.

☬ ਮਲਾਰ ਕੀ ਵਾਰ ਮਹਲਾ ੧ ☬

(ਪੰ: ੧੨੭੮-੯੧)

ਸਟੀਕ, ਲੋੜੀਂਦੇ ਗੁਰਮੱਤ ਵਿਚਾਰ ਦਰਸ਼ਨ ਸਹਿਤ

(ਕਿਸ਼ਤ-੧੨)

(ਲੜੀ ਜੋੜਣ ਲਈ, ਸਟੀਕ ਨੂੰ ਪਹਿਲੀ ਕਿਸ਼ਤ ਤੋਂ ਪੜ੍ਹਣਾ ਅਰੰਭ ਕਰੋ ਜੀ)

ਪ੍ਰਿਂਸੀਪਲ ਗਿਆਨੀ ਸੁਰਜੀਤ ਸਿੰਘ, ਸਿੱਖ ਮਿਸ਼ਨਰੀ, ਦਿੱਲੀ, ਪ੍ਰਿਂਸੀਪਲ ਗੁਰਮੱਤ ਐਜੂਕੇਸ਼ਨ ਸੈਂਟਰ, ਦਿੱਲੀ,

ਮੈਂਬਰ ਧਰਮ ਪ੍ਰਚਾਰ ਕਮੇਟੀ, ਦਿ: ਸਿ: ਗੁ: ਪ੍ਰ: ਕਮੇਟੀ, ਦਿੱਲੀ: ਫਾਊਂਡਰ (ਮੋਢੀ) ਸਿੱਖ ਮਿਸ਼ਨਰੀ ਲਹਿਰ ਸੰਨ 1956

(ਪਉੜੀ ਨੰ: ੧੦ ਦਾ ਮੂਲ ਪਾਠ, ਸਲੋਕਾਂ ਸਮੇਤ)

ਸਲੋਕ ਮਃ ੩॥ ਇਹੁ ਜਲੁ ਸਭ ਤੈ ਵਰਸਦਾ ਵਰਸੈ ਭਾਇ ਸੁਭਾਇ॥ ਸੇ ਬਿਰਖਾ ਹਰੀਆਵਲੇ ਜੋ ਗੁਰਮੁਖਿ ਰਹੇ ਸਮਾਇ॥ ਨਾਨਕ ਨਦਰੀ ਸੁਖੁ ਹੋਇ ਏਨਾ ਜੰਤਾ ਕਾ ਦੁਖੁ ਜਾਇ॥ ੧ 

ਮਃ ੩॥ ਭਿੰਨੀ ਰੈਣਿ ਚਮਕਿਆ ਵੁਠਾ ਛਹਬਰ ਲਾਇ॥ ਜਿਤੁ ਵੁਠੈ ਅਨੁ ਧਨੁ ਬਹੁਤੁ ਊਪਜੈ ਜਾਂ ਸਹੁ ਕਰੇ ਰਜਾਇ॥ ਜਿਤੁ ਖਾਧੈ ਮਨੁ ਤ੍ਰਿਪਤੀਐ ਜੀਆਂ ਜੁਗਤਿ ਸਮਾਇ॥ ਇਹੁ ਧਨੁ ਕਰਤੇ ਕਾ ਖੇਲੁ ਹੈ ਕਦੇ ਆਵੈ ਕਦੇ ਜਾਇ॥ ਗਿਆਨੀਆ ਕਾ ਧਨੁ ਨਾਮੁ ਹੈ ਸਦ ਹੀ ਰਹੈ ਸਮਾਇ॥ ਨਾਨਕ ਜਿਨ ਕਉ ਨਦਰਿ ਕਰੇ ਤਾਂ ਇਹੁ ਧਨੁ ਪਲੈ ਪਾਇ॥ ੨ 

ਪਉੜੀ॥ ਆਪਿ ਕਰਾਏ ਕਰੇ ਆਪਿ ਹਉ ਕੈ ਸਿਉ ਕਰੀ ਪੁਕਾਰ॥ ਆਪੇ ਲੇਖਾ ਮੰਗਸੀ ਆਪਿ ਕਰਾਏ ਕਾਰ॥ ਜੋ ਤਿਸੁ ਭਾਵੈ ਸੋ ਥੀਐ ਹੁਕਮੁ ਕਰੇ ਗਾਵਾਰੁ॥ ਆਪਿ ਛਡਾਏ ਛੁਟੀਐ ਆਪੇ ਬਖਸਣਹਾਰੁ॥ ਆਪੇ ਵੇਖੈ ਸੁਣੇ ਆਪਿ ਸਭਸੈ ਦੇ ਆਧਾਰੁ॥ ਸਭ ਮਹਿ ਏਕੁ ਵਰਤਦਾ ਸਿਰਿ ਸਿਰਿ ਕਰੇ ਬੀਚਾਰੁ॥ ਗੁਰਮੁਖਿ ਆਪੁ ਵੀਚਾਰੀਐ ਲਗੈ ਸਚਿ ਪਿਆਰੁ॥ ਨਾਨਕ ਕਿਸ ਨੋ ਆਖੀਐ ਆਪੇ ਦੇਵਣਹਾਰੁ॥ ੧੦ 

(ਪਉੜੀ ੧੦, ਸਟੀਕ ਸਲੋਕਾਂ ਤੇ ਲੋੜੀਂਦੇ ‘ਗੁਰਮੱਤ ਵਿਚਾਰ ਦਰਸ਼ਨ’ ਸਹਿਤ)

ਸਲੋਕ ਮਃ ੩॥ ਇਹੁ ਜਲੁ ਸਭ ਤੈ ਵਰਸਦਾ ਵਰਸੈ ਭਾਇ ਸੁਭਾਇ॥ ਸੇ ਬਿਰਖਾ ਹਰੀਆਵਲੇ ਜੋ ਗੁਰਮੁਖਿ ਰਹੇ ਸਮਾਇ॥ ਨਾਨਕ ਨਦਰੀ ਸੁਖੁ ਹੋਇ ਏਨਾ ਜੰਤਾ ਕਾ ਦੁਖੁ ਜਾਇ॥ ੧॥ (ਪੰ: ੧੨੮੨)

ਪਦ ਅਰਥ: — ਇਹੁ ਜਲੁ—ਇਕੋ ਇੱਕ ਤੇ ਵਿਸ਼ੇਸ਼ ਜਲ ਭਾਵ ਨਾਮ ਜਲ, ਪ੍ਰਭੂ ਦੀ ਸਿਫ਼ਤ ਸਲਾਹ, ਪ੍ਰਭੂ ਦੀਆਂ ਅਨੰਤ ਦਾਤਾਂ (ਇਹੁ ਤੇ ਜਲੁ `ਚ ਤੇ ਦੋਨਾਂ ਦੇ ਪੈਰ `ਚ (ੁ) ਵਿਸ਼ੇਸ਼ ਧਿਆਨ ਮੰਗਦਾ ਹੈ। ਇਥੇ (ੁ) ਇੱਕ ਵਚਨ ਦਾ ਸੂਚਕ ਹੈ ਭਾਵ ਅਜਿਹਾ ਜਲ ਜਿਹੜਾ ਇਕੋ ਇੱਕ ਹੈ ਤੇ ਜਿਸ ਜਲ ਦਾ ਬਦਲ ਨਹੀਂ ਭਾਵ ਨਾਮ ਜਲ)। ਸਭਤੈ—ਹਰ ਥਾਂ, ਬਿਨਾ ਵਿਤਕਰਾ। ਵਰਸੈ—ਵਰ੍ਹਦਾ ਹੈ। ਭਾਇ—ਪ੍ਰੇਮ ਨਾਲ। ਸੁਭਾਇ—ਸੁਭਾਉ ਅਨੁਸਾਰ, ਰਜ਼ਾ `ਚ। ਭਾਇ ਸੁਭਾਇ —ਪ੍ਰੇਮ ਨਾਲ ਅਤੇ ਪ੍ਰਭੂ ਦੀ ਰਜ਼ਾ `ਚ। ਸੇ—ਉਹੀ। ਬਿਰਖਾ—ਮਨੁੱਖ ਰੂਪੀ ਬਿਰਖ। ਗੁਰਮੁਖਿ—ਜਿਹੜੇ ਗੁਰੂ ਦੇ ਸਨਮੁਖ ਹੋ ਕੇ ਚਲਦੇ ਹਨ (ਲਫ਼ਜ਼ ਗੁਰਮੁਖਿ ਤੋਂ ਸਪਸ਼ਟ ਹੈ, ਇਸ ਸਲੋਕ `ਚ ਵੀ ਮੂਲ ਵਿਸ਼ਾ ਗੁਰਮੁਖ ਦੇ ਮਨਮੁਖ ਅਤੇ ਕੇਵਲ ਮਨੁੱਖ ਜੂਨ ਦਾ ਹੀ ਹੈ)। ਨਦਰੀ—ਪ੍ਰਭੂ ਦੀ ਮਿਹਰ ਦੀ ਨਜ਼ਰ ਨਾਲ।

