.

ਗੁਰਮਤਿ ਅਤੇ ਸਾਇੰਸ ਦੇ ਇਸ ਅਜੋਕੇ ਯੁਗ ਵਿੱਚ (ਭਾਗ-੨੦)

Gurmat and science in present scenario (Part-20)

ਗੁਰਬਾਣੀ ਸੱਚ ਅਤੇ ਸੱਚੇ ਜੀਵਨ ਦੀ ਜਾਚ ਸਿਖਾਉਂਦੀ ਹੈ, ਪਰੰਤੂ ਸਾਇੰਸ ਸਿਰਫ ਵੇਖ ਸਕਣ ਵਾਲੇ ਸੱਚ ਦੀ ਗੱਲ ਕਰਦੀ ਹੈ

Gurbani teaches truth and truthful living whereas science deals with observable realities only

ਤਰਤੀਬ ਅਨੁਸਾਰ ਕੁਦਰਤ, ਉਸ ਦੇ ਨਿਯਮ ਅਤੇ ਵਿਧੀਆਂ ਦੇ ਬਾਰੇ ਇਕੱਠੇ ਕੀਤੇ ਗਏ ਗਿਆਨ ਨੂੰ ਸਾਇੰਸ ਕਿਹਾ ਜਾਂਦਾ ਹੈ। ਸਾਇੰਸ ਪਦਾਰਥ ਤੇ ਉਸ ਨਾਲ ਹੋ ਰਹੀਆਂ ਕਿਰਿਆਵਾਂ ਨੂੰ ਸਮਝ ਕੇ ਦੁਨੀਆਂ ਦੀ ਅਸਲੀਅਤ, ਭਾਵ ਅਕਾਲ ਪੁਰਖ ਨੂੰ ਖੋਜਣ ਦਾ ਯਤਨ ਕਰਦੀ ਹੈ। ਸਾਇੰਸ ਪੰਜ ਇੰਦਰੀਆਂ, ਜਾਨਵਰਾਂ ਤੇ ਜੰਤਰਾਂ ਦੀ ਸਹਾਇਤਾ ਨਾਲ ਪਦਾਰਥ ਦੀ ਖੋਜ ਕਰਦੀ ਹੈ। ਸੀਮਿਤ ਸਾਧਨ ਅਤੇ ਪੰਜ ਇੰਦਰੀਆਂ (ਅੱਖ, ਕੰਨ, ਨੱਕ, ਜਬਾਨ ਅਤੇ ਚਮੜੀ) ਸਦਕਾ, ਸਾਇੰਸ ਸਚਾਈ ਦੀ ਕੁੱਝ ਹੱਦ ਤੱਕ ਹੀ ਪਹੁੰਚ ਸਕੀ ਹੈ।

ਸਾਇੰਸ ਦੇ ਸਾਰੇ ਨਿਯਮ ਪਦਾਰਥ ਨਾਲ ਹੋ ਰਹੀਆਂ ਕਿਰਿਆਵਾਂ ਦੇ ਆਧਾਰ ਤੇ ਹੁੰਦੇ ਹਨ। ਮਨ ਦੀਆਂ ਕਿਰਿਆਵਾਂ ਨੂੰ ਪਦਾਰਥੀ ਯੰਤਰਾਂ ਨਾਲ ਮਾਪਿਆ ਨਹੀਂ ਜਾ ਸਕਦਾ। ਇਹੀ ਕਾਰਣ ਹੈ ਕਿ ਸਾਇੰਸ ਦੀਆਂ ਖੋਜਾਂ ਨਾਲ ਤਕਨੀਕੀ ਤਰੱਕੀ ਤਾਂ ਬਹੁਤ ਹੋਈ ਪਰ ਮਾਨਸਿਕ ਵਿਕਾਸ ਨਹੀਂ। ਐਟਮ ਬੰਬ ਦੀ ਕਾਢ ਜਪਾਨ ਦੀ ਬਰਬਾਦੀ ਦਾ ਕਾਰਣ ਬਣੀ, ਅਧੁਨਿਕ ਹਥਿਆਰਾ ਨਾਲ ਤਬਾਹੀ ਮਚਾਈ ਜਾ ਰਹੀ ਹੈ। ਕੰਮਪਿਊਟਰ, ਮੋਬਾਈਅਲ, ਇੰਨਟਰਨੇਟ, ਟੀ. ਵੀ. , ਆਦਿ ਦੇ ਫਾਇਦੇ ਵੀ ਬਹੁਤ ਹਨ ਤੇ ਦੁਰਵਰਤੋਂ ਵੀ ਬਹੁਤ ਹੋ ਰਹੀ ਹੈ। ਇਨ੍ਹਾਂ ਦੀ ਵਰਤੋਂ ਮਨੁੱਖਤਾ ਦੇ ਭਲੇ ਲਈ ਵਰਤਣੀ ਹੈ ਕਿ ਬਰਬਾਦੀ ਲਈ, ਇਸ ਦੀ ਸੇਧ ਸਾਇੰਸ ਨਹੀਂ ਦੇ ਸਕਦੀ, ਪਰੰਤੂ ਧਰਮ ਇਸ ਕਾਰਜ ਲਈ ਬਹੁਤ ਸਹਾਈ ਹੋ ਸਕਦਾ ਹੈ।

ਧਰਮ ਅਕਾਲ ਪੁਰਖ ਬਾਰੇ ਨਿਯਮ ਅਤੇ ਅਸੂਲਾਂ ਨੂੰ ਬਿਆਨ ਕਰਕੇ ਜੀਵਨ ਦੀ ਰੌ, ਮਨੁੱਖਤਾ ਅਤੇ ਦੁਨਿਆਵੀ ਜੀਵਨ ਤੱਕ ਪਹੁੰਚਦਾ ਹੈ। ਧਰਮ ਉਹੀ ਸਫਲ ਹੈ ਜਿਹੜਾ ਅਕਾਲ ਪੁਰਖ ਤੋਂ ਇੱਕ ਸਫਲ ਮਨੁੱਖਾ ਜੀਵਨ ਤੱਕ ਪੂਰਨ ਤੌਰ ਤੇ ਲਿਜਾ ਸਕਦਾ ਹੈ। ਸਿੱਖ ਧਰਮ ਸੱਚ ਅਤੇ ਸੱਚਾ ਜੀਵਨ ਜਿਉਣ ਦੀ ਜਾਚ ਸਿਖਾਂਉਂਦਾ ਹੈ। ਸਾਇੰਸ ਸਿਰਫ ਦਿਸਣ ਵਾਲੇ ਜਾਂ ਵੇਖ ਸਕਣ ਵਾਲੇ ਸੱਚ ਦੀ ਗੱਲ ਕਰਦੀ ਹੈ। ਅਸਲੀ ਸੱਚ ਜਾਨਣ ਲਈ ਸੱਚਾ ਜੀਵਨ ਜਿਉਣਾਂ ਬਹੁਤ ਜਰੂਰੀ ਹੈ।

ਅਕਾਲ ਪੁਰਖ ਦੇ ਨਿਯਮ ਹਰੇਕ ਪਦਾਰਥਾਂ ਤੇ ਹਰੇਕ ਜੀਵ ਤੇ ਲਾਗੂ ਹੁੰਦੇ ਹਨ। ਅਕਾਲ ਪੁਰਖ ਦੇ ਨਿਯਮ ਪਦਾਰਥਾਂ ਲਈ ਵੀ ਹਨ ਤੇ ਮਨ ਲਈ ਵੀ ਹਨ। ਸਾਇੰਸ ਪਦਾਰਥਾਂ ਵਾਲੇ ਨਿਯਮ ਤਾਂ ਆਸਾਨੀ ਨਾਲ ਸਮਝ ਸਕਦੀ ਹੈ, ਪਰ ਮਨ ਦੇ ਨਿਯਮ ਸਾਇੰਸ ਦੀ ਪਹੁੰਚ ਤੋਂ ਬਾਹਰ ਹਨ।

