.

(ਸੰਪਾਦਕੀ ਨੋਟ:- ਕੋਈ 20 ਕੁ ਸਾਲ ਪਹਿਲਾਂ ਦੀ ਗੱਲ ਹੈ। ਓਸ਼ੋ ਰਜਨੀਸ਼ ਅਤੇ ਇਸ ਦੀਆਂ ਕਿਤਾਬਾਂ ਦੀ ਕਾਫੀ ਚਰਚਾ ਹੋ ਰਹੀ ਸੀ। ਮੇਰੇ ਆਪਣੇ ਸ਼ਹਿਰ ਦੇ ਰਹਿਣ ਵਾਲੇ ਮੇਰੇ ਨੇੜਲੇ ਸਾਥੀ ਵੀ ਇਸ ਦੀਆਂ ਕਿਤਾਬਾਂ ਤੋਂ ਕਾਫੀ ਪ੍ਰਭਾਵਤ ਸਨ ਅਤੇ ਪੜ੍ਹਦੇ ਸਨ। ਉਹ ਮੈਨੂੰ ਵੀ ਇਹ ਕਿਤਾਬਾਂ ਪੜ੍ਹਨ ਦੀ ਤਾਕੀਦ ਕਰਦੇ ਰਹਿੰਦੇ ਸਨ। ਮੀਡੀਏ ਰਾਹੀਂ ਉਸ ਬਾਰੇ ਮੈਂ ਜੋ ਸੁਣਿਆਂ ਸੀ, ਮੇਰੇ ਵਿਚਾਰ ਉਸ ਬਾਰੇ ਕੋਈ ਬਹੁਤੇ ਚੰਗੇ ਨਹੀਂ ਸਨ। ਇਸ ਲਈ ਉਸ ਦੀਆਂ ਕਿਤਾਬਾਂ ਵਿੱਚ ਮੇਰੀ ਕੋਈ ਬਹੁਤੀ ਦਿਲਚਸਪੀ ਨਹੀਂ ਸੀ। ਪਰ ਫਿਰ ਵੀ ਉਹ ਇੱਕ ਕਿਤਾਬ ਮੈਨੂੰ ਪੜ੍ਹਨ ਲਈ ਦੇ ਹੀ ਗਏ। ਮੈਂ ਉਹ ਕਿਤਾਬ ਕੁੱਝ ਦਿਨਾ ਵਿੱਚ ਪੜ੍ਹ ਲਈ ਅਤੇ ਆਪਣੇ ਵਿਚਾਰ ਉਹਨਾ ਨੂੰ ਦੱਸ ਦਿੱਤੇ ਕਿ ਇਹ ਕਿਤਾਬ ਪੜ੍ਹਨ ਤੋਂ ਬਾਅਦ ਮੇਰੇ ਰਜਨੀਸ਼ ਬਾਰੇ ਓਹੀ ਵਿਚਾਰ ਹਨ ਜੋ ਪਹਿਲਾਂ ਸਨ। ਉਹ ਤਰਕ ਦੇ ਅਧਾਰ ਤੇ ਦਲੀਲਾਂ ਬਹੁਤ ਦਿੰਦਾ ਹੈ ਪਰ ਨਾਲ ਹੀ ਸਿੱਖੀ ਦੀਆਂ ਕਈ ਗੱਲਾਂ ਦਾ ਮਖੌਲ ਵੀ ਉਡਾਉਂਦਾ ਹੈ। ਰਜਨੀਸ਼ ਪੜ੍ਹਿਆ ਲਿਖਿਆ ਹੋਣ ਕਰਕੇ ਦਲੀਲਾਂ ਦੇ ਕਿ ਆਮ ਵਿਆਕਤੀ ਨੂੰ ਪ੍ਰਭਾਵਤ ਕਰ ਲੈਂਦਾ ਸੀ। ਕਈਆਂ ਦਾ ਇਹ ਵੀ ਕਹਿਣਾ ਸੀ ਕਿ ਗਿ: ਸੰਤ ਸਿੰਘ ਮਸਕੀਨ ਕਥਾ ਵਿੱਚ ਇਸ ਦੀਆਂ ਕਿਤਾਬਾਂ ਦੇ ਅਧਾਰ ਤੇ ਹੀ ਬਹੁਤੀਆਂ ਦਲੀਲਾਂ ਦਿੰਦਾ ਹੁੰਦਾ ਸੀ। ਉਸ ਦੀ ਇੱਕ ਕਿਤਾਬ ਪੜ੍ਹਨ ਤੋਂ ਕੁੱਝ ਸਾਲਾਂ ਮਗਰੋਂ ਮੈਂ ਵੈਨਕੂਵਰ ਦੇ ਇਲਾਕੇ ਵਿੱਚ ਗਿਆ ਹੋਇਆ ਸੀ ਤਾਂ ਇੱਕ ਜਾਣ ਪਛਾਲ ਵਾਲੇ ਸੱਜਣ ਨਾਲ ਗੱਲਾਂ ਬਾਤਾਂ ਕਰ ਰਿਹਾ ਸੀ। ਗੱਲਾਂ ਵਿਚੋਂ ਹੀ ਗੱਲ ਤੁਰ ਪਈ ਇੱਕ ਡੇਰੇ ਵਾਲੇ ਸਾਧ ਦੇ ਗੁਰਦੁਆਰੇ ਦੀ। ਇਹ ਸਾਧ ਮਰ ਗਿਆ ਸੀ ਅਤੇ ਇਸ ਦੇ ਪਿੱਛੋਂ ਜਿਹਨਾ ਨੇ ਗੁਰਦੁਆਰਾ ਸੰਭਾਲਿਆ ਹੋਇਆ ਸੀ ਉਹਨਾ ਵਿਚੋਂ ਇੱਕ ਵਿਆਕਤੀ ਅਜਿਹਾ ਸੀ ਜਿਹੜਾ ਕਿ ਇਸ ਰਜਨੀਸ਼ ਦਾ ਵੀ ਸ਼ਰਧਾਲੂ ਸੀ। ਉਸ ਸੱਜਣ ਨੇ ਗੱਲਾਂ ਬਾਤਾਂ ਵਿੱਚ ਹੀ ਦੱਸਿਆ ਕਿ ਇਹ ਸਾਧ ਅਤੇ ਰਜਨੀਸ਼ ਦਾ ਚੇਲਾ ਸਾਲ ਵਿੱਚ ਇੱਕ ਵਾਰੀ ਪੂਨੇ ਜਾਂਦਾ ਹੈ। ਉਥੇ ਪੂਨੇ ਵਿੱਚ ਜੋ ਲੰਪਟਪੁਣਾ ਹੁੰਦਾ ਹੈ ਉਸ ਦੀ ਕੁੱਝ ਜਾਣਕਾਰੀ ਵੀ ਉਸ ਸੱਜਣ ਨੇ ਦਿੱਤੀ ਸੀ। ਜਿਸ ਤਰ੍ਹਾਂ ਦਸਮ ਗ੍ਰੰਥ ਵਿੱਚ ਬਹੁਤਾ ਕੰਜਰਪੁਣਾ ਅਤੇ ਲੰਪਟਪੁਣਾ ਹੈ ਪਰ ਥੋੜਾ ਜਿਹਾ ਗੁਰਮਤਿ ਅਨੁਸਾਰੀ ਵੀ ਹੈ। ਇਸੇ ਤਰ੍ਹਾਂ ਰਜਨੀਸ਼ ਦੀ ਜੋ ਵਿਚਾਰਧਾਰਾ ਹੈ ਉਸ ਵਿੱਚ ਬਹੁਤਾ ਲੰਪਟਪੁਣਾ ਹੈ ਅਤੇ ਕੁੱਝ ਕੁ ਚੰਗੀ ਸਿੱਖਿਆ ਵੀ ਹੈ। ਜੇ ਕਰ ਅਜਿਹਾ ਨਾ ਹੋਵੇ ਤਾਂ ਫਿਰ ਸ਼ਰਧਾਲੂ ਬਣਨੇ ਮੁਸ਼ਕਲ ਹਨ। ਜਿਸ ਤਰ੍ਹਾਂ ਅੰਨੀ ਸ਼ਰਧਾ ਵਾਲੇ ਸਿੱਖਾਂ ਦੀ ਸ਼ਰਧਾ ਦਸਮ ਗ੍ਰੰਥ ਤੇ ਹੈ ਇਸੇ ਤਰ੍ਹਾਂ ਕਈ ਇਸ ਰਜਨੀਸ਼ ਦੇ ਵੀ ਅੰਨੇ ਸ਼ਰਧਾਲੂ ਹਨ। ਅਸੀਂ ਆਪਣੇ ਪਾਠਕਾਂ ਦੀ ਜਾਣਕਾਰੀ ਲਈ ਡਾ: ਕਰਮਜੀਤ ਸਿੰਘ ਦੀ ਲਿਖੀ ਪੁਸਤਕ, ‘ਰਜਨੀਸ਼ ਬੇਨਕਾਬ’ ਵਿਚੋਂ ਕੁੱਝ ਭਾਗ ਸਾਂਝਾ ਕਰਨ ਜਾ ਰਹੇ ਹਾਂ। ਇਸ ਨੂੰ ਲੜੀਵਾਰ ਪ੍ਰਕਾਸ਼ਤ ਕਰਨ ਦੀ ਕੋਸ਼ਿਸ਼ ਕਰਾਂਗੇ। ਪਹਿਲੀ ਕਿਸ਼ਤ ਹਾਜ਼ਰ ਹੈ।)

ਮਾਨਵਤਾ ਨੂੰ ਖੰਡਿਤ, ਅਰਾਜਕ ਅਤੇ ਬੀਮਾਰ ਹੋਣ ਤੋਂ ਬਚਾਉਣ ਦਾ ਉਪਰਾਲਾ