ਸੁਖੁ — (ਇਕ ਵਚਨ) ਸਦੀਵੀ ਸੁਖ, ਜੀਉਂਦੇ ਜੀਅ ਪ੍ਰਭੂ ਦੇ ਨਾਮ ਰੰਗ `ਚ ਰੰਗੇ ਹੋਣਾ ਮੌਤ ਤੋਂ ਬਾਅਦ ਵੀ ਪ੍ਰਭੂ `ਚ ਹੀ ਸਮਾ ਜਾਣਾ, ਮੁੜ ਜਨਮ ਮਰਨ ਦੇ ਗੇੜ `ਚ ਨਾ ਆਉਣਾ। ਏਨਾ ਜੰਤਾ — ਇਨ੍ਹਾਂ ਜੀਵਾਂ (ਮਨੁੱਖਾਂ) ਦਾ। ਦੁਖੁ — (ਇਕ ਵਚਨ) ਜੀਉਂਦੇ ਜੀਅ ਹਉਮੈ ਆਦਿ ਵਿਕਾਰਾਂ ਦਾ ਦੁਖ ਅਤੇ ਮੌਤ ਤੋਂ ਬਾਅਦ ਮੁੜ ਜਨਮ ਮਰਨ ਦਾ ਗੇੜ। (ਇਥੇ ਵੀ ਲਫ਼ਜ਼ ‘ਇਹੁ ਜਲੁ’ ਦੀ ਨਿਆਈ ਸੁਖੁ ਤੇ ਦੁਖੁ `ਚ ਦੋਨਾਂ ਪਾਸੇਦੇ ਪੈਰ ਹੇਠਾਂ ਉਂਕੜ (ੁ) ਦੋਨਾਂ ਨੂੰ ਇੱਕ ਵਚਨ ਬਣਾ ਰਿਹਾ ਹੈ ਤੇ ਇਹ ਸਾਧਾਰਨ ਸੁਖ ਦੁਖ ਨਹੀਂ ਹਨ ਬਲਕਿ ਵਿਸ਼ੇਸ਼ ਸੁਖ ਤੇ ਦੁਖ ਵਾਲੇ ਵਿਸ਼ੇ ਨੂੰ ਪ੍ਰਗਟ ਕਰ ਰਹੇ ਹਨ।

ਅਰਥ: — “ਇਹੁ ਜਲੁ ਸਭ ਤੈ ਵਰਸਦਾ ਵਰਸੈ ਭਾਇ ਸੁਭਾਇ” -ਪ੍ਰਭੂ ਦਾ ਨਾਮ-ਰੂਪ ਜਲ ਭਾਵ, ਨਾਮ ਬਾਣੀ ਦਾ ਮੀਂਹ ਹਰੇਕ ਥਾਂ `ਤੇ ਬਿਨਾ ਵਿਤਕਰਾ ਵੱਸ ਰਿਹਾ ਹੈ ਅਤੇ ਇਹ ਵਰ੍ਹਦਾ ਵੀ ਪ੍ਰੇਮ ਨਾਲ ਅਤੇ ਪ੍ਰਭੂ ਦੀ ਆਪਣੀ ਮੌਜ ਭਾਵ ਪ੍ਰਭੂ ਦੀ ਰਜ਼ਾ `ਚ ਹੀ ਹੈ।

“ਸੇ ਬਿਰਖਾ ਹਰੀਆਵਲੇ ਜੋ ਗੁਰਮੁਖਿ ਰਹੇ ਸਮਾਇ” -ਤਾਂ ਵੀ ਕੇਵਲ ਉਹੀ (ਮਨੁੱਖ-ਰੂਪ) ਰੁੱਖ ਹਰੇ ਹੁੰਦੇ ਹਨ ਭਾਵ ਕੇਵਲ ਉਹੀ ਆਪਣੇ ਮਨੁੱਖਾ ਜਨਮ ਨੂੰ ਆਨੰਦਮਈ ਤੇ ਰਸੀਲਾ ਬਨਾਉਂਦੇ ਹਨ ਜਿਹੜੇ ਗੁਰੂ ਦੇ ਸਨਮੁਖ ਹੋ ਕੇ ਇਸ ਹਰ ਸਮੇਂ ਹੋ ਰਹੀ ‘ਨਾਮ’ ਵਰਖਾ ਦਾ ਲਾਭ ਲੈਂਦੇ ਹਨ।

“ਨਾਨਕ ਨਦਰੀ ਸੁਖੁ ਹੋਇ ਏਨਾ ਜੰਤਾ ਕਾ ਦੁਖੁ ਜਾਇ” -ਗੁਰੂ ਨਾਨਕ ਪਾਤਸ਼ਾਹ ਫ਼ੁਰਮਾਉਂਦੇ ਹਨ ਦਰਅਸਲ ਜੀਵਾਂ ਦੇ ਜੀਵਨ `ਚ ਇਹ ਸਦੀਵੀ ਸੁਖ ਵੀ ਆਪਣੇ ਆਪ ਨਹੀਂ ਬਲਕਿ ਪ੍ਰਭੂ ਦੀ ਮਿਹਰ ਦੀ ਨਜ਼ਰ ਨਾਲ ਹੀ ਪੈਦਾ ਹੁੰਦਾ ਹੈ। ਇਸੇ ਤੋਂ ਇਨ੍ਹਾਂ ਨੂੰ ਹਉਮੈ ਆਦਿ ਵਿਕਾਰਾਂ ਤੋਂ ਨਿਜਾਤ ਮਿਲਦੀ ਹੈ ਤੇ ਇਨ੍ਹਾਂ ਦਾ ਪਿਛੇ ਚਲਦਾ ਆ ਰਿਹਾ ਜਨਮ ਮਰਨ ਵਾਲਾ ਗੇੜ ਵੀ ਮੁੱਕ ਜਾਂਦਾ ਹੈ। ੧।

