.

ਭੋਜਨ ਗਿਆਨੁ ਮਹਾ ਰਸੁ ਮੀਠਾ

ਮਾਸ ਪ੍ਰਥਾਇ ਕਾਫੀ ਕੁੱਝ ਪੜ੍ਹਨ ਸੁਣਨ ਨੂੰ ਆਇਆ ਹੈ ਤੇ ਇਹ ਫਜ਼ੂਲ ਦਾ ਝਗੜਾ ਕਦੇ ਮੁੱਕਣ ਵਾਲਾ ਨਹੀ ਹੈ ਕਿਉਂਕਿ ਇਹ ਧਰਮ ਦੀ ਸਮੱਸਿਆ ਹੀ ਨਹੀ ਪਰ ਬਣਾਈ ਗਈ ਹੈ। ਖਾਣ ਤੇ ਪੀਣ ਦੀ ਬੰਦਿਸ਼ ਮਨੁੱਖ ਨੇ ਆਪ ਹੀ ਲਾਈ ਹੈ ਪਰਮਾਤਮਾ ਨੇ ਨਹੀ ਤੇ ਇਹ ਬੰਦਿਸ਼ ਹੀ ਮਨੁਖਤਾ ਵਿੱਚ (ਮਾਸਾਹਾਰੀ ਤੇ ਸ਼ਾਕਾਹਾਰੀ ਦੇ) ਵਿਤਕਰੇ ਪੈਦਾ ਕਰਦੀ ਹੈ। ਜਿਵੇਂ ਧਰਮ ਇੱਕ ਨਿੱਜੀ ਮਾਮਲਾ ਹੈ ਤਿਵੇਂ ਮਨੁੱਖ ਦਾ ਭੋਜਨ, ਖੁਰਾਕ ਵੀ ਇੱਕ ਨਿੱਜੀ ਮਾਮਲਾ ਹੀ ਹੈ। ਕਿਸੇ ਨੂੰ ਸ਼ਾਕਾਹਾਰੀ ਰਹਿਣਾ ਪਸੰਦ ਹੈ, ਕਿਸੇ ਨੂੰ ਮਾਸਾਹਾਰੀ ਤੇ ਕਿਸੇ ਨੂੰ ਦੋਵੇਂ ਹੀ ਪ੍ਰਵਾਨ ਹਨ। ਬਦਲਦੇ ਮੌਸਮ, ਥਾਵਾਂ, ਹਾਲਾਤ ਵਿੱਚ ਆਪਣੀ ਜੀਵਨ ਸੁਰੱਖਿਆ ਲਈ ਮਨੁੱਖ ਪਸੂ, ਪੰਛੀਆਂ, ਮੱਛੀਆਂ, ਜੜ੍ਹਾਂ, ਬੂਟੀਆਂ, ਫਲ, ਪੱਤੇ ਆਦਿਕ ਨੂੰ ਭੋਜਨ ਬਣਾ ਕੇ ਵੀ ਗੁਜ਼ਾਰਾ ਕਰਦਾ ਰਿਹਾ ਹੈ, ਇਹ ਕੋਈ ਨਵੀਂ ਗਲ ਨਹੀ, ਤੇ ਇਸ ਤੋਂ ਮੁਨਕਰ ਵੀ ਨਹੀ ਹੋਇਆ ਜਾ ਸਕਦਾ ਕਿ ਮਨੁੱਖ ਸਦੀਆਂ ਤੋਂ ਹੀ ਮਾਸ ਦੀ ਵਰਤੋਂ ਕਰਦਾ ਆ ਰਿਹਾ ਹੈ। ਬਰਫਾਨੀ ਇਲਾਕਿਆਂ ਵਿੱਚ ਲੋਕ ਵੇਲ ਮੱਛੀ ਤੇ ਸੀਲ ਮੱਛੀ ਤੇ ਗੁਜ਼ਾਰਾ ਕਰਦੇ ਹਨ, ਅਰਬ ਦੇਸਾਂ ਤੇ ਹੋਰ ਰੇਗਸਤਾਨੀ ਇਲਾਕਿਆਂ ਵਿੱਚ ਊਠ, ਬੱਕਰੇ ਤੇ ਭੇਡਾਂ ਦਾ ਮਾਸ ਆਮ ਵਰਤਿਆ ਜਾਂਦਾ ਹੈ, ਸਮੁੰਦਰੀ ਤੱਟ ਤੇ ਰਹਿਣ ਵਾਲੇ ਮੱਛੀ ਤੇ ਹੋਰ ਸਮੁੰਦਰੀ ਜੀਵਾਂ ਦੇ ਮਾਸ ਦੀ ਆਮ ਵਰਤੋਂ ਕਰਦੇ ਹਨ, ਅਫਰੀਕਾ ਦੇ ਜੰਗਲਾਂ ਵਿੱਚ ਲੋਕ ਅਜੇ ਵੀ ਜੰਗਲੀ ਜਾਨਵਰਾਂ ਦਾ ਸ਼ਿਕਾਰ ਕਰਕੇ ਖਾਂਦੇ ਹਨ, ਚੀਨ ਦੇ ਲੋਕ ਮੱਛ, ਕੱਛ, ਸੱਪ, ਡੱਡੂ … ਆਦਿ ਮਨੁੱਖੀ ਮਾਸ ਤੋਂ ਇਲਾਵਾ ਤਕਰੀਬਨ ਹਰ ਤਰਾਂ ਦੇ ਮਾਸ ਦੀ ਵਰਤੋਂ ਕਰਦੇ ਹਨ, ਇਸ ਲਈ ਇਹ ਇੱਕ ਹਕੀਕਤ ਹੈ ਕਿ, ਜੀਵਨ ਸੁਰੱਖਿਆ ਲਈ, ਸਰੀਰਕ ਭੁੱਖ ਜੀਵਾਂ ਨੂੰ ਹਰ ਤਰਾਂ ਦਾ ਉਪਲਬਧ ਭੋਜਨ ਜੋ ਸਹਿਜੇ ਹੀ ਪ੍ਰਾਪਤ ਹੋ ਸਕਦਾ ਹੋਵੇ, ਦੀ ਵਰਤੋਂ ਲਈ ਮਜਬੂਰ ਕਰ ਦਿੰਦੀ ਹੈ। ਮਨੁੱਖ ਦਾ ਭੋਜਨ ਜਗ੍ਹਾ ਦੇ ਕੁਦਰਤੀ ਵਾਤਾਵਰਨ ਤੇ ਉਥੇ ਦੀ ਪੈਦਾਵਾਰ ਤੇ ਆਧਾਰਤ ਹੁੰਦਾ ਹੈ ਇਸ ਲਈ ਵੱਖ ਵੱਖ ਥਾਵਾਂ ਤੇ ਵੱਖ ਵੱਖ ਖੁਰਾਕ ਪਾਈ ਜਾਂਦੀ ਹੈ। ਸਮੁੱਚੀ ਮਨੁਖਤਾ ਨੂੰ ਇਕੋ ਜਿਹਾ ਭੋਜਨ ਰਾਸ ਨਹੀ ਆਉਂਦਾ ਤੇ ਮਨੁੱਖ ਨਿੱਤ ਇਕੋ ਜਿਹਾ ਭੋਜਨ ਖਾਣ ਦਾ ਵੀ ਆਦੀ ਨਹੀ ਹੈ। ਆਮ ਘਰਾਂ ਵਿੱਚ ਦੋ ਤਿੰਨ ਡੰਗ ਮੂੰਗੀ ਦੀ ਦਾਲ ਖਾਣੀ ਪੈ ਜਾਵੇ ਤਾਂ ਘਰ ਵਿੱਚ ਤੁਫਾਨ ਖੜਾ ਹੋ ਜਾਂਦਾ ਹੈ। ਹੈਰਾਨੀ ਵਾਲੀ ਗਲ ਹੈ ਕਿ ਜੋ ਮਾਸ ਦੀ ਵਰਤੋਂ ਸਦੀਆਂ ਤੋਂ ਚਲੀ ਆ ਰਹੀ ਹੈ ਉਸ ਨੂੰ ਅੱਜ ਧਰਮ ਦੇ ਨਾਂ ਤੇ ਗੈਰ ਕੁਦਰਤੀ, ਜੀਵ ਹੱਤਿਆ ਤੇ ਪਾਪ ਦੇ ਡਰਾਵਿਆਂ ਨਾਲ ਦੁਰਕਾਰਿਆ ਜਾ ਰਿਹਾ ਹੈ। ਅਸਲ ਵਿੱਚ ਅਖੌਤੀ ਧਰਮ ਦੇ ਆਗੂ ਲੁਕਾਈ ਦੀ ਅਗਿਆਨਤਾ ਦਾ ਲਾਭ ਉਠਾ ਕੇ ਧਰਮ ਦੇ ਨਾਂ ਤੇ ਵਹਿਮਾਂ, ਭਰਮਾਂ ਤੇ ਧੋਖਿਆਂ ਨਾਲ ਡਰਾ ਕੇ ਆਪਣੇ ਨਿਜੀ ਸੁਆਰਥ ਲਈ ਉਹਨਾਂ ਤੇ ਹਾਵੀ ਹੋਣਾ ਚਹੁੰਦੇ ਹਨ। ਧਰਮ, ਮਨੁਖਤਾ ਨੂੰ ਜੋੜਦਾ ਹੈ ਪਰ ਇਸ ਦੇ ਨਾਮ ਤੇ ਹੀ ਜਨਤਾ ਨੂੰ ਬਹਿਕਾ ਕੇ ਫਜ਼ੂਲ ਦੇ ਝਗੜਿਆਂ ਵਿੱਚ ਉਲਝਾ ਕੇ ਵਿਤਕਰੇ ਪਾਈ ਰਖਦੇ ਹਨ। ਧਰਮ ਵਿੱਚ ਭੋਜਨ ਬਾਰੇ ਕੁੱਝ ਜਾਨਣ ਤੋਂ ਪਹਿਲਾਂ ਇਸ ਤੱਥ ਤੋਂ ਜਾਣੂ ਹੋਣਾ ਜ਼ਰੂਰੀ ਹੈ ਕਿ ਜਿਥੇ ਆਕਾਰੀ ਤਨ ਦਾ ਰਿਜ਼ਕ ਆਕਾਰੀ ਭੋਜਨ ਹੈ ਉਥੇ ਨਿਰਆਕਾਰੀ ਮਨ ਦਾ ਭੋਜਨ ਨਿਰਆਕਾਰ ਗਿਆਨ ਹੈ (ਭੋਜਨ ਗਿਆਨੁ ਮਹਾ ਰਸੁ ਮੀਠਾ ॥ ਜਿਨਿ ਚਾਖਿਆ ਤਿਨਿ ਦਰਸਨੁ ਡੀਠਾ ॥1031)।

ਆਕਾਰੀ ਭੋਜਨ ਆਕਾਰੀ ਤਨ ਦੀ ਤ੍ਰਿਪਤੀ ਲਈ ਹੈ ਤੇ ਨਿਰਆਕਾਰੀ ਭੋਜਨ (ਗਿਆਨ) ਨਿਰਆਕਾਰੀ ਮਨ ਦੀ ਤ੍ਰਿਪਤੀ ਲਈ ਹੈ। ਗੁਰਬਾਣੀ ਦਾ ਸਮੂਹ ਗਿਆਨ, ਉਪਦੇਸ਼, ਮਨ ਦੀ ਸਾਧਨਾ ਤੇ ਕੇਂਦਰਿਤ ਹੈ ਤੇ ਇਹੀ ਮਨ ਦੀ ਪਵਿੱਤ੍ਰ ਖੁਰਾਕ ਹੈ। ਗੁਰਬਾਣੀ ਦਾ ਇੱਕ ਫੁਰਮਾਨ ਹੈ ਕਿ: ਬਾਬਾ ਹੋਰੁ ਖਾਣਾ ਖੁਸੀ ਖੁਆਰੁ ॥ ਜਿਤੁ ਖਾਧੈ ਤਨੁ ਪੀੜੀਐ ਮਨ ਮਹਿ ਚਲਹਿ ਵਿਕਾਰ ॥੧॥ ਰਹਾਉ ॥ (16) ਭਾਵ: ਜਿਨ੍ਹਾਂ ਪਦਾਰਥਾਂ ਦੇ ਖਾਣ ਨਾਲ ਸਰੀਰ ਰੋਗੀ ਹੋ ਜਾਏ ਅਤੇ ਮਨ ਵਿੱਚ ਮੰਦੇ ਖਿਆਲ ਚਲ ਪੈਂਦੇ ਹਨ ਉਹਨਾ ਪਦਾਰਥਾਂ ਨੂੰ ਖਾਣ ਨਾਲ ਖੁਆਰ ਹੋਈਦਾ ਹੈ। ਇਥੇ ਸਵਾਲ ਇਹ ਉਠਦਾ ਹੈ ਕਿ ਕੀ ਮੰਦੇ ਚੰਗੇ (ਆਕਾਰੀ) ਤਨ ਦੇ ਭੋਜਨ ਦਾ (ਨਿਰਆਕਾਰ) ਮਨ ਦੇ ਵਿਕਾਰਾਂ ਨਾਲ ਕੋਈ ਸਬੰਧ ਹੈ? ਕੀ ਮਨ ਦੇ ਮੰਦੇ ਚੰਗੇ ਖਿਆਲ ਕਿਸੇ ਖਾਸ ਤਨ ਦੇ ਭੋਜਨ ਦੁਆਰਾ ਉਪਜਦੇ ਜਾਂ ਨਾਸ ਹੁੰਦੇ ਹਨ? ਇਹ ਤਜਰਬਾ ਹਰ ਕੋਈ, ਇੱਕ ਦਿਨ (ਚੰਗੇ ਸਮਝੇ ਜਾਣ ਵਾਲੇ) ਖੀਰ, ਕੜ੍ਹਾ, ਦਾਲ, ਰੋਟੀ, ਸਬਜੀ ਤੇ ਦੂਜੇ ਦਿਨ (ਮੰਦੇ ਸਮਝੇ ਜਾਣ ਵਾਲੇ) ਮਾਸ, ਮੱਛੀ, ਆਂਡਿਆਂ ਦੀ ਵਰਤੋਂ ਕਰ ਕੇ, ਕਰ ਸਕਦਾ ਹੈ। ਤਨ ਦਾ ਭੋਜਨ ਮਨ ਨੂੰ ਪ੍ਰਭਾਵਤ ਨਹੀ ਕਰ ਸਕਦਾ ਪਰ ਮਨ ਦਾ ਭੋਜਨ ਤਨ ਨੂੰ ਜ਼ਰੂਰ ਪ੍ਰਭਾਵਤ ਕਰ ਸਕਦਾ ਹੈ ਕਿਉਂਕਿ ਤਨ ਨੂੰ ਚਲਾਉਣ ਵਾਲਾ ਮਨ ਰਾਜਾ ਸੁਲਤਾਨ ਹੀ ਹੈ। ਵਿਕਾਰ ਮੰਦੇ ਵਿਚਾਰਾਂ ਤੋਂ ਪੈਦਾ ਹੁੰਦੇ ਹਨ, ਤਨ ਦੇ ਭੋਜਨ ਤੋਂ ਨਹੀ। ਅਗਰ ਤਨ ਦੀ ਖੁਰਾਕ ਨਾਲ ਮਨ ਦੇ ਵਿਚਾਰ ਬਦਲ ਸਕਦੇ ਹੁੰਦੇ ਤਾਂ ਸਾਰੇ ਸ਼ਾਕਾਹਾਰੀ ਮਨੁੱਖ ਗਿਆਨਵਾਨ ਤੇ ਉਚੇ ਸੁੱਚੇ ਆਚਰਨ ਵਾਲੇ ਹੋਣੇ ਚਾਹੀਦੇ ਸਨ ਪਰ ਐਸਾ ਬਿਲਕੁਲ ਨਹੀ ਹੈ। ਇਸ ਲਈ ਇਸ ਸ਼ਬਦ ਵਿੱਚ ਭੋਜਨ ਤਨ ਦਾ ਨਹੀ ਬਲਿਕੇ ਮਨ ਦਾ ਹੀ ਹੋ ਸਕਦਾ ਹੈ। ਇਹ ਪਹਿਲੀਆਂ ਤੁਕਾਂ ਵਿੱਚ ਸਪਸ਼ਟ ਕੀਤਾ ਹੈ:

ਸਭਿ ਰਸ ਮਿਠੇ ਮੰਨਿਐ ਸੁਣਿਐ ਸਾਲੋਣੇ ॥ ਖਟ ਤੁਰਸੀ ਮੁਖਿ ਬੋਲਣਾ ਮਾਰਣ ਨਾਦ ਕੀਏ ॥ ਛਤੀਹ ਅੰਮ੍ਰਿਤ ਭਾਉ ਏਕੁ ਜਾ ਕਉ ਨਦਰਿ ਕਰੇਇ ॥੧॥ ਦੁਨਿਆਵੀ ਮਿੱਠੇ ਪਦਾਰਥ ਪ੍ਰਭੂ ਦੀ ਯਾਦ ਹੈ, ਲੂਣ ਵਾਲੇ ਪਦਾਰਥ ਪ੍ਰਭੂ ਦੇ ਹੁਕਮ ਵਿੱਚ ਚੱਲਣਾ ਹੈ, ਛੱਤੀ ਪ੍ਰਕਾਰ ਦੇ ਸੁਆਦਲੇ ਭੋਜਨ ਪ੍ਰਭੂ ਨਾਲ ਪ੍ਰੇਮ ਹੈ। ਇਹ ਯਾਦ, ਹੁਕਮ, ਪ੍ਰੇਮ, ਮਨ ਦਾ ਪਵਿੱਤ੍ਰ ਭੋਜਨ ਹੈ ਤੇ ਇਸ ਤੋਂ ਬਿਨਾ ਮਨ ਦਾ ਕੋਈ ਹੋਰ ਦੂਸਰਾ (ਵਿਕਾਰੀ) ਭੋਜਨ ਕਰਨ ਤੋਂ ਵਰਜਿਆ ਗਿਆ ਹੈ (ਹੋਰ ਖਾਣਾ ਖੁਸੀ ਖੁਆਰ) ਕਿਉਂਕਿ ਮਨ ਦੇ ਹੋਰ ਵਿਕਾਰੀ ਭੋਜਨ ਨਾਲ ਮਨ ਦੇ ਨਾਲ ਤਨ ਵੀ ਪੀੜਤ (ਦੁਖੀ) ਹੋ ਜਾਂਦਾ ਹੈ। ਜਦੋਂ ਮਨੁੱਖ ਦਾ ਮਨ, ਰਸ, ਚਸਕਾ, ਚੇਟਕ, ਸੁਆਦ, ਮੋਹ ਜਿਹੇ ਬਿਬਰਜਿਤ (ਵਿਕਾਰੀ) ਭੋਜਨ ਦੀ ਵਰਤੋਂ ਕਰਦਾ ਹੈ ਤਾਂ ਉਸ ਨਾਲ ਮਨ ਅਤੇ ਤਨ ਦੋਨੋ ਹੀ ਪੀੜੇ ਜਾਂਦੇ ਹਨ। ਇਹ ਸਾਗ ਜਾਂ ਮਾਸ ਦੇ ਪਦਾਰਥਾਂ ਦੀ ਵਰਤੋਂ ਕਰਕੇ ਨਹੀ, ਕਿਉਂਕਿ ਉਹ ਮਨ ਨੂੰ ਪ੍ਰਭਾਵਤ ਨਹੀ ਕਰ ਸਕਦੇ ਪਰ ਇਹ ਮਨ ਦੇ (ਵਿਕਾਰੀ) ਭੋਜਨ ਕਰਕੇ ਹੀ ਹੈ ਜੋ ਮਨ ਤਨ ਦੋਨਾ ਨੂੰ ਹੀ ਪ੍ਰਭਾਵਤ ਕਰਨ ਦੇ ਸਮਰੱਥ ਹੈ। ਇਸ ਲਈ ਗੁਰਬਾਣੀ ਨੂੰ ਬਾਹਰਲੇ ਤਨ ਦੇ ਭੋਜਨ ਦੀ ਚਿੰਤਾ ਨਹੀ ਬਲਿਕੇ ਮਨ ਦੇ ਭੋਜਨ ਦੀ ਚਿੰਤਾ ਹੈ।

ਜਿਹਵਾ ਸੁਆਦ ਲੋਭ ਮਦਿ ਮਾਤੋ ਉਪਜੇ ਅਨਿਕ ਬਿਕਾਰਾ ॥ ਬਹੁਤੁ ਜੋਨਿ ਭਰਮਤ ਦੁਖੁ ਪਾਇਆ ਹਉਮੈ ਬੰਧਨ ਕੇ ਭਾਰਾ ॥ (616)। ਵਿਕਾਰ ਸੁਆਦ, ਚਸਕਾ, ਚੇਟਕ, ਰਸ, ਲੋਭ. . ਆਦਿਕ ਤੋਂ ਹੀ ਉਪਜਦੇ ਹਨ। ਮਨੁੱਖ ਜੀਭ ਦੇ ਸੁਆਦਾਂ (ਰਸਾਂ, ਚਸਕਿਆਂ) ਵਿਚ, ਲੋਭ ਦੇ ਨਸ਼ੇ ਵਿੱਚ ਮਸਤ ਰਹਿੰਦਾ ਹੈ ਜਿਸ ਕਾਰਨ ਮਨ ਵਿੱਚ ਅਨੇਕਾਂ ਵਿਕਾਰ ਪੈਦਾ ਹੋ ਜਾਂਦੇ ਹਨ, ਮਨੁੱਖ ਹਉਮੈ ਦੀਆਂ ਜੰਜੀਰਾਂ ਦੇ ਭਾਰ ਹੇਠ ਦੱਬਿਆ ਜਾਂਦਾ ਹੈ ਤੇ ਆਤਮਕ ਆਵਾਗਉਣ ਵਿੱਚ ਪੈ ਕੇ ਦੁਖੀ ਹੁੰਦਾ ਹੈ। ਇਹ ਜੀਭ ਦਾ ਸੁਆਦ, ਚਸਕਾ, ਚੇਟਕ ਜਾਂ ਰਸ ਕਿਸੇ ਵੀ ਦੁਨਿਆਵੀ ਭੋਜਨ ਤੇ ਲਾਗੂ ਹੁੰਦਾ ਹੈ ਚਾਹੇ ਉਹ ਮਾਸ ਹੋਵੇ ਜਾਂ ਸਾਗ। ਸਪਸ਼ਟ ਹੈ ਕਿ ਜਦੋਂ ਜਿਤੁ ਖਾਧੈ ਤਨੁ ਪੀੜੀਐ ਮਨ ਮਹਿ ਚਲਹਿ ਵਿਕਾਰ ॥ ਦੀ ਗਲ ਹੋ ਰਹੀ ਹੈ ਉਹ ਮਨ ਦੇ ਭੋਜਨ ਦੀ ਹੀ ਗਲ ਹੋ ਸਕਦੀ ਹੈ, ਤਨ ਦੇ ਭੋਜਨ ਦੀ ਨਹੀ ਕਿਉਂਕਿ ਤਨ ਦਾ ਭੋਜਨ ਮਨ ਨੂੰ ਪ੍ਰਭਾਵਤ ਨਹੀ ਕਰ ਸਕਦਾ। ਵਿਕਾਰ ਮਨ ਦੀ (ਵਿਕਾਰੀ) ਖੁਰਾਕ ਤੋਂ ਹੀ ਪੈਦਾ ਹੋ ਸਕਦੇ ਹਨ, ਤਨ ਦੀ ਖੁਰਾਕ (ਮਾਸ ਜਾਂ ਸਾਗ) ਤੋਂ ਨਹੀ। ਅਗਰ ਕਿਸੇ, ਇੱਕ ਖਾਸ, ਤਨ ਦੀ ਖੁਰਾਕ ਨਾਲ ਵਿਕਾਰ ਪੈਦਾ ਹੋ ਸਕਦੇ ਹੁੰਦੇ ਤਾਂ ਦੂਸਰੀ ਕਿਸੇ ਤਨ ਦੀ ਖੁਰਾਕ ਨਾਲ ਉਹ ਵਿਕਾਰ ਨਾਸ ਵੀ ਹੋਣੇ ਚਾਹੀਦੇ ਹਨ ਪਰ ਐਸਾ ਕਦੇ ਪੜ੍ਹਨ, ਸੁਣਨ ਜਾਂ ਵੇਖਣ ਨੂੰ ਨਹੀ ਆਇਆ ਕਿ ਕਿਸੇ ਤਨ ਦੀ ਖਾਸ ਖੁਰਾਕ ਨਾਲ ਮਨ ਦੇ ਵਿਕਾਰ ਨਾਸ ਹੋ ਜਾਵਣ। ਇਸ ਲਈ ਗੁਰਬਾਣੀ ਕਿਸੇ ਦੁਨਿਆਵੀ ਤਨ ਦੇ ਪਦਾਰਥਾਂ ਦੇ ਖਾਣ ਜਾਂ ਨਾ ਖਾਣ ਦੇ ਮਸਲੇ ਵਿੱਚ ਨਹੀ ਪੈਂਦੀ, ਬਲਿਕੇ ਉਹਨਾਂ ਦੇ ਰਸ, ਚਸਕੇ, ਸੁਆਦ, ਚੇਟਕ, ਲੋਭ, ਮੋਹ (ਮਨ ਦੇ ਵਿਕਾਰਾਂ) ਤੋਂ ਹੀ ਸੂਚਤ ਕਰਨਾ ਚਹੁੰਦੀ ਹੈ: ਆਧਿ ਬਿਆਧਿ ਉਪਾਧਿ ਰਸ ਕਬਹੁ ਨ ਤੂਟੈ ਤਾਪ ॥ ਪਾਰਬ੍ਰਹਮ ਪੂਰਨ ਧਨੀ ਨਹ ਬੂਝੈ ਪਰਤਾਪ ॥ (297)।