ਜਿਸ ਮਨੁੱਖ ਦਾ ਮਨ ਅਕਾਲ ਪੁਰਖ ਦੇ ਨਾਮੁ ਵਿੱਚ ਰੰਗਿਆ ਜਾਂਦਾ ਹੈ, ਉਸ ਨੂੰ ਆਤਮਕ ਸੁਖ ਮਿਲਦਾ ਹੈ। ਜਿਸ ਮਨੁੱਖ ਦੀ ਸੁਰਤਿ ਗੁਰਬਾਣੀ ਵਿਚਾਰ ਨਾਲ ਜੁੜੀ ਜਾਂਦੀ ਹੈ, ਉਸ ਦੇ ਅੰਦਰ ਅਨੰਦ ਪੈਦਾ ਹੋ ਜਾਂਦਾ ਹੈ। ਅਕਾਲ ਪੁਰਖ ਦੇ ਨਾਮੁ ਨੂੰ ਜੀਵਨ ਦਾ ਆਸਰਾ ਬਣਾਣ ਲਈ, ਉਸ ਦੇ ਹੁਕਮੁ ਨੂੰ ਸਮਝਣਾਂ ਤੇ ਉਸ ਅਨੁਸਾਰ ਚਲਣਾਂ ਬਹੁਤ ਜਰੂਰੀ ਹੈ। ਗੁਰੂ ਸਾਹਿਬ ਸਮਝਾਂਉਂਦੇ ਹਨ, ਕਿ ਅਕਾਲ ਪੁਰਖ ਦੇ ਹੁਕਮੁ ਤੇ ਰਜ਼ਾ ਵਿੱਚ ਚਲਣਾਂ ਹੀ ਸਹੀ ਕਾਰ ਹੈ। ਇਸ ਲਈ ਉਸ ਅਕਾਲ ਪੁਰਖ ਦੇ ਚਰਨਾਂ ਨਾਲ ਆਪਣੀ ਲਿਵ ਜੋੜਨੀ ਚਾਹੀਦੀ ਹੈ, ਜਿਸ ਨੇ ਇਹ ਮਨੁੱਖਾ ਸਰੀਰ ਤੇ ਮਨ ਪੈਦਾ ਕਰ ਕੇ ਇਨ੍ਹਾਂ ਨੂੰ ਇਤਨਾ ਸੁੰਦਰ ਬਣਾਇਆ ਹੈ। ਆਪਣੇ ਸਰੀਰ ਨੂੰ ਕਸ਼ਟ ਦੇ ਕੇ, ਜਾਂ ਹੋਰ ਲੱਖਾਂ ਕ੍ਰੋੜਾਂ ਕਰਮ ਕਾਂਡ ਕਰਕੇ, ਕੋਈ ਵੀ ਕਰਮ ਅਕਾਲ ਪੁਰਖ ਦੇ ਨਾਮੁ ਦੀ ਬਰਾਬਰੀ ਤਕ ਨਹੀਂ ਪਹੁੰਚ ਸਕਦਾ। ਸਿਰ ਉੱਤੇ ਆਰਾ ਚਲਵਾਉਣ ਨਾਲ ਜਾਂ ਹੋਰ ਸਰੀਰਕ ਕਸ਼ਟ ਸਹਿਣ ਨਾਲ ਮਨ ਵਿਚੋਂ ਹਉਮੈ ਦਾ ਰੋਗ ਦੂਰ ਨਹੀਂ ਹੁੰਦਾ। ਸੋਨੇ ਦੇ ਕਿਲ੍ਹੇ, ਹਾਥੀ, ਘੋੜੇ, ਗਾਂਵਾਂ, ਜ਼ਮੀਨ ਆਦਿ ਦਾਨ ਕਰਨ ਨਾਲ ਸਗੋਂ ਉਲਟਾ ਮਨ ਵਿੱਚ ਹੰਕਾਰ ਵਧਦਾ ਹੈ। ਜਿਸ ਮਨੁੱਖ ਨੂੰ ਸਤਿਗੁਰੂ ਨੇ ਸਦਾ ਥਿਰ ਰਹਿੰਣ ਵਾਲੇ ਅਕਾਲ ਪੁਰਖ ਦੇ ਨਾਮੁ ਦੀ ਬਖ਼ਸ਼ਸ਼ ਕੀਤੀ ਹੈ, ਉਸ ਦਾ ਮਨ ਅਕਾਲ ਪੁਰਖ ਦੇ ਨਾਮੁ ਵਿੱਚ ਪਰੋਇਆ ਰਹਿੰਦਾ ਹੈ। ਅਨੇਕਾਂ ਲੋਕ ਤਪੱਸਿਆ ਆਦਿਕ ਕਰਮਾਂ ਵਲ ਪ੍ਰੇਰੇ ਜਾਂਦੇ ਹਨ, ਜੋ ਕਿ ਮਨ ਦੇ ਹਠ ਨਾਲ ਕੀਤੇ ਜਾਂਦੇ ਹਨ, ਅਨੇਕਾਂ ਲੋਕ ਵੇਦ ਆਦਿਕ ਧਾਰਮਿਕ ਪੁਸਤਕਾਂ ਦੇ ਵਿਚਾਰ ਕਰਦੇ ਹਨ ਤੇ ਇਸ ਵਾਦ-ਵਿਵਾਦ ਨੂੰ ਹੀ ਆਪਣੇ ਜੀਵਨ ਦਾ ਸਹੀ ਰਸਤਾ ਤੇ ਮੰਤਵ ਸਮਝਦੇ ਹਨ। ਪਰੰਤੂ ਹਉਮੈ ਦੇ ਬੰਧਨਾਂ ਤੋਂ ਮੁਕਤੀ ਦਾ ਦਰਵਾਜ਼ਾ ਗੁਰੂ ਦੇ ਸਨਮੁਖ ਹੋਇਆਂ ਹੀ ਖੁਲਦਾ ਹੈ, ਕਿਉਂਕਿ ਗੁਰੂ ਹੀ ਅਕਾਲ ਪੁਰਖ ਦੇ ਨਾਮੁ ਦੁਆਰਾ ਜੀਵਨ ਸਫਲ ਕਰਨ ਦਾ ਸਹੀ ਰਸਤਾ ਦੱਸਦਾ ਹੈ। ਹਰੇਕ ਕਰਮ ਸਦਾ ਥਿਰ ਰਹਿੰਣ ਵਾਲੇ ਅਕਾਲ ਪੁਰਖ ਦੇ ਨਾਮੁ ਤੋਂ ਘਟੀਆ ਹੈ, ਤੇ ਸਭ ਕਰਮਾਂ ਨਾਲੋਂ ਸ੍ਰੇਸ਼ਟ ਕਰਮ, ਗੁਰਬਾਣੀ ਦੁਆਰਾ ਸਮਝਾਇਆ ਗਿਆ ਅਕਾਲ ਪੁਰਖ ਦਾ ਨਾਮੁ ਰੂਪੀ ਕਰਮ ਹੀ ਹੈ। ਇੱਕ ਅਕਾਲ ਪੁਰਖ ਨੇ ਹੀ ਇਹ ਸਾਰੇ ਜੀਵ ਰਚੇ ਹਨ, ਤੇ ਤਿੰਨਾਂ ਲੋਕਾਂ ਦੇ ਸਾਰੇ ਜੀਵਾਂ ਵਿੱਚ ਉਸੇ ਅਕਾਲ ਪੁਰਖ ਦੀ ਜੋਤਿ ਦਾ ਚਾਨਣ ਹੈ, ਇਸ ਲਈ ਜਾਤ ਪਾਤ ਦੇ ਆਧਾਰ ਤੇ ਦੂਸਰਿਆਂ ਨੂੰ ਨਿੰਦਣਾ ਠੀਕ ਨਹੀਂ, ਇਸ ਲਈ ਹਰੇਕ ਜੀਵ ਨੂੰ ਚੰਗਾ ਹੀ ਆਖਣਾ ਚਾਹੀਦਾ ਹੈ। ਜੇਹੜਾ ਮਨੁੱਖ ਗੁਰਮੁਖਾਂ ਦੀ ਸੰਗਤਿ ਵਿੱਚ ਮਿਲ ਬੈਠਦਾ ਹੈ, ਅਤੇ ਗੁਰੂ ਆਸ਼ੇ ਅਨੁਸਾਰ ਚਲਦਾ ਹੈ, ਉਸ ਦੇ ਮਨ ਵਿੱਚ ਸੰਤੋਖ ਕਾਇਮ ਹੋ ਜਾਂਦਾ ਹੈ। ਗੁਰੂ ਦੇ ਸ਼ਬਦ ਦੁਆਰਾ ਅਕਾਲ ਪੁਰਖ ਵਰਗਾ ਸੁਭਾਉ ਬਣਾਉਂਣ ਨਾਲ ਇਹ ਯਕੀਨ ਬਣ ਜਾਂਦਾ ਹੈ ਕਿ ਅਕਾਲ ਪੁਰਖ ਹਰੇਕ ਸਰੀਰ ਵਿੱਚ ਵਸ ਰਿਹਾ ਹੈ। ਪਰ ਇਹ ਸਮਝ ਕਿਸੇ ਵਿਰਲੇ ਨੂੰ ਹੀ ਪੈਂਦੀ ਹੈ। ਜੇਹੜੇ ਮਨੁੱਖ ਗੁਰੂ ਦੀ ਸਰਨ ਵਿੱਚ ਆ ਕੇ ਆਪਣੇ ਮਨ ਨੂੰ ਇਸ ਤਰ੍ਹਾਂ ਸਮਝਾ ਲੈਂਦੇ ਹਨ, ਉਹ ਗੁਰੂ ਦੇ ਉਪਦੇਸ਼ ਨੂੰ ਕਮਾ ਕੇ, ਤੇ ਗੁਰਬਾਣੀ ਅਨੁਸਾਰ ਆਪਣਾ ਜੀਵਨ ਵਿਚਰ ਕੇ, ਆਪਣਾ ਹਉਮੈ ਦਾ ਰੋਗ ਦੂਰ ਕਰ ਲੈਂਦੇ ਹਨ।

ਮਨਹਠ ਬੁਧੀ ਕੇਤੀਆ ਕੇਤੇ ਬੇਦ ਬੀਚਾਰ॥ ਕੇਤੇ ਬੰਧਨ ਜੀਅ ਕੇ ਗੁਰਮੁਖਿ ਮੋਖ ਦੁਆਰ॥ ਸਚਹੁ ਓਰੈ ਸਭੁ ਕੋ ਉਪਰਿ ਸਚੁ ਆਚਾਰੁ॥ ੫॥ (੬੨)

ਜੇਕਰ ਕਿਸੇ ਮਨੁੱਖ ਦੀ ਉਮਰ ਚਾਰ ਜੁਗਾਂ ਜਿਤਨੀ ਲੰਮੀ ਹੋ ਜਾਏ, ਨਿਰੀ ਇਤਨੀ ਹੀ ਨਹੀਂ, ਸਗੋਂ ਜੇ ਇਸ ਤੋਂ ਵੀ ਦਸ ਗੁਣਾ ਹੋਰ ਉਮਰ ਹੋ ਜਾਏ। ਜੇ ਉਹ ਸਾਰੇ ਸੰਸਾਰ ਵਿੱਚ ਪਰਗਟ ਵੀ ਹੋ ਜਾਏ ਅਤੇ ਹਰੇਕ ਮਨੁੱਖ ਉਸ ਦੇ ਪਿੱਛੇ ਵੀ ਲੱਗ ਤੁਰੇ। ਜੇ ਉਹ ਚੰਗਾ ਨਾਮਣਾ ਖੱਟ ਕੇ ਸਾਰੇ ਸੰਸਾਰ ਵਿੱਚ ਸ਼ੋਭਾ ਵੀ ਪ੍ਰਾਪਤ ਕਰ ਲਏ। ਪਰੰਤੂ ਜੇਕਰ ਅਕਾਲ ਪੁਰਖ ਦੀ ਮਿਹਰ ਦੀ ਨਜ਼ਰ ਵਿੱਚ ਨਹੀਂ ਆ ਸਕਦਾ, ਤਾਂ ਉਹ ਉਸ ਬੰਦੇ ਵਰਗਾ ਹੈ, ਜਿਸ ਦੀ ਕੋਈ ਖ਼ਬਰ ਵੀ ਨਹੀਂ ਪੁੱਛਦਾ। ਇਤਨਾ ਮਾਣ ਵਡਿਆਈ ਵਾਲਾ ਹੁੰਦਿਆਂ ਹੋਇਆਂ ਵੀ ਅਸਲ ਵਿੱਚ ਉਹ ਨਿਆਸਰਾ ਹੀ ਰਹਿ ਜਾਂਦਾ ਹੈ। ਅਜੇਹਾ ਮਨੁੱਖ ਅਕਾਲ ਪੁਰਖ ਦੇ ਸਾਹਮਣੇ ਇੱਕ ਮਮੂਲੀ ਜਿਹਾ ਕੀੜਾ ਹੈ। ਅਕਾਲ ਪੁਰਖ ਉਸ ਨੂੰ ਦੋਸ਼ੀ ਥਾਪ ਕੇ ਉਸ ਉੱਪਰ ਨਾਮੁ ਨੂੰ ਭੁੱਲਣ ਦਾ ਦੋਸ਼ ਲਾਉਂਦਾ ਹੈ। ਅਕਾਲ ਪੁਰਖ ਗੁਣਹੀਨ ਮਨੁੱਖ ਵਿੱਚ ਗੁਣ ਪੈਦਾ ਕਰ ਸਕਦਾ ਹੈ ਤੇ ਗੁਣੀ ਮਨੁੱਖਾਂ ਨੂੰ ਗੁਣ ਵੀ ਅਕਾਲ ਪੁਰਖ ਆਪ ਹੀ ਬਖ਼ਸ਼ਦਾ ਹੈ। ਇਹੋ ਜਿਹਾ ਕੋਈ ਹੋਰ ਨਹੀਂ ਦਿਸਦਾ, ਜੋ ਨਿਰਗੁਣ ਜੀਵ ਨੂੰ ਕੋਈ ਗੁਣ ਦੇ ਸਕਦਾ ਹੋਵੇ। ਅਕਾਲ ਪੁਰਖ ਦੀ ਮਿਹਰ ਦੀ ਨਜ਼ਰ ਹੀ ਉਸ ਨੂੰ ਉੱਚਾ ਕਰ ਸਕਦੀ ਹੈ। ਪ੍ਰਾਣਾਯਾਮ ਦੀ ਸਹਾਇਤਾ ਨਾਲ ਲੰਮੀ ਉਮਰ ਕਰਕੇ ਆਮ ਲੋਕਾਂ ਨੂੰ ਤਾਂ ਪ੍ਰਭਾਵਤ ਤਾਂ ਕੀਤਾ ਜਾ ਸਕਦਾ ਹੈ, ਪਰੰਤੂ ਅਕਾਲ ਪੁਰਖ ਦੇ ਹੁਕਮੁ ਅਨੁਸਾਰ ਪਰਵਾਣ ਹੋਣ ਤੋਂ ਬਿਨਾਂ, ਅਕਾਲ ਪੁਰਖ ਦੀ ਮਿਹਰ ਦਾ ਪਾਤਰ ਨਹੀਂ ਬਣਿਆ ਜਾ ਸਕਦਾ। ਅਕਾਲ ਪੁਰਖ ਦੀਆਂ ਨਜ਼ਰਾਂ ਵਿੱਚ ਤਾਂ ਸਗੋਂ ਅਜੇਹਾ ਨਾਮ-ਹੀਣ ਜੀਵ ਇੱਕ ਨਿੱਕਾ ਜਿਹਾ ਕੀੜਾ ਹੀ ਹੈ। ਸੱਚਾਈ ਤਾਂ ਇਹ ਹੈ ਕਿ ਜਿਨ੍ਹਾਂ ਨੇ ਅਕਾਲ ਪੁਰਖ ਦੀ ਯਾਦ ਵਿੱਚ ਆਪਣਾ ਚਿੱਤ ਜੋੜ ਲਿਆ, ਉਨ੍ਹਾਂ ਦਾ ਮਨ ਸਦਾ ਖਿੜਿਆ ਰਹਿੰਦਾ ਹੈ।