ਮਃ ੩॥ ਭਿੰਨੀ ਰੈਣਿ ਚਮਕਿਆ, ਵੁਠਾ ਛਹਬਰ ਲਾਇ॥ ਜਿਤੁ ਵੁਠੈ ਅਨੁ ਧਨੁ ਬਹੁਤੁ ਊਪਜੈ, ਜਾਂ ਸਹੁ ਕਰੇ ਰਜਾਇ॥ ਜਿਤੁ ਖਾਧੈ ਮਨੁ ਤ੍ਰਿਪਤੀਐ, ਜੀਆਂ ਜੁਗਤਿ ਸਮਾਇ॥ ਇਹੁ ਧਨੁ ਕਰਤੇ ਕਾ ਖੇਲੁ ਹੈ, ਕਦੇ ਆਵੈ ਕਦੇ ਜਾਇ॥ ਗਿਆਨੀਆ ਕਾ ਧਨੁ ਨਾਮੁ ਹੈ, ਸਦ ਹੀ ਰਹੈ ਸਮਾਇ॥ ਨਾਨਕ ਜਿਨ ਕਉ ਨਦਰਿ ਕਰੇ, ਤਾਂ ਇਹੁ ਧਨੁ ਪਲੈ ਪਾਇ॥ ੨॥ (ਪੰ: ੧੨੮੨)

ਪਦ ਅਰਥ: — ਭਿੰਨੀ—ਭਿੱਜੀ ਹੋਈ। ਭਿੰਨੀ ਰੈਣਿ—ਸੁਹਾਵਣੀ ਰਾਤ। ਕਰੇ ਰਜਾਇ—ਮਰਜ਼ੀ ਵਰਤਦਾ ਹੈ, ਪ੍ਰਭੂ ਨੂੰ ਜੋ ਭਾਉਂਦਾ ਹੈ ਪ੍ਰਭੂ ਉਹੀ ਕਰਦਾ ਹੈ। ਜੁਗਤਿ—ਜੀਵਨ ਜੁਗਤ, ਜੀਵਨ ਜੀਉਣ ਦਾ ਢੰਗ। ਸਮਾਇ—ਆ ਵੱਸਦੀ ਹੈ। ਖੇਲੁ—ਤਮਾਸ਼ਾ। ਪਲੈ ਪਾਇ—ਦਿੰਦਾ ਹੈ, ਬਖ਼ਸ਼ਦਾ ਹੈ। ਵੁਠਾ—ਵੱਸਿਆ। ਛਹਬਰ—ਝੜੀ। ਜਿਤੁ—ਜਿਸ ਦੀ ਰਾਹੀਂ। ਜਿਤੁ ਵੁਠੈ—ਜਿਸ ਦੇ ਵਰ੍ਹਨ ਨਾਲ। ਗਿਆਨੀਆ— ਗਿਆਨੀਆਂ, ਪ੍ਰਭੂ ਪ੍ਰਮਾਤਮਾ ਨਾਲ ਡੂੰਘੀ ਸਾਂਝ ਰੱਖਣ ਵਾਲੇ, ਗੁਰਮੁਖ ਜਨ। ਗਿਆਨੀਆ ਕਾ ਧਨੁ ਨਾਮੁ ਹੈ —ਪ੍ਰਭੂ ਪਿਆਰਿਆਂ ਪਾਸ ਜੀਵਨ ਨੂੰ ਜੀਊਣ ਲਈ ਕਰਤੇ ਦੀ ਸਿਫ਼ਤ ਸਲਾਹ ਦਾ ਖਜ਼ਾਨਾ ਹੁੰਦਾ ਹੈ। ਸਦ ਹੀ ਰਹੈ ਸਮਾਇ —ਹਿਰਦੇ ਘਰ `ਚ ਸਦਾ ਟਿਕੀ ਰਹਿੰਦੀ ਹੈ।

ਅਰਥ: — “ਭਿੰਨੀ ਰੈਣਿ ਚਮਕਿਆ, ਵੁਠਾ ਛਹਬਰ ਲਾਇ” - ਸੁਹਾਵਣੀ ਰਾਤੇ ਬੱਦਲ ਚਮਕਦਾ ਹੈ ਤੇ ਇਹ ਬੱਦਲ ਫ਼ਿਰ ਝੜੀ ਲਾ ਕੇ ਵਰ੍ਹਦਾ ਹੈ।

“ਜਿਤੁ ਵੁਠੈ ਅਨੁ ਧਨੁ ਬਹੁਤੁ ਊਪਜੈ, ਜਾਂ ਸਹੁ ਕਰੇ ਰਜਾਇ” - ਇਸ ਬੱਦਲ ਦੇ ਵੱਸਣ ਨਾਲ (ਸੰਸਾਰ ਤਲ `ਤੇ) ਬੜਾ ਅੰਨ, ਧਨ ਪੈਦਾ ਹੁੰਦਾ ਹੈ ਪਰ ਇਹ ਸਭ ਉਦੋਂ ਵਰ੍ਹਦਾ ਹੈ ਜਦੋਂ ਪ੍ਰਭੂ ਨੂੰ ਭਾਉਂਦਾ ਤੇ ਚੰਗਾ ਲਗਦਾ ਹੈ।

“ਜਿਤੁ ਖਾਧੈ ਮਨੁ ਤ੍ਰਿਪਤੀਐ ਜੀਆਂ ਜੁਗਤਿ ਸਮਾਇ” - ਇਸ ਅੰਨ ਧਨ ਦੀ ਬਹੁਤਾਇਤ ਤੇ ਵਰਤੋਂ ਨਾਲ ਮਨੁੱਖੀ ਮਨਾਂ ਨੂੰ ਖੁਸ਼ੀ ਮਿਲਦੀ ਹੈ, ਮਨ ਤ੍ਰਿਪਤ ਹੁੰਦੇ ਹਨ। ਜੀਵਾਂ ਨੂੰ ਜੀਵਣ ਮਿਲਦਾ ਹੈ। ਉਨ੍ਹਾਂ ਦੇ ਜੀਵਨ `ਚ ਖੁਸ਼ਹਾਲੀ ਪੈਦਾ ਹੁੰਦੀ ਹੈ, ਜੀਵਨ ਜੁਗਤ `ਚ ਵੀ ਸੁਖੱਲਾਪਣ ਆਉਂਦਾ ਹੈ।

“ਇਹੁ ਧਨੁ ਕਰਤੇ ਕਾ ਖੇਲੁ ਹੈ, ਕਦੇ ਆਵੈ ਕਦੇ ਜਾਇ” - ਤਾਂ ਵੀ ਇਹ ਅੰਨ-ਧਨ ਤਾਂ ਕਰਤੇ ਪ੍ਰਭੂ ਦਾ ਇੱਕ ਤਮਾਸ਼ਾ ਮਾਤ੍ਰ ਭਾਵ ਵੱਕਤੀ ਹਨ, ਸਦੀਵਕਾਲੀ ਨਹੀਂ। ਭਾਵ ਇਹ ਬੱਦਲ, ਬਾਰਿਸ਼ ਤੇ ਉਸ ਬਾਰਿਸ਼ ਤੋਂ ਅੰਨ ਧਨ, ਹਰਿਆਵਲ ਤੇ ਖੁਸ਼ਹਾਲੀ ਆਦਿ ਇਹ ਸਭ ਵੀ ਮੌਸਮ ਨਾਲ ਕਦੇ ਹੁੰਦੇ ਹਨ ਤੇ ਕਦੇ ਨਹੀਂ ਹੁੰਦੇ ਬਲਕਿ ਕਈ ਵਾਰ ਤਾਂ ਕਾਲ ਵੀ ਪੈ ਜਾਂਦੇ ਹਨ।

“ਗਿਆਨੀਆ ਕਾ ਧਨੁ ਨਾਮੁ ਹੈ, ਸਦ ਹੀ ਰਹੈ ਸਮਾਇ” -ਜਦਕਿ ਇਸ ਦੇ ਮੁਕਾਬਿਲੇ, ਪ੍ਰਮਾਤਮਾ ਨਾਲ ਡੂੰਘੀ ਸਾਂਝ ਰੱਖਣ ਵਾਲੇ ਬੰਦਿਆਂ ਪਾਸ ਪ੍ਰਭੂ ਦਾ ਨਾਮ ਹੀ ਸੱਚਾ ਧਨ ਹੁੰਦਾ ਹੈ, ਜਿਹੜਾ ਉਨ੍ਹਾਂ ਦੇ ਹਿਰਦੇ ਘਰ `ਚ ਸਦਾ ਟਿਕਿਆ ਰਹਿੰਦਾ ਹੈ (ਕਦੇ ਵੀ ਖਤਮ ਨਹੀਂ ਹੁੰਦਾ) ਅਤੇ ਉਹ ਸੁਆਸ ਸੁਆਸ ਆਪਣੇ ਕਰਤੇ ਨਾਲ ਹੀ ਸਦਾ ਇੱਕ ਮਿਕ ਹੋਏ ਰਹਿੰਦੇ ਹਨ।

“ਨਾਨਕ ਜਿਨ ਕਉ ਨਦਰਿ ਕਰੇ, ਤਾਂ ਇਹੁ ਧਨੁ ਪਲੈ ਪਾਇ” - ਗੁਰੂ ਨਾਨਕ ਪਾਤਸ਼ਾਹ ਵੱਡੀ ਦ੍ਰਿੜਤਾ ਨਾਲ ਫ਼ੁਰਮਾਉਂਦੇ ਹਨ, ਤਾਂ ਵੀ ਜਿਨ੍ਹਾਂ `ਤੇ ਕਰਤਾ ਪ੍ਰਭੂ ਆਪਪ ਮਿਹਰ ਦੀ ਨਜ਼ਰ ਕਰਦਾ ਹੈ, ਉਨ੍ਹਾਂ ਨੂੰ ਪ੍ਰਭੂ ਆਪ ਹੀ ਇਹ ਨਾਮ ਧਨ ਵੀ ਬਖ਼ਸ਼ ਦਿੰਦਾ ਹੈ। ੨।

ਗੁਰਮੱਤ ਵਿਚਾਰ ਦਰਸ਼ਨ- ਨੋਟ- ਸਲੋਕ ਦੇ ਮੂਲ ਅਰਥਾਂ ਨੂੰ ਸਮਝਣ ਲਈ ਸਲੋਕ ਵਿਚਲੀਆਂ ਦੋ ਪੰਕਤੀਆਂ “ਇਹੁ ਧਨੁ ਕਰਤੇ ਕਾ ਖੇਲੁ ਹੈ, ਕਦੇ ਆਵੈ ਕਦੇ ਜਾਇ” ਅਤੇ “ਗਿਆਨੀਆ ਕਾ ਧਨੁ ਨਾਮੁ ਹੈ, ਸਦ ਹੀ ਰਹੈ ਸਮਾਇ” ਨੂੰ ਆਹਮਣੇ ਸਾਹਮਣੇ ਰੱਖ ਕੇ, ਇਨ੍ਹਾਂ ਪੰਕਤੀਆਂ ਵਿਚਲੇ ਵੱਖਰੇ ਵੱਖਰੇ ਵਿਸ਼ੇ ਵਸਤੂ ਵੱਲ ਖ਼ਾਸ ਧਿਆਨ ਦੀ ਲੋੜ ਹੈ।

ਸਪਸ਼ਟ ਹੋ ਜਾਵੇਗਾ, ਸੰਬੰਧਤ ਪਉੜੀ “ਭਿੰਨੀ ਰੈਣਿ ਚਮਕਿਆ. .” ਵਾਲੇ ਸਲੋਕ ਦੇ ਅਰੰਭ `ਚ ਜਿਹੜੀਆਂ ਪੰਕਤੀਆਂ “ਇਹੁ ਧਨੁ ਕਰਤੇ ਕਾ ਖੇਲੁ ਹੈ, ਕਦੇ ਆਵੈ ਕਦੇ ਜਾਇ” ਤੱਕ ਆਈਆਂ ਹਨ। ਉਹ ਪੰਕਤੀਆਂ ਇਸ ਤੋਂ ਪਹਿਲਾਂ ਵਾਰ `ਚ ਚਲਦੇ ਆ ਰਹੇ “ਬੱਦਲ, ਸਾਵਣ, ਸਾਵਣ ਦੀ ਬਰਖਾ, ਗੁਰਮੁਖ, ਮਨਮੁਖ”, “ਸ਼ਬਦ ਗੁਰੂ”, “ਪ੍ਰਭੂ ਦੀ ਸਿਫ਼ਤ ਸਲਾਹ” ਜਾਂ ਨਾਮ ਧਨ” ਵਾਲੇ ਅਰਥਾਂ ਤੋਂ ਭਿੰਨ ਅਰਥਾਂ `ਚ ਹਨ। ਇਹ ਪੰਕਤੀਆਂ ਨਿਰੋਲ ਸੰਸਾਰ `ਚ ਹੋਣ ਵਾਲੀ ਮੌਸਮ ਅਨੁਸਾਰ ਬਰਖਾ ਨਾਲ ਹੀ ਸੰਬੰਧਤ ਹਨ। ਅਜਿਹੀ ਬਰਖਾ ਜਿਸ ਤੋਂ ਬਾਅਦ ਸਾਰੇ ਪਾਸੇ ਹਰਿਆਵਲ ਹੋ ਜਾਂਦੀ ਹੈ। ਅੰਨ-ਧਨ `ਚ ਵਾਧਾ ਹੁੰਦਾ ਹੈ ਤੇ ਸਮੂਚੇ ਤੌਰ `ਤੇ ਜਨ ਜੀਵਨ `ਚ ਖੁਸ਼ਹਾਲੀ ਹੁੰਦੀ ਹੈ। ਜਦਕਿ ਇਹ ਖੁਸ਼ਹਾਲੀ ਤੇ ਹਰਿਆਵਲ ਸਦਾ ਲਈ ਨਹੀਂ ਬਣੀ ਰਹਿੰਦੀ ਕੇਵਲ ਵੱਕਤੀ ਤੇ ਮੌਸਮੀ ਹੀ ਹੁੰਦੀ ਹੈ

ਜਦਕਿ ਇਸ ਤੋਂ ਬਾਅਦ “ਗਿਆਨੀਆ ਕਾ ਧਨੁ ਨਾਮੁ ਹੈ, ਸਦ ਹੀ ਰਹੈ ਸਮਾਇ” ਵਾਲੀ ਪੰਕਤੀ ਦੇ ਅਰਥਾਂ ਦਾ ਫ਼ਿਰ ਤੋਂ ਸੰਬੰਧ, ਪਹਿਲਾਂ ਤੋਂ ਚਲਦੀ ਆ ਰਹੀ “ਬੱਦਲ, ਸਾਵਣ, ਸਾਵਣ ਦੀ ਬਰਖਾ” ਉਪ੍ਰੰਤ “ਗੁਰਮੁਖ, ਮਨਮੁਖ”, “ਸ਼ਬਦ ਗੁਰੂ” ਜਾਂ “ਪ੍ਰਭੂ ਦੀ ਸਿਫ਼ਤ ਸਲਾਹ” ਵਾਲੇ ਅਰਥਾਂ ਦੀ ਲੜੀ ਨਾਲ ਹੀ ਹੈ ਅਤੇ ਅਰਥ ਉਸ ਲੜੀ ਨਾਲ ਮਿਲਾ ਕੇ ਹੀ ਲੈਣੇ ਹਨ।

