.

ਨਾਨਕ ਸ਼ਾਹੀ ਕੈਲੰਡਰ ਦੀ ਵਿਰੋਧਤਾ , ਉੱਠੇ ਸਵਾਲ ਅਤੇ ਉਹਨਾਂ ਦੇ ਜਵਾਬ

ਗੁਰੂ ਨਾਨਕ ਸਾਹਿਬ ਦੇ ਨਾਮ ਤੇ ਕੈਲੰਡਰੀਕਲ ਵਿਗਿਆਨੀ ਸ ਪਾਲ ਸਿੰਘ ਪੁਰੇਵਾਲ ਵੱਲੋਂ ਬਣਾਇਆ ਗਿਆ ਕੈਲੰਡਰ ਇਕ ਬਹੁਤ ਹੀ ਵਧੀਆ ਇਤਿਹਾਸਿਕ ਦਸਤਾਵੇਜ਼ ਹੈ । ਇਹ ਕੈਲੰਡਰ ਵਿਗਿਆਨਿਕ ਦ੍ਰਿਸ਼ਟੀ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੀ ਪਰਖ ਕਸਵੱਟੀ ਤੇ ਬਿਲਕੁਲ ਖਰਾ ਉਤਰਦਾ ਹੈ। ਜਿਓਂ ਹੀ ਸੰਗਤਾਂ ਨੂੰ ਇਸ ਕੈਲੰਡਰ ਦੇ ਗੁਣਾਂ ਦਾ ਪਤਾ ਚਲਿਆ ਤਾਂ ਸੰਗਤਾਂ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ । ਕਾਫੀ ਨੱਠ-ਭੱਜ ਅਤੇ ਇੱਕ ਲੰਬੀ ਪ੍ਰਕਿਰਿਆ ਤੋਂ ਬਾਅਦ ਇਹ ਕੈਲੰਡਰ ਅਕਾਲ ਤਖਤ ,ਸ਼ਰੋਮਣੀ ਪ੍ਰਬੰਧਕ ਕਮੇਟੀ , ਸ਼ਰੋਮਣੀ ਅਕਾਲੀ ਦਲ ਵੱਲੋਂ ਅਪਣਾ ਲਿਆ ਗਿਆ। ਅਸਲ ਵਿੱਚ ਸਿੱਖੀ ਤੇ ਕਾਬਜ਼ ਕੁਝ ਲੋਕਾਂ ਅਤੇ ਧੜਿਆਂ ਵੱਲੋਂ ਇਸ ਕੈਲੰਡਰ ਦੀ ਸ਼ੁੱਧਤਾ ਨੂੰ ਵਿਗਾੜ ਕੇ ਇਸ ਵਿੱਚ ਕੁਝ ਬਿਕਰਮੀ ਦੇ ਦਿਹਾੜੇ ਏਕਤਾ ਦੇ ਨਾਮ ਤੇ ਉਸੇ ਤਰਾਂ ਫਿਟ ਕਰ ਦਿੱਤੇ ਗਏ ਜਿਸ ਤਰਾਂ ਪਹਿਲਾਂ ਵੀ ਸਿੱਖ ਰਹਿਤ ਮਰਿਆਦਾ ਬਣਾਉਣ ਸਮੇ ਗੁਰੂ ਗ੍ਰੰਥ ਸਾਹਿਬ ਦੀ ਸੱਚੀ ਬਾਣੀ ਵਿੱਚ ਕੁਝ ਬਚਿੱਤਰ ਨਾਟਕ ਦੀਆਂ ਰਚਨਾਵਾਂ ਏਕਤਾ ਦੀ ਆੜ ਵਿੱਚ ਪਾਈਆਂ ਗਈਆਂ ਸਨ। ਪਰ ਕੁਝ ਸਮੇ ਬਾਅਦ ਬਣਾਈ ਗਈ ਨੀਤੀ ਅਨੁਸਾਰ ਮੁੜ ਵਿਰੋਧਤਾ ਆਰੰਭ ਦਿੱਤੀ ਗਈ।
ਨਾਨਕਸ਼ਾਹੀ ਕੈਲੰਡਰ ਦੇ ਵਿਰੋਧੀ ਕੌਣ?
ਪਹਿਲੀ ਕਿਸਮ ਦੇ ਵਿਰੋਧੀ ਉਹ ਹਨ ਜੋ

੧. ਘੱਟ ਗਿਣਤੀਆਂ ਨੂੰ ਆਪਣੇ ਵਿੱਚ ਸਮਾਉਣ ਦੀ ਇੱਛਾ ਰੱਖਣ ਵਾਲੇ ਲੋਕ ਕੁਝ ਵੀ ਅਜਿਹਾ ਨਹੀਂ ਚਾਹੁੰਦੇ ਜਿਸ ਨਾਲ ਸਿੱਖ ਕੌਮ ਦੀ ਵੱਖਰੀ ਪਛਾਣ ਅੰਤਰਰਾਸ਼ਟਰੀ ਪੱਧਰ ਤੇ ਬਣਦੀ ਹੋਵੇ। ਉਹ ਆਪਣੇ ਰਾਜਨੀਤਕ ਦਾਓ-ਪੇਚ ਵਰਤ ਕੇ ਹਰ ਹਾਲ ਵਿਰੋਧ ਵਿੱਚ ਭੁਗਤਦੇ ਹਨ।
੨. ਕੁਝ ਆਪਣੇ ਆਪ ਨੂੰ ਉੱਚ ਸਮਝਣ ਵਾਲੇ ਲੋਕ ਨਹੀਂ ਚਾਹੁੰਦੇ ਕਿ ਉਹਨਾਂ ਅਧੀਨ ਫਸੇ ਲੋਕ ਉਹਨਾਂ ਦੀ ਬਾਹਮਣ-ਜੰਤਰੀ ਨੂੰ ਖੋਲੇ-ਪੁੱਛੇ ਬਿਨਾਂ ਨਿਜੀ ਫੈਸਲੇ ਲੈਣ ਦੇ ਸਮਰੱਥ ਹੋਣ।
੩. ਇਸ ਨਵੇਂ ਕੈਲੰਡਰ ਦੇ ਨਾਮ ਨਾਲ ਲੱਗਿਆ ਨਾਨਕ ਸ਼ਬਦ ਵੀ ਬਾਹਮਣ ਵਾਦ ਦੀ ਬਰਦਾਸ਼ਤ ਤੋਂ ਬਾਹਰਾ ਹੈ।
੪,,,,,,,ਵੇਲਾ ਬਿਹਾ ਚੁੱਕੇ ਚੰਦ-ਬਿਕਰਮੀ ਕੈਲੰਡਰ ਦੇ ਮੁਕਾਬਲੇ ਨਵੇਂ ਯੁਗ ਦਾ ਸੂਰਜੀ ਕੈਲੰਡਰ ਜੋ ਹਜ਼ਾਰਾ ਸਾਲ ਬਿਨਾ ਕਿਸੇ ਬਦਲਾਵ ਸ਼ੁੱਧ ਰੂਪ ਵਿੱਚ ਮੌਸਮਾਂ ਅਨੁਸਾਰ ਰਹਿਣ ਦੇ ਸਮਰੱਥ ਹੈ, ਨੂੰ ਘੱਟ ਗਿਣਤੀ ਸਿੱਖ ਕੌਮ ਵੱਲੋਂ ਅਪਣਾਉਣਾ ਵੀ ਬਹੁ ਗਿਣਤੀ ਨੂੰ ਅਪਮਾਨਤ ਕਰਦਾ ਜਾਪਦਾ ਹੈ।
੫,,,,,,,ਬਹੁ ਗਿਣਤੀ ਦੀ ਸੋਚ ਅਪਣਾਏ ਬੈਠੇ ਕੁਝ ਬਿਪਰਵਾਦੀ ਸਿੱਖਾਂ ਨੂੰ ਸੰਗ੍ਰਾਂਦਾਂ, ਮੱਸਿਆ, ਪੂਰਨਮਾਸ਼ੀਆਂ ਦੀ ਅਖੌਤੀ ਪਵਿੱਤਰਤਾ ਨਾਲੋਂ ਸਭ ਦਿਨਾਂ ਨੂੰ ਬਰਾਬਰ ਅਤੇ ਸੌਖਿਆਂ ਗਿਣ ਕੇ ਮਨੁੱਖੀ ਸੌਖ ਲਈ ਮਿਣਤੀ ਦਾ ਕੈਲੰਡਰ ਆਪਣੇ ਆਕਾਵਾਂ ਦੀ ਵਿਰੋਧਤਾ ਸਮਝ ਹਜ਼ਮ ਹੋਣਾ ਧਾਰਮਿਕ ਸੰਕਟ ਲਗਦਾ ਹੈ।
੬,,,,,,,ਸਿੱਖ ਕੌਮ ਦੇ ਮਹੱਤਵ ਪੂਰਨ ਦਿਨਾਂ ਦਾ ਸਦਾ ਲਈ ਇਸ ਤਰਾਂ ਨਿਸ਼ਚਿਤ ਹੋ ਜਾਣਾ ਕਿ ਅੰਤਰਾਸ਼ਟਰੀ ਪੱਧਰ ਤੇ ਸਿੱਖ ਕੌਮ ਆਪਣੇ ਅਜਿਹੇ ਦਿਨ ਸਭ ਨੂੰ ਦੱਸਣ ਦੇ ਸਮਰੱਥ ਹੋ ਜਾਵੇ ਅਤੇ ਆਪਣੇ ਰਸੂਖ਼ ਨਾਲ ਪਰਦੇਸਾਂ ਦੀਆਂ ਸਰਕਾਰਾਂ ਦੇ ਕੈਲੰਡਰਾਂ ਤੱਕ ਆਪਣੇ ਕਿਸੇ ਮਹੱਤਵ ਪੂਰਣ ਦਿਹਾੜੇ ਨੂੰ ਦਰਜ ਕਰਾ ਸਕਣ ਦੀ ਸਮਰਥਾ ਪੈਦਾ ਕਰ ਸਕੇ, ਦਾ ਹਜ਼ਮ ਹੋਣਾ ਵੀ ਕਈਆਂ ਲਈ ਔਖਾ ਹੈ।
੭,,,,,,,,,ਬਹੁ ਗਿਣਤੀ ਅਤੇ ਉਸਦੀ ਲਾਲਚ ਵਸ ਗੁਲਾਮੀ ਕਬੂਲੀ ਬੈਠੇ ਮਰੀ ਜ਼ਮੀਰ ਵਾਲੇ ਲੋਕਾਂ ਨੂੰ ਕਿਸੇ ਅਜ਼ਾਦੀ ਪਸੰਦ ਤਬਕੇ ਦਾ ਆਪਣੀ ਆਜਾਦ ਸੋਚ ਮੁਤਾਬਕ ਕਿਸੇ ਦੇ ਥੱਲਿਉਂ ਨਿਕਲ ਕੇ ਗਿਆਨ-ਵਿਗਿਆਨ ਦੀ ਦੁਨੀਆਂ ਦੇ ਹਾਣੀ ਹੋ ਜਾਣਾ ਵੀ ਆਪਣੀਆਂ ਸਮਾਜ ਵਿਰੋਧੀ ਉਜੱਡ ਪੁਣੇ ਦੀਆਂ ਨੀਤੀਆਂ ਲਈ ਖ਼ਤਰਾ ਜਾਪਦਾ ਹੈ।
