.

ਧਰਮ ਦੀ ਸਮੱਸਿਆ-19
ਧਰਮ ਗ੍ਰੰਥਾਂ ਅਧਾਰਿਤ ਨਕਲੀ ਧਰਮ
ਹਰਚਰਨ ਸਿੰਘ (ਸਿੱਖ ਵਿਰਸਾ)
Tel.: 403-681-8689 Email: hp8689@gmail.com www.sikhvirsa.com

ਨੋਟ: ਅੱਜ ਦੇ ਪ੍ਰਚਲਤ 10-15 ਜਥੇਬੰਦਕ ਧਰਮਾਂ (ਧਾਰਮਿਕ ਫਿਰਕਿਆਂ) ਵਿੱਚ ਅਨੇਕਾਂ ਤਰ੍ਹਾਂ ਦੇ ਨਕਲੀ ਧਰਮ ਪ੍ਰਚਲਤ ਹੋ ਚੁੱਕੇ ਹਨ। ਜਿਨ੍ਹਾਂ ਤੇ ਪੁਜਾਰੀਆਂ, ਸਿਆਸਤਦਾਨਾਂ ਤੇ ਸਰਮਾਏਦਾਰਾਂ ਦੀ ਤਿੱਕੜੀ ਦਾ ਪੂਰਾ ਕਬਜ਼ਾ ਹੋ ਚੁੱਕਾ ਹੈ। ਧਰਮਾਂ ਦਾ ਤਕਰੀਬਨ 5 ਹਜ਼ਾਰ ਸਾਲ ਦਾ ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਇਹ ਤਿੱਕੜੀ ਰਲ਼ ਕੇ ਮਨੁੱਖਤਾ ਨੂੰ ਧਰਮ ਦੇ ਨਾਮ ਤੇ ਲੁੱਟਦੀ ਆ ਰਹੀ ਹੈ। ਧਰਮ ਇਨ੍ਹਾਂ ਲਈ ਪੈਸਾ ਕਮਾਉਣ ਦਾ ਧੰਦਾ ਤੇ ਸ਼ਰਧਾਲੂਆਂ ਦੀ ਤਾਕਤ ਨੂੰ ਆਪਣੇ ਸਿਆਸੀ ਮੁਫਾਦਾਂ ਲਈ ਵਰਤਣ ਦਾ ਜ਼ਰੀਆ ਹੈ। ਇਨ੍ਹਾਂ ਦਾ ਇਹ ਧੰਦਾ ਸਦੀਆਂ ਤੋਂ ਅਗਿਆਨਤਾ, ਅੰਧ-ਵਿਸ਼ਵਾਸ਼ ਤੇ ਕਰਮਕਾਂਡਾਂ ਦੇ ਅਧਾਰ ਤੇ ਚੱਲ ਰਿਹਾ ਹੈ। ਇਤਿਹਾਸ ਵਿੱਚ ਸਮੇਂ-ਸਮੇਂ ਅਨੇਕਾਂ ਸੱਚੇ ਮਨੁੱਖਤਾਵਾਦੀ ਧਰਮ ਗੁਰੂ, ਰਹਿਬਰ, ਪੀਰ-ਪੈਗੰਬਰ, ਮਹਾਂਪੁਰਸ਼ ਪੈਦਾ ਹੁੰਦੇ ਰਹੇ, ਜੋ ਮਨੁੱਖ ਨੂੰ ਅਸਲੀ ਧਰਮ ਨਾਲ ਜੋੜਦੇ ਰਹੇ, ਅਗਿਆਨਤਾ ਤੇ ਅੰਧ ਵਿਸ਼ਵਾਸ਼ ਦੀ ਬੇਹੋਸ਼ੀ ਵਿਚੋਂ ਜਗਾ ਕੇ ਸੱਚ ਦੇ ਰਾਹ ਪਾਉਂਦੇ ਰਹੇ। ਪਰ ਇਸ ਤਿਕੜੀ ਨੇ ਅਜਿਹੇ ਮਹਾਨ ਪੁਰਸ਼ਾਂ ਨੂੰ ਕਦੇ ਬਰਦਾਸ਼ਤ ਨਹੀਂ ਕੀਤਾ। ਉਨ੍ਹਾਂ ਨੂੰ ਸੂਲ਼ੀਆਂ, ਫਾਂਸੀਆਂ ਤੇ ਚੜ੍ਹਾਉਣ ਦੇ ਨਾਲ-ਨਾਲ ਉਨ੍ਹਾਂ ਦੀ ਵਿਚਾਰਧਾਰਾ ਨੂੰ ਖਤਮ ਕਰਨ ਦੀਆਂ ਸਾਜ਼ਿਸ਼ਾਂ ਰਚਦੇ ਰਹੇ ਤੇ ਅਨੇਕਾਂ ਤਰ੍ਹਾਂ ਦੀਆਂ ਮੁਸੀਬਤਾਂ ਉਨ੍ਹਾਂ ਦੇ ਰਾਹਾਂ ਵਿੱਚ ਖੜੀਆਂ ਕਰਦੇ ਰਹੇ। ਪਰ ਫਿਰ ਵੀ ਜਦੋਂ ਅਜਿਹੇ ਮਹਾਂਪੁਰਸ਼ ਆਪਣੀ ਨਵੀਂ ਤੇ ਵੱਖਰੀ ਵਿਚਾਰਧਾਰਾ ਮਨੁੱਖਤਾ ਨੂੰ ਦੇਣ ਵਿੱਚ ਸਫਲ ਹੋ ਜਾਂਦੇ ਤਾਂ ਉਨ੍ਹਾਂ ਦੇ ਸੰਸਾਰ ਤੋਂ ਚਲੇ ਜਾਣ ਤੋਂ ਬਾਅਦ ਸਮਾਂ ਪਾ ਕੇ ਇਹ ਤਿਕੜੀ ਨਵੇਂ ਰੂਪ ਵਿੱਚ ਉਸੇ ਮਹਾਂਪੁਰਸ਼ ਦੇ ਨਾਮ ਤੇ ਨਵੀਆਂ ਮਰਿਯਾਦਾਵਾਂ, ਕਰਮਕਾਂਡਾਂ ਤੇ ਚਿੰਨ੍ਹਾਂ ਨਾਲ ਲੈਸ ਹੋ ਕੇ ਨਵਾਂ ਧਾਰਮਿਕ ਫਿਰਕਾ ਖੜਾ ਕਰਕੇ ਉਨ੍ਹਾਂ ਦੇ ਅਨੁਆਈਆਂ ਨੂੰ ਆਪਣੇ ਨਕਲੀ ਧਰਮ ਦੇ ਮਾਇਆ ਜਾਲ ਵਿੱਚ ਫਸਾ ਲੈਂਦੇ। ਅੱਜ ਦੇ ਪ੍ਰਚਲਤ ਹਰ ਜਥੇਬੰਦਕ ਛੋਟੇ ਵੱਡੇ ਧਾਰਮਿਕ ਫਿਰਕੇ ਵਿੱਚ ਨਕਲੀ ਧਰਮਾਂ ਦਾ ਪੂਰਾ ਬੋਲਬਾਲਾ ਹੈ ਤੇ ਅਸਲੀ ਧਰਮ ਇਨ੍ਹਾਂ ਵਿਚੋਂ ਪੂਰੀ ਤਰ੍ਹਾਂ ਅਲੋਪ ਹੋ ਚੁੱਕਾ ਹੈ। ਹਰ ਧਾਰਮਿਕ ਫਿਰਕਾ ਝੂਠੀਆਂ, ਅੰਧ ਵਿਸ਼ਵਾਸ਼ੀ, ਅਗਿਆਨਤਾ ਭਰਪੂਰ ਰੀਤਾਂ-ਰਸਮਾਂ, ਕਰਾਮਾਤਾਂ, ਕਰਮਕਾਂਡਾਂ, ਮਰਿਯਾਦਾਵਾਂ, ਪ੍ਰੰਪਰਾਵਾਂ, ਧਾਰਮਿਕ ਚਿੰਨ੍ਹਾਂ ਦਾ ਮਿਲਗੋਭਾ ਜਿਹਾ ਨਕਲੀ ਧਰਮ ਬਣ ਚੁੱਕਾ ਹੈ। ਇਸ ਲੇਖ ਲੜੀ ਦਾ ਮਕਸਦ ਆਮ ਵਿਅਕਤੀ ਨੂੰ ਜਿਥੇ ਧਰਮ ਦੇ ਨਾਮ ਤੇ ਬਣੇ ਹੋਏ ਇਨ੍ਹਾਂ ਧਾਰਮਿਕ ਫਿਰਕਿਆਂ ਵਿਚਲੇ ਨਕਲੀ ਧਰਮਾਂ ਤੋਂ ਜਾਣੂ ਕਰਾਉਣਾ ਹੈ, ਉਥੇ ਅਸਲੀ ਧਰਮ ਦੀ ਜਾਣ ਪਛਾਣ ਕਰਾਉਣਾ ਵੀ ਹੈ ਤਾਂ ਕਿ ਲੋਕ ਸੱਚੇ ਤੇ ਅਸਲੀ ਧਰਮ ਨਾਲ ਜੁੜ ਸਕਣ। ਕੋਸ਼ਿਸ਼ ਇਹੀ ਹੈ ਕਿ ਲੋਕ ਬੇਹੋਸ਼ੀ ਤੋਂ ਜਾਗ ਪੈਣ ਤੇ ਪਛਾਣ ਕਰਨ ਦੇ ਸਮਰੱਥ ਹੋ ਸਕਣ ਕਿ ਜਿਸਨੂੰ ਉਹ ਤਨੋ, ਮਨੋ, ਧਨੋ ਧਰਮ ਸਮਝ ਕੇ ਆਪਾ ਨਿਛਾਵਰ ਕਰ ਰਹੇ ਹਨ, ਕੀ ਉਸ ਵਿੱਚ ਕੁੱਝ ਧਰਮ ਦਾ ਅੰਸ਼ ਹੈ ਵੀ ਜਾਂ ਉਹ ਸਿਰਫ ਪੁਜਾਰੀਆਂ ਦੀਆਂ ਬਣਾਈਆਂ ਅਗਿਆਨਤਾ ਤੇ ਅੰਧ ਵਿਸ਼ਵਾਸ਼ ਅਧਾਰਿਤ ਮਰਿਯਾਦਾਵਾਂ, ਰੀਤਾਂ-ਰਸਮਾਂ, ਕਰਮਕਾਂਡਾਂ ਦਾ ਭਾਰ ਹੀ ਢੋਹ ਰਹੇ ਹਨ। ਇਹ ਤਿਕੜੀ ਧਰਮ ਨੂੰ ਵਧਾਉਣ, ਧਰਮ ਦਾ ਰਾਜ ਸਥਾਪਿਤ ਕਰਨ ਅਤੇ ਧਰਮ ਨੂੰ ਖਤਰੇ ਦੇ ਨਾਂ ਤੇ ਪਿਛਲੇ 5 ਹਜ਼ਾਰ ਸਾਲਾਂ ਵਿੱਚ 15 ਹਜ਼ਾਰ ਤੋਂ ਵੱਧ ਯੁੱਧਾਂ ਰਾਹੀਂ ਮਨੁੱਖਤਾ ਦਾ ਵੱਡੇ ਪੱਧਰ ਤੇ ਘਾਣ ਕਰ ਚੁੱਕੀ ਹੈ। ਅੱਜ ਵੀ ਦੁਨੀਆਂ ਦੇ ਵੱਖ-ਵੱਖ ਖਿੱਤਿਆਂ ਵਿੱਚ ਧਰਮ ਅਧਾਰਿਤ ਹਥਿਆਰਬੰਦ ਸੰਗਠਨ ਧਰਮ ਨੂੰ ਖਤਰਾ, ਧਰਮ ਦਾ ਰਾਜ ਜਾਂ ਧਰਮ ਦਾ ਪ੍ਰਸਾਰ ਦੇ ਨਾਮ ਹੇਠ ਮਾਨਵਤਾ ਦਾ ਖੂਨ ਵਹਾ ਰਹੇ ਹਨ। ਅੱਜ ਕਿਸੇ ਵੀ ਅਖੌਤੀ ਧਰਮ ਨੂੰ ਖਤਰਾ ਨਾਸਤਿਕਾਂ, ਸਾਇੰਸਦਾਨਾਂ, ਅਧੁਨਿਕਵਾਦੀਆਂ ਜਾਂ ਧਰਮ ਵਿਰੋਧੀਆਂ ਤੋਂ ਨਹੀਂ, ਇਨ੍ਹਾਂ ਨਕਲੀ ਧਰਮਾਂ ਤੇ ਕਾਬਿਜ਼ ਇਸ ਤਿੱਕੜੀ ਤੋਂ ਹੈ। ਇਨ੍ਹਾਂ ਤੇ ਕਾਬਿਜ਼ ਕੱਟੜਪੰਥੀ ਤਾਕਤਾਂ ਤੋਂ ਹੈ, ਜੋ ਆਪਣੇ ਫਿਰਕੇ ਦੀਆਂ ਧਾਰਮਿਕ ਰਸਮਾਂ ਜਾਂ ਧਾਰਮਿਕ ਚਿੰਨ੍ਹਾਂ ਨੂੰ ਹੀ ਧਰਮ ਸਮਝਦੀਆਂ ਹਨ ਹੈ ਤੇ ਇਨ੍ਹਾਂ ਨੂੰ ਲੋਕਾਂ ਤੇ ਤਾਕਤ ਦੇ ਜ਼ੋਰ ਨਾਲ ਥੋਪਣਾ ਚਾਹੁੰਦੀਆਂ ਹਨ। ਤੁਸੀਂ ਇਸ ਲੇਖ ਲੜੀ ਬਾਰੇ ਆਪਣੇ ਵਿਚਾਰ ਭੇਜ ਸਕਦੇ ਹੋ ਤਾਂ ਕਿ ਗੱਲ ਅੱਗੇ ਤੁਰ ਸਕੇ। ਤੁਹਾਡੇ ਸੁਝਾਵਾਂ ਤੇ ਵਿਚਾਰਾਂ ਬਾਰੇ ਗੰਭੀਰਤਾ ਨਾਲ ਵਿਚਾਰ ਕੀਤੀ ਜਾਵੇਗੀ।