ਇਸ ਲਈ ਸਲੋਕ ਦੇ ਮੂਲ ਅਰਥਾਂ ਨੂੰ ਸਮਝਣ ਲਈ ਜ਼ਰੂਰੀ ਹੈ ਕਿ ਸਲੋਕ ਨੂੰ ਦਿੱਤੇ ਜਾ ਰਹੇ ਵੇਰਵੇ ਅਨੁਸਾਰ ਦੋ ਹਿਸਿਆਂ `ਚ ਵੰਡ ਕੇ ਲਿਆ ਜਾਵੇ, ਵਿਸ਼ਾ ਆਪਣੇ ਆਪ ਸਪਸ਼ਟ ਹੋ ਜਾਵੇਗਾ।

ਪਉੜੀ॥ ਆਪਿ ਕਰਾਏ ਕਰੇ ਆਪਿ, ਹਉ ਕੈ ਸਿਉ ਕਰੀ ਪੁਕਾਰ॥ ਆਪੇ ਲੇਖਾ ਮੰਗਸੀ ਆਪਿ ਕਰਾਏ ਕਾਰ॥ ਜੋ ਤਿਸੁ ਭਾਵੈ ਸੋ ਥੀਐ ਹੁਕਮੁ ਕਰੇ ਗਾਵਾਰੁ॥ ਆਪਿ ਛਡਾਏ ਛੁਟੀਐ ਆਪੇ ਬਖਸਣਹਾਰੁ॥ ਆਪੇ ਵੇਖੈ ਸੁਣੇ ਆਪਿ ਸਭਸੈ ਦੇ ਆਧਾਰੁ॥ ਸਭ ਮਹਿ ਏਕੁ ਵਰਤਦਾ ਸਿਰਿ ਸਿਰਿ ਕਰੇ ਬੀਚਾਰੁ॥ ਗੁਰਮੁਖਿ ਆਪੁ ਵੀਚਾਰੀਐ ਲਗੈ ਸਚਿ ਪਿਆਰੁ॥ ਨਾਨਕ ਕਿਸ ਨੋ ਆਖੀਐ ਆਪੇ ਦੇਵਣਹਾਰੁ॥ ੧੦॥ (ਪੰ: ੧੨੮੨) “

ਪਦ ਅਰਥ: — ਗਾਵਾਰੁ—ਮੂਰਖ, ਅਗਿਆਨੀ, ਮਨਮੁਖ। ਹੁਕਮੁ ਕਰੇ ਗਾਵਾਰੁ— ਅਗਿਆਨੀ ਮਨੁੱਖ ਮੰਨ ਬੈਠਦਾ ਤੇ ਹੰਕਾਰ ਕਰਦਾ ਹੈ ਕਿ ਅਮੁੱਕਾ ਕਾਰਜ ਮੇਰੇ ਹੁਕਮ ਤੇ ਮੇਰੇ ਕਰਣ ਨਾਲ ਹੋਇਆ ਹੈ। ਸਭਸੈ—ਸਭਨਾਂ ਨੂੰ। ਸਿਰਿ ਸਿਰਿ—ਹਰੇਕ ਦੇ ਸਿਰ `ਤੇ। ਆਪੁ—ਆਪਣੇ ਆਪ ਨੂੰ। ਹਉ—ਮੈਂ। ਕੈ ਸਿਉ—ਕਿਸ ਦੇ ਪਾਸ? ਪੁਕਾਰ—ਫ਼ਰੀਆਦ। ਥੀਐ—ਹੁੰਦਾ ਹੈ। ਭਾਵੈ—ਚੰਗਾ ਲੱਗਦਾ ਹੈ। ਆਪੇ—ਆਪ ਹੀ। ਆਧਾਰੁ—ਆਸਰਾ। ਗੁਰਮੁਖਿ—ਗੁਰੂ ਦੀ ਸ਼ਰਨ ਪੈ ਕੇ, ਗੁਰੂ ਦੇ ਸਨਮੁਖ ਹੋਣ ਨਾਲ। ਸਚਿ—ਸਦਾ ਕਾਇਮ ਰਹਿਣ ਵਾਲੇ ਪ੍ਰਮਾਤਮਾ `ਚ ਪ੍ਰਭੂ ਦੇ ਸੱਚ ਨਿਆਂ `ਚ। ਸਚਿ ਪਿਆਰਸਦਾ ਥਿਰ ਪ੍ਰਭੂ ਨਾਲ ਪਿਆਰ ਕਰਦਾ ਹੈ ਭਾਵ ਉਸ ਦੀ ਰਜ਼ਾ `ਚ ਸਦਾ ਅਨੰਦ ਮਾਣਦਾ ਹੈ।

ਅਰਥ: — “ਆਪਿ ਕਰਾਏ ਕਰੇ ਆਪਿ, ਹਉ ਕੈ ਸਿਉ ਕਰੀ ਪੁਕਾਰ” -ਪ੍ਰਭੂ ਸਭ ਕੁੱਝ ਆਪ ਕਰ ਰਿਹਾ ਹੈ ਤੇ ਜੀਵਾਂ ਪਾਸੋਂ ਕਰਵਾ ਵੀ ਆਪ ਰਿਹਾ ਹੈ। (ਤਾਂ ਤੇ ਸੰਸਾਰ ਤਲ ਦੇ ਜਿਤਨੇ ਵੀ ਤ੍ਰਿਸ਼ਨਾ, ਹਉਮੈ, ਵਿਕਾਰਾਂ ਆਦਿ ਦੇ ਦੁਖ ਹੋਣ, ਉਨ੍ਹਾਂ ਤੋਂ ਨਿਜਾਤ ਲਈ ਸਿਵਾਏ ਅਕਾਲਪੁਰਖ ਦੇ) ਕਿਸੇ ਹੋਰ ਕੋਲ ਫ਼ਰਿਆਦ ਵੀ ਨਹੀਂ ਕੀਤੀ ਜਾ ਸਕਦੀ।

“ਆਪੇ ਲੇਖਾ ਮੰਗਸੀ, ਆਪਿ ਕਰਾਏ ਕਾਰ” -ਜੀਵਾਂ ਪਾਸੋਂ (ਤ੍ਰਿਸ਼ਨਾ, ਭੁਖ ਆਦਿ ਵਾਲੇ) ਸਾਰੇ ਕੰਮ ਕਰਤਾ ਆਪ ਹੀ ਕਰਵਾ ਰਿਹਾ ਹੈ। ਫ਼ਿਰ ਉਨ੍ਹਾਂ ਰਾਹੀਂ ਕੀਤੇ ਹੋਏ ਉਨ੍ਹਾਂ ਸਾਰੇ ਕੰਮਾਂ ਦਾ ਲੇਖਾ ਵੀ ਪ੍ਰਭੂ ਆਪ ਹੀ ਮੰਗਦਾ ਹੈ।

“ਜੋ ਤਿਸੁ ਭਾਵੈ ਸੋ ਥੀਐ, ਹੁਕਮੁ ਕਰੇ ਗਾਵਾਰੁ” - ਮੂਰਖ ਅਗਿਆਨੀ ਮਨੁੱਖ ਮੰਨ ਬੈਠਦਾ ਭਾਵ ਹੰਕਾਰ ਕਰਦਾ ਹੈ ਕਿ ਅਮੁੱਕਾ ਕੰਮ ਮੇਰੇ ਹੁਕਮ ਜਾਂ ਮੇਰੇ ਕਰਣ ਨਾਲ ਹੋ ਰਿਹਾ ਹੈ। ਅਸਲ `ਚ ਹੁੰਦਾ ਉਹੀ ਹੈ ਜੋ ਉਸ ਪ੍ਰਭੂ ਨੂੰ ਭਾਉਂਦਾ ਤੇ ਚੰਗਾ ਲੱਗਦਾ ਹੈ।