ਜੇ ਜੁਗ ਚਾਰੇ ਆਰਜਾ ਹੋਰ ਦਸੂਣੀ ਹੋਇ॥ ਨਵਾ ਖੰਡਾ ਵਿਚਿ ਜਾਣੀਐ ਨਾਲਿ ਚਲੈ ਸਭੁ ਕੋਇ॥ ਚੰਗਾ ਨਾਉ ਰਖਾਇ ਕੈ ਜਸੁ ਕੀਰਤਿ ਜਗਿ ਲੇਇ॥ ਜੇ ਤਿਸੁ ਨਦਰਿ ਨ ਆਵਈ ਤ ਵਾਤ ਨ ਪੁਛੈ ਕੇ॥ ਕੀਟਾ ਅੰਦਰਿ ਕੀਟੁ ਕਰਿ ਦੋਸੀ ਦੋਸੁ ਧਰੇ॥ ਨਾਨਕ ਨਿਰਗੁਣਿ ਗੁਣੁ ਕਰੇ ਗੁਣਵੰਤਿਆ ਗੁਣੁ ਦੇ॥ ਤੇਹਾ ਕੋਇ ਨ ਸੁਝਈ ਜਿ ਤਿਸੁ ਗੁਣੁ ਕੋਇ ਕਰੇ॥ ੭॥ (੨)

ਜਪੁਜੀ ਸਾਹਿਬ ਦੇ ਆਰੰਭ ਵਿੱਚ ਹੀ ਸਪੱਸ਼ਟ ਕਰ ਦਿੱਤਾ ਗਿਆ ਹੈ ਕਿ ਅਕਾਲ ਪੁਰਖ ਕੋਈ ਪਦਾਰਥ ਜਾਂ ਜੀਵ ਨਹੀਂ ਹੈ, ਜਿਸ ਨੂੰ ਅਸੀਂ ਆਮ ਅੱਖਾਂ ਨਾਲ ਵੇਖ ਸਕਦੇ ਹਾਂ। ਅਕਾਲ ਪੁਰਖ ਨੂੰ ਆਪਣੇ ਹਿਰਦੇ ਵਿੱਚ ਵੇਖਣ ਲਈ ਆਪਣੇ ਅੰਦਰ ਉਸ ਵਰਗੇ ਗੁਣ ਪੈਦਾ ਕਰਨੇ ਹਨ, ਉਸ ਵਰਗੇ ਉਚੇ ਬਣਨ ਦਾ ਲਗਾਤਾਰ ਉਪਰਾਲਾ ਕਰਨਾ ਹੈ।

ਅਕਾਲ ਪੁਰਖ ਦੇ ਗੁਣਾਂ ਦਾ ਕੋਈ ਹੱਦ ਬੰਨਾ ਨਹੀਂ, ਗਿਣਨ ਨਾਲ ਵੀ ਗੁਣਾਂ ਦਾ ਅੰਤ ਨਹੀਂ ਪਾਇਆ ਜਾ ਸਕਦਾ ਕਿਉਂਕਿ ਉਸ ਦੇ ਗੁਣ ਅਣਗਿਣਤ ਹਨ। ਅਕਾਲ ਪੁਰਖ ਦੀ ਬੇਅੰਤ ਰਚਨਾ ਤੇ ਅਣਗਿਣਤ ਦਾਤਾਂ ਦਾ ਅੰਤ ਨਹੀਂ ਪਾਇਆ ਜਾ ਸਕਦਾ। ਵੇਖਣ ਤੇ ਸੁਣਨ ਨਾਲ ਵੀ ਉਸ ਦੇ ਗੁਣਾਂ ਦਾ ਅੰਤ ਨਹੀਂ ਪਾਇਆ ਜਾ ਸਕਦਾ। ਉਸ ਅਕਾਲ ਪੁਰਖ ਦੇ ਮਨ ਵਿੱਚ ਕਿਹੜੀ ਸਾਲਾਹ ਜਾਂ ਵਿਚਾਰ ਚਲ ਰਹੀ ਹੈ, ਇਸ ਗੱਲ ਦਾ ਵੀ ਅੰਤ ਨਹੀਂ ਪਾਇਆ ਜਾ ਸਕਦਾ। ਇਹ ਜਗਤ ਜੋ ਸਾਨੂੰ ਦਿੱਸ ਰਿਹਾ ਹੈ, ਉਹ ਸੱਭ ਅਕਾਲ ਪੁਰਖ ਨੇ ਬਣਾਇਆ ਹੈ, ਪਰ ਇਸ ਦਾ ਅਖ਼ੀਰ, ਇਸ ਦਾ ਉਰਲਾ ਤੇ ਪਰਲਾ ਬੰਨਾ ਕੋਈ ਨਹੀਂ ਦਿਸਦਾ। ਕਈ ਮਨੁੱਖ ਅਕਾਲ ਪੁਰਖ ਦਾ ਹੱਦ ਬੰਨਾ ਲੱਭਣ ਲਈ ਵਿਲਕਦੇ ਰਹੇ ਸਨ, ਪਰ ਉਸ ਦੇ ਹੱਦ ਬੰਨੇ ਨੂੰ ਲੱਭ ਨਹੀਂ ਸਕੇ। ਅੱਜਕਲ ਸਾਇੰਸ ਵੀ ਬਹੁਤ ਕੋਸ਼ਿਸ਼ ਕਰ ਰਹੀ ਹੈ ਕਿ ਸ੍ਰਿਸ਼ਟੀ ਦੇ ਆਰੰਭ ਬਾਰੇ ਪਤਾ ਲੱਗ ਸਕੇ, ਪਰ ਉਹ ਸਾਰੀ ਖੋਜ਼ ਕੁੱਝ ਹੱਦ ਤਕ ਹੀ ਸੀਮਿਤ ਹੈ। ਸ੍ਰਿਸ਼ਟੀ ਦਾ ਹੱਦ ਬੰਨਾ ਲੱਭਣਾਂ ਵੀ ਆਸਾਨ ਨਹੀਂ, ਕਿਉਂਕਿ ਉਸ ਨੂੰ ਮਿਣਨ ਲਈ ਅਜੇ ਤੱਕ ਸਿਰਫ ਰੌਸ਼ਨੀ ਦੀ ਰਫਤਾਰ ਹੀ ਹੈ ਤੇ ਇਹ ਸ੍ਰਿਸ਼ਟੀ ਵੀ ਲਗਾਤਾਰ ਫੈਲ ਰਹੀ ਹੈ। ਅਕਾਲ ਪੁਰਖ ਦੇ ਗੁਣਾਂ ਦਾ ਇਹ ਹੱਦ-ਬੰਨਾ ਜਿਸ ਦੀ ਬੇਅੰਤ ਜੀਵ ਭਾਲ ਕਰ ਰਹੇ ਹਨ, ਕੋਈ ਮਨੁੱਖ ਨਹੀਂ ਪਾ ਸਕਿਆ। ਅੱਜਕਲ ਹੁਣ ਸਇੰਸ ਦੀਆਂ ਖੌਜਾਂ ਨਾਲ ਵੀ ਸਮਝ ਆ ਰਹੀ ਹੈ, ਕਿ ਕੁਦਰਤ ਦਾ ਅੰਤ ਨਹੀਂ ਪਾਇਆ ਜਾ ਸਕਦਾ। ਜਿਉਂ ਜਿਉਂ ਇਹ ਗੱਲ ਆਖੀ ਜਾਈਏ ਕਿ ਉਹ ਵੱਡਾ ਹੈ, ਤਿਉਂ ਤਿਉਂ ਉਹ ਹੋਰ ਵੱਡਾ, ਹੋਰ ਵੱਡਾ ਪਰਤੀਤ ਹੋਣ ਲੱਗਦਾ ਹੈ। ਅਕਾਲ ਪੁਰਖ ਆਪ ਵੱਡਾ ਹੈ, ਤੇ ਉਸ ਦਾ ਟਿਕਾਣਾ ਵੀ ਉੱਚਾ ਹੈ। ਉਸ ਦਾ ਨਾਮੁ ਵੀ ਬਹੁਤ ਉੱਚਾ ਹੈ। ਜਿਸ ਤਰ੍ਹਾਂ ਕਿਸੇ ਚੀਜ ਨੂੰ ਮਾਪਣ ਲਈ ਉਸ ਤੋਂ ਵੱਡੀ ਸਕੇਲ ਲੈਣੀ ਪੈਦੀ ਹੈ, ਠੀਕ ਉਸੇ ਤਰ੍ਹਾਂ ਉਸ ਉੱਚੇ ਅਕਾਲ ਪੁਰਖ ਨੂੰ ਉਹੀ ਸਮਝ ਸਕਦਾ ਹੈ, ਜਿਹੜਾ ਉਸ ਜਿਨ੍ਹਾਂ ਵੱਡਾ ਹੋਵੇ। ਇਸ ਲਈ ਇਹ ਪਤਾ ਨਹੀਂ ਲਗ ਸਕਦਾ ਹੈ ਕਿ ਉਹ ਕਿਡਾ ਵੱਡਾ ਹੈ। ਅਕਾਲ ਪੁਰਖ ਆਪ ਹੀ ਜਾਣਦਾ ਹੈ, ਕਿ ਉਹ ਆਪ ਕਿਡਾ ਵੱਡਾ ਹੈ। ਜੀਵਨ ਵਿੱਚ ਮਿਲਣ ਵਾਲੀ ਹਰੇਕ ਦਾਤ, ਅਕਾਲ ਪੁਰਖ ਦੀ ਮਿਹਰ ਦੀ ਨਜ਼ਰ ਤੇ ਉਸ ਦੀ ਬਖ਼ਸ਼ਸ਼ ਨਾਲ ਹੀ ਮਿਲਦੀ ਹੈ, ਇਸ ਲਈ ਉਸ ਅਕਾਲ ਪੁਰਖ ਦਾ ਹਮੇਸ਼ਾਂ ਧੰਨਵਾਦ ਕਰਦੇ ਰਹਿੰਣਾਂ ਚਾਹੀਦਾ ਹੈ।

ਵਡਾ ਸਾਹਿਬੁ ਊਚਾ ਥਾਉ॥ ਊਚੇ ਉਪਰਿ ਊਚਾ ਨਾਉ॥ ਏਵਡੁ ਊਚਾ ਹੋਵੈ ਕੋਇ॥ ਤਿਸੁ ਊਚੇ ਕਉ ਜਾਣੈ ਸੋਇ॥ ਜੇਵਡੁ ਆਪਿ ਜਾਣੈ ਆਪਿ ਆਪਿ॥ ਨਾਨਕ ਨਦਰੀ ਕਰਮੀ ਦਾਤਿ॥ ੨੪॥ (੫)

ਜੇਹੜਾ ਮਨੁੱਖ ਅਕਾਲ ਪੁਰਖ ਨੂੰ ਆਪਣੇ ਅੰਦਰ ਵੱਸਦਾ ਨਹੀਂ ਵੇਖਦਾ, ਤੇ ਅਕਾਲ ਪੁਰਖ ਨੂੰ ਆਪਣੇ ਹਿਰਦੇ ਵਿੱਚ ਨਹੀਂ ਵਸਾਂਦਾ, ਉਸ ਦੀ ਮਾਇਆ ਦੀ ਤ੍ਰਿਸ਼ਨਾ ਮੁੱਕਦੀ ਨਹੀਂ, ਉਸ ਦਾ ਮਨ ਵਿਕਾਰਾਂ ਵਲੋਂ ਨਹੀਂ ਹਟਦਾ, ਤੇ ਉਸ ਦਾ ਮਨ ਹਉਮੈ ਕਰਕੇ ਭਟਕਦਾ ਰਹਿੰਦਾ ਹੈ। ਜਿਹੜਾ ਮਨੁੱਖ ਅਕਾਲ ਪੁਰਖ ਦੇ ਸੱਚੇ ਨਾਮੁ ਦਾ ਵਾਪਾਰ ਕਰਦਾ ਹੈ, ਉਸ ਦਾ ਜੀਵਨ ਰੂਪੀ ਬੇੜਾ ਸੰਸਾਰ ਸਮੁੰਦਰ ਦੇ ਵਿਕਾਰਾਂ ਦੀਆਂ ਲਹਿਰਾਂ ਦੇ ਪਾਣੀ ਉੱਪਰ ਤਰਦਾ ਰਹਿੰਦਾ ਹੈ ਤੇ ਉਸ ਦਾ ਮਨ ਅਕਾਲ ਪੁਰਖ ਚਰਨਾਂ ਵਿੱਚ ਟਿਕਿਆ ਰਹਿੰਦਾ ਹੈ। ਜਿਸ ਮਨ ਵਿੱਚ ਕੀਮਤੀ ਮੋਤੀ ਵਰਗਾ ਨਾਮੁ ਵੱਸਦਾ ਹੈ, ਉਸ ਮਨ ਨੂੰ ਨਾਮੁ ਵਿਕਾਰਾਂ ਤੋਂ ਬਚਾ ਲੈਂਦਾ ਹੈ। ਅਕਾਲ ਪੁਰਖ ਦੇ ਸੱਚੇ ਨਾਮੁ ਨਾਲ ਜੁੜੇ ਰਹਿਣ ਕਰਕੇ, ਉਸ ਮਨ ਵਿੱਚ ਕੋਈ ਤਰੇੜ ਨਹੀਂ ਪੈਂਦੀ, ਤੇ ਮਾਇਆ ਕਰਕੇ ਮਨ ਕਦੇ ਡੋਲਦਾ ਨਹੀਂ। ਅਕਾਲ ਪੁਰਖ ਦੇ ਪ੍ਰੇਮ ਵਿੱਚ ਰੰਗਿਆ ਹੋਇਆ ਮਨੁੱਖ ਅਕਾਲ ਪੁਰਖ ਦੇ ਗੁਣ ਗਾਇਨ ਕਰਦਾ ਹੋਇਆ ਆਪਣੇ ਅੰਦਰਲੇ ਆਤਮਿਕ ਤਲ ਤੇ ਟਿਕਿਆ ਰਹਿੰਦਾ ਹੈ। ਇਸ ਲਈ ਗੁਰੂ ਸਾਹਿਬ ਸਮਝਾਂਉਂਦੇ ਹਨ, ਕਿ ਸਦਾ ਕਾਇਮ ਰਹਿਣ ਵਾਲੇ ਅਕਾਲ ਪੁਰਖ ਨੂੰ ਆਪਣੇ ਆਪ ਤੋਂ ਦੂਰ ਵੱਸਦਾ ਨਾ ਸਮਝ, ਕਿਉਂਕਿ ਉਹ ਸੱਚਾ ਮਾਲਕ ਤੇਰੇ ਆਪਣੇ ਅੰਦਰ ਵੱਸ ਰਿਹਾ ਹੈ। ਸਾਰੇ ਜਗਤ ਨੂੰ ਆਸਰਾ ਦੇਣ ਵਾਲੇ ਅਕਾਲ ਪੁਰਖ ਦੀ ਜੋਤਿ ਸਭ ਜੀਵਾਂ ਦੇ ਅੰਦਰ ਮੌਜੂਦ ਹੈ ਤੇ ਅਕਾਲ ਪੁਰਖ ਦਾ ਹੁਕਮੁ ਹਰੇਕ ਜੀਵ ਉਤੇ ਸਦਾ ਅਟੱਲ ਹੈ। ਉਹੀ ਮਨੁੱਖ ਅਕਾਲ ਪੁਰਖ ਦੇ ਦਰ ਤੇ ਸ਼ੋਭਾ ਪਾਂਦਾ ਹੈ, ਜਿਹੜਾ ਅਕਾਲ ਪੁਰਖ ਦੇ ਹੁਕਮ ਨੂੰ ਮੰਨਦਾ ਹੈ, ਤੇ ਅਕਾਲ ਪੁਰਖ ਦੀ ਰਜ਼ਾ ਅਨੁਸਾਰ ਚਲਦਾ ਹੈ। ਆਪਣੀ ਮਨ ਮਰਜ਼ੀ ਕਰਨ ਵਾਲੇ ਹੰਕਾਰੀ ਮਨੁੱਖ ਆਤਮਕ ਮੌਤੇ ਮਰਦੇ ਰਹਿੰਦੇ ਹਨ। ਗੁਰਬਾਣੀ ਦੁਆਰਾ ਆਪਣੇ ਮਨ ਨੂੰ ਅਕਾਲ ਪੁਰਖ ਦੇ ਨਾਮੁ ਨਾਲ ਧੋਣਾ ਤੇ ਲਿਸ਼ਕਾਣਾ ਚਾਹੀਦਾ ਹੈ, ਤਾਂ ਜੋ ਇਹ ਵਿਕਾਰਾਂ ਨਾਲ ਮੈਲਾ ਨਾ ਹੋਵੇ। ਸਦਾ ਕਾਇਮ ਰਹਿਣ ਵਾਲੇ ਅਕਾਲ ਪੁਰਖ ਨੂੰ ਸਦਾ ਵਡਿਆਉਂਦੇ ਰਹਿੰਣਾ ਚਾਹੀਦਾ ਹੈ, ਤਾਂ ਜੋ ਸੱਚੇ ਨਾਮ ਦੀ ਬਰਕਤਿ ਨਾਲ ਸੰਤੋਖੀ ਜੀਵਨ ਬਤੀਤ ਕਰ ਸਕੀਏ। ਆਪਣੇ ਆਪ ਨੂੰ ਗਵਾਇਆਂ ਹੀ ਹਊਮੈ ਦੂਰ ਹੁੰਦਾ ਹੈ ਤੇ ਵਿਕਾਰਾਂ ਤੋਂ ਖ਼ਲਾਸੀ ਮਿਲਦੀ ਹੈ, ਤੇ ਮਨ ਅਕਾਲ ਪੁਰਖ ਦਾ ਨਾਮੁ ਵਿੱਚ ਟਿਕਿਆ ਰਹਿੰਦਾ ਹੈ।

ਬਾਬਾ ਸਾਚਾ ਸਾਹਿਬੁ ਦੂਰਿ ਨ ਦੇਖੁ॥ ਸਰਬ ਜੋਤਿ ਜਗਜੀਵਨਾ ਸਿਰਿ ਸਿਰਿ ਸਾਚਾ ਲੇਖੁ॥ ੧॥ ਰਹਾਉ॥ (੯੯੨)

ਨਿਰਾ ਮੂੰਹ ਨਾਲ ਬੋਲੀ ਜਾਣਾ ਵਿਅਰਥ ਹੈ ਤੇ ਉਸ ਦਾ ਕੋਈ ਲਾਭ ਨਹੀਂ ਹੁੰਦਾ ਹੈ। ਗੁਰਬਾਣੀ ਦੁਆਰਾ ਅਕਾਲ ਪੁਰਖ ਦੇ ਸੱਚੇ ਨਾਮੁ ਨੂੰ ਆਪਣੇ ਹਿਰਦੇ ਵਿੱਚ ਜਾਚਣਾ, ਪਰਖਣਾ, ਤੋਲਣਾ ਤੇ ਵਸਾਣਾਂ ਵੀ ਹੈ। ਗੁਰਬਾਣੀ ਦੀ ਵੀਚਾਰ ਨਾਲ ਆਪਣੇ ਮਨ ਅੰਦਰ ਝਾਤੀ ਮਾਰ ਕੇ ਵੇਖਣਾ ਹੈ, ਕਿ ਉਹ ਅਕਾਲ ਪੁਰਖ ਕਿਤੇ ਸਾਡੇ ਤੋਂ ਦੂਰ ਤੇ ਨਹੀਂ। ਆਪਣੇ ਕਰਮਾਂ ਨੂੰ ਗੁਰਬਾਣੀ ਦੀ ਕਸਵੱਟੀ ਤੇ ਪਰਖਣਾ ਹੈ, ਤੇ ਵੇਖਣਾ ਹੈ ਕਿ ਸਦਾ ਕਾਇਮ ਰਹਿੰਣ ਵਾਲਾ ਅਕਾਲ ਪੁਰਖ ਸਾਡੇ ਅੰਦਰ ਵੱਸਦਾ ਹੈ ਕਿ ਨਹੀਂ?