ਦੂਜੀ ਕਿਸਮ ਦੇ ਵਿਰੋਧੀ=
ਦੂਜੀ ਕਿਸਮ ਦੇ ਵਿਰੋਧੀ ਉਹ ਡੇਰਿਆਂ ਵਾਲੇ ਅਤੇ ਸੰਪਰਦਾਈ ਹਨ ਜੋ ਵਿਪਰ ਦੇ ਰਹਿਮੋ ਕਰਮ ਤੇ ਜੀ ਰਹੇ ਹਨ। ਉਹ ਰਾਜਨੀਤੀ ਵਿੱਚ ਵੀ ਉਹਨਾਂ ਦੇ ਭਾਈਵਾਲ ਹਨ ਉਹਨਾਂ ਦੀ ਹਰ ਗਲ ਮੰਨਣਾ ਆਪਣਾ ਪਰਮ ਧਰਮ ਸਮਝਦੇ ਹਨ । ਉਹ ਵਿਪਰਾਂ ਵਾਂਗ ਹੀ ਸਿੱਖਾਂ ਨੂੰ ਕਰਮਕਾਂਢ ਅਤੇ ਅਡੰਬਰਵਾਦ ਵਿੱਚ ਫਸਾਕੇ ਉਹਨਾਂ ਦੀ ਸਦਾ ਲਈ ਸਰਬ-ਖੇਤਰੀ ਲੁੱਟ-ਘਸੁੱਟ ਕਰਨ ਦੇ ਇੱਛਕ ਹਨ। ਉਹ ਹਰ ਜਗਹ ਹੀ ਇਕ (੧) ਦੇ ਵਿਰੋਧੀ ਹਨ ।ਉਹ ਇੱਕ ਗੁਰੂ ਗ੍ਰੰਥ ਦੇ ਮੁਕਾਬਲੇ ਦੋ ਗ੍ਰੰਥਾਂ ਦੇ ਉਪਾਸ਼ਕ ਹਨ । ਨਾਨਕਸ਼ਾਹੀ ਕੈਲੰਡਰ ਵਿਚਲਾ ਇਕ ਹੀ ਸੂਰਜੀ ਸਿਧਾਂਤ ਉਹਨਾਂ ਦੇ ਹਜਮ ਨਹੀਂ ਹੁੰਦਾ ਹੈ ਸੋ ਇਸ ਵਿੱਚ ਪਹਿਲਾਂ ਬਿਕਰਮੀ ਤਰੀਕਾਂ ਦਾ ਮਿਲਗੋਭਾ ਅਤੇ ਬਾਅਦ ਵਿੱਚ ਨਾਨਕ ਸ਼ਾਹੀ ਦਾ ਨਿਕਾਸ ਹੀ ਉਹਨਾਂ ਦੀ ਮੰਜਿਲ ਹੈ। ਇਹ ਸਭ ਕੁਝ ਵਿਪਰ ਦੇ ਇਸ਼ਾਰੇ ਅਨੁਸਾਰੀ ਹੈ।
ਤੀਜੀ ਕਿਸਮ ਦੇ ਵਿਰੋਧੀ=
ਹੈਣ ਤਾਂ ਉਹ ਜਾਗਰੂਕ ਸਿੱਖਾਂ ਵਿੱਚੋਂ ਹੀ ਪਰ ਕਿਸੇ ਨਿੱਜੀ ਕਾਰਣ ਕਰਕੇ ਜਾਂ ਅਗਿਆਨਤਾ ਵਸ ਨਾਨਕਸ਼ਾਹੀ ਕੈਲੰਡਰ ਦੇ ਵਿਰੋਧੀ ਬਣੇ ਹਨ। ਉਹਨਾਂ ਵਿੱਚੋਂ ਕੁਝ ਕੁ ਲੋਕਾਂ ਨਾਲ ਵਿਚਾਰ ਵਟਾਂਦਰਾ ਵੀ ਕੀਤਾ ਹੈ ਜਿਥੋਂ ਉਹਨਾਂ ਦੀ ਕੈਲੰਡਰੀਕਲ ਵਿਗਿਆਨ ਪ੍ਰਤੀ ਅਗਿਆਨਤਾ ਦੀ ਸਮਝ ਪਈ ਹੈ। ਕੁਝ ਕੁ ਸੱਜਣਾ ਵਲੋਂ ਪੁੱਛੇ ਜਾ ਰਹੇ ਕੁਝ ਸਵਾਲ ਅਤੇ ਉਹਨਾਂ ਦੇ ਜਵਾਬ ਹੇਠਾਂ ਛਾਪ ਰਹੇ ਹਾਂ ਤਾਂ ਕਿ ਇਹ ਸਵਾਲ-ਜਵਾਬ ਪੜਕੇ ਸਥਿੱਤੀ ਸਪੱਸ਼ਟ ਹੋ ਸਕੇ।
ਸਵਾਲ=ਇਸ ਕੈਲੰਡਰ ਦਾ ਨਾਮ ਨਾਨਕ ਸ਼ਾਹੀ ਕਿਉਂ ਹੈ?
ਜਵਾਬ=ਕੈਲੰਡਰ ਦਾ ਨਾਮ ਤਾਂ ਕੋਈ ਭੀ ਰੱਖਿਆ ਜਾ ਸਕਦਾ ਸੀ ।ਸਿੱਖ ਕੌਮ ਲਈ ਬਣਾਏ ਗਏ ਕੈਲੰਡਰ ਦਾ ਨਾਮ ਗੁਰੂ ਨਾਨਕ ਸਾਹਿਬ ਦੇ ਨਾਮ ਤੇ ਰੱਖਣਾ ਤਾਂ ਸਗੋਂ ਵਿਗਿਆਨੀ ਦੀ ਗੁਰੂ ਸਾਹਿਬ ਪ੍ਰਤੀ ਸ਼ਰਧਾ ਅਤੇ ਸਾਰੀ ਸਿੱਖ ਕੌਮ ਲਈ ਮਾਣ ਵਾਲੀ ਗਲ ਹੈ। ਨਾਨਕ ਬਾਣੀ ਅਨੁਸਾਰ ਸਾਲ ਦੀ ਲੰਬਾਈ ਅਤੇ ਮਹੀਨਿਆਂ ਦੇ ਨਾਮ ਨਾਲ ਬਣਾਏ ਕੈਲੰਡਰ ਦਾ ਨਾਮ ਨਾਨਕਸ਼ਾਹੀ ਕਹਿਣਾ ਹੀ ਸਹੀ ਹੈ।
ਸਵਾਲ=ਹੁਣ ਤਕ ਨਾਨਕਸ਼ਾਹੀ ਕੈਲੰਡਰ ਤੋਂ ਬਿਨਾਂ ਸਰਦਾ ਹੀ ਸੀ । ਇਸ ਨਵੇਂ ਕੈਲੰਡਰ ਦੀ ਕੀ ਲੋੜ ਸੀ ?
ਜਵਾਬ=ਅਪਰੈਲ ੨੦੦੩ ਤੋਂ ਚਰਚਾ ਵਿਚ ਆਏ ਨਾਨਕਸ਼ਾਹੀ ਕੈਲੰਡਰ ਸਬੰਧੀ ਅਕਸਰ ਇਹ ਸਵਾਲ ਕੀਤਾ ਜਾਂਦਾ ਹੈ ਕਿ ਪਿਛਲੇ 500 ਸਾਲ ਤੋਂ ਕੈਲੰਡਰ ਚਲਦਾ ਆ ਰਿਹਾ ਸੀ, ਹੁਣ ਇਸ ਨਾਲ ਛੇੜ-ਛਾੜ ਕਰਨ ਦੀ ਕੀ ਲੋੜ ਸੀ? ਇਸ ਸਬੰਧੀ ਬੇਨਤੀ ਹੈ ਕਿ ਨਾਨਕਸ਼ਾਹੀ ਕੈਲੰਡਰ ਰਾਤੋਂ-ਰਾਤ ਬਣਾ ਕੇ ਲਾਗੂ ਨਹੀਂ ਕੀਤਾ ਗਿਆ। ਵਿਦਵਾਨਾਂ ਵੱਲੋਂ ਕੀਤੇ ਗਏ ਲਗਾਤਾਰ ਵਿਚਾਰ-ਵਟਾਂਦਰੇ ਦਾ (1992-2003) ਇਤਿਹਾਸ ਮੌਜੂਦ ਹੈ।
ਜਿਸ ਤਰਾਂ ਕਿਸੇ ਵੇਲੇ ਧੁੱਪ ਘੜੀ ਹੀ ਪਰਚਲਤ ਸੀ ਫਿਰ ਲੀਵਰ ਵਾਲੀਆਂ, ਚਾਬੀ ਵਾਲੀਆਂ ਅਤੇ ਹੁਣ ਇਲੈਕਟਰੌਨਿਕ ਘੜੀਆਂ ਆ ਗਈਆਂ ਹਨ ।ਨਵੀਆਂ ਘੜੀਆਂ ਵਿੱਚ ਪੁਰਾਣੀਆਂ ਦੀਆਂ ਤਰੁਟੀਆਂ ਦੂਰ ਕਰ ਦਿੱਤੀਆਂ ਗਈਆਂ ਹਨ ।ਸੋ ਮਨੁੱਖ ਸਦਾ ਹੀ ਪੁਰਾਣੇ ਸਾਧਨਾ ਵਿੱਚ ਆ ਰਹੀਆਂ ਤਰੁੱਟੀਆਂ ਨੂੰ ਦੂਰ ਕਰਕੇ ਸਮੇ ਦੀ ਲੋੜ ਮੁਤਾਬਕ ਨਵੇਂ ਸਾਧਨ ਜੁਟਾਉਂਦਾ ਰਹਿੰਦਾ ਹੈ। ਕਈ ਤਰੁੱਟੀਆਂ ਦਾ ਲੰਬੇ ਸਮੇ ਦੇ ਤਜਰਬੇ ਬਾਅਦ ਹੀ ਅਹਿਸਾਸ ਹੁੰਦਾ ਹੈ। ਸੋ ਬਿਕਰਮੀ ਕੈਲੰਡਰ ਵਿੱਚ ਆ ਰਹੀਆਂ ਤਰੁੱਟੀਆਂ ਨੂੰ ਦੂਰ ਕਰਨ ਲਈ ਨਾਨਕਸ਼ਾਹੀ ਕੈਲੰਡਰ ਸਮੇ ਦੀ ਲੋੜ ਬਣ ਗਿਆ ਹੈ। ਅਸਲ ਵਿੱਚ ਬਣਾਏ ਜਾ ਰਹੇ ਕੈਲੰਡਰ ਵਿੱਚ ਸਾਲ ਦੀ ਲੰਬਾਈ ਰੁੱਤੀ ਸਾਲ ਦੇ ਬਰਾਬਰ ਹੋਣ ਨਾਲ ਹਰ ਮਹੀਨੇ ਨਾਲ ਸਬੰਧਿਤ ਮੌਸਮ ਉਹੀ ਰਹਿੰਦੇ ਹਨ ਵਰਨਾ ਮੌਸਮਾ ਦੇ ਸਮੇ ਵਿੱਚ ਥੋੜੇ ਥੋੜੇ ਫਰਕ ਪੈਣੇ ਸ਼ੁਰੂ ਹੋ ਜਾਂਦੇ ਹਨ।
ਸਵਾਲ= ਨਾਨਕਸ਼ਾਹੀ ਕੈਲੰਡਰ ਦੀ ਲੰਬਾਈ ਮੌਸਮੀ/ਰੁੱਤੀ/ਟਰੌਪੀਕਲ ਸਾਲ ਦੇ ਬਰਾਬਰ ਕਿੰਝ ਹੈ?ਅਤੇ ਇਸ ਨਾਲ ਕੀ ਫਰਕ ਪੈਂਦਾ ਹੈ?
ਜਵਾਬ=ਆਓ, ਕੈਲੰਡਰ ਦੇ ਮੁਢਲੇ ਨੁਕਤੇ ਨੂੰ ਸਮਝੀਏ। ਕੁਦਰਤ ਦੇ ਬਣਾਏ ਹੋਏ ਨਿਯਮ ਮੁਤਾਬਿਕ ਧਰਤੀ ਸੂਰਜ ਦੁਆਲੇ 365.2422 ਦਿਨਾਂ ਵਿਚ ਇਕ ਚੱਕਰ ਪੂਰਾ ਕਰਦੀ ਹੈ। ਗੁਰੂ ਕਾਲ ਵੇਲੇ ਜੋ ਕੈਲੰਡਰ ਲਾਗੂ ਸੀ (ਸੂਰਜੀ ਸਿਧਾਂਤ) ਉਸ ਦੇ ਸਾਲ ਦੀ ਲੰਬਾਈ 365.2587 ਦਿਨ ਸੀ। ਰੁੱਤੀ ਸਾਲ ਤੋਂ ਇਸ ਸਾਲ ਦੀ ਲੰਬਾਈ .2587-.2422=.0165×1440=23.77 ਮਿੰਟ ਵੱਧ ਸੀ, ਜਿਸ ਕਾਰਨ ਇਸ ਸਾਲ ਦਾ ਕੁਦਰਤੀ ਸਾਲ ਨਾਲੋਂ ਲਗਭਗ 60 ਸਾਲਾਂ ਪਿੱਛੋਂ ਇਕ ਦਿਨ ਦਾ ਫਰਕ ਪੈ ਜਾਂਦਾ ਸੀ। ਨਵੰਬਰ 1964 ਵਿਚ ਅੰਮ੍ਰਿਤਸਰ ਵਿਖੇ ਵਿਦਵਾਨਾਂ ਦੇ ਇਕੱਠ ਨੇ ਇਸ ਸਾਲ ਦੀ ਲੰਬਾਈ 'ਚ ਸੋਧ ਕੀਤੀ ਸੀ। ਅੱਜ ਇਸ ਨੂੰ ਦ੍ਰਿਕਗਿਣਤ ਸਿਧਾਂਤ ਕਿਹਾ ਜਾਂਦਾ ਹੈ ਅਤੇ ਸਾਲ ਦੀ ਲੰਬਾਈ 365.2563 ਦਿਨ ਹੈ। ਇਹ ਲੰਬਾਈ ਵੀ ਰੁੱਤੀ ਸਾਲ ਤੋਂ .2563-.2422×1440=20.30 ਮਿੰਟ ਵੱਧ ਹੈ, ਜਿਸ ਕਾਰਨ ਹੁਣ ਇਸ ਸਾਲ ਦਾ ਰੁੱਤੀ ਸਾਲ ਤੋਂ 72 ਸਾਲਾਂ ਪਿੱਛੋਂ ਇਕ ਦਿਨ ਦਾ ਫਰਕ ਪੈ ਜਾਂਦਾ ਹੈ। ਨਾਨਕਸ਼ਾਹੀ ਕੈਲੰਡਰ ਮੁਤਾਬਿਕ ਸਾਲ ਦੀ ਲੰਬਾਈ 365.2425 ਦਿਨ ਹੈ, ਜੋ ਰੁੱਤੀ ਸਾਲ ਦੀ ਲੰਬਾਈ ਦੇ ਬਹੁਤ ਹੀ ਨੇੜੇ ਹੈ, ਜਿਸ ਕਾਰਨ ਹੁਣ ਇਸ ਦਾ ਲਗਭਗ 3300 ਸਾਲ ਪਿੱਛੋਂ ਇਕ ਦਿਨ ਦਾ ਫਰਕ ਪਵੇਗਾ।
ਕਿੰਨੀ ਹੈਰਾਨੀ ਦੀ ਗੱਲ ਹੈ ਕਿ ਜਿਹੜੀ ਗੱਲ ਰੋਮ ਵਾਸੀਆਂ ਨੂੰ 1582 ਈ: ਵਿਚ ਸਮਝ ਆ ਗਈ ਸੀ ਕਿ ਯੂਲੀਅਨ ਕੈਲੰਡਰ ਮੁਤਾਬਿਕ ਸਾਲ ਦੀ ਲੰਬਾਈ (365.25 ਦਿਨ) ਰੁੱਤੀ ਸਾਲ ਦੀ ਲੰਬਾਈ (365.2422 ਦਿਨ) ਤੋਂ ਵੱਧ ਹੈ, ਉਹ ਗੱਲ ਸਿੱਖਾਂ ਨੂੰ 21ਵੀਂ ਸਦੀ ਵਿਚ ਵੀ ਸਮਝ ਨਹੀਂ ਆ ਰਹੀ। ਸੰਤ ਸਮਾਜ ਨੂੰ 1964 ਵਿਚ ਹਿੰਦੂ ਵਿਦਵਾਨਾਂ ਵੱਲੋਂ ਕੀਤੀ ਗਈ ਸੋਧ ਤਾਂ ਪ੍ਰਵਾਨ ਹੈ ਪਰ ਇਕ ਦਹਾਕੇ (1990 ਤੋਂ 2003) ਤੋਂ ਵੀ ਵੱਧ ਸੋਚ-ਵਿਚਾਰ ਕਰਨ ਪਿੱਛੋਂ ਸਿੱਖ ਵਿਦਵਾਨਾਂ ਵੱਲੋਂ ਕੀਤੀ ਗਈ ਸੋਧ 'ਤੇ ਇਤਰਾਜ਼ ਹੈ ।
ਸਵਾਲ= ਕੀ ਨਾਨਕਸ਼ਾਹੀ ਕੈਲੰਡਰ ਗੁਰੂ ਨਾਨਕ ਸਾਹਿਬ ਦੇ ਜਨਮ ਤੋਂ ਨਹੀਂ ਸੀ ਸ਼ੁਰੂ ਕਰਨਾ ਚਾਹੀਦਾ ? ਚੇਤ ਤੋਂ ਕਿਓ ਕੀਤਾ ਹੈ?
ਜਵਾਬ=ਇਸ ਕੈਲੰਡਰ ਨੂੰ ਸ਼ੁਰੂ ਕਰਨ ਦੇ ਦੋ ਹੀ ਤਰੀਕੇ ਸਨ ।ਗੁਰੂ ਨਾਨਕ ਸਾਹਿਬ ਦੇ ਜਨਮ ਮਹੀਨੇ ਜਾਂ ਗੁਰਬਾਣੀ ਵਿੱਚ ਅੰਕਿਤ ਬਾਰਹ ਮਾਹਾ ਦੇ ਸਭ ਤੋਂ ਪਹਿਲੇ ਮਹੀਨੇ ਅਰਥਾਤ ਚੇਤ ਤੋਂ । ਜਨਮ ਤਰੀਕ ਇਕ ਘਟਨਾ ਹੈ ਜਦ ਕਿ ਬਾਰਹ ਮਾਹਾ ਗੁਰਬਾਣੀ ਦਾ ਹਿੱਸਾ ਜਿਸਨੂੰ ਅਸੀਂ ਅਟੱਲ ਸਦਾ ਸੱਚ ਰਹਿਣ ਵਾਲੀ ਗੁਰਬਾਣੀ ਆਖਦੇ ਹਾਂ ।ਸੋ ਗੁਰਬਾਣੀ ਅਨੁਸਾਰ ਚੇਤ ਤੋਂ ਸ਼ੁਰੂ ਕਰਨਾ ਜਿਆਦਾ ਠੀਕ ਲਗਦਾ ਹੈ।
ਸਵਾਲ=ਕੀ ਚੇਤ-ਵੈਸਾਖ ਬਿਕਰਮੀ ਕੈਲੰਡਰ ਦੇ ਮਹੀਨੇ ਨਹੀਂ?
ਜਵਾਬ=ਕੈਲੰਡਰ ਸਾਲ ਦੀ ਲੰਬਾਈ ਬਦਲਨ ਨਾਲ ਬਣਦੇ ਹਨ ਕੇਵਲ ਮਹੀਨਿਆਂ ਦੇ ਨਾਮ ਬਦਲਨ ਨਾਲ ਨਹੀਂ। ਇਹ ਠੀਕ ਹੈ ਕਿ ਬਿਕਰਮੀ ਵਾਲਿਆਂ ਨੇ ਇਹ ਨਾਮ ਵਰਤੇ ਹਨ ਪਰ ਨਾਨਕਸ਼ਾਹੀ ਕੈਲੰਡਰ ਵਿੱਚ ਇਹਨਾਂ ਨਾਵਾਂ ਦਾ ਵਰਤਣਾ ਕੈਲੰਡਰ ਨੂੰ ਬਿਕਰਮੀ ਨਹੀਂ ਬਣਾਉਂਦਾ । ਅਸਲ ਕੈਲੰਡਰ ਇਕ ਸਿਸਟਮ ਅਧਾਰਿਤ ਹੁੰਦਾ ਹੈ ਨਾਮ ਅਧਾਰਿਤ ਨਹੀਂ । ਗੁਰਬਾਣੀ ਵਿੱਚ ਭੀ ਗੁਰੂ ਸਾਹਿਬ ਨੇ ਦੋਨਾਂ ਬਾਰਹਾ ਮਾਹਾਂ ਵਿੱਚ ਇਹੀ ਨਾਮ ਵਰਤੇ ਹਨ।
ਸਵਾਲ=ਅੱਜ ਕਲ ਸਭ ਸੀ ਈ ਕੈਲੰਡਰ (ਇੰਟਰਨੈਸਨਲ) ਅਨੁਸਾਰ ਜਨਵਰੀ-ਫਰਬਰੀ ਵਰਤਦੇ ਹਨ । ਕੀ ਨਾਨਕ ਸ਼ਾਹੀ ਲਾਗੂ ਹੋਣ ਤੇ ਚੇਤ-ਵੈਸਾਖ ਵਰਤਣਗੇ?
ਜਵਾਬ=ਬਹੁਤ ਵੀਰ ਅਜਿਹਾ ਭੁਲੇਖਾ ਖਾਦੇ ਹਨ। ਅਸਲ ਵਿੱਚ ਸਾਰੀ ਦੁਨੀਆਂ ਸੀ ਈ ਕੈਲੰਡਰ ਵਰਤਦੀ ਹੈ ਪਰ ਦੇਸ਼ਾਂ/ਕੌਮਾ ਨੇ ਆਪਣੇ ਕੈਲੰਡਰ ਵੀ ਸੀ ਈ ਦੇ ਨਾਲ ਚਲਾਏ ਹੋਏ ਹਨ। ਭਾਰਤ ਵਿੱਚ ਸੀ ਈ ਨਾਲ ਬਿਕਰਮੀ ਚਲਦਾ ਹੈ ।ਸਿੱਖ ਕੌਮ ਇਸ ਸੀ ਈ ਦੇ ਨਾਲ ਨਾਨਕਸ਼ਾਹੀ ਚਲਾਏਗੀ। ਪਰ ਸਾਡੀ ਵਿਸ਼ੇਸਤਾ ਇਹ ਹੋਵੇਗੀ ਕਿ ਜਿੱਥੇ ਸਾਡੇ ਦਿਨ ਨਾਨਕਸ਼ਾਹੀ ਕੈਲੰਡਰ ਅਨੁਸਾਰ ਪੱਕੇ ਹੋਣਗੇ ਉੱਥੇ ਸੀ ਈ ਅਨੁਸਾਰ ਭੀ। ਸੋ ਚਾਹੇ ਕੋਈ ੨੩ ਪੋਹ ਆਖੇ ਜਾਂ ੫ ਜਨਵਰੀ ਗਲ ਸਦਾ ਲਈ ਇਕ ਹੀ ਰਹੇਗੀ। ਜਨਵਰੀ-ਫਰਬਰੀ ਵਾਲਿਆਂ ਨੂੰ ਕੋਈ ਵੀ ਤਕਲੀਫ ਜਾਂ ਉਲਝਣ ਨਹੀਂ ਹੋਵੇਗੀ। ਇਸੇ ਤਰਾਂ ਜੇਕਰ ਬੱਚੇ ਆਪਦੇ ਜਨਮ ਦਿਨ ਜਨਵਰੀ-ਫਰਬਰੀ ਵਿੱਚ ਦੇਖਣਗੇ ਨਾਲ ਹੀ ਅਗਰ ਉਹ ਚਾਹੁਣ ਤਾਂ ਨਾਨਕ ਸ਼ਾਹੀ ਵਿੱਚ ਵੀ ਪੱਕੀ ਤਰੀਕ ਦੇਖ ਸਕਦੇ ਹਨ। ਦੋਨੋ ਤਰਾਂ ਦੀਆਂ ਤਰੀਕਾਂ ਸਦਾ ਲਈ ਪੱਕੀਆਂ ਹੋ ਜਾਣਗੀਆਂ।
ਸਵਾਲ=ਨਾਨਕਸ਼ਾਹੀ ਕੈਲੰਡਰ ਦਾ ਗੁਰਬਾਣੀ ਜਾਂ ਸਿੱਖੀ ਨਾਲ ਕੀ ਸਬੰਧ ਹੈ?