ਰਜਨੀਸ਼ ਦੀ ਵਿਚਾਰਧਾਰਾ ਬਾਰੇ ਡਾ. ਕਰਮਜੀਤ ਸਿੰਘ ਦੀ ਇਸ ਪੁਸਤਕ ਦਾ ਖਰੜਾ ਪੜ੍ਹਦਿਆਂ ਮੈਨੂੰ ਆਂਤਰਿਕ ਸੁੱਖ ਅਤੇ ਸਕੂਨ ਮਿਲਿਆ। ਇਸਦਾ ਕਾਰਣ ਵਿਅਕਤੀਗਤ ਨਾਲੋਂ ਸਮਾਜਿਕ ਜ਼ਿਆਦਾ ਹੈ। ਜਦੋਂ ਵੀ ਮੈਂ ਰਜਨੀਸ਼ ਦੀ ਕੋਈ ਪੁਸਤਕ ਪੜਦਾ ਜਾਂ ਪ੍ਰਵਚਨ ਸੁਣਦਾ ਮੈਨੂੰ ਵਿਸ਼ੇਸ਼ ਕਿਸਮ ਦੀ ਕੋਫ਼ਤ ਹੁੰਦੀ। ਮੈਂ ਤਿਲਮਿਲਾ ਉੱਠਦਾ ਕਿਉਂਕਿ ਮੈਂ ਦੇਖਦਾ ਕਿ ਚੰਗੇ ਭਲੇ ਸੂਝਵਾਨ ਲੋਕ ਇਸਦੀਆਂ ਪੋਥੀਆਂ ਨੂੰ ਬੜੇ ਅਕੀਦੇ ਨਾਲ ਪੜ੍ਹ ਰਹੇ ਹਨ। ਮੈਨੂੰ ਇਸ ਲਈ ਜ਼ਿਆਦਾ ਪ੍ਰੇਸ਼ਾਨੀ ਹੁੰਦੀ ਸੀ ਕਿ ਇਹ ਲੋਕ ਇਸਦੀ ਗੈਰ ਸਮਾਜਿਕ, ਗੈਰ ਇਨਸਾਨੀ (ਮਾਨਵਤਾ ਵਿਰੋਧੀ), ਲੰਪਟ ਵਿਚਾਰਧਾਰਾ ਦਾ ਵਿਗਿਆਨਕ ਵਿਸ਼ਲੇਸ਼ਣ ਕਿਉਂ ਨਹੀਂ ਕਰਦੇ। ਬਾਅਦ `ਚ ਮੈਨੂੰ ਪਤਾ ਲੱਗਿਆ ਕਿ ਇਹ ਸਭ ‘ਸੰਮੋਹਣ’ ਜਾਂ ‘ਹਿਪਨੋਟਿਜ਼ਮ’ ਦਾ ਪਰਿਣਾਮ ਹੈ। ਵਿਸ਼ੇਸ਼ ਤੌਰ ਤੇ ਭਾਰਤ ਦੀ ਉੱਚ ਮੱਧ-ਸ਼੍ਰੇਣੀ ਦੇ ਲੋਕ ਇਸ ਵੱਲ ਆਕਰਸ਼ਿਤ ਹੋਏ। ਉਨ੍ਹਾਂ ਨੂੰ ਆਪਣੀ ਵਿਅਕਤੀਵਾਦੀ ਭੋਗਵਾਦੀ ਮਾਨਸਿਕਤਾ ਨੂੰ Justify ਕਰਨ ਲਈ ਰਜਨੀਸ਼ ਇੱਕ ਵੱਡਾ ਸਹਾਰਾ ਲੱਗਿਆ। ਆਪਣੇ ਅੰਦਰ ਸਮਾਜਿਕ ਵਿਰੋਧਤਾਈਆਂ, ਮਾਨਸਿਕ ਵਿਚਾਰਧਾਰਕ ਤਣਾਅ ਅਤੇ ਖਲਾਅ ਨੂੰ ਸ਼ਾਂਤ ਕਰਨ ਲਈ ਓਸ਼ੋ ਦੇ ਵਿਚਾਰ/ਧਿਆਨ ਯੋਗ ਨੁਸਖੇ ਉਨ੍ਹਾਂ ਨੂੰ ਔਸ਼ਧੀ ਵਾਂਗ ਲੱਗੇ। ਪਰ ਜਿਸ ਤਰ੍ਹਾਂ ਨਸ਼ੇ ਦੀਆ ਗੋਲੀਆਂ ਕੁੱਝ ਦੇਰ ਹੀ ਕੰਮ ਕਰਦੀਆਂ ਹਨ, ਰਜਨੀਸ਼ ਦੇ ਵਿਚਾਰ ਜ਼ਿੰਦਗੀ ਦੇ ਮਹਾਨ ਸੰਘਰਸ਼ ਵਿੱਚ ਪੱਕੇ, ਪਾਏਦਾਰ ਅਤੇ ਵਫ਼ਾਦਾਰ ਹਮਸਫਰ ਨਹੀਂ ਹਨ। ਅਸਲ ਵਿੱਚ ਇਹ ਕੋਈ ਵਿਚਾਰਧਾਰਾ ਹੀ ਨਹੀਂ ਹਨ। ਕੋਝੇ, ਉਥਲੇ, ਬੇਈਮਾਨ ਵਿਚਾਰਾਂ ਦੀ ਇੱਕ ਵੱਡੀ ਸ਼ਰਾਰਤ ਹੈ - ਆਤਮਿਕ ਮੁਕਤੀ ਅਤੇ ਆਜ਼ਾਦੀ ਦੇ ਝੂਠੇ ਨਿਰਾਧਾਰ ਸੁਪਨੇ ਦਿਖਾਉਣ ਵਾਲੇ ਲੋਕਾਂ ਦੀ ‘ਧਾਰਾ’ ਬਣਨ ਲਈ ਜ਼ਿੰਦਗੀ ਦੇ ਨਾਲ, ਇਤਿਹਾਸ, ਇਤਿਹਾਸਕ ਵਿਕਾਸ, ਸੰਸਕ੍ਰਿਤੀ, ਸੱਭਿਅਤਾ ਅਤੇ ਮਨੁੱਖੀ ਸਮਾਜ ਅਤੇ ਉਸਦੇ ਸੰਘਰਸ਼ਾਂ ਨਾਲ ਜੁੜਨਾ ਲਾਜ਼ਮੀ ਹੈ। ਹਾਂ, ਇਹ ਗੱਲ ਸੱਚ ਹੈ ਕਿ ਰਜਨੀਸ਼ ਪੂੰਜੀਵਾਦੀ ਵਿਚਾਰਤੰਤਰ ਦਾ ਇੱਕ ਨਿਪੁੰਨ ਕਲਾਕਾਰ ਹੈ ਜਿਹੜਾ ਵਿਅਕਤੀ ਨੂੰ ਇੱਕ ਸਵਤੰਤਰ ਇਕਾਈ ਦੇ ਰੂਪ ਵਿੱਚ ਵਿਗਸਣ, ਬਦਲਣ ਅਤੇ ਉਜੜਣ ਦੇ ਭਰਪੂਰ ਮੌਕੇ ਦਿੰਦਾ ਹੈ। ਇਸ ਵਿੱਚ ਵਿਗਸਣ (ਵਿਕਾਸ ਕਰਨ) ਤੋਂ ਬਾਅਦ ਵਿਅਕਤੀ ਬਦਲਦਾ ਹੈ ਅਤੇ ਫਿਰ ਉਸ ਤੋਂ ਅਗਲੀ ਸਟੇਜ ਉਜਾੜਣ ਦੀ ਹੈ, ਅਰਥਾਤ ਵਿਅਕਤੀ ਕਿਤੇ ਦਾ ਵੀ ਨਹੀਂ ਰਹਿੰਦਾ ਅਰਥਾਤ ਖੰਡਿਤ, ਅਰਾਜਕ ਬੀਮਾਰ ਮਾਨਵ, ਮਾਨਵਤਾ ਨੂੰ ਬੀਮਾਰ ਖੰਡਿਤ ਹੋਣ ਤੋਂ ਬਚਾਉਣ ਲਈ ਡਾ. ਕਰਮਜੀਤ ਸਿੰਘ ਦੀ ਇਹ ਪੁਸਤਕ ਇੱਕ ਮਹਾਨ ਉਪਰਾਲਾ ਹੈ। ਰਜਨੀਸ਼ ਨੂੰ ਪੜ੍ਹਨ ਵਾਲੇ ਲੋਕਾਂ ਨੂੰ ਇਸਦਾ ਸਵਾਗਤ ਕਰਨਾ ਚਾਹੀਦਾ ਹੈ।
ਕਈ ਲੋਕਾਂ ਨੂੰ ਇਹ ਭਰਮ ਹੈ ਕਿ ਰਜਨੀਸ਼ ਉਨ੍ਹਾਂ ਦੇ ਧਰਮ (ਸਿੱਖ, ਹਿੰਦੂ ਜਾਂ ਕੋਈ ਹੋਰ) ਦਾ ਹਮਾਇਤੀ ਹੈ ਜਾਂ ਇਹ ਇੱਕ ਕ੍ਰਾਂਤੀਕਾਰੀ ਵਿਚਾਰਕ ਹੈ। ਅਸਲ ਵਿੱਚ ਇਹ ਗੱਲਾਂ ਮੂਲੋਂ ਹੀ ਗ਼ਲਤ ਹਨ। ਡਾ. ਕਰਮਜੀਤ ਸਿੰਘ ਨੇ ਇਸਨੂੰ ਬਾਖ਼ੂਬੀ ਪ੍ਰਮਾਣਿਤ ਕੀਤਾ ਹੈ। ਡਾਕਟਰ ਸਾਹਿਬ ਨੇ ਇਸ ਸਥਾਪਨਾ ਨੂੰ ਵੀ ਪ੍ਰਮਾਣ ਸਹਿਤ ਝੁਠਲਾਇਆ ਹੈ ਕਿ ਰਜਨੀਸ਼ ਕੋਲ ਬਹੁਤ ਗਿਆਨ ਹੈ, ਬਹੁਤ ਜਾਣਕਾਰੀਆਂ ਹਨ। ਸੱਚ ਇਹ ਹੈ ਕਿ ‘ਧਾਰਮਿਕ ਬਾਬੇ’ ਆਪਣੇ ਆਲੇ ਦੁਆਲੇ ਇੱਕ ਅਜਿਹਾ ‘ਪ੍ਰਭਾ ਮੰਡਲ’ ਬਣਾ ਲੈਂਦੇ ਹਨ ਜਿਸਦੇ ਪ੍ਰਭਾਵ ਵਿੱਚ ਲੋਕਾਂ ਨੂੰ ਉਨ੍ਹਾਂ ਦੀਆਂ ਸਾਧਾਰਣ ਗੱਲਾਂ ਵੀ ਮਹਾਨ ਲੱਗਣ ਲੱਗ ਪੈਂਦੀਆਂ ਹਨ ਜਾਂ ਜਿਹੜੀ ਗੱਲ ਹੈ ਹੀ ਨਹੀਂ ਉਸਨੂੰ ਵੀ, ਲੋਕ ‘ਬਾਬੇ’ ਨਾਲ ਜੋੜ ਲੈਂਦੇ ਹਨ। ਉਨ੍ਹਾਂ ਨਾਲ ਅਨੇਕਾਂ ਉਸਤਤੀਆਂ ਅਤੇ ਦੰਦ ਕਥਾਵਾਂ ਜੁੜ ਜਾਂਦੀਆਂ ਹਨ। ਅੱਜ ਸੰਚਾਰ ਕ੍ਰਾਂਤੀ ਦੇ ਯੁੱਗ ਦਾ ‘ਬਾਬਾ’ ਰਜਨੀਸ਼ ਵੀ ਇਸ ਤਰ੍ਹਾਂ ਦੀਆਂ ਅਲਾਮਤਾਂ ਤੋਂ ਬਚ ਨਹੀਂ ਸਕਿਆ। ਰਜਨੀਸ਼ ਉੱਚ ਸ਼੍ਰੇਣੀ ਨੂੰ ਇਸ ਲਈ ਵੀ ਪਿਆਰਾ ਹੈ ਕਿਉਂਕਿ ਉਹ ਉਨ੍ਹਾਂ ਦੀ ‘ਹਊਮੈ’ ਨੂੰ ਪੱਠੇ ਪਾਉਂਦਾ ਹੈ ਕਿ ਤੁਸੀਂ ਹੋ ਅਸਲੀ ਬੰਦੇ ਬਾਕੀ ਸਾਰੇ ਤਾਂ ਗਧੇ ਹਨ। (ਹੋਰ ਵੀ ਅਨੇਕ ਉਦਾਹਰਣਾਂ ਦਿੱਤੀਆਂ ਜਾ ਸਕਦੀਆਂ ਹਨ। ਦੂਸਰੀ ਗੱਲ ਕਿ ਕਥਾਵਾਚਕਾਂ, ਬਾਬਿਆਂ ਦੇ ਪ੍ਰਵਚਨਾਂ ਦਾ ਪੁਰਾਣਾ ਮੁਹਾਵਰਾ ਜਿਨ੍ਹਾਂ ਲਈ ਬੇਅਸਰ ਹੈ ਜਾਂ ਨਾਪਸੰਦ ਹੈ ਉਨ੍ਹਾਂ ਲਈ ਆਪਣੇ ਵਿਚਾਰਾਂ ਦੀ ਸਰਕਸ ਲੈ ਕੇ ਰਜਨੀਸ਼ ਹਾਜ਼ਰ ਹੈ। ਮਨੋਵਿਗਿਆਨਕ- ਦਾਰਸ਼ਨਿਕ ਗੱਲਾਂ ਨੂੰ (ਜਿਹੜੀਆਂ ਸਦੀਆਂ ਤੋਂ ਚੱਲੀਆਂ ਆ ਰਹੀਆਂ ਹਨ) ਆਧੁਨਿਕ ਤਕਨੀਕ ਅਤੇ ਸਾਧਨਾਂ ਦੁਆਰਾ ਤੋੜਿਆ-ਮਰੋੜਿਆ ਗਿਆ ਹੈ। ਇਸ ਤਰ੍ਹਾਂ ਕਰਨ ਲਈ ਰਜਨੀਸ਼ ਨੂੰ ਕੋਈ ਔਖਿਆਈ ਨਹੀਂ ਕਿਉਂਕਿ ਉਹ ਅਮੀਰ ਵਰਗ ਦੀਆਂ ਅਤੇ ਉੱਚ ਮੱਧ ਵਰਗੀ ਸ਼੍ਰੇਣੀ ਦੀਆਂ ਮਾਨਸਿਕ ਬੀਮਾਰੀਆਂ ਨੂੰ ਚੰਗੀ ਤਰ੍ਹਾਂ ਪਛਾਣਦਾ ਹੈ, ਅਤੇ ਉਨ੍ਹਾਂ ਨੂੰ ਆਨੰਦਦਾਇਕ ਜ਼ਿੰਦਗੀ ਦਾ ਸੁਪਨਾ ਦਿਖਾਉਂਦਾ ਹੈ। ਪਰ ਇਹ ਲੋਕ ਸੰਮੋਹਣ ਜਾਂ ਅੰਨ੍ਹੇ ਅਕੀਦੇ ਕਾਰਣ ਇਹ ਨਹੀਂ ਪਹਿਚਾਣਦੇ ਕਿ ਰਜਨੀਸ਼ ਮੂਲ ਰੂਪ ਵਿੱਚ ਪਲਾਇਨਵਾਦੀ, ਨਿਰਾਸ਼ਾਵਾਦੀ ਵਿਚਾਰਕ (ਗੁਰੂਡਮ) ਹੈ। ਇਹ ਗ਼ੈਰ ਸਮਾਜਿਕ ਹੀ ਨਹੀਂ ਬਲਕਿ ਸਮਾਜ ਵਿਰੋਧੀ ਹੈ। ਅੱਯਾਸ਼ੀ ਦਾ ਸੁਥਰਾ ਰੂਪ, ਨਵਾਂ ਮੁਹਾਵਰਾ ਅਤੇ ਉੱਤਰ ਆਧੁਨਿਕ ਮੁਹਾਂਦਰਾ ਰਜਨੀਸ਼ ਦੇ ਲੈਕਚਰਾਂ ਦੀ ਅਸਲੀਅਤ ਹੈ। ਡਾਕਟਰ ਸਾਹਿਬ ਨੇ ਸਪੱਸ਼ਟ ਸ਼ਬਦਾਂ ਵਿੱਚ ਵਿਸਥਾਰ ਨਾਲ ਇਸ ਤੱਥ ਨੂੰ ਉਘਾੜਿਆ ਹੈ। ਰਜਨੀਸ਼ ਸੰਸਾਰ ਅਤੇ ਇਨਸਾਨੀ ਜ਼ਿੰਦਗੀ ਦੀਆਂ ਸਮੱਸਿਆਵਾਂ ਬਾਰੇ, ਉਸਦੇ ਇਤਿਹਸਕ ਵਿਕਾਸ ਬਾਰੇ ਅਤੇ ਸੰਘਰਸ਼ਾਂ ਬਾਰੇ ਗੱਲ ਨਹੀਂ ਕਰਦਾ। ਉਸ ਦੀ ਸਮੱਸਿਆ ਹੈ ਧਿਆਨ ਅਤੇ ਸੰਭੋਗ। ਮੈਨੂੰ ਯਾਦ ਹੈ ਕਿ ਭਾਰਤ ਦੇ ਰੂੜ੍ਹੀਵਾਦੀ ਸਰਮਾਏਦਾਰੀ ਪੱਖੀ ਅਖ਼ਬਾਰਾਂ ਨੇ ਸ਼ੁਰੂ ਸ਼ੁਰੂ ਵਿੱਚ ਰਜਨੀਸ਼ ਨੂੰ ਅਸ਼ਲੀਲ ਕਹਿਕੇ ਬਹੁਤ ਭੰਡਿਆ। ਲੇਕਿਨ ਬਾਅਦ ਵਿੱਚ ਉਹ ਹੌਲੀ ਹੌਲੀ ਚੁੱਪ ਹੋ ਗਏ। ਕਾਰਣ ਬਹੁਤ ਸਪੱਸ਼ਟ ਹੈ ਕਿ ਉਨ੍ਹਾਂ ਨੇ ਜਾਣ ਲਿਆ ਕਿ ਰਜਨੀਸ਼ ਤਾਂ ਉਹੀ ਕੰਮ ਕਰ ਰਿਹਾ ਹੈ ਜੋ ਅਸੀਂ ਕਰ ਰਹੇ ਹਾਂ ਅਰਥਾਤ ਆਰਥਿਕ, ਸਮਾਜਿਕ, ਸਾਂਸਕ੍ਰਿਤਕ, ਰਾਜਨੀਤਕ ਲੁੱਟ ਆਧਾਰਿਤ ਮਾਨਵਤਾ ਵਿਰੋਧੀ ਅਰਥਚਾਰੇ ਦੀ ਫ਼ਿਲਾਸਫ਼ੀ ਨੂੰ ਮਜ਼ਬੂਤ ਕਰਨਾ।