“ਆਪਿ ਛਡਾਏ ਛੁਟੀਐ, ਆਪੇ ਬਖਸਣਹਾਰੁ” -ਜੇਕਰ ਜੀਵ ਨੂੰ ਤ੍ਰਿਸ਼ਨਾ, ਭੁੱਖਾਂ, ਹਉਮੈ ਆਦਿ ਤੋਂ ਪ੍ਰਭੂ ਆਪ ਬਚਾਏ ਤਾਂ ਹੀ ਜੀਵ ਬਚ ਸਕਦਾ ਹੈ। ਕਿਉਂਕਿ ਅਜਿਹੀ ਬਖ਼ਸ਼ਿਸ਼ਾਂ ਕਰਣ ਵਾਲਾ ਵੀ ਪ੍ਰਭੂ ਆਪ ਹੀ ਹੈ।

“ਆਪੇ ਵੇਖੈ ਸੁਣੇ ਆਪਿ, ਸਭਸੈ ਦੇ ਆਧਾਰੁ” - ਸਮੂਹ ਜੀਵਾਂ ਦੀ ਸੰਭਾਲ ਪ੍ਰਭੂ ਆਪ ਕਰਦਾ ਹੈ। ਪ੍ਰਭੂ ਆਪ ਹੀ ਜੀਵਾਂ ਦੀਆਂ ਅਰਦਾਸਾਂ ਸੁਣਦਾ ਤੇ ਹਰੇਕ ਜੀਵ ਨੂੰ ਆਸਰਾ ਵੀ ਆਪ ਹੀ ਦਿੰਦਾ ਹੈ।

“ਸਭ ਮਹਿ ਏਕੁ ਵਰਤਦਾ, ਸਿਰਿ ਸਿਰਿ ਕਰੇ ਬੀਚਾਰੁ” -ਸਭ ਜੀਵਾਂ `ਚ ਪ੍ਰਭੂ ਆਪ ਮੌਜੂਦ ਤੇ ਉਸੇ ਦਾ ਹੀ ਸਾਰਾ ਵਰਤਾਰਾ ਹੈ ਤੇ ਹਰੇਕ ਜੀਵ ਦਾ ਧਿਆਨ ਤੇ ਉਸ ਦੀ ਸੰਭਾਲ ਵੀ ਪ੍ਰਭੂ ਆਪ ਹੀ ਕਰਦਾ ਹੈ।

“ਗੁਰਮੁਖਿ ਆਪੁ ਵੀਚਾਰੀਐ, ਲਗੈ ਸਚਿ ਪਿਆਰੁ” -ਜਿਹੜਾ ਗੁਰੂ ਦੇ ਸਨਮੁਖ ਹੋ ਕੇ ਚਲਦਾ ਹੈ ਉਹ ਆਪਣੇ ਆਤਮਕ ਜੀਵਨ ਨੂੰ ਸਦਾ ਘੋਖਦਾ ਹੈ। ਉਹ ਸਦਾ ਥਿਰ ਪ੍ਰਭੂ ਦੇ ਸੱਚ ਨਿਆਂ `ਚ ਦ੍ਰਿੜ ਵਿਸ਼ਵਾਸ ਰਖਦਾ ਹੈ, ਸਦਾ ਉਸ ਦੀ ਰਜ਼ਾ `ਚ ਹੀ ਆਨੰਦ ਮਾਣਦਾ ਹੈ। ਉਸ ਨੂੰ ਇਹ ਵੀ ਸਮਝ ਹੁੰਦੀ ਹੈ ਕਿ ਕਰਤੇ ਦੀ ਕਰਣੀ `ਚ ਵਿਤਕਰੇ ਦੀ ਭਾਵਨਾ ਨਹੀਂ ਹੁੰਦੀ। (ਇਸੇ ਤੋਂ ਉਸ ਨੂੰ ਮਾਇਕ ਭੁਖਾਂ, ਤ੍ਰਿਸ਼ਨਾ, ਹਉਮੈ ਆਦਿ ਰੋਗ ਵੀ ਨਹੀਂ ਸਤਾਂਦੇ)।

“ਨਾਨਕ ਕਿਸ ਨੋ ਆਖੀਐ, ਆਪੇ ਦੇਵਣਹਾਰੁ” -ਗੁਰੂ ਨਾਨਕ ਪਾਤਸ਼ਾਹ ਫ਼ੁਰਮਾਉਂਦੇ ਹਨ, ਕਿਸੇ ਨੂੰ ਰਜ਼ਾ `ਚ ਜੀਵਨ ਜੀਊਣ ਵਾਲੀ ਸਮ੍ਰਥਾ ਵੀ ਪ੍ਰਭੂ ਆਪ ਹੀ ਬਖ਼ਸ਼ਦਾ ਹੈ ਅਤੇ ਉਸ ਦੀ ਇਸ ਖੇਡ ਨੂੰ ਬਿਆਣ ਵੀ ਨਹੀਂ ਕੀਤਾ ਜਾ ਸਕਦਾ। ੧੦। “‘

ਗੁਰਮੱਤ ਵਿਚਾਰ ਦਰਸ਼ਨ-ਨੋਟ (ੳ) ਸਾਰੀ ਪਉੜੀ ਦੇ ਤਿੰਨ ਪੱਖ ਹਨ:- (੧) ਸਮੂਚੀ ਰਚਨਾ ਦਾ ਕਰਤਾ-ਧਰਤਾ ਇਕੋ ਇੱਕ ਅਕਾਲਪੁਰਖ ਆਪ ਹੀ ਆਪ ਹੈ। ਉਸ ਤੋਂ ਬਿਨਾ ਦੂਜਾ ਹੋਰ ਕੋਈ ਨਹੀਂ ਅਤੇ ਸਭਕੁਝ ਉਸ ਪ੍ਰਭੂ ਦੇ ਸੱਚ ਨਿਆਂ `ਚ ਹੀ ਹੋ ਰਿਹਾ ਹੈ।

(੨) ਮਨਮੁਖ ਗਾਵਾਰ, ਹਉਮੈ ਤ੍ਰਿਸ਼ਨਾ ਤੇ ਮਾਇਕ ਭੁਖਾਂ ਦੀ ਜਕੜ `ਚ ਫ਼ਸਿਆ ਰਹਿ ਕੇ ਜਨਮ ਬਤੀਤ ਕਰ ਦਿੰਦਾ ਹੈ। ਜਦ ਤੀਕ ਨਿਗੁਰਾ ਹੈ, ਉਸ ਨੂੰ ਸਮਝ ਨਹੀਂ ਆਉਂਦੀ ਕਿ ਉਹ ਪ੍ਰਭੂ ਦੀ ਭਖ਼ਸ਼ਿਸ਼ ਦਾ ਪਾਤ੍ਰ ਕਿਵੇਂ ਬਣੇ ਅਤੇ ਮਾਇਕ ਬੰਧਨਾ, ਹਉਮੈ ਆਦਿ ਤੋਂ ਛੁਟਕਾਰਾ ਕਿਵੇਂ ਪਾਏ?