ਜਵਾਬ= ਗੁਰਬਾਣੀ ਵਿਚ ਜੋ ਬਾਰਹ ਮਾਹਾ ਉਚਾਰਿਆ ਗਿਆ ਹੈ ਉਹਨਾਂ ਮਹੀਨਿਆਂ ਦੇ ਮੌਸਮਾ/ਰੁੱਤਾਂ ਦਾ ਸਮਾਂ ਨਾਨਕ ਸ਼ਾਹੀ ਕੈਲੰਡਰ ਅਨੁਸਾਰ ਸਦਾ ਸਥਿਰ ਰਹੇਗਾ। ਗਰਮੀ, ਸਰਦੀ, ਬਰਸਾਤ ਉਚਾਰੇ ਗਏ ਸ਼ਬਦਾਂ ਵਾਲੇ ਮਹੀਨਿਆਂ ਅਨੁਸਾਰ ਹੀ ਹੋਣਗੀਆਂ। ਨਾਨਕ ਸ਼ਾਹੀ ਸਾਲ ਦਾ ਪਹਿਲਾ ਮਹੀਨਾ ਹੀ ਬਾਰਹ ਮਾਹਾ ਵਾਲਾ ਪਹਿਲਾ ਮਹੀਨਾ ਹੈ।
੧) ਆਸਾੜੁ ਤਪੰਦਾ ਤਿਸੁ ਲਗੈ ਹਰ ਨਾਹੁ ਨ ਜਿਨਾ ਪਾਸਿ।।(ਬਾਰਹ ਮਾਹਾ ਮਾਝ ਮ ੫)
੨) ਪੋਖ ਤੁਖਾਰੁ ਨ ਵਿਆਪਈ ਕੰਠ ਮਿਲਿਆ ਹਰਿ ਨਾਹੁ।।।।(ਬਾਰਹ ਮਾਹਾ ਮਾਝ ਮ ੫)
੩) ਚੇਤੁ ਬਸੰਤੁ ਭਲਾ ਕੁਵਰ ਸੁਹਾਵੜੇ।।
ਬਨ ਫੂਲੇ ਮੰਝ ਬਾਰਿ ਮੈ ਪਿਰੁ ਘਰਿ ਬਾਹੁੜੈ।। (ਬਾਰਹ ਮਾਹਾ ਤੁਖਾਰੀ ਮ ੧)
੪) ਵੈਸਾਖ ਭਲਾ ਸਾਖਾ ਵੇਸ ਕਰੇ।।(ਬਾਰਹ ਮਾਹਾ ਤੁਖਾਰੀ ਮ ੧)
੫) ਮਾਹੁ ਜੇਠੁ ਭਲਾ ਪ੍ਰੀਤਮ ਕਿਉ ਬਿਸਰੈ
ਥਲ ਤਾਪਹਿ ਸਰ ਭਾਰ ਸਾ ਧਨ ਬਿਨਉ ਕਹੈ।।(ਬਾਰਹ ਮਾਹਾ ਤੁਖਾਰੀ ਮ ੧)
੬) ਆਸਾੜ ਭਲਾ ਸੂਰਜੁ ਗਗਨਿ ਤਪੈ।।
ਧਰਤੀ ਦੁਖ ਸਹੈ ਸੋਖੈ ਅਗਨ ਭਖੈ।।
ਅਗਨਿ ਰਸੁ ਸੋਖੈ ਮਰੀਐ ਧੋਖੈ
ਭੀ ਸੋ ਕਿਰਤ ਨ ਹਾਰੇ।।
ਰਥ ਫਿਰੈ ਛਾਇਆ ਦਨ ਤਾਕੈ
ਟੀਡ ਲਵੈ ਮੰਝਿ ਬਾਰੈ।।(ਬਾਰਹ ਮਾਹਾ ਤੁਖਾਰੀ ਮ ੧)
੭) ਭਾਦਉ ਭਰਮਿ ਭੁਲੀ ਭਰ ਜੋਬਨਿ ਪਛੁਤਾਣੀ।।
ਜਲ ਥਲ ਨੀਰਿ ਭਰੇ ਬਰਸ ਰੁਤੇ ਰੰਗੁ ਮਾਣੀ।।(ਬਾਰਹ ਮਾਹਾ ਤੁਖਾਰੀ ਮ ੧)
ਸਾਲ ਦੀ ਲੰਬਾਈ ਭੀ ਗੁਰਬਾਣੀ ਦੇ ਸ਼ਬਦ "ਰਥੁ ਫਿਰੈ ਛਾਇਆ ਧਨ ਤਾਕੈ ਟੀਡੁ ਲਵੈ ਮੰਝਿ ਬਾਰੇ ।। (ਬਾਰਹ ਮਾਹਾ ਤੁਖਾਰੀ ਮ ੧) ਪੰਨਾ ੧੧੦੮, ਵਿਚਲੇ ਰਥ ਫਿਰਨ ਦੀ ਲੰਬਾਈ ਜਿਨੀ ਹੋਣ ਕਾਰਣ ਇਹ ਕੈਲੰਡਰ ਗੁਰਬਾਣੀ ਅਨੁਸਾਰ ਹੈ। ਯਾਦ ਰਹੇ ਰਥ ਫਿਰਨ ਦਾ ਸਮਾ ਰੁੱਤੀਂ ਸਾਲ ਦੇ ਬਰਾਬਰ ਹੈ। ਇਸੇ ਕਾਰਣ ਨਾਨਕਸ਼ਾਹੀ ਕੈਲੰਡਰ ਨੂੰ ਵਿਗਿਆਨਿਕ ਅਤੇ ਸਮੇ ਦਾ ਹਾਣੀ ਭੀ ਕਿਹਾ ਜਾਂਦਾ ਹੈ।
ਬਿਕਰਮੀ ਕੈਲੰਡਰ ਅਨੁਸਾਰ ਸੂਰਜ, ਉਦੈ ਦਾ ਸਮਾਂ ਉਦੋਂ ਹੁੰਦਾ ਹੈ, ਜਦੋਂ ਕਿ ਸੂਰਜ ਦੀਆਂ ਪਹਿਲੀਆਂ ਕਿਰਨਾਂ, ਹਿੰਦੂ ਤੀਰਥ ਸਥਾਨ ਉਜੈਨ (ਮੱਧ ਪ੍ਰਦੇਸ਼) ‘ਤੇ ਪੈਂਦੀਆਂ ਹਨ। ਜਦ ਕਿ ਨਾਨਕਸ਼ਾਹੀ ਕੈਲੰਡਰ ਵਿੱਚ ਸੂਰਜ ਉਦੈ ਅਤੇ ਅਸਤ ਦਾ ਸਮਾਂ ਸ੍ਰੀ ਹਰਿਮੰਦਰ ਸਾਹਿਬ ਦੇ ਰੇਖਾਂਸ਼ (ਲੌਂਗੀਚਿਊਡ) ਅਤੇ ਅਕਸ਼ਾਂਸ਼ (ਲੈਟੀਚਿਊਡ) ਨੂੰ ਕੇਂਦਰ ਮੰਨ ਕੇ, ਨਿਰਧਾਰਤ ਕੀਤਾ ਗਿਆ ਹੈ।
ਉਪਰੋਕਤ ਸਾਰੀਆਂ ਗੱਲਾਂ ਇਸ ਕੈਲੰਡਰ ਦੇ ਸਿੱਖੀ ਅਤੇ ਗੁਰਬਾਣੀ ਨਾਲ ਸਬੰਧ ਸਥਾਪਿਤ ਕਰਦੀਆਂ ਹਨ।
ਸਵਾਲ=ਸੰਗਰਾਂਦ, ਪੂਰਨਮਾਸੀ ਅਤੇ ਮੱਸਿਆ ਨੂੰ ਪੂਜਣਾ ਵਿਪਰਾਂ ਦਾ ਕੰਮ ਹੈ ,ਇਹਨਾਂ ਦਾ ਜਿਕਰ ਇਸ ਕੈਲੰਡਰ ਵਿੱਚ ਕਿਓਂ ਹੈ?
ਜਵਾਬ=ਨਾਨਕਸ਼ਾਹੀ ਕੈਲੰਡਰ ਵਿੱਚ ਸੰਗਰਾਂਦ ਦਾ ਭਾਵ ਮਹੀਨੇ ਦਾ ਆਰੰਭ ਹੈ ਨਾਂ ਕਿ ਬਿਕਰਮੀ ਕੈਲੰਡਰ ਵਾਲਾ ਸੂਰਜ ਦਾ ਇਕ ਰਾਸ਼ੀ ਤੋਂ ਦੂਜੀ ਰਾਸ਼ੀ ਵਿੱਚ ਪ੍ਰਵੇਸ਼। ਇਸ ਨੂੰ ਮਹੀਨੇ ਦਾ ਆਰੰਭ ਵੀ ਲਿਖਿਆ ਜਾ ਸਕਦਾ ਹੈ। ਪੂਰਨਮਾਸੀ
(FULL MOON) ਅਤੇ ਮੱਸਿਆ ਦਾ ਮਤਲਬ ਧਰਤੀ ਦੁਆਲੇ ਘੁੰਮ ਰਹੇ ਚੰਦ ਦਾ ਧਰਤੀ ਵਾਲੇ ਪਾਸੇ ਪੂਰੇ ਰੂਪ ਵਿੱਚ ਆਉਣਾ ਅਤੇ ਉਲਟ ਦਿਸ਼ਾ ਵਿੱਚ ਜਾਣਾ ਹੈ। ਇਹ ਘੁੰਮ ਰਹੇ ਗ੍ਰਹਿਆਂ ਦੀ ਚਾਲ ਕਾਰਣ ਕੁਦਰਤੀ ਨਿਯਮਿਕ ਵਰਤਾਰਾ ਹੈ ਕੋਈ ਪੂਜਣਯੋਗ ਘਟਨਾ ਨਹੀਂ। ਅਜਿਹੇ ਵਰਤਾਰਿਆਂ ਦਾ ਜਿਕਰ ਅੰਗਰੇਜੀ ਕੈਲੰਡਰਾ ਵਿੱਚ ਵੀ ਹੁੰਦਾ ਹੈ ,ਅੰਗਰੇਜੀ ਕੈਲੰਡਰਾਂ ਵਿੱਚ ਪੂਰਨਮਾਸੀ ਦੀ ਜਗਹ FULL MOON ਲਿਖਿਆ ਹੁੰਦਾ ਹੈ। ਜਿਸਦੇ ਜਿਕਰ ਨਾਲ ਉਹ ਬਾਹਮਣੀ ਸੋਚ ਨਹੀਂ ਬਣ ਜਾਦੀ । ਬਾਂਹਮਣੀ ਸੋਚ ਤਾਂ ਅਜਿਹੇ ਵਰਤਾਰਿਆਂ ਕਾਰਣ ਦਿਨਾਂ ਨੂੰ ਪਵਿੱਤਰ ਜਾਂ ਅਪਵਿੱਤਰ ਮੰਨਦਿਆ ਉਸ ਦਿਨ ਕੋਈ ਪੂਜਾ ਵਗੈਰਾ ਕਰਨਾ ਹੁੰਦਾ ਹੈ। ਨਾਨਕਸ਼ਾਹੀ ਕੈਲੰਡਰ ਵਿੱਚ ਵੀ ਚੰਦ ਦੀ ਗਤੀ ਕਾਰਣ ਅਜਿਹੇ ਕੁਦਰਤੀ ਵਰਤਾਰਿਆ ਦਾ ਜਿਕਰ ਹੈ ਪਰ ਇਸ ਸ਼ਬਦਾਵਲੀ ਬਿਨਾਂ ਸਰ ਭੀ ਸਕਦਾ ਹੈ।
ਸਵਾਲ=ਗੁਰੂ ਗ੍ਰੰਥ ਸਾਹਿਬ ਦੇ ਬਾਰਹ ਮਾਹਾ ਬਾਣੀ ਵਿੱਚ ਆਏ ਕੁਝ ਮਹੀਨਿਆਂ ਦੇ ਨਾਮ ਕੈਲੰਡਰ ਵਿੱਚ ਵਰਤੇ ਗਏ ਮਹੀਨਿਆਂ ਦੇ ਨਾਮਾਂ ਨਾਲ ਨਹੀਂ ਮਿਲਦੇ ।ਕਿਓ ?