ਨਹ ਜਾਪੈ ਨਹ ਬੂਝੀਐ ਨਹ ਕਛੁ ਕਰਤ ਬੀਚਾਰੁ ॥ ਸੁਆਦ ਮੋਹ ਰਸ ਬੇਧਿਓ ਅਗਿਆਨਿ ਰਚਿਓ ਸੰਸਾਰੁ ॥ (297) ਰਸੁ ਸੁਇਨਾ ਰਸੁ ਰੁਪਾ ਕਾਮਣਿ ਰਸੁ ਪਰਮਲ ਕੀ ਵਾਸੁ ॥ ਰਸੁ ਘੋੜੇ ਰਸੁ ਸੇਜਾ ਮੰਦਰ ਰਸੁ ਮੀਠਾ ਰਸੁ ਮਾਸੁ ॥ ਏਤੇ ਰਸ ਸਰੀਰ ਕੇ ਕੈ ਘਟਿ ਨਾਮ ਨਿਵਾਸੁ ॥ (15)

ਇਥੇ ਪਦਾਰਥਾਂ ਤੋਂ ਨਹੀ ਬਲਿਕੇ ਉਹਨਾਂ ਦੇ ਸੁਆਦਾਂ, ਚਸਕਿਆਂ ਦੇ ਮੋਹ ਤੋਂ ਹੀ ਵਰਜਿਆ ਗਿਆ ਹੈ। ਇਹੀ ਕਾਰਨ ਕਿ ਗੁਰਬਾਣੀ ਉਸ ਮਨ ਦੀ ਖੁਰਾਕ ਨੂੰ ਹੀ ਮਹੱਤਾ ਦਿੰਦੀ ਹੈ ਜਿਸ ਨਾਲ, ਤਨ ਨਹੀ ਬਲਿਕੇ, ਮਨ ਰੱਜ ਜਾਵੇ, ਰਸ, ਸੁਆਦ, ਲੋਭ ਚਸਕੇ ਜਾਂ ਚੇਟਕ ਤੋਂ ਛੁਟਕਾਰਾ ਹੋ ਜਾਵੇ, ਮਨ ਤ੍ਰਿਪਤ ਤੇ ਪਵਿੱਤ੍ਰ ਹੋ ਜਾਵੇ। ਅਗਰ ਗੁਰਬਾਣੀ ਮਨ ਨੂੰ ਸੋਧਣ, ਮਨ ਨੂੰ ਪਵਿੱਤ੍ਰ, ਮਨ ਨੂੰ ਤ੍ਰਿਪਤ ਕਰਨ ਤੇ ਹੀ ਕੇਂਦਰਿਤ ਹੈ ਤਾਂ ਤਨ ਦੀ ਖੁਰਾਕ ਮਾਸ ਜਾਂ ਸਾਗ (ਜੋ ਮਨ ਨੂੰ ਪ੍ਰਭਾਵਤ, ਤ੍ਰਿਪਤ ਜਾਂ ਪਵਿੱਤਰ ਹੀ ਨਹੀ ਕਰ ਸਕਦੇ) ਤੇ ਝਗੜਾ ਕਿਉਂ? ਮੰਗਣਾ ਤ ਸਚੁ ਇਕੁ ਜਿਸੁ ਤੁਸਿ ਦੇਵੈ ਆਪਿ ॥ ਜਿਤੁ ਖਾਧੈ ਮਨੁ ਤ੍ਰਿਪਤੀਐ ਨਾਨਕ ਸਾਹਿਬ ਦਾਤਿ ॥ {ਪੰਨਾ 321} ਗੁਰਬਾਣੀ ਅਨੁਸਾਰ ਮੰਗਣ ਵਾਲੀ ਦਾਤ ਤਾਂ ਆਤਮਕ ਖੁਰਾਕ ਹੈ ਜਿਸ ਨਾਲ ਮਨ ਦੀ ਤ੍ਰਿਪਤੀ ਹੋ ਸਕਦੀ ਹੈ। ਤਨ ਦੀ ਤ੍ਰਿਪਤੀ ਤਨ ਦੇ ਭੋਜਨ ਨਾਲ, ਤੇ ਮਨ ਦੀ ਤ੍ਰਿਪਤੀ ਮਨ ਦੇ ਭੋਜਨ ਨਾਲ, ਹੀ ਹੋ ਸਕਦੀ ਹੈ। ਥਾਲੈ ਵਿਚਿ ਤੈ ਵਸਤੂ ਪਈਓ ਹਰਿ ਭੋਜਨੁ ਅੰਮ੍ਰਿਤੁ ਸਾਰੁ ॥ ਜਿਤੁ ਖਾਧੈ ਮਨੁ ਤ੍ਰਿਪਤੀਐ ਪਾਈਐ ਮੋਖ ਦੁਆਰੁ ॥ {ਪੰਨਾ 645}। ਮਨ ਦੇ ਥਾਲ ਵਿੱਚ ਜੋ ਤਿੰਨ ਸ੍ਰੇਸ਼ਟ (ਆਤਮਕ) ਭੋਜਨ ਪਏ ਹਨ ਉਹਨਾਂ ਨਾਲ ਹੀ ਮਨ ਨੇ ਤ੍ਰਿਪਤ ਤੇ ਵਿਕਾਰਾਂ ਤੋਂ ਮੁਕਤ ਹੋਣਾ ਹੈ, ਕਿਸੇ ਬਾਹਰਲੇ ਤਨ ਦੇ ਭੋਜਨ ਨਾਲ ਨਹੀ। ਜੇ ਬਾਹਰਲਾ ਕੋਈ ਵੀ ਭੋਜਨ (ਸਾਗ ਜਾਂ ਮਾਸ) ਮਨ ਨੂੰ ਪ੍ਰਭਾਵਤ ਜਾਂ ਤ੍ਰਿਪਤ ਨਹੀ ਕਰ ਸਕਦਾ ਤਾਂ ਉਸਦੀ ਵਰਤੋਂ ਤੇ ਫਜ਼ੂਲ ਝਗੜਾ ਕਿਉਂ?