ਕੁੱਝ ਪੁਰਾਣੇ ਤੱਤੇ ਕਾਮਰੇਡ ਵੀ ਰਜਨੀਸ਼ ਵੱਲ ਬੜੀ ਤੀਬਰਤਾ ਨਾਲ ਆਕਰਸ਼ਿਤ ਹੋਏ ਸਨ। ਉਨ੍ਹਾਂ ਨੂੰ ਪਦਾਰਥਵਾਦੀ ਚਿੰਤਕਾਂ ਦੀ ਪ੍ਰੰਪਰਾ ਵਿੱਚ ਇਹ ਮਹੱਤਵਪੂਰਣ ਲੱਗਿਆ। ਕਈਆਂ ਨੂੰ ਇਹ ਨਾਸਤਿਕ ਲੱਗਿਆ। ਪਰ ਅਸਲ ਕੁੱਝ ਹੋਰ ਹੈ। ਰਜਨੀਸ਼ ਉੱਤਰ- ਪੂੰਜੀਵਾਦ ਦੀਆਂ ਸਾਰੀਆਂ ਭੈੜੀਆਂ ਅਲਾਮਤਾਂ ਦਾ ਨਿਚੋੜ ਹੈ, ਜਿਸ ਲਈ ਸਮਾਜ, ਸਮੂਹ, ਸੰਗਠਨ, ਇਤਿਹਾਸ, ਧਰਮ, ਪਰੰਪਰਾ, ਸੰਸਕ੍ਰਿਤੀ, ਸੱਭਿਅਤਾ, ਸਮਾਜਿਕ ਸੰਬੰਧਾਂ ਅਤੇ ਉਦੇਸ਼ ਆਦਿ ਦਾ ਕੋਈ ਮਹੱਤਵ ਨਹੀਂ। ਸਾਹਿਤ ਦੇ ਫ਼ਲਸਫ਼ੇ ਵਿੱਚ ਇਸ ਦੀ ਚਰਚਾ ‘ਉੱਤਰ ਆਧੁਨਿਕਤਾਵਾਦ’ ਦੇ ਨਾਂ ਨਾਲ ਵੱਡੀ ਪੱਧਰ `ਤੇ ਹੋ ਰਹੀ ਹੈ।
ਨਾਸਤਿਕ ਤਾਂ ਭਗਤ ਸਿੰਘ ਵੀ ਹੈ ਅਤੇ ਰਜਨੀਸ਼ ਨੂੰ ਵੀ ਮੰਨਿਆ ਜਾ ਰਿਹਾ ਹੈ। ਦੋਵੇਂ ਉੱਤਰ-ਦੱਖਣ ਧਰੁਵ ਹਨ। ਰਜਨੀਸ਼ ਉੱਤਰ-ਆਧੁਨਿਕ ਅਰਾਜਕਤਾਵਾਦ ਦੀ ਗਲੈਮਰ-ਯੁਕਤ ਤਸਵੀਰ ਹੈ। ਸਾਨੂੰ ਇਹ ਵੀ ਦੇਖਣਾ ਪਵੇਗਾ ਕਿ ਰਜਨੀਸ਼ ਮੂਲ ਰੂਪ ਵਿੱਚ ਲੇਖਕ ਜਾਂ ਵਿਚਾਰਕ ਨਹੀਂ ਸੀ। ਰਜਨੀਸ਼ ਇੱਕ ਪ੍ਰਵਚਨ (ਧਾਰਮਿਕ ਭਾਸ਼ਣ) ਕਰਤਾ ਸੀ। ਆਪਣੇ ਅੱਗੇ ਬੈਠੇ ਲੋਕਾਂ ਨੂੰ ਪ੍ਰਭਾਵਿਤ ਕਰਨ ਲਈ ‘ਬਾਬੇ’ ਨੂੰ ਬੜੇ ਪ੍ਰਪੰਚ, ਪਾਖੰਡ ਕਰਨੇ ਪੈਂਦੇ ਹਨ। ਰਜਨੀਸ਼ ਵੀ ਆਪਣੀ ‘ਸੰਗਤ’ ਵਿੱਚ ਬੈਠੇ ਵਿਭਿੰਨ ਲੋਕਾਂ ਨੂੰ ਧਿਆਨ `ਚ ਰੱਖਕੇ ਪੈਂਤੜੇ ਬਦਲਦਾ ਰਹਿੰਦਾ ਹੈ। ਉਸਦੀ ਬੌਧਿਕ ਤੇ ਦਾਰਸ਼ਨਿਕ ਕਮਜ਼ੋਰੀ ਇਹ ਹੈ ਕਿ ਉਸਦੇ ਸਾਹਮਣੇ ਕਦੇ ਕੋਈ ਗੰਭੀਰ ਬਹਿਸ ਕਰਨ ਵਾਲੇ ਵਿਅਕਤੀ ਜਾਂ ਪ੍ਰਸੰਗ ਨਹੀਂ ਆਏ। ਸਭ ਤਾਈਂ ਉਹ ਖ਼ੁਦ ਹੀ ਪ੍ਰਸ਼ਨਕਰਤਾ ਹੈ। ਆਪਣੀ ਮਰਜ਼ੀ ਨਾਲ ਪ੍ਰਸ਼ਨ ਚੁਣਦਾ ਹੈ ਅਤੇ ਮਨਮਰਜ਼ੀ ਨਾਲ ਤੱਥਾਂ ਨੂੰ ਤੋੜਦਾ ਮਰੋੜਦਾ ਹੈ। ਆਪਣੀ ਗੱਲ ਨੂੰ ਦੂਜਿਆਂ ਦੇ ਮੂੰਹ ਵਿੱਚ ਪਾਉਣ ਦਾ ਗ਼ੈਰ ਇਖ਼ਲਾਕੀ ਕੰਮ ਵੀ ਰਜਨੀਸ਼ ਕਰਦਾ ਰਿਹਾ ਹੈ। ਇਸ ਪੁਸਤਕ ਦਾ ਮਹੱਤਵ ਇਸ ਲਈ ਵੀ ਵਧ ਜਾਂਦਾ ਹੈ ਕਿ ਇਸ ਵਿੱਚ ਬਹੁਤੇ ਤੱਥ ਰਜਨੀਸ਼ ਦੇ ਆਪਣੇ ‘ਕਥਨ’ ਹੀ ਹਨ। ਰਜਨੀਸ਼ ਦੇ ਇੱਕ ਅੰਗ-ਰੱਖਿਅਕ ਵਲੋਂ ਉਸਦੀ ਪੋਲ ਖੋਲ੍ਹਣ ਵਾਲਾ ਲੇਖ ਵੀ ਅਖੀਰ ਵਿੱਚ ਦਿੱਤਾ ਗਿਆ ਹੈ। ਡਾਕਟਰ ਸਾਹਿਬ ਨੇ ਬੜੀ ਮਿਹਨਤ ਨਾਲ ਸੰਤੁਲਿਤ ਵਿਸ਼ਲੇਸ਼ਣ ਕੀਤਾ ਹੈ। ਅਚਰਜ ਦੀ ਗੱਲ ਹੈ ਕਿ ਇਸ ਵਿਸ਼ੇ ਤੇ ਅੱਜ ਤੱਕ ਕੋਈ ਬਹਿਸ ਕਿਉਂ ਨਹੀਂ ਛਿੜੀ। ਮੈਂ ਡਾ. ਕਰਮਜੀਤ ਸਿੰਘ ਜੀ ਦਾ ਸਵਾਗਤ ਕਰਦਾ ਹਾਂ ਤੇ ਧੰਨਵਾਦੀ ਹਾਂ ਜਿਨ੍ਹਾਂ ਚਿਰਾਂ ਤੋਂ ਲੋੜੀਂਦੇ ਕੰਮ ਨੂੰ ਵਿਦਵਤਾ ਪੂਰਣ ਅਤੇ ਖੋਜ ਭਰਪੂਰ ਢੰਗ ਨਾਲ ਸਿਰੇ ਚਾੜ੍ਹਿਆ ਹੈ। ਇਸ ਪੁਸਤਕ ਦੇ ਬਹਾਨੇ ਭਾਰਤ ਦੇ ਬਾਕੀ ‘ਬਾਬਿਆਂ’ ਬਾਰੇ ਵੀ ਬਹਿਸ ਚੱਲਣੀ ਚਾਹੀਦੀ ਹੈ। ਜਿਨ੍ਹਾਂ ਵਿਚੋਂ ਜ਼ਿਆਦਾਤਰ ਸੰਮੋਹਨ (ਹਿਪਨੋਟਿਜ਼ਮ) ‘ਪ੍ਰਭਾ ਮੰਡਲ’ ਅਤੇ ‘ਗੁਰੂਡਮ’ ਰਾਹੀਂ ਜਨ-ਸਾਧਾਰਣ ਨੂੰ ਹੀ ਨਹੀਂ ਬਲਕਿ ਪੜ੍ਹੇ ਲਿਖੇ, ਸੰਪੰਨ ਲੋਕਾਂ ਨੂੰ ਵੀ ਬਰਬਾਦ ਕਰ ਰਹੇ ਹਨ। (ਬਰਬਾਦੀ ਬੌਧਿਕ ਅਤੇ ਮਾਨਸਿਕ ਵੀ ਹੁੰਦੀ ਹੈ)
ਧੰਨਵਾਦ
- ਰਵਿੰਦਰ ਗਾਸੋ
ਹਿੰਦੀ ਵਿਭਾਗ,
ਡੀ. ਏ. ਵੀ. ਕਾਲਜ, ਪੂੰਡਰੀ (ਕੈਥਲ)




.