ਜਵਾਬ= ਸਮੇ ਅਤੇ ਸਥਾਨ ਦੇ ਬਦਲਨ ਨਾਲ ਨਾਮ ਲੈਣ ਵਿੱਚ ਕੁਝ ਤਬਦੀਲੀ ਆ ਜਾਂਦੀ ਹੈ ਇਸ ਤਰਾਂ ਦੇ ਵੱਖਰਾਪਣ ਤਾਂ ਰਾਗ ਮਾਝ ਤੇ ਤੁਖਾਰੀ ਦੇ ਬਾਰਹ ਮਾਹਾ ਵਿੱਚ ਵੀ ਹੈ। ਪਰ ਇਸਦਾ ਮਤਲਬ ਇਹ ਨਹੀਂ ਕਿ ਗੁਰੂ ਸਾਹਿਬ ਕਿਸੇ ਹੋਰ ਮਹੀਨਿਆ ਦੇ ਨਾਵਾ ਦਾ ਜਿਕਰ ਕਰਦੇ ਹਨ।
ਸਵਾਲ=ਗੁਰਬਾਣੀ ਸਰਬ-ਵਿਆਪਕ ਹੈ ਪਰ ਬਾਰਹ ਮਾਹਾ ਵਿਚਲੀਆਂ ਰੁੱਤਾਂ ਹਰ ਦੇਸ਼ ਵਿੱਚ ਸਮਾਨ ਨਹੀਂ ਹਨ। ਗਲੋਬਲ ਵਾਰਮਿੰਗ ਕਾਰਣ ਵੀ ਮੌਸਮ ਬਦਲ ਸਕਦੇ ਹਨ। ਫਿਰ ਬਾਰਹ ਮਾਹਾ ਦਾ ਕੀ ਬਣੇਗਾ ?
ਜਵਾਬ=ਸਭ ਜਾਣਦੇ ਹਨ ਕਿ ਸਾਰੇ ਸੰਸਾਰ ਵਿੱਚ ਰੁੱਤਾਂ ਇਕਸਾਰ ਨਹੀਂ। ਪਰ ਜਿਸ ਧਰਤੀ ਤੇ ਗੁਰੂਆਂ ਦੀ ਵਿਚਾਰ ਧਾਰਾ ਵਧੀ ਫੁੱਲੀ ਅਤੇ ਗੁਰੂ ਗ੍ਰੰਥ ਸਾਹਿਬ ਹੋਂਦ ਵਿੱਚ ਆਏ, ਬਾਣੀ ਵਿੱਚ ਉੱਥੋਂ ਦੀਆਂ ਰੁੱਤਾਂ ਦਾ ਜਿਕਰ ਹੋਣਾ ਕੋਈ ਗਲਤ ਗਲ ਨਹੀਂ ਹੈ। ਧਰਤੀ ਦੇ ਵਧੇਰੇ ਹਿੱਸੇ ਤੇ ਤਕਰੀਬਨ ਰੁੱਤਾਂ ਰਲਦੀਆਂ-ਮਿਲਦੀਆਂ ਹਨ। ਇਹ ਤਾਂ ਸਗੋਂ ਸਾਡੇ ਲਈ ਮਾਣ ਵਾਲੀ ਗਲ ਹੈ ਕਿ ਪ੍ਰਦੇਸਾਂ ਵਿੱਚ ਵਸ ਰਹੇ ਸਿੱਖਾਂ ਨੂੰ ਪੰਜਾਬ ਦੀਆਂ ਰੁੱਤਾਂ ਦਾ ਜਿਕਰ ਗੁਰਬਾਣੀ ਰਾਹੀਂ ਮਿਲਦਾ ਰਹੇਗਾ। ਦੁਨੀਆਂ ਦੇ ਕੁਝ ਹਿੱਸਿਆਂ ਤੇ ਖਾਸ ਰੁੱਤਾਂ ਵਿੱਚ ਦਿਨਾਂ ਦੀ ਲੰਬਾਈ ਰਾਤਾਂ ਨਾਲੋਂ ਬਹੁਤ ਹੀ ਲੰਬੀ ਹੁੰਦੀ ਹੈ ਅਤੇ ਕਦੇ ਬਹੁਤ ਹੀ ਛੋਟੀ । ਜਿਸਦਾ ਮਤਲਬ ਇਹ ਨਹੀਂ ਬਣਦਾ ਕਿ ਇਹ ਬਾਰਹ ਮਾਹਾ ਉੱਥੇ ਕਿਓਂ ਨਹੀਂ ਢੁਕਦਾ। ਹਾਂ ਇਹ ਦੁਨੀਆਂ ਦੇ ਉਸ ਹਿੱਸੇ ਤੇ ਜਰੂਰ ਢੁਕਦਾ ਹੈ ਜਿੱਥੇ ਇਸਦੀ ਰਚਨਾ ਹੋਈ। ਮੌਸਮਾਂ/ਰੁਤਾਂ ਦਾ ਫਰਕ ਹੋਣਾ ਕਹਿਕੇ ਅਸੀਂ ਗੁਰਬਾਣੀ ਦੀ ਅਟੱਲ ਸਚਾਈ ਨੂੰ ਝੁਠਲਾ ਨਹੀਂ ਸਕਦੇ। ਗੁਰਬਾਣੀ ਵਿੱਚ ਕਿਸੇ ਖਾਸ ਇਲਾਕੇ ਵਿੱਚ ਵਰਤੇ ਜਾਂਦੇ ਮੁਹਾਵਰੇ ਅਤੇ ਉਦਾਹਰਣਾ ਵੀ ਹਨ ,ਅਸੀਂ ਇਹ ਨਹੀਂ ਕਹਿ ਸਕਦੇ ਕਿ ਅਜਿਹੇ ਮੁਹਾਵਰੇ ਜਾਂ ਉਦਾਹਰਣਾ ਫਲਾਣੇ ਦੇਸ਼ ਵਿੱਚ ਵਰਤੀਆਂ ਨਹੀਂ ਜਾਂਦੀਆਂ ਇਸ ਲਈ ਇਹ ਸਰਬ ਵਿਆਪਕ ਨਹੀਂ। ਜਦੋਂ ਅਸੀਂ ਗਲੋਬਲ ਵਾਰਮਿੰਗ ਕਾਰਣ ਮੌਸਮਾਂ ਦੇ ਬਦਲਨ ਦੀ ਗਲ ਕਰਦੇ ਹਾਂ ਉਹ ਭਵਿੱਖ ਵਿੱਚ ਕਦੋਂ ਤੇ ਕਿਵੇਂ ਹੁੰਦਾ ਹੈ ਇਸ ਡਰ ਕਾਰਣ ਵਰਤਮਾਨ ਕੋਲੋਂ ਅੱਖਾਂ ਨਹੀਂ ਮੀਚ ਸਕਦੇ। ਹੋ ਸਕਦਾ ਆਉਣ ਵਾਲੇ ਸਮੇ ਵਿੱਚ ਸੁੱਖ ਸਹੂਲਤਾਂ ਦੇ ਹੋਰ ਵਧੀਆ ਸਾਧਨ ਮੁਹੱਈਆ ਹੋ ਜਾਣ ,ਇਸ ਆਸ ਨਾਲ ਆਪਾਂ ਅਜੋਕੇ ਵਰਤੋਂ ਆ ਰਹੇ ਸਾਧਨਾ ਨੂੰ ਠੁਕਰਾ ਨਹੀਂ ਸਕਦੇ ਨਾਂ ਹੀ ਕਿਸੇ ਭਵਿੱਖਤ ਡਰ ਕਾਰਣ ਹੀ ਅਜਿਹਾ ਕਰ ਸਕਦੇ ਹਾਂ। ਦੇਖਣਾ ਇਹ ਹੈ ਕਿ ਅੱਜ ਸਾਡੇ ਕੋਲ ਕਿਹੜਾ ਵਧੀਆ ਸਾਧਨ ਹੈ। ਕਿਸੇ ਹਜਾਰਾਂ/ਲੱਖਾਂ ਸਾਲਾਂ ਬਾਅਦ ਮੌਸਮਾਂ ਦੇ ਬਦਲ ਜਾਣ ਦੀ ਝਾਕ ਕਾਰਣ ਅਸੀਂ ਅੱਜ ਹੀ ਡਰਕੇ ਨਹੀਂ ਬੈਠ ਸਕਦੇ।
ਸਵਾਲ=ਹਿਜਰੀ ਕੈਲੰਡਰ ਅਤੇ ਨਾਨਕਸ਼ਾਹੀ ਵਿੱਚ ਕੀ ਫਰਕ ਹੈ?
ਜਵਾਬ=ਹਿਜਰੀ ਕੈਲੰਡਰ ਚੰਦ ਅਧਾਰਿਤ ਸ਼ੁੱਧ ਕੈਲੰਡਰ ਹੈ ਜਿਸਦੀ ਲੰਬਾਈ ੩੫੫ ਦਿਨ ਹੁੰਦੀ ਹੈ ਨਾਨਕ ਸ਼ਾਹੀ ਸੂਰਜੀ ਕੈਲੰਡਰ ਹੇ ਜਿਸ ਦੇ ਸਾਲ ਦੀ ਲੰਬਾਈ 365 ਦਿਨ ਹੈ।
ਸਵਾਲ=ਚੰਦਰ ਸੂਰਜੀ ਬਿਕਰਮੀ ਕੈਲੰਡਰ ਕੀ ਹੁੰਦਾ ਹੈ?
ਚੰਦ ਧਰਤੀ ਦੇ ਦੁਵਾਲੇ ਘੁੰਮਦਾ ਹੈ ਇਹ ਚੱਕਰ 29.53059 ਦਿਨ ਵਿਚ ਪੁਰਾ ਕਰਦਾ ਹੈ। ਚੰਦ ਦੇ ਸਾਲ ਦੇ 354.37 ਦਿਨ (354 ਦਿਨ, 8 ਘੰਟੇ, 52 ਮਿੰਟ ਅਤੇ 48 ਸੈਕੰਡ) ਹੁੰਦੇ ਹੈ। ਧਰਤੀ ਸੂਰਜ ਦੇ ਦੁਵਾਲੇ ਘੁੰਮਦੀ ਹੈ ਇਸ ਦਾ ਇਕ ਚੱਕਰ 365.242196 ਦਿਨ ਵਿਚ ਪੂਰਾ ਹੁੰਦਾ ਹੈ ਇਸ ਨੂੰ ਮੌਸਮੀ ਸਾਲ ਕਹਿੰਦੇ ਹਨ। ਇਸ ਤੋਂ ਸਪੱਸ਼ਟ ਹੈ ਕੇ ਚੰਦ ਦਾ ਸਾਲ ਸੂਰਜੀ ਸਾਲ ਤੋਂ ਲੱਗ-ਭੱਗ 11 ਦਿਨ ਛੋਟਾ ਹੁੰਦਾ ਹੈ। ਹੁਣ ਜਦੋਂ ਇਕ ਸਾਲ ਵਿਚ 11 ਦਿਨ ਅਤੇ ਦੋ ਸਾਲਾ ਵਿਚ 22 ਦਿਨ , ਚੰਦ ਦਾ ਸਾਲ ਸੂਰਜੀ ਸਾਲ ਤੋਂ ਪਿਛੇ ਰਹਿ ਜਾਂਦਾ ਹੈ ਤਾ ਚੰਦ ਦੇ ਸਾਲ ਵਿਚ ਇਕ ਵਾਧੂ ਮਹੀਨਾ ਜੋੜ ਦਿੱਤਾ ਜਾਂਦਾ ਹੈ ਉਸ ਸਾਲ ਚੰਦ ਦੇ ਸਾਲ ਦੇ 13 ਮਹੀਨੇ ਅਤੇ 383/384 ਦਿਨ ਹੁੰਦੇ ਹਨ। ਅਜੇਹਾ 19 ਸਾਲ ਵਿਚ 7 ਵਾਰੀ ਹੁੰਦਾ ਹੈ। ਤੇਰਵੇਂ ਮਹੀਨੇ ਨੂੰ ਮਲ ਮਾਸ ਕਿਹਾ ਜਾਂਦਾ ਹੈ ਇਸ `ਚ ਕੋਈ ਸ਼ੁਭ ਕੰਮ ਨਹੀ ਕੀਤਾ ਜਾਂਦਾ। ਇਸ ਮਹੀਨੇ ਜਾਂ ਇਸ ਤੋਂ ਪਿਛੋਂ ਆਉਣ ਵਾਲੇ ਦਿਹਾੜੇ 18/19 ਦਿਨ ਪੱਛੜ ਕੇ ਮਨਾਏ ਜਾਂਦੇ ਹਨ। ਇਸ ਕੈਲੰਡਰ `ਚ ਇਕ ਦਿਨ ਵਿਚ ਦੋ ਤਾਰੀਖਾਂ ਜਾਂ ਦੋ ਦਿਨਾਂ `ਚ ਇਕ ਤਾਰੀਖ ਅਕਸਰ ਹੀ ਆਉਂਦੀਆਂ ਰਹਿੰਦਿਆਂ ਹਨ । ਅਜੇਹਾ ਹਰ ਮਹੀਨੇ ਦੋ-ਤਿੰਨ ਵਾਰੀ ਹੁੰਦਾ ਹੈ। ਹੁਣ ਸਵਾਲ ਪੈਦਾ ਹੁੰਦਾ ਹੈ ਕਿ ਜੇ ਚੰਦਰ-ਸੂਰਜੀ ਬਿਕ੍ਰਮੀ ਕੈਲੰਡਰ ਨੂੰ ਵੀ ਖਿੱਚ-ਧੂਹ ਕੇ ਸੂਰਜੀ ਕੈਲੰਡਰ ਦੇ ਨੇੜੇ ਤੇੜੇ ਹੀ ਕਰਨਾ ਪੈਣਾ ਹੈ ਤਾਂ ਕਿਉਂ ਨਾ ਸੂਰਜੀ ਕੈਲੰਡਰ ਹੀ ਵਰਤ ਲਿਆ ਜਾਵੇ.
ਸਵਾਲ=ਸੂਰਜੀ ਬਿਕ੍ਰਮੀ ਕੈਲੰਡਰ ਕੀ ਹੁੰਦਾ ਹੈ?
ਜਵਾਬ=ਗੁਰੂ ਕਾਲ ਵੇਲੇ ਇਸ ਕੈਲੰਡਰ ਦੇ ਸਾਲ ਦੀ ਲੰਬਾਈ 365.2587 ਦਿਨ (ਸੂਰਜੀ ਸਿਧਾਂਤ) ਸੀ। ਲੰਬਾਈ ਮੌਸਮੀ ਸਾਲ ਦੀ ਲੰਬਾਈ (365.242169 ਦਿਨ) ਤੋਂ ਲੱਗ ਭੱਗ 24 ਮਿੰਟ ਵੱਧ ਹੋਣ ਕਾਰਨ ਇਹ 60 ਸਾਲ ਪਿਛੋਂ ਇਕ ਦਿਨ ਅੱਗੇ ਹੋ ਜਾਂਦਾ ਸੀ। ਨਵੰਬਰ 1964 `ਚ ਅੰਮ੍ਰਿਤਸਰ ਵਿਖੇ ਵਿਦਵਾਨਾਂ ਦੀ ਇਕੱਤਰਤਾ `ਚ ਇਸ ਕੈਲੰਡਰ `ਚ ਸੋਧ ਕੀਤੀ ਗਈ। ਸਾਲ ਦੀ ਲੰਬਾਈ 365.2587 ਤੋਂ ਘਟਾ ਕੇ 365.2563 ਕਰ ਦਿੱਤੀ ਗਈ । ਹੁਣ ਇਸ ਨੂੰ ਦ੍ਰਿਗ ਗਿਣਤ ਸਿਧਾਂਤ ਕਿਹਾ ਜਾਂਦਾ ਹੈ। ਇਹ ਲੰਬਾਈ ਵੀ ਮੌਸਮੀ ਸਾਲ ਤੋਂ ਲੱਗ ਭੱਗ 20 ਮਿੰਟ ਵੱਧ ਹੈ। ਹੁਣ ਇਹ 72 ਸਾਲ ਪਿਛੋਂ ਮੌਸਮੀ ਸਾਲ ਤੋਂ ਇਕ ਦਿਨ ਅੱਗੇ ਹੋ ਜਾਂਦਾ ਹੈ। ਇਸ ਸਾਲ ਦੇ ਮਹੀਨੇ ਦਾ ਅਰੰਭ (ਸੰਗਰਾਦ) ਉਸ ਦਿਨ ਹੁੰਦਾ ਹੈ ਜਦੋਂ ਸੂਰਜ ਇਕ ਰਾਸ਼ਿ ਤੋਂ ਦੂਜੀ ਰਾਸ਼ਿ ਵਿੱਚ ਪ੍ਰਵੇਸ਼ ਕਰਦਾ ਹੈ। ਇਹ ਦਿਨ ਹਰ ਸਾਲ ਬਦਲਾ ਰਹਿੰਦਾ ਹੈ।
ਸਵਾਲ=ਗਰੈਗੋਰੀਅਨ ਕੈਲੰਡਰ ਕੀ ਹੁੰਦਾ ਹੈ?
ਜਵਾਬ=ਯੂਲੀਅਨ ਕੈਲੰਡਰ ਵੀ ਸੂਰਜੀ ਕੈਲੰਡਰ ਸੀ ਜਿਸ ਦੇ ਸਾਲ ਦੀ ਲੰਬਾਈ 365.25 ਦਿਨ ਸੀ। ਇਹ ਸਾਲ ਮੌਸਮੀ ਸਾਲ ਤੋਂ 128 ਸਾਲ ਪਿਛੋਂ ਇਕ ਦਿਨ ਅੱਗੇ ਹੋ ਜਾਂਦਾ ਸੀ। ਅਕਤੂਬਰ 1582 ਵਿਚ ਇਸ `ਚ ਸੋਧ ਕੀਤੀ ਗਈ ਸੀ। ਇਸ ਸੋਧ ਕਾਰਨ 4 ਅਕਤੂਬਰ ਪਿਛੋਂ ਸਿੱਧਾ ਹੀ 15 ਅਕਤੂਬਰ ਕਰ ਦਿੱਤਾ ਗਿਆ ਸੀ। ਭਾਵ 10 ਦਿਨ ਖਤਮ ਕਰ ਦਿੱਤੇ ਗਏ ਸਨ । ਇੰਗਲੈਂਡ ਨੇ ਇਹ ਸੋਧ ਸਤੰਬਰ 1752 ਵਿਚ ਲਾਗੂ ਕੀਤੀ ਸੀ। ਉਦੋਂ 2 ਸਤੰਬਰ ਪਿਛੋਂ 14 ਸਤੰਬਰ ਕਰ ਦਿੱਤੀ ਗਈ ਸੀ ਭਾਵ 11 ਦਿਨ ਖਤਮ ਕਰ ਦਿੱਤੇ ਗਏ ਸਨ। ਹੁਣ ਇਸ ਨੂੰ ਗਰੈਗੋਰੀਅਨ ਕੈਲੰਡਰ ਜਾਂ ਸੀ ਈ ਕਹਿੰਦੇ ਹਨ । ਇਸ ਦੇ ਸਾਲ ਦੀ ਲੰਬਾਈ 365.2425 ਦਿਨ ਹੈ।
ਸਵਾਲ=ਕੀ ਇਸ ਤਰਾਂ ਨਹੀਂ ਹੋ ਸਕਦਾ ਕਿ ਕੁਝ ਤਰੀਕਾਂ ਬਿਕਰਮੀ ਵਾਲੀਆਂ ਰੱਖ ਲਈਏ ਅਤੇ ਕੁਝ ਨਾਨਕਸ਼ਾਹੀ ਵਾਲੀਆਂ ਤਾਂ ਕਿ ਦੋਨੋ ਧਿਰਾਂ ਖੁਸ਼ ਹੋ ਜਾਣ?
ਜਵਾਬ=ਕੁਝ ਵੀ ਸ਼ੁੱਧ ਗਿਣਨ ਜਾਂ ਮਿਣਨ ਲਈ ਇੱਕ ਹੀ ਸਿਸਟਮ ਦਾ ਹੋਣਾ ਬਹੁਤ ਜਰੂਰੀ ਹੈ। ਜਿਸ ਤਰਾਂ ਲੰਬਾਈ ਮਿਣਨ ਲਈ ਕਿਲੋਮੀਟਰ-ਮੀਟਰ ਵਿੱਚ ਫਰਲਾਂਗ ਜਾਂ ਗਜ ਸ਼ਾਮਿਲ ਨਹੀਂ ਕੀਤੇ ਜਾ ਸਕਦੇ ਅਤੇ ਭਾਰ ਮਿਣਨ ਲਈ ਕਿੱਲੋ-ਗਰਾਮ ਵਿੱਚ ਪੌਂਡ-ਔਂਸ ਨਹੀਂ ਮਿਲਾਏ ਜਾ ਸਕਦੇ ਇਸੇ ਤਰਾਂ ਸੂਰਜੀ ਪ੍ਰਣਾਲੀ ਵਿੱਚ ਚੰਦਰਮਾ ਅਧਾਰਿਤ ਪ੍ਰਣਾਲੀ ਨਹੀਂ ਜੋੜੀ ਜਾ ਸਕਦੀ । ਸ਼ੁੱਧ ਮਾਪ ਲਈ ਕਿਸੇ ਇਕ ਹੀ ਪ੍ਰਣਾਲੀ ਨਾਲ ਜੁੜਨਾ ਜਰੂਰੀ ਹੁੰਦਾ ਹੈ।
ਸਵਾਲ=ਸੁਣਿਆ ਹੈ ਕਿ ਨਾਨਕਸ਼ਾਹੀ ਕੈਲੰਡਰ ਅਨੁਸਾਰ ਹੋਲਾ-ਮਹੱਲਾ ਵੀ ਉਸੇ ਤਰਾਂ ਹੀ ਕਿਸੇ ਸਾਲ ਵਿੱਚ ਦੋ ਵਾਰ ਅਤੇ ਕਿਸੇ ਸਾਲ ਇੱਕ ਵਾਰ ਵੀ ਨਹੀਂ ਆਉਂਦਾ ਹੈ ਜਿਸ ਤਰਾਂ ਕਿ ਬਿਕਰਮੀ ਕੈਲੰਡਰ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੇ ਜਨਮ ਵਾਰੇ ਕਿਹਾ ਜਾਦਾ ਹੈ ਕਿ ਕਿਸੇ ਸਾਲ ਦੋ ਵਾਰ ਅਤੇ ਕਿਸੇ ਸਾਲ ਇਕ ਵਾਰ ਵੀ ਨਹੀਂ ਆਉਂਦਾ ,ਕਿਓਂ ?
ਜਵਾਬ=ਇਹ ਨਾਨਕਸ਼ਾਹੀ ਕੈਲੰਡਰ ਦੀ ਤਰੁੱਟੀ ਨਹੀਂ ਬਲਕਿ ਬਿਕਰਮੀ ਦੀ ਹੀ ਹੈ ਕਿਓਂਕਿ ਹੋਲਾ-ਮਹੱਲਾ ਦੀ ਤਰੀਕ ਮਜਹਬੀ ਆਗੂਆਂ ਨੇ ਸੋਧਾਂ ਦੀ ਆੜ ਥੱਲੇ ਚੰਦਰ ਸੂਰਜੀ ਬਿਕਰਮੀ ਵਾਲੀ ਹੀ ਰੱਖੀ ਹੋਈ ਹੈ। ਨਾਨਕਸ਼ਾਹੀ ਕੈ਼ਲੰਡਰ ਅਨੁਸਾਰ ਹੋਲਾ-ਮਹੱਲਾ ਹਾਰ ਸਾਲ ੧ ਚੇਤ/੧੪ ਮਾਰਚ ਨੂੰ ਹੀ ਆਵੇਗਾ।
ਸਵਾਲ=ਨਾਨਕ ਸ਼ਾਹੀ ਕੈਲੰਡਰ ਵਿੱਚ ਅਨਮਤੀਆਂ ਦੇ ਤਿਓਹਾਰ ਕਿਓਂ ਦਰਜ ਹਨ?
