.

ਚੰਗੇ ਸਮਾਜ ਦੀ ਸਿਰਜਨਾ … (25)

ਲੈਫ਼ ਕਰਨਲ (ਰਿਟਾ.) ਗੁਰਦੀਪ ਸਿੰਘ

ਬਹੁਤੇ ਗੁਰਦਵਾਰੇ ‘ਮਾਡਰਨ ਮਹੰਤਾਂ’ ਦੇ ਕਬਜ਼ੇ ਹੇਠ ਹਨ। ਇਨ੍ਹਾਂ ਨੇ ਚੰਗੇ ਸਮਾਜ ਪ੍ਰਬੰਧ ਦੀ ਸਿਰਜਨਾ ਲਈ ਸਹਿਜੋਗ ਨਹੀਂ ਦੇਣਾ!

ਅੱਜ ਇਹ ਇੱਕ ਦੁਖਦਾਈ ਹਕੀਕਤ ਹੈ ਕਿ ਬਹੁਤੇ ਗੁਰਦਵਾਰੇ ‘ਮਾਡਰਨ ਮਹੰਤਾਂ’ ਦੇ ਕਬਜ਼ੇ ਹੇਠ ਹਨ। ਪ੍ਰਬੰਧਕਾਂ ਦੇ ਰੂਪ ਵਿੱਚ, ਗੁਰਦਵਾਰਿਆਂ `ਤੇ ਕਾਬਜ਼ ਹੋਏ ਬੈਠੇ ਇਹ (ਅਖੌਤੀ) ਸਿੱਖ, ਸਿੱਖ-ਸਿਧਾਂਤਾਂ ਦੀ ਸੂਝ ਤੋਂ ਤਕਰੀਬਨ ਸੱਖਣੇ ਹੀ ਹਨ। ਇਹ ਜਾਂ ਤਾਂ ਆਪਣੀ ਚੌਧਰ ਦੀ ਖ਼ਾਤਰ (ਹਉਮੈ ਨੂੰ ਪੱਠੇ ਪਾਉਂਣ ਲਈ) ਅਤੇ ਜਾਂ ਫਿਰ ਗੁਰੂ ਦੀ ਗੋਲਕ ਦੀ ਦੁਰਵਰਤੋਂ ਕਰਨ ਲਈ ਹੀ ਪ੍ਰਬੰਧਕ ਬਣੇ ਹੋਏ ਹਨ। ਇਹੀ ਵੱਡਾ ਕਾਰਨ ਹੈ ਕਿ (ਗੁਰਮਤਿ-ਵਿਰੋਧੀ ਵੋਟ-ਵਿਧਾਨ ਦੁਆਰਾ ਪ੍ਰਬੰਧਕਾਂ ਵਿੱਚ ਸ਼ਾਮਿਲ ਹੋਕੇ) ਗੁਰਦਵਾਰਿਆਂ ਨੂੰ ਗੁਰਮਤਿ ਫ਼ਲਸਫ਼ੇ ਦੀ ਸਿਖਾਈ ਲਈ ਧਰਮਸ਼ਾਲਾ ਬਣਾਉਣ ਦੀ ਬਜਾਏ, ਗੁਰਦਵਾਰਿਆਂ ਨੂੰ ਬਿੱਪਰਵਾਦੀ ਕਰਮ-ਕਾਂਡਾਂ {ਥਿੱਤਾਂ-ਵਾਰ ਮਨਾਉਣੇ, ਕਰਮ-ਕਾਂਡੀ ਅਖੰਡ-ਪਾਠ ਕਰਾਉਣੇ, ਸੰਗਰਾਂਦਾਂ (ਨੂੰ ਪਵਿੱਤਰ ਦਿਹਾੜੇ ਜਾਣ ਕੇ) ਮਨਾਉਣੀਆਂ, ਸ਼ੋਰ-ਸ਼ਰਾਬੇ ਵਾਲੇ ਨਗਰ ਕੀਰਤਨ ਕੱਢਣੇ, ਜਗਰਾਤੇ ਕਰਾਉਣੇ, ਅਲੌਕਿਕ ਕੀਰਤਨ-ਦਰਬਾਰ ਕਰਾਉਣੇ, ਸੁਖਮਨੀ ਸੇਵਾ ਸੁਸਾਇਟੀਆਂ ਦੇ ਕਰਮ-ਕਾਂਡੀ ਪਾਠ ਕਰਾਉਣੇ, ਸਾਰਾ ਜ਼ੋਰ ਗੁਰਦਵਾਰਿਆਂ ਦੀਆਂ ਆਲੀਸ਼ਾਨ ਇਮਾਰਤਾਂ ਬਣਾਉਣ `ਤੇ ਲਾਉਣਾ, ਸੋਨੇ ਦੀਆਂ ਪਾਲਕੀਆਂ ਤਿਆਰ ਕਰਵਾਉਣੀਆਂ, ਛੱਤੀ ਪ੍ਰਕਾਰ ਦੇ ਮਲਕ-ਭਾਗੋ ਦੇ ਲੰਗਰ ਤਿਆਰ ਕਰਾਉਣੇ, ਹਨ੍ਹੇਰੇ-ਹਨ੍ਹੇਰੇ (ਬਿਨਾਂ ਸੰਗਤਿ ਦੀ ਜ਼ਿਕਰਯੋਗ ਹਾਜ਼ਰੀ ਦੇ) ਆਸਾ ਦੀ ਵਾਰ ਦੇ ਕਰਮ-ਕਾਂਡੀ ਕੀਰਤਨ ਕਰਾਉਣੇ, ਕਰਮ-ਕਾਂਡੀ ਨਿਤਨੇਮ (ਜਿਨ੍ਹਾਂ ਵਿੱਚੋਂ ਸ਼ਬਦ ਦੀ ਵਿਚਾਰ ਮਨਫ਼ੀ ਹੁੰਦੀ ਹੈ) ਕਰਾਉਣੇ, ਦੀਵਾਲੀ ਨੂੰ ਦੀਵੇ ਜਲਾਉਣੇ, ਪਟਾਕੇ ਚਲਾਉਣੇ ਤੇ ਆਤਿਸ਼ਬਾਜ਼ੀ ਕਰਨੀ, ਉੱਚੀ ਆਵਾਜ਼ ਵਿੱਚ ਲਾਊਡ-ਸਪੀਕਰ ਵਜਾਉਣੇ ਆਦਿ)} ਦੇ ਅੱਡੇ ਬਣਾਇਆ ਹੋਇਆ ਹੈ। ਇਸ ਗੁਰਦਵਾਰਾ ਪ੍ਰਬੰਧਕੀ ਟੋਲੇ ਨੇ ਵੀ, ਵਿਸ਼ਵ-ਪੱਧਰੀ ਚੰਗੇ ਸਮਾਜ-ਪ੍ਰਬੰਧ ਦੀ ਸਿਰਜਨਾ ਦੇ ਕਾਰਜ ਵਿੱਚ, ਕੋਈ ਹਾਂ-ਪੱਖੀ ਯੋਗਦਾਨ ਨਹੀਂ ਪਾਉਣਾ, ਬਲਕਿ ਗੁਰਮਤਿ ਸਿਧਾਂਤਾਂ ਦੇ ਸ਼ੁੱਧ ਰੂਪ ਵਿੱਚ ਪ੍ਰਚਾਰਨ ਦੇ ਰਾਹ ਦਾ ਇਹ ਇੱਕ ਦੁਖਦਾਈ ਰੋੜਾ ਬਣੇ ਹੋਏ ਹਨ।