ਮਃ ੫॥ ਸਜਣ ਸਚੁ ਪਰਖਿ ਮੁਖਿ ਅਲਾਵਣੁ ਥੋਥਰਾ॥ ਮੰਨ ਮਝਾਹੂ ਲਖਿ ਤੁਧਹੁ ਦੂਰਿ ਨ ਸੁ ਪਿਰੀ॥ ੩॥ (੧੧੦੦)

ਅਕਾਲ ਪੁਰਖ ਦੇ ਅੰਦਰ ਸਿਆਣਪ, ਬੁਧੀ, ਤਾਕਤ, ਸੱਭ ਤੋਂ ਉਤਮ ਹੈ, ਜੋ ਕਿ ਆਮ ਜੀਵਾਂ ਵਿੱਚ ਨਹੀਂ ਹੈ। ਜਿਤਨੇ ਵੀ ਜੀਵ ਜੰਤੂ ਹਨ, ਇਨ੍ਹਾਂ ਸਭਨਾਂ ਦੇ ਅੰਦਰ ਇੱਕ ਅਕਾਲ ਪੁਰਖ ਦੀ ਬਖ਼ਸ਼ੀ ਹੋਈ ਸੋਝੀ ਕੰਮ ਕਰ ਰਹੀ ਹੈ, ਅਕਾਲ ਪੁਰਖ ਨੇ ਕੋਈ ਵੀ ਐਸਾ ਜੀਵ ਪੈਦਾ ਨਹੀਂ ਕੀਤਾ, ਜਿਸ ਨੂੰ ਸੋਝੀ ਨਾ ਬਖਸ਼ੀ ਹੋਵੇ। ਜਿਸ ਤਰ੍ਹਾਂ ਦੀ ਸੋਝੀ ਅਕਾਲ ਪੁਰਖ ਜੀਵਾਂ ਨੂੰ ਦੇਂਦਾ ਹੈ, ਉਹੋ ਜਿਹੇ ਜੀਵਨ ਦਾ ਉਹ ਰਸਤਾ ਅਪਨਾ ਲੈਂਦੇ ਹਨ। ਉਸੇ ਮਿਲੀ ਸੋਝੀ ਅਨੁਸਾਰ ਜੀਵ ਜਗਤ ਵਿੱਚ ਆਉਂਦੇ ਹਨ ਤੇ ਇੱਥੋਂ ਚਲੇ ਜਾਂਦੇ ਹਨ। ਇਹ ਸਾਰੀ ਸ੍ਰਿਸ਼ਟੀ ਦੀ ਮਰਯਾਦਾ ਚਲਾਉਂਣ ਵਾਲਾ ਅਕਾਲ ਪੁਰਖ ਆਪ ਹੀ ਹੈ। ਪਤਾ ਨਹੀਂ ਮਨੁੱਖ ਆਪਣੀ ਚੰਗੀ ਸੋਝੀ ਜਾਂ ਅਕਲ ਵਿਖਾਣ ਲਈ ਕਿਉਂ ਚਲਾਕੀਆਂ ਕਰਦਾ ਰਹਿੰਦਾ ਹੈਂ? ਜਦੋਂ ਕਿ ਅਕਾਲ ਪੁਰਖ ਆਪ ਹੀ ਜੀਵਾਂ ਨੂੰ ਸੋਝੀ ਦੇਂਦਾ ਹੈ ਤੇ ਆਪ ਹੀ ਵਾਪਿਸ ਵੀ ਲੈ ਲੈਂਦਾ ਹੈ, ਅਤੇ ਇਸ ਦੇਣ ਜਾਂ ਵਾਪਿਸ ਲੈਣ ਵਾਸਤੇ ਰਤਾ ਭਰ ਵੀ ਢਿਲ ਨਹੀਂ ਕਰਦਾ। ਗੁਰੂ ਦੇ ਦੱਸੇ ਰਾਹ ਉੱਤੇ ਤੁਰ ਕੇ ਮਨੁੱਖ ਦੇ ਅੰਦਰ ਉੱਚਾ ਆਚਰਨ ਬਣ ਜਾਂਦਾ ਹੈ। ਅਸਲੀ ਗਿਆਨਵਾਨ ਮਨੁੱਖ ਉਹੀ ਹੈ, ਜੋ ਆਪਣੇ ਅੰਦਰ ਦੀ ਅਸਲੀਅਤ ਨੂੰ ਪਛਾਣਦਾ ਹੈ।

ਸਿਰੀਰਾਗੁ ਮਹਲਾ ੧ ਘਰੁ ੪॥ ਏਕਾ ਸੁਰਤਿ ਜੇਤੇ ਹੈ ਜੀਅ॥ ਸੁਰਤਿ ਵਿਹੂਣਾ ਕੋਇ ਨ ਕੀਅ॥ ਜੇਹੀ ਸੁਰਤਿ ਤੇਹਾ ਤਿਨ ਰਾਹੁ॥ ਲੇਖਾ ਇਕੋ ਆਵਹੁ ਜਾਹੁ॥ ੧॥ ਕਾਹੇ ਜੀਅ ਕਰਹਿ ਚਤੁਰਾਈ॥ ਲੇਵੈ ਦੇਵੈ ਢਿਲ ਨ ਪਾਈ॥ ੧॥ ਰਹਾਉ॥ (੨੪, ੨੫)

ਅਕਾਲ ਪੁਰਖ ਨੂੰ ਪਾਣ ਲਈ ਆਪਣੇ ਅੰਦਰ ਦੀ ਖੋਜ਼ (ਆਤਮੁ ਚੀਨਿ) ਕਰਨੀ ਪੈਣੀ ਹੈ। ਗੁਰੂ ਦਾ ਦਰਸਨ ਕਰ ਕੇ ਅਤੇ ਅਕਾਲ ਪੁਰਖ ਦੇ ਦਾਸ ਬਣਨ ਸਦਕਾ ਮਨੁੱਖ ਨੂੰ ਪੂਰਨ ਸੋਝੀ ਆ ਜਾਂਦੀ ਹੈ। ਸਬਦ ਗੁਰੂ ਦੇ ਚਰਨਾਂ ਦੀ ਧੂੜ ਹੀ ਅਠਾਹਠ ਤੀਰਥਾਂ ਦਾ ਇਸ਼ਨਾਨ ਹੈ। ਜਿਸ ਮਨੁੱਖ ਨੂੰ ਅਕਾਲ ਪੁਰਖ ਦਾ ਇਹੋ ਜਿਹਾ ਦਾਸ ਮਿਲ ਜਾਂਦਾ ਹੈ, ਉਸ ਦੇ ਅੰਦਰ ਵੀ ਆਤਮਕ ਆਨੰਦ ਪੈਦਾ ਹੋਣਾ ਸ਼ੁਰੂ ਹੋ ਜਾਂਦਾ ਹੈ। ਅਜੇਹਾ ਮਨੁੱਖ ਸਦਾ ਥਿਰ ਰਹਿੰਣ ਵਾਲੇ ਅਕਾਲ ਪੁਰਖ ਦੇ ਨਾਮੁ ਦੀ ਪ੍ਰਾਪਤੀ ਕਰਨ ਲਈ ਉਪਰਾਲੇ ਕਰਦਾ ਰਹਿੰਦਾ ਹੈ, ਜਿਸ ਸਦਕਾ ਦੁੱਖ ਉਸ ਦੇ ਨੇੜੇ ਨਹੀਂ ਲਗਦੇ। ਉਸ ਦੀਆਂ ਅੱਖਾਂ ਪਰਾਇਆ ਰੂਪ ਤੱਕਣਾਂ ਬੰਦ ਕਰ ਦਿੰਦੀਆਂ ਹਨ, ਉਸ ਦੀ ਸੁਰਤਿ ਇੱਕ ਅਕਾਲ ਪੁਰਖ ਨਾਲ ਜੁੜੀ ਰਹਿੰਦੀ ਹੈ। ਅਕਾਲ ਪੁਰਖ ਦੇ ਨਾਮੁ ਦਾ ਸ੍ਰੇਸ਼ਟ ਰਸ ਚੱਖ ਕੇ ਉਸ ਦੀ ਜੀਭ ਵੀ ਪਵਿੱਤਰ ਹੋ ਜਾਂਦੀ ਹੈ। ਅਕਾਲ ਪੁਰਖ ਨੇ ਮਨੁੱਖਾਂ ਨੂੰ ਇੱਕ ਗੁਰਮੁਖ ਬਣਾਣ ਲਈ ਇਹ ਸ੍ਰਿਸ਼ਟੀ ਰਚੀ ਹੈ। ਗੁਰੂ ਸਾਹਿਬ ਸਮਝਾਂਉਂਦੇ ਹਨ, ਕਿ ਜੇਹੜਾ ਮਨੁੱਖ ਗੁਰੂ ਦੀ ਸਰਨ ਪੈ ਕੇ ਆਪਣੇ ਆਪ ਨੂੰ ਪਛਾਣਦਾ ਹੈ, ਉਹ ਕੁਦਰਤ ਦੀ ਇਸ ਅਸਲੀਅਤ ਨੂੰ ਸਮਝ ਲੈਂਦਾ ਹੈ। ਅਜੇਹਾ ਮਨੁੱਖ ਸਬਦ ਗੁਰੂ ਦਾ ਦੀਦਾਰ ਕਰ ਕੇ ਸਦਾ ਥਿਰ ਰਹਿਣ ਵਾਲੇ ਅਕਾਲ ਪੁਰਖ ਦਾ ਨਿਵਾਸ ਤੇ ਉਸ ਲਈ ਪਿਆਰ ਆਪਣੇ ਹਿਰਦੇ ਵਿੱਚ ਸਦਾ ਟਿਕਾਈ ਰੱਖਦਾ ਹੈ। ਗੁਰੂ ਸਾਹਿਬ ਨਿਮਰਤਾ ਸਾਹਿਤ ਸਮਝਾਂਉਂਦੇ ਹਨ ਕਿ ਮੈਂ ਆਪਣੇ ਹਿਰਦੇ ਵਿੱਚ ਪ੍ਰੇਮ ਰੱਖਣ ਵਾਲੇ ਅਜੇਹੇ ਗੁਰਮੁਖ ਨੂੰ ਨਮਸਕਾਰ ਕਰਦਾ ਹਾਂ ਤੇ ਉਸ ਦਾ ਦਾਸ ਹਾਂ।

ਸੰਤ ਹੇਤਿ ਪ੍ਰਭਿ ਤ੍ਰਿਭਵਣ ਧਾਰੇ॥ ਆਤਮੁ ਚੀਨੈ ਸੁ ਤਤੁ ਬੀਚਾਰੇ॥ ੮॥ ਸਾਚੁ ਰਿਦੈ ਸਚੁ ਪ੍ਰੇਮ ਨਿਵਾਸ॥ ਪ੍ਰਣਵਤਿ ਨਾਨਕ ਹਮ ਤਾ ਕੇ ਦਾਸ॥ ੯॥ ੮॥ (੨੨੪)