(੩) ਗੁਰਮੁਖ ਜਨ ਗੁਰੂ ਦੇ ਸਨਮੁਖ ਹੋਣ ਕਾਰਣ ਜੀਵਨ ਦੇ ਸੱਚ ਨੂੰ ਘੋਖਣ ਯੋਗ ਹੁੰਦੇ ਹਨ ਤੇ ਆਪਣੇ ਆਪ ਨੂੰ ਸਦਾ ਘੋਖਦੇ ਵੀ ਹਨ। ਉਹ ਇਹ ਵੀ ਪਛਾਣ ਲੈਂਦੇ ਹਨ ਕਿ ਮਨਮੁਖ ਮਾਇਕ ਬੰਧਨਾ ਦੀਆਂ ਚੋਟਾਂ ਕਿਉਂ ਖਾਂਦੇ ਹਨ ਤੇ ਪ੍ਰਭੂ ਦਾ ਸੱਚ ਨਿਆਂ ਕੀ ਹੈ? ਉਹ ਰਜ਼ਾ ਨੂੰ ਸਦਾ ਖਿੜੇ ਮੱਥੇ ਪ੍ਰਵਾਣ ਕਰਦੇ ਹਨ, ਉਹ ਕਰਤੇ ਦੀ ਕਰਣੀ `ਤੇ ਕਦੇ ਕਿਉਂ ਕਿੰਤੂ ਨਹੀਂ ਕਰਦੇ।

ਨੋਟ (ਅ) ਪਉੜੀ `ਚ ਮੁੱਖ ਵਿਸ਼ਾ ਹੈ, ਸਮੂਚੀ ਰਚਨਾ ਦਾ ਕਰਤਾ ਧਰਤਾ ਪ੍ਰਭੂ ਆਪ ਹੈ ਤੇ ਸਭ ਕੁੱਝ ਪ੍ਰਭੂ ਦੇ ਸੱਚ ਨਿਆਂ `ਚ ਹੋ ਰਿਹਾ ਹੈ। ਇਸਦੇ ਨਾਲ ਨਾਲ ਗੁਰਦੇਵ ਨੇ ਪਉੜੀ `ਚ ਮਨਮੁਖ ਤੇ ਗੁਰਮੁਖ ਦੋਨਾਂ ਦੀ ਸਵੈ ਵਿਰੋਧੀ ਜੀਵਨ ਨੂੰ ਵੀ ਬੜੇ ਸੁਆਦਲੇ ਢੰਗ ਨਾਲ ਬਿਆਣਿਆ ਹੈ। ਇੱਕ ਪਾਸੇ ਗੁਰਦੇਵ ਨੇ ਮਨਮੁਖ ਦੀ ਰਹਿਣੀ ਨੂੰ “ਹੁਕਮੁ ਕਰੇ ਗਾਵਾਰੁ” ਦੀ ਸ਼ਬਦਾਵਲੀ ਨਾਲ ਅਤੇ ਗੁਰਮੁਖ ਦੀ ਰਹਿਣੀ ਨੂੰ “ਗੁਰਮੁਖਿ ਆਪੁ ਵੀਚਾਰੀਐ” ਦੀ ਸ਼ਬਦਾਵਲੀ ਨਾਲ ਸਪਸ਼ਟ ਕੀਤਾ ਹੈ। ਤਾਂ ਤੇ:-

“ਹੁਕਮੁ ਕਰੇ ਗਾਵਾਰੁ” - ਨਾਲ ਸੰਬੰਧਤ ਪੰਕਤੀਆਂ `ਚ ਗੁਰਦੇਵ ਸਪਸ਼ਟ ਕਰਦੇ ਹਨ, ਗਾਵਾਰ ਭਾਵ ਮਨਮੁਖ, ਹਉਮੈ ਵੱਸ ਆਪਣੀ ਹਰੇਕ ਕਰਣੀ ਬਾਰੇ ਸਮਝਦਾ ਹੈ ਕਿ ਇਹ ਸਭ ਮੇਰੇ ਹੁਕਮ `ਤੇ ਮੇਰੇ ਕੀਤੇ ਨਾਲ ਹੋ ਰਿਹਾ ਹੈ। ਉਸਨੂੰ ਸਮਝ ਹੀ ਨਹੀਂ ਆਉਂਦੀ ਕਿ ਇਹ ਸਭ ਤਾਂ “ਜੋ ਤਿਸੁ ਭਾਵੈ ਸੋ ਥੀਐ” ਪ੍ਰਭੂ ਦੇ ਸੱਚ ਨਿਆਂ `ਚ ਹੋ ਰਿਹਾ ਹੈ। ਬਲਕਿ ਇਸੇ ਮਨਮੁਖਤਾ ਕਾਰਣ ਉਸ ਦੇ ਜੀਵਨ ਅੰਦਰ ਹਉਮੈ, ਮਇਕ ਬੰਧਨ, ਤਿਸ਼ਨਾ, ਸੰਸਾਰਕ ਭੁੱਖਾਂ ਆਦਿ ਦੀ ਜਕੜ ਵੀ ਨਿਤ ਵਾਧੇ `ਤੇ ਰਹਿੰਦੀ ਹੈ।

ਇਸ ਲਈ ਜਦੋਂ ਤੱਕ ਉਹ ਮਨਮਤੀਆ ਹੈ, ਸਤਿਗੁਰੂ ਦੀ ਸ਼ਰਨ `ਚ ਨਹੀਂ ਆਉਂਦਾ, ਸਮਝ ਨਹੀਂ ਪਾਂਦਾ ਕਿ “ਆਪਿ ਛਡਾਏ ਛੁਟੀਐ ਆਪੇ ਬਖਸਣਹਾਰੁ”। ਜਦਕਿ ਹਉਮੈ ਕਾਰਣ ਉਸ ਲਈ ਜੋ ਮਾਇਕ ਬੰਧਨਾ ਦੀ ਜਕੜ ਵਧਦੀ ਜਾਂਦੀ ਹੈ ਉਹ ਵੀ ਪ੍ਰਭੂ ਉਸ ਨਾਲ ਧੱਕਾ ਨਹੀਂ ਕਰ ਰਿਹਾ ਹੁੰਦਾ ਬਲਕਿ ਉਸ ਦੀ ਮਨਮਤੀ ਕਰਣੀ ਕਾਰਣ, ਪ੍ਰਭੂ ਦੇ ਸੱਚ ਨਿਆਂ `ਚ ਹੀ ਵਧ ਰਹੀ ਹੁੰਦੀ ਹੈ। ਦੂਜੇ ਪਾਸੇ

ਗੁਰਮੁਖਿ ਆਪੁ ਵੀਚਾਰੀਐ-ਗੁਰਮੁਖ ਜਨ, ਗੁਰੂ ਦੇ ਸਨਮੁਖ ਹੋਣ ਕਾਰਣ ਆਪਣੀ ਰਹਿਣੀ ਨੂੰ ਸਦਾ ਘੋਖਦਾ ਹੈ। ਉਸ ਨੂੰ ਸਮਝ ਆ ਰਹੀ ਹੁੰਦੀ ਹੈ ਮਨਮੁਖ, ਸਦਾ ਮਾਇਕ ਤ੍ਰਿਸ਼ਨਾ ਦੀਆਂ ਭੁਖਾਂ ਦੀ ਮਾਰ ਕਿਉਂ ਖਾਂਦਾ ਹੈ ਤੇ ਉਹ ਕਰਤੇ ਦੀ ਬਖ਼ਸ਼ਿਸ਼ ਦਾ ਪਾਤ੍ਰ ਕਿਉਂ ਹੈ। ਉਸ ਨੂੰ ਕਰਤੇ ਦੇ ਸੱਚ ਨਿਆਂ `ਚ ਉੱਕਾ ਖੋਟ ਨਜ਼ਰ ਨਹੀਂ ਆਉਂਦੀ ਤੇ ਨਾ ਹੀ ਉਹ ਕਰਤੇ ਦੀ ਕਰਣੀ `ਤੇ ਕਿਉਂ ਕਿੰਤੂ ਕਰਦਾ ਹੈ। ਸੁਆਸ ਸੁਆਸ ਕਰਤੇ ਨਾਲ ਇੱਕ ਮਿੱਕ ਹੋ ਕੇ ਜੀਵਨ ਜੀਉਂਦਾ ਤੇ ਆਪਣਾ ਜਨਮ ਸਫ਼ਲ ਕਰਦਾ ਹੈ।