ਨਕਲੀ ਧਰਮਾਂ ਦੀ ਚੱਲ ਰਹੀ ਲੜੀਵਾਰ ਵਿਚਾਰ ਚਰਚਾ ਵਿੱਚ ਹੁਣ ਅਸੀਂ ‘ਧਰਮ ਗ੍ਰੰਥਾਂ ਅਧਾਰਿਤ ਨਕਲੀ ਧਰਮ’ ਤੇ ਵਿਚਾਰ ਕਰਾਂਗੇ। ਹਰ ਧਾਰਮਿਕ ਫਿਰਕੇ ਵਿੱਚ ਧਾਰਮਿਕ ਗ੍ਰੰਥ ਦੀ ਬੜੀ ਅਹਿਮੀਅਤ ਹੁੰਦੀ ਹੈ। ਜੇ ਇਵੇਂ ਵੀ ਕਹਿ ਲਿਆ ਜਾਵੇ ਕਿ ਕੋਈ ਵੀ ਧਾਰਮਿਕ ਫਿਰਕਾ ਕਿਸੇ ਧਰਮ ਗ੍ਰੰਥ ਤੋਂ ਬਿਨਾਂ ਅਧੂਰਾ ਹੈ ਤਾਂ ਕੋਈ ਅਤਿਕਥਨੀ ਨਹੀਂ ਹੋਵੇਗੀ। ਹਰ ਧਾਰਮਿਕ ਫਿਰਕਾ ਬਾਹਰੀ ਤੌਰ ਤੇ ਦੇਖਣ ਤੋਂ ਇਵੇਂ ਲੱਗੇਗਾ ਕਿ ਧਰਮ ਗ੍ਰੰਥ ਤੋਂ ਬਿਨਾਂ ਇਸਦੀ ਅਹਿਮੀਅਤ ਹੀ ਕੋਈ ਨਹੀਂ ਹੈ, ਪਰ ਅੰਦਰੋਂ ਅਸਲੀਅਤ ਕੁੱਝ ਹੋਰ ਹੀ ਹੁੰਦੀ ਹੈ। ਧਰਮ ਪੁਜਾਰੀ ਆਪਣੇ ਸ਼ਰਧਾਲੂਆਂ ਵਿੱਚ ਆਪਣੇ ਸ਼ਾਤਰ ਦਿਮਾਗ ਦੇ ਪ੍ਰਚਾਰ ਰਾਹੀਂ ਅਜਿਹੀ ਧਾਰਨਾ ਨੂੰ ਪ੍ਰਪੱਕ ਕਰਦੇ ਹਨ ਕਿ ਜੋ ਕੁੱਝ ਵੀ ਉਹ ਧਰਮ ਦੇ ਨਾਮ ਤੇ ਕਰ ਰਹੇ ਹਨ, ਉਹ ਸਭ ਉਨ੍ਹਾਂ ਦੇ ਰਹਿਬਰ ਵਲੋਂ ਤਿਆਰ ਕੀਤੇ ਗ੍ਰੰਥ ਦੇ ਅਧਾਰਿਤ ਹੈ, ਇਸ ਲਈ ਇਸਦੇ ਅੱਖਰ-ਅੱਖਰ ਨੂੰ ਸੱਚੋ-ਸੱਚ ਮੰਨਣਾ ਹੀ ਸ਼ਰਧਾਲੂ ਲਈ ਧਰਮ ਹੈ। ਧਿਆਨ ਨਾਲ ਦੇਖੋ ਤਾਂ ਧਾਰਮਿਕ ਫਿਰਕਿਆਂ ਦੀ ਅੰਦਰੂਨੀ ਅਸਲੀਅਤ ਇਹ ਹੈ ਕਿ ਧਰਮ ਦਾ ਸਾਰਾ ਮਹੱਲ ਉਨ੍ਹਾਂ ਨੇ ਗ੍ਰੰਥਾਂ ਅਧਾਰਿਤ ਨਹੀਂ ਸਗੋਂ ਸਿਆਸਤਦਾਨਾਂ ਤੇ ਸਰਮਾਏਦਾਰਾਂ ਦੇ ਹਿੱਤਾਂ ਨੂੰ ਮੁੱਖ ਰੱਖ ਕੇ ਖੜਾ ਕੀਤਾ ਹੁੰਦਾ ਹੈ। ਜਿਥੇ ਪੜ੍ਹਦੇ ਪਿਛੇ ਸਿਆਸਤ ਤੇ ਸਰਮਾਏਦਾਰੀ ਦੇ ਹੁਕਮਾਂ ਅਨੁਸਾਰ ਹੀ ਸਾਰੀ ਖੇਡ ਚੱਲ ਰਹੀ ਹੁੰਦੀ ਹੈ। ਇਸ ਤੋਂ ਪਹਿਲਾਂ ਕਿ ਅਸੀਂ ‘ਗ੍ਰੰਥਾਂ’ ਅਧਾਰਿਤ ਨਕਲੀ ਧਰਮ ਦੀ ਗੱਲ ਅੱਗੇ ਤੋਰੀਏ, ਇਹ ਜਾਣ ਲੈਣਾ ਵੀ ਠੀਕ ਰਹੇਗਾ ਕਿ ਧਰਮ ਗ੍ਰੰਥਾਂ, ਆਮ ਗ੍ਰੰਥ ਜਾਂ ਆਮ ਕਿਤਾਬਾਂ ਵਿੱਚ ਕੀ ਫਰਕ ਹੁੰਦਾ ਹੈ? ਆਮ ਤੌਰ ਤੇ ‘ਧਰਮ ਗ੍ਰੰਥ’ ਉਨ੍ਹਾਂ ਵੱਡ ਆਕਾਰੀ ਕਿਤਾਬਾਂ ਨੁੰ ਕਿਹਾ ਜਾਂਦਾ ਹੈ, ਜਿਨ੍ਹਾਂ ਵਿੱਚ ਕਿਸੇ ਧਾਰਮਿਕ ਫਿਰਕੇ ਦੇ ਗੁਰੂਆਂ, ਪੈਗੰਬਰਾਂ, ਰਹਿਬਰਾਂ ਆਦਿ ਨੇ ਆਪਣੀ ਵਿਚਾਰਧਾਰਾ ਅੰਕਿਤ ਕੀਤੀ ਹੁੰਦੀ ਹੈ। ਆਮ ਤੌਰ ਤੇ ਅਸਲੀ ਧਰਮ ਗੁਰੂ ਮਨੁੱਖਤਾਵਾਦੀ ਤੇ ਸਰਬਤ ਦੇ ਭਲੇ ਦੀ ਸੋਚ ਦੇ ਧਾਰਨੀ ਹੋਣ ਕਾਰਨ ਲੋਕਾਂ ਵਿੱਚ ਉਨ੍ਹਾਂ ਦਾ ਪੂਰਨ ਸਤਿਕਾਰ ਹੁੰਦਾ ਹੈ। ਆਪਣੇ ਸਮਿਆਂ ਵਿੱਚ ਧਾਰਮਿਕ ਗੁਰੂਆਂ, ਪੈਗੰਬਰਾਂ ਨੇ ਮੌਕੇ ਦੀਆਂ ਹਕੂਮਤਾਂ ਤੇ ਸਮਾਜ ਜਾਂ ਦੇਸ਼ ਦੇ ਸਾਂਝੇ ਸਾਧਨਾਂ ਤੇ ਕਬਜ਼ਾ ਕਰੀ ਬੈਠੀ ਸਰਮਾਏਦਾਰੀ (ਜਿਸ ਦਾ ਨਾਮ ਤੇ ਰੂਪ ਵੱਖ-ਵੱਖ ਸਮਿਆਂ ਵਿੱਚ ਵੱਖਰਾ ਰਿਹਾ ਹੈ) ਵਲੋਂ ਲੋਕਾਂ ਦੇ ਕੀਤੇ ਜਾਂਦੇ ਸੋਸ਼ਣ ਖਿਲਾਫ ਸੰਘਰਸ਼ ਕੀਤੇ ਹੁੰਦੇ ਹਨ, ਆਵਾਜ਼ ਉਠਾਈ ਹੁੰਦੀ ਹੈ, ਇਥੋਂ ਤੱਕ ਕਿ ਬਹੁਤ ਵਾਰੀ ਲੋਕਾਂ ਲਈ ਆਪਣੀ ਜਾਨ ਵੀ ਵਾਰੀ ਹੁੰਦੀ ਹੈ। ਇਸ ਲਈ ਅਜਿਹੇ ਇਨਕਲਾਬੀ ਮਹਾਂਪੁਰਸ਼ਾਂ ਦੀ ਸਖਸ਼ੀਅਤ ਤੇ ਉਨ੍ਹਾਂ ਦੀ ਵਿਚਾਰਧਾਰਾ ਦਾ ਆਮ ਲੋਕਾਈ ਦੇ ਮਨਾਂ ਵਿੱਚ ਪ੍ਰਭਾਵ ਤੇ ਸਤਿਕਾਰ ਹੁੰਦਾ ਹੈ। ਅਜਿਹੇ ਸੱਚੇ-ਸੁੱਚੇ, ਮਨੁੱਖਤਾਵਾਦੀ ਮਹਾਨ ਪੁਰਸ਼ਾਂ ਦੇ ਵਿਚਾਰਾਂ ਦੇ ਗ੍ਰੰਥਾਂ ਨੂੰ ਹੀ ‘ਧਰਮ ਗ੍ਰੰਥ’ ਕਿਹਾ ਜਾਦਾ ਹੈ। ਬੇਸ਼ਕ ਅਜਿਹੇ ਸਮਿਆਂ ਵਿੱਚ ਜਦੋਂ ਇਨਕਲਾਬੀ ਮਹਾਂਪੁਰਸ਼ ਮੌਕੇ ਦੀਆਂ ਹਕੂਮਤਾਂ ਤੇ ਸਰਮਾਏਦਾਰੀ ਵਿਰੁੱਧ ਲੋਕ ਹਿਤਾਂ ਲਈ ਲੜਦੇ ਹਨ, ਉਨ੍ਹਾਂ ਸਮਿਆਂ ਵਿੱਚ ਜਿਹੜੀ ਪੁਜਾਰੀ ਕਲਾਸ ਇਨ੍ਹਾਂ ਮਹਾਂਪੁਰਸ਼ਾਂ ਖਿਲਾਫ ਮੌਕੇ ਦੇ ਹਾਕਮਾਂ ਦੇ ਹਿੱਤ ਵਿੱਚ ਭੁਗਤਦੀ ਹੈ, ਉਹੀ ਪੁਜਾਰੀ ਕਲਾਸ ਸਮਾਂ ਪਾ ਕੇ ਨਵੇਂ ਰੂਪ ਵਿੱਚ ਉਨ੍ਹਾਂ ਹੀ ਮਹਾਂਪੁਰਸ਼ ਦੇ ਹਮਦਰਦ ਤੇ ਅਨੁਆਈ ਬਣ ਕੇ ਨਵਾਂ ਫਿਰਕਾ ਖੜਾ ਕਰ ਲੈਂਦੇ ਰਹੇ ਹਨ ਤੇ ਉਨ੍ਹਾਂ ਦੀ ਵਿਚਾਰਧਾਰਾ ਵਿੱਚ ਰਲ਼ਾ (ਮਿਲਾਵਟ) ਪਾ ਕੇ ਆਪਣੇ ਤੇ ਆਪਣੇ ਆਕਾਵਾਂ ਦੇ ਹਿੱਤਾਂ ਨੂੰ ਮੁੱਖ ਰੱਖ ਨਵੇਂ ਧਰਮ ਗ੍ਰੰਥ ਲਿਖ ਲੈਂਦੇ ਰਹੇ ਹਨ। ਜਿਥੇ ਇਨ੍ਹਾਂ ਧਰਮ ਗ੍ਰੰਥਾਂ ਵਿੱਚ ਅਸਲੀ ਇਨਕਲਾਬੀ ਮਹਾਂਪੁਰਸ਼ਾਂ ਦੀ ਵਿਚਾਰਧਾਰਾ ਵੀ ਹੁੰਦੀ ਹੈ ਤੇ ਇਹ ਬਿਲਕੁਲ ਹੀ ਨਕਲੀ ਨਹੀਂ ਹੁੰਦੇ, ਪਰ ਇਨ੍ਹਾਂ ਨੂੰ ਲਿਖਿਆ ਇਸ ਢੰਗ ਨਾਲ ਜਾਂਦਾ ਹੈ ਕਿ ਲੋਕ ਇਨ੍ਹਾਂ ਨੂੰ ਸੱਚੇ ਧਰਮ ਗ੍ਰੰਥ ਸਮਝ ਕੇ ਜੁੜੇ ਰਹਿਣ। ਪਰ ਵਿੱਚ ਉਹ ਆਪਣੇ ਹਿੱਤਾਂ ਵਾਲੀ ਵਿਚਾਰਧਾਰਾ ਇਸ ਢੰਗ ਨਾਲ ਰਲਾਉਂਦੇ ਹਨ ਕਿ ਉਸਦਾ ਇਨਕਲਾਬੀ ਖਾਸਾ ਹੀ ਬਦਲ ਦਿੱਤਾ ਜਾਂਦਾ ਹੈ। ਇਹੀ ਵਜ੍ਹਾ ਹੈ ਕਿ ਇਨਕਲਾਬੀ ਮਹਾਂਪੁਰਸ਼ਾਂ ਦੀਆਂ ਵਿਚਰਧਾਰਾਵਾਂ ਉਨ੍ਹਾਂ ਦੇ ਸਮਿਆਂ ਜਾਂ ਉਸ ਤੋਂ ਥੋੜਾ ਚਿਰ ਬਾਅਦ ਤੱਕ ਹੀ ਅਸਰ ਅੰਦਾਜ ਹੁੰਦੀਆਂ ਹਨ ਜਾਂ ਇਨਕਲਾਬ ਲਿਆਉਂਦੀਆਂ ਹਨ, ਬਾਅਦ ਵਿੱਚ ਧਰਮ ਦੇ ਨਾਮ ਤੇ ਲੜੇ ਜਾਂਦੇ ‘ਧਰਮ ਯੁੱਧ’ ਫਿਰਕਾਪ੍ਰਸਤੀ ਤੋਂ ਵੱਧ ਕੁੱਝ ਨਹੀਂ ਹੁੰਦੇ, ਜਿਥੇ ਉਨ੍ਹਾਂ ਧਾਰਮਿਕ ਫਿਰਕਿਆਂ ਤੇ ਕਾਬਿਜ਼ ਬਹੁ ਗਿਣਤੀ ਜਮਾਤਾਂ ਆਪਣੇ ਹਿੱਤਾਂ ਨੂੰ ਮੁੱਖ ਰੱਖ ਕੇ ਧਰਮ ਯੁੱਧਾਂ ਦੇ ਨਾਮ ਤੇ ਧਰਮ ਦਾ ਨਹੀਂ, ਆਪਣੀ ਤਾਕਤ ਦਾ ਪ੍ਰਸਾਰ ਹੀ ਕਰਦੀਆਂ ਹਨ ਅਤੇ ਛੋਟੀਆਂ ਤੇ ਕਮਜ਼ੋਰ ਕੌਮਾਂ ਜਾਂ ਫਿਰਕਿਆਂ ਦਾ ਘਾਣ ਕਰਦੀਆਂ ਹਨ। ਅਜਿਹੇ ਧਰਮ ਯੁੱਧਾਂ ਵਿੱਚ ਜਾਂ ਤੇ ਛੋਟੇ ਫਿਰਕਿਆਂ ਦਾ ਧਰਮ ਤਬਦੀਲ ਕਰਕੇ ਆਪਣੇ ਵਿੱਚ ਸ਼ਾਮਿਲ ਕਰ ਲਿਆ ਜਾਂਦਾ ਰਿਹਾ ਹੈ ਤੇ ਜਾਂ ਫਿਰ ਉਨ੍ਹਾਂ ਨੂੰ ਗੁਲਾਮ ਬਣਾ ਕੇ ਬਹੁ-ਗਿਣਤੀ ਦੇ ਰਹਿਮ ਤੇ ਜੀਣ ਲਈ ਮਜਬੂਰ ਕੀਤਾ ਜਾਂਦਾ ਹੈ। ਦੁਨੀਆਂ ਦੇ ਛੋਟੇ-ਵੱਡੇ ਧਾਰਮਿਕ ਫਿਰਕਿਆਂ ਦੇ ਗ੍ਰੰਥਾਂ ਵਿਚੋਂ ਇੱਕ ਦੋ ਅਜਿਹੇ ਹੋ ਸਕਦੇ ਹਨ, ਜਿਹੜੇ ਆਪਣੀ ਅਸਲ ਵਿਚਾਰਧਾਰਾ ਵਾਲੇ ਹੋਣਗੇ ਜਾਂ ਜਿਨ੍ਹਾਂ ਵਿੱਚ ਕੋਈ ਰਲ਼ਾ ਨਹੀਂ ਪਾਇਆ ਗਿਆ ਹੋਵੇਗਾ, ਨਹੀਂ ਤੇ ਕੋਈ ਵੀ ਧਰਮ ਗ੍ਰੰਥ ਪੁਜਾਰੀਆਂ, ਸ਼ਾਸਕਾਂ ਤੇ ਸਰਮਾਏਦਾਰਾਂ ਦੀ ਸਾਜ਼ਿਸ਼ ਦਾ ਸ਼ਿਕਾਰ ਹੋਣ ਤੋਂ ਨਹੀਂ ਬਚ ਸਕਿਆ। ਜੇ ਕਿਸੇ ਫਿਰਕੇ ਦੇ ਗ੍ਰੰਥ ਵਿੱਚ ਪੁਜਾਰੀ ਰਲ਼ਾ ਨਾ ਪਾ ਸਕੇ ਹੋਣ, ਉਥੇ ਉਨ੍ਹਾਂ ਹੋਰ ਕਈ ਨਕਲੀ ਗ੍ਰੰਥ ਖੜੇ ਕੀਤੇ ਹੁੰਦੇ ਹਨ ਤੇ ਅਸਲੀ ਗ੍ਰੰਥ ਨੂੰ ਸਿਰਫ ਆਪਣਾ ਧੰਦਾ ਚਲਾਉਣ ਲਈ ਵਰਤਦੇ ਹਨ ਤੇ ਪ੍ਰਚਾਰ ਨਕਲੀ ਗ੍ਰੰਥਾਂ ਦਾ ਹੀ ਕਰਦੇ ਹਨ। ਅੱਜ ਦੇ ਪ੍ਰਚਲਤ ਵੱਡੇ ਜਥੇਬੰਧਕ ਧਾਰਮਿਕ ਫਿਰਕਿਆ ਦੇ ਧਰਮ ਗ੍ਰੰਥ ਪੁਜਾਰੀਆਂ ਵਲੋਂ ਆਪਣੇ ਪੈਗੰਬਰਾਂ ਤੋਂ ਬਹੁਤ ਸਮਾਂ ਬਾਅਦ ਆਪਣੇ ਹਿੱਤਾਂ ਨੂੰ ਸੁਰੱਖਿਅਤ ਰੱਖ ਕੇ ਲਿਖੇ ਹੋਏ ਨਕਲੀ ਧਰਮ ਗ੍ਰੰਥ ਹਨ, ਜਿਨ੍ਹਾਂ ਵਿੱਚ ਕੁੱਝ ਅੰਸ਼ ਹੀ ਇਨਕਲਾਬੀ ਮਹਾਂਪੁਰਸ਼ਾਂ ਦੀ ਅਸਲੀ ਵਿਚਾਰਧਾਰਾ ਦਾ ਮਿਲਦਾ ਹੈ। ਜੇ ਆਮ ਦੁਨਿਆਵੀ ਪੱਖ ਤੋਂ ਦੇਖਿਆ ਜਾਵੇ ਤਾਂ ਧਰਮ ਗ੍ਰੰਥ ਤੇ ਆਮ ਗ੍ਰੰਥ ਜਾਂ ਕਿਤਾਬਾਂ ਵਿੱਚ ਕੋਈ ਫਰਕ ਨਹੀਂ ਹੁੰਦਾ, ਧਰਮ ਗ੍ਰੰਥ ਵੀ ਕਿਤਾਬਾਂ ਹੀ ਹੁੰਦੀਆਂ ਹਨ, ਜਿਹੜੀਆਂ ਕਿਸੇ ਵਿਅਕਤੀ ਦੀ ਵਿਚਾਰਧਾਰਾ ਜਾਂ ਨਜ਼ਰੀਏ ਨੂੰ ਸਾਡੇ ਸਾਹਮਣੇ ਰੱਖਦੀਆਂ ਹਨ। ਪਰ ਪੁਜਾਰੀਆਂ ਵਲੋਂ ਆਮ ਕਿਤਾਬ ਜਾਂ ਗ੍ਰੰਥ ਤੇ ਧਾਰਮਿਕ ਗ੍ਰੰਥ ਵਿੱਚ ਇਸ ਢੰਗ ਨਾਲ ਫਰਕ ਖੜਾ ਕੀਤਾ ਜਾਦਾ ਹੈ ਕਿ ‘ਧਾਰਮਿਕ ਗ੍ਰੰਥ’ ਦਾ ਅੱਖਰ-ਅੱਖਰ ਆਖਰੀ ਸੱਚ ਹੁੰਦਾ ਹੈ, ਜਿਸ ਤੇ ਕੋਈ ਕਿੰਤੂ ਪ੍ਰੰਤੂ ਨਹੀਂ ਹੋ ਸਕਦਾ, ਕੋਈ ਸਵਾਲ ਖੜਾ ਨਹੀਂ ਕੀਤਾ ਜਾ ਸਕਦਾ ਕਿਉਂਕਿ ਇਹ ਅੱਖਰ ਪੈਗੰਬਰੀ ਪੁਰਸ਼ਾਂ ਵਲੋਂ ਲਿਖੇ ਹੋਏ ਹਨ ਤੇ ਜਿਨ੍ਹਾਂ ਨੂੰ ਰੱਬ ਵਲੋਂ ਸਿੱਧੀ ਆਕਾਸ਼ਵਾਣੀ ਕਰਕੇ ਇਨ੍ਹਾਂ ਮਹਾਂਪੁਰਸ਼ਾਂ ਰਾਹੀਂ ਕਹਾਇਆ ਜਾਂ ਲਿਖਾਇਆ ਗਿਆ ਸੀ। ਇਸ ਲਈ ਉਨ੍ਹਾਂ ਅਨੁਸਾਰ ਧਾਰਮਿਕ ਗ੍ਰੰਥਾਂ ਵਿੱਚ ਅੰਕਿਤ ਵਿਚਾਰਧਾਰਾ ਆਮ ਦੁਨਿਆਵੀ ਲੋਕਾਂ ਦੀਆਂ ਲਿਖੀਆਂ ਕਿਤਾਬਾਂ ਵਿਚਲੀਆਂ ਉਨ੍ਹਾਂ ਦੇ ਦਿਮਾਗ ਦੀ ਉਪਜ ਕਵਿਤਾ, ਕਹਾਣੀ, ਲੇਖ ਵਾਂਗ ਨਹੀਂ, ਇਹ ਸਿੱਧੇ ਰੱਬ ਵਲੋਂ ਆਏ ਇਲਾਹੀ ਸੰਦੇਸ਼ ਹਨ, ਜਿਨ੍ਹਾਂ ਨੂੰ ਰੱਬ ਨੇ ਮਨੁੱਖਤਾ ਦੇ ਭਲੇ ਲਈ, ਆਪਣੇ ਵਲੋਂ ਭੇਜੇ ਹੋਏ ਪੈਗੰਬਰਾਂ ਰਾਹੀਂ ਕਹਾਇਆ ਤੇ ਧਰਮ ਗ੍ਰੰਥ ਵਿੱਚ ਅੰਕਿਤ ਕੀਤਾ। ਹੁਣ ਕਿਸੇ ਬੰਦੇ ਦੇ ਵਿਚਾਰਾਂ ਤੇ ਚਰਚਾ ਤੇ ਹੋ ਸਕਦੀ ਹੈ, ਸਰਬ ਸ਼ਕਤੀਮਾਨ ਰੱਬ ਵਲੋਂ ਭੇਜੇ ਵਿਚਾਰਾਂ ਤੇ ਕੋਈ ਚਰਚਾ ਜਾਂ ਕਿੰਤੂ ਪ੍ਰੰਤੂ ਨਹੀਂ ਹੋ ਸਕਦਾ। ਇਹ ਗੱਲ ਹਰ ਧਾਰਮਿਕ ਫਿਰਕੇ ਵਲੋਂ ਆਪਣੇ ਸ਼ਰਧਾਲੂਆਂ ਤੇ ਫਿਰ ਸ਼ਰਧਾਲੂਆਂ ਵਲੋਂ ਆਪਣੇ ਬੱਚਿਆਂ ਦੇ ਮਨਾਂ ਵਿੱਚ ਬੜੇ ਜ਼ੋਰ ਨਾਲ ਬਿਠਾਈ ਜਾਂਦੀ ਹੈ ਕਿ ਧਰਮ ਗ੍ਰੰਥ ਸਿਰਫ ਤੇ ਸਿਰਫ ਮੰਨਣ ਲਈ ਹੁੰਦੇ ਹਨ, ਇਨ੍ਹਾਂ ਦੇ ਪੂਜਾ ਪਾਠ ਹੋ ਸਕਦੇ ਹਨ, ਇਨ੍ਹਾਂ ਵਿਚਲੇ ਸ਼ਬਦਾਂ ਦੇ ਅਰਥ ਕੀਤੇ ਜਾ ਸਕਦੇ ਹਨ, ਪਰ ਇਨ੍ਹਾਂ ਤੇ ਚਰਚਾ ਨਹੀਂ ਕੀਤੀ ਜਾ ਸਕਦੀ, ਇਨ੍ਹਾਂ ਦੀ ਆਲੋਚਨਾ ਨਹੀਂ ਹੋ ਸਕਦੀ। ਇਨ੍ਹਾਂ ਦੀ ਆਮ ਕਿਤਾਬਾਂ ਵਾਂਗ ਪੁਸਤਕ ਸਮੀਖਿਆ ਜਾਂ ਰਿਵੀਊ ਨਹੀਂ ਕੀਤਾ ਜਾ ਸਕਦਾ ਕਿਉਂਕਿ ਇਹ ਇਲਾਹੀ ਸੰਦੇਸ਼ ਹਨ? ਪੁਜਾਰੀਆਂ ਦੇ ਸਦੀਆਂ ਤੋਂ ਇਸ ਪ੍ਰਚਾਰ ਨੇ ਨਾ ਸਿਰਫ ਮਨੁੱਖ ਦਾ ਹੀ, ਸਗੋਂ ਸਮਾਜ ਦਾ ਵਿਕਾਸ ਵੀ ਰੋਕਿਆ ਹੋਇਆ ਹੈ। ਵਿਦਵਾਨ ਲੋਕਾਂ ਨੂੰ ਧਰਮ ਗ੍ਰੰਥ ਵਿਚਲੀਆਂ ਸਦੀਵੀ ਸਚਾਈਆਂ ਤੇ ਮਨੁੱਖ ਨੂੰ ਇੱਕ ਚੰਗਾ ਜੀਵਨ ਜੀਉਣ ਦੀ ਵਿਚਾਰਧਾਰਾ ਅਪਨਾਉਣ ਵਾਲੀਆਂ ਸਿਖਿਆਵਾਂ ਤੇ ਕੋਈ ਇਤਰਾਜ਼ ਨਹੀਂ ਹੁੰਦਾ, ਸਗੋਂ ਪੁਜਾਰੀਆਂ ਵਲੋਂ ਧਰਮ ਗ੍ਰੰਥਾਂ ਜਾਂ ਧਾਰਮਿਕ ਮਰਿਯਾਦਾਵਾਂ ਰਾਹੀਂ ਆਪਣਾ ਧਰਮ ਅਧਾਰਿਤ ਧੰਦਾ ਜਾਰੀ ਰੱਖਣ ਲਈ ਸਮਾਂ ਵਿਹਾ ਚੁੱਕੀਆਂ ਰੀਤਾਂ, ਰਸਮਾਂ, ਕਰਮਕਾਂਡਾਂ, ਧਾਰਮਿਕ ਚਿੰਨ੍ਹਾਂ, ਧਾਰਮਿਕ ਦਿਖਾਵਿਆਂ, ਪਹਿਰਾਵਿਆਂ ਆਦਿ ਤੇ ਕਿੰਤੂ ਹੁੰਦਾ ਹੈ, ਲੋਕ ਸਮਾਂ ਵਿਹਾ ਚੁੱਕੀਆਂ, ਗਲ਼ੀਆਂ ਸੜ੍ਹੀਆਂ ਰੀਤਾਂ ਰਸਮਾਂ ਨੂੰ ਛੱਡ ਕੇ ਸਮੇਂ ਨਾਲ ਅੱਗੇ ਵਧਣਾ ਚਾਹੁੰਦੇ ਹੁੰਦੇ ਹਨ, ਪਰ ਪੁਜਾਰੀ ਆਪਣੇ ਮੁਫਾਦ ਲਈ ਉਨ੍ਹਾਂ ਨੂੰ ਮਰਿਯਾਦਾ ਦੀਆਂ ਜੰਜੀਰਾਂ ਵਿੱਚ ਬੰਨ੍ਹ ਕੇ ਰੱਖਣਾ ਚਾਹੁੰਦੇ ਹਨ। ਇਸੇ ਲਈ ਕਦੇ ਵੀ ਕਿਸੇ ਵੀ ਧਾਰਮਿਕ ਫਿਰਕੇ ਦਾ ਕੋਈ ਪੁਜਾਰੀ ਇਹ ਨਹੀਂ ਕਹਿੰਦਾ ਕਿ ਰੀਤਾਂ, ਰਸਮਾਂ, ਪੂਜਾ, ਪਾਠ, ਕਰਮਕਾਂਡ, ਮਰਿਯਾਦਾ, ਉਨ੍ਹਾਂ ਵਲੋਂ ਬਣਾਈ ਹੋਈ ਹੈ, ਉਹ ਇਸਨੂੰ ਆਪਣੇ ਪੈਗੰਬਰ, ਗੁਰੂ, ਰਹਿਬਰ ਆਦਿ ਨਾਲ ਜੋੜਦੇ ਹਨ ਤੇ ਉਨ੍ਹਾਂ ਨੂੰ ਅੱਗੇ ਰੱਬ ਦੇ ਦੂਤ ਦੱਸਦੇ ਤੇ ਉਨ੍ਹਾਂ ਦੇ ਬਚਨਾਂ ਜਾਂ ਵਿਚਾਰਧਾਰਾ ਨੂੰ ਰੱਬ ਵਲੋਂ ਭੇਜੀ ਸਿੱਧੀ ਤੇ ਨਿਰਮਲ ਵਿਚਾਰਧਾਰਾ ਦੱਸ ਕੇ ਆਪਣੇ ਮਾਇਆ ਜਾਲ ਵਿੱਚ ਫਸਾਈ ਰੱਖਦੇ ਹਨ। ਅੱਗੇ ਇਨ੍ਹਾਂ ਪੁਜਾਰੀਆਂ ਦੇ ਹਿੱਤ ਸ਼ਾਸਕਾਂ ਤੇ ਸਰਮਾਏਦਾਰਾਂ (ਮਲਕ ਭਾਗੋਆਂ) ਨਾਲ ਜੁੜੇ ਹੁੰਦੇ ਹਨ। ਇਸ ਤਰ੍ਹਾਂ ਪਿਛਲੇ 5 ਹਜ਼ਾਰ ਸਾਲ ਤੋਂ ਇਹ ਤਿਕੜੀ (ਹਾਕਮ, ਸਰਮਾਏਦਾਰ ਤੇ ਪੁਜਾਰੀ) ਰਲ਼ ਕੇ ਮਨੁੱਖਤਾ ਦਾ ਸੋਸ਼ਣ ਕਰਦੇ ਆ ਰਹੇ ਹਨ।
ਕੋਈ ਵੀ ਬੱਚਾ ਜੋ ਦੁਨੀਆਂ ਵਿੱਚ ਜਨਮ ਲੈਂਦਾ ਹੈ, ਉਹ ਇਸ ਦੁਨੀਆਂ ਵਿੱਚ ਆ ਕੇ ਆਪਣੇ ਪਰਿਵਾਰ, ਸਮਾਜ ਜਾਂ ਦੇਸ਼ ਅਨੁਸਾਰ ਭਾਸ਼ਾ ਬੋਲਣੀ, ਲਿਖਣੀ ਸਿੱਖਦਾ ਹੈ ਤੇ ਫਿਰ ਉਸ ਭਾਸ਼ਾ ਵਿੱਚ ਆਪਣੇ ਤੋਂ ਪਹਿਲੇ ਗ੍ਰੰਥਾਂ, ਕਿਤਾਬਾਂ, ਵਿਅਕਤੀਆਂ ਜਾਂ ਆਪਣੇ ਜੀਵਨ ਅਨੁਭਵ ਤੋਂ ਸਿੱਖ ਕੇ ਆਪਣੀ ਵਿਚਾਰਧਾਰਾ ਬਣਾਉਂਦਾ ਹੈ ਤੇ ਉਸ ਅਨੁਸਾਰ ਹੀ ਅੱਗੇ ਆਪਣੀ ਵਿਚਾਰਧਾਰਾ ਦਿੰਦਾ ਹੈ। ਦੁਨੀਆਂ ਵਿੱਚ ਕਦੇ ਕੋਈ ਅਜਿਹਾ ਚਮਤਕਾਰ ਨਹੀਂ ਵਾਪਰਿਆ ਕਿ ਪੰਜਾਬੀ ਬੋਲਣ ਵਾਲਿਆਂ ਦੇ ਘਰ ਅੰਗਰੇਜ਼ੀ ਜਾਂ ਕੋਈ ਹੋਰ ਭਾਸ਼ਾ ਬੋਲਣ ਵਾਲਾ ਬੱਚਾ ਜੰਮ ਪਿਆ ਹੋਵੇ ਜਾਂ ਕਿਸੇ ਵੀ ਭਾਸ਼ਾ ਨੂੰ ਬੋਲਣ ਵਾਲਿਆਂ ਦੇ ਘਰ ਜੰਮਦਾ ਹੀ ਬੱਚਾ ਕੋਈ ਹੋਰ ਭਾਸ਼ਾ ਬੋਲਣ ਲੱਗ ਪਿਆ ਹੋਵੇ, ਹਰ ਬੱਚੇ ਨੂੰ ਉਸਦੇ ਮਾਂ ਬਾਪ, ਪਰਿਵਾਰ ਜਾਂ ਸਮਾਜ ਵਲੋਂ ਖਾਣ-ਪੀਣ, ਤੁਰਨ, ਬੋਲਣ, ਭਾਵ ਸਭ ਕੁੱਝ ਸਿਖਾਇਆ ਜਾਂਦਾ ਹੈ ਤੇ ਥੋੜਾ ਵੱਡਾ ਹੋ ਕੇ ਉਹ ਆਪਣੀ ਮਰਜੀ ਨਾਲ ਸਿੱਖਣ ਲਗਦਾ ਹੈ। ਆਪਣੇ ਜੀਵਨ ਅਨੁਭਵ ਤੇ ਦੁਨੀਆਂ ਵਿੱਚ ਵਿਚਰ ਕੇ, ਪੜ੍ਹ, ਲਿਖ, ਸੁਣ ਕੇ ਇਕੱਠੇ ਕੀਤੇ ਗਿਆਨ ਨਾਲ ਹੀ ਉਹ ਆਪਣੀ ਵਿਚਾਰਧਾਰਾ ਬਣਾਉਂਦਾ ਹੈ। ਅਜਿਹਾ ਕਹਿਣਾ ਕਿ ਕਿਸੇ ਖਾਸ ਵਿਅਕਤੀ ਨੂੰ ਕਿਸੇ ਰੱਬ ਵਲੋਂ ਕਿਸੇ ਖਾਸ ਸ਼ਕਤੀ ਨਾਲ ਕੋਈ ਸਿੱਧਾ ਗਿਆਨ ਦਿੱਤਾ ਗਿਆ ਸੀ, ਸਭ ਪੁਜਾਰੀਆਂ ਦਾ ਪ੍ਰਚਾਰ ਹੈ। ਇਸਦਾ ਦੂਜਾ ਪੱਖ ਇਹ ਹੈ ਕਿ ਸਾਰੇ ਧਰਮ ਪੁਜਾਰੀਆਂ ਵਲੋਂ ਅਜਿਹਾ ਪ੍ਰਚਾਰ ਵੀ ਕੀਤਾ ਜਾਂਦਾ ਹੈ ਕਿ ਧਰਮ ਗ੍ਰੰਥਾਂ ਵਿੱਚ ਜੋ ਕੁੱਝ ਵੀ ਲਿਖ ਦਿੱਤਾ ਗਿਆ ਹੈ, ਉਹ ਸਦੀਵੀ ਤੇ ਆਖਰੀ ਸੱਚ ਹੈ, ਉਸਨੂੰ ਨਾ ਹੀ ਬਦਲਿਆ ਜਾ ਸਕਦਾ ਹੈ, ਨਾ ਹੀ ਉਸ ਤੇ ਕੋਈ ਚਰਚਾ ਹੋ ਸਕਦੀ ਹੈ, ਨਾ ਹੀ ਉਸ ਤੇ ਕੋਈ ਸਵਾਲ ਜਵਾਬ ਹੋ ਸਕਦੇ ਹਨ, ਨਾ ਹੀ ਕੋਈ ਕਿੰਤੂ ਪ੍ਰੰਤੂ ਹੋ ਸਕਦਾ ਹੈ। ਇਹ ਅਜਿਹਾ ਸੱਚ ਹੈ, ਜੋ ਨਾ ਕਿਸੇ ਨੇ ਪਹਿਲਾਂ ਕਿਹਾ ਸੀ ਤੇ ਨਾ ਹੀ ਕੋਈ ਬਾਅਦ ਵਿੱਚ ਕਹਿ ਸਕਦਾ ਹੈ। ਜਦਕਿ ਧਰਮ ਗ੍ਰੰਥਾਂ ਨੂੰ ਪੜ੍ਹਨ ਤੋਂ ਪਤਾ ਲਗਦਾ ਹੈ ਕਿ ਹਰ ਧਰਮ ਗੁਰੂ ਜਾਂ ਪੈਗੰਬਰ ਨੇ ਆਪਣੇ ਤੋਂ ਪਹਿਲੇ ਧਰਮਾਂ ਦੇ ਗੁਰੂਆਂ, ਪੈਗੰਬਰਾਂ ਦੇ ਗ੍ਰੰਥਾਂ ਜਾਂ ਉਨ੍ਹਾਂ ਦੀਆਂ ਮਰਿਯਾਦਾਵਾਂ ਤੋਂ ਨਾ ਸਿਰਫ ਵੱਖਰੀ ਤੇ ਨਵੀਂ ਗੱਲ ਕਰਨ ਦੀ ਕੋਸ਼ਿਸ਼ ਕੀਤੀ, ਸਗੋਂ ਬਹੁਤ ਜਗ੍ਹਾ ਪਹਿਲਿਆਂ ਦੀ ਗਲਤ ਵਿਚਰਧਾਰਾ ਜਾਂ ਧਾਰਨਾ ਦਾ ਖੰਡਨ ਵੀ ਕੀਤਾ। ਜੇ ਇਹ ਸਦੀਵੀ ਸੱਚ ਸੀ ਤਾਂ ਫਿਰ ਹਰ ਨਵੇਂ ਧਰਮ ਵਿੱਚ ਨਵੀਂ, ਵੱਖਰੀ ਤੇ ਵਿਰੋਧਾਭਾਸ ਵਾਲੀ ਵਿਚਾਰਧਾਰਾ ਕਿਉਂ ਸੀ ਜਾਂ ਹੈ? ਅਸਲ ਵਿੱਚ ਕਿਸੇ ਪੈਗੰਬਰ ਜਾਂ ਗੁਰੂ ਨੇ ਕਦੇ ਨਹੀਂ ਕਿਹਾ ਕਿ ਉਸਦੀ ਵਿਚਾਰਧਾਰਾ ਆਖਰੀ ਸੱਚ ਹੈ, ਨਾ ਹੀ ਅਜਿਹਾ ਦਾਅਵਾ ਕੀਤਾ ਹੀ ਜਾ ਸਕਦਾ ਹੈ? ਕੋਈ ਮੂਰਖ ਵਿਅਕਤੀ ਹੀ ਅਜਿਹੇ ਦਾਅਵੇ ਕਰ ਸਕਦਾ ਹੈ ਕਿ ਉਸਨੇ ਕੁਦਰਤ ਦਾ ਅੰਤ ਪਾ ਲਿਆ ਹੈ। ਕੁਦਰਤ ਦਾ ਇਹ ਪਸਾਰਾ ਇਤਨਾ ਬੇਅੰਤ ਹੈ ਕਿ ਅੱਜ ਤੱਕ ਦੀ ਮਨੁੱਖੀ ਸਮਝ ਅਨੁਸਾਰ ਇਸਦਾ ਅੰਤ ਪਾ ਲੈਣਾ ਨਾ ਮੁਮਕਿਨ ਹੈ, ਪਰ ਇਸ ਵਿੱਚ ਕੋਈ ਅਤਿਕਥਨੀ ਨਹੀਂ ਹੋਵੇਗੀ ਕਿ ਜਿਸ ਤਰ੍ਹਾਂ ਮਨੁੱਖ ਸਦੀਆਂ ਤੋਂ ਇਸਦੀ ਖੋਜ ਵਿੱਚ ਲੱਗਾ ਹੋਇਆ ਹੈ ਤੇ ਕਿਸੇ ਸਮੇਂ ਅੰਤ ਪਾ ਵੀ ਲਵੇ, ਕੁੱਝ ਕਿਹਾ ਨਹੀਂ ਜਾ ਸਕਦਾ? ਕੁਦਰਤ ਦਾ ਅੰਤ ਪਾ ਲੈਣ ਜਾਂ ਧਾਰਮਿਕ ਗ੍ਰੰਥਾਂ ਵਿੱਚ ਸਭ ਕੁੱਝ ਅੰਤਮ ਸੱਚ ਹੈ, ਦੇ ਥੋਥੇ ਦਾਅਵੇ ਪੁਜਾਰੀਆਂ ਵਲੋਂ ਹੀ ਪਾਏ ਹੋਏ ਹਨ, ਕਿਉਂਕਿ ਉਹ ਚਾਹੁੰਦੇ ਹਨ ਕਿ ਆਮ ਸ਼ਰਧਾਲੂ ਲੋਕ ਕੁੱਝ ਸੋਚਣ ਨਾ, ਵਿਚਾਰਨ ਨਾ, ਆਪਣਾ ਦਿਮਾਗ ਨਾ ਵਰਤਣ, ਉਨ੍ਹਾਂ ਨੂੰ ਪਤਾ ਹੈ ਕਿ ਜੇ ਲੋਕ ਧਰਮ ਗ੍ਰੰਥਾਂ ਜਾਂ ਪੁਜਾਰੀਆਂ ਦੀਆਂ ਬਣਾਈਆਂ ਮਰਿਯਾਦਾਵਾਂ ਬਾਰੇ ਸੋਚਣ, ਵਿਚਾਰਨ ਲੱਗ ਪਏ, ਉਨ੍ਹਾਂ ਤੇ ਸਵਾਲ ਖੜੇ ਕਰਨ ਲੱਗ ਪਏ, ਕਿੰਤੂ ਪ੍ਰੰਤੂ ਕਰਨ ਲੱਗ ਪਏ ਤਾਂ ਪੁਜਾਰੀਆਂ ਵਲੋਂ ਅੰਧ ਵਿਸ਼ਵਾਸ਼ਾਂ, ਕਰਮਕਾਂਡਾਂ, ਨਕਲੀ ਮਰਿਯਾਦਾਵਾਂ, ਚਮਤਕਾਰਾਂ, ਨਕਲੀ ਅਗਲੇ ਪਿਛਲੇ ਜਨਮਾਂ ਦੇ ਲਾਰਿਆਂ, ਸਵਰਗਾਂ ਨਰਕਾਂ ਦੇ ਡਰ ਅਧਾਰਿਤ ਖੜੇ ਕੀਤੇ ਹੋਏ ਨਕਲੀ ਧਰਮਾਂ ਦੇ ਮਹੱਲ ਡਿਗਦਿਆਂ ਦੇਰ ਨਹੀਂ ਲੱਗਣੀ। ਇਸ ਲਈ ਧਰਮ ਆਗੂ ਤੇ ਪੁਜਾਰੀ ਹਮੇਸ਼ਾਂ ਇਹ ਰਟ ਲਗਾਈ ਰੱਖਦੇ ਹਨ ਕਿ ਧਰਮ ਸ਼ਰਧਾ ਦਾ ਵਿਸ਼ਾ ਹੈ, ਤਰਕ ਤੇ ਦਲੀਲ ਦਿਮਾਗ ਦੀਆਂ ਕਾਢਾਂ ਹਨ। ਧਰਮ ਵਿੱਚ ਦਿਮਾਗ ਨਹੀਂ, ਸੱਚੇ ਮਨ ਵਾਲੀ ਸ਼ਰਧਾ ਚਲਦੀ ਹੈ। ਮੈਨੂੰ ਇਹ ਗੱਲ ਕਦੇ ਸਮਝ ਨਹੀਂ ਆਈ ਕਿ ਜੇ ਸਾਰੇ ਧਰਮ ਗ੍ਰੰਥਾਂ ਵਿਚਲਾ ਗਿਆਨ ਇਲਾਹੀ ਹੈ, ਰੱਬ ਵਲੋਂ ਸਿੱਧਾ ਪਹੁੰਚਿਆ ਸੰਦੇਸ਼ ਹੈ, ਇਹ ਗਿਆਨ ਆਖਰੀ ਸੱਚ ਹੈ, ਇਸਨੂੰ ਝੁਠਲਾਇਆ ਨਹੀਂ ਜਾ ਸਕਦਾ, ਫਿਰ ਧਰਮ ਗ੍ਰੰਥਾਂ ਨੂੰ ਮੰਨਣ ਦੀ ਥਾਂ ਪੜ੍ਹਨ ਤੇ ਵਿਚਾਰਨ ਦਾ ਵਿਸ਼ਾ ਕਿਉਂ ਨਹੀਂ ਬਣਾਇਆ ਜਾਂਦਾ? ਫਿਰ ਸਮੇਂ ਨਾਲ ਵਾਪਰ ਰਹੀਆਂ ਤਬਦੀਲੀਆਂ ਤੇ ਸਾਇੰਸਦਾਨਾਂ ਵਲੋਂ ਮੈਟਰ (ਮਾਦੇ) ਦੀ ਕੀਤੀ ਜਾ ਰਹੀ ਖੋਜ ਰਾਹੀਂ ਪ੍ਰਗਟ ਹੋ ਰਹੀਆਂ ਕੁਦਰਤ ਦੀਆਂ ਸਚਾਈਆਂ ਦੇ ਸਨਮੁੱਖ, ਅੱਜ ਦੇ ਮਨੁੱਖ ਵਲੋਂ ਧਰਮ ਅਤੇ ਧਰਮ ਗ੍ਰੰਥਾਂ ਤੇ ਉਠਾਏ ਜਾ ਰਹੇ ਸਵਾਲਾਂ ਤੇ ਕੀਤੇ ਜਾ ਰਹੇ ਕਿੰਤੂ ਪ੍ਰੰਤੂ ਦੇ ਸੰਦਰਭ ਵਿੱਚ ਧਾਰਮਿਕ ਫਿਰਕਿਆਂ ਦੇ ਆਗੂਆਂ ਤੇ ਪੁਜਾਰੀਆਂ ਵਲੋਂ ਜਵਾਬ ਕਿਉਂ ਨਹੀਂ ਦਿੱਤੇ ਜਾ ਰਹੇ, ਕਿਉਂ ਉਹ ਕਿੰਤੂ ਪ੍ਰੰਤੂ ਤੋਂ ਡਰਦੇ ਹਨ? ਕਿਉਂ ਧਰਮ ਗ੍ਰੰਥਾਂ ਤੇ ਹੋਣ ਵਾਲੇ ਸਵਾਲਾਂ ਤੋਂ ਰੋਕਣ ਲਈ ਘਟੀਆ ਹੱਥਕੰਡੇ ਵਰਤੇ ਜਾਂਦੇ ਹਨ। ਇੱਕ ਪਾਸੇ ਦੇਸ਼ ਦੇ ਕਨੂੰਨ ਅਨੁਸਾਰ ਬਣੀਆਂ ਦੁਨਿਆਵੀ ਅਦਾਲਤਾਂ ਨੂੰ ਝੂਠੀਆਂ ਕਹਿ ਕੇ ਭਡਿਆ ਜਾਂਦਾ ਹੈ ਤੇ ਫਿਰ ਜਦੋਂ ਕੋਈ ਧਰਮ ਗ੍ਰੰਥਾਂ ਜਾਂ ਅੰਧ ਵਿਸ਼ਵਾਸ਼ੀ ਮਰਿਯਾਦਾਵਾਂ ਤੇ ਸਵਾਲ ਖੜਾ ਕਰਦਾ ਹੈ ਤਾਂ ਉਨ੍ਹਾਂ ਹੀ ਅਦਾਲਤਾਂ (ਝੂਠੀਆਂ) ਵਿੱਚ ਮਾਣਹਾਨੀ ਦੇ ਕੇਸ ਕੀਤੇ ਜਾਂਦੇ ਹਨ, ਧਾਰਮਿਕ ਭਾਵਨਾਵਾਂ ਭੜਕਾਉਣ ਦੇ ਦੋਸ਼ ਆਇਦ ਕੀਤੇ ਜਾਦੇ ਹਨ। ਸੱਚ ਬੋਲਣ ਵਾਲਿਆਂ ਦੀ ਜ਼ੁਬਾਨ ਬੰਦ ਕਰਨ ਲਈ ਧਮਕੀਆਂ ਦਿੱਤੀਆਂ ਜਾਂਦੀਆਂ ਹਨ। ਕਈ ਜਗ੍ਹਾ ਸਰੀਰਕ ਹਮਲੇ ਵੀ ਕੀਤੇ ਗਏ ਹਨ। ਜੇ ਸਭ ਕੁੱਝ ਸੱਚੋ ਸੱਚ ਹੈ ਤਾਂ ਸੱਚ ਨੂੰ ਡਰ ਕਿਸ ਗੱਲ ਦਾ?
ਹੁਣ ਤੱਕ ਦੀ ਚਰਚਾ ਤੋਂ ਇਹ ਗੱਲ ਬਿਲਕੁਲ ਸਪੱਸ਼ਟ ਹੈ ਕਿ ਧਰਮ ਗ੍ਰੰਥ ਵੀ ਹੋਰ ਗ੍ਰੰਥਾਂ ਵਾਂਗ ਗ੍ਰੰਥ ਹਨ, ਜਿਨ੍ਹਾਂ ਵਿੱਚ ਕਈ ਕੁੱਝ ਚੰਗਾ ਤੇ ਕਈ ਕੁੱਝ ਕੁਵੇਲੇ ਦੇ ਰਾਗ ਤੋਂ ਵੱਧ ਕੁੱਝ ਨਹੀਂ। ਜਿਸ ਤਰ੍ਹਾਂ ਮਨੁੱਖ ਕੁਦਰਤ ਦੀ ਖੋਜ ਕਰਦਾ ਜਾ ਰਿਹਾ ਹੈ, ਬਹੁਤ ਕੁੱਝ ਬਦਲ ਰਿਹਾ ਹੈ, ਬਹੁਤ ਸਚਾਈਆਂ ਨਵੀਂਆਂ ਸਾਹਮਣੇ ਆ ਰਹੀਆਂ ਹਨ ਤੇ ਬਹੁਤ ਸਾਰੀਆਂ ਪੁਰਾਣੀਆਂ ਮਿਥਾਂ ਅਧਾਰਿਤ ਸਚਾਈਆਂ ਗਲਤ ਸਾਬਿਤ ਹੋ ਰਹੀਆਂ ਹਨ। ਧਰਮ ਜੇ ਸੱਚ ਦਾ ਮਾਰਗ ਹੈ ਤਾਂ ਸਾਨੂੰ ਸੱਚੇ ਧਰਮੀ ਹੋਣ ਦੇ ਨਾਤੇ ਸੱਚ ਦੇ ਨਾਲ ਹੀ ਖੜਨਾ ਚਾਹੀਦਾ ਹੈ। ਜੋ ਸੱਚ ਹੈ ਉਸਨੂੰ ਮੰਨ ਲੈਣਾ ਚਾਹੀਦਾ ਹੈ ਤੇ ਜੋ ਗਲਤ ਸਾਬਿਤ ਹੋ ਗਿਆ, ਉਸਨੂੰ ਛੱਡ ਦੇਣਾ ਚਾਹੀਦਾ ਹੈ। ਪਰ ਅਖੌਤੀ ਧਰਮੀਆਂ ਤੇ ਪੁਜਾਰੀਆਂ ਨੇ ਧਰਮ ਦੇ ਨਾਮ ਤੇ ਅਜਿਹੇ ਝੂਠੇ ਅਡੰਬਰ ਰਚੇ ਹੋਏ ਹਨ ਕਿ ਉਨ੍ਹਾਂ ਨੂੰ ਸੱਚ ਦਾ ਸਾਹਮਣਾ ਕਰਨ ਤੋਂ ਡਰ ਲੱਗ ਰਿਹਾ ਹੈ। ਉਨ੍ਹਾਂ ਨੂੰ ਲਗਦਾ ਹੈ ਕਿ ਜੇ ਅਸੀਂ ਸਮੇਂ ਦਾ ਸੱਚ ਕਬੂਲ ਲਿਆ ਤਾਂ ਜੋ ਦਾਅਵੇ ਹੁਣ ਤੱਕ ਧਰਮ ਗ੍ਰੰਥਾਂ ਬਾਰੇ ਕੀਤੇ ਜਾ ਰਹੇ ਸਨ, ਉਹ ਦਾਅਵੇ ਹੀ ਝੂਠੇ ਸਾਬਿਤ ਨਹੀਂ ਹੋਣਗੇ, ਲੋਕ ਸਾਨੂੰ ਵੀ ਝੂਠੇ ਜਾਣ ਧਰਮ ਮੰਦਰਾਂ ਵਿਚੋਂ ਧੱਕੇ ਮਾਰ ਕੇ ਬਾਹਰ ਕੱਢ ਦੇਣਗੇ। ਪਰ ਜੇ ਪੁਜਾਰੀ ਇਹ ਸੱਚ ਸਮਝ ਲੈਣ ਕੇ ਧਰਮ ਗੁਰੂ ਜਾਂ ਪੈਗੰਬਰ ਵੀ ਆਮ ਇਨਸਾਨਾਂ ਵਾਂਗ ਪੈਦਾ ਹੋਏ ਇਨਸਾਨ ਹੀ ਸਨ ਤੇ ਉਨ੍ਹਾਂ ਨੇ ਵੀ ਸਮਾਜ ਵਿਚੋਂ ਲਏ ਗਿਆਨ ਤੇ ਆਪਣੇ ਅਨੁਭਵ ਨਾਲ ਮਨੁੱਖਤਾ ਨੂੰ ਉਸ ਸਮੇਂ ਦੀਆਂ ਲੋੜਾਂ ਜਾਂ ਸਮਸਿਆਵਾਂ ਅਨੁਸਾਰ ਨਵਾਂ ਮਾਰਗ ਦਿਖਾਇਆ ਸੀ ਤਾਂ ਕਿ ਲੋਕ ਇਸ ਗਿਆਨ ਤੋਂ ਸੇਧ ਲੈ ਕੇ ਅੱਗੇ ਵਧ ਸਕਣ। ਕੋਈ ਵੀ ਸੱਚਾ ਸੁੱਚਾ ਮਨੁੱਖਤਾਵਾਦੀ ਧਰਮ ਪੁਰਸ਼ ਇਹ ਨਹੀਂ ਚਾਹੇਗਾ ਕਿ ਲੋਕ ਉਸਦੇ ਵਿਚਾਰਾਂ ਨੂੰ ਫੜ ਕੇ ਬੈਠ ਜਾਣ ਜਾਂ ਉਸਦਾ ਪੂਜਾ ਪਾਠ ਕਰਨ ਲੱਗ ਜਾਣ। ਵਿਚਾਰ ਪੜ੍ਹਨ ਲਈ ਹੁੰਦੇ ਹਨ, ਜੀਉਣ ਲਈ ਹੁੰਦੇ ਹਨ, ਜਾਨਣ ਤੇ ਅੱਗੇ ਵਧਣ ਲਈ ਹੁੰਦੇ ਹਨ, ਜੋ ਵਿਚਾਰ ਅੱਗੇ ਵਧਣ ਲਈ ਰਾਹ ਦਾ ਰੋੜਾ ਬਣ ਜਾਣ, ਉਨ੍ਹਾਂ ਨੂੰ ਛੱਡਿਆ ਹੀ ਜਾਣਾ ਚਾਹੀਦਾ ਹੈ। ਉਨ੍ਹਾਂ ਨੂੰ ਰੱਦ ਕੀਤਿਆਂ ਹੀ ਮਨੁੱਖਤਾ ਦਾ ਭਲਾ ਹੋ ਸਕਦਾ ਹੈ। ਪਰ ਪੁਜਾਰੀਆਂ ਨੂੰ ਇਸ ਗੱਲ ਦੀ ਫਿਕਰ ਨਹੀਂ ਕਿ ਧਰਮ ਜਾਂ ਗ੍ਰੰਥਾਂ ਦਾ ਕੀ ਬਣੇਗਾ, ਉਨ੍ਹਾਂ ਨੂੰ ਤਾਂ ਆਪਣੇ ਧੰਦੇ ਦਾ ਫਿਕਰ ਹੈ? ਉਨ੍ਹਾਂ ਲੋਕਾਂ ਤੇ ਤਰਸ ਹੀ ਕੀਤਾ ਜਾ ਸਕਦਾ ਹੈ, ਜੋ ਲੋਟੂ ਪੁਜਾਰੀਆਂ ਮਗਰ ਲੱਗ ਕੇ ਧਰਮ ਗ੍ਰੰਥਾਂ ਤੋਂ ਜੀਵਨ ਜਾਚ ਦੀ ਸੇਧ ਲੈਣ ਦੀ ਥਾਂ, ਉਨ੍ਹਾਂ ਦੇ ਪੂਜਾ ਪਾਠ, ਮੰਤਰ ਜਾਪ ਆਦਿ ਵਿੱਚ ਪੈ ਕੇ ਆਪਣਾ ਅਨਮੋਲ ਜੀਵਨ ਵਿਅਰਥ ਗੁਆ ਰਹੇ ਹਨ, ਸਾਨੂੰ ਇਹ ਗੱਲ ਬਿਲਕੁਲ ਸਮਝ ਲੈਣੀ ਚਾਹੀਦੀ ਹੈ ਕਿ ਸਾਡੇ ਕੋਲ ਸਿਰਫ ਇਹੀ ਜਨਮ ਹੈ ਤੇ ਉਸ ਵਿੱਚ ਜੀਣ ਲਈ ਇਹੀ ਸਮਾਂ ਹੈ, ਜਿਹੜਾ ਹੁਣ ਲੰਘ ਰਿਹਾ ਹੈ, ਜੋ ਬੀਤ ਗਿਆ, ਉਹ ਵਾਪਿਸ ਨਹੀਂ ਆ ਸਕਦਾ, ਜੋ ਆਉਣਾ ਹੈ, ਉਸ ਬਾਰੇ ਅਸੀਂ ਦਾਅਵੇ ਨਾਲ ਨਹੀਂ ਕਹਿ ਸਕਦੇ ਕਿ ਉਦੋਂ ਅਸੀਂ ਹੋਵਾਂਗੇ ਜਾਂ ਨਹੀਂ, ਇਸ ਲਈ ਵਰਤਮਾਨ ਹੀ ਸਾਡਾ ਹੈ, ਇਸਨੂੰ ਆਪਣੇ ਤੇ ਸਮਾਜ ਲਈ ਰਚਨਾਤਮਿਕ, ਆਨੰਦਮਈ, ਸਰਬਤ ਦੇ ਭਲੇ ਦੀ ਭਾਵਨਾ ਨਾਲ ਜੀਅ ਸਕੀਏ, ਇਹੀ ਜ਼ਿੰਦਗੀ ਦਾ ਮਨੋਰਥ ਹੋਣਾ ਚਾਹੀਦਾ ਹੈ। ਉਹ ਵਿਦਿਆਰਥੀ ਬੜੇ ਬਦਕਿਸਮਤ ਹੁੰਦੇ ਹਨ, ਜੋ ਸਕੂਲ ਵਿੱਚ ਕਿਤਾਬਾਂ ਪੜ੍ਹਨ ਜਾਂ ਸਮਝਣ ਦੀ ਥਾਂ ਉਨ੍ਹਾਂ ਨੂੰ ਸਾਰਾ ਸਾਲ ਮੱਥਾ ਹੀ ਟੇਕਦੇ ਰਹਿਣ, ਕਿਉਂਕਿ ਉਨ੍ਹਾਂ ਬੇਅਕਲਾਂ ਨੂੰ ਪਤਾ ਨਹੀਂ ਹੁੰਦਾ ਕਿ ਡਿਗਰੀਆਂ ਸਿਰ ਝੁਕਾ ਕੇ (ਮੱਥਾ ਟੇਕ ਕੇ) ਨਹੀਂ, ਸਿਰ ਵਰਤ ਕੇ ਮਿਲਦੀਆਂ ਹਨ। ਧਰਮ ਦੀ ਖੇਡ ਵਿੱਚ ਉਹ ਸ਼ਰਧਾਲੂ ਜੀਵਨ ਦੀ ਬਾਜੀ ਹਾਰ ਜਾਂਦੇ ਹਨ, ਜੋ ਧਰਮ ਗ੍ਰੰਥਾਂ ਨੂੰ ਪੜ੍ਹਨ, ਵਿਚਾਰਨ ਦੀ ਥਾਂ ਸਾਰੀ ਉਮਰ ਮੱਥੇ ਟੇਕਦੇ, ਪੂਜਾ ਕਰਦੇ, ਤੋਤਾ ਰਟਨ ਕਰਦੇ ਰਹਿੰਦੇ ਹਨ? ਧਰਮ ਗ੍ਰੰਥਾਂ ਵਿੱਚ ਕਿਤਨਾ ਕੁ ਗਿਆਨ ਸਦੀਵੀ ਸੱਚ ਵਾਲਾ ਹੈ, ਕਿਤਨਾ ਕੁ ਉਸ ਸਮੇਂ ਦਾ ਸੱਚ ਸੀ, ਜਦੋਂ ਗ੍ਰੰਥ ਲਿਖਿਆ ਗਿਆ ਸੀ ਤੇ ਅੱਜ ਉਸਦੀ ਕੀ ਸਾਰਥਿਕਤਾ ਹੈ, ਕਿਤਨੀ ਕੁ ਉਸ ਵਿੱਚ ਪੁਜਾਰੀਆਂ ਨੇ ਆਪਣੇ ਅਤੇ ਹਾਕਮਾਂ ਤੇ ਸਰਮਾਏਦਾਰਾਂ ਦੇ ਹਿੱਤ ਸੁਰੱਖਿਅਤ ਰੱਖਣ ਲਈ ਮਿਲਾਵਟ ਕੀਤੀ ਹੈ, ਇਹ ਸਭ ਸਾਨੂੰ ਤਾਹੀਂ ਸਮਝ ਆ ਸਕਦੀ ਹੈ, ਜਦੋਂ ਅਸੀਂ ਧਰਮ ਗ੍ਰੰਥਾਂ ਨੂੰ ਤਰਕ ਤੇ ਦਲੀਲ ਦੀ ਸਾਣ ਤੇ ਲਾਣ ਕੇ ਪੂਰੇ ਹੋਸ਼ੋ ਹਵਾਸ ਵਿੱਚ, ਸ਼ਰਧਾ ਦੀ ਪੱਟੀ ਉਤਾਰ ਕੇ ਪੜ੍ਹਾਂਗੇ, ਵਿਚਾਰਾਂਗੇ? ਪੜ੍ਹਨ, ਵਿਚਾਰਨ ਵੇਲੇ ਮਨ ਵਿੱਚ ਉਠ ਰਹੇ ਸਵਾਲਾਂ ਨੂੰ ਬਾਹਰ ਪ੍ਰਗਟ ਕਰਾਂਗੇ? ਕਿਸੇ ਵੀ ਕਿਤਾਬ ਨੂੰ ਪੜ੍ਹ ਕੇ ਸਮਝਣ ਦਾ ਸੌਖਾ ਤਰੀਕਾ ਇਹੀ ਹੁੰਦਾ ਹੈ ਕਿ ਪੜ੍ਹਨ ਤੋਂ ਬਾਅਦ ਜੋ ਵੀ ਸਵਾਲ ਆਉਂਦੇ ਹੋਣ, ਉਨ੍ਹਾਂ ਨੂੰ ਰੋਕਿਆ ਨਾ ਜਾਵੇ, ਉਨ੍ਹਾਂ ਦੇ ਹੱਲ ਲੱਭਣ ਦੀ ਕੋਸ਼ਿਸ਼ ਕੀਤੀ ਜਾਵੇ, ਜੇ ਸਵਾਲ ਤੁਹਾਡੇ ਤੋਂ ਆਪ ਹੱਲ ਨਾ ਹੋਣ ਤੇ ਕਿਸੇ ਤੋਂ ਉਸਦਾ ਜਵਾਬ ਪੁਛਿਆ ਜਾ ਸਕਦਾ ਹੈ? ਜਿਹੜਾ ਵਿਅਕਤੀ ਆਪਣੇ ਟੀਚਰ ਦੀ ਗੱਲ ਸਮਝ ਨਾ ਆਉਣ ਤੇ ਸਵਾਲ ਪੁੱਛਣ ਤੋਂ ਸ਼ਰਮਾ ਜਾਵੇ ਜਾਂ ਡਰ ਜਾਵੇ, ਉਹ ਕਦੇ ਤਰੱਕੀ ਨਹੀਂ ਕਰ ਸਕੇਗਾ? ਉਸਦੇ ਸਵਾਲ ਸਵਾਲ ਹੀ ਰਹਿ ਜਾਣਗੇ, ਉਸਨੂੰ ਕਦੇ ਜਵਾਬ ਨਹੀਂ ਮਿਲਣਗੇ?
ਧਰਮ ਗ੍ਰੰਥਾਂ ਦਾ ਇੱਕ ਪਹਿਲੂ ਇਹ ਵੀ ਹੈ ਕਿ ਪੁਜਾਰੀ ਧਰਮ ਗ੍ਰੰਥਾਂ ਬਾਰੇ ਅਜਿਹਾ ਵੀ ਪ੍ਰਚਾਰ ਕਰਦੇ ਹਨ ਕਿ ਇਸਦੇ ਸ਼ਬਦਾਂ ਵਿੱਚ ਬੜੀ ਕਰਾਮਾਤੀ ਸ਼ਕਤੀ ਹੁੰਦੀ ਹੈ। ਬੇਸ਼ਕ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਵਿਚਾਰ ਹਥਿਆਰਾਂ ਤੋਂ ਵੱਧ ਤਾਕਤਵਰ ਹੁੰਦੇ ਹਨ ਤੇ ਵਿਚਾਰ ਹਥਿਆਰਾਂ ਤੋਂ ਪਹਿਲਾਂ ਇਨਕਲਾਬ ਲਿਆਉਂਦੇ ਹਨ। ਬਾਹਰੀ ਇਨਕਲਾਬ ਬਾਅਦ ਵਿੱਚ ਵਾਪਰਦੇ ਹਨ, ਪਹਿਲਾਂ ਮਨੁੱਖੀ ਮਨ ਜਾਂ ਚੇੱਤੰਨਤਾ ਵਿੱਚ ਇਨਕਲਾਬ ਵਾਪਰਦਾ ਹੈ, ਬਾਹਰ ਤਾਂ ਉਸਦਾ ਸਿਰਫ ਪ੍ਰਗਟਾਵਾ ਹੀ ਹੁੰਦਾ ਹੈ। ਪਰ ਵਿਚਾਰਾਂ ਦੀ ਉਹ ਕਰਾਮਾਤ ਜਾਂ ਸ਼ਕਤੀ, ਜਿਹੜੀ ਮਨੁੱਖਾਂ, ਸਮਾਜਾਂ, ਕੌਮਾਂ ਦੇ ਇਤਹਾਸ ਬਦਲ ਦਿੰਦੀ ਹੈ, ਉਹ ਇੱਕ ਵੱਖਰੀ ਗੱਲ ਹੈ, ਪਰ ਵਿਚਾਰਾਂ ਦੀ ਜਿਸ ਕਰਾਮਾਤ ਦੀ ਪੁਜਾਰੀ ਗੱਲ ਕਰਦੇ ਹਨ, ਉਹ ਬਿਲਕੁਲ ਵੱਖਰੀ ਗੱਲ ਹੈ। ਪੁਜਾਰੀ ਵਿਚਾਰਾਂ ਨੂੰ ਪੜ੍ਹ ਕੇ, ਵਿਚਾਰ ਕੇ, ਜੀਵਨ ਵਿੱਚ ਅਪਨਾ ਕੇ ਤਬਦੀਲੀ ਦੀ ਨਹੀਂ, ਸਗੋਂ ਵਿਚਾਰਾਂ ਨੂੰ ਮੱਥਾ ਟੇਕ ਕੇ, ਵਿਚਾਰਾਂ ਦੀ ਪੂਜਾ ਕਰਕੇ, ਵਿਚਾਰਾਂ ਦਾ ਬਿਨਾਂ ਸੋਚੇ ਵਿਚਾਰੇ ਪਾਠ ਕਰਕੇ, ਵਿਚਾਰਾਂ ਦਾ ਤਾਬੀਤ ਬਣਾ ਕੇ ਗਲ਼ ਜਾਂ ਬਾਂਹ ਨਾਲ ਬੰਨ੍ਹ ਕੇ, ਵਿਚਾਰਾਂ ਦਾ ਤਬੀਤ ਪਾਣੀ ਵਿੱਚ ਘੋਲ ਕੇ ਪਿਲਾਉਣ, ਨਾਲ ਕਰਾਮਾਤ ਹੋਣ ਦਾ ਭਰਮ ਸ਼ਰਧਾਲੂਆਂ ਵਿੱਚ ਪਾ ਕੇ ਉਸਦੀ ਮਾਨਸਿਕ, ਸਰੀਰਕ, ਆਰਥਿਕ ਲੁੱਟ ਕਰਦੇ ਹਨ। ਪੁਜਾਰੀ ਇਹ ਲੁੱਟ ਸਦੀਆਂ ਤੋਂ ਕਰਦੇ ਆ ਰਹੇ ਹਨ। ਪੁਜਾਰੀ ਸਿਰਫ ਸ਼ਰਧਾਲੂਆਂ ਦਾ ਹੀ ਸੋਸ਼ਣ ਨਹੀਂ ਕਰਦੇ, ਬਲਕਿ ਆਪਣੇ ਹੀ ਧਰਮ ਗੁਰੂਆਂ (ਜਿਨ੍ਹਾਂ ਦੇ ਨਾਮ ਤੇ ਫਿਰਕਾ ਖੜਾ ਕਰਕੇ ਆਪਣਾ ਧੰਦਾ ਚਲਾਉਂਦੇ ਹਨ) ਦੇ ਵਿਚਾਰਾਂ ਦਾ ਵੀ ਸੋਸ਼ਣ ਕਰਦੇ ਹਨ, ਕਿਉਂਕਿ ਰਹਿਬਰਾਂ ਦੇ ਇਨਕਲਾਬੀ ਵਿਚਾਰ ਜੋ ਦੁਨੀਆਂ ਬਦਲਣ ਦੀ ਸਮਰੱਥਾ ਰੱਖਦੇ ਹੁੰਦੇ ਹਨ, ਉਨ੍ਹਾਂ ਵਿਚਾਰਾਂ ਦਾ ਪੂਜਾ ਪਾਠ ਕਰਕੇ ਹਾਕਮਾਂ ਤੇ ਸਰਮਾਏਦਾਰਾਂ ਦੇ ਹਿੱਤਾਂ ਦੀ ਪੂਰਤੀ ਲਈ ਬਲਾਤਕਾਰ ਕਰਦੇ ਹਨ। ਬੇਸ਼ਕ ਪੁਜਾਰੀਆਂ ਨੇ ਧਾਰਮਿਕ ਫਿਰਕਾ ਧਰਮ ਗੁਰੂਆਂ ਦੇ ਵਿਚਾਰਾਂ ਦੇ ਸੰਗ੍ਰਹਿ ਦੇ ਗ੍ਰੰਥ ਆਧਾਰ ਤੇ ਖੜਾ ਕੀਤਾ ਹੁੰਦਾ ਹੈ, ਪਰ ਉਹ ਆਪ ਉਨ੍ਹਾਂ ਵਿਚਾਰਾਂ ਦੇ ਵਿਰੋਧੀ ਹੁੰਦੇ ਹਨ, ਇਸੇ ਕਰਕੇ ਉਹ ਸ਼ਰਧਾਲੂਆਂ ਨੂੰ ਪੜ੍ਹਨ, ਵਿਚਾਰਨ ਤੇ ਸਵਾਲ ਕਰਨ ਤੋਂ ਰੋਕਦੇ ਹਨ ਕਿਉਂਕਿ ਉਨ੍ਹਾਂ ਨੂੰ ਇਨ੍ਹਾਂ ਵਿਚਾਰਾਂ ਵਿਚੋਂ ਇਨਕਲਾਬ ਦੀ ਬੂ ਆਉਂਦੀ ਹੈ। ਇਨਕਲਾਬ ਜਿਹੜਾ ਕਿ ਸਥਾਪਤੀ ਦੇ ਕਦੇ ਵੀ ਹੱਕ ਵਿੱਚ ਨਹੀਂ ਹੁੰਦਾ। ਇਸੇ ਲਈ ਉਹ ਜ਼ਿਆਦਾ ਜ਼ੋਰ ਪੂਜਾ, ਪਾਠ, ਸਿਮਰਨ, ਮੰਤਰ ਰਟਨ, ਨਿਤਨੇਮ, ਪ੍ਰੇਅਰ, ਨਮਾਜ਼ ਆਦਿ ਤੇ ਦਿੰਦੇ ਹਨ। ਇਹ ਸਭ ਕਾਢਾਂ ਪੁਜਾਰੀਆਂ ਨੇ ਸ਼ਰਧਾਲੂਆਂ ਦੀ ਸੋਚ ਨੂੰ ਖੁੰਡਾ ਕਰਨ ਦੇ ਹਥਿਆਰ ਹਨ।
ਜਿਸ ਤਰ੍ਹਾਂ ਨਕਲੀ ਧਰਮਾਂ ਦੀ ਚਰਚਾ ਵਿੱਚ ਅਸੀਂ ਇਹ ਸਵਾਲ ਹਰ ਵਾਰ ਉਠਾਉਂਦੇ ਹਾਂ ਕਿ ਸ਼ਰਧਾਲੂ ਪੁਜਾਰੀਆਂ ਦੇ ਨਕਲੀ ਧਰਮ ਵਿੱਚ ਫਸਦਾ ਕਿਉਂ ਹੈ? ਜਿਸ ਤਰ੍ਹਾਂ ਹਮੇਸ਼ਾਂ ਇਹ ਜ਼ਿਕਰ ਕਰਦੇ ਹਾਂ ਕਿ ਡਰ ਤੇ ਲਾਲਚ, ਮਨੁੱਖ ਦੀਆਂ ਦੋ ਸਭ ਤੋਂ ਵੱਡੀਆਂ ਕਮਜ਼ੋਰੀਆਂ ਹਨ। ਪੁਜਾਰੀ ਮਨੁੱਖ ਦੀਆਂ ਇਨ੍ਹਾਂ ਕਮਜ਼ੋਰੀਆਂ ਦਾ ਲਾਭ ਉਠਾਉਂਦਾ ਹੋਇਆ, ਬਚਪਨ ਤੋਂ ਧਰਮ ਗ੍ਰੰਥਾਂ ਸਬੰਧੀ ਕਈ ਤਰ੍ਹਾਂ ਦੇ ਜਿਥੇ ਡਰ ਪਾਉਂਦਾ ਹੈ, ਉਥੇ ਇਸਦੇ ਸ਼ਬਦਾਂ ਵਿੱਚ ਕਰਾਮਾਤ ਹੋਣ ਦਾ ਲਾਲਚ ਵੀ ਪਾਉਂਦਾ ਹੈ ਕਿ ਇਸਦੇ ਪੂਜਾ, ਪਾਠ, ਮੰਤਰ ਜਾਪ ਨਾਲ ਮਨੋ ਮੰਗੀਆਂ ਮੁਰਾਦਾਂ ਮਿਲਣਗੀਆਂ? ਆਪ ਪੁਜਾਰੀ ਅੰਦਰੋ ਹੱਸਦਾ ਹੈ ਕਿ ਜੇ ਇਸ ਵਿੱਚ ਇਤਨੀ ਕਰਾਮਾਤੀ ਸ਼ਕਤੀ ਹੁੰਦੀ ਤਾਂ ਕੀ ਉਹ ਘਰ ਬੈਠ ਕੇ ਮੰਤਰ ਜਾਪ ਕਰਕੇ ਜਾਂ ਪੂਜਾ ਪਾਠ ਕਰਕੇ, ਸਭ ਕੁੱਝ ਪ੍ਰਾਪਤ ਨਾ ਕਰ ਲੈਂਦਾ, ਉਹ ਕਿਉਂ ਮੰਗਤਿਆਂ ਵਾਂਗ ਸ਼ਰਧਾਲੂਆਂ ਤੋਂ ਦੋ ਦੋ ਚਾਰ ਚਾਰ ਡਾਲਰਾਂ ਦੀ ਕੁੱਤੇ ਝਾਕ ਰੱਖਦਾ? ਇਸੇ ਤਰ੍ਹਾਂ ਪੁਜਾਰੀ ਆਪਣੇ ਹੀ ਧਰਮ ਗ੍ਰੰਥਾਂ ਤੋਂ ਆਪਣੇ ਹੀ ਸ਼ਰਧਾਲੂਆਂ ਨੂੰ ਦੂਰ ਰੱਖਣ ਲਈ ਪ੍ਰਚਾਰ ਕਰਦਾ ਹੈ ਕਿ ਇਸਨੂੰ ਹੱਥ ਨਹੀਂ ਲਾਉਣਾ ਪਾਪ ਚੜ੍ਹ ਜਾਵੇਗਾ, ਕਈ ਤਰ੍ਹਾਂ ਦੇ ਹੋਰ ਕਰਮਕਾਂਡ ਨਾਲ ਜੋੜਦਾ ਹੈ ਕਿਉਂਕਿ ਉਸਨੂੰ ਡਰ ਰਹਿੰਦਾ ਹੈ ਕਿ ਜੇ ਸ਼ਰਧਾਲੂ ਆਪ ਗ੍ਰੰਥ ਪੜ੍ਹਨ ਵਿਚਾਰਨ ਲੱਗ ਪਏ ਤਾਂ ਉਨ੍ਹਾਂ ਨੂੰ ਸਮਝ ਆ ਜਾਣੀ ਹੈ, ਧਰਮ ਦਾ ਸਭ ਤੋਂ ਵੱਡਾ ਵਿਰੋਧੀ ਧਰਮ ਪੁਜਾਰੀ ਹੀ ਹੁੰਦਾ ਹੈ। ਇਸ ਲਈ ਉਹ ਹਰ ਹੀਲੇ ਸ਼ਰਧਾਲੂਆਂ ਨੂੰ ਆਪਣੇ ਹੀ ਧਰਮ ਗੁਰੂਆਂ ਦੀ ਵਿਚਾਰਧਾਰਾ ਤੋਂ ਦੂਰ ਰੱਖਣ ਦੀ ਕੋਸ਼ਿਸ਼ ਕਰਦਾ ਹੈ। ਪਰ ਸ਼ਰਧਾਲੂ ਆਪਣੇ ਮਨ ਦੇ ਡਰ ਤੇ ਲਾਲਚ ਅਧੀਨ ਇਨ੍ਹਾਂ ਦੇ ਮਾਇਆ ਜਾਲ ਵਿੱਚ ਫਸਦਾ ਹੈ, ਜਿਸ ਦਿਨ ਮਨੁੱਖ ਨੂੰ ਨਕਲੀ ਧਰਮਾਂ ਵਲੋਂ ਪੈਦਾ ਕੀਤੇ ਲਾਲਚ ਤੇ ਡਰ ਦੀ ਸਮਝ ਆ ਗਈ, ਨਕਲੀ ਧਰਮਾਂ ਦਾ ਭੋਗ ਪੈਂਦਿਆਂ ਦੇਰ ਨਹੀਂ ਲੱਗੇਗੀ?