ਮਨੁੱਖ ਦਾ ਸਰੀਰ ਉਸ ਦੇ ਮਨ ਦੇ ਕਹਿੰਣ ਅਨੁਸਾਰ ਚਲਦਾ ਹੈ, ਜੋ ਕੁੱਝ ਵੀ ਉਸ ਦਾ ਮਨ ਚਾਹੁੰਦਾ ਹੈ, ਮਨੁੱਖ ਦਾ ਸਰੀਰ ਉਸੇ ਰਸਤੇ ਤੇ ਚਲਦਾ ਹੈ। ਇਸੇ ਲਈ ਗੁਰੂ ਸਾਹਿਬ ਮਨ ਨੂੰ ਖਾਸ ਤੌਰ ਤੇ ਸਮਝਾਂਉਂਦੇ ਹਨ ਕਿ ਹੇ ਮੇਰੇ ਮਨ ! ਤੂੰ ਉਸ ਅਕਾਲ ਪੁਰਖ ਦਾ ਅੰਸ਼ ਹੈਂ, ਜੋ ਨਿਰਾ ਨੂਰ ਹੀ ਨੂਰ ਹੈ, ਇਸ ਲਈ ਆਪਣੇ ਉਸ ਅਸਲੇ ਨੂੰ ਸਮਝ ਤੇ ਉਸ ਨਾਲ ਆਪਣੀ ਸਾਂਝ ਕਾਇਮ ਕਰ। ਉਹ ਅਕਾਲ ਪੁਰਖ ਸਦਾ ਤੇਰੇ ਨਾਲ ਰਹਿੰਦਾ ਹੈ, ਇਸ ਲਈ ਗੁਰੂ ਦੀ ਮਤਿ ਲੈ ਕੇ ਉਸ ਦਾ ਮਿਲਾਪ ਕਰ ਤੇ ਆਪਣੇ ਜੀਵਨ ਦਾ ਆਨੰਦ ਮਾਣ। ਜੇਕਰ ਤੂੰ ਆਪਣੇ ਅਸਲੀ ਮੁੱਢ ਨੂੰ ਸਮਝ ਲਏਂਗਾ ਤਾਂ ਉਸ ਅਕਾਲ ਪੁਰਖ ਨਾਲ ਤੇਰੀ ਡੂੰਘੀ ਜਾਣ ਪਛਾਣ ਹੋ ਜਾਏਗੀ। ਫਿਰ ਤਾਂ ਹੀ ਤੈਨੂੰ ਸਮਝ ਆਇਗੀ, ਕਿ ਆਤਮਕ ਮੌਤ ਕੀ ਹੈ, ਤੇ ਆਤਮਕ ਜ਼ਿੰਦਗੀ ਕਿਸ ਤਰ੍ਹਾਂ ਦੀ ਹੁੰਦੀ ਹੈ। ਜੇਕਰ ਗੁਰੂ ਦੀ ਕਿਰਪਾ ਨਾਲ ਇੱਕ ਅਕਾਲ ਪੁਰਖ ਨਾਲ ਡੂੰਘੀ ਸਾਂਝ ਪਾ ਲਏਂਗਾ, ਤਾਂ ਤੇਰੇ ਅੰਦਰ ਅਕਾਲ ਪੁਰਖ ਦਾ ਵਾਸਾ ਹੋ ਜਾਏਗਾ, ਫਿਰ ਤੇਰੇ ਉੱਪਰ ਮਾਇਆ ਦੇ ਮੋਹ ਦਾ ਪ੍ਰਭਾਵ ਨਹੀਂ ਪਵੇਗਾ। ਜਦੋਂ ਮਨੁੱਖ ਦੇ ਮਨ ਅੰਦਰ ਸ਼ਾਂਤੀ ਪੈਦਾ ਹੋ ਜਾਂਦੀ ਹੈ, ਤਾਂ ਉਸ ਅੰਦਰ ਚੜ੍ਹਦੀ ਕਲਾ ਵਾਲੀ ਅਵਸਥਾ ਬਣ ਜਾਂਦੀ ਹੈ, ਤੇ ਅਜੇਹਾ ਮਨੁੱਖ ਅਕਾਲ ਪੁਰਖ ਦੀ ਹਜ਼ੂਰੀ ਵਿੱਚ ਕਬੂਲ ਹੋ ਜਾਂਦਾ ਹੈ। ਇਸੇ ਲਈ ਗੁਰੂ ਸਾਹਿਬ ਗੁਰਬਾਣੀ ਦੁਆਰਾ ਮਨ ਨੂੰ ਵਾਰ ਵਾਰ ਸਮਝਾਂਉਂਦੇ ਹਨ ਕਿ ਹੇ ਮੇਰੇ ਮਨ! ਤੂੰ ਉਸ ਅਕਾਲ ਪੁਰਖ ਦਾ ਅੰਸ ਹੈਂ ਜੋ ਨਿਰਾ ਚਾਨਣ ਹੀ ਚਾਨਣ ਹੈ, ਇਸ ਲਈ ਤੂੰ ਉਸ ਅਕਾਲ ਪੁਰਖ ਨਾਲ ਆਪਣੀ ਸਾਂਝ ਬਣਾ ਜੋ ਕਿ ਸਦਾ ਤੇਰੇ ਨਾਲ ਹੈ।

ਮਨ ਤੂੰ ਜੋਤਿ ਸਰੂਪੁ ਹੈ ਆਪਣਾ ਮੂਲੁ ਪਛਾਣੁ॥ ਮਨ ਹਰਿ ਜੀ ਤੇਰੈ ਨਾਲਿ ਹੈ ਗੁਰਮਤੀ ਰੰਗੁ ਮਾਣੁ॥ ਮੂਲੁ ਪਛਾਣਹਿ ਤਾਂ ਸਹੁ ਜਾਣਹਿ ਮਰਣ ਜੀਵਣ ਕੀ ਸੋਝੀ ਹੋਈ॥ ਗੁਰ ਪਰਸਾਦੀ ਏਕੋ ਜਾਣਹਿ ਤਾਂ ਦੂਜਾ ਭਾਉ ਨ ਹੋਈ॥ ਮਨਿ ਸਾਂਤਿ ਆਈ ਵਜੀ ਵਧਾਈ ਤਾ ਹੋਆ ਪਰਵਾਣੁ॥ ਇਉ ਕਹੈ ਨਾਨਕੁ ਮਨ ਤੂੰ ਜੋਤਿ ਸਰੂਪੁ ਹੈ ਅਪਣਾ ਮੂਲੁ ਪਛਾਣੁ॥ ੫॥ (੪੪੧)

ਜਿਸ ਮਨੁੱਖ ਦੇ ਮਨ ਅੰਦਰੋਂ ਹਉਮੈ ਤੇ ਮੇਰ ਤੇਰ ਦੀ ਭਾਵਨਾ ਦੂਰ ਹੋ ਜਾਂਦੀ ਹੈ, ਉਸ ਨੂੰ ਯਕੀਨ ਹੋ ਜਾਂਦਾ ਹੈ ਕਿ ਅਕਾਲ ਪੁਰਖ ਦੀ ਹਸਤੀ ਨੂੰ ਮਿਣਿਆ ਨਹੀਂ ਜਾ ਸਕਦਾ, ਉਸ ਦੇ ਬਰਾਬਰ ਦਾ ਕੋਈ ਹੋਰ ਦੱਸਿਆ ਨਹੀਂ ਜਾ ਸਕਦਾ। ਉਸ ਨੂੰ ਨਿਸਚਾ ਹੋ ਜਾਂਦਾ ਹੈ ਕਿ ਅਕਾਲ ਪੁਰਖ ਤੋਂ ਵੱਖਰਾ ਹੋਰ ਕੋਈ ਨਹੀਂ, ਇਸ ਲਈ ਅਕਾਲ ਪੁਰਖ ਦੇ ਬਰਾਬਰ ਦੀ ਹੋਰ ਕੋਈ ਹਸਤੀ ਹੋ ਨਹੀਂ ਜਾ ਸਕਦੀ। ਅਕਾਲ ਪੁਰਖ ਆਪ ਹੀ ਸਹੀ ਜੀਵਨ ਦੀ ਸੂਝ ਬਖ਼ਸ਼ਦਾ ਹੈ, ਤੇ ਆਪ ਹੀ ਜੀਵਾਂ ਵਿੱਚ ਵਿਆਪਕ ਹੋ ਕੇ ਆਪਣਾ ਨਾਮੁ ਜਪਦਾ ਹੈ। ਅਕਾਲ ਪੁਰਖ ਆਪ ਹੀ ਗੁਰੂ ਹੈ, ਤੇ ਆਪ ਹੀ ਗੁਰੂ ਦਾ ਸ਼ਬਦ ਹੈ। ਜਦੋਂ ਗੁਰੂ ਦੀ ਕਿਰਪਾ ਨਾਲ ਕਿਸੇ ਵਡਭਾਗੀ ਮਨੁੱਖ ਦੇ ਮਨ ਵਿੱਚ ਅਕਾਲ ਪੁਰਖ ਵੱਸ ਜਾਂਦਾ ਹੈ, ਤਾਂ ਉਹ ਮਨੁੱਖ ਅਕਾਲ ਪੁਰਖ ਨਾਲ ਡੂੰਘੀ ਸਾਂਝ ਪਾ ਲੈਂਦਾ ਹੈ, ਤੇ, ਉਸ ਦੇ ਅੰਦਰੋਂ ਦਵੈਤ ਭਾਵ ਤੇ ਭਟਕਣਾ ਦੂਰ ਹੋ ਜਾਂਦੀ ਹੈ। ਉਸ ਨੂੰ ਯਕੀਨ ਹੋ ਜਾਂਦਾ ਹੈ ਕਿ ਅਕਾਲ ਪੁਰਖ ਆਪ ਹੀ ਉੱਚੇ ਜੀਵਨ ਮਿਆਰ ਦੀ ਕਸਵੱਟੀ ਅਨੁਸਾਰ ਜੀਵਾਂ ਦੇ ਜੀਵਨ ਦੀ ਪਰਖ ਕਰਦਾ ਹੈ। ਜਿਸ ਮਨੁੱਖ ਨੂੰ ਅਕਾਲ ਪੁਰਖ ਆਪਣੇ ਨਾਲ ਮਿਲਾ ਲੈਂਦਾ ਹੈ, ਉਹ ਮਾਇਆ ਤੋਂ ਨਿਰਲੇਪ ਰਹਿ ਕੇ ਪਵਿੱਤਰ ਜੀਵਨ ਵਾਲਾ ਬਣ ਜਾਂਦਾ ਹੈ।

ਬਿਲਾਵਲੁ ਮਹਲਾ ੩॥ ਅਤੁਲੁ ਕਿਉ ਤੋਲਿਆ ਜਾਇ॥ ਦੂਜਾ ਹੋਇ ਤ ਸੋਝੀ ਪਾਇ॥ ਤਿਸ ਤੇ ਦੂਜਾ ਨਾਹੀ ਕੋਇ॥ ਤਿਸ ਦੀ ਕੀਮਤਿ ਕਿਕੂ ਹੋਇ॥ ੨॥ ਗੁਰ ਪਰਸਾਦਿ ਵਸੈ ਮਨਿ ਆਇ॥ ਤਾ ਕੋ ਜਾਣੈ ਦੁਬਿਧਾ ਜਾਇ॥ ੧॥ ਰਹਾਉ॥ (੭੯੭)