ਪਉੜੀ ਤੇ ਸਲੋਕਾਂ ਦੀ ਆਪਸੀ ਸ਼ਾਂਝ- ਪਹਿਲੇ ਸਲੋਕ `ਚ ਪਾਤਸ਼ਾਹ ਨੇ ਸਪਸ਼ਟ ਕੀਤਾ ਸੀ ਕਿ ਕਰਤੇ ਦੀ ਸਿਫ਼ਤ ਸਲਾਹ ਦੀ ਬਰਖਾ ਤਾਂ ਗੁਰੂ ਰਾਹੀਂ ਹਰ ਸਮੇਂ, ਬਿਨਾ ਵਿਤਕਰਾ, ਹਰੇਕ ਸਥਾਨ `ਤੇ ਅਤੇ ਅਰੁੱਕ ਹੁੰਦੀ ਹੈ। ਜਦਕਿ ਇਸ ਦਾ ਲਾਭ ਉਹੀ ਲੈਂਦੇ ਹਨ ਜਿਹੜੇ ਗੁਰੂ ਦੇ ਅਨੁਸਾਰੀ ਹੋ ਕੇ ਚਲਦੇ ਹਨ। ਉਨ੍ਹਾਂ ਦੇ ਜੀਵਨ `ਚੋਂ ਵਿਕਾਰਾਂ ਦੇ ਦੁਖ ਤੇ ਜਨਮ ਮਰਨ ਦਾ ਗੇੜ ਵੀ ਕੱਟ ਜਾਂਦਾ ਹੈ।

ਉਪ੍ਰੰਤ ਦੂਜੇ ਸਲੋਕ `ਚ ਗੁਰਦੇਵ ਨੇ ਫ਼ੁਰਮਾਇਆ, ਗੁਰਮੁਖ ਜਨ ਗਿਆਨੀਆ ਕਾ ਧਨੁ ਨਾਮੁ ਹੈ ਸਦ ਹੀ ਰਹੈ ਸਮਾਇ।। ਨਾਨਕ ਜਿਨ ਕਉ ਨਦਰਿ ਕਰੇ ਤਾਂ ਇਹੁ ਧਨੁ ਪਲੈ ਪਾਇ” ਭਾਵ ਪ੍ਰਭੂ ਦੇ ਰੰਗ `ਚ ਰੰਗੇ ਰਹਿ ਕੇ ਆਪਣਾ ਜਨਮ ਸਫ਼ਲ ਕਰਦੇ ਤੇ ਪ੍ਰਭੂ ਦੀ ਬਖ਼ਸ਼ਿਸ਼ ਦੇ ਪਾਤ੍ਰ ਬਣਦੇ ਹਨ।

ਇਸੇ ਤਰ੍ਹਾਂ ਪਉੜੀ `ਚ ਵੀ ਘੋਖ ਚੁੱਕੇ ਹਾਂ, ਮੂਲ ਵਿਸ਼ਾ ਹੀ ਆਪਿ ਕਰਾਏ ਕਰੇ ਆਪਿ. .” ਤੋਂ ਆਰੰਭ ਕਰਕੇ ਜੋ ਤਿਸੁ ਭਾਵੈ ਸੋ ਥੀਐ ਹੁਕਮੁ ਕਰੇ ਗਾਵਾਰੁ” ਮਨਮੁਖ ਦਾ ਮਾਇਕ ਬੰਧਨ ਭਰਪੂਰ ਜੀਵਨ ਤੇ ਗੁਰਮੁਖ ਜੀਵਨ ਅੰਦਰ ਗੁਰਮੁਖਿ ਆਪੁ ਵੀਚਾਰੀਐ ਲਗੈ ਸਚਿ ਪਿਆਰੁ” ਪ੍ਰਭੂ ਦੇ ਸੱਚ ਨਿਆਂ ਬਾਰੇ ਅਕੱਟ ਵਿਸ਼ਵਾਸ ਤੇ ਜੀਵਨ ਦੀ ਗੁਰੂ ਆਸ਼ੇ ਅਨੁਸਾਰ ਸੰਭਾਲ ਲਈ ਉੱਦਮ ਦਾ ਵਿਸ਼ਾ ਹੀ ਪ੍ਰਮੁੱਖ ਹੈ। (ਚਲਦਾ) #Instt. 12.10 Mlkiv.02.014#

ਸਾਰੇ ਪੰਥਕ ਮਸਲਿਆਂ ਦਾ ਹੱਲ ਅਤੇ ਸੈਂਟਰ ਵੱਲੋਂ ਲ਼ਿਖੇ ਜਾ ਰਹੇ ਸਾਰੇ ‘ਗੁਰਮੱਤ ਪਾਠਾਂ’ ਤੇ ਪੁਸਤਕਾਂ ਦਾ ਮਕਸਦ ਇਕੋ ਹੀ ਹੈ-ਤਾ ਕਿ ਹਰੇਕ ਪ੍ਰਵਾਰ ਅਰਥਾਂ ਸਹਿਤ ‘ਗੁਰੂ ਗ੍ਰੰਥ ਸਾਹਿਬ’ ਜੀ ਦਾ ਸਹਿਜ ਪਾਠ ਹਮੇਸ਼ਾਂ ਚਾਲੂ ਰਖ ਕੇ ਆਪਣੇ ਪ੍ਰਵਾਰਿਕ ਜੀਵਨ ਨੂੰ ਗੁਰਬਾਣੀ ਸੋਝੀ ਵਾਲਾ ਬਣਾ ਸਕੇ। ਅਰਥਾਂ ਲਈ ਦਸ ਭਾਗ ‘ਗੁਰੂ ਗ੍ਰੰਥ ਦਰਪਣ’ ਪ੍ਰੋ: ਸਾਹਿਬ ਸਿੰਘ ਜਾਂ ਚਾਰ ਭਾਗ ਸ਼ਬਦਾਰਥ ਲਾਹੇਵੰਦ ਹੋਵੇਗਾ ਜੀ।

EXCLUDING THIS BOOK “Malaar Ki Vaar M:1 Steek & GVD” BEING LOADED IN ISTTS. Otherwise about All the Self Learning Gurmat Lessons already loaded on www.sikhmarg.com it is to clarify that;

---------------------------------------------

For all the Gurmat Lessons written upon Self Learning based by ‘Principal Giani Surjit Singh’ Sikh Missionary, Delhi, all the rights are reserved with the writer, but easily available for Distribution within ‘Guru Ki Sangat’ with an intention of Gurmat Parsar, at quite a nominal printing cost i.e. mostly Rs 300/- to 400/- (in rare cases these are 500/-) per hundred copies for further Free distribution or otherwise. (+P&P.Extra) From ‘Gurmat Education Centre, Delhi’, Postal Address- A/16 Basement, Dayanand Colony, Lajpat Nagar IV, N. Delhi-24 Ph 91-11-26236119, 46548789& ® J-IV/46 Old D/S Lajpat Nagar-4 New Delhi-110024 Ph. 91-11-26467315 Cell 9811292808

web site- www.gurbaniguru.org




.