ਧਰਮ ਦੇ ਨਾਮ ਤੇ ਹੋ ਰਹੀ ਲੁੱਟ ਤੇ ਸੋਸ਼ਣ ਤੋਂ ਬਚਿਆ ਕਿਵੇਂ ਜਾਵੇ? ਸਭ ਤੋਂ ਪਹਿਲਾਂ ਇਹ ਗੱਲ ਬਹੁਤ ਚੰਗੀ ਤਰ੍ਹਾਂ ਸਮਝ ਲੈਣੀ ਚਾਹੀਦੀ ਹੈ, ਕੁਦਰਤ ਦੇ ਨਿਯਮ ਵਿੱਚ ਹਰ ਇਨਸਾਨ ਦੁਨੀਆਂ ਵਿੱਚ ਪੈਦਾ ਹੁੰਦਾ ਹੈ। ਕੋਈ ਵੀ ਬੱਚਾ ਇਸ ਦੁਨੀਆਂ ਵਿੱਚ ਕਿਸੇ ਤਰ੍ਹਾਂ ਦੀਆਂ ਕੋਈ ਗੈਬੀ ਸ਼ਕਤੀਆਂ ਲੈ ਕੇ ਨਹੀਂ ਜਨਮਦਾ ਤੇ ਨਾ ਹੀ ਇਸ ਜਨਮ ਵਿੱਚ ਕੋਈ ਵਿਅਕਤੀ ਕਿਸੇ ਮੰਤਰ-ਜੰਤਰ, ਜਾਦੂ-ਟੁਣੇ, ਪੂਜਾ-ਪਾਠ, ਭਜਨ-ਬੰਦਗੀ, ਜਪ-ਤਪ ਆਦਿ ਨਾਲ ਕੋਈ ਕਰਾਮਾਤੀ ਸ਼ਕਤੀ, ਰਿੱਧੀ-ਸਿੱਧੀ, ਗੈਬੀ ਤਾਕਤ ਆਦਿ ਪ੍ਰਾਪਤ ਕਰ ਸਕਦਾ ਹੈ। ਇਹ ਸਭ ਨਕਲੀ ਪੁਜਾਰੀਆਂ (ਵੈਸੇ ਪੁਜਾਰੀ ਹੁੰਦੇ ਹੀ ਨਕਲੀ ਹਨ) ਵਲੋਂ ਧਰਮ ਦੇ ਨਾਮ ਤੇ ਫੈਲਾਏ ਭਰਮ ਜਾਲ ਤੋਂ ਵੱਧ ਕੁੱਝ ਨਹੀਂ ਤੇ ਪੁਜਾਰੀਆਂ ਦਾ ਇਹ ਧੰਦਾ ਸਾਡੀ ਅਗਿਆਨਤਾ ਦੇ ਸਿਰ ਤੇ ਚਲਦਾ ਹੈ। ਇਸੇ ਲਈ ਪੁਜਾਰੀ ਗਿਆਨ, ਦਲੀਲ ਤੇ ਤਰਕ ਤੋਂ ਬਹੁਤ ਡਰਦੇ ਹਨ। ਇਸ ਕਰਕੇ ਉਹ ਮਨੁੱਖ ਦੇ ਗਿਆਨ, ਤਰਕ, ਦਲੀਲ ਦੇ ਹਥਿਆਰ ਨੂੰ ਖੁੰਡਾ ਕਰਨ ਲਈ ਸ਼ਰਧਾ, ਪੂਜਾ, ਪਾਠ, ਬੰਦਗੀ ਆਦਿ ਦਾ ਮਿੱਠਾ ਜ਼ਹਿਰ ਸ਼ਰਧਾਲੂਆਂ ਨੂੰ ਦਿੰਦਾ ਹੈ। ਜਿਸ ਨਾਲ ਸ਼ਰਧਾਲੂ ਸਾਰੀ ਉਮਰ ਸ਼ਰਧਾ ਦੇ ਨਸ਼ੇ ਦੀ ਲੋਰ ਵਿੱਚ ਨੀਮ ਬੇਹੋਸ਼ ਹੋਇਆ, ਸਾਰੀ ਉਮਰ ਧਰਮ ਗ੍ਰੰਥਾਂ ਦੇ ਪੂਜਾ ਪਾਠ ਤੇ ਮੰਤਰ ਜਾਪਾਂ ਦਾ ਬੋਝ ਢੋਂਹਦਾ ਇਸ ਸੰਸਾਰ ਨੂੰ ਅਲਵਿਦਾ ਆਖ ਜਾਂਦਾ ਹੈ ਤੇ ਹੀਰੇ ਵਰਗਾ ਅਨਮੋਲ ਜੀਵਨ ਕੌਢੀਆਂ ਭਾਅ ਪੁਜਾਰੀਆਂ ਹੱਥੋਂ ਲੁਟਾ ਜਾਂਦਾ ਹੈ। ਇੱਕ ਨੁਕਤਾ ਇਹ ਸਮਝ ਲੈਣਾ ਬੜਾ ਜਰੂਰੀ ਹੈ ਕਿ ਹਰ ਬੱਚਾ ਇਸ ਸੰਸਾਰ ਵਿੱਚ ਪੈਦਾ ਹੋ ਕਿ ਆਪਣੇ ਮਾਂ ਬਾਪ, ਪਰਿਵਾਰ, ਸਮਾਜ, ਸਕੂਲਾਂ, ਕਾਲਿਜ਼ਾਂ, ਕਿਤਾਬਾਂ ਤੇ ਆਪਣੇ ਜੀਵਨ ਅਨੁਭਵ ਤੋਂ ਸਿੱਖ ਕੇ ਗਿਆਨਵਾਨ ਹੁੰਦਾ ਹੈ, ਕੋਈ ਵੀ ਬੱਚਾ ਮਾਂ ਦੇ ਪੇਟੋਂ ਗਿਆਨ ਲੈ ਕੇ ਨਹੀਂ ਜੰਮਦਾ, ਇਥੇ ਹੀ ਉਹ ਬੋਲਣਾ ਸਿੱਖਦਾ ਹੈ ਤੇ ਫਿਰ ਆਪਣੀ ਮਾਤ ਭਾਸ਼ਾ ਸਿੱਖਦਾ ਹੈ ਤੇ ਫਿਰ ਆਪਣੀ ਸਮਰੱਥਾ, ਸ਼ੌਕ ਜਾਂ ਲੋੜ ਅਨੁਸਾਰ ਹੋਰ ਭਾਸ਼ਾਵਾਂ ਸਿੱਖਦਾ ਹੈ। ਉਨ੍ਹਾਂ ਭਾਸਾਵਾਂ ਰਾਹੀਂ ਪ੍ਰਾਪਤ ਕੀਤੇ ਗਿਆਨ ਨਾਲ ਆਪਣੀ ਵਿਚਾਰਦਾਰਾ ਬਣਾ ਕੇ ਦੁਨੀਆਂ ਨੂੰ ਦਿੰਦਾ ਹੈ। ਇਸ ਤਰ੍ਹਾਂ ਦਾ ਕੋਈ ਰੱਬ ਨਹੀਂ ਜੋ ਕਿਸੇ ਵਿਅਕਤੀ ਨੂੰ ਕਿਸੇ ਖਾਸ ਲੁਕਵੇਂ ਢੰਗ ਨਾਲ ਸੰਦੇਸ਼ ਭੇਜ ਕੇ ਗਿਆਨ ਦਿੰਦਾ ਹੈ, ਇਹ ਸਭ ਵੀ ਪੁਜਾਰੀਆਂ ਦਾ ਮਾਇਆ ਜਾਲ ਹੈ। ਧਰਮ ਗ੍ਰੰਥ ਵੀ ਹੋਰ ਗ੍ਰੰਥਾਂ ਤੇ ਕਿਤਾਬਾਂ ਵਾਂਗ ਮਨੁੱਖਾਂ ਵਲੋਂ ਆਪਣੀ ਸਮਝ, ਆਪਣੀ ਸਮਰੱਥਾ, ਆਪਣੇ ਗਿਆਨ, ਆਪਣੀ ਦੂਰ ਅੰਦੇਸ਼ੀ ਨਾਲ, ਮਨੁੱਖਾਂ ਲਈ ਹੀ ਲਿਖੇ ਹੋਏ ਹਨ। ਇਹ ਮਹਾਨ ਪੁਰਸ਼ਾਂ ਵਲੋਂ ਬਖਸ਼ਿਆ ਸਾਰੀ ਮਨੁੱਖਤਾ ਦਾ ਸਰਬ ਸਾਂਝਾ ਸਰਮਾਇਆ ਹੈ। ਇਨ੍ਹਾਂ ਨੂੰ ਬਿਨਾਂ ਕਿਸੇ ਜਾਤ, ਧਰਮ, ਨਸਲ, ਫਿਰਕੇ ਆਦਿ ਦੇ ਬੰਦਨਾਂ ਤੋਂ ਮੁਕਤ ਹੋ ਕੇ ਪੜ੍ਹਨ ਤੇ ਵਿਚਾਰਨ ਦੀ ਲੋੜ ਹੈ। ਇਨ੍ਹਾਂ ਵਿਚਲੀ ਜਿਹੜੀ ਗੱਲ ਅੱਜ ਦੇ ਸਮੇਂ ਵਿੱਚ ਫਿੱਟ ਨਹੀਂ ਆਉਂਦੀ, ਉਸਨੂੰ ਛੱਡ ਕੇ ਅੱਗੇ ਵਧਣਾ ਹੀ ਧਰਮ ਹੈ। ਲਕੀਰ ਦੇ ਫਕੀਰ ਹੋਣਾ ਅਗਿਆਨਤਾ ਤੇ ਹੋ ਸਕਦੀ ਹੈ, ਪਰ ਧਰਮ ਨਹੀਂ ਹੋ ਸਕਦਾ? ਇਸਨੂੰ ਇਉਂ ਵੀ ਸਮਝਿਆ ਜਾ ਸਕਦਾ ਹੈ ਕਿ ਜੋ ਗੱਲ ਅੱਜ ਸਹੀ ਨਹੀਂ, ਹੋ ਸਕਦਾ ਉਸ ਵਕਤ ਸਹੀ ਹੋਵੇ, ਜਦੋਂ ਕਹੀ ਗਈ ਹੋਵੇ, ਉਹ ਉਸ ਸਮੇਂ ਦਾ ਸੱਚ ਹੋ ਸਕਦਾ ਹੈ? ਇਸ ਲਈ ਉਸਨੂੰ ਛੱਡ ਕੇ, ਨਵੀਂ ਸੋਚ ਨਾਲ ਅੱਗੇ ਵਧਣਾ ਹੀ ਅਸਲੀ ਧਰਮ ਹੈ। ਨਕਲੀ ਧਰਮ ਪਿਛਾਂਹਖਿਚੂ ਸੋਚ ਦਾ ਧਾਰਨੀ ਹੋ ਸਕਦਾ ਹੈ, ਪਰ ਅਸਲੀ ਧਰਮ ਮਨੁੱਖ ਨੂੰ ਅੱਗੇ ਵਧਣ, ਕੁੱਝ ਨਵਾਂ ਕਰਨ ਲਈ ਪ੍ਰੇਰਦਾ ਹੈ। ਇਸ ਸੰਸਾਰ ਵਿੱਚ ਹਰ ਅਗਲਾ ਪਲ ਨਵਾਂ ਹੁੰਦਾ ਹੈ, ਸਾਨੂੰ ਉਸ ਨਵੇਂ ਪਲ ਵਿੱਚ ਨਵੀਂ ਤੇ ਨਰੋਈ ਸੋਚ ਲੈ ਕੇ ਅੱਗੇ ਵਧਣ ਦੀ ਲੋੜ ਹੈ। ਬਹੁਤ ਸਾਰੇ ਲੋਕ ਕਹਿੰਦੇ ਹਨ ਕਿ ਧਰਮ ਪਿਛਾਂਹਖਿਚੂ ਸੋਚ ਦੇ ਧਾਰਨੀ ਹੁੰਦੇ ਹਨ ਕਿਉਂਕਿ ਪੁਜਾਰੀ ਸਾਨੂੰ ਅੱਗੇ ਵਧਣ ਤੋਂ ਰੋਕਦੇ, ਉਨ੍ਹਾਂ ਦਾ ਧਰਮ ਅਧਾਰਿਤ ਧੰਦਾ, ਮਨੁੱਖ ਨੂੰ ਅਗਿਆਨੀ ਤੇ ਅੰਧ ਵਿਸ਼ਵਾਸ਼ੀ ਬਣਾ ਕੇ ਹੀ ਚੱਲ ਸਕਦਾ ਹੈ, ਇਸ ਲਈ ਉਹ ਸਾਨੂੰ ਪੜ੍ਹਨ, ਵਿਚਾਰਨ ਤੇ ਸਵਾਲ ਕਰਨ ਤੋਂ ਰੋਕਦੇ ਹਨ। ਕੋਈ ਵੀ ਗਿਆਨ ਕਦੇ ਸਦੀਵੀ ਨਹੀਂ ਹੋ ਸਕਦਾ, ਇਹ ਕੁਦਰਤ ਦਾ ਨਿਯਮ ਹੈ, ਕੁਦਰਤ ਹਰ ਪਲ ਬਦਲਦੀ ਹੈ। ਅਸਲੀ ਧਰਮ ਮਨੁੱਖੀ ਮਨ ਦੀ ਖੋਜ ਦਾ ਵਿਸ਼ਾ ਹੈ, ਧਰਮ ਗ੍ਰੰਥਾਂ ਵਿੱਚ ਧਰਮ ਗੁਰੂਆਂ ਨੇ ਆਪਣੇ ਮਨ ਦੀਆਂ ਖੋਜਾਂ ਦੇ ਅਨੁਭਵ ਸਾਡੇ ਲਈ ਇਸ਼ਾਰੇ ਮਾਤਰ ਦਰਜ ਕੀਤੇ ਹੋਏ ਹਨ, ਤਾਂ ਕਿ ਉਨ੍ਹਾਂ ਇਸ਼ਾਰਿਆਂ ਨੂੰ ਸਮਝ ਕੇ ਅਸੀਂ ਆਪਣੀ ਖੋਜ ਆਪ ਕਰ ਸਕੀਏ, ਪਰ ਅਸੀਂ ਪੁਜਾਰੀਆਂ ਮਗਰ ਲੱਗ ਕੇ ਉਨ੍ਹਾਂ ਦੇ ਇਸ਼ਾਰਿਆਂ ਨੂੰ ਫੜ੍ਹ ਕੇ ਬੈਠੇ ਹੋਏ ਹਾਂ, ਉਸਦੇ ਪੂਜਾ ਪਾਠਾਂ ਵਿੱਚ ਪਏ ਹੋਏ ਹਾਂ। ਧਰਮ ਹਰ ਇੱਕ ਦੀ ਆਪਣੇ ਅੰਦਰ ਦੀ ਖੋਜ ਦਾ ਨਾਮ ਹੈ, ਜਿਹੜੀ ਹਰ ਇੱਕ ਨੂੰ ਆਪ ਕਰਨੀ ਪੈਂਦੀ ਹੈ, ਅਸੀਂ ਧਰਮ ਗ੍ਰੰਥ ਤੋਂ ਕੁੱਝ ਸੇਧ ਲੈ ਸਕਦੇ ਹਾਂ। ਇਹ ਸਾਇੰਸ ਦੀਆਂ ਖੋਜਾਂ ਵਾਂਗ ਹਰ ਇੱਕ ਤੇ ਇੱਕ ਤਰ੍ਹਾਂ ਲਾਗੂ ਨਹੀਂ ਹੁੰਦੀ ਕਿਉਂਕਿ ਹਰ ਇੱਕ ਦਾ ਮਨ ਤੇ ਸੋਚਣ ਢੰਗ ਵੱਖਰਾ ਹੁੰਦਾ ਹੈ। ਮਨ ਦੀਆਂ ਖੋਜਾਂ ਨੂੰ ਸਾਇੰਸ ਦੀਆਂ ਮੈਟਰ ਤੇ ਕੀਤੀਆਂ ਖੋਜਾਂ ਵਾਂਗ ਇਕੋ ਫਾਰਮੂਲੇ ਵਿੱਚ ਫਿੱਟ ਨਹੀਂ ਕੀਤਾ ਜਾ ਸਕਦਾ। ਇਸ ਲਈ ਅਸੀਂ ਆਪਣੀ ਵਿਵੇਕ ਬੁੱਧ, ਤਰਕ ਤੇ ਦਲੀਲ ਦੀ ਕਸਵੱਟੀ ਨਾਲ ਅਸਲੀ ਧਰਮ ਨੂੰ ਲੱਭ ਕੇ ਆਪਣਾ ਰਾਹ ਆਪ ਤਲਾਸ਼ੀਏ। ਧਰਮ ਗ੍ਰੰਥਾਂ ਦੇ ਪੂਜਾ, ਪਾਠਾਂ, ਮੰਤਰ ਜਾਪਾਂ ਨਾਲ ਭਰਮ ਭੁਲੇਖਿਆਂ ਵਿੱਚ ਹੀ ਪਏ ਰਹਾਂਗੇ, ਮਨ ਦੀ ਭਟਕਣ ਹੀ ਵਧੇਗੀ, ਕੁੱਝ ਪ੍ਰਾਪਤ ਨਹੀਂ ਹੋਵੇਗਾ।
.