ਗੁਰਮੁਖਾਂ ਦੇ ਮੂੰਹ ਵਿੱਚ ਸਬਦ ਗੁਰੂ ਦੀ ਆਤਮਕ ਜੀਵਨ ਦੇਣ ਵਾਲੀ ਬਾਣੀ ਹਮੇਸ਼ਾਂ ਟਿਕੀ ਰਹਿੰਦੀ ਹੈ। ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ ਅਕਾਲ ਪੁਰਖ ਦਾ ਨਾਮੁ ਆਪ ਉਚਾਰਦਾ ਹੈ, ਤੇ ਹੋਰਨਾਂ ਨੂੰ ਵੀ ਸੁਣਾਂਦਾ ਹੈ। ਅਕਾਲ ਪੁਰਖ ਦਾ ਨਾਮੁ ਯਾਦ ਰੱਖਣ ਨਾਲ ਮਨ ਹਮੇਸ਼ਾਂ ਖਿੜਿਆ ਰਹਿੰਦਾ ਹੈ, ਤੇ ਮਨੁੱਖ ਅਕਾਲ ਪੁਰਖ ਦੇ ਚਰਨਾਂ ਵਿੱਚ ਆਪਣਾ ਮਨ ਜੋੜੀ ਰੱਖਦਾ ਹੈ। ਜਿਸ ਮਨੁੱਖ ਨੇ ਸਬਦ ਗੁਰੂ ਨਾਲ ਸਾਂਝ ਪਾ ਲਈ, ਉਹ ਇੱਕ ਅਕਾਲ ਪੁਰਖ ਨੂੰ ਸਮਝ ਤੇ ਪਹਿਚਾਣ ਲੈਂਦਾ ਹੈ। ਅਜੇਹੇ ਮਨੁੱਖ ਨੂੰ ਸਮਝ ਆ ਜਾਂਦੀ ਹੈ ਕਿ ਉਹੀ ਅਕਾਲ ਪੁਰਖ ਸਾਰਿਆਂ ਦੇ ਸੁਖਾਂ ਦਾ ਦਾਤਾ ਹੈ ਤੇ ਉਹੀ ਅਕਾਲ ਪੁਰਖ ਸਾਰਿਆਂ ਵਿੱਚ ਵੱਸ ਰਿਹਾ ਹੈ। ਅਜੇਹਾ ਮਨੁੱਖ ਆਪਣੇ ਜੀਵਨ ਨੂੰ ਪੜਤਾਲ ਕੇ ਸਭ ਤੋਂ ਉੱਚਾ ਆਤਮਕ ਦਰਜਾ ਪ੍ਰਾਪਤ ਕਰ ਲੈਂਦਾ ਹੈ। ਅਜੇਹੇ ਮਨੁੱਖ ਦੀ ਸੁਰਤਿ ਹਮੇਸ਼ਾਂ “ਗੁਰ ਕੀ ਸੇਵਾ ਸਬਦੁ ਵੀਚਾਰੁ” ਅਨੁਸਾਰ ਅਕਾਲ ਪੁਰਖ ਦੇ ਨਾਮੁ ਵਿੱਚ ਟਿਕੀ ਰਹਿੰਦੀ ਹੈ।

ਜਿਨਿ ਸਤਿਗੁਰੁ ਜਾਤਾ ਤਿਨਿ ਏਕੁ ਪਛਾਤਾ॥ ਸਰਬੇ ਰਵਿ ਰਹਿਆ ਸੁਖਦਾਤਾ॥ ਆਤਮੁ ਚੀਨਿ ਪਰਮ ਪਦੁ ਪਾਇਆ ਸੇਵਾ ਸੁਰਤਿ ਸਮਾਈ ਹੇ॥ ੧੫॥ (੧੦੭੦)

ਗੁਰੂ ਸਾਹਿਬ ਸਮਝਾਂਉਂਦੇ ਹਨ ਕਿ ਮੈਂ ਅਕਾਲ ਪੁਰਖ ਨਾਲ ਜੁੜੇ ਗੁਰਮੁਖਾਂ ਦੇ ਚਰਨਾਂ ਦੀ ਧੂੜ ਬਣਿਆ ਰਹਿੰਦਾ ਹਾਂ। ਗੁਰਮੁਖਾਂ ਦੀ ਸੰਗਤਿ ਵਿੱਚ ਮਿਲ ਬੈਠ ਕੇ ਸਭ ਤੋਂ ਉੱਚਾ ਆਤਮਕ ਦਰਜਾ ਪ੍ਰਾਪਤ ਕੀਤਾ ਜਾ ਸਕਦਾ ਹੈ, ਤੇ ਸਮਝ ਆ ਜਾਂਦੀ ਹੈ ਕਿ ਅਕਾਲ ਪੁਰਖ ਸਭ ਥਾਈਂ ਤੇ ਸਭਨਾਂ ਵਿੱਚ ਵੱਸਦਾ ਹੈ। ਜਦੋਂ ਗੁਰੂ ਸੰਤ ਮਿਲ ਪੈਂਦਾ ਹੈ, ਤਾਂ ਆਤਮਕ ਠੰਢ ਪ੍ਰਾਪਤ ਹੋ ਜਾਂਦੀ ਹੈ, ਗੁਰੂ ਮਨੁੱਖ ਦੇ ਸਾਰੇ ਪਾਪ ਕੱਟ ਦੇਂਦਾ ਹੈ, ਜਿਸ ਸਦਕਾ ਸਾਰੇ ਦੁੱਖ ਆਪਣੇ ਆਪ ਦੂਰ ਹੋ ਜਾਂਦੇ ਹਨ। ਗੁਰੂ ਨੂੰ ਮਿਲਿਆਂ ਮਨੁੱਖ ਦੀ ਜਿੰਦ ਖਿੜ ਜਾਂਦੀ ਹੈ, ਤੇ ਉਸ ਨੂੰ ਨਿਰਲੇਪ ਅਤੇ ਸਰਬ ਵਿਆਪਕ ਅਕਾਲ ਪੁਰਖ ਅੰਗ ਸੰਗ ਵੱਸਦਾ ਵਿਖਾਈ ਦਿੰਦਾ ਹੈ। ਜਿਸ ਮਨੁੱਖ ਨੇ ਵੱਡੀ ਕਿਸਮਤ ਨਾਲ ਸਬਦ ਗੁਰੂ ਦੀ ਸੰਗਤਿ ਪ੍ਰਾਪਤ ਕਰ ਲਈ, ਉਹ ਸਭ ਥਾਂਈ ਭਰਪੂਰ ਤੇ ਵਿਆਪਕ ਰਹਿੰਣ ਵਾਲੇ ਅਕਾਲ ਪੁਰਖ ਦਾ ਨਾਮੁ ਆਪਣੇ ਹਿਰਦੇ ਵਿੱਚ ਵਸਾ ਲੈਂਦਾ ਹੈ।

ਸਾਰੰਗ ਮਹਲਾ ੪ ਘਰੁ ੧॥ ੴ ਸਤਿਗੁਰ ਪ੍ਰਸਾਦਿ॥ ਹਰਿ ਕੇ ਸੰਤ ਜਨਾ ਕੀ ਹਮ ਧੂਰਿ॥ ਮਿਲਿ ਸਤਸੰਗਤਿ ਪਰਮ ਪਦੁ ਪਾਇਆ ਆਤਮ ਰਾਮੁ ਰਹਿਆ ਭਰਪੂਰਿ॥ ੧॥ ਰਹਾਉਸਤਿਗੁਰੁ ਸੰਤੁ ਮਿਲੈ ਸਾਂਤਿ ਪਾਈਐ ਕਿਲਵਿਖ ਦੁਖ ਕਾਟੇ ਸਭਿ ਦੂਰਿ॥ ਆਤਮ ਜੋਤਿ ਭਈ ਪਰਫੂਲਤਿ ਪੁਰਖੁ ਨਿਰੰਜਨੁ ਦੇਖਿਆ ਹਜੂਰਿ॥ ੧॥ (੧੧੯੮)

ਜੇ ਕਰ ਉਪਰ ਲਿਖੀਆਂ, ਗੁਰਬਾਣੀ ਦੀਆਂ ਸਿਖਿਆਵਾਂ, ਨੂੰ ਇਕੱਠਾ ਕਰੀਏ ਤਾਂ ਅਸੀਂ ਨਿਸਚੇ ਨਾਲ ਸਮਝ ਸਕਦੇ ਹਾਂ, ਕਿ ਜੀਵਨ ਵਿੱਚ ਤਕਨੀਕੀ ਤਰੱਕੀ ਵੀ ਚਾਹੀਦੀ ਹੈ ਤੇ ਸੱਚਾ ਅਤੇ ਸੁਚਾ ਜੀਵਨ ਵੀ ਚਾਹੀਦਾ ਹੈ। ਸਾਇੰਸ ਨਾਲ ਸਹੂਲਤਾਂ ਤਾਂ ਪਾਈਆਂ ਜਾ ਸਕਦੀਆਂ ਹਨ, ਪਰੰਤੂ ਆਤਮਿਕ ਸੁਖ ਲਈ ਗੁਰੂ ਗਰੰਥ ਸਾਹਿਬ ਅੰਦਰ ਅੰਕਿਤ ਬਾਣੀ ਦਾ ਓਟ ਆਸਰਾ ਲੈਣਾਂ ਪਵੇਗਾ।

ਸਾਇੰਸ ਦੀਆਂ ਖੋਜਾਂ ਨਾਲ ਤਕਨੀਕੀ ਤਰੱਕੀ ਤਾਂ ਬਹੁਤ ਹੋਈ ਪਰ ਮਾਨਸਿਕ ਵਿਕਾਸ ਨਹੀਂ। ਐਟਮ ਬੰਬ ਦੀ ਕਾਢ ਜਪਾਨ ਦੀ ਬਰਬਾਦੀ ਦਾ ਕਾਰਣ ਬਣੀ, ਅਧੁਨਿਕ ਹਥਿਆਰਾ ਨਾਲ ਤਬਾਹੀ ਮਚਾਈ ਜਾ ਰਹੀ ਹੈ।

ਧਰਮ ਉਹੀ ਸਫਲ ਹੈ ਜਿਹੜਾ ਅਕਾਲ ਪੁਰਖ ਤੋਂ ਇੱਕ ਸਫਲ ਮਨੁੱਖਾ ਜੀਵਨ ਤੱਕ ਲਿਜਾ ਸਕਦਾ ਹੈ।

ਸਿੱਖ ਧਰਮ ਸੱਚ ਅਤੇ ਸੱਚਾ ਜੀਵਨ ਜਿਉਣ ਦੀ ਜਾਚ ਸਿਖਾਂਉਂਦਾ ਹੈ, ਸਾਇੰਸ ਸਿਰਫ ਦਿਸਣ ਵਾਲੇ ਸੱਚ ਦੀ ਗੱਲ ਕਰਦੀ ਹੈ।

ਅਕਾਲ ਪੁਰਖ ਦੇ ਨਾਮੁ ਨੂੰ ਜੀਵਨ ਦਾ ਆਸਰਾ ਬਣਾਣ ਲਈ, ਉਸ ਦੇ ਹੁਕਮੁ ਨੂੰ ਸਮਝਣਾਂ ਤੇ ਉਸ ਅਨੁਸਾਰ ਚਲਣਾਂ ਜਰੂਰੀ ਹੈ।

ਆਪਣੇ ਸਰੀਰ ਨੂੰ ਕਸ਼ਟ ਦੇ ਕੇ, ਜਾਂ ਹੋਰ ਲੱਖਾਂ ਕ੍ਰੋੜਾਂ ਕਰਮ ਕਾਂਡ ਕਰਕੇ, ਕੋਈ ਵੀ ਕਰਮ ਅਕਾਲ ਪੁਰਖ ਦੇ ਨਾਮੁ ਦੀ ਬਰਾਬਰੀ ਨਹੀਂ ਕਰ ਸਕਦਾ।

ਹਰੇਕ ਕਰਮ ਅਕਾਲ ਪੁਰਖ ਦੇ ਨਾਮੁ ਤੋਂ ਘਟੀਆ ਹੈ, ਤੇ ਸਭ ਕਰਮਾਂ ਨਾਲੋਂ ਸ੍ਰੇਸ਼ਟ ਕਰਮ, ਗੁਰਬਾਣੀ ਦੁਆਰਾ ਸਮਝਾਇਆ ਗਿਆ ਅਕਾਲ ਪੁਰਖ ਦਾ ਨਾਮੁ ਰੂਪੀ ਕਰਮ ਹੀ ਹੈ।

