਿ ਨੇ ਸਿੱਖ ਸੰਘਰਸ਼ ਦੇ ਅਜੋਕੇ ਸੂਰਬੀਰਾਂ-ਯੋਧਿਆਂ, ਝੂਠੇ ਪੁਲਿਸ ਮੁਕਾਬਲਿਆਂ, ਦੇਹਧਾਰੀ ਗੁਰੂ- ਡੰਮ, ਸਿੱਖੀ ਨੂੰ ਕੈਂਸਰ ਵਾਂਗ ਅੰਦਰੋਂ ਖੋਰਾ ਲਾ ਰਹੀ ਚਿਟੀ ਸਿਉਂਕ, ਧਰਮ ਦੇ ਸਚ ਦੀ ਬਜਾਏ ਕੂੜ ਨਾਲ ਜੁੜੀ ਰਾਜਨੀਤੀ, ਪੀਰੀ ਦੇ ਸਚ ਤੋਂ ਮੁਨਕਰ ਹੋ ਕੇ ਅਜੋਕੀ ਕੂੜੀ ਮੀਰੀ ਦੇ ਅਧੀਨ ਹੋ ਚੁੱਕੀ ਪੁਜਾਰੀ ਸ਼੍ਰੇਣੀ ਆਦਿ ਸਬੰਧੀ ਕਦੀ ਵੀ ਕੋਈ ਲੇਖ, ਖਬਰ, ਇਸ਼ਤਿਹਾਰ ਪ੍ਰਕਾਸ਼ਿਤ ਕਰਨ ਲਈ ਜੁਰਅਤ ਨਹੀ ਦਿਖਾਈ ਅਤੇ ਨਾ ਹੀ ਕੋਈ ਲੋੜ ਸਮਝੀ ਹੈ। ‘ਹੈਨ ਵਿਰਲੇ ਨਾਹੀ ਘਨੇ` ਦੇ ਗੁਰੂ ਹੁਕਮਾਂ ਅਨੁਸਾਰ ਵਿਰਲਿਆਂ ਵਿੱਚ ਅੱਜ ਵੀ ਇਹ ਹਿੰਮਤ ਕਾਇਮ ਹੈ ਅਤੇ ਆਸ ਕਰਦੇ ਹਾਂ ਕਿ ਇਹ ਹਿੰਮਤ ਕਾਇਮ ਰਹੇਗੀ।

ਦਾਸ ਆਪਣੇ ਲੇਖ ਨੂੰ ਪੰਜਾਬੀ ਕਵੀ ਡਾਕਟਰ ਚਰਨ ਸਿੰਘ ਗਿੱਲ ਦੇ ਇਸ ਵਿਸ਼ੇ ਨਾਲ ਸਬੰਧਿਤ ਇੱਕ ਸ਼ਿਅਰ ਨਾਲ ਸਮਾਪਤ ਕਰਦਾ ਹੈ-

ਸਚ ਕਦ ਡਰਦਾ ਹੈ ਕੰਧਾਂ ਤੋਂ। ਸਚ ਕਦ ਡਰਦਾ ਲਲਕਾਰਾਂ ਤੋਂ।

ਸਚ ਕਦ ਡਰਦਾ ਹੈ ਜਾਬਰ ਤੋਂ। ਸਚ ਕਦ ਡਰਦਾ ਤਲਵਾਰਾਂ ਤੋਂ।

=================

-ਸੁਖਜੀਤ ਸਿੰਘ, ਕਪੂਰਥਲਾ

ਗੁਰਮਤਿ ਪ੍ਰਚਾਰਕ/ ਕਥਾਵਾਚਕ

201, ਗਲੀ ਨਬੰਰ 6, ਸੰਤਪੁਰਾ

ਕਪੂਰਥਲਾ (ਪੰਜਾਬ)

(98720-76876, 01822-276876)

[email protected]  




.