ਲੇਖਕ, ਇਸ ਸਬੰਧ ਵਿੱਚ, ਆਪਣੀ ਇੱਕ ਦਿਲਚਸਪ ਸੱਜਰੀ ਹੱਡ-ਬੀਤੀ ਪਾਠਕਾਂ ਨਾਲ ਸਾਂਝੀ ਕਰਨਾ ਚਾਹੁੰਦਾ ਹੈ। ਜਦੋਂ, ਜੂਨ-ਅਕਤੂਬਰ 2013 ਦੌਰਾਨ, ਲੇਖਕ ਕੈਨੇਡਾ ਵਿੱਚ ਸੀ ਤਾਂ ਲੇਖਕ ਨੇ ਆਪਣਾ ਇੱਕ ਬਾਇਓ-ਡਾਟਾ (ਪਛਾਣ-ਪੱਤਰ) ਬਣਾ ਕੇ ਕੁੱਝ ਕੁ ਗੁਰਦਵਾਰਾ ਪ੍ਰਬੰਧਕ ਕਮੇਟੀਆਂ ਨੂੰ ਦਿੱਤਾ ਅਤੇ ਦੱਸਿਆ ਕਿ ਜੇਕਰ ਉਹ ਚਾਹੁਣ ਤਾਂ ਲੇਖਕ, ਕੁੱਝ ਕੁ ਦਿਨਾਂ ਲਈ, ਗੁਰੂ ਗ੍ਰੰਥ ਸਾਹਿਬ ਦੇ ਮੁੱਢਲੇ ਸਿਧਾਂਤਾਂ ਦੀ ਵਿਚਾਰ (ਨਿਸ਼ਕਾਮਤਾ ਸਹਿਤ) ਸੰਗਤਿ ਨਾਲ ਸਾਂਝੀ ਕਰ ਕੇ ਖੁਸ਼ੀ ਮਹਿਸੂਸ ਕਰੇਗਾ। ਪਰ, ਅਫ਼ਸੋਸ ਕਿ ਕਿਸੇ ਇੱਕ ਵੀ ਪ੍ਰਬੰਧਕ ਕਮੇਟੀ ਨੇ ਕੋਈ ਹੁੰਗਾਰਾ ਨਾ ਭਰਿਆ। ਅਜਿਹਾ, ਸ਼ਾਇਦ, ਇਸ ਲਈ ਹੋਇਆ ਕਿ ਲੇਖਕ ਨਾਂ ਤਾਂ ਕੌਮ ਦਾ ਪ੍ਰਸਿੱਧ ਕਥਾਵਾਚਕ (ਪ੍ਰਚਾਰਕ) ਹੈ ਅਤੇ ਨਾ ਹੀ ‘ਮਹਾਨ ਕੀਰਤਨੀਆ’। ਇਹ ਪ੍ਰਬੰਧਕ ਕੌਮ ਦੇ ‘ਮਹਾਨ ਪ੍ਰਚਾਰਕਾਂ’ ਨੂੰ ਹੀ ਗੁਰਦਵਾਰੇ ਦੀ ਸਟੇਜ `ਤੇ ਚੜ੍ਹਨ ਦਿੰਦੇ ਹਨ, ਕਿਉਂਕਿ, ਇਨ੍ਹਾਂ ਨੇ ਉਨ੍ਹਾਂ ‘ਮਹਾਨ ਪ੍ਰਚਾਰਕਾਂ’ ਬਾਰੇ ਪਬਲੀਸਿਟੀ ਕਰ ਕੇ ਵੱਧ ਤੋਂ ਵੱਧ ਸੰਗਤਿ ਇਕੱਠੀ ਕਰਨੀ ਹੁੰਦੀ ਹੈ ਤਾ ਕਿ ਗੁਰੂ ਦੀ ਗੋਲਕ ਨੂੰ ਭਰ ਕੇ ਆਪਣੀ ਮਰਜ਼ੀ ਅਨੁਸਾਰ ਵਰਤ ਸਕਣ।

ਗੁਰਦਵਾਰਿਆਂ ਦੀ ਸੰਗਤਿ ਵਿੱਚ ਵੀ ਕੁੱਝ ਕੁ ਗੁਰਮਤਿ-ਵਿਹੂਣੇ ‘ਤੀਸਮਾਰ-ਖ਼ਾਂ’! !

ਗੁਰਦਵਾਰਿਆਂ `ਚ ਇੱਕ ਹੋਰ ਦੁਖਦਾਈ ਭਾਣਾ ਵਰਤਿਆ ਪਿਆ ਹੈ। ਤਕਰੀਬਨ ਹਰ ਇੱਕ ਗੁਰਦਵਾਰੇ ਦੀ ਸੰਗਤਿ ਵਿੱਚ ਕੁੱਝ ਕੁ ਅਜਿਹੇ ‘ਘੜੰਮ-ਚੌਧਰੀ’ ਵੀ ਹੁੰਦੇ ਹਨ ਜਿਨ੍ਹਾਂ ਨੂੰ ਗੁਰਮਤਿ ਸਿਧਾਂਤਾਂ ਬਾਰੇ ਬਹੁਤ ਹੀ ਘੱਟ ਜਾਣਕਾਰੀ (ਨਾ-ਮਾਤਰ ਹੀ) ਹੁੰਦੀ ਹੈ, ਪਰ ਉਹ ‘ਹਰ ਮਸਾਲੇ ਪਿਪਲਾ ਮੂਲ’ ਦੀ ਤਰ੍ਹਾਂ ਪ੍ਰਬੰਧਕਾਂ ਨੂੰ ਆਪਣੀ ਮਰਜ਼ੀ ਅਨੁਸਾਰ ਚਲਾਉਂਣਾ ਚਾਹੁੰਦੇ ਹਨ। ਜੇਕਰ ਕੋਈ ਪ੍ਰਚਾਰਕ, ਗੁਰਮਤਿ ਸਿਧਾਂਤਾਂ ਦਾ ਸ਼ੁੱਧ ਰੂਪ ਵਿੱਚ ਪਰਚਾਰ ਕਰਨ ਦਾ ਯਤਨ ਕਰਦਾ ਹੈ ਤਾਂ ਇਹ ਆਪੇ-ਬਣੇ ‘ਬ੍ਰਹਮ-ਗਿਆਨੀ’ (ਤੀਸਮਾਰ-ਖ਼ਾਂ) ਉੱਚੀ ਆਵਾਜ਼ ਵਿੱਚ ਉਸ ਦਾ ਵਿਰੋਧ ਕਰਦੇ ਹਨ ਅਤੇ ਪ੍ਰਬੰਧਕਾਂ ਨੂੰ ਮਜ਼ਬੂਰ ਕਰਦੇ ਹਨ ਕਿ ਅਜਿਹੇ ਪ੍ਰਚਾਰਕਾਂ ਨੂੰ ਦੁਬਾਰਾ ਸੰਗਤਿ ਵਿੱਚ ਬੋਲਣ ਦਾ ਸਮਾਂ ਨਾ ਦਿੱਤਾ ਜਾਵੇ ਅਤੇ ਗੁਰਮਤਿ-ਵਿਹੂਣੇ (ਡਰਪੋਕ) ਪ੍ਰਬੰਧਕ, ਅਕਸਰ ਇਨ੍ਹਾਂ ਘੜੰਮ ਚੌਧਰੀਆਂ ਅੱਗੇ ਝੁਕ ਜਾਂਦੇ ਹਨ। ਚਾਹੀਦਾ ਤਾਂ ਇਹ ਹੈ ਕਿ ਪ੍ਰਚਾਰਕ ਨੂੰ ਸਿਰਫ਼ ਇਤਨਾ ਹੀ ਕਿਹਾ ਜਾਵੇ ਕਿ, “ਵੀਰ ਜੀ! ਭੈਣ ਜੀ! ਸੰਗਤਿ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਫ਼ਲਸਫ਼ੇ ਦੇ ਅਨੁਕੂਲ ਹੀ ਬੋਲਣਾ ਹੈ, ਇਸ ਦੇ ਵਿਰੁੱਧ ਕੋਈ ਬਚਨ ਨਹੀਂ ਕਰਨਾ”। ਜੇਕਰ ਫਿਰ ਵੀ ਕੋਈ ਪ੍ਰਚਾਰਕ ਜਾਣੇਂ-ਅਣਜਾਣੇ ਵਿੱਚ, ਕੋਈ ਗੱਲ ਅਜਿਹੀ ਕਹਿ ਜਾਵੇ ਜੋ ਗੁਰੂ ਗ੍ਰੰਥ ਸਾਹਿਬ ਦੇ ਫ਼ਲਸਫ਼ੇ ਅਨੁਸਾਰ ਨਾ ਲਗਦੀ ਹੋਵੇ, ਤਾਂ ਉਸ ਪ੍ਰਚਾਰਕ ਨਾਲ ਬੈਠ ਕੇ ਇਸ ਬਾਰੇ ਵਿਚਾਰ ਕੀਤੀ ਜਾ ਸਕਦੀ ਹੈ। ਕਿਉਂਕਿ ਮਨੁੱਖ ਭੁੱਲਣਹਾਰ ਹੈ, ਪ੍ਰਚਾਰਕ ਵੱਲੋਂ, ਹੋਈਆਂ ਭੁੱਲਾਂ ਦੀ ਤੁਰੰਤ ਹੀ ਖਿਮਾ ਮੰਗ ਲੈਣੀ ਚਾਹੀਦੀ ਹੈ। ਪਰ, ਜੇਕਰ ਪ੍ਰਚਾਰਕ ਦਾ ਪ੍ਰਚਾਰ ਗੁਰਮਤਿ ਅਨੁਕੂਲ ਸਿੱਧ ਹੋ ਜਾਵੇ ਤਾਂ ਸੰਗਤਿ, ਪ੍ਰਬੰਧਕ (ਅਤੇ ਇਹ ਤੀਸਮਾਰ-ਖ਼ਾਂ) ਆਪਣੀ ਗਲਤੀ ਸਵੀਕਾਰ ਕਰ ਕੇ ਪ੍ਰਚਾਰਕ ਤੋਂ (ਸੰਗਤਿ ਦੇ ਸਾਹਮਣੇ) ਖਿਮਾ ਜਾਚਨਾ ਕਰਨ ਤਾਕਿ ਗੁਰਦਵਾਰਾ ਸੰਸਥਾ ਰਾਹੀਂ ਸ਼ੁੱਧ ਗੁਰਮਤਿ ਫ਼ਲਸਫ਼ੇ ਦਾ ਪ੍ਰਚਾਰ ਨਿਰੰਤਰ ਹੁੰਦਾ ਰਹੇ, ਜਿਸ ਲਈ ਕਿ ਇਹ ਸੰਸਥਾ ਹੋਂਦ ਵਿੱਚ ਆਈ ਹੋਈ ਹੈ।

ਇਹ ਇੱਕ ਆਮ ਵਰਤਾਰਾ ਹੈ ਕਿ ਕਿਸੇ ਸਿੱਖ ਨੂੰ ਜਿਸ ਪੱਧਰ ਦੀ ਜਾਣਕਾਰੀ ਸਿੱਖੀ ਬਾਰੇ ਮਿਲੀ ਹੁੰਦੀ ਹੈ, ਉਹ ‘ਖੂਹ ਦੇ ਡੱਡੂ’ ਦੀ ਤਰ੍ਹਾਂ ਉਸ ਨੂੰ ਹੀ ‘ਅੰਤਮ-ਸੱਚ’ ਮੰਨ ਕੇ ਵਿੱਚਰਦਾ ਹੈ ਅਤੇ ਜਦੋਂ ਉਸ ਦੀ ਇਸ ਬਣੀ ਮਨੌਤ ਦੇ ਉਲਟ ਕੋਈ ਪ੍ਰਚਾਰਕ ਬੋਲਦਾ ਹੈ ਤਾਂ ਉਹ ਮਨੋਂ ਦੁਖੀ ਹੋ ਜਾਂਦਾ ਹੈ ਅਤੇ ਪ੍ਰਚਾਰਕ ਦੇ ਗਲ ਪੈਣ ਤੱਕ ਵੀ ਚਲਾ ਜਾਂਦਾ ਹੈ। ਅਜਿਹੇ ਹਾਲਾਤਾਂ `ਚ ਚਾਹੀਦਾ ਹੈ ਕਿ ਆਪਣੀ ਬਣੀ ਮਨੌਤ ਨੂੰ ਸ਼ਬਦ-ਗੁਰੂ ਦੇ ਸਿਧਾਂਤਾਂ ਅਨੁਸਾਰ ਬਦਲ ਲਿਆ ਜਾਵੇ। ਯਾਨੀ ਕਿ, ਜਦੋਂ ਪਤਾ ਲੱਗ ਜਾਵੇ ਕਿ, “ਮੇਰੀ ਮਨੌਤ ਗੁਰਮਤਿ ਸਿਧਾਂਤ ਦੇ ਉਲਟ ਹੈ, ਤਾਂ, ਮੈਨੂੰ ਉਹ ਮਨੌਤ ਤੁਰੰਤ ਛੱਡ ਕੇ ਗੁਰਮਤਿ ਸਿਧਾਂਤ ਅਪਣਾ ਲੈਣਾ ਚਾਹੀਦਾ ਹੈ”।

ਇਸ ਲਈ, ਉੱਪਰ ਵਰਣਨ ਕੀਤੀਆਂ ਸਥਾਨਿਕ ਤੇ ਵਿਸ਼ਵ-ਪੱਧਰੀ ਚੁਣੌਤੀਆਂ ਦੇ ਬਾ-ਵਜੂਦ, ਗੁਰੂ ਨਾਨਕ ਸਾਹਿਬ ਵੱਲੋਂ ਆਰੰਭ ਕੀਤੀ ਇਨਕਲਾਬੀ ਲਹਿਰ ਨੂੰ, ਵਿਸ਼ਵ-ਪੱਧਰ ਤੱਕ, ਠੀਕ ਉਵੇਂ ਹੀ ਅੱਗੇ ਵਧਾਉਣਾ ਪਵੇਗਾ ਜਿਵੇਂ ਗੁਰੂ ਨਾਨਕ ਸਾਹਿਬ ਨੇ, ਵਿਸ਼ਵ-ਪੱਧਰੀ ਪ੍ਰਚਾਰ ਫੇਰੀਆਂ ਦੌਰਾਨ ਘਰ-ਘਰ ਵਿੱਚ ਸੰਗਤਿ ਇਕੱਤਰ ਕਰ ਕੇ ਅਰੰਭ ਕੀਤਾ ਸੀ।

ਵਿਸ਼ਵ ਪੱਧਰੀ ਚੰਗਾ ਸਮਾਜ-ਪ੍ਰਬੰਧ (ਹਲੇਮੀ ਰਾਜ) ਅਵੱਸ਼ ਹੀ ਹੋਂਦ ਵਿੱਚ ਆਵੇਗਾ!

ਸਿਰੀਰਾਗੁ ਮਹਲਾ 5॥ ਪੈ ਪਾਇ ਮਨਾਈ ਸੋਇ ਜੀਉ॥ ਸਤਿਗੁਰ ਪੁਰਖਿ ਮਿਲਾਇਆ ਤਿਸੁ ਜੇਵਡੁ ਅਵਰੁ ਨ ਕੋਇ ਜੀਉ॥ 1॥ ਰਹਾਉ।

--------------------------------------------

ਸੁਣਿ ਗਲਾ ਗੁਰ ਪਹਿ ਆਇਆ॥ ਨਾਮੁ ਦਾਨੁ ਇਸਨਾਨੁ ਦਿੜਾਇਆ॥ ਸਭੁ ਮੁਕਤੁ ਹੋਆ ਸੈਸਾਰੜਾ ਨਾਨਕ ਸਚੀ ਬੇੜੀ ਚਾੜਿ ਜਉ॥ 11॥

ਸਭ ਸ੍ਰਿਸਟਿ ਸੇਵੇ ਦਿਨੁ ਰਾਤਿ ਜੀੳ॥ ਦੇ ਕੰਨੁ ਸੁਣਹੁ ਅਰਦਾਸਿ ਜੀਉ॥

ਠੋਕਿ ਵਜਾਇ ਸਭ ਡਿਠੀਆ ਤੁਸਿ ਆਪੇ ਲਇਅਨੁ ਛਡਾਇ ਜੀਉ॥ 12॥

ਹੁਣਿ ਹੁਕਮੁ ਹੋਆ ਮਿਹਰਵਾਣ ਦਾ॥ ਪੈ ਕੋਇ ਨਾ ਕਿਸੈ ਰਞਾਣਦਾ॥ ਸਭ ਸੁਖਾਲੀ ਵੁਠੀਆ ਇਹੁ ਹੋਆ ਹਲੇਮੀ ਰਾਜੁ ਜੀਉ॥ 13॥

(ਮ: 5, 73-74)

ਭਾਵ: (ਹੇ ਭਾਈ!) ਮੈਂ (ਸ਼ਬਦ-ਗੁਰੂ ਦੀ) ਚਰਨੀਂ ਲੱਗ ਕੇ ਉਸ (ਪਰਮਾਤਮਾ) ਨੂੰ ਪ੍ਰਸੰਨ ਕਰਨ ਦਾ ਯਤਨ ਕਰਦਾ ਹਾਂ। ਸ਼ਬਦ-ਗੁਰੂ ਨੇ (ਮੈਨੂੰ) ਪਰਮਾਤਮਾ ਮਿਲਾਇਆ ਹੈ। (ਹੁਣ ਮੈਨੂੰ ਸਮਝ ਆ ਗਈ ਹੈ ਕਿ) ਉਸ ਪਰਮਾਤਮਾ ਦੇ ਬਰਾਬਰ ਦਾ ਹੋਰ ਕੋਈ ਨਹੀਂ ਹੈ। 1. ਰਹਾਉ।