ਪ੍ਰਾਣਾਯਾਮ ਦੀ ਸਹਾਇਤਾ ਨਾਲ ਲੰਮੀ ਉਮਰ ਕਰਕੇ ਆਮ ਲੋਕਾਂ ਨੂੰ ਤਾਂ ਪ੍ਰਭਾਵਤ ਤਾਂ ਕੀਤਾ ਜਾ ਸਕਦਾ ਹੈ, ਪਰੰਤੂ ਅਕਾਲ ਪੁਰਖ ਦੇ ਹੁਕਮੁ ਅਨੁਸਾਰ ਪਰਵਾਣ ਹੋਣ ਤੋਂ ਬਿਨਾਂ, ਅਕਾਲ ਪੁਰਖ ਦੀ ਮਿਹਰ ਦਾ ਪਾਤਰ ਨਹੀਂ ਬਣਿਆ ਜਾ ਸਕਦਾ।

ਅਕਾਲ ਪੁਰਖ ਨੂੰ ਆਪਣੇ ਹਿਰਦੇ ਵਿੱਚ ਵੇਖਣ ਲਈ ਆਪਣੇ ਅੰਦਰ ਉਸ ਵਰਗੇ ਗੁਣ ਪੈਦਾ ਕਰਨੇ ਹਨ, ਉਸ ਵਰਗੇ ਉਚੇ ਬਣਨ ਦਾ ਲਗਾਤਾਰ ਉਪਰਾਲਾ ਕਰਨਾ ਹੈ।

ਅੱਜਕਲ ਸਾਇੰਸ ਵੀ ਬਹੁਤ ਕੋਸ਼ਿਸ਼ ਕਰ ਰਹੀ ਹੈ ਕਿ ਸ੍ਰਿਸ਼ਟੀ ਦੇ ਆਰੰਭ ਬਾਰੇ ਪਤਾ ਲੱਗ ਸਕੇ, ਪਰ ਉਹ ਸਾਰੀ ਖੋਜ਼ ਕੁੱਝ ਹੱਦ ਤਕ ਹੀ ਸੀਮਿਤ ਹੈ।

ਜਿਸ ਤਰ੍ਹਾਂ ਕਿਸੇ ਚੀਜ ਨੂੰ ਮਾਪਣ ਲਈ ਉਸ ਤੋਂ ਵੱਡੀ ਸਕੇਲ ਲੈਣੀ ਪੈਦੀ ਹੈ, ਠੀਕ ਉਸੇ ਤਰ੍ਹਾਂ ਉਸ ਉੱਚੇ ਅਕਾਲ ਪੁਰਖ ਨੂੰ ਉਹੀ ਸਮਝ ਸਕਦਾ ਹੈ, ਜਿਹੜਾ ਉਸ ਜਿਨ੍ਹਾਂ ਵੱਡਾ ਹੋਵੇ।

ਜਿਹੜਾ ਮਨੁੱਖ ਅਕਾਲ ਪੁਰਖ ਦੇ ਸੱਚੇ ਨਾਮੁ ਦਾ ਵਾਪਾਰ ਕਰਦਾ ਹੈ, ਉਸ ਦਾ ਜੀਵਨ ਰੂਪੀ ਬੇੜਾ ਸੰਸਾਰ ਸਮੁੰਦਰ ਦੇ ਵਿਕਾਰਾਂ ਦੀਆਂ ਲਹਿਰਾਂ ਦੇ ਪਾਣੀ ਉੱਪਰ ਤਰਦਾ ਰਹਿੰਦਾ ਹੈ ਤੇ ਅਕਾਲ ਪੁਰਖ ਚਰਨਾਂ ਵਿੱਚ ਟਿਕਿਆ ਰਹਿੰਦਾ ਹੈ।

ਉਹੀ ਮਨੁੱਖ ਅਕਾਲ ਪੁਰਖ ਦੇ ਦਰ ਤੇ ਸੋਭਾ ਪਾਂਦਾ ਹੈ, ਜਿਹੜਾ ਅਕਾਲ ਪੁਰਖ ਦੇ ਹੁਕਮ ਨੂੰ ਮੰਨਦਾ ਹੈ, ਤੇ ਅਕਾਲ ਪੁਰਖ ਦੀ ਰਜ਼ਾ ਵਿੱਚ ਰਹਿੰਦਾ ਹੈ। ਆਪਣੀ ਮਨ ਮਰਜ਼ੀ ਕਰਨ ਵਾਲੇ ਹੰਕਾਰੀ ਮਨੁੱਖ ਆਤਮਕ ਮੌਤੇ ਮਰਦੇ ਰਹਿੰਦੇ ਹਨ।

ਨਿਰਾ ਮੂੰਹ ਨਾਲ ਬੋਲੀ ਜਾਣਾ ਵਿਅਰਥ ਹੈ ਤੇ ਉਸ ਦਾ ਕੋਈ ਲਾਭ ਨਹੀਂ, ਗੁਰਬਾਣੀ ਦੁਆਰਾ ਅਕਾਲ ਪੁਰਖ ਦੇ ਸੱਚੇ ਨਾਮੁ ਨੂੰ ਆਪਣੇ ਹਿਰਦੇ ਵਿੱਚ ਜਾਚਣਾ, ਪਰਖਣਾ, ਤੋਲਣਾ ਤੇ ਵਸਾਣਾਂ ਵੀ ਹੈ।

ਅਕਾਲ ਪੁਰਖ ਦੇ ਅੰਦਰ ਸਿਆਣਪ, ਬੁਧੀ, ਤਾਕਤ, ਸੱਭ ਤੋਂ ਉਤਮ ਹੈ, ਜੋ ਕਿ ਆਮ ਜੀਵਾਂ ਵਿੱਚ ਨਹੀਂ।

ਗੁਰੂ ਦੇ ਦੱਸੇ ਰਾਹ ਉੱਤੇ ਤੁਰ ਕੇ ਮਨੁੱਖ ਦੇ ਅੰਦਰ ਉੱਚਾ ਆਚਰਨ ਬਣ ਜਾਂਦਾ ਹੈ।

ਅਕਾਲ ਪੁਰਖ ਨੂੰ ਪਾਉਣ ਲਈ ਆਪਣੇ ਅੰਦਰ ਦੀ ਖੋਜ਼ ਕਰਨੀ ਹੈ।

ਜਿਹੜਾ ਮਨੁੱਖ ਅਕਾਲ ਪੁਰਖ ਦੇ ਨਾਮੁ ਦੀ ਪ੍ਰਾਪਤੀ ਕਰਨ ਲਈ ਉਪਰਾਲੇ ਕਰਦਾ ਰਹਿੰਦਾ ਹੈ, ਉਸ ਦੀਆਂ ਅੱਖਾਂ ਪਰਾਇਆ ਰੂਪ ਨਹੀਂ ਤੱਕਦੀਆਂ, ਸੁਰਤਿ ਅਕਾਲ ਪੁਰਖ ਨਾਲ ਜੁੜ ਜਾਂਦੀ ਹੈ, ਤੇ ਜੀਭ ਪਵਿੱਤਰ ਹੋ ਜਾਂਦੀ ਹੈ।

ਮਨੁੱਖ ਦਾ ਸਰੀਰ ਉਸ ਦੇ ਮਨ ਦੇ ਕਹਿੰਣ ਅਨੁਸਾਰ ਚਲਦਾ ਹੈ, ਇਸੇ ਲਈ ਗੁਰੂ ਸਾਹਿਬ ਮਨ ਨੂੰ ਖਾਸ ਤੌਰ ਤੇ ਸਮਝਾਂਉਂਦੇ ਹਨ ਕਿ ਤੂੰ ਉਸ ਅਕਾਲ ਪੁਰਖ ਦਾ ਅੰਸ ਹੈ, ਇਸ ਲਈ ਆਪਣੇ ਉਸ ਅਸਲੇ ਨੂੰ ਸਮਝ ਤੇ ਉਸ ਨਾਲ ਸਾਂਝ ਪਾ।

ਅਕਾਲ ਪੁਰਖ ਆਪ ਹੀ ਗੁਰੂ ਹੈ, ਤੇ ਆਪ ਹੀ ਗੁਰੂ ਦਾ ਸ਼ਬਦ ਹੈ। ਜਦੋਂ ਮਨੁੱਖ ਅਕਾਲ ਪੁਰਖ ਨਾਲ ਡੂੰਘੀ ਸਾਂਝ ਪਾ ਲੈਂਦਾ ਹੈ, ਤਾਂ ਉਸ ਦੇ ਅੰਦਰੋਂ ਦਵੈਤ ਭਾਵ ਤੇ ਭਟਕਣਾ ਦੂਰ ਹੋ ਜਾਂਦੀ ਹੈ, ਤੇ ਪਵਿੱਤਰ ਜੀਵਨ ਵਾਲਾ ਬਣ ਜਾਂਦਾ ਹੈ।

ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ ਅਕਾਲ ਪੁਰਖ ਦਾ ਨਾਮੁ ਆਪ ਉਚਾਰਦਾ ਹੈ, ਤੇ ਹੋਰਨਾਂ ਨੂੰ ਵੀ ਸੁਣਾਂਦਾ ਹੈ।

ਜਿਸ ਮਨੁੱਖ ਨੇ ਸਬਦ ਗੁਰੂ ਨਾਲ ਸਾਂਝ ਪਾ ਲਈ, ਉਹ ਇੱਕ ਅਕਾਲ ਪੁਰਖ ਨੂੰ ਸਮਝ ਤੇ ਪਹਿਚਾਣ ਲੈਂਦਾ ਹੈ। ਅਜੇਹੇ ਮਨੁੱਖ ਦੀ ਸੁਰਤਿ ਹਮੇਸ਼ਾਂ “ਗੁਰ ਕੀ ਸੇਵਾ ਸਬਦੁ ਵੀਚਾਰੁ” ਅਨੁਸਾਰ ਅਕਾਲ ਪੁਰਖ ਦੇ ਨਾਮੁ ਵਿੱਚ ਟਿਕੀ ਰਹਿੰਦੀ ਹੈ।

ਗੁਰਮੁਖਾਂ ਦੀ ਸੰਗਤਿ ਵਿੱਚ ਮਿਲ ਬੈਠ ਕੇ ਸਭ ਤੋਂ ਉੱਚਾ ਆਤਮਕ ਦਰਜਾ ਪ੍ਰਾਪਤ ਕੀਤਾ ਜਾ ਸਕਦਾ ਹੈ।

ਜਿਸ ਮਨੁੱਖ ਨੇ ਵੱਡੀ ਕਿਸਮਤ ਨਾਲ ਸਬਦ ਗੁਰੂ ਦੀ ਸੰਗਤਿ ਪ੍ਰਾਪਤ ਕਰ ਲਈ, ਉਹ ਸਭ ਥਾਂਈ ਭਰਪੂਰ ਤੇ ਵਿਆਪਕ ਰਹਿੰਣ ਵਾਲੇ ਅਕਾਲ ਪੁਰਖ ਦਾ ਨਾਮੁ ਆਪਣੇ ਹਿਰਦੇ ਵਿੱਚ ਵਸਾ ਲੈਂਦਾ ਹੈ।

“ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ”


(ਡਾ: ਸਰਬਜੀਤ ਸਿੰਘ) (Dr. Sarbjit Singh)
ਆਰ ਐਚ ੧/ਈ - ੮, ਸੈਕਟਰ - ੮,
RH1 / E-8, Sector-8,
ਵਾਸ਼ੀ, ਨਵੀਂ ਮੁੰਬਈ - ੪੦੦੭੦੩.
Vashi, Navi Mumbai - 400703.
Email = sarbjitsingh@yahoo.com
http://www.sikhmarg.com/article-dr-sarbjit.html
.