ਜਵਾਬ=ਪਰਿੰਟ ਨਾਨਕਸ਼ਾਹੀ ਕੈਲੰਡਰ ਵਿੱਚ ਅਨਮਤੀਆਂ ਦੇ ਤਿਓਹਾਰ ਕਾਬਜ ਰਾਜਨੀਤਕ-ਮਜਹਬੀ ਧਿਰਾਂ ਨੇ ਧੱਕੇ ਨਾਲ ਜੋੜੇ ਹਨ। ਇੰਟਰਨੈੱਟ ਤੇ ਉਪਲਬਧ ਨਾਨਕਸ਼ਾਹੀ ਕੈਲੰਡਰ ਵਿੱਚ ਅਜਿਹੇ ਤਿਓਹਾਰ ਨਹੀਂ ਹਨ।
ਸਵਾਲ=ਨਾਨਕਸ਼ਾਹੀ ਕੈਲੰਡਰ ਅਨੁਸਾਰ ਗੁਰੂ ਨਾਨਕ ਸਾਹਿਬ ਦੀ ਜਨਮ ਤਰੀਕ ਕੀ ਹੈ?
ਜਵਾਬ=ਇੰਟਰਨੈੱਟ ਤੇ ਉਪਲਬਧ ਨਾਨਕਸ਼ਾਹੀ ਕੈਲੰਡਰ ਤੇ ਇਕ ਵੈਸਾਖ ਹੈ ।(ਗੁਰੂ ਗੋਬਿੰਦ ਸਿੰਘ ਜੀ ਨੇ ਇਸੇ ਕਾਰਣ ਪਹੁਲ ਛਕਾਉਣ ਦਾ ਦਿਨ ਗੁਰੂ ਨਾਨਕ ਸਾਹਿਬ ਦੇ ਜਨਮ ਵਾਲਾ ਹੀ ਰੱਖਿਆ ਸੀ)। ਪਰ ਕਾਬਜ ਧਿਰਾਂ ਨੇ ਗੁਰੂ ਨਾਨਕ ਸਾਹਿਬ ਦੇ ਨਾਲ ਬਿਕਰਮੀ ਵਾਲੇ ਕੁਝ ਹੋਰ ਪੁਰਬ ਵੀ ਪਰਿੰਟ ਕੈਲੰਡਰ ਵਿੱਚ ਐਡ ਕਰ ਦਿੱਤੇ ਹਨ।
ਸਵਾਲ=ਜਦੋਂ ਨਾਨਕਸ਼ਾਹੀ ਕੈਲੰਡਰ (੨੦੦੩) ਦਾ ਅਕਾਲ ਤਖਤ ਨੇ ਬਿਕਰਮੀਕਰਣ ਕਰ ਦਿੱਤਾ ਹੈ ਤਾਂ ਕੀ ਹੁਣ ਮੂਲ ਨਾਨਕਸ਼ਾਹੀ ਕੈਲੰਡਰ ਦੀ ਗਲ ਕਰਨੀ ਅਕਾਲ-ਤਖਤ ਵਿਰੋਧੀ ਕਾਰਵਾਈ ਨਹੀਂ ?
ਜਵਾਬ=ਸਭ ਜਾਣਦੇ ਹਨ ਨਾਨਕਸ਼ਾਹੀ ਕੈਲੰਡਰ ( ੨੦੦੩) ਇਕ ਲੰਬੀ ਪ੍ਰਕਿਰਿਆ ਰਾਹੀਂ ਗੁਰਮਤੀ ਜੁਗਤਿ ਅਧੀਂਨ ਲਾਗੂ ਹੋਇਆ ਸੀ। ਪਰ ਜਦ ਇਸ ਵਿੱਚ ਬਿਕਰਮੀ ਤਰੀਕਾਂ ਦਾ ਰਲ਼ਾ ਕੀਤਾ ਗਿਆ ਤਾਂ ਬਿਨਾਂ ਕਿਸੇ ਕੈਲੰਡਰੀਕਲ ਵਿਗਿਆਨੀ ਨਾਲ ਸਲਾਹ ਮਸ਼ਵਰਾ ਕੀਤੇ ਕੇਵਲ ਸੰਤ ਸਮਾਜ ਦੀਆਂ ਵੋਟਾਂ ਨੂੰ ਧਿਆਨ ਵਿੱਚ ਰੱਖਕੇ, ਰਾਜਨੀਤੀ ਅਧੀਨ ਹੀ ਚੰਦ ਕਾਬਜ ਬੰਦਿਆਂ ਵਲੋਂ ਫੈਸਲਾ ਕਰ ਦਿੱਤਾ ਗਿਆ। ਅਸੀਂ ਜਾਣਦੇ ਹਾਂ ਕਿ ਆਪਣੇ ਸਵਾਰਥ ਲਈ ਹਕੂਮਤਾਂ ਸਦਾ ਹੀ ਅਕਾਲ ਤਖਤ ਨੂੰ ਵਰਤਦੀਆਂ ਆਈਆਂ ਹਨ। ਕਿਸੇ ਵੇਲੇ ਜਨਰਲ ਡਾਇਰ ਨੂੰ ਵੀ ਅਕਾਲ ਤਖਤ ਤੋਂ ਸਿਰੋਪਾ ਦਿੱਤਾ ਗਿਆ ਸੀ, ਗਦਰੀ ਬਾਬਿਆਂ ਨੂੰ ਸਿੱਖਾਂ ਵਲੋਂ ਮਦਦ ਰੋਕਣ ਲਈ ਇਹ ਅਖਵਾਇਆ ਗਿਆ ਸੀ ਕਿ ਉਹ ਸਿੱਖ ਨਹੀਂ ਹਨ, ਸਿੰਘ ਸਭਾ ਲਹਿਰ ਦੇ ਮੋਢੀ ਦਿੱਤ ਸਿੰਘ ਅਤੇ ਪ੍ਰੋ ਗੁਰਮੁਖ ਸਿੰਘ ਨੂੰ ਵੀ ਪੁਜਾਰੀਆਂ ਪੰਥ ਵਿੱਚੋਂ ਛੇਕ ਦਿੱਤਾ ਸੀ।ਇਸੇ ਤਰਾਂ ਅੱਜ ਵੀ ਤੱਤ ਗੁਰਮਤਿ ਦੀ ਗਲ ਕਰਨ ਵਾਲੇ ਹਰ ਵਿਦਵਾਨ ਨਾਲ ਕੀਤਾ ਜਾਦਾ ਹੈ। ਸਿੱਖ ਕੌਮ ਜਾਣਦੀ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਵਲੋਂ ਦਾਦੂ ਦੀ ਕਬਰ ਨੂੰ ਤੀਰ ਨਾਲ ਸਿਜਦਾ ਕਰਨ ਤੇ ਸਿੱਖਾਂ ਨੇ ਗੁਰੂ ਜੀ ਨੂੰ ਭੀ ਪੁੱਛ ਲਿਆ ਸੀ। ਸੋ ਕਿਸੇ ਮਜ਼ਹਬੀ-ਰਾਜਨੀਤਕ ਗੱਠਜੋੜ ਦਾ ਕਿਸੇ ਸਿੱਖ ਦੁਸ਼ਮਣ ਜਮਾਤ ਦੀ ਅਧੀਨਗੀ ਹੇਠ ਮੂਲ ਨਾਨਕ ਸ਼ਾਹੀ ਕੈਲੰਡਰ ਦਾ ਵਿਰੋਧ ਸਿੱਖ ਕੌਮ ਕਦੇ ਵੀ ਮੰਨ ਨਹੀਂ ਸਕਦੀ।
ਸਵਾਲ=ਕੀ ਸਿੱਖ ਫਲਾਸਫੀ ਨੂੰ ਤਰੀਕਾਂ ਨਾਲ ਕੋਈ ਫਰਕ ਪੈਂਦਾ ਹੈ?
ਜਵਾਬ=ਸਿੱਖ ਫਲਸਫੇ ਨੂੰ ਤਰੀਕਾਂ ਦਾ ਕੋਈ ਫਰਕ ਨਹੀਂ ਪੈਂਦਾ ਹੈ । ਗੁਰਬਾਣੀ ਅਨੁਸਾਰ ਤਾਂ ਜਦੋਂ ਰੱਬ ਯਾਦ ਆ ਜਾਵੇ ਉਹੀ ਘੜੀ ਸਫਲ ਹੋ ਜਾਂਦੀ ਹੈ। ਵੈਸੇ ਵਿਦੇਸ਼ਾਂ ਵਿੱਚ ਵੀ ਸੰਗਤਾਂ ਆਪਣੀ ਸਹੂਲਤ ਅਨੁਸਾਰ ਐਤਵਾਰ ਜਾਂ ਕਿਸੇ ਛੁੱਟੀ ਦੇ ਦਿਨ ਹੀ ਦਿਨ-ਸੁਧ ਮਨਾਉਂਦੀਆਂ ਹਨ। ਅਗਰ ਸਾਡੇ ਦਿਨ-ਪੁਰਬ ਪੱਕੀਆਂ ਨਿਸ਼ਚਿਤ ਤਰੀਕਾਂ ਤੇ ਫਿਕਸ ਹੋ ਜਾਣਗੇ ਤਾਂ ਇਸ ਨਾਲ ਵੀ ਫਲਸਫੇ ਨੂੰ ਕੋਈ ਫਰਕ ਨਹੀਂ ਪਵੇਗਾ। ਤਰੀਕਾਂ ਪੱਕੀਆ ਹੋਣ ਨਾਲ ਸਿੱਖ ਇਤਿਹਾਸਿਕ ਘਟਨਾਵਾਂ ਵਾਰੇ ਜਾਣਕਾਰੀ ਹੋਣਾ ਕਿਸੇ ਵੀ ਤਰਾਂ ਸਿੱਖ ਫਲਸਫੇ ਦੇ ਵਿਰੋਧੀ ਹੋਣਾ ਨਹੀਂ ਹੈ ਸਗੋਂ ਭਵਿੱਖ ਲਈ ਖੋਜਾਰਥੀਆਂ ਦੀ ਮਦਦ ਹੀ ਹੋਵੇਗੀ।
ਸੰਖੇਪ ਸਾਰ= ਨਾਨਕਸ਼ਾਹੀ ਕੈਲੰਡਰ ਇਕ ਸੂਰਜੀ ਕੈਲੰਡਰ ਹੈ। ਇਸ ਦੇ ਸਾਲ ਦੀ ਲੰਬਾਈ 365.2425 ਦਿਨ ਹੈ। ਜੋ ਮੌਸਮੀ ਸਾਲ (365.242196 ਦਿਨ) ਦੇ ਬਹੁਤ ਹੀ ਨੇੜੇ ਹੈ। ਹੁਣ ਇਹ ਮੌਸਮੀ ਸਾਲ ਤੋਂ 3300 ਸਾਲ ਪਿਛੋਂ ਇਕ ਦਿਨ ਅੱਗੇ ਹੋਵੇਗਾ। ਇਸ ਦੇ ਮਹੀਨੇ ਦੇ ਅਰੰਭ ਦੀ ਤਾਰੀਖਾਂ ਸਦਾ ਵਾਸਤੇ ਹੀ ਪੱਕੀਆਂ ਹਨ ਜਿਨ੍ਹਾਂ ਦਾ ਸੂਰਜ ਦੇ ਰਾਸ਼ੀ ਬਦਲਣ ਨਾਲ ਕੋਈ ਵੀ ਸਬੰਧ ਨਹੀ ਹੈ। ਜਿਵੇ ਚੇਤ 14 ਮਾਰਚ, ਵੈਸਾਖ 14 ਅਪ੍ਰੈਲ, ਜੇਠ 15 ਮਈ, ਹਾੜ 15 ਜੂਨ, ਸਾਵਣ 16 ਜੁਲਾਈ, ਭਾਦੋਂ 16 ਅਗਸਤ, ਅੱਸੂ 15 ਸਤੰਬਰ, ਕੱਤਕ 15 ਅਕਤੂਬਰ, ਮੱਘਰ 