ਹੇ ਨਾਨਕ! ਸ਼ਬਦ-ਗੁਰੂ (ਜਿਸ ਜਿਸ ਨੂੰ) ਸਦਾ-ਥਿਰ ਪ੍ਰਭੂ ਦੇ ਸਿਮਰਨ (ਹੁਕਮਿ ਰਜਾਈ ਚੱਲਣ) ਦੀ ਬੇੜੀ ਵਿੱਚ ਬਿਠਾਂਦਾ ਹੈ, ਉਹ ਸਾਰਾ ਜਗਤ ਹੀ ਵਿਕਾਰਾਂ ਤੋਂ ਬਚਦਾ ਜਾਂਦਾ ਹੈ-ਇਹ ਗੱਲਾਂ ਸੁਣ ਕੇ ਮੈਂ ਵੀ ਸ਼ਬਦ-ਗੁਰੂ ਦੇ ਕੋਲ ਆ ਗਿਆ ਹਾਂ, ਤੇ ਉਸ ਨੇ ਮੇਰੇ ਹਿਰਦੇ ਵਿੱਚ ਇਹ ਭਰੋਸਾ ਬਿਠਾ ਦਿੱਤਾ ਹੈ ਕਿ ਨਾਮ ਸਿਮਰਨਾ (ਹੁਕਮਿ ਰਜ਼ਾਈ ਚੱਲਣਾ), ਹੋਰਨਾਂ ਨੂੰ ਸਿਮਰਨ ਵੱਲ ਪ੍ਰੇਰਨਾ, ਪਵਿੱਤ੍ਰ ਜੀਵਨ ਬਨਾਣਾ - ਇਹੀ ਹੈ ਸਹੀ ਜੀਵਨ-ਰਾਹ। 11॥

(ਹੇ ਪ੍ਰਭੂ!) ਸਾਰੀ ਸ੍ਰਿਸ਼ਟੀ, ਦਿਨ ਰਾਤ ਤੇਰੀ ਹੀ ਸੇਵਾ ਭਗਤੀ ਕਰਦੀ ਹੈ (ਭਾਵ, ਤੇਰੇ ਹੁਕਮ ਅਧੀਨ ਚਲਦੀ ਹੈ), ਤੂੰ ਹਰੇਕ ਜੀਵ ਦੀ ਅਰਦਾਸ ਧਿਆਨ ਨਾਲ ਸੁਣਦਾ ਹੈਂ।

(ਹੇ ਭਾਈ!) ਮੈਂ ਸਾਰੀ ਲੁਕਾਈ ਨੂੰ ਚੰਗੀ ਤਰ੍ਹਾਂ, ਪਰਖ ਕੇ ਵੇਖ ਲਿਆ ਹੈ (ਜਿਨ੍ਹਾਂ ਜਿਨ੍ਹਾਂ ਨੂੰ ਵਿਕਾਰਾਂ ਤੋਂ ਛਡਾਇਆ ਹੈ) ਪ੍ਰਭੂ ਨੇ ਆਪ ਹੀ ਪ੍ਰਸੰਨ ਹੋ ਕੇ ਛਡਾਇਆ ਹੈ। 12.

(ਜਿਸ ਜਿਸ ਉੱਤੇ ਪ੍ਰਭੂ ਦੀ ਮਿਹਰ ਹੋਈ ਉਹ) ਸਾਰੀ ਲੁਕਾਈ (ਅੰਤਰ-ਆਤਮੇ) ਆਤਮਿਕ ਅਨੰਦ ਵਿੱਚ ਵਸ ਰਹੀ ਹੈ, (ਹਰੇਕ ਦੇ ਅੰਦਰ) ਇਹ ਨਿਮਰਤਾ ਦਾ ਰਾਜ ਹੋ ਗਿਆ ਹੈ। ਮਿਹਰਵਾਨ ਪ੍ਰਭੂ ਦਾ ਹੁਣ ਐਸਾ ਹੁਕਮ ਵਰਤਿਆ ਹੈ ਕਿ ਕੋਈ ਵੀ ਕਾਮਾਦਿਕ ਵਿਕਾਰ (ਸ਼ਰਨ ਆਏ) ਕਿਸੇ ਨੂੰ ਵੀ ਦੁਖੀ ਨਹੀਂ ਕਰ ਸਕਦਾ। 13.

ਸੰਸਾਰ ਦੇ ਸਾਰੇ ਚੰਗੇ (ਉਦਾਰਚਿੱਤ) ਮਨੁੱਖ ਵਿਸ਼ਵ-ਪੱਧਰੀ ਸੁਖ-ਸ਼ਾਂਤੀ ਤੇ ਖ਼ੁਸ਼ਹਾਲੀ ਸਥਾਪਤ ਕਰਨ ਦੇ ਹੱਕ ਵਿੱਚ ਹਨ

ਇਹ ਇੱਕ ਹਕੀਕਤ ਹੈ ਕਿ ਸਮੁੱਚੇ ਸੰਸਾਰ ਦੇ ਮਾਨਵ-ਵਾਦੀ ਵਿਚਾਰ ਰੱਖਣ ਵਾਲੇ (ਯਾਨੀ ਕਿ, ਹੱਕ, ਸੱਚ ਤੇ ਇਨਸਾਫ਼ ਦੇ ਰੱਬੀ ਨਿਯਮਾਂ `ਤੇ ਪਹਿਰਾ ਦੇ ਕੇ ਮਨੁੱਖੀ ਬਰਾਬਰੀ ਨੂੰ ਅਮਲੀ ਰੂਪ ਵਿੱਚ ਸਥਾਪਤ ਕਰਨ ਦੀ ਦਿਲੀ ਇੱਛਾ ਰੱਖਣ ਵਾਲੇ) ਪ੍ਰਾਣੀ ਦਿਲੋਂ ਚਾਹੁੰਦੇ ਹਨ ਕਿ ਸਮੁੱਚੇ ਸੰਸਾਰ ਅੰਦਰ ਸਦੀਵਕਾਲੀ ਸੁਖ-ਸ਼ਾਂਤੀ ਤੇ ਖ਼ੁਸ਼ਹਾਲੀ ਸਥਾਪਤ ਹੋਣੀ ਚਾਹੀਦੀ ਹੈ, ਵੈਰ-ਵਿਰੋਧ, ਨਫ਼ਰਤ ਤੇ ਲੜਾਈ-ਝਗੜੇ ਖ਼ਤਮ ਹੋਣੇ ਚਾਹੀਦੇ ਹਨ। ਪਰ, ਅਜਿਹਾ ਤੱਦ ਹੀ ਹੋ ਸਕੇਗਾ ਜਦੋਂ ਸੰਸਾਰ ਦੀ ਵਸੋਂ ਦਾ ਵੱਡਾ ਹਿੱਸਾ, ਕਾਦਿਰੁ ਦੀ ਕੁਦਰਤਿ ਦੇ ਅਟੱਲ ਨਿਯਮਾਂ ਦੀ ਪਾਲਣਾ ਕਰਦਾ ਹੋਇਆ ‘ਇਨਸਾਨੀਅਤ’ ਦੀ ਪਦਵੀ ਤੱਕ ਪਹੁੰਚ ਜਾਵੇਗਾ। ਸੱਚ-ਮੁੱਚ ਦਾ ਸੁਖ ਤੇ ਸ਼ਾਂਤੀ (ਕੇਵਲ ਅਤੇ ਕੇਵਲ) ਸੁਖਾਂ ਦੇ ਦਾਤੇ ਪ੍ਰਭੂ-ਪਿਤਾ ਦੇ ਰੱਬੀ-ਗੁਣਾਂ ਨੂੰ ਧਾਰਨ ਕਰਨ ਨਾਲ ਹੀ ਪ੍ਰਾਪਤ ਹੋ ਸਕਦੇ ਹਨ, ਦੁਨਿਆਵੀ ਪਦਾਰਥਾਂ ਦੀ ਪ੍ਰਾਪਤੀ ਨਾਲ ਨਹੀਂ। ਇਸ ਬਾਰੇ ਸ਼ਬਦ-ਗੁਰੂ ਦੇ ਫ਼ੁਰਮਾਣ ਹਨ -