ਕਿਆ ਖਾਧੈ ਕਿਆ ਪੈਧੈ ਹੋਇ ॥ ਜਾ ਮਨਿ ਨਾਹੀ ਸਚਾ ਸੋਇ ॥ ਕਿਆ ਮੇਵਾ ਕਿਆ ਘਿਉ ਗੁੜੁ ਮਿਠਾ ਕਿਆ ਮੈਦਾ ਕਿਆ ਮਾਸੁ ॥ ਕਿਆ ਕਪੜੁ ਕਿਆ ਸੇਜ ਸੁਖਾਲੀ ਕੀਜਹਿ ਭੋਗ ਬਿਲਾਸ ॥ ਕਿਆ ਲਸਕਰ ਕਿਆ ਨੇਬ ਖਵਾਸੀ ਆਵੈ ਮਹਲੀ ਵਾਸੁ ॥ ਨਾਨਕ ਸਚੇ ਨਾਮ ਵਿਣੁ ਸਭੇ ਟੋਲ ਵਿਣਾਸੁ ॥੨॥ {ਪੰਨਾ 142} ਇਸ ਸ਼ਬਦ ਵਿੱਚ ਪ੍ਰਭੂ ਦੇ ਹੁਕਮ (ਨਾਮ) ਦੇ ਆਤਮਕ ਭੋਜਨ ਬਿਨਾ ਬਾਹਰਲਾ ਖਾਣਾ, ਪਹਿਨਣਾ, ਸੰਪਤੀ ਜਾਂ ਕਰਮ ਕਾਂਡ ਸਭ ਨਿਸਫਲ ਦਰਸਾਏ ਗਏ ਹਨ ਕਿਉਂਕਿ ਮਨ ਦੀ ਤ੍ਰਿਪਤੀ ਤੋਂ ਬਿਨਾ, ਦੁਨਿਆਵੀ ਪਦਾਰਥਾਂ ਦੀ ਭੁੱਖ ਕਦੇ ਨਹੀ ਮਿਟ ਸਕਦੀ। ਜੋ ਦੁਨਿਆਵੀ ਪਦਾਰਥ ਜਾਂ ਕਰਮ ਹੈ ਹੀ ਨਿਸਫਲ, ਕਿਉਂਕਿ ਉਹ ਧਰਮ ਨਾਲ ਸਬੰਧਿਤ ਹੀ ਨਹੀ, ਤਾਂ ਉਹਨਾਂ ਤੇ ਫਜ਼ੂਲ ਦਾ ਝਗੜਾ ਕਿਉਂ? ਸਚਾ ਭੋਜਨੁ ਭਾਉ ਸਤਿਗੁਰਿ ਦਸਿਆ ॥ ਸਚੇ ਹੀ ਪਤੀਆਇ ਸਚਿ ਵਿਗਸਿਆ ॥ (146) ਅਧਿਆਤਮਕ ਪੱਖੋਂ ਸੱਚੇ (ਮਨ ਦੇ) ਆਤਮਕ ਭੋਜਨ (ਭਾਉ, ਪਿਆਰ) ਨੂੰ ਛੱਡ ਕੇ ਝੂਠੇ ਤਨ ਦੇ ਨਿਸਫਲ ਭੋਜਨ ਸਾਗ, ਮੈਦਾ ਜਾਂ ਮਾਸ ਤੇ ਝਗੜਾ ਕਿਉਂ? ਮਨੁੱਖ ਨੂੰ ਜੀਵ ਹੱਤਿਆ ਦੇ ਪਾਪ ਜਾਂ ਅਪਰਾਧ ਦਾ ਡਰਾਵਾ ਦੇ ਕੇ ਮਾਸ ਦੀ ਵਰਤੋਂ ਤੋਂ ਵਰਜਿਆ ਜਾਂਦਾ ਹੈ ਪਰ ਇਹ ਕੁਦਰਤ ਦਾ ਹੀ ਇੱਕ ਨਿਯਮ ਹੈ ਕਿ ਇੱਕ ਜੀਵ ਦਾ ਆਹਾਰ ਦੂਜਾ ਜੀਵ ਹੈ ਇਸ ਲਈ ਜੇ ਜੀਵਨ ਸੁਰੱਖਿਆ ਦੇ ਆਹਾਰ ਲਈ ਜੀਵ ਹੱਤਿਆ ਪਾਪ ਹੈ ਤਾਂ ਹਰ ਮਨੁੱਖ ਪਾਪੀ ਹੋਣ ਤੋਂ ਬਚ ਨਹੀ ਸਕੇਗਾ ਕਿਉਂਕਿ:

ਜੇਤੇ ਦਾਣੇ ਅੰਨ ਕੇ ਜੀਆ ਬਾਝੁ ਨ ਕੋਇ ॥ ਪਹਿਲਾ ਪਾਣੀ ਜੀਉ ਹੈ ਜਿਤੁ ਹਰਿਆ ਸਭੁ ਕੋਇ ॥ (472)। ਜੀਵ ਹੱਤਿਆ ਪੱਖੋਂ ਸ਼ਾਕਾਹਾਰੀ ਤੇ ਮਾਸਾਹਾਰੀ ਦੋਵੇਂ ਹੀ ਪਾਪੀ, ਅਪਰਾਧੀ ਤੇ ਹੱਤਿਆਰੇ ਕਹੇ ਜਾ ਸਕਦੇ ਹਨ ਤੇ ਇਹੀ ਦਲੀਲ ਗੁਰਬਾਣੀ ਨੇ ਦਿੱਤੀ ਹੈ: ਮਾਸੁ ਮਾਸੁ ਕਰਿ ਮੂਰਖੁ ਝਗੜੇ ਗਿਆਨੁ ਧਿਆਨੁ ਨਹੀ ਜਾਣੈ ॥ ਕਉਣੁ ਮਾਸੁ ਕਉਣੁ ਸਾਗੁ ਕਹਾਵੈ ਕਿਸੁ ਮਹਿ ਪਾਪ ਸਮਾਣੇ ॥ ਮਾਸ ਖਾਣ, ਜਾਂ ਨਾ ਖਾਣ, ਤੇ ਚਰਚਾ ਕਰਨੀ ਹੀ ਮੂਰਖਤਾ ਤੇ ਅਗਿਆਨਤਾ ਹੈ ਕਿਉਂਕਿ ਇਸ ਅਟੱਲ ਸਚਾਈ ਤੋਂ ਮੁਨਕਰ ਨਹੀ ਹੋਇਆ ਜਾ ਸਕਦਾ ਕਿ (ਗੁਰਬਾਣੀ ਅਨੁਸਾਰ) ਮਾਸ ਤੇ ਸਾਗ ਵਿੱਚ ਕੋਈ ਭੇਦ ਹੀ ਨਹੀ। ਮਾਸ ਵੀ ਜੀਵ ਦਾ ਹੈ ਤੇ ਸਾਗ ਵਿੱਚ ਵੀ ਜੀਵ ਹੈ ਤਾਂ ਫਿਰ ਦੋਨਾਂ ਵਿਚੋਂ ਕਿਸ ਦਾ ਖਾਣਾ ਪਾਪ, ਹੱਤਿਆ ਜਾਂ ਅਪਰਾਧ ਹੈ ਤੇ ਕਿਸ ਦਾ ਖਾਣਾ ਪੁੰਨ ਹੈ? ਜੋ ਵਿਸ਼ਾ ਧਰਮ ਦਾ ਹੀ ਨਹੀ, ਮਨ ਨਾਲ ਸਬੰਧਿਤ ਹੀ ਨਹੀ ਉਸ ਤੇ ਝਗੜਾ ਖੜਾ ਕਰਨਾ ਅਕਲਮੰਦੀ ਨਹੀ ਹੋ ਸਕਦੀ। ਅਗਰ ਸ਼ਾਕਾਹਾਰੀ ਵੀ ਉਤਨਾ ਹੀ ਵਿਕਾਰੀ ਹੈ ਜਿਤਨਾ ਮਾਸਾਹਾਰੀ ਤਾਂ, ਮਨ ਦੀ ਤ੍ਰਿਪਤੀ ਜਾਂ ਪਵਿੱਤ੍ਰਤਾ ਲਈ, ਤਨ ਦੀ ਖੁਰਾਕ ਦੀ ਮਹੱਤਾ ਹੀ ਕੀ ਰਹਿ ਜਾਂਦੀ ਹੈ? ਫਿਰ ਇਸ ਤੇ ਝਗੜਾ ਖੜਾ ਕਰਨਾ ਫਜ਼ੂਲ ਨਹੀ? ਗੁਰਬਾਣੀ ਦਾ ਇੱਕ ਹੋਰ ਫੁਰਮਾਨ ਹੈ: ਜੋ ਬਿਨੁ ਸਤਿਗੁਰ ਸੇਵੇ ਖਾਦੇ ਪੈਨਦੇ ਸੇ ਮੁਏ ਮਰਿ ਜੰਮੇ ਕੋੜ੍ਹੇ ॥ ਓਇ ਹਾਜਰੁ ਮਿਠਾ ਬੋਲਦੇ ਬਾਹਰਿ ਵਿਸੁ ਕਢਹਿ ਮੁਖਿ ਘੋਲੇ ॥ ਮਨਿ ਖੋਟੇ ਦਯਿ ਵਿਛੋੜੇ ॥ {ਪੰਨਾ 306}। ਜੋ ਮਨੁੱਖ ਸੱਚੀ ਸਿਖਿਆ, ਸੱਚੇ ਗਿਆਨ ਤੋਂ ਸੱਖਣੇ, ਖਾਣ ਤੇ ਪਹਿਨਣ ਦੇ ਰਸਾਂ, ਚਸਕਿਆਂ, ਸੁਆਦਾਂ ਦੇ ਮੋਹ ਵਿੱਚ ਪਏ ਰਹਿੰਦੇ ਹਨ, ਉਹ ਕੋੜ੍ਹੇ ਮੁੜ ਮੁੜ ਮਰਦੇ ਤੇ ਜੰਮਦੇ ਰਹਿੰਦੇ ਹਨ। ਉਹ ਮੂੰਹ ਤੇ ਤਾਂ ਮਿੱਠੀਆਂ ਗੱਲਾਂ ਕਰਦੇ ਹਨ ਪਰ ਪਿਛੋਂ ਮੂੰਹ ਵਿੱਚ ਜ਼ਹਿਰ ਘੋਲਦੇ ਹਨ (ਨਿੰਦਿਆ ਕਰਦੇ ਹਨ)। ਐਸੇ ਮਨੋਂ ਖੋਟਿਆਂ ਨੂੰ ਰੱਬ ਵਿਛੋੜ ਦਿੰਦਾ ਹੈ। ਇਥੇ ਫੇਰ ਆਤਮਕ (ਵਿਕਾਰੀ) ਮਨ ਦੀ ਖੁਰਾਕ (ਰਸ, ਸੁਆਦ, ਚਸਕੇ) ਤੋਂ ਵਰਜਿਆ ਹੈ। ਵਿਕਾਰ ਹੀ ਆਤਮਕ ਮੌਤ ਤੇ ਜੀਵਨ ਦਾ ਕਾਰਨ ਬਣਦੇ ਹਨ ਇਸ ਲਈ ਗੁਰਬਾਣੀ ਬਾਰ ਬਾਰ ਇਸ ਵਿਕਾਰੀ ਮਨ ਦੀ ਖੁਰਾਕ ਤੋਂ ਸੂਚਤ ਕਰਦੀ ਹੈ।

ਸਿੱਖ ਇਤਿਹਾਸ ਗਵਾਹ ਹੈ ਕਿ ਦੇਸ਼ ਅਤੇ ਕੌਮ ਲਈ ਜੂਝਦੇ ਸਿੱਖ ਲੰਮੇ ਸਮੇ ਲਈ ਜੰਗਲਾਂ ਵਿੱਚ ਵਿਚਰਦੇ ਮਾਸਾਹਾਰੀ ਤੇ ਸ਼ਾਕਾਹਾਰੀ ਵੀ ਸਨ ਤੇ ਉਹਨਾਂ ਨੂੰ ਤਨ ਦੀ ਸੁਰੱਖਿਆ ਲਈ ਜੋ ਵੀ ਅਤੇ ਜਦੋਂ ਵੀ ਉਪਲੱਬਦ ਹੁੰਦਾ ਉਹ ਵਰਤ ਲੈਂਦੇ। ਜੰਗਲੀ ਜਾਨਵਰਾਂ ਦਾ ਸ਼ਿਕਾਰ ਕਰਕੇ ਮਾਸ ਵਰਤਿਆ ਜਾਂਦਾ ਤੇ ਜਦੋਂ ਕਿਤੋਂ ਰਸਦ ਪਰਾਪਤ ਹੋ ਜਾਂਦੀ ਤਾਂ ਉਸ ਦਾ ਸੇਵਨ ਕੀਤਾ ਜਾਂਦਾ। ਕੀ ਉਹ ਧਰਮ ਪੱਖੋਂ ਅਨਜਾਣ ਸਨ? ਅਗਰ ਉਦੋਂ ਧਰਮ ਪੱਖੋਂ ਮਾਸਾਹਾਰੀ ਤੇ ਸ਼ਾਕਾਹਾਰੀ ਦਾ ਕਦੇ ਕੋਈ ਸਵਾਲ ਨਹੀ ਉਠਿਆ ਤਾਂ ਹੁਣ ਇਸ ਦਾ ਝਗੜਾ ਕਿਉਂ? ਅਸਲ ਵਿੱਚ ਇਹ ਧਰਮ ਦਾ ਮਸਲਾ ਹੈ ਹੀ ਨਹੀ ਕਿਉਂਕਿ ਧਰਮ ਕੇਵਲ ਮਨ ਨਾਲ ਸਬੰਧਿਤ ਹੈ, ਤਨ ਨਾਲ ਨਹੀ। ਮਮਾ ਮਨ ਸਿਉ ਕਾਜੁ ਹੈ ਮਨ ਸਾਧੇ ਸਿਧਿ ਹੋਇ ॥ ਮਨ ਹੀ ਮਨ ਸਿਉ ਕਹੈ ਕਬੀਰਾ ਮਨ ਸਾ ਮਿਲਿਆ ਨ ਕੋਇ ॥ {ਪੰਨਾ 342}। ਧਰਮ ਅੰਦਰੂਨੀ ਮਨ ਦੀ ਸਾਧਨਾ ਹੈ, ਮਨ ਦੀ ਪਵਿੱਤ੍ਰਤਾ ਹੈ, ਮਨ ਦੀ ਜਾਗਰਿਤੀ ਹੈ, ਮਨ ਦੀ ਉਜਾਗਰਤਾ ਹੈ ਤੇ ਇਸ ਦਾ ਬਾਹਰੀ ਖਾਣ, ਪੀਣ ਤੇ ਪਹਿਨਣ ਨਾਲ ਕੋਈ ਸਬੰਧ ਨਹੀ। ਅਗਰ ਤਨ ਦੀ ਖੁਰਾਕ ਮਨ ਦੀ ਸੋਚ ਨੂੰ ਪ੍ਰਭਾਵਤ ਕਰ ਸਕਦੀ ਹੁੰਦੀ, ਸੋਚ ਨੂੰ ਬਦਲਨ ਦੇ ਸਮਰੱਥ ਹੁੰਦੀ ਤਾਂ ਗੁਰੂ ਅਤੇ ਉਸ ਦੇ ਗਿਆਨ ਦੀ ਤਾਂ ਲੋੜ ਹੀ ਨਾਂ ਰਹਿ ਜਾਂਦੀ। ਗੁਰਬਾਣੀ ਵਿੱਚ “ਜੀਅ ਦਇਆ” ਦੇ ਸੰਕਲਪ ਨੂੰ ਡੁੰਘਾਈ ਵਿੱਚ ਵੀਚਾਰੇ ਬਿਨਾ ਸ਼ਾਕਾਹਾਰੀ ਜਾਂ ਮਾਸਾਹਾਰੀ ਦੇ ਮਸਲੇ ਵਿੱਚ ਨਹੀ ਲਿਆ ਜਾ ਸਕਦਾ ਕਿਉਂਕਿ ਕੇਵਲ ਓਪਰੀ ਨਜ਼ਰ ਮਾਰਿਆਂ ਜੇ (ਗੁਰਬਾਣੀ ਅਨੁਸਾਰ) ਮਾਸ, ਮੈਦਾ ਤੇ ਸਾਗ ਵਿੱਚ ਕੋਈ ਭੇਦ ਨਹੀ ਅਤੇ ਪਾਣੀ ਵੀ ਜੀੳ ਹੈ (ਜਿਤ ਹਰਿਆ ਸਭ ਕੋਇ) ਤਾਂ ਇਹਨਾਂ ਤੇ ਦਇਆ ਕਰਕੇ ਮਨੁੱਖ ਖਾਵੇ ਪੀਵੇਗਾ ਕੀ? ਗੁਰਬਾਣੀ ਨੇ ਤਨ ਦੀ ਖੁਰਾਕ, ਖਾਣ ਪੀਣ ਨੂੰ ਧਰਮ ਦਾ ਮਸਲਾ ਨਹੀ ਬਣਾਇਆ, ਖਾਣਾ ਪੀਣਾ ਪਵਿਤ੍ਰੁ ਹੈ ਦਿਤੋਨੁ ਰਿਜਕੁ ਸੰਬਾਹਿ ॥ ਨਾਨਕ ਜਿਨ੍ਹ੍ਹੀ ਗੁਰਮੁਖਿ ਬੁਝਿਆ ਤਿਨ੍ਹ੍ਹਾ ਸੂਤਕੁ ਨਾਹਿ ॥ {ਪੰਨਾ 472} ਇਹ ਤਾਂ ਮਨੁੱਖ ਦੀ (ਗਿਆਨ ਵਿਹੂਣੀ) ਅੰਨ੍ਹੀ ਸ਼ਰਧਾ ਦਾ ਹੀ ਨਤੀਜਾ ਹੈ ਇਸ ਲਈ ਜਿਨੀ ਦੇਰ ਤਕ ਅੰਨ੍ਹੀ ਸ਼ਰਧਾ ਰਹੇਗੀ ਇਹ ਫਜ਼ੂਲ ਦਾ ਝਗੜਾ ਕਦੇ ਵੀ ਮੁੱਕਣ ਵਾਲਾ ਨਹੀ। ਧਰਮ ਪੱਖੋਂ ਤਨ ਦੀ ਖੁਰਾਕ ਤੇ ਕੋਈ ਬੰਦਿਸ਼ ਨਹੀ, ਕੇਵਲ ਇਹਨਾਂ ਦਾ ਰਸ, ਚਸਕਾ, ਸੁਆਦ, ਮੋਹ ਤੇ ਲੋਭ (ਮਨ ਦੀ ਵਿਕਾਰੀ ਖੁਰਾਕ) ਹੀ ਬਿਬ੍ਰਜਿਤ ਹੈ।

ਦਰਸ਼ਨ ਸਿੰਘ,

ਵੁਲਵਰਹੈਂਪਟਨ, ਯੂ. ਕੇ
.