14 ਨਵੰਬਰ, ਪੋਹ 14 ਦਸੰਬਰ, ਮਾਘ 13 ਜਨਵਰੀ ਅਤੇ ਫੱਗਣ 12 ਫਰਵਰੀ। ਨਾਨਕਸ਼ਾਹੀ ਕੈਲੰਡਰ ਦੇ ਪਹਿਲੇ ਪੰਜ ਮਹੀਨੇ ਚੇਤ, ਵੈਸਾਖ, ਜੇਠ ਹਾਵ ਅਤੇ ਸਾਵਣ 31 ਦਿਨਾਂ ਅਤੇ ਮਗਰਲੇ 7 ਮਹੀਨੇ ਭਾਵ ਭਾਦੋਂ, ਅੱਸੂ, ਕੱਤਕ, ਮੱਘਰ, ਪੋਹ ਮਾਘ ਅਤੇ ਫੱਗਣ 30 ਦਿਨਾਂ ਦੇ ਹਨ। ਨਾਨਕ ਸ਼ਾਹੀ ਕੈਲੰਡਰ ਦੇ ਦਿਨ ਦਾ ਅਰੰਭ ਰਾਤ 12 ਵਜੇ ਤੋਂ ਹੁੰਦਾ ਹੈ ਜਦੋਂ ਕਿ ਚੰਦਰ-ਸੂਰਜੀ ਬਿਕ੍ਰਮੀ ਕੈਲੰਡਰ ਅਤੇ ਸੂਰਜੀ ਬਿਕ੍ਰਮੀ ਕੈਲੰਡਰ ਮੁਤਾਬਕ ਦਿਨ ਦਾ ਅਰੰਭ ਸੂਰਜ ਦੇ ਚੜਨ ਵੇਲੇ ਹੁੰਦਾ ਹੈ ਭਾਵ ਦਿਨ ਦਾ ਅਰੰਭ ਹਰ ਰੋਜ ਵੱਖ-ਵੱਖ ਅਸਥਾਨਾਂ ਤੇ ਵੱਖ-ਵੱਖ ਸਮੇ ਹੁੰਦਾ ਹੈ।
ਨਾਨਕਸ਼ਾਹੀ ਕੈਲੰਡਰ, ਕਨੇਡਾ ਨਿਵਾਸੀ ਸਿੱਖ ਵਿਦਵਾਨ ਸ. ਪਾਲ ਸਿੰਘ ਪੁਰੇਵਾਲ ਜੀ ਨੇ ਬਹੁਤ ਹੀ ਮਿਹਨਤ ਨਾਲ ਬਣਾਇਆ ਸੀ ਅਤੇ ਲੱਗ-ਭੱਗ 10 ਸਾਲ ਦੀ ਸੋਚ ਵਿਚਾਰ ਤੋਂ ਪਿਛੋਂ ਸ਼੍ਰੋਮਣੀ ਕਮੇਟੀ ਨੇ 2003 `ਚ ਇਹ ਕੈਲੰਡਰ ਲਾਗੂ ਕੀਤਾ ਗਿਆ ਸੀ। ਦੇਸ-ਵਿਦੇਸ਼ ਦੀਆਂ ਸੰਗਤਾਂ ਨੇ ਇਸ ਨੂੰ ਖੁਸ਼ੀ –ਖੁਸ਼ੀ ਪ੍ਰਵਾਨ ਕਰ ਲਿਆ ਸੀ।
ਸ਼੍ਰੋਮਣੀ ਕਮੇਟੀ ਵੱਲੋਂ 2010 `ਚ ਸੋਧਿਆ (?) ਹੋਇਆ ਕੈਲੰਡਰ :- ਮਾਰਚ 2010 ਵਿਚ ਸ਼੍ਰੋਮਣੀ ਕਮੇਟੀ ਵੱਲੋਂ ਜਾਰੀ ਕੀਤੇ ਗਏ ਕੈਲੰਡਰ ਦਾ ਨਾਮ ਨਾਨਕਸ਼ਾਹੀ, ਸਾਲ ਦੀ ਲੰਬਾਈ 365.2567 ਦਿਨ, ਜਿਸ ਮੁਤਾਬਕ ਹੁਣ ਇਹ ਸਾਲ ਮੌਸਮੀ ਸਾਲ ਤੋਂ 72 ਸਾਲ ਪਿਛੋਂ ਇਕ ਦਿਨ ਅੱਗੇ ਹੋ ਜਾਵੇਗਾ। ਮਹੀਨੇ ਦਾ ਅਰੰਭ ਸੂਰਜ ਦੇ ਨਵੀਂ ਰਾਸ਼ੀ `ਚ ਪ੍ਰਵੇਸ਼ ਨਾਲ, ਜਿਸ ਕਾਰਨ ਹਰ ਸਾਲ ਦੋ-ਤਿੰਨ ਤਾਰੀਖਾਂ ਬਦਲ ਜਾਦੀਆਂ ਹਨ, ਕੁਝ ਦਿਹਾੜੇ ਚੰਦਰ-ਸੂਰਜੀ ਬਿਕ੍ਰਮੀ ਕੈਲੰਡਰ ਮੁਤਾਬਕ, ਕੁਝ ਦਿਹਾੜੇ ਸੂਰਜੀ ਬਿਕ੍ਰਮੀ ਕੈਲੰਡਰ ਮੁਤਾਬਕ ਅਤੇ ਕੁਝ ਦਿਹਾੜੇ ਸੀ: ਈ: ਕੈਲੰਡਰ ਮੁਤਾਬਕ ਹਨ। ਬਹੁਤੇ ਦਿਹਾੜਿਆਂ ਦੀਆਂ ਤਾਰੀਖਾਂ ਤਾਂ ਨਾਨਕਸ਼ਾਹੀ ਕੈਲੰਡਰ ਵਾਲੀਆ ਹੀ ਰੱਖ ਲਈਆਂ ਹਨ ਪਰ ਮਹੀਨੇ ਦਾ ਅਰੰਭ ਸੂਰਜ ਦੇ ਨਵੀ ਰਾਸ਼ੀ `ਚ ਪ੍ਰਵੇਸ਼ ਕਰਨ ਨਾਲ ਨੱਥੀ ਹੋਣ ਕਾਰਨ ਇਤਿਹਾਸਿਕ ਦਿਹਾੜਿਆਂ ਦੀਆਂ ਤਾਰੀਖਾਂ ਇਕ ਦਿਨ ਅੱਗੜ-ਪਿੱਛੜ ਹੋ ਜਾਦੀਆਂ ਹਨ। ਕੈਲੰਡਰ ਮਾਹਿਰਾਂ ਮੁਤਾਬਕ ਤਰਮੀਮ ਤੋਂ ਪਿਛੋਂ ਇਸ ਕੈਲੰਡਰ ਨੂੰ ਨਾਨਕਸ਼ਾਹੀ ਕੈਲੰਡਰ ਕਹਿਣਾ ਹੀ ਗਲਤ ਹੈ।
ਅੱਜ ਸਿੱਖ ਕੌਮ ਦੁਨੀਆਂ ਭਰ ਵਿੱਚ ਫੈਲ ਚੁੱਕੀ ਹੈ। ਕੀ ਅੱਜ ਸਾਨੂੰ ਅਜੇਹੇ ਕੈਲੰਡਰ ਦੀ ਲੋੜ ਨਹੀ ਜਿਸ ਮੁਤਾਬਕ ਸਾਡੇ ਇਤਿਹਾਸਕ ਦਿਹਾੜਿਆਂ ਦੀਆਂ ਤਾਰੀਖਾਂ ਸਦਾ ਵਾਸਤੇ ਹੀ ਪੱਕੀਆਂ ਹੋਣ ? ਕੀ ਸਾਡਾ ਫਰਜ਼ ਨਹੀਂ ਕਿ ਅਸੀਂ ਦੁਨੀਆਂ ਨੂੰ ਦੱਸੀਏ ਸਕੀਏ ਕਿ ਗੁਰੂ ਨਾਨਕ ਜੀ ਦਾ ਪ੍ਰਕਾਸ਼ 1 ਵੈਸਾਖ/ 14 ਅਪ੍ਰੈਲ ਨੂੰ ਹੋਇਆ ਸੀ। ਕੀ ਅਸੀਂ ਨਹੀਂ ਚਾਹੁੰਦੇ ਕਿ ਦੁਨੀਆਂ ਨੂੰ ਦੱਸ ਸਕੀਏ ਕਿ ਗੁਰੂ ਗੋਬਿੰਦ ਸਿੰਘ ਜੀ 1 ਵੈਸਾਖ/ 14 ਅਪ੍ਰੈਲ ਨੂੰ ਖਾਲਸਾ ਪ੍ਰਗਟ ਕੀਤਾ ਸੀ? ਕੀ ਅਸੀਂ ਨਹੀ ਚਾਹੁੰਦੇ ਕਿ 25 ਦਸੰਬਰ ਦੀ ਤਰ੍ਹਾਂ ਸਾਰੀ ਦੁਨੀਆਂ ਨੂੰ 1 ਵੈਸਾਖ/ 14 ਅਪ੍ਰੈਲ ਬਾਰੇ ਵੀ ਜਾਣਕਾਰੀ ਹੋਵੇ? ਜੇ ਤੁਹਾਡਾ ਜਵਾਬ ‘ਹਾਂ’ ਹੈ ਤਾਂ ਇਸ ਦਾ ਇਕੋ ਇਕ ਹਲ ਹੈ। ਉਹ ਹੈ 2003 ਵਿਚ ਪੰਥ ਵੱਲੋਂ ਪ੍ਰਵਾਨਿਆਂ ਗਿਆ ਨਾਨਕਸ਼ਾਹੀ ਕੈਲੰਡਰ।
ਅੰਤ ਵਿੱਚ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਕਿ ਕੈਲੰਡਰ ਦੀ ਜਿਸ ਤਕਨੀਕੀ ਗਲਤੀ ਦਾ ਅਹਿਸਾਸ ਰੋਮਨਾਂ ਨੂੰ 1582 ਵਿੱਚ ਹੋਇਆ ਸੀ ਇੰਗਲੈਂਡ ਨੇ ਉਸ ਗਲ ਨੂੰ 1752 ਵਿੱਚ ਜਾਨੀ 170 ਸਾਲਾਂ ਬਾਅਦ ਮੰਨਿਆ ਸੀ। ਕੈਲੰਡਰ ਦੀ ਉਹ ਤਕਨੀਕੀ ਗਲਤੀ ਸਾਨੂੰ ਅੱਜ ਵੀ ਸਮਝ ਨਹੀ ਆ ਰਹੀ ਪਰ ਸਾਨੂੰ ਇਹ ਪੁਰਾ ਯਕੀਨ ਹੈ ਇਕ ਦਿਨ ਸਿੱਖਾਂ ਨੂੰ ਵੀ ਪ੍ਰਚੱਲਤ ਕੈਲੰਡਰ ਦੀ ਇਸ ਤਕਨੀਕੀ ਗਲਤੀ ਦਾ ਅਹਿਸਾਸ ਹੋਵੇਗਾ ਅਤੇ ਨਾਨਕ ਸ਼ਾਹੀ ਕੈਲੰਡਰ ਲਾਗੂ ਹੋਵੇਗਾ ਜੋ ਅੰਤਰਰਾਸ਼ਟਰੀ ਪੱਧਰ ਤੇ ਫੈਲ ਚੁੱਕੀ ਸਿੱਖ ਕੌਮ ਲਈ ਬਹੁਤ ਹੀ ਲਾਭਦਾਇਕ ਸਾਬਤ ਹੋਵੇਗਾ।
ਜਾਗਰੂਕ ਵੀਰਾਂ ਦੇ ਹਮਸਫ਼ਰ
ਨਾਨਕਸ਼ਾਹੀ ਕੈਲੰਡਰ ਸਪੋਰਟ ਕਮੇਟੀ
(ਵਰਲਡ ਸਿੱਖ ਫੈਡਰੇਸ਼ਨ)




.