ਸੁਖੁ ਨਾਹੀ ਬਹੁਤੈ ਧਨਿ ਖਾਟੇ॥ ਸੁਖੁ ਨਾਹੀ ਪੇਖੇ ਨਿਰਤਿ ਨਾਟੇ॥ ਸੁਖੁ ਨਾਹੀ ਬਹੁ ਦੇਸ ਕਮਾਏ॥ ਸਰਬ ਸੁਖਾਂ ਹਰਿ ਹਰਿ ਗੁਣ ਗਾਏ॥

(ਮ: 5, 1147)

ਭਾਵ: ਹੇ ਭਾਈ! ਬਹੁਤਾ ਧਨ ਖੱਟਣ ਨਾਲ (ਆਤਮਿਕ) ਆਨੰਦ ਨਹੀਂ ਮਿਲਦਾ, ਨਾਟਕਾਂ ਦੇ ਨਾਚ ਵੇਖਿਆਂ ਭੀ ਆਤਮਿਕ ਆਨੰਦ ਨਹੀਂ ਪ੍ਰਾਪਤ ਹੁੰਦਾ। ਹੇ ਭਾਈ! ਬਹੁਤੇ ਦੇਸ਼ ਜਿੱਤਣ ਨਾਲ ਵੀ ਸੁਖ ਨਹੀਂ ਮਿਲਦਾ। ਪਰ, ਹੇ ਭਾਈ! ਪਰਮਾਤਮਾ ਦੀ ਸਿਫ਼ਤਿ-ਸਾਲਾਹ ਕੀਤਿਆਂ (ਭਾਵ ਕਿ, ਹੁਕਮਿ ਰਜ਼ਾਈ ਚੱਲਣ ਨਾਲ) ਸਾਰੇ ਸੁਖ ਪ੍ਰਾਪਤ ਹੋ ਜਾਂਦੇ ਹਨ (ਕਿਉਂਕਿ, ਅਜਿਹਾ ਕਰਨ ਨਾਲ ਸਾਰੇ ਸੁਖਾਂ ਦੇ ਦਾਤੇ ਪ੍ਰਭੂ-ਪਿਤਾ ਨਾਲ ਮਿਲਾਪ ਹੋ ਜਾਂਦਾ ਹੈ)।

ਜੀਵਨ ਪਦੁ ਨਿਰਬਾਣੁ ਇਕੋ ਸਿਮਰੀਐ॥ ਦੂਜੀ ਨਾਹੀ ਜਾਇ ਕਿਨਿ ਬਿਧਿ ਧੀਰੀਐ॥ ਡਿਠਾ ਸਭੁ ਸੰਸਾਰੁ ਸੁਖੁ ਨ ਨਾਮ ਬਿਨੁ॥ ਤਨੁ ਧਨੁ ਹੋਸੀ ਛਾਰੁ ਜਾਣੈ ਕੋਇ ਜਨੁ॥ ਰੰਗ ਰੂਪ ਰਸ ਬਾਦਿ ਕਿ ਕਰਹਿਂ ਪਰਾਣੀਆਂ॥ ਜਿਸੁ ਭੁਲਾਏ ਆਪਿ ਤਿਸੁ ਕਲ ਨਹੀਂ ਜਾਣੀਆਂ॥ ਰੰਗਿ ਰਤੇ ਨਿਰਬਾਣੁ ਸਚਾ ਗਾਵਹੀ॥ ਨਾਨਕ ਸਰਣਿ ਦੁਆਰਿ ਜੇ ਤੁਧੁ ਭਾਵਹੀ॥ 2॥ (ਮ: 5, 322)

ਭਾਵ: ਜੇ ਵਾਸ਼ਨਾ-ਰਹਿਤ ਇੱਕ ਪ੍ਰਭੂ ਨੂੰ ਸਿਮਰੀਏ ਤਾਂ ਅਸਲੀ ਜੀਵਨ ਦਾ ਦਰਜਾ ਹਾਸਿਲ ਹੁੰਦਾ ਹੈ, (ਪਰ, ਇਸ ਅਵੱਸਥਾ ਦੀ ਪ੍ਰਾਪਤੀ ਲਈ) ਕੋਈ ਹੋਰ ਥਾਂ ਨਹੀਂ ਹੈ, (ਕਿਉਂਕਿ) ਕਿਸੇ ਹੋਰ ਤਰੀਕੇ ਨਾਲ ਮਨ ਟਿਕ ਨਹੀਂ ਸਕਦਾ। ਸਾਰਾ ਸੰਸਾਰ (ਟੋਲ ਕੇ) ਵੇਖਿਆ ਹੈ, ਪ੍ਰਭੂ ਦੇ ਨਾਮ ਤੋਂ ਬਿਨਾ (ਆਤਮਿਕ) ਸੁਖ ਨਹੀਂ ਮਿਲਦਾ। (ਜਗਤ ਇਸ ਤਨ ਤੇ ਧਨ ਵਿੱਚ ਸੁਖ ਭਾਲਦਾ ਹੈ) ਇਹ ਸਰੀਰ ਤੇ ਧਨ ਨਾਸ਼ ਹੋ ਜਾਣਗੇ, ਪਰ ਕੋਈ ਵਿਰਲਾ ਹੀ ਇਸ ਗੱਲ ਨੂੰ ਸਮਝਦਾ ਹੈ।

ਹੇ ਪ੍ਰਾਣੀ! ਤੂੰ ਕੀ ਕਰ ਰਿਹਾ ਹੈਂ? (ਭਾਵ ਕਿ, ਤੂੰ ਕਿਉਂ ਨਹੀਂ ਸਮਝਦਾ ਕਿ ਜਗਤ ਦੇ) ਰੰਗ-ਰੂਪ ਤੇ ਰਸ ਸਭ ਵਿਅਰਥ ਹਨ (ਇਨ੍ਹਾਂ ਦੇ ਪਿੱਛੇ ਲੱਗਿਆਂ ਮਨ ਦਾ ਟਿਕਾਉ ਹਾਸਲ ਨਹੀਂ ਹੁੰਦਾ)? (ਪਰ, ਜੀਵ ਦੇ ਭੀ ਕੀਹ ਵੱਸ?) ਪ੍ਰਭੂ ਜਿਸ ਮਨੁੱਖ ਨੂੰ ਆਪ ਕੁਰਾਹੇ ਪਾਂਦਾ ਹੈ, ਉਸ ਨੂੰ ਮਨ ਦੀ ਸ਼ਾਂਤੀ ਦੀ ਸਾਰ (ਸੋਝੀ) ਨਹੀਂ ਆਉਂਦੀ। ਜੋ ਮਨੁੱਖ ਪ੍ਰਭੂ ਦੇ ਪਿਆਰ ਵਿੱਚ ਰੰਗੇ ਹੋਏ ਹਨ, ਉਹ (ਉਸ) ਸਦਾ ਕਾਇਮ ਰਹਿਣ ਵਾਲੇ ਤੇ ਵਾਸ਼ਨਾ-ਰਹਿਤ ਪ੍ਰਭੂ ਨੂੰ ਗਾਉਂਦੇ ਹਨ। ਹੇ ਨਾਨਕ! (ਪ੍ਰਭੂ ਅੱਗੇ ਇਹ ਅਰਜ਼ੋਈ ਕਰ-ਹੇ ਪ੍ਰਭੂ!) ਜੇ ਤੈਨੂੰ ਚੰਗੇ ਲੱਗਣ ਤਾਂ ਜੀਵ ਤੇਰੇ ਦਰ `ਤੇ ਤੇਰੀ ਸ਼ਰਣ ਆਉਂਦੇ ਹਨ। 2.

ਲੇਖਕ ਵੱਲੋਂ ਮਾਨਵਵਾਦੀ ਮਨੁੱਖਤਾ ਦੇ ਸਨਮੁੱਖ ਹੱਥ-ਜੋੜ ਕੇ ਸਨਿਮਰ ਬੇਨਤੀ

ਗ਼ਰੀਬ ਜਨਤਕ ਆਧਾਰ ਵਾਲਾ ਇਨਕਲਾਬ

ਇੱਕ ਬਹੁਤ ਹੀ ਅਹਿਮ ਗੱਲ ਜੋ ਹਮੇਸ਼ਾਂ ਧਿਆਨ ਵਿੱਚ ਰੱਖਣ ਵਾਲੀ ਹੈ, ਇਹ ਹੈ, ਕਿ ਗੁਰੂ ਨਾਨਕ ਸਾਹਿਬ ਅਤੇ ਉਨ੍ਹਾਂ ਦੇ ਉਤਰਾਧਿਕਾਰੀ ਗੁਰੂ ਜਾਮਿਆਂ ਨੇ ਗੁਰਮਤਿ ਇਨਕਲਾਬ ਨੂੰ ਗ਼ਰੀਬ ਜਨਤਕ ਆਧਾਰ ਵਾਲਾ ਇਨਕਲਾਬ ਬਣਾ ਕੇ ਅਰੰਭ ਕੀਤਾ ਸੀ ਅਤੇ ਇਸ ਦੇ ਵਿਕਾਸ ਦੌਰਾਨ ਵੀ ਇਸ ਦੇ ਇਸ ਵਿਲੱਖਣ ਗੁਣ ਨੂੰ ਨਜ਼ਰ-ਅੰਦਾਜ਼ ਨਹੀਂ ਸੀ ਕੀਤਾ। ਦਸਮੇਸ਼ ਪਿਤਾ ਜੀ ਦੇ ਹੁਕਮ ਅਨੁਸਾਰ, ਹਲੇਮੀ ਰਾਜ ਦਾ ਜੋ ਮਾਡਲ ਬੰਦਾ ਸਿੰਘ ਬਹਾਦਰ ਨੇ ਕਾਇਮ ਕੀਤਾ ਸੀ ਉਸ ਰਾਜ-ਪ੍ਰਬੰਧ ਵਿੱਚ ਵੀ ਇਨਕਲਾਬ ਦੇ ਇਸ ਕਰੈਕਟਰ ਦੇ ਭਰਵੇਂ ਦਰਸ਼ਨ ਹੁੰਦੇ ਹਨ। ਇਸ ਲਈ ਗੁਰਮਤਿ ਫ਼ਲਸਫ਼ੇ ਅਨੁਸਾਰ, ਸਹੀ ਮਾਅਨਿਆਂ ਵਿੱਚ ਉਸ ਸਮਾਜ ਪ੍ਰਬੰਧ ਨੂੰ ਹੀ ਇੱਕ ਚੰਗਾ ਸਮਾਜ-ਪ੍ਰਬੰਧ ਆਖਿਆ ਜਾ ਸਕੇਗਾ ਜਿਸ ਵਿੱਚ ਸਦੀਆਂ ਤੋਂ ਸਮਾਜ ਦੇ (ਵਿਸ਼ੇਸ਼ ਕਰ ਕੇ ਵਰਨ-ਆਸ਼ਰਮ ਸਮਾਜ ਸਿਸਟਮ ਦੇ) ਦੁਰਕਾਰੇ, ਲਿਤਾੜੇ ਤੇ ਦਬਾਅ ਕੇ ਰੱਖੇ ਹੋਏ ਵਰਗਾਂ ਨੂੰ ਹਰ ਪੱਖ ਤੋਂ ਬਰਾਬਰ ਦੇ ਹੱਕ ਦੇ ਕੇ ਪਹਿਲ ਦੇ ਆਧਾਰ `ਤੇ (ਯੋਗਤਾ ਅਨੁਸਾਰ) ਪ੍ਰਬੰਧਕੀ ਅਹੁਦੇ ਦਿੱਤੇ ਜਾਣਗੇ।

ਸੁਚੇਤ ਰਹਿਣ ਦੀ ਲੋੜ ਹੈ!

ਸਿੱਖ ਕੌਮ ਦੇ ਪਿਛਲੀਆਂ ਤਕਰੀਬਨ ਦੋ ਸਦੀਆਂ ਦੇ ਇਤਿਹਾਸ `ਤੇ ਪੜਚੋਲਵੀਂ ਨਜ਼ਰ ਮਾਰਿਆਂ ਹੇਠ ਲਿਖੀਆਂ ਹਕੀਕਤਾਂ ਸਪੱਸ਼ਟ ਰੂਪ ਵਿੱਚ ਸਾਹਮਣੇ ਆ ਜਾਂਦੀਆਂ ਹਨ:-

(ੳ) ਜਦੋਂ-ਜਦੋਂ ਵੀ ਗੁਰਮਤਿ ਇਨਕਲਾਬ ਨੇ ਵਿਕਾਸ ਦੀਆਂ ਬੁਲੰਦੀਆਂ ਵੱਲ ਨੂੰ ਸਫ਼ਰ ਤਹਿ ਕੀਤਾ ਹੈ, ਉਦੋਂ ਹੀ ਮਨੁੱਖਤਾ ਦਾ ਸ਼ੋਸ਼ਨ ਕਰਨ ਵਾਲੀ ‘ਰਾਜਨੀਤਕ-ਪੁਜਾਰੀ-ਸਰਮਾਏਦਾਰ’ ਦੀ ਖ਼ੁਦਗਰਜ਼ ਤਿੱਕੜੀ ਨੇ, ਹਰ ਹਥਕੰਡਾ ਵਰਤ ਕੇ, ਇਸ ਦੇ ਵਿਕਾਸ ਨੂੰ ਰੋਕਣ ਲਈ ਸਿਰਤੋੜ ਯਤਨ ਹੀ ਨਹੀਂ ਕੀਤੇ, ਬਲਕਿ, ਇਸ ਇਨਕਲਾਬ ਦੀ ਅਗੁਵਾਈ ਕਰ ਰਹੀ ਸਿੱਖ ਕੌਮ ਨੂੰ ਹੀ ਨੇਸਤੋ-ਨਾਬੂਦ ਕਰਨ ਲਈ ਵਿਉਂਤਬੰਦ ਸਾਜਿਸ਼ੀ ਢੰਗਾਂ ਦੀ ਜੰਗੀ ਪੱਧਰ `ਤੇ ਵਰਤੋਂ ਕੀਤੀ ਹੈ।

(ਅ) ਗੁਰਮਤਿ-ਵਿਹੂਣੀ ਸਿੱਖ ਲੀਡਰਸ਼ਿਪ ਵੀ, ਪਿਛਲੀਆਂ ਤਕਰੀਬਨ ਦੋ ਸਦੀਆਂ ਤੋਂ (ਮਨੂੰਵਾਦੀ ਚਾਣਕੀਯਾ ਕੂਟ-ਨੀਤੀ ਦਾ ਸ਼ਿਕਾਰ ਹੋ ਕੇ) ਸਿੱਖ ਕੌਮ ਦੀਆਂ ਕੁਰਬਾਨੀਆਂ ਦਾ ਮੁੱਲ ਵੱਟ ਕੇ, ਜਿੱਥੇ ਰਾਜਭਾਗ ਦੀਆਂ ਸੁੱਖ-ਸਹੂਲਤਾਂ ਦਾ ਅਨੰਦ ਮਾਣਦੀ ਆ ਰਹੀ ਹੈ, ਉਥੇ ਆਪਣੇ ਨਿੱਜੀ ਹਿੱਤਾਂ ਦੀ ਪੂਰਤੀ ਲਈ ਕੌਮੀ ਹਿਤਾਂ ਦੀ ਅਹੂਤੀ ਵੀ ਦਿੰਦੀ ਆ ਰਹੀ ਹੈ। ਇਹ ਅਤਿ-ਦੁਖਦਾਈ ਭਾਣਾ ਵਾਪਰਨ ਦਾ ਮੁੱਖ ਕਾਰਨ ਸਰਬੱਤ ਖ਼ਾਲਸਾ ਦੀ ਸੰਸਥਾ ਦੀ ਅਣਹੋਂਦ ਹੀ ਨਜ਼ਰੀਂ ਆ ਰਹੀ ਹੈ।

(ਸ) ਸਿੱਖ ਕੌਮ ਦੇ ਸੌਖੇ-ਸਵੱਲੇ ਸਮਿਆਂ ਦੌਰਾਨ, ਮੌਕਾਪ੍ਰਸਤ ਅਨਸਰ ਵੀ ਸਿੱਖੀ ਸਰੂਪ ਧਾਰ ਕੇ ਕੌਮ ਦੀਆਂ ਸਫ਼ਾਂ ਅੰਦਰ ਦਾਖਲ ਹੁੰਦੇ ਰਹੇ ਹਨ। ਪਰ, ਜਦੋਂ ਵੀ ਕੌਮ `ਤੇ ਕੋਈ ਭੀੜ ਦਾ ਵਕਤ ਆਉਂਦਾ ਹੈ ਤਾਂ ਇਹ ਫ਼ਸਲੀ ਬਟੇਰੇ ਕੌਮ ਦੀਆਂ ਸਫਾਂ ਵਿੱਚੋਂ ਨਿਕਲ ਕੇ ਉਡਾਰੀ ਮਾਰਨ ਵਿੱਚ ਦੇਰ ਨਹੀਂ ਕਰਦੇ।

(ਹ) ਮਨੂੰਵਾਦੀਆਂ ਅਤੇ ਹੋਰ ਅਨਮਤੀ ਕੱਟੜ-ਪੰਥੀਆਂ ਦੀਆਂ ਲੂੰਬੜ-ਚਾਲਾਂ ਤੋਂ ਬਹੁਤ ਹੀ ਸੁਚੇਤ ਹੋ ਕੇ ਵਿਚਰਨ ਦੀ ਲੋੜ ਹੈ। ਇਨ੍ਹਾਂ ਧਿਰਾਂ ਵੱਲੋਂ ਚੁੱਕੀਆਂ ਜਾਣ ਵਾਲੀਆਂ ਵੱਡੀਆਂ ਤੋਂ ਵੱਡੀਆਂ ਕਸਮਾਂ ਤੇ (ਰੱਬ ਦੀਆਂ ਕਸਮਾਂ ਭੀ `ਤੇ ਵੀ) ਉੱਕਾ ਹੀ ਵਿਸ਼ਵਾਸ ਨਹੀਂ ਕਰਨਾ ਚਾਹੀਦਾ)।

(ਕ) ਸ਼ਬਦ-ਗੁਰੂ ਤੋਂ ਬੇ-ਮੁੱਖ ਹੋਈ ਅਜੋਕੀ ਅਖੌਤੀ ਸਿੱਖ ਲੀਡਰਸ਼ਿਪ ਅਤੇ ਗੁਰਮਤਿ ਵਿਹੂਣੇ ਸਾਧਾਰਣ ਸਿੱਖ ਹੀ ਸਿੱਖ ਕੌਮ ਦੀ ਅੱਡਰੀ (ਤੇ ਵਿਲੱਖਣ) ਹੋਂਦ ਲਈ ਸਭ ਤੋਂ ਵੱਡਾ ਖ਼ਤਰਾ ਹਨ।




.